OpinderSLamba7ਸਪਸ਼ਟ ਤੌਰ ’ਤੇ ਲਿਖ ਭੇਜਿਆ ਕਿ ਅੱਗੇ ਤੋਂ ਦਫਤਰੀ ਪੱਤਰ ਵਿਹਾਰ ਵਿੱਚ ਮੇਰੇ ਨਾਂ ਨਾਲ ਡਾਕਟਰ ਉਚੇਚੇ ਤੌਰ ’ਤੇ ...
(31 ਦਸੰਬਰ 2021)

 

ਮੇਰੇ ਮਨ ਵਿੱਚ ਪੀਐੱਚ.ਡੀ. ਕਰਨ ਦੀ ਚਿਰਾਂ ਤੋਂ ਤਾਂਘ ਸੀ, ਹਾਲਾਂਕਿ ਮੈਂਨੂੰ ਇਹ ਭਲੀ ਭਾਂਤ ਪਤਾ ਸੀ ਕਿ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰਦਿਆਂ ਇਹ ਸਭ ਕੁਝ ਕਰਨਾ ਮੇਰੇ ਲਈ ਖਾਲ਼ਾ ਜੀ ਦਾ ਵਾੜਾ ਨਹੀਂ। ਮਹਿਕਮੇ ਦੇ ਕੰਮਕਾਜ ਵਿੱਚ ਦਰਪੇਸ਼ ਦੁਸ਼ਵਾਰੀਆਂ ਤੇ ਚੁਣੌਤੀਆਂ ਨਾਲ ਜੂਝਦਿਆਂ ਪੜ੍ਹਾਈ ਲਈ ਮਾੜਾ ਮੋਟਾ ਸਮਾਂ ਕੱਢਣਾ ਵੀ ਬਹੁਤ ਔਖਾ ਸੀ। ਮੈਂਨੂੰ ਇਹ ਵੀ ਪਤਾ ਸੀ ਕਿ ਇਹ ਡਿਗਰੀ ਹਾਸਿਲ ਕਰਨ ਨਾਲ ਮੇਰੇ ਨਾਂ ਅੱਗੇ ਡਾਕਟਰ ਜੁੜਨ ਤੋਂ ਇਲਾਵਾ ਮੈਂਨੂੰ ਨੌਕਰੀ ਵਿੱਚ ਇਸਦਾ ਕੋਈ ਬਹੁਤਾ ਲੰਮਾ ਚੌੜਾ ਫਾਇਦਾ ਨਹੀਂ ਹੋਣਾ ਸਿਵਾਏ ਫੋਕੀ ਟੌਹਰ ਦੇ। ਮੇਰੇ ਮਹਿਕਮੇ ਵਿੱਚ ਪਹਿਲਾਂ ਹੀ 4-5 ਸਾਥੀਆਂ ਨੇ ਡਾਕਟਰੇਟ ਕੀਤੀ ਹੋਈ ਸੀ ਜਿੰਨਾ ਵਿੱਚੋਂ ਸਭ ਤੋਂ ਪੁਰਾਣਾ ਮੇਰਾ ਇੱਕ ਸਾਥੀ ਮੇਰੇ ਨਾਲ ਹੀ ਮਹਿਕਮੇ ਵਿੱਚ ਭਰਤੀ ਹੋਇਆ ਸੀਉਸ ਨੂੰ ਸਤਿਕਾਰ ਵਜੋਂ ਸਾਰੇ ਡਾਕਟਰ ਸਾਹਬ ਕਹਿ ਕੇ ਸੰਬੋਧਨ ਕਰਦੇ ਸਨ। ਉਸ ਨੂੰ ਮਹਿਕਮੇ ਵਿੱਚ ਮਿਲਦੇ ਮਾਣ-ਸਨਮਾਨ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਪੀਐੱਚ.ਡੀ. ਕਰਨ ਦਾ ਪੱਕਾ ਮਨ ਬਣਾ ਲਿਆ। ਬੱਸ ਇਹ ਕਹਿ ਲਓ ਕਿ ਇੱਥੋਂ ਮੇਰਾ ਡਾਕਟਰੇਟ ਕਰਨ ਦਾ ਸਫ਼ਰ ਸ਼ੁਰੂ ਹੋਇਆ।

ਉਨ੍ਹੀਂ ਦਿਨੀਂ ਮੇਰਾ ਇੱਕ ਹੋਰ ਮਿੱਤਰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਨੌਕਰੀ ਕਰ ਰਿਹਾ ਸੀ। ਅਪਰੈਲ 2009 ਦੀ ਇੱਕ ਦੁਪਹਿਰ ਨੂੰ ਉਸ ਦਾ ਦਫਤਰ ਵਿੱਚ ਅਚਾਨਕ ਫੋਨ ਆਇਆ ਤੇ ਉਹ ਕਹਿਣ ਲੱਗਾ, “ਬਈ, ਜੇ ਪੀਐੱਚ.ਡੀ. ਕਰਨੀ ਹੈ ਤਾਂ ਭਲਕੇ ਸਵਖਤੇ ਹੀ ਪੁੱਜ ਕੇ ਆਪਣੀ ਰਜ਼ਿਸਟ੍ਰੇਸ਼ਨ ਕਰਵਾ ਲੈ, ਨਹੀਂ ਤਾਂ ਇਸ ਮਗਰੋਂ ਯੂ.ਜੀ.ਸੀ. ਦੀਆਂ ਨਵੀਂਆਂ ਸ਼ਰਤਾਂ ਮੁਤਾਬਿਕ ਦਾਖਲਾ ਬੜਾ ਔਖਾ ਹੋ ਜਾਣਾ ਹੈ ਕਿਉਂਜੋ ਅਗਲੇ ਸਾਲ ਤੋਂ ਪੀਐੱਚ.ਡੀ. ਲਈ ਪ੍ਰਵੇਸ਼ ਪ੍ਰੀਖਿਆ ਲਾਜ਼ਮੀ ਕਰ ਦਿੱਤੀ ਗਈ ਹੈ ਤੇ ਨਾਲ ਹੀ 6 ਮਹੀਨੇ ਦਾ ਕੋਰਸ।”

ਮੈਂ ਸੋਚਿਆ ਜੇ ਇੰਝ ਹੋਇਆ ਤਾਂ ਆਪਾਂ ਤਾਂ ਹਮੇਸ਼ਾ ਲਈ ਪੀਐੱਚ.ਡੀ. ਕਰਨ ਤੋਂ ਵਾਂਝੇ ਰਹਿ ਜਾਵਾਂਗੇ। ਮੈਂ ਅਗਲੀ ਸਵੇਰ ਤੜਕੇ ਹੀ ਬੱਸ ਫੜ ਕੇ ਪਟਿਆਲੇ ਵੱਲ ਰਵਾਨਾ ਹੋ ਗਿਆਯੂਨੀਵਰਸਿਟੀ ਵਿੱਚ ਮਿੱਤਰ ਕੋਲ ਪੁੱਜ ਕੇ ਪਹਿਲਾਂ ਫਾਰਮ ਭਰਿਆ ਤੇ ਫਿਰ ਇਸ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਨੱਥੀ ਕਰ ਕੇ ਯੂਨੀਵਰਸਿਟੀ ’ਚ ਜਮ੍ਹਾਂ ਕਰਵਾ ਦਿੱਤੇ ਤੇ ਵਾਪਸ ਪਰਤ ਆਇਆ।

ਅਗਲੇ ਹੀ ਦਿਨ ਮਿੱਤਰ ਨੇ ਫੋਨ ’ਤੇ ਦੱਸਿਆ,ਬਾਈ ਜੀ, ਬਹੁਤ-ਬਹੁਤ ਮੁਬਾਰਕਾਂ! ਪੀਐੱਚ.ਡੀ. ਵਿੱਚ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਐ।” ਬੱਸ ਫਿਰ ਕੀ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਦਿਲੋ-ਦਿਲ ਇਹੀ ਸੋਚੀ ਜਾਵਾਂ ਕਿ ਮੈਂ 4-5 ਸਾਲਾਂ ਵਿੱਚ ਆਪਣੇ ਆਪ ਨੂੰ ਡਾਕਟਰ ਅਖਵਾਉਣ ਦੇ ਕਾਬਿਲ ਹੋ ਜਾਵਾਂਗਾ।

ਪਹਿਲੇ ਪੰਜ ਸਾਲ ਮੈਂ ਪੀਐੱਚ.ਡੀ. ਦੇ ਹੋਏ ਦਾਖਲੇ ਦੇ ਚਾਅ-ਚਾਅ ਵਿੱਚ ਬਿਨਾਂ ਸੰਜੀਦਗੀ ਨਾਲ ਕੰਮਕਾਜ ਕੀਤਿਆਂ ਐਵੇਂ ਹੀ ਲੰਘਾ ਦਿੱਤੇ। ਉਸ ਤੋਂ ਬਾਅਦ ਸਮਾਂ ਵਧਾਉਣ ਲਈ ਤਿੰਨ ਵਾਰ ਮੋਹਲਤ ਲਈ ਅਤੇ ਆਪਣਾ ਥੀਸਿਸ ਤੀਜੇ ਵਾਧੇ ਦੇ ਆਖਰੀ ਮਹੀਨੇ ਦੇ ਅਖੀਰਲੇ ਦਿਨ ਜਮ੍ਹਾਂ ਕਰਵਾ ਕੇ ਆਪਣੇ ਆਪ ਨੂੰ ਗੰਗਾ ਨਹਾਉਣ ਦੇ ਤੁੱਲ ਸਮਝਿਆ। ਥੀਸਿਸ ਮੁਕੰਮਲ ਕਰਨ ਤੋਂ ਪਹਿਲਾਂ ਮੈਂ ਦਫਤਰੋਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਪਣੇ ਗਾਈਡ ਪ੍ਰੋਫੈਸਰ ਨਵਜੀਤ ਜੌਹਲ ਦੀ ਦੇਖ-ਰੇਖ ਵਿੱਚ ਇਹ ਕੰਮ ਔਖੇ-ਸੌਖੇ ਨੇਪਰੇ ਚਾੜ੍ਹਦਿਆਂ ਇੱਕ ਵੱਡੀ ਮੱਲ ਮਾਰੀ। ਉਨ੍ਹੀਂ ਦਿਨੀਂ ਪ੍ਰੋਫੈਸਰ ਸਾਹਿਬ ਵੀ ਆਪਣੇ ਅਗਾਊਂ ਮਿੱਥੇ ਪ੍ਰੋਗਰਾਮ ਕਾਰਨ ਕਿਸੇ ਰਿਸ਼ਤੇਦਾਰੀ ’ਚ ਵਿਆਹ ਲਈ ਇੱਕ ਮਹੀਨੇ ਦੀ ਛੁੱਟੀ ਲੈ ਕੇ ਵਲੈਤ ਉਡਾਰੀ ਮਾਰ ਗਏ। ਖੈਰ, ਜਾਣ ਤੋਂ ਪਹਿਲੋਂ ਉਹਨਾਂ ਵੱਲੋਂ ਥੀਸਿਸ ਜਮ੍ਹਾਂ ਕਰਵਾਉਣ ਲਈ ਲੋੜੀਂਦੀ ਸਾਰੀ ਕਾਰਵਾਈ ਪੂਰੀ ਕਰਵਾ ਦਿੱਤੀ ਗਈ ਸੀ ਤਾਂ ਕਿ ਮੈਂਨੂੰ ਮਗਰੋਂ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

ਮੇਰੇ ਮਨ ਵਿੱਚ ਪੀਐੱਚ.ਡੀ. ਦੀ ਡਿਗਰੀ, ਰਸਮੀ ਅਕਾਦਮਿਕ ਗਾਊਨ ਤੇ ਉਹ ਵੀ ਕਿਸੇ ਪ੍ਰਮੁੱਖ ਹਸਤੀ ਦੇ ਹੱਥੋਂ ਹਾਸਿਲ ਕਰਨ ਦੀ ਬੜੀ ਰੀਝ ਸੀ। ਪ੍ਰੰਤੂ ਮੇਰਾ ਇਹ ਸੁਪਨਾ ਉਦੋਂ ਵਿਚਾਲੇ ਹੀ ਟੁੱਟ ਗਿਆ ਜਦੋਂ ਯੂਨੀਵਰਸਿਟੀ ਨੇ ਮੇਰੀ ਪੀਐੱਚ.ਡੀ. ਦੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਕਾਨਵੋਕੇਸ਼ਨ ਨਹੀਂ ਕਰਵਾਈ ਤੇ ਫਿਰ ਕਰੋਨਾ ਮਹਾਂਮਾਰੀ ਕਾਰਨ ਕਾਨਵੋਕੇਸ਼ਨ ਵੈਸੇ ਹੀ ਲੱਗੀਆਂ ਪਾਬੰਦੀਆਂ ਸਦਕਾ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਗਈ।

ਆਖਰ ਮਾਯੂਸ ਹੋਏ ਨੇ ਮੈਂ ਯੂਨੀਵਰਸਿਟੀ ਵਿੱਚ 1500 ਰੁਪਏ ਦੀ ਫੀਸ ਭਰ ਕੇ ਡਾਕ ਰਾਹੀਂ ਡਿਗਰੀ ਮੰਗਵਾਉਣ ਦਾ ਫੈਸਲਾ ਕਰ ਲਿਆ ਤੇ ਕਾਨਵੋਕੇਸ਼ਨ ਵਿੱਚ ਡਿਗਰੀ ਹਾਸਿਲ ਕਰਨ ਦੀ ਖਾਹਿਸ਼ ਸਦਾ ਲਈ ਮਨ ਵਿੱਚ ਹੀ ਦੱਬੀ ਰਹਿ ਗਈ। ਮੈਂ ਦਫਤਰ ਦੇ ਬੂਹੇ ’ਤੇ ਆਪਣੇ ਨਾਂ ਦੀ ਤਖ਼ਤੀ ’ਤੇ ਡਾਕਟਰ ਤਾਂ ਲਿਖਵਾ ਲਿਆ ਅਤੇ ਕਈ ਵਾਰ ਆਪਣੀ ਪਹਿਚਾਣ ਕਰਵਾਉਂਦੇ ਸਮੇਂ ‘ਡਾਕਟਰ’ ਸ਼ਬਦ ਜ਼ੋਰ ਦੇ ਕੇ ਵੀ ਕਹਿੰਦਾ ਰਿਹਾ ਪਰ ਮੈਂਨੂੰ ਕੋਈ ਟਾਵਾਂ-ਟੱਲਾ ਹੀ ’ਡਾਕਟਰ’ ਕਹਿ ਕੇ ਬੁਲਾਉਂਦਾ ਜਦੋਂ ਕਿ ਮੇਰੇ ਹਮਰੁਤਬਾ ਸਾਥੀ ਨੂੰ ਦਫਤਰ ਤਾਂ ਕੀ ਬਾਹਰ ਵੀ ਦੂਰ-ਦੁਰਾਡੇ ਤਕ ਲੋਕ ਡਾਕਟਰ ਸਾਹਬ ਹੀ ਸੱਦਦੇ ਸਨ, ਭਾਵੇਂ ਉਨ੍ਹਾਂ ਨੂੰ ਉਸ ਦਾ ਅਸਲ ਨਾਂ ਪਤਾ ਹੋਵੇ ਜਾਂ ਨਾ। ਮੈਂ ਆਪਣੇ ਦਫਤਰੀ ਅਮਲੇ ਨੂੰ ਡਾਕਟਰੇਟ ਦੇ ਜਾਰੀ ਹੋਏ ਨੋਟੀਫਿਕੇਸ਼ਨ ਦੀ ਕਾਪੀ ਨਾਲ ਨੱਥੀ ਕਰਦਿਆਂ ਸਪਸ਼ਟ ਤੌਰ ’ਤੇ ਲਿਖ ਭੇਜਿਆ ਕਿ ਅੱਗੇ ਤੋਂ ਦਫਤਰੀ ਪੱਤਰ ਵਿਹਾਰ ਵਿੱਚ ਮੇਰੇ ਨਾਂ ਨਾਲ ਡਾਕਟਰ ਉਚੇਚੇ ਤੌਰ ’ਤੇ ਲਿਖਿਆ ਜਾਵੇ ਪਰ ਕਿਸੇ ਦੇ ਕੰਨ ’ਤੇ ਜੂੰ ਨਾ ਸਰਕੀ।

ਨਿਮੋਝੂਣੇ ਹੋਏ ਨੇ ਇੱਕ ਦਿਨ ਮੈਂ ਆਪਣੇ ਤਾਇਆ ਜੀ, ਜੋ ਹੁਣ ਤਕ ਉਮਰ ਦੇ 85 ਵਰ੍ਹੇ ਪਾਰ ਕਰ ਚੁੱਕੇ ਹਨ ਅਤੇ ਪਟਿਆਲਾ ਦੇ ਮਹਿੰਦਰਾ ਕਾਲਜ ਤੋਂ ਪ੍ਰੋਫੈਸਰ ਰਿਟਾਇਰ ਹੋਏ ਸਨ, ਨੂੰ ਪੁੱਛਿਆ,ਤਾਇਆ ਜੀ, ਮੈਂਨੂੰ ਇੱਕ ਗੱਲ ਦੱਸੋ, ਮੈਂ ਵੀ ਬੜੀ ਮਿਹਨਤ ਤੇ ਸਿਰੜ ਨਾਲ ਪਿਛਲੀ ਉਮਰੇ ਪੀਐੱਚ.ਡੀ. ਦੀ ਪੜ੍ਹਾਈ ਕਰ ਕੇ ਡਿਗਰੀ ਲਈ ਆ, ਪਰ ਹੈਰਾਨੀ ਦੀ ਗੱਲ ਆ ਕਿ ਮੈਂਨੂੰ ਕੋਈ ਵੀ ‘ਡਾਕਟਰ’ ਨਹੀਂ ਸੱਦਦਾ।”

ਇਹ ਸੁਣ ਕੇ ਤਾਇਆ ਜੀ ਕਹਿਣ ਲੱਗੇ,ਕਾਕਾ, ਇਸ ਉਮਰੇ ਤਾਂ ਤੈਨੂੰ ਲੋਕ ਉਸੇ ਨਾਂ ਨਾਲ ਹੀ ਬਲਾਉਣਗੇ ਜਿਸ ਨਾਲ ਤੇਰੀ ਚਿਰਾਂ ਤੋਂ ਪਛਾਣ ਬਣੀ ਹੋਈ ...

ਮੈਂ ਉਨ੍ਹਾਂ ਨੂੰ ਵਿੱਚੋਂ ਟੋਕਦਿਆਂ ਕਿਹਾ,ਤਾਇਆ ਜੀ, ਇਹ ਕੀ ਗੱਲ ਹੋਈ? ਸਵਾਰ ਕੇ ਦੱਸੋ, ਮੇਰੇ ਨਾਲ ਹੀ ਇੰਝ ਕਿਉਂ ਹੋ ਰਿਹੈ?”

ਤਾਇਆ ਜੀ ਇੱਕ ਦੁਨਿਆਵੀ ਉਦਾਹਰਣ ਦੇ ਕੇ ਮੈਂਨੂੰ ਸਮਝਾਉਣ ਲੱਗੇ, “ਦੇਖ ਪੁੱਤ, ਜਿਵੇਂ ਸਾਡੇ ਘਰਾਂ ’ਚ ਕੋਈ ਵੀ ਜੀਅ ਜਨਮ ਲੈਂਦਾ ਹੈ ਤਾਂ ਉਸ ਦਾ ਪਹਿਲਾ ਨਾਂ, ਜਿਸ ਨਾਲ ਉਸ ਨੂੰ ਸੱਦਦੇ ਨੇ, ਉਹੀ ਪੱਕ ਜਾਂਦਾ ਹੈ। ਅੱਗੋਂ ਖੁੱਲ੍ਹ ਕੇ ਦੱਸਦਿਆਂ ਉਹ ਕਹਿਣ ਲੱਗੇ,”ਤੇਰੇ ਤਾਰੇ ਚਾਚੇ ਦਾ ਨਾਂ ਤੇਰੇ ਬਾਬੇ ਨੇ ਗੁਰਦੁਆਰੇ ਜਾ ਕੇ ਆਏ ਹੁਕਮਨਾਮੇ ਦੇ ਪਹਿਲੇ ਅੱਖਰ ‘ਅ’ ਤੋਂ ਅਵਤਾਰ ਸਿੰਘ ਰੱਖਿਆ ਸੀ ਪਰ ਸਾਰੇ ਸਾਕ-ਸਬੰਧੀ ਉਸ ਨੂੰ ਤਾਰਾ-ਤਾਰਾ ਕਹਿ ਕੇ ਹੀ ਹੁਣ ਤਕ ਸੱਦੀ ਜਾਂਦੇ ਨੇ। ਇੱਥੋਂ ਤਕ ਕਿ ਦਫਤਰ ਵਿੱਚ ਵੀ ਉਸ ਦੇ ਸਾਥੀ ਤਾਂ ਕੀ, ਉਸ ਦੇ ਅਫਸਰ ਵੀ ਤਾਰਾ ਕਹਿ ਕੇ ਬੁਲਾਉਂਦੇ ਨੇ। ਹੁਣ ਤੂੰ ਦੱਸ 55 ਵਰ੍ਹਿਆਂ ਨੂੰ ਢੁੱਕੇ ਨੂੰ ਤੈਨੂੰ ਕਿਹੜਾ ਡਾਕਟਰ ਆਖੂ? ... ਕਾਕਾ! ਇਹੀ ਕਾਰਨ ਹੈ ਜਿਹੜੇ ਮੁੱਢੋਂ ਪੀਐੱਚ.ਡੀ. ਕਰ ਕੇ ਤੇਰੇ ਮਹਿਕਮੇ ਵਿੱਚ ਨੌਕਰੀ ਲੱਗੇ ਨੇ ਉਨ੍ਹਾਂ ਨੂੰ ਹੀ ਲੋਕ ਡਾਕਟਰ ਸੱਦਦੇ ਨੇ। ਬੰਦੇ ਦੀ ਅਸਲ ਪਛਾਣ ਤਾਂ ਉਸ ਦੇ ਕੰਮ ਤੇ ਵਿਵਹਾਰ ਤੋਂ ਹੀ ਹੁੰਦੀ ਐ, ਨਾਂ ਤੋਂ ਨਹੀਂ ...।”

ਤਾਇਆ ਜੀ ਵੱਲੋਂ ਪੂਰੀ ਸ਼ਿੱਦਤ ਨਾਲ ਦਿੱਤੇ ਬਾ-ਕਮਾਲ ਤਰਕ ਨੇ ਮੈਂਨੂੰ ਨਿਰਉੱਤਰ ਕਰ ਦਿੱਤਾਮੈਂ ਉਸ ਦਿਨ ਤੋਂ ਰੱਬ ਦਾ ਭਾਣਾ ਮੰਨਦਿਆਂ ਇਹੀ ਸੋਚਿਆ, “ਕੋਈ ਡਾਕਟਰ ਕਹੇ ਜਾਂ ਨਾ ਕਹੇ, ਕੀ ਫਰਕ ਪੈਂਦਾ ਹੈ?”
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3242)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author