HarbakhashM7ਜਿਸ ਦਿਨ ਮੈਂ ਆਪਣਿਆਂ ਦੀ ਤੇ ਆਪਣੇ ਲੋਕਾਂ ਦੀ ਮਦਦ ਕਰਨ ਯੋਗਾ ਨਾ ਰਿਹਾ ਤਾਂ ਮੈਂ ਜੀਣਾ ਨਹੀਂ ਚਾਹਾਂਗਾ ...
(ਅਪਰੈਲ 27, 2016)

 

ਸਾਲ ਕੁ ਪਹਿਲਾਂ ਮੇਰਾ ਪੇਂਡੂ ਤੇ ਮਿੱਤਰ ਅਨੂਪ ਰੰਮਫੋਰਡ ਛੱਡ ਕੇ ਮਿਡਲੈਂਡ ਦੇ ਸ਼ਹਿਰ ਨੌਟਿੰਘਮ ਵਿਚ ਆਪਣੇ ਛੋਟੇ ਭਰਾ ਮਲਕੀਤ ਕੋਲ ਰਹਿਣ ਲੱਗ ਪਿਆ ਸੀ। ਉਨ੍ਹਾਂ ਦੇ ਨਾਲ ਹੀ ਸਾਡਾ ਸਾਂਝਾ ਮਿੱਤਰ ਗੁਰਦੇਵ ਸਿੰਘ ਵੀ ਰਹਿੰਦਾ ਸੀ। 1965 ਦੇ ਮਈ ਮਹੀਨੇ ਦੇ ਆਖਰੀ ਹਫਤੇ ਮੈਂ ਉਨ੍ਹਾਂ ਨੂੰ ਮਿਲਣ ਚਲਾ ਗਿਆ। ਮੈਂ ਐਤਵਾਰ ਰਾਤ ਉਨ੍ਹਾਂ ਕੋਲ ਰਿਹਾ ਤੇ ਆਪਣੇ ਇਰਾਦੇ ਬਾਰੇ ਉਨ੍ਹਾਂ ਨਾਲ ਗੱਲ ਕੀਤੀ।

ਸੋਮਵਾਰ ਸਵੇਰੇ ਅਨੂਪ ਤੇ ਉਹਦੇ ਭਰਾ ਨੇ ਮੈਨੂੰ ਚਾਰ ਕੁ ਫੈਕਟਰੀਆਂ ਦੇ ਪਤੇ ਲਿਖਵਾਏ ਤੇ ਆਪ ਕੰਮ ਤੇ ਚਲੇ ਗਏ। ਮੈਂ 9 ਵਜੇ ਸਵੇਰੇ ਘਰੋਂ ਨਿਕਲ ਗਿਆ ਤੇ ਉਨ੍ਹਾਂ ਦੇ ਦੱਸੇ ਪਤਿਆਂ ਤੇ ਟੱਕਰਾਂ ਮਾਰਦਾ ਰਿਹਾ ਪਰ ਕਿਤੇ ਵੀ ਕੰਮ ਨਾ ਮਿਲਿਆ। ਦੁਪਹਿਰ ਤੱਕ ਮੈਂ ਚੋਖਾ ਥੱਕ ਤੇ ਅੱਕ ਗਿਆ ਸਾਂ। ਉਨ੍ਹਾਂ ਦਿਨਾਂ ਵਿਚ ਨੌਟਿੰਘਮ ਤੋਂ ਕੋਈ ਪੰਦਰਾਂ ਕੁ ਮੀਲ ਦੂਰ ਡਰਬੀ ਵਿਚ ਮੋਰਾਂਵਾਲੀ ਵਾਲੇ ਹਰਦਿਆਲ ਅਤੇ ਮਲਕੀਤ ਰਹਿੰਦੇ ਸਨ।  ਮੈਂ ਸੋਚਿਆ,ਕੰਮ ਤਾਂ ਮਿਲਿਆ ਨਹੀਂ, ਹੁਣ ਆਇਆ ਹਾਂ ਤਾਂ ਉਨ੍ਹਾਂ ਨੂੰ ਵੀ ਮਿਲ ਚਲਦਾ।”

ਸ਼ਾਮ ਨੂੰ ਅਨੂਪ ਹੁਰਾਂ ਨੂੰ ਮਿਲਣ ਪਿੱਛੋਂ ਮੈਂ ਲੱਗਪੱਗ ਪੰਜ ਕੁ ਵਜੇ ਡਰਬੀ ਲਈ ਬੱਸ ਫੜ ਲਈ ਤੇ ਛੇ ਵਜੇ ਹਰਦਿਆਲ ਦੇ ਘਰ 77 ਗੁਡਏਲ ਸਟਰੀਟ ਡਰਬੀ ਵਿਚ ਪੁੱਜ ਗਿਆ। ਹਰਦਿਆਲ ਤੇ ਮਲਕੀਤ ਦੋਵੇਂ ਘਰ ਹੀ ਸਨ। ਹਰਦਿਆਲ ਡਰਬੀ ਦੇ ਸਪੰਡਨ ਨਾਉਂ ਦੇ ਇਲਾਕੇ ਦੀ ਕਪੜਾ ਮਿੱਲ ਬ੍ਰਿਟਿਸ਼ ਸੈਲਾਨੀਜ਼ ਵਿਚ ਕੰਮ ਕਰਦਾ ਸੀ। ਮਲਕੀਤ ਨੂੰ ਇੱਥੇ ਆਏ ਨੂੰ ਥੋੜ੍ਹੇ ਹੀ ਦਿਨ ਹੋਏ ਸਨ ਤੇ ਉਹ ਹਾਲੀਂ ਵਿਹਲਾ ਸੀ। ਹਰਦਿਆਲ ਨੇ ਮੰਗਲਵਾਰ ਰਾਤ ਨੂੰ ਕੰਮਤੇ ਜਾਣਾ ਸੀ। ਦਸ ਵੱਜਣ ਤੱਕ ਅਸੀਂ ਗੱਲਾਂ ਕਰਦੇ ਰਹੇ। ਫੇਰ ਰੋਟੀ ਪਾਣੀ ਦਾ ਕੰਮ ਮੁਕਾਉਣ ਪਿੱਛੋਂ ਉਹ ਤਾਂ ਦੋਵੇਂ ਆਪਣੇ ਕਮਰਿਆਂ ਵਿਚ ਜਾ ਵੜੇ ਤੇ ਮੈਂ ਫਰੰਟ ਰੂਮ ਵਿਚ ਹੀ ਬੈੱਡ ਸੈਟੀ ਉੱਤੇ ਪੈ ਗਿਆ।

ਦੂਜੇ ਦਿਨ ਸਵੇਰੇ ਅਸੀਂ ਨਾਸ਼ਤਾ ਕਰਨ ਪਿੱਛੋਂ ਚੋਖੇ ਸਮੇਂ ਤੋਂ ਬੈਠੇ ਗੱਲਾਂ ਕਰ ਰਹੇ ਸਾਂ। ਮੈਂ ਹਰਦਿਆਲ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਦੇ ਹੋਏ ਕਿਹਾ, “ਆਇਆ ਤਾਂ ਮੈਂ ਇਸ ਇਰਾਦੇ ਨਾਲ ਸੀ ਕਿ ਇੱਥੇ ਹੀ ਕੰਮ ਲੱਭ ਕੇ ਤੁਹਾਡੇ ਕੋਲ ਹੀ ਟਿਕ ਜਾਵਾਂਗਾ ਪਰ ਹੁਣ ਤਾਂ ਪਤਾ ਨਹੀਂ ਪਲੱਮਸਟੈਡ ਵਿਚ ਕਿੰਨਾ ਚਿਰ ਰਹਿਣਾ ਪਵੇ

ਐਨ ਉਸ ਵੇਲੇ ਉਹ ਕੁਝ ਵਾਪਰ ਗਿਆ ਜਿਹਦੀ ਹੁਣ ਕੋਈ ਆਸ ਨਹੀਂ ਰਹਿ ਗਈ ਸੀ। ਹਰਦਿਆਲ ਨੇ ਘਰ ਦਾ ਗੇਟ ਖੁੱਲ੍ਹਣ ਦਾ ਖੜਕਾ ਸੁਣ ਕੇ ਤਾਕੀ ਵਿੱਚੋਂ ਬਾਹਰ ਝਾਕ ਕੇ ਕਿਹਾ, “ਲੈ ਬਈ! ਦਾੜ੍ਹੀ ਵਾਲਾ ਮਾਸਟਰ ਆ ਗਿਆ। ਇਹ ਤੈਨੂੰ ਟਰਾਈ ਕਰਾਉਣ ਲੈ ਜਾਊਗਾਤੇ ਉਹਦੇ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਹੀ ਹਰਦਿਆਲ ਨੇ ਉੱਠ ਕੇ ਦਰਵਾਜ਼ਾ ਖੋਲ੍ਹ ਦਿੱਤਾ। ਆਪਣਾ ਸਾਈਕਲ ਕੰਧ ਨਾਲ ਖੜ੍ਹਾ ਕਰ ਕੇ ਇੱਕ 30 ਕੁ ਸਾਲ ਦੀ ਉਮਰ ਦਾ, ਸਜਵਾਂ ਫੱਬਵਾਂ, ਕੱਸਵੇਂ ਤੇ ਐਥਲੀਟਾਂ ਵਰਗੇ ਸਰੀਰ, ਤਰਾਸ਼ੀ ਹੋਈ ਦਾਹੜੀ ਤੇ ਕੁੱਝ ਕੁ ਘੁੰਗਰਾਲੇ ਜਿਹੇ ਵਾਲਾਂ ਵਾਲਾ ਬੰਦਾ ਦਾਖਲ ਹੋਇਆ।

ਲਿਆ ਬਈ ਦਾਲੋ! ਪਿਲਾ ਗਲਾਸੀ! ਅੱਜ ਸਵੇਰ ਦਾ ਫੈਕਟਰੀਆਂ ਦੇ ਗੇੜੇ ਲਾਉਂਦਾ ਤੇ ਭਾਈਬੰਦਾਂ ਨੂੰ ਟਰਾਈਆਂ ਕਰਾਉਂਦਾ ਥੱਕਿਆ ਹੋਇਆਂ ਇਹ ਕਹਿ ਕੇ ਉਹ ਸੈੱਟੀ ਉੱਤੇ ਮੇਰੇ ਕੋਲ ਹੀ ਡਟ ਗਿਆ।

ਮੈਂ ਉਹਦੇ ਚਿਹਰੇ ਵਲ ਦੇਖਿਆ। ਉਹਦੇ ਚਿਹਰੇ ਦਾ ਪ੍ਰਭਾਵ ਵੱਖਰੀ ਹੀ ਭਾਂਤ ਦਾ ਸੀ; ਮੁਸਕਰਾਹਟ, ਇਰਾਦੇ ਦੀ ਪਕਿਆਈ, ਅੜਬਪੁਣੇ, ਖਰਭੇਪਨ ਤੇ ਬੇਪਰਵਾਹੀ ਦਾ ਰਲਵਾਂ ਮਿਲਵਾਂ ਪ੍ਰਭਾਵ।

ਹਰਦਿਆਲ ਨੇ ਅੰਦਰੋਂ ਬੋਤਲ ਅਤੇ ਗਲਾਸੀ ਚੁੱਕ ਲਿਆਂਦੀ ਤੇ ਉਹਦੇ ਅੱਗੇ ਵਿਸਕੀ ਦੀ ਗਲਾਸੀ ਰੱਖ ਕੇ ਪੁੱਛਿਆ,ਵਿਚ ਕੀ ਪਾਵਾਂ ਕੋਕ ਕਿ ਪਾਣੀ?”

ਨਾ! ਨਾ! ਇਹ ਪਾਪ ਨਾ ਕਰੀਂ। ਤੈਨੂੰ ਪਤਾ ਮੈਂ ਸ਼ਰਾਬ ਵਰਗੀ ਪਵਿੱਤਰ ਚੀਜ਼ ਨੂੰ ਪਲੂਟ (ਅਪਵਿੱਤਰ) ਕਰਨ ਦੇ ਸਖ਼ਤ ਖ਼ਿਲਾਫ਼ ਹਾਂ। ਨੀਟ ਹੀ ਚੱਲੂਉਹਨੇ ਮੋਤੀਆਂ ਵਰਗੇ ਦੰਦਾਂ ਨਾਲ ਪੂਰਾ ਖਿੜ ਕੇ ਗਲਾਸੀ ਚੁੱਕਦਿਆਂ ਕਿਹਾ ਤੇ ਇੱਕ ਚੁਸਕੀ ਲੈ ਕੇ ਗਲਾਸੀ ਮੇਜ਼ ’ਤੇ ਰੱਖ ਦਿੱਤੀ ਤੇ ਫੇਰ ਮੇਰੇ ਵਲ ਮੂੰਹ ਕਰ ਕੇ ਪੁੱਛਿਆ,ਇਹ ਭਾਈ ਸਾਹਿਬ ਕਿੱਥੋਂ ਆਂ?” ਤੇ ਇਸਦੇ ਨਾਲ ਹੀ ਮੇਰੇ ਵਲ ਹੱਥ ਵਧਾ ਦਿੱਤਾ।

ਮੈਂ ਇਸ ਅਨੋਖੇ ਜਿਹੇ ਬੰਦੇ ਨਾਲ ਹੱਥ ਮਿਲਾਉਣ ਹੀ ਲੱਗਾ ਸਾਂ ਕਿ ਮੇਰੇ ਕੁੱਝ ਬੋਲਣ ਤੋਂ ਪਹਿਲਾਂ ਹੀ ਹਰਦਿਆਲ ਨੇ ਕਿਹਾ,ਇਹ ਹਰਬਖਸ਼ ਆ, ਸਾਡਾ ਰਿਸ਼ਤੇਦਾਰ, ਲੰਡਨ ਦੇ ਪਲੱਮਸਟੈਡ-ਵੂਲਿਚ ਇਲਾਕੇ ਵਿਚ ਰਹਿੰਦਾ ਆ। ਹੁਣ ਇੱਥੇ ਰਹਿਣ ਅਤੇ ਕੰਮ ਲੱਭਣ ਦਾ ਇਰਾਦਾ ਲੈ ਕੇ ਸਾਡੇ ਕੋਲ ਆਇਆ। ਪੜ੍ਹਿਆ ਲਿਖਿਆ ਤਾਂ ਬਹੁਤ ਆ ਪਰ ਹਾਲੀਂ ਦੇਸੋਂ ਆਏ ਨੂੰ ਥੋੜ੍ਹਾ ਚਿਰ ਹੀ ਹੋਇਆ, ਗੱਲਬਾਤ ਵਿਚ ਜ਼ਰਾ ਪਿੱਛੇ ਆਹਰਦਿਆਲ ਇੱਕੋ ਸਾਹੇ ਇਹ ਸਭ ਕੁੱਝ ਕਹਿ ਗਿਆ।

ਮੈਂ ਮੁਸਕਰਾ ਕੇ ਉਸ ਨਾਲ ਹੱਥ ਮਿਲਾਇਆ। ਹਰਦਿਆਲ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ,ਮਾਸਟਰ! ਇਹ ਤਾਂ ਇਸ ਸ਼ਹਿਰ ਦਾ ਵਾਕਫ਼ ਨਹੀਂ, ਇਹਨੂੰ ਟਰਾਈ ਕਰਾਉਣ ਲੈ ਜਾਈਂ ਕੱਲ੍ਹ ਨੂੰ ਸਵੇਰੇ

ਕੱਲ੍ਹ ਨੂੰ ਕਿਉਂ, ਹੁਣੇ ਕਿਉਂ ਨਹੀਂ? ਉੱਠੋ ਭਾਈ ਸਾਹਿਬ! ਹੁਣੇ ਤੁਰੋਇਹ ਕਹਿ ਕੇ ਉਹਨੇ ਗਲਾਸੀ ਚੁੱਕ ਕੇ ਮੂੰਹ ਨੂੰ ਲਾਈ, ਖਾਲੀ ਕਰ ਕੇ ਮੇਜ਼ ਤੇ ਰੱਖੀ ਤੇ ਮੈਨੂੰ ਉੱਠਣ ਲਈ ਇਸ਼ਾਰਾ ਕੀਤਾ।

ਇੰਨੀ ਵੀ ਕੀ ਕਾਹਲੀ ਹੈ? ਜ਼ਰਾ ਬੈਠ, ਦੋ ਗਲਾਸੀਆਂ ਲਾ, ਫੇਰ ਚਲੇ ਜਾਇਓ ...

ਉਹਨੇ ਹਰਦਿਆਲ ਦੀ ਗੱਲ ਵਿੱਚੋਂ ਹੀ ਕੱਟ ਕੇ ਕਿਹਾ,ਨਹੀਂ, ਨਹੀਂ! ਕੰਮ ਪਹਿਲਾਂ ਤੇ ਪਿੱਛੋਂ ਖਾਣਾ ਪੀਣਾ। ਤੂੰ ਇੱਦਾਂ ਹੀ ਡਟਿਆ ਰਹਿ। ਅਸੀਂ ਹੁਣੇ ਗਏ ਤੇ ਹੁਣੇ ਆਏ। ਉੱਠੋ ਭਾਈ ਸਾਹਿਬ!

ਮੈਂ ਉਹਦੇ ਇਸਰਾਰ ਅੱਗੇ ਨਾਂਹ ਨੁੱਕਰ ਕੀ ਕਰਨੀ ਸੀ? ਮੈਂ ਤਾਂ ਆਇਆ ਹੀ ਇੱਥੇ ਕੰਮ ਲੱਭਣ ਸਾਂ, ਉਹਦੇ ਨਾਲ ਤੁਰ ਪਿਆ। ਉਹਨੇ ਸਾਈਕਲ ਉੱਥੇ ਹੀ ਕੰਧ ਨਾਲ ਲੱਗਿਆ ਰਹਿਣ ਦਿੱਤਾ ਤੇ ਪੈਦਲ ਹੀ ਚੱਲ ਪਿਆ।

ਉਹ ਮੈਨੂੰ ਨਾਲ ਲੈ ਕੇ ਮੀਲ ਕੁ ਤੱਕ ਸਿੱਧਾ ਸੜਕੇ ਸੜਕੇ ਤੁਰਿਆ ਗਿਆ। ਫੇਰ ਖੱਬੇ ਪਾਸੇ ਇੱਕ ਕੰਪਨੀ ਦਾ ਬੋਰਡ ਦਿਸਿਆ, ਜਿਸਤੇ ਇੰਟਰਨੈਸ਼ਨਲ ਕੰਬੱਸਚਨਲਿਖਿਆ ਹੋਇਆ ਸੀ।

ਆ ਪਹਿਲਾਂ ਇੱਥੇ ਟਰਾਈ ਕਰ ਕੇ ਦੇਖਦੇ ਆਂਇਹ ਕਹਿ ਕੇ ਉਹ ਮੈਨੂੰ ਲੈ ਕੇ ਉਸ ਕੰਪਨੀ ਦੇ ਪਰਸਨਲ ਔਫਸ ਵਿਚ ਜਾ ਪੁੱਜਾ। ਉਹ ਨੇ ਮੈਨੂੰ ਗੱਲ ਵੀ ਨਾ ਕਰਨ ਦਿੱਤੀ ਤੇ ਪਰਸਨਲ ਅਫਸਰ ਨਾਲ ਅਜਿਹੀ ਗਿਟਮਿਟ ਕੀਤੀ ਕਿ ਉਹਨੇ ਮੈਨੂੰ ਕੰਮ ’ਤੇ ਰੱਖ ਲਿਆ ਤੇ ਕਿਹਾ ਕਿ ਸਵੇਰੇ ਕੰਮਤੇ ਆ ਜਾਵੇ। ਮੈਂ ਜਦ ਕਿਹਾ ਕਿ ਪਹਿਲਾ ਕੰਮ ਛੱਡਣ ਲਈ ਮੇਰੇ ਲਈ ਇੱਕ ਹਫਤੇ ਦਾ ਨੋਟਸ ਦੇਣਾ ਜ਼ਰੂਰੀ ਹੈ, ਤਾਂ ਉਹ ਨੇ ਮੇਰੇ ਹੋਰ ਗੱਲ ਕਰਨ ਤੋਂ ਪਹਿਲਾਂ ਹੀ, ਮੇਰੇ ਇੱਥੇ ਕੰਮ ਸ਼ੁਰੂ ਕਰਨ ਦਾ ਦਿਨ ਇੱਕ ਹਫਤੇ ਬਾਅਦ ਦਾ ਮੰਗਲਵਾਰ ਨਿਸਚਿਤ ਕਰਵਾ ਦਿੱਤਾ।

ਵਾਪਸ ਆਉਂਦਿਆਂ ਇੱਕ ਖੁੱਲ੍ਹੇ ਵਿਹੜੇ ਵਾਲੀ ਵੱਡੀ ਸਾਰੀ ਇਮਾਰਤ ਵਲ ਇਸ਼ਾਰਾ ਕਰ ਕੇ ਉਹ ਕਹਿਣ ਲੱਗਾ,ਇਹ ਫੌਰੈੱਸਟਰ ਪੱਬ ਹੈ, ਸਾਡੇ ਦੇਸੀ ਭਾਈਬੰਦ ਇਹਨੂੰ “ਕਾਟੋ ਵਾਲਾ ਪੱਬਕਹਿੰਦੇ ਆ। ਆ! ਪਹਿਲਾਂ ਤੇਰੇ ਕੰਮ ਲੱਗਣ ਦੀ ਖ਼ੁਸ਼ੀ ਵਿਚ ਇੱਥੇ ਗਲਾਸ ਮਾਰੀਏ, ਤੇ ਫੇਰ ਚੱਲਾਂਗੇ ਦਾਲੋ ਦੇ ਘਰ।ਮੇਰੇ ਨਾਂਹ ਨਾਂਹ ਕਰਦਿਆਂ ਹੀ ਖਿੱਚ ਕੇ ਉਹ ਮੈਨੂੰ ਅੰਦਰ ਲੈ ਗਿਆ ਤੇ ਦੋ ਹੱਥ ਹੱਥ ਲੰਮੇ ਗਲਾਸ ਗੀਨਸ ਮਾਈਲਡ ਦੇ ਭਰਾ ਕੇ ਇੱਕ ਮੈਨੂੰ ਫੜਾ ਦਿੱਤਾ ਤੇ ਇੱਕ ਵਿੱਚੋਂ ਦੋ ਘੁੱਟ ਭਰ ਕੇ ਪੱਬ ਦੇ ਗਮਨੇ ਨਾਲ ਹੱਸ ਹੱਸ ਕੇ ਅੰਗਰੇਜ਼ੀ ਦਾ ਵਢਾਂਗਾ ਕਰਨ ਲੱਗ ਪਿਆ। ਮੈਂ ਇੰਨੇ ਠਰ੍ਹੰਮੇ ਨਾਲ ਬੇਝਿਜਕ ਅੰਗਰੇਜ਼ੀ ਬੋਲਦਾ ਕੋਈ ਪੰਜਾਬੀ ਬੰਦਾ ਸਿਵਾਏ ਪਲੱਮਸਟੈਡ ਵਾਲੇ ਸਾਧੂ ਤੋਂ ਹੋਰ ਕੋਈ ਨਹੀਂ ਦੇਖਿਆ ਸੀ।

ਚੁੱਕ ਲੈ, ਕਰ ਖਾਲੀ, ਇੱਕ ਹੋਰ ਤੇ ਫੇਰ ਚੱਲਾਂਗੇ, ਦਾਲੋ ਦੀਆਂ ਗਲਾਸੀਆਂ ਉਡੀਕ ਰਹੀਆਂਉਹਨੇ ਇਹ ਕਹਿੰਦਿਆਂ ਹੀ ਆਪਣਾ ਗਲਾਸ ਖਾਲੀ ਕਰ ਕੇ ਕਾਉਂਟਰ ਤੇ ਰੱਖ ਦਿੱਤਾ।

ਸੇਮ ਪਲੀਜ਼!ਕਹਿ ਕੇ ਉਹ ਫੇਰ ਗਮਨੇ ਨਾਲ ਗੱਲੀਂ ਜੁਟ ਗਿਆ। ਮੈਂ ਆਪਣਾ ਗਲਾਸ ਖਾਲੀ ਕਰ ਕੇ ਕਾਊਂਟਰ ’ਤੇ ਜਾ ਰੱਖਿਆ ਤੇ ਪੰਜਾਂ ਪੌਂਡਾਂ ਦਾ ਨੋਟ ਕੱਢ ਕੇ ਗਮਨੇ ਵਲ ਵਧਾਇਆ।

ਨਿਰਮਲ ਨੇ ਉਹ ਨੋਟ ਵਿਚਾਲ਼ਿਓਂ ਹੀ ਫੜ ਕੇ ਮੇਰੀ ਜੇਬ ਵਿਚ ਤੁੰਨ ਦਿੱਤਾ ਤੇ ਕਿਹਾ,ਅੱਜ ਤੂੰ ਮਹਿਮਾਨ ਐਂ, ਅੱਜ ਤੈਥੋਂ ਨਹੀਂ ਪੀਣੀ, ਨਾਲੇ ਇੱਥੇ ਦੇ ਰਿਵਾਜ ਮੁਤਾਬਕ ਅਸੀਂ ਕੰਮਤੇ ਲੱਗਣ ਤੋਂ ਪਿੱਛੋਂ ਇੱਕ ਹਫਤੇ ਤੱਕ ਤੈਨੂੰ ਖਰਚ ਨਹੀਂ ਕਰਨ ਦੇਣਾ, ਫੇਰ ਲਾ ਲਈਂ ਜਿਹੜਾ ਜ਼ੋਰ ਲਾਉਣਾ।

ਹਰਦਿਆਲ ਦੇ ਘਰ ਪੁੱਜੇ ਤਾਂ ਉਹ ਉਹਦੇ ਦਰਵਾਜ਼ਾ ਖੋਲ੍ਹਦਿਆਂ ਹੀ ਕਹਿਣ ਲੱਗਾ,ਦਾਲੋ! ਤੁਰ ਸਾਡੇ ਨਾਲ, ਅੱਜ ਭਾਈ ਸਾਹਿਬ ਦੇ ਕੰਮ ’ਤੇ ਲੱਗਣ ਦਾ ਜਸ਼ਨ ਸਾਡੇ ਘਰ ਮਨਾਇਆ ਜਾਵੇਗਾ। ਮੈਂ ਤੇਰੀ ਭਰਜਾਈ ਨੂੰ ਪਹਿਲਾਂ ਹੀ ਟੈਲੀਫੋਨ ਖੜਕਾ ਦਿੱਤਾ ਸੀ। ਉਹ ਖਾਣਾ ਤਿਆਰ ਕਰੀ ਬੈਠੀ ਸਾਨੂੰ ਉਡੀਕਦੀ ਆ

ਮੈਂ ਤਾਂ ਕੀ ਕਹਿਣਾ ਸੀ, ਉਹਨੇ ਦਾਲੋ ਨੂੰ ਵੀ ਕੁਝ ਨਾ ਕਹਿਣ ਦਿੱਤਾ ਤੇ ਉਹਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਉਹਨੂੰ ਬਾਂਹੋਂ ਫੜ ਬਾਹਰ ਨੂੰ ਖਿੱਚ ਲਿਆ। ਮੈਂ ਇਹ ਸੋਚਦਾ ਤੁਰ ਪਿਆ,ਇਹਨੇ ਫੋਨ ਕਦੋਂ ਕੀਤਾ ਹੋਵੇਗਾ, ਕੀਤਾ ਹੋਵੇਗਾ ਵੀ ਕਿ ਨਹੀਂ ਮੈਨੂੰ ਯਾਦ ਆਇਆ, ਪੱਬ ਵਿਚ ਉਹ ਕੁੱਝ ਚਿਰ ਲਈ ਗਿਆ ਤਾਂ ਸੀ ਕਿਤੇ, ਸ਼ਾਇਦ ਉਦੋਂ ਫੋਨ ਕਰ ਆਇਆ ਹੋਵੇਗਾ।

ਅਸੀਂ ਜਦੋਂ ਉਹਦੇ ਘਰ ਪੁੱਜੇ ਤਾਂ ਸਾਡੇ ਬੈਠਦਿਆਂ ਹੀ ਉਹਨੇ ਦੋ ਬੋਤਲਾਂ ਮੇਜ਼ ਉੱਤੇ ਲਿਆ ਰੱਖੀਆਂ, ਇੱਕ ਵਿਸਕੀ ਦੀ ਤੇ ਇੱਕ ਰੱਮ ਦੀ। “ਲਓ ਪੀਓ, ਭਾਈ ਸਾਹਿਬ ਦੇ ਡਰਬੀ ਆਉਣ ਤੇ ਕੰਮ ’ਤੇ ਲੱਗਣ ਦਾ ਜਸ਼ਨ ਮਨਾਓਇਹ ਕਹਿ ਕੇ ਉਹਨੇ ਦੋ ਗਲਾਸੀਆਂ ਵਿਚ ਵਿਸਕੀ ਪਾ ਕੇ ਕਿਹਾ,ਦਾਲੋ ਦਾ ਮੈਨੂੰ ਪਤਾ ਹੈ, ਰੱਮ ਪਸੰਦ ਕਰਦਾ, ਭਾਈ ਸਾਹਿਬ ਤੁਸੀਂ ਮੈਨੂੰ ਯਕੀਨ ਹੈ, ਵਿਸਕੀ ਹੀ ਪੀਂਦੇ ਹੋਵੋਗੇ।ਫੇਰ ਉਹਨੇ ਹਰਦਿਆਲ ਲਈ ਗਲਾਸੀ ਵਿਚ ਰੱਮ ਭਰ ਦਿੱਤੀ ਤੇ ਆਪ ਆਪਣੀ ਗਲਾਸੀ ਚੁੱਕ ਕੇ ਚੀਅਰ ਕਿਹਾ ਤੇ ਮੂੰਹ ਨੂੰ ਲਾ ਲਈ। ਫੇਰ ਕਿਚਨ ਵਲ ਨੂੰ ਮੂੰਹ ਕਰ ਕੇ ਆਪਣੀ ਪਤਨੀ ਨੂੰ ਲਮਕਵੀਂ ਅਵਾਜ਼ ਵਿਚ ਕਿਹਾ,ਜਸਵੀਰ! ਅੱਜ ਮੀਟ ਜ਼ਰਾ ਕਰਾਰਾ ਬਣੇ, ਆਹ ਤੇਰਾ ਨਵਾਂ ਜੇਠ ਆਇਆ, ਬੱਸ ਇਹ ਮੀਟ ਦੇ ਨਾਲ ਨਾਲ ਆਪਣੀਆਂ ਉਂਗਲੀਆਂ ਵੀ ਛਕ ਜਾਵੇ ਤੇ ਤੇਰੀ ਜੇਠਾਣੀ ਨੂੰ ਚਿੱਠੀ ਲਿਖੇ ਤਾਂ ਤੇਰੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦੇਵੇ।”

ਖਾਣ ਪੀਣ ਦੇ ਨਾਲ ਨਾਲ ਮੈਂ ਇਸ ਅਨੋਖੇ ਬੰਦੇ ਦੀਆਂ ਖੁੱਲ੍ਹੀਆਂ ਗੱਲਾਂ ਤੇ ਲਤੀਫ਼ਿਆਂ ਨੂੰ ਮਾਣਦਾ ਹੋਇਆ ਇਹ ਵੀ ਸੋਚੀ ਗਿਆ,ਜਿਸ ਦੁਨੀਆ ਵਿਚ ਅਜਿਹੇ ਬੰਦੇ ਰਹਿੰਦੇ ਹਨ, ਉਹਨੂੰ ਸੱਤੇ ਖੈਰਾਂਸ਼ਾਮ ਨੂੰ ਮੈਂ ਲੰਡਨ ਲਈ ਗੱਡੀ ਫੜਨੀ ਸੀ, ਇਸ ਲਈ ਮਿੰਨਤਾਂ ਤਰਲਿਆਂ ਨਾਲ ਮਸਾਂ ਛੁਟਕਾਰਾ ਹੋਇਆ।

ਇਸ ਅਨੋਖੇ ਬੰਦੇ ਬਾਰੇ ਮੇਰੀ ਉਤਸੁਕਤਾ ਨੂੰ ਦੇਖ ਕੇ ਹਰਦਿਆਲ ਨੇ ਦੱਸਿਆ,ਇਹ ਨਿਰਮਲ ਹੈ, ਬਿਆਸ ਪਿੰਡ ਦੇ ਸਫ਼ੈਦਪੋਸ਼ ਸ਼ੇਰ ਇੰਦਰ ਸਿੰਘ ਦਾ ਪੋਤਾ ਤੇ ਲੰਬੜਦਾਰ ਚਾਨਣ ਸਿੰਘ ਦਾ ਪੁੱਤਰ ਹੈ। ਬੀ.ਏ. ਕਰਨ ਪਿੱਛੋਂ ਇਹ ਦੇਸ ਵਿਚ ਕੁੱਝ ਚਿਰ ਮਾਸਟਰ ਲੱਗਾ ਰਿਹਾ ਸੀ। ਡਰਬੀ ਵਿਚ ਦੋ ਕੁ ਹੋਰ ਵੀ ਮਾਸਟਰ ਆ। ਇਹ ਨੇ ਦਾੜ੍ਹੀ ਰੱਖੀ ਹੋਈ ਹੋਣ ਕਰਕੇ ਸਾਰੇ ਇਹਨੂੰ ਦਾੜ੍ਹੀ ਵਾਲਾ ਮਾਸਟਰ  ਕਹਿੰਦੇ ਆ

ਉਨ੍ਹਾਂ ਦਿਨਾਂ ਵਿਚ ਪੰਜਾਬ ਤੋਂ ਆਏ ਬਹੁਤੇ ਲੋਕੀਂ ਵਿਹਲੇ ਸਨ ਅਤੇ ਕੰਮਾਂ ਦੀ ਭਾਲ ਵਿਚ ਮਾਰੇ ਮਾਰੇ ਫਿਰਦੇ ਸਨ। ਇਨ੍ਹਾਂ ਲੋਕਾਂ ਦੀ ਮਜਬੂਰੀ ਦਾ ਲਾਭ ਉਠਾਉਣ ਲਈ ਦੋ ਕੁ ਚਲਾਕ ਬੰਦੇ ਡਰਬੀ ਵਿਚ ਪੈਦਾ ਹੋ ਗਏ ਸਨ। ਉਹ ਬੰਦੇ ਕੋਲਕਾਸਟ ਨਾਉਂ ਦੀ ਪ੍ਰਸਿੱਧ ਫਾਊਂਡਰੀ ਵਿਚ ਕੰਮ ਕਰਦੇ ਸਨ ਤੇ ਉੱਥੇ ਬੰਦੇ ਲਵਾਉਣ ਲਈ ਰਿਸ਼ਵਤ ਦਿੰਦੇ/ਲੈਂਦੇ ਸਨ। ਉਹ ਕੰਮ ਦੇ ਅੰਦਰ ਵਰਕ ਮੈਨੇਜਰ ਨਾਲ ਗਿਣ ਗੱਠ ਕਰ ਲੈਂਦੇ। ਸੌਦਾ ਇਹ ਹੁੰਦਾ ਕਿ ਕੰਮ ’ਤੇ ਲੱਗਣ ਵਾਲਾ ਪਹਿਲੇ ਦੋ ਹਫਤਿਆਂ ਦੀ ਤਨਖਾਹ ਵਰਕ ਮੈਨੇਜਰ ਨੂੰ ਦੇਵੇਗਾ। ਵਰਕ ਮੈਨੇਜਰ ਤਾਂ ਸ਼ਰਾਬ ਦੀ ਬੋਤਲ ਨਾਲ ਹੀ ਖੁਸ਼ ਹੋ ਜਾਂਦਾ ਸੀ ਤੇ ਇਹ ਭੱਦਰ ਪੁਰਸ਼ ਕੰਮ ਦੇ ਚਾਹਵਾਨ ਦੀ ਦੋ ਹਫਤੇ ਦੀ ਕਮਾਈ ਦਾ ਬਹੁਤਾ ਹਿੱਸਾ ਆਪਣੀ ਜੇਬੇ ਪਾ ਲੈਂਦੇ ਸਨ। ਫੇਰ ਦੋ ਚਾਰ ਹਫਤੇ ਪਿੱਛੋਂ ਉਸ ਵਿਚਾਰੇ ਨੂੰ ਸੈਕ ਮਿਲ ਜਾਂਦੀ ਸੀ ਤੇ ਇਹ ਉਸੇ ਕੰਮ ਲਈ ਕਿਸੇ ਹੋਰ ਆਪਣੇ ਦੇਸੀ ਭਾਈਬੰਦ ਨੂੰ ਫਸਾ ਕੇ ਉਹਦਾ ਭੱਦਣ ਕਰਵਾ ਦਿੰਦੇ ਸਨ। ਇਸ ਤਰ੍ਹਾਂ ਇਨ੍ਹਾਂ ਨੇ ਆਪਣੇ ਬੇਰੁਜ਼ਗਾਰ ਭਾਈਬੰਦਾਂ ਦੀ ਮਜਬੂਰੀ ਨੂੰ ਆਪਣੇ ਹਲਵੇ ਮੰਡੇ ਦਾ ਸਾਧਨ ਬਣਾਇਆ ਹੋਇਆ ਸੀ। ਇਹੋ ਜਿਹਾ ਭ੍ਰਿਸ਼ਟਾਚਾਰ ਇੱਕ ਹੋਰ ਵੱਡੀ ਫਰਮ ਲੀਸ ਵਿਚ ਵੀ ਚਲਦਾ ਸੀ। ਸਾਡੇ ਬਹੁਤੇ ਭਾਈਬੰਦ ਅਨਪੜ੍ਹ ਸਨ, ਇਸ ਲਈ ਉਨ੍ਹਾਂ ਨੂੰ ਸੋਸ਼ਲ ਸਕਿਉਰਟੀ ਔਫਸ ਅਤੇ ਟੈਕਸ ਔਫਸ ਵਿਚ ਜਾ ਕੇ ਗੱਲਬਾਤ ਕਰਨ ਲਈ ਸਦਾ ਕਿਸੇ ਬਾਤੂ (ਇੰਗਲਿਸ਼ ਬੋਲ ਸਕਣ ਵਾਲੇ) ਦੀ ਤੇ ਫਾਰਮ ਭਰਨ ਲਈ ਕਿਸੇ ਅੰਗਰੇਜ਼ੀ ਪੜ੍ਹੇ ਲਿਖੇ ਬੰਦੇ ਦੀ ਲੋੜ ਪੈਂਦੀ ਸੀ। ਇੱਕ ਦੋ ਚਲਾਕ ਬੰਦਿਆਂ ਨੇ ਇਹਨੂੰ ਵੀ ਆਪਣੇ ਭਾਈਬੰਦਾਂ ਦੀ ਮਜਬੂਰੀ ਤੋਂ ਨਾਜਾਇਜ਼ ਲਾਭ ਉਠਾਉਣ ਲਈ ਵਰਤਣਾ ਅਰੰਭ ਕਰ ਦਿੱਤਾ।

ਹਰਦਿਆਲ ਨੇ ਦੱਸਿਆ,ਇਨ੍ਹਾਂ ਬੰਦਿਆਂ ਦਾ ਇਹ ਵਰਤਾਰਾ ਦੇਖ ਕੇ ਮਾਸਟਰ ਨਿਰਮਲ ਨੇ ਉਨ੍ਹਾਂ ਨਾਲ ਆਢਾ ਲਾ ਲਿਆ। ਨਿਰਮਲ ਨੇ ਸਾਰੇ ਵਿਹਲੇ ਭਾਈਬੰਦਾਂ ਨਾਲ ਮੇਲ ਮੁਲਾਕਾਤਾਂ ਕਰ ਕੇ ਇਹ ਐਲਾਨ ਕਰ ਦਿੱਤਾ ਕਿ ਉਹ ਆਪਣੇ ਕੰਮ ਦਾ ਨੁਕਸਾਨ ਕਰ ਕੇ ਵੀ ਇਨ੍ਹਾਂ ਦੀ ਅਜਿਹੇ ਕੰਮਾਂ ਵਿਚ ਨਿਰਸਵਾਰਥ ਮਦਦ ਕਰੇਗਾ ਤੇ ਉਨ੍ਹਾਂ ਨੂੰ ਕੰਮਾਂ ’ਤੇ ਟਰਾਈ ਕਰਵਾਉਣ ਲੈ ਜਾਇਆ ਕਰੇਗਾ। ਅੰਗਰੇਜ਼ੀ ਬੋਲਣ ਵਿਚ ਤਾਂ ਉਹ ਮਾਹਰ ਹੈ ਹੀ ਸੀ ਤੇ ਸੀ ਵੀ ਨਿਡਰ ਤੇ ਬੇਝਿਜਕ। ਉਸ ਦੇ ਯਤਨਾਂ ਨਾਲ ਅਨੇਕਾਂ ਵਿਹਲੇ ਬੰਦੇ ਕੰਮਾਂ ’ਤੇ ਲੱਗ ਗਏ ਤੇ ਆਮ ਅਨਪੜ੍ਹ ਭਾਈਬੰਦਾਂ ਦਾ ਬਾਤੂ ਬਣ ਕੇ ਔਫਸਾਂ ਵਿਚ ਜਾਣ ਅਤੇ ਉਨ੍ਹਾਂ ਦੇ ਫਾਰਮ ਭਰਨ ਦਾ ਕੰਮ ਵੀ ਉਹ ਨਾਲ ਦੀ ਨਾਲ ਕਰਦਾ ਰਿਹਾ। ਉਨ੍ਹਾਂ ਸਵਾਰਥੀ ਤੇ ਭ੍ਰਿਸ਼ਟ ਬੰਦਿਆਂ ਨੂੰ ਦੁੱਖ ਤਾਂ ਹੋਣਾ ਹੀ ਸੀ। ਉਨ੍ਹਾਂ ਦੀ ਹਰਾਮ ਦੀ ਕਮਾਈ ਵਿਚ ਇਹ ਨੇ ਲੱਤ ਜਿਉਂ ਅੜਾ ਦਿੱਤੀ ਸੀ। ਉਨ੍ਹਾਂ ਦੀਆਂ ਧਮਕੀਆਂ ਦੀ ਇਹ ਨੇ ਪਰਵਾਹ ਨਾ ਕੀਤੀ। ਅੜਬ ਤਾਂ ਉਹ ਹੈ ਹੀ ਸੀਦਲੇਰ ਵੀ ਤੇ ਸਰੀਰਕ ਤੌਰ ਤੇ ਤਕੜਾ ਵੀ। ਉਹ ਉਨ੍ਹਾਂ ਬੰਦਿਆਂ ਵਿਰੁੱਧ ਡਟ ਜਾਣ ਤੋਂ ਰਤੀ ਵੀ ਨਾ ਝਿਜਕਿਆ।

ਮੈਂ ਉਸੇ ਰਾਤ ਪਲੱਮਸਟੈਡ ਜਾ ਪੁੱਜਾ ਤੇ ਦੂਜੇ ਦਿਨ ਕੰਮ ਛੱਡਣ ਦਾ ਨੋਟਿਸ ਦੇ ਦਿੱਤਾ। ਦੂਜੇ ਹਫਤੇ 2 ਜੂਨ 1965 ਦੇ ਦਿਨ ਡਰਬੀ ਵਿਚ ਇੰਟਰਨੈਸ਼ਨਲ ਕੰਬਸਚਨ ਵਿਚ ਕੰਮਤੇ ਲੱਗ ਕੇ, ਹਰਦਿਆਲ ਦੇ ਗੁਡਏਲ ਸਟਰੀਟ ਵਾਲੇ ਦੋ ਬੈੱਡਰੂਮਾਂ ਵਾਲੇ ਘਰ ਵਿਚ ਰਹਿਣ ਲੱਗ ਪਿਆ। ਇਸੇ ਘਰ ਵਿਚ ਹਰਦਿਆਲ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਤਾਂ ਰਹਿੰਦਾ ਸੀ, ਉਹਦੇ ਨਾਲ ਹੀ ਉਹਦਾ ਭਰਾ ਮਲਕੀਤ ਵੀ ਸਣੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਉੱਥੇ ਟਿਕਿਆ ਹੋਇਆ ਸੀ। ਘਰ ਵਿਚ ਸੌਣ ਕਮਰੇ ਤਾਂ ਦੋ ਹੀ ਸਨ। ਖੈਰ! ਦਬੜੂ ਘੁਸੜੂ ਬਣ ਕੇ ਕੁੱਝ ਦਿਨ ਤਾਂ ਲੰਘਾਏ ਜਾ ਸਕਦੇ ਸਨ। ਫੇਰ ਮੇਰੇ ਵਰਗੇ ਇਕੱਲੇ-ਕਾਰੇ ਦਾ ਕੀ ਸੀ? ਪਰ ਮੇਰੇ ਲਈ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਛੇਤੀ ਹੀ ਮੰਗਵਾਉਣਾ ਪੈਣਾ ਸੀ। ਇਸ ਲਈ ਜਿੰਨੀ ਛੇਤੀ ਹੋ ਸਕੇ ਮੇਰੇ ਲਈ ਆਪਣਾ ਘਰ ਲੈਣਾ ਬਹੁਤ ਜ਼ਰੂਰੀ ਸੀ।

ਮੈਨੂੰ ਡਰਬੀ ਆਇਆਂ ਚਾਰ ਹਫਤੇ ਹੀ ਹੋਏ ਸਨ ਕਿ ਇੱਕ ਦਿਨ ਸਵੇਰੇ ਤਾਰ ਆ ਮੱਥੇ ਵੱਜੀ। ਮੇਰੀ ਪਤਨੀ ਅਤੇ ਬੱਚੇ ਦੂਜੇ ਦਿਨ ਹੀਥਰੋ ਏਅਰਪੋਰਟ ਲੰਡਨ ਤੇ ਉੱਤਰ ਰਹੇ ਸਨ। ਮੈਂ ਹੈਰਾਨ ਵੀ ਸਾਂ ਤੇ ਸੋਚਾਂ ਵਿਚ ਵੀ ਪਿਆ ਹੋਇਆ ਸਾਂ ਕਿ ਮੈਨੂੰ ਦੱਸੇ ਪੁੱਛੇ ਬਿਨਾਂ ਹੀ ਇਹ ਕਿਸ ਤਰ੍ਹਾਂ ਹੋ ਗਿਆ? ਮਲਕੀਤ ਅਤੇ ਹਰਦਿਆਲ ਦੀ ਮਦਦ ਨਾਲ ਨਠ ਭੱਜ ਕੇ ਕਾਰ ਦਾ ਪ੍ਰਬੰਧ ਕੀਤਾ ਤੇ ਸਵੇਰੇ ਐਨ ਸਮੇਂ ਸਿਰ ਹੀਥਰੋ ਏਅਰਪੋਰਟ ਤੇ ਜਾ ਪੁੱਜੇ। ਆਪਣੀ ਪਤਨੀ ਅਤੇ ਬੱਚਿਆਂ ਨੂੰ ਦੇਖ ਕੇ ਦਿਲ ਪ੍ਰਸੰਨਤਾ ਨਾਲ ਭਰ ਗਿਆ। ਉਸ ਸਮੇਂ ਤਾਂ ਸਾਰੇ ਫਿਕ਼ਰ ਭੁੱਲ ਭੁਲਾ ਗਏ ਸਨ। ਚਾਈਂ ਚਾਈਂ ਸ਼ਾਮ ਤੱਕ ਡਰਬੀ ਪੁੱਜ ਗਏ। ਇੰਨੀ ਛੇਤੀ ਹੋਰ ਤਾਂ ਕੁੱਝ ਕੀਤਾ ਨਹੀਂ ਜਾ ਸਕਦਾ ਸੀ। ਇਸ ਲਈ ਦਾਲੋ ਦੇ ਦੋ ਬੈਡਰੂਮਾਂ ਵਾਲੇ ਘਰ ਵਿਚ ਚਾਰ ਜੀਆਂ ਦਾ ਹੋਰ ਵਾਧਾ ਹੋ ਗਿਆ।

ਦੋ ਕੁ ਦਿਨ ਔਖੇ ਸੁਖਾਲੇ ਹੋ ਕੇ ਲੰਘਾਏ ਤੇ ਫੇਰ ਗੁਡਏਲ ਸਟਰੀਟ ਤੋਂ ਨੇੜੇ ਹੀ ਕਰੀਊ ਸਟਰੀਟ ਵਿਚ ਹਰਦਿਆਲ ਦੇ ਇੱਕ ਜਾਣੂ ਦੇ ਘਰ ਇੱਕ ਕਮਰਾ ਕਰਾਏ ’ਤੇ ਲੈ ਲਿਆ। ਇੱਕ ਕਮਰੇ ਵਿਚ ਅਸੀਂ ਪੰਜ ਜੀਅ ਕਿੰਨਾ ਕੁ ਚਿਰ ਰਹਿ ਸਕਦੇ ਸਾਂ? ਉੱਧਰ ਮੇਰੀ ਪਤਨੀ ਛੇਤੀ ਹੀ ਗਮਨੀ (ਮਾਲਕ ਮਕਾਨ ਦੀ ਪਤਨੀ) ਤੋਂ ਤੰਗ ਆ ਗਈ। ਇੱਕ ਦਿਨ ਜਦ ਮੈਂ ਕੰਮ ਤੋਂ ਆਇਆ ਤਾਂ ਉਹ ਬੈਠੀ ਰੋ ਰਹੀ ਸੀ। ਮੈਂ ਸਮਝ ਗਿਆ ਗਮਨੀ ਨੇ ਕਿਤੇ ਟੋਕ ਦਿੱਤਾ ਹੋਣਾ ਤੇ ਇਹ ਉਹਨੂੰ ਇੱਕ ਦੀਆਂ ਦੋ ਸੁਣਾਉਣ ਦੀ ਹਿੰਮਤ ਤਾਂ ਰੱਖਦੀ ਨਹੀਂ ਸੀ, ਰੋਣ ਤੋਂ ਬਿਨਾ ਕਰ ਵੀ ਕੀ ਸਕਦੀ ਸੀ।

ਜਿਸ ਦਿਨ ਦਾ ਮੈਂ ਡਰਬੀ ਆਇਆ ਸਾਂ, ਮਾਸਟਰ ਨਿਰਮਲ ਮੈਨੂੰ ਲੱਗਪੱਗ ਰੋਜ਼ ਮਿਲਦਾ ਸੀ। ਉਸ ਦਿਨ ਸ਼ਾਮ ਨੂੰ ਉਹ ਮੈਨੂੰ ਡੁੱਘੀ ਬਾਰ (ਡਿੱਕੀ ਬਾਰ) ਵਿਚ ਮਿਲ ਪਿਆ। ਉਹ ਕੁੱਝ ਮਿੱਤਰਾਂ ਨਾਲ ਗਲਾਸ ਮਾਰਦਿਆਂ ਤਾਸ਼ ਦੀ ਬਾਜ਼ੀ ਵੀ ਲਾਈ ਜਾਂਦਾ ਸੀ, ਆਪਣੀ ਆਦਤ ਮੁਤਾਬਿਕ ਲਤੀਫ਼ੇਬਾਜ਼ੀ ਨਾਲ ਯਾਰਾਂ ਦੀਆਂ ਵੱਖੀਆਂ ਵੀ ਪਕਾਈ ਜਾਂਦਾ ਸੀ ਤੇ ਜਿਸਦੀ ਗੱਲ ਚੰਗੀ ਨਾ ਲੱਗੇ ਉਹਨੂੰ ਘੂਰੀ ਵੀ ਜਾਂਦਾ ਸੀ। ਇੱਕ ਨੂੰ ਤਾਂ ਉਹਨੇ “ਮਾਸਟਰ ਜੀ! ਮਾਸਟਰ ਜੀ!ਕਹਿੰਦੇ ਨੂੰ ਬੁਰੀ ਤਰ੍ਹਾਂ ਝਿੜਕ ਕੇ ਬਿਠਾ ਦਿੱਤਾ। ਇਹ ਉਹਦੀ ਆਦਤ ਸੀ। ਜੇ ਉਹ ਕਿਸੇ ਨੂੰ ਫਜ਼ੂਲ ਬਹਿਸ ਕਰਦਾ ਦੇਖਦਾ ਤਾਂ ਉਹਦੀ ਇਸੇ ਤਰ੍ਹਾਂ ਹੀ ਖੁੰਬ ਠੱਪਦਾ। ਉਹਨੇ ਮੈਨੂੰ ਦੇਖਦਿਆਂ ਹੀ ਉੱਠ ਕੇ ਮੇਰੇ ਲਈ ਬੀਰ ਦਾ ਗਲਾਸ ਭਰਾ ਲਿਆਂਦਾ। ਫੇਰ ਉਹ ਤਾਸ਼ ਦਾ ਖਹਿੜਾ ਛੱਡ ਕੇ ਮੇਰੇ ਨਾਲ ਬਹਿ ਕੇ ਗੱਲੀਂ ਜੁਟ ਗਿਆ। ਮੈਂ ਉਹਨੂੰ ਆਪਣੀ ਤਕਲੀਫ਼ ਦੱਸੀ ਤਾਂ ਉਹਨੇ ਕਿਹਾ,ਅਰਾਮ ਨਾਲ ਬੇਫਿਕਰ ਹੋ ਕੇ ਗਲਾਸ ਪੀ। ਸਵੇਰੇ ਮੈਂ ਆਵਾਂਗਾ, ਲੱਭ ਲਵਾਂਗੇ ਤੇਰੀ ਤਕਲੀਫ਼ ਦਾ ਹੱਲ ਵੀ

ਦੂਜੇ ਦਿਨ ਉਹ ਸਵੇਰੇ ਦਸ ਵਜੇ ਮੈਨੂੰ ਆ ਮਿਲਿਆ। ਉਸ ਦਿਨ ਸਨਿਚਰਵਾਰ ਸੀ ਤੇ ਮੇਰਾ ਵਿਹਲਾ ਦਿਨ ਸੀ। ਮੈਂ ਉਹਨੂੰ ਚਾਹ ਪਾਣੀ ਪੁੱਛਿਆ, ਉਹ ਕਹਿੰਦਾ,ਚਾਹ ਪਾਣੀ ਫੇਰ ਪੀ ਲਵਾਂਗੇ, ਪਹਿਲਾਂ ਚੱਲ ਤੇਰਾ ਕੰਮ ਕਰ ਆਈਏ।ਉਹ ਮੈਨੂੰ ਨਾਲ ਲੈ ਕੇ ਸਿਟੀ ਸੈਂਟਰ ਵਲ ਤੁਰ ਪਿਆ। ਉਸ ਦੀ ਦੁੜਾਕਾਂ ਵਾਲੀ ਤੋਰ ਨਾਲ ਮੇਰੇ ਲਈ ਕਦਮ ਰਲਾਉਣਾ ਮੁਸ਼ਕਲ ਸੀ। ਮੈਂ ਪਸੀਨੋ ਪਸੀਨੀ ਹੋਇਆ ਉਹਦੇ ਪਿੱਛੇ ਪੈਰ ਘੜੀਸਦਾ ਗਿਆ। ਪੰਜ ਕੁ ਮਿੰਟ ਵਿਚ ਹੀ ਉਹ ਮੈਨੂੰ ਲੈ ਕੇ ਸਿਟੀ ਸੈਂਟਰ ਵਿਚ ਪੁੱਜ ਗਿਆ।

ਉੱਥੇ ਉਹ ਮੈਨੂੰ ਫਰੈਂਕ ਇੱਨਜ਼ ਐੱਸਟੇਟ ਏਜੰਟਾਂ ਦੇ ਦਫ਼ਤਰ ਲੈ ਗਿਆ। ਉਸ ਨੇ ਆਪ ਹੀ ਉਨ੍ਹਾਂ ਤੋਂ ਕਿਸੇ ਵਿਕਾਊ ਘਰ ਬਾਰੇ ਪੁੱਛ ਪੜਤਾਲ ਕੀਤੀ। ਉਨ੍ਹਾਂ ਨੇ ਦੱਸਿਆ,ਇੱਕ ਦੋ-ਬੈੱਡਰੂਮਾਂ ਵਾਲਾ ਘਰ ਫਲੀਟ ਸਟਰੀਟ ਵਿਚ ਵਿਕਾਊ ਹੈ, ਕੀਮਤ ਹੈ 1250 ਪੌਂਡ, ਸਾਢੇ ਚਾਰ ਸੌ ਪੌਂਡ ਕੋਲੋਂ ਰੱਖਣੇ ਪੈਣਗੇ ਤੇ ਅੱਠ ਸੌ ਪੌਂਡ ਦੀ ਅਸੀਂ ਮੋਰਗੇਜ ਕਰਵਾ ਦਿਆਂਗੇ।

ਨਿਰਮਲ ਨੇ ਝੱਟ ਹਾਂਕਰ ਦਿੱਤੀ ਤੇ ਉਨ੍ਹਾਂ ਤੋਂ ਚਾਬੀ ਲੈ ਕੇ ਮੈਨੂੰ ਘਰ ਦਿਖਾਉਣ ਲਈ ਉੱਥੋਂ ਹੀ ਬੱਸ ਫੜ ਲਈ। ਮੈਨੂੰ ਤਾਂ ਉਦੋਂ ਘਰਾਂ ਬਾਰੇ ਬਹੁਤਾ ਪਤਾ ਨਹੀਂ ਸੀ। ਉਹਨੂੰ ਘਰ ਪਸੰਦ ਆ ਗਿਆ। ਉਹ ਉਨ੍ਹੀਂ ਪੈਰੀਂ ਮੈਨੂੰ ਵਾਪਸ ਏਜੰਟਾਂ ਦੇ ਲੈ ਤੁਰਿਆ। ਉੱਥੇ ਪੁੱਜ ਕੇ ਉਹਨੇ ਆਪ ਹੀ ਮੌਰਗੇਜ ਦੇ ਫਾਰਮ ਭਰ ਕੇ ਮੇਰੇ ਸਾਹਮਣੇ ਦਸਤਖ਼ਤ ਕਰਨ ਲਈ ਰੱਖ ਦਿੱਤੇ।

ਮੈਂ ਦਸਤਖ਼ਤ ਕਰਨ ਤੋਂ ਪਹਿਲਾਂ ਸੋਚੀਂ ਪੈ ਗਿਆ ਤੇ ਕਿਹਾ,ਨਿਰਮਲ ਯਾਰ! ਇਹ ਸਾਢੇ ਚਾਰ ਸੌ ਪੌਂਡ ਕਿੱਥੋਂ ਆਉਣਗੇ? ਮੇਰੇ ਪਾਸ ਤਾਂ ਇਸ ਵੇਲੇ ਕੌਡੀ ਵੀ ਨਹੀਂ?” ਉਨ੍ਹਾਂ ਦਿਨਾਂ ਵਿਚ ਚਾਰ ਸੌ ਪੌਂਡ ਬਹੁਤ ਵੱਡੀ ਰਕਮ ਹੁੰਦੀ ਸੀ। ਇੱਕ ਆਮ ਕਾਮੇ ਨੂੰ ਮਸਾਂ 15 ਕੁ ਪੌਂਡ ਹਫਤੇ ਦੇ ਮਿਲਦੇ ਸਨ।

ਨਿਰਮਲ ਨੇ ਉੱਤਰ ਵਿਚ ਕਿਹਾ,ਤੂੰ ਕਾਹਨੂੰ ਫਿਕਰ ਕਰਦਾਂ, ਮੈਂ ਜਿਉਂ ਹਾਂ, ਹੋ ਜਾਏਗਾ ਇੰਤਜ਼ਾਮ, ਸਾਈਨ ਕਰ।”

ਮੈਂ ਉਹਦੇ ਕਹਿਣ ’ਤੇ ਦਸਤਖ਼ਤ ਤਾਂ ਕਰ ਦਿੱਤੇ ਪਰ ਰਸਤੇ ਵਿਚ ਤੁਰਿਆ ਆਉਂਦਾ ਇਹੀ ਸੋਚਦਾ ਰਿਹਾ,ਕਸੂਤੇ ਫਸੇ! ਹੁਣ ਇੱਕ ਦਮ ਇੰਨੇ ਪੈਸਿਆਂ ਦਾ ਇੰਤਜ਼ਾਮ ਕਿੱਦਾਂ ਹੋਵੇਗਾ?”

ਮੈਂ ਮਈ 1963 ਵਿਚ ਪਰਦੇਸੀ ਬਣ ਕੇ ਇਸ ਦੇਸ ਵਿਚ ਆਇਆ ਸਾਂ। ਹਾਲੀਂ 2 ਕੁ ਸਾਲ ਹੀ ਤਾਂ ਹੋਏ ਸਨ ਆਏ ਨੂੰ। ਹੁਣ ਤੱਕ ਮੈਂ ਆਪਣੇ ਕਰਾਏ ਦੇ ਪੈਸੇ ਅਤੇ ਆਪਣੇ ਮਾਪਿਆਂ ਦਾ ਕਰਜ਼ਾ ਹੀ ਲਾਹੁੰਦਾ ਰਿਹਾ ਸਾਂ। ਜਦ ਵੀ ਸੌ ਕੁ ਪੌਂਡ ਕੋਲ ਹੋ ਜਾਂਦੇ ਸਨ ਦੇਸ ਨੂੰ ਭੇਜ ਦਿੰਦਾ ਸਾਂ। ਜੇਬ ਖਾਲੀ ਵਰਗੀ ਹੀ ਸੀ।

ਦਸਾਂ ਕੁ ਦਿਨਾਂ ਵਿੱਚ ਮੌਰਗੇਜ ਮਨਜ਼ੂਰ ਹੋ ਕੇ ਪੇਪਰ ਆ ਗਏ। ਇਸ ਤੋਂ ਪਹਿਲਾਂ ਮੈਂ ਆਪਣੇ ਕੁੱਝ ਜਾਣੂਆਂ ਨੂੰ ਮਦਦ ਲਈ ਕਿਹਾ, ਪਰ ਮਸਾਂ ਸੌ ਕੁ ਪੌਂਡ ਹੀ ਇਕੱਠੇ ਕਰ ਸਕਿਆ। ਨਿਰਮਲ ਨੇ ਦੂਜੇ ਦਿਨ ਹੀ ਸੌ ਪੌਂਡ ਆਪਣੇ ਕੋਲੋਂ ਪਾ ਕੇ ਤੇ ਬਾਕੀ ਦੇ ਸਾਰੇ ਪੈਸੇ ਇੱਕ ਦੋ ਵਾਕਫ਼ਾਂ ਕੋਲੋਂ ਫੜ ਦਿੱਤੇ। ਇਨ੍ਹਾਂ ਪੈਸਿਆਂ ਵਿਚ ਵਕੀਲ ਦੀ ਫੀਸ ਤੇ ਘਰ ਲਈ ਹੋਰ ਸਾਮਾਨ ਲੈਣ ਦਾ ਖਰਚ ਵੀ ਸ਼ਾਮਲ ਸੀ।

ਕੁਝ ਦਿਨਾਂ ਵਿਚ ਹੀ ਘਰ ਦੀ ਰਜਿਸਟਰੀ ਵੀ ਹੋ ਗਈ ਤੇ ਚਾਬੀ ਵੀ ਮਿਲ ਗਈ। ਮੈਨੂੰ ਤਾਂ ਪਤਾ ਨਹੀਂ ਸੀ, ਕੀ ਕਰਨਾ ਸੀ ਤੇ ਕੀ ਨਹੀਂ? ਘਰ ਲਈ ਫਰਨੀਚਰ ਤੇ ਹੋਰ ਸਾਮਾਨ ਕਿੱਥੋਂ ਖਰੀਦਣਾ ਸੀ? ਨਿਰਮਲ ਆਪਣਾ ਕੰਮ ਛੱਡਕੇ ਮੇਰੇ ਨਾਲ ਗਿਆ ਤੇ ਜੋ ਵੀ ਘਰ ਲਈ ਚਾਹੀਦਾ ਸੀ ਸਭ ਕੁੱਝ ਲੈ ਦਿੱਤਾ।

ਜਦ ਮੈਂ ਕਿਹਾ,ਨਿਰਮਲ ਤੇਰੇ ਅਹਿਸਾਨਾਂ ਦਾ ਬਦਲਾ ਮੈਂ ਕਿਵੇਂ ਚੁਕਾਵਾਂਗਾ?” ਤਾਂ ਉਹਨੇ ਹੱਸ ਕੇ ਕਿਹਾ,ਆਪਣੇ ਭਰਾਵਾਂ ਦੀ ਮਦਦ ਕਰਨ ਵਿਚ ਕਾਹਦਾ ਅਹਿਸਾਨ?”

ਇਸ ਤਰ੍ਹਾਂ ਮੈਂ ਇਸ ਚੰਗੇ ਤੇ ਪਿਆਰੇ ਇਨਸਾਨ ਦੀ ਸਹਾਇਤਾ ਨਾਲ ਇੰਗਲੈਂਡ ਦੇ ਮਾਝੇ ਦੇ ਸ਼ਹਿਰ ਡਰਬੀ ਦਾ ਨਿਵਾਸੀ ਬਣ ਗਿਆ।

ਉਹ ਦਿਨ ਸਾਡੀ ਅਟੁੱਟ ਤੇ ਲੰਮੀ ਮਿੱਤਰਤਾ ਦਾ ਅਰੰਭ ਸੀ। ਸਾਡੀ ਲੰਮੀ ਮਿੱਤਰਤਾ ਦੌਰਾਨ ਮੇਰੇ ਉੱਤੇ ਅਤਿ ਦੁੱਖ ਦੇ ਸਮੇਂ ਵੀ ਆਏ ਤੇ ਸੁੱਖ ਦੇ ਵੀ। ਉਹ ਦੁੱਖ ਸੁੱਖ ਵਿਚ ਸਦਾ ਮੇਰੇ ਅੰਗ ਸੰਗ ਤੇ ਹਾਜ਼ਰ ਨਾਜ਼ਰ ਰਿਹਾ। ਉਹ ਲੇਬਰ ਪਾਰਟੀ ਦਾ ਸਰਗਰਮ ਮੈਂਬਰ ਸੀ। ਮੇਰੇ ਡਰਬੀ ਆਉਣ ਤੋਂ ਕੁੱਝ ਚਿਰ ਪਿੱਛੋਂ ਹੀ ਉਹਨੇ ਮੈਨੂੰ ਵੀ ਮੈਂਬਰ ਬਣਾ ਦਿੱਤਾ। ਮੈਂਬਰ ਬਣਨ ਤੋਂ ਪਹਿਲਾਂ ਮੈਂ ਲੇਬਰ ਪਾਰਟੀ ਦਾ ਬਹੁਤਾ ਹਮਾਇਤੀ ਨਹੀਂ ਸਾਂ। ਮੇਰੇ ਖਿਆਲ ਮੁਤਾਬਕ ਇਹ ਪਾਰਟੀ ਵੀ ਮੱਧ ਵਰਗ ਦੀ ਪਾਰਟੀ ਹੀ ਸੀ ਜਿਹੜੀ ਘੁਮਾ ਫਿਰਾ ਕੇ ਸਰਮਾਏਦਾਰੀ ਸਿਸਟਮ ਦੀ ਹਮਾਇਤੀ ਸੀ, ਪਰ ਛੇਤੀ ਹੀ ਜਾਣ ਗਿਆ ਸਾਂ ਕਿ ਇਸ ਦੀ ਬਣਤਰ ਕੁਝ ਅਜਿਹੀ ਹੈ ਕਿ ਇਹਦੇ ਵਿਚ ਮਜ਼ਦੂਰ ਜਮਾਤ ਦਾ ਚੋਖਾ ਅਸਰ ਹੈ, ਕਿਉਂਕਿ ਇਸ ਦੀ ਲੀਡਰਸ਼ਿਪ ਦੀ ਚੋਣ ਵਿਚ ਟਰੇਡ ਯੂਨੀਅਨਾਂ ਦੇ ਬਲੌਕ ਵੋਟ ਪੈਂਦੇ ਸਨ,ਇਸ ਲਈ ਇਹਨੂੰ ਟਰੇਡ ਯੂਨੀਅਨਾਂ ਨੂੰ ਖੁਸ਼ ਰੱਖਣਾ ਹੀ ਪੈਂਦਾ ਸੀ। ਉਂਝ ਵੀ ਇਹਦੇ ਵਿਚ ਖੱਬੇ ਖਿਆਲਾਂ ਵਾਲੇ ਲੀਡਰਾਂ ਦੀ ਚੋਖੀ ਪੁੱਛ ਪ੍ਰਤੀਤ ਸੀ। ਇਹੀ ਕਾਰਣ ਸਨ ਮੈਂ ਹੌਲੀ ਹੌਲੀ ਲੇਬਰ ਪਾਰਟੀ ਵਲ ਆਕਰਸ਼ਤ ਹੋ ਗਿਆ ਸਾਂ।

 ਛੇਤੀ ਹੀ ਨਿਰਮਲ ਡਰਬੀ ਕੌਂਸਲ ਦਾ ਮੈਂਬਰ ਚੁਣਿਆ ਗਿਆ ਤੇ ਫੇਰ ਲਗਾਤਾਰ ਕਈ ਵੇਰ ਉਹ ਸਿਨਫਿਨ ਵਾਰਡ ਤੋਂ ਲੇਬਰ ਪਾਰਟੀ ਦੀ ਟਿਕਟ ਤੇ ਸਿਟੀ ਕੌਂਸਲਰ ਚੁਣ ਹੁੰਦਾ ਰਿਹਾ ਤੇ ਸ਼ਹਿਰ ਦਾ ਮੇਅਰ ਵੀ ਬਣਿਆ। ਮੈਂ ਸਦਾ ਉਹਦਾ ਸਲਾਹੂ, ਸਾਥੀ ਤੇ ਮਦਦਗਾਰ ਰਿਹਾ।

ਮਾਸਟਰ ਨਿਰਮਲ ਮੇਰੇ ਨਾਲ ਤੀਹ ਸਾਲ ਦੀ ਲੰਮੀ ਦੋਸਤੀ ਤੇ ਭਾਈਬੰਦੀ ਪਿੱਛੋਂ ਜਿਸ ਤਰ੍ਹਾਂ ਖੜਕੇ ਦੜਕੇ ਨਾਲ ਜੀਵਿਆ ਸੀ, ਉਸੇ ਤਰ੍ਹਾਂ ਖੜਕੇ ਦੜਕੇ ਨਾਲ ਅਚਾਨਕ ਸਾਲ 1995 ਵਿਚ ਇੱਕ ਦਿਨ ਇਸ ਦੁਨੀਆ ਨੂੰ ਛੱਡ ਗਿਆ। ਮੇਰੇ ਡਰਬੀ ਵਿਚ ਆਉਣ ਦੇ ਪਹਿਲੇ ਦਿਨ ਉਹ ਮੇਰੇ ਕੋਲ ਸੀ ਤੇ ਉਹਦੇ ਇਸ ਦੁਨੀਆ ਵਿੱਚੋਂ ਤੁਰ ਜਾਣ ਦੇ ਦਿਨ ਮੈਂ ਉਹਦੇ ਕੋਲ ਸਾਂ।

ਉਸ ਦਿਨ ਮੈਂ ਦਸ ਕੁ ਵਜੇ ਸਵੇਰੇ ਆਪਣੇ ਦਫ਼ਤਰ 83 ਸੇਂਟ ਥੋਮਸ ਰੋਡ ਵਿਚ ਬੈਠਾ ਸਾਂ ਕਿ ਉਹ ਅਚਾਨਕ ਆਇਆ ਤੇ ਦੱਸਿਆ,ਰਾਤੀਂ ਮੈਨੂੰ ਛਾਤੀ ਵਿਚ ਦਰਦ ਦੀ ਤਕਲੀਫ਼ ਹੋ ਗਈ ਸੀ। ਮੈਂ ਡਾਕਟਰ ਦੇ ਚੱਲਿਆਂ ਚੈੱਕਅੱਪ ਕਰਾਉਣ ਲਈ ਇਹ ਕਹਿ ਕੇ ਉਹ ਕਾਹਲੀ ਕਾਹਲੀ ਤੁਰ ਗਿਆ। ਉਹਦੀ ਗੱਲ ਸੁਣਦਿਆਂ ਮੈਂ ਉਹਦੇ ਚਿਹਰੇ ਵਲ ਦੇਖਿਆ। ਉਹਦਾ ਚਿਹਰਾ ਕੁੱਝ ਕੁੱਝ ਪੀਲਾ ਪਿਆ ਹੋਇਆ ਸੀ। ਫੇਰ ਸੋਚਿਆ ਨਿਰਮਲ ਵਰਗੇ ਨਿਡਰ ਤੇ ਦੁਬੰਗ ਕਿਸਮ ਦੇ ਬੰਦੇ ਨੂੰ ਕੀ ਹੋਣ ਲੱਗਾ। ਉਹਦੀ ਸਿਹਤ ਤਾਂ ਸਦਾ ਫਖਰ ਕਰਨ ਯੋਗ ਰਹੀ ਹੈ।

ਸ਼ਾਮ ਨੂੰ 6 ਵਜੇ ਦਫ਼ਤਰ ਬੰਦ ਕਰਨ ਪਿੱਛੋਂ ਮੈਂ ਜਦੋਂ ਸ਼ਾਮ ਦੀ ਸੈਰ ਲਈ ਘਰੋਂ ਤੁਰਿਆ ਤਾਂ ਥੋੜ੍ਹਾ ਜਿਹਾ ਤੁਰਨ ਪਿੱਛੋਂ ਮੇਰੇ ਪੈਰ ਅਚਾਨਕ ਉਹਦੇ ਘਰ ਵਲ ਨੂੰ ਮੁੜ ਪਏ। ਮੈਂ ਜਦੋਂ ਉਹਦੇ ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਉਹਦੀ ਪਤਨੀ ਜਸਵੀਰ ਨੇ ਦਰਵਾਜ਼ਾ ਖੋਲ੍ਹਦਿਆਂ ਹੀ ਦੱਸਿਆ ਕਿ ਉਹਦੀ ਤਬੀਅਤ ਠੀਕ ਨਹੀਂ ਹੈ। ਉਹ ਲਾਊਂਜ ਵਿਚ ਹੀ ਸੈੱਟੀਤੇ ਪਿਆ ਸੀ। ਮੇਰੇ ਅੰਦਰ ਵੜਦਿਆਂ ਹੀ ਨਿਰਮਲ ਨੇ ਆਪਣੇ ਛੋਟੇ ਪੁੱਤਰ ਬਲਬੀਰ ਨੂੰ ਕਿਹਾ,ਲਿਆ ਮੁੰਡਿਆ! ਆਪਣੇ ਤਾਏ ਨੂੰ ਗਲਾਸੀ ਪਿਲਾ

ਬਲਬੀਰ ਵਿਸਕੀ ਦੀ ਬੋਤਲ ਅਤੇ ਦੋ ਗਲਾਸੀਆਂ ਚੁੱਕ ਲਿਆਇਆ। ਮੇਰੇ ਲਈ ਗਲਾਸੀ ਵਿਚ ਵਿਸਕੀ ਪਾਉਣ ਤੋਂ ਪਿੱਛੋਂ ਜਦ ਉਹ ਦੂਜੀ ਗਲਾਸੀ ਵਿਚ ਵਿਸਕੀ ਪਾਉਣ ਲੱਗਾ ਤਾਂ ਨਿਰਮਲ ਨੇ ਕਿਹਾ, “ਮੈਨੂੰ ਥੋੜ੍ਹੀ ਪਾਈਂ।

ਬਲਬੀਰ ਨੇ ਹੱਸ ਕੇ ਕਿਹਾ,ਡੈਡ! ਇਹ ਮੈਂ ਤੁਹਾਡੇ ਲਈਂ ਨਹੀਂ, ਆਪਣੇ ਲਈ ਪਾਉਣ ਲੱਗਾਂ

ਚੰਗਾ ਫੇਰ ਮੈਨੂੰ ਰਹਿਣ ਦੇਉਹਨੇ ਮਸਾਂ ਹੀ ਕਿਹਾ।

ਨਿਰਮਲ ਸ਼ਰਾਬ ਪੀਣ ਦਾ ਚੋਖਾ ਸ਼ੌਕੀਨ ਸੀ। ਉਹ ਦੱਸਦਾ ਹੁੰਦਾ ਸੀ ਕਿ ਉਹਨੂੰ ਉਸ ਦਿਨ ਦਾ ਚੇਤਾ ਨਹੀਂ ਜਿਸ ਦਿਨ ਉਹਨੇ ਪੀਤੀ ਨਾ ਹੋਵੇ। ਅੱਜ ਪਹਿਲੀ ਵਾਰ ਸੀ, ਜਦੋਂ ਉਹਦੇ ਮੂੰਹੋਂ “ਚੰਗਾ ਫੇਰ ਮੈਨੂੰ ਰਹਿਣ ਦੇਸੁਣਿਆ ਸੀ ਨਿਰਮਲ ਦੀਆਂ ਦੋਵੇਂ ਧੀਆਂ ਰਣਜੀਤ ਤੇ ਮਨਜੀਤ ਵੀ ਆਈਆਂ ਹੋਈਆਂ ਸਨ। ਜ਼ਾਹਰ ਸੀ ਕਿ ਕੁੱਝ ਸੀਰੀਅਸ ਗੱਲ ਵਾਪਰ ਗਈ ਸੀ।

ਮੇਰੇ ਪੁੱਛਣ ਤੇ ਬਲਬੀਰ ਨੇ ਦੱਸਿਆ,ਰਾਤੀਂ 12 ਕੁ ਵਜੇ ਇੱਥੇ ਹੀ ਫਰਸ਼ ਤੇ ਲੰਮੇ ਪੈ ਕੇ ਮੈਨੂੰ ਕਹਿਣ ਲੱਗੇ, ‘ਬਲਬੀਰ! ਜ਼ਰਾ ਮੇਰੀ ਛਾਤੀ ਤੇ ਖੜ੍ਹ ਕੇ ਪੈਰਾਂ ਨਾਲ ਛੇਤੜ ਦੇ, ਕੁੱਝ ਦਰਦ ਜਿਹਾ ਹੁੰਦਾ। ਮੈਂ ਫਿਕਰ ਕਰਦਿਆਂ ਕਿਹਾ, ‘ਕੁੱਝ ਸੀਰੀਅਸ ਗੱਲ ਨਾ ਹੋਵੇ, ਡਾਕਟਰ ਨੂੰ ਸੱਦੀਏ?’ ਅੱਗਿਓ ਕਹਿਣ ਲੱਗੇ, ‘ਨਹੀਂ ਨਹੀਂ! ਫਿਕਰ ਵਾਲੀ ਕੋਈ ਗੱਲ ਨਹੀਂ, ਕੋਈ ਮਸਲ ਖਿੱਚ ਹੋ ਗਿਆ ਲਗਦਾ 

ਬਲਬੀਰ ਘੰਟਾ ਭਰ ਛਾਤੀ ਨੂੰ ਵੀ ਦਬਾਉਂਦਾ ਰਿਹਾ ਤੇ ਡਾਕਟਰ ਨੂੰ ਸੱਦਣ ਲਈ ਵੀ ਜ਼ੋਰ ਪਾਉਂਦਾ ਰਿਹਾ। ਨਿਰਮਲ ਦਾ “ਮੈਂ ਨਾ ਮਾਨੂੰਵਾਲਾ ਸੁਭਾ ਧੁਰ ਤੱਕ ਕਾਇਮ ਰਹਿਣਾ ਸੀ। ਉਹ ਕਿਵੇਂ ਕਿਸੇ ਦੀ ਗੱਲ ਸੁਣ ਲੈਂਦਾ? ਜਿਸਨੇ ਸਾਰੀ ਉਮਰ ਆਪਣਾ ਹਠ ਪੁਗਾਇਆ ਸੀ, ਉਹ ਮੌਤ ਅੱਗੇ ਵੀ ਹਠ ਪੁਗਾਉਣਤੇ ਤੁਲਿਆ ਹੋਇਆ ਸੀ। ਜਿਉਂ ਜਿਉਂ ਉਹਦੀ ਤਕਲੀਫ਼ ਵਧਦੀ ਗਈ, ਬਲਬੀਰ ਵਾਰ ਵਾਰ ਡਾਕਟਰ ਨੂੰ ਸੱਦਣ ਲਈ ਕਹਿੰਦਾ ਰਿਹਾ ਤੇ ਉਹ ਹਰ ਵਾਰ ਉਹਨੂੰ ਝਿੜਕ ਕੇ ਚੁੱਪ ਕਰਾ ਦਿੰਦਾ ਰਿਹਾ। ਆਖਰ ਤੜਕੇ ਪੰਜ ਕੁ ਵਜੇ ਡਾਕਟਰ ਨੂੰ ਸੱਦ ਹੀ ਲਿਆ। ਉਸ ਵੇਲੇ ਤੱਕ ਦਰਦ ਘਟ ਚੁੱਕਾ ਸੀ ਪਰ ਡਾਕਟਰ ਦੇ ਵਤੀਰੇ ਤੋਂ ਲੱਗਦਾ ਸੀ ਕਿ ਕੋਈ ਸੀਰੀਅਸ ਗੱਲ ਸੀ। ਚੈੱਕ ਕਰਨ ਪਿੱਛੋਂ ਡਾਕਟਰ ਨੇ ਕੁੱਝ ਗੋਲੀਆਂ ਦਿੱਤੀਆਂ ਤੇ ਆਪਣੇ ਫੈਮਲੀ ਡਾਕਟਰ ਕੋਲ ਸਵੇਰੇ ਜਾ ਕੇ ਹੋਰ ਚੈੱਕਅੱਪ ਕਰਾਉਣ ਲਈ ਕਹਿ ਕੇ ਤੁਰ ਗਿਆ।

ਇਸ ਗੱਲ ਦਾ ਤਾਂ ਮੈਨੂੰ ਪਤਾ ਹੀ ਸੀ ਕਿ ਉਹ ਡਾਕਟਰ ਦੇ ਚੈੱਕਅਪ ਕਰਾਉਣ ਲਈ ਗਿਆ ਸੀ। ਮੈਂ ਪੁੱਛਿਆ,ਨਿਰਮਲ! ਡਾਕਟਰ ਨੇ ਕੀ ਦੱਸਿਆ?”

ਮੈੱਸਿਵ ਹਰਟ ਅਟੈਕ! ਕਹਿੰਦਾ ਸੀ ਸਭ ਕੁੱਝ ਇੱਥੇ ਹੀ ਛੱਡ ਦੇ, ਕਾਰ ਵੀ ਨਾ ਚਲਾਈਂ, ਇੱਥੋਂ ਹੀ ਟੈਕਸੀ ਫੜ ਕੇ ਘਰ ਨੂੰ ਜਾਵੀਂ। ਹਿੱਲੀਂ ਜੁੱਲੀਂ ਵੀ ਨਾ, ਸਵੇਰੇ ਹਸਪਤਾਲ ਵਿਚ ਚੈੱਕਅਪ ਕਰਾਉਣ ਲਈ ਲਿਖ ਦਿੱਤਾ।

ਮੈਂ ਪੁੱਛਿਆ,”ਫੇਰ ਤੂੰ ਉਸੇ ਤਰ੍ਹਾਂ ਕੀਤਾ?”

ਕਿੱਥੇ! ਡਾਕਟਰ ਐਵੇਂ ਗੱਲ ਨੂੰ ਵਧਾ ਕੇ ਕਰਦੇ ਆ। ਮੈਂ ਚੰਗਾ ਭਲਾਂ। ਉਸ ਪਿੱਛੋਂ ਮੈਂ ਤਾਂ ਤੁਰ ਕੇ ਇੱਕ ਭਾਈਬੰਦ ਦਾ ਕੰਮ ਕਰਾਉਣ ਕੌਂਸਲ ਆਫਿਸ ਵੀ ਗਿਆ ਸਾਂ ਤੇ ਆਪਣੇ ਪੋਤਿਆਂ ਨੂੰ ਸਕੂਲੋਂ ਲੈਣ ਵੀ, ਤੇ ਸ਼ਾਮ ਨੂੰ ਦੁਕਾਨ ਤੋਂ ਅਖ਼ਬਾਰ ਲੈ ਕੇ ਆਇਆਂ।

ਐੱਮਪਰੈੱਸ ਰੋਡ ਵਾਲਾ ਨਿਰਮਲ ਦਾ ਘਰ ਚੋਖੀ ਉੱਚੀ ਥਾਂ ’ਤੇ ਸੀ। ਇੰਨੀ ਚੜ੍ਹਾਈ, ਫੇਰ ਹਰਟ ਅਟੈਕ ਵਾਲਾ ਬੰਦਾ। ਮੈਂ ਪੁੱਛਿਆ,” ਚੜ੍ਹਾਈ ਚੜ੍ਹਦੇ ਸਮੇਂ ਸਾਹ ਤਾਂ ਨਹੀਂ ਫੁੱਲਿਆ?”

ਸਾਹ ਕੀ ਫੁੱਲਣਾ ਸੀ? ਮੈਂ ਚੰਗਾ ਭਲਾ ਆਂ”, ਉਹਨੇ ਹੱਸ ਕੇ ਕਿਹਾ।

ਉਹ ਸਖ਼ਤ ਮਿਹਨਤੀ ਬੰਦਾ ਸੀ। ਡਰਬੀ ਦੀ ਪਾਰਕਰ ਹੈਨੀਫਰ ਫੌਂਡਰੀ ਵਿਚ ਕੰਮ ਕਰਦਾ ਸੀ ਤੇ ਓਵਰਟਾਈਮ ਵੀ ਬਹੁਤੀ ਵੇਰ ਲਾ ਲੈਂਦਾ ਸੀ। ਉੱਪਰੋਂ ਸਿਟੀ ਕੌਂਸਲਰ ਹੋਣ ਦੇ ਫਰਜ਼ ਨਿਭਾਉਣੇ ਤੇ ਫੇਰ ਆਪਣੇ ਦੇਸੀ ਭਾਈਬੰਦਾਂ ਦੇ ਕੰਮ ਕਰਵਾਉਣ ਲਈ ਤੁਰੇ ਰਹਿਣਾ। ਮੈਂ ਦੇਖਦਾ ਸਾਂ ਕਿ ਉਹ 60 ਸਾਲ ਤੋਂ ਉੱਪਰ ਉਮਰ ਹੋਣਤੇ ਵੀ ਸਰੀਰ ਦੀ ਕੁੱਝ ਵਧੇਰੇ ਹੀ ਵਾਧੂ ਖਿਚਾਈ ਕਰਦਾ ਸੀ।

ਮੈਂ ਕਿਹਾ, “ਨਿਰਮਲ ਤੇਰੇ ਚਾਰੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰ ਚੁੱਕੇ ਹਨ, ਆਪਣੀ ਆਪਣੀ ਥਾਂ ਚਾਰੇ ਕਾਮਯਾਬ ਹਨ। ਪੜ੍ਹਾਈ ਵੀ ਤੂੰ ਉਨ੍ਹਾਂ ਨੂੰ ਸਿਖਰ ਦੀ ਕਰਵਾ ਦਿੱਤੀ ਹੈ। ਚਾਰੇ ਵਿਆਹੇ ਵਰੇ ਹਨ। ਮੈਨੂੰ ਪਤਾ ਹੈ, ਤੈਨੂੰ ਬੈਂਕ ਵਿਚ ਪੈਸੇ ਰੱਖਣ ਦਾ ਮੋਹ ਵੀ ਨਹੀਂ। ਫੇਰ ਤੂੰ ਆਪਣੇ ਸਰੀਰ ਦੀ ਇੰਨੀ ਖਿਚਾਈ ਕਿਸ ਲਈ ਕਰਦਾ ਹੈਂ?”

ਉਹਨੇ ਅੱਗਿਓਂ ਕਿਹਾ,ਜੇ ਕੰਮ ਨਹੀਂ ਕਰਾਂਗਾ ਤਾਂ ਜੀਣ ਦਾ ਕੀ ਲਾਭ? ਠੀਕ ਹੈ, ਮੇਰੇ ਬੱਚਿਆਂ ਨੂੰ ਮੇਰੀ ਕਮਾਈ ਦੀ ਹੁਣ ਲੋੜ ਨਹੀਂ, ਨਾ ਮੈਂ ਬੈਂਕ ਬੇਲੈਂਸ ਵਧਾਉਣ ਦਾ ਸ਼ੌਕੀਨ ਹਾਂ। ਬੱਚੇ ਹੀ ਤਾਂ ਨਹੀਂ ਆਪਣੇ ਹੁੰਦੇ, ਹੋਰ ਵੀ ਤਾਂ ਹੁੰਦੇ ਹਨ, ਉਨ੍ਹਾਂ ਲਈ ਵੀ ਕੁੱਝ ਕਰਨਾ ਮੇਰਾ ਫਰਜ਼ ਹੈ।

 ਮੈਨੂੰ ਪਤਾ ਸੀ, ਥੋੜ੍ਹੇ ਦਿਨ ਹੋਏ ਉਹਨੇ ਆਪਣੇ ਚਾਚੇ ਦੇ ਪੁੱਤ ਨੂੰ ਪੈਸੇ ਭੇਜੇ ਸਨ ਤੇ ਕੁੱਝ ਚਿਰ ਪਹਿਲਾਂ ਹੀ ਉਹ ਦੇਸ ਜਾ ਕੇ ਆਪਣੇ ਛੋਟੇ ਭਰਾ ਰੇਸ਼ਮ ਸਿੰਘ ਦੀ ਧੀ ਦਾ ਵਿਆਹ ਕਰ ਕੇ ਆਇਆ ਸੀ। ਮੈਂ ਉਸ ਦੀ ਗੱਲ ਦੇ ਜਵਾਬ ਵਿਚ ਕਿਹਾ,ਜਿਨ੍ਹਾਂ ਦੀ ਮਦਦ ਤੂੰ ਕਰਦਾ ਹੈਂ, ਉਨ੍ਹਾਂ ਦੇ ਵੀ ਦੋ ਦੋ ਹੱਥ ਹਨ। ਉਹ ਆਪ ਵੀ ਤਾਂ ਆਪਣੇ ਲਈ ਕਰ ਸਕਦੇ ਹਨ। ਨਿਰਮਲ! ਹੁਣ ਤੂੰ ਜਵਾਨ ਨਹੀਂ, ਆਪਣੀ ਸਿਹਤ ਵਲ ਵੀ ਦੇਖ।

ਮੇਰੇ ਇਹ ਸ਼ਬਦ ਸੁਣ ਕੇ ਉਹ ਭਾਵਕ ਹੋ ਗਿਆ ਤੇ ਹੰਝੂ ਪੂੰਝਦਾ ਹੋਇਆ ਕਹਿਣ ਲੱਗਾ,ਜਿਸ ਦਿਨ ਮੈਂ ਆਪਣਿਆਂ ਦੀ ਤੇ ਆਪਣੇ ਲੋਕਾਂ ਦੀ ਮਦਦ ਕਰਨ ਯੋਗਾ ਨਾ ਰਿਹਾ ਤਾਂ ਮੈਂ ਜੀਣਾ ਨਹੀਂ ਚਾਹਾਂਗਾ।

ਉਸ ਵੇਲੇ ਉਹਦੀਆਂ ਦੋਵੇਂ ਧੀਆਂ ਤੇ ਦੋਵੇਂ ਪੁੱਤਰ ਕੋਲ ਹੀ ਸਨ। ਉਸਦੀਆਂ ਹੌਸਲੇ ਵਾਲੀਆਂ ਗੱਲਾਂ ਸੁਣ ਕੇ ਤੇ ਕੁੱਝ ਬੇਫਿਕਰ ਹੋ ਕੇ ਡਾਈਨਿੰਗ ਰੂਮ ਵਿਚ ਜਾ ਕੇ ਖਾਣ ਪੀਣ ਲੱਗ ਪਏ।

ਹੁਣ ਫੇਰਕਹਿ ਕੇ ਉਹ ਉੱਠ ਕੇ ਬੈਠ ਗਿਆ ਤੇ ਕਿਹਾ,ਮੈਂ ਜ਼ਰਾ ਟਾਇਲਟ ਜਾ ਆਵਾਂ

ਪੌੜੀਆਂ ਚੜ੍ਹਦੇ ਹੋਏ ਉਹਨੇ ਉੱਚੀ ਅਵਾਜ਼ ਵਿਚ ਮੈਨੂੰ ਕਿਹਾ,ਗਲਾਸੀ ਭਰ ਕੇ ਪੀ ਲਵੀਂ, ਐਵੇਂ ਨਾ ਬੈਠਾ ਰਹੀਂ

ਮੈਂ ਸੋਚਿਆ, ਹੁਣ ਇੱਥੇ ਸਮਾਂ ਤਾਂ ਲੱਗ ਹੀ ਜਾਣਾ, ਇਸ ਲਈ ਆਪਣੇ ਘਰ ਆਪਣੀ ਪਤਨੀ ਨੂੰ ਦੱਸਣ ਲਈ ਟੈਲੀਫੋਨ ਡਾਇਲ ਕੀਤਾ ਹੀ ਸੀ ਕਿ ਉੱਪਰੋਂ ਨਿਰਮਲ ਦੀ ਛੋਟੀ ਨੂੰਹ ਦੀਆਂ ਚੀਕਾਂ ਸੁਣੀਆਂ। ਸਾਰੇ ਉੱਪਰ ਨੂੰ ਦੌੜੇ ਗਏ। ਨਿਰਮਲ ਟਾਇਲਟ ਦੇ ਦਰਵਾਜ਼ੇ ਵਿਚ ਬੇਸੁਰਤ ਪਿਆ ਸੀ। ਉਸੇ ਵੇਲੇ ਟੈਲੀਫੋਨ ਖੜਕਾਇਆ। ਕੁੱਝ ਮਿੰਟਾਂ ਵਿਚ ਹੀ ਹਰਟ ਅਟੈਕ ਨਾਲ ਸੰਬੰਧਤ ਸੁਕੈਡ ਆ ਗਿਆ। ਉਨ੍ਹਾਂ ਦੇ ਸਾਰੇ ਯਤਨ ਫੇਲ ਹੋ ਗਏ। ਨਿਰਮਲ ਦਾ ਬੇਜਾਨ ਸਰੀਰ ਹੀ ਇੱਥੇ ਪਿਆ ਸੀ, ਅਸਲ ਨਿਰਮਲ ਤਾਂ ਮੌਤ ਦੇ ਅੰਧਕਾਰ ਵਿਚ ਗੁੰਮ ਹੋ ਗਿਆ ਸੀ।

*****

(270)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

More articles from this author