OpinderSLamba7ਵੈਸੇ ਤਾਂ ਮੈਂ ਅਜਿਹੇ ਕੇਸਾਂ ’ਚ ਦੋ-ਢਾਈ ਲੱਖ ਤੋਂ ਘੱਟ ਫੀਸ ਨਹੀਂ ਲੈਂਦਾ ਪਰ ਤੁਸੀਂ ਤਾਂ ਆਪਣੇ ...
(17 ਜਨਵਰੀ 2022)

 

ਮੇਰੇ ਕਾਲਜ ਸਮੇਂ ਦਾ ਜਮਾਤੀ ਗੁਰਕੀਰਤ ਪਿਛਲੇ ਸਾਲ ਪਿੰਡੋਂ ਆਪਣੇ ਤਾਏ ਨੂੰ ਨਾਲ ਲੈ ਕੇ ਚੰਡੀਗੜ੍ਹ ਆਇਆਅਰਸੇ ਮਗਰੋਂ ਮਿਲਣ ਦਾ ਸਬੱਬ ਪੁੱਛਿਆ ਤਾਂ ਗੁਰੀ ਕਹਿਣ ਲੱਗਾ, “ਬਾਈ! ਸਾਡੇ ਤਾਏ ਹੁਰਾਂ ਦਾ ਸ਼ਰੀਕੇ ’ਚ ਜ਼ਮੀਨ ਦਾ ਚਿਰਾਂ ਤੋਂ ਝਗੜਾ ਚੱਲ ਰਿਹੈਠੀਕ ਪੈਰਵੀ ਨਾ ਹੋਣ ਕਾਰਨ ਅਸੀਂ ਹੇਠਲੀ ਅਦਾਲਤ ਵਿੱਚ ਕੇਸ ਹਾਰ ਗਏ ਹਾਂ ਤੇ ਹੁਣ ਹਾਈ ਕੋਰਟ ਵਿੱਚ ਇਸ ਫੈਸਲੇ ਦੇ ਖਿਲਾਫ਼ ਅਪੀਲ ਦਾਇਰ ਕਰਨੀ ਚਾਹੁੰਦੇ ਹਾਂਜੇ ਤੈਨੂੰ ਕੋਈ ਵਕੀਲ ਜਾਣਦੈ ਤਾਂ ਦੱਸ, ਅਸੀਂ ਉਸ ਨੂੰ ਹੀ ਕਰ ਲੈਨੇ ਆਂ

ਮੇਰਾ ਇੱਕ ਜਾਣਕਾਰ ਵਕੀਲ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ ਸੀ। ਉਸ ਨੇ ਮਾਲ ਦੇ ਮੁਕੱਦਮਿਆਂ ਦੇ ਇੱਕ ਨਾਮੀ-ਗਰਾਮੀ ਵਕੀਲ ਕਰਨ ਦੀ ਸਲਾਹ ਦਿੱਤੀਅਗਲੀ ਸਵੇਰ ਅਸੀਂ ਨਿਸ਼ਚਿਤ ਸਮੇਂ ’ਤੇ ਵਕੀਲ ਸਾਹਿਬ ਦੀ ਆਲੀਸ਼ਾਨ ਕੋਠੀ ਪਹੁੰਚ ਕੇ ਘੰਟੀ ਮਾਰੀਮੇਨ ਗੇਟ ’ਤੇ ਖੜ੍ਹੇ ਚੌਕੀਦਾਰ ਨੇ ਪੁੱਛ-ਪੜਤਾਲ ਕਰਨ ਮਗਰੋਂ ਸ਼ੇਰ ਜਿੱਡੇ ਅਲਸਿਏਸ਼ਨ ਕੁੱਤਿਆਂ ਨੇ ਭੌਂਕ-ਭੌਂਕ ਕੇ ਅਸਮਾਨ ਸਿਰ ’ਤੇ ਚੁੱਕ ਸਾਡਾ ਭਰਵਾਂ ਸਵਾਗਤ ਕੀਤਾਵਕੀਲ ਸਾਹਿਬ ਨੇ ਦਫਤਰ ਵਿੱਚ ਵੜਦਿਆਂ ਪੁੱਛਿਆ, “ਕਿੱਥੋਂ ਆਏ ਹੋ?”

ਤਾਏ ਨੇ ਸਹਿਜ ਸੁਭਾਅ ਆਪਣੇ ਪਿੰਡ ਦਾ ਨਾਮ ਤੇ ਜ਼ਿਲ੍ਹਾ ਦੱਸਦਿਆਂ ਕਿਹਾ, “ਜਨਾਬ, ਕੀ ਦੱਸੀਏ, ਸਾਡੀ ਤਾਂ ਕਿਸਮਤ ਹੀ ਮਾੜੀ ਐ“ ਹੇਠਲੀ ਅਦਾਲਤ ’ਚ 70-80 ਹਜ਼ਾਰ ਉਜਾੜਨ ਮਗਰੋਂ ਹੁਣ ਰਹਿੰਦੀ ਆਸ ’ਤੇ ਥੋਡੀ ਸ਼ਰਨ ’ਚ ਆਏ ਹਾਂਜੀ.ਟੀ. ਰੋਡ ਨਾਲ ਲਗਦੀ ਸਾਡੀ ਜ਼ਮੀਨ ਸ਼ਰੀਕੇ ’ਚੋਂ ਹੀ ਸਾਡੇ ਕੁਝ ਆਪਣੇ ਹੀ ਕੌਡੀਆਂ ਦੇ ਭਾਅ ਹਥਿਆਉਣਾ ਚਾਹੁੰਦੇ ਨੇਸੋਚਿਆ, ਭਾਵੇਂ ਕੇਸ ਤਾਂ ਥੱਲਿਓਂ ਹਾਰੀ ਬੈਠੇ ਹਾਂ ਪਰ ਕੀ ਪਤਾ ਰੱਬ ਦੇ ਰੰਗਾਂ ਦਾ, ਸ਼ਾਇਦ ਥੋਡੇ ਹੱਥੋਂ ਹੀ ਸਾਨੂੰ ਇਨਸਾਫ ਮਿਲਣਾ ਹੋਵੇ

ਮੈਂ ਤਾਏ ਨੂੰ ਟੋਕਦਿਆਂ ਵਕੀਲ ਸਾਹਿਬ ਨੂੰ ਪੁੱਛਿਆ, “ਜਨਾਬ ਤੁਹਾਡੀ ਫੀਸ ਕਿੰਨੀ ਐ?”

ਵਕੀਲ ਸਾਡੇ ’ਤੇ ਅਹਿਸਾਨ ਜਤਾਉਂਦਿਆਂ ਕਹਿਣ ਲੱਗਾ, “ਵੈਸੇ ਤਾਂ ਮੈਂ ਅਜਿਹੇ ਕੇਸਾਂ ’ਚ ਦੋ-ਢਾਈ ਲੱਖ ਤੋਂ ਘੱਟ ਫੀਸ ਨਹੀਂ ਲੈਂਦਾ ਪਰ ਤੁਸੀਂ ਤਾਂ ਆਪਣੇ ਘਨਸ਼ਾਮ ਹੁਰਾਂ ਦੇ ਹਵਾਲੇ ਨਾਲ ਆਏ ਓ, ਇਸ ਲਈ ਬਜ਼ੁਰਗੋ ਤੁਸੀਂ ਸਿਰਫ਼ ਸਵਾ ਲੱਖ ਅਤੇ ਬਾਕੀ ਕਾਗਜ਼ਾਂ ਤੇ ਮੁਨਸ਼ੀ ਦੀ ਫੀਸ ਦਾ 10-15 ਹਜ਼ਾਰ ਅੱਡ ਦੇ ਦਿਆ ਜੇ

ਆਪਸੀ ਸਲਾਹ-ਮਸ਼ਵਰੇ ਮਗਰੋਂ ਅਸੀਂ ਵਕੀਲ ਨੂੰ ਇੱਕ ਲੱਖ ਰੁਪਏ ’ਤੇ ਰਾਜ਼ੀ ਕਰ ਲਿਆਤਾਏ ਨੇ ਬੋਝੇ ਵਿੱਚੋਂ ਇੱਕ ਹਜ਼ਾਰ ਰੁਪਏ ਪੇਸ਼ਗੀ ਕੱਢ ਕੇ ਵਕੀਲ ਨੂੰ ਫੜਾਉਂਦਿਆਂ ਕਿਹਾ, “ਮੈਂ ਪਰਸੋਂ ਹੇਠਲੀ ਅਦਾਲਤ ’ਚ ਕੀਤੇ ਆਪਣੇ ਵਕੀਲ ਪਾਸੋਂ ਸਾਰੇ ਕਾਗਜ਼ਾਤ ਲੈ ਕੇ ਮੁੜ ਹਾਜ਼ਰ ਹੁੰਨਾ

ਵਕੀਲ 1000 ਰੁਪਏ ਵੇਖ ਕੇ ਬਾਰ-ਬਾਰ ਇਹੀ ਕਹੀ ਜਾਵੇ, ‘ਵੈਸੇ ਤਾਂ ਅਸੀਂ ਫੀਸ ਦਾ ਦਸ ਫੀਸਦੀ ਯਾਨੀ ਘੱਟੋ-ਘੱਟ 10 ਹਜ਼ਾਰ ਬਣਦਾ ਐਡਵਾਂਸ ਲੈਂਦੇ ਹੁੰਨੇ ਆਂ ...।’ ਇਹ ਸੁਣ ਕੇ ਅੱਗੋਂ ਤਾਇਆ ਬੋਲਿਆ, “ਵਕੀਲ ਸਾਹਬ ਚਿੰਤਾ ਨਾ ਕਰੋ, ਪਰਸੋਂ ਬਾਕੀ 9000 ਵੀ ਫੜਾ ਜਾਵਾਂਗਾ ਤੇ ਰਹਿੰਦੀ ਫੀਸ ਪੇਸ਼ੀਆਂ ’ਤੇ ਨਾਲੋ-ਨਾਲ ਦਿੰਦਾ ਰਹਾਂਗਾ

ਬਿਨਾਂ ਚਾਹ-ਪਾਣੀ ਪੁੱਛੇ ਤੁਰਨ ਲੱਗਿਆਂ ਵਕੀਲ ਸਾਹਬ ਨੇ ਸਾਨੂੰ ਅਦਾਲਤ ਵਿੱਚ ਆਪਣੇ ਚੈਂਬਰ ਵਿੱਚ ਦੋ ਦਿਨ ਬਾਅਦ ਸੱਦ ਲਿਆ

ਅਸੀਂ ਤਿੰਨੇ ਸਵੇਰੇ ਉਹਦੇ ਆਉਣ ਦੇ ਤੈਅ ਸਮੇਂ ਤੋਂ ਪਹਿਲਾਂ ਪੁੱਜ ਗਏਉਹ ਕਹਿਣ ਲੱਗਾ, “ਆਓ ਪਹਿਲਾਂ ਕੰਟੀਨ ਤੋਂ ਚਾਹ-ਸ਼ਾਹ ਪੀ ਕੇ ਉੱਥੇ ਹੀ ਗੱਲਬਾਤ ਕਰ ਲੈਂਦੇ ਆਂ

ਵਕੀਲ ਚੈਂਬਰ ਵਿੱਚ ਪਹਿਲਾਂ ਤੋਂ ਬੈਠੇ 2-3 ਵਕੀਲ ਸਾਥੀਆਂ ਨੂੰ ਵੀ ਚਾਹ-ਪੀਣ ਲਈ ਆਪਣੇ ਨਾਲ ਲੈ ਤੁਰਿਆ ਤੇ ਬਦੋਬਦੀ ਅਸੀਂ ਵੀ ਉਸ ਦੀਆਂ ਪੈੜਾਂ ’ਤੇ ਹੋ ਤੁਰੇਕੰਟੀਨ ਵਿੱਚ ਪਹੁੰਚਦਿਆਂ ਹੀ ਵਕੀਲ ਨੇ ਸਾਨੂੰ ਪੁੱਛਿਆ, “ਕੀ ਖਾਓਗੇ

ਅਸੀਂ ਸੰਕੋਚਦਿਆਂ ਕਿਹਾ, “ਜੀ ਕੁਝ ਨਹੀਂ, ਘਰੋਂ ਨਾਸ਼ਤਾ ਕਰ ਕੇ ਹੀ ਤੁਰੇ ਸਾਂ” ਉਹ ਕਹਿਣ ਲੱਗਾ, “ਇਹਦੇ ਛੋਲੇ-ਭਠੂਰੇ, ਅੰਬਰਸਰੀ ਕੁਲਚੇ, ਬਰਗਰ ਤੇ ਪੀਜ਼ਾ ਬੜੇ ਈ ਸਪੈਸ਼ਲ ਨੇ, ਲੋਕ ਤਾਂ ਦੂਰੋਂ-ਦੂਰੋਂ ਇੱਥੇ ਉਚੇਚਾ ਆਉਂਦੇ ਨੇ

ਇੱਕ ਵਾਰ ਤਾਂ ਮੈਂਨੂੰ ਭੁਲੇਖਾ ਲੱਗਾ ਸ਼ਾਇਦ ਇਹ ਵਕੀਲ ਨਹੀਂ ਕਿਤੇ ਕੇਟਰਿੰਗ ਦਾ ਕੰਮ ਨਾ ਕਰਦਾ ਹੋਵੇ, ਜਿਵੇਂ ਉਹ ਕੰਟੀਨ ਵਾਲੇ ਦੇ ਸੋਹਲੇ ਗਾ ਰਿਹਾ ਸੀਕੇਸ ਤਾਂ ਉਹਨੇ ਕੀ ਡਿਸਕਸ ਕਰਨਾ ਸੀ, ਉਹ ਬਾਰ-ਬਾਰ ਹਰੇਕ ਨੂੰ ਇਹੀ ਪੁੱਛੀ ਜਾ ਰਿਹਾ ਸੀ, “ਕੀ ਖਾਓਗੇ?”

ਅਸੀਂ ਤਾਏ ਵੱਲੋਂ ਪਿੰਡੋਂ ਅਚਾਰ ਨਾਲ ਲਿਆਂਦੇ ਪਰੌਂਠੇ ਚਾਹ ਨਾਲ ਖਾਧੇਪਰ ਉਨ੍ਹਾਂ ਤਿੰਨਾਂ ਵਕੀਲਾਂ ਨੇ ਪਹਿਲੋਂ ਛੋਲੇ ਭਠੂਰੇ ਤੇ ਮਗਰੋਂ ਇੱਕ-ਇੱਕ ਪਲੇਟ ਅੰਬਰਸਰੀ ਕੁਲਚਾ ਖਾਣ ਵਿੱਚ ਭੋਰਾ ਵੀ ਸੰਗ-ਸ਼ਰਮ ਨਾ ਮਹਿਸੂਸ ਕੀਤੀਇਸ ਵਰਤਾਰੇ ਤੋਂ ਮੈਂਨੂੰ ਪਹਿਲੋਂ ਹੀ ਇਲਹਾਮ ਹੋ ਗਿਆ ਕਿ ਇਹ ਬੋਝ ਵੀ ਤਾਏ ਦੀ ਜੇਬ ’ਤੇ ਹੀ ਪੈਣ ਵਾਲਾ ਹੈ

ਇੰਨੇ ਵਿੱਚ ਵੇਟਰ ਪਲੇਟ ਵਿੱਚ ਸੌਂਫ ਤੇ ਖੰਡ ਸਣੇ 730 ਰੁਪਏ ਦਾ ਬਿੱਲ ਧਰੀ ਵਕੀਲ ਸਾਹਿਬ ਕੋਲ ਆ ਖੜੋਤਾਵਕੀਲ ਨੇ ਤਾਏ ਨੂੰ ਸੈਨਤ ਮਾਰਦਿਆਂ ਕਿਹਾ, “ਮੇਰੇ ਕੋਲ 2-2 ਹਜ਼ਾਰ ਦੇ ਹੀ ਨੋਟ ਹੈ ਨੇ, ਬਜ਼ੁਰਗੋ ਤੁਸੀਂ ਹੀ ਇਹ ਪੈਸੇ ਦੇ ਦਿਓ ਇਹਨੂੰ, ਮਗਰੋਂ ਹਿਸਾਬ ਕਰ ਲਵਾਂਗੇ

ਹੁਣ ਤਾਏ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਸੀ ਤੇ ਉਹ ਗੁੱਸੇ ’ਚ ਇਕਦਮ ਬੋਲਿਆ, “ਵਕੀਲ ਸਾਬ! ਥੋਨੂੰ ਮਾੜੀ ਮੋਟੀ ਸੰਗ ਸ਼ਰਮ ਹੋਣੀ ਚਾਹੀਦੀ ਹੈ। ਤੁਸੀਂ ਕੇਸ ਤਾਂ ਕੀ ਵਿਚਾਰਨਾ ਸੀ ਸਗੋਂ ਸਾਨੂੰ ਇੱਥੇ ਸੱਦ ਕੇ ਸਾਡਾ ਸਮਾਂ ਈ ਬਰਬਾਦ ਕੀਤੈਇਹਦੇ ਨਾਲੋਂ ਤਾਂ ਚੰਗਾ ਸੀ ਅਸੀਂ ਚੈਂਬਰ ਵਿੱਚ ਹੀ ਬਹਿ ਕੇ ਸੰਜੀਦਗੀ ਨਾਲ ਕੋਈ ਕੰਮ ਦੀ ਗੱਲ ਕਰ ਲੈਂਦੇਜਨਾਬ, ਮੇਰਾ ਹੁਣੇ ਹਿਸਾਬ ਕਰੋ, ਕੱਲ੍ਹ ਦਾ ਇੱਕ ਹਜ਼ਾਰ ਪੇਸ਼ਗੀ ਤੇ ਹੁਣ ਦੇ 730 ਕੁਲ ਬਣੇ 1730 ਰੁਪਏ

ਵਕੀਲ ਅੱਗੋਂ ਬੋਲਿਆ, “ਪੇਸ਼ਗੀ ਲਏ ਪੈਸੇ ਤਾਂ ਨਹੀਂ ਮੋੜੇ ਜਾਂਦੇਬਾਕੀ ਜੇ ਤੁਸੀਂ ਕਹਿੰਦੇ ਹੋ ਆਪਾਂ ਫੀਸ 10-20 ਹਜ਼ਾਰ ਹੋਰ ਘਟਾ ਲੈਂਦੇ ਹਾਂ” ਇਹ ਸੁਣ ਕੇ ਤਾਇਆ ਕਹਿਣ ਲੱਗਾ, “ਵਕੀਲ ਸਾਬ! ਮੈਂਨੂੰ ਤਾਂ ਸਮਝ ਨਹੀਂ ਆਉਂਦਾ ਤੁਸੀਂ ਵਕਾਲਤ ਕਰਦੇ ਹੋ ਜਾਂ ਸੌਦੇਬਾਜ਼ੀ?”

ਸ਼ਰਮਸਾਰ ਹੋਏ ਵਕੀਲ ਨੇ ਤੁਰੰਤ 2000 ਦਾ ਨੋਟ ਤਾਏ ਦੇ ਹੱਥ ਫੜਾ ਕੇ ਆਪਣੀ ਰਹਿੰਦੀ ਇੱਜ਼ਤ ਬਚਾਉਂਦਿਆਂ ਕਿਹਾ, “ਬਜ਼ੁਰਗੋ ਤੁਸੀਂ ਕੋਈ ਹੋਰ ਵਕੀਲ ਕਰ ਲਓ

ਤਾਏ ਨੇ ਬਾਦਸਤੂਰ ਹਿਸਾਬ ਨਿਬੇੜਦਿਆਂ 270 ਰੁਪਏ ਮੋੜ ਕੇ ਆਪਣਾ ਖਹਿੜਾ ਛੁਡਾਇਆ

ਕੰਟੀਨ ਵਿੱਚੋਂ ਬਾਹਰ ਨਿਕਲਦਿਆਂ ਹੀ ਮੈਂਨੂੰ ਮੇਰਾ ਪੁਰਾਣਾ ਮਿੱਤਰ ਕਾਲਾ ਕੋਟ ਪਾਈ ਮੱਦੀ ਮਿਲ ਗਿਆ। ਉਸ ਨੇ ਪੁੱਛਿਆ, “ਕਿਵੇਂ ਆਏ ਹੋ?”

ਮੈਂ ਉਸ ਨੂੰ ਸਾਰੀ ਵਾਰਤਾ ਆਖ ਸੁਣਾਈ ਤੇ ਕਿਹਾ, “ਕੋਈ ਵਕੀਲ ਸੁਝਾ।

ਉਹ ਕਹਿਣ ਲੱਗਾ, ”ਕੋਈ ਗੱਲ ਨਹੀਂ, ਆਪਾਂ ਹੀ ਕੇਸ ਲੜ ਲੈਂਦੇ ਹਾਂ

ਅਸੀਂ ਬਿਨਾਂ ਦੇਰ ਲਾਈ ਮੱਦੀ ਨੂੰ ਆਪਣਾ ਵਕੀਲ ਕਰ ਲਿਆ ਤੇ ਉਸ ਤੋਂ ਫੀਸ ਪੁੱਛੀਉਹ ਆਖਣ ਲੱਗਾ ਘਰ ਵਾਲੀ ਗੱਲ ਹੈ, ਥੋਡਾ ਤਾਇਆ ਵੀ ਤਾਂ ਮੇਰਾ ਤਾਇਆ ਹੀ ਲੱਗਾ

ਛੇਆਂ ਮਹੀਨਿਆਂ ਵਿੱਚ ਮੱਦੀ ਨੇ ਪੈਰਵੀ ਕਰਕੇ ਫੈਸਲਾ ਸਾਡੇ ਹੱਕ ਵਿੱਚ ਕਰਾ ਦਿੱਤਾਖੁਸ਼ੀ ਵਿੱਚ ਤਾਇਆ ਬਾਗੋ-ਬਾਗ ਹੋਇਆ ਲੱਡੂਆਂ ਦਾ ਡੱਬਾ ਲੈ ਕੇ ਮੇਰੇ ਕੋਲ ਆ ਗਿਆ ਤੇ ਮੈਨੂੰ ਨਾਲ ਲੈ ਕੇ ਮੱਦੀ ਦੇ ਘਰ ਜਾ ਪੁੱਜਾ। ਤਾਇਆ ਕਹਿਣ ਲੱਗਾ, “ਕਾਕਾ, ਤੇਰਾ ਦੇਣ ਤਾਂ ਮੈਂ ਇਸ ਦੁਨੀਆਂ ’ਚ ਨਹੀਂ ਦੇ ਸਕਦਾ, ਹੁਣ ਦੱਸ ਤੇਰੀ ਫੀਸ ਕਿੰਨੀ ਆ?”

ਭੋਲੇ ਭਾਅ ਮੱਦੀ ਕਹਿਣ ਲੱਗਾ, “ਬਾਪੂ ਜੀ, ਜਾਣ ਦਿਓ, ਥੋਡੇ ਨਾਲ ਕੀ ਹਿਸਾਬ-ਕਿਤਾਬ ਕਰਨੈ

ਤਾਏ ਨੇ ਮੱਦੀ ਨੂੰ 50 ਹਜ਼ਾਰ ਫੜਾਉਂਦਿਆਂ ਕਿਹਾ, “ਕਾਕਾ, ਜੇ ਘੱਟ ਹੈ ਤਾਂ ਹੋਰ ਦੱਸ?”

ਮੱਦੀ ਨੇ ਝਕਦਿਆਂ ਝਕਦਿਆਂ ਸਿਰਫ਼ 20 ਹਜ਼ਾਰ ਹੀ ਰੱਖਿਆ ਤੇ ਬਾਕੀ ਪੈਸੇ ਤਾਏ ਨੂੰ ਮੋੜ ਦਿੱਤੇ

ਸਦਕੇ ਜਾਈਏ ਇਹੋ ਜਿਹੇ ਇਮਾਨਦਾਰ, ਸਿਦਕੀ ਅਤੇ ਦਿਆਨਤਦਾਰ ਇਨਸਾਨ ਦੇ ਜਿਸ ਨੇ ਅਜੋਕੇ ਸਮੇਂ ਵਿੱਚ ਪੈਸੇ ਦੀ ਅੰਨੀਂ ਦੌੜ ਵਿੱਚ ਵੀ ਮਨੁੱਖੀ ਕਦਰਾਂ-ਕੀਮਤਾਂ ਦਾ ਪੱਲਾ ਨਾ ਛੱਡਦਿਆਂ ਯਾਰੀ-ਦੋਸਤੀ ਦੀਆਂ ਤੰਦਾਂ ਨੂੰ ਹੋਰ ਪ੍ਰਪੱਕ ਕਰ ਦਿੱਤਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3286)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author