“ਗੁੱਸੇ ਦੇ ਔਗੁਣ ਦਾ ਸ਼ਿਕਾਰ ਲੋਕ ਹਰ ਵੇਲੇ ਕਿਸੇ ਨਾ ਕਿਸੇ ਸਮੱਸਿਆ ...”
(5 ਮਾਰਚ 2025)
ਮਨੁੱਖ ਦੀ ਜ਼ਿੰਦਗੀ ਵਿੱਚ ਸੁਖ ਅਤੇ ਦੁੱਖ ਆਉਂਦੇ ਜਾਂਦੇ ਰਹਿੰਦੇ ਹਨ। ਨਾ ਸਦਾ ਹੀ ਸੁਖਾਂ ਨੇ ਰਹਿਣਾ ਹੁੰਦਾ ਹੈ ਤੇ ਨਾ ਹੀ ਦੁੱਖਾਂ ਨੇ। ਜਿਹੜੇ ਲੋਕ ਸਦਾ ਹੀ ਸੁਖ ਭੋਗਣ ਦੀ ਇੱਛਾ ਰੱਖਦੇ ਹਨ ਅਤੇ ਦੁੱਖ ਵੇਲੇ ਹੌਸਲਾ ਛੱਡ ਬੈਠਦੇ ਹਨ, ਪ੍ਰਮਾਤਮਾ ਨੂੰ ਕੋਸਣ ਲੱਗ ਪੈਂਦੇ ਹਨ, ਉਹ ਸਦਾ ਹੀ ਦੁਖੀ ਰਹਿੰਦੇ ਹਨ। ਉਹ ਜ਼ਿੰਦਗੀ ਦੀ ਹਕੀਕਤ ਤੋਂ ਜਾਣੂ ਹੁੰਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਨ। ਵੀਅਤਨਾਮ ਦੇ ਇੱਕ ਲੇਖਕ ਰੌਬਰਟ ਕਿਉਸਕੀ ਆਪਣੀ ਕਿਤਾਬ ‘ਪੂਅਰ ਡੈਡ ਅਤੇ ਰਿੱਚ ਡੈਡ’ ਵਿੱਚ ਲਿਖਦਾ ਹੈ ਕਿ ਅੱਜ ਤਕ ਦੁਨੀਆ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਵਿਅਕਤੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਸੁਖ ਹੀ ਸੁਖ ਭੋਗੇ ਹੋਣ ਅਤੇ ਕਦੇ ਇਹ ਵੀ ਨਹੀਂ ਹੋਇਆ ਕਿ ਕਿਸੇ ਇਨਸਾਨ ਦੀ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਨਿਕਲ ਗਈ ਹੋਵੇ। ਜਿਹੜੇ ਲੋਕ ਸੁੱਖਾਂ ਅਤੇ ਦੁੱਖਾਂ ਵਿੱਚ ਆਪਣੇ ਮਨ ਦਾ ਸੰਤੁਲਨ ਬਣਾਕੇ ਰੱਖਦੇ ਹਨ, ਉਹੀ ਲੋਕ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੇ ਸਮਰੱਥ ਹੁੰਦੇ ਹਨ। ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਇਹ ਸੋਚ ਲੈਕੇ ਜ਼ਿੰਦਗੀ ਜਿਊਂਦੇ ਹਨ ਕਿ ਰਾਤ ਤੋਂ ਬਾਅਦ ਦਿਨ ਨੇ ਚੜ੍ਹਨਾ ਹੀ ਹੈ, ਹਨੇਰੀ-ਝੱਖੜ ਤੋਂ ਮਗਰੋਂ ਅਸਮਾਨ ਨੇ ਸਾਫ ਹੋਣਾ ਹੀ ਹੈ ਅਤੇ ਪਤਝੜ ਦੇ ਪਿੱਛੋਂ ਬਸੰਤ ਆਉਣ ਲਈ ਕਾਹਲੀ ਬੈਠੀ ਹੁੰਦੀ ਹੈ, ਉਨ੍ਹਾਂ ਨੂੰ ਦੁੱਖ ਬਹੁਤਾ ਦੁਖੀ ਨਹੀਂ ਕਰਦੇ। ਪਾਕਿਸਤਾਨ ਦੇ ਪ੍ਰਸਿੱਧ ਲੇਖਕ ਡਾਕਟਰ ਜਾਵੇਦ ਮੁਹੰਮਦ ਦਾ ਕਹਿਣਾ ਹੈ:
ਜਿਹੜੇ ਲੋਕ ਦੁੱਖ ਵੇਲੇ ਦੁਖੀ ਹੋਣ ਦੀ ਜ਼ਿਆਦਾ ਦੁਹਾਈ ਪਾਉਂਦੇ ਹਨ, ਉਨ੍ਹਾਂ ਬਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਸਦੀ ਜ਼ਿੰਦਗੀ ਵਿੱਚ ਕਿਹੜਾ ਨਵਾਂ ਦੁੱਖ ਆਇਆ ਹੈ ਪਰ ਜਿਹੜਾ ਵਿਅਕਤੀ ਦੁੱਖ ਨੂੰ ਇਹ ਸੋਚ ਕੇ ਹੌਸਲਾ ਰੱਖਦਾ ਹੈ ਕਿ ਜੇਕਰ ਸੁਖ ਨਹੀਂ ਰਿਹਾ ਤਾਂ ਦੁੱਖ ਵੀ ਨਹੀਂ ਰਹਿਣਾ, ਲੋਕ ਉਸ ਨੂੰ ਹੌਸਲੇ ਵਾਲਾ ਵਿਅਕਤੀ ਕਹਿੰਦੇ ਹਨ।
ਮਨੁੱਖ ਦੀ ਜ਼ਿੰਦਗੀ ਦੀ ਤ੍ਰਾਸਦੀ ਇਹ ਹੈ ਕਿ ਮਨੁੱਖ ਆਪਣੀ ਸਫਲਤਾ, ਜਿੱਤ, ਕਮਾਈ, ਪ੍ਰਾਪਤੀ ਅਤੇ ਲਾਭ ਲਈ ਆਪਣੀ ਮਿਹਨਤ, ਅਕਲ, ਵਡਿਆਈ, ਹੁਸ਼ਿਆਰੀ, ਚਲਾਕੀ, ਬੁੱਧੀ ਅਤੇ ਤਾਕਤ ਨੂੰ ਕਾਰਨ ਮੰਨਦਾ ਹੈ ਪਰ ਅਸਫਲਤ, ਹਾਰ, ਘਾਟੇ ਅਤੇ ਨੁਕਸਾਨ ਲਈ ਦੂਜਿਆਂ ਨੂੰ ਕਾਰਨ ਮੰਨਦਾ ਹੈ। ਕਿਸਮਤ ਨੂੰ ਜ਼ਿੰਮੇਵਾਰ ਦੱਸਦਾ ਹੈ ਅਤੇ ਪ੍ਰਮਾਤਮਾ ਦੀ ਕਰੋਪੀ ਕਹਿੰਦਾ ਹੈ।
ਪਰ ਕਈ ਸਮੁੱਸਿਆਵਾਂ ਅਤੇ ਦੁੱਖਾਂ ਦਾ ਸਿਰਜਕ ਮਨੁੱਖ ਖੁਦ ਵੀ ਹੁੰਦਾ ਹੈ। ਭਗਵਾਨ ਕ੍ਰਿਸ਼ਨ ਗੀਤਾ ਵਿੱਚ ਲਿਖਦੇ ਹਨ ਕਿ ਮਨੁੱਖ ਦੇ ਦੁੱਖਾਂ ਦੇ ਕਾਰਨ ਜ਼ਰੂਰਤ ਤੋਂ ਜ਼ਿਆਦਾ ਨੀਂਦ, ਗੁੱਸਾ, ਡਰ, ਜ਼ਿਆਦਾ ਥਕਾਵਟ ਮੰਨਣ ਦੀ ਆਦਤ ਅਤੇ ਕੰਮ ਨੂੰ ਟਾਲਣ ਦੇ ਬਹਾਨੇ ਵੀ ਹੁੰਦੇ ਹਨ। ਸਮੇਂ ਸਿਰ ਸੌਣਾ ਅਤੇ ਉੱਠਣਾ ਸਿਹਤਮੰਦ ਅਤੇ ਅਨੁਸ਼ਾਸਨਮਈ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ ਪਰ ਸਵੇਰੇ ਸਮੇਂ ਸਿਰ ਨਾ ਉੱਠਣ ਵਾਲੇ ਅਤੇ ਜ਼ਿਆਦਾ ਦੇਰ ਤਕ ਸੌਣ ਵਾਲੇ ਕਰਮਚਾਰੀ, ਕਾਰੋਬਾਰੀ ਅਤੇ ਵਿਦਿਆਰਥੀ ਸਦਾ ਹੀ ਕਿਸੇ ਨਾ ਕਿਸੇ ਸਮੱਸਿਆ ਜਾਂ ਦੁੱਖ ਨਾਲ ਘਿਰੇ ਰਹਿੰਦੇ ਹਨ। ਜ਼ਿਆਦਾ ਦੇਰ ਨਾਲ ਉੱਠਣ ਵਾਲੇ ਕਾਰੋਬਾਰੀਆਂ ਦੇ ਕਾਰੋਬਾਰ ਵਿੱਚ ਘਾਟੇ ਅਤੇ ਫੇਲ ਹੋਣ ਦੀ ਸੰਨਭਵਨਾ ਹਰ ਵੇਲੇ ਬਣੀ ਰਹਿੰਦੀ ਹੈ। ਦੇਰ ਨਾਲ ਉੱਠਣ ਕਾਰਨ ਨੌਕਰੀ ਪੇਸ਼ਾ ਲੋਕ ਆਪਣੇ ਕੰਮ ਉੱਤੇ ਦੇਰ ਨਾਲ ਪਹੁੰਚਣ ਕਾਰਨ ਆਪਣੇ ਅਧਿਕਾਰੀ ਅਤੇ ਮਾਲਿਕ ਦੇ ਗੁੱਸੇ ਦਾ ਕਾਰਨ ਬਣਦੇ ਹਨ। ਉਨ੍ਹਾਂ ਦੀ ਨੌਕਰੀ ਵੀ ਜਾ ਸਕਦੀ ਹੈ। ਅਜਿਹੇ ਲੋਕ ਸਦਾ ਹੀ ਤਣਾਅ, ਚਿੰਤਾ, ਲੜਾਈ-ਝਗੜੇ ਅਤੇ ਡਰ ਦੇ ਮਾਹੌਲ ਵਿੱਚ ਜ਼ਿੰਦਗੀ ਜਿਊਂਦੇ ਹਨ। ਅਜਿਹੇ ਮਾਹੌਲ ਲਈ ਕੋਈ ਹੋਰ ਨਹੀਂ ਸਗੋਂ ਉਹ ਖੁਦ ਜ਼ਿੰਮੇਵਾਰ ਹੁੰਦੇ ਹਨ। ਦੇਰ ਨਾਲ ਉੱਠਣ ਵਾਲੇ ਵਿਦਿਆਰਥੀ ਪ੍ਰੀਖਿਆਵਾਂ ਅਤੇ ਨੌਕਰੀਆਂ ਵਿੱਚ ਕਦੇ ਵੀ ਅੱਵਲ ਨਹੀਂ ਹੋ ਸਕਦੇ। ਉਨ੍ਹਾਂ ਨੂੰ ਸਦਾ ਹੀ ਅਸਫਲਤਾ ਸਮੇਂ ਪਛਤਾਉਣਾ ਪੈਂਦਾ ਹੈ। ਗੁੱਸੇ ਦੇ ਔਗੁਣ ਦਾ ਸ਼ਿਕਾਰ ਲੋਕ ਹਰ ਵੇਲੇ ਕਿਸੇ ਨਾ ਕਿਸੇ ਸਮੱਸਿਆ ਅਤੇ ਦੁੱਖ ਨਾਲ ਘਿਰੇ ਰਹਿੰਦੇ ਹਨ। ਗੁੱਸੇ ਵਿੱਚ ਆਇਆ ਇਨਸਾਨ ਦੂਜਿਆਂ ਸਾਹਮਣੇ ਆਪਣੀ ਗੱਲ ਚੰਗੀ ਤਰ੍ਹਾਂ ਨਹੀਂ ਰੱਖ ਪਾਉਂਦਾ। ਉਹ ਦੂਜਿਆਂ ਉੱਤੇ ਆਪਣਾ ਪ੍ਰਭਾਵ ਖੋ ਬੈਠਦਾ ਹੈ। ਉਸਦਾ ਗੁੱਸਾ ਲੜਾਈ ਝਗੜੇ, ਮਾਰ ਮਰਾਈ ਅਤੇ ਦੂਜਿਆਂ ਨਾਲ ਸੰਬੰਧ ਵਿਗੜਨ ਦਾ ਕਾਰਨ ਬਣ ਜਾਂਦਾ ਹੈ। ਗੁੱਸੇ ਵਾਲੇ ਅਧਿਕਾਰੀ, ਜਥੇਬੰਦੀਆਂ ਦੇ ਨੁਮਾਇੰਦੇ, ਕਾਰੋਬਾਰੀ ਅਤੇ ਮਾਪੇ ਸਫਲਤਾ ਅਤੇ ਚੰਗਿਆਈ ਤੋਂ ਦੂਰ ਰਹਿੰਦੇ ਹਨ। ਚੁਣੌਤੀਆਂ, ਸਮੱਸਿਆਵਾਂ, ਉਲਝਣਾਂ, ਰੁਕਾਵਟਾਂ ਅਤੇ ਔਖਿਆਈਆਂ ਤੋਂ ਡਰਕੇ ਹੌਸਲਾ ਹਾਰਨ, ਮੈਦਾਨ ਛੱਡਣ ਵਾਲੇ ਲੋਕ ਕਦੇ ਵੀ ਸੁਖ ਅਤੇ ਸਫਲਤਾ ਦਾ ਲੁਤਫ਼ ਲੈਣ ਦੇ ਯੋਗ ਨਹੀਂ ਹੋ ਸਕਦੇ। ਅਸਫਲਤਾ ਅਤੇ ਹਾਰਨ ਦਾ ਡਰ ਕਦੇ ਵੀ ਮਨੁੱਖ ਨੂੰ ਅੱਗੇ ਨਹੀਂ ਵਧਣ ਦਿੰਦਾ। ਡਰਪੋਕ ਲੋਕਾਂ ਨੂੰ ਮੁਸੀਬਤਾਂ ਵਿੱਚੋਂ ਨਿਕਲਣ ਦੀ ਸਲਾਹ ਦੇਣ ਵਾਲੇ ਲੋਕ ਵੀ ਸਲਾਹ ਦੇਣ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ। ਸਿਕੰਦਰ ਆਪਣੀ ਬਹਾਦਰੀ ਨਾਲ ਨਹੀਂ, ਸਗੋਂ ਹੌਸਲੇ ਨਾਲ ਹੀ ਦੁਨੀਆ ਨੂੰ ਜਿੱਤਣ ਲਈ ਨਿਕਲਿਆ ਸੀ। ਬਹਾਨੇਬਾਜ਼ੀ ਅਤੇ ਥੱਕਣਾ ਮਨੁੱਖ ਦੇ ਆਲਸੀ, ਕੰਮਚੋਰ ਅਤੇ ਮਿਹਨਤ ਤੋਂ ਭੱਜਣ ਦਾ ਪ੍ਰਤੀਕ ਹੁੰਦਾ ਹੈ। ਮਹਾਤਮਾ ਬੁੱਧ ਦਾ ਕਥਨ ਹੈ ਕਿ ਜੋ ਡਰ ਕਾਰਨ ਯਤਨ ਨਹੀਂ ਕਰਦੇ, ਉਨ੍ਹਾਂ ਨੂੰ ਮੁਸੀਬਤਾਂ ਸਦਾ ਹੀ ਵੱਡੀਆਂ ਲੱਗਦੀਆਂ ਹਨ। ਬਹਾਨੇਬਾਜ਼ੀ ਅਤੇ ਥਕਾਵਟ ਦੀ ਆੜ ਵਿੱਚ ਜ਼ਿੰਦਗੀ ਜਿਊਣ ਵਾਲੇ ਲੋਕਾਂ ਲਈ ਸਫਲਤਾ ਅਤੇ ਸੁਖ ਕੇਵਲ ਉਨ੍ਹਾਂ ਦੀ ਕਲਪਨਾ ਵਿੱਚ ਹੀ ਹੁੰਦੇ ਹਨ, ਹਕੀਕਤ ਵਿੱਚ ਨਹੀਂ। ਅਜਿਹੇ ਲੋਕਾਂ ਤੋਂ ਹਰ ਕੋਈ ਦੂਰ ਰਹਿਣਾ ਪਸੰਦ ਕਰਦਾ ਹੈ।
ਇੱਕ ਕਾਰਖਾਨੇਦਾਰ ਦੇ ਪੁੱਤਰ ਨੇ ਆਪਣੇ ਪਿਉ ਨੂੰ ਕਿਹਾ ਕਿ ਮੈਨੂੰ ਡਰ ਹੈ ਕਿ ਸਾਡਾ ਇਹ ਕਾਰਖਾਨਾ ਘਾਟੇ ਵਿੱਚ ਨਾ ਚਲਿਆ ਜਾਵੇ, ਇਸ ਲਈ ਇਸ ਨੂੰ ਬੰਦ ਕਰਨਾ ਠੀਕ ਰਹੇਗਾ। ਕਾਰਖਾਨੇਦਾਰ ਨੇ ਆਪਣੇ ਪੁੱਤਰ ਨੂੰ ਕਿਹਾ, ਪੁੱਤਰਾ, ਜਿਸ ਦਿਨ ਤੂੰ ਆਪਣੀ ਬਹਾਨੇਬਾਜ਼ੀ ਅਤੇ ਥਕਾਵਟ ਦੀ ਆਦਤ ਤੋਂ ਛੁਟਕਾਰਾ ਪਾ ਲਵੇਂਗਾ, ਉਸ ਦਿਨ ਤੋਂ ਹੀ ਇਹ ਯਕੀਨ ਕਰ ਲਵੀਂ ਕਿ ਸਾਡਾ ਇਹ ਕਾਰਖਾਨਾ ਕਦੇ ਵੀ ਘਾਟੇ ਵਿੱਚ ਨਹੀਂ ਜਾ ਸਕੇਗਾ। ਜੇਕਰ ਮਨੁੱਖ ਡਰ, ਗੁੱਸਾ, ਬਹਾਨੇਬਾਜ਼ੀ, ਨੀਂਦ ਅਤੇ ਥਕਾਨ ਦੇ ਔਗੁਣਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਤੋਂ ਛੁਟਕਾਰਾ ਪਾ ਲਵੇ ਤਾਂ ਕਈ ਸਮੱਸਿਆਵਾਂ ਅਤੇ ਦੁੱਖਾਂ ਦਾ ਨਿਪਟਾਰਾ ਖੁਦ ਕਰ ਸਕਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































