“ਦਸਵੀਂ ਜਮਾਤ ਦੀਆਂ 12 ਵਿਦਿਆਰਥਣਾਂ ਸਕੂਲ ਨਹੀਂ ਆ ਰਹੀਆਂ। ਦਸਵੀਂ ਜਮਾਤ ਦਾ ਦਾਖਲਾ ਜਾਣ ਲਈ ਕੇਵਲ ਸੱਤ ਦਿਨ ...”
(12 ਸਤੰਬਰ 2024)
ਮੈਂ ਜਿਸ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਿਹਾ ਸਾਂ, ਉਸ ਸਕੂਲ ਵਿੱਚ ਬਹੁਤ ਸਾਰੀਆਂ ਬਾਲੜੀਆਂ ਦੇ ਮਾਪਿਆਂ ਦੀ ਆਰਥਿਕ ਤੰਗੀ ਬਾਲੜੀਆਂ ਦੀ ਪੜ੍ਹਾਈ ਵਿੱਚ ਕਾਫੀ ਵੱਡਾ ਅੜਿੱਕਾ ਸੀ। ਕਈ ਬਾਲੜੀਆਂ ਆਪਣੇ ਮਾਪਿਆਂ ਦੀ ਆਰਥਿਕ ਤੰਗੀ ਕਾਰਨ ਸਕੂਲ ਪੱਧਰ ਦੀ ਪੜ੍ਹਾਈ ਹੀ ਅੱਧਵਾਟੇ ਪੜ੍ਹਾਈ ਛੱਡ ਜਾਂਦੀਆਂ ਸਨ ਜਾਂ ਫੇਰ ਦਸਵੀਂ ਜਾਂ ਬਾਹਰਵੀਂ ਜਮਾਤ ਪਾਸ ਕਰਕੇ ਘਰ ਬੈਠ ਜਾਂਦੀਆਂ ਸਨ। ਕਾਲਜ ਪੱਧਰ ਤੱਕ ਬਹੁਤ ਘੱਟ ਬੱਚੀਆਂ ਪਹੁੰਚਦੀਆਂ ਸਨ। ਸਾਡੇ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਰਹਿ ਚੁੱਕੀ ਅਰਥ ਸ਼ਾਸ਼ਤਰ ਦੀ ਲੈਕਚਰਾਰ ਸ਼੍ਰੀ ਮਤੀ ਸ਼ਸ਼ੀ ਬਾਲੀ ਬਹੁਤ ਹੀ ਨੇਕ ਦਿਲ ਔਰਤ ਸੀ। ਉਹ ਸਕੂਲ ਦੀਆਂ ਬਾਲੜੀਆਂ ਦੀ ਬਹੁਤ ਮਦਦ ਕਰਦੀ ਹੁੰਦੀ ਸੀ। ਮੈਨੂੰ ਇਸ ਸਕੂਲ ਵਿਚ ਆਏ ਹੋਏ ਨੂੰ ਅਜੇ ਦੋ ਕੁ ਸਾਲ ਹੀ ਹੋਏ ਸਨ, ਸਕੂਲ ਦੀ ਦਸਵੀਂ ਜਮਾਤ ਦਾ ਦਾਖਲਾ ਜਾ ਰਿਹਾ ਸੀ। ਇਕ ਦਿਨ ਦਸਵੀਂ ਜਮਾਤ ਦੀਆਂ ਇੰਚਾਰਜ ਅਧਿਆਪਕਾਵਾਂ ਮੇਰੇ ਦਫਤਰ ਵਿੱਚ ਆਕੇ ਕਹਿਣ ਲੱਗੀਆਂ, “ਸਰ, ਦਸਵੀਂ ਜਮਾਤ ਦੀਆਂ 12 ਵਿਦਿਆਰਥਣਾਂ ਸਕੂਲ ਨਹੀਂ ਆ ਰਹੀਆਂ। ਦਸਵੀਂ ਜਮਾਤ ਦਾ ਦਾਖਲਾ ਜਾਣ ਲਈ ਕੇਵਲ ਸੱਤ ਦਿਨ ਹੀ ਬਾਕੀ ਰਹਿ ਗਏ ਹਨ।”
ਮੈਂ ਉਨ੍ਹਾਂ ਅਧਿਆਪਕਾਂਵਾਂ ਨੂੰ ਪ੍ਰਸ਼ਨ ਕੀਤਾ, “ਮੈਡਮ, ਕੀ ਤੁਸੀਂ ਉਨ੍ਹਾਂ ਦੇ ਘਰ ਫੋਨ ਕੀਤਾ ਹੈ?”
ਉਨ੍ਹਾਂ ਦਾ ਅੱਗੋਂ ਜਵਾਬ ਸੀ, “ਹਾਂ ਸਰ ਕੀਤਾ ਸੀ ਪਰ ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ।”
ਮੈਂ ਉਨ੍ਹਾਂ ਤੋਂ ਬਾਲੜੀਆਂ ਦੇ ਨਾ ਆਉਣ ਅਤੇ ਫੋਨ ਬੰਦ ਹੋਣ ਦਾ ਕਾਰਨ ਪੁੱਛਿਆ। ਉਨ੍ਹਾਂ ਦਾ ਜਵਾਬ ਸੀ, “ਸਰ, ਇਹ ਕੁੜੀਆਂ ਦਸਵੀਂ ਜਮਾਤ ਦੀ ਪ੍ਰੀਖਿਆ ਫੀਸ ਨਾ ਦੇ ਸਕਣ ਕਾਰਨ ਸਕੂਲ ਆਉਣਾ ਬੰਦ ਕਰ ਦਿੰਦੀਆਂ ਹਨ ਅਤੇ ਵਾਰ ਵਾਰ ਸੁਨੇਹੇ ਦੇਣ ’ਤੇ ਵੀ ਸਕੂਲ ਨਹੀਂ ਆਉਂਦੀਆਂ, ਫੋਨ ਬੰਦ ਕਰ ਲੈਂਦੀਆਂ ਹਨ। ਉਨ੍ਹਾਂ ਵਿੱਚੋਂ ਕਈ ਪੈਸਿਆਂ ਦਾ ਪ੍ਰਬੰਧ ਹੋਣ ’ਤੇ ਆਪਣਾ ਦਾਖਲਾ ਭੇਜ ਦਿੰਦੀਆਂ ਹਨ, ਕਈ ਪੜ੍ਹਾਈ ਵੀ ਛੱਡ ਜਾਂਦੀਆਂ ਹਨ।”
ਮੈਂ ਉਨ੍ਹਾਂ ਨੂੰ ਅਗਲਾ ਸਵਾਲ ਕੀਤਾ, “ਇਨ੍ਹਾਂ ਬੱਚੀਆਂ ਦੀ ਪੜ੍ਹਾਈ ਵਿੱਚ ਸਥਿਤੀ ਕਿਹੋ ਜਿਹੀ ਹੈ?”
ਉਨ੍ਹਾਂ ਦਾ ਜਵਾਬ ਸੀ, “ਸਰ, ਇਹ ਕੁੜੀਆਂ ਪੜ੍ਹਾਈ ਵਿਚ ਤਾਂ ਬਹੁਤ ਚੰਗੀਆਂ ਹਨ।”
ਮੈਂ ਉਨ੍ਹਾਂ ਅਧਿਆਪਕਾਵਾਂ ਤੋਂ ਪੁੱਛਿਆ, “ਮੈਡਮ, ਇਨ੍ਹਾਂ 12 ਬੱਚੀਆਂ ਦੀ ਕਿੰਨੀ ਪ੍ਰੀਖਿਆ ਫੀਸ ਬਣਦੀ ਹੈ?”
ਉਨ੍ਹਾਂ ਦਾ ਜਵਾਬ ਸੀ, “ਸਰ, 800 ਰੁਪਏ ਦੇ ਹਿਸਾਬ ਨਾਲ ਇਨ੍ਹਾਂ ਬੱਚੀਆਂ ਦੀ ਕੁੱਲ ਫੀਸ 9600 ਰੁਪਏ ਬਣਦੀ ਹੈ।”
ਮੈਂ ਅੱਗੋਂ ਕਿਹਾ, “ਮੈਡਮ, ਤੁਸੀਂ ਇਨ੍ਹਾਂ ਬੱਚੀਆਂ ਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਓ, ਇਨ੍ਹਾਂ ਦੀ ਬਣਦੀ ਫੀਸ ਮੈਥੋਂ ਲੈ ਲੈਣਾ।”
ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਬਾਲੀ ਨੇ ਮੇਰੇ ਕਹਿਣ ਅਨੁਸਾਰ ਉਨ੍ਹਾਂ ਬੱਚੀਆਂ ਦੀ ਕੁਝ ਫੀਸ ਸਕੂਲ ਦੀਆਂ ਅਧਿਆਪਕਾਵਾਂ ਤੋਂ ਇਕੱਠੀ ਕਰ ਲਈ ਤੇ ਕੁਝ ਅਸੀਂ ਦੋਹਾਂ ਨੇ ਪਾ ਦਿੱਤੀ। ਮੈਂ ਉਨ੍ਹਾਂ ਅਧਿਆਪਕਾਵਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਬੱਚੀਆਂ ਦੇ ਘਰ ਇਹ ਕਹਿਕੇ ਭੇਜਿਆ ਕਿ ਮਾਪੇ ਆਪਣੀਆਂ ਧੀਆਂ ਨੂੰ ਸਕੂਲ ਲੈਕੇ ਸਕੂਲ ਆਉਣ। ਇਕ ਦਿਨ ਉਹ ਬੱਚੀਆਂ ਆਪਣੇ ਮਾਪਿਆਂ ਨਾਲ ਸਕੂਲ ਆ ਗਈਆਂ। ਉਨ੍ਹਾਂ ਵਿੱਚੋਂ ਇੱਕ ਬੱਚੀ ਕਹਿਣ ਦੇ ਬਾਵਜੂਦ ਵੀ ਸਕੂਲ ਨਾ ਆਈ। ਉਨ੍ਹਾਂ ਸਾਰੀਆਂ ਬੱਚੀਆਂ ਦੇ ਮਾਪਿਆਂ ਦਾ ਕਹਿਣਾ ਸੀ, ਸਰ, ਸਾਡੇ ਘਰ ਦਾ ਗੁਜ਼ਾਰਾ ਤਾਂ ਮੁਸ਼ਕਿਲ ਨਾਲ ਚੱਲਦਾ ਹੈ, ਇਨ੍ਹਾਂ ਦੀ ਪੜ੍ਹਾਈ ਦਾ ਖਰਚਾ ਕਿੱਥੋਂ ਕਰੀਏ? ਮੈਂ ਉਨ੍ਹਾਂ ਸਾਰਿਆਂ ਦੀ ਗੱਲ ਸੁਣਕੇ ਕਿਹਾ, “ਤੁਸੀਂ ਆਪਣੀਆਂ ਧੀਆਂ ਨੂੰ ਸਿਰਫ ਸਕੂਲ ਹੀ ਭੇਜਣਾ ਹੈ, ਪੜ੍ਹਾਈ ਦੇ ਖਰਚੇ ਦੀ ਗੱਲ ਸਾਡੇ ਉੱਤੇ ਛੱਡ ਦਿਓ।”
ਉਹ ਆਪਣੀਆਂ ਬੱਚੀਆਂ ਨੂੰ ਸਕੂਲ ਭੇਜਣ ਦੀ ਗੱਲ ਕਹਿਕੇ ਆਪਣੇ ਘਰ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਅਧਿਆਪਕਾਵਾਂ ਮੈਨੂੰ ਕਹਿਣ ਲੱਗੀਆਂ, “ਸਰ, ਸਾਨੂੰ ਕਈ ਸਾਲ ਹੋ ਗਏ ਨੇ ਇਸ ਸਕੂਲ ਵਿੱਚ, ਇਨ੍ਹਾਂ ਵਿੱਚੋਂ ਅੱਧੀਆਂ ਕੁੜੀਆਂ ਨੇ ਨਹੀਂ ਆਉਣਾ। ਮੈਂ ਉਨ੍ਹਾਂ ਅਧਿਆਪਕਾਵਾਂ ਨੂੰ ਕਿਹਾ, “ਮੈਡਮ, ਆਪਾਂ ਯਤਨ ਕਰਨੇ ਨੇ, ਬਾਕੀ ਸਫਲਤਾ ਅਸਫਲਤਾ ਉੱਪਰ ਵਾਲੇ ਦੇ ਹੱਥ ਛੱਡ ਦਿਓ। ਇਨ੍ਹਾਂ ਬੱਚੀਆਂ ਦਾ ਸਾਰਾ ਖਰਚਾ ਸਕੂਲ ਕਰੇਗਾ।
ਜਿਹੜੀ ਕੁੜੀ ਆਪਣੇ ਮਾਂ ਬਾਪ ਨੂੰ ਲੈਕੇ ਨਹੀਂ ਆਈ ਸੀ, ਮੈਂ ਉਨ੍ਹਾਂ ਦੇ ਘਰ ਪਹੁੰਚ ਗਿਆ। ਉਸ ਕੁੜੀ ਨੇ ਮੇਰੇ ਘਰ ਵੜਦਿਆਂ ਹੀ ਮੈਨੂੰ ਕਹਿ ਦਿੱਤਾ, “ਸਰ, ਮੈਨੂੰ ਬਾਕੀ ਕੁੜੀਆਂ ਨੇ ਸਾਰੀ ਗੱਲ ਦੱਸ ਦਿੱਤੀ ਹੈ, ਮੈਂ ਵੀ ਕੱਲ੍ਹ ਨੂੰ ਸਕੂਲ ਆਵਾਂਗੀ।”
ਕਹਿੰਦੇ ਨੇ, ਸਿਰਫ ਸ਼ੁਰੂਆਤ ਕਰਨ ਦੀ ਲੋੜ ਹੁੰਦੀ ਹੈ, ਜੇਕਰ ਇਰਾਦਾ ਨੇਕ ਹੋਵੇ ਤਾਂ ਬਾਕੀ ਜਿੰਮੇਵਾਰੀ ਲੋਕ ਆਪਣੇ ਆਪ ਲੈ ਲੈਂਦੇ ਹਨ।
ਕੁੜੀਆਂ ਦਾ ਪੜ੍ਹਨਾ ਕਿਉਂ ਜਰੂਰੀ ਹੈ, ਮੈਂ ਹਰ ਰੋਜ਼ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਇਸ ਵਿਸ਼ੇ ਉਪਰ ਬੋਲਣਾ ਸ਼ੁਰੂ ਕਰ ਦਿੱਤਾ। ਸਕੂਲ ਦਾ ਮਾਹੌਲ ਹੀ ਬਦਲ ਗਿਆ। ਸਕੂਲ ਦੀਆਂ ਬੱਚੀਆਂ ਦੀ ਪਹਿਲਾਂ ਨਾਲੋਂ ਗੈਰ ਹਾਜ਼ਰੀ ਘਟ ਗਈ। ਸਕੂਲ ਦੀਆਂ ਅਧਿਆਪਕਾਵਾਂ ਨੇ ਹੀ ਉਨ੍ਹਾਂ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਦੇਣਾ ਸ਼ੁਰੂ ਕਰ ਦਿੱਤਾ। ਉਹ ਬੱਚੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨ ਲੱਗ ਪਈਆਂ।
ਮੈਂ ਦਾਨੀ ਸੱਜਣਾਂ ਅਤੇ ਪੁਸਤਕ ਪ੍ਰਕਾਸ਼ਕਾਂ ਦੀ ਮਦਦ ਨਾਲ ਸਕੂਲ ਦੀ ਲਾਇਬ੍ਰੇਰੀ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਹਰ ਗਰੁੱਪ ਦੀਆਂ ਪੁਸਤਕਾਂ ਰਖਵਾ ਦਿੱਤੀਆਂ। ਸਕੂਲ ਦੀਆਂ ਅਧਿਆਪਕਾਵਾਂ ਲੋੜਵੰਦ ਬੱਚੀਆਂ ਨੂੰ ਉਨ੍ਹਾਂ ਪੁਸਤਕਾਂ ਵਿੱਚੋਂ ਪੁਸਤਕਾਂ ਦੇਣ ਲੱਗ ਪਈਆਂ। ਵਿੱਦਿਅਕ ਵਰ੍ਹਾ ਖਤਮ ਹੋਣ ’ਤੇ ਬੱਚੀਆਂ ਉਹ ਪੁਸਤਕਾਂ ਮੋੜ ਦਿੰਦੀਆਂ ਤੇ ਉਹ ਪੁਸਤਕਾਂ ਦੂਜੀਆਂ ਬੱਚੀਆਂ ਨੂੰ ਦੇ ਦਿੱਤੀਆਂ ਜਾਂਦੀਆਂ। ਸਕੂਲ ਦੀਆਂ ਅਧਿਆਪਕਾਵਾਂ ਦੇ ਸਹਿਯੋਗ ਨੇ ਸਕੂਲ ਦਾ ਮਹੌਲ ਇਹੋ ਜਿਹਾ ਬਣਾ ਦਿੱਤਾ ਕਿ ਉਹ ਇੱਕ ਦੂਜੀ ਤੋਂ ਵਧਕੇ ਸਕੂਲ ਦੀਆਂ ਬੱਚੀਆਂ ਦੀਆਂ ਵਰਦੀਆਂ, ਫੀਸਾਂ ਅਤੇ ਪੁਸਤਕਾਂ ਦਾ ਖਰਚਾ ਦੇਣ ਲੱਗ ਪਈਆਂ।
ਮੈਨੂੰ ਇਕ ਦਿਨ ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਕਹਿਣ ਲੱਗੇ, “ਸਰ, ਹੁਣ ਤਾਂ ਸਕੂਲ ਦਾ ਮਹੌਲ ਹੀ ਬਦਲ ਗਿਆ ਹੈ। ਕੁੜੀਆਂ ਦੀ ਪੜ੍ਹਾਈ ਵਿਚ ਬਹੁਤ ਦਿਲਚਸਪੀ ਵਧ ਗਈ ਹੈ। ਸਕੂਲ ਦੀਆਂ ਅਧਿਆਪਕਾਵਾਂ ਬੱਚੀਆਂ ਨੂੰ ਬਹੁਤ ਮਿਹਨਤ ਕਰਵਾਉਣ ਲੱਗ ਪਈਆਂ ਨੇ।”
ਮੈਂ ਮੈਡਮ ਨੂੰ ਕਿਹਾ, “ਮੈਡਮ, ਜਦੋਂ ਆਪਾਂ ਬਿਨਾ ਕਿਸੇ ਸਵਾਰਥ ਤੋਂ ਕੋਈ ਕੰਮ ਕਰਦੇ ਹਾਂ ਤਾਂ ਉਸਦੇ ਚੰਗੇ ਨਤੀਜੇ ਜਰੂਰ ਨਿਕਲਦੇ ਹਨ।”
ਉਨ੍ਹਾਂ 12 ਵਿਦਿਆਰਥਣਾਂ ਨੇ ਦਸਵੀਂ ਜਮਾਤ ਵਿੱਚੋਂ 70% ਤੋਂ 80% ਅੰਕ ਪ੍ਰਾਪਤ ਕੀਤੇ। ਉਨ੍ਹਾਂ ਸਾਰੀਆਂ ਬੱਚੀਆਂ ਨੇ ਗਿਆਰ੍ਹਵੀਂ ਜਮਾਤ ਵਿੱਚ ਕਾਮਰਸ ਤੇ ਸਾਇੰਸ ਗਰੁੱਪ ਲਿਆ। ਬਾਰ੍ਹਵੀਂ ਜਮਾਤ ਵਿੱਚ ਉਨ੍ਹਾਂ ਬੱਚੀਆਂ ਨੇ 85% ਤੋਂ 92% ਅੰਕ ਪ੍ਰਾਪਤ ਕੀਤੇ। ਅਜ਼ਾਦੀ ਦਿਵਸ ’ਤੇ ਤਹਿਸੀਲ ਪੱਧਰ ’ਤੇ ਸਨਮਾਨਿਤ ਹੋਣ ਵਾਲੇ ਬੱਚਿਆਂ ਵਿੱਚ ਉਨ੍ਹਾਂ ਵਿੱਚੋਂ 7 ਬੱਚੀਆਂ ਸ਼ਾਮਿਲ ਸਨ। ਉਨ੍ਹਾਂ ਬੱਚੀਆਂ ਨੇ ਕਾਲਜਾਂ ਵਿੱਚ ਜਾਕੇ ਬੀ.ਐੱਸ.ਸੀ ਨਰਸਿੰਗ, ਐੱਮ.ਐੱਸ.ਈ ਅਤੇ ਐੱਮ.ਕਾਮ ਤੇ ਹੋਰ ਖੇਤਰਾਂ ਦੀ ਪੜ੍ਹਾਈ ਕੀਤੀ।
ਅੱਜ ਉਸ ਸਕੂਲ ਵਿੱਚ ਭਾਵੇਂ ਮੈਂ ਨਹੀਂ ਹਾਂ ਪਰ ਹੁਣ ਉਸ ਸਕੂਲ ਵਿੱਚੋਂ ਵਿਦਿਆਰਥਣਾਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋ ਮੈਰਿਟਾਂ ਹਾਸਲ ਕਰਨ ਲੱਗ ਪਈਆਂ ਹਨ। ਹੁਣ ਬੱਚੀਆਂ ਨੇ ਸਕੂਲ ਤੱਕ ਹੀ ਨਹੀਂ, ਅੱਗੇ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5290)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.







































































































