“ਜਦੋਂ ਸਕੂਲ ਅਤੇ ਮਾਪੇ ਮਿਲ ਕੇ ਬੱਚਿਆਂ ਦੀ ਭਲਾਈ ਲਈ ਕੰਮ ਕਰਦੇ ਹਨ ਤਦ ਹੀ ...”
(6 ਮਾਰਚ 2026)
ਸਕੂਲ ਸਿਰਫ ਪੜ੍ਹਾਈ ਦਾ ਕੇਂਦਰ ਹੀ ਨਹੀਂ ਹੁੰਦਾ, ਸਗੋਂ ਇਹ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਆਪਸੀ ਭਰੋਸੇ ਅਤੇ ਸਮਝ ਦਾ ਮਜ਼ਬੂਤ ਕੇਂਦਰ ਵੀ ਹੁੰਦਾ ਹੈ। ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਵਿੱਚ ਗਲਤਫਹਮੀਆਂ ਪੈਦਾ ਹੋ ਜਾਂਦੀਆਂ ਹਨ, ਪਰ ਜੇਕਰ ਪਿਆਰ, ਨਿਮਰਤਾ ਅਤੇ ਸਮਝਦਾਰੀ ਨਾਲ ਉਹਨਾਂ ਨੂੰ ਨਜਿੱਠਿਆ ਜਾਵੇ ਤਾਂ ਇਹ ਸਕੂਲੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾ ਦਿੰਦੀਆਂ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਹਾਲ ਹੀ ਵਿੱਚ ਮੇਰੇ ਸਕੂਲ ਵਿੱਚ ਵਾਪਰੀ।
ਕੁਝ ਸਮਾਂ ਪਹਿਲਾਂ ਅਮਨਿੰਦਰ ਦੀ ਦਾਦੀ ਸਕੂਲ ਵਿੱਚ ਆਪਣੇ ਪੋਤੇ (ਅਮਨਿੰਦਰ) ਅਤੇ ਪੋਤੀ ਦੀ ਛੁੱਟੀ ਦੀ ਬੇਨਤੀ ਕਰਨ ਆਈ। ਉਹ ਪਹਿਲੀ ਵਾਰ ਸਕੂਲ ਆਏ ਸਨ। ਉਸ ਵੇਲੇ ਮੈਂ ਦਸਵੀਂ ਜਮਾਤ ਦਾ ਪੀਰੀਅਡ ਲੈ ਰਿਹਾ ਸੀ। ਉਹਨਾਂ ਨੇ ਕਿਸੇ ਪਰਿਵਾਰਕ ਪ੍ਰੋਗਰਾਮ ਵਿੱਚ ਜਾਣ ਲਈ ਬੱਚਿਆਂ ਨੂੰ ਅੱਧੀ ਛੁੱਟੀ ਦੇਣ ਦੀ ਬੇਨਤੀ ਕੀਤੀ। ਸਕੂਲ ਦੇ ਨਿਯਮਾਂ ਅਨੁਸਾਰ ਮੈਂ ਬੱਚਿਆਂ ਨੂੰ ਇਕੱਲਿਆਂ ਘਰ ਭੇਜਣ ਤੋਂ ਹਮੇਸ਼ਾ ਗੁਰੇਜ਼ ਕਰਦਾ ਹਾਂ ਜਦੋਂ ਤਕ ਮਾਪਿਆਂ ਦੀ ਮਨਜ਼ੂਰੀ ਨਾ ਹੋਵੇ। ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਏ ਹੋ ਤਾਂ ਹੁਣੇ ਹੀ ਬੱਚਿਆਂ ਨੂੰ ਨਾਲ ਲੈ ਜਾਓ, ਸੁਰੱਖਿਆ ਦਾ ਵੀ ਧਿਆਨ ਰਹੇਗਾ। ਪਰ ਉਹ ਕਹਿਣ ਲੱਗੇ ਕਿ ਅੱਧੀ ਛੁੱਟੀ ਹੀ ਭੇਜ ਦੇਣਾ। ਸ਼ਾਇਦ ਮੇਰੀ ਗੱਲ ਉਹਨਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਆਈ ਅਤੇ ਬੱਚਿਆਂ ਨੂੰ ਬਿਨਾਂ ਲਏ ਵਾਪਸ ਚਲੇ ਗਏ।
ਅੱਧੀ ਛੁੱਟੀ ਵੇਲੇ ਅਮਨਿੰਦਰ ਅਤੇ ਉਸਦੀ ਭੈਣ ਮੇਰੇ ਕੋਲ ਆਏ। ਮੈਂ ਉਹਨਾਂ ਨੂੰ ਧਿਆਨ ਨਾਲ ਜਾਣ ਲਈ ਕਿਹਾ। ਮੈਨੂੰ ਲੱਗਿਆ ਗੱਲ ਇੱਥੇ ਖਤਮ ਹੋ ਗਈ। ਪਰ ਕੁਝ ਦਿਨ ਬਾਅਦ ਪਿੰਡ ਦੇ ਸਰਪੰਚ ਸਾਹਿਬ ਦਾ ਫ਼ੋਨ ਆਇਆ ਕਿ ਅਮਨਿੰਦਰ ਦੀ ਦਾਦੀ ਨਾਲ ਕੀ ਗੱਲ ਹੋ ਗਈ ਸੀ। ਉਹ ਮੇਰੇ ਕੋਲ ਆਏ ਅਤੇ ਕਹਿੰਦੇ ਕਿ ਮੈਂ ਬੱਚਿਆਂ ਨੂੰ ਛੁੱਟੀ ਕਰਵਾਉਣ ਲਈ ਸਕੂਲ ਗਈ, ਅੱਗੋਂ ਹੈੱਡਮਾਸਟਰ ਨੇ ਮੈਂਨੂੰ ਕਿਹਾ ‘ਬੱਚੇ ਹੁਣੇ ਲੈ ਜਾਓ।’ ਮੈਂ ਕਿਹਾ ਕਿ ਛੁੱਟੀ ਵਾਲੀ ਗੱਲ ਹੋਈ ਸੀ। ਮੈਂ ਉਨ੍ਹਾਂ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਇਆ। ਪਿੰਡ ਦੇ ਹੋਰ ਲੋਕਾਂ ਨੇ ਵੀ ਮੈਂਨੂੰ ਇਸ ਬਾਰੇ ਪੁੱਛਿਆ। ਮੈਂ ਸੋਚਿਆ ਕਿ ਗੱਲ ਕਿੱਥੇ ਤੋਂ ਕਿੱਥੇ ਪਹੁੰਚ ਗਈ, ਮਾਤਾ ਨੇ ਤਾਂ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਪਰ ਬਜ਼ੁਰਗਾਂ ਦੀ ਗੱਲ ਸਮਝ ਕੇ ਮੈਂ ਇਸਨੂੰ ਭੁੱਲ ਗਿਆ।
ਹਾਲ ਹੀ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਵਿੱਚ ਮਾਪਿਆਂ ਦੀ ਵਰਕਸ਼ਾਪ ਹੋਈ। ਮੈਂ ਦਫਤਰ ਵਿੱਚ ਮਾਪਿਆਂ ਨਾਲ ਬੱਚਿਆਂ ਬਾਬਤ ਗੱਲ ਕਰ ਰਿਹਾ ਸੀ ਕਿ ਇੱਕ ਮਾਤਾ ਜੀ ਦਫਤਰ ਵਿੱਚ ਆਏ। ਉਨ੍ਹਾਂ ਬੜੀ ਨਿਮਰਤਾ ਨਾਲ ਫਤਿਹ ਬੁਲਾਈ। ਮੈਂ ਵੀ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ। ਮੈਂ ਕਿਹਾ, ਹਾਂ ਜੀ ਮਾਤਾ ਜੀ। ਉਹ ਕਹਿਣ ਲੱਗੇ, ਮੈਂ ਅਮਨਿੰਦਰ ਦੀ ਦਾਦੀ ਹਾਂ। ਮੈਂ ਮਾਪਿਆਂ ਨਾਲ ਗੱਲਬਾਤ ਵਿੱਚ ਰੁੱਝੇ ਹੋਣ ਕਰਕੇ ਉਹਨਾਂ ਨੂੰ ਪਛਾਣ ਨਾ ਸਕਿਆ। ਮੈਂ ਉਹਨਾਂ ਨੂੰ ਬੈਠਣ ਲਈ ਕੁਰਸੀ ਆਫਰ ਕੀਤੀ। ਮੈਂ ਕਿਹਾ, ਮਾਤਾ ਜੀ ਤੁਸੀਂ ਛੁੱਟੀ ਵਾਲੀ ਗੱਲ ਤਾਂ ਸਾਰੇ ਪਿੰਡ ਘੁਮਾ ਦਿੱਤੀ। ਉਹ ਕਹਿੰਦੇ, ਪੁੱਤ ਉਸ ਦਿਨ ਦੀ ਗੱਲ ਲਈ ਮੈਂ ਮੁਆਫੀ ਮੰਗਦੀ ਹਾਂ, ਮੈਂ ਗੱਲ ਠੀਕ ਤਰ੍ਹਾਂ ਸਮਝ ਨਹੀਂ ਸਕੀ ਸਾਂ।
ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਮਾਂ ਸਮਾਨ ਹੋ, ਮਾਫ਼ੀ ਦੀ ਕੋਈ ਲੋੜ ਨਹੀਂ। ਵਰਕਸ਼ਾਪ ਦੌਰਾਨ ਕਾਫੀ ਸਮਾਂ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਬਾਰੇ ਗੱਲਬਾਤ ਹੁੰਦੀ ਰਹੀ। ਚਾਹ-ਸਨੈਕਸ ਵੀ ਸਰਵ ਕੀਤਾ ਗਿਆ। ਗੱਲਬਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਤਾ ਨੂੰ ਉਸ ਦਿਨ ਦੀ ਗੱਲ ਦਾ ਕਾਫੀ ਪਛਤਾਵਾ ਹੋ ਰਿਹਾ ਸੀ।
ਇਸ ਘਟਨਾ ਨਾਲ ਇੱਕ ਗੱਲ ਸਮਝ ਆਉਂਦੀ ਹੈ ਕਿ ਸਕੂਲ ਦਾ ਬੱਚਿਆਂ ਪ੍ਰਤੀ ਪਿਆਰ, ਮਾਪਿਆਂ-ਅਧਿਆਪਕਾਂ ਵਿਚਾਲੇ ਆਪਸੀ ਪਿਆਰ ਅਤੇ ਭਰੋਸਾ ਬਹੁਤ ਜ਼ਰੂਰੀ ਹੈ। ਜਦੋਂ ਸਕੂਲ ਅਤੇ ਮਾਪੇ ਮਿਲ ਕੇ ਬੱਚਿਆਂ ਦੀ ਭਲਾਈ ਲਈ ਕੰਮ ਕਰਦੇ ਹਨ ਤਦ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਸੰਭਵ ਹੁੰਦਾ ਹੈ। ਗਲਤਫਹਮੀਆਂ ਕਦੇ ਵੀ ਹੋ ਸਕਦੀਆਂ ਹਨ, ਪਰ ਨਿਮਰਤਾ ਅਤੇ ਸਮਝ ਨਾਲ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹੀ ਸਿਹਤਮੰਦ ਸਮਾਜ ਦੀ ਨੀਂਹ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (