HMaqsoodpuri7


ਪਿਛਲੇ ਸਾਲ ਜਦੋਂ ਮੈਂ ਉੱਤਰਾਂਚਲ ਵਿਚ ਰਹਿੰਦੇ ਆਪਣੇ ਬੜੇ ਭਰਾ ਮਲਕੀਤ ਸਿੰਘ ਰੌਸ਼ਨ ਨੂੰ ਮਿਲਣ ਗਿਆ ਤਾਂ ਉਸਨੇ ਇਕ ਸਜੇ ਫਬੇ ਛੀਟਕੇ ਜਿਹੇ 30 ਕੁ ਸਾਲ ਦੀ ਉਮਰ ਦੇ ਬੰਦੇ ਨਾਲ ਅਨੋਖੇ ਜਿਹੇ ਢੰਗ ਨਾਲ ਜਾਣ ਪਛਾਣ ਕਰਵਾਈ, “ਇਹਨੂੰ ਮਿਲ, ਇਹ ਅਜਮੇਰ ਸਿੰਘ ਦਾ ਭਰਾ ਬਲਬੰਤ ਹੈ।”

ਮੈਂ ਬਲਬੰਤ ਨਾਲ ਹੱਥ ਮਿਲਾਉਂਦਿਆਂ ਹੋਇਆਂ ਪਹਿਲਾਂ ਆਪਣੇ ਭਰਾ ਦੇ ਮੂੰਹ ਵੱਲ ਦੇਖਿਆ ਤੇ ਫੇਰ ਬਲਬੰਤ ਦੇ ਮੂੰਹ ਵੱਲ, ਇਹ ਦੇਖਣ ਲਈ ਕਿ ਇਸ ਤਰ੍ਹਾਂ ਮੁਲਾਕਾਤ ਕਰਵਾਉਣ ਪਿੱਛੇ ਕੀ ਕਾਰਨ ਹੋਵੇਗਾ। ਮੈਂ ਦੇਖਿਆ ਕਿ ਅਜਮੇਰ ਸਿੰਘ ਦੇ ਨਾਉਂ ਦੇ ਜ਼ਿਕਰ ਨਾਲ ਦੋਹਾਂ ਦੇ ਮੂੰਹਾਂ ਉੱਤੇ ਅਜੀਬ ਜਿਹਾ ਜਲਾਲ ਆ ਗਿਆ ਸੀ। ਇਸ ਜਲਾਲ ਪਿੱਛੇ ਕੀ ਕਾਰਨ ਹੋਣਗੇ? ਕੁਝ ਤਾਂ ਹੋਵੇਗਾ ਹੀ ਅਜਮੇਰ ਸਿੰਘ ਦੇ ਨਾਉਂ ਨਾਲ ਅਜਿਹਾ ਜੁੜਿਆ ਹੋਇਆ। ਮੇਰੇ ਅੰਦਰ ਉਸ ਵਾਰੇ ਜਾਣਨ ਦੀ ਉਤਸਕਤਾ ਜਾਗਣੀ ਹੀ ਸੀ। ਰਸਮੀ ਗੱਲਾਂ ਬਾਤਾਂ ਪਿੱਛੋਂ ਮੈਂ ਆਪਣੇ ਭਰਾ ਤੋਂ ਅਜਮੇਰ ਸਿੰਘ ਬਾਰੇ ਜਾਣਨ ਦੀ ਇੱਛਾ ਪਰਗਟ ਕੀਤੀ।

ਉਸਨੇ ਲੰਮਾ ਸਾਹ ਲੈਂਦਿਆਂ ਹੋਇਆਂ ਦੱਸਿਆ, “ਇੱਕ ਜਾਗੀ ਹੋਈ ਆਤਮਾ ਸੀ ਅਜਮੇਰ ਸਿੰਘ, ਜਿਸ ਨੇ ਇਹ ਫੈਸਲਾ ਕਰ ਲਿਆ ਸੀ ਕਿ ਭਾਵੇਂ ਕੁੱਝ ਵੀ ਹੋ ਜਾਵੇ, ਉਹ ਕਹੇਗਾ ਤੇ ਕਰੇਗਾ ਉਹੀ ਜੋ ਉਸਦੀ ਆਤਮਾ ਕਹੇਗੀ। ਇਸ ਫੈਸਲੇ ਪਿੱਛੋਂ ਉਹ ਜਿੰਨਾ ਚਿਰ ਵੀ ਜੀਵਿਆ ਆਪਣੇ ਅਹਿਦ ਤੇ ਕਾਇਮ ਰਿਹਾ। ਕਾਸ਼! ਉਹ ਲੰਮਾ ਸਮਾਂ ਜੀਅ ਸਕਦਾ। ਉਹ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ।”

ਮੈਂ ਦੇਖਿਆ ਮਲਕੀਤ ਸਿੰਘ ਤੇ ਬਲਬੰਤ ਦੋਹਾਂ ਦੀਆਂ ਅੱਖਾਂ ਵਿਚ ਅਥਰੂ ਆ ਗਏ ਸਨ। ਅਜਮੇਰ ਸਿੰਘ ਦੀ ਜਿਹੜੀ ਕਹਾਣੀ ਉਨ੍ਹਾਂ ਨੇ ਮੈਨੂੰ ਦਸੀ ਸੀ, ਅੱਜ ਮੈਂ ਉਹ ਤੁਹਾਨੂੰ ਇੰਨ-ਬਿੰਨ ਦੱਸਦਾ ਹਾਂ।

ਅਜਮੇਰ ਸਿੰਘ ਉੱਤਰਆਂਚਲ ਦੇ ਜਿਲ੍ਹਾ ਊਧਮ ਸਿੰਘ ਨਗਰ ਦੇ ਇਕ ਛੋਟੇ ਜਿਹੇ ਪਿੰਡ ਦੇ ਇੱਕ ਖਾਂਦੇ ਪੀਂਦੇ ਪੰਜਾਬੀ ਜ਼ਿਮੀਂਦਾਰ ਦਾ ਹੋਣਹਾਰ ਪੁੱਤਰ ਸੀ। ਉਹ ਸਕੂਲ ਵਿਚ ਪੜ੍ਹਦਾ ਆਮ ਬੱਚਿਆਂ ਨਾਲੋਂ ਕੁਝ ਵਧੇਰੇ ਹੀ ਤੀਖਣਬੁੱਧ ਸੀ ਤੇ ਪੜ੍ਹਾਈ ਵਿਚ ਸਦਾ ਪਹਿਲੇ ਨੰਬਰ ਤੇ ਰਹਿੰਦਾ ਸੀ। ਇਸ ਲਈ ਉਸਦੇ ਬਾਪ ਨੇ ਉਸਨੂੰ ਵਕੀਲ ਬਣਾਉਣ ਦੀ ਸਧਰ ਪਾਲ ਰੱਖੀ ਸੀ। ਸਕੂਲ ਦੀ ਪੜ੍ਹਾਈ ਖਤਮ ਕਰਨ ਪਿੱਛੋਂ ਉਸਨੂੰ ਲਖਨਊ ਯੂਨੀਵਰਸਟੀ ਵਿਚ ਕਾਨੂੰਨ ਦੀ ਪੜ੍ਹਾਈ ਲਈ ਦਾਖਲਾ ਸਹਿਜੇ ਹੀ ਮਿਲ ਗਿਆ। ਵਕਾਲਤ ਦੀ ਪੜ੍ਹਾਈ ਖਤਮ ਕਰਨ ਤੱਕ ਉਹ ਆਮ ਬੰਦਿਆਂ ਵਰਗਾ ਬੰਦਾ ਸੀ। ਪਰ ਵਕਾਲਤ ਪਾਸ ਕਰਨ ਦੇ ਠੀਕ ਪਿੱਛੋਂ ਉਸਦੇ ਵਰਤਾਰੇ ਤੇ ਬੋਲ ਚਾਲ ਵਿਚ ਅਜਿਹੀ ਤਬਦੀਲੀ ਆਈ ਕਿ ਉਹ ਪਹਿਲਾਂ ਵਾਲਾ ਅਜਮੇਰ ਸਿੰਘ ਨਾ ਰਿਹਾ। ਉਸ ਨੇ ਵਕਾਲਤ ਤਾਂ ਪਾਸ ਕਰ ਲਈ, ਪਰ ਇਸਨੂੰ ਪੇਸ਼ੇ ਦੇ ਤੌਰ ਤੇ ਅਪਣਾਉਣ ਤੋਂ ਪਹਿਲਾਂ ਹੀ ਉਸਦੀ ਆਤਮਾ ਜਾਗ ਪਈ। ਆਤਮਾ ਦੀ ਅਵਾਜ਼ ਸੁਣ ਕੇ ਉਸਨੇ ਇਹ ਫੈਸਲਾ ਕਰ ਲਿਆ ਕਿ ਵਕਾਲਤ ਦੀ ਪ੍ਰੈਕਟਿਸ ਵਿਚ ਉਹ ਕਦੀ ਵੀ ਝੂਠੇ ਬੰਦਿਆਂ ਦੇ ਕੇਸ ਨਹੀਂ ਲੜੇਗਾ ਤੇ ਹਮੇਸ਼ਾ ਸੱਚ ਦਾ ਸਾਥ ਦੇਵੇਗਾ। ਸੱਚੇ ਸੁੱਚੇ ਬੰਦੇ ਉਸ ਪਾਸ ਕਦ ਆਉਣੇ ਸਨ ਤੇ ਕਿੰਨੇ ਕੁ ਆਉਣੇ ਸਨ? ਇਸਦੇ ਨਾਲ ਹੀ ਉਸ ਨੇ ਇਹ ਵੀ ਫੈਸਲਾ ਕਰ ਲਿਆ ਕਿ ਨਿਰਦੋਸ਼ ਗ਼ਰੀਬ ਲੋਕਾਂ ਦੇ ਕੇਸ ਉਹ ਮੁਫਤ ਲੜੇਗਾ। ਗ਼ਰੀਬਾਂ ਤੋਂ ਉਸਨੇ ਕੁਝ ਲੈਣਾ ਨਹੀਂ ਸੀ ਤੇ ਅਮੀਰਾਂ ਦੇ ਝੂਠੇ ਮੁਕੱਦਮੇ ਲੜਨੇ ਨਹੀਂ ਸਨ ਫੇਰ ਆਮਦਨ ਕਿੱਥੋਂ ਹੁੰਦੀ? ਇਸ ਲਈ ਛੇਤੀ ਹੀ ਉਸਨੇ ਵਕਾਲਤ ਦਾ ਕੰਮ ਠੱਪ ਦਿੱਤਾ।

ਉਸਦੇ ਬਾਪ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਲਖਨਊ ਆਇਆ ਤੇ ਉਸਨੂੰ ਵਕਾਲਤ ਦਾ ਕੰਮ ਨਾ ਤਿਆਗਣ ਲਈ ਜ਼ੋਰ ਪਾਉਣ ਲੱਗਾ। ਬਾਪ ਨੇ ਬਥੇਰਾ ਜ਼ੋਰ ਲਾਇਆ ਤੇ ਉਸ ਉੱਤੇ ਕੀਤੇ ਖਰਚਾਂ ਦਾ ਵੀ ਵਾਸਤਾ ਪਾਇਆ। ਪਰ ਉਸਨੇ ਉਹਦੀ ਇੱਕ ਵੀ ਨਾ ਸੁਣੀ ਤੇ ਆਪਣੇ ਫੈਸਲੇ ਤੇ ਪੱਕਾ ਰਿਹਾ। ਉਸਦਾ ਬਾਪ ਨਿਰਾਸ਼ ਹੋ ਕੇ ਵਾਪਸ ਪਰਤ ਆਇਆ ਪਰ ਅਜਮੇਰ ਲਖਨਊ ਹੀ ਟਿਕਿਆ ਰਿਹਾ। ਬਾਪੂ ਨੇ ਸੋਚਿਆ, ‘ਚਲੋ ਕੁਝ ਦਿਨ ਧੱਕੇ ਖਾ ਕੇ ਸੁਰਤ ਟਿਕਾਣੇ ਆ ਜਾਵੇਗੀ ਤੇ ਅਸਲ ਰਾਹ ਤੇ ਆ ਜਾਵੇਗਾ।’

ਕੁਝ ਮਹੀਨੇ ਲੰਘ ਜਾਣ ਪਿੱਛੋਂ ਇੱਕ ਦਿਨ ਉਸਦੇ ਘਰ ਦਿਆਂ ਨੂੰ ਉੜਦੀ ਉੜਦੀ ਖਬਰ ਮਿਲੀ ਕਿ ਉਹ ਸਖਤ ਬੀਮਾਰ ਹਸਪਤਾਲ ਵਿਚ ਪਿਆ ਹੈ। ਸਾਰਾ ਟੱਬਰ ਉਸਨੂੰ ਦੇਖਣ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਹ ਤਾਂ ਇੱਕ ਮਹੀਨੇ ਤੋਂ ਬੀਮਾਰ ਪਿਆ ਸੀ। ਬਾਪੂ ਨੇ ਕਿਹਾ, “ਸਾਨੂੰ ਤਾਂ ਪਤਾ ਦੇ ਦਿੰਦਾ, ਤੇਰਾ ਇਲਾਜ ਚੱਜ ਨਾਲ ਕਰਵਾਉਂਦੇ। ਤੂੰ ਤਾਂ ਇਸ ਤਰ੍ਹਾਂ ਸਮਝ ਲਿਆ, ਜਿਵੇਂ ਕਿ ਅਸੀਂ ਤੇਰੇ ਕੁਝ ਨਾ ਲਗਦੇ ਹੋਈਏ।” ਅਜਮੇਰ ਦਾ ਜਵਾਬ ਸੀ, “ਕੀ ਲੋੜ ਸੀ? ਤੁਸੀਂ ਕੰਮ ਛੱਡ ਕੇ ਆਉਂਦੇ। ਖਾਹਮਖਾਹ ਖਰਚ ਕਰਦੇ। ਉਨ੍ਹਾਂ ਦੀ ਦੇਖ ਭਾਲ ਕੌਣ ਕਰਦਾ ਹੈ, ਜਿਨ੍ਹਾਂ ਦਾ ਕੋਈ ਨਹੀਂ ਤੇ ਉਨ੍ਹਾਂ ਉੱਤੇ ਖਰਚ ਕੌਣ ਕਰਦਾ ਹੈ, ਜਿਨ੍ਹਾਂ ਦੇ ਕੋਲ ਕੁਝ ਨਹੀਂ? ਮੈਂ ਇੱਥੇ ਇਸ ਸਰਕਾਰੀ ਹਸਪਤਾਲ ਵਿਚ ਹੀ ਠੀਕ ਹਾਂ, ਜਿੱਥੇ ਅਤਿ ਦੇ ਗ਼ਰੀਬ ਲੋਕਾਂ ਨੂੰ ਜਗਾ ਮਿਲਦੀ ਹੈ।” ਉਸਦੇ ਬਾਪੂ ਤੇ ਉਸਦੇ ਸਾਰੇ ਭੈਣਾਂ ਭਰਾਵਾਂ ਦੇ ਤਰਲੇ ਬੇਅਰਥ ਗਏ ਤੇ ਉਹ ਨਾ ਕਿਸੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾਉਣ ਲਈ ਮੰਨਿਆ ਤੇ ਨਾ ਉਸ ਨੇ ਬਾਪ ਤੋਂ ਪੈਸੇ ਲੈਣੇ ਹੀ ਸਵੀਕਾਰ ਕੀਤੇ। ਸਾਰੇ ਨਿਰਾਸ ਤੇ ਪ੍ਰੇਸ਼ਾਨ ਵਾਪਸ ਤੁਰ ਗਏ। ਬਾਪੂ ਨੇ ਤੁਰਨ ਲੱਗਿਆਂ ਡੂੰਘਾ ਹੌਕਾ ਲੈ ਕੇ ਕਿਹਾ, “ਪਤਾ ਨਹੀਂ ਮੇਰੇ ਪੁੱਤ ਨੂੰ ਕਿਸਦੀ ਖੋਟੀ ਨਜ਼ਰ ਲੱਗ ਗਈ ਹੈ?” ਉਸਦੀ ਮਾਂ ਦਾ ਖਿਆਲ ਸੀ, “ਮੁੰਡਾ ਕਿਸੇ ਪ੍ਰੇਤ ਆਤਮਾ ਦੀ ਛਾਇਆ ਹੇਠ ਆ ਗਿਆ ਹੈ। ਪਿੰਡ ਲੈ ਜਾਕੇ ਕਿਸੇ ਸਿਆਣੇ ਨੂੰ ਦਿਖਾਲਣਾ ਚਾਹੀਦਾ ਹੈ।” ਪਰ ਅਜਮੇਰ ਨੂੰ ਜ਼ਬਰਦਸਤੀ ਕਿਸ ਤਰ੍ਹਾਂ ਲੈ ਜਾਇਆ ਜਾ ਸਕਦਾ ਸੀ?

ਕੁਝ ਦਿਨਾਂ ਪਿੱਛੋਂ ਉਹ ਤੰਦਰੁਸਤ ਹੋ ਗਿਆ। ਫੇਰ ਇਕ ਦਿਨ ਪਿੰਡ ਆਇਆ। ਉਸਦਾ ਤਿੰਨ ਸਾਲ ਦਾ ਮੁੰਡਾ ਗਲ਼ੀ ਵਿਚ ਖੇਲ੍ਹ ਰਿਹਾ ਸੀ। ਉਸਦੇ ਬਹੁਤ ਹੀ ਸੁਹਣੇ ਫੱਬਵੇਂ ਕੱਪੜੇ ਪਾਏ ਹੋਏ ਸਨ ਤੇ ਨਹਾ ਧੁਆ ਕੇ ਵਾਲ਼ ਰਿਬਨ ਨਾਲ ਬੰਨ੍ਹੇ ਹੋਏ ਸਨ। ਉਹ ਆਪਣੇ ਬਾਪ ਨੂੰ ਦੇਖ ਕੇ ਮੁਸਕਰਾਇਆ। ਅਜਮੇਰ ਸਿੰਘ ਨੇ ਮੁੰਡੇ ਨੂੰ ਕੋਲ ਸਦ ਕੇ ਉਸਦੇ ਕੱਪੜਿਆਂ ਤੇ ਮਿੱਟੀ ਪਾ ਦਿੱਤੀ ਤੇ ਕਿਹਾ, “ਮੇਰੇ ਬੱਚੇ ਨੂੰ ਮੇਰੇ ਦੇਸ ਦੇ ਆਮ ਗ਼ਰੀਬਾਂ ਦੇ ਬੱਚਿਆਂ ਨਾਲੋਂ ਸੁਹਣਾ ਲੱਗਣ ਤੇ ਫੱਬਣ ਦਾ ਕੋਈ ਹੱਕ ਨਹੀਂ।” ਜਦੋਂ ਉਸਦੀ ਪਤਨੀ ਨੇ ਉਸਦੀ ਇਸ ਹਰਕਤ ਤੇ ਇਤਰਾਜ਼ ਕੀਤਾ ਤਾਂ ਉਹ ਕਹਿਣ ਲੱਗਾ, “ਕੀ ਤੂੰ ਗ਼ਰੀਬ ਲੋਕਾਂ ਦੇ ਬੱਚਿਆਂ ਨੂੰ ਇਸ ਵਾਂਗ ਸਜਾਉਣ ਸੰਵਾਰਨ ਵਿਚ ਮਦਦ ਕਰ ਸਕਦੀ ਹੈ? ਜੇ ਨਹੀਂ, ਤਾਂ ਨਾ ਤੈਨੂੰ ਨਾ ਮੈਨੂੰ ਇਸਨੂੰ ਸਜਾਉਣ ਫਬਾਉਣ ਦਾ ਹੱਕ ਹੈ।”

“ਕੀ ਹੋ ਗਿਆ ਹੈ ਮੇਰੇ ਸਰਦਾਰ ਨੂੰ, ਕਿੰਨਾ ਚੰਗਾ ਪਿਆਰ ਕਰਨ ਵਾਲਾ ਸੀ। ਮਾਂ ਠੀਕ ਹੀ ਕਹਿੰਦੀ ਸੀ, ਇਸ ਤੇ ਤਾਂ ਕਿਸੇ ਪ੍ਰੇਤ ਆਤਮਾ ਦਾ ਛਾਇਆ ਹੈ।” ਉਹ ਉਭਾਸਰੀ ਤਾਂ ਕੁਝ ਨਾ ਪਰ ਅੰਦਰ ਹੀ ਅੰਦਰ ਇਹ ਸੋਚ ਗਈ।

ਅਜਮੇਰ ਸਿੰਘ ਦੀ ਹਾਲਤ ਦੇਖ ਕੇ ਘਰ ਦੇ ਸਾਰੇ ਜੀਅ ਦੁਖੀ ਸਨ। ਪਰ ਕੋਈ ਕਰ ਕੁਝ ਨਹੀਂ ਸਕਦਾ ਸੀ। ਮਾਂ ਦੀ ਜ਼ਿੱਦ ਤੇ ਇਸਰਾਰ ਅੱਗੇ ਝੁਕ ਕੇ ਬਾਪੂ ਇੱਕ ਦਿਨ ਇੱਕ ਸਿਆਣੇ ਨੂੰ ਘਰ ਲੈ ਆਇਆ। ਪਰ ਅਜਮੇਰ ਜੁੱਤੀ ਲਾਹ ਕੇ ਉਸ ਸਿਆਣੇ ਨੂੰ ਪੈ ਗਿਆ ਤੇ ਉਸਨੂੰ ਭਜ ਕੇ ਜਾਨ ਬਚਾਉਣੀ ਪਈ। ਅਜਮੇਰ ਉਸੇ ਦਿਨ ਕਿਤੇ ਚਲਾ ਗਿਆ, ਹਾਲਾਂਕਿ ਉਸਨੂੰ ਦੱਸਿਆ ਜਾ ਚੁੱਕਾ ਸੀ ਕਿ ਉਸਦੀ ਛੋਟੀ ਭੈਣ ਦਾ ਵਿਆਹ ਹੋਣ ਵਿਚ ਕੇਵਲ ਵੀਹ ਦਿਨ ਹੀ ਬਾਕੀ ਸਨ।

ਉਹ ਭੈਣ ਦੇ ਵਿਆਹ ਵਾਲੇ ਦਿਨ ਹੀ ਵਾਪਸ ਮੁੜਿਆ। ਜਦੋਂ ਉਸਨੇ ਘਰ ਦੇ ਅੰਦਰ ਬਾਹਰ ਸਜਾਵਟ ਦੇਖੀ ਤੇ ਝੰਡੀਆਂ ਲੱਗੀਆਂ ਹੋਈਆਂ ਦੇਖੀਆਂ ਤਾਂ ਉਹ ਖਿਝ ਕੇ ਕਹਿਣ ਲੱਗਾ, “ਕਿਹੋ ਜਿਹੇ ਹੋ ਤੁਸੀਂ ਲੋਕ? ਸਾਡੇ ਦੇਸ ਵਿਚ ਲੱਖਾਂ ਲੋਕਾਂ ਨੂੰ ਰੋਟੀ ਨਹੀਂ ਜੁੜਦੀ ਤੇ ਤੁਸੀਂ ਖਾਹਮਖਾਹ ਇਸ ਸਜਾਵਟ ਤੇ ਪੈਸਾ ਰੋੜ੍ਹ ਰਹੇ ਹੋ।” ਇਹ ਕਹਿ ਕੇ ਉਸਨੇ ਸਜਾਵਟੀ ਦਰਵਾਜੇ ਢਾਹ ਸੁਟੇ ਤੇ ਝੰਡੀਆਂ ਲਾਹ ਕੇ ਪੈਰਾਂ ਹੇਠ ਮਧੋਲਣੀਆ ਸ਼ੁਰੂ ਕਰ ਦਿੱਤੀਆਂ। ਉਸਦੇ ਪਿਉ ਨੇ ਗੁੱਸੇ ਵਿਚ ਆ ਕੇ ਕਿਹਾ, “ਅਜਮੇਰ! ਤੂੰ ਕਿਸ ਜਨਮ ਦਾ ਬਦਲਾ ਸਾਥੋਂ ਲੈ ਰਿਹਾ ਹੈਂ। ਤੂੰ ਵਿਆਹ ਦੀ ਤਿਆਰੀ ਵਿਚ ਹੱਥ ਤਾਂ ਕੀ ਵਟਾਉਣਾ ਸੀ, ਇੱਕ ਤਾਂ ਆਇਆਂ ਦਿਨ ਦੇ ਦਿਨ ਤੇ ਫੇਰ ਸਾਡੇ ਕੀਤੇ ਕੰਮ ਦਾ ਵੀ ਸੱਤਿਆਨਾਸ ਮਾਰ ਰਿਹਾਂ।”

“ਮੈਂ ਅਜੇਹੀਆਂ ਫਜੂਲ ਖਰਚੀਆਂ ਬਰਦਾਸ਼ਤ ਨਹੀਂ ਕਰ ਸਕਦਾ। ਨਾ ਇਨ੍ਹਾਂ ਕੰਮਾਂ ਵਿਚ ਤੁਹਾਡਾ ਸਾਥ ਦੇ ਸਕਦਾ ਹਾਂ, ਇਸ ਲਈ ਤੁਸੀਂ ਮੈਨੂੰ ਜੁਦਾ ਕਰ ਦਿਓ।” ਅਜਮੇਰ ਸਿੰਘ ਇਹ ਕਹਿ ਕੇ ਬਾਹਰ ਨੂੰ ਤੁਰ ਗਿਆ। ਫੇਰ ਉਹ ਵਾਪਸ ਆਇਆ ਤਾਂ ਵਿਆਹ ਵਾਲੇ ਦਿਨ, ਐਨ ਉਸ ਵੇਲੇ, ਜਿਸ ਵੇਲੇ ਕੁੜੀ ਨੂੰ ਤੋਰਨ ਦਾ ਸਮਾਂ ਆ ਗਿਆ ਸੀ। ਉਸਨੇ ਕੁੜੀ ਨੂੰ ਤੋਰਨ ਸਮੇਂ ਸਿਰ ਤੇ ਹੱਥ ਰੱਖਕੇ ਪਿਆਰ ਦਿੱਤਾ ਤੇ ਜੰਞ ਦੇ ਤੁਰ ਜਾਣ ਪਿੱਛੋਂ ਬਿਨਾਂ ਕੁਝ ਖਾਧੇ ਪੀਤੇ ਬਾਹਰ ਨੂੰ ਤੁਰ ਗਿਆ।

ਉਸਦਾ ਬਾਪ ਆਪਣੇ ਥਾਂ ਬਹੁਤ ਦੁਖੀ ਸੀ। ਇਹ ਸੋਚ ਕੇ ਕਿ ਸ਼ਾਇਦ ਇਸ ਤਰ੍ਹਾਂ ਹੀ ਉਹ ਘਰ ਟਿਕ ਕੇ ਬੈਠ ਸਕੇ ਤੇ ਕੁਝ ਕਰ ਸਕੇ, ਉਸਨੇ ਉਸਦੇ ਹਿੱਸੇ ਆਉਂਦੇ ਦਸ ਖੇਤ ਉਸਦੇ ਨਾਉਂ ਲਵਾ ਦਿੱਤੇ। ਪਰ ਅਜਮੇਰ ਦੇ ਅੰਦਰ ਦੀਆਂ ਕੋਈ ਨਹੀਂ ਸੀ ਜਾਣਦਾ। ਉਸਨੇ ਕੁਝ ਦਿਨਾਂ ਵਿਚ ਹੀ ਪੰਜ ਖੇਤ ਵੇਚ ਕੇ ਇੱਕ ਟਰੈਕਟਰ ਲੈ ਲਿਆ ਤੇ ਇੱਕ ਜੀਪ ਖਰੀਦ ਲਈ। ਉਸਦੇ ਮਾਪੇ ਤੇ ਉਸਦੀ ਪਤਨੀ ਉਸਦੀ ਇਸ ਹਰਕਤ ਤੋਂ ਬਹੁਤ ਦੁਖੀ ਹੋਏ। ਪਤਨੀ ਦੁਖੀ ਹੋ ਕੇ ਕਹਿਣ ਲੱਗੀ, “ਜੇ ਆਪਣਾ ਤੈਨੂੰ ਕੋਈ ਫਿਕਰ ਨਹੀਂ ਤਾਂ ਆਪਣੇ ਇਕਲੌਤੇ ਪੁੱਤਰ ਲਈ ਤਾਂ ਕੁਝ ਰਹਿਣ ਦੇ। ਕਿਉਂ ਸਭ ਕੁਝ ਖਤਮ ਕਰਨ ਤੇ ਤੁਲਿਆ ਹੋਇਆ ਏ?”

“ਕਿੰਨੇ ਕੁ ਲੋਕੀਂ ਨੇ ਜਿਨ੍ਹਾਂ ਕੋਲ ਪੰਜਾਂ ਖੇਤਾਂ ਤੋਂ ਵੱਧ ਜ਼ਮੀਨ ਹੈ, ਫੇਰ ਮੇਰਾ ਪੁੱਤ ਵੀ ਇਸ ਤੋਂ ਵੱਧ ਜ਼ਮੀਨ ਦਾ ਮਾਲਕ ਕਿਉਂ ਬਣੇ?” ਉਸਦਾ ਜਵਾਬ ਸੁਣਕੇ ਸਾਰੇ ਹੈਰਾਨ ਰਹਿ ਗਏ। ਚੁੱਪ ਕਰ ਗਏ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਜਮੇਰ ਦੀ ਜ਼ਿਦ ਸਾਹਮਣੇ ਉਹ ਕੁਝ ਨਹੀਂ ਕਰ ਸਕਦੇ ਸਨ।

ਕੁਝ ਮਹੀਨੇ ਹੀ ਲੰਘੇ ਸਨ ਕਿ ਇਕ ਦਿਨ ਉਹ ਜੀਪ ਲੈ ਕੇ ਨਿਪਾਲ ਦੀ ਸਰਹੱਦ ਦੇ ਨੇੜੇ ਬੇਅਬਾਦ ਇਲਾਕੇ ਵਿਚ ਗਿਆ ਤੇ ਉੱਥੇ ਅਣਵਾਹੀ ਪਈ ਸੈਂਕੜੇ ਏਕੜ ਜਮੀਨ ਦੇਖ ਕੇ ਹੌਕਾ ਲੈ ਕੇ ਕਿਹਾ, “ਇੰਨੀ ਜ਼ਮੀਨ ਅਣਵਾਹੀ ਪਈ ਹੈ ਤੇ ਸਾਡੇ ਦੇਸ ਦੇ ਲੱਖਾਂ ਲੋਕ ਹਾਲੀਂ ਵੀ ਅੱਧਭੁੱਖੇ ਜੀਂਦੇ ਤੇ ਸੌਂਦੇ ਹਨ। ਕਦੋਂ ਸੋਚਣਗੇ ਸਾਡੇ ਦੇਸ ਦੇ ਸਿਆਸਤਦਾਨ?”

ਤੇ ਜਿਹੜੀ ਗੱਲ ਸਾਡੇ ਦੇਸ ਦੇ ਸਿਆਸਤਦਾਨਾਂ ਦੇ ਦਿਮਾਗ ਵਿਚ ਨਹੀਂ ਆਈ ਸੀ, ਉਹ ਉਸਦੇ ਦਿਮਾਗ ਵਿਚ ਆ ਗਈ ਸੀ। ਉਹ ਉੱਥੇ ਖੜ੍ਹਾ ਹੀ ਕਿਸੇ ਫੈਸਲੇ ਤੇ ਪਹੁੰਚ ਗਿਆ।

ਘਰ ਆਕੇ ਉਸਨੇ ਆਪਣੀ ਪਤਨੀ ਨੂੰ ਕਿਹਾ, “ਭਾਗਵਾਨੇ! ਮੈਂ ਆਪਣਾ ਆਦਰਸ਼ ਲੱਭ ਲਿਆ ਹੈ। ਤੂੰ ਮੇਰਾ ਸਾਥ ਦੇਣਾ ਹੈ ਤਾਂ ਤਿਆਰ ਹੋ ਜਾ ਮੇਰੇ ਨਾਲ ਜਾਣ ਲਈ।”

ਉਸਦੀ ਪਤਨੀ ਜਾਣਦੀ ਸੀ ਕਿ ਉਸਦਾ ਆਦਰਸ਼ ਕਿਹੋ ਜਿਹਾ ਹੋਵੇਗਾ। ਉਹ ਚੁੱਪ ਰਹੀ।

ਅਜਮੇਰ ਸਿੰਘ ਨੇ ਆਪਣਾ ਟ੍ਰੈਕਟਰ ਸਟਾਰਟ ਕੀਤਾ ਤੇ ਆਪਣੇ ਸੁਪਨਿਆਂ ਦਾ ਸੰਸਾਰ ਸਿਰਜਣ ਲਈ ਤੁਰ ਗਿਆ।

ਉਹ ਆਪਣੇ ਟਿਕਾਣੇ, ਨਿਪਾਲ ਦੀ ਸਰਹੱਦ ਦੇ ਨੇੜੇ ਪਈ ਬੇਆਬਾਦ ਜ਼ਮੀਨ ਵਿਚ ਜਾ ਪੁੱਜਾ। ਕੁਝ ਦਿਨਾਂ ਵਿਚ ਉਸਨੇ ਨੇੜੇ ਦੇ ਪਿੰਡਾਂ ਵਿਚ ਚੱਕਰ ਮਾਰ ਕੇ ਸੌ ਕੁ ਅਜੇਹੇ ਟੱਬਰ ਲੱਭ ਲਏ, ਜਿਹੜੇ ਬੇਜ਼ੀਨੇ ਸਨ ਤੇ ਜਿਹੜੇ ਕੰਮ ਨਾ ਮਿਲਣ ਕਰ ਕੇ ਭੁੱਖਮਰੀ ਦੇ ਕਿਨਾਰੇ ਤੇ ਪੁੱਜੇ ਹੋਏ ਸਨ। ਉਸਨੇ ਉਨ੍ਹਾਂ ਨੂੰ ਇਕੱਠੇ ਕਰ ਕੇ ਕਿਹਾ, “ਮੇਰਾ ਸਾਥ ਦਿਓ। ਮੈਂ ਤੁਹਾਨੂੰ ਪੰਜ ਖੇਤ ਜ਼ਮੀਨ ਦੇ ਪ੍ਰਤੀ ਟੱਬਰ ਦੇਣ ਦਾ ਵਾਅਦਾ ਕਰਦਾ ਹਾਂ। ਜ਼ਮੀਨ ਮੈਂ ਟ੍ਰੈਕਟਰ ਨਾਲ ਵਾਹ ਕੇ ਤਿਆਰ ਕਰ ਕੇ ਬੀਜ ਕੇ ਦਿਆਂਗਾ। ਤੁਸੀਂ ਸਿਰਫ ਆਪਣੇ ਹੱਥਾਂ ਨਾਲ ਮੇਰੀ ਮਦਦ ਕਰਨੀ ਹੈ।’ ਪਹਿਲਾਂ ਤਾਂ ਉਸਦਾ ਸਾਥ ਦੇਣ ਲਈ ਥੋੜ੍ਹੇ ਹੀ ਬੰਦੇ ਤਿਆਰ ਹੋਏ ਪਰ ਜਦੋਂ ਉਸਨੇ ਜ਼ਮੀਨ ਵਾਹ ਬੀਜ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਤਾਂ ਹੋਰ ਵੀ ਲੋਕ ਉਸ ਪਾਸ ਆਉਣ ਲੱਗ ਪਏ। ਇਸ ਤਰ੍ਹਾਂ ਉਸਨੇ ਸਾਲ ਕੁ ਵਿਚ ਹੀ ਸੈਂਕੜੇ ਖੇਤ ਤਿਆਰ ਕਰ ਕੇ ਵਾਹ ਬੀਜ ਕੇ ਇਨ੍ਹਾਂ ਬੇਜ਼ਮੀਨੇ ਲੋਕਾਂ ਨੂੰ ਸੰਭਾਲ ਦਿੱਤੇ। ਇਹ ਨਵੇਂ ਆਬਾਦ ਹੋਏ ਟੱਬਰ ਆਪਣੇ ਹੱਥਾਂ ਨਾਲ ਆਪਣੇ ਮਾੜੇ ਮੋਟੇ ਪਸੂਆਂ ਦੀ ਮਦਦ ਨਾਲ ਇਨ੍ਹਾਂ ਖੇਤਾਂ ਵਿਚ ਆਪਣੇ ਨਿਰਬਾਹ ਲਈ ਮਿਹਨਤ ਕਰਨ ਲੱਗ ਪਏ।

ਅਜਮੇਰ ਸਿੰਘ ਮਹੀਨੇ ਵਿਚ ਇੱਕ ਅੱਧ ਵਾਰੀ ਇੱਧਰ ਆਪਣੇ ਟਰੈਕਟਰ ਨਾਲ ਚੱਕਰ ਮਾਰਦਾ ਰਹਿੰਦਾ ਸੀ ਤੇ ਲੋੜ ਪੈਣ ਤੇ ਕਦੀ ਕਦੀ ਇਨ੍ਹਾਂ ਟੱਬਰਾਂ ਦੀ ਖੇਤੀ ਵਿਚ ਟ੍ਰੈਕਟਰ ਨਾਲ ਮਦਦ ਵੀ ਕਰ ਦਿੰਦਾ ਸੀ। ਜੇ ਉਨ੍ਹਾਂ ਨੂੰ ਮਦਦ ਦੀ ਲੋੜ ਨਾ ਵੀ ਹੋਵੇ ਤਾਂ ਵੀ ਉਹ ਜੀਪ ਲੈ ਕੇ ਆ ਜਾਂਦਾ ਸੀ ਤੇ ਉਨ੍ਹਾਂ ਦਾ ਦੁੱਖ ਸੁੱਖ ਪੁੱਛ ਜਾਂਦਾ ਸੀ। ਉਹ ਬੀਮਾਰਾਂ ਲਈ ਸ਼ਹਿਰੋਂ ਦਵਾਈਆਂ ਵੀ ਲੈ ਆਉਂਦਾ ਸੀ ਤੇ ਕਈ ਵੇਰ ਬੀਮਾਰਾਂ ਨੂੰ ਆਪਣੀ ਜੀਪ ਵਿਚ ਸ਼ਹਿਰ ਲੈਜਾ ਕੇ ਡਾਕਟਰ ਨੂੰ ਵੀ ਦਿਖਾ ਲਿਆਉਂਦਾ ਸੀ।

ਇਸ ਤਰ੍ਹਾਂ ਇਨ੍ਹਾਂ ਨਵੇਂ ਆਬਾਦਕਾਰਾਂ ਦਾ ਸਮਾਂ ਸੁਹਣਾ ਲੰਘਣ ਲੱਗ ਪਿਆ ਸੀ। ਫੇਰ ਛੇਤੀ ਹੀ ਅਜਮੇਰ ਨੂੰ ਸਿਕਾਇਤਾਂ ਮਿਲਣ ਲੱਗ ਪਈਆਂ ਕਿ ਇਨ੍ਹਾਂ ਆਬਾਦਕਾਰਾਂ ਨੂੰ ਕੁਝ ਅਣਪਛਾਣੇ ਬੰਦੇ ਧਮਕੀਆਂ ਦੇਣ ਲੱਗ ਪਏ ਸਨ ਕਿ ਜੇ ਉਹ ਇੱਥੋਂ ਆਪਣੇ ਟੱਬਰ ਟੀਹਰ ਸਮੇਤ ਤੁਰ ਨਾ ਗਏ ਤਾਂ ਉਨਾਂ ਨੂੰ ਨਤੀਜੇ ਭੁਗਤਣੇ ਪੈਣਗੇ। ਕੁਝ ਟੱਬਰ ਧਮਕੀਆਂ ਤੋਂ ਡਰ ਕੇ ਛੱਡ ਵੀ ਗਏ। ਜਦੋਂ ਅਜਮੇਰ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਸਾਰੇ ਅਬਾਦਕਾਰਾਂ ਦਾ ਇਕੱਠ ਕਰ ਕੇ ਉਨ੍ਹਾਂ ਨੂੰ ਹੌਸਲਾ ਦਿੰਦਿਆ ਕਿਹਾ, “ਘਬਰਾਓ ਨਹੀਂ, ਜਦੋਂ ਤੱਕ ਮੈਂ ਜੀਉਂਦਾ ਹਾਂ, ਕੋਈ ਵੀ ਤੁਹਾਡਾ ਵਾਲ਼ ਵਿੰਗਾ ਨਹੀਂ ਕਰ ਸਕਦਾ।” ਇਸ ਪਿੱਛੋਂ ਆਪਣੀ ਲਾਇਸੰਸੀ ਬੰਦੂਕ ਲੈ ਕੇ ਉਹ ਹਫਤੇ ਵਿਚ ਇੱਕ ਵਾਰ ਆਪਣੀ ਜੀਪ ਵਿਚ ਇੱਧਰ ਚੱਕਰ ਲਾਉਣ ਲੱਗ ਪਿਆ।

ਸਿਰ ਫਿਰੇ ਖੂਨਖਾਰ ਜਾਨਵਰਾਂ ਤੋਂ ਉਹ ਕਿੰਨਾ ਕੁ ਚਿਰ ਇਨ੍ਹਾਂ ਲੋਕਾਂ ਦੀ ਰਾਖੀ ਕਰ ਸਕਦਾ ਸੀ? ਇੱਕ ਦਿਨ ਇਨ੍ਹਾਂ ਨਵ-ਅਬਾਦਕਾਰਾਂ ਨੇ ਨਵਾਂ ਜੀਵਨ ਦਾਨ ਕਰਨ ਵਾਲੇ ਆਪਣੇ ਇਸ ਪਿਆਰੇ ਸੁਪਨੇ ਸਾਜ਼ ਸਰਦਾਰ ਦੀ ਗੋਲੀਆਂ ਵਿੰਨ੍ਹੀ ਲਾਸ਼ ਉਸਦੀ ਜੀਪ ਸਣੇ ਝੁਲਸੀ ਪਈ ਦੇਖੀ। ਗ਼ਰੀਬਾਂ ਦੇ ਬੱਚਿਆਂ ਦੇ ਮੂਹਾਂ ਤੇ ਮੁਸਕਰਾਹਟ ਦੇਖਣ ਦਾ ਚਾਹਵਾਨ ਆਪਣੇ ਬੱਚਿਆਂ ਤੇ ਪਤਨੀ ਨੂੰ ਹੰਝੂਆਂ ਦੇ ਹਾਰ ਦੇ ਕੇ ਤੁਰ ਗਿਆ। ਕੋਈ ਪਤਾ ਨਹੀਂ ਲਾ ਸਕਿਆ ਕਿ ਅਜਮੇਰ ਦੀ ਮੌਤ ਲਈ ਕੌਣ ਜ਼ਿੰਮੇਵਾਰ ਸੀ। ਲੋਕੀਂ ਤਰ੍ਹਾਂ ਤਰ੍ਹਾਂ ਦੇ ਕਿਆਸ ਲਾਉਂਦੇ ਸਨ॥ ਕੋਈ ਉਸਦੇ ਕਤਲ ਵਿਚ ਸਰਕਾਰੀ ਬੰਦਿਆਂ ਦਾ ਹੱਥ ਦੱਸਦਾ ਹੋਇਆ ਕਹਿੰਦਾ, “ਸਰਕਾਰ ਕਦੋਂ ਬਰਦਾਸ਼ਤ ਕਰ ਸਕਦੀ ਹੈ ਕਿ ਕੋਈ ਉਸਦੀ ਖਾਲੀ ਪਈ ਜ਼ਮੀਨ ਤੇ ਕਬਜ਼ਾ ਕਰ ਲਵੇ। ਜੇ ਇਸ ਤਰ੍ਹਾਂ ਸਰਕਾਰ ਹੋਣ ਦੇਵੇ ਤਾਂ ਲੋਕ ਤਾਂ ਸਾਰੀ ਵਿਹਲੀ ਪਈ ਸਰਕਾਰੀ ਜ਼ਮੀਨ ਮੱਲ ਲੈਣ।” ਬਹੁਤੇ ਲੋਕਾਂ ਦਾ ਖਿਆਲ ਸੀ ਕਿ ਇਹ ਬੇਅਬਾਦ ਜ਼ਮੀਨ ਭਾਰਤ-ਨਿਪਾਲ ਸਰਹੱਦ ਦੇ ਆਰਪਾਰ ਜਾਂਦੇ ਆਉਂਦੇ ਸਮਗਲਰਾਂ ਦਾ ਸਵਰਗ ਸੀ॥ ਇਸਦੇ ਆਬਾਦ ਹੋਣ ਨਾਲ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪੈ ਗਈ ਸੀ। ਅਜਮੇਰ ਸਿੰਘ ਨੂੰ ਮਾਰ ਕੇ ਉਨ੍ਹਾਂ ਨੇ ਇਹ ਰੁਕਾਵਟ ਦੂਰ ਕਰ ਦਿੱਤੀ ਸੀ।

ਅਜਮੇਰ ਸਿੰਘ ਦੀ ਉਮਰ ਉਸ ਵੇਲੇ 25 ਕੁ ਸਾਲ ਦੀ ਸੀ। ਉਸਦੀ ਮੌਤ ਪਿੱਛੋਂ ਕੁਝ ਮਹੀਨਿਆਂ ਵਿਚ ਹੀ ਸਾਰੇ ਅਬਾਦਕਾਰ ਜ਼ਮੀਨਾਂ ਛੱਡ ਕੇ ਚਲੇ ਗਏ। ਇਹ ਬੇਅਬਾਦ ਪਈ ਜ਼ਮੀਨ ਹੁਣ ਫੇਰ ਸਮਗਲਰਾਂ ਦਾ ਸਵਰਗ ਬਣ ਗਈ ਹੈ। ਹੁਣ ਕੌਣ ਆਉਂਦਾ ਉਨ੍ਹਾਂ ਨਵਆਬਾਦਕਾਰਾਂ ਨੂੰ ਹੌਸਲਾ ਦੇਣ? ਅਜਮੇਰ ਸਿੰਘ ਵਰਗੇ ਚਮਤਕਾਰੀ ਮਨੁੱਖ ਨਿੱਤ ਤਾਂ ਨਹੀਂ ਜੰਮਦੇ।

**

(6)

More articles from this author