“ਇੱਕ ਗੱਲ ਜ਼ਰੂਰ ਹੈ ਕਿ ਇਸ ਬਿਮਾਰੀ ਦੇ ਵਧਦੇ ਹੋਏ ਮਰੀਜ਼ਾਂ ਦੀ ਗਿਣਤੀ ਵੇਖ ਕੇ ਮਨ ਵਿੱਚ ਸੋਚ ਪੈਦਾ ਹੁੰਦੀ ਹੈ ਕਿ ...”
(5 ਅਗਸਤ 2024)
ਰੋਗ ਤਾਂ ਕੋਈ ਵੀ ਹੋਵੇ, ਮਾੜਾ ਹੀ ਹੁੰਦਾ ਹੈ ਪਰ ਜੇ ਕਿਸੇ ਵੀ ਰੋਗੀ ਨੂੰ ਦਿਲਾਸਾ ਦੇ ਕੇ ਉਸ ਨਾਲ ਹਮਦਰਦੀ ਦੇ ਨਾਲ ਨਾਲ ਉਸਾਰੂ ਵਿਚਾਰਾਂ ਦੀ ਚਰਚਾ ਕੀਤੀ ਜਾਵੇ ਤਾਂ ਉਸ ਦਾ ਦੁੱਖ ਘਟ ਕੇ ਅੱਧਾ ਰਹਿ ਜਾਂਦਾ ਹੈ। ਜੇ ਕੋਈ ਉਸ ਦੇ ਰੋਗ ਨਾਲ ਸੰਬੰਧਿਤ ਦਿਲ ਢਾਹੁਣ ਵਾਲੀ ਚਰਚਾ ਕਰਕੇ ਚਲਿਆ ਜਾਵੇ ਤਾਂ ਰੋਗੀ ਦਾ ਰੋਗ ਦੁੱਗਣਾ ਹੋ ਜਾਂਦਾ ਹੈ ਕਿਉਂਕਿ ਉਸ ਦੇ ਮਨ ਵਿੱਚ ਹਮਦਰਦੀ ਜਿਤਾਉਣ ਆਏ ਲੋਕਾਂ ਦੇ ਵਿਚਾਰ ਬਹੁਤ ਦੇਰ ਤਕ ਘੁੰਮਦੇ ਰਹਿੰਦੇ ਹਨ ਤੇ ਉਹ ਚਰਚਾ ਕੀਤੀਆਂ ਗਈਆਂ ਘਟਨਾਵਾਂ ਨੂੰ ਆਪਣੇ ਨਾਲ ਜੋੜ ਕੇ ਸੋਚਦਾ ਰਹਿੰਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਮੈਂ ਵੀ ਕੁਝ ਇਸੇ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਹੀ ਹਾਂ। ਦਰ ਅਸਲ ਪਹਿਲਾਂ ਕਦੇ ਕਦਾਈਂ ਸਾਲ ਦੋ ਸਾਲ ਬਾਅਦ ਬੁਖ਼ਾਰ ਹੋ ਜਾਣਾ ਤਾਂ ਥੋੜ੍ਹੀ ਬਹੁਤ ਦਵਾਈ ਖਾ ਕੇ ਅਰਾਮ ਆ ਜਾਂਦਾ ਸੀ, ਪਰ ਇਸੇ ਸਾਲ ਦੇ ਮਾਰਚ ਮਹੀਨੇ ਦੇ ਅਖੀਰਲੇ ਹਫ਼ਤੇ ਵਿੱਚ ਅਜਿਹਾ ਬੁਖ਼ਾਰ ਚੜ੍ਹਿਆ ਕਿ ਦੋ ਮਹੀਨੇ ਤਕ ਅਨੇਕਾਂ ਟੈੱਸਟ ਕਰਵਾਕੇ ਵੀ ਦੋ ਤਿੰਨ ਡਾਕਟਰਾਂ ਦੇ ਹੱਥ ਪੱਲੇ ਕੁਝ ਨਾ ਪਿਆ ਤਾਂ ਆਖ਼ਰ ਪਤੀ ਵੱਲੋਂ ਮੈਨੂੰ ਨਾਮੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਉੱਥੇ ਵੀ ਦਸ ਦਿਨ ਤਕ ਮਾਹਿਰ ਡਾਕਟਰ ਵੱਲੋਂ ਕਾਫ਼ੀ ਜੱਦੋਜਹਿਦ ਕੀਤੀ ਗਈ, ਫਿਰ ਉਹਨਾਂ ਵੱਲੋਂ ਲੰਮੇ ਸਮੇਂ ਦਾ ਬੁਖਾਰ ਹੋਣ ’ਤੇ ਕੁਝ ਸ਼ੱਕ ਪਿਆ ਤਾਂ ਮੇਰੇ ਵੱਡੇ ਤੋਂ ਵੱਡੇ ਟੈੱਸਟ ਕੀਤੇ ਗਏ ਜਿਸ ਵਿੱਚ ਉਹਨਾਂ ਨੂੰ ਮੇਰੇ ਅੰਦਰ ਕੈਂਸਰ ਹੋਣ ਦੇ ਸੰਕੇਤ ਮਿਲੇ। ਬਾਇਓਪਸੀ ਤੋਂ ਬਾਅਦ ਸਾਫ਼ ਹੋ ਗਿਆ ਕਿ ਮੈਂ ਲਾਇੰਫੋਮਾ ਨਾਂ ਦੀ ਬਿਮਾਰੀ ਦੀ ਦੂਜੀ ਸਟੇਜ ਨਾਲ ਪੀੜਤ ਹਾਂ ਜੋ ਇੱਕ ਤਰ੍ਹਾਂ ਦਾ ਕੈਂਸਰ ਹੀ ਹੁੰਦਾ ਹੈ ਪਰ ਉਸਦਾ ਮੁਕੰਮਲ ਇਲਾਜ ਹੈ। ਫਿਰ ਮੇਰਾ ਕੇਸ ਮੈਡੀਸਨ ਤੋਂ ਔਨਕੌਲੋਜੀ ਵੱਲ ਸ਼ਿਫਟ ਹੋ ਗਿਆ। ਘਰ ਦੇ ਚਾਹੇ ਮੇਰੇ ਤੋਂ ਕਈ ਗੱਲਾਂ ਛੁਪਾ ਰਹੇ ਸਨ ਪਰ ਮੈਨੂੰ ਸਭ ਕੁਝ ਸਮਝ ਆ ਰਿਹਾ ਸੀ। ਹਰ ਇੱਕ ਪਲ ਮੇਰੇ ਲਈ ਅਸਹਿ ਸੀ। ਮੇਰਾ ਬੇਟਾ ਬਹੂ ਅਮਰੀਕਾ ਤੋਂ ਮੈਨੂੰ ਰੋਜ਼ ਫੋਨ ਕਰਕੇ ਬਹੁਤ ਹੌਸਲਾ ਤੇ ਦਿਲਾਸਾ ਦੇ ਰਹੇ ਸਨ ਜੋ ਮੇਰੇ ਲਈ ਕਿਸੇ ਟੌਨਿਕ ਤੋਂ ਘੱਟ ਨਹੀਂ ਸੀ।
ਮੈਂ ਕੀਮੋਥੈਰੇਪੀ ਤੋਂ ਬਹੁਤ ਡਰਦੀ ਸੀ ਕਿਉਂਕਿ ਸੁਣਿਆ ਹੋਇਆ ਸੀ ਕਿ ਇਹ ਇਲਾਜ ਬਹੁਤ ਦੁਖਦਾਇਕ ਹੁੰਦਾ ਹੈ। ਇਸ ਨਾਲ ਸਿਰ ਦੇ ਸਾਰੇ ਵਾਲ ਉੱਤਰ ਜਾਂਦੇ ਹਨ ਤੇ ਸਰੀਰ ਵਿੱਚ ਹੋਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਹਰੇਕ ਔਰਤ ਲਈ ਉਸ ਦੇ ਵਾਲ਼ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ ਕਿਉਂਕਿ ਉਹਨਾਂ ਨਾਲ ਹੀ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲੱਗਦੇ ਹਨ। ਜਿਸ ਦਿਨ ਔਨਕੌਲੋਜੀ ਡਾਕਟਰ ਕੋਲੋਂ ਇਲਾਜ ਸ਼ੁਰੂ ਹੋਣਾ ਸੀ, ਡਾਕਟਰ ਦੇ ਸਾਹਮਣੇ ਬੈਠੀ ਮੈਂ ਸਿਰਫ਼ ਪਰਮਾਤਮਾ ਦਾ ਲੜ ਫੜੀ ਬੈਠੀ ਸੀ। ਡਾਕਟਰ ਨੇ ਜਦੋਂ ਕਿਹਾ ਕਿ ਤੁਹਾਨੂੰ ਬਾਰਾਂ ਕੀਮੋ ਇੰਜੈਕਸ਼ਨ ਲੱਗਣਗੇ, ਛੇਤੀ ਤੋਂ ਛੇਤੀ ਇਲਾਜ ਸ਼ੁਰੂ ਕਰੋ। ਪਰਮਾਤਮਾ ਦਾ ਲੜ ਛੁੱਟ ਕੇ ਦਿਮਾਗ਼ ਵਿੱਚ ਕੀਮੋ-ਕੀਮੋ ਗੂੰਜਣ ਲੱਗੀ। ਬਾਹਰ ਨਿਕਲ਼ੇ ਤਾਂ ਮੇਰੇ ਪਤੀ ਆਖਣ ਲੱਗੇ, “ਲੈ … ਤੂੰ ਤਾਂ ਐਵੇਂ ਘਬਰਾਈ ਜਾਂਦੀ ਸੀ … ਸਿਰਫ਼ ਬਾਰਾਂ ਇੰਜੈਕਸ਼ਨ ਲੱਗਣੇ ਨੇ …!”
ਮੈਂ ਨਾਲ ਤੁਰੀ ਜਾਂਦੀ ਅੱਖਾਂ ਵਿੱਚੋਂ ਪਾਣੀ ਦੀਆਂ ਧਾਰਾਂ ਵਹਿਣ ਤੋਂ ਰੋਕ ਰਹੀ ਸੀ ਤੇ ਗਲੇਡੂ ਭਰੇ ਹੋਣ ਕਾਰਨ ਕੁਝ ਬੋਲਿਆ ਵੀ ਨਹੀਂ ਜਾ ਰਿਹਾ ਸੀ। ਮੈਂ ਕਾਰ ਵਿੱਚ ਬੈਠ ਕੇ ਫੁੱਟ ਫੁੱਟ ਕੇ ਰੋਈ ਤਾਂ ਮੇਰੇ ਪਤੀ ਨੇ ਫਿਰ ਮੈਨੂੰ ਕਿਹਾ, “ਤੂੰ ਸੋਚ … ਆਪਾਂ ਕਿੰਨੇ ਲੱਕੀ ਹਾਂ … ਜਿਹਨਾਂ ਨੂੰ ਸਮੇਂ ’ਤੇ ਪਤਾ ਲੱਗ ਗਿਆ … ਜੇ ਬੁਖਾਰ ਠੀਕ ਕਰਕੇ ਹੀ ਛੁੱਟੀ ਕਰ ਦਿੰਦੇ?
ਮੈਂ ਕਿਹਾ, “ਨਹੀਂ … … ਮੈਂ ਡਰ ਕੇ ਨਹੀਂ ਰੋ ਰਹੀ … … ਮੈਂ ਆਪਣੇ ਆਪ ਦੇ ਅੰਦਰੋਂ ਗੁਬਾਰ ਬਾਹਰ ਕੱਢ ਕੇ … … ਜ਼ਿੰਦਗੀ ਦੀ ਅਗਲੀ ਜੰਗ ਲੜਨ ਲਈ ਤਿਆਰ ਹੋ ਰਹੀ ਹਾਂ … …।”
ਕੀਮੋਥੈਰੇਪੀ ਸ਼ੁਰੂ ਹੋ ਗਈ। ਸਿਹਤ ਕੁਝ ਵੀ ਕਰਨ ਨੂੰ ਇਜਾਜ਼ਤ ਨਹੀਂ ਦੇ ਰਹੀ ਸੀ। ਇੱਕ ਲੇਖਕ ਲਈ ਲਿਖਣਾ ਛੁੱਟ ਜਾਵੇ, ਇਸ ਤੋਂ ਦੁਖਦਾਈ ਗੱਲ ਕੀ ਹੋ ਸਕਦੀ ਹੈ? ਇਸਦਾ ਅੰਦਾਜ਼ਾ ਹੋਰ ਕੋਈ ਨਹੀਂ ਲਗਾ ਸਕਦਾ। ਇੱਕ ਦੋ ਰੇਡੀਓ ਸਟੇਸ਼ਨਾਂ ਤੋਂ, ਟੀ ਵੀ ਤੋਂ ਟਾਕ ਸ਼ੋਜ਼ ਲਈ ਕਾਲਾਂ ਆਈਆਂ। ਕਈ ਸਮਾਚਾਰ ਪੱਤਰ ਤੋਂ ਆਰਟੀਕਲ ਨਾ ਭੇਜਣ ਦੇ ਕਾਰਨ ਲਈ ਕਾਲਾਂ ਆਈਆਂ। ਉਹਨਾਂ ਸਭ ਨੂੰ ਅਸਮਰੱਥ ਹੋਣ ਦਾ ਅਸਲੀ ਕਾਰਨ ਦੱਸਿਆ। ਮੈਂ ਆਪਣੇ ਕੈਂਸਰ ਪੀੜਤ ਹੋਣ ਦੀ ਗੱਲ ਕੁਝ ਦਿਨ ਛੁਪਾ ਕੇ ਰੱਖੀ। ਸਭ ਨੂੰ ਬੁਖ਼ਾਰ ਵਾਲੀ ਕਹਾਣੀ ਹੀ ਪਤਾ ਸੀ। ਪਰ ਕੁਝ ਸਮੇਂ ਬਾਅਦ ਕੈਂਸਰ ਦੀ ਗੱਲ ਇੱਕ ਰਿਸ਼ਤੇਦਾਰ ਤੋਂ ਸ਼ੁਰੂ ਹੋ ਕੇ ਦੋ ਦਿਨਾਂ ਵਿੱਚ ਹੀ ਜੰਗਲ ਦੀ ਅੱਗ ਵਾਂਗ ਫੈਲ ਗਈ। ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗੇ। ਆਪਣੀਆਂ ਦੋਂਹ ਸਹੇਲੀਆਂ ਨੂੰ ਮੈਂ ਆਪ ਹੀ ਦੱਸ ਦਿੱਤਾ ਸੀ। ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦੇਣਾ, ਵਧੀਆ ਵਧੀਆ ਗੱਲਾਂ ਕਰਕੇ ਦੱਸਣਾ ਕਿ ਮੈਡਮ ਤੁਸੀਂ ਬਹੁਤ ਹੌਸਲੇ ਵਾਲੇ ਹੋ, ਤੁਹਾਡੇ ਲਈ ਕੋਈ ਖਾਸ ਗੱਲ ਨਹੀਂ, ਸਭ ਠੀਕ ਹੋ ਜਾਣਾ। ਉਨ੍ਹਾਂ ਨੇ ਮੈਨੂੰ ਚੰਗੀ ਖੁਰਾਕ ਖਾਣ ਲਈ ਨਸੀਹਤ ਦਿੰਦੇ ਰਹਿਣਾ।
ਫਿਰ ਮੈਨੂੰ ਮੇਰੇ ਰਿਸ਼ਤੇਦਾਰ ਔਰਤ ਦਾ ਫ਼ੋਨ ਆਇਆ, “ਹੈਲੋ … … ਕੀ ਹੋਇਆ … … ਲੈ ਮੈਨੂੰ ਤਾਂ ਕੱਲ੍ਹ ਹੀ ਪਤਾ ਲੱਗਿਆ … … ਫ਼ਲਾਣੇ (ਕਿਸੇ ਦਾ ਨਾਂ ਲੈ ਕੇ) ਨੇ ਦੱਸਿਆ ਕਿ ਤੈਨੂੰ ਤਾਂ ਉਹ ਬਿਮਾਰੀ ਹੋ ਗਈ ਹੈ ਜਿਸਦਾ ਨਾਂ ਵੀ ਨੀ ਲਈਦਾ … … ਆਪਣੀ ਫਲਾਣੀ (ਨਾਂ) ਦੀ ਮਾਂ ਸੀ, ਜਵਾਨ ਪਈ ਸੀ … … ਇਸੇ ਬਿਮਾਰੀ ਨਾਲ ਮਰੀ ਸੀ … … ਮੇਰੇ ਭਰਾ ਦਾ ਸਹੁਰਾ ਵੀ ਇਸੇ ਬਿਮਾਰੀ ਨਾਲ ਮਰਿਆ ਸੀ … … ਤੇਰੇ ਸਿਰ ਦੇ ਵਾਲ ਝੜ ਗਏ? ਉਹਨਾਂ ਦੇ ਤਾਂ ਝੜ ਗਏ ਸੀ … …।”
“ਸਤਿ ਸ੍ਰੀ ਆਕਾਲ ਜੀ।” ਕਹਿਕੇ ਮੈਂ ਫੋਨ ਕੱਟ ਦਿੱਤਾ।
ਇਸੇ ਤਰ੍ਹਾਂ ਦੇ ਹੋਰ ਕਈ ਜਾਣ ਪਛਾਣ ਵਾਲਿਆਂ ਦੇ ਫੋਨ ਆਏ। ਪਰ ਮੇਰੇ ਦੂਰ ਦੀ ਰਿਸ਼ਤੇਦਾਰ ਜੇਠਾਣੀ ਦਾ ਫ਼ੋਨ ਆਇਆ, ਉਸ ਨੇ ਮੇਰਾ ਹਾਲ ਚਾਲ ਪੁੱਛਿਆ ਤੇ ਮੈਨੂੰ ਹੌਸਲਾ ਦਿੰਦੇ ਆਖਣ ਲੱਗੀ, “ਅੱਜ ਕੱਲ੍ਹ ਇਸ ਬਿਮਾਰੀ ਦਾ ਇਲਾਜ ਹੋ ਜਾਂਦਾ … … ਅੱਜ ਕੱਲ੍ਹ ਸਾਰੇ ਲੋਕ ਤਕਰੀਬਨ ਠੀਕ ਹੋ ਜਾਂਦੇ ਨੇ … … ਤੂੰ ਵੀ ਘਬਰਾਈਂ ਨਾ … … ਤੇਰਾ ਤਾਂ ਇਲਾਜ ਵੀ ਐਨੇ ਵੱਡੇ ਹਸਪਤਾਲ ਵਿੱਚ ਹੋ ਰਿਹਾ … … ਸਭ ਠੀਕ ਹੋ ਜਾਣਾ …।”
ਉਸ ਦੇ ਇਹਨਾਂ ਚਾਰ ਹੌਸਲੇ ਭਰੇ ਬੋਲਾਂ ਨੇ ਉਸ ਦੀ ਅਨਪੜ੍ਹਤਾ ਛੁਪਾ ਕੇ ਸਮਝਦਾਰੀ ਦਾ ਸਬੂਤ ਦੇ ਦਿੱਤਾ।
ਤੀਜੀ ਕੀਮੋਥੈਰੇਪੀ ਤੋਂ ਬਾਅਦ ਬੈਠੀ ਮੈਂ ਸੋਚ ਰਹੀ ਸੀ ਕਿ ਸਾਡੇ ਸਮਾਜ ਵਿੱਚ ਬਹੁਤੇ ਲੋਕਾਂ ਦੀ ਕੈਂਸਰ ਪੀੜਤਾਂ ਪ੍ਰਤੀ ਸੋਚ ਬਦਲਣ ਦੀ ਵੱਡੀ ਲੋੜ ਹੈ ਕਿਉਂਕਿ ਜਿਸ ਸਮੇਂ ਪੀੜਤ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਵਿੱਚੋਂ ਨਿਕਲ ਰਿਹਾ ਹੁੰਦਾ ਹੈ ਤਾਂ ਇਹੋ ਜਿਹੇ ਪਾਤਰ ਮਜ਼ਬੂਤ ਤੋਂ ਮਜ਼ਬੂਤ ਮਨ ਵਾਲੇ ਵਿਅਕਤੀ ਦਾ ਹੌਸਲਾ ਢਹਿ ਢੇਰੀ ਕਰਨ ਦੀ ਕੋਈ ਕਸਰ ਨਹੀਂ ਛੱਡਦੇ ਜਦੋਂ ਕਿ ਹਸਪਤਾਲ ਵਿੱਚ ਜਾ ਕੇ ਪਤਾ ਲਗਦਾ ਹੈ ਕਿ ਬਾਕੀ ਬਿਮਾਰੀਆਂ ਦੇ ਮੁਕਾਬਲੇ ਔਨਕੌਲੋਜੀ (ਕੈਂਸਰ) ਸਪੈਸ਼ਲਿਸਟ ਅੱਗੇ ਜ਼ਿਆਦਾ ਮਰੀਜ਼ ਬੈਠੇ ਹੁੰਦੇ ਹਨ। ਉਹਨਾਂ ਵਿੱਚੋਂ ਕਈ ਠੀਕ ਹੋਣ ਤੋਂ ਬਾਅਦ ਰੈਗੂਲਰ ਚੈੱਕਅਪ ਲਈ ਆਏ ਹੁੰਦੇ ਹਨ। ਉਹਨਾਂ ਨੂੰ ਵੇਖ ਕੇ ਮੇਰੇ ਵਰਗੇ ਸ਼ੁਰੂਆਤੀ ਇਲਾਜ ਵਾਲਿਆਂ ਨੂੰ ਵੀ ਹੌਸਲਾ ਮਿਲਦਾ ਹੈ। ਸਾਡੇ ਕਿੰਨੇ ਵੱਡੇ ਵੱਡੇ ਫਿਲਮ ਜਗਤ ਦੇ ਸਿਤਾਰੇ, ਕ੍ਰਿਕਟ ਜਗਤ ਦੇ ਸਿਤਾਰੇ ਅਤੇ ਹੋਰ ਕਈ ਸੈਲੀਬ੍ਰਿਟੀਆਂ ਨੇ ਇਸ ਬਿਮਾਰੀ ਰੂਪੀ ਜੰਗ ਉੱਤੇ ਫਤਹਿ ਪਾ ਕੇ ਤੰਦਰੁਸਤ ਹੋਏ ਹਨ, ਉਹ ਬਾਕੀ ਮਰੀਜ਼ਾਂ ਲਈ ਵੀ ਪ੍ਰੇਰਨਾ ਸਰੋਤ ਹਨ। ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਦੀਆਂ ਉਦਾਹਰਣਾਂ ਦੇ ਕੇ ਮਰੀਜ਼ ਅੰਦਰ ਸਕਾਰਾਤਮਕ ਸੋਚ ਪੈਦਾ ਕਰ ਸਕਦੇ ਹੋ, ਜੋ ਸ਼ਾਇਦ ਦਵਾਈ ਨਾਲੋਂ ਵੱਧ ਅਸਰ ਕਰੇਗਾ। ਜਿੱਥੇ ਕੈਂਸਰ ਦੇ ਮਰੀਜ਼ਾਂ ਨੂੰ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਆ ਜਾਂਦਾ ਹੈ, ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਹੁਣ ਇਲਾਜ ਸੰਭਵ ਹੈ। ਜਿਸ ਤਰ੍ਹਾਂ ਬਾਕੀ ਬਿਮਾਰੀਆਂ ਦੇ ਮਰੀਜ਼ ਤੰਦਰੁਸਤ ਹੋ ਜਾਂਦੇ ਹਨ, ਇਸ ਬਿਮਾਰੀ ਦੇ ਇਲਾਜ ਵੀ ਸੰਭਵ ਹਨ।
ਇੱਕ ਗੱਲ ਜ਼ਰੂਰ ਹੈ ਕਿ ਇਸ ਬਿਮਾਰੀ ਦੇ ਵਧਦੇ ਹੋਏ ਮਰੀਜ਼ਾਂ ਦੀ ਗਿਣਤੀ ਵੇਖ ਕੇ ਮਨ ਵਿੱਚ ਸੋਚ ਪੈਦਾ ਹੁੰਦੀ ਹੈ ਕਿ ਇਹ ਸਭ ਕੁਝ ਮਨੁੱਖ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਕਾਰਨ ਹੋ ਰਿਹਾ ਹੈ ਜਾਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਦਾ ਅਸਰ ਹੈ, ਇਹ ਸੋਚਣ ਦਾ ਵਿਸ਼ਾ ਜ਼ਰੂਰ ਹੈ, ਨਹੀਂ ਤਾਂ ਸਵੇਰੇ ਪੰਜ ਵਜੇ ਉੱਠ ਕੇ ਸੈਰ ਕਰਨ ਵਾਲੇ, ਯੋਗਾ ਕਰਨ ਵਾਲੇ ਅਤੇ ਮੈਡੀਟੇਸ਼ਨ ਕਰਨ ਵਾਲੇ ਮੇਰੇ ਵਰਗੇ ਵਿਅਕਤੀ ਨੂੰ ਇਹ ਰੋਗ ਹੋ ਸਕਦਾ ਹੈ ਤਾਂ ਹੋਰ ਕੋਈ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ। ਪਰ ਜੋ ਵੀ ਹੈ, ਸਮਾਂ ਰਹਿੰਦੇ ਸਾਡੇ ਸਮਾਜ ਨੂੰ ਇਸ ਰੋਗ ਪ੍ਰਤੀ ਜਾਗਰੂਕਤਾ ਅਤੇ ਪੀੜਤਾਂ ਪ੍ਰਤੀ ਢਹਿੰਦੀ ਕਲਾ ਵਾਲੀ ਸੋਚ ਬਦਲਣ ਦੀ ਲੋੜ ਹੈ ਕਿਉਂਕਿ ਹੁਣ ਕੈਂਸਰ ਵਿਗਿਆਨ ਦਾ ਨਾਅਰਾ ਹੈ- “Together we are stronger than cancer.”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5191)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: