“ਚੰਗੇ ਸ਼ਬਦ ਬੋਲਣ ਦਾ ਗੁਣ ਉਨ੍ਹਾਂ ਲੋਕਾਂ ਨੂੰ ਹਾਸਲ ਹੁੰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਚੰਗੇ ਸੰਸਕਾਰ ...”
(25 ਨਵੰਬਰ 2024)
ਅੱਖਰਾਂ ਦੇ ਮੇਲ ਤੋਂ ਬਣੇ ਸ਼ਬਦ ਕੇਵਲ ਸ਼ਬਦ ਹੀ ਨਹੀਂ ਹੁੰਦੇ ਸਗੋਂ ਇਨ੍ਹਾਂ ਦੇ ਬੋਲਣ ਅਤੇ ਲਿਖਕੇ ਪੇਸ਼ ਕਰਨ ਦਾ ਢੰਗ ਵਿਅਕਤੀ ਦੇ ਮੂਰਖ, ਅਕਲਮੰਦ, ਗਿਆਨਵਾਨ, ਉਜੱਡ, ਨਿਮਰ ਅਤੇ ਹੰਕਾਰੀ ਹੋਣ ਦਾ ਪ੍ਰਮਾਣ ਵੀ ਹੁੰਦੇ ਹਨ। ਪਾਏ ਹੋਏ ਲਿਬਾਸ ਤੋਂ ਮਨੁੱਖ ਸੋਹਣਾ ਤਾਂ ਲੱਗ ਸਕਦਾ ਹੈ ਪਰ ਉਸਦੇ ਬੋਲਣ ਦਾ ਸਲੀਕਾ, ਢੰਗ ਅਤੇ ਤਰੀਕਾ ਹੀ ਉਸਦੀ ਲਿਆਕਤ ਦਾ ਪੱਧਰ ਤੈਅ ਕਰਦਾ ਹੈ। ਰੋਬਰਟੋ ਏ ਹੈਨਲੀਨ ਕਹਿੰਦਾ ਹੈ ਕਿ ਸ਼ਬਦ ਜੰਦਰਿਆਂ ਦੀਆਂ ਚਾਬੀਆਂ ਵਾਂਗ ਹੁੰਦੇ ਹਨ। ਜੇਕਰ ਤੁਸੀਂ ਬੋਲਣ ਅਤੇ ਲਿਖਣ ਲਈ ਉਨ੍ਹਾਂ ਦੀ ਚੋਣ ਠੀਕ ਢੰਗ ਨਾਲ ਕਰਦੇ ਹੋ ਤਾਂ ਉਹ ਕਿਸੇ ਦਾ ਵੀ ਦਿਲ ਖੋਲ੍ਹ ਸਕਦੇ ਹਨ ਅਤੇ ਕਿਸੇ ਦਾ ਵੀ ਮੂੰਹ ਬੰਦ ਕਰ ਸਕਦੇ ਹਨ। ਸ਼ਬਦਾਂ ਤੋਂ ਵਾਕ ਬਣਦੇ ਹਨ, ਵਾਕਾਂ ਤੋਂ ਪੈਰਿਆਂ ਦੀ ਰਚਨਾ ਹੁੰਦੀ ਹੈ ਅਤੇ ਪੈਰਿਆਂ ਤੋਂ ਲੇਖ ਬਣਦੇ ਹਨ। ਵਾਕਾਂ, ਪੈਰਿਆਂ ਅਤੇ ਲੇਖਾਂ ਦਾ ਪੱਧਰ ਉਨ੍ਹਾਂ ਦੀ ਲੰਬਾਈ ਅਤੇ ਸੁੰਦਰ ਲਿਖਾਈ ਤੋਂ ਨਹੀਂ ਆਂਕਿਆ ਜਾਂਦਾ ਸਗੋਂ ਉਨ੍ਹਾਂ ਦੇ ਲਿਖਣ ਲਈ ਕੀਤੀ ਗਈ ਸ਼ਬਦਾਂ ਦੀ ਚੋਣ ਤੋਂ ਉਨ੍ਹਾਂ ਦੇ ਮਿਆਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਸ਼ੈਕਸਪੀਅਰ ਕਹਿੰਦਾ ਹੈ ਕਿ ਮਨੁੱਖ ਦਾ ਗਿਆਨ ਇਹ ਤੈਅ ਕਰਦਾ ਹੈ ਕਿ ਕੀ ਕਹਿਣਾ ਹੈ, ਉਸਦਾ ਸਲੀਕਾ ਤੈਅ ਕਰਦਾ ਹੈ ਕਿ ਕਿਵੇਂ ਕਹਿਣਾ ਹੈ, ਉਸਦਾ ਵਿਵਹਾਰ ਤੈਅ ਕਰਦਾ ਹੈ ਕਿ ਕਿੰਨਾ ਕਹਿਣਾ ਹੈ, ਉਸਦੀ ਬੁੱਧੀ ਇਹ ਤੈਅ ਕਰਦੀ ਹੈ ਕਿ ਕੁਝ ਕਹਿਣਾ ਹੈ ਜਾਂ ਨਹੀਂ ਕਹਿਣਾ ਪਰ ਕਹਿਣ ਲਈ ਉਸ ਵੱਲੋਂ ਪ੍ਰਯੋਗ ਕੀਤੇ ਗਏ ਸ਼ਬਦਾਂ ਦੀ ਅਹਿਮੀਅਤ ਸਭ ਤੋਂ ਵੱਧ ਹੁੰਦੀ ਹੈ। ਵਰਤੇ ਗਏ ਸ਼ਬਦਾਂ ਤੋਂ ਮਿੱਤਰਤਾ, ਗੂੜ੍ਹੇ ਸੰਬੰਧ, ਰਿਸ਼ਤੇ ਅਤੇ ਦਿਲਾਂ ਵਿੱਚ ਥਾਂ ਬਣਦੇ ਹਨ ਤੇ ਸ਼ਬਦਾਂ ਤੋਂ ਹੀ ਦੁਸ਼ਮਣੀਆਂ ਅਤੇ ਦੂਰੀਆਂ ਪੈਦਾ ਹੁੰਦੀਆਂ ਹਨ। ਸ਼ਬਦ ਹੀ ਬਣੇ ਸੰਬੰਧਾਂ, ਰਿਸ਼ਤਿਆਂ ਵਿੱਚ ਵਿਗਾੜ ਪੈਦਾ ਕਰਦੇ ਹਨ ਤੇ ਦਿਲਾਂ ਤੋਂ ਦੂਰ ਕਰ ਦਿੰਦੇ ਹਨ।
ਤਕਰਾਰ, ਪਿਆਰ ਅਤੇ ਸੁਧਾਰ ਸ਼ਬਦਾਂ ਦੀ ਉੱਪਜ ਹੁੰਦੇ ਹਨ। ਸ਼ਬਦ ਮਸਲਿਆਂ ਦੇ ਹੱਲ ਦੀ ਜੜ੍ਹ ਵੀ ਹੁੰਦੇ ਹਨ ਤੇ ਅਦਾਲਤਾਂ ਤਕ ਪਹੁੰਚਣ ਦਾ ਕਾਰਨ ਵੀ ਹੁੰਦੇ ਹਨ। ਸਰੋਤਿਆਂ ਨੂੰ ਕਿਸੇ ਗਾਇਕ ਦਾ ਰਸੀਲਾ ਗਲਾ ਹੀ ਨਹੀਂ, ਸਗੋਂ ਗੀਤ ਅਤੇ ਗ਼ਜ਼ਲ ਦੇ ਸ਼ਬਦ ਵੀ ਟੁੰਬਦੇ ਹਨ। ਆਪਣੇ ਸਾਹਮਣੇ ਬੈਠੇ ਲੋਕਾਂ ਨੂੰ ਉਹੀ ਵਕਤਾ ਕੀਲ ਸਕਦਾ ਹੈ ਜਿਸਦੀ ਜਾਨਦਾਰ ਆਵਾਜ਼ ਹੋਣ ਦੇ ਨਾਲ ਨਾਲ ਜਿਸ ਕੋਲ ਪ੍ਰਭਾਵਸ਼ਾਲੀ ਸ਼ਬਦਾਂ ਦੀ ਚੋਣ ਕਰਨ ਦੀ ਕਲਾ ਵੀ ਹੋਵੇ। ਚੰਗੇ ਦੁਕਾਨਦਾਰ, ਡਾਕਟਰ, ਅਫਸਰ, ਅਧਿਆਪਕ, ਵਕੀਲ, ਪ੍ਰਵਕਤਾ, ਨਿੱਜੀ ਕੰਪਨੀਆਂ ਦੇ ਸੇਲਜ਼ਮੈਨ ਅਤੇ ਸਿਆਸੀ ਲੋਕ ਆਪਣੇ ਲੁਭਾਉਣ ਵਾਲੇ ਸ਼ਬਦਾਂ ਨਾਲ ਹੀ ਦੂਜਿਆਂ ਦੇ ਦਿਲਾਂ ਵਿੱਚ ਥਾਂ ਬਣਾ ਲੈਂਦੇ ਹਨ। ਉਸ ਪਤੀ ਪਤਨੀ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਕਦੇ ਵੀ ਪਿਆਰ ਅਤੇ ਸਤਿਕਾਰ ਨਹੀਂ ਹੁੰਦਾ ਜੋ ਇੱਕ ਦੂਜੇ ਪ੍ਰਤੀ ਅਦਬੀ ਸ਼ਬਦਾਂ ਦਾ ਪ੍ਰਗਟਾਵਾ ਨਹੀਂ ਕਰਦੇ। ਉਹ ਆਪਣੇ ਰਿਸ਼ਤੇ ਕੇਵਲ ਦੁਨੀਆਦਾਰੀ ਲਈ ਹੀ ਨਿਭਾ ਰਹੇ ਹੁੰਦੇ ਹਨ। ਉਨ੍ਹਾਂ ਦਾ ਤਕਰਾਰ, ਬੋਲਚਾਲ ਦਾ ਖਰ੍ਹਵਾ ਅਤੇ ਰੁੱਖਾਪਨ ਉਨ੍ਹਾਂ ਨੂੰ ਜ਼ਿੰਦਗੀ ਦੇ ਅਨੰਦ ਨੂੰ ਭੋਗਣ ਤੋਂ ਵਿਹੂਣਾ ਕਰ ਦਿੰਦਾ ਹੈ।
ਇੱਕ ਪਤੀ ਪਤਨੀ ਦੇ ਅਦਾਲਤ ਵਿੱਚ ਪੇਸ਼ ਹੋਏ ਤਲਾਕ ਦੇ ਮੁੱਕਦਮੇ ਨੂੰ ਸੁਣਦੇ ਹੋਏ ਜੱਜ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਮਸਲਾ ਕੁਝ ਵੀ ਨਹੀਂ ਹੈ, ਜੇਕਰ ਤੁਹਾਨੂੰ ਦੋਹਾਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਸਲੀਕਾ ਹੁੰਦਾ ਤਾਂ ਤੁਹਾਡੀ ਨੌਬਤ ਤਲਾਕ ਤਕ ਨਹੀਂ ਪਹੁੰਚਣੀ ਸੀ। ਮੇਰਾ ਮਨ ਇਹ ਕਹਿੰਦਾ ਹੈ ਕਿ ਜੇਕਰ ਤੁਸੀਂ ਆਪਣੀ ਬੋਲਚਾਲ ਵਿੱਚ ਸੁਧਾਰ ਕਰ ਲਵੋ ਤਾਂ ਤੁਹਾਡਾ ਘਰ ਵਸ ਸਕਦਾ ਹੈ। ਉਸ ਪਤਨੀ ਨੇ ਅਦਾਲਤ ਤੋਂ ਇੱਕ ਮਹੀਨਾ ਲੈਕੇ ਇੱਕ ਮਹੀਨਾ ਇਕੱਠੇ ਰਹਿੰਦਿਆਂ ਆਪਣੀ ਬੋਲਚਾਲ ਵਿੱਚ ਸੁਧਾਰ ਕਰ ਲਿਆ। ਉਨ੍ਹਾਂ ਦਾ ਤਲਾਕ ਹੋਣ ਤੋਂ ਬਚ ਗਿਆ। ਅੱਜ ਉਹ ਇੱਕ ਦੂਜੇ ਨਾਲ ਅਨੰਦਮਈ ਜ਼ਿੰਦਗੀ ਬਸਰ ਕਰ ਰਹੇ ਹਨ।
ਸ਼ਬਦ ਹੀ ਮਨੁੱਖ ਨੂੰ ਸਿੰਘਾਸਨ ਉੱਤੇ ਬਿਠਾ ਦਿੰਦੇ ਹਨ ਤੇ ਸ਼ਬਦ ਹੀ ਜੇਲ੍ਹ ਭਿਜਵਾ ਦਿੰਦੇ ਹਨ। ਸੁੰਦਰ ਚਿਹਰਿਆਂ ਵਾਲੇ ਲੋਕਾਂ ਨਾਲੋਂ ਸੁੰਦਰ ਮਨਾਂ ਵਾਲੇ ਲੋਕ ਜ਼ਿਆਦਾ ਹਰਮਨ ਪਿਆਰੇ ਹੁੰਦੇ ਹਨ ਕਿਉਂਕਿ ਸੁੰਦਰ ਮਨਾਂ ਵਾਲੇ ਲੋਕਾਂ ਕੋਲ ਹੀ ਮਿੱਠੇ ਸ਼ਬਦਾਂ ਦੀ ਵਰਤੋਂ ਕਰਨ ਦੀ ਲਿਆਕਤ ਹੁੰਦੀ ਹੈ। ਭਾਸ਼ਣ, ਗੀਤ ਅਤੇ ਗ਼ਜ਼ਲ ਮੁਕਾਬਲੇ ਵਿੱਚ ਉਹੀ ਪ੍ਰਤੀਯੋਗੀ ਜੇਤੂ ਰਹਿੰਦੇ ਹਨ, ਜਿਨ੍ਹਾਂ ਦੀ ਆਵਾਜ਼ ਅਤੇ ਸ਼ਬਦ ਦੋਵੇਂ ਪੁਖਤਾ ਹੁੰਦੇ ਹਨ। ਚੰਗੇ ਸ਼ਬਦ ਬੋਲਣ ਦਾ ਗੁਣ ਉਨ੍ਹਾਂ ਲੋਕਾਂ ਨੂੰ ਹਾਸਲ ਹੁੰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਚੰਗੇ ਸੰਸਕਾਰ ਮਿਲੇ ਹੁੰਦੇ ਹਨ, ਜਿਨ੍ਹਾਂ ਨੇ ਚੰਗੇ ਲੋਕਾਂ ਦੀ ਸੰਗਤ ਕੀਤੀ ਹੁੰਦੀ ਹੈ, ਜਿਹੜੇ ਚੰਗੇ ਅਧਿਆਪਕਾਂ ਕੋਲ ਪੜ੍ਹੇ ਹੁੰਦੇ ਹਨ ਅਤੇ ਜਿਨ੍ਹਾਂ ਨੇ ਮਿਆਰੀ ਪੁਸਤਕਾਂ ਪੜ੍ਹੀਆਂ ਹੁੰਦੀਆਂ ਹਨ। ਮੈਨੂੰ ਆਪਣੇ ਇੱਕ ਅਧਿਆਪਕ ਦੀ ਇਹ ਨਸੀਹਤ ਕਿ ਮਾੜਾ ਬੋਲਣ ਨਾਲੋਂ ਚੁੱਪ ਰਹਿਣ ਦੀ ਆਦਤ ਚੰਗੀ ਹੁੰਦੀ ਹੈ, ਅਕਸਰ ਯਾਦ ਆਉਂਦੀ ਰਹਿੰਦੀ ਹੈ। ਸਕੂਲਾਂ ਦੀਆਂ ਕੰਧਾਂ ਉੱਤੇ ਇਹ ਸ਼ਬਦ ਕਿ ਬੋਲਣ ਤੋਂ ਪਹਿਲਾਂ ਸੋਚੋ, ਇਸੇ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਬੋਲਣ ਲਈ ਸ਼ਬਦਾਂ ਦਾ ਪ੍ਰਯੋਗ ਸੋਚ ਸਮਝਕੇ ਕਰੋ। ਮਨੁੱਖ ਨੂੰ ਦੂਜਿਆਂ ਦੀ ਪਸੰਦ ਅਤੇ ਨਾ ਪਸੰਦ ਬਣਨ ਦਾ ਫ਼ੈਸਲਾ ਪ੍ਰਯੋਗ ਕੀਤੇ ਗਏ ਸ਼ਬਦਾਂ ਦੀ ਕੁੜੱਤਣ ਅਤੇ ਮਿੱਠਤ ਹੀ ਕਰਦੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5476)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































