BarjinderKBisrao7ਹੈਂ! ਇਹ ਤੂੰ ਕੀ ਕਰਨ ਲੱਗੀ ਸੀ? ... ਉਹ ਜਿਹੜੇ ਤਿੰਨੋਂ ਲਾਚਾਰ ਤੇਰੇ ਮੂੰਹ ਵੱਲ ...
(3 ਫਰਵਰੀ 2023)


ਸਵੇਰ ਦਾ ਵਕਤ ਸੀ। ਸੁਮਨ ਘਰੋਂ ਨਿਕਲਣ ਲੱਗੀ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਅਵਾਜ਼ ਮਾਰੀ, “ਮੰਮੀ
, ਮੈਂ ਤੇਰੇ ਉੱਠਣ ਦੀ ਉਡੀਕ ਈ ਕਰਦਾ ਸੀ ... ਮੈਨੂੰ ਤਾਂ ਅੱਧੀ ਰਾਤ ਤੋਂ ਈ ਬਹੁਤ ਪਿਆਸ ਲੱਗੀ ਏਮੈਂ ਥੋਨੂੰ ਹਾਕ ਨੀ ਮਾਰੀ ... ਮੈਂ ਸੋਚਿਆ ਕਾਹਨੂੰ ਨੀਂਦ ਖਰਾਬ ਕਰਨੀ ਆ... ਔਹ! ਪਾਣੀ ਦਾ ਗਿਲਾਸ ਫੜਾ ਦਿਓ।”

ਅਜੇ ਸੁਮਨ ਆਪਣੇ ਪੁੱਤਰ ਜੀਤੇ ਨੂੰ ਪਾਣੀ ਫੜਾ ਰਹੀ ਸੀ ਕਿ ਉਸ ਦਾ ਪਤੀ ਖੰਘਦਾ ਹੋਇਆ ਬੋਲਿਆ, “ਸੁਮਨ ਤੂੰ ਸੈਰ ਕਰਨ ਚੱਲੀ ਏਂ? ... ਚੱਲ ਆ ਕੇ ਚਾਹ ਬਣਾ ਦੇਵੀਂ, ਮੇਰਾ ਸਰੀਰ ਬਹੁਤ ਟੁੱਟ ਰਿਹੈ!”

ਸੁਮਨ ਦੀ ਧੀ ਅੰਦਰ ਪਈ ਦਰਦ ਨਾਲ ਕੁਰਲਾ ਰਹੀ ਸੀ। ਸੁਮਨ ਉਸ ਨੂੰ ਦਵਾਈ ਦੇ ਕੇ ਜਲਦੀ ਨਾਲ ਬਾਹਰਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਚਲੀ ਗਈ ਉਹ ਤੇਜ਼ ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਜਿਵੇਂ ਕਿਤੇ ਉਸ ਨੂੰ ਜਾਣ ਦੀ ਬਹੁਤ ਕਾਹਲੀ ਹੋਵੇ

ਸਵੇਰ ਨੂੰ ਸੈਰ ਕਰਨ ਤਾਂ ਸੁਮਨ ਹਰ ਰੋਜ਼ ਹੀ ਜਾਂਦੀ ਸੀ ਪਰ ਅੱਜ ਉਹ ਕੁਝ ਉੱਖੜੀ ਉੱਖੜੀ, ਸੋਚਾਂ ਵਿੱਚ ਡੁੱਬੀ ਇੰਝ ਤੁਰੀ ਜਾ ਰਹੀ ਸੀ ਜਿਵੇਂ ਆਪਣੇ ਸਿਰੋਂ ਕੋਈ ਬੋਝ ਲਾਹੁਣ ਚੱਲੀ ਹੋਵੇ। ਉਸ ਦੇ ਤੁਰੀ ਜਾਂਦੀ ਦੇ ਉਸ ਦੀਆਂ ਸੋਚਾਂ ਦੇ ਨਾਲ ਨਾਲ਼ ਚਿਹਰੇ ਦੇ ਹਾਵ ਭਾਵ ਵੀ ਬਦਲ ਰਹੇ ਸਨ।

ਸੁਮਨ ਨਹਿਰ ’ਤੇ ਪੁੱਜੀ ਤਾਂ ਨਹਿਰ ਸੁੱਕੀ ਪਈ ਸੀ। ਨਹਿਰ ਦੇ ਪੁਲ ਦੀ ਕੰਧੜੀ ’ਤੇ ਪੰਜ ਕੁ ਮਿੰਟ ਬੈਠ ਕੇ ਉਹ ਕੁਝ ਸੋਚਦੀ ਰਹੀ ਤੇ ਫਿਰ ਘਰ ਵੱਲ ਨੂੰ ਮੋੜੇ ਪਾਉਣ ਲੱਗੀ ਤਾਂ ਹਉਕਾ ਲੈ ਕੇ ਆਖਣ ਲੱਗੀ, “ਚੰਗਾ ਪਰਮਾਤਮਾ! ਜਿਵੇਂ ਤੇਰੀ ਮਰਜ਼ੀ ... ਖਬਰੇ ਹੋਰ ਕਿੰਨੇ ਕੁ ਇਮਤਿਹਾਨ ਲੈਣੇ ਆ ...!”

ਸੁਮਨ ਦਾ ਪਤੀ ਹਰਨਾਮ ਪਹਿਲਾਂ ਬੜਾ ਸੋਹਣਾ ਕੰਮ ’ਤੇ ਜਾਂਦਾ ਸੀ ਤੇ ਕਮਾਈ ਵੀ ਬਹੁਤ ਵਧੀਆ ਸੀ। ਘਰ ਦਾ ਗੁਜ਼ਾਰਾ ਬੜਾ ਵਧੀਆ ਹੁੰਦਾ ਸੀ। ਜੀਤਾ ਕਾਲਜ ਪੜ੍ਹਦਾ ਸੀ। ਉਸ ਦਾ ਐੱਮ ਬੀ ਏ ਦਾ ਆਖਰੀ ਸਾਲ ਹੀ ਸੀ ਕਿ ਇੱਕ ਦਿਨ ਕਾਲਜ ਤੋਂ ਆਉਂਦੇ ਸਮੇਂ ਉਸ ਦੇ ਮੋਟਰਸਾਈਕਲ ਵਿੱਚ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਸੀ ਤੇ ਜੀਤੇ ਦੀ ਲੱਤ ਦੀ ਹੱਡੀ ਦੋ ਥਾਂਵਾਂ ਤੋਂ ਟੁੱਟ ਗਈ ਸੀ। ਉਸ ਤੋਂ ਕੁਝ ਦਿਨ ਬਾਅਦ ਹੀ ਹਰਨਾਮ ਨੂੰ ਹਲਕਾ ਹਲਕਾ ਲਗਾਤਾਰ ਬੁਖਾਰ ਰਹਿਣ ਲੱਗਿਆ ਸੀਡਾਕਟਰੀ ਰਿਪੋਰਟ ਵਿੱਚ ਉਸ ਨੂੰ ਕੈਂਸਰ ਨਿਕਲ ਆਇਆ ਸੀ ਤੇ ਸੁਮਨ ਉਸ ਦਾ ਇਲਾਜ ਕਰਵਾਉਣ ਲੱਗੀ ਸੀਛੋਟੀ ਕੁੜੀ ਬਚਪਨ ਵਿੱਚ ਹੀ ਪੋਲੀਓ ਕਰਕੇ ਦੋਵੇਂ ਲੱਤਾਂ ਤੋਂ ਅਪਾਹਜ ਹੋਈ ਬੈਠੀ ਸੀ। ਤਿੰਨਾਂ ਮਹੀਨਿਆਂ ਵਿੱਚ ਘਰ ਦੇ ਖੱਲਾਂ ਖੂੰਜਿਆਂ ਵਿੱਚੋਂ ਹੂੰਝ ਕੇ ਸੁਮਨ ਸਾਰੇ ਪੈਸੇ ਖ਼ਰਚ ਕਰ ਚੁੱਕੀ ਸੀ। ਹੁਣ ਉਸ ਲਈ ਤਿੰਨਾਂ ਜੀਆਂ ਦਾ ਬੋਝ ਉਠਾਉਣਾ ਅਤਿਅੰਤ ਔਖਾ ਹੋ ਰਿਹਾ ਸੀ। ਸਾਰਿਆਂ ਦੇ ਇਲਾਜ ਲਈ ਹੁਣ ਘਰ ਵੇਚਣ ਤੱਕ ਦੀ ਨੌਬਤ ਆ ਗਈ ਸੀ। ਇਸੇ ਲਈ ਸੁਮਨ ਬਹੁਤ ਪ੍ਰੇਸ਼ਾਨ ਸੀ ਤੇ ਉਹ ਆਤਮ ਹੱਤਿਆ ਕਰਨ ਲਈ ਨਹਿਰ ’ਤੇ ਪੁੱਜੀ ਸੀ।

ਉੱਥੋਂ ਤੁਰਨ ਲੱਗੀ ਸੁਮਨ ਦੇ ਅੰਦਰਂ ਅਵਾਜ਼ ਆਈ, “ਹੈਂ! ਇਹ ਤੂੰ ਕੀ ਕਰਨ ਲੱਗੀ ਸੀ? ... ਉਹ ਜਿਹੜੇ ਤਿੰਨੋਂ ਲਾਚਾਰ ਤੇਰੇ ਮੂੰਹ ਵੱਲ ਤੱਕਦੇ ਰਹਿੰਦੇ ਹਨ, ਜਿਹਨਾਂ ਨੂੰ ਤੇਰੇ ਸਿਵਾਏ ਕੋਈ ਹੋਰ ਪੁੱਛਣ ਵਾਲ਼ਾ ਨਹੀਂ ... ਤੂੰ ਉਨ੍ਹਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ? ...ਮੇਰੀ ਮੱਤ ਮਾਰੀ ਗਈ ਸੀ?”

ਸੁਮਨ ਮਨ ਹੀ ਮਨ ਵਿੱਚ ਆਖਣ ਲੱਗੀ, “ਹੇ ਪਰਮਾਤਮਾ! ਤੂੰ ਬਹੁਤ ਬੇਅੰਤ ਹੈਂ ... ਜੇ ਨਹਿਰ ਚਲਦੀ ਹੁੰਦੀ ਤਾਂ ... ਤਾਂ ...!” ਇਹ ਸੋਚ ਕੇ ਸੁਮਨ ਦੀ ਚੀਕ ਨਿਕਲ ਗਈ। ਉਹ ਆਪਣੇ ਆਪ ਨੂੰ ਫਿਟਕਾਰ ਪਾਉਣ ਲੱਗੀ ਕਿ ਉਹ ਜ਼ਿੰਦਗੀ ਵਿੱਚ ਫਿਰ ਕਦੇ ਅਜਿਹਾ ਨਹੀਂ ਸੋਚੇਗੀ, ਚਾਹੇ ਉਸ ਨੂੰ ਕਿੰਨੇ ਵੀ ਸਖ਼ਤ ਹਾਲਾਤ ਵਿੱਚੋਂ ਲੰਘਣਾ ਪਵੇ।

ਸੁਮਨ ਕਾਹਲੀ ਕਾਹਲੀ ਘਰ ਪਹੁੰਚ ਗਈ। ਸੁਮਨ ਦਾ ਪਤੀ ਉਸ ਨੂੰ ਪੁੱਛਣ ਲੱਗ, “ਅੱਜ ਸੈਰ ਨੂੰ ਬੜੀ ਦੇਰ ਲੱਗ ਗਈ ... ਮੇਰੇ ਬੜਾ ਦਰਦ ਉੱਠਦਾ ... ਜਲਦੀ ਦਵਾਈ ਦੇ ਦੇ।”

ਜੀਤਾ ਤੇ ਛੋਟੀ ਕੁੜੀ ਵੀ ਆਪਣੀ ਮਾਂ ਦੀ ਉਡੀਕ ਕਰ ਰਹੇ ਸਨ। ਮਾਂ ਦੇ ਅੰਦਰ ਵੜਦਿਆਂ ਹੀ ਲਾਚਾਰ ਜਿਹੇ ਦੋਵਾਂ ਜੀਆਂ ਦੇ ਚਿਹਰੇ ’ਤੇ ਇੱਕਦਮ ਖੁਸ਼ੀ ਆ ਗਈ।

ਤਿੰਨ ਵਰ੍ਹੇ ਬਾਅਦ ਇਹ ਸਭ ਕੁਝ ਸੁਮਨ ਆਪਣੀ ਨਵੀਂ ਵਿਆਹੀ ਆਈ ਨੂੰਹ ਨੂੰ ਘਰ ਦੀ ਬਗੀਚੀ ਵਿੱਚ ਬੈਠੀ ਦੱਸ ਰਹੀ ਸੀ।

ਨੂੰਹ ਪੁੱਛਣ ਲੱਗੀ, “ਫੇਰ ਕੀ ਹੋਇਆ ਮੰਮੀ ਜੀ?

“ਬੱਸ ਫੇਰ ਕੀ ਸੀ, ਮੈਂ ਘਰ ਵੇਚ ਦਿੱਤਾ, ਮਹੀਨਾ ਕੁ ਇਲਾਜ ਕਰਵਾ ਕੇ ਜੀਤਾ ਠੀਕ ਹੋ ਗਿਆ। ਫਿਰ ਅਸੀਂ ਦੋਨੋਂ ਜਣੇ ਤੁਹਾਡੇ ਪਾਪਾ ਦਾ ਇਲਾਜ ਕਰਵਾਉਂਦੇ ਰਹੇ। ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ, ਤਿੰਨ ਕੁ ਮਹੀਨੇ ਬਾਅਦ ਉਹ ਸਾਨੂੰ ਛੱਡ ਕੇ ਚਲੇ ਗਏ। ਜੀਤੇ ਦੀ ਐੱਮ ਬੀ ਏ ਪੂਰੀ ਹੋ ਕੇ ਨੌਕਰੀ ਮਿਲ ਗਈ। ਜਿਹੜੇ ਪੈਸੇ ਬਚਦੇ ਸਨ, ਉਹਨਾਂ ਦਾ ਪਲਾਟ ਲੈ ਲਿਆ ਤੇ ਜੀਤੇ ਨੇ ਇਹ ਘਰ ਬਣਾ ਲਿਆ। ਛੋਟੀ ਕੁੜੀ ਨੂੰ ਤੂੰ ਆਪਣੀ ਮਾਂ ਵਰਗੀ ਪਿਆਰੀ ਭਾਬੀ ਮਿਲ਼ ਗਈ ਹੈਂ। ਹੁਣ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ... ਹੋਰ ਪਰਮਾਤਮਾ ਤੋਂ ਸਾਨੂੰ ਕੀ‌ ਚਾਹੀਦਾ!”

“ਬੇਟਾ! ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਏ, ਕਦੇ ਉਹ ਗਲਤ ਕਦਮ ਨਹੀਂ ਉਠਾਉਣਾ ਚਾਹੀਦਾ ਜੋ ਮੈਂ ਉਸ ਵੇਲੇ ਉਠਾਉਣ ਲੱਗੀ ਸੀ। ਉਹ ਸਭ ਸੋਚ ਕੇ ਮੇਰੀ ਰੂਹ ਕੰਬ ਜਾਂਦੀ ਹੈ ਕਿ ਮੈਂ ਇਹਨਾਂ ਸਭਨਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ। ਜਿਵੇਂ ਹਰ ਰਾਤ ਤੋਂ ਬਾਅਦ ਨਵੀਂ ਸਵੇਰ ਨੇ ਆਉਣਾ ਹੀ ਹੁੰਦਾ ਹੈ, ਉਸੇ ਤਰ੍ਹਾਂ ਔਖੇ ਵੇਲੇ ਤੋਂ ਬਾਅਦ ਚੰਗੇ ਦਿਨ ਵੀ ਆਉਂਦੇ ਹੀ ਹਨ। ਬੱਸ ਔਖੇ ਵੇਲੇ ਦਾ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ।”

ਸੁਮਨ ਅਤੇ ਉਸਦੀ ਨੂੰਹ ਇੱਕ ਦੂਜੀ ਦੇ ਹੱਥਾਂ ਨੂੰ ਇਵੇਂ ਘੁੱਟਣ ਲੱਗੀਆਂ ਜਿਵੇਂ ਇੱਕ ਦੂਜੀ ਦੀ ਨਵੀਂ ਸਵੇਰ ਬਣ ਕੇ ਇੱਕ ਦੂਜੀ ਦੀ ਜ਼ਿੰਦਗੀ ਵਿੱਚ ਰੋਸ਼ਨੀ ਬਖੇਰ ਰਹੀਆਂ ਹੋਣ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3774)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)