BarjinderKBisrao 7ਜੇ ਪੰਜਾਬ ਦੀ ਨੌਜਵਾਨੀ ਅਤੇ ਤਾਰ-ਤਾਰ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ...
(17 ਜੁਲਾਈ 2023)


ਅੱਜ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੁੜ੍ਹਦੀ ਹੋਈ ਜਵਾਨੀ ਨੂੰ ਸੰਭਾਲਣ ਲਈ ਬਜ਼ੁਰਗ ਮਾਪੇ ਲਾਚਾਰ ਨਜ਼ਰ ਆਉਂਦੇ ਹਨ
ਸਰਕਾਰਾਂ ਵਾਅਦੇ ਅਤੇ ਦਾਅਵੇ ਤਾਂ ਬਹੁਤ ਕਰਦੀਆਂ ਹਨ, ਫੇਰ ਵੀ ਪਤਾ ਨਹੀਂ, ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ। ਵੇਚਣ ਵਾਲੇ ਵੇਚੀ ਜਾਂਦੇ ਹਨ, ਖ਼ਰੀਦਣ ਵਾਲ਼ੇ ਖਰੀਦੀ ਜਾਂਦੇ ਹਨ ਤੇ ਮਰਨ ਵਾਲੇ ਟੀਕੇ ਲਾ ਲਾ ਕੇ ਮਰੀ ਜਾਂਦੇ ਹਨਜਿੱਥੇ ਨਸ਼ਿਆਂ ਕਾਰਨ ਮੌਤਾਂ ਦੀਆਂ ਖ਼ਬਰਾਂ ਸੁਣ ਸੁਣ ਕੇ ਅਤੇ ਦੇਖ ਦੇਖ ਕੇ ਸੀਨੇ ਛਣਨੀ ਹੁੰਦੇ ਹਨ ਉੱਥੇ ਹੀ ਨਸ਼ਿਆਂ ਤੋਂ ਬਰਬਾਦ ਹੋ ਰਹੀ ਜਵਾਨੀ ਨਸ਼ਿਆਂ ਦੀ ਪੂਰਤੀ ਲਈ ਜਿਹੜੇ ਤੌਰ ਤਰੀਕੇ ਬੁਣ ਰਹੀ ਹੈ, ਉਸ ਨਾਲ ਵੀ ਸਾਡਾ ਸਮਾਜ ਬਰਬਾਦ ਹੋ ਰਿਹਾ ਹੈ

ਅੱਜ ਕੱਲ੍ਹ ਖਬਰਾਂ ਦਾ ਦਾਇਰਾ ਸਿਰਫ਼ ਚੋਰੀਆਂ, ਲੁੱਟਾਂ ਖੋਹਾਂ, ਕਤਲੇਆਮ, ਆਤਮਹੱਤਿਆ ਅਤੇ ਭੰਨ ਤੋੜ ਤਕ ਹੀ ਸਿਮਟ ਕੇ ਰਹਿ ਗਿਆ ਹੈਜੇ ਕੋਈ ਇੱਕ ਅੱਧੀ ਰਾਜਨੀਤਕ ਮਸਲਿਆਂ ’ਤੇ ਖ਼ਬਰ ਹੁੰਦੀ ਵੀ ਹੈ ਤਾਂ ਉਹ ਵੀ ਨਿਰੇ ਕਲੇਸ਼ ਦਾ ਘਰ ਹੁੰਦੀ ਹੈ, ਜਿਸ ਨੂੰ ਸੁਣਦੇ ਸੁਣਦੇ ਦੋ ਲੋਕ ਆਪਸੀ ਬਹਿਸਬਾਜ਼ੀ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨਪੰਜਾਬੀਆਂ ਦੇ ਭੋਲੇ ਭਾਲੇ ਅਤੇ ਖੁੱਲ੍ਹ ਕੇ ਜਿਊਣ ਵਾਲੇ ਲੋਕਾਂ ਦੇ ਹਾਸੇ ਖੰਭ ਲਾ ਕੇ ਉਡ ਗਏ ਹਨਹਾਸਿਆਂ ਦੇ ਸੱਭਿਆਚਾਰ ਵਿੱਚ ਵਿਚਰਨ ਵਾਲ਼ਾ ਸਮਾਜ ਅੱਜ ਉਦਾਸੀਆਂ ਦੀ ਭਟਕਣ ਚਿਹਰੇ ’ਤੇ ਲੈ ਕੇ ਘੁੰਮ ਰਿਹਾ ਹੈਉਦਾਸੀਆਂ ਪੈਦਾ ਕਰਨ ਵਾਲੀ ਸਮੱਸਿਆ ਦੀ ਮੂਲ ਜੜ੍ਹ ’ਤੇ ਝਾਤੀ ਮਾਰਨੀ ਬਹੁਤ ਜ਼ਰੂਰੀ ਹੈ

ਸਾਡੇ ਸਮਾਜ ਵਿੱਚ ਮਾਂ ਤੇ ਪੁੱਤ, ਪਿਓ ਤੇ ਪੁੱਤ ਜਾਂ ਧੀ, ਭੈਣ ਅਤੇ ਭਰਾ ਦੇ ਪਰਿਵਾਰਿਕ ਰਿਸ਼ਤੇ ਰੱਬ ਵਰਗੇ ਪਵਿੱਤਰ ਮੰਨੇ ਜਾਂਦੇ ਸਨਇਹਨਾਂ ਰਿਸ਼ਤਿਆਂ ਵਿੱਚ ਕੁਝ ਵੀ ਬੁਰਾ ਵਾਪਰਨਾ ਤਾਂ ਬਹੁਤ ਦੂਰ ਦੀ ਗੱਲ ਸੀ, ਕੋਈ ਬੁਰਾ ਸੋਚ ਵੀ ਨਹੀਂ ਸਕਦਾ ਸੀਮਾੜੇ ਤੋਂ ਮਾੜਾ ਵਿਅਕਤੀ ਵੀ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਕੋਈ ਮਰਿਆਦਾ ਉਲੰਘਣ ਦੀ ਕੋਸ਼ਿਸ਼ ਨਹੀਂ ਸੀ ਕਰਦਾਅੱਜ ਕੱਲ੍ਹ ਕੋਈ ਹੀ ਅਜਿਹਾ ਭਾਗਾਂ ਵਾਲਾ ਦਿਨ ਚੜ੍ਹਦਾ ਹੋਵੇਗਾ ਕਿ ਜਦੋਂ ਇਹਨਾਂ ਪਰਿਵਾਰਕ ਰਿਸ਼ਤਿਆਂ ਵਿੱਚ ਕੋਈ ਨਾ ਕੋਈ ਦੁਰਘਟਨਾ ਨਾ ਵਾਪਰੀ ਹੋਵੇਨਹੀਂ ਤਾਂ ਪਿਓ ਹੱਥੋਂ ਪੁੱਤ ਦਾ ਕਤਲ ਹੋ ਗਿਆ, ਪੁੱਤ ਨੇ ਪਿਓ ਨੂੰ ਮਾਰ ਦਿੱਤਾ, ਭਰਾ ਨੇ ਭੈਣ ਨੂੰ ਮਾਰ ਦਿੱਤਾ, ਪੁੱਤ ਮਾਵਾਂ ਨੂੰ ਬੁਰੀ ਤਰ੍ਹਾਂ ਕੁੱਟਦੇ ਮਾਰਦੇ ਹੋਏ ਵੇਖੇ ਜਾਂਦੇ ਹਨ। ਪਰ ਜੇ ਦੇਖਿਆ ਜਾਵੇ ਤਾਂ ਭਲਿਆਂ ਵੇਲਿਆਂ ਵਿੱਚ ਇਹ ਸਭ ਤਾਂ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਸੀਫਿਰ ਹੁਣ ਅਜਿਹਾ ਕਿਉਂ ਹੋ ਰਿਹਾ ਹੈ? ਇਹੋ ਜਿਹੀਆਂ ਘਟਨਾਵਾਂ ਦੀ ਮੂਲ ਜੜ੍ਹ ਕੀ ਹੈ? ਇਹਨਾਂ ਸਭ ਗੱਲਾਂ ਦੇ ਆਪਣੇ ਕੋਲ ਜਵਾਬ ਹਨ, ਪਰ ਫਿਰ ਵੀ ਕਿਸੇ ਦੀ ਪੇਸ਼ ਨਹੀਂ ਚੱਲਦੀ

ਪਰਿਵਾਰਾਂ ਵਿਚਲੇ ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਣਾ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈਸਾਰੇ ਰਿਸ਼ਤਿਆਂ ਦਾ ਘਾਣ ਵੀ ਨਸ਼ਿਆਂ ਕਰਕੇ ਹੀ ਹੋ ਰਿਹਾ ਹੈਜਿੰਨੇ ਪਰਿਵਾਰਕ ਰਿਸ਼ਤਿਆਂ ਦੇ ਕਤਲੇਆਮ ਹੁੰਦੇ ਹਨ, ਉਹ ਜਾਂ ਤਾਂ ਨਸ਼ੇ ਵਿੱਚ ਧੁੱਤ ਹੋ ਕੇ ਹੁੰਦੇ ਹਨ ਜਾਂ ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀਆਂ ਨੂੰ ਪੈਸੇ ਨਾ ਮਿਲਣਾ ਹੁੰਦਾ ਹੈਨਸ਼ਿਆਂ ਦੀ ਪੂਰਤੀ ਲਈ ਜਦੋਂ ਮਾਵਾਂ ਆਪਣੇ ਪੁੱਤਰਾਂ ਨੂੰ ਰੋਕਦੀਆਂ ਹਨ ਤਾਂ ਉਨ੍ਹਾਂ ਨੂੰ ਠੁੱਡੇ ਮਾਰ ਮਾਰ ਕੇ ਨਲਾਇਕ ਔਲਾਦਾਂ ਵੱਲੋਂ ਮਾਂ ਪੁੱਤ ਦੇ ਠੰਢੇ ਮਿੱਠੇ ਰਿਸ਼ਤੇ ਨੂੰ ਅੱਗ ਦੇ ਭਾਂਬੜ ਵਾਂਗ ਸਾੜ ਕੇ ਰੱਖ ਦਿੱਤਾ ਜਾਂਦਾ ਹੈਨਸ਼ਿਆਂ ਵਿੱਚ ਧੁੱਤ ਕਈ ਲੋਕ ਘਰ ਜਾਂ ਆਂਢ ਗੁਆਂਢ ਦੀ ਧੀ ਭੈਣ ਨਾਲ ਕੁਕਰਮ ਕਰਦੇ ਹਨਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਵੀ ਤਾਂ ਨਸ਼ੇੜੀ ਦਰਿੰਦੇ ਹੀ ਦਿੰਦੇ ਹਨ, ਜੋ ਨਸ਼ਿਆਂ ਦੇ ਸੇਵਨ ਨਾਲ ਆਪਣੀ ਸੁੱਧ ਬੁੱਧ ਗਵਾ ਬੈਠੇ ਹੁੰਦੇ ਹਨ

ਨਸ਼ਿਆਂ ਦੀ ਪੂਰਤੀ ਕਰਨ ਲਈ ਘਰ-ਪਰਿਵਾਰ ਤੋਂ ਲੈ ਕੇ ਸਮਾਜ ਤਕ ਦਾ ਮਾਹੌਲ ਉਦੋਂ ਦਹਿਸ਼ਤ ਭਰਪੂਰ ਬਣਾ ਦਿੱਤਾ ਜਾਂਦਾ ਹੈ ਜਦੋਂ ਦੁਕਾਨ ਵਿੱਚ ਬੈਠਾ ਦੁਕਾਨਦਾਰ ਸੁਰੱਖਿਅਤ ਨਹੀਂ, ਘਰ ਵਿੱਚ ਬੈਠੀਆਂ ਔਰਤਾਂ ਸੁਰੱਖਿਅਤ ਨਹੀਂ, ਬੈਂਕ ਵਿੱਚ ਪੈਸੇ ਕਢਵਾਉਣ ਜਾਂ ਜਮ੍ਹਾਂ ਕਰਵਾਉਣ ਵਾਲੇ ਅਤੇ ਬੈਂਕ ਦੇ ਕਰਮਚਾਰੀ ਸੁਰੱਖਿਅਤ ਨਹੀਂ, ਰਾਹ ਵਿੱਚ ਤੁਰਿਆ ਜਾਂਦਾ ਆਮ ਸ਼ਖਸ ਸੁਰੱਖਿਅਤ ਨਹੀਂ, ਝਪਟਮਾਰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਸਕਿੰਟਾਂ ਵਿੱਚ ਲੁੱਟ ਖੋਹ ਕਰਕੇ ਭੱਜ ਜਾਂਦੇ ਹਨਜਿਹੜਾ ਕੋਈ ਉਹਨਾਂ ਦਾ ਮੁਕਾਬਲਾ ਕਰਦਾ ਹੈ, ਉਸ ਨੂੰ ਬੱਕਰੇ ਵਾਂਗ ਝਟਕ ਦਿੱਤਾ ਜਾਂਦਾ ਹੈਪਿੱਛੇ ਰਹਿ ਜਾਂਦੇ ਹਨ ਰੋਂਦੇ ਕੁਰਲਾਉਂਦੇ ਪਰਿਵਾਰ ਅਤੇ ਯਤੀਮ ਹੋਏ ਬੱਚੇਸਾਡੇ ਸਮਾਜ ਵਿੱਚ ਵਾਪਰ ਰਹੀਆਂ ਸਾਰੀਆਂ ਅਮਾਨਵੀ ਅਤੇ ਅਣਸੁਖਾਵੀਆਂ ਘਟਨਾਵਾਂ ਦੀ ਮੂਲ ਜੜ੍ਹ ਨਸ਼ਾ ਹੀ ਹੈ, ਜਿਸ ਕਾਰਨ ਸਾਡੇ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਤਾਰ-ਤਾਰ ਹੋ ਰਹੇ ਹਨਅੱਜ ਮੌਤ ਐਨੀ ਸਸਤੀ ਹੋ ਗਈ ਹੈ ਕਿ ਆਮ ਲੋਕਾਂ ਨੂੰ ਆਪਣੀ ਜ਼ਿੰਦਗੀ ਸੰਭਾਲਣੀ ਮੁਸ਼ਕਿਲ ਹੋ ਰਹੀ ਹੈਅੱਜ ਦੇ ਸਮੇਂ ਦੀ ਮੁੱਖ ਲੋੜ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਹੈਜੇ ਪੰਜਾਬ ਦੀ ਨੌਜਵਾਨੀ ਅਤੇ ਤਾਰ-ਤਾਰ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ਇਹ ਜ਼ਿੰਮੇਵਾਰੀ ਨਿੱਜੀ ਪੱਧਰ ਤੋਂ ਸ਼ੁਰੂ ਕਰਕੇ ਸਰਕਾਰਾਂ ਤਕ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਉਪਰਾਲੇ ਕਰਨੇ ਪੈਣੇ ਹਨ, ਤਾਂ ਹੀ ਫਿਰ ਤੋਂ ਇੱਕ ਚੰਗਾ ਅਤੇ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4093)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)