RajKumarKhanna7ਜੇਕਰ ਬੱਚਾ ਚਾਇਨਾ ਡੋਰ ਨਾਲ ਪਤੰਗ ਉੱਡਾ ਰਿਹਾ ਹੈਇਸਦਾ ਮਤਲਬ ਮਾਪਿਆਂ ਦੀ ...
(25 ਜਨਵਰੀ 2026)


“ਪਾਪਾ
, ਅੱਜ ਬਸੰਤ ਆ, ਮਫਲਰ ਗੱਲ ਵਿੱਚ ਪਾ ਕੇ ਜਾਇਓ। … ਮੋਟਰ ਸਾਈਕਲ ਹੌਲੀ ਚਲਾਉਣਾ … ਚਾਇਨਾ ਡੋਰ ਦਾ ਧਿਆਨ ਰੱਖਣਾ।”

ਇਹ ਆਦੇਸ਼ ਮੇਰੀ 11 ਸਾਲਾਂ ਲਾਡੋ ਰਾਣੀ ਮੰਨਤ ਦੇ ਸਨ। ਇਹ ਸ਼ਬਦ ਸਿਰਫ ਇੱਕ ਬੱਚੀ ਦੀ ਮਾਸੂਮ ਚਿੰਤਾ ਨਹੀਂ, ਸਗੋਂ ਅਜੋਕੇ ਸਮਾਜ ਲਈ ਇੱਕ ਡੂੰਘਾ ਸੰਦੇਸ਼ ਹਨ। ਆਮ ਤੌਰ ’ਤੇ ਮਾਪੇ ਬੱਚਿਆਂ ਦੀ ਸੁਰੱਖਿਆ, ਸਿਹਤ ਅਤੇ ਭਵਿੱਖ ਲਈ ਚਿੰਤਤ ਰਹਿੰਦੇ ਹਨ, ਪਰ ਜਦੋਂ ਬੱਚੇ ਆਪਣੇ ਮਾਪਿਆਂ ਦੀ ਇਸ ਤਰ੍ਹਾਂ ਫਿਕਰ ਕਰਨ ਤਾਂ ਇਹ ਸੰਕੇਤ ਹੁੰਦਾ ਹੈ ਕਿ ਸਮਾਜ ਦੀ ਨੀਂਹ ਅਜੇ ਵੀ ਮਜ਼ਬੂਤ ਹੈ।

ਬਸੰਤ ਦਾ ਤਿਉਹਾਰ ਖੁਸ਼ੀਆਂ, ਰੰਗਾਂ ਅਤੇ ਉਤਸ਼ਾਹ ਦਾ ਪ੍ਰਤੀਕ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਖੁਸ਼ੀ ਦੇ ਨਾਲ-ਨਾਲ ਗੰਭੀਰ ਸਮੱਸਿਆ ਵੀ ਹਰ ਸਾਲ ਸਾਹਮਣੇ ਆਉਂਦੀ ਹੈ - ਉਹ ਹੈ ਚਾਇਨਾ ਡੋਰ, ਜੋ ਚਿੱਟੇ ਦਿਨੇ ਸੜਕ ਉੱਤੇ ਮੌਤ ਦਾ ਤਾਂਡਵ ਕਰ ਰਹੀ ਹੈ। ਮੰਨਤ ਵੱਲੋਂ ਮਫਲਰ ਪਾਉਣ ਅਤੇ ਹੌਲੀ ਗੱਡੀ ਚਲਾਉਣ ਦੀ ਸਲਾਹ ਉਸਦੀ ਸੂਝਵਾਨ ਸੋਚ ਨੂੰ ਦਰਸਾਉਂਦੀ ਹੈ, ਪਰ ‘ਚਾਇਨਾ ਡੋਰ ਤੋਂ ਸਾਵਧਾਨ ਰਹਿਣਾ’ ਅਤੇ ‘ਲੋਕਾਂ ਦੇ ਗੱਲ ਵੱਢੇ ਜਾ ਰਹੇ ਹਨ’ ਕਹਿਣਾ ਸਾਡੇ ਸਮਾਜ ਲਈ ਇੱਕ ਡੁੰਘਾਈ ਵਾਲਾ ਪ੍ਰਸ਼ਨ ਹੈ।

ਚਾਇਨਾ ਡੋਰ ਅੱਜ ਸਿਰਫ ਇੱਕ ਮਨੋਰੰਜਨ ਦੀ ਚੀਜ਼ ਨਹੀਂ ਰਹੀ ਬਲਕਿ ਇਹ ਮੌਤ ਦਾ ਸਾਮਾਨ ਬਣ ਚੁੱਕੀ ਹੈ। ਹਰ ਸਾਲ ਅਨੇਕਾਂ ਨਿਰਦੋਸ਼ ਲੋਕ, ਖ਼ਾਸ ਕਰਕੇ ਦੋ ਪਹੀਆ ਵਾਹਨ ਚਲਾਉਣ ਵਾਲੇ, ਇਸ ਡੋਰ ਦਾ ਸ਼ਿਕਾਰ ਹੋ ਰਹੇ ਹਨ। ਕਈ ਜਾਨਾਂ ਗੁਆ ਰਹੇ ਹਨ, ਕਈ ਪਰਿਵਾਰ ਸਦਾ ਲਈ ਦੁੱਖਾਂ ਵਿੱਚ ਡੁੱਬ ਰਹੇ ਹਨ। ਸਮਰਾਲਾ ਵਿਖੇ ਚਾਇਨਾ ਡੋਰ ਨਾਲ ਹੋਈ 15 ਸਾਲਾਂ ਬੱਚੇ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਸਿੱਧਾ ਕਤਲ ਹੈ। ਜੇਕਰ ਬੱਚਾ ਚਾਇਨਾ ਡੋਰ ਨਾਲ ਪਤੰਗ ਉੱਡਾ ਰਿਹਾ ਹੈ, ਇਸਦਾ ਮਤਲਬ ਮਾਪਿਆਂ ਦੀ ਇਸ ਡੋਰ ਨੂੰ ਮੰਜ਼ੂਰੀ ਹੈ। ਮਤਲਬ ਉਹ ਵੀ ਅਜਿਹੇ ਖਾਮੋਸ਼ ਕਤਲ ਵਿੱਚ ਬਰਾਬਰ ਦੇ ਭਾਗੀਦਾਰ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਖਤਰਾ ਇੱਕ 11 ਸਾਲ ਦੀ ਬੱਚੀ ਸਮਝ ਰਹੀ ਹੈ, ਪਰ ਸਮਾਜ ਦਾ ਵੱਡਾ ਹਿੱਸਾ ਅਜੇ ਵੀ ਅਣਦੇਖੀ ਕਰ ਰਿਹਾ ਹੈ।

ਇਹ ਸਥਿਤੀ ਸਿਰਫ ਕਾਨੂੰਨੀ ਕਾਰਵਾਈ ਨਾਲ ਹੱਲ ਨਹੀਂ ਹੋ ਸਕਦੀ। ਜਦੋਂ ਤਕ ਸਮਾਜਿਕ ਜਾਗਰੂਕਤਾ, ਨੈਤਿਕ ਜ਼ਿੰਮੇਵਾਰੀ ਅਤੇ ਮਨੁੱਖੀ ਸੰਵੇਦਨਸ਼ੀਲਤਾ ਵਿਕਸਿਤ ਨਹੀਂ ਹੁੰਦੀ, ਤਦ ਤਕ ਅਜਿਹੀਆਂ ਘਟਨਾਵਾਂ ਰੁਕਣੀਆਂ ਮੁਸ਼ਕਿਲ ਹਨ। ਮਾਪਿਆਂ, ਸਕੂਲਾਂ, ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਬੱਚਿਆਂ ਵਿੱਚ ਸੁਰੱਖਿਆ ਅਤੇ ਜ਼ਿੰਮੇਵਾਰੀ ਦੀ ਸੋਚ ਪੈਦਾ ਕਰਨੀ ਹੋਵੇਗੀ।

ਅਜੋਕੇ ਸਮੇਂ ਵਿੱਚ ਅਕਸਰ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਬੱਚੇ ਮੋਬਾਇਲ ਫੋਨ ਅਤੇ ਡਿਜਿਟਲ ਦੁਨੀਆ ਤਕ ਸੀਮਿਤ ਹੋ ਗਏ ਹਨ। ਪਰ ਮੰਨਤ ਵਰਗੀ ਸੋਚ ਇਹ ਸਾਬਤ ਕਰਦੀ ਹੈ ਕਿ ਜੇ ਬੱਚਿਆਂ ਨੂੰ ਸਹੀ ਸੰਸਕਾਰ ਮਿਲਣ ਤਾਂ ਉਹ ਨਾ ਸਿਰਫ ਆਪਣੇ ਪਰਿਵਾਰ ਲਈ, ਸਗੋਂ ਪੂਰੇ ਸਮਾਜ ਲਈ ਸੋਚ ਸਕਦੇ ਹਨ।

ਅੰਤ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇ ਬੱਚੇ ਮਾਪਿਆਂ ਦਾ ਇਸ ਤਰ੍ਹਾਂ ਫਿਕਰ ਕਰਨ ਅਤੇ ਵੱਡੇ ਲੋਕ ਬੱਚਿਆਂ ਤੋਂ ਸਿੱਖਣ, ਤਾਂ ਉੱਜਲ, ਸੁਰੱਖਿਅਤ ਅਤੇ ਮਨੁੱਖੀ ਸਮਾਜ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਮੈਂਨੂੰ ਮਾਣ ਹੈ ਆਪਣੀ ਧੀ ਰਾਣੀ ਦੀ ਸੋਚ ’ਤੇ ਜੋ ਇਸ ਗੰਭੀਰ ਮਸਲੇ ਉੱਤੇ ਚਿੰਤਤ ਹੈ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਰਾਜ ਕੁਮਾਰ ਖੰਨਾ

ਰਾਜ ਕੁਮਾਰ ਖੰਨਾ

Whatsapp: (91 - 99884 - 01976)
Email: (rajkumar.khanna2002@gmail.com)