“ਮਲਕੀਤ ਨੇ ਜ਼ਰਾ ਤਲਖ ਹੋ ਕੇ ਕਿਹਾ, “ਹੁਣ ਤੈਨੂੰ ਇੱਥੇ ਮਾਸਟਰਪੁਣੇ ਦਾ ਕੰਮ ਤਾਂ ਮਿਲਣੋ ਰਿਹਾ ...”
(ਅਗਸਤ 21, 2015)
ਆਪਣਾ ਦੇਸ ਛੱਡ ਕੇ ਤੁਰਨ ਸਮੇਂ ਕੋਈ ਪਤਾ ਨਹੀਂ ਸੀ ਕਿ ਇਸ ਪਰਾਏ ਦੇਸ ਵਿਚ ਕਿਹੋ ਜਿਹਾ ਕੰਮ ਕਰਨਾ ਪਏਗਾ।ਇਹੀ ਫੈਸਲਾ ਕਰ ਕੇ ਤੁਰਿਆ ਸਾਂ ਕਿ ਜੋ ਕੁਝ ਵੀ ਕਰਨਾ ਪਿਆ, ਕਰ ਲਵਾਂਗਾ। ਇਹ ਸੋਚਿਆ ਹੀ ਨਹੀਂ ਸੀ ਕਿ ਕੰਮ ਮਿਲਣ/ਲੱਭਣ ਵਿਚ ਕੋਈ ਮੁਸ਼ਕਲ ਵੀ ਆ ਸਕਦੀ ਹੈ। ਭਾਵੇਂ ਮੈਂ ਜਾਣਦਾ ਸਾਂ ਕਿ ਵਿਕਸਤ ਪੂੰਜੀਵਾਦੀ ਮੁਲਕਾਂ ਵਿਚ ਕੁਝ ਸਾਲਾਂ ਪਿੱਛੋਂ ਸੰਕਟ ਆਉਣੇ ਇਸ ਪ੍ਰਬੰਧ ਦੀ ਖਾਸੀਅਤ ਹੈ ਤੇ ਅਜਿਹੇ ਸੰਕਟ ਸਮੇਂ ਲੱਖਾਂ ਲੋਕ ਕੰਮਾਂ ਤੋਂ ਵਿਹਲੇ ਹੋ ਜਾਂਦੇ ਹਨ, ਤਾਂ ਵੀ ਉਸ ਸਮੇਂ ਇਹ ਹੀ ਸੋਚ ਭਾਰੂ ਸੀ ਕਿ ਜੇ ਇਹ ਮੁਲਕ ਵਾਉਚਰ ਭੇਜ ਕੇ ਬਾਹਰੋਂ ਬੰਦਿਆਂ ਨੂੰ ਮੰਗਵਾ ਰਿਹਾ ਹੈ ਤਾਂ ਕੰਮ ਜ਼ਰੂਰ ਹੋਣਗੇ। ਮੈਨੂੰ ਵੀ ਤਾਂ ਇਸ ਮੁਲਕ ਨੇ ਆਪ ਹੀ ਵਾਉਚਰ ਭੇਜਿਆ ਸੀ। ਇਹ ਪਤਾ ਹੀ ਨਹੀਂ ਸੀ ਕਿ ਵਾਉਚਰ ਕੋਲ ਹੋਣ ਨਾਲ ਹੀ ਤਾਂ ਕੰਮ ਨਹੀਂ ਮਿਲ ਜਾਣਾ ਸੀ। ਇੱਥੇ ਆ ਕੇ ਦੇਖਿਆ ਕਿ ਦੇਸੀ ਭਾਈ ਬੰਦਾਂ ਦੀਆਂ ਹੇੜ੍ਹਾਂ ਦੀਆਂ ਹੇੜ੍ਹਾਂ ਬੇਰੋਜ਼ਗਾਰ ਫਿਰ ਰਹੀਆਂ ਸਨ।
1945 ਈ. ਵਿਚ ਦੂਜੀ ਵਡੀ ਸੰਸਾਰ ਜੰਗ ਦੇ ਅੰਤ ਤੋਂ ਪਿੱਛੋਂ ਜੰਗ ਤੋਂ ਪਹਿਲਾਂ ਵਾਲਾ ਬਰਤਾਨੀਆ ਨਹੀਂ ਰਿਹਾ ਸੀ। ਸੰਸਾਰ ਜੰਗ ਨਾਲ ਹੋਈ ਅਥਾਹ ਤਬਾਹੀ ਦੇ ਨਾਲ ਹੀ ਇਹ ਮੁਲਕ ਆਪਣੀ ਸਾਰੀ ਸਾਮਰਾਜੀ ਹੈਂਕੜ ਤੇ ਹਿੰਦੁਸਤਾਨ ਸਣੇ ਆਪਣੇ ਕਬਜ਼ੇ ਹੇਠਲੇ ਬਹੁਤ ਸਾਰੇ ਮੁਲਕ ਵੀ ਗੁਆ ਚੁੱਕਾ ਸੀ। ਹਰ ਪਾਸੇ ਬੇਰੋਜ਼ਗਾਰੀ, ਤਬਾਹੀ ਤੇ ਭੁੱਖਮਰੀ ਦਾ ਬੋਲ ਬਾਲਾ ਸੀ। ਭਾਵੇਂ ਲੇਬਰ ਪਾਰਟੀ ਦੀ ਸਰਕਾਰ ਨੇ ਸੋਸ਼ਲ ਸਕਿਉਰਿਟੀ (ਸਮਾਜਕ ਸੁਰੱਖਿਆ) ਅਤੇ ਨੈਸ਼ਨਲ ਹੈਲਥ ਸਰਵਿਸ (ਕੌਮੀ ਸਿਹਤ ਸੇਵਾ) ਵਰਗੇ ਕਈ ਲੋਕ ਹਿਤੂ ਕਾਨੂੰਨ ਬਣਾ ਕੇ ਜੰਗ ਵਿਚ ਕੁੱਟੇ ਪੁਟੇ ਲੋਕਾਂ ਨੂੰ ਚੋਖੀ ਰਾਹਤ ਦੇਣ ਦੇ ਯਤਨ ਕੀਤੇ ਸਨ, ਉਸ ਵੇਲੇ ਲੇਬਰ ਪਾਰਟੀ ਵਿਚ ਖੱਬਾ ਧੜਾ ਚੋਖਾ ਮਜ਼ਬੂਤ ਸੀ। ਖੱਬੇ ਪੱਖੀ ਵਜ਼ੀਰ ਅਰਨੈਸਟ ਵੈਬਨ ਨੇ ਹੀ ਇਹ ਕਾਨੂੰਨ ਪਾਸ ਕਰਵਾਏ ਸਨ, ਪਰ ਇਹ ਕਾਨੂੰਨ ਜੰਗ ਪਿੱਛੋਂ ਪੈਦਾ ਹੋਈ ਸਥਿਤੀ ਵਿਚ ਬਹੁਤਾ ਪ੍ਰੀਵਰਤਨ ਨਹੀਂ ਲਿਆ ਸਕੇ ਸਨ। 1951 ਵਿਚ ਹੋਈਆਂ ਚੋਣਾਂ ਵਿਚ ਲੇਬਰ ਪਾਰਟੀ ਨੂੰ ਹਰਾ ਕੇ ਪੂੰਜੀਪਤੀਆਂ ਦੀ ਹਮਾਇਤੀ ਪਾਰਟੀ ਕੰਜ਼ਰਵੇਟਿਵ ਦੇ ਹੱਥ ਸਰਕਾਰ ਦੀ ਵਾਗਡੋਰ ਆ ਗਈ ਸੀ ਤੇ ਵਿਨਸਟਨ ਚਰਚਲ ਪ੍ਰਧਾਨ ਮੰਤਰੀ ਬਣ ਗਿਆ ਸੀ। ਉਸ ਸਮੇਂ ਦੇ ਸੰਕਟ ਵਿੱਚੋਂ ਨਿਕਲਣ ਲਈ ਸਖਤ ਬੰਧੇਜ ਦੇ ਨਾਲ ਨਾਲ ਸਖਤ ਮਿਹਨਤ ਲਈ ਸਸਤੇ ਮਜ਼ਦੂਰਾਂ ਦੀ ਵੀ ਲੋੜ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਇਸ ਮੁਲਕ ਦੇ ਹਾਕਮਾਂ ਨੇ ਤੀਜੀ ਦੁਨੀਆ ਦੇ ਲੋਕਾਂ ਦੇ ਇਸ ਮੁਲਕ ਵਿਚ ਦਾਖਲ ਹੋਣ ਲਈ ਆਪਣੇ ਮੁਲਕ ਦੇ ਦਰਵਾਜ਼ੇ ਚੁਪੱਟ ਖੋਲ੍ਹ ਦਿੱਤੇ ਸਨ। ਇਸ ਖੁੱਲ੍ਹ ਦੇ ਕਾਰਣ ਤੀਜੀ ਦੁਨੀਆਂ ਦੇ ਲੱਖਾਂ ਲੋਕ ਇਸ ਮੁਲਕ ਵਿਚ ਆ ਵੜੇ। ਜਦ ਇਸ ਮੁਲਕ ਦੇ ਹਾਕਮਾਂ ਨੇ ਦੇਖਿਆ ਕਿ ਲੋੜ ਨਾਲੋਂ ਵੱਧ ਬੰਦੇ ਆਈ ਜਾਂਦੇ ਹਨ ਤਾਂ ਇਨ੍ਹਾਂ ਨੇ ਵਾਉਚਰ ਸਿਸਟਮ ਲਾਗੂ ਕਰ ਦਿੱਤਾ ਤਾਂ ਕਿ ਲੋੜੀਂਦੇ ਕੰਮਾਂ ਨੂੰ ਕਰਨਯੋਗ ਬੰਦੇ ਹੀ ਬਾਹਰੋਂ ਮੰਗਵਾਏ ਜਾ ਸਕਣ। ਮੈਂ ਵੀ ਇਸੇ ਕੰਜ਼ਰਵੇਟਿਵ ਸਰਕਾਰ ਦੇ ਭੇਜੇ ਵਾਉਚਰ ’ਤੇ ਹੀ ਇਸ ਮੁਲਕ ਵਿਚ ਆਇਆ ਸਾਂ। ਉਸ ਵੇਲੇ ਹੈਰਡ ਮੈਕਮਿਲਨ ਪ੍ਰਧਾਨ ਮੰਤਰੀ ਸੀ। ਵੋਚਰ ’ਤੇ ਲਿਖੇ ਅਨੁਸਾਰ ਕਿੱਥੇ ਕੰਮ ਮਿਲਣਾ ਸੀ। ਮੇਰੇ ਵਾਉਚਰ ’ਤੇ ਮੇਰਾ ਪੇਸ਼ਾ ਟੀਚਰ ਲਿਖਿਆ ਹੋਇਆ ਸੀ ਪਰ ਇੱਥੇ ਕੋਈ ਚਪੜਾਸੀ ਵੀ ਰੱਖਣ ਲਈ ਤਿਆਰ ਨਹੀਂ ਸੀ।
ਜਿਸ ਐਤਵਾਰ ਮੈਂ ਆਪਣੇ ਪਿਤਾ ਜੀ ਨੂੰ ਮਿਲਣ ਪਿੱਛੋਂ ਵਾਪਸ ਸਾਊਥਾਲ ਆਇਆ ਸਾਂ, ਉਸ ਐਤਵਾਰ ਮਲਕੀਤ ਨੇ ਰਾਤ ਨੂੰ ਕੰਮ ’ਤੇ ਜਾਣਾ ਸੀ। ਉਹ ਸਾਊਥਾਲ ਵਿਚ ਹੀ ਅਕਸਬ੍ਰਿਜ ਰੋਡ ’ਤੇ ਸਥਿਤ ਰਬੜ ਫੈਕਟਰੀ ਵਿਚ ਕੰਮ ਕਰਦਾ ਸੀ। ਉਸ ਰਾਤ ਉਹ ਨੇ ਜਾਣ ਲੱਗੇ ਨੇ ਮੈਨੂੰ ਕਿਹਾ, “ਸਾਡੀ ਫੈਕਟਰੀ ਵਿਚ ਇਸ ਵੇਲੇ ਬੰਦੇ ਅੰਦਰੋਂ ਹੀ ਲਗਦੇ ਆ। ਸਾਡਾ ਵਰਕ ਮੈਨੇਜਰ ਕਿਸੇ ਵੇਲੇ ਪੰਜਾਬ ਰਹਿ ਚੁੱਕਾ ਹੈ। ਉਹ ਪੰਜਾਬੀ ਸਮਝ ਲੈਂਦਾ। ਉਹਨੂੰ ਮੈਂ ਕਹਿ ਦਿਆਂਗਾ। ਤੂੰ ਇੰਟਰਵੀਊ ਵੇਲੇ ਐਹ ਦਸ ਪੌਂਡ ਦੇ ਨੋਟ ਆਪਣੇ ਪਾਸਪੋਰਟ ਵਿਚ ਰੱਖ ਕੇ ਉਹਨੂੰ ਫੜਾ ਦੇਵੀਂ, ਜੇ ਨੋਟ ਉਹਨੇ ਕੱਢ ਕੇ ਰੱਖ ਲਏ, ਸਮਝ ਲਈਂ ਤੂੰ ਕੰਮ ਤੇ ਲੱਗ ਗਿਆਂ।” ਇਹ ਕਹਿ ਕੇ ਮਲਕੀਤ ਨੇ ਦਸ ਪੌਂਡਾਂ ਦੇ ਨੋਟ ਮੈਨੂੰ ਫੜਾ ਦਿੱਤੇ ਤੇ ਨਾਲ ਹੀ ਕਿਹਾ, “ਸਵੇਰੇ ਨੌ ਵਜੇ ਉੱਥੇ ਪਹੁੰਚ ਜਾਈਂ।”
ਮੈਂ ਨੋਟ ਫੜ ਲਏ ਤੇ ਕੁਝ ਚਿਰ ਸੋਚਣ ਪਿੱਛੋਂ ਜੇਬ ਵਿਚ ਪਾ ਲਏ। ਸੋਚ ਰਿਹਾ ਸਾਂ, “ਤਾਂ ਫੇਰ ਇੱਥੇ ਵੀ ਰਿਸ਼ਵਤ ਚਲਦੀ ਹੈ। ਮੈਂ ਤਾਂ ਸੁਣਿਆ ਸੀ ਗੋਰੇ ਵੜੇ ਈਮਾਨਦਾਰ ਹੁੰਦੇ ਹਨ। ਹੋ ਸਕਦਾ ਹੈ ਕਿ ਸੰਸਾਰ ਜੰਗ ਦੀ ਤਬਾਹੀ ਨਾਲ ਬਣੇ ਨਵੇਂ ਵਾਤਾਵਰਣ ਵਿਚ ਅਤੇ ਬਾਹਰੋਂ ਆਏ ਲੱਖਾਂ ਮਜ਼ਦੂਰਾਂ ਦੇ ਵਿਹਲੇ ਹੋਣ ਕਾਰਣ ਇਹੋ ਜਿਹੇ ਰੁਝਾਨ ਪੈਦਾ ਹੋ ਗਏ ਹੋਣਗੇ। ਮਲਕੀਤ ਕੰਮ ’ਤੇ ਚਲਾ ਗਿਆ ਤੇ ਹਰਦਿਆਲ ਵੀ ਰਾਤ ਦੀ ਸ਼ਿਫਟ ’ਤੇ ਸੀ।
ਮੈਂ ਰੋਟੀ ਖਾਣ ਪਿੱਛੋਂ ਬਾਕਸ ਰੂਮ ਵਿਚ ਜਾ ਕੇ ਆਪਣੇ ਬਿਸਤਰੇ ਵਿਚ ਜਾ ਵੜਿਆ। ਆਪਣੀ ਪਤਨੀ ਤੇ ਬੱਚਿਆਂ ਦੀ ਯਾਦ ਨਾਲ ਹੀ ਅੱਖਾਂ ਵਿਚ ਹੰਝੂ ਆਈ ਜਾਂਦੇ ਸਨ। ਸੋਚਦਾ ਸਾਂ, ਮੇਰੀ ਪਤਨੀ ਦਾ ਵੀ ਮੇਰੇ ਵਰਗਾ ਹਾਲ ਹੀ ਹੋਵੇਗਾ। ਉਹਦਾ ਦਿਲ ਵੀ ਬੰਨ੍ਹਣਾ ਸੀ ਤੇ ਆਪਣੀ ਮਾਂ ਨੂੰ ਵੀ ਆਪਣੇ ਪਿਤਾ ਜੀ ਨਾਲ ਮੁਲਾਕਾਤ ਬਾਰੇ ਲਿਖਣਾ ਸੀ। ਦੋ ਕੁ ਘੰਟੇ ਚਿੱਠੀਆਂ ਲਿਖਦਾ ਰਿਹਾ। ਜਦ ਨੀਂਦ ਮਹਿਸੂਸ ਹੋਈ ਤਾਂ ਰਜਾਈ ਲੈ ਕੇ ਪੈ ਗਿਆ।
ਰਬੜ ਫੈਕਟਰੀ ਵੁੱਡਲੈਂਡਸ ਰੋਡ ਤੋਂ ਬਹੁਤੀ ਦੂਰ ਨਹੀਂ ਸੀ। ਮੈਂ ਪੰਦਰਾਂ ਕੁ ਮਿੰਟ ਤੁਰ ਕੇ ਸਵੇਰੇ ਪੂਰੇ ਨੌਂ ਵਜੇ ਫੈਕਟਰੀ ਦੇ ਪਰਸਨਲ ਔਫਸ ਵਿਚ ਜਾ ਪੁੱਜਾ। ਉੱਥੇ ਮੈਥੋਂ ਵੀ ਪਹਿਲਾਂ ਪੰਦਰਾਂ ਕੁ ਦੇਸੀ ਭਾਈਬੰਦ ਬੈਂਚਾਂ ਤੇ ਬੈਠੇ ਆਪਣੀ ਵਾਰੀ ਉਡੀਕ ਰਹੇ ਸਨ। ਮੈਂ ਦਫਤਰ ਦੀ ਤਾਕੀ ਵਿੱਚੋਂ ਐਪਲੀਕੇਸ਼ਨ ਫਾਰਮ ਲੈ ਕੇ ਭਰਿਆ ਤੇ ਵਾਪਸ ਉਸੇ ਤਾਕੀ ਵਿਚ ਜਾ ਫੜਾਇਆ ਤੇ ਮੁੜ ਕੇ ਆਪਣੀ ਥਾਂ ’ਤੇ ਆ ਬੈਠਾ।
ਜਦ ਮੇਰੀ ਵਾਰੀ ਆਈ ਤਾਂ ਇੱਕ ਮੋਟੇ ਜਿਹੇ ਟੋਪੀ ਵਾਲੇ ਗੋਰੇ ਨੇ ਮੈਨੂੰ ਬੁਲਾਇਆ। ਮੈਂ ਆਪਣੇ ਪਾਸਪੋਰਟ ਵਿੱਚੋਂ ਨੋਟ ਕੱਢ ਕੇ ਖਾਲੀ ਪਾਸਪੋਰਟ ਉਹਨੂੰ ਫੜਾ ਦਿੱਤਾ। ਉਹ ਨੇ ਪਾਸਪੋਰਟ ਖੋਲ੍ਹ ਕੇ ਦੇਖਣ ਪਿੱਛੋਂ ਕਿਹਾ, “ਸੌਰੀ ਨੋ ਵੇਕੈਂਸੀ, ਯੂ ਕੈਨ ਗੋ।” ਉਹਨੇ ਜਵਾਬ ਤਾਂ ਦੇਣਾ ਹੀ ਸੀ, ਮੈਂ ਆਪ ਹੀ ਤਾਂ ਜਵਾਬ ਲੈਣ ਦਾ ਪ੍ਰਬੰਧ ਕਰ ਲਿਆ ਸੀ, ਰਿਸ਼ਵਤ ਦੇਣ ਨੂੰ ਭਾਵਕਤਾ ਦੇ ਅਵੇਸ਼ ਵਿਚ ਮਾੜਾ ਸਮਝ ਕੇ ਜਾਂ ਡਰ ਗਿਆ ਸਾਂ ਰਬੜ ਫੈਕਟਰੀ ਦੇ ਭਾਰੇ ਤੇ ਗਰਮ ਕੰਮ ਤੋਂ। ਸ਼ਾਇਦ ਦੋਵੇਂ ਗੱਲਾਂ ਹੀ ਠੀਕ ਸਨ। ਮੈਂ ਉਨ੍ਹੀਂ ਪੈਰੀਂ ਹੀ ਆਪਣਾ ਮੂੰਹ ਲੈ ਕੇ ਵਾਪਸ ਘਰ ਪੁੱਜ ਗਿਆ।
ਜਦ ਮਲਕੀਤ ਨਾਲ ਉਸ ਦਿਨ ਸਾਹਮਣਾ ਹੋਇਆ ਤਾਂ ਮੈਂ ਉਹਨੂੰ ਦਸ ਪੌਂਡ ਦੇ ਨੋਟ ਮੋੜ ਦਿੱਤੇ। ਉਹਨੇ ਪੁੱਛਿਆ, “ਕੀ ਗੱਲ ਨੋਟ ਪਾਸਪੋਰਟ ਵਿਚ ਨਹੀਂ ਰੱਖੇ ਸੀ?”
ਮੈਂ ਅੱਖਾਂ ਨੀਵੀਆਂ ਰੱਖੀ ਕਿਹਾ, “ਮੇਰਾ ਮਨ ਨਹੀਂ ਮੰਨਿਆਂ ਰਿਸ਼ਵਤ ਦੇਣ ਲਈ, ਨਾਲੇ ਕੰਮ ਵੀ ਤਾਂ, ਤੂੰ ਦੱਸਦਾ ਸੀ ਗਰਮ ਤੇ ਭਾਰਾ ਹੈ।"
ਮਲਕੀਤ ਨੇ ਜ਼ਰਾ ਤਲਖ ਹੋ ਕੇ ਕਿਹਾ, “ਹੁਣ ਤੈਨੂੰ ਇੱਥੇ ਮਾਸਟਰਪੁਣੇ ਦਾ ਕੰਮ ਤਾਂ ਮਿਲਣੋ ਰਿਹਾ। ਚੰਗਾ ਭਲਾ ਕੰਮ ਮਿਲਦਾ ਸੀ, ਲੈ ਲੈਣਾ ਸੀ।”
ਫੇਰ ਉਹਨੇ ਜ਼ਰਾ ਠੰਢਾ ਹੋ ਕੇ ਕਿਹਾ, “ਚਲੋ ਕੋਈ ਗੱਲ ਨਹੀਂ, ਪਹਿਲਾਂ ਜ਼ਰਾ ਸੌਖੇ ਕੰਮਾਂ ਤੇ ਟਰਾਈ ਮਾਰ ਕੇ ਦੇਖ ਲੈ। ਦਾਲੋ ਤੈਨੂੰ ਕੁਝ ਇਹੋ ਜਿਹੇ ਕੰਮਾਂ ਦੇ ਪਤੇ ਲਿਖਵਾ ਦੇਵੇਗਾ, ਟਰਾਈ ਕਰਦਾ ਰਹੀਂ।”
ਅਗਲੇ ਦਿਨ ਮੈਂ ਸਵੇਰੇ 9 ਵਜੇ ਹੀ ਸਾਊਥਾਲ ਦੇ ਨੇੜੇ ਦੇ ਕਸਬੇ ਗਰੀਨਫੋਰਡ ਵਿਚ ‘ਜੇ ਲਾਇਨ’ ਨਾਉਂ ਦੀ ਕੰਪਨੀ ਦੇ ਪਰਸਨਲ ਔਫਸ ਦੀ ਤਾਕੀ ਅੱਗੇ ਜਾ ਖੜ੍ਹਾ ਹੋਇਆ। ਇੱਕ ਸੁਹਣੀ ਜਿਹੀ ਗੋਰੀ ਕੁੜੀ ਨੇ ਤਾਕੀ ਖੋਲ੍ਹ ਕੇ ਪੁੱਛਿਆ, “ਵ੍ਹੱਟ ਕੈਨ ਆਈ ਡੂ ਫੌਰ ਯੂ।” ਮੈਂ ਕਿਹਾ, “ਹੈਵ ਯੂ ਗੌਟ ਐਨੀ ਵੇਕੈਨਸੀ?” ਉਹਨੇ ਮੇਰੀ ਪੱਗ ਦਾਹੜੀ ਵਲ ਦੇਖਿਆ ਤੇ ਸਿਰ ਫੇਰ ਦਿੱਤਾ। ਮੈਂ ਸੋਚੀਂ ਪਿਆ ਉੱਥੋਂ ਤੁਰ ਆਇਆ ਕਿ ਇਸ ਰੂਪ ਵਿਚ ਤਾਂ ਕੰਮ ਮਿਲਦਾ ਨਹੀਂ ਦਿਸਦਾ, ਸ਼ਾਇਦ ਕੇਸ ਮੁਨਾਉਣੇ ਹੀ ਪੈ ਜਾਣ।
ਮੈਂ ਕੇਸ ਮੁਨਾਉਣੇ ਚਾਹੁੰਦਾ ਨਹੀਂ ਸਾਂ। ਧਰਮ ਦੀ ਕੱਟੜਤਾ ਦੀ ਇੰਨੀ ਗੱਲ ਨਹੀਂ ਸੀ, ਕੇਸ ਦਾੜ੍ਹੀ ਵਾਲੀ ਆਪਣੀ ਸ਼ਕਲ ਚੰਗੀ ਲਗਦੀ ਸੀ। ਸੋਚਦਾ ਸਾਂ ਕਿ ਚੰਗਾ ਭਲਾ ਦਾੜ੍ਹੀ ਪੱਗ ਨਾਲ ਫੱਬਦਾ ਹਾਂ, ਫੇਰ ਪਤਾ ਨਹੀਂ ਵਿੱਚੋਂ ਕਿਹੋ ਜਿਹਾ ਚੌਖਟਾ ਨਿੱਕਲ ਆਵੇ।
ਉਸ ਹਫਤੇ ਦੋ ਕੁ ਹੋਰ ਥਾਵਾਂ ’ਤੇ ਵੀ ਯਤਨ ਕੀਤੇ ਪਰ ਅਗਲੇ ਪੱਗ ਦਾੜ੍ਹੀ ਦੇਖਦਿਆਂ ਹੀ ਨਾਂਹ ਕਰ ਦਿੰਦੇ। ਮੈਂ ਬਹੁਤ ਉਦਾਸ ਸਾਂ। ਸੋਚਦਾ ਸਾਂ, “ਜੇ ਲੰਮਾ ਸਮਾਂ ਕੰਮ ਨਾ ਮਿਲਿਆ ਤਾਂ ਕੀ ਕਰਾਂਗਾ? ਮੇਰੀ ਪਤਨੀ ਤੇ ਮੇਰੇ ਬੱਚਿਆਂ ਦਾ ਕੀ ਬਣੇਗਾ?”
ਮੇਰੇ ਦੋ ਮਿੱਤਰ ਲਛਮਣ ਸਿੰਘ ਸੰਧੂ ਤੇ ਕ੍ਰਿਪਾਲ ਸਿੰਘ ਅਜੀਮਲ ਸਾਊਥਾਲ ਤੋਂ ਨੇੜੇ ਹੀ ਹੰਸਲੋ ਵਿਚ ਰਹਿੰਦੇ ਸਨ। ਉਹ ਦੋਵੇਂ ਮੇਰੇ ਨਾਲ ਰਾਮਗੜ੍ਹੀਆ ਕਾਲਜੀਏਟ ਸਕੂਲ ਫਗਵਾੜਾ ਵਿਚ ਪੜ੍ਹਾਉਂਦੇ ਰਹੇ ਸਨ। ਮੈਂ ਪਾਸਪੋਰਟ ਲਈ ਬਿਨੈ ਫਾਰਮ ਭੇਜਣ ਵੇਲੇ ਦੋਹਾਂ ਨੂੰ ਬਹੁਤ ਕਾਹਲੀ ਵਿਚ ਪਰਮਿਟ ਭੇਜਣ ਲਈ ਲਿਖਿਆ ਸੀ ਤੇ ਦੋਹਾਂ ਦੇ ਪਰਮਿਟ ਦਸ ਦਿਨਾਂ ਦੇ ਅੰਦਰ ਅੰਦਰ ਪੁੱਜ ਗਏ ਸਨ। ਇੰਨੇ ਚੰਗੇ ਮਿੱਤਰਾਂ ਨੂੰ ਮਿਲਣ ਜਾਣਾ ਵੀ ਤਾਂ ਜ਼ਰੂਰੀ ਸੀ। ਆਉਂਦੇ ਸਨਿੱਚਰਵਾਰ ਨੂੰ ਮੈਂ ਉਨ੍ਹਾਂ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਲਛਮਣ ਸਿੰਘ ਸੰਧੂ ਦਾ ਘਰ ਸਟੈਫੋਰਡ ਰੋਡ ’ਤੇ ਸੀ। ਮੈਂ ਬੱਸ ਤੋਂ ਉੱਤਰ ਕੇ ਪਹਿਲਾਂ ਉਹਦੇ ਘਰ ਦੀ ਘੰਟੀ ਦਾ ਬਟਨ ਜਾ ਦੱਬਿਆ। ਲਛਮਣ ਸਿੰਘ ਸੰਧੂ ਦੀ ਪੰਜਾਬ ਵਾਲੀ ਸ਼ਕਲ ਸੂਰਤ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਉਹ ਛੋਟੇ ਜਿਹੇ ਕੱਦ ਦਾ ਗੋਲ ਮਟੋਲ, ਸੁਭਾ ਦਾ ਰੰਗੀਲਾ ਤੇ ਸਦਾ ਹੱਸਦਾ ਦਿਸਣ ਵਾਲਾ ਬੰਦਾ ਸੀ। ਦਾੜ੍ਹੀ ਪੱਗ ਨਾਲ ਸਜਦਾ ਵੀ ਉਹ ਬਹੁਤ ਸੀ। ਉਹ ਬੀ.ਏ. ਬੀ.ਟੀ ਮਾਸਟਰ ਸੀ। ਉਦੋਂ ਉਹ ਮਾਸਟਰਾਂ ਦੀਆਂ ਮਹਿਫਲਾਂ ਦੀ ਜਿੰਦ ਜਾਨ ਹੁੰਦਾ ਸੀ। ‘ਹੁਣ ਉਹ ਕਿਹੋ ਜਿਹਾ ਹੋਵੇਗਾ?’ ਸੋਚ ਹੀ ਰਿਹਾ ਸਾਂ ਕਿ ਦਰਵਾਜ਼ਾ ਖੁੱਲ੍ਹਿਆ। ਮੈਂ ਉਹਦੀ ਸ਼ਕਲ ਸੂਰਤ ਦੇਖਦਾ ਹੀ ਰਹਿ ਗਿਆ। ਉਹਨੇ ਆਪਣਾ ਹੁਲੀਆ ਬਦਲਿਆ ਹੋਇਆ ਸੀ, ਮੂੰਹ ਸਫਾਚੱਟ, ਰੰਗ ਗੋਰਾ, ਨਿਰਾ ਅੰਗਰੇਜ਼ ਲਗਦਾ ਸੀ।
ਸੰਧੂ ਪਤੀ ਪਤਨੀ ਬਹੁਤ ਖੁਸ਼ ਹੋ ਕੇ ਮਿਲੇ। ਮੇਰੇ ਬੈਠਿਦਆਂ ਹੀ ਹਾਲ ਚਾਲ ਪੁੱਛਣ ਦੱਸਣ ਪਿੱਛੋਂ ਮਿਸਜ਼ ਸੰਧੂ ਨੇ ਛੇਤੀ ਹੀ ਬਿਸਕੁਟਾਂ ਦੇ ਨਾਲ ਚਾਹ ਲਿਆ ਰੱਖੀ। ਚਾਹ ਦਾ ਘੁੱਟ ਭਰਦਿਆਂ ਸੰਧੂ ਨੇ ਪੁੱਛਿਆ, “ਸੁਣਾ ਹਰਬਖਸ਼! ਫੇਰ ਕਿਹੋ ਜਿਹੀ ਲੱਗੀ ਗੋਰਿਆਂ ਦੀ ਵਲੈਤ?”
ਮੈਂ ਕਿਹਾ, “ਹੁਣ ਆ ਹੀ ਗਿਆ ਤਾਂ ਭੱਜ ਕੇ ਕਿੱਥੇ ਜਾਣਾ? ਹੋਰ ਤਾਂ ਸਰੀ ਜਾਂਦਾ ਸਬਰ ਸਬੂਰੀ ਨਾਲ, ਹਾਂ ਕੰਮ ਦੀ ਜ਼ਰਾ ਚਿੰਤਾ ਹੈ, ਮਿਲ ਵੀ ਜਾਊ ਜਾਂ ਨਹੀਂ?”
“ਮਿਲ ਜਾਊ, ਮਿਲ ਜਾਊ, ਫਿਕਰ ਨਾ ਕਰ, ਬਸ ਜ਼ਰਾ ਗੋਰਿਆਂ ਨੂੰ ਤੇਰੇ ਦਸਤਾਰੇ ਤੋਂ ਡਰ ਲਗਦਾ।” ਉਹਨੇ ਆਪਣੇ ਸੁਭਾ ਅਨੁਸਾਰ ਮੇਰੀ ਪੱਗ ਵਲ ਇਸ਼ਾਰਾ ਕਰ ਕੇ ਹੱਸ ਕੇ ਕਿਹਾ।
ਮੈਂ ਉੱਤਰ ਵਿਚ ਕਿਹਾ, “ਸੰਧੂ ਸਾਹਬ! ਇਹ ਵੀ ਹੋ ਜਾਊ, ਜਦੋਂ ਆਪ ਹੀ ਉੱਖਲ਼ੀ ਵਿਚ ਸਿਰ ਦਿੱਤਾ ਹੈ ਤਾਂ ਦੇਖੀ ਜਾਊ, ਦੋ ਮੋਹਲੇ ਘੱਟ ਕੀ ਤੇ ਵੱਧ ਕੀ।”
ਸੰਧੂ ਦਾ ਸੁਭਾਅ ਉਹੋ ਜਿਹਾ ਹੀ ਸੀ, ਜਿਹੋ ਜਿਹਾ ਪੰਜਾਬ ਰਹਿੰਦਿਆਂ ਸੀ, ਫਰਕ ਸਿਰਫ ਇੰਨਾ ਕੁ ਪਿਆ ਸੀ ਕਿ ਹੁਣ ਉਹ ਮਾਸ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ ਸੀ।
ਮੈਂ ਪੁੱਛ ਹੀ ਲਿਆ, “ਸੰਧੂ ਸਾਹਿਬ! ਦੇਸ ਵਿਚ ਰਹਿੰਦੇ ਤਾਂ ਸਭ ਕੁਝ ਖਾ ਪੀ ਲੈਂਦੇ ਸੀ, ਇਹ ਕਰਾਮਾਤ ਕਿਵੇਂ ਵਾਪਰ ਗਈ?”
ਉਹਨੇ ਹੱਸ ਕੇ ਉੱਤਰ ਦਿੱਤਾ, “ਸੀ ਤਾਂ ਉਦੋਂ ਵੀ ਖਾਨਦਾਨੀ ਰਾਧਾ ਸੁਆਮੀ, ਪਰ ਪੀਣ ਖਾਣ ਵਾਲਿਆਂ ਨਾਲ ਬਹਿਣੀ ਉੱਠਣੀ ਹੋਣ ਕਰਕੇ ਬੈਠਕ ਦੀ ਸੁਹਬਤ ਹੋ ਗਈ ਸੀ।”
ਇੰਝ ਹੀ ਹਾਸ-ਵਿਅੰਗ ਵਿਚ ਪਤਾ ਹੀ ਨਾ ਲੱਗਾ, ਕਿੰਨਾ ਸਮਾਂ ਹੋ ਗਿਆ। ਮੈਂ ਘੜੀ ਦੇਖੀ ਤਾਂ ਪਤਾ ਲੱਗਾ ਕਿ ਮੈਨੂੰ ਇਨ੍ਹਾਂ ਕੋਲ ਬੈਠੇ ਨੂੰ ਘੰਟਾ ਕੁ ਹੋ ਗਿਆ ਸੀ।
ਮੈਂ ਕਿਹਾ, “ਚੰਗਾ ਸੰਧੂ ਸਾਹਿਬ! ਮੈਂ ਹੁਣ ਚਲਦਾਂ। ਹਾਲੀਂ ਕ੍ਰਿਪਾਲ ਨੂੰ ਵੀ ਮਿਲਣ ਜਾਣਾ।”
ਸੰਧੂ ਨੇ ਹੱਸ ਕੇ ਉੱਤਰ ਦਿੱਤਾ, “ਫਿਕਰ ਨਾ ਕਰ, ਇੱਥੋਂ ਨੇੜੇ ਹੀ ਹੈ ਕ੍ਰਿਪਾਲ ਦਾ ਘਰ।”
ਫੇਰ ਉਹਨੇ ਇੱਕ ਕਾਗ਼ਜ਼ ਲੈ ਕੇ ਕ੍ਰਿਪਾਲ ਦੇ ਘਰ ਤੱਕ ਜਾਣ ਦਾ ਇੱਕ ਨਕਸ਼ਾ ਜਿਹਾ ਬਣਾ ਕੇ ਮੈਨੂੰ ਫੜਾ ਦਿੱਤਾ ਤੇ ਕਿਹਾ, “ਇਸ ਨਕਸ਼ੇ ਅਨੁਸਾਰ ਤੁਰਿਆ ਜਾਵੀਂ, ਪੰਜਾਂ ਕੁ ਮਿੰਟਾਂ ਵਿਚ ਉਹਦੇ ਘਰ ਪੁੱਜ ਜਾਵੇਂਗਾ।”
ਮੈਂ ਉੱਠ ਕੇ ਤੁਰਨ ਲੱਗੇ ਨੇ ਦੋਹਾਂ ਨੂੰ ਹੱਥ ਜੋੜ ਕੇ ਕਿਹਾ, “ਚੰਗਾ, ਮੈਂ ਹੁਣ ਚਲਦਾਂ, ਫੇਰ ਕਿਸੇ ਦਿਨ ਆਵਾਂਗਾ ਤੇ ਰੱਜ ਕੇ ਗੱਲਾਂ ਕਰਾਂਗੇ।”
ਮੈਨੂੰ ਕ੍ਰਿਪਾਲ ਦੇ ਘਰ ਪੁੱਜਦਿਆਂ ਮਸਾਂ ਪੰਜ ਕੁ ਮਿੰਟ ਲੱਗੇ। ਮੈਂ ਦਰਵਾਜ਼ੇ ’ਤੇ ਲੱਗੀ ਘੰਟੀ ਦਾ ਬਟਨ ਦੱਬਿਆ। ਕ੍ਰਿਪਾਲ ਦੇ ਛੋਟੇ ਭਰਾ ਨੇ ਦਰਵਾਜ਼ਾ ਖੋਲ੍ਹਿਆ ਤੇ 'ਸਤਿ ਸ੍ਰੀ ਅਕਾਲ' ਬੁਲਾ ਕੇ ਮੇਰੇ ਨਾਲ ਹੱਥ ਮਿਲਾਇਆ। ਮੈਂ ਪੰਜਾਬ ਵਿਚ ਹੀ ਉਹਦਾ ਵਾਕਿਫ ਹੋ ਗਿਆ ਸਾਂ। ਉਹ ਕਿਤੇ ਕਿਤੇ ਫਗਵਾੜੇ ਕ੍ਰਿਪਾਲ ਨੂੰ ਮਿਲਣ ਆਇਆ ਮਿਲ ਪੈਂਦਾ ਸੀ। ਮੈਨੂੰ ਪਛਾਣਨ ਵਿਚ ਉਹਨੂੰ ਤਾਂ ਦੇਰ ਨਾ ਲੱਗੀ। ਮੈਂ ਹੀ ਉਹਨੂੰ ਪਛਾਣ ਨਾ ਸਕਿਆ। ਉਹ ਹੁਣ ਸਫਾਚੱਟ ਹੋ ਚੁੱਕਾ ਸੀ, ਫੇਰ ਵੀ ਮੈਂ ਅੰਦਾਜ਼ਾ ਲਾ ਲਿਆ ਕਿ ਉਹ ਕ੍ਰਿਪਾਲ ਦਾ ਭਰਾ ਹੀ ਹੋ ਸਕਦਾ ਸੀ।
ਉਹਦੀ ‘ਸਤਿ ਸ੍ਰੀ ਅਕਾਲ’ ਦਾ ਜਵਾਬ ਦੇ ਕੇ ਮੈਂ ਪੁੱਛਿਆ, “ਕ੍ਰਿਪਾਲ ਘਰ ਹੀ ਹੈ?”
ਉਹਨੇ ਕਿਹਾ, “ਘਰੇ ਈ ਆ, ਤੁਹਾਨੂੰ ਹੀ ਬੈਠੇ ਉਡੀਕਦੇ ਸੀ।”
ਮੈਂ ਦਰਵਾਜ਼ੇ ਦੇ ਅੰਦਰ ਪੈਰ ਪਾਏ ਹੀ ਸਨ ਕਿ ਕ੍ਰਿਪਾਲ ਵੀ ਲਾਂਘੇ ਵਿਚ ਆ ਗਿਆ। ਭਾਵੇਂ ਉਹ ਵੀ ਆਪਣੇ ਭਰਾ ਵਾਂਗ ਹੀ ਕੇਸ ਦਾਹੜੀ ਕਟਵਾ ਚੁੱਕਾ ਸੀ, ਫੇਰ ਵੀ ਉਹਨੂੰ ਪਛਾਣਨ ਵਿਚ ਦੇਰ ਨਾ ਲੱਗੀ। ਉਹਦੇ ਨੈਣ ਨਕਸ਼ ਤਾਂ ਉਹੀ ਸਨ ਪਰ ਹੁਣ ਹੋਰ ਵੀ ਸੁਨੱਖਾ ਲੱਗਣ ਲੱਗ ਪਿਆ ਸੀ। ਉਹ ਮੈਨੂੰ ਜੱਫੀ ਪਾ ਕੇ ਮਿਲਿਆ ਤੇ ਕਹਿਣ ਲੱਗਾ, “ਆਓ ਅੰਦਰ ਬੈਠੀਏ, ਜਦ ਦਾ ਤੁਹਾਡਾ ਫੋਨ ਆਇਆ, ਅਸੀਂ ਤੁਹਾਨੂੰ ਹੀ ਬੈਠੇ ਉਡੀਕੀ ਜਾਂਦੇ ਸਾਂ।”
ਮੈਂ ਕਿਹਾ, “ਪਹਿਲਾਂ ਸੰਧੂ ਨੂੰ ਮਿਲਣ ਚਲਾ ਗਿਆ ਸੀ। ਉੱਥੇ ਕੁਝ ਵਧੇਰੇ ਹੀ ਸਮਾਂ ਲੱਗ ਗਿਆ।”
ਬੜੀਆਂ ਗੱਲਾਂ ਸਨ ਕਰਨ ਵਾਲੀਆਂ। ਆਖਰ ਅਸੀਂ ਫਗਵਾੜੇ ਦੋ ਕੁ ਸਾਲ ਇੱਕਠੇ ਰਹੇ ਸਾਂ। ਗੱਲਾਂ ਹੁੰਦੀਆਂ ਰਹੀਆਂ ਉਹਦੇ ਇਸ਼ਕ ਦੀਆਂ, ਉਹਦੇ ਸੰਗੀਤਕ ਸ਼ੌਕ ਦੀਆਂ, ਉਹਦੇ ਹੁਣ ਦੇ ਜੀਵਨ ਦੀਆਂ ਤੇ ਮੇਰੀ ਪੜ੍ਹਾਈ ਤੇ ਬਾਲ ਬੱਚਿਆਂ ਦੀਆਂ। ਉਹਨੇ ਪੰਜਾਬ ਤੋਂ ਆ ਕੇ ਇੱਥੇ, ਅਫਰੀਕਾ ਤੋਂ ਆਈ ਇੱਕ ਸੁਹਣੀ ਜਿਹੀ ਕੁੜੀ ਹਰਬੰਸ ਨਾਲ ਵਿਆਹ ਕਰਾ ਲਿਆ ਸੀ। ਉਹ ਹਾਲੀਂ ਆਪਣੇ ਪੇਕੇ ਘਰ ਹੀ ਸੀ। ਕ੍ਰਿਪਾਲ ਦੀ ਭਰਜਾਈ ਇੰਨੇ ਚਿਰ ਨੂੰ ਸਾਡੇ ਲਈ ਚਾਹ ਬਣਾ ਲਿਆਈ ਤੇ ਨਾਲ ਬਿਸਕੁਟਾਂ ਦੀ ਪਲੇਟ ਵੀ ਰੱਖ ਗਈ। ਅਸੀਂ ਨਾਲੇ ਚਾਹ ਦਾ ਅਨੰਦ ਮਾਣਦੇ ਰਹੇ, ਨਾਲੇ ਅਗਲੀਆਂ ਪਿਛਲੀਆਂ ਗੱਲਾਂ ਦਾ ਸੁਆਦ ਲੈਂਦੇ ਰਹੇ।
ਮੈਂ ਘੰਟਾ ਕੁ ਉਨ੍ਹਾਂ ਦੇ ਕੋਲ ਬੈਠਣ ਪਿੱਛੋਂ ਉੱਠ ਕੇ ਕਿਹਾ, “ਚੰਗਾ ਕ੍ਰਿਪਾਲ ਮੈਂ ਹੁਣ ਚਲਦਾਂ। ਫੇਰ ਕਿਸੇ ਦਿਨ ਮਿਲਣ ਆਵਾਂਗਾ। ਹਾਲੀਂ ਤਾਂ ਕੰਮ ਲੱਭਣ ਦੇ ਫਿਕਰ ਵਿਚ ਹਾਂ।”
ਕ੍ਰਿਪਾਲ ਨੇ ਹੱਸ ਕੇ ਕਿਹਾ, “ਫਿਕਰ ਕਰਨ ਦੀ ਲੋੜ ਨਹੀਂ। ਮੈਂ ਕਿਸੇ ਦਿਨ ਆਵਾਂਗਾ ਤੇ ਤੈਨੂੰ ਟਰਾਈ ਕਰਾਉਣ ਲੈ ਚੱਲਾਂਗਾ।”
ਫੇਰ ਉਹ ਮੇਰੇ ਨਾਲ ਹੀ ਤੁਰ ਪਿਆ ਤੇ ਮੈਨੂੰ ਸਾਊਥਾਲ ਨੂੰ ਜਾਣ ਵਾਲੀ ਬੱਸ ਤੇ ਚੜ੍ਹਾ ਕੇ ਹੀ ਮੁੜਿਆ।
*****
(52)