“ਅਸਫਲਤਾ ਕਿਸੇ ਵੀ ਕੰਮ ਦਾ ਅਖੀਰ ਨਹੀਂ ਸਗੋਂ ਸ਼ੁਰੂਆਤ ਹੁੰਦੀ ਹੈ। ਜੇਕਰ ਮਨੁੱਖ ਦਾ ਇਰਾਦਾ ...”
(30 ਸਤੰਬਰ 2025)
ਸੰਭਵ ਸ਼ਬਦ ਦੇ ਮੋਹਰੇ ਕੇਵਲ ‘ਅ’ ਅੱਖਰ ਲੱਗਣ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਮਨੁੱਖ ਦੀ ਸੋਚ ਅਤੇ ਉਸਦੇ ਕਰਮਾਂ ਉੱਤੇ ਹੀ ਇਹ ਗੱਲ ਨਿਰਭਰ ਕਰਦੀ ਹੈ ਕਿ ਉਹ ‘ਅ’ ਅੱਖਰ ਨੂੰ ਹਟਾਉਂਦਾ ਹੈ ਜਾਂ ਲਗਾਉਂਦਾ ਹੈ। ਡੁੱਬਦੀ ਹੋਈ ਕਿਸ਼ਤੀ ਨੂੰ ਕਿਨਾਰਾ ਦੂਰ ਹੁੰਦਿਆਂ ਹੋਇਆਂ ਵੀ ਮਲਾਹ ਦਾ ਭਰੋਸਾ ਅਤੇ ਆਖਰ ਤਕ ਕੀਤੇ ਯਤਨ ਪਾਰ ਲਾ ਹੀ ਦਿੰਦੇ ਹਨ। ਦੁਨੀਆ ਦੇ ਪ੍ਰਸਿੱਧ ਵਿਅਕਤੀ ਬਿੱਲ ਗੇਟਸ ਦਾ ਕਹਿਣਾ ਹੈ ਕਿ ਮਨੁੱਖ ਕੋਲ ਅਸੰਭਵ ਨੂੰ ਸੰਭਵ ਵਿੱਚ ਬਦਲਣ ਵਾਲਾ ਬਹੁਤ ਹੀ ਤਾਕਤਵਾਰ ਦਿਮਾਗ ਹੈ। ਪਰ ਜੇਕਰ ਉਹ ਇਸਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਦਿਮਾਗ ਦੀ ਤਾਕਤ ਦੀ ਕੋਈ ਕੀਮਤ ਨਹੀਂ ਰਹਿੰਦੀ। ਬਦਲਾਅ ਅਤੇ ਇਨਕਲਾਬ ਲਿਆਉਣ ਵਾਲੇ ਗਿਣਤੀ ਵਿੱਚ ਬਹੁਤ ਘੱਟ ਹੁੰਦੇ ਹਨ ਪਰ ਉਨ੍ਹਾਂ ਨੂੰ ਜਾਣਦੀ ਸਾਰੀ ਦੁਨੀਆ ਹੁੰਦੀ ਹੈ। ਇਤਿਹਾਸ ਉਨ੍ਹਾਂ ਦਾ ਨਾਂ ਹੀ ਲਿਖਿਆ ਜਾਂਦਾ ਹੈ। ਸੁਨੀਤਾ ਵਿਲੀਅਮਜ਼ ਬਾਰੇ ਸਾਰੀ ਦੁਨੀਆ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਹੀ ਉਹ ਹੁਣ ਧਰਤੀ ਉੱਤੇ ਮੁੜਕੇ ਆ ਸਕੇਗੀ ਪਰ ਉਸਦੀ ਹਿੰਮਤ, ਹੌਸਲੇ ਅਤੇ ਆਤਮ ਭਰੋਸਗੀ ਨੇ ਦੁਨੀਆ ਭਰ ਦੇ ਲੋਕਾਂ ਦੀਆਂ ਕਿਆਸ ਅਰਾਈਆਂ ਗਲਤ ਸਾਬਤ ਕਰ ਦਿੱਤੀਆਂ। ਉਸਨੇ ਔਕੜਾਂ ਅਤੇ ਦੁਸ਼ਵਾਰੀਆਂ ਨੂੰ ਆਪਣੇ ਹੌਸਲਿਆਂ ਸਾਹਮਣੇ ਟਿਕਣ ਨਹੀਂ ਦਿੱਤਾ। ਪੂਰੀ ਹਿੰਮਤ ਮਿਹਨਤ ਅਤੇ ਹੌਸਲੇ ਨਾਲ ਠੀਕ ਦਿਸ਼ਾ ਵਿੱਚ ਲਾਈ ਗਈ ਊਰਜਾ ਨਾਲ ਅਸੰਭਵ ਨੂੰ ਸੰਭਵ ਵਿੱਚ ਬਦਲਣ ਲਈ ਸਮਾਂ ਤਾਂ ਲੱਗ ਸਕਦਾ ਹੈ ਪਰ ਸਫਲਤਾ ਜ਼ਰੂਰ ਮਿਲਦੀ ਹੈ। ਕੁਝ ਲੋਕ ਤਾਂ ਸਮੁੰਦਰ ਵਿੱਚੋਂ ਮੋਤੀ ਲੱਭਦੇ ਹਨ ਤੇ ਕੁਝ ਮੱਛੀਆਂ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸਮੁੰਦਰ ਦੀ ਡੁੰਘਾਈ, ਵਿਸ਼ਾਲਤਾ ਅਤੇ ਲਹਿਰਾਂ ਤੋਂ ਸੰਘਰਸ਼ ਦੀ ਗਹਿਰਾਈ ਅਤੇ ਉੱਚੇ ਉੱਠਣ ਦਾ ਜੋਸ਼ ਸਿੱਖਦੇ ਹਨ। ਅਸੰਭਵ ਨੂੰ ਸੰਭਵ ਵਿੱਚ ਬਦਲਣ ਲਈ ਰਸਤੇ ਲੱਭਣ ਨਾਲ ਹੀ ਮਿਲਦੇ ਹਨ, ਮੰਜ਼ਿਲ ਮਨੁੱਖ ਕੋਲ ਕਦੇ ਵੀ ਚੱਲਕੇ ਨਹੀਂ ਆਉਂਦੀ।
ਨਿਕੰਮੇ, ਬਹਾਨੇਬਾਜ਼, ਕੰਮਚੋਰ, ਬੁਜ਼ਦਿਲ, ਆਲਸੀ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸੋਚ ਨਾ ਰੱਖਣ ਵਾਲੇ ਲੋਕ ਸੰਭਵ ਅਤੇ ਅਸੰਭਵ ਦੇ ਵਿਚਾਲੇ ਦੇ ਫਾਸਲੇ ਨੂੰ ਸਰ ਕਰਨ ਬਾਰੇ ਨਾ ਸੋਚਦੇ ਹਨ ਅਤੇ ਨਾ ਹੀ ਉਸ ਦਿਸ਼ਾ ਵਿੱਚ ਯਤਨ ਕਰਦੇ ਹਨ। ਹੈਨਰੀ ਫੋਰਡ ਦਾ ਵਿਚਾਰ ਸੀ ਕਿ ਅਸੰਭਵ ਨੂੰ ਸੰਭਵ ਬਣਾਉਣ ਲਈ ਤੁਹਾਨੂੰ ਆਪਣੀਆਂ ਨਜ਼ਰਾਂ ਨਿਸ਼ਾਨੇ ਉੱਤੇ ਟਿਕਾ ਕੇ ਰੱਖਣੀਆਂ ਪੈਂਦੀਆਂ ਹਨ। ਜੇਕਰ ਤੁਹਾਡੇ ਯਤਨਾਂ ਅਤੇ ਇਰਾਦੇ ਵਿੱਚ ਥੋੜ੍ਹੀ ਵੀ ਢਿੱਲ ਆਉਂਦੀ ਹੈ ਤਾਂ ਤੁਹਾਡੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਹੋਰ ਡਰਾਉਣੀਆਂ ਹੋ ਜਾਂਦੀਆਂ ਹਨ। ਦ੍ਰਿੜ੍ਹ ਇਰਾਦੇ ਨਾਲ, ਬਿਨਾਂ ਰੁਕੇ, ਅਨੁਸ਼ਾਸਨ ਵਿੱਚ ਰਹਿੰਦਿਆਂ ਅਤੇ ਸਹਿਣਸ਼ਕਤੀ ਨਾਲ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਸਾਡੇ ਪਿੰਡ ਦੇ ਇੱਕ ਕਿਸਾਨ ਪਰਿਵਾਰ ਨੇ ਸਾਰੀ ਉਮਰ ਇਹੋ ਰਟ ਲਾ ਰੱਖੀ ਕਿ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ, ਉਨ੍ਹਾਂ ਦੀ ਜ਼ਮੀਨ ਵਿੱਚੋਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮੁੜਦਾ। ਉਨ੍ਹਾਂ ਨੇ ਭਾਰਤ ਵਿੱਚ ਵਸਣ ਦੀ ਇੱਛਾ ਨਾਲ ਫਰਾਂਸ ਤੋਂ ਆਏ ਇੱਕ ਡਰਾਂਸੀਸੀ ਨੂੰ ਚੰਗਾ ਮੁੱਲ ਮਿਲਦਾ ਦੇਖ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ। ਉਸ ਅੰਗਰੇਜ਼ ਨੇ ਆਪਣੀ ਯੋਜਨਾ ਅਤੇ ਅਣਥੱਕ ਮਿਹਨਤ ਨਾਲ ਅਸੰਭਵ ਨੂੰ ਸੰਭਵ ਕਰ ਵਿਖਾਇਆ। ਉਸਨੇ ਉਸ ਜ਼ਮੀਨ ਉੱਤੇ ਔਰਗੈਨਿਕ ਖੇਤੀ ਕਰਕੇ ਲੱਖਾਂ ਰੁਪਏ ਕਮਾਕੇ ਨਾਲ ਲਗਦੀ ਜ਼ਮੀਨ ਵੀ ਖਰੀਦ ਲਈ। ਉਸ ਵੱਲੋਂ ਕੀਤੀ ਜਾ ਰਹੀ ਮਿਹਨਤ ਨੇ ਸਾਡੇ ਇਲਾਕੇ ਦੇ ਲੋਕਾਂ ਨੂੰ ਵੀ ਸਬਕ ਸਿਖਾ ਦਿੱਤਾ। ਦੂਰ ਦੂਰ ਤੋਂ ਲੋਕ ਉਸ ਨੂੰ ਮਿਲਣ ਆਉਂਦੇ ਹਨ।
ਦੁਨੀਆ ਦੇ ਪ੍ਰਸਿੱਧ ਦਾਰਸ਼ਨਿਕ ਬੈਂਕਮ ਬੈਨਰਜੀ ਦਾ ਕਹਿਣਾ ਸੀ ਕਿ ਤਕਲੀਫ਼ਾਂ ਤੁਹਾਨੂੰ ਤਾਕਤ ਦੇਣ, ਜਾਗਰੂਕ ਕਰਨ ਅਤੇ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ। ਇੱਕ ਸਾਲ ਆਪਣੇ ਟੀਚੇ ਉੱਤੇ ਲਗਾਤਾਰ ਧਿਆਨ ਕੇਂਦਰਤ ਕਰਨ ਅਤੇ ਜੀਅ ਤੋੜ ਮਿਹਨਤ ਕਰਨ ਨਾਲ ਮਨੁੱਖ ਦੂਜਿਆਂ ਤੋਂ ਪੰਜ ਸਾਲ ਅੱਗੇ ਨਿਕਲ ਜਾਂਦਾ ਹੈ। ਮਹਾਂਨਾਇਕ ਅਮਿਤਾਬ ਬੱਚਨ ਨੂੰ ਜਦੋਂ ਇਹ ਪੁੱਛਿਆ ਕਿ ਤੁਸੀਂ ਐਨੀ ਜ਼ਿਆਦਾ ਉਮਰ ਵਿੱਚ ਐਨੀ ਜ਼ਿਆਦਾ ਮਿਹਨਤ ਕਿਵੇਂ ਕਰ ਲੈਂਦੇ ਹੋ? ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਸਕਾਰਾਤਮਕ ਸੋਚ ਰੱਖਦਾ ਹੈ, ਉਹ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ ਪਰ ਨਕਾਰਾਤਮਕ ਸੋਚ ਨਾਲ ਉਸ ਨੂੰ ਸੰਭਵ ਵੀ ਅਸੰਭਵ ਲੱਗਣ ਲੱਗ ਪੈਂਦਾ ਹੈ। ਮਿਹਨਤ ਵਾਲੇ ਰਾਹ ਉੱਤੇ ਚੱਲਕੇ ਅਸੰਭਵ ਨੂੰ ਸੰਭਵ ਬਣਾਉਣ ਦਾ ਅਕੀਦਾ ਰੱਖਣਾ ਔਖਾ ਜ਼ਰੂਰ ਲਗਦਾ ਹੈ ਪਰ ਸਫਲਤਾ ਯਕੀਨੀ ਮਿਲਦੀ ਹੈ। ਉਮੀਦ ਅਤੇ ਵਿਸ਼ਵਾਸ ਅਸੰਭਵ ਨੂੰ ਸੰਭਵ ਬਣਾਉਣ ਦੇ ਮੰਤਰ ਹਨ। ਓਸ਼ੋ ਦਾ ਵਿਚਾਰ ਸੀ ਕਿ ਔਖਿਆਈਆਂ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਅੱਗੇ ਵਧਣ ਦਾ ਰਾਹ ਰੋਕਣ ਲਈ ਨਹੀਂ ਆਉਂਦੀਆਂ ਸਗੋਂ ਉਹ ਤੁਹਾਡੇ ਅੰਦਰ ਲੁਕੀ ਹੋਈ ਤਾਕਤ ਨਾਲ ਤੁਹਾਨੂੰ ਮਿਲਵਾਉਣ ਆਉਂਦੀਆਂ ਹਨ। ਅਸਫਲਤਾ ਕਿਸੇ ਵੀ ਕੰਮ ਦਾ ਅਖੀਰ ਨਹੀਂ ਸਗੋਂ ਸ਼ੁਰੂਆਤ ਹੁੰਦੀ ਹੈ। ਜੇਕਰ ਮਨੁੱਖ ਦਾ ਇਰਾਦਾ ਵਿਵੇਕ ਅਤੇ ਵਿਸ਼ਵਾਸ ਨਾਲ ਜੁੜਿਆ ਹੋਇਆ ਹੋਵੇ ਤਾਂ ਅਸੰਭਵ ਟੀਚਾ ਸੰਭਵ ਵਿੱਚ ਬਦਲਣ ਲਈ ਦੇਰ ਨਹੀਂ ਲਗਦੀ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (