HarbakhashM7ਐਵੈਂ ਨਾ ਲੋਕਾਂ ਦੇ ਘਰੀਂ ਤੁਰੇ ਰਿਹਾ ਕਰੋ। ਮਗਰੋਂ ਲੋਕੀਂ ਗਾਲ੍ਹਾਂ ...
(ਜੂਨ 12, 2016)

 

ਮਿਡਲੈਂਡ ਦੇ ਡਰਬੀ ਸ਼ਹਿਰ ਵਿਚ ਮੈਂ 1965 ਦੇ ਜੂਨ ਮਹੀਨੇ ਦੇ ਅਰੰਭ ਨੇ ਵਿਚ ਵਿਚ ਆ ਕੇ ਰਹਿਣ ਲੱਗਾ ਸਾਂ ਤੇ ਇਹ ਸਤਰਾਂ ਲਿਖਦੇ ਸਮੇਂ ਲੱਗ ਪੱਗ ਅੱਧੀ ਸਦੀ ਤੋਂ ਇਸੇ ਸ਼ਹਿਰ ਵਿਚ ਰਹਿ ਰਿਹਾ ਤੇ ਹੁਣ ਤਾਂ ਅੰਤਮ ਸਾਹ ਵੀ ਲਗਦਾ ਹੈ ਇੱਥੇ ਲਵਾਂਗਾ। ਹੁਣ ਇਹ ਸ਼ਹਿਰ ਹੀ ਮੇਰਾ ਸਦੀਵੀ ਨਿਵਾਸ ਬਣ ਗਿਆ ਹੈ ਤੇ ਮੇਰੇ ਪੁੱਤਰ ਪੋਤਰੇ ਵੀ ਇਸੇ ਸ਼ਹਿਰ ਵਿਚ ਰਹਿ ਰਹੇ ਹਨ। ਆਪਣੇ ਇਸ ਸਥਾਈ ਨਿਵਾਸ ਤੇ ਆ ਕੇ ਮੇਰੀਆਂ ਸਮੱਸਿਆਵਾਂ ਘਟਣ ਦੀ ਥਾਂ ਹੋਰ ਵੀ ਵਧ ਗਈਆਂ ਸਨ। ਸਮੱਸਿਆਵਾਂ ਤਾਂ ਵਧਣੀਆਂ ਹੀ ਸਨ। ਜੇ ਮੈਂ ਆਪਣੀ ਪਤਨੀ ਅਤੇ ਬੱਚਿਆਂ ਦੇ ਆਉਣ ਤੋਂ ਪਹਿਲਾ ਆਪਣਾ ਘਰ ਖਰੀਦ ਚੁੱਕਾ ਹੁੰਦਾ ਤੇ ਮੇਰੇ ਕੋਲ ਇੰਨੀ ਕੁ ਜਮ੍ਹਾ ਪੂੰਜੀ ਅਵੱਸ਼ ਹੁੰਦੀ ਕਿ ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਵੀ ਆਉਣ ਵਾਲੀਆਂ ਤੰਗੀਆਂ ਤੋਂ ਬਚਾ ਸਕਦਾ ਤੇ ਨਾਲ ਹੀ ਜੇ ਲੋੜ ਪੈਂਦੀ ਤਾਂ ਇਹ ਪੂੰਜੀ ਵਰਤ ਕੇ ਕੋਈ ਆਪਣਾ ਕੰਮ ਵੀ ਅਰੰਭ ਕਰ ਸਕਦਾ। ਉਨ੍ਹਾਂ ਸਮਿਆਂ ਵਿਚ ਪੰਜ ਕੁ ਹਜ਼ਾਰ ਪੌਂਡ ਜਮ੍ਹਾਂ ਪੂੰਜੀ ਨਾਲ ਇਹ ਸਭ ਕੁਝ ਕੀਤਾ ਜਾ ਸਕਦਾ ਸੀ। ਜਿਸ ਤਰ੍ਹਾਂ ਮੈਂ ਸਰਫੇ ਨਾਲ ਚਲਦਾ ਸਾਂ ਤੇ ਅਤੇ ਆਪਣੇ ਆਪ ’ਤੇ ਬਹੁਤ ਘਟ ਖਰਚ ਕਰਨ ਦਾ ਆਦੀ ਸਾ, ਮੈਂ ਅਵੱਸ਼ ਇੰਨੀ ਪੂੰਜੀ ਜੋੜ ਲੈਣੀ ਸੀ ਜੇ ਮੈਨੂੰ ਦੋ ਕੁ ਸਾਲ ਹੋਰ ਮਿਲ ਜਾਂਦੇ। ਪਰ ਹੋ ਸਭ ਕੁਝ ਉਲਟ ਪੁਲਟ ਗਿਆ।

ਮੈਂ ਇੰਗਲੈਂਡ ਵਿਚ ਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਬਾਰੇ ਆਪਣੀ ਪਤਨੀ ਨੂੰ ਲਗਾਤਾਰ ਲਿਖਦਾ ਰਿਹਾ ਸਾਂ। ਉਹਦੀਆਂ ਚਿੱਠੀਆਂ ਤੋਂ ਇਹੀ ਲਗਦਾ ਸੀ ਕਿ ਉਹਨੂੰ ਮੇਰੀਆਂ ਗੱਲਾਂ ’ਤੇ ਬਹੁਤਾ ਯਕੀਨ ਨਹੀਂ ਆ ਰਿਹਾ ਸੀ। ਇਹ ਗੱਲ ਅਨੋਖੀ ਵੀ ਨਹੀਂ ਸੀ। ਇੱਥੇ ਝੱਲਣੀਆਂ ਪੈਂਦੀਆਂ ਔਕੜਾਂ ਅਤੇ ਤੰਗੀਆਂ ਬਾਰੇ ਲਿਖੀਆਂ ਚਿੱਠੀਆਂ ’ਤੇ ਦੇਸ ਵਿਚ ਕੋਈ ਵੀ ਯਕੀਨ ਨਹੀਂ ਕਰਦਾ ਸੀ। ਇੱਥੋਂ ਗਏ ਕੁਝ ਲੋਕਾਂ ਦੀ ਰਹਿਣੀ ਬਹਿਣੀ ਦੇਖ ਕੇ ਆਮ ਤੌਰ ’ਤੇ ਇਹ ਸਮਝ ਲਿਆ ਜਾਂਦਾ ਸੀ ਕਿ ਇਸ ਮੁਲਕ ਵਿਚ ‘ਸਭ ਅੱਛਾ’ ਹੈ। ਮੇਰੀ ਪਤਨੀ ਨੂੰ ਅਜਿਹੀ ਖੁਸ਼ਫਹਿਮੀ ਹੋ ਜਾਣੀ ਅਨੋਖੀ ਗੱਲ ਨਹੀਂ ਸੀ। ਉਹ ਇਸ ਸਭ ਕੁੱਝ ਨੂੰ ਮੇਰੀ ਬਹਾਨੇਬਾਜ਼ੀ ਹੀ ਸਮਝੀ ਜਾ ਰਹੀ ਸੀ, ਜਿਵੇਂ ਕਿ ਮੈਂ ਉਹਨੂੰ ਆਪਣੇ ਕੋਲ ਮੰਗਵਾਉਣਾ ਹੀ ਨਾ ਚਾਹੁੰਦਾ ਹੋਵਾਂ। ਬੇਸ਼ਕ ਪਹਿਲਾਂ ਪਹਿਲਾਂ ਚਾਹੁੰਦਾ ਇਹੀ ਸਾਂ ਕਿ ਇਸ ਮੁਲਕ ਵਿਚ ਬਹੁਤਾ ਚਿਰ ਨਾ ਰਹਾਂ ਤੇ ਵੱਧ ਤੋਂ ਵੱਧ ਪੰਜਾਂ ਕੁ ਸਾਲਾਂ ਵਿਚ ਵਾਪਸ ਚਲਾ ਜਾਵਾਂ, ਪਰ ਸਾਲ ਕੁ ਵਿਚ ਹੀ ਸਮਝ ਗਿਆ ਸਾਂ ਕਿ ਮੇਰਾ ਇਹ ਸੁਪਨਾ ਛੇਤੀ ਸਾਕਾਰ ਹੋਣ ਦੀ ਸੰਭਾਵਨਾ ਨਹੀਂ ਰਹਿ ਗਈ ਸੀ। ਇਸ ਲਈ ਮੈਂ ਇਹ ਹੀ ਚਾਹੁਣ ਲੱਗ ਪਿਆ ਸਾਂ ਕਿ ਮੇਰੀ ਪਤਨੀ ਤੇ ਬੱਚੇ ਜਿੰਨੀ ਛੇਤੀ ਹੋ ਸਕੇ ਮੇਰੇ ਕੋਲ ਆ ਜਾਣ। ਚਾਹ ਭਾਵੇਂ ਮੈਂ ਕੁਝ ਵੀ ਰਿਹਾ ਸਾਂ, ਉਸ ਚਾਹ ਨੂੰ ਪੂਰਾ ਕਰਨ ਲਈ ਯੋਗ ਸਥਿਤੀ ਤਾਂ ਪੈਦਾ ਕਰਨੀ ਹੀ ਪੈਣੀ ਸੀ। ਬਿਨਾਂ ਆਪਣਾ ਘਰ ਖਰੀਦਿਆਂ, ਆਪਣੀ ਪਤਨੀ ਅਤੇ ਬੱਚਿਆਂ ਨੂੰ ਇੱਥੇ ਸੱਦਣਾ ਉਨ੍ਹਾਂ ਨੂੰ ਆਪ ਹੀ ਦੁੱਖਾਂ ਵਿਚ ਪਾਉਣ ਵਾਲੀ ਗੱਲ ਸੀ। ਇਸ ਲਈ ਮੈਂ ਚਾਹੁੰਦਾ ਸਾਂ ਕਿ ਉਨ੍ਹਾਂ ਦੇ ਇੱਥੇ ਆਉਣ ਤੋਂ ਪਹਿਲਾਂ ਘੱਟੋ ਘੱਟ ਆਪਣਾ ਘਰ ਜ਼ਰੂਰ ਹੋਵੇ। ਘਰ ਐਵੇਂ ਤਾਂ ਮਿਲ ਨਹੀਂ ਜਾਣਾ ਸੀ, ਉਹਦੇ ਲਈ ਚੋਖੀ ਰਕਮ ਦੀ ਲੋੜ ਸੀ। ਇਸੇ ਮਸਲੇ ਨੂੰ ਹੱਲ ਕਰਨ ਲਈ ਮੈਂ ਪਲੱਮਸਟੈੱਡ ਨੂੰ ਛੱਡ ਕੇ ਡਰਬੀ ਆਇਆ ਸਾਂ। ਪਰ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਮੇਰੀ ਪਤਨੀ ਬੱਚਿਆਂ ਸਮੇਤ ਆ ਪੁੱਜੀ।

ਉਸ ਵੇਲੇ ਤੱਕ ਮੈਂ ਜਿੰਨੇ ਵੀ ਪੈਸੇ ਆਪਣੇ ਦੇਸ ਨੂੰ ਭੇਜਦਾ ਰਿਹਾ ਸਾਂ, ਆਪਣੀ ਪਤਨੀ ਦੇ ਨਾਉਂ ਹੀ ਭੇਜਦਾ ਰਿਹਾ ਸਾਂ। ਜੇ ਆਪਣੇ ਬਜ਼ੁਰਗਾਂ ਨੂੰ ਵੀ ਭੇਜੇ ਸਨ ਤਾਂ ਉਹ ਵੀ ਭੇਜੇ ਆਪਣੀ ਪਤਨੀ ਦੇ ਨਾਉਂ ਹੀ ਸਨ। ਸੋਚਦਾ ਸਾਂ, ਉਹਨੂੰ ਕਿਸੇ ਹੋਰ ਤੋਂ ਨਾ ਮੰਗਣੇ ਪੈਣ ਤੇ ਉਹਦੇ ਹੱਥੋਂ ਹੋਰਨਾਂ ਨੂੰ ਮਿਲਣ ਤੇ ਇਸ ਤਰ੍ਹਾਂ ਉਹਦੀ ਕਦਰ ਤੇ ਇੱਜ਼ਤ ਵਧੇ। ਭਾਵੇਂ ਹੁਣ ਮੈਂ ਸੋਚਦਾ ਹਾਂ ਕਿ ਉਸ ਸਮੇਂ ਮੈਂ ਆਪਣੀ ਪਤਨੀ ਦੇ ਹੱਕ ਵਿਚ ਕੁਝ ਵਧੇਰੇ ਹੀ ਉਲਾਰ ਹੋ ਗਿਆ ਸਾਂ। ਆਪਣੀ ਪਤਨੀ ਨੂੰ ਪੈਸੇ ਭੇਜਣੇ ਆਪਣੀ ਥਾਂ ਠੀਕ ਸੀ, ਪਰ ਜਿਹੜੇ ਪੈਸੇ ਮੈਂ ਆਪਣੇ ਬਜ਼ੁਰਗਾਂ ਲਈ ਭੇਜਦਾ ਰਿਹਾ ਸਾਂ, ਉਹ ਉਨ੍ਹਾਂ ਦੇ ਨਾਉਂ ਹੀ ਜਾਣੇ ਚਾਹੀਦੇ ਸਨ। ਆਪਣੀ ਪਤਨੀ ਅਤੇ ਆਪਣੇ ਬਜ਼ੁਰਗਾਂ ਵਿਚਕਾਰ ਜਿਹੜਾ ਸੰਤੁਲਨ ਮੈਨੂੰ ਰੱਖਣਾ ਚਾਹੀਦਾ ਸੀ, ਉਹ ਮੈਂ ਨਹੀਂ ਰੱਖ ਸਕਿਆ ਸਾਂ। ਇਹ ਮੇਰੀ ਬੇਸਮਝੀ ਸੀ ਜਾਂ ਪੈਦਾ ਹੋ ਗਈ ਸਥਿਤੀ ਦਾ ਦਬਾ, ਹਰ ਹਾਲਤ ਵਿਚ ਮੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।

ਮੇਰੀ ਪਤਨੀ ਦੇ ਨਾਉਂ ਉਹਦੇ ਪੇਕਾ ਪਿੰਡ ਭਾਰ ਸਿੰਘ ਪੁਰ ਦੇ ਕੋਆਪ੍ਰੇਟਿਵ ਬੈਂਕ ਵਿਚ ਹਿਸਾਬ ਖੋਲ੍ਹਿਆ ਹੋਇਆ ਸੀ। ਮੇਰੇ ਪਰਦੇਸ ਆਉਣ ਤੋਂ ਪਿੱਛੋਂ ਉਹ ਬਹੁਤਾ ਸਮਾਂ ਆਪਣੇ ਪੇਕੀਂ ਹੀ ਰਹੀ ਸੀ। ਪਾਸਪੋਰਟ ਤਾਂ ਉਹਦਾ ਬਣ ਗਿਆ ਸੀ, ਪਰ ਮੈਂ ਉਹਨੂੰ ਹਾਲੀਂ ਕਿਤੇ ਇਹ ਇਸ਼ਾਰਾ ਵੀ ਨਹੀਂ ਕੀਤਾ ਸੀ ਕਿ ਉਹ ਆ ਜਾਵੇ। ਸੋਚਦਾ ਸਾਂ ਕਿ ਆਪਣਾ ਘਰ ਲੈਣ ਤੋਂ ਪਿੱਛੋਂ ਹੀ ਆਪਣੇ ਟੱਬਰ ਨੂੰ ਇੱਥੇ ਸੱਦਾਂਗਾ। ਮੇਰੀ ਪਤਨੀ ਨੇ ਹਾਲੀਂ ਆਉਣ ਦੀ ਤਿਆਰੀ ਬਾਰੇ ਕੁਝ ਲਿਖਿਆ ਵੀ ਨਹੀਂ ਸੀ। ਮੈਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਚੁੱਪ ਚੁਪੀਤੀ ਆ ਜਾਵੇਗੀ। ਕਸੂਰ ਕਿਸਦਾ ਸੀ? ਮੇਰੀ ਪਤਨੀ ਦਾ, ਸੀਟ ਬੁੱਕ ਕਰਨ ਵਾਲੇ ਏਜੰਟ ਦਾ ਜਾਂ ਮੇਰੇ ਪਿਤਾ ਜੀ ਦਾ, ਜਾਂ ਉਸ ਵੇਲੇ ਪੈਦਾ ਹੋ ਗਈ ਸਥਿਤੀ ਦਾ, ਇਸ ਨਾਲ ਕੀ ਫਰਕ ਪੈਂਦਾ ਸੀ?

ਮੇਰੀ ਪਤਨੀ ਅਤੇ ਮੇਰੇ ਬੱਚੇ ਮੇਰੇ ਕੋਲ ਆ ਗਏ ਸਨ, ਵਿਛੋੜੇ ਦੇ ਦਿਨ ਮੁੱਕ ਗਏ ਸਨ ਤੇ ਮਨ ਦੀ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਰਹੀ ਸੀ ਪਰ ਇਸ ਪ੍ਰਸੰਨਤਾ ਦੇ ਨਾਲ ਹੀ ਔਖਿਆਈਆਂ ਦਾ ਦੌਰ ਵੀ ਅਰੰਭ ਹੋਣਾ ਹੀ ਸੀ। ਇੰਟਰਨੈਸ਼ਨਲ ਕੰਬਸਚਨ ਵਿਚ ਮੇਰੀ ਦਿਨਾਂ ਦੀ ਸ਼ਿਫਟ ਸੀ। ਆਮਦਨੀ ਇੰਨੀ ਥੋੜ੍ਹੀ ਸੀ ਕਿ ਸਰਫੇ ਨਾਲ ਚੱਲਦਿਆਂ ਵੀ ਗੁਜ਼ਾਰਾ ਕਰਨਾ ਬਹੁਤ ਔਖਾ ਸੀ। ਚੌਦਾਂ ਕੁ ਪੌਂਡ ਹਫਤੇ ਦੇ ਮਿਲਦੇ ਸਨ। ਆਪਣਾ ਘਰ ਲੈਣ ਨਾਲ ਘਰ ਦਾ ਖਰਚ ਵੀ ਸ਼ੁਰੂ ਹੋ ਗਿਆ ਸੀ। ਗੈਸ, ਬਿਜਲੀ, ਪਾਣੀ ਤੇ ਜਨਰਲ ਰੇਟ (ਕੌਂਸਲ ਟੈਕਸ) ਦੇ ਬਿੱਲ, ਕੋਈ ਨਾ ਕੋਈ ਬਿੱਲ ਆਇਆ ਹੀ ਰਹਿੰਦਾ ਸੀ। ਫੇਰ ਮੌਰਗੇਜ ਦੀ ਕਿਸ਼ਤ ਵੀ 10 ਪੌਂਡ ਹਰ ਮਹੀਨੇ ਦੇਣੀ ਹੁੰਦੀ ਸੀ। ਬਰਫੀਲੀਆਂ ਰਾਤਾਂ ਵਿਚ ਘਰ ਨੂੰ ਗਰਮ ਰੱਖਣ ਲਈ ਕੋਲੇ ਵੀ ਖਰੀਦਣੇ ਪੈਂਦੇ ਸਨ। ਸਿਆਲਾਂ ਦੀ ਠੰਢ ਤੋਂ ਬਚਾਉਣ ਲਈ ਬੱਚਿਆਂ ਲਈ ਗਰਮ ਕਪੜੇ ਵੀ ਲੈਣੇ ਹੀ ਸਨ। ਮੇਰੀਆਂ ਦੋਵੇਂ ਧੀਆਂ ਸਕੂਲ ਜਾਂਦੀਆਂ ਸਨ। ਇਸ ਨਾਲ ਵੀ ਕੁਝ ਖਰਚ ਤਾਂ ਵਧਣਾ ਹੀ ਸੀ। ਫੇਰ ਘਰ ਲੈਣ ਲਈ ਲੋਕਾਂ ਤੋਂ ਫੜੇ ਪੈਸੇ ਵੀ ਮੋੜਨੇ ਸਨ। ਜਿੱਥੇ ਤੰਗੀ ਹੋਵੇ ਉੱਥੇ ਤੁਰਸ਼ੀ ਵੀ ਆ ਹੀ ਜਾਂਦੀ ਹੈ। ਮੈਨੂੰ ਤਾਂ ਸਦਾ ਇਹੀ ਫਿਕਰ ਲੱਗਾ ਰਹਿੰਦਾ ਸੀ ਕਿ ਉਧਾਰ ਫੜੇ ਪੈਸੇ ਕਿਵੇਂ ਮੋੜੇ ਜਾਣਗੇ? ਸੋਚ ਇਹੀ ਬਣਦੀ ਸੀ ਕਿ 14 ਪੌਂਡ ਹਫਤੇ ਨਾਲ ਤਾਂ ਕਿਸੇ ਸੂਰਤ ਵਿਚ ਵੀ ਗੁਜ਼ਾਰਾ ਨਹੀਂ ਹੋ ਸਕਦਾ ਸੀ। ਆਮਦਨੀ ਵਧੇ ਤਾਂ ਹੀ ਸਰ ਸਕਦਾ ਸੀ। ਜਿਹਦਾ ਗਲ਼ ਫੰਦੇ ਵਿਚ ਫਸਿਆ ਹੁੰਦਾ ਹੈ, ਉਹੀ ਉਹਦੀ ਘੁੱਟਣ ਨੂੰ ਜਾਣ ਸਕਦਾ ਹੈ, ਹੋਰ ਕੋਈ ਜਾਣੇਗਾ ਵੀ ਤਾਂ ਕਿਉਂ?

ਫਲੀਟ ਸਟਰੀਟ ਵਾਲੇ ਘਰ ਵਿਚ ਆਉਣ ਤੋਂ ਦੋ ਕੁ ਮਹੀਨੇ ਪਿੱਛੋਂ ਹੀ ਮੈਂ ਆਪਣੇ ਫੋਰਮੈਨ ਨੂੰ ਕਹਿ ਕੇ ਪੱਕੀਆਂ ਰਾਤਾਂ ਦੀ ਸ਼ਿਫਟ ’ਤੇ ਕੰਮ ਕਰਨ ਲੱਗ ਪਿਆ। ਖਿਆਲ ਤਾਂ ਇਹ ਸੀ ਕਿ ਰਾਤ-ਸ਼ਿਫਟ ਦਾ ਬੋਨਸ ਪੈਣ ਨਾਲ ਆਮਦਨੀ ਵਧ ਜਾਵੇਗੀ। ਪਰ ਰਾਤ-ਸ਼ਿਫਟ ਸਿਰਫ ਚਾਰ ਰਾਤਾਂ ਦੀ ਸੀ। ਰਾਤਾਂ ਦੀ ਸ਼ਿਫਟ ਕਰਨ ਨਾਲ ਆਮਦਨੀ ਵਿਚ ਤਾਂ ਫਰਕ ਨਾ ਮਾਤਰ ਹੀ ਪਿਆ ਪਰ ਹਫਤੇ ਦੇ ਤਿੰਨ ਦਿਨ ਵਿਹਲੇ ਮਿਲਣ ਲੱਗ ਪਏ। ਸ਼ੁੱਕਰਵਾਰ ਸਵੇਰੇ ਕੰਮ ਖਤਮ ਕਰ ਕੇ ਸੋਮਵਾਰ ਰਾਤ ਨੂੰ ਕੰਮ ’ਤੇ ਜਾਣਾ ਹੁੰਦਾ ਸੀ। ਇਹਦਾ ਤੱਤਫੱਟ ਇੱਕ ਲਾਭ ਜਰੂਰ ਹੋ ਗਿਆ ਸੀ ਕਿ ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਵਲ ਵਧੇਰੇ ਧਿਆਨ ਦੇਣ ਲੱਗ ਪਿਆ। ਮੈਂ ਡਰਬੀ ਐਜੂਕੇਸ਼ਨ ਸੈਂਟਰ ਤੋਂ ਉਨ੍ਹਾਂ ਦੀਆਂ ਜਮਾਤਾਂ ਅਨੁਸਾਰ ਕਿਤਾਬਾਂ ਲੈ ਆਂਦੀਆਂ ਤੇ ਹਰ ਰੋਜ਼ ਸ਼ਾਮ ਨੂੰ ਦੋ ਘੰਟੇ ਉਨ੍ਹਾਂ ਨੂੰ ਪੜ੍ਹਾਉਣ ਲਈ ਲਾਉਣੇ ਸ਼ੁਰੂ ਕਰ ਦਿੱਤੇ। ਦੋਵੇਂ ਕੁੜੀਆਂ ਛੇਤੀ ਹੀ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣ ਲੱਗ ਪਈਆਂ ਤੇ ਹੋਰ ਵਿਸ਼ਿਆਂ ਵਿਚ ਵੀ ਚੋਖਾ ਤਿੱਖੀਆਂ ਹੋ ਗਈਆਂ। ਵੱਡੀ ਧੀ ਕਮਲ ਤਾਂ ਆਪਣੀ ਜਮਾਤ ਵਿੱਚੋਂ ਹਰ ਵਿਸ਼ੇ ਵਿਚ ਸਭ ਤੋਂ ਅੱਗੇ ਰਹਿਣ ਲੱਗ ਪਈ। ਸਕੂਲ ਦੀ ਪੜ੍ਹਾਈ ਪੂਰੀ ਕਰ ਲੈਣ ਤੱਕ ਉਹਨੇ ਆਪਣੇ ਬਣਾਏ ਇਸ ਸਟੈਂਡਰਡ ਨੂੰ ਕਾਇਮ ਰੱਖਿਆ।

ਬਹੁਤੀ ਵਿਹਲ ਆਮਦਨੀ ਦੀ ਘਾਟ ਨੂੰ ਤਾਂ ਪੂਰੀ ਕਰ ਨਹੀਂ ਸਕਦੀ ਸੀ। ਘਰ ਵਿਚ ਬਹੁਤਾ ਸਮਾਂ ਰਹਿਣ ਨਾਲ ਸੁਭਾਵਾਂ ਅਤੇ ਵਿਚਾਰਾਂ ਦੇ ਫਰਕ ਨੇ ਵੀ ਹੋਰ ਉੱਘੜ ਕੇ ਸਾਹਮਣੇ ਆਉਣਾ ਹੀ ਸੀ। ਜਦੋਂ ਤੁਸੀਂ ਮਨ ਦੀ ਸ਼ਾਂਤੀ ਵਿਚ ਹੁੰਦੇ ਹੋ ਤੇ ਥੁੜ ਕਿਸੇ ਚੀਜ਼ ਦੀ ਹੁੰਦੀ ਨਹੀਂ, ਉਸ ਸਮੇਂ ਸਭ ਕੁਝ ਲੁਕਿਆ ਰਹਿੰਦਾ ਹੈ। ਪਰ ਤੰਗੀ ਦੇ ਸਮੇਂ ਸੁਭਾਵਾਂ ਅਤੇ ਖਿਆਲਾਂ ਦੇ ਫਰਕ ਰੜਕਣ ਲੱਗ ਪੈਂਦੇ ਹਨ। ਇਹ ਸਭ ਕੁਝ ਕੁਦਰਤੀ ਹੁੰਦਾ ਹੈ। ਦੁਨੀਆ ਵਿਚ ਕਿਸੇ ਵੀ ਦੋ ਬੰਦਿਆਂ ਦਾ ਐਨ ਇੱਕ ਦੂਜੇ ਵਰਗਾ ਹੋਣਾ ਅਸੰਭਵ ਹੁੰਦਾ ਹੈ। ਸੁਭਾਵਾਂ ਅਤੇ ਖਿਆਲਾਂ ਦੇ ਫਰਕ ਤਾਂ ਸਕੇ ਭੈਣਾਂ ਭਰਾਵਾਂ ਵਿਚ ਵੀ ਹੁੰਦੇ ਹਨ। ਫੇਰ ਦੋ ਵੱਖੋ ਵੱਖਰੇ ਸਥਾਨਾਂ ਅਤੇ ਸਥਿਤੀਆਂ ਵਿਚ ਪਲੇ ਜੀਅ ਕਿਵੇਂ ਇੱਕ ਸੁਭਾ ਅਤੇ ਇੱਕ ਖਿਆਲ ਦੇ ਹੋ ਸਕਦੇ ਹਨ? ਆਪਣੇ ਨਾਲੋਂ ਵੱਖਰੇ ਖਿਆਲ ਅਤੇ ਸੁਭਾ ਲਈ ਸਹਿਣਸ਼ੀਲਤਾ ਸੁੱਖ ਸ਼ਾਂਤੀ ਵਿਚ ਤਾਂ ਚੱਲ ਜਾਂਦੀ ਹੈ ਪਰ ਤੰਗੀ ਵਿਚ ਨਹੀਂ ਚਲਦੀ। ਜੇਬ ਵਿਚ ਪੈਸੇ ਹੋਣ ਤਾਂ ਹੀ ਰਿਸ਼ਤੇ ਨਾਤੇ ਵੀ ਸਹਿਜ ਤੁਰਦੇ ਹਨ, ਨਹੀਂ ਤਾਂ ਟੁੱਟਣ ਨਾ ਤਾਂ ਤਿੜਕਣ ਤੱਕ ਜਰੂਰ ਪੁੱਜ ਜਾਂਦੇ ਹਨ। ਇਸ ਸਾਰੇ ਕੁਝ ਵਿਚ ਬੰਦਿਆਂ ਦੀ ਸੂਝ ਸਿਆਣਪ ਅਤੇ ਵਿੱਦਿਆ ਦਾ ਫਰਕ ਵੀ ਪ੍ਰਭਾਵ ਪਾਉਂਦਾ ਹੈ।

ਜਿੱਥੋਂ ਤੱਕ ਹੋ ਸਕਦਾ ਸੀ, ਮੈਂ ਆਪਣੀ ਪਤਨੀ ਦੇ ਵੱਖਰੇ ਖਿਆਲਾਂ ਅਤੇ ਮਾਨਤਾਵਾਂ ਨਾਲ ਟੱਕਰ ਤੋਂ ਬਚਣ ਦਾ ਪੂਰਾ ਯਤਨ ਕਰਦਾ ਸਾਂ। ਮੇਰੀ ਪਤਨੀ ਮਾਸ ਆਂਡੇ ਨਹੀਂ ਖਾਂਦੀ ਸੀ ਤੇ ਨਾ ਆਪਣੇ ਹੱਥੀਂ ਬਣਾਉਣੇ/ਪਕਾਉਣੇ ਚਾਹੁੰਦੀ ਸੀ। ਇਸ ਲਈ ਉਹਦੇ ਇੱਥੇ ਆਉਣ ਪਿੱਛੋਂ ਮੈਂ ਘਰ ਵਿਚ ਮਾਸ ਆਂਡਿਆਂ ਦਾ ਜ਼ਿਕਰ ਤੱਕ ਵੀ ਨਾ ਕੀਤਾ। ਪਰ ਉਹਨੇ ਕੁਝ ਮਹੀਨਿਆਂ ਪਿੱਛੋਂ ਆਪ ਹੀ ਮਾਸ ਤੇ ਆਂਡੇ ਲਿਆਉਣੇ ਅਤੇ ਬਣਾਉਣੇ ਸ਼ੁਰੂ ਕਰ ਦਿੱਤੇ। ਮੈਂ ਕੁਝ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਪਤਾ ਲੱਗਾ, ਆਂਢਣਾਂ ਗੁਆਂਢਣਾਂ ਉਹਨੂੰ ਦੱਸਦੀਆਂ ਰਹਿੰਦੀਆਂ ਸਨ ਕਿ ਇਸ ਮੁਲਕ ਵਿਚ ਮਾਸ ਆਂਡੇ ਖਾਏ ਬਿਨਾਂ ਸਰ ਹੀ ਨਹੀਂ ਸਕਦਾ। ਜੇ ਨਾ ਖਾਵੋ ਤਾਂ ਸਿਹਤ ਬਹੁਤ ਛੇਤੀ ਵਿਗੜ ਜਾਂਦੀ ਹੈ। ਆਖਰ ਉਹ ਮੇਰੀ ਪਤਨੀ ਸੀ, ਉਹਨੂੰ ਆਪਣੀ ਨਹੀਂ ਤਾਂ ਮੇਰੀ ਸਿਹਤ ਦਾ ਤਾਂ ਫਿਕਰ ਲੱਗਣਾ ਹੀ ਸੀ। ਫੇਰ ਵੀ ਆਰਥਕ ਤੰਗੀ ਹੱਲ ਹੋਏ ਬਿਨਾਂ ਮਾਨਸਕ ਸ਼ਾਂਤੀ ਦੀ ਪ੍ਰਾਪਤੀ ਤਾਂ ਨਹੀਂ ਹੋ ਸਕਦੀ ਸੀ।

ਇੰਟਰਨੈਸ਼ਨਲ ਕੰਬਸਚਨ ਵਿਚ ਮੇਰਾ ਕੰਮ ਤਾਂ ਪੀਸ ਵਰਕ ਦਾ ਸੀ ਪਰ ਕੰਮ ਕੁਝ ਭਾਰਾ ਸੀ। ਮਸ਼ੀਨਾਂ ਨਾਲ ਤਾਂ ਘੁਲਣਾ ਪੈਂਦਾ ਹੀ ਸੀ ਪਰ ਆਰਾਮ ਲਈ ਵੀ ਸਮਾਂ ਮਿਲ ਜਾਂਦਾ ਸੀ। ਮੈਂ ਵਿਹਲੇ ਸਮੇਂ ਇਸ ਸੋਚ ਵਿਚ ਡੁੱਬਿਆ ਰਹਿੰਦਾ ਸਾਂ ਕਿ ਆਮਦਨ ਕਿਵੇਂ ਵਧਾਈ ਜਾਵੇ? ਮੇਰੇ ਵਾਲੇ ਸੈਕਸ਼ਨ ਵਿਚ ਅਵਤਾਰ ਸਿੰਘ ਸੰਧੂ ਨਾਉਂ ਦਾ ਬੰਦਾ ਕਰੇਨ ਡਰਾਈਵਰ ਸੀ। ਵਿਹਲ ਦੇ ਸਮੇਂ ਉਹ ਕਈ ਵੇਰ ਮੇਰੇ ਕੋਲ ਆ ਬਹਿੰਦਾ ਸੀ। ਸਾਡੇ ਪਿੰਡ ਉਹਦੇ ਨਾਨਕੇ ਸਨ, ਇਸ ਲਈ ਵੀ ਉਹਨੂੰ ਮੇਰੇ ਨਾਲ ਕੁਝ ਲਗਾਓ ਸੀ। ਇੱਕ ਦਿਨ ਉਹ ਮੇਰੇ ਕੋਲ ਬੈਠਾ ਚੋਖਾ ਚਿਰ ਗੱਲਾਂ ਕਰਦਾ ਰਿਹਾ। ਉਹਨੇ ਲਾਈਫ ਇਨਸ਼ੋਰੈਂਸ (ਜੀਵਨ ਬੀਮਾ) ਦੀ ਏਜੈਂਸੀ ਦਾ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ। ਸ਼ਾਇਦ ਉਹ ਮੈਨੂੰ ਵੀ ਆਪਣਾ ਗਾਹਕ ਬਣਾਉਣਾ ਚਾਹੁੰਦਾ ਸੀ। ਜੀਵਨ ਬੀਮੇ ਬਾਰੇ ਉਹਦੀ ਗੱਲਬਾਤ ਦੇ ਸਮੇਂ ਮੈਂ ਇਹੀ ਸੋਚਦਾ ਰਿਹਾ, ਜੇ ਇਹ ਬੀਮਾ ਏਜੈਂਟੀ ਦਾ ਕੰਮ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ? ਦੇਸ ਵਿਚ ਹੀ ਭਾਰਤੀ ਜੀਵਨ ਬੀਮਾ ਨਿਗਮ ਦੇ ਇੱਕ ਏਜੰਟ ਨੇ ਮੇਰਾ ਜੀਵਨ ਬੀਮਾ ਕੀਤਾ ਸੀ ਤੇ ਮੈਂ ਇਸ ਕੰਮ ਤੋਂ ਪਹਿਲਾਂ ਵੀ ਥੋੜ੍ਹਾ ਥੋੜ੍ਹਾ ਜਾਣੂ ਸਾਂ। ਅਵਤਾਰ ਦੀ ਗੱਲਬਾਤ ਵਿੱਚੋਂ ਮੈਂ ਅੰਦਾਜ਼ਾ ਬਣਾ ਲਿਆ ਕਿ ਏਜੰਟਾਂ ਨੂੰ ਚੋਖੀ ਰਕਮ ਕੁਮਿਸ਼ਨ ਦੇ ਤੌਰ ’ਤੇ ਮਿਲਦੀ ਸੀ। ਉਸੇ ਰਾਤ ਹੀ ਮੈਂ ਆਪ ਵੀ ਇਹੀ ਕੰਮ ਕਰਨ ਦਾ ਪੱਕਾ ਇਰਾਦਾ ਬਣਾ ਲਿਆ।

ਲੰਡਨ ਦੇ ਮਿਡਲਸੈਕਸ ਜ਼ਿਲ੍ਹੇ ਦੇ ਵੈਮਲੀ ਕਸਬੇ ਵਿਚ ਭਾਰਤੀ ਜੀਵਨ ਬੀਮਾ ਨਿਗਮ ਦਾ ਯੂ. ਕੇ. ਲਈ ਦਫਤਰ ਸੀ। ਮੈਂ ਦੂਜੇ ਦਿਨ ਹੀ ਏਜੈਂਸੀ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਉਸ ਦਫਤਰ ਦੇ ਰੀਜਨਲ ਅਫਸਰ ਨੂੰ ਪੱਤਰ ਲਿਖ ਦਿੱਤਾ। ਹਫਤੇ ਦੇ ਅੰਦਰ ਅੰਦਰ ਹੀ ਉਹਦਾ ਉੱਤਰ ਵੀ ਆ ਗਿਆ ਤੇ ਨਾਲ ਹੀ ਏਜੈਂਸੀ ਲਈ ਬਿਨੈਪੱਤਰ ਭੇਜਣ ਲਈ ਫਾਰਮ ਵੀ ਆ ਗਏ। ਮੈਂ ਉਸੇ ਦਿਨ ਫਾਰਮ ਭਰ ਕੇ ਭੇਜ ਦਿੱਤੇ ਤੇ ਤੀਜੇ ਕੁ ਦਿਨ ਹੀ ਰੀਜਨਲ ਅਫਸਰ ਨੇ ਮੈਨੂੰ ਗੱਲਬਾਤ ਲਈ ਸੱਦ ਲਿਆ। ਮੈਂ ਸ਼ੁੱਕਰਵਾਰ ਸਵੇਰੇ ਵੈਮਲੀ ਜਾ ਪੁੱਜਾ। ਮੈਨੂੰ ਏਜੈਂਸੀ ਦਾ ਨਿਯੁਕਤੀ ਪੱਤਰ ਗੱਲਬਾਤ ਖਤਮ ਹੋਣ ਦੇ ਨਾਲ ਹੀ ਮਿਲ ਗਿਆ।

ਜੀਵਨ ਬੀਮੇ ਦਾ ਕੰਮ ਕਰਨ ਲਈ ਘਰ ਵਿਚ ਟੈਲੀਫੋਨ ਲੁਆਉਣਾ ਜ਼ਰੂਰੀ ਸੀ ਤੇ ਬੈਂਕ ਵਿਚ ਚਾਲੂ ਖਾਤਾ (current account) ਖੋਲ੍ਹਣਾ ਵੀ। ਮੈਂ ਦੋਵੇਂ ਕੰਮ ਦੂਜੇ ਹਫਤੇ ਦੇ ਅੰਦਰ ਅੰਦਰ ਹੀ ਕਰਵਾ ਲਏ। ਹੁਣ ਕੇਵਲ ਜੀਵਨ ਬੀਮੇ ਦੇ ਗਾਹਕ ਲੱਭਣ ਦਾ ਕੰਮ ਰਹਿ ਗਿਆ ਸੀ? ਉਹਦਾ ਹੱਲ ਇੱਕੋ ਸੀ ਕਿ ਲੋਕਾਂ ਨਾਲ ਮੇਲ ਜੋਲ ਵਧਾਇਆ ਜਾਂਦਾ। ਮੇਲ ਜੋਲ ਵਧਾਉਣ ਲਈ ਉਨ੍ਹਾਂ ਥਾਵਾਂ ’ਤੇ ਜਾਇਆ ਜਾਂਦਾ, ਜਿੱਥੇ ਲੋਕ ਆਮ ਤੌਰ ’ਤੇ ਇਕੱਠੇ ਉੱਠਦੇ ਬੈਠਦੇ ਹੋਣ। ਇਸ ਕੰਮ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਜਾਂ ਦੁਰਵਰਤੋਂ ਵੀ ਕੀਤੀ ਜਾ ਸਕਦੀ ਸੀ। ਉਸ ਵੇਲੇ ਡਰਬੀ ਵਿਚ ਨਾ ਕੋਈ ਮੰਦਰ ਸੀ, ਨਾ ਗਰਦੁਆਰਾ, ਕੇਵਲ ਪਬਲਿਕ ਬਾਰ (ਸ਼ਰਾਬ ਖਾਨੇ) ਹੀ ਸਨ, ਜਿੱਥੇ ਲੋਕ ਇਕੱਠੇ ਹੁੰਦੇ ਸਨ। ਮੈਂ ਹਾਲੀਂ ਪੱਬਾਂ ਵਿਚ ਜਾਣ ਗਿੱਝਿਆ ਨਹੀਂ ਸਾਂ। ਪਰ ਕੰਮ ਹੀ ਅਜਿਹਾ ਫੜ ਲਿਆ ਸੀ ਕਿ ਪੱਬਾਂ ਵਿਚ ਜਾਣਾ ਹੀ ਪੈਣਾ ਸੀ। ਜੀਵਨ ਬੀਮੇ ਦੇ ਗਾਹਕ ਫਾਹ ਸੋਟਾ ਮਾਰ ਕੇ ਤਾਂ ਮਿਲ ਨਹੀਂ ਸਕਦੇ ਸਨ। ਕਿਸੇ ਨੂੰ ਜਾ ਕੇ ਸਿੱਧਾ ਕਹੋ ਕਿ ਬਈ ਜੀਵਨ ਬੀਮਾ ਕਰਾਉਗੇ ਤਾਂ ਕੌਣ ਕਰਾਏਗਾ? ਸਗੋਂ ਅਗਲਾ ਅੱਖਾਂ ਮਿਲਾਉਣੋਂ ਵੀ ਹਟ ਜਾਵੇਗਾ। ਪਹਿਲਾ ਕੰਮ ਆਪਣੇ ਸੰਭਾਵੀ ਗਾਹਕਾਂ ਉੱਤੇ ਆਪਣੀ ਸਖਸ਼ੀਅਤ ਦਾ ਪ੍ਰਭਾਵ ਬਣਾਉਣਾ ਅਤੇ ਨਿੱਜੀ ਸੰਬੰਧਾਂ ਵਰਗੀ ਜਾਣ ਪਛਾਣ ਬਣਾਉਣ ਦਾ ਸੀ, ਫੇਰ ਹੀ ਕਿਸੇ ਨੂੰ ਜੀਵਨ ਬੀਮਾ ਕਰਵਾਉਣ ਲਈ ਬੇਨਤੀ ਕੀਤੀ ਜਾ ਸਕਦੀ ਸੀ। ਪੱਬਾਂ ਵਿਚ ਸੰਭਾਵੀ ਗਾਹਕਾਂ ਨਾਲ ਜਾਣ ਪਛਾਣ ਪੀਣ ਪਿਲਾਉਣ ਦੀ ਸਾਂਝ ਨਾਲ ਅਰੰਭ ਹੁੰਦੀ ਸੀ। ਇਸ ਕੰਮ ਲਈ ਪੱਬਾਂ ਵਿਚ ਜਾਣਾ ਪੈਂਦਾ ਸੀ। ਫੇਰ ਇਸ ਤਰ੍ਹਾਂ ਜਾਣੂ ਬਣੇ ਸੰਭਾਵੀ ਗਾਹਕਾਂ ਦੇ ਘਰੀਂ ਵੀ ਜਾਣਾ ਜ਼ਰੂਰੀ ਸੀ। ਖਰਚ ਕੀਤਾ ਤਾਂ ਸੂਦ ਸਮੇਤ ਮੁੜ ਆਉਂਦਾ ਸੀ, ਜੇ ਇੱਕ ਹਫਤੇ ਵਿਚ ਕੋਈ ਇੱਕ ਜੀਵਨ ਬੀਮਾ ਵੀ ਹੋ ਜਾਵੇ। ਫੇਰ ਦੂਰ ਨੇੜੇ ਦੇ ਸ਼ਹਿਰਾਂ ਵਿਚ ਜਿੱਥੇ ਕਿਤੇ ਵੀ ਆਪਣਾ ਕੋਈ ਜਾਣੂ ਰਹਿੰਦਾ ਸੀ, ਹਫਤੇ ਵਿਚ ਇੱਕ ਦੋ ਚੱਕਰ ਤਾਂ ਲੱਗ ਹੀ ਜਾਂਦੇ ਸਨ।

ਆਮਦਨੀ ਹੋਣ ਲੱਗ ਪਈ ਸੀ ਤੇ ਬੈਂਕ ਵਿਚ ਰਕਮ ਵੀ ਜਮ੍ਹਾਂ ਹੋ ਰਹੀ ਸੀ। ਸਾਲ ਕੁ ਵਿਚ ਹੀ ਮੈਂ ਲੋਕਾਂ ਤੋਂ ਫੜੀਆਂ ਰਕਮਾਂ ਵੀ ਮੋੜ ਦਿੱਤੀਆਂ ਤੇ ਮਕਾਨ ਦਾ ਸਾਰਾ ਕਰਜ਼ਾ ਵੀ ਲਾਹ ਦਿੱਤਾ। ਪਰ ਮੇਰੀ ਪਤਨੀ ਨੂੰ ਮੇਰਾ ਪੱਬਾਂ ਨੂੰ ਤੁਰੇ ਰਹਿਣਾ ਚੰਗਾ ਨਹੀਂ ਲਗਦਾ ਸੀ। ਸ਼ਰਾਬ ਦੇ ਵਿਰੁੱਧ ਉਹਦੇ ਪੱਕੇ ਸੰਸਕਾਰ ਬਣੇ ਹੋਏ ਸਨ। ਉਹਦੇ ਲਈ ਤਾਂ ਬੀਰ ਵੀ ਸ਼ਰਾਬ ਹੀ ਸੀ। ਫੇਰ ਲੋਕਾਂ ਦੇ ਘਰੀਂ ਫੇਰੇ ਮਾਰਨ ਨੂੰ ਉਹ ਹੋਰ ਵੀ ਮਾੜਾ ਸਮਝਦੀ ਸੀ। ਇੱਕ ਦਿਨ ਉਹਨੇ ਕਹਿ ਹੀ ਦਿੱਤਾ, “ਐਵੈਂ ਨਾ ਲੋਕਾਂ ਦੇ ਘਰੀਂ ਤੁਰੇ ਰਿਹਾ ਕਰੋ। ਮਗਰੋਂ ਲੋਕੀਂ ਗਾਲ੍ਹਾਂ ਕੱਢਦੇ ਹੁੰਦੇ ਆ।” ਮੈਂ ਉਹਨੂੰ ਕੀ ਕਹਿ ਸਕਦਾ ਸਾਂ? ਕਿੰਝ ਸਮਝਾ ਸਕਦਾ ਸਾਂ? ਉਹਦੇ ਖਿਆਲ ਅਤੇ ਸੁਭਾ ਪਹਿਲਾਂ ਹੀ ਬਣ ਚੁੱਕੇ ਸਨ। ਇਨਕਮ ਤਾਂ ਵਧ ਗਈ ਸੀ, ਪਰ ਮਨ ਦੀ ਸ਼ਾਂਤੀ ਨਹੀਂ ਮਿਲ ਰਹੀ ਸੀ। ਬੱਚਿਆਂ ਨੂੰ ਵੀ ਪੜ੍ਹਾਉਣ ਲਈ ਹੁਣ ਸਮਾਂ ਨਹੀਂ ਕੱਢ ਸਕਦਾ ਸਾਂ। ਕਰਦਾ ਤਾਂ ਕੀ ਕਰਦਾ?

*****

(316)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

More articles from this author