HMaqsoodpuri7


   (ਜੁਲਾਈ 17, 2015)


ਸਨਿੱਚਰਵਾਰ ਸਵੇਰੇ ਦਸ ਵਜੇ ਨਾਸ਼ਤੇ ਦਾ ਕੰਮ ਮੁਕਾਇਆ ਤਾਂ ਮਲਕੀਤ ਨੇ ਕਿਹਾ
, “ਚਲੋ ਤਿਆਰ ਹੋਈਏ। ਗੱਡੀਆਂ ਬੱਸਾਂ ਬਦਲਦਿਆਂ ਜਾਣਾ ਪੈਣਾ, ਜਿੰਨੀ ਛੇਤੀ ਤੁਰ ਪਈਏ ਉੰਨਾ ਹੀ ਚੰਗਾ।

ਤਿਆਰ ਹੁੰਦਿਆਂ ਕਰਦਿਆਂ ਬਾਰਾਂ ਵੱਜ ਗਏ। ਉਨ੍ਹਾਂ ਦਿਨਾਂ ਵਿਚ ਬਰਮਿੰਘਮ ਦੇ ਸਨੋਅ ਹਿੱਲ ਸਟੇਸ਼ਨ ਲਈ ਪਡਿੰਗਟਨ (ਲੰਡਨ) ਤੋਂ ਗੱਡੀ ਫੜਨੀ ਪੈਂਦੀ ਸੀ। (ਚਿਰ ਹੋਇਆ ਬਰਮਿੰਘਮ ਦਾ ਇਹ ਸਟੇਸ਼ਨ ਬੰਦ ਕਰ ਦਿੱਤਾ ਗਿਆ ਸੀ ਤੇ ਉਸਦੀ ਥਾਂ ਹੁਣ ਨੀਊ ਸਟਰੀਟ ਸਟੇਸ਼ਨ ਬਰਮਿੰਘਮ ਲਈ ਗੱਡੀ ਫੜਨੀ ਪੈਂਦੀ ਹੈ।) ਅਸੀਂ ਬੱਸਾਂ ਗੱਡੀਆਂ ਬਦਲਦੇ ਤਿੰਨ ਵਜੇ ਵੈਨਜ਼ਬਰੀ ਪੁੱਜ ਗਏ।

ਤੀਹ ਸਾਲ ਪਿੱਛੋਂ ਮੈਂ ਆਪਣੇ ਪਿਤਾ ਜੀ ਨੂੰ ਮਿਲਣਾ ਸੀ। ਉਸ ਵੇਲੇ ਮੈਂ ਤਿੰਨ ਕੁ ਸਾਲ ਦਾ ਸਾਂ, ਜਦ ਉਹ ਪ੍ਰਦੇਸ ਚਲੇ ਗਏ ਸਨ। ਮੁੜ ਉਨ੍ਹਾਂ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਸੀ। ਉਸ ਵੇਲੇ ਉਨ੍ਹਾਂ ਦੀ ਸ਼ਕਲ ਕਿਹੋ ਜਿਹੀ ਹੋਵੇਗੀ, ਮੈਨੂੰ ਕੁਝ ਯਾਦ ਨਹੀਂ ਸੀ। ਬਚਪਨ ਦੇ ਦਿਨ ਪਿਤਾ ਜੀ ਦੀ ਛਤਰ ਛਾਇਆ ਨੂੰ ਤਰਸਦਿਆਂ ਲੰਘਾਏ ਸਨ। ਕੋਈ ਤਜਰਬਾ ਹੀ ਨਹੀਂ ਸੀ ਕਿ ਬਾਪ ਦੀ ਛਾਤੀ ਦਾ ਨਿੱਘ ਕਿਹੋ ਜਿਹਾ ਹੁੰਦਾ ਹੈ। ਅੱਜ ਜਦ ਉਨ੍ਹਾਂ ਨਾਲ ਲੰਮੇ ਵਿਛੋੜੇ ਪਿੱਛੋਂ ਪਹਿਲੀ ਮਿਲਣੀ ਹੋਣੀ ਸੀ ਤਾਂ ਮੇਰੇ ਅੰਦਰੋਂ ਅਜੀਬ ਜਿਹੇ ਤੁਫਾਨ ਉੱਠ ਰਹੇ ਸਨ। ਬਚਪਨ ਵਿਚ ਲੰਘਾਈਆਂ ਔਖੀਆਂ ਘੜੀਆਂ ਦੀ ਯਾਦ ਫਿਲਮ ਬਣ ਕੇ ਅੱਖਾਂ ਅੱਗੋਂ ਲੰਘ ਰਹੀ ਸੀ। ਮੁਸੀਬਤਾਂ ਦੀਆਂ ਅਨੇਕਾਂ ਅਜਿਹੀਆਂ ਘੜੀਆਂ ਆਉਂਦੀਆਂ ਰਹੀਆਂ ਸਨ, ਜਦ ਪਿਤਾ ਜੀ ਦੀ ਘਾਟ ਮਹਿਸੂਸ ਹੁੰਦੀ ਰਹੀ ਸੀ।

ਵੈਨਜ਼ਬਰੀ ਦੀ ਬ੍ਰਿੱਜ ਸਟਰੀਟ ਦੇ ਜਿਹੜੇ ਬੱਸ ਸਟਾਪ ਤੇ ਬੱਸ ਰੁਕੀ, ਉਹਦੇ ਐਨ ਸਾਹਮਣੇ ਉਹ ਘਰ ਸੀ, ਜਿਹਦੇ ਵਿਚ ਮੇਰੇ ਪਿਤਾ ਜੀ ਰਹਿੰਦੇ ਸਨ। ਅਸੀਂ ਬੱਸ ਤੋਂ ਉੱਤਰ ਕੇ ਸੜਕ ਪਾਰ ਕੀਤੀ ਹੀ ਸੀ ਕਿ ਮਲਕੀਤ ਨੇ ਕਿਹਾ, “ਲੈ ਆ ਗਏ ਮਾਸੜ ਜੀ!

ਮੈਂ ਦੇਖਿਆ, ਸਾਹਮਣੇ ਇੱਕ ਬਜ਼ੁਰਗ ਬਾਹਾਂ ਖੋਲ੍ਹੀ ਮੇਰੇ ਵਲ ਹੀ ਆ ਰਿਹਾ ਸੀ। ਉਹ ਮੇਰੇ ਪਿਤਾ ਜੀ ਨੂੰ ਤੋਂ ਬਿਨਾ ਹੋਰ ਕੌਣ ਹੋ ਸਕਦਾ ਸੀ? ਮੈਂ ਪਿਤਾ ਜੀ ਦੀ ਜਿਹੜੀ ਸ਼ਕਲ ਬਚਪਨ ਤੋਂ ਹੀ ਮਨ ਵਿਚ ਵਸਾਈ ਹੋਈ ਸੀ, ਉਹ ਤਾਂ ਸਾਡੇ ਘਰ ਦੀ ਕੰਧ ਤੇ ਲੱਗੀ ਫੋਟੋ ਵਰਗੀ ਸੀ। ਉਹ ਫੋਟੋ ਤਾਂ 30 ਕੁ ਸਾਲ ਦੀ ਉਮਰ ਦੇ ਉੱਚੇ ਲੰਮੇ ਕੱਦ ਤੇ ਕੁਤਰੀ ਹੋਈ ਕਾਲੀ ਦਾਹੜੀ ਵਾਲ਼ੇ ਸ਼ੌਕੀਨ ਜਿਹੇ ਬੰਦੇ ਦੀ ਸੀ। ਜਿਹੜਾ ਬਜ਼ੁਰਗ ਮੇਰੇ ਵਲ ਬਾਹਾਂ ਖੋਲ੍ਹੀ ਆ ਰਿਹਾ ਸੀ, ਉਹ ਤਾਂ ਕੇਸ-ਦਾੜੀ ਤੋਂ ਬਿਨਾਂ ਸੀ ਤੇ ਆਪਣੀ 60 ਕੁ ਸਾਲ ਦੀ ਉਮਰ ਨਾਲੋਂ ਵੀ ਕਿਤੇ ਵੱਧ ਕਮਜ਼ੋਰ ਤੇ ਸਿਆਣਾ ਲੱਗਦਾ ਸੀ। ਜੇ ਮਲਕੀਤ ਨਾਲ ਨਾ ਹੁੰਦਾ ਤਾਂ ਨਾ ਮੈਂ ਉਨ੍ਹਾਂ ਨੂੰ ਪਛਾਣਨਾ ਸੀ ਤੇ ਨਾ ਉਨ੍ਹਾਂ ਨੇ ਮੈਨੂੰ। ਜਾਪਦਾ ਸੀ ਉਹ ਘਰ ਦੀ ਤਾਕੀ ਵਿੱਚੋਂ ਸਾਡਾ ਹੀ ਰਾਹ ਦੇਖ ਰਹੇ ਸਨ। ਉਹ ਮਲਕੀਤ ਨੂੰ ਤਾਂ ਜਾਣਦੇ ਪਛਾਣਦੇ ਸਨ, ਮੈਨੂੰ ਉਹਦੇ ਨਾਲ ਤੁਰਿਆ ਆਉਂਦਾ ਦੇਖ ਕੇ ਅੰਦਾਜ਼ਾ ਲਾ ਲਿਆ ਹੋਣਾ ਹੈ ਕਿ ਉਹਦੇ ਨਾਲ ਇਹ ਪੱਗ ਦਾੜ੍ਹੀ ਵਾਲਾ ਬੰਦਾ ਹੋਰ ਕੋਈ ਹੋ ਹੀ ਨਹੀਂ ਸੀ ਸਕਦਾ ਸਿਵਾਏ ਉਨ੍ਹਾਂ ਦੇ ਪੁੱਤ ਤੋਂ, ਤਾਂ ਹੀ ਤਾਂ ਉਹ ਸਾਨੂੰ ਆਉਂਦਿਆਂ ਦੇਖ ਕੇ ਘਰ ਤੋਂ ਬਾਹਰ ਨਿੱਕਲ ਆਏ ਸਨ ਤੇ ਬਾਂਹਾਂ ਖੋਲ੍ਹੀ ਮੇਰੇ ਵੱਲ ਹੀ ਆ ਰਹੇ ਸਨ।

ਮੈਂ ਨੇੜੇ ਆਉਣ ਤੇ ਉਨ੍ਹਾਂ ਦੇ ਪੈਰਾਂ ਵਲ ਝੁਕਿਆ ਤੇ ਉਨ੍ਹਾਂ ਨੇ ਮੈਨੂੰ ਜੱਫੀ ਵਿਚ ਘੁੱਟ ਲਿਆ। ਨਾ ਉਹ ਕਿੰਨਾ ਚਿਰ ਕੁਝ ਕਹਿ ਸਕੇ, ਨਾ ਮੈਂ ਕੁਝ ਕਹਿ ਸਕਿਆ। ਉਨ੍ਹਾਂ ਦੇ ਮੂੰਹ ਵਿੱਚੋਂ ਯਤਨ ਕਰਨ ਤੇ ਵੀ ਕੋਈ ਸ਼ਬਦ ਨਾ ਨਿੱਕਲ ਸਕਿਆ ਤੇ ਹਾਲ ਮੇਰਾ ਵੀ ਅਜਿਹਾ ਹੀ ਸੀ। ਆਖਰ ਪਿਉ ਪੁੱਤ 30 ਸਾਲ ਪਿੱਛੋਂ ਮਿਲੇ ਸਾਂ। ਮੈਂ ਦੇਖਿਆ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਚਮਕ ਰਹੇ ਸਨ ਤੇ ਮੇਰੀਆਂ ਅੱਖਾਂ ਵੀ ਸੁੱਕੀਆਂ ਨਹੀਂ ਸਨ। ਫੇਰ ਉਨ੍ਹਾਂ ਨੇ ਮਸਾਂ ਘਗਿਆਈ ਜਿਹੀ ਅਵਾਜ਼ ਕੱਢੀ ਤੇ ਕਿਹਾ, “ਚਲੋ ਘਰ ਨੂੰ, ਬੈਠ ਕੇ ਗੱਲਾਂ ਕਰਦੇ ਆਂ।

ਸਾਹਮਣੇ ਹੀ ਦੋਹਰੇ ਅਗਵਾੜ ਵਾਲਾ ਚੋਖਾ ਵੱਡਾ ਘਰ ਸੀ, 65 ਨੰਬਰ। ਇਸ ਘਰ ਦਾ ਮਾਲਕ ਪੰਜਾਬੀ ਭਾਈਬੰਦ ਲਖਬੀਰ ਸਿੰਘ ਸੀ। ਇਸ ਘਰ ਦੀਆਂ ਤਿੰਨ ਮੰਜ਼ਲਾਂ ਧਰਤੀ ਤੋਂ ਉੱਪਰ ਸਨ ਤੇ ਇੱਕ ਧਰਤੀ ਤੋਂ ਹੇਠਾਂ। ਬਸ ਕਮਰੇ ਹੀ ਕਮਰੇ ਸਨ। ਸਾਰਾ ਘਰ ਕਿਰਾਏਦਾਰਾਂ ਨਾਲ ਤੂੜਿਆ ਪਿਆ ਸੀ। ਘਰ ਦਾ ਮਾਲਕ ਵਿਚਕਾਰਲੀ ਮੰਜ਼ਲ ਤੇ ਇੱਕ ਕਮਰੇ ਵਿਚ ਆਪਣੇ ਟੱਬਰ ਸਮੇਤ ਰਹਿੰਦਾ ਸੀ। ਬਾਹਰਲਾ ਦਰਵਾਜ਼ਾ ਲੰਘਦਿਆਂ ਹੀ ਖੱਬੇ ਪਾਸੇ ਪਿਤਾ ਜੀ ਦਾ ਕਮਰਾ ਸੀ।

ਅਸੀਂ ਅੰਦਰ ਵੜੇ ਹੀ ਸਾਂ ਕਿ ਛੋਟੇ ਜਿਹੇ ਕੱਦ ਤੇ ਸਾਂਵਲੇ ਰੰਗ ਦੀ ਬਜ਼ੁਰਗ ਇਸਤ੍ਰੀ ਨੇ ਮੈਨੂੰ ਜੱਫੀ ਵਿਚ ਲੈ ਕੇ ਹੰਝੂਆਂ ਦੀ ਝੜੀ ਲਾ ਦਿੱਤੀ। ਰੋਂਦੀ ਰੋਂਦੀ ਦੇ ਮੂੰਹੋਂ ਮਸਾਂ ਇਹ ਸ਼ਬਦ ਨਿਕਲੇ, “ਪੁੱਤ! ਲੰਮੀ ਉਡੀਕ ਪਿੱਛੋਂ ਤਰਸਦਿਆਂ ਇਹ ਦਿਨ ਆਇਆ। ਮੈਂ ਤਾਂ ਜੀਉਂਦੀ ਹੀ ਇਸ ਲਈ ਸੀ ਕਿ ਤੁਹਾਡੇ ਪਿਤਾ ਜੀ ਨੂੰ ਤੁਹਾਨੂੰ ਸੰਭਾਲ ਕੇ ਮਰਾਂ, ਹੁਣ ਤੂੰ ਆ ਗਿਆਂ, ਮੈਂ ਸੁਖਾਲੀ ਮਰ ਸਕਾਂਗੀ।

ਮਾਈ ਮੈਨੂੰ ਛੱਡ ਕੇ ਚਾਹ ਬਣਾਉਣ ਚਲੀ ਗਈ। ਕੁਝ ਚਿਰ ਪਿੱਛੋਂ ਸਾਡੇ ਸਾਹਮਣੇ ਚਾਹ ਦੇ ਨਾਲ ਕੁਝ ਖਾਣ ਵਾਲੀਆਂ ਚੀਜ਼ਾਂ ਵੀ ਪਈਆਂ ਸਨ। ਚਾਹ ਪੀਣ ਪਿੱਛੋਂ ਮਲਕੀਤ ਨੇ ਕਿਹਾ, “ਚੰਗਾ ਮਾਸੜ ਜੀ! ਮੈਂ ਚਲਦਾਂ। ਮੈਂ ਇੱਥੇ ਵਾਲਸਾਲ ਵਿਚ ਆਪਣੇ ਇੱਕ ਭਾਈਬੰਦ ਨੂੰ ਮਿਲਣਾ। ਕੱਲ੍ਹ ਨੂੰ ਮੈਂ ਇੱਕ ਵਜੇ ਆਵਾਂਗਾ। ਹਰਬਖਸ਼ ਤਿਆਰ ਰਹੇ।ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ' ਬੁਲਾ ਕੇ ਤੁਰ ਗਿਆ।

ਇਸ ਕਮਰੇ ਵਿਚ ਡਬਲ ਬੈੱਡ ਤੋਂ ਬਿਨਾਂ ਇੱਕ ਬੈੱਡ-ਸੈਟੀ ਸੀ, ਇੱਕ ਕੁਰਸੀ ਤੇ ਇੱਕ ਛੋਟਾ ਜਿਹਾ ਮੇਜ਼ ਸੀ। ਮੈਂ ਤੇ ਮੇਰੇ ਪਿਤਾ ਜੀ ਸੈਟੀ ਤੇ ਬੈਠੇ ਗੱਲੀਂ ਜੁੱਟੇ ਰਹੇ ਤੇ ਮਾਈ ਬੈੱਡ ਤੇ ਬੈਠੀ ਕਿਤੇ ਕਿਤੇ ਸਾਡੀਆਂ ਗੱਲਾਂ ਵਿਚ ਟੋਰਾ ਲਾਉਂਦੀ ਰਹੀ। ਸਾਨੂੰ ਗੱਲਾਂ ਕਰਦਿਆਂ ਨੂੰ ਸਾਢੇ ਪੰਜ ਕੁ ਵੱਜ ਗਏ ਤਾਂ ਇੱਕ ਲੰਮੀਆਂ ਤੇ ਭਾਰੀਆਂ ਮੁੱਛਾਂ ਵਾਲਾ ਤੇ ਗੋਰੇ ਰੰਗ ਦਾ ਮਧਰਾ ਜਿਹਾ ਬੰਦਾ ਆ ਗਿਆ। ਉਹਦੀ ਦਾੜ੍ਹੀ ਸਫਾਚੱਟ ਸੀ ਤੇ ਪੱਗ ਬੰਨ੍ਹੀ ਹੋਈ ਸੀ। ਇਹ ਮਾਲਕ ਮਕਾਨ ਲਖਬੀਰ ਸਿੰਘ ਸੀ। ਉਹਨੇ ਆਉਂਦਿਆਂ ਹੀ ਕਿਹਾ, “ਭਾਈਆ! ਚਲੋ ਗਲਾਸ ਮਾਰ ਆਈਏ ਤੇ ਨਾਲੇ ਭਾਈ ਸਾਹਿਬ ਨੂੰ ਵਲੈਤੀ ਦੁਨੀਆ ਦਿਖਾਲ਼ ਲਿਆਈਏ।ਤੇ ਫੇਰ ਉਹ ਨੇ ਮੈਨੂੰ ਸੰਬੋਧਨ ਹੁੰਦਿਆਂ ਕਿਹਾ, “ਭਾਈ ਸਾਹਿਬ ਸਾਸਰੀਕਾਲ! ਹੋਰ ਕਿੱਦਾਂ ਪਿੱਛੇ ਸਾਰੇ ਰਾਜ਼ੀ ਬਾਜ਼ੀ ਸੀ ਤੇ ਹੋਰ ਸੁਣਾ ਸਫਰ ਕਿੱਦਾਂ ਰਿਹਾ?” ਮੈ ਸੰਖੇਪ ਵਿਚ ਉੱਤਰ ਦਿੱਤਾ, “ਸਭ ਠੀਕ ਸੀ।ਮੇਰੇ ਪਿਤਾ ਜੀ ਨੇ ਉੱਠ ਕੇ ਝੋਲੇ ਵਿਚ ਵਿਸਕੀ ਦੀ ਬੋਤਲ ਪਾਈ ਤੇ ਕਿਹਾ, “ਚਲੋ ਚੱਲੀਏ।

ਮੈਂ ਚੁੱਪ ਕੀਤਾ ਉਨ੍ਹਾਂ ਦੇ ਨਾਲ ਤੁਰ ਪਿਆ। ਮੈਂ ਇਹ ਤਾਂ ਸਮਝ ਗਿਆ ਸਾਂ ਕਿ ਅਸੀਂ ਪੱਬ ਨੂੰ ਚੱਲੇ ਸਾਂ, ਇਹ ਨਹੀਂ ਸਮਝਿਆ ਸਾਂ ਕਿ ਵਿਸਕੀ ਦੀ ਬੋਤਲ ਕਾਹਦੇ ਵਾਸਤੇ ਲੈ ਚਲੇ ਸਨ। 10 ਕੁ ਮਿੰਟ ਤੁਰਨ ਪਿੱਛੋਂ ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਗਏ। ਪੱਬ ਸਾਡੇ ਦੇਸੀ ਭਾਈਬੰਦਾਂ ਨਾਲ ਤੂੜਿਆ ਪਿਆ ਸੀ। ਗੋਰਾ ਕੇਵਲ ਇੱਕ ਸੀ, ਭਰਵੇਂ ਸਰੀਰ ਤੇ ਮੱਧਰੇ ਜਿਹੇ ਕੱਦ ਦਾ। ਉਹ ਇੱਕ ਮੇਜ਼ ਦੇ ਸਾਹਮਣੇ ਇੱਕਲਾ ਹੀ ਬੈਠਾ ਸੀ। ਸਾਨੂੰ ਦੇਖਿਦਆਂ ਹੀ ਇੱਕ ਦੇਸੀ ਭਾਈਬੰਦ ਉੱਠ ਕੇ ਕਾਊਂਟਰ ਤੇ ਗਿਆ ਤੇ ਸਾਡੇ ਕੁਝ ਕਹਿਣ ਤੋਂ ਪਹਿਲਾਂ ਹੀ ਸਾਡੇ ਲਈ ਬੀਅਰ ਦੇ ਪੈਂਟ ਭਰਾ ਲਿਆਇਆ। ਅਸੀਂ ਇੱਕ ਮੇਜ਼ ਦੇ ਦੁਆਲੇ ਤਿੰਨੇ ਜਣੇ ਬਹਿ ਗਏ। ਗਲਾਸ ਵਿੱਚੋਂ ਦੋ ਕੁ ਘੁੱਟ ਭਰ ਕੇ ਮੇਰੇ ਪਿਤਾ ਜੀ ਉੱਠੇ ਤੇ ਉਸ ਗੋਰੇ ਕੋਲ ਜਾ ਕੇ ਉਹਨੂੰ ਸੁਲਾਹ ਮਾਰੀ। ਫੇਰ ਉਹਦੇ ਕਹਿਣ ਅਨੁਸਾਰ ਉਹਦੇ ਲਈ ਕਾਊਂਟਰ ਤੋਂ ਗਲਾਸ ਲਿਆ ਕੇ ਉਹਦੇ ਅੱਗੇ ਰੱਖ ਕੇ ਸਾਡੇ ਕੋਲ ਆ ਬੈਠੇ।

 ਸਾਡੇ ਪੰਜਾਬੀ ਭਾਈਬੰਦਾਂ ਦੀ ਪ੍ਰਾਹੁਣਚਾਰੀ ਵੀ ਦੇਖਣ ਵਾਲੀ ਸੀ। ਹਰ ਕੋਈ ਮੇਰੇ ਕੋਲ ਆ ਕੇ ਹਾਲ ਚਾਲ ਪੁੱਛਦਾ ਤੇ ਮੇਰੇ ਲਈ ਬਿਨਾ ਪੁੱਛੇ ਗਲਾਸ ਭਰਾ ਕੇ ਲਿਆ ਰੱਖਦਾ। ਮੈਂ ਤਾਂ ਦੋ ਗਲਾਸਾਂ ਤੋਂ ਪਿੱਛੋਂ ਹੀ ਨਾਂਹ ਨਾਂਹਕਹੀ ਜਾ ਰਿਹਾ ਸਾਂ। ਕੌਣ ਸੁਣਦਾ ਸੀ ਮੇਰੀ ਨਾਂਹ ਨਾਂਹਮੇਰੇ ਅੱਗੇ ਰੋਕਦਿਆਂ ਰੋਕਦਿਆਂ ਵੀ ਪੰਜ ਕੁ ਗਲਾਸ ਜਮ੍ਹਾਂ ਹੋ ਗਏ। ਮੈਂ ਤਾਂ ਦੋ ਹੀ ਪੀ ਸਕਿਆ। ਮੇਰੇ ਪਿਤਾ ਜੀ ਨੇ ਤੇ ਲਖਬੀਰ ਸਿੰਘ ਨੇ ਰਲ਼ ਕੇ ਬਾਕੀ ਦੇ ਮਸਾਂ ਮੁਕਾਏ।

ਸਾਡੇ ਪੰਜਾਬੀ ਭਾਈਬੰਦਾਂ ਦਾ ਰੌਲ਼ਾ ਵੀ ਐਨ ਇਸ ਤਰ੍ਹਾਂ ਸੀ, ਜਿਵੇਂ ਕਬੱਡੀ ਦਾ ਮੈਚ ਹੋ ਰਿਹਾ ਹੋਵੇ। ਸਾਰੇ ਆਪਣੇ ਆਪਣੇ ਮਨ ਦੀ ਭੜਾਸ ਕੱਢ ਰਹੇ ਸਨ। ਇੱਕ ਨੇ ਕੰਨ ਤੇ ਹੱਥ ਰੱਖ ਕੇ ਚੜ੍ਹਦੇ ਮਿਰਜ਼ੇ ਖਾਨ ਨੂੰਦੀ ਹੇਕ ਲਾ ਦਿੱਤੀ। ਉਹਦੇ ਬੈਠਣ ਪਿੱਛੋਂ ਇੱਕ ਹੋਰ ਨੇ ਗੰਦੀ ਜਿਹੀ ਬੋਲੀ ਦੇ ਬੋਲ ਚੁੱਕ ਲਏ। ਕੋਲੋਂ ਕਿਸੇ ਹੋਰ ਨੇ ਕਿਹਾ, “ਯਾਰ! ਕੋਲ ਬੈਠੇ ਭਾਈਏ ਦੀ ਤਾਂ ਸ਼ਰਮ ਕਰੋ।ਭਾਈਏ ਨੇ ਹੱਸ ਕੇ ਕਿਹਾ, “ਆਪਣਾ ਜੀਅ ਖੁਸ਼ ਕਰੀ ਚਲੋ, ਮੈਨੂੰ ਨਹੀਂ ਸੁਣਦਾ।

ਦਸ ਵੱਜ ਗਏ ਸਨ। ਲਖਬੀਰ ਸਿੰਘ ਨੇ ਕਿਹਾ, “ਭਾਈ ਸਾਹਬ! ਹੋਰ ਨਹੀਂ ਪੀਣੀ ਤਾਂ ਫੇਰ ਚਲੋ ਚੱਲੀਏ। ਮੇਰਾ ਤਾਂ ਸਵੇਰ ਨੂੰ ਸੰਢਾ (ਐਤਵਾਰ) ਵੀ ਲੱਗਣਾ।ਮੇਰੇ ਪਿਤਾ ਜੀ ਨੇ ਉੱਠ ਕੇ ਨਾਲ ਲਿਆਂਦੀ ਵਿਸਕੀ ਦੀ ਬੋਤਲ ਕੱਢ ਕੇ ਗੋਰੇ ਨੂੰ ਫੜਾ ਦਿੱਤੀ ਤੇ ਉਹ ਥੈਂਕ ਯੂਕਹਿ ਕੇ ਸਾਡੇ ਨਾਲ ਹੀ ਪੱਬ ਵਿੱਚੋਂ ਨਿੱਕਲ ਕੇ ਆਪਣੇ ਰਾਹੇ ਪੈ ਗਿਆ। ਘਰ ਨੂੰ ਤੁਰੇ ਆਉਂਦਿਆਂ ਲਖਬੀਰ ਸਿੰਘ ਨੇ ਕਿਹਾ, “ਲੈ ਬਈ ਭਾਈਆ! ਸਮਝ ਲੈ ਕੰਮ ਬਣ ਗਿਆ। ਸੋਮਵਾਰ ਕੰਮ ਤੇ ਆਉਣ ਲੱਗਾ ਭਾਈ ਸਾਹਬ ਨੂੰ ਨਾਲ ਹੀ ਲੈ ਆਵੀਂ। ਸਾਰੀ ਗੱਲ ਗਿਣੀ ਗੱਠੀ ਹੈ। ਜਾਂਦਾ ਹੀ ਬਕਸੇ ਭਰਨ ਤੇ ਲੱਗ ਜਾਵੇਗਾ।" ਮੈਂ ਸੋਚ ਗਿਆ, “ਤਾਂ ਫਿਰ ਉਹ ਗੋਰਾ ਉਸ ਫੌਂਡਰੀ ਦਾ ਮੈਨੇਜਰ ਹੈ, ਜਿੱਥੇ ਇਹ ਦੋਵੇਂ ਕੰਮ ਕਰਦੇ ਹਨ ਤੇ ਉਸ ਗੋਰੇ ਨੂੰ ਵਿਸਕੀ ਦੀ ਬੋਤਲ ਇਸੇ ਕੰਮ ਲਈ ਦਿੱਤੀ ਹੈ। ਮੈਂ ਤਾਂ ਸੁਣਿਆਂ ਸੀ, ਮਿਡਲੈਂਡਜ਼ ਵਿਚ ਬਹੁਤੇ ਕੰਮ ਫੌਂਡਰੀਆਂ ਵਿਚ ਹੀ ਮਿਲਦੇ ਹਨ। ਇਹਦਾ ਮਤਲਬ ਤਾਂ ਇਹ ਹੋਇਆ ਕਿ ਮੈਂ ਵੀ ਸੋਮਵਾਰ ਸਵੇਰੇ ਬਲ਼ਦੀ ਦੇ ਬੂਥੇ ਆ ਜਾਵਾਂਗਾ।

ਘਰ ਪੁੱਜ ਕੇ ਰੋਟੀ ਖਾਂਦਿਆਂ ਮੈਂ ਗੱਲ ਸ਼ੁਰੂ ਕੀਤੀ, “ਪਿਤਾ ਜੀ! ਉਂਝ ਤਾਂ ਜਿੱਦਾਂ ਤੁਸੀਂ ਕਹੋਂ, ਮੈਂ ਕਰਨ ਨੂੰ ਤਿਆਰ ਆਂ ਪਰ ਮੈਨੂੰ ਪਤਾ ਲੱਗਾ ਹੈ ਸਾਊਥਾਲ ਵਲ ਸੁਖਾਲੇ ਕੰਮ ਮਿਲ ਜਾਂਦੇ ਆ ਤੇ ਪੜ੍ਹੇ ਲਿਖਿਆਂ ਦੇ ਕਰਨ ਵਾਲੇ ਵੀ। ਮੈਂ ਸੋਚਦਾਂ ਉੱਧਰ ਹੀ ਕੰਮ ਲੱਭ ਲਵਾਂ। ਜੇ ਨਾ ਹੀ ਮਿਲਿਆ ਤਾਂ ਇੱਧਰ ਤੁਹਾਡੇ ਕੋਲ ਆ ਜਾਵਾਂਗਾ। ਅੱਗੇ ਜਿਵੇਂ ਤੁਸੀਂ ਕਹੋਂ?"

ਕੁਝ ਚਿਰ ਚੁੱਪ ਰਹਿਣ ਪਿੱਛੋਂ ਉਨ੍ਹਾਂ ਨੇ ਉਦਾਸ ਜਿਹੀ ਅਵਾਜ਼ ਵਿਚ ਕਿਹਾ, “ਚੰਗਾ ਜਿੱਦਾਂ ਤੇਰੀ ਮਰਜ਼ੀ। ਮੈਂ ਤਾਂ ਸੋਚਦਾ ਸੀ, ਮਸਾਂ ਤਾਂ ਤੂੰ ਆਇਆ ਹੈਂ। ਸਾਡੇ ਕੋਲ ਰਹਿੰਦਾ ਤਾਂ ਚੰਗਾ ਸੀ। ਉੱਦਾਂ ਤੇਰੀ ਗੱਲ ਵੀ ਠੀਕ ਆ। ਜੇ ਉੱਧਰ ਸੁਖਾਲਾ ਕੰਮ ਮਿਲਦਾ ਤਾਂ ਇੱਥੇ ਫੌਂਡਰੀ ਵਿਚ ਕਾਹਨੂੰ ਔਖੇ ਹੋਣਾ। ਉੱਦਾਂ ਅਸੀ ਤਾਂ ਤੇਰੇ ਕੰਮ ਦਾ ਬੰਦੋਬਸਤ ਕਰ ਵੀ ਲਿਆ ਸੀ।ਪਿਤਾ ਜੀ ਦੇ ਚਿਹਰੇ ਤੇ ਛਾਈ ਹੋਈ ਉਦਾਸੀ ਤੇ ਨਿਰਾਸ਼ਾ ਸਾਫ ਝਲਕਦੀ ਦਿਸ ਰਹੀ ਸੀ।

ਉਦਾਸ ਤਾਂ ਮੈਂ ਵੀ ਸਾਂ। ਮਸੀਂ ਤਾਂ ਤੀਹ ਸਾਲਾਂ ਪਿੱਛੋਂ ਪਿਤਾ ਜੀ ਦਾ ਮੂੰਹ ਦੇਖਣਾ ਨਸੀਬ ਹੋਇਆ ਸੀ। ਪਰ ਕਰ ਵੀ ਕੀ ਸਕਦਾ ਸਾਂ? ਮੈਂ ਤਾਂ ਸਖਤ ਜਿਸਮਾਨੀ ਕੰਮ ਘੱਟ ਹੀ ਕੀਤਾ ਸੀ। ਸਦਾ ਪੜ੍ਹਦਾ ਪੜ੍ਹਾਉਂਦਾ ਹੀ ਰਿਹਾ ਸਾਂ। ਮੈਂ ਕੁਝ ਚਿਰ ਚੁੱਪ ਰਹਿਣ ਪਿੱਛੋਂ ਕਿਹਾ, “ਜੇ ਉੱਧਰ ਕੰਮ ਮਿਲ ਗਿਆ, ਤਾਂ ਮੈਂ ਹਰ ਦੂਜੇ ਹਫਤੇ ਜ਼ਰੂਰ ਮਿਲ ਜਾਇਆ ਕਰਾਂਗਾ।"

ਚੰਗਾ ਪੁੱਤ! ਅਸੀਂ ਵੀ ਤੇਰੀ ਖੁਸ਼ੀ ਵਿਚ ਖੁਸ਼ ਆਂ, ਸਾਨੂੰ ਮਿਲ ਜ਼ਰੂਰ ਜਾਇਆ ਕਰੀਂ।ਉਨ੍ਹਾਂ ਨੇ ਉਦਾਸ ਜਿਹੀ ਸੁਰ ਵਿਚ ਕਿਹਾ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ ਤੇ ਸੌਣ ਦਾ ਸਮਾਂ ਹੋ ਗਿਆ ਸੀ। ਮਾਈ ਬੈੱਡ ਸੈਟੀ ਤੇ ਪੈ ਗਈ ਤੇ ਮੈਂ ਪਿਤਾ ਜੀ ਦੇ ਨਾਲ ਪੈ ਗਿਆ। ਮਸਾਂ ਤਾਂ ਪਿਤਾ ਜੀ ਦੀ ਛਾਤੀ ਦਾ ਨਿੱਘ ਮਿਲਿਆ ਸੀ। ਪਤਾ ਵੀ ਨਾ ਲੱਗਾ ਕਦ ਨੀਂਦ ਆ ਗਈ।

ਸਵੇਰੇ 9 ਵਜੇ ਜਾਗ ਆਈ। ਉਸ ਵੇਲੇ ਤੱਕ ਮਾਈ ਚਾਹ ਦੇ ਨਾਲ ਕੁਝ ਖਾਣ ਦਾ ਸਮਾਨ ਵੀ ਲਿਆ ਕੇ ਮੇਜ਼ ਤੇ ਰੱਖ ਚੁੱਕੀ ਸੀ। ਅਸੀਂ ਨਾਲੇ ਚਾਹ ਪੀਂਦੇ ਰਹੇ ਨਾਲੇ ਗੱਲਾਂ ਕਰਦੇ ਰਹੇ। ਬਹੁਤ ਗੱਲਾਂ ਸਨ ਮੇਰੇ ਅੰਦਰ ਤੇ ਉਨ੍ਹਾਂ ਅੰਦਰ ਵੀ ਘੱਟ ਨਹੀਂ ਸਨ। ਬਹੁਤ ਕੁਝ ਸੁਣਿਆ ਸੀ ਉਨ੍ਹਾਂ ਬਾਰੇ, ਚੰਗਾ ਵੀ ਤੇ ਮਾੜਾ ਵੀ। ਚੰਗਾ ਮੈਨੂੰ ਸਦਾ ਚੰਗਾ ਚੰਗਾ ਲਗਦਾ ਰਿਹਾ ਸੀ ਤੇ ਮਾੜੇ ਦਾ ਮੈਨੂੰ ਕਦੀਂ ਯਕੀਨ ਨਹੀਂ ਆਇਆ ਸੀ ਜਾਂ ਮੈਂ ਯਕੀਨ ਕਰਨਾ ਹੀ ਨਹੀਂ ਚਾਹਿਆ ਸੀ। ਅੱਜ ਉਹ ਬੀਮਾਰੀ ਤੇ ਤੰਗਦਸਤੀ ਦੇ ਭੰਨੇ ਹੋਏ, ਮੇਰੇ ਸਾਹਮਣੇ ਬੈਠੇ ਸਨ। ਸੋਚਦਾ ਸਾਂ ਕਿ ਇੰਨਾ ਚਿਰ ਪਰਦੇਸਾਂ ਵਿਚ ਰੁਲਣ ਦਾ ਕੀ ਲਾਭ ਹੋਇਆ? ਜੇ ਸਿਹਤ ਚੰਗੀ ਨਹੀਂ ਰਹਿੰਦੀ ਸੀ ਤਾਂ ਦੇਸ ਵਾਪਸ ਕਿਉਂ ਨਾ ਗਏ? ਅੱਜ ਮੈਂ ਦਿਲ ਦੀਆਂ ਕਰ ਵੀ ਸਕਦਾ ਸਾਂ ਤੇ ਸੁਣ ਵੀ ਸਕਦਾ ਸਾਂ। ਸੁਣਨਾ ਬਹੁਤ ਕੁੱਝ ਆਪਣੇ ਉਸ ਤਾਏ ਹਰੀ ਸਿੰਘ ਬਾਰੇ ਵੀ ਚਾਹੁੰਦਾ ਸਾਂ, ਬਚਪਨ ਵਿਚ ਜਿਸਦੇ ਲਿਖੇ ਕਿੱਸੇ ਪੜ੍ਹਦਾ ਪੜ੍ਹਦਾ ਆਪ ਤੁਕਬੰਦੀ ਕਰਨ ਲੱਗ ਪਿਆ ਸਾਂ। ਭਾਵੇਂ ਮੈਂ ਉਹਦੀ ਸ਼ਕਲ ਕਦੀ ਦੇਖੀ ਨਹੀਂ ਸੀ ਪਰ ਉਹ ਮੇਰੀ ਕਲਪਨਾ ਵਿਚ ਸਦਾ ਹਾਜ਼ਰ ਨਾਜ਼ਰ ਰਿਹਾ ਸੀ।

ਕਿੰਨਾ ਚਿਰ ਸੋਚਾਂ ਵਿਚ ਡੁੱਬੇ ਰਹਿਣ ਪਿੱਛੋਂ ਮੈਂ ਕਿਹਾ, “ਪਿਤਾ ਜੀ! ਇੰਨਾ ਲੰਮਾ ਸਮਾਂ ਤੁਸੀਂ ਪਰਦੇਸ ਵਿਚ ਰਹੇ, ਕਦੀ ਜੀਅ ਨਾ ਕੀਤਾ ਮੁੜ ਸਾਨੂੰ ਦੇਖਣ ਲਈ?” ਮੇਰੀ ਗੱਲ ਸੁਣ ਕੇ ਉਹ ਕਿੰਨਾ ਚਿਰ ਚੁੱਪ ਰਹੇ। ਮੈਂ ਉਨ੍ਹਾਂ ਦੀਆਂ ਅੱਖਾਂ ਵਲ ਦੇਖਿਆ, ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਫੇਰ ਉਨ੍ਹਾਂ ਨੇ ਘਗਿਆਈ ਹੋਈ ਅਵਾਜ਼ ਵਿਚ ਮਸਾਂ ਕਿਹਾ, “ਆਉਣਾ ਵੀ ਚਾਹੁੰਦਾ ਸੀ, ਜੀਅ ਵੀ ਕਰਦਾ ਸੀ, ਪਰ ਆਉਂਦਾ ਕਿੱਦਾਂ? ਕੋਲ ਤਾਂ ਮੇਰੇ ਪੈਨੀ ਵੀ ਨਹੀਂ ਸੀ। ਜਾਂਦਾ ਹੀ ਬੀਮਾਰ ਰਹਿਣ ਲੱਗ ਪਿਆ ਸੀ। ਕੰਮ ਤਕੜੇ ਬੰਦਿਆਂ ਦੇ ਕਰਨ ਵਾਲਾ ਹੀ ਮਿਲਦਾ ਸੀ, ਸਿੱਲ੍ਹੇ ਜਿਹੇ ਮੌਸਮ ਵਿਚ ਖੇਤਾਂ ਵਿਚ ਗੰਨੇ ਵੱਢਣ ਅਤੇ ਛਿੱਲਣ ਦਾ ਕੰਮ। ਗਰਮ ਸਿੱਲ੍ਹੀ ਹਵਾ ਵਿਚ ਦਮੇ ਦੇ ਰੋਗ ਦੇ ਦੌਰੇ ਪੈਣ ਲੱਗ ਪਏ। ਅੱਧੇ ਬੇਹੋਸ਼ ਜਿਹੇ ਨੂੰ ਘਰ ਪਹੁੰਚਾ ਦਿੰਦੇ। ਫੇਰ ਮਹੀਨਾ ਮਹੀਨਾ ਮੰਜੇ ਤੋਂ ਉੱਠ ਵੀ ਨਾ ਸਕਦਾ। ਇਹ ਹੀ ਸੋਚਦਾ ਰਿਹਾ, ਚਾਰ ਪੈਸੇ ਹੋ ਜਾਣ, ਫੇਰ ਜਾਵਾਂ। ਨਾ ਪੈਸੇ ਹੋਏ, ਨਾ ਜਾ ਸਕਿਆ। ਜੇ ਖਾਲੀ ਹੱਥ ਚਲਾ ਜਾਂਦਾ ਤਾਂ ਤੁਹਾਡੀ ਤੰਗੀ ਵਿਚ ਵਾਧਾ ਹੀ ਹੋਣਾ ਸੀ। ਇਸ ਲਈ ਭਲੇ ਸਮੇਂ ਦੀ ਉਡੀਕ ਕਰਦਾ ਰਿਹਾ।ਨਾ ਭਲਾ ਸਮਾਂ ਆਇਆ, ਨਾ ਜਾ ਸਕਿਆ। ਇਹ ਤਾਂ ਇਸ ਭਲੀ ਲੋਕ ਦੀ ਸੇਵਾ ਹੀ ਸਮਝ ਕਿ ਮੈਂ ਜੀਂਦਾ ਤੇਰੇ ਸਾਹਮਣੇ ਆਂ, ਨਹੀਂ ਤਾਂ ਕਦੋਂ ਦਾ ਮਰ ਮੁੱਕ ਗਿਆ ਹੁੰਦਾ।" ਮੇਰੇ ਅੰਦਰੋਂ ਉਹ ਸਭ ਕੁਝ ਧੋਤਾ ਗਿਆ, ਜਿਹੜਾ ਮਾੜਾ ਮੋਟਾ ਮੇਰੇ ਪਿਤਾ ਜੀ ਤੇ ਇਸ ਮਾਈ ਦੇ ਵਰੁੱਧ ਸੀ।

ਫੇਰ ਮੈਂ ਤਾਇਆ ਹਰੀ ਸਿੰਘ ਬਾਰੇ ਜਾਣਨਾ ਚਾਹਿਆ। ਜਿੰਨਾ ਚਿਰ ਉਹ ਜੀਉਂਦਾ ਰਿਹਾ ਸੀ, ਲਗਾਤਾਰ ਪੈਸੇ ਭੇਜਦਾ ਰਿਹਾ ਸੀ। ਉਹਦੇ ਬਾਰੇ ਬਹੁਤ ਕੁਝ ਚੰਗਾ ਚੰਗਾ ਸੁਣਿਆ ਸੀ। ਉਹ ਫੀਜੀ ਦੇ ਲਟੋਕਾ ਸ਼ਹਿਰ ਦੇ ਗੁਰਦੁਆਰੇ ਵਿਚ ਮੁੱਖ ਗਰੰਥੀ ਲੱਗਾ ਹੋਇਆ ਸੀ ਤੇ ਉੱਥੇ ਹੀ ਬਿਜਲੀ ਦਾ ਕਰੰਟ ਲੱਗਣ ਨਾਲ ਉਹਦੀ ਮੌਤ ਹੋ ਗਈ ਸੀ। ਮੇਰੇ ਪ੍ਰਸ਼ਨ ਦੇ ਉੱਤਰ ਵਿਚ ਪਿਤਾ ਜੀ ਨੇ ਦੱਸਿਆ, “ਹਰੀ ਸਿੰਹੁ ਤਾਂ ਬਹੁਤ ਹੀ ਸਮਝਦਾਰ ਤੇ ਸਿਆਣਾ ਸੀ। ਉਹਦੇ ਵਰਗੇ ਬੰਦੇ ਨਿਤ ਤਾਂ ਨਹੀਂ ਜੰਮਦੇ। ਆਪਣੀ ਸਿਆਣਪ ਤੇ ਸਮਝਦਾਰੀ ਨਾਲ ਉਹ ਗੁਰਦੁਆਰੇ ਦਾ ਹੈੱਡ ਗਰੰਥੀ ਬਣ ਗਿਆ ਸੀ। ਸਾਰੇ ਇਲਾਕੇ ਵਿਚ ਉਹਦੀ ਇੱਜ਼ਤ ਤੇ ਪੁੱਛ ਪ੍ਰਤੀਤ ਸੀ ਪਰ ਉੱਪਰ ਵਾਲੇ ਤੋਂ ਉਮਰ ਬਹੁਤ ਥੋੜ੍ਹੀ ਲਿਖਾ ਕੇ ਲਿਆਇਆ ਸੀ। ਜਦੋਂ ਮੈਨੂੰ ਉਹਦੀ ਮੌਤ ਦੀ ਖਬਰ ਮਿਲੀ ਤਾਂ ਮੈਂ ਤਾਂ ਸੁੰਨ ਰਹਿ ਗਿਆ ਸੀ, ਰੱਬ ਅੱਗੇ ਇਹੀ ਅਰਦਾਸ ਕਰਦਾ ਰਿਹਾ, ‘ਉਹਦੀ ਮੌਤ ਦੀ ਖਬਰ ਝੂਠੀ ਨਿਕਲੇ। ਉਹ ਜੀਂਦਾ ਹੋਵੇ ਤੇ ਉਹਦੀ ਥਾਂ ਰੱਬ ਮੈਨੂੰ ਸੱਦ ਲਵੇ। ਮੈ ਤਾਂ ਉੱਦਾਂ ਵੀ ਮਰਿਆਂ ਵਰਗਾ ਸੀ। ਜੇ ਉਹ ਇੰਨੀ ਛੇਤੀ ਨਾ ਤੁਰ ਜਾਂਦਾ ਤਾਂ ਘਰ ਦਾ ਵੀ ਕੁਝ ਬਣ ਜਾਂਦਾ ਤੇ ਮੈਂ ਵੀ ਦੇਸ ਜਾਣ ਜੋਗਾ ਹੋ ਜਾਂਦਾ।

ਮੈਂ ਦੇਖਿਆ, ਮੇਰੇ ਪਿਤਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਠੱਲ੍ਹ ਨਹੀਂ ਰਹੇ ਸਨ। ਜਵਾਨ ਜਹਾਨ ਭਰਾ ਦੀ ਮੌਤ ਦਾ ਦਰਦ ਉਹਦੀਆਂ ਅੱਖਾਂ ਵਿੱਚੋਂ ਸਾਫ ਝਲਕ ਰਿਹਾ ਸੀ। ਇਹ ਸਾਰਾ ਕੁਝ ਸੁਣਦਿਆਂ ਮੈਂ ਵੀ ਭਾਵੁਕ ਹੋ ਗਿਆ ਸਾਂ। ਕਿੰਨਾ ਚਿਰ ਚੁੱਪ ਰਹਿਣ ਪਿੱਛੋਂ ਮੈਂ ਆਪਣੇ ਆਪ ਤੇ ਕਾਬੂ ਪਾ ਕੇ ਕਿਹਾ, “ਚਲੋ, ਜੋ ਹੋਣਾ ਸੀ, ਹੋ ਗਿਆ, ਹੁਣ ਤੁਹਾਨੂੰ ਛੇਤੀ ਹੀ ਦੇਸ ਜਾਣ ਲਈ ਤਿਆਰ ਹੋਣਾ ਪੈਣਾ। ਮੈਥੋਂ ਤੁਰਨ ਲੱਗੇ ਤੋਂ ਮੇਰੇ ਤਾਏ ਨੇ ਵਾਇਦਾ ਲਿਆ ਸੀ ਕਿ ਮੈਂ ਛੇਤੀ ਹੀ ਤੁਹਾਡੇ ਮੇਲੇ ਕਰਾ ਦੇਵਾਂਗਾ।"

ਹੁਣ ਤੂੰ ਆ ਗਿਆਂ, ਚਲਾ ਜਾਵਾਂਗਾ, ਇੱਕ ਦੋ ਸਾਲ ਹੋਰ ਲਾ ਕੇ ਕੁਝ ਪੈਸੇ ਹੋ ਜਾਣ।ਉਹਨਾਂ ਨੇ ਡੂੰਘੀ ਸੋਚ ਵਿਚ ਉੱਤਰਦਿਆਂ ਕਿਹਾ।

"ਇਹ ਗੱਲ ਨਹੀਂ ਹੋਣੀ, ਤੁਹਾਨੂੰ ਛੇਤੀ ਜਾਣਾ ਪੈਣਾ। ਮੇਰਾ ਤਾਇਆ ਹੁਣ ਨਦੀ ਕਿਨਾਰੇ ਰੁੱਖੜਾ, ਜੇ ਛੇਤੀ ਤੁਰ ਗਿਆ ਤਾਂ ਮੈਂ ਆਪਣੇ ਵਾਇਦੇ ਤੋਂ ਝੂਠਾ ਹੋ ਜਾਵਾਂਗਾ। ਜਿੱਥੋਂ ਤੱਕ ਪੈਸਿਆਂ ਦਾ ਸਵਾਲ ਹੈ, ਮੈਂ ਬਥੇਰੇ ਭੇਜ ਦਿਆਂਗਾ, ਤੁਸੀਂ ਬਸ ਤਿਆਰੀ ਕਰ ਲਵੋ।

ਚੰਗਾ ਜਿੱਦਾਂ ਤੂੰ ਕਹਿੰਦਾਂ, ਕਰ ਲਵਾਂਗੇ, ਉੱਦਾਂ ਮੇਰੇ ਕੋਲ ਤਾਂ ਹਾਲੀਂ ਫੁੱਟੀ ਕੌਡੀ ਵੀ ਨਹੀਂ। ਜਾਣ ਵੇਲੇ ਕੁਝ ਤਾਂ ਕੋਲ ਹੋਣਾ ਚਾਹੀਦਾ।ਉਨ੍ਹਾਂ ਨੇ ਮੇਰੇ ਨਾਲ ਸਹਿਮਤ ਹੁੰਦਿਆਂ ਕਿਹਾ।

ਮੈਂ ਝੱਟ ਉੱਤਰ ਦਿੱਤਾ, “ਤੁਸੀਂ ਜਾਣ ਲਈ ਤਿਆਰ ਹੋਵੋ, ਜਦ ਤੱਕ ਪੈਸੇ ਵੀ ਹੋ ਜਾਣਗੇ। ਮੈਂ ਜਿਉਂ ਹਾਂ ਪੈਸੇ ਕਮਾਉਣ ਲਈ। ਜਦੋਂ ਤੱਕ ਤੁਹਾਡੀ ਤਿਆਰੀ ਹੋਣੀ ਆਂ, ਉਦੋਂ ਤੱਕ ਬਥੇਰੇ ਪੈਸੇ ਕਮਾ ਲੈਣੇ ਆਂ।ਮੈਂ ਆਪਣੇ ਵਲੋਂ ਗੱਲ ਮੁਕਾਉਂਦਿਆਂ ਕਿਹਾ।

ਮਲਕੀਤ ਐਨ ਡੇਢ ਵਜੇ ਆ ਗਿਆ। ਕੁਝ ਚਿਰ ਬੈਠਾ, ਗੱਲਾਂ ਕੀਤੀਆਂ, ਤੇ ਫੇਰ ਮੈਨੂੰ ਕਿਹਾ, “ਚੰਗਾ ਹੁਣ ਤਿਆਰ ਹੋ ਜਾ, ਬਸ ਆਉਣ ਵਾਲੀ ਆ।ਤਿਆਰ ਹੋਣ ਨੂੰ ਕਿਹੜੇ ਮੈਂ ਘੋੜੇ ਬੀੜਨੇ ਸਨ? ਤਿਆਰ ਤਾਂ ਪਹਿਲਾਂ ਹੀ ਸਾਂ, ਕੋਟ ਪਾ ਕੇ ਤੁਰ ਪੈਣਾ ਸੀ। ਮਾਈ ਨੇ ਛੇਤੀ ਖਾਣਾ ਬਣਾ ਕੇ ਲਿਆ ਰੱਖਿਆ। ਮੈਂ ਛੇਤੀ ਛੇਤੀ ਖਾਣ ਦਾ ਕੰਮ ਨਿਬੇੜਿਆ ਤੇ ਕੋਟ ਪਾ ਕੇ ਤਿਆਰ ਹੋ ਗਿਆ। ਮੈਂ ਮਾਈ ਨੂੰ ਝੁਕ ਕੇ ਨਮਸਕਾਰ ਕੀਤੀ ਤੇ ਤੁਰ ਪਿਆ।

ਪਿਤਾ ਜੀ ਸਾਡੇ ਨਾਲ ਹੀ ਬੱਸ ਸਟੌਪ ਤੱਕ ਜਾਣ ਲਈ ਪਹਿਲਾਂ ਹੀ ਤਿਆਰ ਖੜ੍ਹੇ ਸਨ। ਬੱਸ ਸਟੌਪ ਕਿਹੜਾ ਦੂਰ ਸੀ, ਘਰ ਦੇ ਮੋਹਰੇ ਹੀ ਤਾਂ ਸੀ। ਬੱਸ ਸਟਾਪ ਤੇ ਪੁੱਜਣ ਤੇ ਬੱਸ ਛੇਤੀ ਹੀ ਆ ਗਈ। ਮੈਂ ਪਿਤਾ ਜੀ ਦੇ ਪੈਰੀਂ ਹੱਥ ਲਾਉਣ ਲਈ ਝੁਕਿਆ ਤਾਂ ਉਨ੍ਹਾਂ ਨੇ ਜੱਫੀ ਪਾ ਕੇ ਇੰਨਾ ਹੀ ਕਿਹਾ, “ਚੰਗਾ ਆਪਣਾ ਖਿਆਲ ਰੱਖੀਂ। ਹਰ ਦੂਜੇ ਤੀਜੇ ਫੂਨ ਕਰਦਾ ਰਹੀਂ ਤੇ ਦੋ ਹਫਤਿਆਂ ਵਿਚ ਇੱਕ ਵੇਰ ਜ਼ਰੂਰ ਆ ਜਾਇਆ ਕਰੀਂ।

"ਜਿਵੇਂ ਤੁਹਾਡਾ ਹੁਕਮ।" ਕਹਿ ਕੇ ਮੈਂ ਬੱਸ ਵਿਚ ਚੜ੍ਹ ਗਿਆ।

*****

(37)

More articles from this author