“ਇੱਕ ਦਿਨ ਡਾਕਟਰ ਸਾਹਿਬ ਨੂੰ ਚੈੱਕ ਕਰਾਉਣ ਲਈ ਗਿਆ। ਉਹਨਾਂ ਨੇ ਰਿਪੋਰਟ ਦੇਖ ਕੇ ਕਿਹਾ ...”
(15 ਅਕਤੂਬਰ 2025)
ਅਕਸਰ ਹੀ ਸ਼ਾਮ ਨੂੰ ਸੈਰ ਕਰਨ ਲਈ ਮੈਂ ਕਸ਼ਮੀਰੀ ਪਾਰਕ ਚਲਿਆ ਜਾਂਦਾ ਸੀ, ਦੱਬ ਕੇ ਪਾਰਕ ਦੇ ਗੇੜੇ ਲਾਉਂਦਾ ਤੇ ਕਸਰਤ ਕਰਦਾ ਸੀ। ਸਰੀਰ ਨੂੰ ਫਿੱਟ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਤੇ ਉੱਥੇ ਬੈਠ ਕੇ ਗੱਲਾਂ ਕਰਨ ਵਾਲਿਆਂ ਤੋਂ ਦੂਰੀ ਰੱਖਦਾ। ਸੋਚਦਾ, ਅਗਰ ਪਾਰਕ ਵਿੱਚ ਗੱਲਾਂ ਮਾਰਨ ਬੈਠ ਗਏ ਤਾਂ ਸੈਰ ਨਹੀਂ ਹੋਵੇਗੀ, ਸਿਰਫ ਗੱਲਾਂ ਹੀ ਹੋਣਗੀਆਂ। ਮੈਂ ਪਾਰਕ ਦੇ ਟਰੈਕ ’ਤੇ ਪੈਦਲ ਤੁਰਨ ਵਿੱਚ ਮਸਰੂਫ ਰਹਿੰਦਾ। ਸੈਰ ਸਾਡੇ ਸਰੀਰ ਲਈ ਤਾਂ ਬਹੁਤ ਜ਼ਰੂਰੀ ਹੈ ਤੇ ਇਸ ਤੋਂ ਬਿਨਾਂ ਸਭ ਅਧੂਰਾ ਲਗਦਾ ਹੈ। ਮੇਰੀ ਖਾਣ ਪੀਣ ਦੀ ਰੋਜ਼ਾਨਾ ਵੱਖਰੀ ਜਿਹੀ ਰੁਟੀਨ ਸੀ। ਸਵੇਰ ਸਮੇਂ ਦੋ ਪਰੋਠੇ, ਮੱਖਣ ਅਤੇ ਲੱਸੀ ਤੋਂ ਬਾਅਦ ਵਿੱਚ ਇੱਕ ਮੱਗ ਚਾਹ ਦਾ ਪੀਂਦਾ। ਗਰਮੀ ਦੇ ਦਿਨਾਂ ਵਿੱਚ ਚਾਹ ਤਿੰਨ ਕੁ ਵਾਰੀ ਅਤੇ ਸਰਦੀਆਂ ਵਿੱਚ ਪੰਜ ਛੇ ਵਾਰੀ ਪੀਂਦਾ। ਪਕੌੜੇ, ਸਮੋਸੇ, ਪਨੀਰ, ਕੁਲਚੇ ਛੋਲੇ, ਆਂਡਾ ਬਰਗਰ, ਟਿੱਕੀਆਂ ਦਾ ਮੈਂ ਵੀ ਸ਼ਕੀਨ ਸੀ। ਸ਼ਾਮ ਨੂੰ ਬਜ਼ਾਰ ਜਾ ਕੇ ਕੁਝ ਨਾ ਕੁਝ ਖਾ ਹੀ ਲੈਂਦਾ। ਸ਼ਾਮ ਦੀ ਚਾਹ ਘਰ ਵਿੱਚ ਬੈਠ ਕੇ ਪੀ ਲਈਦੀ ਸੀ। ਅਸਲ ਵਿੱਚ ਮੈਂ ਨਮਕੀਨ ਅਤੇ ਮਸਾਲੇਦਾਰ ਚੀਜ਼ਾਂ ਦਾ ਸ਼ੌਕੀਨ ਸੀ ਪਰ ਮਿੱਠੇ ਤੋਂ ਪਹਿਲਾਂ ਤੋਂ ਹੀ ਦੂਰ ਰਹਿੰਦਾ ਸੀ। ਉਦੋਂ ਧਾਰਨਾ ਇਹ ਸੀ ਕਿ ਜਿੰਨਾ ਚਿਰ ਸਰੀਰ ਹਜ਼ਮ ਕਰਦਾ ਹੈ ਖਾਈ ਚੱਲੋ, ਕੋਈ ਗੱਲ ਨਹੀਂ। ਰਾਤ ਨੂੰ ਮੀਟ, ਮੱਛੀ ਅਤੇ ਆਂਡੇ ਵੀ ਖਾ ਲੈਂਦਾ। ਇਹ ਵੀ ਉਹ ਸਮਾਂ ਹੁੰਦਾ ਸੀ ਕਿ ਸਾਰੇ ਇਕੱਠੇ ਮਿਲ ਬੈਠ ਕੇ ਗੱਲਾਂਬਾਤਾਂ ਮਾਰਦੇ ਸੀ। ਬਜ਼ਾਰ ਦੇ ਡੱਬਾ ਬੰਦ ਭੋਜਨ ਪਦਾਰਥਾਂ ਨੂੰ ਖਾਣਾ ਵੀ ਇੱਕ ਸ਼ੌਕ ਸੀ। ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਿਹਾ।
ਇੱਕ ਦਿਨ ਇੰਝ ਮਹਿਸੂਸ ਹੋਇਆ ਜਿਵੇਂ ਪਿੰਜਣੀਆਂ ਦੁੱਖ ਰਹੀਆਂ ਹੋਣ, ਸਰੀਰ ਟੁੱਟ ਭੱਜ ਰਿਹਾ ਹੋਵੇ। ਕਈ ਦਿਨਾਂ ਤੋਂਇਹ ਸਿਲਸਿਲਾ ਚੱਲਦਾ ਰਿਹ। ਫਿਰ ਮੈਂ ਇੱਕ ਡਾਕਟਰ ਸਾਹਿਬ ਕੋਲ਼ ਗਿਆ। ਉਹਨਾਂ ਨੇ ਚੈੱਕ ਕਰਨ ਉਪਰੰਤ ਬਲੱਡ ਟੈੱਸਟ ਕਰਵਾਏ ਤਾਂ ਡਾਇਬਿਟੀਜ਼ ਆ ਪ੍ਰਗਟ ਹੋ ਗਈ। ਡਾਕਟਰ ਸਾਹਿਬ ਨੇ ਪਰਚੀ ’ਤੇ ਕਾਫੀ ਦਵਾਈਆਂ ਲਿਖ ਦਿੱਤੀਆਂ। ਮੈਂ ਅਕਸਰ ਹੀ ਯੂ-ਟਿਊਬ ਦੇਖਦਾ ਹੁੰਦਾ ਸੀ। ਇੱਕ ਦਿਨ ਮੈਂ ਡਾਕਟਰ ਬਿਸਵਾਰੂਪ ਰਾਓ ਚੌਧਰੀ ਦੀ ਵੀਡੀਓ ਦੇਖੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਬਲੱਡ ਸ਼ੂਗਰ 250 ਤੋਂ ਘੱਟ ਹੈ ਤਾਂ ਤੁਸੀਂ ਡਾਇਬੈਟਿਕ ਨਹੀਂ ਹੋ, ਜੇ 250 ਹੈ ਜਾਂ 250 ਤੋਂ ਵੱਧ ਆਉਂਦੀ ਹੈ ਤਾਂ ਤੁਸੀਂ ਡਾਇਬੈਟਿਕ ਹੋ, ਇਹ ਉਹਨਾਂ ਦਾ ਮੰਨਣਾ ਹੈ। ਉਹਨਾਂ ਕਿਹਾ ਕਿ ਇਹ ਤਾਂ ਖਾਣ ਪੀਣ ਦੀ ਆਦਤ ਸਹੀ ਕਰਕੇ 72 ਘੰਟੇ ਵਿੱਚ ਠੀਕ ਹੋ ਜਾਂਦੀ ਹੈ।
ਡਾਕਟਰ ਬਿਸਵਾਰੂਪ ਰਾਓ ਚੌਧਰੀ ਦਾ ਮੰਨਣਾ ਹੈ ਕਿ ਤੁਸੀਂ ਆਪਣਾ ਖਾਣ ਪੀਣ ਦਾ ਢੰਗ ਬਦਲ ਦਿਓ, ਫਿਰ ਬਿਮਾਰੀਆਂ ਦੂਰ ਭੱਜ ਜਾਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਦੁੱਧ, ਦੁੱਧ ਤੋਂ ਬਣੇ ਪਦਾਰਥ, ਮਿੱਠਾ, ਮਠਿਆਈਆਂ, ਮਾਸ, ਮੱਛੀ, ਆਂਡਾ, ਡੱਬਾ ਬੰਦ ਭੋਜਨ, ਰਿਫਾਈਂਡ, ਤਾਕਤ ਵਾਲੀਆਂ ਦਵਾਈਆਂ, ਚਾਹ ਅਤੇ ਕਾਫੀ ਖਾਣਾ-ਪੀਣਾ ਬੰਦ ਕਰ ਦਿਓ। ਕਦੇ ਵੀ ਰਾਤ ਨੂੰ 8 ਵਜੇ ਤੋਂ ਬਾਅਦ ਖਾਣਾ ਨਾ ਖਾਓ। ਸਲਾਦ, ਹਰੀਆਂ ਸਬਜ਼ੀਆਂ, ਫਰੂਟ, ਡਰਾਈ ਫਰੂਟ, ਨਾਰੀਅਲ ਦਾ ਪਾਣੀ, ਹੂੰਝਾ ਚਾਹ, ਪੁੰਗਰੀਆਂ ਦਾਲਾਂ ਖਾਓ। ਕੁਝ ਸਮਾਂ ਧੁੱਪ ਵਿੱਚ ਬਤੀਤ ਕਰੋ। ਆਪਣਾ ਭਾਰ ਤੋਲੋ। ਆਪਣੇ ਭਾਰ ਨੂੰ 10 ਨਾਲ ਗੁਣਾ ਕਰੋ। ਉਦਾਹਰਨ ਵਜੋਂ ਜੇ ਭਾਰ 70 ਕਿਲੋ ਹੈ ਤਾਂ 70 ਕਿਲੋ ਨੂੰ 10 ਨਾਲ ਗੁਣਾ ਕਰਕੇ 700 ਬਣਦਾ ਹੈ। ਕੋਈ ਤਿੰਨ ਚਾਰ ਫਰੂਟ 700 ਗ੍ਰਾਮ ਲੈ ਕੇ 12 ਵਜੇ ਤੋਂ ਪਹਿਲਾਂ ਖਾ ਲਓ। ਹੋਰ ਕੁਝ ਨਹੀਂ ਖਾਣਾ। ਜਦੋਂ ਦੁਪਹਿਰ ਦਾ ਖਾਣਾ ਖਾਣਾ ਹੋਵੇ ਤਾਂ ਉਸ ਵੇਲੇ ਆਪਣੇ ਭਾਰ ਨੂੰ ਪੰਜ ਨਾਲ ਗੁਣਾ ਕਰ ਲਵੋ। ਜੇਕਰ ਸਾਡਾ ਭਾਰ 70 ਕਿਲੋ ਹੈ ਤਾਂ 70 ਨੂੰ 5 ਨਾਲ ਗੁਣਾ ਕਰਕੇ ਇਹ 350 ਬਣ ਜਾਂਦਾ ਹੈ। ਇਸ ਲਈ ਖਾਣਾ ਖਾਣ ਤੋਂ ਪਹਿਲਾਂ 350 ਗ੍ਰਾਮ ਸਲਾਦ ਖਾ ਲਓ ਤੇ ਫਿਰ ਘਰ ਵਿੱਚ ਜੋ ਦੁਪਹਿਰ ਦਾ ਖਾਣਾ ਬਣਿਆ ਹੈ ਉਹ ਖਾ ਲਓ।
ਇਸੇ ਤਰ੍ਹਾਂ ਰਾਤ ਦਾ ਖਾਣਾ ਖਾਣ ਤੋਂ ਪਹਿਲਾਂ ਆਪਣੇ ਭਾਰ ਅਨੁਸਾਰ ਬਣਦਾ 350 ਗ੍ਰਾਮ ਸਲਾਦ ਖਾ ਲਓ ਤੇ ਫਿਰ ਘਰ ਵਿੱਚ ਜੋ ਖਾਣਾ ਬਣਿਆ ਹੈ, ਉਹ ਖਾ ਲਓ। ਰਾਤ ਦਾ ਖਾਣਾ 8 ਵਜੇ ਤਕ ਜ਼ਰੂਰ ਖਾ ਲਓ, ਬਾਅਦ ਵਿੱਚ ਨਹੀਂ ਖਾਣਾ। ਇਹ ਉਹਨਾਂ ਦਾ ਸਿਧਾਂਤ ਹੈ। ਇਸ ਲਈ ਮੈਂ ਇਸ ਨੂੰ ਆਧਾਰ ਬਣਾ ਕੇ ਡਾਇਟ ਚਾਰਟ ਬਣਾ ਕੇ ਅਮਲ ਸ਼ੁਰੂ ਕਰ ਦਿੱਤਾ। ਮੈਂ ਸਿਰੜ ਨਾਲ ਪੂਰਾ ਪਰਹੇਜ਼ ਕੀਤਾ। ਪੰਜ ਕੁ ਦਿਨਾਂ ਬਾਅਦ ਜਦੋਂ ਬਲੱਡ ਸ਼ੂਗਰ ਚੈੱਕ ਕਰਾਈ ਤਾਂ ਠੀਕ ਆਈ। ਮੇਰਾ ਮਨ ਬੜਾ ਖੁਸ਼ ਹੋਇਆ। ਫਿਰ ਮੈਂ ਆਪਣੇ ਖਾਣ ਪੀਣ ਦਾ ਢੰਗ ਇਸੇ ਤਰ੍ਹਾਂ ਕਰਦਾ ਰਿਹਾ। ਇੱਕ ਦਿਨ ਡਾਕਟਰ ਸਾਹਿਬ ਨੂੰ ਚੈੱਕ ਕਰਾਉਣ ਲਈ ਗਿਆ। ਉਹਨਾਂ ਨੇ ਰਿਪੋਰਟ ਦੇਖ ਕੇ ਕਿਹਾ ਹੁਣ ਤਾਂ ਟੈੱਸਟ ਰਿਪੋਰਟ ਨਾਰਮਲ ਹੈ। ਮੈਂ ਕਿਹਾ, ਹਾਂ ਜੀ। ਮੈਂ ਆਪਣੇ ਮਨ ਵਿੱਚ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ, ਮੈਂ ਡਾਇਟ ਪਲੈਨ ਬਣਾ ਕੇ ਖਾਣਾ ਖਾਧਾ ਤੇ ਤੁਹਾਡੇ ਵੱਲੋਂ ਦਿੱਤੀ ਕੋਈ ਵੀ ਦਵਾਈ ਨਹੀਂ ਖਾਧੀ ਤੇ ਮੈਂ ਖਾਣ ਪੀਣ ਨਾਲ ਹੀ ਆਪਣੇ ਆਪ ਨੂੰ ਠੀਕ ਕਰ ਲਿਆ ਹੈ। ਡਾਕਟਰ ਸਾਹਿਬ ਨੇ ਚੈੱਕ ਕਰਨ ਉਪਰੰਤ ਆਪਣੀ ਪਰਚੀ ’ਤੇ ਦਵਾਈਆਂ ਲਿਖ ਦਿੱਤੀਆਂ। ਇਹ ਦਵਾਈਆਂ ਮੈਂ ਖਰੀਦੀਆਂ ਹੀ ਨਹੀਂ।
ਮੈਂ ਉਦੋਂ ਤੋਂ ਹੀ ਖਾਣ ਪੀਣ ਬਦਲ ਲਿਆ। ਹੁਣ ਤਕਰੀਬਨ ਚਾਰ ਕੁ ਸਾਲ ਹੋ ਗਏ ਹਨ, ਮੈਂ ਕੁਦਰਤੀ ਸ਼ਾਕਾਹਾਰੀ ਭੋਜਨ ਖਾਂਦਾ ਹਾਂ। ਹਰ ਹਫਤੇ ਬਲੱਡ ਸ਼ੂਗਰ ਚੈੱਕ ਕਰ ਲੈਂਦਾ ਹਾਂ। ਹੁਣ ਇਹ 120 ਤੋਂ ਥੱਲੇ ਰਹਿੰਦੀ ਹੈ, ਜਿਹੜੀ ਅਜੋਕੇ ਡਾਕਟਰਾਂ ਦੀ ਦੱਸੀ ਸੀਮਾ ਵਿੱਚ ਹੈ। ਹੁਣ ਮੈਂ ਪਰਹੇਜ਼ ਵੀ ਦੱਬ ਕੇ ਕਰਦਾ ਹਾਂ। ਹੁਣ ਮੈਂ ਡਾਕਟਰ ਚੌਧਰੀ ਦੇ ਡੀ.ਆਈ.ਪੀ. ਡਾਈਟ ਪਲੈਨ ’ਤੇ ਅਮਲ ਕਰ ਰਿਹਾ ਹਾਂ ਅਤੇ ਇਸ ਨੂੰ ਰੋਜ਼ਾਨਾ ਦੀ ਕਾਰਜਸ਼ੈਲੀ ਵਿੱਚ ਸ਼ਾਮਲ ਕਰ ਲਿਆ ਹੈ। ਹੁਣ ਜ਼ਿੰਦਗੀ ਜਿਊਣ ਲਈ ਖਾ ਰਿਹਾ ਹਾਂ।
ਡਾਕਟਰ ਚੌਧਰੀ ਦਾ ਕਹਿਣਾ ਹੈ ਕਿ ਬਿੱਲ ਕਲਿੰਟਨ ਨੇ ਆਪਣੇ ਪੰਜ ਸਰਜਰੀ ਅਪਰੇਸ਼ਨ ਕਰਵਾਏ ਸਨ, ਜੋ ਸਫਲ ਨਹੀਂ ਹੋਏ ਸਨ ਤੇ ਫਿਰ ਉਹਨਾਂ ਨੇ ਭੋਜਨ ਪਦਾਰਥ ਖਾਣ ਵਿੱਚ ਤਬਦੀਲੀ ਕੀਤੀ ਤੇ ਸ਼ਾਕਾਹਾਰੀ ਭੋਜਨ ਖਾਧਾ। ਡਾਕਟਰ ਚੌਧਰੀ ਅਨੁਸਾਰ ਡੀ.ਆਈ.ਪੀ. ਡਾਇਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭੋਜਨ ਇੱਕ ਦਵਾਈ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (