“ਜਿਹੜੇ ਘਰਾਂ ਵਿੱਚ ਮਾਪਿਆਂ ਦਾ ਸਤਿਕਾਰ ਹੁੰਦਾ ਹੈ, ਉਹ ਘਰ ਕਿਸੇ ਸਵਰਗ ਤੋਂ ਘੱਟ ...”
(29 ਸਤੰਬਰ 2025)
“ਮਾਪੇ” ਸ਼ਬਦ ਸੋਚ ਵਿੱਚ ਆਉਂਦਿਆਂ ਹੀ ਅੱਖਾਂ ਅੱਗੇ ਦੋ ਜਣਿਆਂ ਦੀ ਇੱਕ ਪਿਆਰੀ ਜਿਹੀ ਤਸਵੀਰ ਘੁੰਮਣ ਲਗਦੀ ਹੈ, ਜਿਸ ਵਿੱਚੋਂ ਦੀ ਹਰ ਕਿਸੇ ਨੂੰ ਆਪਣੇ ਬਚਪਨ ਤੋਂ ਲੈਕੇ ਜਵਾਨੀ ਤਕ ਦਾ ਪਰਿਵਾਰਕ ਸਫ਼ਰ ਨਜ਼ਰ ਆਉਣ ਲਗਦਾ ਹੈ। ਇਹ ਅਨੁਭਵ ਮਨ ਨੂੰ ਵੱਖਰਾ ਹੀ ਸਕੂਨ ਜਿਹਾ ਦਿੰਦਾ ਹੈ। ਮਾਪੇ ਹਮੇਸ਼ਾ ਆਪਣੇ ਬੱਚਿਆਂ ਲਈ ਹਰ ਜਗ੍ਹਾ ਡਟ ਕੇ ਖੜ੍ਹੇ ਦਿਖਾਈ ਦਿੰਦੇ ਹਨ। ਕਦੇ ਜ਼ਿੰਦਗੀ ਵਿੱਚ ਜਦੋਂ ਬੱਚਾ ਕੁਝ ਡਾਵਾਂਡੋਲ ਹੋ ਕੇ ਪਿੱਛੇ ਮੁੜਨ ਲੱਗੇ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਬਰ ਤਿਆਰ ਹੁੰਦੇ ਹਨ। ਮਾਪੇ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਨੂੰ ਸਾਰੀ ਉਮਰ ਹੌਸਲਾ ਦਿੰਦੇ ਹਨ। ਮਾਪੇ ਜ਼ਿੰਦਗੀ ਦੇ ਸਾਰੇ ਚਣੌਤੀਪੂਰਣ ਪਲਾਂ ਵਿੱਚ ਵੀ ਆਪਣੇ ਬੱਚਿਆਂ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਮਾਂ ਬਾਪ ਘਰ ਰੂਪੀ ਗੱਡੀ ਦੇ ਦੋ ਪਹੀਏ ਹੁੰਦੇ ਹਨ, ਜੋ ਗ੍ਰਹਿਸਥ ਰੂਪੀ ਡੱਬਿਆਂ ਨੂੰ ਖਿੱਚਦੇ ਖਿੱਚਦੇ ਅੱਗੇ ਤੋਰਦਿਆਂ ਹੋਇਆਂ ਵਧਦੇ ਜਾਂਦੇ ਹਨ। ਬੱਚਿਆਂ ਦੀ ਜ਼ਿੰਦਗੀ ਵਿੱਚ ਦੋਵਾਂ ਦੀ ਮੌਜੂਦਗੀ ਬਰਾਬਰ ਦੀ ਅਹਿਮੀਅਤ ਰੱਖਦੀ ਹੈ। ਜੇ ਮਾਂ ਨੂੰ ਠੰਢੀ ਛਾਂ ਕਿਹਾ ਜਾਂਦਾ ਹੈ ਤਾਂ ਪਿਤਾ ਦੀ ਤੁਲਨਾ ਵੀ ਬੋਹੜ ਦੇ ਰੁੱਖ ਨਾਲ ਕੀਤੀ ਗਈ ਹੈ। ਮਾਂ ਤੜਕੇ ਸਭ ਤੋਂ ਪਹਿਲਾਂ ਉੱਠ ਕੇ ਰਾਤ ਨੂੰ ਸਭ ਤੋਂ ਆਖਰ ਵਿੱਚ ਸੌਂਦੀ ਹੈ। ਸਾਰਾ ਦਿਨ ਉਹ ਆਪਣੇ ਬੱਚਿਆਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਲੱਗੀ ਰਹਿੰਦੀ ਹੈ। ਪਿਤਾ ਆਪਣੇ ਬੱਚਿਆਂ ਦੇ ਚੰਗੇ ਪਾਲਣ ਪੋਸਣ ਲਈ ਸਵੇਰ ਤੋਂ ਲੈਕੇ ਰਾਤ ਤਕ ਮਿਹਨਤ ਮਜ਼ਦੂਰੀ ਕਰਕੇ ਕਮਾਈ ਕਰਕੇ ਘਰ ਆਉਂਦਾ ਹੈ। ਇਸ ਤਰ੍ਹਾਂ ਦੋਵੇਂ ਜਣੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ।
ਮਾਤਾ ਪਿਤਾ ਦਾ ਲਾਡ, ਉਹਨਾਂ ਦੁਆਰਾ ਦਿੱਤਾ ਪਿਆਰ ਅਤੇ ਉਤਸ਼ਾਹ ਬੱਚੇ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਵੱਲ ਸਿਖਾਉਂਦਾ ਹੈ। ਜਦੋਂ ਬੱਚਾ ਆਪਣੇ ਮਾਪਿਆਂ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਜਦੋਂ ਬੱਚਾ ਤੋਤਲੀ ਜ਼ਬਾਨ ਵਿੱਚ ਬੋਲਦਾ ਹੈ ਤਾਂ ਸਭ ਤੋਂ ਵੱਧ ਮਾਪੇ ਹੀ ਉਸਦੀ ਭਾਸ਼ਾ ਨੂੰ ਸਮਝ ਸਕਦੇ ਹਨ। ਉਹਨਾਂ ਦੇ ਦਬਕੇ ਵਿੱਚ ਵੀ ਪਿਆਰ ਦੀ ਖ਼ੁਸ਼ਬੂ ਭਰੀ ਹੁੰਦੀ ਹੈ, ਜੋ ਬੱਚੇ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਦੋ ਹੱਥ ਕਰਨ ਦੇ ਸਮਰੱਥ ਬਣਾਉਂਦੀ ਹੈ। ਜ਼ਿੰਦਗੀ ਦੀਆਂ ਜੋ ਮੌਜ-ਬਹਾਰਾਂ, ਬੇਫਿਕਰੀਆਂ ਅਤੇ ਬੇਪਰਵਾਹੀਆਂ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਪਿਆਂ ਦੇ ਸਿਰ ’ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲਦੀਆਂ। ਇੱਕ ਕਹਾਵਤ ਹੈ, “ਬੇਬੇ ਬਾਪੂ ਕਹਿੰਦੇ ਸੀ, ਬੜੇ ਸੌਖੇ ਰਹਿੰਦੇ ਸੀ।” ਗੱਲ ਵੀ ਠੀਕ ਹੈ, ਮਾਪੇ ਇੱਕ ਖ਼ਜ਼ਾਨੇ ਵਾਂਗ ਹੁੰਦੇ ਹਨ। ਬੱਚੇ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਮਾਪਿਆਂ ਕੋਲੋਂ ਮੰਗਿਆਂ ਝੱਟ ਮਿਲ ਜਾਂਦੀ ਹੈ। ਉਹਨਾਂ ਦੀਆਂ ਦੁਆਵਾਂ ਨਾਲ ਬੱਚਿਆਂ ਦੀ ਕਿਸਮਤ ਦਾ ਖਜ਼ਾਨਾ ਭਰਦਾ ਰਹਿੰਦਾ ਹੈ। ਇਸ ਕਰਕੇ ਮਾਪਿਆਂ ਨੂੰ ਮਾਣ ਅਤੇ ਸਤਿਕਾਰ ਦੇਣਾ ਬੱਚਿਆਂ ਦਾ ਮੁਢਲਾ ਕਰਤਵ ਹੈ ਕਿਉਂਕਿ ਇਹ ਸਾਡੀ ਸੱਭਿਅਤਾ ਦਾ ਇੱਕ ਅਹਿਮ ਪੱਖ ਹੈ।
ਅੱਜ ਕੱਲ੍ਹ ਰਿਸ਼ਤੇ-ਨਾਤੇ ਫਿੱਕੇ ਪੈ ਰਹੇ ਹਨ। ਮਾਂ-ਬਾਪ ਬਿਰਧ ਆਸ਼ਰਮਾਂ ਵਿੱਚ ਰੁਲ ਰਹੇ ਹਨ। ਜਿਹੜੇ ਬੱਚਿਆਂ ਨੂੰ ਮਾਪਿਆਂ ਨੇ ਉਂਗਲ ਲਾ ਕੇ ਤੁਰਨਾ ਸਿਖਾਇਆ ਹੁੰਦਾ ਹੈ, ਉਹੀ ਬੱਚੇ ਬੁਢਾਪੇ ਵਿੱਚ ਮਾਪਿਆਂ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਜਾਂਦੇ ਹਨ। ਬੁੱਢੇ ਮਾਪਿਆਂ ਦੀ ਖੰਘਣ ਦੀ ਆਵਾਜ਼ ਵੀ ਉਹਨਾਂ ਦੇ ਮਨ ਅੰਦਰ ਬੇਚੈਨੀ ਪੈਦਾ ਕਰਦੀ ਹੈ। ਬਹੁਤ ਸਾਰੇ ਮਾਪੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਤਿੰਨ ਚਾਰ ਪੁੱਤਰ ਹੋਣ, ਉਹ ਵੀ ਰੁਲਦੇ ਹਨ ਜਾਂ ਆਪਸ ਵਿੱਚ ਦਿਨ ਵੰਡ ਕੇ ਉਹਨਾਂ ਨੂੰ ਵਾਰੀ ਵਾਰੀ ਮਜਬੂਰੀ ਵੱਸ ਆਪਣੇ ਕੋਲ ਰੱਖਦੇ ਹਨ। ਕਈ ਵਾਰ ਤਾਂ ਜਿਨ੍ਹਾਂ ਦੇ ਦੋ ਪੁੱਤਰ ਹੁੰਦੇ ਹਨ ਉਹ ਮਾਪਿਆਂ ਨੂੰ ਹੀ ਵੰਡ ਲੈਂਦੇ ਹਨ। ਬੜੇ ਸਹਿਜ ਸੁਭਾਅ ਹੀ ਆਪੇ ਫੈਸਲਾ ਕਰ ਲੈਂਦੇ ਹਨ ਕਿ ਇੱਕ ਕੋਲ ਮਾਂ ਰਹੇਗੀ ਤੇ ਦੂਜੇ ਕੋਲ ਪਿਤਾ ਰਹੇਗਾ। ਜਿਹੜੇ ਮਾਪਿਆਂ ਨੇ ਦੋ ਬਲਦਾਂ ਵਾਂਗ ਜੁੜ ਕੇ ਗ੍ਰਹਿਸਥ ਰੂਪੀ ਗੱਡਾ ਜੋੜ ਕੇ ਦੋਹਾਂ ਪੁੱਤਰਾਂ ਨੂੰ ਇਸ ਦੁਨੀਆਂ ਵਿੱਚ ਵਿਚਰਨ ਯੋਗ ਬਣਾਇਆ ਹੋਵੇ ਉਹਨਾਂ ਦਾ ਜਿਊਂਦੇ ਜੀਅ ਹੀ ਇੱਕ ਦੂਜੇ ਤੋਂ ਵਿਛੋੜਾ ਪਾ ਦਿੰਦੇ ਹਨ।
ਕੀ ਕਦੇ ਸੋਚਿਆ ਹੈ ਕਿ ਮਾਪਿਆਂ ਨੇ ਤਾਂ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਸੀ? ਫਿਰ ਉਹਨਾਂ ਨਾਲ ਇਹੋ ਜਿਹਾ ਵਤੀਰਾ ਕਿਉਂ? ਇਸ ਤੇਜ਼ ਰਫ਼ਤਾਰੀ ਜੀਵਨ ਵਿੱਚ ਬੱਚਿਆਂ ਵੱਲੋਂ ਮਾਪਿਆਂ ਨੂੰ ਅਣਗੌਲਿਆਂ ਕਰਨਾ ਉਹਨਾਂ ਦੀ ਬੁਢਾਪੇ ਵਿੱਚ ਘਟ ਰਹੀ ਸਰੀਰਕ ਸ਼ਕਤੀ ਦੇ ਨਾਲ ਨਾਲ ਮਾਨਸਿਕ ਤੌਰ ’ਤੇ ਵੀ ਉਹਨਾਂ ਨੂੰ ਗਹਿਰੀ ਸੱਟ ਮਾਰਦਾ ਹੈ। ਇਹ ਗੱਲਾਂ ਅੱਜ ਦੀ ਪੀੜ੍ਹੀ ਵਿੱਚ ਕਿਉਂ ਖ਼ਤਮ ਹੋ ਰਹੀਆਂ ਹਨ? ਬੱਚਿਆਂ ਵਿੱਚ ਮਾਡਰਨ ਜ਼ਿੰਦਗੀ ਜਿਊਣ ਦੇ ਚੱਕਰ ਵਿੱਚ ਮਾਪਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਕਿਉਂ ਘਟ ਗਈ ਹੈ! ਉਹ ਬੁੱਢੇ ਮਾਪਿਆਂ ਨੂੰ ਆਪਣੇ ਉੱਪਰ ਬੋਝ ਸਮਝਣ ਲੱਗ ਪਏ ਹਨ। ਜਿਹੜੇ ਘਰਾਂ ਵਿੱਚ ਮਾਪੇ ਬੋਝ ਲੱਗਣ ਲੱਗ ਪੈਣ, ਉਹ ਘਰ ਕਦੇ ਸੁਖੀ ਨਹੀਂ ਵਸ ਸਕਦੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੋ ਜਿਹੀ ਸਿੱਖਿਆ ਦੇ ਕੇ ਉਹ ਲੋਕ ਆਪਣੇ ਬੁਢਾਪੇ ਲਈ ਟੋਇਆ ਪੁੱਟ ਰਹੇ ਹੁੰਦੇ ਹਨ। ਆਪਣੇ ਮਾਪਿਆਂ ਨੂੰ ਬੋਝ ਸਮਝਣ ਦੀ ਬਜਾਏ ਉਹਨਾਂ ਦੀ ਸੰਭਾਲ ਕਰਨਾ ਹੀ ਸਾਡਾ ਸਭ ਦਾ ਇਖਲਾਕੀ ਫਰਜ਼ ਹੈ। ਜਿਹੜੇ ਘਰਾਂ ਵਿੱਚ ਮਾਪਿਆਂ ਦਾ ਸਤਿਕਾਰ ਹੁੰਦਾ ਹੈ, ਉਹ ਘਰ ਕਿਸੇ ਸਵਰਗ ਤੋਂ ਘੱਟ ਨਹੀਂ ਹੁੰਦੇ। ਉਹਨਾਂ ਦਾ ਸਮਾਜ ਵਿੱਚ ਸਤਿਕਾਰ ਵਧਦਾ ਹੈ, ਉਹ ਆਪਣੀ ਧੌਣ ਉੱਚੀ ਕਰਕੇ ਚਲਦੇ ਹਨ ਕਿਉਂਕਿ ਉਹ ਆਪਣੇ ਰੱਬ ਵਰਗੇ ਮਾਪਿਆਂ ਨੂੰ ਉਹਨਾਂ ਦੇ ਜੀਵਨ ਦੇ ਆਖਰੀ ਪੜਾਅ ਵਿੱਚ ਇੱਕ ਵਧੀਆ ਸਮਾਂ ਦੇ ਰਹੇ ਹੁੰਦੇ ਹਨ, ਜਿਸਦਾ ਅੰਦਾਜ਼ਾ ਪੂਰੇ ਪਰਿਵਾਰ ਦੀ ਖੁਸ਼ੀ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (