“ਪੁੱਤ ਸਰਕਾਰੀ ਨੌਕਰ ਤਾਂ 58 ’ਤੇ ਰਿਟਾਇਰ ਹੋ ਜਾਂਦਾ ਹੈ, ਮੈਂ ਤਾਂ ਅੱਸੀਆਂ ਲਾਗੇ ਢੁੱਕ ਚੁੱਕਾਂ ਤੇ ਹੋਰ ਕਦੋਂ ਤਕ ...”
(21 ਫਰਵਰੀ 2022)
ਇਸ ਸਮੇਂ ਮਹਿਮਾਨ: 140.
ਸਾਡੇ ਵੱਡੇ ਵਡੇਰੇ ਦੇਸ਼ ਦੀ ਵੰਡ ਮਗਰੋਂ 1947 ਵਿੱਚ ਰੋਪੜ ਆ ਵਸੇ ਸਨ। ਮੇਰੇ ਦਾਦਾ ਜੀ ਸਿੱਧੇ ਸਾਦੇ ਅਤੇ ਮਸਤ ਮੌਲਾ ਸੁਭਾਅ ਦੇ ਹੋਣ ਕਰਕੇ ਇਲਾਕੇ ਦੇ ਲੋਕ ਉਨ੍ਹਾਂ ਨੂੰ ਸਤਿਕਾਰ ਵਜੋਂ ‘ਭਗਤ ਜੀ’ ਕਹਿ ਕੇ ਬੁਲਾਉਂਦੇ ਸਨ। ਇੱਥੇ ਵਸਣ ਮਗਰੋਂ ਉਨ੍ਹਾਂ ਨੇ ਲਗਭਗ 40 ਸਾਲ ਬੇਕਰੀ ਦੀ ਦੁਕਾਨ ਕੀਤੀ। ਬੇਫਿਕਰੀ ਦਾ ਆਲਮ ਇਸ ਹੱਦ ਤਕ ਸੀ ਕਿ ਉਨ੍ਹਾਂ ਨੇ 78 ਸਾਲ ਦੀ ਉਮਰ ਵਿੱਚ ਕੰਮ ਛੱਡ ਕੇ ਦੁਕਾਨ ਦੀਆਂ ਕੁੰਜੀਆਂ ਆਪਣੇ ਪੁਰਾਣੇ ਤੇ ਵਫਾਦਾਰ ਨੌਕਰ ਹੱਥ ਫੜਾਉਂਦਿਆਂ 50 ਪ੍ਰਤੀਸ਼ਤ ਦੀ ਭਾਈਵਾਲੀ ਪਾ ਲਈ।
ਦਾਦਾ ਜੀ ਦੇ ਇਸ ਇਕਤਰਫਾ ਤੇ ਬੇਬਾਕ ਫੈਸਲੇ ਕਾਰਨ ਮੇਰੇ ਪਿਤਾ ਜੀ, ਜੋ ਕਿ ਸਰਕਾਰੀ ਨੌਕਰੀ ਕਰਦੇ ਸਨ, ਬਹੁਤ ਖਫ਼ਾ ਹੋਏ। ਉਨ੍ਹਾਂ ਦਾਦਾ ਜੀ ਨੂੰ ਪੁੱਛਿਆ, “ਭਾਪਾ ਜੀ, ਤੁਸਾਂ ਬਿਨਾਂ ਪੁੱਛੇ ਇਹ ਕੀ ਕੀਤਾ ਹੈ? ਘੱਟੋ-ਘੱਟ ਸਾਡੇ ਨਾਲ ਸਲਾਹ-ਮਸ਼ਵਰਾ ਤਾਂ ਕਰਦੇ।”
ਦਾਦਾ ਜੀ ਨੇ ਪਿਤਾ ਜੀ ਨੂੰ ਇੱਕ ਟੁੱਕ ਜਵਾਬ ਦਿੰਦਿਆਂ ਆਖਿਆ, “ਪੁੱਤ ਸਰਕਾਰੀ ਨੌਕਰ ਤਾਂ 58 ’ਤੇ ਰਿਟਾਇਰ ਹੋ ਜਾਂਦਾ ਹੈ, ਮੈਂ ਤਾਂ ਅੱਸੀਆਂ ਲਾਗੇ ਢੁੱਕ ਚੁੱਕਾਂ ਤੇ ਹੋਰ ਕਦੋਂ ਤਕ ਬੁੱਢੀਆਂ ਹੱਡੀਆਂ ਨਾਲ ਢੰਡ ਪਿੱਟਦਾ ਰਹਿੰਦਾ? ... ਕਾਕਾ ਬੰਦਾ ਤਾਂ ਕਦੇ ਰੱਜਦਾ ਹੀ ਨਹੀਂ।” ਇਹ ਸੁਣ ਕੇ ਪਿਤਾ ਜੀ ਨੇ ਦਾਦਾ ਜੀ ਵੱਲੋਂ ਲਏ ਫੈਸਲੇ ਨੂੰ ਰੱਬ ਦੀ ਰਜ਼ਾ ਮੰਨਦਿਆਂ ਕਬੂਲ ਲਿਆ।
ਇਸ ਮਗਰੋਂ ਦਾਦਾ ਜੀ ਕੋਲ ਸਿਰਫ ਦੋ ਕੰਮ ਰਹਿ ਗਏ। ਸਵੇਰੇ ਤੇ ਸ਼ਾਮ ਗੁਰਦੁਆਰੇ ਜਾਣਾ, ਪਾਠ ਕਰਨਾ ਅਤੇ ਗਾਹੇ ਬਗਾਹੇ ਦਾਦੀ ਨੂੰ ਬਾਜ਼ਾਰੋਂ ਲੋੜ ਪੈਣ ’ਤੇ ਸਬਜ਼ੀ ਭਾਜੀ ਲਿਆ ਦੇਣੀ ਤਾਂ ਜੋ ਟੱਬਰ ਦਾ ਚੁੱਲ੍ਹਾ ਬਲਦਾ ਰਹੇ। ਉਸ ਵੇਲੇ ਮੈਂ ਤੇ ਮੇਰੀ ਛੋਟੀ ਭੈਣ ਵੀ ਉਨ੍ਹਾਂ ਕੋਲ ਰਹਿ ਕੇ ਕਾਲਜ ਵਿੱਚ ਆਪੋ-ਆਪਣੀ ਪੜ੍ਹਾਈ ਕਰ ਰਹੇ ਸਾਂ। ਨੌਕਰ ਹਰ ਮਹੀਨੇ ਪਹਿਲੀ ਨੂੰ ਦੁਕਾਨ ਤੋਂ ਹੋਈ ਵਟਕ ਵਿੱਚੋਂ ਅੱਧੇ ਪੈਸੇ ਦਾਦਾ ਜੀ ਨੂੰ ਨੇਮ ਨਾਲ ਫੜਾ ਜਾਂਦਾ, ਜਿਸ ਨੂੰ ਉਹ ਬੜੇ ਮਾਣ ਨਾਲ ਆਪਣੀ ਪੈਨਸ਼ਨ ਸਮਝਦੇ ਸਨ। ਮੇਰਾ ਚਾਚਾ, ਜੋ ਉਸ ਵੇਲੇ ਮੇਰਠ ਵਿਖੇ ਇੱਕ ਮਸ਼ਹੂਰ ਟਾਇਰ ਫੈਕਟਰੀ ਵਿੱਚ ਇੰਜਨੀਅਰ ਸੀ ਅਤੇ ਰੱਜਦਾ ਪੁੱਜਦਾ ਹੋਣ ਸਦਕਾ ਉਹ ਵੀ ਦਾਦਾ ਜੀ ਨੂੰ ਹਰ ਮਹੀਨੇ ਦੁਕਾਨ ਤੋਂ ਆਉਣ ਵਾਲੀ ਆਮਦਨ ਤੋਂ ਇਲਾਵਾ 15 ਪੌ ਰੁਪਏ ਮਨੀ ਆਰਡਰ ਕਰਵਾ ਦਿੰਦਾ ਸੀ। ਇਸ ਤੋਂ ਇਲਾਵਾ ਦਾਦਾ ਜੀ ਨੇ ਕੜੀ ਮਿਹਨਤ ਨਾਲ ਜੋੜੀ ਜ਼ਿੰਦਗੀ ਭਰ ਦੀ ਪੂੰਜੀ ਸ਼ਹਿਰ ਦੇ ਦੋ ਨਾਮੀ ਫਾਇਨਾਂਸਰਾਂ ਕੋਲ 1500 ਰੁਪਏ ਬਿਆਜ ’ਤੇ ਜਮ੍ਹਾਂ ਕਰਾਈ ਹੋਈ ਸੀ, ਜਿਨ੍ਹਾਂ ਨੂੰ ਉਹ ਪਿਛਲੇ 50 ਸਾਲਾਂ ਤੋਂ ਚੰਗੀ ਤਰ੍ਹਾਂ ਜਾਣਦੇ ਸਨ। ਇਨ੍ਹਾਂ ਵਿੱਚੋਂ ਇੱਕ ਬਾਣੀਆ ਤੇ ਦੂਜਾ ਸਿੱਖ ਟਰਾਂਸਪੋਰਟਰ ਸੀ ਅਤੇ ਦੋਵੇਂ ਹੀ ਦਾਦਾ ਜੀ ਦਾ ਬਹੁਤ ਇੱਜ਼ਤ ਮਾਣ ਕਰਦੇ ਸਨ।
ਉਨ੍ਹਾਂ ਭਲੇ ਵੇਲਿਆਂ ਵਿੱਚ ਥੋੜ੍ਹੇ ਪੈਸਿਆਂ ਵਿੱਚ ਹੀ ਸੌਖਾ ਗੁਜ਼ਾਰਾ ਹੋ ਜਾਂਦਾ ਸੀ। ਦਾਦਾ ਜੀ ਹਮੇਸ਼ਾ ਰੱਬ ਦੀ ਰਜ਼ਾ ਵਿੱਚ ਰਹਿੰਦਿਆਂ ਇਹੀ ਕਹਿੰਦੇ, “ਮਾਲਕਾ ਲੋੜਾਂ ਪੂਰੀਆਂ ਕਰਦਾ ਰਹੀਂ, ਖਾਹਿਸ਼ਾਂ ਦਾ ਤਾਂ ਕੋਈ ਅੰਤ ਨਹੀਂ।” ਇਸੇ ਸੋਚ ਕਾਰਨ ਉਨ੍ਹਾਂ ਨੇ ਰਹਿੰਦੀ ਜ਼ਿੰਦਗੀ ਤਕ ਬਿਨਾ ਤੰਗੀ-ਤੁਰਸ਼ੀ ਵੇਖਿਆਂ ਅਤੇ ਕਿਸੇ ਤੋਂ ਉਧਾਰ ਲਏ ਬਗੈਰ ਆਪਣੇ ਨਿਗੂਣੇ ਵਸੀਲਿਆਂ ਵਿੱਚ ਹੀ ਰੱਬ ਦਾ ਸ਼ੁਕਰਾਨਾ ਕਰਦਿਆਂ ਭਰਪੂਰ ਆਨੰਦ ਮਾਣਿਆ। ਇੱਕ ਦਿਨ ਮੇਰੀ ਛੋਟੀ ਭੈਣ, ਜਿਸ ਨੂੰ ਦਾਦਾ ਜੀ ਬਹੁਤ ਪਿਆਰ ਕਰਦੇ ਸਨ, ਕਹਿਣ ਲੱਗੀ ਭਾਪਾ ਜੀ ਸਾਡਾ ਮਕਾਨ ਬਹੁਤ ਪੁਰਾਣਾ ਹੈ ਅਤੇ ਇਸ ਵਿੱਚ ਫਲੱਸ਼ ਤੇ ਦੋ ਕਮਰੇ ਹੋਰ ਪੁਆ ਦਿਓ ਤਾਂ ਜੋ ਇਸਦੀ ਦਿੱਖ ਸੋਹਣੀ ਲੱਗੇ। ਉਨ੍ਹਾਂ ਬਿਨਾਂ ਨਾਂਹ ਨੁੱਕਰ ਕਰਿਆਂ ਮੈਂਨੂੰ ਸੱਦ ਕੇ ਕਿਹਾ, ਕਾਕਾ ਕੱਲ੍ਹ ਸਵੇਰੇ ਦੋਵਾਂ ਫਾਇਨਾਂਸਰਾਂ ਕੋਲੋਂ 25-25 ਹਜ਼ਾਰ ਲਿਆ ਕੇ ਸੰਤੋਖ ਮਿਸਤਰੀ ਨੂੰ ਉਸਾਰੀ ਦਾ ਕੰਮ ਠੇਕੇ ’ਤੇ ਦੇ ਦਿਓ। ਮੈਂ ਅਗਲੀ ਸਵੇਰ ਹੀ ਦਾਦਾ ਜੀ ਨੂੰ ਪਹਿਲਾਂ ਸਰਦਾਰ ਸਾਹਿਬ ਕੋਲੋਂ 25 ਹਜ਼ਾਰ ਕਢਵਾਉਣ ਲਈ ਲੈ ਗਿਆ ਜਿਸ ਨੇ ਬਿਨਾਂ ਹੀਲ ਹੁੱਜਤ ਕਰਦਿਆਂ ਮੰਗੀ ਰਕਮ ਤੁਰੰਤ ਦੇ ਦਿੱਤੀ। ਮਗਰੋਂ ਸੇਠ ਦੇ ਦਫਤਰ 25 ਹਜ਼ਾਰ ਹੋਰ ਲੈਣ ਲਈ ਉਸ ਨੂੰ ਬੇਨਤੀ ਕੀਤੀ ਤੇ ਉਸ ਨੇ ਆਪਣਾ ਵਹੀ ਖਾਤਾ ਚੈੱਕ ਕਰ ਕੇ ਕਿਹਾ, “ਭਗਤ ਜੀ ਬੁਰਾ ਨਾ ਮੰਨਿਓਂ, ਪਿਛਲੇ ਮਹੀਨੇ ਤੁਸੀਂ ਕਿਸੇ ਜ਼ਰੂਰੀ ਕੰਮ ਕਰਕੇ ਪਹਿਲੀ ਦੀ ਬਜਾਏ 29 ਤਰੀਕ ਨੂੰ ਗਲਤੀ ਨਾਲ ਪੂਰਾ ਬਣਦਾ ਬਿਆਜ ਲੈ ਗਏ ਸੋ, ਜਦੋਂ ਕਿ ਅਸਲ ਵਿੱਚ 750 ਦੀ ਬਜਾਏ 733 ਰੁਪਏ ਬਣਦੇ ਸਨ।”
ਇਸ ਸੁਣ ਕੇ ਦਾਦਾ ਜੀ ਨੂੰ ਡਾਢਾ ਗੁੱਸਾ ਆਇਆ ਪ੍ਰੰਤੂ ਉਨ੍ਹਾਂ ਜ਼ਾਬਤੇ ਵਿੱਚ ਰਹਿੰਦਿਆਂ ਕਿਹਾ, “ਸ਼ਾਹ ਜੀ, ਕੋਈ ਗੱਲ ਨਹੀਂ, ਤੁਸੀਂ ਮੇਰੇ ਵੱਲ ਬਣਦੇ ਆਪਣੇ 17 ਰੁਪਏ ਕੱਟ ਲਵੋ ਅਤੇ ਹੁਣ ਤਕ ਦੀ ਤੁਹਾਡੇ ਕੋਲ ਮੇਰੀ ਸਾਰੀ ਜਮ੍ਹਾਂ ਪੂੰਜੀ ਮੋੜ ਦਿਓ ਤੇ ਮੇਰਾ ਖਾਤਾ ਤੁਰੰਤ ਬੰਦ ਕਰ ਦਿਓ।” ਇਹ ਸੁਣ ਕੇ ਸੇਠ ਹੱਕਾਬੱਕਾ ਰਹਿ ਗਿਆ ਤੇ ਆਖਣ ਲੱਗਾ, “ਭਗਤ ਜੀ, ਮੈਥੋਂ ਕੋਈ ਭੁੱਲ ਹੋ ਗਈ, ਜਾਣ ਦਿਓ ਗੁੱਸਾ। ਸਾਡੇ ਪਰਿਵਾਰ ਦੇ ਤਾਂ ਪਿਛਲੇ 50 ਸਾਲਾਂ ਤੋਂ ਮੇਰੇ ਲਾਲਾ ਜੀ ਦੇ ਸਮੇਂ ਤੋਂ ਤੁਹਾਡੇ ਨਾਲ ਬਹੁਤ ਸੁਖਾਵੇਂ ਸਬੰਧ ਰਹੇ ਹਨ। ਪੈਸਾ ਕੀ ਚੀਜ਼ ਹੈ, ਇਹ ਤਾਂ ਹੱਥਾਂ ਦੀ ਮੈਲ ਹੈ। ਅੱਜ ਆਇਆ ਕੱਲ੍ਹ ਗਿਆ। ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਤੇ ਆਪਣਾ ਤਾਂ ਚਿਰਾਂ ਤੋਂ ਨਹੁੰ ਮਾਸ ਦਾ ਰਿਸ਼ਤੈ। ਜਾਣ ਦਿਓ ਕਿਸੇ ਕਿਸਮ ਦਾ ਗਿਲਾ ਸ਼ਿਕਵਾ।”
ਦਾਦਾ ਜੀ ਆਪਣੀ ਸੋਟੀ ਤੇ ਪੈਸੇ ਸਮੇਟਦਿਆਂ ਭੋਲੇ ਭਾਅ ਬੋਲੇ, “ਸੇਠ ਜੀ, ਕੋਈ ਬਾਤ ਨਹੀਂ, ਦੋ ਪੈਸੇ ਕੀ ਹੰਡੀਆ ਗਈ ਬੰਦੇ ਕੀ ਜਾਤ ਪਛਾਤੀ ਗਈ।” ਇਨ੍ਹਾਂ ਕਹਿ ਕੇ ਮੇਰਾ ਸਹਾਰਾ ਲੈਂਦਿਆਂ ਦਾਦਾ ਜੀ ਸੇਠ ਦੇ ਦਫਤਰੋਂ ਬਾਹਰ ਨਿਕਲ ਕੇ ਘਰ ਵੱਲ ਹੋ ਤੁਰੇ।
ਮੈਂ ਸਾਰੇ ਰਾਹ ਮਨੋ-ਮਨ ਇਹੀ ਸੋਚਦਾ ਰਿਹਾ ਕਿ ਇਹ ਨਿਰਮਲ ਤੇ ਸ਼ਾਂਤ ਸੁਭਾਅ ਵਾਲਾ ਇਨਸਾਨ, ਜਿਸ ਨੇ ਕਦੇ ਵੀ ਕਿਸੇ ਨੂੰ ਇੱਕ ਲਫਜ਼ ਵੀ ਕੌੜਾ ਨਹੀਂ ਸੀ ਬੋਲਿਆ ਆਖਰ ਇੰਨੀ ਵੱਡੀ ਗੱਲ ਕਿਵੇਂ ਕਹਿ ਗਿਆ। ਲਾਜ਼ਮੀ ਉਨ੍ਹਾਂ ਦੇ ਮਨ ਨੂੰ ਸੇਠ ਦੀ ਮਾਇਆਧਾਰੀ ਸੋਚ ਨੇ ਡੂੰਘੀ ਸੱਟ ਮਾਰੀ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3380)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)