“ਮਹਿਜ਼ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਉੱਤੇ ਜ਼ਿੰਮੇਵਾਰੀ ਸੁੱਟਣ ਨਾਲ ਰੋਜ਼ਾਨਾ ਹੋ ਰਹੇ ...”
(22 ਜਨਵਰੀ 2026)
ਪਤੰਗਬਾਜ਼ੀ ਸਦੀਆਂ ਤੋਂ ਹੀ ਭਾਰਤੀ ਪਰੰਪਰਾ ਵਿੱਚ ਅਹਿਮ ਸਥਾਨ ਰੱਖਦੀ ਹੈ। ਬਸੰਤ ਪੰਚਮੀ, ਲੋਹੜੀ, ਗਣਤੰਤਰ ਦਿਵਸ, ਸੁਤੰਤਰਤਾ ਦਿਵਸ ਮੌਕੇ ਅਸਮਾਨ ਵਿੱਚ ਉਡਦੇ ਰੰਗ-ਬਰੰਗੇ ਪਤੰਗ ਸਾਡੇ ਮਨਾਂ ਵਿੱਚ ਖੁਸ਼ੀ, ਹੁਲਾਸ, ਉਮੰਗ ਅਤੇ ਉਤਸ਼ਾਹ ਭਰ ਦਿੰਦੇ ਹਨ। ਪਰ ਪਿਛਲੇ ਡੇਢ ਦਹਾਕੇ ਤੋਂ ਪਤੰਗਬਾਜ਼ੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਇਹ ਖੁਸ਼ੀ ਦੀ ਥਾਂ ਮੌਤ ਦਾ ਕਾਰਨ ਬਣ ਗਈ ਹੈ। ਇਸਦਾ ਇੱਕੋ-ਇੱਕ ਕਾਰਨ ਹੈ ਚਾਇਨਾ ਡੋਰ। ਇਸ ਡੋਰ ਨੇ ਰੰਗੀਨ ਅਤੇ ਖੁਸ਼ਹਾਲੀ ਵਾਲੇ ਤਿਓਹਾਰਾਂ ਨੂੰ ਖੂਨੀ ਤਿਉਹਾਰ ਬਣਾ ਕੇ ਕਲੰਕਤ ਕਰ ਦਿੱਤਾ ਹੈ।
ਚਾਇਨਾ ਡੋਰ ਨਾਇਲੋਨ, ਪਲਾਸਟਿਕ, ਸਿੰਥੈਟਿਕ ਅਤੇ ਕੱਚ ਦੇ ਬੁਰਾਦੇ ਨਾਲ ਤਿਆਰ ਕੀਤੀ ਜਾਂਦੀ ਖਤਰਨਾਕ ਡੋਰ ਹੈ। ਇਹ ਡੋਰ ਸਧਾਰਨ ਧਾਗੇ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਅਤੇ ਖਤਰਨਾਕ ਹੁੰਦੀ ਹੈ। ਜਦੋਂ ਇਹ ਡੋਰ ਕਿਸੇ ਦੀ ਗਰਦਨ, ਹੱਥ ਜਾਂ ਚਿਹਰੇ ਨਾਲ ਟਕਰਾਉਂਦੀ ਹੈ ਤਾਂ ਗੰਭੀਰ ਡੂੰਘੇ ਕੱਟ ਲੱਗ ਜਾਂਦੇ ਹਨ। ਸੜਕ ’ਤੇ ਅਚਾਨਕ ਲਟਕ ਰਹੀ ਚਾਇਨਾ ਡੋਰ ਵਾਹਨ ਚਲਾਉਣ ਵਾਲੇ ਦੀ ਗਰਦਨ ਵਿੱਚ ਫਸ ਕੇ ਗੰਭੀਰ ਜ਼ਖਮ ਜਾਂ ਤੁਰੰਤ ਮੌਤ ਦਾ ਕਾਰਨ ਬਣ ਜਾਂਦੀ ਹੈ। ਇਸਦੀ ਵਰਤੋਂ ਨਾਲ ਹਰ ਸਾਲ ਅਨੇਕਾਂ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਵਿੱਚ ਮਨੁੱਖਾਂ, ਪੰਛੀਆਂ ਅਤੇ ਪਸ਼ੂਆਂ ਦੀ ਜਾਨ ਇਸ ਨਾਲ ਜਾ ਰਹੀ ਹੈ। ਹਰ ਸਾਲ ਪਤੰਗਾਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋ ਰਿਹਾ ਹੈ।
ਮੌਜੂਦਾ ਸਮੇਂ ਵਿੱਚ ਚਾਇਨਾ ਡੋਰ ਦੀ ਸਮੱਸਿਆ ਮਨੁੱਖੀ ਜਾਨ ਤਕ ਹੀ ਸੀਮਿਤ ਨਹੀਂ ਸਗੋਂ ਵਾਤਾਵਰਣ ਲਈ ਵੀ ਗੰਭੀਰ ਸਮੱਸਿਆ ਬਣ ਗਈ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਅਸਮਾਨੀ ਜੀਵ - ਚਿੜੀਆਂ, ਕਬੂਤਰ, ਤੋਤੇ, ਇੱਲਾਂ, ਗਿੱਧਾਂ ਇਸ ਕਾਤਲ ਡੋਰ ਵਿੱਚ ਫਸ ਕੇ ਅਪਾਹਜ ਜਾਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਦੂਜੇ ਪਾਸੇ ਥਲੀ ਜੀਵ - ਗਾਂ, ਕੁੱਤੇ ਅਤੇ ਹੋਰ ਪਸ਼ੂ ਵੀ ਇਸ ਚਾਇਨਾ ਡੋਰ ਦਾ ਸ਼ਿਕਾਰ ਹੋ ਰਹੇ ਹਨ। ਇਹ ਡੋਰ ਇੰਨੀ ਖਤਰਨਾਕ ਹੈ ਕਿ ਬਿਜਲੀ ਦੀਆਂ ਤਾਰਾਂ ਨਾਲ ਛੋਹਣ ਸਮੇਂ ਇਸ ਵਿੱਚ ਕਰੰਟ ਵੀ ਆ ਜਾਂਦਾ ਹੈ। ਅੱਜ ਇਹ ਡੋਰ ਖੁਸ਼ੀਆਂ ਦੇ ਤਿਓਹਾਰਾਂ ਨੂੰ ਸੋਗਾਂ ਦੇ ਸਮਾਗਮਾਂ ਵਿੱਚ ਬਦਲ ਰਹੀ ਹੈ।
ਇਹ ਗੱਲ ਚਿੰਤਾਜਨਕ ਹੈ ਕਿ ਪੰਜਾਬ ਦੇ ਨਾਲ-ਨਾਲ ਕਈ ਰਾਜਾਂ ਵਿੱਚ ਚਾਇਨਾ ਡੋਰ ਦੀ ਖਰੀਦ-ਵੇਚ ਉੱਤੇ ਪੂਰਨ ਤੌਰ ’ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਇਹ ਬਜ਼ਾਰਾਂ ਵਿੱਚ ਖੁੱਲ੍ਹੇਆਮ ਜਾਂ ਚੁੱਪ-ਚਪੀਤੇ ਵਿਕ ਰਹੀ ਹੈ। ਧਨ ਦੇ ਲਾਲਚ ਵੱਸ ਕੁਝ ਵਪਾਰੀ ਕਾਨੂੰਨ ਅਤੇ ਲੋਕਾਂ ਦੀ ਜਾਨਾਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਇਹ ਨੈਤਿਕਤਾ ਅਤੇ ਕਿਰਦਾਰ ਦੇ ਪਤਨ ਦੀ ਨਿਸ਼ਾਨੀ ਹੈ। ਪ੍ਰਸ਼ਾਸਨ ਅਤੇ ਪੁਲਿਸ ਸਰਕਾਰ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਕਾਗਜ਼ਾਂ ਤਕ ਸੀਮਿਤ ਨਾ ਰੱਖੇ, ਸਗੋਂ ਜ਼ਮੀਨੀ ਪੱਧਰ ’ਤੇ ਇਸਦੀ ਕਰੜਾਈ ਨਾਲ ਪਾਲਣਾ ਕਰਵਾਏ। ਨਾਜਾਇਜ਼ ਢੰਗ ਨਾਲ ਡੋਰ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਆਮ ਨਾਗਰਿਕ ਚਾਇਨਾ ਡੋਰ ਵੇਚਣ ਵਾਲਿਆਂ ਵਿਰੁੱਧ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਉਣ।
ਮਹਿਜ਼ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਉੱਤੇ ਜ਼ਿੰਮੇਵਾਰੀ ਸੁੱਟਣ ਨਾਲ ਰੋਜ਼ਾਨਾ ਹੋ ਰਹੇ ਖਾਮੋਸ਼ ਕਤਲਾਂ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ। ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਪ੍ਰੰਤੂ ਸਮਾਜ ਦਾ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਇਨਾ ਡੋਰ ਵਿਰੁੱਧ ਜਨ-ਅੰਦੋਲਨ ਚਲਾਇਆ ਜਾਵੇ। ਜ਼ਿੰਮੇਵਾਰ ਨਾਗਰਿਕ ਹੋਣ ਵਜੋਂ ਆਪਣੇ ਬੱਚਿਆਂ ਨੂੰ ਇਸ ਡੋਰ ਨਾਲ ਹੋ ਰਹੇ ਜਾਨੀ ਅਤੇ ਵਾਤਾਵਰਣਿਕ ਨੁਕਸਾਨ ਬਾਰੇ ਦੱਸੀਏ, ਉਹਨਾਂ ਨੂੰ ਚਾਇਨਾ ਡੋਰ ਦੀ ਥਾਂ ਸਾਡੇ ਪਰੰਪਰਿਕ ਸੂਤ ਦੇ ਧਾਗੇ ਦੀ ਵਰਤੋਂ ਬਾਰੇ ਪ੍ਰੇਰਿਤ ਕਰੀਏ। ਬੱਚੇ ਅਣਗਹਿਲੀ ਕਾਰਨ ਜਿੱਥੇ ਲੋਕਾਂ ਅਤੇ ਜੀਵ-ਜੰਤਾਂ ਦਾ ਜਾਨੀ ਨੁਕਸਾਨ ਕਰ ਰਹੇ ਹਨ, ਉੱਥੇ ਕਰੰਟ ਆਦਿ ਦੇ ਖਤਰੇ ਨਾਲ ਆਪਣੀ ਜਾਨ ਵੀ ਜੋਖਮ ਵਿੱਚ ਪਾ ਰਹੇ ਹਨ, ਜੋ ਬਾਅਦ ਵਿੱਚ ਪਛਤਾਵੇ ਦਾ ਸਬੱਬ ਬਣ ਕੇ ਰਹਿ ਜਾਂਦਾ ਹੈ।
ਸਕੂਲਾਂ ਅਤੇ ਕਾਲਜਾਂ ਦੇ ਮਾਧਿਅਮ ਰਾਹੀਂ ਚਾਇਨਾ ਡੋਰ ਵਿਰੁੱਧ ਜਨ-ਮੁਹਿੰਮ ਚਲਾਈ ਜਾ ਸਕਦੀ ਹੈ। ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ ਕਿ ਇਹ ਡੋਰ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾਉਣ ਦੇ ਨਾਲ-ਨਾਲ ਸਾਡੇ ਵਾਤਾਵਰਣ ਨੂੰ ਵੀ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਖੁਦ ਅਤੇ ਲੋਕਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਕੇ ਮਨਾਈ ਗਈ ਖੁਸ਼ੀ ਅਸਲ ਖੁਸ਼ੀ ਨਹੀਂ ਹੋ ਸਕਦੀ। ਇਸ ਕਾਤਲ ਡੋਰ ਵਿਰੁੱਧ ਜਨ-ਰੈਲੀਆਂ, ਡਿਬੇਟ, ਪੋਸਟਰ ਮੇਕਿੰਗ, ਸਲੋਗਨ ਕੰਪੀਟੀਸ਼ਨ ਕਰਵਾ ਕੇ ਸਾਰਥਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸਕੂਟਰ ਅਤੇ ਮੋਟਰ-ਸਾਇਕਲ ਚਲਾਉਣ ਵਾਲੇ ਸਤਰਕਤਾ ਵਰਤਣ, ਉਹ ਤਿਉਹਾਰਾਂ ਦੇ ਦਿਨਾਂ ਵਿੱਚ ਖ਼ਾਸ ਤੌਰ ’ਤੇ ਆਪਣੇ ਗਲ ਦੀ ਸੁਰੱਖਿਆ ਲਈ ਮਫਲਰ ਜਾਂ ਸੁਰੱਖਿਆ ਗਾਰਡ ਦੀ ਵਰਤੋਂ ਕਰ ਸਕਦੇ ਹਨ।
ਅੰਤ ਵਿੱਚ, ਸਮਾਜ ਦੇ ਸਾਹਮਣੇ ਇਹ ਪ੍ਰਸ਼ਨ ਆ ਜਾਂਦਾ ਹੈ ਕਿ ਕੀ ਅਸੀਂ ਲੋਕ ਥੋੜ੍ਹੇ ਜਿਹੇ ਮਨੋਰੰਜਨ ਲਈ ਇਨਸਾਨੀ ਜਾਨਾਂ ਅਤੇ ਵਾਤਾਵਰਣ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ? ਜੇਕਰ ਨਹੀਂ, ਤਾਂ ਸਾਨੂੰ ਅੱਜ ਹੀ ਚਾਇਨਾ ਡੋਰ (ਨੋਟ: ਚਾਇਨਾ ਡੋਰ ਕੇਵਲ ਨਾਂ ਹੈ, ਇਹ ਹੁਣ ਬਣਦੀ ਭਾਰਤ ਵਿੱਚ ਹੀ ਹੈ।) ਦੀ ਵਰਤੋਂ ਬੰਦ ਕਰਨੀ ਹੋਵੇਗੀ, ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚਿਰਾਗ ਬੁਝਾ ਦੇਵੇਗੀ। ਸਾਵਧਾਨੀ, ਜਾਗਰੂਕਤਾ ਅਤੇ ਕਾਨੂੰਨ ਦੀ ਪਾਲਣਾ ਨਾਲ ਹੀ ਅਸੀਂ ਇਸ ਸਮੱਸਿਆ ਤੋਂ ਮੁਕਤੀ ਪਾ ਸਕਦੇ ਹਾਂ ਅਤੇ ਤਿਉਹਾਰਾਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾ ਸਕਦੇ ਹਾਂ। ਚਾਇਨਾ ਡੋਰ ਦਾ ਮੁਕੰਮਲ ਬਾਈਕਾਟ ਹੀ ਇਸਦਾ ਇੱਕਮਾਤਰ ਹੱਲ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































