“ਜਦੋਂ ਔਰਤਾਂ ਅੱਗੇ ਵਧਣਗੀਆਂ ਤਾਂ ਰਾਸ਼ਟਰ ਨਿਸ਼ਚਿਤ ਤੌਰ ’ਤੇ ਤਰੱਕੀ ਕਰੇਗਾ। ਇਸ ਲਈ ...”
(13 ਮਾਰਚ 2026)
ਅਸੀਂ ਆਪਣੀ ਅਜ਼ਾਦੀ ਦੇ ਸੌ ਸਾਲ 2047 ਵਿੱਚ ਪੂਰੇ ਕਰਨ ਜਾ ਰਹੇ ਹਾਂ। ਇਸ ਇਤਿਹਾਸਿਕ ਮੌਕੇ ਤਕ ਦੇਸ਼ ਨੂੰ ਆਰਥਿਕ ਤੌਰ ’ਤੇ ਮਜ਼ਬੂਤ, ਸਮਾਜਿਕ ਪੱਖੋਂ ਸਮਾਨਤਾ, ਤਕਨੀਕੀ ਅਤੇ ਨੈਤਿਕ ਪੱਖੋਂ ਮਜ਼ਬੂਤ ਰਾਸ਼ਟਰ ਨਿਰਮਾਣ ਦਾ ਸੁਪਨਾ ‘ਵਿਕਸਿਤ ਭਾਰਤ-2047’ ਰਾਹੀਂ ਮਿਥਿਆ ਗਿਆ ਹੈ। ਪ੍ਰੰਤੂ ਇਹ ਟੀਚਾ ਸਿਰਫ ਨੀਤੀਆਂ ਜਾਂ ਸਰਕਾਰੀ ਯੋਜਨਾਵਾਂ ਬਣਾਉਣ ਨਾਲ ਪੂਰਾ ਨਹੀਂ ਹੋ ਸਕਦਾ, ਇਸ ਵਿੱਚ ਦੇਸ਼ ਦੀ ਅੱਧੀ ਅਬਾਦੀ - ਔਰਤਾਂ - ਦੀ ਕਿਰਿਆਸ਼ੀਲ ਅਤੇ ਬਰਾਬਰ ਦੀ ਭਾਗੀਦਾਰੀ ਜ਼ਰੂਰੀ ਹੈ।
ਆਰਥਿਕਤਾ ਅਤੇ ਔਰਤਾਂ ਦੀ ਕੇਂਦਰੀ ਭੂਮਿਕਾ:
ਵਿਕਸਿਤ ਰਾਸ਼ਟਰ ਦੀ ਨੀਂਹ ਮਜ਼ਬੂਤ ਅਰਥਵਿਵਸਥਾ ਉੱਤੇ ਨਿਰਭਰ ਕਰਦੀ ਹੈ। ਜਦੋਂ ਔਰਤਾਂ ਆਰਥਿਕ ਕਿਰਿਆਵਾਂ ਵਿੱਚ ਭਾਗ ਲੈਂਦੀਆਂ ਹਨ, ਤਾਂ ਦੇਸ਼ ਦੇ ਉਤਪਾਦਨ ਅਤੇ ਆਮਦਨੀ ਵਿੱਚ ਵਾਧਾ ਹੁੰਦਾ ਹੈ। ਪਿੰਡਾਂ ਵਿੱਚ ਖੇਤੀਬਾੜੀ, ਦੁੱਧ ਉਤਪਾਦ, ਦਸਤਕਾਰੀ, ਘਰੇਲੂ ਉਦਯੋਗਾਂ ਵਿੱਚ ਔਰਤਾਂ ਦਾ ਯੋਗਦਾਨ ਮਹੱਤਵ ਰੱਖਦਾ ਹੈ। ਸ਼ਹਿਰਾਂ ਵਿੱਚ ਉਹ ਸਟਾਰਟਅੱਪਸ, ਕਾਰਪੋਰੇਟ ਖੇਤਰ, ਬੈਂਕਿੰਗ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਅਗਵਾਈ ਕਰ ਰਹੀਆਂ ਹਨ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਜਿਵੇਂ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’, ਸੈਲਫ ਹੈਲਪ ਗਰੁੱਪ ਆਦਿ ਪ੍ਰੋਗਰਾਮਾਂ ਨੇ ਔਰਤਾਂ ਨੂੰ ਆਰਥਿਕ ਪੱਖੋਂ ਖੁਦਮੁਖਤਿਆਰੀ ਪ੍ਰਦਾਨ ਕੀਤੀ ਹੈ। ਇਨ੍ਹਾਂ ਯੋਜਨਾਵਾਂ ਨਾਲ ਔਰਤਾਂ ਨਾ ਸਿਰਫ ਰੁਜ਼ਗਾਰ ਖੋਜਣ ਵਾਲੀਆਂ ਬਣੀਆਂ, ਸਗੋਂ ਰੁਜ਼ਗਾਰ ਪੈਦਾ ਕਰਨ ਵਾਲੀਆਂ ਬਣ ਰਹੀਆਂ ਹਨ।
ਸਿੱਖਿਆ - ਔਰਤ ਸਸ਼ਕਤੀਕਰਨ ਦੀ ਨੀਂਹ:
ਸਿੱਖਿਆ ਔਰਤ ਸਸ਼ਕਤੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਇੱਕ ਪੜ੍ਹੀ-ਲਿਖੀ ਔਰਤ ਸਿਰਫ ਆਪਣੇ-ਆਪ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਂਦੀ ਹੈ। ਭਾਵੇਂ ਦੇਸ਼ ਵਿੱਚ ਔਰਤ ਸਾਖਰਤਾ ਦਰ ਵਿੱਚ ਵਾਧਾ ਹੋਇਆ ਹੈ ਪਰ ਅਜੇ ਵੀ ਕਈ ਖੇਤਰਾਂ ਵਿੱਚ ਲੜਕੀਆਂ ਦੀ ਪੜ੍ਹਾਈ ਛੱਡਣ ਦੀ ਸਮੱਸਿਆ, ਬਾਲ-ਵਿਆਹ ਅਤੇ ਡਿਜਿਟਲ ਪਛੜੇਪਣ ਵਰਗੀਆਂ ਚੁਣੌਤੀਆਂ ਮੌਜੂਦ ਹਨ। ਰਾਸ਼ਟਰੀ ਸਿੱਖਿਆ ਨੀਤੀ-2020 ਦੇ ਲਾਗੂ ਹੋਣ ਨਾਲ ਸਮਾਵੇਸ਼ੀ ਅਤੇ ਕੁਆਲਟੀ ਸਿੱਖਿਆ ’ਤੇ ਜ਼ੋਰ ਦਿੱਤਾ ਗਿਆ ਹੈ। ਜੇਕਰ ਲੜਕੀਆਂ ਨੂੰ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ ਖੇਤਰਾਂ ਵਿੱਚ ਪ੍ਰੋਤਸਾਹਿਤ ਕੀਤਾ ਜਾਵੇ ਤਾਂ 2047 ਤਕ ਭਾਰਤ ਤਕਨੀਕੀ ਤੌਰ ’ਤੇ ਸੰਸਾਰ ਦੀ ਨੁਮਾਇੰਦਗੀ ਕਰ ਸਕਦਾ ਹੈ।
ਨੀਤੀ-ਨਿਰਮਾਣ ਤੇ ਰਾਜਨੀਤਿਕ ਨੁਮਾਇੰਦਗੀ:
ਲੋਕਤੰਤਰ ਦੀ ਮਜ਼ਬੂਤੀ ਲਈ ਔਰਤਾਂ ਦੀ ਰਾਜਨੀਤਿਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਪੰਚਾਇਤੀ ਰਾਜ ਪ੍ਰਣਾਲੀ ਵਿੱਚ ਔਰਤਾਂ ਲਈ ਰਾਖਵੇਂਕਰਨ ਨੇ ਪਿੰਡ ਪੱਧਰ ’ਤੇ ਸ਼ਾਸਨ ਨੂੰ ਹੋਰ ਸੰਵੇਦਨਸ਼ੀਲ ਅਤੇ ਹਕੀਕੀ ਬਣਾਇਆ ਹੈ। ਸਿਹਤ, ਸਫਾਈ, ਪਾਣੀ ਅਤੇ ਸਿੱਖਿਆ ਵਰਗੇ ਮੁੱਦਿਆਂ ’ਤੇ ਔਰਤਾਂ ਨੇ ਮਹੱਤਵਪੂਰਨ ਕੰਮ ਕੀਤਾ ਹੈ। ਹਾਲ ਹੀ ਵਿੱਚ ਪਾਸ ਹੋਇਆ ‘ਔਰਤ ਰਾਖਵਾਂਕਰਨ ਬਿੱਲ’ ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵੱਲ ਇਤਿਹਾਸਿਕ ਕਦਮ ਹੈ। ਸੰਨ 2047 ਤਕ ਇੱਕ ਸੰਤੁਲਿਤ ਅਤੇ ਸਮਾਵੇਸ਼ੀ ਲੋਕਤੰਤਰ ਲਈ ਜ਼ਰੂਰੀ ਹੈ ਕਿ ਔਰਤਾਂ ਨੀਤੀ-ਨਿਰਮਾਣ ਦੇ ਕੇਂਦਰ ਵਿੱਚ ਹੋਣ।
ਵਿਗਿਆਨ, ਤਕਨਾਲੋਜੀ ਅਤੇ ਔਰਤਾਂ:
ਭਾਰਤ 2047 ਤਕ ਵਿਸ਼ਵ ਤਕਨੀਕੀ ਸ਼ਕਤੀ ਬਣਨ ਦਾ ਉਦੇਸ਼ ਰੱਖਦਾ ਹੈ। ਇਸ ਯਾਤਰਾ ਵਿੱਚ ਔਰਤ ਵਿਗਿਆਨੀਆਂ ਦਾ ਯੋਗਦਾਨ ਅਹਿਮ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦੀਆਂ ਕਈ ਮਹੱਤਵਪੂਰਨ ਮਿਸ਼ਨਾਂ ਵਿੱਚ ਔਰਤਾਂ ਦੀ ਭੂਮਿਕਾ ਨੇ ਸਾਬਤ ਕੀਤਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ। ਭਾਵੇਂ ਪੁਲਾੜ ਖੇਤਰ ਹੋਵੇ ਜਾਂ ਡਿਜਿਟਲ ਤਕਨਾਲੋਜੀ, ਔਰਤਾਂ ਨੇ ਆਪਣੀ ਕਾਬਲੀਅਤ ਨੂੰ ਸਿੱਧ ਕੀਤਾ ਹੈ। ਮਸਨੂਈ ਬੁੱਧੀ (ਆਰਟੀਫੀਸ਼ਲ ਇੰਟੈਲੀਜੈਂਸ), ਬਾਇਓਟੈਕਨਾਲੋਜੀ, ਗ੍ਰੀਨ ਐਨਰਜੀ ਅਤੇ ਸਟਾਰਟਅਪ ਈਕੋਸਿਸਟਮ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਨਾਲ ਦੇਸ਼ ਸਿਖਰਾਂ ਤਕ ਪੁੱਜ ਸਕਦਾ ਹੈ।
ਸਿਹਤ ਅਤੇ ਮਨੁੱਖੀ ਵਿਕਾਸ:
ਕਿਸੇ ਵੀ ਵਿਕਸਿਤ ਰਾਸ਼ਟਰ ਲਈ ਮਨੁੱਖੀ ਵਿਕਾਸ ਸੂਚਕ ਮਹੱਤਵਪੂਰਨ ਹੁੰਦਾ ਹੈ। ਔਰਤਾਂ ਦੀ ਸਿਹਤ, ਪੋਸ਼ਣ ਅਤੇ ਮਾਤਾ ਸੁਰੱਖਿਆ ਸਿੱਧੇ ਤੌਰ ’ਤੇ ਦੇਸ਼ ਦੇ ਭਵਿੱਖ ਨਾਲ ਜੁੜੇ ਹੋਏ ਹਨ। ਜਦੋਂ ਔਰਤਾਂ ਸਿਹਤਮੰਦ ਹੋਣਗੀਆਂ, ਤਾਂ ਅਗਲੀ ਪੀੜ੍ਹੀ ਵੀ ਸਿਹਤਮੰਦ ਹੋਵੇਗੀ। ਸਿਹਤ ਸੇਵਾਵਾਂ ਦੀ ਪਹੁੰਚ, ਪੋਸ਼ਣ ਯੋਜਨਾਵਾਂ ਅਤੇ ਸੁਰੱਖਿਅਤ ਮਾਤਾ ਸੇਵਾਵਾਂ ’ਤੇ ਜ਼ੋਰ ਦੇ ਕੇ 2047 ਤਕ ਭਾਰਤ ਮਨੁੱਖੀ ਵਿਕਾਸ ਵਿੱਚ ਨਵਾਂ ਮਾਪਦੰਡ ਸਥਾਪਿਤ ਕਰ ਸਕਦਾ ਹੈ।
ਸਮਾਜਿਕ ਬਦਲਾਅ ਦੀ ਨੁਮਾਇੰਦਗੀ:
ਵਿਕਾਸ ਸਿਰਫ ਆਰਥਿਕ ਅੰਕੜਿਆਂ ਤਕ ਸੀਮਿਤ ਨਹੀਂ ਹੁੰਦਾ, ਇਹ ਸਮਾਜਿਕ ਨਿਆਂ ਅਤੇ ਸਮਾਨਤਾ ਨਾਲ ਵੀ ਜੁੜਿਆ ਹੁੰਦਾ ਹੈ। ਔਰਤਾਂ ਨੇ ਹਮੇਸ਼ਾ ਸਮਾਜਿਕ ਸੁਧਾਰ ਦੀ ਅਗਵਾਈ ਕੀਤੀ ਹੈ। ਲਿੰਗੀ ਅਸਮਾਨਤਾ, ਘਰੇਲੂ ਹਿੰਸਾ, ਬਾਲ-ਵਿਆਹ ਅਤੇ ਦਾਜ ਪ੍ਰਥਾ ਵਰਗੀਆਂ ਬੁਰਾਈਆਂ ਦੇ ਖਿਲਾਫ ਔਰਤਾਂ ਦੀਆਂ ਜਾਗਰੂਕ ਮੁਹਿੰਮਾਂ ਨੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਡਿਜਿਟਲ ਯੁਗ ਵਿੱਚ ਔਰਤਾਂ ਨੇ ਸੋਸ਼ਲ ਮੀਡੀਆ ਅਤੇ ਸਮਾਜਿਕ ਪਲੇਟਫਾਰਮਾਂ ਉੱਤੇ ਆਪਣੇ ਅਧਿਕਾਰਾਂ ਲਈ ਆਵਾਜ਼ ਚੁੱਕੀ ਹੈ। ਇਹ ਕਦਮ 2047 ਤਕ ਨਿਆਂ ਆਧਾਰਿਤ ਅਤੇ ਸੰਵੇਦਨਸ਼ੀਲ ਸਮਾਜ ਦੇ ਨਿਰਮਾਣ ਵਿੱਚ ਸਹਾਈ ਹੋਵੇਗੀ।
ਭਵਿੱਖਤ ਦਿਸ਼ਾ:
ਵਿਕਸਿਤ ਭਾਰਤ-2047 ਦੀ ਯਾਤਰਾ ਵਿੱਚ ਔਰਤਾਂ ਦੀ ਭੂਮਿਕਾ ਬਹੁ-ਪੱਖੀ ਹੈ - ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਤਕਨੀਕੀ, ਪਰ ਇਸ ਬਾਬਤ ਸਿਰਫ ਨੀਤੀ, ਕਾਨੂੰਨ ਜਾਂ ਯੋਜਨਾਵਾਂ ਕਾਫ਼ੀ ਨਹੀਂ। ਮਨੋਵਿਰਤੀ ਵਿੱਚ ਬਦਲਾਅ ਲਿਆਉਣਾ ਵੀ ਜ਼ਰੂਰੀ ਹੈ। ਸਮਾਜ ਨੂੰ ਲੜਕੀਆਂ ਦੀ ਸਿੱਖਿਆ ਅਤੇ ਕੈਰੀਅਰ ਨੂੰ ਸਮਰਥਨ ਦੇਣਾ ਹੋਵੇਗਾ। ਸਮਾਜ ਨੂੰ ਲਿੰਗ-ਅਧਾਰਿਤ ਪੱਖਪਾਤ ਤੋਂ ਉੱਪਰ ਉੱਠਣਾ ਪਵੇਗਾ। ਸੰਨ 2047 ਤਕ ਵਿਕਸਿਤ ਭਾਰਤ ਦਾ ਸੁਪਨਾ ਸਿਰਫ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਔਰਤਾਂ ਨੂੰ ਸਮਾਨ ਅਧਿਕਾਰ, ਮੌਕੇ ਅਤੇ ਸੁਰੱਖਿਆ ਮਿਲੇਗੀ। ਔਰਤ ਸਿਰਫ ਘਰ ਦੀ ਚਾਰਦਿਵਾਰੀ ਤਕ ਸੀਮਿਤ ਨਹੀਂ, ਸਗੋਂ ਦੇਸ਼ ਵਿਕਾਸ ਦੀ ਸ਼ਕਤੀ ਵੀ ਹੈ। ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਨੁਮਾਇੰਦਗੀ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਅਧੂਰਾ ਹੈ।
ਵਿਕਸਿਤ ਭਾਰਤ-2047 ਦੀ ਯਾਤਰਾ ਵਿੱਚ ਔਰਤਾਂ ਨੂੰ ਪਿੱਛੇ ਨਹੀਂ, ਸਗੋਂ ਅੱਗੇ ਰੱਖਣਾ ਹੋਵੇਗਾ। ਜਦੋਂ ਔਰਤਾਂ ਅੱਗੇ ਵਧਣਗੀਆਂ ਤਾਂ ਰਾਸ਼ਟਰ ਨਿਸ਼ਚਿਤ ਤੌਰ ’ਤੇ ਤਰੱਕੀ ਕਰੇਗਾ। ਇਸ ਲਈ 2047 ਦਾ ਭਾਰਤ ਉਹ ਹੋਵੇਗਾ, ਜਿੱਥੇ ਸਮਾਨਤਾ ਸਿਰਫ ਨਾਹਰਾ ਨਹੀਂ, ਸਗੋਂ ਜੀਵਨ ਦਾ ਅਸੂਲ ਹੋਵੇਗੀ, ਅਤੇ ਇਸਦਾ ਧੁਰਾ ਔਰਤਾਂ ਹੋਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (