“ਇੱਥੇ ਅਸੀਂ ਆਪਣੀ ਮੋਗਾ ਜਾਣ ਵਾਲੀ ਅਗਲੀ ਬੱਸ ਬਾਰੇ ਪਤਾ ਕੀਤਾ। ਉਹ 12 ਵਜੇ ਆਉਣੀ ਸੀ ...”
(11 ਅਕਤੂਬਰ 2025)
29 ਸਾਲ ਦੀ ਲੰਬੀ ਸਰਕਾਰੀ ਸਰਵਿਸ ਦੌਰਾਨ ਮੇਰੀ ਕੋਈ ਤਰੱਕੀ ਨਹੀਂ ਹੋਈ ਅਤੇ ਇੱਕ ਸਾਇੰਸ ਮਾਸਟਰ ਵਜੋਂ ਸਕੂਲ ਵਿੱਚ ਕੰਮ ਕੀਤਾ। ਇੰਝ ਲੱਗ ਰਿਹਾ ਸੀ ਕਿ ਇਸੇ ਪੋਸਟ ’ਤੇ ਹੀ ਰਿਟਾਇਰ ਹੋ ਜਾਵਾਂਗੇ। ਜਦੋਂ ਵੀ ਕਿਸੇ ਮੁਲਾਜ਼ਮ ਦੀ ਤਰੱਕੀ ਹੁੰਦੀ ਹੈ ਤਾਂ ਉਸਦਾ ਲਾਭ ਉਸ ਮੁਲਾਜ਼ਮ ਨੂੰ ਹੁੰਦਾ ਹੈ, ਕਿਸੇ ਹੋਰ ਨੂੰ ਇਸਦਾ ਕੋਈ ਵੀ ਲਾਭ ਨਹੀਂ ਹੁੰਦਾ। ਪਰ ਤਰੱਕੀ ਹੋਣ ’ਤੇ ਜਿਸ ਆਦਾਰੇ ਵਿੱਚ ਕੋਈ ਮੁਲਾਜ਼ਮ ਜਾਂਦਾ ਹੈ, ਉਸ ਆਦਾਰੇ ਨੂੰ ਜ਼ਰੂਰ ਫਾਇਦਾ ਹੁੰਦਾ ਹੈ। ਤਰੱਕੀਆਂ ਦੇ ਕਾਰਜਾਂ ਵਿੱਚ ਦਫਤਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਜਾਂ ਨੂੰ ਬਹੁਤ ਲੇਟ ਕਰ ਦਿੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਕਰਮਚਾਰੀ ਉਡੀਕ ਉਡੀਕ ਕੇ ਸੇਵਾ ਮੁਕਤ ਵੀ ਹੋ ਜਾਂਦੇ ਹਨ।
ਇੱਕ ਵਾਰ ਸਕੂਲ ਸਿੱਖਿਆ ਵਿਭਾਗ ਵਿੱਚ ਨਵੇਂ ਸਿੱਖਿਆ ਸਕੱਤਰ ਆਏ ਤੇ ਉਹਨਾਂ ਨੇ ਵਿਭਾਗ ਦੇ ਢਿੱਲੇ ਹੋਏ ਪਹੀਆਂ ਨੂੰ ਅਜਿਹਾ ਤੇਜ਼ ਘੁਮਾਇਆ ਕਿ ਹਰ ਪਾਸੇ ਕਰਮਚਾਰੀ ਸਮੇਂ ਦੇ ਪਾਬੰਦ ਹੋ ਗਏ ਅਤੇ ਸਮੇਂ ਸਿਰ ਕੰਮ ਕਰਨ ਲੱਗ ਪਏ। ਉਹਨਾਂ ਦੇ ਕੰਮਾਂ ਦੀ ਪੁੱਛ ਪੜਤਾਲ ਹੋਣ ਲੱਗ ਗਈ। ਮੈਂ ਨਾ ਮਾਨੂੰ ਵਾਲੀ ਪਿਰਤ ਖਤਮ ਹੋ ਗਈ। ਹਰ ਕੋਈ ਆਪਣੀ ਦਫਤਰੀ ਸੀਟ ’ਤੇ ਬੈਠਾ ਨਜ਼ਰ ਆਉਂਦਾ ਸੀ। ਅਫਸਰਾਂ ਨੇ ਸਭ ਦੀ ਕਾਰਗੁਜ਼ਾਰੀ ਚੈੱਕ ਕਰਨ ਲਈ ਇੱਕ ਲੜੀ ਬਣਾ ਲਈ। ਸ਼ਾਇਦ ਇਸੇ ਵਿੱਚ ਹੀ ਵਿਦਿਆਰਥੀਆਂ ਦਾ ਭਲਾ ਹੋਣਾ ਸੀ। ਮੇਰੇ ਮਨ ਵਿੱਚ ਵੀ ਵਿਚਾਰ ਹੈ ਕਿ ਚੁੱਪ ਬੈਠਿਆ ਮਸਲਾ ਹੱਲ ਨਹੀਂ ਹੋਣਾ, ਕਿਉਂ ਨਾ ਕੁਝ ਹਿੰਮਤ ਕਰ ਲਈ ਜਾਵੇ। ਅਸੀਂ ਸਾਰੇ ਮਾਸਟਰ, ਜਿਹੜੇ ਤਰੱਕੀ ਦੇ ਨੇੜੇ ਸੀ, ਰਲ ਕੇ ਹੰਭਲਾ ਮਾਰ ਰਹੇ ਸੀ। ਇੱਕ ਵਾਰ ਅਸੀਂ ਹਲਕੇ ਦੇ ਐੱਮ.ਐੱਲ.ਏ. ਸਾਹਿਬ ਨੂੰ ਤਰੱਕੀਆਂ ਦੇ ਸੰਬੰਧ ਵਿੱਚ ਇੱਕ ਮੰਗ ਵੀ ਪੱਤਰ ਦਿੱਤਾ। ਅਸੀਂ ਆਪਣੀ ਸਮੱਸਿਆ ਦਾ ਪ੍ਰੈੱਸ ਅਤੇ ਅਤੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਾਡਾ ਦੂਜੇ ਜ਼ਿਲ੍ਹੇ ਦੇ ਨਾਲ ਤਾਲਮੇਲ ਹੋ ਗਿਆ। ਹਰ ਜ਼ਿਲ੍ਹੇ ਦੇ ਅਧਿਆਪਕਾਂ ਦੇ ਕੰਮ ਕਰਨ ਦੀ ਕਾਰਜਸ਼ੈਲੀ ਵੱਖਰੀ ਵੱਖਰੀ ਸੀ, ਆਪੋ ਧਾਪੀ ਲੱਗੇ ਪਏ ਸੀ। ਸਾਡਾ ਹੌਲੀ ਹੌਲੀ ਇੱਕ ਦੂਜੇ ਨਾਲ ਤਾਲਮੇਲ ਵਧਦਾ ਗਿਆ ਤਾਂ ਫਿਰ ਮਿਲ ਬੈਠ ਕੇ ਸਾਂਝੀ ਕਾਰਵਾਈ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਕੜੀ ਵਜੋਂ ਅਸੀਂ ਕੁਝ ਮੰਗ ਪੱਤਰ ਤਿਆਰ ਕੀਤੇ, ਜਿਹੜੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਨੂੰ ਭੇਜ ਦਿੱਤੇ। ਉਨ੍ਹਾਂ ਦੀ ਇੱਕ ਨਕਲ ਆਪਣੇ ਕੋਲ ਰੱਖ ਲਈ।
ਸਿੱਖਿਆ ਵਿਭਾਗ ਨੇ ਤਰੱਕੀਆਂ ਦੇ ਇੱਕ ਲਿਸਟ ਅਧੂਰੀ ਜਿਹੀ ਕੱਢੀ। ਉਸ ਵਿੱਚ 23 ਸੀਨੀਅਰ ਮਾਸਟਰਾਂ ਨੂੰ ਛੱਡ ਕੇ ਜੂਨੀਅਰ ਅਧਿਆਪਕਾਂ ਦੀਆਂ ਤਰੱਕੀਆਂ ਕਰ ਦਿੱਤੀਆਂ, ਜਿਸ ਕਰਕੇ ਸਾਡੇ ਮਨਾਂ ਵਿੱਚ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਸੀ। ਇਸ ਤਰ੍ਹਾਂ ਅਸੀਂ ਆਰ.ਟੀ.ਆਈ. ਰਾਹੀਂ ਉਹਨਾਂ ਅਧਿਆਪਕਾਂ ਦਾ ਰਿਕਾਰਡ ਵੀ ਮੰਗਵਾ ਲਿਆ। ਮੇਰਾ ਸਾਥੀ ਵੀਰ ਰੇਸ਼ਮ ਸਿੰਘ ਰੰਧਾਵਾ ਅਤੇ ਵੀਰ ਰਾਜੇਸ਼ ਸ਼ਰਮਾ ਪਠਾਨਕੋਟ ਨਾਲ ਰੋਜ਼ਾਨਾ ਵਾਂਗ ਆਪਸ ਵਿੱਚ ਵਿਚਾਰ ਵਿਟਾਂਦਰਾ ਹੁੰਦਾ ਰਹਿੰਦਾ ਸੀ। ਫਿਰ ਸਾਡੇ ਨਾਲ ਹੌਲੀ ਹੌਲੀ ਬਲਜਿੰਦਰ ਸਿੰਘ ਨਵਾਂ ਸ਼ਹਿਰ, ਜਗਦੀਪ ਸਿੰਘ, ਦਰਸ਼ਨ ਸਿੰਘ ਬਰਾੜ, ਗੁਰਤੇਜ ਸਿੰਘ ਬਠਿੰਡਾ, ਸ਼ਵਿੰਦਰ ਸਿੰਘ ਬਠਿੰਡਾ, ਸੁਰਿੰਦਰ ਸਿੰਘ ਜੁੜ ਗਏ। ਅਸੀਂ ਸਾਰਿਆਂ ਨਾਲ ਤਾਲਮੇਲ ਕਰਕੇ ਮਨ ਬਣਾਇਆ ਕਿ ਆਪਾਂ ਇਸ ਵਾਰ ਡੀ.ਪੀ.ਆਈ. ਸੈਕੰਡਰੀ ਅਤੇ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਪੰਜਾਬ ਨੂੰ ਮਿਲ ਕੇ ਆਈਏ। ਇਸ ਕਰਕੇ ਅਸੀਂ ਇੱਕ ਦਿਨ ਬਣਾਏ ਪ੍ਰੋਗਰਾਮ ਅਨੁਸਾਰ ਮੁਹਾਲੀ ਪਹੁੰਚੇ। ਅਸੀਂ ਇੱਕ ਪਰਚੀ’ ਤੇ ਆਪਣੇ ਵੇਰਵੇ ਲਿਖ ਕੇ ਡੀ.ਪੀ.ਆਈ. ਸੈਕੰਡਰੀ ਦਫਤਰ ਦੇ ਸੇਵਾਦਾਰ ਨੂੰ ਫੜਾ ਦਿੱਤੇ ਤੇ ਜਦੋਂ ਸਾਡੀ ਵਾਰੀ ਆਈ ਤਾਂ ਅੰਦਰ ਜਾ ਕੇ ਅਸੀਂ ਡਾਇਰੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਸਰ! ਸਾਡੀਆਂ 23 ਸੀਨੀਅਰ ਅਧਿਆਪਕਾਂ ਦੀਆਂ ਤਰੱਕੀਆਂ ਰਹਿ ਗਈਆਂ ਹਨ ਜਦੋਂ ਕਿ ਜੂਨੀਅਰ ਅਧਿਆਪਕਾਂ ਦੀਆਂ ਹੋ ਗਈਆਂ ਹਨ ਤੇ ਸਾਡਾ ਮਸਲਾ ਹੱਲ ਕਰੋ। ਉਹਨਾਂ ਕਿਹਾ, ਤੁਸੀਂ ਚਿੰਤਾ ਨਾ ਕਰੋ, ਇਹ ਮਸਲਾ ਹੱਲ ਕਰਦੇ ਹਾਂ।
ਬਾਹਰ ਆ ਕੇ ਸਰਬ ਸੰਮਤੀ ਨਾਲ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਆਏ ਤਾਂ ਹੈ ਚਲੋ ਸਿੱਖਿਆ ਸਕੱਤਰ ਨੂੰ ਵੀ ਮਿਲ ਆਉਂਦੇ ਹਾਂ। ਅਸੀਂ ਸਾਰੇ ਮਿਨੀ ਸੈਕਟਰੀਏਟ ਚਲੇ ਗਏ। ਉੱਥੇ ਜਾ ਕੇ ਅਸੀਂ ਹੇਠਾਂ ਪਾਸ ਬਣਨ ਵਾਲੇ ਕਮਰੇ ਤੋਂ ਉੱਪਰ ਫੋਨ ਕਰਕੇ ਪੀ.ਏ. ਤੋਂ ਪਾਸ ਦੀ ਮੰਗ ਕੀਤੀ। ਉਹਨਾਂ ਨੇ ਦੋ ਜਣਿਆਂ ਦੇ ਪਾਸ ਜਾਰੀ ਕਰਨ ਬਾਰੇ ਹੇਠਾਂ ਕਹਿ ਦਿੱਤਾ। ਸਾਰਿਆਂ ਨੇ ਫੈਸਲਾ ਕੀਤਾ ਕਿ ਉੱਪਰ ਦੋ ਜਣੇ ਅੰਦਰ ਜਾਣਗੇ। ਇਸ ਤਰ੍ਹਾਂ ਮੇਰੇ ਨਾਲ ਇੱਕ ਹੋਰ ਸਾਥੀ ਤਿਆਰ ਕਰ ਦਿੱਤਾ। ਅਸੀਂ ਦੋਨੇ ਉੱਪਰ ਪੰਜਵੀਂ ਮੰਜ਼ਿਲ ’ਤੇ ਚਲੇ ਗਏ। ਦਫਤਰ ਸਿੱਖਿਆ ਸਕੱਤਰ ਦੇ ਬਾਹਰ ਬੈਠ ਗਏ। ਸਭ ਤੋਂ ਪਹਿਲਾਂ ਇੱਕ ਨੇਤਾ ਸਿੱਖਿਆ ਸਕੱਤਰ ਨੂੰ ਮਿਲਣ ਲਈ ਅੰਦਰ ਗਿਆ। ਕੁਝ ਸਮੇਂ ਬਅਦ ਸਾਡੀ ਵਾਰੀ ਆ ਗਈ। ਅਸੀਂ ਦੋਨੋਂ ਜਣੇ ਅੰਦਰ ਚਲੇ ਗਏ ਤੇ ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਫਾਈਲ ਦੇ ਕੇ ਬੇਨਤੀ ਕੀਤੀ ਕਿ ਸਰ! ਸਾਡੀਆਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਸਾਨੂੰ 23 ਸੀਨੀਅਰ ਮਾਸਟਰਾਂ ਨੂੰ ਛੱਡ ਕੇ ਜੂਨੀਅਰ ਅਧਿਆਪਕਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਗਈਆਂ ਹਨ, ਕਿਰਪਾ ਕਰਕੇ ਸਾਡਾ ਇਹ ਮਸਲਾ ਹੱਲ ਕਰਕੇ ਸਾਡੀਆਂ ਤਰੱਕੀਆਂ ਕਰਨ ਦੀ ਕਿਰਪਾਲਤਾ ਕੀਤੀ ਜਾਵੇ। ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਵਿਸ਼ਵਾਸ ਦਿਵਾਇਆ ਇਹ ਮਸਲਾਂ ਜਲਦੀ ਹੱਲ ਕਰ ਦਿੱਤਾ ਜਾਵੇਗਾ।
ਫਿਰ ਅਸੀਂ ਥੱਲੇ ਚਲੇ ਗਏ ਤੇ ਹੇਠਾਂ ਜਾ ਕੇ ਸਾਰੇ ਸਾਥੀਆਂ ਨੂੰ ਸਾਰੀ ਗੱਲ ਦੱਸੀ। ਇਸ ਮੌਕੇ ਸਾਰਿਆਂ ਦੇ ਮਨ ਵਿੱਚ ਇੱਕੋ ਹੀ ਗੱਲ ਆ ਰਹੀ ਸੀ ਕਿ ਸਿੱਖਿਆ ਵਿਭਾਗ ਕੰਮਾਂ ਵਿੱਚ ਦੇਰੀ ਕਰ ਰਿਹਾ ਹੈ, ਇਸ ਲਈ ਕਿਉਂ ਨਾ ਆਪਾਂ ਮਾਣਯੋਗ ਹਾਈਕੋਰਟ ਵਿੱਚ ਕੇਸ ਦਾਇਰ ਕਰ ਦੇਈਏ। ਇਸ ਲਈ ਸਭ ਨੇ ਇਸ ਫੈਸਲੇ ਤੇ ਫੁੱਲ ਚੜ੍ਹਾਏ। ਇਸ ਲਈ ਅਸੀਂ ਉੱਥੋਂ ਹਾਈਕੋਰਟ ਚਲੇ ਗਏ। ਉੱਥੇ ਇੱਕ ਸਾਥੀ ਨੂੰ ਕੋਈ ਵਕੀਲ ਜਾਣਦਾ ਸੀ ਤੇ ਅਸੀਂ ਉਸ ਨੂੰ ਮਿਲਣ ਲਈ ਉਸ ਕੋਲ ਚਲੇ ਗਏ। ਉਹਨਾਂ ਨੇ ਕਿਹਾ ਤੁਹਾਡਾ ਕੇਸ ਮਜ਼ਬੂਤ ਹੈ, ਇਸ ਲਈ ਤੁਸੀਂ ਇਹ ਕੇਸ ਲਾ ਦਿਓ। ਤੁਸੀਂ ਕਾਗਜ਼ੀ ਕਾਰਵਾਈ ਪੂਰੀ ਕਰ ਦਿਓ ਤੇ ਆਪਣਾ ਰਿਕਾਰਡ ਦੇ ਦਿਓ।
ਅਸੀਂ ਆਪਣਾ ਸਾਰਾ ਵਿਭਾਗੀ ਰਿਕਾਰਡ ਉਹਨਾਂ ਨੂੰ ਦੇ ਦਿੱਤਾ। ਕੁਝ ਦਿਨਾਂ ਬਾਅਦ ਵਕੀਲ ਸਾਹਿਬ ਨੇ ਕੇਸ ਦਾਇਰ ਕਰ ਦਿੱਤਾ।
ਸਾਰੇ ਸੰਤੁਸ਼ਟ ਹੋ ਗਏ ਕਿ ਕੁਝ ਨਾ ਕੁਝ ਬਣੇਗਾ। ਅਸੀਂ ਰੋਜ਼ਾਨਾ ਆਪਣੇ ਘਰਾਂ ਵਿੱਚ ਸ਼ਾਮ ਨੂੰ ਇੱਕ ਦੂਜੇ ਨਾਲ ਫੋਨ ’ਤੇ ਸੰਪਰਕ ਕਰਦੇ ਸੀ ਪਰ ਅਸੀਂ ਦੋਵੇਂ ਜਣੇ ਟਿਕਣ ਵਾਲੇ ਨਹੀਂ ਸੀ। ਰੰਧਾਵਾ ਸਾਹਿਬ ਪ੍ਰੋਗਰਾਮ ਬਣਾ ਲੈਂਦੇ ਸਨ ਕਿ ਇਸ ਹਫਤੇ ਆਪਾਂ ਚੱਲੀਏ ਤੇ ਮੈਂ ਵੀ ਉਹਨਾਂ ਦੀ ਹਾਂ ਵਿੱਚ ਹਾਂ ਮਿਲਾ ਦਿੰਦਾ ਸੀ। ਅਸੀਂ ਡੀ.ਪੀ.ਆਈ. ਦਫਤਰ ਬਰਾਂਚ ਵਿੱਚ ਜਾ ਕੇ ਪੁੱਛਦੇ ਤਾਂ ਉਹ ਦੱਸ ਦਿੰਦੇ ਸੀ ਕਿ ਹੁਣ ਫਾਈਲ ਇੱਥੇ ਗਈ ਹੋਈ ਹੈ, ਹੁਣ ਉਹ ਕੰਮ ਕਰ ਰਹੇ ਹਨ। ਇਸ ਤਰ੍ਹਾਂ ਸਾਨੂੰ ਵਿਭਾਗੀ ਜਾਣਕਾਰੀ ਮਿਲਦੀ ਰਹਿੰਦੀ ਸੀ। ਇੱਕ ਦਿਨ ਮੈਂ ਰੰਧਾਵਾ ਸਾਹਿਬ ਨੂੰ ਕਿਹਾ ਕਿ ਆਪਾਂ ਇੱਕ ਵਾਰ ਜ਼ਰੂਰ ਸਿੱਖਿਆ ਮੰਤਰੀ ਪੰਜਾਬ ਨੂੰ ਮਿਲ ਆਈਏ। ਉਹਨਾਂ ਕਿਹਾ, ਠੀਕ ਹੈ, ਚਲੋ ਆਪਾਂ ਉੱਧਰ ਚਲਦੇ ਹਾਂ।
ਅਸੀਂ ਸੈਕਟਰੀਏਟ ਚਲੇ ਗਏ ਤੇ ਉੱਥੇ ਪਾਸ ਬਣਾ ਕੇ ਸਿੱਖਿਆ ਮੰਤਰੀ ਦੇ ਦਫਤਰ ਦੇ ਸਾਹਮਣੇ ਚਲੇ ਗਏ। ਅਜੇ ਸਿੱਖਿਆ ਮੰਤਰੀ ਜੀ ਦਫਤਰ ਨਹੀਂ ਆਏ ਸਨ, ਇਸ ਕਰਕੇ ਅਸੀਂ ਬਾਹਰ ਕੁਰਸੀਆਂ ’ਤੇ ਬੈਠ ਗਏ। ਕੁਝ ਸਮੇਂ ਬਾਅਦ ਸਿੱਖਿਆ ਮੰਤਰੀ ਆਪਣੇ ਦਫਤਰ ਵਿੱਚ ਆਏ। ਅਸੀਂ ਵੀ ਆਪਣੀ ਪਰਚੀ ਅੰਦਰ ਭੇਜ ਦਿੱਤੀ ਤੇ ਕੁਝ ਸਮੇਂ ਬਾਅਦ ਸਾਨੂੰ ਅੰਦਰ ਬੁਲਾ ਲਿਆ ਗਿਆ। ਅਸੀਂ ਦੋਹਾਂ ਨੇ ਅੰਦਰ ਜਾ ਕੇ ਆਪਣੀ ਦਰਖਾਸਤ ਉਹਨਾਂ ਨੂੰ ਪੇਸ਼ ਕੀਤੀ ਤੇ ਦੱਸਿਆ ਕਿ ਵਿਭਾਗ ਨੇ ਜੋ ਤਰਕੀ ਕੀਤੀਆਂ ਹਨ ਉਹਨਾਂ ਵਿੱਚ ਸਾਨੂੰ 23 ਸੀਨੀਅਰ ਅਧਿਆਪਕਾਂ ਨੂੰ ਛੱਡ ਕੇ ਜੂਨੀਅਰ ਅਧਿਆਪਕਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਹਨ। ਸਾਡਾ ਇਹ ਮਸਲਾ ਹੱਲ ਕਰੋ ਤੇ ਸਾਡੀਆਂ ਤਰੱਕੀਆਂ ਉਹਨਾਂ ਦੇ ਨਾਲ ਹੀ ਕਰੋ, ਜਿੱਥੇ ਸਾਡਾ ਹੱਕ ਬਣਦਾ ਹੈ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਇਹ ਮਸਲਾ ਜਲਦੀ ਹੱਲ ਕਰਾਂਗੇ।
ਉਦੋਂ ਤਕ ਸ਼ਾਮ ਦਾ ਵੇਲਾ ਹੋ ਗਿਆ ਸੀ। ਉੱਥੋਂ ਅਸੀਂ ਸੈਕਟਰ 43 ਚੰਡੀਗੜ੍ਹ ਦੇ ਬੱਸ ਅੱਡੇ ਪਹੁੰਚ ਗਏ। ਭੁੱਖ ਕਾਫੀ ਲੱਗੀ ਹੋਈ ਸੀ। ਇੱਥੇ ਹੀ ਕੁਝ ਖਾ ਪੀ ਲਿਆ। ਸਾਡੀ ਬੱਸ ਨੇ 9 ਵਜੇ ਕਾਊਂਟਰ ’ਤੇ ਲੱਗਣਾ ਸੀ। ਬੱਸ ਪੂਰੇ 9 ਵਜੇ ਕਾਊਂਟਰ ’ਤੇ ਲੱਗ ਗਈ। ਅਸੀਂ ਆਪਣੀਆਂ ਸੀਟਾਂ ’ਤੇ ਬੈਠ ਗਏ। ਸਾਰੀ ਬੱਸ ਸਵਾਰੀਆਂ ਨਾਲ ਭਰ ਗਈ। ਅੱਤ ਦੀ ਗਰਮੀ ਸੀ। ਬੁਰਾ ਹਾਲ ਹੋਇਆ ਪਿਆ ਸੀ। ਕੁਝ ਸਮੇਂ ਬਾਅਦ ਬੱਸ ਚੱਲ ਪਈ ਤੇ ਢਾਈ ਘੰਟਿਆਂ ਬਾਅਦ ਲੁਧਿਆਣਾ ਬੱਸ ਅੱਡੇ ਪਹੁੰਚ ਗਏ। ਇੱਥੇ ਅਸੀਂ ਆਪਣੀ ਮੋਗਾ ਜਾਣ ਵਾਲੀ ਅਗਲੀ ਬੱਸ ਬਾਰੇ ਪਤਾ ਕੀਤਾ। ਉਹ 12 ਵਜੇ ਆਉਣੀ ਸੀ। ਇਸ ਲਈ ਅਸੀਂ ਆਸ ਪਾਸ ਨਿਗਾਹ ਮਾਰੀ। ਸਾਰੇ ਪਾਸੇ ਦੁਕਾਨਾਂ ਬੰਦ ਸਨ, ਹੋਟਲ ਬੰਦ ਸਨ ਪਰ ਬਾਹਰ ਦੋ ਰੇਹੜੀਆਂ ਖੜ੍ਹੀਆਂ ਸਨ। ਉੱਥੋਂ ਰਾਤ ਨੂੰ ਕੁਝ ਖਾ ਪੀ ਲਿਆ। ਸਾਡੀ ਬੱਸ 12 ਵਜੇ ਆ ਗਈ ਤੇ ਅਸੀਂ ਡੇਢ ਘੰਟੇ ਵਿੱਚ ਮੋਗਾ ਬੱਸ ਅੱਡੇ ’ਤੇ ਪੁੱਜ ਗਏ।
ਸਮਾਂ ਲੰਘਦਾ ਗਿਆ। ਸਾਡੀ ਕੀਤੀ ਹੋਈ ਮਿਹਨਤ ਰੰਗ ਲਿਆਈ ਤੇ ਸਾਡੀਆਂ 23 ਮਾਸਟਰਾਂ ਦੀਆਂ ਤਰੱਕੀਆਂ ਬਤੌਰ ਮੁੱਖ ਅਧਿਆਪਕ ਹੋ ਗਈਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (