“ਨਤੀਜੇ ਵਾਲੇ ਦਿਨ ਮੈਂ ਨਤੀਜਾ ਪਤਾ ਕਰਨ ਲਈ ਸਵੇਰੇ 4 ਵਜੇ ਅੰਗਰੇਜ਼ੀ ਦਾ ਅਖਬਾਰ ...”
(28 ਸਤੰਬਰ 2025)
ਸੰਨ 1984 ਦੀ ਗੱਲ ਹੈ, ਉਦੋਂ ਮੇਰੇ ਵੱਡੇ ਵੀਰ ਸਤਿਕਾਰਯੋਗ ਸਰਦਾਰ ਇਕਬਾਲ ਸਿੰਘ ਲੋਹਾਮ ਜੀ ਦੀ ਪ੍ਰੇਰਨਾ ਸਦਕਾ ਮੈਂ ਬੀਐੱਸਸੀ ਵਿੱਚ ਦਾਖਲਾ ਲਿਆ ਸੀ ਤੇ ਫਾਈਨਲ ਵਿਭਾਗ ਵਿੱਚ ਪੜ੍ਹਦਾ ਸੀ। ਮੇਰਾ ਇੱਕੋ ਹੀ ਟੀਚਾ ਸੀ ਕਿ ਦੱਬ ਕੇ ਪੜ੍ਹਾਈ ਕਰਨੀ ਹੈ, ਸਮਾਂ ਬਰਬਾਦ ਨਹੀਂ ਕਰਨਾ ਤੇ ਫਾਲਤੂ ਦੇ ਕੰਮ ਨਹੀਂ ਕਰਨੇ। ਮੈਂ ਘਰ ਦੇ ਕੰਮ ਵੀ ਘੱਟ ਕਰਦਾ ਸੀ ਤਾਂ ਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਪੂਰਾ ਮਨ ਪੜ੍ਹਾਈ ਵੱਲ ਲਾਇਆ ਹੋਇਆ ਸੀ। ਡੀਐੱਮ ਕਾਲਜ ਮੋਗਾ ਵਿੱਚ ਕਰੀਬ ਸਵੇਰੇ ਅੱਠ ਤੋਂ ਤਿੰਨ ਵਜੇ ਤਕ ਸਾਰੇ ਪੀਰੀਅਡ ਲੱਗ ਜਾਂਦੇ ਸਨ। ਮੇਰਾ ਆਰਟਸ ਗਰੁੱਪ ਵਾਲਿਆਂ ਨਾਲੋਂ ਵੱਧ ਸਮਾਂ ਲਗਦਾ ਸੀ। ਕਾਲਜ ਵਿੱਚ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਨੋਟਿਸ ਬੋਰਡ ਦੇਖਦਾ ਤੇ ਫਿਰ ਕਲਾਸਾਂ ਲਾਉਣ ਚਲਾ ਜਾਂਦਾ ਸੀ। ਮੇਰੇ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਇੰਗਲਿਸ਼ ਪੀਰੀਅਡ ਲਗਦੇ ਸਨ। ਅੰਗਰੇਜ਼ੀ ਦੇ ਹਫਤੇ ਵਿੱਚ ਸਿਰਫ ਦੋ ਪੀਰੀਅਡ ਹੀ ਲਗਦੇ ਸਨ ਤੇ ਸਾਰਾ ਜ਼ੋਰ ਬਾਕੀ ਦੇ ਸਾਇੰਸ ਵਿਸ਼ਿਆਂ ’ਤੇ ਲਾਇਆ ਜਾਂਦਾ ਸੀ। ਰੋਜ਼ਾਨਾ ਹੀ ਸਾਰੇ ਪੀਰੀਅਡ ਲਗਦੇ ਸਨ। ਸਾਰੇ ਪ੍ਰੋਫੈਸਰ ਸਾਹਿਬਾਨ ਬਹੁਤ ਹੀ ਤਜਰਬੇਕਾਰ ਅਤੇ ਮਿਹਨਤੀ ਸਨ ਅਤੇ ਸਮੇਂ ਸਿਰ ਆਪਣਾ ਸਲੇਬਸ ਮੁਕਾ ਲੈਂਦੇ ਸਨ। ਆਖਰੀ ਸਾਲ ਸੀ, ਮੈਂ ਪਹਿਲਾਂ ਦੱਬ ਕੇ ਕਾਲਜ ਦੀ ਪੜ੍ਹਾਈ ਗ੍ਰਹਿਣ ਕਰਦਾ ਸੀ ਤੇ ਫਿਰ ਘਰ ਆ ਕੇ ਦੁਬਾਰਾ ਉਹੀ ਪੜ੍ਹਾਈ ਕਰਦਾ ਸੀ।
ਮੇਰੇ ਕੋਲ ਇੱਕ ਬਚਪਨ ਦੀ ਸਲੇਟ ਸੀ, ਜਿਸ ਉੱਤੇ ਮੈਂ ਨਿੱਕੇ ਹੁੰਦੇ ਸਕੂਲ ਸਮੇਂ ਲਿਖਦਾ ਹੁੰਦਾ ਸੀ। ਉਸਦੇ ਦੁਆਲੇ ਲੱਕੜ ਦਾ ਫਰੇਮ ਸੀ, ਜੋ ਸਮੇਂ ਦੇ ਨਾਲ ਟੁੱਟ ਗਿਆ ਸੀ ਪਰ ਬਾਕੀ ਦੀ ਸਲੇਟ ਵਧੀਆ ਕੰਮ ਦੇ ਰਹੀ ਸੀ। ਸਲੇਟੀਆਂ ਦਾ ਡੱਬਾ ਮੇਰੇ ਕੋਲ ਰੱਖਿਆ ਹੁੰਦਾ ਸੀ। ਮੈਂ ਪੜ੍ਹ ਪੜ੍ਹ ਕੇ ਯਾਦ ਕਰਦਾ ਸੀ, ਫਿਰ ਲਿਖ ਲਿਖ ਕੇ ਦੇਖਦਾ ਸੀ, ਦੁਹਰਾਉਂਦਾ ਸੀ, ਰੱਟਾ ਲਗਾਉਂਦਾ ਸੀ, ਇਹ ਰੋਜ਼ਾਨਾ ਦਾ ਕੰਮ ਸੀ। ਅਕਸਰ ਹੀ ਲਿਖਣ ਦਾ ਕੰਮ ਮੈਂ ਆਪਣੀ ਸਲੇਟ ’ਤੇ ਕਰਦਾ ਸੀ। ਇੱਕ ਕੌਲੀ ਪਾਣੀ ਅਤੇ ਇੱਕ ਲੀਰ ਆਪਣੇ ਕੋਲ ਰੱਖਦਾ ਸੀ, ਜਿਸਦੇ ਨਾਲ ਸਲੇਟ ਨੂੰ ਪੂੰਝਦਾ ਸੀ। ਇਸ ਅਲੇਟ ਨੇ ਮੇਰਾ ਬਚਪਨ ਤੋਂ ਲੈ ਕੇ ਕਾਲਜ ਤਕ ਦਾ ਸਾਥ ਨਿਭਾਇਆ ਅਤੇ ਮੈਨੂੰ ਮੇਰੀ ਮੰਜ਼ਿਲ ਤਕ ਪਹੁੰਚਾਉਣ ਤਕ ਅਹਿਮ ਰੋਲ ਨਿਭਾਇਆ। ਅੱਜ ਵੀ ਮੈਂ ਇਹ ਸਲੇਟ ਸਾਂਭ ਕੇ ਰੱਖੀ ਹੋਈ ਹੈ।
ਜਦੋਂ ਮੈਂ ਕਾਲਜ ਦੇ ਵਿੱਚ ਪ੍ਰੈਕਟੀਕਲ ਕਰਦਾ ਸੀ ਤਾਂ ਪ੍ਰੈਕਟੀਕਲ ਦੀ ਰੀਡਿੰਗ, ਸਾਰੇ ਵੇਰਵੇ ਕਾਪੀ ’ਤੇ ਨੋਟ ਕਰਦਾ ਸੀ ਤੇ ਫਿਰ ਘਰ ਆ ਕੇ ਪੱਕੀ ਪ੍ਰੈਕਟੀਕਲ ਦੀ ਕਾਪੀ ’ਤੇ ਲਿਖਦਾ ਸੀ। ਰੋਜ਼ਾਨਾ ਘਰ ਆ ਕੇ ਨਾਲ ਦੀ ਨਾਲ ਮੁਕੰਮਲ ਯਾਦ ਕਰਦਾ ਸੀ। ਪ੍ਰੈਕਟੀਕਲ ਦੀਆਂ ਕਾਪੀ ਮੈਂ ਬਹੁਤ ਹੀ ਵਧੀਆ ਅਤੇ ਸਾਫ ਸੁਥਰੀ ਬਣਾਉਂਦਾ ਸੀ। ਫਿਰ ਅਗਲੇ ਦਿਨ ਪ੍ਰੈਕਟੀਕਲ ਦੀ ਕਾਪੀ ਪ੍ਰੋਫੈਸਰ ਸਾਹਿਬ ਤੋਂ ਚੈੱਕ ਕਰਾਉਂਦਾ ਸੀ। ਮੇਰੇ ਘਰ ਤੋਂ ਕਾਲਜ ਦਾ ਰਸਤਾ ਸਿਰਫ ਪੰਜ ਮਿੰਟ ਦਾ ਸੀ। ਕਈ ਵਾਰ ਘਰ ਤੋਂ ਕਾਲਜ ਸਾਈਕਲ ਤੇ ਚਲਿਆ ਜਾਂਦਾ ਸੀ। ਇੱਕ ਵਾਰ ਮੇਰਾ ਕਾਲਜ ਸਾਥੀ, ਜੋ ਹੁਣ ਐਡਵੋਕੇਟ ਹੈ, ਅਸੀਂ ਸਾਈਕਲ ’ਤੇ ਗੱਲਾਂ ਮਾਰਦੇ ਜਾ ਰਹੇ ਸੀ। ਉਹ ਡੰਡੇ ’ਤੇ ਬੈਠਾ ਸੀ, ਮੈਂ ਚਲਾ ਰਿਹਾ ਸੀ। ਅਜੇ ਗਲੀ ਨੰਬਰ 9 ਅਤੇ ਆਰੀਆ ਸਕੂਲ ਰੋਡ ਚੌਂਕ ’ਤੇ ਪੁੱਜੇ ਸੀ ਕਿ ਅਚਾਨਕ ਸਾਈਕਲ ਦਾ ਚਿਮਟਾ ਟੁੱਟ ਗਿਆ ਤੇ ਅਸੀਂ ਦੋਨੇ ਜਣੇ ਹੇਠਾਂ ਡਿਗ ਪਏ। ਉਹਦੇ ਬੁੱਲ੍ਹ ਤੇ ਸੱਟ ਵੱਜ ਗਈ। ਅਸੀਂ ਡਾਕਟਰ ਕੋਲ ਜਾ ਕੇ ਦਵਾਈ ਲਈ। ਕੁਝ ਦਿਨਾਂ ਵਿੱਚ ਹੀ ਉਹ ਠੀਕ ਹੋ ਗਿਆ।
ਸਾਡੇ ਘਰ ਵਿੱਚ ਇੱਕ ਲੈਂਪ ਸੀ ਜਿਹੜਾ ਮਿੱਟੀ ਦੇ ਤੇਲ ਨਾਲ ਜਗਦਾ ਸੀ। ਉਹਦੀ ਬੱਤੀ ਦਾ ਮੈਂ ਖਾਸ ਧਿਆਨ ਰੱਖਦਾ ਸੀ। ਕਈ ਵਾਰ ਕੈਂਚੀ ਨਾਲ ਕੱਟ ਕੇ ਉਹਦਾ ਸਿਰਾ ਠੀਕ ਕਰਦਾ ਸੀ, ਉਹਦੀਆਂ ਕੰਨੀਆਂ ਕੱਟ ਕੇ ਗੁਲਾਈ ਵਿੱਚ ਕਰ ਦਿੰਦਾ ਸੀ ਤਾਂ ਜੋ ਉਹ ਵਧੇਰੇ ਰੋਸ਼ਨੀ ਦੇਵੇ। ਉਹਦਾ ਅਧਾਰ ਕੱਚ ਦਾ ਸੀ ਤੇ ਉੱਪਰ ਚਿਮਨੀ ਲੱਗੀ ਹੋਈ ਸੀ। ਇਸ ਲੈਂਪ ਨੇ ਮੇਰੀ ਜ਼ਿੰਦਗੀ ਰੌਸ਼ਨ ਕਰਨ ਵਿੱਚ ਦੋਸਤਾਨਾ ਰੋਲ ਨਿਭਾਇਆ। ਜਦੋਂ ਵੀ ਬਿਜਲੀ ਚਲੀ ਜਾਂਦੀ ਸੀ। ਮੈਂ ਲੈਂਪ ਜਗਾ ਕੇ ਪੜ੍ਹਾਈ ਕਰਦਾ ਸੀ। ਬਿਜਲੀ ਦਾ ਜਾਣਾ ਆਮ ਹੀ ਸੀ। ਇੱਥੇ ਹੀ ਬੱਸ ਨਹੀਂ, ਘਰ ਵਿੱਚ ਇੱਕ ਲਾਲਟਿਨ ਵੀ ਸੀ। ਕਦੇ ਕਦੇ ਉਹ ਵੀ ਕੰਮ ਦੇ ਦਿੰਦੀ ਸੀ। ਘਰ ਵਿੱਚ ਇੱਕ ਤੇਲ ਵਾਲਾ ਛੋਟਾ ਦੀਵਾ ਸੀ, ਜੋ ਸਦਾ ਹੀ ਮੱਝਾਂ ਵਾਲੇ ਬਰਾਂਡੇ ਵਿੱਚ ਉੱਚੇ ਥਾਂ ’ਤੇ ਰੱਖਿਆ ਹੁੰਦਾ ਸੀ। ਮੈਂ ਰਾਤ ਨੂੰ ਅਕਸਰ ਹੀ 12 ਵਜੇ ਤਕ ਪੜ੍ਹਦਾ ਸੀ। ਸਾਰਾ ਕੰਮ ਮੁਕਾ ਕੇ, ਸੌਂਦਾ ਸੀ। ਕਈ ਵਾਰ ਪੜ੍ਹਦੇ ਪੜ੍ਹਦੇ ਦੀ ਝਪਕੀ ਲੱਗ ਜਾਂਦੀ ਸੀ। ਕਿਤਾਬ ਗੋਦੀ ਵਿੱਚ ਰਹਿ ਜਾਂਦੀ ਸੀ। ਕੋਲ ਪਈ ਮਾਂ ਨੇ ਹਲੂਣਾ ਦੇ ਕੇ ਕਹਿਣਾ ਪੁੱਤ ਹੁਣ ਬੱਸ ਕਰ, ਤੈਨੂੰ ਨੀਂਦ ਆ ਰਹੀ ਹੈ, ਤੂੰ ਥੱਕ ਗਿਆ ਹੈ, ਤੂੰ ਸੌ ਜਾ। ਕਈ ਵਾਰ ਬੀਬੀ ਦੀ ਗੱਲ ਸੁਣ ਕੇ ਮੈਂ ਸੌ ਜਾਂਦਾ ਸੀ। ਪਰ ਜਦੋਂ ਕੰਮ ਰਹਿੰਦਾ ਹੁੰਦਾ ਸੀ ਤਾਂ ਮੈਂ ਬੀਬੀ ਨੂੰ ਕਹਿ ਦਿੰਦਾ ਸੀ ਕਿ ਮਾਂ ਮੇਰੀਏ! ਮੇਰੀ ਪੜ੍ਹਾਈ ਅਜੇ ਰਹਿੰਦੀ ਹੈ, ਥੋੜ੍ਹਾ ਜਿਹਾ ਹੋਰ ਪੜ੍ਹ ਲਵਾਂ, ਕੰਮ ਮੁਕਾ ਕੇ ਹੀ ਸੌਵਾਂਗਾ। ਫਿਰ ਉੱਠ ਕੇ ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰਦਾ, ਥੋੜ੍ਹਾ ਮੋਟਾ ਤੁਰਦਾ ਫਿਰਦਾ, ਫਿਰ ਪੜ੍ਹਨ ਲੱਗ ਜਾਂਦਾ। ਇਹ ਰੋਜ਼ਾਨਾ ਦਾ ਕੰਮ ਸੀ।
ਪੱਕੇ ਪੇਪਰਾਂ ਦੇ ਦਿਨਾਂ ਵਿੱਚ ਸਾਰਾ ਦਿਨ, ਸਾਰੀ ਰਾਤ ਪੜ੍ਹਦਾ ਰਹਿੰਦਾ ਸੀ ਫਿਰ ਮਸਾਂ ਜਾ ਕੇ ਸਾਰਾ ਸਲੇਬਸ ਪੂਰਾ ਹੁੰਦਾ ਸੀ। ਮਨ ਵਿੱਚ ਇਹ ਸੀ ਕਿ ਕੋਈ ਵੀ ਵਿਸ਼ਾ ਰਹਿ ਨਾ ਜਾਵੇ, ਪੇਪਰ ਨੇ ਪਤਾ ਨਹੀਂ ਕਿੱਥੋਂ, ਕਿਸ ਪਾਠ ਵਿੱਚੋਂ ਆਉਣਾ ਹੈ। ਰਾਤ ਦੇ ਸਮੇਂ ਵਿੱਚੋਂ ਸਿਰਫ ਤਿੰਨ ਕੁ ਘੰਟੇ ਸੌਂ ਕੇ ਗੁਜ਼ਾਰਾ ਕਰਦਾ ਸੀ। ਸਵੇਰੇ ਫਿਰ ਪੜ੍ਹਨ ਲੱਗ ਜਾਂਦਾ ਸੀ। ਅੱਖਾਂ ਵਿੱਚ ਨੀਂਦ ਰੜਕਦੀ ਸੀ ਪਰ ਪੜ੍ਹਾਈ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਸਮਾਂ ਬਰਬਾਦ ਨਹੀਂ ਕੀਤਾ। ਇਹੋ ਜਿਹੇ ਸਮੇਂ ਵਿੱਚ ਪੱਕੇ ਪੇਪਰ ਦੇਣ ਸਮੇਂ ਜੋ ਹਾਲਤ ਹੁੰਦੀ ਸੀ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਇੱਕ ਪੇਪਰ ਦੇ ਕੇ, ਘਰ ਜਾ ਕੇ ਕਿਤਾਬਾਂ ਚੱਕ ਕੇ, ਅਗਲੇ ਪੇਪਰ ਦੀ ਪੜ੍ਹਾਈ ਨਾਲ ਹੀ ਸ਼ੁਰੂ ਕਰ ਦਿੰਦਾ ਸੀ। ਇੱਕੋ ਹੀ ਮਿਸ਼ਨ ਹੁੰਦਾ ਸੀ, ਪੜ੍ਹਾਈ ਹੀ ਭਗਤੀ ਹੈ। ਦੱਬ ਕੇ ਪੜ੍ਹਦਾ ਸੀ, ਢਿੱਲ ਨਹੀਂ ਰੱਖਦਾ ਸੀ। ਸਾਰਾ ਸਲੇਬਸ ਕਰਦਾ। ਸਮੇਂ ਦੀ ਸਹੀ ਵਰਤੋਂ ਕਰਦਾ। ਇਹ ਗੱਲ ਦਿਮਾਗ ਵਿੱਚ ਬੈਠੀ ਹੋਈ ਸੀ।
ਪੇਪਰਾਂ ਵਿੱਚ ਸਾਰੇ ਪ੍ਰਸ਼ਨਾਂ ਦੇ ਉੱਤਰ ਕਰਕੇ ਆਉਂਦਾ ਸੀ। ਗੱਲ ਕੀ, ਪੇਪਰਾਂ ਦੇ ਚਿੱਬ ਕੱਢ ਦਿੰਦਾ ਸੀ। ਮੈਂ ਕਾਲਜ ਪ੍ਰੋਫੈਸਰਾਂ ਦਾ ਦਿਲੋਂ ਸਤਿਕਾਰ ਕਰਦਾ ਸੀ। ਉਹਨਾਂ ਦੀ ਕਾਰਜਸ਼ੈਲੀ ਨੂੰ ਨਮਨ ਕਰਦਾ ਸੀ। ਸੰਨ 1984 ਵਿੱਚ ਵਿਦਿਆਰਥੀਆਂ ਨੇ ਪੱਕੇ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਸੀ, ਜਿਸ ਕਰਕੇ ਨਤੀਜੇ ਆਉਣ ਵਿੱਚ ਦੇਰੀ ਹੋ ਰਹੀ ਸੀ। ਯੂਨੀਵਰਸਿਟੀ ਨੇ ਇੱਕ ਫੈਸਲਾ ਕਰਕੇ ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਨਹੀਂ ਦਿੱਤੇ ਸੀ, ਉਹਨਾਂ ਨੂੰ ਦੁਬਾਰਾ ਪੇਪਰ ਦੇਣ ਦਾ ਮੌਕਾ ਦਿੱਤਾ ਸੀ। ਇਸ ਤਰ੍ਹਾਂ ਜਦੋਂ ਸਾਰੇ ਵਿਦਿਆਰਥੀਆਂ ਦੇ ਪੇਪਰ ਹੋ ਗਏ ਤਾਂ ਮਨ ਨੂੰ ਇੱਕਦਮ ਸ਼ਾਂਤੀ ਜਿਹੀ ਆ ਗਈ।
ਨਤੀਜੇ ਵਾਲੇ ਦਿਨ ਮੈਂ ਨਤੀਜਾ ਪਤਾ ਕਰਨ ਲਈ ਸਵੇਰੇ 4 ਵਜੇ ਅੰਗਰੇਜ਼ੀ ਦਾ ਅਖਬਾਰ ਲੈਣ ਲਈ ਜੇਲ੍ਹ ਵਾਲੀ ਗਲੀ ਵਿੱਚ ਗਿਆ। ਉੱਥੇ ਹੀ ਕਿਸੇ ਬੰਦੇ ਕੋਲ ਸਵੇਰੇ ਸਾਰੇ ਮੋਗੇ ਦੇ ਅਖਬਾਰ ਆਉਂਦੇ ਸਨ। ਉਸ ਦਿਨ ਉਸ ਗਲੀ ਵਿੱਚ ਮੇਲਾ ਲੱਗਿਆ ਹੋਇਆ ਸੀ। ਮੇਰੇ ਕਾਲਜ ਦੇ ਸਾਰੇ ਸਾਥੀ ਉੱਥੇ ਪੁੱਜੇ ਹੋਏ ਸਨ। ਮੇਰੇ ਸਾਥੀਆਂ ਨੇ ਮੈਨੂੰ ਜਾਂਦੇ ਨੂੰ ਹੀ ਮੇਰੇ ਨਤੀਜੇ ਬਾਰੇ ਮੈਨੂੰ ਦੱਸ ਦਿੱਤਾ। ਨਤੀਜਾ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ, ਖੁਦ ਅਖਬਾਰ ਵਿੱਚ ਨਤੀਜਾ ਦੇਖ ਕੇ ਪੱਕੀ ਤਸੱਲੀ ਹੋ ਗਈ। ਇਸ ਤਰ੍ਹਾਂ ਮੈਂ ਬੀਐੱਸਸੀ ਨਾਨ ਮੈਡੀਕਲ ਡੀਐੱਮ ਕਾਲਜ ਮੋਗਾ ਤੋਂ ਪਾਸ ਕਰ ਲਈ।
**