“ਕੀ ਕਿਸੇ ਦੇਸ਼ ਨੂੰ ਇਹ ਹੱਕ ਹੈ ਕਿ ਉਹ ਕਿਸੇ ਹੋਰ ਦੇਸ਼ ਨੂੰ ‘ਪੱਥਰਾਂ ਦੇ ਯੁੱਗ’ ਵਿੱਚ ...”
(11 ਅਪਰੈਲ 2026)
ਸੰਸਾਰ ਦੇ ਰਾਜਨੀਤਿਕ ਮੰਚ ’ਤੇ ਬੋਲੀਆਂ ਗੱਲਾਂ ਕਈ ਵਾਰ ਗੋਲੀ-ਸਿੱਕੇ ਨਾਲੋਂ ਵੀ ਵੱਧ ਭਾਰੀ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ, ਜਿੰਨਾ ਵੱਡਾ ਬੰਦਾ, ਉੰਨੇ ਸੰਖੇਪ ਸ਼ਬਦ। ਜਦੋਂ ਕਿਸੇ ਤਾਕਤਵਰ ਮੁਲਕ ਦੇ ਨੇਤਾ ਵੱਲੋਂ ‘ਪੱਥਰਾਂ ਦੇ ਯੁੱਗ’ ਵਿੱਚ ਵਾਪਸ ਧੱਕਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਸਿਰਫ ਇੱਕ ਧਮਕੀ ਨਹੀਂ ਰਹਿ ਜਾਂਦੀ, ਇਹ ਇੱਕ ਸੋਚ, ਇੱਕ ਰਣਨੀਤੀ ਅਤੇ ਇੱਕ ਸੰਭਾਵਿਤ ਭਵਿੱਖ ਦਾ ਪ੍ਰਛਾਵਾਂ ਬਣ ਜਾਂਦੀ ਹੈ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਰਾਨ ਬਾਰੇ ਦਿੱਤੇ ਗਏ ਬਿਆਨ ਨੇ ਇਸ ਗੱਲ ਨੂੰ ਦੁਬਾਰਾ ਸਾਬਤ ਕੀਤਾ ਹੈ ਕਿ ਆਧੁਨਿਕ ਯੁਗ ਵਿੱਚ ਵੀ ਜੰਗ ਦੀ ਭਾਸ਼ਾ ਕਿੰਨੀ ਸਖਤ ਅਤੇ ਖਤਰਨਾਕ ਹੋ ਸਕਦੀ ਹੈ।
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੱਧ-ਪੂਰਬ ਵਿੱਚ ਤਣਾਅ ਸਿਖਰਾਂ ’ਤੇ ਹੈ। ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਤਣਾਅਪੂਰਨ ਸਥਿਤੀ ਨੇ ਨਾ ਸਿਰਫ ਖੇਤਰੀ ਸੁਰੱਖਿਆ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਸੰਸਾਰ ਦੀ ਸ਼ਾਂਤੀ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧ ਰਹੀ ਇਹ ਟਕਰਾਅ ਦੀ ਸਥਿਤੀ ਇੱਕ ਛੋਟੀ ਚਿੰਗਾਰੀ ਤੋਂ ਵੱਡੀ ਅੱਗ ਬਣ ਸਕਦੀ ਹੈ।
ਰਾਸ਼ਟਰਪਤੀ ਟਰੰਪ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ‘ਅਸੀਂ ਉਹਨਾਂ ਨੂੰ ਬਹੁਤ ਹੀ ਸਖਤ ਢੰਗ ਨਾਲ ਮਾਰਾਂਗੇ’ ਅਤੇ ‘ਉਹਨਾਂ ਨੂੰ ਪੱਥਰਾਂ ਦੇ ਯੁਗ ਵਿੱਚ ਵਾਪਸ ਭੇਜ ਦੇਵਾਂਗੇ’, ਇੱਕ ਪਾਸੇ ਸਖਤ ਰਾਜਨੀਤਿਕ ਸੰਕੇਤ ਹੈ, ਦੂਜੇ ਪਾਸੇ ਇਹ ਇੱਕ ਖਤਰਨਾਕ ਮਨੋਵਿਰਤੀ ਦੀ ਝਲਕ ਵੀ ਦਿੰਦਾ ਹੈ। ਇਹ ਸਵਾਲ ਉੱਠਦਾ ਹੈ ਕਿ ਕੀ ਇਹ ਸਿਰਫ ਦਬਾਅ ਬਣਾਉਣ ਦੀ ਰਣਨੀਤੀ ਹੈ ਜਾਂ ਅਸਲ ਕਾਰਵਾਈ ਦਾ ਇਸ਼ਾਰਾ?
ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਕਸਰ ਭਾਸ਼ਾ ਨੂੰ ਇੱਕ ਹਥਿਆਰ ਜਾਂ ਪ੍ਰੋਪੇਗੈਂਡਾ ਵਜੋਂ ਵਰਤਿਆ ਜਾਂਦਾ ਹੈ। ਕਈ ਵਾਰ ਇਹ ਧਮਕੀਆਂ ਸਿਰਫ ਦੂਜੇ ਪਾਸੇ ਨੂੰ ਗੱਲਬਾਤ ਲਈ ਮਜਬੂਰ ਕਰਨ ਲਈ ਹੁੰਦੀਆਂ ਹਨ। ਪਰ ਜਦੋਂ ਇਹ ਧਮਕੀਆਂ ਖੁੱਲ੍ਹੇਆਮ ਅਤੇ ਇਸ ਤਰ੍ਹਾਂ ਦੇ ਤਿੱਖੇ ਸ਼ਬਦਾਂ ਵਿੱਚ ਦਿੱਤੀਆਂ ਜਾਣ ਤਾਂ ਇਹ ਸਥਿਤੀ ਨੂੰ ਸ਼ਾਂਤ ਕਰਨ ਦੀ ਬਜਾਏ ਹੋਰ ਭੜਕਾਉਂਦੀਆਂ ਹਨ। ਇਸ ਸਥਿਤੀ ਵਿੱਚ ਇੱਕ ਹੋਰ ਮਹੱਤਵਪੂਰਨ ਪੱਖ ਹੈ-ਮਨੁੱਖਤਾ ਦਾ। ਜੰਗ ਸਿਰਫ ਸਰਕਾਰਾਂ ਜਾਂ ਫੌਜਾਂ ਦੇ ਵਿਚਕਾਰ ਨਹੀਂ ਹੁੰਦੀ, ਸਗੋਂ ਇਸਦੀ ਸਭ ਤੋਂ ਵੱਧ ਮਾਰ ਆਮ ਲੋਕਾਂ ਨੂੰ ਝੱਲਣੀ ਪੈਂਦੀ ਹੈ। ‘ਪੱਥਰਾਂ ਦੇ ਯੁੱਗ’ ਦੀ ਗੱਲ ਕਰਨ ਦਾ ਮਤਲਬ ਹੈ, ਇੱਕ ਦੇਸ਼ ਦੀ ਆਰਥਿਕਤਾ, ਢਾਂਚੇ ਅਤੇ ਜੀਵਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ। ਇਹ ਸਿਰਫ ਇੱਕ ਰਾਜਨੀਤਿਕ ਜਿੱਤ ਨਹੀਂ, ਸਗੋਂ ਇੱਕ ਮਨੁੱਖੀ ਤਬਾਹੀ ਹੋਵੇਗੀ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਮੁਖੀ ਹੋਣ ਦੇ ਨਾਤੇ ਅਜਿਹੀ ਬਿਆਨਬਾਜ਼ੀ ਢੁੱਕਦੀ ਨਹੀਂ।
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੰਗਾਂ ਕਦੇ ਵੀ ਸਥਾਈ ਹੱਲ ਨਹੀਂ ਲਿਆਉਂਦੀਆਂ। ਇਰਾਕ, ਅਫਗਾਨਿਸਤਾਨ ਅਤੇ ਸੀਰੀਆ ਵਰਗੇ ਦੇਸ਼ ਇਸ ਗੱਲ ਦੇ ਜੀਵੰਤ ਉਦਾਹਰਨ ਹਨ ਕਿ ਜੰਗ ਦੇ ਨਤੀਜੇ ਕਿੰਨੇ ਲੰਬੇ ਸਮੇਂ ਤਕ ਦਰਦਨਾਕ ਰਹਿੰਦੇ ਹਨ। ਇੱਕ ਵਾਰ ਤਬਾਹੀ ਆ ਜਾਵੇ ਤਾਂ ਮੁੜ ਪੈਰਾਂ ’ਤੇ ਖੜ੍ਹੇ ਵਿੱਚ ਪੀੜ੍ਹੀਆਂ ਲੱਗ ਜਾਂਦੀਆਂ ਹਨ।
ਇਸ ਪੱਛੋਕੜ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਕਈ ਸਵਾਲ ਖੜ੍ਹੇ ਕਰਦਾ ਹੈ। ਕੀ ਇਹ ਬਿਆਨ ਸਿਰਫ ਰਾਜਨੀਤਿਕ ਦਬਾਅ ਬਣਾਉਣ ਲਈ ਹੈ? ਜਾਂ ਫਿਰ ਇਹ ਇੱਕ ਵੱਡੀ ਫੌਜੀ ਕਾਰਵਾਈ ਦਾ ਸੰਕੇਤ ਹੈ? ਅਤੇ ਸਭ ਤੋਂ ਵੱਡਾ ਸਵਾਲ- ਕੀ ਦੁਨੀਆ ਇੱਕ ਹੋਰ ਵੱਡੀ ਜੰਗ ਦੇ ਕਿਨਾਰੇ ’ਤੇ ਖੜ੍ਹੀ ਹੈ? ਇਸਦੇ ਨਾਲ ਹੀ ਇਹ ਵੀ ਦੇਖਣਾ ਲਾਜ਼ਮੀ ਹੈ ਕਿ ਕੂਟਨੀਤੀ ਦਾ ਕੀ ਰੋਲ ਹੈ। ਰਾਸ਼ਟਰਪਤੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ‘ਗੱਲਬਾਤ ਜਾਰੀ ਹੈ।’ ਇਹ ਇੱਕ ਉਮੀਦ ਦੀ ਕਿਰਨ ਹੈ ਕਿ ਸ਼ਾਇਦ ਗੱਲਬਾਤ ਰਾਹੀਂ ਹੱਲ ਨਿਕਲ ਸਕੇ। ਪਰ ਜਦੋਂ ਇੱਕ ਪਾਸੇ ਗੱਲਬਾਤ ਅਤੇ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਤਿੱਖੀਆਂ ਧਮਕੀਆਂ ਹੋਣ ਤਾਂ ਇਹ ਸੁਨੇਹਾ ਗੁੰਝਲਦਾਰ ਬਣ ਜਾਂਦਾ ਹੈ।
ਅਜਿਹੇ ਸਮੇਂ ਵਿੱਚ ਅੰਤਰਰਾਸ਼ਟਰੀ ਸਮੁਦਾਇ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਸੰਸਾਰ ਪੱਧਰ ਦੀਆਂ ਸੰਸਥਾਵਾਂ ਨੂੰ ਅੱਗੇ ਆ ਕੇ ਸ਼ਾਂਤੀ ਬਣਾਈ ਰੱਖਣ ਲਈ ਕਦਮ ਚੁੱਕਣੇ ਚਾਹੀਦੇ ਹਨ। ਵੱਡੀਆਂ ਤਾਕਤਾਂ ਦੇ ਵਿਚਕਾਰ ਸੰਘਰਸ਼ ਦਾ ਅਸਰ ਸਿਰਫ ਉਹਨਾਂ ਦੇਸ਼ਾਂ ਤਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਸਾਰੀ ਸਥਿਤੀ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਪੱਖ ਹੈ, ਨੈਤਿਕਤਾ। ਕੀ ਕਿਸੇ ਦੇਸ਼ ਨੂੰ ਇਹ ਹੱਕ ਹੈ ਕਿ ਉਹ ਕਿਸੇ ਹੋਰ ਦੇਸ਼ ਨੂੰ ‘ਪੱਥਰਾਂ ਦੇ ਯੁੱਗ’ ਵਿੱਚ ਵਾਪਸ ਭੇਜਣ ਦੀਆਂ ਗੱਲ ਕਰੇ? ਕੀ ਇਹ ਆਧੁਨਿਕ ਸੰਸਾਰ ਦੀ ਸੋਚ ਨਾਲ ਮੇਲ ਖਾਂਦਾ ਹੈ? ਜਦੋਂ ਅਸੀਂ ਤਕਨਾਲੋਜੀ, ਵਿਗਿਆਨ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੀ ਭਾਸ਼ਾ ਉਸ ਸਾਰੀ ਪ੍ਰਗਤੀ ਨੂੰ ਚੁਣੌਤੀ ਦਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੁਨੀਆ ਇੱਕ ਨਾਜ਼ਕ ਮੋੜ ’ਤੇ ਖੜ੍ਹੀ ਹੈ। ਇੱਕ ਪਾਸੇ ਤਾਕਤ ਦੀ ਰਾਜਨੀਤੀ ਹੈ, ਦੂਜੇ ਪਾਸੇ ਸ਼ਾਂਤੀ ਦੀ ਲੋੜ। ਚੋਣ ਅਸੀਂ ਕਰਨੀ ਹੈ ਕਿ ਅਸੀਂ ਕਿਸ ਪਾਸੇ ਜਾਣਾ ਚਾਹੁੰਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































