“ਮੈਂ ਵੀ ਉਧਰੇ ਦਾ, ਬਸ ਰੋਟੀਆਂ ਖਾਤਰੇ ਢਿੱਡ ਨੂੰ ਝੁਲਕਾ ਦੇਣ ਇਧਰੀਂ ਆ ਗਿਆ ...”
(20 ਜਨਵਰੀ 2022)
(ਇੱਕ ਜ਼ਰੂਰੀ ਖ਼ਬਰ ਹੇਠਾਂ ਪੜ੍ਹੋ)
ਹਰੇਕ ਸ਼ਖਸ ਨੂੰ ਆਪਣੀ ਬੋਲੀ, ਇਲਾਕੇ ਤੇ ਸੱਭਿਆਚਾਰ ਨਾਲ ਬੇਪਨਾਹ ਮੋਹ ਹੁੰਦਾ ਹੈ ਜੋ ਉਸ ਦੇ ਮਨ ਵਿੱਚ ਹਮੇਸ਼ਾ ਹੀ ਆਪਣੇ ਭਾਈਚਾਰੇ, ਸਾਕ-ਸਬੰਧੀਆਂ ਜਾਂ ਸਨੇਹੀਆਂ ਨਾਲ ਮਿਲਣ-ਜੁਲਣ ਲਈ ਖਿੱਚ ਪੈਦਾ ਕਰਦਾ ਹੈ। ਉਸ ਕਾਦਰ-ਕਰੀਮ ਦੀ ਸਿਰਜੀ ਕਾਇਨਾਤ ਵਿਚ ਸ਼ਾਇਦ ਹੀ ਕੋਈ ਅਜਿਹਾ ਮਨੁੱਖ ਹੈ ਜੋ ਇਨ੍ਹਾਂ ਜਜ਼ਬਿਆਂ ਤੋਂ ਅਣਭਿੱਜ ਰਿਹਾ ਹੋਵੇ ਅਤੇ ਉਸ ਦੇ ਕੋਮਲ ਹਿਰਦੇ ’ਚ ਆਪਣੀ ਬੋਲੀ ਤੇ ਸੱਭਿਆਚਾਰ ਪ੍ਰਤੀ ਅਥਾਹ ਪਿਆਰ ਦੀ ਤਾਂਘ ਪੈਦਾ ਨਾ ਹੋਈ ਹੋਵੇ। ਇਸ ਨੂੰ ਤੁਸੀਂ ਚਾਹੇ ਮਨੁੱਖੀ ਜਜ਼ਬਾਤ ਜਾਂ ਕਮਜ਼ੋਰੀ ਆਖ ਲਓ, ਪਰ ਹੈ ਇਹ ਗੱਲ ਸਵਾ ਸੋਲਾਂ ਆਨੇ ਸੱਚ।
ਮੇਰੇ ਚੇਤਿਆਂ ਵਿੱਚ ਸਾਲ 1992 ਦਾ ਇਕ ਵਾਕਿਆ ਅੱਜ ਵੀ ਤਰੋਤਾਜ਼ਾ ਹੈ। ਉਨਾਂ ਦਿਨਾਂ ਵਿੱਚ ਮੇਰੀ ਘਰਵਾਲੀ ਸਰਕਾਰੀ ਕਾਲਜ ਰੋਪੜ ਪੜ੍ਹਾਉਂਦੀ ਸੀ ਤੇ ਨਿੱਤ ਸਵੇਰੇ ਮੋਹਾਲੀ ਸਥਿਤ ਆਪਣੇ ਘਰੋਂ ਸਕੂਟਰ ’ਤੇ ਬੈਰੀਅਰ ’ਤੇ ਪੁੱਜ ਕੇ ਬੱਸ ਫੜ ਕੇ ਕਾਲਜ ਜਾਂਦੀ ਸੀ। ਕੁਝ ਦਿਨਾਂ ਮਗਰੋਂ ਮੈਨੂੰ ਚੰਡੀਗੜ ਸੈਕਟਰ 39 ਵਿੱਚ ਸਰਕਾਰੀ ਰਿਹਾਇਸ਼ ਮਿਲਣ ਨਾਲ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਤੇ ਮਕਾਨ ਮਾਲਕਾਂ ਦੀ ਟੋਕਾ-ਟਾਕੀ ਕਾਰਨ ਹੁੰਦੀ ਜ਼ਲਾਲਤ ਤੋਂ ਤਾਂ ਛੁਟਕਾਰਾ ਮਿਲ ਗਿਆ, ਪਰ ਮੈਡਮ ਦੇ ਸਫਰ ਵਿੱਚ ਚੰਡੀਗੜ੍ਹ ਤੋਂ ਮੋਹਾਲੀ ਤੱਕ ਦੀ ਦੂਰੀ ਕਾਰਨ ਉਸ ਦੀਆਂ ਪਰੇਸ਼ਾਨੀਆਂ ਵਿੱਚ ਹੋਰ ਇਜ਼ਾਫਾ ਹੋ ਗਿਆ ਕਿਉਂਕਿ ਹੁਣ ਉਸ ਨੂੰ ਘਰੋਂ ਸਾਢੇ ਅੱਠ ਦੀ ਬਜਾਏ ਸਾਢੇ 7 ਵਜੇ ਤੁਰਨਾ ਪੈਂਦਾ ਸੀ। ਅੱਕੀ ਹੋਈ ਇਕ ਦਿਨ ਉਹ ਕਹਿਣ ਲੱਗੀ ਕਿ ਜੇਕਰ ਇੰਝ ਹੀ ਚਲਦਾ ਰਿਹਾ ਤਾਂ ਮੈਂ ਆਪਣੇ ਘਰ ਰੋਪੜ ਹੀ ਰਹਿ ਲਿਆ ਕਰਾਂਗੀ। ਰੋਪੜ ਸਾਡਾ ਪੁਸ਼ਤੈਨੀ ਮਕਾਨ ਸੀ, ਜਿੱਥੇ ਮੇਰੇ ਪਿਤਾ ਜੀ ਰਿਟਾਇਰ ਹੋਣ ਮਗਰੋਂ ਦਾਦੀ ਜੀ ਤੇ ਮਾਤਾ ਜੀ ਨਾਲ ਰਹਿ ਰਹੇ ਸਨ। ਪਤਨੀ ਨੂੰ ਹੌਸਲਾ ਦਿੰਦਿਆਂ ਇਕ ਦਿਨ ਮੈਂ ਆਖਿਆ, “ਭਾਗਵਾਨੇ, ਹਿੰਮਤ ਰੱਖ, ਆਪਾਂ ਇਸ ਸਮੱਸਿਆ ਦਾ ਛੇਤੀ ਹੀ ਕੋਈ ਨਾ ਕੋਈ ਹੱਲ ਲੱਭ ਲਵਾਂਗੇ।”
ਸਾਡੇ ਘਰ ਦੇ ਸਾਹਮਣੇ ਮਸਾਂ ਹੀ ਇਕ-ਅੱਧ ਫਰਲਾਂਗ ’ਤੇ ਕੌਮੀ ਹਾਈਵੇਅ ਪੈਂਦਾ ਸੀ ਜਿਸ ਤੋਂ ਲਗਭਗ ਸਾਰੇ ਪਾਸੇ ਦੀਆਂ ਬੱਸਾਂ ਲੰਘਦੀਆਂ ਸਨ ਪਰ ਰੁਕਦੀ ਕੋਈ ਟਾਂਵੀ-ਟੱਲੀ ਹੀ ਸੀ। ਇਕ ਦਿਨ ਮੈਂ ਆਪਣੀ ਘਰਵਾਲੀ ਨੂੰ ਸਕੂਟਰ ’ਤੇ ਬਿਠਾ ਕੇ ਉੱਥੇ ਚੰਡੀਗੜ੍ਹੋਂ ਅੱਡੇ ਤੋਂ ਆਉਂਦੀ ਬੱਸ ਦਾ ਇੰਤਜ਼ਾਰ ਕਰਨ ਲੱਗਾ। ਇੰਨੇ ਵਿੱਚ ਇਕ ਹਿਮਾਚਲ ਰੋਡਵੇਜ਼ ਦੀ ਹਮੀਰਪੁਰ ਲਈ ਆਉਂਦੀ ਬੱਸ ਵੇਖ ਕੇ ਮੈਂ ਡਰਾਈਵਰ ਨੂੰ ਹੱਥ ਮਾਰਦਿਆਂ ਰੁਕਣ ਲਈ ਇਸ਼ਾਰਾ ਕੀਤਾ। ਦੂਰੋਂ ਤੇਜ਼ ਰਫਤਾਰ ਨਾਲ ਆਉਂਦਿਆਂ ਡਰਾਈਵਰ ਨੇ ਹੌਲੀ-ਹੌਲੀ ਬਰੇਕ ਮਾਰਦਿਆਂ ਐਨ ਸਾਡੇ ਲਾਗੇ ਆ ਕੇ ਬੱਸ ਰੋਕ ਲਈ ਤੇ ਲੋਹੇ ਲਾਖੇ ਹੋਏ ਨੇ ਖਿੜਕੀ ਤੋਂ ਛਾਲ ਮਾਰਦਿਆਂ ਬਾਹਰ ਆ ਕੇ ਪਹਾੜੀ ਲਹਿਜ਼ੇ ਵਿੱਚ ਬੋਲਦਿਆਂ ਕਿਹਾ, “ਸਰਦਾਰਾ ਤੈਨੂੰ ਨੀਂ ਪਤਾ ਕਿਧਰੇ ਨੂੰ ਮੂੰਹ ਚੱਕਿਆ, ਐਂਵਿਊਂ ਇਛਾਰੇ ਕਰੀ ਜਾਨਾ, ਤੇਰੇ ਪਿਊ ਦੀ ਗੱਡੀ ਐ।”
ਮੈਂ ਜ਼ਾਬਤੇ ’ਚ ਰਹਿੰਦਿਆਂ ਅੱਗੋਂ ਕਿਹਾ, “ਬਾਈ ਤੂੰ ਊਨਿਆਂ ਤੋਂ ਆਂ?”
ਉਹ ਕਹਿਣ ਲੱਗਾ, “ਬਾਈ ਦਸ ਤੈਂ ਜੋਤਸ਼ੀ ਐ, ਤੇਨੂੰ ਕਿਵੇਂ ਪਤਾ ਲੱਗਾ, ਮੈਂ ਊਨੇ ਦਾ?”
ਮੈਂ ਵੀ ਮਾੜੀ ਮੋਟੀ ਉਸ ਇਲਾਕੇ ਦੀ ਬੋਲੀ ਸਿਆਣਦਿਆਂ ਉਸ ਨੂੰ ਕਿਹਾ, “ਭਾਈ, ਮੈਂ ਤੇਰੀ ਬੋਲੀ ਤੋਂ ’ਸ੍ਹਾਬ ਲਾ ਲਿਆ, ਮੈਂ ਵੀ ਉਧਰੇ ਦਾ, ਬਸ ਰੋਟੀਆਂ ਖਾਤਰੇ ਢਿੱਡ ਨੂੰ ਝੁਲਕਾ ਦੇਣ ਇਧਰੀਂ ਆ ਗਿਆ।” ਮੈਂ ਉਹਦੀ ਤਸੱਲੀ ਖਾਤਰ ਉਸ ਨੂੰ ਦੱਸਿਆ ਕਿ ਮੇਰੇ ਪਿਤਾ ਜੀ ਨੇ ਲਗਭਗ ਤਿੰਨ ਦਹਾਕੇ ਨੰਗਲ ਹੀ ਨੌਕਰੀ ਕੀਤੀ ਤੇ ਮੈਂ ਵੀ ਨਯਾ ਨੰਗਲ ਦੇ ਸਕੂਲ ਵਿੱਚ ਦਸਵੀਂ ਤੱਕ ਪੜ੍ਹਿਆ ਹਾਂ। ਸਾਡੇ ਨਾਲ ਬਹੁਤ ਸਾਰੇ ਸੰਗੀ-ਸਾਥੀ ਵੀ ਊਨਾ, ਦੇਹਲਾਂ, ਬਡਾਲਾ, ਰਾਏਪੁਰ, ਮਹਿਤਪੁਰ, ਟਾਹਲੀਵਾਲ, ਭਟੋਲੀ, ਸੰਤੋਖਗੜ, ਭਲਾਣ, ਮੋਜੋਵਾਲ, ਮਹਿਤਪੁਰ ਤੇ ਨਿੱਕੂ ਨੰਗਲ ਆਦਿ ਨੀਮ ਪਹਾੜੀ ਇਲਾਕੇ ਦੇ ਪਿੰਡਾਂ ਤੋਂ ਪੜ੍ਹਾਈ ਕਰਨ ਆਉਂਦੇ ਸਨ। ਲੰਮਾ ਅਰਸਾ ਉਨ੍ਹਾਂ ਦੇ ਸੰਪਰਕ ਵਿੱਚ ਰਹਿਣ ਸਦਕਾ ਅਸੀਂ ਵੀ ਉਨ੍ਹਾਂ ਦੀ ਬੋਲੀ ਹੀ ਬੋਲਣ ਲੱਗ ਪਏ। ਡਰਾਈਵਰ ਨੇ ਇਹ ਸੁਣ ਕੇ ਮੈਨੂੰ ਗਲਵੱਕੜੀ ਵਿੱਚ ਲੈਂਦਿਆਂ ਕਿਹਾ, “ਬਾਈ ਪਰਵਾਹ ਨਾ ਕਰੀਂ ਅੱਜ ਤੇ, ਮੈਂ ਰੋਜ਼ ਇਧਰਿਓਂ ਹੀ ਲੰਘਦਾ, ਕੱਲ੍ਹ ਤੋਂ ਭੈਣੇ ਪੌਣੇ ਨੌਂ ਵਜੇ ਇੱਤੇ ਈ ਖੜੋ ਜਾਇਆ ਕਰੀਂ, ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੈ। ਤੈਨੂੰ ਭੈਣੇ ਸਮੇਂ ਸਿਰ ਰੋਪੜ ਨਵੇਂ ਅੱਡੇ ਵੀ ਤਾਰ ਦਊਂ। ਉੱਥੋਂ ਤਾਂ ਕਾਲਜ ਵੀ ਜਮਿਓਂ ਨੇੜੇ ਆ।”
ਕਈ ਵਾਰ ਕਾਲਜ ਤੋਂ ਛੁੱਟੀ ਮਗਰੋਂ ਮੇਰੀ ਘਰਵਾਲੀ ਵਾਪਸ ਵੀ ਉਹਦੀ ਬੱਸ ਵਿੱਚ ਹੀ ਆ ਜਾਂਦੀ ਤੇ ਉਹ ਬਿਲਕੁਲ ਘਰ ਦੇ ਮੋੜ ’ਤੇ ਲਾਹ ਦਿੰਦਾ। ਜਿੰਨੀ ਦੇਰ ਉਹ ਇਸ ਰੂਟ ’ਤੇ ਚਲਦਾ ਰਿਹਾ, ਬਿਨਾਂ ਕਿਸੇ ਦਿੱਕਤ ਤੋਂ ਮੇਰੀ ਮੈਡਮ ਦੀ ਨੌਕਰੀ ਦੇ ਦਿਨ ਵੀ ਤੀਆਂ ਵਾਂਗ ਲੰਘੇ।
ਉਸ ਦੀ ਫਰਾਖ਼ਦਿਲੀ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਜੇਕਰ ਕਦੇ ਕਦਾਈਂ ਮੇਰੀ ਘਰਵਾਲੀ ਪੰਜ ਸੱਤ ਮਿੰਟ ਸਵੇਰੇ ਲੇਟ ਵੀ ਹੋ ਜਾਂਦੀ ਤਾਂ ਉਹ ਲੋਹੇ ਦੀ ਰਾਡ ਹੱਥ ’ਚ ਫੜੀ ਟਾਇਰਾਂ ਦੀ ਹਵਾ ਚੈੱਕ ਕਰਨ ਜਾਂ ਬੱਸ ਵਿੱਚ ਮਾੜੇ ਮੋਟੇ ਨੁਕਸ ਦਾ ਬਹਾਨਾ ਬਣਾ ਕੇ ਉਦੋਂ ਤੱਕ ਬਸ ਦੀ ਪਰਿਕਰਮਾ ਕਰੀ ਜਾਂਦਾ ਜਦੋਂ ਤੀਕ ਉਹਦੀ ਭੈਣ ਬੱਸੇ ਨਾ ਬੈਠ ਜਾਂਦੀ। ਸਦਕੇ ਜਾਈਏ ਆਪੋ-ਆਪਣੇ ਇਲਾਕੇ ਦੀ ਅਸੀਮ ਪਕੜ ’ਤੇ ਬੋਲੀ ਦੇ ਨਿੱਘ ਤੋਂ ਜੋ ਮਜ਼ਹਬੀ ਵਖਰੇਵਿਆਂ ਤੋਂ ਕਿਤੇ ਦੂਰ ਮਾਨਵਤਾ ਨੂੰ ਆਪਣੇ ਵਿਸ਼ਾਲ ਘੇਰੇ ਵਿੱਚ ਲੈ ਕੇ ਸਮਾਜਿਕ ਅਪਣੱਤ ਦੀਆਂ ਤੰਦਾਂ ਨੂੰ ਹੋਰ ਪੀਡਾ ਕਰ ਦਿੰਦੀ ਹੈ।
*****
ਬਰੈਂਪਟਨ, 19 ਜਨਵਰੀ (ਵਸੀਲਾ: ਕੈਨੇਡੀਅਨ ਪੰਜਾਬੀ ਪੋਸਟ) : ਪਿਛਲੇ ਸਾਲ ਘਾਤਕ ਹਿੱਟ ਐਂਡ ਰੰਨ ਮਾਮਲੇ ਵਿੱਚ ਪੀਲ ਪੁਲਿਸ ਵੱਲੋਂ ਪੰਜਾਬੀ ਮੂਲ ਦੇ 25 ਸਾਲਾਂ ਦੇ ਵਿਅਕਤੀ ਖਿਲਾਫ ਕੈਨੇਡਾ ਭਰ ਵਾਸਤੇ ਗ੍ਰਿਫਤਾਰੀ ਵਾਰੰਟ ਕੱਢਿਆ ਗਿਆ ਹੈ।
3 ਜੁਲਾਈ, 2021 ਨੂੰ ਸਵੇਰੇ 5:00 ਵਜੇ ਬਰੈਂਪਟਨ ਵਿੱਚ ਹੁਰੌਨਤਾਰੀਓ ਸਟਰੀਟ ਤੇ ਸੈਂਡਲਵੁੱਡ ਪਾਰਕਵੇਅ ਦੇ ਲਾਂਘੇ ਉੱਤੇ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇੱਕ ਗੱਡੀ ਦੇ ਡਰਾਈਵਰ, 59 ਸਾਲਾਂ ਦੇ ਬਰੈਂਪਟਨ ਦੇ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਆਖਿਆ ਕਿ ਦੂਜੀ ਗੱਡੀ ਦਾ ਡਰਾਈਵਰ ਮੌਕੇ ਉੱਤੇ ਰੁਕਿਆ ਹੀ ਨਹੀਂ, ਸਗੋਂ ਉੱਥੋਂ ਫਰਾਰ ਹੋ ਗਿਆ। ਉਸ ਦੀ ਆਪਣੀ ਗੱਡੀ ਵਿੱਚ ਵੀ ਦੋ ਵਿਅਕਤੀ ਸਵਾਰ ਸਨ ਤੇ ਦੋਵੇਂ ਗੰਭੀਰ ਜ਼ਖ਼ਮੀ ਵੀ ਹੋਏ, ਪਰ ਗੱਡੀ ਚਲਾਉਣ ਵਾਲਾ ਉੱਥੋਂ ਫਰਾਰ ਹੋ ਗਿਆ।
ਮੌਕੇ ਤੋਂ ਫਰਾਰ ਹੋਣ ਵਾਲੇ ਡਰਾਈਵਰ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ।ਉਸ ਨੂੰ ਚਾਰਜ ਕੀਤਾ ਗਿਆ ਤੇ ਕੁੱਝ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਹੁਣ ਦੱਸਿਆ ਕਿ ਉਸ ਨੇ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਉਸ ਦੇ ਥਹੁ ਟਿਕਾਣੇ ਦਾ ਕੋਈ ਪਤਾ ਨਹੀਂ ਲੱਗ ਰਿਹਾ।
ਬਰੈਂਪਟਨ ਦੇ ਕਮਲਜੀਤ ਸਿੰਘ ਉੱਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਕੇ ਇੱਕ ਵਿਅਕਤੀ ਦੀ ਜਾਨ ਲੈਣ, ਮੌਤ ਦੀ ਵਜ੍ਹਾ ਬਣਨ ਵਾਲੇ ਹਾਦਸੇ ਤੋਂ ਬਾਅਦ ਮੌਕੇ ਉੱਤੇ ਨਾ ਰੁਕਣ, ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਕੇ ਲੋਕਾਂ ਨੂੰ ਜ਼ਖ਼ਮੀ ਕਰਨ, ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਤੋਂ ਬਾਅਦ ਮੌਕੇ ਉੱਤੇ ਨਾ ਰੁਕਣ ਵਰਗੇ ਚਾਰਜ ਲਾਏ ਗਏ।
***
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3293)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)