HarbakhashM7ਇੱਕ ਸਿੱਧੜ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਲੇਖਕ ਕਹਿਣ/ਦੱਸਣ ਦਾ ਕੁਝ ਵਧੇਰੇ ਹੀ ਸ਼ੌਕੀਨ ਸੀ ...
(13 ਦਸੰਬਰ 2016)


GurbakhashPreetLari1ਚੜ੍ਹਦੀ ਜਵਾਨੀ ਦੇ ਸਾਲਾਂ ਵਿਚ ਮੇਰੇ ਉੱਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖਤ, ਉਨ੍ਹਾਂ ਦੀ ਪ੍ਰੀਤਲੜੀ ਅਤੇ ਪ੍ਰੀਤ ਫਲਸਫੇ ਦਾ ਚੋਖਾ ਪ੍ਰਭਾਵ ਰਿਹਾ ਸੀ। ਮੇਰੀ ਸਦਾ ਰੀਝ ਰਹੀ ਸੀ ਕਿ ਕਦੀ ਉਨ੍ਹਾਂ ਦੇ ਦਰਸ਼ਨ ਕਰ ਸਕਾਂ ਤੇ ਉਨ੍ਹਾਂ ਦੇ ਵਿਚਾਰ ਸੁਣ ਸਕਾਂ। ਪੰਜਾਬ ਰਹਿੰਦਿਆਂ ਮੈਂ ਕੇਵਲ ਦੋ ਵੇਰ ਹੀ ਉਨ੍ਹਾਂ ਨੂੰ ਦੂਰੋਂ ਦੇਖਣ ਦੀ ਖੁਸ਼ੀ ਪ੍ਰਾਪਤ ਕਰ ਸਕਿਆ ਸਾਂ। ਕੋਲ ਬੈਠ ਕੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਮੌਕਾ ਇੱਥੇ ਡਰਬੀ ਰਹਿੰਦਿਆਂ ਹੀ ਪ੍ਰਾਪਤ ਹੋ ਸਕਿਆ। ਇਹ ਗੱਲ 1968/69 ਦੀ ਹੈ। ਗੁਰਬਖਸ਼ ਸਿਘ ਪ੍ਰੀਤਲੜੀ ਇੰਗਲੇਂਡ ਫੇਰੀ ’ਤੇ ਆਏ ਹੋਏ ਸਨ। ਉਨ੍ਹਾਂ ਦੇ ਕਿਸੇ ਸ਼ਰਧਾਲੂ ਦੇ ਮੁੰਡੇ ਦਾ ਵਿਆਹ ਸੀ। ਉਹਨੇ ਜੰਞ ਲੈ ਕੇ ਡਰਬੀ ਆਉਣਾ ਸੀ। ਸਰਦਾਰ ਗੁਰਬਖਸ਼ ਸਿੰਘ ਨੂੰ ਵੀ ਉਹਨੇ ਵਿਆਹ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਹੋਈ ਸੀ।

ਅਜੀਤ ਦੁਸਾਂਝ ਪ੍ਰੀਤ ਪਾਠਕ ਰਿਹਾ ਸੀ ਤੇ ਕਿਸੇ ਇੱਕ ਫੇਰੀ ਦੇ ਸਮੇਂ ਉਹ ਸਰਦਾਰ ਗੁਰਬਖਸ਼ ਸਿੰਘ ਦੇ ਪੁੱਤਰ ਹਿਰਦੇਪਾਲ ਸਿੰਘ ਦੀ ਆਪਣੇ ਘਰ ਵਿਚ ਪ੍ਰਾਹੁਣਚਾਰੀ ਵੀ ਕਰ ਚੁੱਕਾ ਸੀ। ਇਸ ਲਈ ਵਿਆਹ ਤੋਂ ਦੋ ਕੁ ਦਿਨ ਪਹਿਲਾਂ ਹੀ ਗੁਰਬਖਸ਼ ਸਿੰਘ ਜੀ ਉਹਦੇ ਕੋਲ ਆ ਗਏ। ਉਨ੍ਹਾਂ ਦੀ ਵੱਡੀ ਧੀ ਉਮਾ ਵੀ ਉਨ੍ਹਾਂ ਦੇ ਨਾਲ ਆਈ ਹੋਈ ਸੀਅਜੀਤ ਦੁਸਾਂਝ ਨੇ ਆਪਣੇ ਕੁਝ ਜਾਣੂਆਂ ਨੂੰ ਗੁਰਬਖਸ਼ ਸਿੰਘ ਦੇ ਆਉਣ ਦੀ ਖਬਰ ਦੇ ਦਿੱਤੀਦੋ ਕੁ ਬਹੁਤੇ ਹੀ ਉਤਸ਼ਾਹਤ ਬੰਦਿਆਂ ਨੇ ਗੁਰਬਖਸ਼ ਸਿੰਘ ਜੀ ਦੀ ਆਓ ਭਗਤ ਕਰਨ ਲਈ ਅਤੇ ਉਨ੍ਹਾਂ ਦੇ ਖਿਆਲ ਸੁਣਨ ਲਈ ਮੀਟਿੰਗ ਰੱਖਣ ਦਾ ਐਲਾਨ ਕਰ ਦਿੱਤਾ। ਅਜਿਹਾ ਕਰਦਿਆਂ ਨਾ ਤਾਂ ਉਨ੍ਹਾਂ ਨੇ ਸਰਦਾਰ ਗੁਰਬਖਸ਼ ਸਿੰਘ ਦੇ ਸੁਭਾ ਦਾ ਖਿਆਲ ਰੱਖਿਆ ਨਾ ਇਹ ਸੋਚਿਆ ਕਿ ਉਹ ਕਿਹੋ ਜਿਹੀ ਥਾਂ ਤੇ ਜਾਣਾ ਪਸੰਦ ਕਰਦੇ ਹਨ ਜਾਂ ਨਹੀਂ ਕਰਦੇ।

ਉਨ੍ਹਾਂ ਨੇ ਮੀਟਿੰਗ ਰੱਖ ਲਈ ਇੱਕ ਪੱਬ ਵਿਚ, ਇਹ ਸੋਚਿਆ ਹੀ ਨਾ ਕਿ ਉਹ ਉੱਥੇ ਜਾ ਕੇ ਕੀ ਕਰਨਗੇ? ਉਹ ਨਾ ਪੀਂਦੇ ਸਨ ਨਾ ਪੱਬ ਦੇ ਰੌਲੇ ਰੱਪੇ ਵਾਲੇ ਮਾਹੌਲ ਨੂੰ ਪਸੰਦ ਕਰਦੇ ਸਨ। ਉਹਨਾਂ ਨੂੰ ਕਿਸੇ ਦੱਸਿਆ ਵੀ ਨਾ ਕਿ ਉਹ ਕਿਹੋ ਜਿਹੀ ਥਾਂ ’ਤੇ ਜਾ ਰਹੇ ਸਨ। ਬੱਸ ਉਨ੍ਹਾਂ ਨੂੰ ਕਾਰ ਵਿਚ ਬਿਠਾਇਆ ਤੇ ਲਿਆ ਉਤਾਰਿਆ ਡਰਬੀ ਦੇ ਗਰੇਂਜ ਪੱਬ ਦੇ ਸ਼ੋਰੀਲੇ ਅਤੇ ਧੂੰਆਧਾਰ ਮਾਹੌਲ ਵਿਚ। ਆ ਹੀ ਗਏ ਸਨ ਤਾਂ ਕੀ ਕਰਦੇ? ਪ੍ਰਾਹੁਣਚਾਰੀ ਕਰਨ ਵਾਲਿਆਂ ਦਾ ਦਿਲ ਤਾਂ ਨਹੀਂ ਦੁਖਾ ਸਕਦੇ ਸਨ, ਜਿੱਥੇ ਉਨ੍ਹਾਂ ਨੇ ਉਨ੍ਹਾਂ ਨੂੰ ਬਿਠਾਇਆ, ਚੁੱਪ ਕਰ ਕੇ ਬਹਿ ਗਏ।

ਉਨ੍ਹਾਂ ਦੇ ਖਿਆਲ ਸੁਣਨ ਲਈ ਆਏ ਬਹੁਤੇ ਬੰਦੇ ਖੱਬੇ ਪੱਖੀ ਸੋਚ ਦੇ ਧਾਰਣੀ ਸਨ, ਜਿਨ੍ਹਾਂ ਨੇ ਇਹ ਸਿੱਖਿਆ ਹੀ ਨਹੀਂ ਸੀ ਕਿ ਉਨ੍ਹਾਂ ਦੀ ਆਪਣੀ ਸੋਚ ਨਾਲੋਂ ਵੱਖਰੀ ਕੋਈ ਹੋਰ ਸੋਚ ਵੀ ਠੀਕ ਹੋ ਸਕਦੀ ਹੈ ਜਾਂ ਆਪਣੇ ਨਾਲੋਂ ਵੱਖਰੇ ਵਿਚਾਰ ਵੀ ਸ਼ਾਂਤ ਰਹਿ ਕੇ ਸੁਣ ਲੈਣੇ ਚਾਹੀਦੇ ਹਨ। ਉਹ ਤਾਂ ਅਜਿਹੀ ਸਹਿਣਸ਼ੀਲਤਾ ਨੂੰ ਜਮਾਤੀ ਮਿਲਵਰਤਣ ਸਮਝਦੇ ਸਨ। ਉਸ ਵੇਲੇ ਤੱਕ ਸੰਸਾਰ ਕਮਿਊਨਿਸਟ ਲਹਿਰ ਦੋਫਾੜ ਹੋ ਚੁੱਕੀ ਸੀ। ਸੋਵੀਅਤ ਯੂਨੀਅਨ ਵਿਚ ਸਤਾਲਿਨ ਦੇ ਦੌਰ ਦੀ ਤਾਨਾਸ਼ਾਹੀ ਨੂੰ ਨਿੰਦਿਆ ਭੰਡਿਆ ਜਾ ਚੁੱਕਾ ਸੀ। ਸਰਦਾਰ ਗੁਰਬਖਸ਼ ਸਿੰਘ ਆਪਣੇ ਪਰਚੇ ਪ੍ਰੀਤ-ਲੜੀ ਵਿਚ ਸੰਸਾਰ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਲਿਖਦੇ ਰਹਿੰਦੇ ਸਨ। ਸੋਵੀਅਤ ਯੂਨੀਅਨ ਵਿਚ ਉਸ ਵੇਲੇ ਵਾਪਰ ਰਹੀਆਂ ਘਟਨਾਵਾਂ ਦੇ ਪ੍ਰਭਾਵ ਥੱਲੇ ਉਹ ਸਟਾਲਿਨ ਨੂੰ ਡਿਕਟੇਟਰ ਲਿਖ ਬੈਠੇ। ਸਰਦਾਰ ਗੁਰਬਖਸ਼ ਸਿੰਘ ਨਾ ਕਦੇ ਕਮਿਊਨਿਸਟ ਰਹੇ ਸਨ ਤੇ ਨਾ ਉਸ ਸਮੇਂ ਸਨ, ਪਰ ਸਾਡੇ ਇਨ੍ਹਾਂ ਖੱਬੇ ਪੱਖੀ ਸੋਚ ਵਾਲਿਆਂ ਦੀ ਨਜ਼ਰ ਵਿਚ ਉਹ ਵੀ ਸੋਧਵਾਦੀ ਹੀ ਸਨ। ਇਸ ਲਈ ਉਹ ਇੱਕ ਸੋਧਵਾਦੀ ਦਾ ਰਗੜਾ ਕੱਸਣ ਦੇ ਇਸ ਮੌਕੇ ਨੂੰ ਖੁੰਝਣ ਨਹੀਂ ਦੇਣਾ ਚਾਹੁੰਦੇ ਸਨ।

ਬਹੁਤੇ ਸੱਜਣ ਬੀਅਰ ਦੇ ਗਲਾਸ ਫੜੀ ਬੈਠੇ ਸਨ ਤੇ ਇੱਕ ਦੋਂਹ ਨੇ ਸਿਗਰਟਾਂ ਵੀ ਸੁਲਗਾਈਆਂ ਹੋਈਆਂ ਸਨ। ਇੱਕ ਕਾਮਰੇਡ ਨੇ ਸਰਦਾਰ ਗੁਰਬਖਸ਼ ਸਿੰਘ ਨੂੰ ਬੀਰ ਦੇ ਗਲਾਸ ਦੀ ਸੁਲਾਹ ਵੀ ਮਾਰੀ। ਉਨ੍ਹਾਂ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਨਾਂਹ ਕਰ ਦਿੱਤੀਇੱਕ ਸਿੱਧੜ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਲੇਖਕ ਕਹਿਣ/ਦੱਸਣ ਦਾ ਕੁਝ ਵਧੇਰੇ ਹੀ ਸ਼ੌਕੀਨ ਸੀ, ਸਰਦਾਰ ਗੁਬਖਸ਼ ਸਿੰਘ ਨਾਲ ਆਪਣੀ ਨੇੜਤਾ ਜ਼ਾਹਰ ਕਰਨ ਦੇ ਇਸ ਸੁਨਹਿਰੀ ਮੌਕੇ ਨੂੰ ਕਿਵੇਂ ਲੰਘ ਜਾਣ ਦਿੰਦਾ? ਉਹਨੇ ਆਪ ਹੀ ਉੱਠ ਕੇ ਸਰਦਾਰ ਗੁਰਬਖਸ਼ ਸਿੰਘ ਨੂੰ ਬੇਨਤੀ ਕਰ ਦਿੱਤੀ ਕਿ ਉਹ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ।

ਹਾਲੀਂ ਗੁਰਬਖਸ਼ ਸਿੰਘ ਜੀ ਨੇ ਕੁਝ ਸ਼ਬਦ ਹੀ ਬੋਲੇ ਸਨ ਕਿ ਇੱਕ ਕਾਮਰੇਡ ਨੇ ਬਿਨਾਂ ਸੋਚੇ ਸਮਝੇ ਉੱਠ ਕੇ ਸਵਾਲ ਕਰ ਦਿੱਤਾ, “ਤੁਸੀਂ ਕਿਸੇ ਸਮੇਂ ਸਟਾਲਿਨ ਨੂੰ ਅਮਨ ਦਾ ਦੇਵਤਾ ਲਿਖਦੇ ਹੁੰਦੇ ਸੀ, ਹੁਣ ਉਹਨੂੰ ਡਿਕਟੇਟਰ ਲਿਖਦੇ ਹੋ। ਇਹਨੂੰ ਅਸੀਂ ਕੀ ਸਮਝੀਏ?” ਇਸ ਤੋਂ ਪਹਿਲਾਂ ਕਿ ਗੁਰਬਖਸ਼ ਸਿੰਘ ਜੀ ਕੁਝ ਕਹਿੰਦੇ, ਇੱਕ ਹੋਰ ਨੇ ਉੱਠ ਕੇ ਕਿਹਾ, “ਰੂਸ ਦੇ ਲੀਡਰ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਉਹ ਉੰਨਾ ਚਿਰ ਚੁੱਪ ਹੋ ਕੇ ਨਹੀਂ ਬੈਠਣਗੇ ਜਿੰਨਾ ਚਿਰ ਸਾਰੀ ਦੁਨੀਆ ਦੇ ਮੁਲਕਾਂ ਵਿਚ ਇਨਕਲਾਬ ਨਹੀਂ ਆ ਜਾਂਦਾ, ਹੁਣ ਕਿਉਂ ਉਹ ਜੁਗਾਲੀ ਪਏ ਹੋਏ ਆ?” ਤੇ ਨਾਲ ਹੀ ਉਹ ਇਹ ਵੀ ਕਹਿ ਗਿਆ, “ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸਾਂਗਾ

ਇਨ੍ਹਾਂ ਸਵਾਲਾਂ ਦੇ ਨਾਲ ਹੀ ਹੋਰ ਕਈ ਸੱਜਣ ਆਪੋ ਆਪਣੀਆਂ ਸੁਰਾਂ ਅਲਾਪਣ ਲੱਗ ਪਏ। ਇਸ ਮੱਛੀ ਬਜ਼ਾਰ ਵਿਚ ਸਰਦਾਰ ਗੁਰਬਖਸ਼ ਸਿੰਘ ਜੀ ਵਰਗੇ ਕੋਮਲ ਭਾਵੀ ਬੰਦੇ ਲਈ ਕੁਝ ਕਹਿਣ ਸੁਣਨ ਦੀ ਲੋੜ ਨਹੀਂ ਰਹਿ ਗਈ ਸੀ। ਉਹ ਘਬਰਾ ਕੇ ਆਪਣੀ ਥਾਂ ’ਤੇ ਬੈਠ ਗਏ ਤੇ ਅਜੀਤ ਦੁਸਾਂਝ ਨੂੰ ਕਿਹਾ, “ਤੁਸੀਂ ਮੈਨੂੰ ਕਿਹੋ ਜਿਹੀ ਥਾਂ ’ਤੇ ਲੈ ਆਏ? ਹੁਣੇ ਉੱਠੋ ਤੇ ਮੈਨੂੰ ਘਰ ਛੱਡ ਆਵੋ।”

ਜੋ ਕੁਝ ਵਾਪਰ ਰਿਹਾ ਸੀ, ਉਹਨੂੰ ਦੇਖ ਕੇ ਅਜੀਤ ਦੁਸਾਂਝ ਆਪ ਵੀ ਕੁਝ ਮਾਯੂਸ ਹੋ ਗਿਆ ਸੀ। ਉਹ ਸ. ਗੁਰਬਖਸ਼ ਸਿੰਘ ਜੀ ਨੂੰ ਨਾਲ ਲੈ ਕੇ ਆਪਣੇ ਘਰ ਨੂੰ ਤੁਰ ਗਿਆ ਤੇ ਪਿੱਛੋਂ ਸਾਡੇ ਇਹ ਕਾਮਰੇਡ ਇੱਕ ਸੋਧਵਾਦੀ ਨੂੰ ਮੈਦਾਨੋਂ ਕੱਢ ਕੇ ਆਪਣੀ ਜਿੱਤ ਦੇ ਡੰਕੇ ਵਜਾਉਂਦੇ ਰਹੇ। ਮੈਂ ਆਪਣੀ ਥਾਵੇਂ ਰੋਣਹਾਕਾ ਹੋਇਆ ਬੈਠਾ ਸਾਂ ਕਿ ਮੇਰੀਆਂ ਅੱਖਾਂ ਸਾਹਮਣੇ ਇਨ੍ਹਾਂ ਨੇ ਉਸ ਮਹਾਨ ਵਿਅਕਤੀ ਦੀ ਹੇਠੀ ਕੀਤੀ ਸੀ, ਜਿਸ ਲਈ ਮੇਰੇ ਦਿਲ ਵਿਚ ਅਥਾਹ ਸਤਿਕਾਰ ਸੀ। ਕੀ ਇਹ ਲੋਕ ਸਰਦਾਰ ਗੁਰਬਖਸ਼ ਸਿੰਘ ਨੂੰ ਪੂਰਾ ਸਤਿਕਾਰ ਦਿੰਦਿਆਂ ਹੋਇਆਂ ਵੀ ਉਨ੍ਹਾਂ ਨਾਲ ਖ਼ਿਆਲਾਂ ਦੇ ਵਿਰੋਧ ਨੂੰ ਜ਼ਾਹਰ ਨਹੀਂ ਕਰ ਸਕਦੇ ਸਨ? ਕੀ ਆਪਣੇ ਹੀ ਮਾਪਿਆਂ ਨਾਲ ਵੀ ਸਾਡੀ ਖਿਆਲਾਂ ਦੀ ਅਸਹਿਮਤੀ ਨਹੀਂ ਹੁੰਦੀ? ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਅਸੀਂ ਬਾਜ਼ਾਰ ਵਿਚ ਖੜ੍ਹ ਕੇ ਉਨ੍ਹਾਂ ਦੇ ਮਾਣ ਅਤੇ ਸਤਿਕਾਰ ਦਾ ਖਿਆਲ ਕੀਤੇ ਬਿਨਾਂ ਹੀ ਉਨ੍ਹਾਂ ਨਾਲ ਬਦਕਲਾਮੀ ਕਰੀਏ? ਕਦੋਂ ਸਿੱਖਣਗੇ ਇਹ ਆਪਣੇ ਆਪ ਨੂੰ ਕਾਮਰੇਡ ਕਹਿਣ ਕਹਾਉਣ ਵਾਲੇ ਲੋਕ ਕਿ ਇਨ੍ਹਾਂ ਦਾ ਇਹ ਘਟੀਆ ਵਤੀਰਾ ਲੋਕਾਂ ਨੂੰ ਇਨ੍ਹਾਂ ਦੇ ਨੇੜੇ ਲਿਆਉਣ ਦੀ ਥਾਂ ਹੋਰ ਦੂਰ ਕਰਦਾ ਜਾ ਰਿਹਾ ਹੈ?

ਦੂਜੇ ਦਿਨ ਮੈਂ ਆਪ ਅਜੀਤ ਦੁਸਾਂਝ ਦੇ ਘਰ ਜਾ ਕੇ ਸਰਦਾਰ ਗੁਰਬਖਸ਼ ਸਿੰਘ ਜੀ ਤੋਂ ਇਨ੍ਹਾਂ ਕਾਮਰੇਡਾਂ ਦੇ ਵਤੀਰੇ ਲਈ ਮੁਆਫੀ ਮੰਗੀ ਤੇ ਕੁਝ ਚਿਰ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਦੇ ਵਿਚਾਰ ਸੁਣੇ। ਭਾਵੇਂ ਮੈਂ ਆਪ ਵੀ ਸਰਦਾਰ ਗੁਰਬਖਸ਼ ਸਿੰਘ ਦੀ ਸਮਾਜਵਾਦ ਵਲ ਰੁਮਾਂਟਿਕ ਤੇ ਆਦਰਸ਼ਵਾਦੀ ਪਹੁੰਚ ਨਾਲ ਅਸਿਹਮਤ ਸਾਂ ਫੇਰ ਵੀ ਇਹਦਾ ਮਤਲਬ ਇਹ ਨਹੀਂ ਸੀ ਕਿ ਮੈਂ ਉਨ੍ਹਾਂ ਦੀ ਸੁਹਿਰਦਤਾ ਅਤੇ ਪੰਜਾਬੀ ਜ਼ੁਬਾਨ ਅਤੇ ਸਾਹਿਤ ਦੀ ਉਸਾਰੀ ਵਿਚ ਪਾਏ ਅਮੁੱਲ ਯੋਗਦਾਨ ਨੂੰ ਭੁੱਲ ਜਾਂਦਾ। ਮੇਰੇ ਦਿੱਲ ਅੰਦਰ ਸਰਦਾਰ ਗੁਰਬਖਸ਼ ਸਿੰਘ ਲਈ ਹੁਣ ਵੀ ਉੰਨਾ ਹੀ ਸਤਿਕਾਰ ਕਾਇਮ ਸੀ, ਜਿੰਨਾ ਚੜ੍ਹਦੀ ਜਵਾਨੀ ਦੇ ਦਿਨਾਂ ਵਿਚ ਸੀ।

ਕਈ ਦਿਨ ਤੱਕ ਮੇਰੇ ਦਿਮਾਗ ਵਿਚ ਇਹ ਸੋਚ ਚਲਦੀ ਰਹੀ ਕਿ ਮਾਰਕਸਵਾਦ ਵਰਗੇ ਮਹਾਨ ਫਲਸਫੇ ਨਾਲ ਜੁੜੇ ਹੋਣ ਦੀ ਸੌਂਹ ਖਾਣ ਵਾਲੇ ਇਨ੍ਹਾਂ ਕਾਮਰੇਡਾਂ ਵਿਚ ਇਹ ਗਲਤ ਰੁਝਾਨ ਕਿਵੇਂ ਪੈਦਾ ਹੋ ਗਏ ਤੇ ਮੈਂ ਇਨ੍ਹਾਂ ਨੂੰ ਦੂਰ ਕਰਨ ਵਿਚ ਕਿਸ ਤਰ੍ਹਾਂ ਯੋਗਦਾਨ ਪਾ ਸਕਦਾ ਹਾਂ? ਮੈਂ ਤਾਂ ਹੀ ਕੁਝ ਕਰ ਸਕਦਾ ਸਾਂ ਜੇ ਮੈਂ ਆਪ ਇਨ੍ਹਾਂ ਕਾਮਰੇਡਾਂ ਵਿਚ ਵਿਚਰਦਾ ਤੇ ਇਨ੍ਹਾਂ ਨਾਲ ਮੇਲ ਜੋਲ ਪੈਦਾ ਕਰਦਾ। ਇਹ ਵੀ ਇਕ ਕਾਰਨ ਸੀ ਕਿ ਇਸ ਪਿੱਛੋਂ ਮੈਂ ਛੇਤੀ ਹੀ ਭਾਰਤੀ ਮਜ਼ਦੂਰ ਸਭਾ ਦਾ ਮੈਂਬਰ ਬਣ ਗਿਆ।

*****

(528)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author