OpinderSLamba7ਵਕੀਲ ਨੇ ਮੁੜ ਆਪਣੀ ਜੇਬ ਵਿੱਚੋਂ ਦੋ ਹਜ਼ਾਰ ਦਾ ਇਕ ਹੋਰ ਨਵਾਂ ਨਕੋਰ ਨੋਟ ਕੱਢ ਕੇ ...
(19 ਦਸੰਬਰ 2021)

 

ਵਿਗਿਆਨਿਕ ਯੁੱਗ ਵਿੱਚ ਕੁਲ ਲੋਕਾਈ ਦੇ ਵੱਡੇ ਖ਼ਿੱਤੇ ਉੱਤੇ ਜੋਤਿਸ਼ ਦਾ ਪ੍ਰਭਾਵ ਅੱਜ ਵੀ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਅਨਪੜ ਅਤੇ ਘੱਟ ਪੜੇ-ਲਿਖੇ ਲੋਕ ਤਾਂ ਇਕ ਪਾਸੇ ਪਰ ਨਵੀਨਤਮ ਤਕਨਾਲੌਜੀ ਨੂੰ ਵੱਡੀ ਪੱਧਰ ’ਤੇ ਅਪਣਾਉਣ ਵਾਲੇ ਪੜ੍ਹੇ-ਲਿਖੇ ਲੋਕ ਵੀ ਜੋਤਿਸ਼ ਦੇ ਅਸਰ ਤੋਂ ਅਣਭਿੱਜ ਨਹੀਂ ਰਹਿ ਸਕੇ। ਕੁਝ ਕੁ ਲੋਕ ਤਾਂ ਅਖ਼ਬਾਰਾਂ ਵਿੱਚ ਛਪੇ ਰਾਸ਼ੀਫਲ ਤੇ ਕਈ ਪ੍ਰਮੁੱਖ ਪ੍ਰਾਈਵੇਟ ਟੀ.ਵੀ. ਚੈਨਲਾਂ ਤੋਂ ਖ਼ਾਸ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਵਿੱਚ ਆਪਣੀ ਰਾਸ਼ੀ ਮੁਤਾਬਿਕ ਹੀ ਆਪਣਾ ਕਾਰੋਬਾਰ, ਨੌਕਰੀ ਅਤੇ ਬੱਚਿਆਂ ਦੀ ਪੜ੍ਹਾਈ ਲਿਖਾਈ ਕਰਦੇ ਹਨ। ਭਾਵੇਂ ਮੇਰਾ ਜੋਤਿਸ਼ ਵਿੱਚ ਉੱਕਾ ਹੀ ਵਿਸ਼ਵਾਸ ਨਹੀਂ ਪਰ ਮੈਂ ਇਸ ਦਾ ਕੋਈ ਆਲੋਚਕ ਵੀ ਨਹੀਂ ਹਾਂ। ਇਹ ਤਾਂ ਲੋਕਾਂ ਦੀ ਮਰਜ਼ੀ ਹੈ, ਬੇਸ਼ੱਕ ਉਹ ਜੋਤਿਸ਼ ਨੂੰ ਇਕ ਵਿੱਦਿਆ ਦੇ ਤੌਰ ’ਤੇ ਮੰਨਣ ਜਾਂ ਇਸ ਨੂੰ ਨਿਰੋਲ ਅੰਧਵਿਸ਼ਵਾਸ ਵਜੋਂ ਜਾਨਣ। ਗੱਲ ਤਾਂ ਸਿਰਫ਼ ਆਸਥਾ ’ਤੇ ਮੁੱਕਦੀ ਹੈ। ਕੁਝ ਕੁ ਤਰਕਸ਼ੀਲ ਅਤੇ ਅਗਾਂਹਵਧੂ ਲੋਕ ਲੰਮੇ ਸਮੇਂ ਤੋਂ ਇਨਾਂ ਵਹਿਮਾਂ-ਭਰਮਾਂ ਦੀ ਦਲਦਲ ਵਿੱਚ ਫਸੇ ਸਮਾਜ ਨੂੰ ਕੱਢ ਕੇ ਜਾਗ੍ਰਿਤ ਕਰਨ ਲਈ ਆਪਣਾ ਪੂਰਾ ਵਾਹ ਲਾ ਰਹੇ ਹਨ। ਅਜਿਹੇ ਲੋਕਾਂ ਦੀ ਗਤੀਸ਼ੀਲ ਸੋਚ ਸਦਕਾ ਹੀ ਕੁਝ ਤਾਂ ਉਨ੍ਹਾਂ ਵੱਲੋਂ ਦੱਸੇ ਮਾਰਗ ’ਤੇ ਤੁਰ ਪਏ ਹਨ ਪਰ ਬਹੁਤਿਆਂ ਨੇ ਅਜੇ ਵੀ ਰਾਸ਼ੀ ਫਲ ਨੂੰ ਹੀ ਆਪਣੀ ਜੀਵਨ-ਜਾਚ ਦਾ ਆਧਾਰ ਬਣਾਇਆ ਹੋਇਆ ਹੈ।

ਕੁਝ ਸਮਾਂ ਪਹਿਲਾਂ ਮੇਰਾ ਇਕ ਲੰਗੋਟੀਆ ਮਿੱਤਰ ਜੋ ਪੇਸ਼ੇ ਵਜੋਂ ਵਕੀਲ ਹੈ, ਮੇਰੇ ਕੋਲ ਇਕ ਦਿਨ ਆਪਣੇ ਪੁੱਤਰ ਦੇ ਵਿਆਹ ਦੀ ਤਰੀਕ ਸੁਧਾਉਣ ਅਤੇ ਮੁੰਡੇ-ਕੁੜੀ ਦੇ ਗੁਣ ਮਿਲਾਉਣ ਲਈ ਮੈਨੂੰ ਇਕ ਪੰਡਿਤ ਕੋਲ ਆਪਣੇ ਨਾਲ ਲਿਜਾਣ ਲਈ ਜ਼ੋਰ ਪਾਉਣ ਲੱਗਾ। ਭਾਵੇਂ ਮੇਰਾ ਇਨ੍ਹਾਂ ਕਰਮ-ਕਾਂਡਾਂ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ ਸੀ ਪਰ ਮੈਂ ਉਸ ਦਾ ਮਾਣ ਸਤਿਕਾਰ ਰੱਖਦਿਆਂ ਉਸ ਨਾਲ ਜਾਣ ਦੀ ਹਾਮੀ ਭਰ ਦਿੱਤੀ। ਅਸੀਂ ਦੋਵੇਂ ਪੰਡਿਤ ਜੀ ਦੇ ਟਿਕਾਣੇ ’ਤੇ ਜਾ ਪੁੱਜੇ। ਵਕੀਲ ਸਾਹਿਬ ਨੇ ਪੰਡਿਤ ਮੂਹਰੇ ਆਪਣੇ ਪੁੱਤਰ ਦਾ ਟੇਵਾ ਰੱਖ ਕੇ, ਨਾਲ ਹੀ ਆਪਣੀ ਜੇਬ ਵਿੱਚੋਂ ਆਪਣੀ ਹੋਣ ਵਾਲੀ ਨੂੰਹ ਦੀ ਜਨਮ ਮਿਤੀ, ਸਮਾਂ ਤੇ ਸਥਾਨ ਬਾਬਤ ਲਿਖੀ ਪਰਚੀ ਫੜਾਉਂਦਿਆਂ ਉਸ ਨੂੰ ਕਿਹਾ, “ਪੰਡਿਤ ਜੀ, ਆਪਣਾ ਹਿਸਾਬ-ਕਿਤਾਬ ਲਾ ਕੇ ਦੱਸੋ, ਬੱਚਿਆਂ ਦੀ ਗ੍ਰਹਿ ਚਾਲ ਮੁਤਾਬਿਕ ਇਨਾਂ ਦੋਵਾਂ ਦੇ ਕਿੰਨੇ ਗੁਣ ਆਪਸ ਵਿੱਚ ਮਿਲਦੇ ਨੇ ਤਾਂ ਜੋ ਇਨ੍ਹਾਂ ਦਾ ਗ੍ਰਹਿਸਤ ਜੀਵਨ ਸੁੱਖੀਂ-ਸਾਂਦੀ ਤੇ ਅਨੰਦਮਈ ਬਤੀਤ ਹੋਵੇ।”

ਪੰਡਿਤ ਜੀ ਦੀ ਨਜ਼ਰ ਅਚਨਚੇਤ ਵਕੀਲ ਵੱਲੋਂ ਪਾਈ ਚਿੱਟੀ ਕਮੀਜ਼ ਦੀ ਜੇਬ ਵਿੱਚ ਪਏ ਦੋ-ਦੋ ਹਜ਼ਾਰ ਦੇ ਨੋਟਾਂ ਦੀ ਗੁੱਟੀ ’ਤੇ ਪਈ, ਜੋ ਮੱਲੋਮੱਲੀ ਬਾਹਰ ਉਲਰਨ ਨੂੰ ਆ ਰਹੇ ਸਨ। ਪੰਡਿਤ ਗੜ੍ਹਵਾਲ ਤੋਂ ਇੱਧਰ ਆ ਵਸਿਆ ਹੋਣ ਕਾਰਨ ਆਪਣੀ ਰਲਵੀਂ-ਮਿਲਵੀਂ ਭਾਸ਼ਾ ਵਿੱਚ ਬੋਲਿਆ, “ਜਜਮਾਨ, ਐਸਾ ਰਿਸ਼ਤਾ ਤੋ ਲਾਖੋਂ ਮੇ ਏਕ ਹੋਤਾ ਹੈ, ਕਿਉਂਜੋ ਲੜਕੇ-ਲੜਕੀ ਕੇ ਆਪਸ ਮੇਂ ਲਗਭਗ 100 ਫੀਸਦੀ ਗੁਣ ਮਿਲਤੇ ਹੈਂ। ਐਸਾ ਰਿਸ਼ਤਾ ਕਿਸਮਤ ਵਾਲੋਂ ਕੇ ਨਸੀਬ ਮੇਂ ਹੋਤਾ ਹੈ। ਇਸੇ ਮਤ ਛੋੜੇਂ। ਮੈਂ ਤੋਂ ਕਹੂੰ ਸ਼ਾਦੀ ਕੀ ਤੁਰੰਤ ਤਰੀਕ ਨਿਕਲਵਾਏਂ ਔਰ ਘਰ ਬਹੂ ਲੇ ਆਏਂ। ਅਗਲੇ ਬਰਸ ਆਪ ਕੇ ਆਂਗਨ ਮੇਂ ਮਹਾਂਮਾਈ ਕੀ ਕਿਰਪਾ ਸੇ ਪੋਤਾ ਖੇਲੇ।”

ਇਹ ਸਭ ਸੁਣ ਕੇ ਵਕੀਲ ਨੇ ਬਿਨਾਂ ਹੋਰ ਸਵਾਲ ਕੀਤਿਆਂ ਦੋ ਹਜ਼ਾਰ ਦਾ ਕੜਕਵਾਂ ਨੋਟ ਪੰਡਿਤ ਦੀ ਝੋਲੀ ਵਿੱਚ ਧਰ ਦਿੱਤਾ ਤੇ ਪੰਡਿਤ ਬਾਗ਼ੋਬਾਗ਼ ਹੋਇਆ ਕਹਿਣ ਲੱਗਾ, “ਕਹੇਂ ਤੋ ਅਭੀ ਸ਼ਾਦੀ ਕੀ ਤਰੀਕ ਭੀ ਨਿਕਾਲ ਦੂੰ?”

ਵਕੀਲ ਨੇ ਤੁਰੰਤ ਪੰਡਿਤ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਉਸ ਨੂੰ ਤਰੀਕ ਕੱਢਣ ਦੀ ਬੇਨਤੀ ਕਰਦਿਆਂ ਆਖਿਆ, “ਪੰਡਿਤ ਜੀ, ਨੇਕੀ ਔਰ ਪੂਛ-ਪੂਛ।”

ਇੰਨੇ ਵਿੱਚ ਪੰਡਿਤ ਦੋਵਾਂ ਦੇ ਟੇਵੇ ਮਿਲਾਉਣ ਤੇ ਫਿਰ ਆਪਣੀ ਡਾਇਰੀ ਦੇ ਪੰਨੇ ਫਰੋਲਣ ਮਗਰੋਂ ਕਹਿਣ ਲੱਗਾ, “ਮੇਰੇ ਹਿਸਾਬ ਸੇ ਤੋ 20 ਔਰ 27 ਨਵੰਬਰ ਕੇ ਇਲਾਵਾ 7 ਦਸੰਬਰ ਕੀ ਤਰੀਕ ਨਿਕਲਤੀ ਹੈ। ਅਗਰ ਇਨ ਮੇਂ ਸੇ ਕੋਈ ਭੀ ਦਿਨ ਠੀਕ ਲਗੇ ਤੋ ਘਰ ਵਾਲੋਂ ਸੇ ਸਲਾਹ ਕਰ ਕੇ ਸ਼ਗੁਨ ਕੀ ਤਿਆਰੀ ਕਰੋ।”

ਇੰਨੇ ਵਿੱਚ ਵਕੀਲ ਵੀ ਆਪਣੇ ਹੱਥ ਵਿੱਚ ਫੜੀ ਡਾਇਰੀ ਖੋਲ ਕੇ ਨਵੰਬਰ ਤੇ ਦਸੰਬਰ ਮਹੀਨੇ ਦੇ ਕੇਸਾਂ ਦੀਆਂ ਤਰੀਕਾਂ ਦੇਖਣ ਲੱਗਾ ਕਿ ਕਿਤੇ ਵਿਆਹ ਦੀ ਤਰੀਕ ਕਿਸੇ ਕੇਸ ਨਾਲ ਟਕਰਾਉਂਦੀ ਤਾਂ ਨਹੀਂ। ਇਸੇ ਸਮੇਂ ਪੰਡਿਤ ਨੂੰ ਕੋਈ ਹੋਰ ਮਿਲਣ ਆ ਗਿਆ ਤੇ ਉਹ ਕਾਗ਼ਜ਼ ਉੱਤੇ ਤਿੰਨੇ ਤਰੀਕਾਂ ਲਿਖ ਕੇ ਵਕੀਲ ਨੂੰ ਫੜਾਉਣ ਮਗਰੋਂ ਨਾਲ ਦੇ ਕਮਰੇ ’ਚ ਚਲਾ ਗਿਆ।

ਡਾਇਰੀ ਵੇਖਣ ਮਗਰੋਂ ਐਡਵੋਕੇਟ ਸਾਹਬ ਕੁਝ ਪਰੇਸ਼ਾਨੀ ਵਿੱਚ ਮੈਨੂੰ ਕਹਿਣ ਲੱਗੇ, “ਯਾਰ ਪੰਗਾ ਪੈ ਗਿਆ ...ਪੰਡਿਤ ਵਾਲੀਆਂ ਸਾਰੀਆਂ ਡੇਟਾਂ ਹੀ ਪਹਿਲੋਂ ਬੁੱਕ ਨੇ। ਇਨਾਂ ਵਿੱਚੋਂ ਪਹਿਲੀਆਂ ਦੋ ਤਰੀਕਾਂ ’ਤੇ ਤਾਂ ਰੋਪੜ ਜਾਣੈ, ਬਾਕੀ ਇਕ ’ਤੇ ਚੰਡੀਗੜ੍ਹ ਹਾਈ ਕੋਰਟ ਵਿੱਚ ਕੇਸ ਲੱਗੈ। ਕਸੂਤੇ ਫਸੇ, ਹੁਣ ਕੀ ਕਰੀਏ?

ਮੈਂ ਉਸ ਨੂੰ ਮਲਕਣੇ ਜਿਹੇ ਪੁੱਛਿਆ, “ਬਾਈ, ਤੂੰ ਦੱਸ ਤੈਨੂੰ ਕਿਹੜੀ ਤਰੀਕ ਲੋਟ ਹੈ?”

ਉਹ ਕਹਿਣ ਲੱਗਾ, “ਮਿੱਤਰਾ, ਇਨ੍ਹਾਂ ਤੋਂ ਇਲਾਵਾ ਕੋਈ ਵੀ ਚੱਲੂ ਕਿਉਂ ਜੋ ਬਾਕੀ ਸਾਰੇ ਕੇਸ ਲੋਕਲ ਮੋਹਾਲੀ ਕਚਹਿਰੀ ਵਿੱਚ ਹੀ ਲੱਗੇ ਨੇ।” ਉਹ ਫਿਰ ਉਹ ਮੈਨੂੰ ਆਖਣ ਲੱਗਾ, ‘‘ਜੇਕਰ ਪੰਡਿਤ ਜੀ ਵੱਲੋਂ ਦਿੱਤੀਆਂ ਇਨ੍ਹਾਂ ਤਿੰਨਾਂ ਤਰੀਕਾਂ ’ਚੋਂ ਵਿਆਹ ਨੀਯਤ ਹੋ ਜਾਵੇ ਤਾਂ ਬਹੁਤ ਹੀ ਚੰਗਾ ਹੋਊ ਕਿਉਂਜੋ ਉਨਾਂ ਨੇ ਪੂਰਾ ਹਿਸਾਬ ਕਿਤਾਬ ਲਾ ਕੇ ਹੀ ਤਾਂ ਸਾਹਾ ਕੱਢਿਐ।”

ਮੈਂ ਦਿਲੋ-ਦਿਲ ਸੋਚ ਰਿਹਾ ਸੀ ਕਿ ਵਿਚਾਰਾ ਵਕੀਲ ਹੁਣ ਪੂਰੀ ਤਰਾਂ ਪੰਡਿਤ ਦੇ ਜਾਲ ਵਿੱਚ ਫਸ ਚੁੱਕਾ ਹੈ ਤੇ ਉਸ ਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ। ਆਖ਼ਰ ਮੈਨੂੰ ਇਕ ਤਰਕੀਬ ਸੁੱਝੀ। ਪੰਡਿਤ ਦੇ ਆਉਣ ਤੋਂ ਪਹਿਲਾਂ ਮੈਂ ਉਸ ਵੱਲੋਂ ਕਾਗ਼ਜ਼ ਉੱਤੇ ਲਿਖੀਆਂ ਤਰੀਕਾਂ ਦੇ ਮੂਹਰੇ ਉਸੇ ਦੇ ਪੈਨ ਨਾਲ ਹੀ 15 ਦਸੰਬਰ ਦੀ ਤਰੀਕ ਪਾ ਦਿੱਤੀ। ਇੰਨੇ ਵਿੱਚ ਪੰਡਿਤ ਓਧਰੋਂ ਫਾਰਗ ਹੋ ਕੇ ਆ ਗਿਆ ਤੇ ਕਹਿਣ ਲੱਗਾ, “ਬਤਾਓ ਜਜਮਾਨ, ਕਿਆ ਸੋਚਾ?

ਵਕੀਲ ਸਾਬ ਨੇ ਮੇਰੇ ਵੱਲੋਂ ਪਰਚੀ ਵਿੱਚ ਕੀਤੀ ਗਈ ਤਰਮੀਮ ਬਿਨਾਂ ਪੜ੍ਹੇ ਪਰਚੀ ਪੰਡਿਤ ਮੂਹਰੇ ਧਰ ਦਿੱਤੀ ਤੇ ਨਿੰਮੋਝੂਣਾ ਹੋਇਆ ਕਹਿਣ ਲੱਗਾ, “ਪੰਡਿਤ ਜੀ, ਕੁਛ ਔਰ ਤਰੀਕ ਨਿਕਾਲੀਏ, ਯੇ ਤੀਨੋਂ ਤਰੀਕੇਂ ਤੋ ਮੁਝੇ ਸੂਟ ਨਹੀਂ ਕਰ ਰਹੀ। ਕਿਉਂਜੋ 20, 27 ਨਵੰਬਰ ਔਰ 7 ਦਸੰਬਰ ਕੋ ਤੋ ਪਹਿਲੇ ਸੇ ਹੀ ਮੇਰੇ ਕੇਸ ਲਗੇ ਹੁਏ ਹੈਂ। ...”

ਪੰਡਿਤ ਜੀ ਵਿੱਚੋਂ ਟੋਕਦੇ ਹੋਏ ਬੋਲੇ, “ਜਜਮਾਨ, ਚੌਥੀ ਭੀ ਤੋ ਹੈ 15 ਦਸੰਬਰ? ਮੁਝੇ ਲਗਤਾ ਹੈ ਆਪ ਨੇ ਧਿਆਨ ਸੇ ਨਹੀਂ ਦੇਖਾ।”

ਪੰਡਿਤ ਦੀ ਗੱਲ ਸੁਣ ਕੇ ਵਕੀਲ ਨੇ ਮੁੜ ਆਪਣੀ ਡਾਇਰੀ ਕੱਢ ਲਈ ਤੇ ਕਹਿਣ ਲੱਗਾ, “ਪੰਡਿਤ ਜੀ, ਬਾਤ ਬਣ ਗਈ ਯੇਹ ਦਿਨ ਮੇਰੇ ਪਾਸ ਬਿਲਕੁਲ ਖ਼ਾਲੀ ਹੈ।”

ਇੰਨੇ ਵਿੱਚ ਵਕੀਲ ਨੇ ਮੁੜ ਆਪਣੀ ਜੇਬ ਵਿੱਚੋਂ ਦੋ ਹਜ਼ਾਰ ਦਾ ਇਕ ਹੋਰ ਨਵਾਂ ਨਕੋਰ ਨੋਟ ਕੱਢ ਕੇ ਪੰਡਿਤ ਜੀ ਦੇ ਹੱਥ ਫੜਾਉਂਦਿਆਂ ਕਿਹਾ, “ਪੰਡਿਤ ਜੀ, ਆਪ ਤੋ ਅਸਲ ਮੇਂ ਸੰਕਟ-ਮੋਚਨ ਨਿਕਲੇ।”

ਇਸ ਮਗਰੋਂ ਮੈਂ ਵਕੀਲ ਨਾਲ ਉਹਦੇ ਘਰ ਪਰਤ ਆਇਆ। ਹੁਣ ਮੈਂ ਇਹੀ ਸੋਚੀ ਜਾ ਰਿਹਾ ਸੀ ਕਿ ਪਰਮਾਤਮਾ ਕਰੇ ਸਭ ਕੁਝ ਠੀਕ-ਠਾਕ ਰਹੇ ਕਿਉਂਜੋ ਮੈਨੂੰ ਤਾਂ ਪਤਾ ਸੀ ਇਹ ਤਰੀਕ ਤਾਂ ਮੇਰੇ ਵੱਲੋਂ ਹੀ ਸੁਧਾਈ ਗਈ ਹੈ। ਵਕੀਲ ਸਿਰੇ ਦਾ ਇਮਾਨਦਾਰ, ਸਾਊ-ਸੁਭਾਅ ਤੇ ਨੇਕ ਸੰਸਕਾਰਾਂ ਵਾਲਾ ਇਨਸਾਨ ਸੀ, ਜੋ ਹਰ ਗ਼ਰੀਬ-ਗ਼ੁਰਬੇ ਦਾ ਭਲਾ ਕਰਨਾ ਆਪਣਾ ਧਰਮ ਸਮਝਦਾ ਸੀ ਅਤੇ ਮੇਰਾ ਪੂਰਨ ਵਿਸ਼ਵਾਸ ਸੀ ਕਿ ਅਜਿਹੇ ਇਨਸਾਨ ਨਾਲ ਕਦੇ ਵੀ ਮਾੜਾ ਨਹੀਂ ਵਾਪਰ ਸਕਦਾ, ਭਾਵੇਂ ਜੋਤਿਸ਼ ਜਾਂ ਉਸ ਦੀ ਗ੍ਰਹਿ ਚਾਲ ਕੁਝ ਵੀ ਹੋਵੇ। ਬੰਦਾ ਤਾਂ ਹਮੇਸ਼ਾ ਆਪਣੇ ਕਰਮ, ਕਿਰਦਾਰ ਤੇ ਵਰਤਾਰੇ ਤੋਂ ਹੀ ਪਛਾਣਿਆ ਜਾਂਦਾ ਹੈ।

ਆਖ਼ਰ ਵਕੀਲ ਸਾਬ ਦੇ ਮੁੰਡੇ ਦਾ ਵਿਆਹ ਬੜੇ ਚਾਵਾਂ-ਮਲਾਰਾਂ ਨਾਲ ਮਿੱਥੀ ਤਰੀਕ ਅਨੁਸਾਰ 15 ਦਸੰਬਰ ਨੂੰ ਹੋਇਆ ਤੇ ਪੰਡਿਤ ਜੀ ਵੱਲੋਂ ਕੀਤੀ ਭਵਿੱਖਵਾਣੀ ਅਨੁਸਾਰ ਵਕੀਲ ਤੇ ਉਹਦੀ ਘਰਵਾਲੀ ਅਗਲੇ ਸਾਲ ਵਿੱਚ ਦਾਦਾ-ਦਾਦੀ ਵੀ ਬਣ ਗਏ।

ਪੰਡਿਤ ਜੀ ਵੱਲੋਂ “ਤਦਬੀਰ” ਨਾਲ ਕੱਢੀ ਤਰੀਕ ਦੀ ਬਜਾਏ ਮੇਰੇ ਵੱਲੋਂ “ਤਰਕੀਬ” ਨਾਲ ਸੁਝਾਈ ਤਰੀਕ ਨਾਲ ਵਕੀਲ ਸਾਬ ਦੀ ਪਰੇਸ਼ਾਨੀ ਦਾ ਨਾ ਕੇਵਲ ਹੱਲ ਹੋਇਆ, ਸਗੋਂ ਉਨ੍ਹਾਂ ਦੀਆਂ ਸਾਰੀਆਂ ਸਧਰਾਂ ਵੀ ਪੂਰੀਆਂ ਹੋ ਗਈਆਂਇਹ ਮੇਰਾ ਪੱਕਾ ਅਕੀਦਾ ਹੈ ਕਿ ਕੋਈ ਵੀ ਮਨੁੱਖ ਆਪਣੇ ਕਰਮਾਂ ਦਾ ਬੀਜਿਆ ਫਲ ਖਾਂਦਾ ਹੈ। ਚੰਗੇ ਨਾਲ ਚੰਗਾ ਤੇ ਮੰਦੇ ਨਾਲ ਮਾੜਾ ਹੀ ਹੁੰਦਾ ਹੈ। ਇਹੀ ਉਸ ਕਾਦਰ-ਕਰੀਮ ਦਾ ਅਟਲ ਨਿਯਮ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3216)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author