Sanjeevan7ਫਾਇਨਲ ਰਹਿਰਸਲ ਦੇਖ ਕੇ ਮਧੂ ਆਪਣੇ ਅੱਥਰੂ ਰੋਕ ਨਾ ਸਕਿਆ। ਉਹ ਇਹ ਕਹਿ ਕੇ ਚਲਾ ਗਿਆ ਕਿ ...
(7 ਜਨਵਰੀ 2022)

 

ਮੈਂਨੂੰ ਆਪਣੀ ਇਹ ਕਮਜ਼ੋਰੀ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਹੈ ਕਿ ਮੈਂਨੂੰ ਪੜ੍ਹਨ ਦਾ ਝੱਸ/ਝੱਲ ਜਿਹਾ ਨਹੀਂ ਹੈ। ਮੈਨੂੰ ਮੇਰੇ ਤਾਇਆ ਜੀ (ਸੰਤੋਖ ਸਿੰਘ ਧੀਰ) ਨੇ ਅਨੇਕਾਂ ਵਾਰ ਕਿਹਾ, “ਨਾ ਕੇਵਲ ਨਾਟਕ ਬਲਕਿ ਹਰ ਕਿਸਮ ਦਾ ਵਿਸ਼ਵ ਪੱਧਰੀ ਸਾਹਿਤ ਪੜ੍ਹਨਾ ਤੇਰੇ ਲਈ ਬਹੁਤ ਹੀ ਲਾਜ਼ਮੀ ਹੈ ਕਿਉਂਕਿ ਤੂੰ ਨਾਟਕ ਲਿਖਦੈਂ ...।” ਮੈਂ ਉਨ੍ਹਾਂ ਦੀ ਗੱਲ ਅਣਸੁਣੀ ਕਰ ਦੇਣੀ।

ਪਰ ਤਾਇਆ ਜੀ ਨੂੰ ਜਦ ਵੀ ਮੈਂ ਮਿਲਿਆ/ਦੇਖਿਆ, ਉਹ ਕੁਝ ਨਾ ਕੁਝ ਲਿਖ/ਪੜ੍ਹ ਰਹੇ ਹੁੰਦੇ। ਮੈਂ ਕਈ ਵਾਰ ਕਹਿਣਾ, “ਭਾਪਾ ਜੀ (ਜ਼ਿੰਦਗੀ ਦੇ ਪਹਿਲੇ ਕੁਝ ਸਾਲ ਤਾਇਆਂ ਜੀ ਕੋਲ ਪਿੰਡ ਰਹਿਣ ਕਾਰਣ ਮੈਂ ਤਾਇਆ ਜੀ ਨੂੰ ਭਾਪਾ ਤੇ ਤਾਈ ਜੀ ਨੂੰ ਬੀਬੀ ਕਹਿਣਾ। ਉਨ੍ਹਾਂ ਦੇ ਬੱਚਿਆਂ ਦੀ ਰੀਸ ਆਪਣੇ ਮੰਮੀ-ਡੈਡੀ ਨੂੰ ਮੈਂ ਚਾਚਾ-ਚਾਚੀ ਕਹਿਣ ਲੱਗ ਗਿਆ ਸੀ।) ਗਿਆਨ ਨੂੰ ਵੀ ਕਦੇ ਗਿਆਨ ਦੀ ਜ਼ਰੂਰਤ ਹੁੰਦੀ ਹੈ। ਸੂਰਜ ਨੂੰ ਰੌਸ਼ਨੀ ਦੀ, ਫੁੱਲਾਂ ਨੂੰ ਮਹਿਕ ਦੀ ਕੀ ਲੋੜ ਐ ਭਲਾ।” ਉਨ੍ਹਾਂ ਗੰਭੀਰ ਹੋ ਕੇ ਉਂਗਲ ਤਾਣ ਕੇ ਕਹਿਣਾ, “ਬੱਬੂ (ਮੇਰਾ ਘਰ ਦਾ ਨਾਂ) ਦਰਅਸਲ ਗਿਆਨ ਨੂੰ ਹੀ ਗਿਆਨ ਦੀ ਲੋੜ ਹੁੰਦੀ ਹੈ।”

ਇਸ ਕਮਜ਼ੋਰੀ ਦੇ ਬਾਵਜੂਦ ਮੇਰੇ ਵਿੱਚ ਇੱਕ ਖ਼ੂਬੀ ਹੈ। ਜਿਹੜੇ ਵਿਸ਼ੇ ਉੱਤੇ ਮੈਂ ਨਾਟਕ ਲਿਖਣਾ ਹੁੰਦਾ ਹੈ, ਉਸ ਬਾਰੇ ਮੈਂ ਹਰ ਕਿਸਮ ਦੀ ਜਾਣਕਾਰੀ/ਲਿਖਤ ਨੂੰ ਬਹੁਤ ਹੀ ਬਾਰੀਕੀ ਨਾਲ ਵਾਚਦਾ/ਘੋਖਦਾ ਹਾਂ। ਉਸ ਵਿਸ਼ੇ ਮੁਤੱਲਕ ਹਰ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਮੈਂ ਜ਼ਮੀਨ-ਪਤਾਲ ਇੱਕ ਕਰ ਦਿੰਦਾ ਹਾਂ।

ਨਾਟਕ ‘ਖੁਸਰੇ’ ਲਿਖਣ ਤੋਂ ਪਹਿਲਾਂ ਤਕਰੀਬਨ ਦਸ ਕੁ ਸਾਲ ਮੈਂ ਸਮਾਜ ਦੇ ਇਸ ਅਣਗੌਲੇ ਤੇ ਤ੍ਰਿਸਕਾਰੇ ਵਰਗ ਬਾਰੇ ਕੋਈ ਵੀ ਲਿਖ਼ਤ, ਜੋ ਮੈਂਨੂੰ ਮਿਲੀ, ਨਿੱਠਕੇ ਇੱਕ ਤੋਂ ਵੱਧ ਵਾਰ ਪੜ੍ਹੀ। ਨਾਟਕ ‘ਖੁਸਰੇ’ ਲਿਖਣ ਤੋਂ ਪਹਿਲਾਂ ਖੁਸਰਿਆਂ ਬਾਰੇ ਲਿਖਤੀ ਜਾਣਕਾਰੀ ਹਾਸਿਲ ਕਰਨ ਤੋਂ ਇਲਾਵਾ ਮੈਂ ਚਾਹੁੰਦਾ ਸੀ ਕਿ ਮੈਂ ਖੁਸਰਿਆਂ ਨੂੰ ਜਾ ਕੇ ਮਿਲਾਂ, ਉਨ੍ਹਾਂ ਵਿੱਚ ਵਿਚਰਾਂ, ਉਨ੍ਹਾਂ ਨਾਲ ਰਹਾਂ, ਉਨ੍ਹਾਂ ਦੇ ਜੀਵਨ ਨੂੰ ਨੇੜਿਓ ਦੇਖਾਂ, ਸਮਝਾਂ, ਮਹਿਸੂਸ ਕਰਾਂ। ਲੱਭ-ਲੱਭਾ ਕੇ ਮੈਂਨੂੰ ਡੱਡੂ ਮਾਜਰਾ (ਚੰਡੀਗੜ੍ਹ) ਖੁਸਰਿਆਂ ਦੇ ਡੇਰੇ ਦਾ ਪਤਾ ਲੱਗਾ। ਬੜੀ ਮੁਸ਼ਕਿਲ ਨਾਲ ਡੇਰੇ ਦੇ ਮੁਖੀ (ਗੁਰੂ) ਨੂੰ ਮਿਲਣ ਦਾ ਸਮਾਂ ਲਿਆ। ਇਕ ਦਿਨ ਮਿਲਣ ਗਿਆ। ਪਰ ਜਦ ਉਸ ਨੂੰ ਪਤਾ ਲੱਗਾ ਕਿ ਮੈਂ ਉਨ੍ਹਾਂ ਬਾਰੇ ਨਾਟਕ ਲਿਖਣ ਲਈ ਉਨ੍ਹਾਂ ਬਾਰੇ ਜਾਣਨਾ ਚਾਹੁੰਦਾ ਹਾਂ, ਡੇਰੇ ਦਾ ਗੁਰੂ ਕੰਨੀ ਕਤਰਾਉਣ ਲੱਗਾ। ਤਬੀਅਤ ਠੀਕ ਨਾ ਹੋਣ ਦਾ ਬਹਾਨਾ ਕਰਕੇ ਫੇਰ ਕਿਸੇ ਦਿਨ ਆਉਣ ਲਈ ਕਹਿਕੇ ਖਹਿੜਾ ਛੁਡਾ ਲਿਆ।

ਜਦ ਵੀ ਮੈਂ ਫੋਨ ਕਰਨਾ ਤਾਂ ਅੱਗੋਂ ਜਵਾਬ ਮਿਲਣਾ, “ਅੱਜ ਨੀ ਕੱਲ੍ਹ ਆਇਓ, ਮਾਈ ਦੀ ਤਬੀਅਤ ਠੀਕ ਨੀ ਜਾਂ ਮਾਈ ਬਿਜ਼ੀ ਐ।” ਇੱਕ ਹੀ ਜਵਾਬ ਸੁਣ ਕੇ ਮੇਰੇ ਕੰਨ ਪੱਕ ਚੁੱਕੇ ਸਨ, ਮੈਂ ਅੱਕ ਤੇ ਥੱਕ ਚੁੱਕਾ ਸੀ। ਪਰ ਉਨ੍ਹਾਂ ਦੀ ਕੱਲ੍ਹ ਆਉਣ ਵਿੱਚ ਨਹੀਂ ਸੀ ਆ ਰਹੀ। ਮੈਂ ਬੜਾ ਪ੍ਰੇਸ਼ਾਨ, ਕਿ ਕੀ ਕੀਤਾ ਜਾਵੇ? ਇੱਕ ਵਾਰ ਤਾਂ ਨਾਟਕ ਲਿਖਣ ਦਾ ਇਰਾਦਾ ਤਿਆਗਣ ਦੀ ਖ਼ਿਆਲ ਵੀ ਆਇਆ। ਪਰ ਫੇਰ ਸੋਚਿਆ ਸਮਾਜ ਵੱਲੋਂ ਸਦੀਆਂ ਤੋਂ ਦੁਰਕਾਰਿਆ ਤੇ ਛੇਕਿਆ ਵਰਗ ਐਨੀ ਛੇਤੀ ਮੇਰੇ ਨਾਲ ਕਿਵੇਂ ਤੇ ਕਿਉਂ ਘੁਲ-ਮਿਲ ਜਾਵੇਗਾ।

ਮੈਂ ਹਿੰਮਤ ਨਹੀਂ ਹਾਰੀ, ਯਤਨ ਜਾਰੀ ਰੱਖੇ। ਬਾਪੂ-ਧਾਮ ਕਲੋਨੀ, ਸੈਕਟਰ 26 ਵਿੱਚ ਇੱਕ ਹੋਰ ਖੁਸਰਿਆਂ ਦੇ ਡੇਰੇ ਦਾ ਪਤਾ ਲੱਗਿਆ। ਉਸ ਡੇਰੇ ਦਾ ਮਹੰਤ ਮਧੂ (ਮਰਹੂਮ) ਸੀ। ਕਿਸੇ ਵਾਕਿਫ਼ ਤੋਂ ਮਧੂ ਦਾ ਫ਼ੋਨ ਪ੍ਰਾਪਤ ਕੀਤਾ। ਮਧੂ ਨੂੰ ਫ਼ੋਨ ਕਰਕੇ ਮਿਲਣ ਦਾ ਸਮਾਂ ਲੈ ਕੇ ਮੈਂ ਤੇ ਕੁੱਕੂ (ਰੰਗਮੰਚ ਤੇ ਫਿਲਮਾਂ ਦਾ ਅਦਾਕਾਰ ਸੰਜੀਵ ਦੀਵਾਨ ‘ਕੁੱਕੂ’) ਬਾਪੂ-ਧਾਮ ਕਲੋਨੀ ਖੁਸਰਿਆਂ ਦੇ ਡੇਰੇ ਮਧੂ ਨੂੰ ਮਿਲਣ ਚਲੇ ਗਏ। ਪੁੱਛ-ਪੁਛਾ ਕੇ ਇੱਕ ਖਸਤਾ-ਹਾਲ ਕੁਆਟਰ ਮੂਹਰੇ ਪਹੁੰਚੇ। ਪੌੜੀਆਂ ਚੜ੍ਹ ਕੇ ਇੱਕ ਲੋਹੇ ਦਾ ਗੇਟ ਆਇਆ। ਮੈਂ ਅੱਗੇ ਸੀ ਤੇ ਕੁੱਕੂ ਮੇਰੇ ਪਿੱਛੇ। ਗੇਟ ਕੋਲ ਲੱਗੀ ਘੰਟੀ ਮਾਰੀ, ਇੱਕ ਆਦਮ-ਕੱਦ ਕੁੱਤਾ ਝਈਆਂ ਲੈ ਕੇ ਪੈ ਗਿਆ। ਅਸੀਂ ਘਬਰਾ ਕੇ ਪਿੱਛੇ ਹਟ ਗਏ। ਕੁਝ ਦੇਰ ਬਾਅਦ ਫੇਰ ਘੰਟੀ ਮਾਰੀ। ਕੁੱਤਾ ਲਾਗਾਤਾਰ ਭੌਂਕ ਰਿਹਾ ਸੀ। ਇਸ ਦੌਰਾਨ ਇੱਕ ਕਾਲੇ ਜਿਹੇ ਰੰਗ ਦਾ ਬੰਦਾ ਆਇਆ, ਜਿਸ ਨੇ ਬੇਢੱਬੇ ਤੇ ਬੇਤਰੀਬੇ ਜਿਹੇ ਕੱਪੜੇ ਪਾਏ ਹੋਏ ਸਨ। ਉਸ ਦੇ ਵਾਲ ਖਿੱਲਰੇ ਹੋਏ ਸਨ। ਮੂੰਹ ਦਾ ਇੱਕ ਹਿੱਸਾ ਜਲਿਆ ਹੋਇਆ ਸੀ। ਉਹ ਭਾਰੀ ਅਵਾਜ਼ ਵਿੱਚ ਗੁਰਗਰਾਇਆ, “ਕਿਸ ਕੋ ਮਿਲਣਾ ਹੈ?”

ਕੁੱਤੇ ਦੇ ਲਗਾਤਾਰ ਭੌਂਕਣ ਅਤੇ ਉਸ ਬੰਦੇ ਦੀ ਖਤਰਨਾਕ ਸ਼ਕਲ-ਸੂਰਤ ਨੇ ਮੇਰੀ ਘਬਰਾਹਟ ਵਿੱਚ ਵਾਧਾ ਕੀਤਾ। ਮੈਂ ਆਪਣੀ ਘਬਾਰਾਹਟ ਲੁਕਾਉਂਦੇ ਬੜੀ ਮੁਸ਼ਕਲ ਨਾਲ ਕਿਹਾ, “ਮਧੂ ਜੀ ਨੂੰ ਮਿਲਣਾ ਐ।”

ਉਸ ਆਦਮੀ ਨੇ ਰੁੱਖੇ ਲਹਿਜ਼ੇ ਵਿੱਚ ਕਿਹਾ, “ਇੱਧਰ ਹੀ ਰੁਕੋ, ਮੈਂ ਪੁੱਛ ਕੇ ਆਤਾ ਹੂੰ।” ਇੰਨਾ ਕਹਿ ਕੇ ਉਹ ਆਦਮੀ ਅੰਦਰ ਚਲਾ ਗਿਆ। ਕੁੱਤਾ ਬਿਨਾਂ ਸਾਹ ਲਏ ਲਗਾਤਾਰ ਭੌਂਕ ਕੇ ਆਪਣੀ ਡਿਊਟੀ ਨਿਭਾਅ ਰਿਹਾ ਸੀ।

ਕੁਝ ਰਾਹਤ ਹਾਸਿਲ ਕਰਨ ਲਈ ਮੈਂ ਪਿੱਛੇ ਮੁੜ ਕੇ ਕੁੱਕੂ ਵੱਲ ਦੇਖਿਆ, ਦੇਖਦੇ ਸਾਰ ਮੇਰੀ ਸਿੱਟੀ-ਪਿੱਟੀ ਗੁੰਮ ਹੋ ਗਈ। ਕੁੱਕੂ ‘ਭਾਜੀ’ ਰਫੂ-ਚੱਕਰ ਹੋ ਚੁੱਕੇ ਸਨ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਕੁਦਰਤੀ ਸੀ। ਮੈਂ ਸੁਣਿਆ ਹੋਇਆ ਸੀ, ਖੁਸਰੇ ਆਦਮੀ ਦਾ ਲਿੰਗ ਵੱਢ ਕੇ ਖੁਸਰਾ ਬਣਾ ਦਿੰਦੇ ਹਨ। “ਨਹੀਂ ਨਹੀਂ, ਇਹ ਕਿਵੇਂ ਹੋ ਸਕਦੈ, ਮੈਂ ਨਾਟਕਕਾਰ ਆਂ, ਇਨ੍ਹਾਂ ਬਾਰੇ ਨਾਟਕ ਲਿਖਣੈ, ਇਹ ਮੇਰੇ ਨਾਲ ਆਏਂ ਕਿਵੇਂ ਕਰ ਸਕਦੇ ਐ?” ਮੈਂ ਅਪਣੇ-ਆਪ ਨੂੰ ਦਿਲਾਸਾ ਦੇਣ ਲਈ ਬੁੜਬੜਾਇਆ।

“ਮਧੂ ਜੀ ਆਪ ਕੋ ਬੁਲਾ ਰਹੀਂ ਹੈਂ।” ਉਸ ਆਦਮੀ ਦੀ ਗੁਰਗਰਾਹਟ ਨੇ ਮੇਰੇ ਖ਼ਿਆਲਾਂ ਦੀ ਲੜੀ ਤੋੜੀ। “ਸ਼ੇਰੂ ਚੁੱਪ।” ਕੁੱਤਾ ਉਸ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ, ਪੂਛ ਹਿਲਾਉਂਦਾ ਹੋਇਆ ਇੱਕ ਕੋਨੇ ਵਿੱਚ ਜਾ ਕੇ ਬਹਿ ਗਿਆ। ਮੈਂ ਉਸ ਆਦਮੀ ਦੇ ਮਗਰ-ਮਗਰ ਤੁਰ ਪਿਆ। ਇੱਕ ਆਲੀਸ਼ਾਨ ਡਰਾਇੰਗ ਰੂਮ ਅਇਆ। ਮੈਂ ਸੋਚਿਆ, ਇੱਥੇ ਮਧੂ ਹੋਊ। ਉਹ ਆਦਮੀ ਫੇਰ ਗੁਰਗੁਰਾਇਆ, “ਆਈਏ ...”

ਮੈਂ ਚੁੱਪ-ਚਾਪ ਉਸ ਅਦਮੀ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਇਕ ਗੈਲਰੀ ਆਈ, ਜਿਸ ਵਿੱਚ ਹਨ੍ਹੇਰਾ ਲੋੜ ਤੋਂ ਕਿਤੇ ਜ਼ਿਆਦਾ ਸੀ। ਇਹ ਹਨੇਰਾ ਮੇਰੇ ‘ਤੋਤੇ ਉਡਾਉਣ’ ਲਈ ਕਾਫ਼ੀ ਸੀ। ਇੱਕ ਹੋਰ ਕਮਰਾ ਅਇਆ। ਫੇਰ ਇੱਕ ਹੋਰ ਹਨ੍ਹੇਰੀ ਗੁਫ਼ਾ ਨੁਮਾ ਗੈਲਰੀ। ਮੇਰੀ ਹਾਲਤ ‘ਆਪੇ ਫਾਥੀੜੀਏ ਨੀ ਤੈਨੂੰ ਕੌਣ ਛੁਡਾਵੇ’ ਵਰਗੀ ਸੀ। ਪਰ ਹੁਣ ‘ਫਸੇ ਨੂੰ ਫਟਕਣ ਕੀ’। ਜਿਹੜੇ ਮੁਸੀਬਤ ਵਿੱਚ ਕੰਮ ਆਉਣ ਵਾਲੇ ਸਾਥੀ ਨੂੰ ਮੈਂ ਆਪਣੇ ਨਾਲ ਲੈ ਕੇ ਆਇਆ ਸੀ, ਉਹ ਕਦੋਂ ਦਾ ‘ਨੌਂ ਦੋ ਗਿਆਰਾ’ ਹੋ ਚੁੱਕਾ ਸੀ। ਮੈਂ ਆਪਣੀ ਕਿਸਮਤ ਦੀ ਡੋਰ ਰੱਬ ਉੱਤੇ ਸੁੱਟ ਦਿੱਤੀ। ‘ਜੋ ਹੋਊ, ਦੇਖੀ ਜਾਊ।’

ਫੇਰ ਇੱਕ ਕਮਰਾ ਆਇਆ। “ਬੈਠੀਏ।” ਕਹਿ ਕੇ ਉਹ ਆਦਮੀ ਮੈਂਨੂੰ ਬਿਠਾ ਕੇ ਅੰਦਰ ਚਲਾ ਗਿਆ।

ਕਮਰੇ ਵਿੱਚ ਸਮਾਨ ਰੱਖਣ ਦਾ ਸਲੀਕਾ ਤੇ ਸਜਾਵਟ ਕਲਾਮਈ ਤੇ ਸ਼ਾਨਦਾਰ ਸੀ। ਪਰ ਡਰ ਤੇ ਘਬਰਾਹਟ ਕਾਰਣ ਮੇਰਾ ਧਿਆਨ ਇਸ ਪਾਸੇ ਨਹੀਂ ਸੀ ਜਾ ਰਿਹਾ। ਮੈਂ ਤਾਂ ਬੈਠਾ ਉਸ ਘੜੀ ਤੇ ਵਕਤ ਨੂੰ ਕੋਸ ਰਿਹਾ ਸੀ ਜਦ ਮੈਂ ਇੱਥੇ ਆਉਣ ਦਾ ਫੈਸਲਾ ਕੀਤਾ ਸੀ। ਮੈਂ ਸੋਚ ਰਿਹਾ ਸੀ, ਮਿੱਤਰਾ ਖੁਸਰਿਆ ਬਾਰੇ ਨਾਟਕ ਲਿਖਣਾ ਮਹਿੰਗਾ ਪਊ।

“ਨਮਸਕਾਰ ਭਾਈ ਸਾਹਿਬ।” ਭਰਵੀਂ ਪਰ ਸਲੀਕੇ ਵਾਲੀ ਅਵਾਜ਼ ਨੇ ਮੇਰੇ ਖ਼ਿਆਲਾਂ ਦੀ ਲੜੀ ਵੀ ਤੋੜੀ, ਮੇਰਾ ਡਰ ਤੇ ਘਬਰਾਹਟ ਵੀ ਕੁਝ ਘੱਟ ਕੀਤੀ।

“ਮੈਂ ਮਧੂ ਹੂੰ, ਬਤਾਈਏ ਮੈਂ ਆਪ ਕੇ ਲੀਏ ਕਿਆ ਕਰ ਸਕਤੀ ਹੂੰ।” ਮਧੂ ਨੇ ਬੈਠਦਿਆਂ ਸਤਿਕਾਰ ਨਾਲ ਕਿਹਾ। ਅਵਾਜ਼ ਬੇਸ਼ਕ ਮਧੂ ਦੀ ਮਰਦਾਵੀਂ ਸੀ। ਪਰ ਉਸ ਦੀ ਦਿੱਲ-ਖਿਚਵੀਂ ਸ਼ਖਸੀਅਤ ਤੇ ਗੱਲਬਾਤ ਦੀ ਲਿਆਕਤ ਨੇ ਮੈਂਨੂੰ ਪ੍ਰਭਾਵਿਤ ਕੀਤਾ।

“ਮੈਂ ਤੁਹਾਡੇ ਸਮਾਜ ਦੀ ਜ਼ਿੰਦਗੀ ਬਾਰੇ ਨਾਟਕ ਲਿਖਣਾ ਚਾਹੁੰਦਾ ਹਾਂ।” ਮੈਂ ਆਪਣੇ ਆਉਣ ਦਾ ਮਕਸਦ ਦੱਸਿਆ। “ਯੇਹ ਤੋਂ ਬੜੀ ਅੱਛੀ ਬਾਤ ਹੈ।” ਇਹ ਕਹਿਕੇ ਮਧੂ ਨੇ ਕੋਲ ਖੜ੍ਹੇ ਆਦਮੀ ਨੂੰ ਚਾਹ-ਪਾਣੀ ਦਾ ਇੰਤਜ਼ਾਮ ਕਰਨ ਲਈ ਕਿਹਾ।

“ਕਿਆ ਲਿਖਣਾ ਚਾਹਤੇ ਹੋ ਆਪ ਹਮਾਰੇ ਬਾਰੇ।” ਮਧੂ ਨੇ ਮੈਂਨੂੰ ਮੁਖ਼ਾਤਿਬ ਹੁੰਦੇ ਕਿਹਾ।

ਹੁਣ ਮੇਰੀ ਘਬਰਾਹਟ ਕਾਫ਼ੀ ਹੱਦ ਤਕ ਘਟ ਚੁੱਕੀ ਸੀ। ਮੈਂ ਆਪਣੀ ਗੱਲ ਅਗਾਂਹ ਤੋਰਦੇ ਕਿਹਾ, “ਮੈਂ ਤੁਹਾਡੇ ਸਮਾਜ ਬਾਰੇ ਕਾਫ਼ੀ ਕੁਝ ਪੜ੍ਹਿਆ ਤਾਂ ਹੈ ਪਰ ਮੈਂ ਤੁਹਾਡੇ ਕੋਲੋਂ ਵੀ ਜਾਣਨਾ ਚਾਹੁੰਦਾ ਹਾਂ। ਤੁਹਾਡੀਆਂ ਦਿੱਕਤਾਂ-ਦੁਸ਼ਵਾਰੀਆਂ ਬਾਰੇ, ਲੋਕਾਂ ਦੇ ਤੁਹਾਡੇ ਪ੍ਰਤੀ ਰੱਵਈਏ ਬਾਰੇ, ਜੋ ਵੀ ਤੁਸੀਂ ਮਹਿਸੂਸ ਕਰਦੇ ਹੋ।”

ਮਧੂ ਨੇ ਡੂੰਘਾ ਸਾਹ ਲੈਂਦੇ ਹੋਏ ਕਿਹਾ, “ਹਮਾਰੀ ਜ਼ਿੰਦਗੀ ਕੁਦਰਤ ਕੀ ਸੌਗ਼ਾਤ ਨਹੀਂ, ਸਰਾਪ ਹੈ।” ਮਧੂ ਨੇ ਵਿਸਥਾਰ ਨਾਲ ਆਪਣੀ ਜ਼ਿੰਦਗੀ ਤੇ ਆਪਣੇ ਸਮਾਜ ਦੇ ਹਰ ਪੱਖ ਬਾਰੇ ਦੱਸਿਆ। ਮੈਂ ਫਟਾ-ਫਟ ਨੋਟ ਕਰਨ ਲੱਗਾ। ਇਸ ਦੌਰਾਨ ਕਦੇ ਮਧੂ ਦੀਆਂ ਅੱਖਾਂ ਨਮ ਹੋ ਜਾਂਦੀਆਂ, ਕਦੇ ਉਹ ਲੰਮਾ ਹੌਕਾ ਲੈਂਦਾ।

ਚਾਹ ਆਈ, ਨਾਲ ਪਕੌੜੇ ਵੀ, ਵੱਡੀਆਂ ਮਿਰਚਾਂ ਵਾਲੇ। ਚਾਹ ਪੀਂਦੇ ਹੋਏ ਮੈਂ ਕਮਰੇ ਵਿੱਚ ਲੱਗੀਆਂ ਤਸਵੀਰਾਂ ਦੇਖਣ ਲੱਗ ਗਿਆ। ਫੋਟੋਆਂ ਇੱਕ ਬਹੁਤ ਹੀ ਖੁਬਸੂਰਤ ਲੜਕੀ ਦੀਆਂ ਸਨ। ਕਿਸੇ ਫੋਟੋ ਵਿੱਚ ਸਲਵਾਰ ਕਮੀਜ਼, ਕਿਸੇ ਵਿੱਚ ਜੀਨ ਟੀ ਸ਼ਰਟ। ਲੜਕੀ ਦੀ ਖੁਬਸੂਰਤੀ ਫਿਲਮਾਂ ਦੀਆਂ ਹੀਰੋਇਨਾਂ ਨੂੰ ਵੀ ਮਾਤ ਪਾ ਰਹੀ ਸੀ। ਮਧੂ ਮੈਂਨੂੰ ਫੋਟੋਆ ਦੇਖਦੇ ਨੂੰ ਦੇਖਕੇ ਕਹਿਣ ਲੱਗੀ, “ਯੇਹ ਫੋਟੋਆਂ ਮੇਰੀ ਹੈਂ ਬੀਰਾ ਜੀ।” ਮਧੂ ਤਕੱਅਲਫ਼ ਛੱਡ ਕੇ ਮੈਂਨੂੰ ਬੀਰਾ ਜੀ ਕਹਿਣ ਲੱਗਾ। ਮੈਂ ਫੋਟੋਆਂ ਨੂੰ ਦੇਖਦੇ ਕਿਹਾ, “ਕਮਾਲ ਨੇ ਤੁਹਾਡੀਆਂ ਫੋਟੋਆ ਤਾਂ ਮਧੂ ਜੀ। ਇਹ ਤਾਂ …।

ਮੁਝੇ ਮੇਰੇ ਮਾਂ-ਬਾਪ ਨੇ ਲੜਕੀ ਕੀ ਤਰਹ ਪਾਲਾ ਹੈ। ਬਚਪਨ ਮੇ ਬਹੁਤ ਖੁਬਸੂਰਤ ਥੀ ਮੈਂ।” ਉਸਨੇ ਹੱਸਦੀ ਹੋਈ ਨੇ ਕਿਹਾ, “ਲੜਕੇ ਬਹੁਤ ਮਰਤੇ ਥੇ ਮੁਝ ਪਰ।”

ਮੈਂ ਮਧੂ ਤੋਂ ਨਾਟਕ ਲਿਖਣ ਵਿੱਚ ਮੇਰੀ ਮਦਦ ਕਰਨ ਦਾ ਵਾਅਦਾ ਲੈ ਕੇ ਵਿਦਾ ਲਈ। ਬਾਹਰ ਆ ਕੇ ਦੇਖਿਆ ਕੁੱਕੂ ਮੋੜ ’ਤੇ ਖੜ੍ਹਾ ਫੋਨ ਕਰ ਰਿਹਾ ਸੀ। ਮੈਂ ਕਿਹਾ, “ਕੁੱਕੂ ਤੂੰ ਕਿੱਧਰ ਚਲਾ ਗਿਆ ਸੀ ਯਾਰ।?”

ਕੁੱਕੂ ਨੇ ਸਫਾਈ ਦਿੰਦੇ ਕਿਹਾ, “ਮੈਂਨੂੰ ਫੋਨ ਆ ਗਿਆ ਸੀ ਭਾਜੀ।

ਫੋਨ ਆ ਗਿਆ ਸੀ ਕਿ ਡਰ ਗਿਆ ਸੀ।” ਮੈਂ ਹੱਸਦੇ ਨੇ ਕਿਹਾ।

ਨਾਟਕ ਲਿਖਣ ਤੋਂ ਬਾਅਦ ਸਕਰਿਪਟ ਮਧੂ ਨੂੰ ਪੜ੍ਹਨ ਲਈ ਦਿੱਤੀ। ਨਾਟਕ ਦਾ ਨਾਂ ‘ਖੁਸਰੇ’ ਰੱਖਣ ਬਾਰੇ ਵੀ ਮਧੂ ਦੀ ਰਾਏ ਲਈ। ਕਿਉਂਕਿ ਕੁਝ ਵਿਦਵਾਨ ਤੇ ਰੰਗਕਰਮੀ ਦੋਸਤਾਂ ਦੀ ਰਾਏ ਸੀ ਕਿ ਨਾਟਕ ਦਾ ਨਾਂ ਖੁਸਰੇ ਨਹੀਂ ਹੋਣਾ ਚਾਹੀਦਾ। ਕਿਉਂਕਿ ‘ਖੁਸਰੇ’ ਲਫ਼ਜ਼ ਜ਼ਿਆਦਾ ਤਿੱਖਾ ਹੈ, ਸਾਹਿਤਕ ਵੀ ਨਹੀਂ ਹੈ। ਪਰ ਮਧੂ ਨੇ ਨਾਟਕ ਦਾ ਖੁਸਰੇ ਰੱਖਣ ਦੀ ਹਿਮਾਇਤ ਕੀਤੀ।

ਮਧੂ ਨੇ ਨਾਟਕ ਦੀਆਂ ਰਿਹਰਸਲਾਂ ਦੌਰਾਨ ਪਾਤਰਾਂ ਨੂੰ ਖੁਸਰਿਆਂ ਦੇ ਕਿਰਦਾਰ ਵਿੱਚ ਢਲਣ ਲਈ ਬਹੁਤ ਮਦਦ ਕੀਤੀ। ਆਪਣੇ ਸਾਥੀਆਂ ਨਾਲ ਆਉਣਾ, ਨਾਟਕ ਵਿੱਚ ਖੁਸਰਿਆਂ ਦਾ ਕਿਰਦਾਰ ਨਿਭਾ ਰਹੇ ਕਲਾਕਾਰਾਂ ਨੂੰ ਹਰ ਛੋਟੀ ਤੋਂ ਛੋਟੀ ਗੱਲ ਵਿਸਥਾਰ ਨਾਲ ਸਮਝਾਉਣੀ। ਖਾਸ ਅੰਦਾਜ਼ ਵਿੱਚ ਤਾੜੀ ਮਾਰਨਾ, ਤੁਰਨ ਦਾ ਤਰੀਕਾ, ਬੋਲਣ ਦਾ ਵਿਸ਼ੇਸ਼ ਅੰਦਾਜ਼।

ਨਾਟਕ ਲਿਖਦੇ–ਲਿਖਦੇ ਮੈਂ ਕਈ ਵਾਰ ਭਾਵੁਕ ਹੋਇਆ। ਜਿਹਨੇ ਵੀ ਪੜ੍ਹਿਆ ਉਹ ਵੀ ਤੇ ਰਹਿਰਸਲਾਂ ਦੌਰਾਨ ਕਲਾਕਾਰ ਵੀ ਅਕਸਰ ਭਾਵੁਕ ਹੋ ਜਾਂਦੇ। ਪੱਤਰਕਾਰ ਮਿੱਤਰਾਂ ਦੇ ਸੁਝਾਅ ’ਤੇ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ। ਮੇਰੀ ਜਾਣਕਾਰੀ ਮੁਤਾਬਿਕ ਕਿਸੇ ਨਾਟਕ ਬਾਰੇ ਇਹ ਪਹਿਲੀ ਪ੍ਰੈੱਸ ਕਾਨਫਰੰਸ ਸੀ। ਪ੍ਰੈੱਸ ਕਾਨਫਰੰਸ ਵਿੱਚ ਮਧੂ ਵੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਸੀ। ਪੱਤਰਕਾਰਾਂ ਨਾਲ ਗੱਲ ਕਰਦੇ ਕਈ ਵਾਰ ਨਮ ਹੋਈਆਂ ਅੱਖਾਂ ਮਧੂ ਨੇ ਰੁਮਾਲ ਨਾਲ ਪੂੰਝੀਆਂ। ਨਾਟਕ ਦੇ ਮੰਚਣ ਦੌਰਾਨ ਪ੍ਰਧਾਨਗੀ ਮਧੂ ਦੀ ਹੀ ਸੀ। ਪਹਿਲਾਂ ਤਾਂ ਉਸ ਨੇ ਸਹਿਮਤੀ ਦੇ ਦਿੱਤੀ ਪਰ ਫਾਇਨਲ ਰਹਿਰਸਲ ਦੇਖ ਕੇ ਮਧੂ ਆਪਣੇ ਅੱਥਰੂ ਰੋਕ ਨਾ ਸਕਿਆ। ਉਹ ਇਹ ਕਹਿ ਕੇ ਚਲਾ ਗਿਆ ਕਿ ਉਸ ਕੋਲੋਂ ਨਾਟਕ ਦੇਖ ਨੀ ਹੋਣਾ।

ਗੁਰਸ਼ਰਨ ਭਾਜੀ ਤਕਰੀਬਨ ਮੇਰਾ ਹਰ ਨਾਟਕ ਉਚੇਚੇ ਤੌਰ ’ਤੇ ਦੇਖਣ ਆਉਂਦੇ। 19 ਸਾਲ ਪਹਿਲਾਂ ਟੈਗੌਰ ਥੀਏਟਰ ਵਿੱਚ 20 ਦਸੰਬਰ 2002 ਨੂੰ ਨਾਟਕ ‘ਖੁਸਰੇ’ ਦੇ ਪਹਿਲੇ ਮੰਚਣ ਸਮੇਂ ਵੀ ਗੁਰਸ਼ਰਨ ਭਾਜੀ ਖਾਸ ਤੌਰ ’ਤੇ ਆਏ। ਦਰਸ਼ਕ ਹਰ ਦ੍ਰਿਸ਼ ਤੋਂ ਬਾਅਦ ਤਾੜੀਆਂ ਮਾਰ ਕੇ ਭਰਪੂਰ ਦਾਦ ਵੀ ਦੇ ਰਹੇ ਸਨ ਅਤੇ ਭਾਵੁਕ ਦ੍ਰਿਸ਼ਾਂ ਦੌਰਾਨ ਵਗਦੇ ਹੰਝੂ ਵੀ ਰੁਮਾਲ ਨਾਲ ਪੁੰਝਦੇ ਰਹੇ।

ਨਾਟਕ ਦੇ ਖਤਮ ਹੋਣ ਉਪਰੰਤ ਗੁਰਸ਼ਰਨ ਭਾਜੀ ਨੇ ਮੰਚ ਤੋਂ ਨਾਟਕ ਬਾਰੇ ਜੋ ਸ਼ਬਦ ਕਹੇ, ਉਹ ਅੱਜ ਵੀ ਮੇਰੇ ਕੰਨਾਂ ਵਿੱਚ ਗੁੰਜ ਰਹੇ ਹਨ। ਗੁਰਸ਼ਰਨ ਭਾਜੀ ਦੇ ਸ਼ਬਦ ਸਨ, “ਨਾਟਕ ਖੁਸਰੇ ਸੰਜੀਵਨ ਦੇ ਹੁਣ ਤਕ ਦੇ ਨਾਟਕਾਂ ਵਿੱਚੋਂ ਬੇਹਤਰੀਨ ਨਾਟਕ ਹੈ। ਜਦੋਂ ਇਹ ਨਾਟਕ ਕਿਤਾਬੀ ਰੂਪ ਲਵੇਗਾ ਤਾਂ ਮੈਂਨੂੰ ਨਾਟਕ ਦਾ ਮੁੱਖ ਬੰਦ ਲਿਖਣ ਵਿੱਚ ਖੁਸ਼ੀ ਮਹਿਸੂਸ ਹੋਵੇਗੀ।” ਹੁਣ ਜਦ ਨਾਟਕ ਨੂੰ ਕਿਤਾਬੀ ਰੂਪ ਦੇਣ ਦਾ ਸਬੱਬ ਬਣਿਆ ਤਾਂ ਭਾਜੀ ਰੰਗਮੰਚੀ ਮਹਿਕਾਂ ਬਿਖੇਰ ਕੇ ਸਾਨੂੰ ਸਭ ਨੂੰ ਅਲਵਿਦਾ ਕਹਿ ਗਏ। ਪਰ ਗੁਰਸ਼ਰਨ ਭਾਜੀ ਦੇ ਰੰਗਮੰਚ ਜ਼ਰੀਏ ਸਮਾਜ ਦੇ ਪੀੜਤ ਤੇ ਦੱਬੇ ਕੁਚਲੇ ਵਰਗ ਨੂੰ ਜਾਗਰੂਕ ਕਰਨ ਦੇ ਯਤਨਾਂ ਨੂੰ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ।

ਦੂਸਰੇ ਦਿਨ ਅਖ਼ਬਾਰਾਂ ਵਿੱਚ ਆਲੋਚਕਾਂ ਦੀ ਰਾਏ ਨੇ ਵੀ ਨਾਟਕ ਦੇ ਮਿਆਰੀ ਹੋਣ ਦੀ ਪੁਸ਼ਟੀ ਕਰ ਦਿੱਤੀ। ਤੇ ਮੇਰੇ ਲਈ ਨਾਟਕ ‘ਖੁਸਰੇ’ ਰਾਹੀਂ ਸਥਾਪਤ ਕੀਤੇ ਪੱਧਰ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਵੀ। ਉਨਾਂ ਦੀ ਰਾਏ ਸੀ, “ਖੁਸਰਾ ਸਮਾਜ ਨੂੰ ਗੰਭੀਰਤਾ ਨਾਲ ਜਾਂ ਤਾਂ ਮਹੇਸ਼ ਭੱਟ ਨੇ ਆਪਣੀ ਫਿਲਮ ‘ਤਮੰਨਾ’ ਵਿੱਚ ਲਿਆ ਹੈ ਜਾਂ ਸੰਜੀਵਨ ਨੇ ਨਾਟਕ ‘ਖੁਸਰੇ’ ਵਿੱਚ ਖੁਸਰਿਆਂ ਨੂੰ ਭਾਵੁਕ ਪੱਧਰ ’ਤੇ ਪੇਸ਼ ਕੀਤਾ ਹੈ। ਹਾਲੇ ਤਕ ਤਾਂ ਖੁਸਰੇ ਫਿਲਮਾਂ, ਸਾਹਿਤ ਜਾਂ ਨਾਟਕਾਂ ਵਿੱਚ ਕੇਵਲ ਤੇ ਕੇਵਲ ਮਜ਼ਾਕ ਜਾਂ ਨਫ਼ਰਤ ਦਾ ਪਾਤਰ ਹੀ ਹੁੰਦੇ ਸਨ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3261)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author