“ਦੋਵੇਂ ਸ਼ੌਪਾਂ ਸਮਝੋ ਦਿਨੇ ਰਾਤ ਪੌਡਾਂ ਦੇ ਢੇਰ ਲਾਉਣ ਲੱਗ ਪਈਆਂ। ਦੀਪੋ ਤੇ ਫੌਜਾ ...”
(14 ਮਾਰਚ 2020)
ਚੜ੍ਹਦੀ ਉਮਰੇ ਫੌਜਾ ਵਾਊਚਰ ਸਿਸਟਮ ਨਾਲ ਇੰਗਲੈਂਡ ਆਇਆ। ਉੱਚਾ ਲੰਮਾ ਕੱਦ ਤੇ ਹੁੰਦੜਹੇਲ ਸਰੀਰ ਦਾ ਮਾਲਕ ਫੌਜਾ ਕੰਮ ਕਰਦਾ ਕਦੇ ਥੱਕਦਾ ਹੀ ਨਾ। ਥੋੜ੍ਹੇ ਸਮੇਂ ਵਿੱਚ ਹੀ ਉਸਨੇ ਪੰਜਾਬ ਵਿੱਚ ਰਹਿੰਦੇ ਮਾਪਿਆਂ ਨੂੰ ਪੈਸੇ ਧੇਲੇ ਦੇ ਪੱਖੋਂ ਸੌਖਿਆਂ ਕਰ ਦਿੱਤਾ ਸੀ। ਚਾਰ ਕੁ ਸਾਲ ਬਾਅਦ ਫੌਜੇ ਦੇ ਮਾਪਿਆਂ ਨੇ ਫੌਜੇ ਨੂੰ ਵਿਆਹ ਲਈ ਪੰਜਾਬ ਸੱਦਿਆ। ਫੌਜੇ ਦੇ ਪਿਤਾ ਦੇ ਜਮਾਤੀ ਰਹੇ ਦੋਸਤ ਦੀ ਲੜਕੀ ਸ਼ਰਨਦੀਪ (ਦੀਪੋ) ਨਾਲ ਬਹੁਤ ਹੀ ਲਾਡਾਂ ਚਾਵਾਂ ਨਾਲ ਵਿਆਹ ਕਰ ਦਿੱਤਾ। ਸ਼ਰਨਦੀਪ ਵੀ ਬਹੁਤ ਹੀ ਸੋਹਣੀ ਸੁਨੱਖੀ ਉੱਚੀ ਲੰਬੀ ਅਤੇ ਸੁੱਘੜ ਸਿਆਣੀ ਕੁੜੀ ਸੀ। ‘ਰੱਬ ਨੇ ਬਣਾਈਆਂ ਜੋੜੀਆਂ’ ਦੇਖਣ ਸੁਣਨ ਵਾਲੇ ਦੇ ਮੂੰਹੋਂ ਆਪ-ਮੁਹਾਰੇ ਨਿਕਲ ਰਿਹਾ ਸੀ। ਕੁਝ ਦਿਨ ਦੀਪੋ ਨੂੰ ਨਾਲ ਲੈ ਕਸ਼ਮੀਰ, ਸ਼ਿਮਲਾ ਘੁੰਮ ਕੇ ਮਹੀਨਾ ਕੁ ਪੰਜਾਬ ਰਹਿ ਕੇ ਫੌਜਾ ਵਾਪਸ ਇੰਗਲੈਂਡ ਆ ਗਿਆ।
ਕੁਝ ਸਮੇਂ ਬਾਅਦ ਦੀਪੋ ਵੀ ਫੌਜਾ ਸਿੰਘ ਕੋਲ ਪਹੁੰਚ ਗਈ। ਹਫ਼ਤੇ ਦੋ ਹਫ਼ਤਿਆਂ ਵਿੱਚ ਹੀ ਦੀਪੋ ਨੇ ਵੀ ਕਮਰਕੱਸਾ ਕਰ ਲਿਆ ਤੇ ਕੰਮ ’ਤੇ ਡਟ ਗਈ। ਨਵੀਂ ਉਮਰ ਦੀਆਂ ਨਵੀਆਂ ਉਮੰਗਾਂ, ਫੌਜਾ ਤੇ ਦੀਪੋ ਇੱਕ ਦੂਜੇ ਤੋਂ ਕੁਰਬਾਨ ਹੋਣ ਤੱਕ ਜਾਂਦੇ। “ਏਕ ਜੋਤਿ ਦੋਏ ਮੂਰਤੀ” ਵਾਲੀ ਗੱਲ ਸੀ। ਦੋਹਾਂ ਨੇ ਜਾਨ ਤੋੜ ਕੇ ਕੰਮ ਕੀਤਾ। ਹੁਣ ਉਨ੍ਹਾਂ ਕੋਲ ਰਹਿਣ ਲਈ ਬਹੁਤ ਸੋਹਣਾ ਮਕਾਨ, ਕਾਰ ਤੇ ਕੋਲ ਚਾਰ ਪੈਸੇ ਵੀ ਜਮ੍ਹਾਂ ਹੋ ਗਏ। ਉਨ੍ਹਾਂ ਕੋਲ ਦੋ ਬੱਚੇ ਵੀ ਹੋ ਗਏ। ਬੱਚਿਆਂ ਦੀ ਸਾਂਭ ਸੰਭਾਲ ਦਾ ਕੰਮ ਦੇਖਦੇ ਹੋਏ ਫੌਜੇ ਨੇ ਇੱਕ ਦਿਨ ਦੀਪੋ ਨੂੰ ਸਲਾਹ ਦਿੱਤੀ ਕਿ ਆਪਣੇ ਘਰ ਦੀ ਲੋਕੇਸ਼ਨ ਕੌਰਨਰ ਸਟੋਰ ਲਈ ਬਹੁਤ ਵਧੀਆ ਹੈ, ਕਿਉਂ ਨਾ ਆਪਾਂ ਇੱਥੇ ਗਰੌਸਰੀ ਸਟੋਰ ਖੋਲ੍ਹ ਲਈਏ, “ਇੱਕ ਪੰਥ ਦੋ ਕਾਜ” ਵਾਲੀ ਗੱਲ ਹੋਵੇਗੀ। ਨਾਲੇ ਤਾਂ ਤੂੰ ਘਰ ਬੱਚਿਆਂ ਦੀ ਦੇਖ ਭਾਲ ਕਰ ਸਕਦੀ ਹੈ ਨਾਲੇ ਜਿਹੜਾ ਕੰਮ ਕਰਦੀ ਹੈਂ, ਉਹਦੇ ਨਾਲੋਂ ਜ਼ਿਆਦਾ ਆਮਦਨ ਵੀ ਹੋ ਜਾਵੇਗੀ।”
“ਨੇਕ ਸਲਾਹ ਦਾ ਕੀ ਪੁੱਛਣਾ।” ਦੀਪੋ ਨੇ ਫੌਜੇ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਆਖਿਆ, “ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲਓ।”
ਇੱਕ ਦਿਨ ਫੌਜੇ ਨੇ ਆਪਣੇ ਪੁਰਾਣੇ ਦੋਸਤ ਜੋ ਪਹਿਲਾਂ ਕਿਸੇ ਨਾਲ ਘਰਾਂ ਦੇ ਰੈਨੋਵੇਸ਼ਨ ਦਾ ਕਰਨ ਦਾ ਕੰਮ ਕਰਿਆ ਕਰਦਾ ਸੀ, ਹੁਣ ਉਹਨੇ ਆਪ ਕੰਪਨੀ ਖੋਲ੍ਹ ਲਈ ਸੀ ਤੇ ਦੋ ਬੰਦੇ ਨਾਲ ਰੱਖ ਕੇ ਕੰਮ ਕਰਨ ਲੱਗ ਪਿਆ ਸੀ, ਨੂੰ ਸੱਦ ਕੇ ਸਾਰੀ ਸਲਾਹ ਦੱਸੀ ਕਿ ਅਸੀਂ ਆਪਣੇ ਘਰ ਦੇ ਹੇਠਲੇ ਹਿੱਸੇ ਵਿੱਚ ਗਰੌਸਰੀ ਸਟੋਰ ਖੋਲ੍ਹਣ ਲਈ ਸੋਚਦੇ ਹਾਂ। ਬੰਤਾ ਸਿੰਹ ਆਪਣੇ ਨਾਲ ਦੋ ਤਿੰਨ ਬੰਦੇ ਲੈ ਕੇ ਦੂਜੇ ਦਿਨ ਕੰਮ ’ਤੇ ਆ ਖੜ੍ਹਿਆ ਤੇ ਦਿਨ ਰਾਤ ਇੱਕ ਕਰ ਕੇ ਤਿੰਨਾਂ ਵੀਕਾਂ ਵਿੱਚ ਹੀ ਸਾਰਾ ਕੰਮ ਨਿਬੇੜ ਕੇ ਬੰਤੇ ਨੇ ਫੌਜੇ ਨੂੰ ਹੈਰਾਨ ਹੀ ਨਹੀਂ ਕਰ ਦਿੱਤਾ ਸਗੋਂ ਫੌਜੇ ਦੇ ਦਿਲ ਵਿੱਚ ਆਪਣੀ ਇੱਜ਼ਤ ਵੀ ਵਧਾ ਲਈ।
ਫੌਜੇ ਹੋਰਾਂ ਦੇ ਘਰਾਂ ਦੇ ਲਾਗੇ ਛਾਗੇ ਹੋਰ ਕੋਈ ਕੌਰਨਰ ਸਟੋਰ ਨਹੀਂ ਸੀ। ਅਸਲ ਵਿੱਚ ਇਸ ਏਰੀਏ ਦੀ ਲੋੜ ਵੀ ਸੀ, ਦੂਸਰਾ ਦੀਪੋ ਦੀ ਬੋਲ-ਬਾਣੀ ਇੰਨੀ ਮਿੱਠੀ ਸੀ ਕਿ ਹਰ ਆਉਣ ਵਾਲੇ ਗਾਹਕ ਦਾ ਮਨ ਜਿੱਤ ਲੈਂਦੀ ਸੀ। ਸ਼ੌਪ ਦਾ ਕੰਮ ਇੰਨਾ ਚੱਲਿਆ ਕਿ ਦੋ ਚਾਰ ਸਾਲਾਂ ਵਿੱਚ ਹੀ ਦਸ ਦਸ ਸਾਲ ਪਹਿਲਾਂ ਦੇ ਚੱਲਦੇ ਕੌਰਨਰ ਸਟੋਰਾਂ ਨੂੰ ਵੀ ਮਾਤ ਪਾ ਦਿੱਤਾ। ਹੁਣ ਦੀਪੋ ਹੋਰਾਂ ਨੂੰ ਸ਼ੌਪ ਚਲਾਉਣ ਦਾ ਤਜਰਬਾ ਹੋ ਚੁੱਕਿਆ ਸੀ। “ਜੇਕਰ ਆਪਾਂ ਗਰੌਸਰੀ ਦਾ ਬਿਜ਼ਨਸ ਕੁਝ ਵਧਾ ਲਈਏ, ਕਿਧਰੇ ਕੋਈ ਵੱਡੀ ਲੋਕੇਸ਼ਨ ਦੇਖ ਕੇ ਇੱਕ ਸ਼ੌਪ ਹੋਰ ਖੋਲ੍ਹ ਲਈਏ ...” ਫੌਜੇ ਨੇ ਇੱਕ ਦਿਨ ਦੀਪੋ ਨੂੰ ਸੁਝਾਓ ਦਿੰਦਿਆਂ ਆਖਿਆ, “ਨਾਲੇ ਮੇਰੇ ਹੱਡ ਵੀ ਫੈਕਟਰੀ ਵਿੱਚੋਂ ਛੁੱਟ ਜਾਣਗੇ।"
“ਇੱਥੇ ਘਰ ਵਿੱਚ ਤਾਂ ਗੱਲ ਹੋਰ ਆ, ਨਾਲੇ ਕੰਮ ਚੱਲੇ ਦੀ ਗੱਲ ਆ, ਕੀ ਪਤਾ ਨਵੇਂ ਥਾਂ ’ਤੇ ਉਹ ਗੱਲ ਨਾ ਬਣੇ।” ਦੀਪੋ ਨੇ ਤੌਖਲਾ ਪ੍ਰਗਟ ਕੀਤਾ।”
“ਆਪਣੇ ਬਿਜ਼ਨਸ ਨਾਲ ਦੀ ਰੀਸ ਨਹੀਂ, ਨਾਲੇ ਹੁਣ ਕਿੰਨਾ ਕੁ ਚਿਰ ਫੈਕਟਰੀਆਂ ਵਿੱਚ ਰੁਲਣਾ?” ਫੌਜੇ ਨੇ ਹਰ ਰੋਜ਼ ਸਵੇਰੇ ਪੰਜ ਵਜੇ ਦੇ ਅਲਾਰਮ ਦੀ ਚੀਸ ਕੰਨਾਂ ਵਿੱਚ ਦੀ ਹੁੰਦੀ ਹੋਈ ਆਪਣੇ ਹੱਡਾਂ ਵਿੱਚ ਮਹਿਸੂਸ ਕਰਦਿਆਂ ਆਖਿਆ। ਅੰਦਰੋ ਅੰਦਰ ਇਹ ਚੀਸ ਦੀਪੋ ਨੂੰ ਵੀ ਦੁਖੀ ਤਾਂ ਕਰਦੀ ਸੀ ਪਰ ਦੂਸਰੀ ਸ਼ੌਪ ਤੋਂ ਉਹ ਕੁਝ ਝਿਜਕਦੀ ਸੀ। ਹੌਲ਼ੀ ਹੌਲ਼ੀ ਕੁਝ ਚਿਰ ਸੋਚ ਵਿਚਾਰ ਕਰਨ ਤੋਂ ਬਾਅਦ ਦੋਵੇਂ ਦੂਸਰੀ ਲੋਕੇਸ਼ਨ ਖੋਲ੍ਹਣ ਲਈ ਰਜ਼ਾਮੰਦ ਹੋ ਗਏ। ਫੌਜੇ ਨੇ ਇੱਕ ਹੋਰ ਪਹਿਲੀ ਲੋਕੇਸ਼ਨ ਤੋਂ ਵੱਡੀ ਤੇ ਵਧੀਆ ਲੋਕੇਸ਼ਨ ਦੇਖ ਕੇ ਆਪਣੇ ਪਹਿਲਾਂ ਵਾਲੇ ਦੋਸਤ ਬੰਤਾ ਸਿੰਘ ਨੂੰ ਸਟੋਰ ਦੀ ਤਿਆਰੀ ਕਰਨ ਦਾ ਠੇਕਾ ਕਰ ਲਿਆ।
ਇਨ੍ਹਾਂ ਦਿਨਾਂ ਵਿੱਚ ਦੀਪੋ ਦੀ ਮਾਂ ਦੀ ਪਿੰਡੋਂ ਚਿੱਠੀ ਆਈ, “ਤੁਸੀਂ ਆ ਕੇ ਮਿਲ ਜਾਓ ਤੇ ਨਾਲੇ ਮੈਂਨੂੰ ਨਿਆਣੇ ਦਿਖਾਲ ਜਾਓ, ਮੇਰੀ ਜਿਉਂਦੀ ਜਿਉਂਦੀ।” ਦੀਪੋ ਦਾ ਬਾਪ ਦੀਪੋ ਦੇ ਜਨਮ ਤੋਂ ਸਾਲ ਕੁ ਬਾਅਦ ਹੀ ਗੁਜ਼ਰ ਗਿਆ ਸੀ। ਹੁਣ ਪਿੰਡ ਵਿੱਚ ਦੀਪੋ ਦਾ ਵੱਡਾ ਭਰਾ ਤੇ ਦੀਪੋ ਦੀ ਬੁੱਢੀ ਮਾਂ ਹੀ ਸਨ। ਦੀਪੋ ਨੇ ਚਿੱਠੀ ਪੜ੍ਹੀ ਤਾਂ ਮਾਂ ਤੇ ਭਰਾ ਦੇ ਪਿਆਰ ਨਾਲ ਅੱਖਾਂ ਡਲ੍ਹਕੀਆਂ, ਪਰ ਸ਼ੌਪ ਦਾ ਬਿਜ਼ਨਸ ਹੋਣ ਕਰਕੇ ਆਪਣੇ ਹੀ ਮਨ ਵਿੱਚ ਇਹ ਸੋਚ ਕੇ ਕਿ ਬਿਜ਼ਨਸ ਛੱਡ ਕੇ ਜਾਣਾ ਸੰਭਵ ਨਹੀਂ ਹੋ ਸਕਦਾ। ਸਾਰੀ ਦਿਹਾੜੀ ਸੋਚਾਂ ਦੇ ਘੋੜੇ ਦੁੜਾ, ਆਪਣੀ ਮਾਤਾ ਨਾਲ ਪਿਤਾ ਤੋਂ ਬਿਨਾਂ ਗੁਜ਼ਾਰੇ ਦਿਨਾਂ ਨੂੰ ਸੋਚਦੀ ਦੀ ਲੰਘ ਗਈ। ਸ਼ਾਮ ਨੂੰ ਫੌਜਾ ਸਿੰਘ ਕੰਮ ਤੋਂ ਆਇਆ ਤਾਂ ਦੀਪੋ ਦਾ ਉਦਾਸ ਚਿਹਰਾ ਪੜ੍ਹ ਕੇ ਇਕਦਮ ਪੁੱਛਿਆ, “ਕੀ ਹੋਇਆ?”
“ਕੁਝ ਨਹੀਂ।” ਦੀਪੋ ਨੇ ਉਦਾਸੀ ਨੂੰ ਲੁਕੋਂਦਿਆਂ ਆਖਿਆ, “ਤੁਸੀਂ ਸ਼ਾਵਰ ਲੈ ਕੇ ਆਉ, ਮੈਂ ਚਾਹ ਬਣਾਉਂਦੀ ਆਂ। ਮੈਂ ਸੋਚਿਆ ਤੁਹਾਡੇ ਆਇਆਂ ’ਤੇ ਇਕੱਠੇ ਹੀ ਪੀਂਦੇ ਹਾਂ …। ਅੱਜ ਅਜੇ ਮੈਂ ਵੀ ਨਹੀਂ ਪੀਤੀ।” ਦੀਪੋ ਨੇ ਚਾਹ ਬਣਾ ਕੇ ਅਜੇ ਲਿਵਿੰਗ ਰੂਮ ਵਿੱਚ ਰੱਖੀ ਹੀ ਸੀ ਕਿ ਕਿਸੇ ਆਏ ਗਾਹਕ ਨੂੰ ਅਟੈਂਡ ਕਰਨ ਲਈ ਸ਼ੌਪ ਅੰਦਰ ਚਲੀ ਗਈ।
ਇੰਨੇ ਨੂੰ ਫੌਜਾ ਸਿੰਘ ਵੀ ਸ਼ਾਵਰ ਲੈ ਕੇ ਲਿਵਿੰਗ ਰੂਮ ਵਿੱਚ ਆ ਗਿਆ। ਆਉਂਦਿਆਂ ਹੀ ਇੰਡੀਆ ਤੋਂ ਆਈ ਚਿੱਠੀ ਫੌਜਾ ਸਿੰਘ ਦੀ ਨਜ਼ਰ ਪਈ ਤਾਂ ਚਾਹ ਪੀਣ ਤੋਂ ਪਹਿਲਾਂ ਹੀ ਪੜ੍ਹ ਲਈ। ਹੁਣ ਦੀਪੋ ਦੀ ਉਦਾਸੀ ਬਾਰੇ ਪੁੱਛਣ ਦੀ ਲੋੜ ਹੀ ਨਾ ਰਹੀ, ਫੌਜੇ ਨੂੰ ਸਭ ਕੁਝ ਪਤਾ ਲੱਗ ਗਿਆ ਸੀ। ਸ਼ਾਮ ਦਾ ਟਾਇਮ ਹੋਣ ਕਰਕੇ ਦੀਪੋ ਸ਼ੌਪ ਵਿੱਚ ਬਿਜ਼ੀ ਹੋ ਗਈ। ਕੁਝ ਚਿਰ ਹੋਰ ਉਡੀਕਣ ਤੋਂ ਬਾਅਦ ਜਦੋਂ ਦੀਪੋ ਲਿਵਿੰਗ ਰੂਮ ਵਿੱਚ ਨਾ ਆਈ ਤਾਂ ਫੌਜਾ ਵੀ ਸ਼ੌਪ ਅੰਦਰ ਚਲਾ ਗਿਆ। ਦੀਪੋ ਨੂੰ ਚਾਹ ਦੇ ਕੱਪ ਵੱਲ ਇਸ਼ਾਰਾ ਕਰਦਿਆਂ ਆਪ ਕਾਊਂਟਰ ਤੇ ਖੜ੍ਹ ਗਿਆ। ਹੁਣ ਦੀਪੋ ਆਪਣੇ ਘਰ ਦਾ ਕੰਮ ਰੋਟੀ ਟੁੱਕ ਤੇ ਬੱਚਿਆਂ ਨੂੰ ਨਹਾਉਣ ਧਲੌਣ ਦੇ ਕੰਮ ਵਿੱਚ ਲੱਗ ਗਈ। ਦੋ ਢਾਈ ਘੰਟੇ ਹਰ ਰੋਜ਼ ਹੀ ਇਸੇ ਤਰ੍ਹਾਂ ਫੌਜਾ ਸਿੰਘ ਅਤੇ ਦੀਪੋ ਇੱਕ ਦੂਜੇ ਦਾ ਹੱਥ ਵਟਾਉਂਦੇ।
ਸ਼ੌਪ ਬੰਦ ਕਰ ਕੇ ਫੌਜਾ ਸਿੰਘ ਜਦੋਂ ਲਿਵਿੰਗ ਰੂਮ ਵਿੱਚ ਆਇਆ ਤਾਂ ਫੌਜਾ ਸਿੰਘ ਨੇ ਦੀਪੋ ਨਾਲ ਗੱਲ ਤੋਰੀ, “ਪੰਜਾਬ ਜਾਣ ਨੂੰ ਦਿਲ ਤਾਂ ਮੇਰਾ ਵੀ ਕਰਦਾ ਹੈ। ਆਹ ਖਿਲਾਰਾ ਛੱਡ ਕੇ ਕਿਸ ਤਰ੍ਹਾਂ ਨਿੱਕਲ ਸਕਦੇ ਹਾਂ ...?” ਦੀਪੋ ਨੇ ਫੌਜਾ ਸਿੰਘ ਦੀ ਗੱਲ ਨੂੰ ਵਿੱਚੋਂ ਕੱਟਦਿਆਂ ਆਖਿਆ, “ਹੁਣ ਤਾਂ ਕੰਮ ਔਖਾ ਆ … ਨਾ ਇੱਥੋਂ ਕੰਮ ਛੱਡ ਹੋਵੇ, ਨਾ ਜਾ ਹੋਵੇ …। ਤੁਸੀਂ ਤਾਂ ਹੋਰ ਫਾਹਾ ਦੂਸਰੀ ਸ਼ੌਪ ਦਾ ਵੀ ਪਾ ਲਿਆ।”
“ਉਹ ਤੂੰ ਐਵੇਂ ਨਾ ਰੋਈ ਜਾ! ਬਿਜ਼ਨਸ ਵਾਲੇ ਭਲਾ ਇੰਡੀਆ ਨਹੀਂ ਜਾਂਦੇ? ਮੈਂ ਆਪੇ ਸਾਰਾ ਇੰਤਜ਼ਾਮ ਕਰ ਲਊਂ, ਤੂੰ ਜਾਣ ਵਾਲੀ ਬਣ …, ਆਪਾਂ ਦੂਜੀ ਸ਼ੌਪ ਦੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਗੇੜਾ ਮਾਰ ਆਈਏ। ਦੂਜੀ ਸ਼ੌਪ ਦੇ ਸ਼ੁਰੂ ਹੋਇਆਂ ਨਿਕਲਣਾ ਮੁਸ਼ਕਲ ਆ …।” ਫੌਜਾ ਸਿੰਘ ਨੇ ਆਪਣੇ ਮਨ ਵਿੱਚ ਪੂਰੀ ਤਿਆਰੀ ਕੱਸਦਿਆਂ ਦੀਪੋ ਨੂੰ ਆਖਿਆ।
ਦੂਜੇ ਦਿਨ ਹੀ ਫੌਜਾ ਸਿੰਘ ਨੇ ਆਪਣੇ ਕਿਸੇ ਵਾਕਿਫ਼ ਟ੍ਰੈਵਲ ਏਜੰਟ ਤੋਂ ਸੀਟਾਂ ਬੁੱਕ ਕਰਵਾ ਦਿੱਤੀਆਂ। ਉੱਧਰ ਆਪਣੇ ਭੂਆ ਦੇ ਪੁੱਤ ਮੋਹਣੇ ਨੂੰ ਫ਼ੋਨ ਕਰਕੇ ਪੁੱਛਿਆ, “ਦੋ ਚਾਰ ਕੁ ਵੀਕਾਂ ਲਈ ਇੰਡੀਆ ਜਾਣੈ, ਸਾਡੇ ਮਗਰੋਂ ਸਟੋਰ ਸੰਭਾਲਣ ਲਈ ਤੁਹਾਡੀ ਮਦਦ ਦੀ ਲੋੜ ਹੈ।"
ਮੋਹਣੇ ਨੇ ਨਾਂਹ ਨੁੱਕਰ ਕੀਤੀ ਤਾਂ ਫੌਜਾ ਬੋਲਿਆ, “ਮੋਹਣ ਸਿੰਹਾਂ ਤੂੰ ਹੌਸਲਾ ਕਰ ... ਇਹ ਕੰਮ ਤਾਂ ਐਨਾ ਸੌਖਾ ਹੈ ਕਿ ਅਨਪੜ੍ਹ ਲੋਕ ਚਲਾਈ ਫਿਰਦੇ ਆ। ਤੂੰ ਤਾਂ ਫੇਰ ਵੀ ਕਾਲਜ ਜਾਂਦਾ ਰਿਹਾ ਹੈਂ। ਤੇਰੀ ਭਾਬੀ ਤੈਨੂੰ ਇੱਕ ਵੀਕ ਕਾਊਂਟਰ ’ਤੇ ਖੜ੍ਹਾ ਕਰਕੇ ਪੂਰੀ ਤਰ੍ਹਾਂ ਟਰੇਂਡ ਕਰ ਦੇਊਗੀ, ਤੂੰ ਕਿਸੇ ਗੱਲੋਂ ਧੜਕ ਨਾ ...।"
“ਅੱਛਾ ਫੇਰ ਦੇਖਦੇ ਸੋਚਦੇ ਹਾਂ ...” ਕਹਿ ਕੇ ਮੋਹਣੇ ਨੇ ਫ਼ੋਨ ਰੱਖ ਦਿੱਤਾ।
ਮੋਹਣਾ ਆਪਣੇ ਆਪ ਨੂੰ ਕਸੂਤਾ ਫਸਿਆ ਮਹਿਸੂਸ ਕਰਨ ਲੱਗਾ। ਸ਼ਾਮ ਨੂੰ ਮੋਹਣੇ ਨੇ ਆਪਣੇ ਘਰ ਵਾਲੀ ਨਾਲ ਗੱਲ ਕੀਤੀ ਕਿ ਫੌਜੇ ਭਾਜੀ ਹੋਰਾਂ ਨੂੰ ਇੰਡੀਆ ਜਾਣਾ ਪੈਣਾ ਹੈ। ਦੋ ਚਾਰ ਵੀਕਾਂ ਸਟੋਰ ਚਲਾਉਣ ਲਈ ਕਹਿੰਦੇ ਆ। ਮੈਂ ਤਾਂ ਜਵਾਬ ਹੀ ਦਿੱਤਾ ਆ, ਪਰ ਲੱਗਦਾ ਉਨ੍ਹਾਂ ਨੂੰ ਕੋਈ ਐਮਰਜੈਂਸੀ ਆ। ਮੋਹਣੇ ਦੇ ਘਰ ਵਾਲੀ ਨੇ ਮੋਹਣੇ ਨੂੰ ਕਿਹਾ, “ਤੁਹਾਨੂੰ ਲੱਗਦਾ ਹੈ ਕਿ ਕੋਈ ਐਮਰਜੈਂਸੀ ਹੈ ਤਾਂ ਤੁਸੀਂ ਜਾਵਾਬ ਕਾਹਨੂੰ ਦੇਣਾ ਸੀ, ਚਲੋ ਅਗਲਾ ਵੀ ਕਿਸੇ ਮਾਣ ਤਾਣ ਨਾਲ ਹੀ ਕਹਿੰਦਾ ਹੋਵੇਗਾ …। ਨਾਲੇ ਚੱਲਦਾ ਬਿਜ਼ਨਸ ਕਿਸੇ ਓਪਰੇ ਦੇ ਗੋਚਰੇ ਕਿਸ ਤਰ੍ਹਾਂ ਛੱਡ ਕੇ ਚਲੇ ਜਾਣ। ਤੁਸੀਂ ਵੀ ਬੱਸ ਕਿਸੇ ਵੇਲੇ ਐਵੇ “ਪਾਣੀ ਵਿੱਚ ਹੀ ਬਹਿ ਜਾਂਦੇ ਹੋ।"
ਮੋਹਣੇ ਨੇ ਵੀ ਮਨ ਵਿੱਚ ਪਛਤਾਵਾ ਕੀਤਾ ਕਿ ਮੈਂ ਫੌਜਾ ਸਿੰਘ ਨੂੰ ਜਵਾਬ ਦੇ ਕੇ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ। ਦੂਸਰੇ ਦਿਨ ਹੀ ਮੋਹਣੇ ਨੇ ਲੰਡਨ ਨੂੰ ਜਾਣ ਵਾਲੀ ਕੋਚ ਫੜੀ ਤੇ ਸਾਊਥਹਾਲ ਪਹੁੰਚ ਗਿਆ। ਦੀਪੋ ਹੈਰਾਨ ਹੋ ਗਈ, “ਮੋਹਣ ਸਿੰਹਾਂ, ਤੇਰੇ ਭਰਾ ਨੇ ਤਾਂ ਮੈਂਨੂੰ ਡਰਾ ਹੀ ਦਿੱਤਾ ਸੀ ਕਿ ਮੋਹਣੇ ਨੇ ਜਵਾਬ ਦੇ ਦਿੱਤਾ ਹੈ।”
“ਦਰਅਸਲ ਭਾਬੀ ਜੀ ਮੈਂਨੂੰ ਸ਼ੌਪ ਦਾ ਕੋਈ ਤਜਰਬਾ ਨਾ ਹੋਣ ਕਰਕੇ ਮੈਂ ਡਰਦਾ ਹਾਂ ਕਿ ਬਿਜ਼ਨਸ ਦਾ ਕੰਮ ਹੈ …। ਮੈਂ ਕਦੇ ਇਹੋ ਜਿਹਾ ਕੰਮ ਕੀਤਾ ਨਹੀਂ। ਤੁਹਾਨੂੰ ਵੀ ਪਤਾ ਹੀ ਹੈ …।” ਮੋਹਣੇ ਨੇ ਆਪਣੇ ਆਪ ਨੂੰ ਬਰੀ ਕਰਾਉਣ ਲਈ ਸਫ਼ਾਈ ਦਿੱਤੀ।
ਹੁਣ ਫੌਜਾ ਸਿੰਘ ਤੇ ਦੀਪੋ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਨ੍ਹਾਂ ਦਾ ਰੋਮ ਰੋਮ ਮੋਹਣੇ ਦਾ ਧੰਨਵਾਦੀ ਸੀ। ਮੋਹਣ ਸਿੰਘ ਨੇ ਦੋ ਚਾਰ ਦਿਨਾਂ ਵਿੱਚ ਹੀ ਸਾਰਾ ਕੰਮ ਕਾਰ ਸਮਝ ਲਿਆ ਤੇ ਪੂਰੇ ਭਰੋਸੇ ਨਾਲ ਆਏ ਗਾਹਕਾਂ ਨਾਲ ਡੀਲ ਕਰਦਾ ਤੇ ਇੰਗਲਿਸ਼ ਬੋਲਣ ਦੀ ਚੰਗੀ ਮੁਹਾਰਤ ਹੋਣ ਕਰਕੇ ਗੋਰੇ ਗਾਹਕਾਂ ਨਾਲ ਵੀ ਮੋਹਣ ਸਿੰਘ ਦੀ ਡੀਲਿੰਗ ਬਹੁਤ ਵਧੀਆ ਸੀ। ਫੌਜਾ ਸਿੰਘ ਬੇਫ਼ਿਕਰ ਹੋ ਗਿਆ।
ਫੌਜਾ ਸਿੰਘ ਤੇ ਦੀਪੋ ਦੋਹਾਂ ਬੱਚਿਆਂ ਨੂੰ ਨਾਲ ਲੈ ਕੇ ਪੰਜਾਬ ਜਾ ਪਹੁੰਚੇ। ਸਾਰੇ ਹੀ ਰਿਸ਼ਤੇਦਾਰ ਦੀਪੋ ਤੇ ਫੌਜਾ ਸਿੰਘ ਹੋਰਾਂ ਨੂੰ ਮਿਲਣ ਆਏ, ਤਾਕੀਦਾਂ ਕਰ ਕੇ ਗਏ ਕਿ ਜਦੋਂ ਵੀ ਟਾਇਮ ਲੱਗੇ ਜ਼ਰੂਰ ਮਿਲਣ ਆਉਣਾ। ਇੱਧਰੋਂ ਵਿਹਲੇ ਹੋ ਕੇ ਇੱਕ ਦਿਨ ਦੀਪੋ ਦੀ ਮਾਂ ਨੇ ਦੀਪੋ ਤੇ ਫੌਜਾ ਸਿੰਘ ਨੂੰ ਕਿਹਾ ਕਿ ਆਪਾਂ ਦੀਪੋ ਦੇ ਨਾਨਕੀ ਵੀ ਜਾਣਾ ਹੈ ਕਿਸੇ ਦਿਨ … ਤੁਹਾਡਾ ਮਾਮਾ ਬਹੁਤ ਕਹਿੰਦਾ ਸੀ। ਆਪਾਂ ਕੱਲ੍ਹ ਤੋਂ ਬਾਅਦ ਚਲੇ ਚੱਲਾਂਗੇ ਫੌਜਾ ਸਿੰਘ ਨੇ ਦੀਪੋ ਦੀ ਮਾਂ ਦੀ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਬੜੇ ਚਾਅ ਨਾਲ ਆਖਿਆ। ਫੌਜਾ ਸਿੰਘ ਦੇ ਪਿੰਡ ਦਾ ਇੱਕ ਮੁੰਡਾ ਟੈਕਸੀ ਡਰਾਇਵਰ ਸੀ ਸਵੇਰੇ ਸਵਖ਼ਤੇ ਹੀ ਘਰ ਦੇ ਮੂਹਰੇ ਆ ਖਲੋਤਾ। ਫੌਜਾ ਸਿੰਘ ਤੇ ਦੀਪੋ ਨੇ ਚਾਰ ਕੁ ਕਿਲੋਮੀਟਰ ਦੀ ਦੂਰੀ ਤੋਂ ਦੀਪੋ ਦੇ ਪੇਕੇ ਘਰ ਤੋਂ ਦੀਪੋ ਦੀ ਮਾਂ ਨੂੰ ਨਾਲ ਲਿਆ ਤੇ ਦੀਪੋ ਦੇ ਨਾਨਕੀਂ ਮੂਸਾਪੁਰ ਪਹੁੰਚ ਗਏ।
ਦੀਪੋ ਦੇ ਨਾਨੇ ਨੇ ਕਈ ਸਾਲ ਪਹਿਲਾਂ ਪਿੰਡੋਂ ਬਾਹਰ ਫਿਰਨੀ ਉੱਤੇ ਵਗਲ ਕਰ ਕੇ ਕਾਫੀ ਖੁੱਲ੍ਹਾ ਕੋਠੀ ਨੁਮਾ-ਘਰ ਬਣਾਇਆ ਸੀ। ਕਾਰ ਗੇਟ ਤੇ ਆਉਂਦਿਆਂ ਹੀ ਸਾਰੇ ਟੱਬਰ ਨੂੰ ਚਾਅ ਚੜ੍ਹ ਗਿਆ। ਸਨਿੱਚਰਵਾਰ ਦਾ ਦਿਨ ਸੀ ਸਕੂਲੋਂ ਛੁੱਟੀ ਹੋਣ ਕਰਕੇ ਦੀਪੋ ਦੇ ਮਾਮੇ ਦੇ ਕੁੜੀਆਂ ਮੁੰਡੇ ਸਾਰੇ ਘਰ ਹੀ ਮਿਲ ਪਏ। ਦੀਪੋ ਦੇ ਮਾਮੇ ਮਾਮੀ ਨੇ ਵਲੈਤੋਂ ਗਿਆਂ ਪ੍ਰਾਹੁਣਿਆਂ ਦੀ ਬਹੁਤ ਸੇਵਾ ਕੀਤੀ। ਦੀਪੋ ਦੇ ਮਾਮੇ ਨੇ ਆਪਣੇ ਨੌਕਰ ਕੋਲ਼ੋਂ ਘਰ ਦਾ ਕੁੱਕੜ ਵਢਾ ਲਿਆ। ਚਾਹ ਪਾਣੀ ਤੋਂ ਬਾਆਦ ਘਰ ਦੀ ਕੱਢੀ ਦਾਰੂ ਨਾਲ ਫੌਜਾ ਸਿੰਘ ਨੂੰ ਇੰਗਲੈਂਡ ਦੇ ਪੱਬਾਂ ਦਾ ਪਲ ਭਰ ਲਈ ਚੇਤਾ ਹੀ ਭੁਲਾ ਦਿੱਤਾ। ਕਾਫੀ ਰਾਤ ਤੱਕ ਨਿਆਣੇ ਸਿਆਣੇ ਦੀਪੋ ਤੇ ਫੌਜਾ ਸਿੰਘ ਕੋਲੋਂ ਇੰਗਲੈਂਡ ਦੀਆਂ ਗੱਲਾਂਬਾਤਾਂ ਸੁਣਦੇ ਰਹੇ। ਦੀਪੋ ਦਾ ਮਾਮਾ ਸਵੇਰੇ ਸਵਖਤੇ ਉੱਠ ਖੜ੍ਹਿਆ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੂੰਹ-ਹਨੇਰੇ ਨੌਕਰ ਨੂੰ ਨਾਲ ਲੈ ਮੱਝਾਂ ਦੇ ਕੱਖ ਕੰਡੇ ਦਾ ਕੰਮ ਨਬੇੜ ਕੇ ਪ੍ਰਾਹੁਣਿਆਂ ਦੇ ਉੱਠਣ ਤੋਂ ਪਹਿਲਾਂ ਵਿਹਲਾ ਹੋਣਾ ਚਾਹੁੰਦਾ ਸੀ। ਪਰ ਕਰਦੇ ਕਰਾਉਂਦੇ ਨੂੰ ਦੁਪਹਿਰਾ ਹੀ ਆ ਗਿਆ। ਦੀਪੋ ਦੀ ਮਾਮੀ ਤੇ ਉਸ ਦੇ ਵੱਡੇ ਲੜਕੇ ਲੜਕੀ ਨੇ ਆਮਲੇਟ, ਟੋਸਟਾਂ ਨਾਲ ਵਲਾਇਤੀ ਸਟਾਇਲ ਦਾ ਬਰੇਕ-ਫਾਸਟ ਬਣਾ ਕੇ ਖੁਆਇਆ। ਹੁਣ ਬਰੇਕ-ਫ਼ਾਸਟ ਤੋਂ ਵਿਹਲੇ ਹੋ ਕੇ ਦੀਪੋ ਹੋਰਾਂ ਲਈ ਸਿਆਲ ਦੀ ਨਿੱਘੀ ਧੁੱਪ ਦਾ ਅਨੰਦ ਲੈਣ ਲਈ ਕੋਠੇ ਉੱਪਰ ਚੁਬਾਰੇ ਦੇ ਬਾਹਰ ਕੰਧ ਦੇ ਅੜਿੱਕੇ ਧੁੱਪ ਵਿੱਚ ਮੰਜੇ ਡਾਹ ਦਿੱਤੇ।
“ਪੁੱਤ ਫੌਜਾ ਸਿੰਹਾਂ ਕਿਤੇ ਮੇਰਾ ਗ਼ਰੀਬਣੀ ਦਾ ਬੇੜਾ ਵੀ ਬੰਨੇ ਲਾਉ। ... ਦੀਪੋ ਹੁਣ ਤੁਹਾਡੇ ਕੋਲ਼ੋਂ ਕਾਹਦਾ ਲੁਕੋ ਆ … ਮਾਮਾ ਤੁਹਾਡਾ ਤਾਂ ਨਸ਼ੇ ਪੱਤੇ ਕਰਦਾ ਐ …। ਇੱਧਰ ਗੋਡੇ ਗੋਡੇ ਕਬੀਲਦਾਰੀ ਚੜ੍ਹੀ ਹੋਈ ਆ। ਮੈਂ ਤਾਂ ਜਿਸ ਦਿਨ ਦੀ ਇਸ ਘਰ ਆਈ ਆਂ ਕੋਈ ਦਿਨ ਸੁਖ ਦਾ ਨਹੀਂ ਦੇਖਿਆ।” ਦੀਪੋ ਦੀ ਮਾਮੀ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਆਪਣੀ ਗ਼ਰੀਬੀ ਤੇ ਭਾਰੀ ਕਬੀਲਦਾਰੀ ਦਾ ਰੋਣਾ ਰੋਂਦਿਆਂ ਆਪਣੀ ਦੁੱਖਾਂ ਦੀ ਪੰਡ ਦੀਪੋ ਹੋਰਾਂ ਦੇ ਮੋਹਰੇ ਢੇਰੀ ਕਰ ਦਿੱਤੀ।
“ਮਾਮੀ ਜੀ ਤੁਸੀਂ ਫਿਕਰ ਨਾ ਕਰੋ …! ਇਨ੍ਹਾਂ ਨਿਆਣਿਆਂ ਦੀ ਕਿਸਮਤ ਇਨ੍ਹਾਂ ਦੇ ਨਾਲ ਹੈ, ਜਿਸ ਨੇ ਇਹ ਜੀਵ ਪੈਦਾ ਕੀਤੇ ਹਨ, ਉਸ ਨੂੰ ਸਭ ਦਾ ਫਿਕਰ ਹੈ।” ਦੀਪੋ ਨੇ ਆਪਣੀ ਮਾਮੀ ਨੂੰ ਹੌਸਲਾ ਦਿੰਦਿਆਂ ਆਖਿਆ।
ਇੰਨੇ ਨੂੰ ਦੀਪੋ ਦੇ ਮਾਮੇ ਦੀ ਵੱਡੀ ਲੜਕੀ ਕਿੰਦੋ ਚਾਹ ਲੈ ਕੇ ਕੋਠੇ ਉੱਪਰ ਆਈ ਤਾਂ ਫੌਜਾ ਸਿੰਘ ਨੇ ਉਸ ਨੂੰ ਦੇਖਦਿਆਂ ਹੀ ਕਹਿ ਦਿੱਤਾ “ਇਸ ਕੁੜੀ ਨੂੰ ਅਸੀਂ ਨਾਲ ਲੈ ਜਾਂਦੇ ਹਾਂ, ਇਹ ਕੱਲ੍ਹ ਦੀ ਹੀ ਸਾਡੀ ਸੇਵਾ ਬਹੁਤ ਕਰਦੀ ਆ …।” ਫੌਜੇ ਨੇ ਗੱਲ ਨੂੰ ਹੋਰ ਪਾਸੇ ਪਾਉਂਦਿਆਂ ਆਖਿਆ। ਸੁਣਦਿਆਂ ਹੀ ਕਿੰਦੋ ਦਾ ਚਿਹਰਾ ਸੰਗ ਨਾਲ ਲਾਲ ਸੂਹਾ ਹੋ ਗਿਆ। ਬਾਕੀ ਮੈਂਬਰਾਂ ਨੇ ਹੱਸਦਿਆਂ ਹੱਸਦਿਆਂ ਫੌਜਾ ਸਿੰਘ ਦੀ ਇਸ ਦਲੀਲ ਦੀ ਤਾਈਦ ਕਰ ਦਿੱਤੀ। ਉਹ ਬੈਠੇ ਗੱਲਾਂਬਾਤਾਂ ਕਰਦੇ ਰਹੇ। ਉੱਧਰ ਰਸੋਈ ਵਿੱਚ ਦੁਪਹਿਰ ਦਾ ਖਾਣਾ ਤਿਆਰ ਹੋਣ ਲੱਗਾ। ਇੰਨੇ ਚਿਰ ਨੂੰ ਦੀਪੋ ਦਾ ਮਾਮਾ ਵੀ ਵਿਹਲਾ ਹੋ ਕੇ ਕੁਝ ਹਵਾ ਪਿਆਜ਼ੀ ਜਿਹਾ ਹੋਇਆ ਆ ਪੰਹੁਚਿਆ ਸੀ। ਆਉਂਦਿਆਂ ਹੀ ਫੌਜਾ ਸਿੰਘ ਨੂੰ ਰੋਟੀ ਤੋਂ ਪਹਿਲਾਂ ਦੰਦ ਤਿੱਖੇ ਕਰਨ ਲਈ ਇਸ਼ਾਰਾ ਕਰਦਿਆਂ, ਬਾਕੀ ਬੈਠਿਆਂ ਨੂੰ ਜਾਣ ਦੇ ਇਸ਼ਾਰੇ ਨਾਲ ਬੋਲਿਆ, “ਬਈ ਲੱਗਦਾ ਹੈ ਸਾਡੀਆਂ ਚੁਗਲੀਆਂ ਹੁਣ ਤਾਈਂ ਬਥੇਰੀਆਂ ਹੋ ਗਈਆਂ ਹੋਣੀਆਂ …। ਹੁਣ ਸਾਨੂੰ ਵੀ ਦਸ ਕੁ ਮਿੰਟ ਇਕੱਲਿਆਂ ਬੈਠਣ ਦਿਉ …।”
ਦੀਪੋ ਦਾ ਮਾਮਾ ਕੱਚ ਦੀਆਂ ਦੋ ਗਿਲਾਸੀਆਂ ਅਤੇ ਰਾਤ ਵਾਲੀ ਦੇਸੀ ਦੁਆਈ ਦੀ ਬੋਤਲ ਚੁੱਕ ਲਿਆਇਆ।
“ਮਾਮਾ ਜੀ, ਹੁਣ ਤਾਂ ਰਹਿਣ ਦਿਓ … ਮੇਰਾ ਤਾਂ ਰਾਤ ਦਾ ਹੀ ਸਿਰ ਘੁੰਮੀ ਜਾਂਦਾ।” ਫੌਜੇ ਨੇ ਦਿਨੇ ਨਾ ਪੀਣ ਦੇ ਮਨ ਨਾਲ ਆਖਿਆ।
“ਤਦੇ ਤਾਂ ਮੈਂ ਲੈ ਕੇ ਆਇਆਂ। ਇਹਦੇ ਨਾਲ ਹੀ ਠੀਕ ਹੋਵੇਗਾ, ਬੱਸ ਇੱਕ ਹਲਕਾ ਜਿਹਾ ਲਾ ਲੈ … ਮੈਂ ਤਾਂ ਲੇਟ ਹੋ ਗਿਆਂ, ਆਹ ਸਹੁਰਾ ਪਟਵਾਰੀ ਸਵੇਰੇ ਹੀ ਮੱਥੇ ਆ ਲੱਗਾ। ਮੈਂ ਤਾਂ ਸੋਚਿਆ ਸੀ ਕਿ ਵੇਲੇ ਸਿਰ ਹੀ ਪਸ਼ੂ-ਪਾ ਦੇ ਕੰਮ ਵੱਲੋਂ ਵਿਹਲੇ ਹੋ ਕੇ ਘੜੀ ਬੈਠਾਂਗੇ …।”
ਇੰਨੇ ਨੂੰ ਖਾਣਾ ਆ ਗਿਆ। ਦੁਪਹਿਰ ਦੀ ਰੋਟੀ ਦਾ ਅਨੰਦ ਲੈਂਦੇ ਵਲੈਤ ਦੀਆਂ ਗੱਲਾਂ ਸੁਣਦੇ ਸੁਣਾਉਂਦੇ ਕੋਈ ਦੋ ਵੱਜ ਗਏ।
ਦੁਪਹਿਰ ਦੀ ਰੋਟੀ ਛਕ ਛਕਾ ਕੇ ਫੌਜੇ ਹੋਰੀਂ ਤੁਰਨ ਦੀ ਤਿਆਰੀ ਕਰਨ ਲੱਗੇ। ਟੈਕਸੀ ਗੇਟ ’ਤੇ ਆ ਗਈ। ਸਾਰੇ ਹੀ ਨਿਆਣੇ ਸਿਆਣੇ ਗਲਵੱਕੜੀਆਂ ਪਾ ਪਾ ਕੇ ਮਿਲੇ। ਦੀਪੋ ਦੀ ਮਾਮੀ ਨੇ ਅੱਖਾਂ ਭਰ ਕੇ ਇੱਕ ਵਾਰ ਚੁੱਪ ਭਰਿਆ ਸੁਨੇਹਾ ਫੇਰ ਫੌਜਾ ਸਿੰਘ ਤੇ ਦੀਪੋ ਨੂੰ ਦਿੰਦਿਆਂ ਜਾ ਕੇ ਛੇਤੀ ਚਿੱਠੀ ਪਾਉਣ ਤੇ ਛੇਤੀ ਫੇਰ ਗੇੜਾ ਮਾਰਨ ਦੀ ਤਾਕੀਦ ਕੀਤੀ।
“ਹਾਂ ਮਾਮੀ ਜੀ, ਬੱਸ ਫੇਰ ਇਸ ਤਰ੍ਹਾਂ ਜਦੋਂ ਅੰਨ ਜਲ ਹੋਇਆ ਤਾਂ ਜ਼ਰੂਰ ਛੇਤੀ ਆਵਾਂਗੇ।” ਕਹਿ ਕੇ ਵਿਦਾਇਗੀ ਲਈ।
ਵਿਦਾਇਗੀ ਵੇਲੇ ਦੀਪੋ ਦੀ ਮਾਮੀ ਦੇ ਚੁੱਪ ਭਰੇ ਸੁਨੇਹੇ ਨੇ ਫੌਜੇ ਦੇ ਮਨ ਵਿੱਚ ਤੜਫਣੀ ਜਿਹੀ ਲਾ ਦਿੱਤੀ ਸੀ। ਫੌਜਾ ਮਨੋ ਦੀਪੋ ਦੇ ਨਾਨਕਿਆਂ ਦੀ ਗ਼ਰੀਬੀ ਦੂਰ ਕਰਨ ਦੀਆਂ ਵਿਉਂਤਾਂ ਸੋਚਣ ਲੱਗਾ।
ਤਿੰਨ ਕੁ ਹਫਤੇ ਫੌਜੇ ਹੋਰੀਂ ਪਿੰਡ ਰਹਿ ਇੰਗਲੈਂਡ ਵਾਪਸ ਆ ਗਏ। ਆਉਂਦਿਆਂ ਨੂੰ ਦੂਸਰੀ ਸ਼ੌਪ ਵੀ ਲਗਭਗ ਤਿਆਰ ਹੋ ਚੁੱਕੀ ਸੀ। ਫੌਜੇ ਹੋਰਾਂ ਦੇ ਪਿੱਛੋਂ ਮੋਹਣ ਸਿੰਘ ਨੇ ਸ਼ੌਪ ਦੀ ਸੇਲ ਕਾਫ਼ੀ ਵਧਾ ਲਈ ਸੀ। ਕੰਮ ਨੂੰ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਸੀ। ਦੋਨਾਂ ਨੇ ਹੀ ਮੋਹਣ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।
“ਲੋਕ ਐਵੇਂ ਨਹੀਂ ਕਹਿੰਦੇ, “ਭਰਾ ਬਾਹਵਾਂ ਹੁੰਦੇ ਹਨ।” ਫੌਜੇ ਨੇ ਜਜ਼ਬਾਤੀ ਹੁੰਦਿਆਂ ਮਾਣ ਨਾਲ ਮੋਹਣ ਸਿੰਘ ਨੂੰ ਗਲਵੱਕੜੀ ਪਾਉਂਦਿਆਂ ਆਖਿਆ।
“ਲੈ ਭਾਜੀ, ਇਹ ਤਾਂ ਆਪਣਾ ਕੰਮ ਸੀ … ਗੱਲ ਕਿਹੜੀ ਆ।” ਮੋਹਣੇ ਨੇ ਫੌਜੇ ਨੂੰ ਹੌਸਲੇ ਨਾਲ ਆਖਿਆ। ਦੋ ਚਾਰ ਦਿਨ ਹੋਰ ਰਹਿ ਮੋਹਣ ਸਿੰਘ ਆਪਣੇ ਟਾਊਨ ਵਾਪਸ ਆ ਗਿਆ।
ਉੱਧਰ ਨਵੀਂ ਸ਼ੌਪ ਦੀ ਓਪਨਿੰਗ ਬੜੀ ਧੂਮਧਾਮ ਨਾਲ ਹੋਈ। ਫੌਜਾ ਸਿੰਘ ਦੀ ਮਿੱਤਰਤਾ ਦਾ ਘੇਰਾ ਕਾਫ਼ੀ ਵਧ ਚੁੱਕਾ ਸੀ। ਹੁਣ ਫੌਜਾ ਸਿੰਘ ਤੇ ਦੀਪੋ ਨੂੰ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ। ਪਹਿਲੀ ਸ਼ੌਪ ਤੇ ਅੱਗੇ ਕਦੇ ਵੇਲੇ ਕੁਵੇਲੇ ਫੌਜਾ ਸਿੰਘ ਹੱਥ ਵਟਾ ਦਿੰਦਾ ਤਾਂ ਦੀਪੋ ਨਿਆਣਿਆਂ ਨੂੰ ਸੰਭਾਲ ਲੈਂਦੀ ਪਰ ਹੁਣ ਤਾਂ ਫੌਜਾ ਸਿੰਘ ਵੀ ਦਸ ਵਜੇ ਸ਼ੌਪ ਬੰਦ ਕਰ ਕੇ ਆਉਂਦੇ ਨੂੰ ਨਿਆਣੇ ਭੁੱਖੇ ਰੱਜੇ ਸੌਂ ਚੁੱਕੇ ਹੁੰਦੇ। ਫੌਜਾ ਘਰ ਆਉਂਦਾ ਦੋ ਪੈੱਗ ਵਿਸਕੀ ਦੇ ਲਾ ਕੇ ਜੋ ਕੁਝ ਵੀ ਬਣਿਆ ਹੁੰਦਾ ਖਾ ਕੇ ਸੌਂ ਜਾਂਦਾ। ਹਰ ਰੋਜ਼ ਸਵੇਰੇ ਸਵਖ਼ਤੇ ਉੱਠ ਕੇ ਬੱਚਿਆਂ ਨੂੰ ਤਿਆਰ ਕਰ ਸਕੂਲ ਛੱਡਣਾ, ਹੋਰ ਸਾਰਾ ਘਰੇਲੂ ਕੰਮ ਕਾਰ ਵੀ ਕਰਨਾ, ਫੇਰ ਸਾਰੀ ਦਿਹਾੜੀ ਸ਼ੌਪ ’ਤੇ ਖੜ੍ਹੀ ਲੱਤ ਦਾ ਪਹਿਰਾ ਦੇਣਾ। ਹੁਣ ਦੀਪੋ ਨੂੰ ਲੱਗਦਾ ਕਿ ਸ਼ਾਇਦ ਮੈਂਨੂੰ ਦੂਸਰੀ ਸ਼ੌਪ ਖੋਲ੍ਹਣ ਦਾ ਹੁੰਗਾਰਾ ਦੇਣ ਦੀ ਹੀ ਸਜ਼ਾ ਮਿਲ ਰਹੀ ਹੈ।
ਮਹੀਨੇ ਕੁ ਬਾਅਦ ਹੀ ਇੰਡੀਆ ਤੋਂ ਦੀਪੋ ਦੇ ਮਾਮੀ ਮਾਮੇ ਵਲੋਂ ਪਾਇਆ ਹੋਇਆ ਰਜਿਸਟਰ ਲੈਟਰ ਮਿਲਿਆ, ਜਿਸ ਵਿੱਚ ਕਿੰਦੋ ਦੀਆਂ ਫੋਟੋ, ਸਕੂਲ ਦਾ ਸਰਟੀਫ਼ੀਕੇਟ, ਸਲਾਈ ਕਢਾਈ ਦੇ ਸਰਟੀਫ਼ੀਕੇਟ ਨਾਲ ਹੀ ਬੜੀ ਤਾਕੀਦ ਭਰੀ ਚਿੱਠੀ ਮਿਲੀ, “ਪੁੱਤਰ ਫੌਜਾ ਸਿੰਹਾਂ, ਇਹ ਕੰਮ ਤੇਰੇ ਕਰਨੇ ਦਾ ਹੀ ਹੈ, ਤੁਹਾਡੇ ਬਿਨਾ ਸਾਡਾ ਕੋਈ ਸਹਾਰਾ ਨਹੀਂ …। ਅਸੀਂ ਕਿੰਦੋ ਦੀਆਂ ਫੋਟੋ ਭੇਜ ਰਹੇ ਹਾਂ। ਕੋਈ ਚੰਗਾ ਘਰ ਬਾਰ ਦੇਖ ਕੇ ਕਿੰਦੋ ਦਾ ਰਿਸ਼ਤਾ ਕਿਧਰੇ ਕਰ ਦਿਉ। ਅਸੀਂ ਜਿਉਂਦੇ ਜੀ ਤੁਹਾਡਾ ਅਹਿਸਾਨ ਨਹੀਂ ਭੁਲਾ ਸਕਦੇ …।”
ਦੀਪੋ ਤੇ ਫ਼ੌਜਾ ਸਿੰਘ ਤਾਂ ਪਹਿਲਾਂ ਹੀ ਸੋਚਦੇ ਸੀ ਕਿ ਕੋਈ ਆਪਣਾ ਨੇੜੇ ਦਾ ਰਿਸ਼ਤੇਦਾਰ ਹੋਵੇ ਤਾਂ ਸ਼ੌਪ ’ਤੇ ਮਦਦ ਹੋ ਸਕਦੀ ਹੈ। ਫੌਜਾ ਸਿੰਘ ਤੇ ਦੀਪੋ ਨੇ ਸਲਾਹ ਕੀਤੀ ਤੇ ਕਿੰਦੋ ਦੀ ਪਰਮਿਟ ਭੇਜ ਦਿੱਤੀ। ਉਨ੍ਹਾਂ ਦਿਨਾਂ ਵਿੱਚ ਏਅਰਪੋਰਟ ’ਤੇ ਆਏ ਵਿਜ਼ਟਰ ਨੂੰ ਵੀਜ਼ਾ ਮਿਲ ਜਾਂਦਾ ਸੀ। ਉਹਨਾਂ ਸੋਚਿਆ ਕਿ ਇਸ ਤਰ੍ਹਾਂ ਕੰਮ ਜਲਦੀ ਹੋ ਜਾਵੇਗਾ। ਦੋ ਕੁ ਮਹੀਨਿਆਂ ਵਿੱਚ ਕਿੰਦੋ ਲੰਡਨ ਆ ਪਹੁੰਚੀ।
ਵੀਹ ਸਾਲ ਦੀ ਉਮਰ ਦੀ ਕਿੰਦੋ ਸਿਆਲ ਦੀ ਕੋਸੀ ਧੁੱਪ ਵਾਂਗ ਨਿੱਘੇ ਸੁਭਾਅ ਨਾਲ ਹਰ ਕਿਸੇ ਨੂੰ ਕੀਲ ਰਹੀ ਸੀ। ਦੀਪੋ ਨੂੰ ਬਹੁਤ ਸੁਖ ਹੋ ਗਿਆ। ਪਹਿਲਾਂ ਦੀਪੋ ਨੇ ਆਪਣੇ ਨਾਲ ਪਹਿਲੀ ਸ਼ੌਪ ਤੇ ਕਿੰਦੋ ਨੂੰ ਸਾਰੀ ਟਰੇਨਿੰਗ ਦਿੱਤੀ। ਕਿੰਦੋ ਘਰ ਦਾ ਕੰਮ ਕਾਰ, ਬੱਚਿਆਂ ਨੂੰ ਸਕੂਲ ਛੱਡਣ, ਲੈਣ ਜਾਣ ਦਾ ਕੰਮ ਕਰਦੀ। ਬੱਚਿਆਂ ਦੇ ਹੋਮ-ਵਰਕ ਕਰਾਉਣ ਵਿੱਚ ਮਦਦ ਕਰਦੀ।
ਦੂਸਰੀ ਸ਼ੌਪ ਕਾਫੀ ਬੀਜ਼ੀ ਸੀ। ਉੱਥੇ ਪਹਿਲਾਂ ਫੌਜਾ ਸਿੰਘ ਇਕੱਲਾ ਹੀ ਕੰਮ ਸਾਂਭ ਲੈਂਦਾ ਸੀ ਪਰ ਇਹ ਸ਼ੌਪ ਹੁਣ ਪਹਿਲੀ ਨਾਲੋਂ ਵੱਡੀ ਸੀ ਤੇ ਨਾਲੇ ਇੱਥੇ ਲੋਕਲ ਗਾਹਕਾਂ ਤੋਂ ਇਲਾਵਾ ਬਾਹਰਲਾ ਗਾਹਕ ਵੀ ਕਾਫੀ ਆਉਂਦਾ ਹੋਣ ਕਰਕੇ ਇੱਥੇ ਦੋ ਬੰਦੇ ਜ਼ਰੂਰ ਚਾਹੀਦੇ ਸਨ। ਕਿੰਦੋ ਬਹੁਤ ਚੁਸਤ ਤੇ ਅਣਥਕ ਕਾਮੀਂ ਸੀ, ਦੂਸਰੀ ਸ਼ੌਪ ’ਤੇ ਦੋ ਬੰਦਿਆਂ ਦਾ ਕੰਮ ਇਕੱਲੀ ਸਾਂਭੀ ਫਿਰਦੀ। ਹੌਲ਼ੀ ਹੌਲ਼ੀ ਇੰਗਲਿਸ਼ ਵੀ ਬਹੁਤ ਵਧੀਆ ਬੋਲਣ ਲੱਗ ਪਈ। ਸ਼ੌਪ ’ਤੇ ਆਏ ਗਾਹਕਾਂ ਨੂੰ ਇੱਕ ਮੁਸਕਰਾਹਟ ਭਰੀ ਹਾਏ ਬਾਏ ਹੀ ਗਾਹਕ ਦੇ ਮੁੜ ਕੇ ਇੱਥੋਂ ਸੌਦਾ ਲੈਣ ਆਉਣ ਦੀ ਗਰੰਟੀ ਹੁੰਦੀ ਸੀ।
ਦੋਵੇਂ ਸ਼ੌਪਾਂ ਸਮਝੋ ਦਿਨੇ ਰਾਤ ਪੌਡਾਂ ਦੇ ਢੇਰ ਲਾਉਣ ਲੱਗ ਪਈਆਂ। ਦੀਪੋ ਤੇ ਫੌਜਾ ਆਪਣੇ ਆਪ ਨੂੰ ਬਹੁਤ ਖੁਸ਼-ਕਿਸਮਤ ਸਮਝਦੇ ਕਿ ਅਸੀਂ ‘ਨਾਲੇ ਪੁੰਨ ਨਾਲੇ ਫਲੀਆਂ’ ਵਾਲਾ ਕੰਮ ਕਰ ਲਿਆ ਹੈ। ਦੀਪੋ ਹੋਰਾਂ ਕਿੰਦੋ ਨੂੰ ਉੱਕੀ ਪੁੱਕੀ ਤਨਖਾਹ, ਆਪਣੇ ਘਰ ਵਿੱਚ ਹੀ ਰਿਹਾਇਸ਼ ਲਈ ਕਮਰਾ ਤੇ ਨਾਲ ਹੀ ਰੋਟੀ ਪਾਣੀ ਦਾ ਸਾਰਾ ਇੰਤਜ਼ਾਮ ਵੀ ਕਰ ਛੱਡਿਆ ਸੀ।
ਫੌਜਾ ਸਿੰਘ ਤੇ ਕਿੰਦੋ ਨਵੀਂ ਸ਼ੌਪ ਉੱਤੇ ਕੰਮ ਕਰਦੇ ਤੇ ਦੀਪੋ ਪਹਿਲੀ ਸ਼ੌਪ ਸੰਭਾਲਦੀ। ਸਾਲ ਇਉਂ ਲੰਘ ਗਿਆ ਕਿ ਪਤਾ ਹੀ ਨਾ ਲੱਗਾ। ਕਿੰਦੋ ਨੂੰ ਗਾਹਕਾਂ ਨਾਲ ਹੱਸ ਹੱਸ ਗੱਲਾਂ ਕਰਦਿਆਂ, ਪਿਆਰ ਨਾਲ ਬੋਲਦਿਆਂ ਬੁਲਾਉਂਦਿਆਂ ਦੇਖ ਫੌਜਾ ਮਨ ਹੀ ਮਨ ਵਿੱਚ ਖਿੱਚਿਆ ਜਾਂਦਾ।
ਨਵੀਂ ਸ਼ੌਪ ਉੱਤੇ ਹੌਲ਼ੀ ਹੌਲ਼ੀ ਉਹ ਕੁਝ ਹੋਣ ਲੱਗਾ ਜਿਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ। ਖ਼ਾਸ ਕਰਕੇ ਜਿਸ ਗੱਲ ਦਾ ਦੀਪੋ ਤਾਂ ਕਦੇ ਸੁਪਨਾ ਵੀ ਨਹੀਂ ਸੀ ਲੈ ਸਕਦੀ। ਉੱਦਾਂ ਭਾਵੇਂ ਫੌਜੇ ਹੋਰੀਂ ਕਿੰਦੋ ਨੂੰ ਉੱਕੀ ਪੁੱਕੀ ਤਨਖ਼ਾਹ ਦਿੰਦੇ ਸੀ ਪਰ ਹਫ਼ਤੇ ਦੋਂ ਹਫ਼ਤੀਂ ਜਦ ਕਿੰਦੋ ਨੂੰ ਤਨਖ਼ਾਹ ਦੇਣੀ, ਫੌਜੇ ਨੇ ਕਦੇ ਵੀਹ ਕਦੇ ਪੰਜਾਹ, ਪੌਂਡ ਵਾਧੂ ਜੇਬ ਖ਼ਰਚ ਦੇ ਤੌਰ ਉੱਤੇ ਕਿੰਦੋ ਦੇ ਹੱਥ ਵਿੱਚ ਦੇ ਛੱਡਣਾ। ਕਿੰਦੋ ਬੱਝੀ ਤਨਖ਼ਾਹ, ਹਫ਼ਤੇ ਦੋ ਹਫ਼ਤੀਂ ਵਾਧੂ ਪੈਸੇ ਮਿਲਦਿਆਂ ਵੀ ਗੱਲੇ ਵਿੱਚੋਂ ਕੁੰਡੀ ਲਾ ਲੈਂਦੀ। ਘਰ ਵਿੱਚ ਵੀ ਕਿੰਦੋ ਨੇ ਆਪਣੀ ਭੈਣ ਦਾ ਮਨ ਪੂਰੀ ਤਰ੍ਹਾਂ ਜਿੱਤ ਰੱਖਿਆ ਸੀ। ਕੰਮ ਤੋਂ ਆਉਂਦਿਆਂ ਆਪਣੀ ਭੈਣ ਨੂੰ ਘਰ ਦੇ ਕਿਸੇ ਕੰਮ ਨੂੰ ਹੱਥ ਨਾ ਲਾਉਣ ਦੇਣਾ, ਰੋਟੀ ਪਾਣੀ ਬਣਾਉਣਾ, ਬੱਚਿਆਂ ਨੂੰ ਨਹਾਉਣਾ, ਖਾਣਾ ਖੁਆਉਣਾ, ਸਾਰੇ ਕੰਮਾਂ ਨੂੰ ਹਵਾ ਦੇ ਬੁੱਲੇ ਵਾਂਗ ਮੁਕਾ ਛੱਡਦੀ। ਫੌਜਾ ਸ਼ੌਪ ਦੇ ਨਾਲ ਲੱਗਦੇ ਪੱਬ ਵਿੱਚੋਂ ਸ਼ੌਪ ਬੰਦ ਕਰਨ ਤੋਂ ਪਹਿਲਾਂ ਨੱਠ ਭੱਜ ਕੇ ਦੋ ਕੁ ਗਲਾਸ ਵੀ ਲਾ ਆਉਂਦਾ। ਘਰ ਆਉਂਦਿਆਂ ਦੀਪੋ ਕਿਚਨ ਵਿੱਚ ਰੋਟੀ ਪਾਣੀ ਦੇ ਆਹਰ ਲੱਗ ਜਾਂਦੀ।
“ਉਹ ਲਿਆ ਬਈ ਕਿੰਦਿਆ ... ਹੈਥੇ ਬੋਤਲ ਪਈ ਹੋਣੀ ਆ … ਜਰਾ ਰਿਲੈਕਸ ਹੋਈਏ … ਸਾਰੀ ਦਿਹਾੜੀ ਖੜ੍ਹੇ ਆਕੜ ਜਾਈਦਾ।” ਟੀ. ਵੀ. ਦਾ ਬਟਨ ਮਰੋੜਦਾ ਹੋਇਆ ਫੌਜਾ ਬੋਲਦਾ। ਇੱਕ ਦੋ ਵਾਰ ਦੀਪੋ ਨੇ ਕਿੰਦੋ ਤੇ ਫੌਜੇ ਦੇ ਬਦਲੇ ਹੋਏ ਤੌਰ ਨੂੰ ਦੇਖਦਿਆਂ ਘਰ ਵਿੱਚ ਹੰਗਾਮਾ ਕੀਤਾ, “ਇਹ ਕੀ ਕੰਮ ਐ ਕਿ ਕਿੰਦੋ ਤੈਨੂੰ ਖਾਣ ਪੀਣ ਲਈ ਸਭ ਕੁਝ ਫੜਾਵੇ ... ਤੂੰ ਆਪ ਕਿਉਂ ਨਹੀਂ ਉੱਠ ਕੇ ਲੈ ਸਕਦਾ?” ਪਰ ਫੌਜੇ ਵੱਲੋਂ ਸਫ਼ਾਈ ਦੇਣ ਤੇ ਘਰ ਦੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਫੌਜੇ ਤੇ ਕਿੰਦੋ ਉੱਤੇ ਪਹਿਲਾਂ ਵਾਲਾ ਵਿਸ਼ਵਾਸ ਬਣਾਈ ਰੱਖਣ ਲਈ ਆਪਣੇ ਆਪ ਨੂੰ ਸ਼ੱਕ ਦੇ ਘੇਰੇ ਵਿੱਚੋਂ ਬਾਹਰ ਕਰ ਲਿਆ ਸੀ।
ਇੱਕ ਦਿਨ ਫੌਜੇ ਦੇ ਬਹੁਤ ਹੀ ਪਿਆਰੇ ਦੋਸਤ ਦੇ ਲੜਕੇ ਦੇ ਜਨਮ ਦਿਨ ਦੀ ਪਾਰਟੀ ਦਾ ਸੱਦਾ ਆਇਆ। ਉਨ੍ਹਾਂ ਨੇ ਪਰਿਵਾਰ ਸਮੇਤ ਆਉਣ ਲਈ ਕਿਹਾ। ਫੌਜੇ ਨੇ ਫ਼ੋਨ ਕਰਕੇ ਆਪਣੇ ਦੋਸਤ ਨੂੰ ਦੱਸਿਆ, “ਮੈਂ ਜਾਂ ਦੀਪੋ ... ਅਸੀਂ ਇੱਕ ਜਣਾ ਬੱਚਿਆਂ ਨੂੰ ਲੈ ਕੇ ਆ ਜਾਵਾਂਗੇ। ਤੁਹਾਨੂੰ ਪਤਾ ਹੈ ਕਿ ਵੀਕ-ਐਂਡ ਕਰਕੇ ਨਵੀਂ ਸ਼ੌਪ ’ਤੇ ਲੇਟ ਤੱਕ ਰਹਿਣਾ ਪੈਂਦਾ ਹੈ।” ਉੱਧਰ ਫੌਜੇ ਨੇ ਘਰ ਦੀਪੋ ਨਾਲ ਸਲਾਹ ਕੀਤੀ ਕਿ ਤੂੰ ਆਪਣੀ ਘਰ ਵਾਲੀ ਸ਼ੌਪ ਘੰਟਾ ਕੁ ਪਹਿਲਾਂ ਬੰਦ ਕਰ ਕੇ ਬੱਚਿਆਂ ਨੂੰ ਲੈ ਕੇ ਬਰਥਡੇ ’ਤੇ ਚਲੀ ਜਾਵੀਂ।
ਨਵੀਂ ਸ਼ੌਪ ਫੌਜੇ ਨੇ ਬੰਦ ਕਰਕੇ ਘਰ ਨੂੰ ਆਉਂਦਿਆਂ ਇੰਡੀਅਨ ਰੈਸਟੋਰੈਂਟ ਤੋਂ ਰੋਸਟ ਚਿਕਨ ਲਿਆ, ਕੁਝ ਰਸਤੇ ਵਿੱਚ ਘਰ ਆਉਂਦਿਆਂ ਖਾਧਾ ਤੇ ਕੁਝ ਘਰ ਲੈ ਆਂਦਾ। ਹਲਕੀਆਂ ਹਲਕੀਆਂ ਖ਼ਰਮਸਤੀਆਂ ਫੌਜਾ ਸਿੰਘ ਰਸਤੇ ਵਿੱਚ ਕਰਦਾ ਆਇਆ ਜਿਸਦਾ ਕਿੰਦੋ ਵੱਲੋਂ ਕੋਈ ਵੀ ਵਿਰੋਧ ਨਾ ਹੋਇਆ ਤਾਂ ਫੌਜੇ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਵਧਣ ਲਈ ਹੌਸਲਾ ਮਿਲ ਗਿਆ। ਪਰ ਦੀਪੋ ਦੀ ਸ਼ਰਾਫ਼ਤ ਉਸ ਨੂੰ ਘੂਰਦੀ ਨਜ਼ਰ ਆਈ ਤਾਂ ਥੋੜ੍ਹਾ ਠਠੰਬਰ ਗਿਆ। ਘਰ ਪਹੁੰਚਦਿਆਂ ਦਸ ਵੱਜ ਗਏ। ਫੌਜੇ ਨੇ ਘਰ ਅੰਦਰ ਵੜਦਿਆਂ ਕਿੰਦੋ ਨੂੰ ਕਿਹਾ ਕਿ ਛੇਤੀ ਤਿਆਰ ਹੋ ਜਾਵੇ। ਆਪ ਬੋਤਲ ਵਿੱਚੋਂ ਇੱਕ ਭਾਰਾ ਜਿਹਾ ਪੈੱਗ ਪਾ ਕੇ ਟੀ. ਵੀ. ਦਾ ਬਟਨ ਮਰੋੜ ਬੈਠਾ।
ਉੱਧਰ ਬਰਥਡੇ ਪਾਰਟੀ ’ਤੇ ਚਾਹ ਪਕੌੜਿਆਂ ਤੋਂ ਬਾਅਦ ਕੇਕ ਕੱਟਦਿਆਂ ਸਾਰ ਡੀ. ਜੇ. ਨੇ ਪੂਰੀ ਆਵਾਜ਼ ਕਰਕੇ ਗਾਣੇ ਵਜਾਉਣੇ ਸ਼ੁਰੂ ਕਰ ਦਿੱਤੇ। ਦੇਰ ਤੋਂ ਵਿਸਕੀ, ਬੀਅਰ ਪੀ ਪੀ ਨੱਚਣ ਦਾ ਮੂੜ ਬਣਾਈ ਬੈਠੇ ਜੋੜੇ ਜੋੜੀਆਂ ਨੱਚਣ ਟੱਪਣ ਦੇ ਆਹਰੇ ਲੱਗ ਗਏ।
ਦੀਪੋ ਦੀ ਗੁੱਡੀ ਕਈਆਂ ਦਿਨਾਂ ਤੋਂ ਜ਼ੁਕਾਮ ਨਾਲ ਜੁੱਚ ਸੀ। ਪਰ ਅੱਜ ਸ਼ਾਮ ਦੀ ਕੁਝ ਜ਼ਿਆਦਾ ਨਿਢਾਲ ਜਿਹੀ ਸੀ। ਦੀਪੋ ਨੇ ਸੋਚਿਆ ਚਲੋ, ਉੱਥੇ ਬੱਚਿਆਂ ਨਾਲ ਖੇਡੇ ਪੈ ਜਾਵੇਗੀ। ਪਰ ਕੁੜੀ ਖੇਡੇ ਪੈਣ ਦੀ ਥਾਂ ਦੀਪੋ ਨੂੰ ਚੁੰਬੜੀ ਹੋਈ ਤੇ ਰੀਂ ਰੀਂ ਕਰੀ ਜਾ ਰਹੀ ਸੀ। ਦੀਪੋ ਦੇ ਨਾਲ ਬੈਠੀਆਂ ਦੋ ਸਿਆਣੀਆਂ ਬੀਬੀਆਂ ਨੇ ਦੀਪੋ ਦੀ ਕੁੜੀ ਦੀ ਹਾਲਤ ਦੇਖਦਿਆਂ ਦੀਪੋ ਨੂੰ ਸਚੇਤ ਕੀਤਾ, “ਕੁੜੇ ਦੀਪ ਕੌਰੇ, ਤੇਰੀ ਕੁੜੀ ਤਾਂ ਸਾਨੂੰ ਜ਼ਿਆਦਾ ਸਿੱਕ ਲਗਦੀ ਆ। ਇਹ ਤਾਂ ਅੱਖ ਹੀ ਨਹੀਂ ਪੁੱਟਦੀ। ਤੂੰ ਇਹਨੂੰ ਹੁਣੇ ਹੌਸਪੀਟਲ ਲੈ ਜਾ। ਇੱਥੇ ਤਾਂ ਤੜਕੇ ਤੱਕ ਇਉਂ ਲੋਕਾਂ ਨੇ ਸ਼ਰਾਬ ਪੀ ਪੀ ਖੌਰੂ ਪਾਉਣੈ। ਸਾਡੇ ਲੋਕਾਂ ਦੀ ਮੱਤ ਖਰਾਬ ਹੋ ਗਈ ਆ …”
“ਅੱਗੇ ਭਲਾ ਲੋਕਾਂ ਦੇ ਪੁੱਤ ਨਹੀਂ ਸੀ ਜੰਮਦੇ …” ਦੀਪੋ ਦੇ ਨਾਲ ਬੈਠੀ ਹਰ ਕੌਰ ਰਾਮ ਰੌਲ੍ਹੇ ਵਿੱਚ ਮਜਬੂਰੀ ਵੱਸ ਬੈਠੀ ਨੇ ਗਿਲਾ ਕਰਦਿਆਂ ਆਖਿਆ। ਉਨ੍ਹਾਂ ਦੀ ਗੱਲ ਮੰਨ ਕੇ ਦੀਪੋ ਬੱਚਿਆਂ ਨੂੰ ਲੈ ਘਰ ਨੂੰ ਆ ਗਈ। ਸੋਚਿਆ ਕਿ ਕਿੰਦੋ ਜਾਂ ਫੌਜੇ ਨੂੰ ਨਾਲ ਲੈ ਕੇ ਹੀ ਹੌਸਪੀਟਲ ਨੂੰ ਜਾਂਦੀ ਹਾਂ, ਨਾਲੇ ਮੁੰਡੇ ਨੂੰ ਘਰ ਛੱਡ ਜਾਂਦੀ ਹਾਂ। ਉੱਥੇ ਕਿੱਥੇ ਬੇਅਰਾਮ ਹੋਵੇਗਾ।
ਦੀਪੋ ਘਰ ਦੇ ਮੋਹਰੇ ਕਾਰ ਖੜ੍ਹੀ ਕਰ ਕੁੜੀ ਨੂੰ ਕੁੱਛੜ ਤੇ ਮੁੰਡੇ ਨੂੰ ਉਂਗਲੀ ਲਾਈ ਅੰਦਰ ਆਈ ਡੋਰ ਤੋਂ ਹੀ ਅਵਾਜ਼ਾਂ ਮਾਰਨ ਲੱਗੀ, “ਇੱਕ ਜਣਾ ਮੇਰੇ ਨਾਲ ਹੌਸਪੀਟਲ ਨੂੰ ਚੱਲੋ ਤੇ ਇੱਕ ਜਣਾ … ਆਹ ਮੁੰਡੇ ਨੂੰ ਸਾਂਭੋ।”
ਜੇਕਰ ਘਰ ਵਾਲੇ ਆਪਣੇ ਆਪ ਵਿੱਚ ਹੁੰਦੇ ਤਾਂ ਦੀਪੋ ਦੀਆਂ ਅਵਾਜ਼ਾਂ ਸੁਣਦੇ।
ਦੀਪੋ ਹੋਰ ਅਗਾਂਹ ਹੋਈ ਤਾਂ ਟੀ. ਵੀ. ਚੱਲ ਰਿਹਾ ਸੀ। ਉੱਚੀ ਅਵਾਜ਼ ਵਿੱਚ ਕੋਈ ਅੰਗਰੇਜ਼ੀ ਮਿਊਜ਼ਿਕ ਟੇਪ ਰਿਕਾਰਡਰ ’ਤੇ ਚੱਲ ਰਿਹਾ ਸੀ। ਕਿੰਦੋ ਤੇ ਫੌਜਾ? ਦੀਪੋ ਦੇਖ ਕੇ ਬੇਸੁਧ ਹੋ ਗਈ। ਉਹਨੂੰ ਬੀਮਾਰ ਕੁੜੀ ਦਾ ਕੁਝ ਪਤਾ ਨਾ ਰਿਹਾ। ਦੀਪੋ ਗੁੱਸੇ ਵਿੱਚ ਅੰਨ੍ਹੀ ਹੋ ਚੁੱਕੀ ਸੀ। ਜੋ ਹੱਥ ਵਿੱਚ ਆਉਂਦਾ ਚੁੱਕ ਚੁੱਕ ਮਾਰਨ ਲੱਗੀ। ਕਦੇ ਇੰਗਲਿਸ਼ ਵਿੱਚ ਕਦੇ ਪੰਜਾਬੀ ਵਿੱਚ ਗਾਲ੍ਹਾਂ ਕੱਢ ਪਿੱਟ-ਸਿਆਪਾ ਕਰਦੀ, ਕੀਰਨੇ ਪਾ ਪਾ ਵਿਰਲਾਪ ਕਰਨ ਲੱਗੀ, “ਮੈਨੂੰ ਕੀ ਪਤਾ ਸੀ ਕਿ ਮੇਰੇ ਨਾਨਕਿਆਂ ਦੀ ਗ਼ਰੀਬੀ ਨੇ ਮੇਰਾ ਹੀ ਘਰ ਪੱਟਣਾ ਸੀ! … ਓ ਲੋਕੋ, ਮੈਂ ਆਪਣੇ ਘਰ ਨੂੰ ਆਪ ਅੱਗ ਲਾ ਲਈ। ਆਹ ਆ ਕੇ ਦੇਖੋ … ਵੇ ਲੋਕੋ, ਮੈਂ ਲੁੱਟੀ ਗਈ, ਮੈਂ ਮਾਰੀ ਗਈ, ਵੇ ਮੇਰੇ ਘਰ ਡਾਕਾ ਪੈ ਗਿਆ … ਹਾਏ ਉਏ ਮੇਰਿਆ ਰੱਬਾ, ਤੂੰ ਮੈਂਨੂੰ ਇਹ ਸਜ਼ਾ? ਕਿਸ ਕਸੂਰ ਦੀ …? ਮੇਰੇ ਕੋਲੋਂ ਕੀ ਕਸੂਰ ਹੋ ਗਿਆ?” ਦੀਪੋ ਨੇ ਜਿੱਥੇ ਕੁੜੀ ਸੁੱਟੀ, ਕੁੜੀ ਰੋਂਦੀ ਰੋਂਦੀ ਉੱਥੇ ਹੀ ਸੌਂ ਚੁੱਕੀ ਸੀ। ਮੁੰਡਾ ਵੀ ਮਾਂ ਦੇ ਗੱਲ ਨੂੰ ਚੁੰਬੜ ਰੋ ਰੋ ਨਿਢਾਲ ਹੋ ਕੇ ਕਦੋਂ ਦਾ ਸੌਂ ਚੁੱਕਿਆ ਸੀ। ਦੀਪੋ ਅੰਦਰੋਂ ਟੁੱਟ ਚੁੱਕੀ ਪਰ ਅਜੇ ਵੀ ਬਿਜਲੀ ਵਾਂਗ ਕਿਸੇ ਨੂੰ ਭਸਮ ਕਰਨ ਵਾਲਾ ਗੁੱਸਾ ਉਹਨੂੰ ਰਹਿ ਰਹਿ ਆਉਂਦਾ। ਪਹਿਲਾਂ ਤਾਂ ਕਿੰਦੋ ਕਾਫ਼ੀ ਸਹਿਮੀ ਹੋਈ ਸੀ। ਉਹਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਕੀ ਕਹੇ? ਜਾਂ ਕੀ ਕਰੇ? “ਆਈ ਐੱਮ ਸੌਰੀ … ਆਈ ਐੱਮ ਸੌਰੀ … ਭੈਣ ਜੀ, ਆਈ ਐੱਮ ਸੌਰੀ … ਮੈਂ … ਮੈਂ … ਮੈਂ ...” ਇੰਨੇ ਚਿਰ ਨੂੰ ਫੌਜੇ ਨੇ ਅੰਦਰੋਂ ਹੀ ਲਲਕਾਰਾ ਮਾਰਿਆ “ … ਤੂੰ ਰਾਤ ਕੱਟਣੀ ਆਂ ਐਸ ਘਰ ਜਾਂ ਫੇਰ …”
ਬੱਸ ਐਨੀ ਗੱਲ ਦੀ ਲੋੜ ਸੀ, ਕਿੰਦੋ ਤਾਂ ਸ਼ੀਹਣੀ ਬਣ ਖਲੋਤੀ। ਅੱਖਾਂ ਲਾਲ ਕਰ ਕੇ ਬੋਲੀ, “ਇਹ ਕੰਮ ਕਿਧਰੇ ਅੱਜ ਨਹੀਂ ਹੋਣ ਲੱਗਾ ਭੈਣ ਜੀ, ਇਹ ਤਾਂ ਪਿਛਲੇ ਕਈ ਮਹੀਨਿਆਂ ਤੋਂ… ” ਹੁਣ ਕਿੰਦੋ ਘਰ ਦੀ ਮਾਲਕਣ ਬਣੀ ਖੜ੍ਹੀ ਸੀ ਤੇ ਦੀਪੋ ਵਿੱਚ ਸਾਹ ਸਤ ਨਾ ਰਿਹਾ। ਦੀਪੋ ਵਿੱਚ ਹੋਰ ਬੋਲਣ ਜਾਂ ਗੁੱਸਾ ਕਰਨ ਦੀ ਹਿੰਮਤ ਹੀ ਨਾ ਰਹੀ। ਪਤਾ ਨਹੀਂ ਕਿਵੇਂ ਉਹਨੇ ਆਪਣੇ ਆਪ ਉੱਪਰ ਕਾਬੂ ਕੀਤਾ। ਉਹ ਪਤੀ, ਜਿਹੜਾ ਅੱਜ ਤੱਕ ਉਹਨੂੰ ਦੇਵਤਾ ਨਜ਼ਰ ਆਉਂਦਾ ਸੀ, ਅੱਜ ਇੱਕ ਰਾਖਸ਼ ਦਾ ਰੂਪ ਨਜ਼ਰ ਆ ਰਿਹਾ ਸੀ।
ਦੀਪੋ ਨਾ ਸਵੇਰੇ ਆਪਣੇ ਰੂਮ ਵਿੱਚੋਂ ਨਿੱਕਲੀ, ਨਾ ਖਾਧਾ, ਨਾ ਕੁਝ ਪੀਤਾ, ਅਤੇ ਨਾ ਹੀ ਬੱਚੇ ਸਕੂਲ ਗਏ। ਫੌਜਾ ਸਵੇਰੇ ਉੱਠਿਆ ਤਿਆਰ ਹੋ ਕੇ ਸ਼ੌਪ ’ਤੇ ਜਾਣ ਲੱਗਾ ਕਿੰਦੋ ਨੂੰ ਜਲਦੀ ਸ਼ੌਪ ’ਤੇ ਪਹੁੰਚਣ ਦੀ ਤਾਕੀਦ ਕਰ ਗਿਆ।
ਕਿੰਦੋ ਸਹਿਜ ਨਾਲ ਉੱਠੀ। ਨਹਾ ਧੋ ਕੇ ਬਰੇਕ-ਫ਼ਾਸਟ ਕਰ ਕੇ, ਮੇਕਅੱਪ ਕੀਤਾ। ਨਵੀਂ ਪੁਸ਼ਾਕ ਪਾਈ, ਟਾਇਮ ਤੋਂ ਦਸ ਮਿੰਟ ਪਹਿਲਾਂ ਹੀ ਕਾਊਂਟਰ ’ਤੇ ਜਾ ਖੜ੍ਹੀ। ਉਹ ਉਵੇਂ ਹੀ ਹਰ ਰੋਜ਼ ਦੀ ਤਰ੍ਹਾਂ ਆਏ ਗਾਹਕਾਂ ਨਾਲ ਡੀਲ ਕਰ ਰਹੀ ਸੀ। ਉਵੇਂ ਹੀ ਹੱਸ ਹੱਸ ਗੱਲਾਂ ਕਰ ਰਹੀ ਸੀ।
ਪਰ ਦੀਪੋ ਨੇ ਆਪਣੀ ਸ਼ੌਪ ਨਾ ਖੋਲ੍ਹੀ। ਸਗੋਂ ਅੰਦਰ ਜਾ ਕੇ ਇੱਕ ਨੋਟਿਸ ਡੋਰ ’ਤੇ ਲਾ ਆਈ ‘ਸੋਰੀ ਵੀ ਵਿੱਲ ਵੀ ਕਲੋਜ਼ਡ ਫਾਰ ਟੂ ਡੇਜ਼।’
ਦੋ ਦਿਨ ਲੰਘ ਗਏ। ਨਾ ਕਿੰਦੋ ਨੇ ਆਪਣੇ ਇਸ ਕੀਤੇ ਦਾ ਕੋਈ ਅਫ਼ਸੋਸ ਕੀਤਾ ਨਾ ਹੀ ਫੌਜੇ ਵੱਲੋਂ ਕੋਈ ਗੱਲ ਸਾਂਝੀ ਕੀਤੀ। ਸ਼ੌਪ ਬੰਦ ਹੋਣ ਕਰਕੇ ਲੋਕ ਦੂਸਰੀ ਸ਼ੌਪ ’ਤੇ ਫ਼ੋਨ ਕਰਨ ਕਿ ਸ਼ੌਪ ਨਹੀਂ ਖੁੱਲ੍ਹੀ, ਕੀ ਗੱਲ …? ਫੌਜੇ ਨੇ ਲੋਕਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਦੀਪੋ ਨੂੰ ਸਟਰੋਕ ਹੋ ਗਈ ਸੀ … ਅਜੇ ਕੁਝ ਦੇਰ ਸ਼ੌਪ ਬੰਦ ਰੱਖਣੀ ਸਾਡੀ ਮਜਬੂਰੀ ਹੈ। ਕਈ ਵਾਕਿਫ਼ ਲੋਕਾਂ ਨੇ ਘਰ ਫ਼ੋਨ ਕਰਕੇ ਦੀਪੋ ਦੀ ਖ਼ਬਰ ਲੈਣੀ ਚਾਹੀ ਪਰ ਦੀਪੋ ਨੇ ਫ਼ੋਨ ਨਾ ਉੱਠਾਇਆ। ਕਈ ਤਾਂ ਹਮਦਰਦੀ ਨਾਲ ਘਰ ਵੀ ਆਏ ਪਰ ਦਰਵਾਜ਼ਾ ਲੌਕ …।
ਅੱਜ ਤੀਸਰਾ ਦਿਨ ਸੀ। ਪਿਛਲੇ ਦੋ ਦਿਨਾਂ ਦੀ ਤਰ੍ਹਾਂ ਕਿੰਦੋ ਤੇ ਫੌਜਾ ਨਵੀਂ ਸ਼ੌਪ ’ਤੇ ਚਲੇ ਗਏ। ਦੀਪੋ ਦੇ ਦੁਖਦਿਆਂ ਫ਼ੱਟਾਂ ਦੀਆਂ ਚੀਸਾਂ ਦੀ ਕਿਸੇ ਸਾਰ ਨਾ ਲਈ।
ਪਤਾ ਨਹੀਂ ਅੰਦਰੋਂ ਮਰ ਮੁੱਕ ਚੁੱਕੀ ਦੀਪੋ ਦੀ ਆਤਮਾ ਵਿੱਚ ਅਚਾਨਕ ਕਿਵੇਂ ਗੁੱਸੇ ਦਾ ਤੁਫ਼ਾਨ ਆ ਗਿਆ। ਉਹ ਅਚਾਨਕ ਜਾਗ ਪਈ। ਹੁਣ ਉਹ ਚੰਡੀ ਦਾ ਰੂਪ ਧਾਰ ਗਈ। ਉਹਨੇ ਫੌਜੇ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। ਸਵੇਰੇ ਦਸ ਵਜੇ ਸੋਸ਼ਲ ਸਰਵਿਸ ਵਾਲਿਆਂ ਨੂੰ ਫ਼ੋਨ ਕਰ ਸਾਰੀ ਦਾਸਤਾਨ ਸੁਣਾਉਂਦਿਆਂ, ਇੱਕ ਵਕੀਲ ਰਾਹੀਂ ਤਲਾਕ ਲਈ ਅਰਜ਼ੀ ਠੋਕ ਦਿੱਤੀ। ਉੱਧਰ ਫੌਜੇ ਨੇ ਵੀ ਕਾਫੀ ਤੇਜ਼ੀ ਤੋਂ ਕੰਮ ਲੈ ਕੇ ਮਾਮਲਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੂਸਰੇ ਦਿਨ ਸਵੇਰੇ ਸ਼ੌਪ ’ਤੇ ਜਾਂਦਿਆਂ ਹੀ ਆਪਣੀ ਭੂਆ ਦੇ ਮੁੰਡੇ, ਸ਼ਿੰਦੇ ਨੂੰ ਫ਼ੋਨ ਕਰ ਦਿੱਤਾ ਜਿਹੜਾ ਕਿ ਦੋ ਨੰਬਰ ਵਿੱਚ ਇੰਗਲੈਂਡ ਪਹੁੰਚਿਆ ਸੀ ਅਤੇ ਸਕੌਟਲੈਂਡ ਵਿੱਚ ਕਿਧਰੇ ਲੁਕ ਛਿਪ ਕੇ ਕੰਮ ਕਰ ਰਿਹਾ ਸੀ। ਫੌਜੇ ਨੇ ਤਕੀਦ ਕੀਤੀ ਹੁਣੇ ਕੋਚ ਫੜ ਕੇ ਲੰਡਨ ਆ ਜਾ। ਮੈਂ ਤੇਰੇ ਪੱਕੇ ਹੋਣ ਦਾ ਜੁਗਾੜ ਬਣਾ ਲਿਆ ਹੈ।
“ਅੰਨ੍ਹਾ ਕੀ ਭਾਲੇ, ਦੋ ਅੱਖਾਂ” ਸ਼ਿੰਦੇ ਦੀ ਤਾਂ ਰੱਬ ਨੇ ਸੁਣ ਲਈ ਸੀ। ਸ਼ਿੰਦੇ ਨੇ ਕੋਚ ਫੜੀ, ਰਾਤ ਦਸ ਵਜੇ ਲੰਡਨ ਆ ਪਹੁੰਚਿਆ। ਬੱਸ ਫੇਰ ਕੀ ਸੀ, ਦੂਜੇ ਦਿਨ ਹੀ ਕਿੰਦੋ ਤੇ ਸ਼ਿੰਦੇ ਨੂੰ ਨਾਲ ਲੈ ਕੇ ਕੋਰਟ-ਮੈਰਿਜ ਕਰਵਾ ਗੁਰਦੁਆਰੇ ਭੁਆਟਣੀਆਂ ਦੇਣ ਦਾ ਕੰਮ ਵੀ ਅਗਲੇ ਸੰਡੇ ਹੀ ਨੀਯਤ ਕਰ ਲਿਆ। ਹੁਣ ਦੋ ਤਿੰਨ ਕੁ ਵੀਕਾਂ ਵਿੱਚ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਫੌਜੇ ਤੇ ਦੀਪੋ ਦਾ ਤਲਾਕ ਹੋ ਗਿਆ ਹੈ।
ਜਿੰਨੇ ਮੂੰਹ ਉੰਨੀਆਂ ਗੱਲਾਂ। ਕੋਈ ਕਹੇ, “ਉਹ ਤਾਂ ਪਿਛਲੇ ਸਾਲ ਤੋਂ ਹੀ ਇਕੱਲੇ ਇਕੱਲੇ ਰਹਿ ਰਹੇ ਸੀ।” ਕੋਈ ਕਹੇ, “ਜਦੋਂ ਫੌਜੇ ਨੇ ਵੱਖਰੀ ਸ਼ੌਪ ਪਾਈ ਸੀ, ਦੀਪੋ ਨਾਲ ਗੁੱਸੇ ਹੋ ਕੇ ਹੀ ਪਾਈ ਸੀ …।” ਕੋਈ ਕਹੇ, “ਦੀਪੋ ਦੇ ਲੱਛਣ ਚੰਗੇ ਨਹੀਂ ਸੀ"। ਕੋਈ ਕਹੇ, “ਫੌਜੇ ਨੂੰ ਤਾਂ ਨਵੇਂ ਪਟੋਲੇ ਨੇ ਪੱਟ ਲਿਆ।”
ਤਲਾਕ ਦੇ ਕੇਸ ਨੇ ਫੌਜੇ ਦੀ ਜ਼ਿੰਦਗੀ ਵਿੱਚ ਭੁਚਾਲ ਲੈ ਆਂਦਾ। ਕੌਰਨਰ ਸਟੋਰ ਦੀ ਚੜ੍ਹੀ ਗੁੱਡੀ ਵਾਲਾ ਬਿਜ਼ਨਿਸ ਲਗਭਗ ਬੰਦ ਹੋਣ ਵਾਲਾ ਹੀ ਸੀ। ਦੀਪੋ ਤੇ ਬੱਚਿਆਂ ਦਾ ਖ਼ਰਚਾ, ਅਦਾਲਤਾਂ ਦੀ ਧੂੜ ਫਕਦਿਆਂ, ਵਕੀਲਾਂ ਦੀਆਂ ਫੀਸਾਂ, ਬੱਚਿਆਂ ਨੂੰ ਦੇਖਣ ਮਿਲਣ ਲਈ ਹਫ਼ਤੇ ਦੋ ਹਫ਼ਤੇ ਬਾਅਦ ਦੀ ਪਾਬੰਦੀ ਅਤੇ ਨਿੱਤ ਦੀ ਖ਼ਜਲ ਖ਼ੁਆਰੀ ਦੇ ਝੁਮੇਲਿਆਂ ਨੇ ਫੌਜੇ ਨੂੰ ਅੰਦਰੋਂ ਤੋੜ ਦਿੱਤਾ। ਉਹ ਆਪਣੇ ਆਪ ਨੂੰ ਜ਼ਿਉਂਦੀ ਲਾਸ਼ ਸਮਝਣ ਲੱਗਾ। ਫੌਜਾ ਕਦੇ ਹਾਰ ਮੰਨਣ ਲਈ ਮਨ ਬਣਾ ਰਿਹਾ ਸੀ, ਕਦੇ ਉਹਦੇ ਅੰਦਰਲਾ ਮਰਦ ਉਹਨੂੰ ਵੰਗਾਰਦਾ ਸੀ, ਨਹੀਂ ਉਹ ਫੌਜਾ ਸਿਹਾਂ … ਇਹ ਨਹੀਂ ਹੋ ਸਕਦਾ, ਲੋਕ ਕੀ ਕਹਿਣਗੇ ਮਰਦ ਹੋ ਕੇ ਰੋਂਦਾ ਐਂ …। ਉਹ ਹੁਣ ਤਕ ਜ਼ਿੱਦ ਨਾਲ ਨਾ ਹਾਰਨ ਦਾ ਹਠ ਪਾਲਦਾ ਆ ਰਿਹਾ ਸੀ।
ਤਲਾਕ ਦਾ ਕੇਸ ਚੱਲਦਿਆਂ ਜਦ ਕਦੇ ਫੌਜਾ ਸਿੰਘ ਆਪਣੇ ਬੱਚਿਆਂ ਨੂੰ ਮਿਲਣ ਜਾਂਦਾ ਆਪਣੇ ਆਪ ਨੂੰ ਕਹਿੰਦਾ - ਤੈਨੂੰ ਰਿਸ਼ਤਿਆਂ ਦੀ ਲੱਜ ਪਾਲਣੀ ਚਾਹੀਦੀ ਹੈ ਫੌਜਿਆ! ਇੱਕ ਵਾਰ ਕੌਂਸਲਰ ਦੀ ਕਹੀ ਗੱਲ ਕਿ ਇਨ੍ਹਾਂ ਮਾਸੂਮਾਂ ਦਾ ਕੀ ਕਸੂਰ ਹੈ …? ਫੈਮਲੀ ਕੌਂਸਲਰ ਦੀ ਕਹੀ ਗੱਲ ਵਾਰ ਵਾਰ ਫੌਜਾ ਸਿੰਘ ਦਾ ਪਿੱਛਾ ਕਰਦੀ। ਬੱਚਿਆਂ ਦੇ ਬਰਥਡੇ ਮਨਾਏ ਜਾਂਦੇ ਪਰ ਦੀਪੋ ਦਾ ਮਨ ਡਾਢਾ ਦੁਖੀ ਹੁੰਦਾ। ਉਹ ਫੌਜੇ ਨਾਲ ਰਸਮੀ ਜਿਹੀ ਹੀ ਗੱਲ ਕਰਦੀ। ਪਰ ਆਪਣੇ ਦੁੱਖਾਂ ਦਾ ਪ੍ਰਛਾਵਾਂ ਆਪਣੇ ਬੱਚਿਆਂ ਉੱਤੇ ਨਾ ਕਦੇ ਪੈਣ ਦਿੰਦੀ। ਕਦੇ ਕਦੇ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਇਹ ਕਹਿੰਦੀ ਕਿ ਇਹ ਸਾਰੀ ਗ਼ਲਤੀ ਮੇਰੀ ਹੀ ਤਾਂ ਹੈ। ਮੈਂ ਕਿਸੇ ਦੀ ਗ਼ਰੀਬੀ ਦੂਰ ਕਰਨ ਲਈ ਇਸ ਕੁੜੀ ਦੀ ਮਦਦ ਕਿਉਂ ਕੀਤੀ, ਜਿਸ ਨੇ ਮੇਰਾ ਹੀ ਘਰ ਪੱਟਿਆ! ਦੀਪੋ ਦਾ ਗੁੱਸਾ ਢੈਲਾ ਨਹੀਂ ਸੀ ਪੈ ਰਿਹਾ। ਕਦੇ ਕਹਿੰਦੀ ਫੌਜੇ ਅਤੇ ਕਿੰਦੋ ਨੇ ਮੇਰੇ ਨਾਲ ਵਿਸਾਹਘਾਤ ਕੀਤਾ ਹੈ, ਫੌਜੇ ਨੇ ਆਪਣੇ ਰਾਹਾਂ ਵਿੱਚ ਕੰਡੇ ਆਪ ਬੀਜੇ ਆ …। ਮੈਂ ਇਨ੍ਹਾਂ ਨੂੰ ਸਬਕ ਜ਼ਰੂਰ ਦੇਵਾਂਗੀ!
ਕਿੰਦੋ ਵਿਆਹ ਕਰਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਸੀ। ਕੁਝ ਸਮਾਂ ਸਕੌਟਲੈਂਡ ਵਿੱਚ ਮਜ਼ਦੂਰੀ ਕਰਨ ਤੋਂ ਬਾਅਦ ਉਸ ਨੇ ਇੱਕ ਦਿਨ ਸ਼ਿੰਦੇ ਨੂੰ ਕਿਹਾ, “ਕਿਉਂ ਨਾ ਆਪਾਂ ਫ਼ੌਜੇ ਵਾਲੇ ਬਿਜ਼ਨਿਸ ਵਿੱਚ ਹਿੱਸਾ ਪਾ ਲਈਏ? ਨਾਲੇ ਤਾਂ ਫ਼ੌਜੇ ਦੀ ਮਦਦ ਹੋ ਜਾਵੇਗੀ ਨਾਲੇ ਆਪਣੀ ਜੂਨ ਸੁਖਾਲ਼ੀ ਹੋ ਜਾਊਗੀ। ਐਂ ਬੇਗਾਨੇ ਕੰਮ ਨਾ ਕਰਨੇ ਪੈਣਗੇ।” ਇਹ ਗੱਲ ਸ਼ਿੰਦੇ ਦੇ ਵੀ ਮਨ ਲੱਗ ਗਈ। ਇਹੋ ਨੇਕ ਸੁਲਾਹ ਫੌਜੇ ਨਾਲ ਕਰਨ ਦੇ ਮਨ ਨਾਲ ਉਹ ਗਲਾਸਗੋ ਤੋਂ ਸਾਊਥਹਾਲ ਆ ਪਹੁੰਚੇ।
ਹੁਣ ਕਿੰਦੋ ਨੂੰ ਫੌਜੇ ਦੀ ਕਮਜ਼ੋਰੀ ਦਾ ਸਾਫ਼ ਪਤਾ ਲੱਗ ਚੁੱਕਾ ਸੀ। ਇਸ ਕਰਕੇ ਅੰਦਰੋ ਅੰਦਰੀ ਉਹ ਫੌਜੇ ਦਾ ਸਾਥ ਛੱਡਣ ਨੂੰ ਵੀ ਤਿਆਰ ਨਹੀਂ ਸੀ। ਭਾਵੇਂ ਰਸਮੀ ਤੌਰ ਉੱਤੇ ਵਿਆਹ ਛਿੰਦੇ ਨਾਲ ਕਰਾ ਕੇ ਉਸ ਨੂੰ ਇੰਮੀਗ੍ਰੇਸ਼ਨ ਲੈ ਦਿੱਤੀ ਸੀ, ਉਹ ਹੁਣ ਪੱਕੇ ਤੌਰ ਉੱਤੇ ਇੰਗਲੈਂਡ ਵਿੱਚ ਰਹਿ ਸਕਦਾ ਸੀ। ਸ਼ਾਮ ਦੇ ਡਿਨਰ ਤੋਂ ਬਾਅਦ ਸ਼ਿੰਦੇ ਨੇ ਗੱਲ ਤੋਰੀ, “ਭਾਜੀ, ਅਸੀਂ ਤੁਹਾਡੀ ਇਸ ਵੇਲੇ ਮਦਦ ਕਰਨ ਦੀ ਵਿਉਂਤ ਸੋਚੀ ਹੈ। ਕਿਉਂ ਨਾ ਆਪਾਂ ਸ਼ੌਪ ਦਾ ਕੰਮ ਸਾਂਝਾ ਕਰ ਲਈਏ।”
ਪਹਿਲਾਂ ਤਾਂ ਫੌਜੇ ਨੂੰ ਇਹ ਸੁਣ ਕੇ ਆਸ ਦੀ ਕਿਰਨ ਦਿਸੀ ਕਿ ਕੋਈ ਹੈ ਮੇਰਾ ਹੱਥ ਫੜਨ ਵਾਲਾ। ਦੂਜੇ ਪਲ ਹੀ ਫੌਜੇ ਉੱਤੇ ਕਿੰਦੋ ਦੇ ਸਵਾਰਥ ਦੀ ਡਿਗੀ ਬਿਜਲੀ ਨੇ ਡੂੰਘਾ ਜ਼ਖ਼ਮ ਕਰ ਦਿੱਤਾ ਜਦੋਂ ਕਿੰਦੋ ਨੇ ਇੱਕ ਫ਼ੈਸ਼ਨ ਮੈਗਜ਼ੀਨ ਨੂੰ ਫੋਲਦਿਆਂ ਟੇਢੀ ਜਿਹੀ ਨਿਗ੍ਹਾ ਨਾਲ ਕਿਹਾ, “ਭਾਜੀ, ਹਿੱਸਾ ਪਾਉਣ ਨੂੰ ਸਾਡੇ ਕੋਲ ਪੈਸਾ ਤਾਂ ਕੋਈ ਨਹੀਂ, ਤੁਸੀਂ ਸਾਡੀ ਤਨਖ਼ਾਹ ਸਾਨੂੰ ਨਾ ਦਿਉ … ਸਾਡੀ ਤਨਖ਼ਾਹ ... ਉਹ ਸਾਡਾ ਹਿੱਸਾ ਗਿਣ ਲੈਣਾ …।” ਇਹ ਸੁਣ ਕੇ ਫੌਜਾ ਥੋੜ੍ਹਾ ਮੁਸਕਰਾਇਆ ਕਿ ਕਿੰਦੋ ਇੱਕ ਹੋਰ ਪੱਤਾ ਖੇਡ ਰਹੀ ਸੀ। ਫੌਜੇ ਨੂੰ ਪਹਿਲਾਂ ਹੀ ਕਿੰਦੋ ਦੇ ਹੱਥ ਲੱਗ ਚੁੱਕੇ ਸਨ, ਖੁਸ਼ੀਆਂ ਤੇ ਹਾਸਿਆਂ ਵਿੱਚ ਘੁੱਗ ਵਸਦਾ ਘਰ ਸ਼ਮਸ਼ਾਨਘਾਟ ਵਰਗਾ ਹੋ ਚੁੱਕਾ ਸੀ। ਹੁਣ ਉਹ ਕਿੰਦੋ ਦੀਆਂ ਗੱਲਾਂ ਵਿੱਚ ਆਉਣ ਤੋਂ ਝਿਜਕ ਹੀ ਨਹੀਂ ਸੀ ਰਿਹਾ, ਸਗੋਂ ਦੂਰ ਭੱਜ ਰਿਹਾ ਸੀ।
“ਅੱਛਾ ਦੇਖਦੇ ਸੋਚਦੇ ਹਾਂ ...।” ਕਹਿ ਕੇ ਫੌਜੇ ਨੇ ਗੱਲ ਟਾਲ਼ ਦਿੱਤੀ।
ਦੀਪੋ ਨਾਲ ਸੁਲ੍ਹਾ ਕਰਕੇ ਜਾਂ ਆਪਣੀ ਜ਼ਿੱਦ ’ਤੇ ਅੜੇ ਰਹਿਣ ਦੀ ਦੁਚਿੱਤੀ ਨੇ, ਅਤੇ ਫੇਰ ਅੱਜ ਦੀ ਕਿੰਦੋ ਦੀ ਨਵੀਂ ਚਾਲ ਨੇ ਫੌਜੇ ਨੂੰ ਸਾਰੀ ਰਾਤ ਸੌਣ ਨਾ ਦਿੱਤਾ। ਬੀਤਿਆਂ ਵੇਲਿਆਂ ਦੀਆਂ ਯਾਦਾਂ ਇੱਕ ਫਿਲਮ ਦੀ ਤਰ੍ਹਾਂ ਫੌਜੇ ਦੀਆਂ ਅੱਖਾਂ ਅੱਗੋਂ ਦੀ ਲੰਘਣ ਲੱਗੀਆਂ। ਦੀਪੋ ਅਤੇ ਕਿੰਦੋ ਦੇ ਸੁਭਾਅ ਵਿੱਚ ਅਪਣੱਤ ਅਤੇ ਬੇਗਾਨਗੀ ਦੇ ਰੰਗਾਂ ਦੀ ਤੁਲਨਾ ਕਰਦਿਆਂ ਸਵੇਰ ਦੇ ਚਾਰ ਵੱਜ ਚੁੱਕੇ ਸਨ। ਹੁਣ ਫੌਜੇ ਦੇ ਕਪਾਟ ਖੁੱਲ਼੍ਹ ਚੁੱਕੇ ਸਨ ਅਤੇ ਉਹ ਆਪਣੇ ਆਲ੍ਹਣੇ ਦੇ ਖਿੰਡੇ ਹੋਏ ਤੀਲਿਆਂ ਨੂੰ ਦੇਖ ਰਿਹਾ ਸੀ।
ਅੱਜ ਮਾਰਚ ਪੰਦਰਾਂ, ਫੌਜੇ ਹੋਰਾਂ ਦੇ ਕਾਕੇ ਦਾ ਜਨਮ ਦਿਨ ਸੀ। ਕਾਕੇ ਨੇ ਮਾਂ ਨੂੰ ਪੁੱਛਿਆ, “ਮੰਮ ਆਰ ਵੀ ਗੋਇੰਗ ਟੂ ਇਨਵਾਈਟ ਡੈਡ ਟੂ?” ਮਾਸੂਮ ਦੇ ਇਨ੍ਹਾਂ ਤੋਤਲੇ ਬੋਲਾਂ ਨੇ ਦੀਪੋ ਦੀ ਆਤਮਾ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਅੰਦਰੋਂ ਚਾਹੁੰਦਾ ਤਾਂ ਫੌਜਾ ਵੀ ਸੀ ਕਿ ਉੱਜੜੇ ਬਾਗੀਂ ਮੁੜ ਬਹਾਰਾਂ ਆਉਣ, ਪਰ ਉਹਦੇ ਅੰਦਰਲਾ ਮਰਦ ਉਹਨੂੰ ਇਹ ਹਾਰ ਨਹੀਂ ਸੀ ਮੰਨਣ ਦੇ ਰਿਹਾ। ਅਚਾਨਕ ਫੌਜੇ ਦੇ ਫ਼ੋਨ ਦੀ ਘੰਟੀ ਖੜਕੀ। ਫੌਜੇ ਦੇ ਕਾਕੇ ਨੇ ਫ਼ੋਨ ਤੇ ਫੌਜੇ ਨੂੰ ਸਵਾਲ ਪਾਇਆ, “ਡੈਡ ਆਰ ਜੂ ਕਮਿੰਗ ਟੂ ਮਾਈ ਬਰਥਡੇ ਪਾਰਟੀ?”
ਫੌਜਾ ਫਿੱਸ ਪਿਆ, ਉਹਦੀ ਅਵਾਜ਼ ਗੁਆਚ ਗਈ। ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਆਪਣੇ ਆਪ ਨੂੰ ਕਾਬੂ ਵਿੱਚ ਕਰਦਿਆਂ, ਇੱਕ ਠੰਢਾ ਹੌਕਾ ਭਰਦਿਆਂ, ਫੌਜਾ ਬੋਲਿਆ, “ਸ਼ੁਅਰ ਪੁੱਤ! ਆਈ ਵਿਲ ਕੰਮ ... ਕੈਨ ਆਈ ਕੰਮ ਨਾਉ”
“ਓਹ ਯੈੱਸ! ਉਹ ਯੈੱਸ! ਡੈਡ ਵੀ ਆਰ ਗੋਇੰਗ ਫਾਰ ਸ਼ੌਪਿੰਗ ਟੂਡੇ …!”
ਫੌਜਾ ਆਪਣੇ ਮਨ ਨੂੰ ਤਕੜਾ ਕਰਦਾ ਤੇ ਸੋਚਾਂ ਸੋਚਦਾ ਕਿ ਜੇਕਰ ਦੀਪੋ ਨੇ ਡੋਰ ਨਾ ਖੋਲ੍ਹੀ ਤਾਂ … ਫੇਰ ਤਾਂ ਜੀਉਣਾ ਔਖਾ ਹੋਜੂ … ਕਦੇ ਸੋਚੇ, ਮੈਂ ਪਹਿਲਾਂ ਫ਼ੋਨ ’ਤੇ ਹੀ ਦੀਪੋ ਕੋਲ਼ੋਂ ਮੁਆਫ਼ੀ ਮੰਗ ਲਵਾਂ। ... ਪਰ ਹੁਣ ਫੌਜੇ ਦਾ ਮਨ ਕਾਹਲਾ ਪੈ ਰਿਹਾ ਸੀ। ਉਸ ਨੂੰ ਇੱਕ ਮਿੰਟ ਠਹਿਰਨਾ ਮੁਸ਼ਕਿਲ ਹੋ ਰਿਹਾ ਸੀ। ਆਸ ਦੀ ਕਿਰਨ ਨਾਲ ਰਿਸ਼ਤਿਆਂ ਦੀ ਲਾਜ ਪਾਲਣ ਦੀ ਤਮੰਨਾ ਸ਼ਾਇਦ ਉਹਦੇ ਅੰਦਰਲੇ ਦਾ ਦਰਵਾਜ਼ਾ ਖੜਕਾ ਗਈ ਸੀ।
ਹੁਣ ਫੌਜਾ ਸਿੰਘ ਆਪਣੇ ਆਪ ਨੂੰ ਦੀਪੋ ਦੇ ਅਪਾਰਟਮੈਂਟ ਦੀ ਡੋਰ ’ਤੇ ਖੜ੍ਹਾ ਮਹਿਸੂਸ ਕਰ ਰਿਹਾ ਸੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1994)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)