“ਚੰਡੀਗੜ੍ਹ ਵਿੱਚ ਜੰਮੀ ਅਤੇ ਟੋਰੌਂਟੋ ਵਿੱਚ ਵੱਡੀ ਹੋਈ ਅਦਾਕਾਰਾ ਸੁਪਿੰਦਰ ਵੜੈਚ ਨੇ ਕਾਂਸਟੇਬਲ ਸਬਰੀਨਾ ਸੋਹਲ ਦਾ ...”
(7 ਫਰਵਰੀ 2024)
ਇਸ ਸਮੇਂ ਪਾਠਕ: 240.
“ਅਲੀਜੈਂਸ” ਸੀਬੀਸੀ ਟੀਵੀ ਲੜੀਵਾਰ ਅੱਜ (7 ਫਰਵਰੀ) ਤੋਂ ਸ਼ਰੂ ਹੋ ਰਿਹਾ ਹੈ।
ਸੁਪਿੰਦਰ ਵੜੈਚ
ਸੀਬੀਸੀ ਅਦਾਰੇ ਵੱਲੋਂ ਇੱਕ ਨਵੀਂ ਟੀਵੀ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੀ ਕਹਾਣੀ ਇੱਕ ਸਿੱਖ ਕੈਨੇਡੀਅਨ ਪੁਲਿਸ ਅਫਸਰ ਅਤੇ ਉਸ ਦੇ ਪਰਿਵਾਰ ਉੱਤੇ ਕੇਂਦਰਿਤ ਹੈ। ਅਲੀਜੈਂਸ ਨਾਮ ਦੀ ਇਹ ਕਰਾਈਮ ਡਰਾਮਾ ਸੀਰੀਜ਼, ਉੱਤਰੀ ਅਮਰੀਕਾ ਵਿੱਚ ਪਹਿਲੀ ਕਰਾਈਮ ਡਰਾਮਾ ਸੀਰੀਜ਼ ਹੈ ਜਿਸ ਵਿੱਚ ਇੱਕ ਸਿੱਖ ਮਹਿਲਾ ਪੁਲਿਸ ਅਫਸਰ ਮੁੱਖ ਕਿਰਦਾਰ ਦੀ ਭੂਮਿਕਾ ਵਿੱਚ ਹੈ।
ਇਹ ਕਹਾਣੀ ਕੇਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੀ ਜਮਪਲ ਸਬਰੀਨਾ ਸੋਹਲ ਦੇ ਇਰਦ-ਗਿਰਦ ਘੁੰਮਦੀ ਹੈ। ਕ੍ਰਿਮਿਨੌਲੌਜੀ ਵਿੱਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਸਬਰੀਨਾ ਪੁਲਿਸ ਵਿੱਚ ਨਵੀਂ ਭਰਤੀ ਹੋਈ ਹੈ। ਉਸਦੇ ਪਰਿਵਾਰ ਵਿੱਚ ਕਈ ਪੀੜ੍ਹੀਆਂ ਪੁਲਿਸ ਅਤੇ ਫ਼ੌਜ ਵਿੱਚ ਸੇਵਾਵਾਂ ਨਿਭਾ ਚੁੱਕੀਆਂ ਹਨ, ਅਤੇ ਆਪਣੇ ਪਰਿਵਾਰ ਦੀ ਇਸ ਵਿਰਾਸਤ ਨੂੰ ਕਾਇਮ ਰੱਖਦਿਆਂ ਉਹ ਪੁਲਿਸ ਕਾਂਸਟੇਬਲ ਭਰਤੀ ਹੁੰਦੀ ਹੈ। ਪਰ ਉਸਦੀ ਭਰਤੀ ਦੇ ਐਨ ਖ਼ਾਸ ਦਿਨ ਉਸਦੇ ਪਿਤਾ ਅਜੀਤ ਸੋਹਲ, ਜੋ ਕਿ ਇੱਕ ਪਬਲਿਕ ਸੇਫ਼ਟੀ ਮੰਤਰੀ, ਪੁਲਿਸ ਮਹਿਕਮੇ ਦੇ ਮੁਖੀ ਹਨ, ਨੂੰ ਦੇਸ਼ ਧ੍ਰੋਹ ਦੇ ਝੂਠੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
ਟੀਵੀ ਲੜੀ ਵਿੱਚ ਸਬਰੀਨਾ ਸੋਹਲ ਆਪਣੇ ਪਰਿਵਾਰ ਵਿੱਚੋਂ ਪੰਜਾਬੀ-ਕੈਨੇਡੀਅਨਾਂ ਦੀ ਇੱਕ ਲੰਬੀ ਲਾਈਨ ਵਿੱਚ ਪਹਿਲੀ ਔਰਤ ਬਣ ਗਈ ਹੈ ਜੋ ਕਾਲਪਨਿਕ ‘ਕੈਨੇਡੀਅਨ ਫੈਡਰਲ ਪੁਲਿਸ ਕੋਰ’ ਵਿੱਚ ਇੱਕ ਅਧਿਕਾਰੀ ਬਣ ਗਈ ਹੈ। ਪਰ ਉਸਦੀ ਦੁਨੀਆ ਉਲਟ ਜਾਂਦੀ ਹੈ ਜਦੋਂ ਉਸਦੇ ਪਿਤਾ, ਅਜੀਤ ਸੋਹਲ, ਪਬਲਿਕ ਸੇਫਟੀ ਮੰਤਰੀ ਨੂੰ ਦੇਸ਼ ਦੀ ਚੋਟੀ ਦੀ ਪੁਲਿਸ ਅਕੈਡਮੀ ਤੋਂ ਗ੍ਰੈਜੂਏਸ਼ਨ ਦੇ ਦਿਨ ਦੇਸ਼ਧ੍ਰੋਹ ਦੇ ਦੋਸ਼ ਵਿੱਚ ਗਲਤ ਤਰੀਕੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਹੈ।
ਜਿਸ ਸਮੇਂ ਸਬਰੀਨਾ ਨੂੰ ਆਪਣੇ ਪਿਤਾ ਨੂੰ ਬਰੀ ਕਰਵਾਉਣ ਲਈ ਦੌੜ ਭੱਜ ਕਰਨ ਦੀ ਲੋੜ ਹੁੰਦੀ ਹੈ, ਪੁਲਿਸ ਦੇ ਉੱਚ ਅਧਿਕਾਰੀ ਉਸ ਨੂੰ ਹੋਰ ਕੰਮਾਂ ਵਿੱਚ ਉਲਝਾ ਦਿੰਦੇ ਹਨ, ਜਿਸ ਕਾਰਨ ਸਬਰੀਨਾ ਨੂੰ ਡਿਊਟੀ ਨੂੰ ਪਹਿਲ ਦੇਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਉਸ ਨੂੰ ਇੱਕ ਗੁੰਮ ਹੋਏ ਬੱਚੇ ਦਾ ਕੇਸ ਸੰਭਾਲ ਦਿੱਤਾ ਜਾਂਦਾ ਹੈ।
ਪਰ ਫਿਰ ਵੀ ਸਬਰੀਨਾ ਆਪਣੇ ਪਿਤਾ ਨੂੰ ਇਸ ਇਲਜ਼ਾਮ ਤੋਂ ਬਰੀ ਕਰਾਉਣ ਦੀ ਕੋਸ਼ਿਸ਼ਾਂ ਕਰਦੀ ਹੈ। ਦੇਸ਼ ਧ੍ਰੋਹ ਵਰਗਾ ਇਲਜ਼ਾਮ ਨਾ ਸਿਰਫ਼ ਅਜੀਤ ਸੋਹਲ ਦੇ ਸਿਆਸੀ ਭਵਿੱਖ ਨੂੰ ਰੋਲ਼ ਦਿੰਦਾ ਹੈ, ਸਗੋਂ ਪੂਰੇ ਪਰਿਵਾਰ ਦੀ ਸਾਖ ਵੀ ਦਾਅ ’ਤੇ ਲੱਗ ਜਾਂਦੀ ਹੈ। ਸਬਰੀਨਾ ਨਿਆਂ ਪ੍ਰਣਾਲੀ ਵਿੱਚ ਖ਼ਾਮੀਆਂ ਤੋਂ ਵਾਕਫ਼ ਸੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਖ਼ਾਮੀਆਂ ਉਸਦੇ ਪਿਤਾ ਦੇ ਅਹੁਦੇ ਵਰਗੇ ਉੱਚੇ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਸਕਦੀਆਂ ਸਨ। ਉਸਦੇ ਪਿਤਾ ਦੀ ਗ੍ਰਿਫ਼ਤਾਰੀ ਸਬਰੀਨਾ ਦੀ ਜ਼ੁਲਮ ਖ਼ਿਲਾਫ਼ ਲੜਨ ਅਤੇ ਸਿਸਟਮ ਦੀ ਖ਼ਰਾਬੀਆਂ ਨੂੰ ਠੀਕ ਕਰਨ ਦੀ ਇੱਛਾ ਨੂੰ ਹੋਰ ਹੁਲਾਰਾ ਦਿੰਦੀ ਹੈ। ਇਹ ਕਹਾਣੀ ਇੱਕ ਨੌਜਵਾਨ ਲੜਕੀ ਦੀ ਕਹਾਣੀ ਹੈ ਜੋ ਆਪਣੇ ਦੇਸ਼, ਆਪਣੀ ਵਰਦੀ ਅਤੇ ਆਪਣੇ ਪਰਿਵਾਰ ਪ੍ਰਤੀ ਵਫ਼ਾਦਾਰੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝਦੀ ਹੈ।
ਇਹ ਲੜੀ ਪਛਾਣ, ਪੁਲਿਸਿੰਗ, ਰਾਜਨੀਤੀ ਅਤੇ ਭ੍ਰਿਸ਼ਟ ਨਿਆਂ ਪ੍ਰਣਾਲੀ ਦੇ ਅੰਦਰਲੀ ਵਿੱਚ ਸਚਾਈ ਨੂੰ ਲੱਭਣ ਬਾਰੇ ਹੈ। ਇਹ ਇੱਕ ਨੌਜਵਾਨ ਸਿੱਖ ਪੰਜਾਬੀ ਕੈਨੇਡੀਅਨ ਔਰਤ ਦੀ ਕਹਾਣੀ ਹੈ ਜੋ ਉਸਦੇ ਝੰਡੇ, ਉਸਦੇ ਬੈਜ ਅਤੇ ਉਸਦੇ ਪਰਿਵਾਰ ਪ੍ਰਤੀ ਵਫ਼ਾਦਾਰੀ ਦੇ ਵਿਚਕਾਰ ਘੁੰਮ ਰਹੀ ਹੈ। ਇਹ ਨਵੀਂ ਮੁੱਖ ਭੂਮਿਕਾ ਹਾਲੀਵੁੱਡ ਵਿੱਚ ਉੱਭਰ ਰਹੀਆਂ ਹੋਰ ਨੌਜਵਾਨ ਦੱਖਣੀ ਏਸ਼ੀਆਈ ਕੈਨੇਡੀਅਨ ਔਰਤਾਂ ਲਈ ਰਾਹ ਪੱਧਰਾ ਕਰੇਗੀ।
ਚੰਡੀਗੜ੍ਹ ਵਿੱਚ ਜੰਮੀ ਅਤੇ ਟੋਰੌਂਟੋ ਵਿੱਚ ਵੱਡੀ ਹੋਈ ਅਦਾਕਾਰਾ ਸੁਪਿੰਦਰ ਵੜੈਚ ਨੇ ਕਾਂਸਟੇਬਲ ਸਬਰੀਨਾ ਸੋਹਲ ਦਾ ਕਿਰਦਾਰ ਨਿਭਾਇਆ ਹੈ। ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਖ਼ਾਸ ਮੁਲਾਕਾਤ ਵਿੱਚ ਸੁਪਿੰਦਰ ਨੇ ਆਪਣੇ ਅਤੇ ਇਸ ਸੀਰੀਜ਼ ਬਾਰੇ ਕਈ ਦਿਲਚਸਪ ਗੱਲਾਂ ਕੀਤੀਆਂ ਹਨ।
ਸੁਪਿੰਦਰ ਚਾਰ ਸਾਲ ਦੀ ਸੀ ਜਦੋਂ ਉਹ ਭਾਰਤ ਤੋਂ ਕੈਨੇਡਾ ਆਈ। ਪਹਿਲਾਂ ਉਹਨਾਂ ਦਾ ਪਰਿਵਾਰ ਸਕਾਰਬਰੋ ਦੇ ਇਲਾਕੇ ਵਿੱਚ ਰਿਹਾ ਅਤੇ ਫਿਰ ਬਰੈਂਪਟਨ ਲਾਗੇ ਰਹਿਣ ਲੱਗ ਪਿਆ। ਸੁਪਿੰਦਰ ਕੈਨੇਡੀਅਨ ਫਿਲਮ ਸੈਂਟਰ ਦੀ ਐਕਟਰਜ਼ ਕੰਜ਼ਵੇਟੋਰੀ ਵਿੱਚੋਂ ਗ੍ਰੈਜੂਏਟ ਹੈ ਅਤੇ ਉਸਨੇ ਸ਼ੈਰੀਡਨ ਕਾਲਜ ਵਿੱਚ ਐਡਵਾਂਸਡ ਫਿਲਮ ਐਂਡ ਟੈਲੀਵੀਜ਼ਨ ਪ੍ਰੋਗਰਾਮ ਵਿੱਚ ਵੀ ਪੜ੍ਹਾਈ ਕੀਤੀ ਹੈ। ਸੁਪਿੰਦਰ ਕਹਿੰਦੀ ਹੈ ਕਿ ਉਸਨੇ ਐਕਟਿੰਗ ਦਾ ਪੇਸ਼ਾ ਇਸ ਕਰਕੇ ਚੁਣਿਆ ਕਿਉਂਕਿ ਉਸ ਨੂੰ ਲਗਦਾ ਹੈ ਕਿ ਆਪਣੇ ਜਜ਼ਬਾਤ ਅਤੇ ਅਹਿਸਾਸ ਪ੍ਰਗਟਾਉਣ ਦਾ ਇਹ ਇੱਕ ਬਿਹਤਰੀਨ ਮਾਧਿਅਮ ਹੈ।
ਪੂਰੇ ਸਿੱਖ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ
ਅਲੀਜੈਂਸ ਦੇ ਇੱਕ ਸਿੱਖ ਕੈਨੇਡੀਅਨ ਕਿਰਦਾਰ ’ਤੇ ਕੇਂਦਰਿਤ ਹੋਣ ਦੀ ਗੱਲ ਸੁਪਿੰਦਰ ਨੂੰ ਭਾਵੁਕ ਕਰਦੀ ਹੈ। ਜਦੋਂ ਉਸ ਨੂੰ ਪੁੱਛਿਆ ਕਿ ਤੁਸੀਂ ਇਸ ਟੀਵੀ ਸੀਰੀਜ਼ ਵਿੱਚ ਨਸਲੀ ਪਿਛੋਕੜ ਵਾਲੇ ਇੱਕ ਕਿਰਦਾਰ ਦੇ ਨਾਇਕ ਹੋਣ ਨੂੰ ਕਿਵੇਂ ਦੇਖਦੇ ਹੋ ਤਾਂ ਸੁਪਿੰਦਰ ਨੇ ਨਮ ਅੱਖਾਂ ਨਾਲ ਕਿਹਾ, “ਤੁਸੀਂ ਇਸ ਸੀਰੀਜ਼ ਦੇ ਪੋਸਟਰ ’ਤੇ ਲੱਗੀ ਮੇਰੀ ਤਸਵੀਰ ਦੇਖ ਰਹੇ ਹੋ? ਇਹ ਮੇਰੀ ਸ਼ਕਲ ਹੈ, ਪਰ ਮੈਨੂੰ ਲਗਦਾ ਹੈ ਕਿ ਇੱਥੇ ਪੂਰਾ ਭਾਈਚਾਰਾ ਖੜ੍ਹਾ ਹੈ। ਇਹ ਸਾਡੀ ਸਾਰਿਆਂ ਦੀ ਨੁਮਾਇੰਦਗੀ ਹੈ।
ਉਹ ਕਹਿੰਦੀ ਹੈ ਕਿ ਕੈਨੇਡਾ ਵਿੱਚ ਰਹਿੰਦੇ ਇਮੀਗ੍ਰੈਂਟ ਭਾਈਚਾਰੇ ਨੇ ਬਹੁਤ ਸਾਰੇ ਕਰਾਈਮ ਡਰਾਮਾ ਦੇਖੇ ਹੋਣੇ ਹਨ ਪਰ ਆਪਣੇ ਵਰਗੇ ਕਿਸੇ ਕਿਰਦਾਰ ਨੂੰ ਕਦੇ ਮੁੱਖ ਭੂਮਿਕਾ ਵਿੱਚ ਨਹੀਂ ਸੋਚਿਆ ਹੋਵੇਗਾ, ਇਸ ਕਰਕੇ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ। ਸੁਪਿੰਦਰ ਕਹਿੰਦੀ ਹੈ ਕਿ ਇਸ ਡਰਾਮੇ ਦੀ ਕਹਾਣੀ ਜਾਂ ਐਕਟਿੰਗ ਨਾਲੋਂ ਵੀ ਜ਼ਿਆਦਾ ਅਹਿਮ ਇਹ ਹੈ ਕਿ ਸਿੱਖ ਪੰਜਾਬੀ ਭਾਈਚਾਰੇ ਦੇ ਲੋਕ ਇਸ ਵਿੱਚ ਆਪਣੇ ਆਪ ਨੂੰ ਦੇਖ ਸਕਦੇ ਹਨ।
ਇਹ ਸ਼ੋਅ ਰਿਸ਼ਤਿਆਂ ਬਾਰੇ ਵੀ ਹੈ। ਪੁਲਿਸ ਦੇ ਭਾਈਚਾਰੇ ਨਾਲ ਸੰਬੰਧਾਂ ਅਤੇ ਪੁਲਿਸ ਦੇ ਪੁਲਿਸ ਨਾਲ ਰਿਸ਼ਤਿਆਂ ਬਾਰੇ।
ਸੁਪਿੰਦਰ ਨੇ ਦੱਸਿਆ ਕਿ ਪੁਲਿਸ ਅਫਸਰ ਦੀ ਭੂਮਿਕਾ ਨਿਭਾਉਣ ਲਈ ਉਸ ਨੇ ਖ਼ਾਸ ਜਾਣਕਾਰੀ ਵੀ ਪ੍ਰਾਪਤ ਕੀਤੀ ਹੈ। ਸ਼ੋਅ ਦੇ ਸੈੱਟ ’ਤੇ ਉਹਨਾਂ ਨਾਲ ਇੱਕ ਸਲਾਹਕਾਰ ਹੁੰਦਾ ਸੀ, ਜੋ ਉਹਨਾਂ ਨੂੰ ਬੰਦੂਕ ਫੜਨ ਤੋਂ ਲੈਕੇ ਕਿਸੇ ਥਾਂ ’ਤੇ ਪੁਲਿਸ ਦੇ ਪਹੁੰਚਣ ’ਤੇ ਪੁਲਿਸ ਵਾਲਿਆਂ ਦੀ ਚਾਲ-ਢਾਲ ਅਤੇ ਹੋਰ ਬਾਰੀਕ ਨੁਕਤਿਆਂ ਬਾਰੇ ਜਾਣਕਾਰੀ ਦਿੰਦਾ ਸੀ।
ਅਲੀਜੈਂਸ ਸੀਰੀਜ਼ ਦੇ ਇੱਕ ਇੱਕ ਘੰਟਾ ਲੰਬੇ 10 ਐਪੀਸੋਡ ਹਨ।
ਅੱਜ (7 ਫਰਵਰੀ 2024) ਇਸ ਸੀਰੀਜ਼ ਦਾ ਵਰਡਲ ਪ੍ਰੀਮੀਅਰ ਹੋਵੇਗਾ। ਨਵੇਂ ਐਪੀਸੋਡ ਹਰ ਬੁੱਧਵਾਰ ਨੂੰ ਸਟ੍ਰੀਮਿੰਗ ਪਲੈਟਫ਼ਾਰਮ ’ਤੇ ਮੁਫ਼ਤ ਉਪਲਬਧ ਹੋਣਗੇ ਅਤੇ ਹਰ ਬੁੱਧਵਾਰ ਰਾਤੀਂ 9 ਵਜੇ ਪ੍ਰਸਾਰਿਤ ਹੋਣਗੇ। ਅਲੀਜੈਂਸ ਵਿੱਚ ਸਬਰੀਨਾ ਸੋਹਲ ਦੇ ਪਿਤਾ ਮੰਤਰੀ ਅਜੀਤ ਸੋਹਲ ਦਾ ਕਿਰਦਾਰ ਮਸ਼ਹੂਰ ਕੈਨੇਡੀਅਨ ਅਦਾਕਾਰ ਸਟੀਫ਼ਨ ਲੋਬੋ ਨੇ ਨਿਭਾਇਆ ਹੈ। ਲੇਖਿਕਾ ਅਨਾਰ ਅਲੀ ਨੇ ਅਲੀਜੈਂਸ ਦੀ ਕਹਾਣੀ ਲਿਖੀ ਹੈ। ਇਸ ਤੋਂ ਇਲਾਵਾ ਇਸ ਸੀਰੀਜ਼ ਵਿੱਚ ਐਨਰਿਕੋ ਕੋਲਨਟੋਨੀ, ਐਡੋਲਿਨ ਡਾਰ, ਬ੍ਰਾਇਨ ਮਾਰਕਿਨਸਨ, ਮਾਰਕ ਐਲਿਸ ਅਤੇ ਡੇਵਿਡ ਕਿਊਬਿਟ ਵਰਗੇ ਨਾਮੀ ਕੈਨੇਡੀਅਨ ਐਕਟਰ ਵੀ ਨਜ਼ਰ ਆਉਣਗੇ। ਅਲੀਜੈਂਸ ਨੂੰ ਸੀਬੀਸੀ ਨੇ ਲਾਰਕ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣਾਇਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4706)
(ਸਰੋਕਾਰ ਨਾਲ ਸੰਪਰਕ ਲਈ: (