“ਜੇ ਅਸੀਂ ਸੱਚਮੁੱਚ ਬੱਚਿਆਂ ਨੂੰ ਸਫਲ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ...”
(19 ਮਈ 2026)
ਅੱਜ ਦੇ ਸਮੇਂ ਵਿੱਚ ਸਿੱਖਿਆ ਨੂੰ ਆਮ ਤੌਰ ’ਤੇ ਨੰਬਰਾਂ ਨਾਲ ਜੋੜ ਦਿੱਤਾ ਗਿਆ ਹੈ। ਜਿਵੇਂ ਹੀ ਕਿਸੇ ਵਿਦਿਆਰਥੀ ਦਾ ਨਤੀਜਾ ਆਉਂਦਾ ਹੈ, ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ, “ਕਿੰਨੇ ਅੰਕ ਜਾਂ ਪ੍ਰਤੀਸ਼ਤ ਆਏ ਨੇ?” ਕੋਈ ਇਹ ਨਹੀਂ ਪੁੱਛਦਾ ਕਿ ਉਸਨੇ ਕੀ ਸਿੱਖਿਆ, ਉਸਦੀ ਸੋਚ ਕਿੰਨੀ ਵਧੀ, ਜਾਂ ਉਹ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਕਿੰਨਾ ਤਿਆਰ ਹੋਇਆ। ਇਸ ਦੌੜ ਨੇ ਬੱਚਿਆਂ ਨੂੰ ਇੱਕ ਅਜਿਹੇ ਮੰਚ ’ਤੇ ਖੜ੍ਹਾ ਕਰ ਦਿੱਤਾ ਹੈ ਜਿੱਥੇ ਉਹ ਆਪਣੀ ਕਾਬਲੀਅਤ ਦੀ ਬਜਾਇ ਅੰਕਾਂ ਨਾਲ ਆਪਣੀ ਪਛਾਣ ਬਣਾਉਣ ਲੱਗ ਪਏ ਹਨ। ਪਰ ਸੱਚ ਇਹ ਹੈ ਕਿ ਨਤੀਜਾ ਕੇਵਲ ਅੰਕਾਂ ਦਾ ਸੂਚਕ ਹੈ, ਕਾਬਲੀਅਤ ਜਾਂ ਹੁਨਰ ਦਾ ਨਹੀਂ।
ਸਕੂਲੀ ਪ੍ਰੀਖਿਆਵਾਂ ਦਾ ਮੰਤਵ ਵਿਦਿਆਰਥੀ ਦੇ ਪ੍ਰਾਪਤ ਗਿਆਨ ਦੀ ਜਾਂਚ ਕਰਨਾ ਹੁੰਦਾ ਹੈ, ਪਰ ਇੱਕ ਤਿੰਨ ਘੰਟਿਆਂ ਦੀ ਪ੍ਰੀਖਿਆ ਕਿਸੇ ਮਨੁੱਖ ਦੀ ਪੂਰੀ ਸਮਰੱਥਾ ਨੂੰ ਨਹੀਂ ਮਾਪ ਸਕਦੀ। ਹਰ ਬੱਚਾ ਵੱਖਰੀ ਯੋਗਤਾ ਅਤੇ ਰੁਚੀ ਲੈ ਕੇ ਜਨਮ ਲੈਂਦਾ ਹੈ। ਕੋਈ ਗਣਿਤ ਵਿੱਚ ਵਧੀਆ ਹੁੰਦਾ ਹੈ, ਕੋਈ ਕਲਾ ਵਿੱਚ, ਕੋਈ ਖੇਡਾਂ ਵਿੱਚ, ਕੋਈ ਲੇਖਨ ਵਿੱਚ ਅਤੇ ਕੋਈ ਵਿਗਿਆਨਕ ਸੋਚ ਵਿੱਚ। ਪਰ ਅਸੀਂ ਸਾਰਿਆਂ ਨੂੰ ਇੱਕੋ ਤੱਕੜੀ ਨਾਲ ਤੋਲਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਕੋਈ ਵਿਦਿਆਰਥੀ ਪ੍ਰੀਖਿਆ ਵਿੱਚ ਘੱਟ ਅੰਕ ਲਿਆਵੇ ਤਾਂ ਸਮਾਜ ਉਸਨੂੰ ਕਮਜ਼ੋਰ ਸਮਝ ਲੈਂਦਾ ਹੈ, ਜਦਕਿ ਹੋ ਸਕਦਾ ਹੈ ਕਿ ਉਸਦੇ ਅੰਦਰ ਕੋਈ ਅਜਿਹੀ ਕਲਾ ਹੋਵੇ ਜੋ ਭਵਿੱਖ ਵਿੱਚ ਉਸਨੂੰ ਮਹਾਨ ਬਣਾਏ।
ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਮਹਾਨ ਵਿਅਕਤੀ ਸਕੂਲੀ ਨੰਬਰਾਂ ਵਿੱਚ ਅੱਗੇ ਨਹੀਂ ਸਨ ਪਰ ਉਨ੍ਹਾਂ ਦੀ ਕਾਬਲੀਅਤ ਨੇ ਦੁਨੀਆ ਬਦਲ ਦਿੱਤੀ। ਕਈ ਵਿਗਿਆਨੀ, ਲੇਖਕ, ਕਲਾਕਾਰ ਅਤੇ ਉਦਯੋਗਪਤੀ ਅਜਿਹੇ ਰਹੇ ਹਨ ਜਿਨ੍ਹਾਂ ਨੇ ਕਿਤਾਬੀ ਪ੍ਰੀਖਿਆਵਾਂ ਵਿੱਚ ਵੱਡੇ ਨੰਬਰ ਨਹੀਂ ਲਏ, ਪਰ ਆਪਣੇ ਜਜ਼ਬੇ ਅਤੇ ਮਿਹਨਤ ਨਾਲ ਇਤਿਹਾਸ ਬਣਾ ਦਿੱਤਾ। ਉਦਾਹਰਨ ਵਜੋਂ ਅਲਬਰਟ ਆਈਨਸਟਾਈਨ ਨੂੰ ਕੁਝ ਅਧਿਆਪਕ ਆਮ ਵਿਦਿਆਰਥੀ ਮੰਨਦੇ ਸਨ, ਪਰ ਬਾਅਦ ਵਿੱਚ ਉਹ ਸੰਸਾਰ ਦੇ ਮਹਾਨ ਵਿਗਿਆਨੀਆਂ ਵਿੱਚੋਂ ਇੱਕ ਬਣੇ। ਥਾਮਸ ਐਡੀਸਨ, ਸਕੂਲ ਵਿੱਚ ਉਹਨਾਂ ਦਾ ਪ੍ਰਦਰਸ਼ਨ ਕਮਜ਼ੋਰ ਸੀ, ਪਰ ਉਹਨਾਂ ਨੇ ਬਿਜਲੀ ਦੇ ਬੱਲਬ ਸਮੇਤ ਕਈ ਮਹੱਤਵਪੂਰਨ ਖੋਜਾਂ ਕੀਤੀਆਂ। ਸਟੀਵ ਜੌਬਸ ਕਾਲਜ ਛੱਡ ਗਏ ਸਨ, ਪਰ ਬਾਅਦ ਵਿੱਚ ਐਪਲ ਕੰਪਨੀ ਦੇ ਸਹਿ-ਸੰਸਥਾਪਕ ਬਣੇ। ਬਿੱਲ ਗੇਟਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਕਾਲਜ ਛੱਡ ਦਿੱਤਾ ਪਰ ਬਾਅਦ ਵਿੱਚ ਮਾਈਕ੍ਰੌਸੋਫਟ ਦੀ ਸਥਾਪਨਾ ਕੀਤੀ। ਭਾਰਤ ਰਤਨ ਸਚਿਨ ਤੇਂਦੁਲਕਰ ਦਾ ਧਿਆਨ ਪੜ੍ਹਾਈ ਨਾਲੋਂ ਕ੍ਰਿਕਟ ਵੱਲ ਵੱਧ ਸੀ ਅਤੇ ਉਹ ਦੁਨੀਆ ਦੇ ਮਹਾਨ ਬੱਲੇਬਾਜ਼ ਬਣੇ। ਇਹ ਸਾਬਤ ਕਰਦਾ ਹੈ ਕਿ ਅੰਕ ਕਿਸੇ ਦੀ ਅਸਲ ਸਮਰੱਥਾ ਦਾ ਅੰਤਿਮ ਫੈਸਲਾ ਨਹੀਂ ਹੁੰਦੇ।
ਅੱਜ ਮਾਪੇ ਵੀ ਬੱਚਿਆਂ ’ਤੇ ਅੰਕਾਂ ਦਾ ਬੇਹੱਦ ਦਬਾਅ ਪਾਉਂਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਹਰ ਹਾਲਤ ਵਿੱਚ ਅੱਵਲ ਆਵੇ। ਇਸ ਦਬਾਅ ਕਾਰਨ ਬੱਚੇ ਡਰ, ਤਣਾਅ ਅਤੇ ਨਿਰਾਸਤਾ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਇੱਕ ਛੋਟਾ ਜਿਹਾ ਨਤੀਜਾ ਬੱਚੇ ਦੇ ਆਤਮ-ਵਿਸ਼ਵਾਸ ਨੂੰ ਤੋੜ ਦਿੰਦਾ ਹੈ। ਜਦਕਿ ਬੱਚਿਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਅਸਫਲਤਾ ਅੰਤ ਨਹੀਂ, ਸਗੋਂ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਅਸਲ ਸਿੱਖਿਆ ਉਹ ਹੈ ਜੋ ਮਨੁੱਖ ਨੂੰ ਸੋਚਣਾ, ਸਮਝਣਾ ਅਤੇ ਹਾਲਤਾਂ ਨਾਲ ਲੜਨਾ ਸਿਖਾਏ।
ਸਮਾਜ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਸਨੇ ਅੰਕਾਂ ਨੂੰ ਹੀ ਸਫਲਤਾ/ਅਸਫਲਤਾ ਦਾ ਮਾਪਦੰਡ ਮੰਨ ਲਿਆ ਹੈ। ਜੇ ਕਿਸੇ ਦੇ 95% ਆ ਜਾਣ ਤਾਂ ਉਹ ਹੋਣਹਾਰ ਕਿਹਾ ਜਾਂਦਾ ਹੈ ਅਤੇ ਜੇ ਕਿਸੇ ਦੇ 60% ਹੋਣ ਤਾਂ ਉਸਨੂੰ ਆਮ ਸਮਝ ਲਿਆ ਜਾਂਦਾ ਹੈ। ਪਰ ਜੀਵਨ ਦੀ ਅਸਲੀ ਪ੍ਰੀਖਿਆ ਸਕੂਲ ਤੋਂ ਬਾਹਰ ਸ਼ੁਰੂ ਹੁੰਦੀ ਹੈ। ਉੱਥੇ ਨਾ ਕੋਈ ਰੋਲ ਨੰਬਰ ਹੁੰਦਾ ਹੈ, ਨਾ ਕੋਈ ਪ੍ਰਤੀਸ਼ਤ। ਉੱਥੇ ਮਨੁੱਖ ਦੀ ਹਿੰਮਤ, ਮਿਹਨਤ, ਇਮਾਨਦਾਰੀ ਅਤੇ ਫੈਸਲੇ ਲੈਣ ਦੀ ਸਮਰੱਥਾ ਕੰਮ ਆਉਂਦੀ ਹੈ। ਕਾਬਲੀਅਤ ਅਤੇ ਹੁਨਰ ਦਾ ਸੰਬੰਧ ਸਿਰਫ ਯਾਦ ਕਰਨ ਨਾਲ ਨਹੀਂ, ਸਗੋਂ ਨਵਾਂ ਸੋਚਣ ਨਾਲ ਹੁੰਦਾ ਹੈ। ਇੱਕ ਵਿਦਿਆਰਥੀ ਜੋ ਪ੍ਰਸ਼ਨਾਂ ਦੇ ਉੱਤਰ ਰਟ ਕੇ ਲਿਖ ਦਿੰਦਾ ਹੈ, ਹੋ ਸਕਦਾ ਹੈ ਵਧੀਆ ਅੰਕ ਲੈ ਆਵੇ, ਪਰ ਜ਼ਰੂਰੀ ਨਹੀਂ ਕਿ ਉਹ ਜੀਵਨ ਦੀਆਂ ਸਮੱਸਿਆਵਾਂ ਦਾ ਹੱਲ ਵੀ ਲੱਭ ਸਕੇ। ਦੂਜੇ ਪਾਸੇ, ਕੋਈ ਵਿਦਿਆਰਥੀ ਘੱਟ ਅੰਕ ਲੈ ਕੇ ਵੀ ਬਹੁਤ ਰਚਨਾਤਮਕ ਅਤੇ ਤਰਕਸ਼ੀਲ ਹੋ ਸਕਦਾ ਹੈ। ਇਸ ਲਈ ਸਿੱਖਿਆ ਦਾ ਮਕਸਦ ਸਿਰਫ ਪ੍ਰੀਖਿਆ ਪਾਸ ਕਰਨਾ ਨਹੀਂ, ਸਗੋਂ ਵਿਅਕਤੀ ਦੀ ਅੰਦਰਲੀ ਯੋਗਤਾ ਨੂੰ ਨਿਖਾਰਨਾ ਹੋਣਾ ਚਾਹੀਦਾ ਹੈ।
ਅਧਿਆਪਕਾਂ ਦੀ ਵੀ ਇਸ ਮਾਮਲੇ ਵਿੱਚ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਬੱਚਿਆਂ ਨੂੰ ਸਿਰਫ ਨੰਬਰਾਂ ਲਈ ਨਹੀਂ, ਸਗੋਂ ਜੀਵਨ ਲਈ ਤਿਆਰ ਕਰਨਾ ਚਾਹੀਦਾ ਹੈ। ਜਦੋਂ ਕੋਈ ਅਧਿਆਪਕ ਕਿਸੇ ਕਮਜ਼ੋਰ ਵਿਦਿਆਰਥੀ ਨੂੰ ਹੌਸਲਾ ਦਿੰਦਾ ਹੈ, ਤਾਂ ਉਹ ਉਸਦੇ ਅੰਦਰ ਵਿਸ਼ਵਾਸ ਦੀ ਇੱਕ ਨਵੀਂ ਜੋਤ ਜਗਾ ਦਿੰਦਾ ਹੈ। ਹਰ ਬੱਚੇ ਵਿੱਚ ਕੋਈ ਨਾ ਕੋਈ ਖਾਸ ਗੁਣ ਹੁੰਦਾ ਹੈ। ਲੋੜ ਸਿਰਫ ਉਸ ਗੁਣ ਨੂੰ ਪਛਾਣਨ ਅਤੇ ਉਸਨੂੰ ਉਤਸ਼ਾਹਿਤ ਕਰਨ ਦੀ ਹੁੰਦੀ ਹੈ ਕਿਉਂਕਿ ਕਿਤਾਬਾਂ ਸਿਰਫ ਰਾਹ ਦਿਖਾਉਂਦੀਆਂ ਹਨ, ਮੰਜ਼ਿਲ ਤਾਂ ਹੌਸਲੇ ਤੈਅ ਕਰਦੇ ਹਨ।
ਅਜੋਕੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਦੀ ਲੋੜ ਹੈ। ਪ੍ਰੀਖਿਆਵਾਂ ਨੂੰ ਹੀ ਸਫਲਤਾ ਦਾ ਇੱਕਮਾਤਰ ਮਾਪਦੰਡ ਨਹੀਂ ਬਣਾਉਣਾ ਚਾਹੀਦਾ। ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ, ਰਚਨਾਤਮਕ ਸੋਚ, ਖੇਡਾਂ, ਕਲਾ, ਸੰਗੀਤ ਨੂੰ ਵੀ ਉੰਨਾ ਹੀ ਮਹੱਤਵ ਮਿਲਣਾ ਚਾਹੀਦਾ ਹੈ। ਜਦੋਂ ਅਸੀਂ ਬੱਚਿਆਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਨੂੰ ਸਮਝਾਂਗੇ, ਉਦੋਂ ਹੀ ਅਸੀਂ ਅਸਲ ਅਰਥਾਂ ਵਿੱਚ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਸਮਾਜ ਦਾ ਨਿਰਮਾਣ ਕਰ ਸਕਾਂਗੇ।
ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਹਰ ਬੱਚੇ ਦੀ ਯਾਤਰਾ ਵੱਖਰੀ ਹੁੰਦੀ ਹੈ। ਕੋਈ ਤੇਜ਼ ਦੌੜਦਾ ਹੈ, ਕੋਈ ਹੌਲੀ, ਪਰ ਮੰਜ਼ਿਲ ਹਰ ਇੱਕ ਲਈ ਵੱਖਰੀ ਹੁੰਦੀ ਹੈ। ਇਸ ਲਈ ਕਿਸੇ ਇੱਕ ਨਤੀਜੇ ਦੇ ਅਧਾਰ ’ਤੇ ਕਿਸੇ ਦੀ ਪੂਰੀ ਜ਼ਿੰਦਗੀ ਦਾ ਮੁਲਾਂਕਣ ਕਰਨਾ ਗਲਤ ਹੈ। ਅੰਕ ਇੱਕ ਸਮੇਂ ਦੇ ਪ੍ਰਦਰਸ਼ਣ ਦਾ ਸੂਚਕ ਹੁੰਦੇ ਹਨ, ਇਹ ਮਨੁੱਖ ਦੀ ਸੋਚ, ਸੁਭਾਅ, ਇਮਾਨਦਾਰੀ ਅਤੇ ਸੰਘਰਸ਼ ਕਰਨ ਦੀ ਤਾਕਤ ਨਹੀਂ ਮਾਪ ਸਕਦੇ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਤੀਜਾ ਸਿਰਫ ਇੱਕ ਕਾਗਜ਼ ਦਾ ਟੁਕੜਾ ਹੈ, ਜਦਕਿ ਕਾਬਲੀਅਤ ਮਨੁੱਖ ਦੀ ਅਸਲ ਪਛਾਣ ਹੈ। ਜੇ ਅਸੀਂ ਸੱਚਮੁੱਚ ਬੱਚਿਆਂ ਨੂੰ ਸਫਲ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਨੂੰ ਨੰਬਰਾਂ ਦੀ ਦੌੜ ਤੋਂ ਬਾਹਰ ਕੱਢ ਕੇ ਜੀਵਨ ਦੀਆਂ ਅਸਲ ਕਦਰਾਂ ਨਾਲ ਜੋੜਨਾ ਹੋਵੇਗਾ। ਸਹੀ ਕਿਹਾ ਗਿਆ ਹੈ, “ਅੰਕ ਕਾਗਜ਼ਾਂ ਉੱਤੇ ਲਿਖੇ ਜਾਂਦੇ ਹਨ, ਪਰ ਕਾਬਲੀਅਤ ਮਨੁੱਖ ਦੇ ਕਰਮਾਂ ਵਿੱਚ ਦਿਖਾਈ ਦਿੰਦੀ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































