BarjinderKBisrao 7ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਅਤੇ ਸਰਮਾਇਆ ਔਲਾਦ ਉੱਪਰ ਲੁਟਾਕੇ ਕਿਸੇ ਯੋਗ ਬਣਾਇਆ ਹੁੰਦਾ ਹੈ, ਉਹਨਾਂ ਨੂੰ ...
(15 ਜੁਲਾਈ 2024)
ਇਸ ਸਮੇਂ ਪਾਠਕ: 365.


ਆਮ ਕਰਕੇ ਹੀ ਆਪਾਂ ਆਪਣੀ ਸੁਸਾਇਟੀ ਵਿੱਚ ਦੇਖਦੇ ਹਾਂ ਕਿ ਬਹੁਤੇ ਬਜ਼ੁਰਗ ਅਣਗੌਲੇ ਜਾਂਦੇ ਹਨ
ਇਕੱਲੇ ਘਰਦਿਆਂ ਵੱਲੋਂ ਹੀ ਨਹੀਂ, ਸਗੋਂ ਸਮਾਜ ਅਤੇ ਸਰਕਾਰਾਂ ਵੱਲੋਂ ਵੀ ਉਹਨਾਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀਸਾਡਾ ਦੇਸ਼ ਐਨਾ ਵੀ ਪ੍ਰਗਤੀਸ਼ੀਲ ਨਹੀਂ ਹੋਇਆ ਕਿ ਬਾਹਰਲੇ ਮੁਲਕਾਂ ਵਾਂਗ ਬਜ਼ੁਰਗਾਂ ਨੂੰ ਪੂਰੀ ਤਰ੍ਹਾਂ ਸੰਭਾਲਣ ਦੇ ਯੋਗ ਹੋ ਸਕੇਬਜ਼ੁਰਗਾਂ ਦੇ ਨਾਂ ’ਤੇ ਸਰਕਾਰਾਂ ਵੱਲੋਂ ਸਕੀਮਾਂ ਬਹੁਤ ਚਲਾਈਆਂ ਜਾਂਦੀਆਂ ਹਨ, ਹਰ ਜਗ੍ਹਾ ਸੀਨੀਅਰ ਸਿਟੀਜ਼ਨ ਦੇ ਨਾਂ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਰਾਖਵੇਂਕਰਨ ਦੀਆਂ ਨੀਤੀਆਂ ਅਪਣਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਦਾ ਬਜ਼ੁਰਗਾਂ ਨੂੰ ਕਿੰਨਾ ਲਾਹਾ ਮਿਲਦਾ ਹੈ ਇਹ ਤਾਂ ਸਾਡੇ ਦੇਸ਼ ਵਿੱਚ ਜਦੋਂ ਬਜ਼ੁਰਗਾਂ ਦੀਆਂ ਸੜਕਾਂ ’ਤੇ ਰੁਲਦਿਆਂ ਦੀਆਂ, ਸਮਾਜ ਸੇਵੀ ਜਥੇਬੰਦੀਆਂ ਵੱਲੋਂ ਅਜ਼ਾਦ ਕਰਵਾਉਣ ਵਾਲੀਆਂ, ਪਰਿਵਾਰਕ ਮੈਂਬਰਾਂ ਵੱਲੋਂ ਜ਼ਬਰਦਸਤੀ ਬਿਰਧ ਆਸ਼ਰਮ ਛੱਡਣ ਦੀਆਂ, ਪੈਨਸ਼ਨਾਂ ਲਈ ਵੱਡੀਆਂ ਵੱਡੀਆਂ ਲਾਈਨਾਂ ਵਿੱਚ ਖੜ੍ਹਿਆਂ ਦੀਆਂ, ਕਈ ਭ੍ਰਿਸ਼ਟਾਚਾਰ ਬੈਂਕ ਕਰਮਚਾਰੀਆਂ ਵੱਲੋਂ ਪੈਨਸ਼ਨਾਂ ਵਿੱਚ ਬਿਨਾਂ ਮਤਲਬ ਦੀਆਂ ਕਟੌਤੀਆਂ ਕਰਨ ਦੀਆਂ ਜਾਂ ਬਜ਼ੁਰਗਾਂ ਉੱਤੇ ਆਪਣੀਆਂ ਹੀ ਔਲਾਦਾਂ ਦੁਆਰਾ ਅੱਤਿਆਚਾਰ ਦੀਆਂ ਹੋਰ ਵੀ ਦਿਲ ਨੂੰ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨਇਹ ਤਾਂ ਭਲਾ ਹੋਵੇ ਉਹਨਾਂ ਰੱਬ ਦੇ ਭੇਜੇ ਹੋਏ ਫ਼ਰਿਸ਼ਤਿਆਂ ਦਾ ਜੋ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਇਹਨਾਂ ਦਾ ਸਹਾਰਾ ਬਣਦੇ ਹਨਉਸ ਤੋਂ ਪਹਿਲਾਂ ਉਹ ਬਜ਼ੁਰਗ ਪਤਾ ਨਹੀਂ ਕਿੰਨਾ ਕੁ ਸੰਤਾਪ ਭੋਗ ਚੁੱਕੇ ਹੁੰਦੇ ਹਨ

ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ। ਉਦੋਂ ਵੱਡਿਆਂ ਪ੍ਰਤੀ ਪਿਆਰ, ਸਤਿਕਾਰ, ਜ਼ਿੰਮੇਵਾਰੀ, ਸਮਾਜ ਦੀ ਸ਼ਰਮ-ਹਯਾ ਆਦਿਕ ਗੱਲਾਂ ਤਹਿਜ਼ੀਬ ਦਾ ਇੱਕ ਹਿੱਸਾ ਹੁੰਦੀਆਂ ਸਨਘਰ ਦਾ ਬਜ਼ੁਰਗ ਚਾਹੇ ਨੱਬੇ ਵਰ੍ਹਿਆਂ ਦੀ ਉਮਰ ਟੱਪ ਜਾਂਦਾ ਸੀ ਤਾਂ ਵੀ ਪੰਜ ਪੰਜ ਪੁੱਤਾਂ ਦੇ ਪਰਿਵਾਰਾਂ ਦੇ ਇਕੱਠ ਦੀ ਵਜਾਹ ਹੁੰਦਾ ਸੀਪਰ ਇਕਹਿਰੇ ਪਰਿਵਾਰਾਂ ਵਿੱਚ ਤਹਿਜ਼ੀਬ ਨਾਂ ਦਾ ਸ਼ਬਦ ਤਾਂ ਖੰਭ ਲਾ ਕੇ ਉਡ ਹੀ ਗਿਆ ਹੈਗਿੱਦੜ ਦੇ ਰੰਗ ਵਾਲੇ ਮੱਟ ਵਿੱਚ ਡਿਗ ਕੇ ਰੰਗਿਆ ਜਾਣਾ ਤੇ ਆਪਣੇ ਆਪ ਨੂੰ ਸ਼ੇਰ ਸਾਬਤ ਕਰਨ ਵਾਲਾ ਡਰਾਮਾ ਰਚਣ ਵਾਲਾ ਹਾਲ ਤਾਂ ਸਾਡੀ ਸੱਭਿਅਤਾ ਦਾ ਹੋ ਗਿਆ ਹੈਅਸੀਂ ਲੋਕ ਵੀ ਪੱਛਮੀ ਸੱਭਿਅਤਾ ਦੀ ਰੰਗਤ ਚਾੜ੍ਹ ਕੇ ਝੂਠ ਮੂਠ ਦੇ ਸ਼ੇਰ ਬਣ ਕੇ ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਕੁਝ ਗੁਆ ਰਹੇ ਹਾਂ, ਜਿਸਦੇ ਨਤੀਜੇ ਸਭ ਨੂੰ ਹੀ ਭੁਗਤਣੇ ਪੈ ਰਹੇ ਹਨਖ਼ਾਸ ਕਰਕੇ ਜਦੋਂ ਬੁਢਾਪਾ ਆਉਂਦਾ ਹੈ ਤੇ ਸਰੀਰ ਦਿਨੋ ਦਿਨ ਨਿਰਬਲ ਹੋਣ ਲਗਦਾ ਹੈ ਤਾਂ ਫਿਰ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਪਾਲੀਆਂ ਪੋਸੀਆਂ ਔਲਾਦਾਂ ਇਸ ਕਾਬਿਲ ਨਹੀਂ ਹੁੰਦੀਆਂ ਕਿ ਉਹ ਆਪਣੇ ਬਜ਼ੁਰਗਾਂ ਨੂੰ ਸਮਾਂ ਦੇ ਸਕਣ, ਉਹਨਾਂ ਨੂੰ ਸੰਭਾਲ਼ ਸਕਣ

ਆਮ ਕਰਕੇ ਨਵੀਂ ਪੀੜ੍ਹੀ ਦੇ ਨੌਜਵਾਨ ਬਜ਼ੁਰਗਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ, ਜੇ ਕੋਈ ਉਹਨਾਂ ਦੀ ਗੱਲ ਸੁਣ ਲੈਣ ਤਾਂ ਉਸ ਨੂੰ ਬਿਨਾਂ ਮਤਲਬ ਦੀ ਸਲਾਹ ਜਾਂ ਹੁਣ ਜ਼ਮਾਨਾ ਬਦਲ ਗਿਆ, ਆਖ ਕੇ ਟਾਲ਼ ਦਿੱਤਾ ਜਾਂਦਾ ਹੈਬਹੁਤਾ ਕਰਕੇ ਤਾਂ ਬਜ਼ੁਰਗਾਂ ਦਾ ਮੰਜਾ ਹੀ ਬਾਕੀ ਪਰਿਵਾਰ ਦੇ ਉੱਠਣ ਬੈਠਣ ਵਾਲੀ ਜਗ੍ਹਾ ਤੋਂ ਐਨੀ ਦੂਰ ਡਾਹ ਦਿੱਤਾ ਜਾਂਦਾ ਹੈ ਕਿ ਉਹ ਦੂਰੋਂ ਹੀ ਉਹਨਾਂ ਨੂੰ ਹੱਸਦਿਆਂ ਖੇਡਦਿਆਂ ਨੂੰ ਮੁਤਰ-ਮੁਤਰ ਦੇਖੀ ਜਾਂਦੇ ਹਨ। ਜੇ ਕਿਤੇ ਉਹ ਕਿਸੇ ਨਿਆਣੇ ਨਿੱਕੇ ਨੂੰ ਹਾਕ ਮਾਰ ਦੇਣ ਤਾਂ ਇੱਕ ਦੋ ਹਾਕਾਂ ਨੂੰ ਅਣਗੌਲਿਆਂ ਕਰ ਦਿੰਦੇ ਹਨ। ਉਨ੍ਹਾਂ ਦੁਆਰਾ ਤੀਜੀ ਚੌਥੀ ਅਵਾਜ਼ ਮਾਰਨ ’ਤੇ ਤਾਂ ਵਿੱਚੋਂ ਹੀ ਕੋਈ ਨਾ ਕੋਈ ਆਖ ਦਿੰਦਾ ਹੈ, “ਇਹਨਾਂ ਨੂੰ ਪਰੇ ਬੈਠਿਆਂ ਨੂੰ ਵੀ ਟੇਕ ਨਹੀਂ … … ਜਵਾਕਾਂ ਨੂੰ ਹੱਸਦਿਆਂ ਨੂੰ ਦੇਖ ਕੇ ਊਈਂ ਨੀ ਜਰਦੇ … … ਹਾਕਾਂ ਮਾਰ ਮਾਰ ਕੇ ਸਿਰ ਖਾ ਲਿਆ … … …।” ਉਂਝ ਉਹ ਇਕੱਲੇ ਪਰ੍ਹਾਂ ਬੈਠ ਕੇ ਕਰਨ ਵੀ ਕੀ? ਜੇ ਉਹਨਾਂ ਦਾ ਮੰਜਾ ਪਰਿਵਾਰ ਵਿੱਚ ਹੀ ਡਾਹ ਕੇ ਉਹਨਾਂ ਨੂੰ ਵੀ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦੇ ਦਿੱਤਾ ਜਾਵੇ ਤਾਂ ਉਹਨਾਂ ਦਾ ਅਤੇ ਆਪਣਾ ਸਤਿਕਾਰ ਵੀ ਵਧਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਿਆ ਵੀ ਜਾ ਸਕਦਾ ਹੈ

ਇਸ ਮਾਮਲੇ ਵਿੱਚ ਸਰਕਾਰੀ ਪੈਨਸ਼ਨਾਂ ਲੈਣ ਵਾਲੇ ਬਜ਼ੁਰਗ ਆਮ ਬਜ਼ੁਰਗਾਂ ਤੋਂ ਥੋੜ੍ਹੇ ਜਿਹੇ ਕਿਸਮਤ ਵਾਲੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਪੈਨਸ਼ਨ ਦੇ ਲਾਲਚ ਵਿੱਚ ਔਲਾਦਾਂ ਨੂੰ ਉਹਨਾਂ ਦੀ ‘ਪੁੱਛ ਗਿੱਛ’ ਕਰਨੀ ਪੈਂਦੀ ਹੈਅਸਲ ਵਿੱਚ ਪੁੱਛ ਗਿੱਛ ਪੈਨਸ਼ਨ ਦੇ ਪੈਸਿਆਂ ਦੀ ਹੁੰਦੀ ਹੈ ਨਾ ਕਿ ਬਜ਼ੁਰਗ ਦੀਇੱਕ ਵਾਰ ਫ਼ੌਜੀ ਕੰਨਟੀਨ ’ਤੇ ਘਰ ਦੀਆਂ ਜ਼ਰੂਰਤਾਂ ਲਈ ਮਾੜਾ ਮੋਟਾ ਸਮਾਨ ਲੈਣ ਲਈ ਮੈਂ ਕੰਨਟੀਨ ’ਤੇ ਗਈ, ਉੱਥੇ ਐਂਟਰੀ ਕਰਨ ਵਾਲੀ ਥਾਂ ’ਤੇ ਬਾਹਰ ਬੈਂਚ ’ਤੇ ਇੱਕ ਨੱਬੇ ਕੁ ਸਾਲ ਦਾ ਬਜ਼ੁਰਗ ਬੈਠਾ ਸੀ। ਜੇਠ ਹਾੜ੍ਹ ਦੀਆਂ ਧੁੱਪਾਂ ਨਾਲ ਉੱਪਰਲਾ ਸ਼ੈੱਡ ਲੋੜ੍ਹਿਆਂ ਦੀ ਤਪਸ਼ ਮਾਰੇ, ਇੱਕ ਪੱਖਾ ਫੱਕ ਫੱਕ ਅੱਗ ਵਰ੍ਹਦੀ ਹਵਾ ਮਾਰੇਦੇਖਣ ਨੂੰ ਇਵੇਂ ਲੱਗੇ ਕਿ ਬਜ਼ੁਰਗ ਹੁਣੇ ਮੋਇਆ ਕਿ ਮੋਇਆ। ਗਰਮੀ ਨਾਲ ਮੁੜ੍ਹਕੋ ਮੁੜ੍ਹਕੀ ਹੋਏ ਦੇ ਬੁੱਲ੍ਹ ਸੁੱਕੇ ਹੋਏ, ਸਰੀਰ ਬੁਢਾਪੇ ਨਾਲ ਜਮ੍ਹਾਂ ਈ ਸੁੰਗੜਿਆ ਅਤੇ ਕੰਬਦਾ ਹੋਇਆ, ਅੱਖਾਂ ’ਤੇ ਮੋਟੇ ਚਸ਼ਮੇ, ਸਮਝੋ ਜਿਊਂਦੀ ਲਾਸ਼ ਉਹਦੀ ਨੂੰਹ ਸੀ ਜਾਂ ਧੀ, ਕਹਿਣ ਲੱਗੀ, “ਭਾਪਾ ਜੀ ਕਾਰਡ ਦੇਦੋ ਤੇ ਤੁਸੀਂ ਇੱਥੇ ਬੈਠੋ … ਅਸੀਂ ਆਉਂਦੀਆਂ … …!”

ਭਾਪਾ ਜੀ ਕਾਹਨੂੰ, ਉਹ ਤਾਂ ਇੱਕ ਕਾਰਡ ਸੀਭਾਪਾ ਜੀ ਵਿਚਾਰੇ ਤਪਦੀ ਗਰਮੀ ਵਿੱਚ ਤਿੰਨ ਚਾਰ ਘੰਟੇ ਬੈਠੇ ਮਰਨ ਵਾਲੇ ਹੋਏ ਪਏ, ਨਾ ਪਾਣੀ ਨਾ ਧਾਣੀ। ਦੁਪਹਿਰ ਨੂੰ ਦੋ ਵਜੇ ਕੰਨਟੀਨ ਦੇ ਬੰਦ ਹੋਣ ਵੇਲੇ ਅੰਦਰੋਂ ਸਮਾਨ ਲੈ ਇਵੇਂ ਆਟੋ ਰਿਕਸ਼ਾ ਵਿੱਚ ਰੱਖਣ ਲੱਗੀਆਂ, ਜਿਵੇਂ ਕੋਈ ਦੁਕਾਨ ਖਾਲੀ ਕਰਕੇ ਚੱਲਿਆ ਹੋਵੇ ਜਦੋਂ ਕਿ ਦੇਖਣ ਨੂੰ ਲਗਦਾ ਸੀ ਕਿ ਉਹ ਜ਼ਰੂਰਤ ਦੇ ਸਮਾਨ ਨਾਲੋਂ ਜ਼ਿਆਦਾ ਬਜ਼ੁਰਗ ਦੇ ਕਾਰਡ ਦਾ ਲਾਹਾ ਚੁੱਕਿਆ ਜਾ ਰਿਹਾ ਸੀਮੈਨੂੰ ਜਦੋਂ ਵੀ ਫੌਜੀ ਕੰਨਟੀਨ ਯਾਦ ਆਉਂਦੀ ਹੈ, ਉਦੋਂ ਹੀ ਉਸ ਬਜ਼ੁਰਗ ਦੀ ਹਾਲਤ ਯਾਦ ਆ ਜਾਂਦੀ ਹੈ

ਇਸ ਤਰ੍ਹਾਂ ਕਈ ਪਤੀ ਪਤਨੀ ਦੋਵੇਂ ਨੌਕਰੀ ਕਰਦੇ ਹੋਣ ਕਰਕੇ ਸਿਰਫ ਆਪਣੇ ਬੱਚਿਆਂ ਨੂੰ ਸਾਂਭਣ ਲਈ ਹੀ ਆਪਣੇ ਕੋਲ ਰੱਖਦੇ ਹਨ, ਕਈ ਆਪਣਾ ਘਰ ਸਾਂਭਣ ਲਈ ਰੱਖਦੇ ਹਨ ਤੇ ਕਈ ਕੰਮ ਵਿੱਚ ਹੱਥ ਵਟਾਉਣ ਕਰਕੇ ਰੱਖਦੇ ਹਨ। ਜਦੋਂ ਉਹ ਬਜ਼ੁਰਗ ਸਰੀਰਕ ਬਿਮਾਰੀਆਂ ਜਾਂ ਕਮਜ਼ੋਰੀਆਂ ਕਾਰਨ ਇਹਨਾਂ ਕੰਮਾਂ ਦੇ ਯੋਗ ਨਹੀਂ ਰਹਿੰਦੇ ਤਾਂ ਉਹਨਾਂ ਨੂੰ ਔਲਾਦ ਆਪਣੇ ਉੱਪਰ ਬੋਝ ਸਮਝਦੀ ਹੈਇੱਕ ਉਹਨਾਂ ਬਜ਼ੁਰਗਾਂ ਦੀ ਲਾਚਾਰੀ ਅਤੇ ਉੱਪਰੋਂ ਆਪਣੇ ਲਾਡਲਿਆਂ ਦੀ ਦੁਰਾਚਾਰੀ, ਬੁਢਾਪੇ ਨੂੰ ਨਰਕ ਵਿੱਚ ਬਦਲ ਦਿੰਦੀ ਹੈ ਮੁੱਕਦੀ ਗੱਲ ਇਹ ਹੈ ਕਿ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਅਤੇ ਸਰਮਾਇਆ ਔਲਾਦ ਉੱਪਰ ਲੁਟਾਕੇ ਕਿਸੇ ਯੋਗ ਬਣਾਇਆ ਹੁੰਦਾ ਹੈ, ਉਹਨਾਂ ਨੂੰ ਪੂਰੀ ਤਰ੍ਹਾਂ ਸੰਭਾਲਣਾ ਔਲਾਦ ਦਾ ਫਰਜ਼ ਬਣਦਾ ਹੈਉਹ ਕੋਈ ਨੌਕਰ ਨਹੀਂ, ਜੋ ਉਹਨਾਂ ਨੂੰ ਕਿਸੇ ਖ਼ਾਸ ਮਕਸਦ ਲਈ ਹੀ ਵਰਤਿਆ ਜਾਵੇ, ਤੇ ਨਾ ਹੀ ਉਹ ਘਰ ਦੇ ਕਬਾੜ ਵਾਂਗ ਫਾਲਤੂ ਹੁੰਦੇ ਹਨ, ਜਿਨ੍ਹਾਂ ਨੂੰ ਇੱਕ ਨੁੱਕਰੇ ਅਲੱਗ ਕਰਕੇ ਸੁੱਟ ਦਿੱਤਾ ਜਾਵੇਉਹਨਾਂ ਦਾ ਵੀ ਗੱਲਾਂ ਕਰਨ ਨੂੰ ਦਿਲ ਕਰਦਾ ਹੈ। ਆਪਣੇ ਰੁਝੇਵਿਆਂ ਵਿੱਚੋਂ ਦਸ ਮਿੰਟ ਉਹਨਾਂ ਨੂੰ ਦੇ ਦਿੱਤੇ ਜਾਣ ਤਾਂ ਉਹ ਤੁਹਾਨੂੰ ਦੁਆਵਾਂ ਦੇ ਦੇ ਅਤੇ ਹਰ ਕਿਸੇ ਕੋਲ ਵਡਿਆਈ ਕਰ ਕਰ ਕੇ ਤੁਹਾਨੂੰ ਦੁਨੀਆਂ ਦੀ ਸਭ ਤੋਂ ਨੇਕ ਔਲਾਦ ਦੀ ਕਤਾਰ ਵਿੱਚ ਖੜ੍ਹੇ ਕਰ ਦੇਣਗੇਦੁਨੀਆ ਵੱਲੋਂ ਵਡਿਆਈ ਆਪਣੇ ਆਪ ਹੀ ਮਿਲਦੀ ਹੈ, ਬੱਸ ਸੋਚ ਬਦਲਣ ਦੀ ਲੋੜ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5135)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)