“ਸਿਆਣੇ ਲੋਕ ਉਹ ਹੁੰਦੇ ਹਨ ਜੋ ਪਰਿਵਾਰ ਦੀਆਂ ਆਪਸੀ ਨਰਾਜ਼ਗੀਆਂ ਆਪਸ ਵਿੱਚ ਬੈਠ ਕੇ ਨਿਪਟਾ ਲੈਂਦੇ ਹਨ। ਉਹ ...”
(2 ਜੂਨ 2024)
ਇਸ ਸਮੇਂ ਪਾਠਕ: 345.
ਇਹ ਇੱਕ ਕੁਦਰਤੀ ਵਰਤਾਰਾ ਹੈ ਕਿ ਹਰ ਵਿਅਕਤੀ ਦੀਆਂ ਖਾਣ ਪੀਣ, ਰਹਿਣ ਸਹਿਣ, ਸੌਣ ਪੈਣ, ਪਹਿਨਣ, ਗੱਲਬਾਤ ਕਰਨ, ਬੈਠਣ ਉੱਠਣ ਅਤੇ ਇੱਕ ਦੂਜੇ ਨਾਲ ਵਿਚਰਣ ਦੀਆਂ ਆਦਤਾਂ ਆਪਣੀਆਂ ਆਪਣੀਆਂ ਹੁੰਦੀਆਂ ਹਨ। ਹਰ ਇੱਕ ਦੇ ਵਿਚਾਰ ਵੱਖਰੇ ਵੱਖਰੇ ਹੁੰਦੇ ਹਨ। ਕਿਸੇ ਦਾ ਸੁਭਾਅ ਹਸਮੁੱਖ, ਮਜ਼ਾਕੀਆ ਅਤੇ ਖੁੱਲ੍ਹ ਦਿਲਾ ਹੁੰਦਾ ਹੈ ਪਰ ਕੋਈ ਤੰਗ ਦਿਲ ਅਤੇ ਸੰਕੋਚੀ ਸੁਭਾਅ ਦਾ ਹੁੰਦਾ ਹੈ। ਕਿਸੇ ਵਿੱਚ ਕਿਸੇ ਵੱਲੋਂ ਕਹੀ ਗਈ ਗੱਲ ਨੂੰ ਬਰਦਾਸ਼ਤ ਕਰਨ ਜਾਂ ਨਜ਼ਰ ਅੰਦਾਜ਼ ਕਰਨ ਦਾ ਮਾਦਾ ਹੁੰਦਾ ਹੈ, ਕੋਈ ਉਸ ਗੱਲ ਦਾ ਗੁੱਸਾ ਕਰਕੇ ਰੁੱਸ ਬੈਠਦਾ ਹੈ ਅਤੇ ਤਕਰਾਰਬਾਜ਼ੀ ਵਿੱਚ ਪੈ ਜਾਂਦਾ ਹੈ। ਕਈ ਇੱਕ ਦੂਜੇ ਨੂੰ ਸਹਿਯੋਗ ਦੇਕੇ ਖੁਸ਼ੀ ਮਹਿਸੂਸ ਕਰਦੇ ਹਨ ਪਰ ਕਈ ਸਹਿਯੋਗ ਲੈਣ ਦੇ ਚਾਹਵਾਨ ਤਾਂ ਹੁੰਦੇ ਹਨ ਪਰ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਆਦਤ ਨਹੀਂ ਹੁੰਦੀ। ਇਹੋ ਕਾਰਨ ਹੈ ਕਿ ਇੱਕ ਪਰਿਵਾਰ ਵਿੱਚ ਰਹਿੰਦਿਆਂ ਸਭ ਦੀਆਂ ਆਦਤਾਂ ਵੱਖਰੀਆਂ ਵੱਖਰੀਆਂ ਅਤੇ ਵਿਚਾਰ ਅੱਡ ਅੱਡ ਹੋਣ ਕਾਰਨ ਪਰਿਵਾਰਕ ਰਿਸ਼ਤਿਆਂ ਸੱਸ ਨੂੰਹ, ਭਰਾਵਾਂ ਭਰਾਵਾਂ, ਦਰਾਣੀਆਂ ਜਿਠਾਣੀਆਂ, ਪਿਉ ਪੁੱਤਰਾਂ, ਭੈਣਾਂ ਭਰਾਵਾਂ, ਨਣਦਾਂ ਭਰਜਾਈਆਂ, ਤਾਇਆਂ ਚਾਚਿਆਂ ਅਤੇ ਸਹੁਰਿਆਂ ਪੇਕਿਆਂ ਵਿੱਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗਿਲੇ ਸ਼ਿਕਵੇ, ਲੜਾਈ ਝਗੜੇ, ਮਨ ਮੁਟਾਅ ਅਤੇ ਬਹਿਸਬਾਜ਼ੀ ਚੱਲਦੇ ਹੀ ਰਹਿੰਦੇ ਹਨ।
ਇਸ ਦੁਨੀਆ ਵਿੱਚ ਕੋਈ ਅਜਿਹਾ ਪਰਿਵਾਰ ਨਹੀਂ ਹੋਵੇਗਾ ਜਿਸ ਵਿੱਚ ਇਹੋ ਜਿਹੀ ਨੌਬਤ ਨਾ ਆਉਂਦੀ ਹੋਵੇ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਵੀ ਆਪਸ ਵਿੱਚ ਇੱਕ ਦੂਜੇ ਨਾਲ ਨਰਾਜ਼ ਹੋਣ, ਰੁੱਸਣ ਅਤੇ ਲੜਾਈ ਝਗੜਾ ਹੋਣ ਦੀ ਨੌਬਤ ਆਉਂਦੀ ਹੀ ਨਹੀਂ ਤਾਂ ਉਹ ਲੋਕ ਸਿਆਣੇ ਹੁੰਦੇ ਹਨ। ਉਹ ਆਪਣੇ ਪਰਿਵਾਰ ਦੀ ਗੱਲ ਬਾਹਰ ਨਹੀਂ ਆਉਣ ਦਿੰਦੇ ਪਰ ਅਜਿਹਾ ਕਦੇ ਹੁੰਦਾ ਨਹੀਂ, ਹਰ ਪਰਿਵਾਰ ਵਿੱਚ ਕਦੇ ਨਾ ਕਦੇ ਇਹੋ ਜਿਹੀ ਸਥਿਤੀ ਪੈਦਾ ਹੋ ਹੀ ਜਾਂਦੀ ਹੈ।
ਲੜਾਈ ਝਗੜੇ, ਟਕਰਾਅ ਅਤੇ ਗਿਲੇ ਸ਼ਿਕਵੇ ਦੀ ਸਥਿਤੀ ਤਾਂ ਹਰ ਪਰਿਵਾਰ ਵਿੱਚ ਪੈਦਾ ਹੋ ਹੀ ਜਾਂਦੀ ਹੈ ਪਰ ਉਹ ਘਰ ਵਿਰਲੇ ਹੀ ਹੁੰਦੇ ਹਨ ਜਿਹੜੇ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਲੜਾਈ ਝਗੜੇ ਦੀਆਂ ਗੱਲਾਂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣ ਦਿੰਦੇ। ਅਜਿਹੇ ਪਰਿਵਾਰਾਂ ਦੇ ਲੋਕ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਸੰਬੰਧਾਂ ਦੀ ਮੁੱਠੀ ਨੂੰ ਬੰਦ ਕਰਕੇ ਰੱਖਦੇ ਹਨ। ਸਾਡੇ ਪਰਿਵਾਰਕ ਰਿਸ਼ਤਿਆਂ ਦੇ ਸੰਬੰਧਾਂ ਵਿੱਚ ਵਿਗਾੜ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਡੇ ਮਨਾਂ ਉੱਤੇ ਸਾਡਾ ਸਵਾਰਥ ਬਹੁਤ ਜ਼ਿਆਦਾ ਭਾਰੂ ਹੋ ਜਾਂਦਾ ਹੈ। ਸਾਨੂੰ ਕੇਵਲ ਆਪਣੇ ਹਿਤ ਹੀ ਨਜ਼ਰ ਆਉਂਦੇ ਹਨ,ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਆਤ ਨੂੰ ਭੁੱਲ ਬੈਠਦੇ ਹਾਂ। ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਬਜਾਏ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਦੀ ਤਾਕ ਵਿੱਚ ਰਹਿੰਦੇ ਹਾਂ। ਅਸੀਂ ਕਦੇ ਵੀ ਇਹ ਸੋਚਣ ਲਈ ਤਿਆਰ ਨਹੀਂ ਹੁੰਦੇ ਕਿ ਅਸੀਂ ਵੀ ਗਲਤ ਹੋ ਸਕਦੇ ਹਾਂ। ਅਸੀਂ ਗੱਲ ਨੂੰ ਮੁਕਾਉਣ ਦੀ ਬਜਾਏ, ਇੱਕ ਦੂਜੇ ਨੂੰ ਕਹੀਆਂ ਗਈਆਂ ਗੱਲਾਂ ਨੂੰ ਭੁੱਲਣ ਦੀ ਥਾਂ, ਉਨ੍ਹਾਂ ਨੂੰ ਇੱਕ ਦੂਜੇ ਨੂੰ ਜਿਤਾਉਂਦੇ ਰਹਿੰਦੇ ਹਾਂ। ਇੱਕ ਦੂਜੇ ਨੂੰ ਦਿੱਤੇ ਗਏ ਤਾਅਨੇ ਮਿਹਣਿਆਂ ਨੂੰ ਸਹਿਣ ਕਰਨ ਦੀ ਬਜਾਏ ਉਨ੍ਹਾਂ ਨੂੰ ਤੂਲ ਦਿੰਦੇ ਰਹਿੰਦੇ ਹਾਂ। ਇਹੋ ਜਿਹੀਆਂ ਸਥਿਤੀਆਂ ਵਿੱਚ ਸਾਡੇ ਆਪਸੀ ਸੰਵਾਦ ਪੇਤਲੇ ਪੈ ਜਾਂਦੇ ਹਨ ਤੇ ਅਸੀਂ ਆਪਣੇ ਪਰਿਵਾਰ ਦੇ ਗਿਲੇ ਸ਼ਿਕਵੇ ਤੇ ਲੜਾਈ ਝਗੜੇ ਆਪਣੇ ਆੜੀਆਂ ਗੁਆਂਢੀਆਂ, ਜਾਣਕਾਰਾਂ ਤੇ ਮਿੱਤਰਾਂ ਦੋਸਤਾਂ ਨਾਲ ਸਾਂਝੇ ਕਰਨੇ ਸ਼ੁਰੂ ਕਰ ਦਿੰਦੇ ਹਾਂ।
ਆਪਣੇ ਪਰਿਵਾਰਕ ਦੇ ਲੜਾਈ ਝਗੜੇ, ਟਕਰਾਅ ਤੇ ਗਿਲੇ ਸ਼ਿਕਵਿਆਂ ਨੂੰ ਲੈਕੇ ਪਰਿਵਾਰਕ ਸੰਬੰਧਾਂ ਵਿੱਚ ਆਈਆਂ ਦਰਾੜਾਂ ਦੀਆਂ ਗੱਲਾਂ ਪਰਿਵਾਰ ਦੇ ਬਾਹਰਲੇ ਬੰਦੇ ਨਾਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚੋ ਕਿ ਆਪਣੇ ਘਰ ਦੀ ਲੜਾਈ ਚਾਰ ਘਰਾਂ ਦੇ ਬੰਦਿਆਂ ਦੇ ਮਜ਼ੇ ਦਾ ਕਾਰਨ ਬਣ ਸਕਦੀ ਹੈ। ਜਦੋਂ ਪਰਿਵਾਰ ਦੇ ਜੀਆਂ ਦੀ ਨਰਾਜ਼ਗੀ ਦੀਆਂ ਗੱਲਾਂ ਆਂਡੀਆਂ ਗੁਆਂਢੀਆਂ ਦੇ ਘਰਾਂ ਵਿੱਚ ਪਹੁੰਚ ਜਾਂਦੀਆਂ ਹਨ, ਪਰਿਵਾਰ ਦੇ ਸਾਰੇ ਭੇਤ ਖੁੱਲ੍ਹ ਜਾਂਦੇ ਹਨ। ਲੋਕ ਇੱਕ ਦੀਆਂ ਚਾਰ ਬਣਾਕੇ ਇੱਕ ਦੂਜੇ ਨੂੰ ਦੱਸਦੇ ਹਨ ਤਾਂ ਗੱਲ ਮੁੱਕਣ ਦੀ ਬਜਾਏ ਹੋਰ ਵਧਦੀ ਹੈ। ਪਰਿਵਾਰ ਦੇ ਸੰਬੰਧਾਂ ਵਿੱਚ ਹੋਰ ਤਣਾਅ ਵਧਦਾ ਹੈ। ਆਂਢੀ ਗੁਆਂਢੀ ਪੰਚ ਸਰਪੰਚ ਬਣਕੇ ਉਸ ਪਰਿਵਾਰ ਵਿੱਚ ਆ ਵੜਦੇ ਹਨ। ਲੋਕਾਂ ਨੂੰ ਪਰਿਵਾਰ ਬਾਰੇ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਹੈ। ਪਰਿਵਾਰ ਖੇਰੂੰ ਖੇਰੂੰ ਹੋ ਜਾਂਦਾ ਹੈ। ਪਰਿਵਾਰ ਦੀ ਤਰੱਕੀ ਰੁਕ ਜਾਂਦੀ ਹੈ। ਪਰਿਵਾਰ ਦੇ ਜੀਅ ਮਨੋਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ਆਪਣੇ ਪਰਿਵਾਰ ਦੀਆਂ ਗੱਲਾਂ ਦੂਜਿਆਂ ਕੋਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚੋ ਕਿ ਮਸਲਾ ਸਾਡੇ ਪਰਿਵਾਰ ਦਾ ਹੈ, ਆਪਣਿਆਂ ਦੀਆਂ ਗੱਲਾਂ ਬਾਹਰਲਿਆਂ ਕੋਲ ਕਿਉਂ ਕੀਤੀਆਂ ਜਾਣ? ਆਪਣੇ ਆਪਣੇ ਹੀ ਹੁੰਦੇ ਹਨ, ਬਾਹਰਲੇ ਬਾਹਰਲੇ ਹੀ ਹੁੰਦੇ ਹਨ। ਦੂਜਿਆਂ ਨੂੰ ਆਪਣੇ ਪਰਿਵਾਰ ਦੀਆਂ ਗੱਲਾਂ ਵਿੱਚ ਚੌਧਰੀ ਕਿਉਂ ਬਣਨ ਦਿੱਤਾ ਜਾਵੇ? ਆਪਣੇ ਪਰਿਵਾਰ ਦੀਆਂ ਗੱਲਾਂ ਨੂੰ ਲੈ ਕੇ ਲੋਕਾਂ ਨੂੰ ਮਜ਼ਾਕ ਕਰਨ, ਹਾਸਾ ਉਡਾਉਣ ਅਤੇ ਰਸ ਲੈਣ ਦਾ ਸਮਾਂ ਕਿਉਂ ਦਿੱਤਾ ਜਾਵੇ? ਲੋਕਾਂ ਨੂੰ ਸਾਡੇ ਪਰਿਵਾਰ ਨਾਲ ਲਗਾਅ ਕਿਵੇਂ ਹੋ ਸਕਦਾ ਹੈ। ਪਰਿਵਾਰ ਦੀ ਨਰਾਜ਼ਗੀ ਦੀਆਂ ਗੱਲਾਂ ਕਿਸੇ ਬਾਹਰਲੇ ਨੇ ਨਹੀਂ ਸਗੋਂ ਅਸੀਂ ਆਪ ਹੀ ਮੁਕਾਉਣੀਆਂ ਹੁੰਦੀਆਂ ਹਨ।
ਸਿਆਣੇ ਲੋਕ ਉਹ ਹੁੰਦੇ ਹਨ ਜੋ ਪਰਿਵਾਰ ਦੀਆਂ ਆਪਸੀ ਨਰਾਜ਼ਗੀਆਂ ਆਪਸ ਵਿੱਚ ਬੈਠ ਕੇ ਨਿਪਟਾ ਲੈਂਦੇ ਹਨ। ਉਹ ਪਰਿਵਾਰ ਦੇ ਗੁੱਸੇ ਗਿਲੇ ਬਾਹਰਲਿਆਂ ਤਕ ਪਹੁੰਚਣ ਹੀ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦੇ ਪੱਲੇ ਦੂਰ ਅੰਦੇਸ਼ੀ, ਸੂਝ ਬੂਝ ਅਤੇ ਸਹਿਣਸ਼ੀਲਤਾ ਹੁੰਦੀ ਹੈ। ਅਜਿਹੇ ਪਰਿਵਾਰਾਂ ਦਾ ਇਕੱਠ ਲੰਬੇ ਸਮੇਂ ਤਕ ਨਿਭਦਾ ਹੈ। ਉਹ ਅੱਡ ਹੋ ਕੇ ਵੀ ਇੱਕਠੇ ਹੀ ਹੁੰਦੇ ਹਨ। ਉਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਦਾ ਬੁਢਾਪਾ ਸੌਖਾ ਰਹਿੰਦਾ ਹੈ। ਉਨ੍ਹਾਂ ਪਰਿਵਾਰਾਂ ਉੱਤੇ ਆਈਆਂ ਮੁਸੀਬਤਾਂ ਸੌਖਿਆਂ ਹੀ ਹੱਲ ਹੋ ਜਾਂਦੀਆਂ ਹਨ। ਉਨ੍ਹਾਂ ਪਰਿਵਾਰਾਂ ਵਿੱਚ ਕਿਸੇ ਤੀਜੇ ਦੀ ਦਖਲਅੰਦਾਜ਼ੀ ਨਹੀਂ ਹੋ ਸਕਦੀ। ਇਸ ਲਈ ਆਪਣੇ ਪਰਿਵਾਰ ਦੀਆਂ ਗੱਲਾਂ ਕਿਸੇ ਬਾਹਰਲੇ ਕੋਲ ਕਰਨ ਤੋਂ ਪਹਿਲਾਂ ਸੌ ਵਾਰ ਸੋਚੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5016)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)







































































































