“ਜੀਵ-ਜੰਤੂਆਂ ਦੀਆਂ ਜਾਤੀਆਂ ਅਸਲ ਵਿੱਚ ਹੀ ਬਹੁਤ ਤੇਜ਼ੀ ਨਾਲ ਇਸ ਧਰਤੀ ਨੂੰ ਅਲਵਿਦਾ ...”
(23 ਅਕਤੂਬਰ 2018)
ਭਾਵੇਂ ਡਾ. ਪੁਸ਼ਪਿੰਦਰ ਜੈ ਰੂਪ ਕਿਸੇ ਜਾਣਕਾਰੀ ਦੀ ਮੁਹਤਾਜ ਨਹੀਂ, ਪਰ ਉਹ ਆਪਣੇ ਕੰਮਾਂ ਵਿਚ ਮਗਨ ਰਹਿਣ ਕਰਕੇ ਆਮ ਲੋਕਾਂ ਵਿਚ ਬਹੁਤ ਨਹੀਂ ਵਿਚਰ ਸਕੀ। ਇਸ ਕਾਰਨ ਸ਼ਾਇਦ ਬਹੁਤ ਸਾਰੇ ਪਾਠਕਾਂ ਨੂੰ ਇਸ ਗੱਲ ਦਾ ਗਿਆਨ ਨਾ ਹੋਵੇ ਕਿ ਉਹ ਇੱਕ ਜੀਵ-ਵਿਗਿਆਨੀ, ਇੱਕ ਸਫ਼ਲ ਔਰਗੇਨਾਇਜ਼ਰ ਅਤੇ ਇੱਕ ਹਰਮਨ ਪਿਆਰੀ ਟੀਚਰ ਹੋਣ ਦੇ ਨਾਲ ਨਾਲ ਉਸ ਨੇ ਇੱਕ ਸੁਪਤਨੀ, ਨੂੰਹ, ਅਤੇ ਮਾਂ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਇੰਨੀ ਸਫ਼ਲਤਾ ਨਾਲ ਨਿਭਾਇਆ ਕਿ ਦੂਜਿਆਂ ਲਈ ਇੱਕ ਉਦਾਹਰਣ ਬਣ ਗਈ। ਡਾ. ਪੁਸ਼ਪਿੰਦਰ ਜੈ ਰੂਪ ਦਾ ਜਨਮ ਭਾਵੇਂ ਮਾਲਵੇ ਦੇ ਪ੍ਰਸਿੱਧ ਪਿੰਡ ਅਜੀਤਵਾਲ ਵਿੱਚ ਹੋਇਆ ਪਰ ਪਾਲਣ ਪੋਸ਼ਣ ਇੱਕ ਪੜ੍ਹੇ ਲਿਖੇ ਪਰਿਵਾਰ ਅਤੇ ਭਾਖੜਾ ਨੰਗਲ ਵਰਗੇ ਟਾਊਨ ਵਿੱਚ ਹੋਇਆ। ਉੱਥੇ ਉਸ ਨੇ ਸਾਫ਼ ਸੁਥਰੇ ਵਾਤਵਰਣ ਦੇ ਨਾਲ ਨਾਲ ਪੇਂਡੂ ਅਤੇ ਸ਼ਹਿਰੀ ਮਹੌਲ ਨੂੰ ਵੀ ਮਾਣਿਆ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਭਾਖੜਾ-ਨੰਗਲ ਡੈਮ ਤੇ ਇੱਕ ਇੰਜੀਨੀਅਰ ਸਨ। ਪੁਸ਼ਪਿੰਦਰ ਜੈ ਰੂਪ ਦਾ ਬਚਪਨ ਬਹੁਤ ਹੀ ਖੁਸ਼ਹਾਲ ਤੇ ਯਾਦਗਰੀ ਰਿਹਾ। ਪੁਸ਼ਪਿੰਦਰ ਜੈ ਰੂਪ ਦੀ ਪੜ੍ਹਾਈ ਵਿੱਚ ਦਿਲਚਸਪੀ ਬਹੁਤ ਸੀ ਅਤੇ ਹੁਸ਼ਿਆਰ ਵੀ ਬਹੁਤ ਸੀ ਉਸ ਨੇ ਸਾਰੀ ਵਿੱਦਿਆ ਫਸਟ ਕਲਾਸ ਔਨਰ ਵਿੱਚ ਹੀ ਪ੍ਰਾਪਤ ਕੀਤੀ। ਇਨ੍ਹਾਂ ਦੇ ਪਿਤਾ ਜੀ ਦੀ ਰੀਝ ਵੀ ਉੱਚ ਵਿੱਦਿਆ ਦਿਵਾਉਣ ਦੀ ਸੀ। ਉੱਚ ਵਿੱਦਿਆ ਤੋਂ ਬਾਅਦ ਬਹੁਤ ਸਾਰੇ ਉੱਚ-ਪੱਧਰੀ ਅਤੇ ਜ਼ਿੰਮੇਵਾਰ ਅਹੁਦਿਆਂ ਤੇ ਰਹੀ ਅਤੇ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਇਹ ਵੀ ਸਾਬਤ ਕੀਤਾ ਕਿ ਇੱਕ ਇਸਤਰੀ, ਮਰਦ ਅਹੁਦੇਦਾਰ ਨਾਲੋਂ ਕਿਸੇ ਗੱਲ ਵਿੱਚ ਘੱਟ ਨਹੀਂ।
ਡਾ. ਪੁਸਪਿੰਦਰ ਜੈ ਰੂਪ ਨੇ ਜੀਵ-ਵਿਗਿਆਨ ਦਾ ਵਿਸ਼ਾ ਐਗਰੀਕਲਚਰ ਯੂਨੀਵਰਸਿਟੀ ਲਧਿਆਣਾ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਚਾਲ਼ੀ ਸਾਲ ਤੱਕ ਪੜ੍ਹਾਇਆ। ਉਸ ਦੇ ਸੌ ਤੋਂ ਵੱਧ ਖੋਜ ਪੱਤਰ ਦੇਸ਼ਾਂ ਵਿਦੇਸ਼ਾਂ ਵਿੱਚ ਛਪ ਚੁੱਕੇ ਹਨ। ਨੌਂ ਸਾਲ ਆਪਣੇ ਵਿਭਾਗ ਦੇ ਮੁਖੀ ਦੇ ਤੌਰ ’ਤੇ ਕੰਮ ਕੀਤਾ। ਆਪਣੇ ਅਧਿਆਪਨ ਸਮੇਂ ਯੂਨੀਵਰਸਿਟੀ ਦੀਆਂ ਵੱਖ ਵੱਖ ਪ੍ਰਸ਼ਾਸਨੀ ਕਮੇਟੀਆਂ ਜਿਸ ਤਰ੍ਹਾਂ: ਸਿੰਡਕੇਟ, ਸੈਨਿਟ, ਅਕਦਾਮਿਕ ਕੌਂਸਲ, ਪਲੈਨਿੰਗ ਬੋਰਡ ਵਰਗੀਆਂ ਕਮੇਟੀਆਂ ਵਿੱਚ ਰਹਿ ਕੇ ਸਮੇਂ ਸਮੇਂ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਆਪਣੇ ਖੇਤਰ ਦਾ ਗਿਆਨ ਹੋਣਾ ਤਾਂ ਕੁਦਰਤੀ ਹੈ ਹੀ ਪਰ ਮੈਨੂੰ ਹੈਰਾਨੀ ਹੋਈ ਜਦੋਂ ਮੈਨੂੰ ਉੇਨ੍ਹਾਂ ਤੋਂ, ਉਨ੍ਹਾਂ ਦੇ ਖੇਤਰ ਤੋਂ ਬਾਹਰਲੇ, ਖੇਤੀਬਾੜੀ, ਵਿਦਿਅਕ ਤੇ ਸਮਾਜਿਕ ਸਮੱਸਿਆਵਾਂ ਦੇ ਸਵਾਲਾਂ ਦੇ ਜਵਾਬ ਵੀ, ਉਨ੍ਹਾਂ ਮਾਮਲਿਆਂ ਦੇ ਮਹਿਰਾਂ ਨਾਲੋਂ ਵੀ ਜ਼ਿਆਦਾ ਤਸੱਲੀਬਖ਼ਸ਼ ਤੇ ਸਹਿਜ ਨਾਲ ਮਿਲੇੇ।
ਡਾ. ਪੁਸ਼ਪਿੰਦਰ ਜੈ ਰੂਪ ਨੇ ਜੀਵ-ਵਿਗਿਆਨ ਦੇ ਬਾਰੇ ਪੰਜਾਬੀ ਵਿੱਚ ਅੱਠ ਕਿਤਾਬਾਂ ਪਾਠਕਾਂ ਦੀ ਝੋਲ਼ੀ ਪਾਈਆਂ ਹਨ। ਜਦੋਂ ਕਿ ਆਮ ਲੋਕ ਪਹਿਲਾਂ ਤਾਂ ਕੀੜੇ ਮਕੌੜਿਆਂ ਬਾਰੇ ਬਹੁਤਾ ਦਿਲਚਸਪੀ ਲੈਂਦੇ ਹੀ ਨਹੀਂ ਅਤੇ ਬਹੁਤੇ ਤਾਂ ਉਂਝ ਕਿਸੇ ਕੀੜੇ ਜਾਂ ਪੰਛੀ ਨੂੰ ਦੇਖਦੇ ਹੀ ਤ੍ਰਬਕ ਜਾਂਦੇ ਹਨ। ਖ਼ਾਸ ਕਰਕੇ ਸੱਪ ਨੂੰ ਦੇਖ ਕੇ ਤਾਂ ਹਰੇਕ ਬੰਦਾ ਘਬਰਾਅ ਜਾਂਦਾ ਹੈ। ਡਾ. ਪੁਸ਼ਪਿੰਦਰ ਦੀਆਂ ਸਾਰੀਆਂ ਕਿਤਾਬਾਂ ਹੀ ਬਹੁਤ ਦਿਲਚਸਪ ਹਨ। ਪਰ ਉਨ੍ਹਾਂ ਦੀ ਕਿਤਾਬ ‘ਸੱਪ ਪੰਜਾਬ ਦੇ’ ਖ਼ਤਰਨਾਖ ਤੋਂ ਖ਼ਤਰਨਾਖ ਸੱਪਾਂ ਦੀਆਂ ਫੋਟੋਆਂ ਨਾਲ ਤਾਂ ਦਿਲਚਸਪ ਹੈ ਹੀ ਪਰ ਬਹੁਤ ਸਾਰੀ ਦਿਲਚਸਪ ਜਾਣਕਾਰੀ ਦੇ ਨਾਲ ਨਾਲ ਭਰਮ ਭੁਲੇਖਿਆਂ ਨੂੰ ਵੀ ਦੂਰ ਕੀਤਾ ਹੈ। ਇਸ ਕਿਤਾਬ ਵਿੱਚ ਉਹ ਜਾਣਕਾਰੀ ਸਾਂਝੀ ਕੀਤੀ ਜਿਹੜੀ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਸ਼ਾਇਦ ਨਾ ਹੋਵੇ। ਫੋਟੋ ਖਿੱਚਣ ਦਾ ਸਹਿਯੋਗ ਪੁਸ਼ਪਿੰਦਰ ਜੈ ਰੂਪ ਦੇ ਛੋਟੇ ਲੜਕੇ ਡਾ. ਅਰਸ਼ ਰੂਪ ਦਾ ਪੂਰਨ ਸਹਿਯੋਗ ਰਿਹਾ ਹੈ। ਪਿਛਲੇ ਦਿਨੀਂ ਜਦੋਂ ਉਹ ਆਪਣੇ ਨੂੰਹ-ਪੁੱਤ ਨੂੰ ਮਿਲਣ ਲਈ ਕੈਲਗਰੀ ਆਏ ਤਾਂ ਉਨ੍ਹਾਂ ਨੂੰ ਮਿਲਣ ਦਾ ਸਬੱੱਬ ਬਣਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਬਹੁਤ ਹੀ ਸਾਊ, ਚੁੱਪ ਰਹਿਣ ਵਾਲੇ ਇਨਸਾਨ ਨਾਲ ਹਰ ਵਿਸ਼ੇ ਤੇ ਪੂਰੀ ਡੂੰਘਾਈ ਤੇ ਇੰਨੇ ਸੁਖਾਵੇ ਮਹੌਲ ਵਿੱਚ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਮਿਲ਼ਿਆ ਹੈ। ਗੱਲਬਾਤ ਕਰਦਿਆਂ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਅਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹੋਈਏ। ਇਸੇ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਸਾਂਝੇ ਕਰਦੇ ਹਾਂ।
ਪੁਸ਼ਪਿੰਦਰ ਜੀ, ਆਪਣੇ ਪਰਿਵਾਰਕ ਪਿਛੋਕੜ (ਜਨਮ, ਮਾਤਾ-ਪਿਤਾ ਅਤੇ ਭੈਣ-ਭਰਾਵਾਂ) ਬਾਰੇ ਕੁਝ ਦੱਸੋ?
: ਸਤਨਾਮ ਜੀ, ਮੈਂ ਇਹ ਅਰਜ਼ ਕਰਨੀ ਚਾਹਵਾਂਗੀ ਕਿ ਮੈਂ ਇੱਕ ਵਿਗਿਆਨੀ ਹਾਂ ਅਤੇ ਸਿੱਧੀ ਗੱਲ ਕਰਨ ਦੀ ਆਦੀ ਹਾਂ। ਮੈਂ ਸਹਿਤ ਦੀ ਵਿਦਿਆਰਥਣ ਨਹੀਂ ਹਾਂ, ਇਸ ਲਈ ਬਹੁਤ ਸਾਰੀ ਸ਼ਬਦਾਵਲੀ ਵਰਤ ਕੇ ਲੰਬੇ ਚੌੜੇ ਉੱਤਰ ਦੇਣੇ ਮੈਨੂੰ ਨਹੀਂ ਆਉਂਦੇ, ਇਸ ਦੇ ਨਾਲ ਮੇਰੀ ਪੰਜਾਬੀ ਵੀ ਬਹੁਤ ਸਧਾਰਨ ਹੈ ਕਿਉਂਕਿ ਮੇਰੀ ਝੋਲੀ ਵਿਚਲਾ ਸ਼ਬਦ-ਕੋਸ਼ ਛੋਟਾ, ਹੌਲਾ ਅਤੇ ਸੀਮਤ ਜਿਹਾ ਹੀ ਹੈ। ਬਾਕੀ ਪਰਿਵਾਰਕ ਪਿਛੋਕੜ ਬਾਰੇ, ਸ੍ਰ. ਨਰਿੰਜਣ ਸਿੰਘ ਸੰਧੂ ਮੇਰੇ ਪਿਤਾ, ਜਿੰਨ੍ਹਾ ਨੂੰ ਅਸੀਂ ਬਾਪੂ ਜੀ ਕਹਿੰਦੇ ਸੀ, ਉਹ ਸੰਨ 1910 ਵਿੱਚ ਸ੍ਰ. ਨੰਦ ਸਿੰਘ ਸੰਧੂ ਦੇ ਘਰ ਪੈਦਾ ਹੋਏ ਸਨ। ਉਹ ਇੱਕ ਮਕੈਨੀਕਲ ਇੰਜੀਨੀਅਰ ਸਨ ਅਤੇ 1947 ਤੋਂ ਬਾਅਦ ਉਨ੍ਹਾਂ ਨੇ ਭਾਖੜਾ-ਨੰਗਲ ਡੈਮ ਪ੍ਰੋਜੈਕਟ ਵਿੱਚ ਕੰਮ ਕੀਤਾ। ਸੰਨ 1968 ਵਿੱਚ ਉਹ ਉੱਥੋਂ ਹੀ ਸੁਪਰਿੰਨਟੈਂਡਿਗ ਇੰਜੀਨੀਅਰ ਦੇ ਅਹੁੱਦੇ ਤੋਂ ਸੇਵਾ ਮੁਕਤ ਹੋਏ। ਸਾਡਾ ਦਾਦਕਾ ਪਿੰਡ ਅਜੀਤਵਾਲ ਹੈ ਜੋ ਕਿ ਮੋਗੇ ਜ਼ਿਲ੍ਹੇ ਵਿੱਚ ਪੈਂਦਾ ਹੈ। ਮੇਰੀ ਮਾਤਾ ਜੀ ਬੀਬੀ ਸ਼ਿਵਚਰਨ ਕੌਰ ਨੂੰ ਮੇਰੇ ਵੱਡੇ ਭੈਣ-ਭਰਾ ਤਾਂ ਬੀਜੀ ਕਹਿੰਦੇ ਸਨ ਪਰ ਮੈਂ ਅਤੇ ਮੇਰਾ ਛੋਟਾ ਵੀਰ ਮਾਮਾ ਕਹਿੰਦੇ ਸੀ। ਮੇਰੇ ਨਾਨਾ ਜੀ ਸਰਦਾਰ ਮੱਲ ਸਿੰਘ ਸੇਖੋਂ ਦਾਖਾ ਪਿੰਡ ਦੇ ਵਾਸੀ ਸਨ। ਮੇਰੇ ਮਾਮਾ (ਮਾਤਾ) ਜੀ ਸਿਰਫ਼ ਪੰਜ ਕਲਾਸਾਂ ਪਾਸ ਸਨ ਪਰ ਉਹ ਹਰ ਕੰਮ ਦੇ ਮਾਹਿਰ ਹਰਫਨ-ਮੌਲਾ ਬਹੁਤ ਹੀ ਸੋਹਣੀ, ਸੁਨੱਖੀ, ਸੁਚੱਜੀ ਅਤੇ ਸੁਲਝੀ ਹੋਈ ਔਰਤ ਸਨ।
ਅਸੀਂ ਪੰਜ ਭੈਣ-ਭਰਾ ਸੀ ਸਾਡੇ ਵਿੱਚ ਸਭ ਤੋਂ ਵੱਡੀ ਮੇਰੀ ਭੈਣ ਜੀ, ਬੀਬੀ ਰਜਿੰਦਰ ਕੌਰ ਸ਼ਹੀਦ ਹਨ। ਉਨ੍ਹਾਂ ਦੇ ਪਤੀ ਇੱਕ ਬਿਜ਼ਨਸਮੈਨ ਸਨ। ਉਨ੍ਹਾਂ ਤੋਂ ਛੋਟੇ ਮੇਰੇ ਵੀਰ ਜੀ ਏਅਰ ਕਮਾਂਡੋਰ ਅਮਰਜੀਤ ਸਿੰਘ ਸੰਧੂ ਭਾਰਤੀ ਵਾਯੂ ਸੈਨਾ ਵਿੱਚ ਬਹੁਤ ਵੱਡੇ ਆਹੁਦੇ `ਤੇ ਰਹੇ ਸਨ ਅਤੇ 1994 ਵਿੱਚ ਉਹ ਸਮੇਂ ਤੋਂ ਪਹਿਲਾਂ ਹੀ ਸਾਨੂੰ ਸਭ ਨੂੰ ਵਿਛੋੜਾ ਦੇ ਗਏ ਨਹੀਂ ਤਾਂ ਏਅਰ ਮਾਰਸ਼ਲ ਬਣਕੇ ਸੇਵਾ ਮੁਕਤ ਹੁੰਦੇ। ਵੀਰ ਜੀ ਤੋਂ ਛੋਟੀ ਮੇਰੀ ਭੈਣ ਬੀਬੀ ਸੁਰਿੰਦਰ ਕੌਰ ਕੰਗ ਹੈ ਜਿਸ ਦੇ ਪਤੀ ਭਾਰਤੀ ਫੌਜ ਵਿੱਚੋਂ ਕਰਨਲ ਰਹਿ ਕੇ ਸੇਵਾ-ਮੁਕਤ ਹੋਏ ਹਨ। ਉਸ ਤੋਂ ਛੋਟੀ ਮੈਂ ਹਾਂ। ਮੇਰੇ ਤੋਂ ਛੋਟਾ ਮੇਰਾ ਵੀਰ ਕੰਵਰਜੀਤ ਸਿੰਘ ਸੰਧੂ ਅੱਜ ਕੱਲ੍ਹ ਆਪਣੇ ਪਰਿਵਾਰ ਦੇ ਨਾਲ ਕੈਨੇਡਾ (ਵੈਨਕੂਵਰ) ਵਿੱਚ ਰਹਿੰਦਾ ਹੈ।
? ਤੁਸੀਂ ਆਪਣੇ ਬਾਰੇ ਕੁਝ ਜਾਣਕਾਰੀ ਦਿਓ। ਮੁੱਢਲੀ ਵਿੱਦਿਆ, ਫੇਰ ਉੱਚ ਵਿੱਦਿਆ ਬਾਰੇ ਕੁਝ ਦੱਸੋ?
: ਸਤਨਾਮ ਜੀ, ਮੇਰੀਆਂ ਵੱਡੀਆਂ ਭੈਣਾਂ ਦੇ ਨਾਮ ਰਜਿੰਦਰ ਕੌਰ ਅਤੇ ਸੁਰਿੰਦਰ ਕੌਰ ਸਨ। ਇਸ ਲਈ ਮੇਰੇ ਬਾਪੂ ਜੀ ਨੇ ਉਨ੍ਹਾਂ ਦੇ ਨਾਲ ਰਲਦਾ-ਮਿਲਦਾ ਮੇਰਾ ਨਾਮ ਪੁਸ਼ਪਿੰਦਰ ਕੌਰ ਰੱਖ ਦਿੱਤਾ। ਮੇਰਾ ਜਨਮ 1949, 23 ਮਾਰਚ ਨੂੰ ਮੇਰੇ ਦਾਦਕੇ ਪਿੰਡ ਅਜੀਤਵਾਲ ਵਿੱਚ ਹੋਇਆ। ਉਸ ਵੇਲੇ ਮੇਰੇ ਬਾਪੂ ਜੀ ਭਾਖੜਾ-ਨੰਗਲ ਡੈਮ ਉੱਤੇ ਇੰਜੀਨੀਅਰ ਸਨ ਪਰ ਉਸ ਵੇਲੇ ਨੰਗਲ ਟਾਊਨਸ਼ਿਪ ਦੀ ਉਸਾਰੀ ਚੱਲ ਰਹੀ ਸੀ ਅਤੇ ਕਿਸੇ ਕਿਸਮ ਦੀ ਮੈਡੀਕਲ ਸਹੂਲਤ ਅਜੇ ਬਣੀ ਹੀ ਨਹੀਂ ਸੀ। ਮੇਰਾ ਸਾਰਾ ਬਚਪਨ ਨੰਗਲ ਟਾਊਨਸ਼ਿਪ ਵਿੱਚ ਬੀਤਿਆ। ਦਸਵੀਂ ਕਰਕੇ ਮੈਂ ਗੌਰਮਿੰਟ ਕਾਲਜ ਫਾਰ ਵੂਮੈਨ, ਲੁਧਿਆਣਾ ਚਲੀ ਗਈ। ਹੋਸਟਲ ਵਿੱਚ ਰਹਿ ਕੇ ਮੈਂ ਬੀ. ਐੱਸ. ਸੀ. ਮੈਡੀਕਲ ਕੀਤੀ। ਇਸ ਤੋਂ ਬਾਅਦ ਲੁਧਿਆਣੇ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। ਸੰਨ 1969 ਵਿੱਚ ਮੈਂ ਫ਼ਸਟ ਕਲਾਸ ਫ਼ਸਟ ਔਨਰਜ਼ ਵਿੱਚ ਐੱਮ. ਐੱਸ. ਸੀ. ਕੀਤੀ। ਮੇਰੇ ਐੱਮ. ਐੱਸ. ਸੀ. ਦੇ ਥੀਸਿਸ ਦਾ ਵਾਈਵਾਂ ਹੋਣ ਤੋਂ ਪਹਿਲਾਂ ਹੀ ਮੈਨੂੰ ਯੂਨੀਵਰਸਿਟੀ ਦੇ ਐਂਟੋਮੌਲੋਜੀ-ਜ਼ੂਔਲੋਜੀ ਵਿਭਾਗ ਵਿੱਚ ਪੱਕੀ ਨੌਕਰੀ ਮਿਲ਼ ਗਈ ਸੀ। ਸੰਨ 1973 ਦਸੰਬਰ ਵਿੱਚ ਮੇਰਾ ਵਿਆਹ ਡਾ. ਜੈ ਰੂਪ ਸਿੰਘ ਨਾਲ ਹੋ ਗਿਆ, ਜਿਹੜੇ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਨੌਕਰੀ ਕਰਦੇ ਸਨ। ਇਸ ਲਈ ਮਾਰਚ 1975 ਵਿੱਚ ਮੈਂ ਪੀਐੱਚ. ਡੀ. ਕਰਨ ਆਪਣੇ ਵਿਭਾਗ ਤੋਂ ਤਿੰਨ ਸਾਲ ਦੀ ਛੁੱਟੀ ਲੈ ਕੇ ਅੰਮ੍ਰਿਤਸਰ ਚਲੀ ਸੀ। 1978 ਵਿੱਚ ਵਾਪਸ ਲੁਧਿਆਣੇ ਆ ਕੇ ਆਪਣਾ ਥੀਸਿਸ ਪੂਰਾ ਕੀਤਾ ਅਤੇ 1979 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਲੋਜੀ ਵਿਭਾਗ ਵਿੱਚ ਨੌਕਰੀ `ਤੇ ਚਲੀ ਗਈ ਅਤੇ ਲੁਧਿਆਣੇ ਨੂੰ ਹਮੇਸ਼ਾ ਲਈ ਅਲਵਿਦਾ ਕਰ ਦਿੱਤਾ।
? ਬਚਪਨ ਹਰ ਇਨਸਾਨ ਦੀ ਜ਼ਿੰਦਗੀ ਦੀ ਅਮੀਰੀ ਦਾ ਖ਼ਜ਼ਾਨਾ ਹੁੰਦਾ ਹੈ। ਆਪਣੇ ਬਚਪਨ ਦੀ ਕੋਈ ਅਭੁੱਲ ਯਾਦ ਸਾਂਝੀ ਕਰਨਾ ਚਾਹੋਗੇ?
: ਸਤਨਾਮ ਜੀ, ਸਭ ਦੇ ਬਚਪਨ ਦੀਆਂ ਕਈ ਮਿੱਠੀਆਂ-ਮਿੱਠੀਆਂ ਅਤੇ ਨਿੱਕੀਆਂ-ਨਿੱਕੀਆਂ ਯਾਦਾਂ ਹੁੰਦੀਆਂ ਹਨ। ਮੇਰੀਆਂ ਵੀ ਬਹੁਤ ਯਾਦਾਂ ਹਨ। ਪਰ ਮੇਰੀਆਂ ਸਾਰੀਆਂ ਯਾਦਾਂ ਮੈਨੂੰ ਮਿੱਠੀਆਂ ਅਤੇ ਮਹੱਤਵਪੂਰਣ ਲੱਗਦੀਆਂ ਹਨ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਮੇਰਾ ਸਾਰਾ ਬਚਪਨ (1949 ਤੋਂ 1963 ਤੱਕ) ਨੰਗਲ ਟਾਊਨਸ਼ਿਪ ਵਿੱਚ ਹੀ ਬੀਤਿਆ ਹੈ। ਨੰਗਲ ਟਾਊਨਸ਼ਿਪ ਇੱਕ ਬੜੇ ਹੀ ਸਲੀਕੇ ਨਾਲ ਬਣੀ, ਉਸ ਵੇਲੇ ਦੀਆਂ ਪਹਿਲੀਆਂ ਸਰਕਾਰੀ ਕਲੌਨੀਆਂ ਵਿੱਚੋਂ ਸੀ ਜਿਹੜੀ ਸਿਰਫ਼ ਭਾਖੜਾ-ਨੰਗਲ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਇੰਜੀਨੀਅਰਾਂ ਅਤੇ ਦੂਸਰੇ ਕਾਮਿਆਂ ਲਈ ਹੀ ਬਣਾਇਆ ਗਿਆ ਸੀ। ਮੇਰੀ ਮਾਂ ਨੂੰ ਫ਼ੁੱਲ ਅਤੇ ਸਬਜ਼ੀਆਂ ਉਗਾਉਣ, ਲਾਉਣ ਦਾ ਬਹੁਤ ਸ਼ੌਕ ਸੀ। ਘਰ ਵਿੱਚ ਹਮੇਸ਼ਾ ਦੋ ਮੱਝਾਂ, ਕੱਟੇ-ਵੱਛੇ, ਕੁੱਕੜੀਆਂ, ਕੁੱਤੇ ਆਦਿ ਰੱਖੇ ਹੁੰਦੇ ਸਨ। ਮੇਰੀ ਵੱਡੀ ਭੈਣ ਸਾਡੇ ਤੋਂ ਕਾਫ਼ੀ ਵੱਡੀ ਸੀ ਅਤੇ ਛੋਟਾ ਭਰਾ ਬਹੁਤਾ ਛੋਟਾ ਸੀ ਪਰ ਅਸੀਂ ਵਿਚਕਾਰਲੇ ਤਿੰਨੋਂ ਇਕੱਠੇ ਬਹੁਤ ਖੇਡਦੇ ਅਤੇ ਸ਼ਰਾਰਤਾਂ ਕਰਦੇ ਹੁੰਦੇ ਸੀ। ਸਾਡੇ ਰਿੰਗ ਲੀਡਰ ਵੀਰ ਜੀ ਜ਼ਰੂਰਤ ਤੋਂ ਜ਼ਿਆਦਾ ਸ਼ਰਾਰਤੀ ਸਨ ਅਤੇ ਉਨ੍ਹਾਂ ਨੂੰ ਸਾਨੂੰ ਦੋਨਾਂ ਨੂੰ ਪੀਂ-ਪੀਂ ਕਰਵਾ ਕੇ ਬਹੁਤ ਸਵਾਦ ਆਉਂਦਾ ਸੀ। ਉਹ ਧੱਕੇ ਨਾਲ ਸਾਡੇ ਤੋਂ ਆਪਣੀਆਂ (ਮੁੰਡਿਆਂ ਵਾਲੀਆਂ) ਖੇਡਾਂ ਖਿਡਵਾਉਂਦੇ ਸਨ ਅਤੇ ਕ੍ਰਿਕਟ ਖੇਡਣ ਵੇਲੇ ਛਿਕਿਆਂ ਦੇ ਨਾਲ ਅੱਠੇ ਵੀ ਮਾਰਕੇ ਸਾਡੀ ਸਾਰਾ ਦਿਨ ਭਕਾਈ ਕਰਵਾਉਂਦੇ। ਘਰ ਦੇ ਵਿੱਚ ਅਤੇ ਬਾਹਰ ਦਰਖ਼ਤ ਬਹੁਤ ਸਨ ਅਤੇ ਪਾਸਿਆਂ ‘ਤੇ ਫ਼ੁੱਲਦਾਰ ਦਰਖ਼ਤਾਂ ਵਾਲੀਆਂ ਪੱਕੀਆਂ ਸੜਕਾਂ ਉੱਤੇ ਬਹੁਤ ਘੱਟ ਟ੍ਰੈਫਿਕ ਹੋਣ ਕਰਕੇ ਅਸੀਂ ਕਈ ਸਾਰੇ ਬੱਚੇ ਇਕੱਠੇ ਹੋ ਕੇ ਬਹੁਤ ਖੇਡਦੇ। ਦਰਖ਼ਤਾਂ ਉੱਤੇ ਚੜ੍ਹਦੇ ਚਿੜੀਆਂ ਦੇ ਆਲ੍ਹਣਿਆਂ ਵਿੱਚੋਂ ਉਨ੍ਹਾਂ ਦੇ ਬੱਚੇ ਫੜਦੇ ਬੱਸ ਕੋਈ ਸ਼ਰਾਰਤ ਨਹੀਂ ਸੀ ਜਿਹੜੀ ਨਾ ਕਰਦੇ। ਮੇਰੇ ਲਈ ਕੋਈ ਇੱਕ ਸ਼ਰਾਰਤ ਬਿਆਨ ਕਰਨੀ ਬਹੁਤ ਔਖੀ ਹੈ। ਮੇਰੀ ਕੁਦਰਤ ਨੂੰ ਨਿਹਾਰਨ ਅਤੇ ਮਾਨਣ ਦੀ ਰੁਚੀ ਬਚਪਨ ਵਿੱਚ ਹੀ ਸ਼ੁਰੂ ਹੋ ਗਈ ਸੀ।
? ਪੁਸ਼ਪਿੰਦਰ ਜੀ, ਤੁਹਾਡਾ ਪਾਲਣ ਪੋਸ਼ਣ ਸ਼ਹਿਰ ਵਿੱਚ ਹੋਇਆ ਜਾਂ ਇਹ ਕਹੀਏ ਕਿ ਪੇਂਡੂ ਖੇਤਰ ਤੋਂ ਦੂਰ ਹੋਇਆ ਪਰ ਤੁਹਾਡੀ ਦਿਲਚਸਪੀ ਜੋ ਜੀਵ-ਜੰਤੂਆਂ ਵਿੱਚ ਹੈ। ਮੇਰੇ ਖ਼ਿਆਲ ਨਾਲ ਜਿੰਨ੍ਹਾਂ ਜੀਵ-ਜੰਤੂਆਂ ਦਾ ਪਿੰਡਾਂ ਵਿੱਚ ਗੁਜ਼ਰਨ ਵਾਲੇ ਲੋਕਾਂ ਨੂੰ ਵੀ ਗਿਆਨ ਨਹੀਂ, ਤੁਸੀਂ ਉਨ੍ਹਾਂ ਜੀਵ-ਜੰਤੂਆਂ ਨੂੰ ਕਿਵੇਂ ਇੰਨਾ ਨੇੜੇ ਹੋ ਕੇ ਦੇਖਿਆ ਅਤੇ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ। ਇਹਦੇ ਬਾਰੇ ਕੁਝ ਦਸੋ ਇਹ ਕਿਵੇਂ?
: ਸਤਨਾਮ ਜੀ, ਮੈਂ ਕਦੇ ਗਲ਼ੀਆਂ ਮਹੱਲਿਆਂ ਵਾਲੇ ਸ਼ਹਿਰਾਂ ਵਰਗੇ ਮਹੌਲ ਵਿੱਚ ਨਹੀਂ ਰਹੀ ਅਤੇ ਨਾ ਹੀ ਕਿਸੇ ਪਿੰਡ ਵਿੱਚ ਰਹੀ ਹਾਂ। ਮੇਰੀ ਮਾਂ ਨੂੰ ਫ਼ੁੱਲ-ਬੂਟਿਆਂ ਦਾ ਬਹੁਤ ਸ਼ੌਕ ਹੋਣ ਕਰਕੇ ਸਾਡੀ ਫ਼ੁੱਲਵਾੜੀ ਵਿੱਚ ਸਭ ਤੋਂ ਸੋਹਣੇ ਅਤੇ ਬਹੁਤੇ ਫੁੱਲ ਹੁੰਦੇ ਸਨ। ਘਰ ਅਤੇ ਬਾਹਰ ਸੜਕਾਂ ਦੇ ਦੁਵਾਲੇ ਫੁੱਲਦਾਰ ਅਤੇ ਫੱਲਦਾਰ ਦਰਖ਼ਤ ਬਹੁਤ ਸਨ। ਘਰ ਵਿੱਚ ਮੱਝਾਂ-ਗਾਵਾਂ ਦੇ ਨਾਲ ਕੁੱਤੇ, ਕੁੱਕੜੀਆਂ, ਤੋਤੇ ਆਦਿ ਵੀ ਪਾਲੀਦੇ ਸੀ। ਨਾਨਕਿਆਂ-ਦਾਦਕਿਆਂ ਤੋਂ ਰਿਸ਼ਤੇਦਾਰਾਂ ਦੇ ਮੁੰਡੇ ਪੜ੍ਹਨ ਅਤੇ ਨੌਕਰੀਆਂ ਦੀ ਉਮੀਦ ਵਿੱਚ ਹਮੇਸ਼ਾਂ ਆ ਕੇ ਕਈ-ਕਈ ਸਾਲ ਸਾਡੇ ਘਰ ਦੇ ਵਿੱਚ ਘਰ ਦੇ ਜੀਅ ਬਣਕੇ ਰਹਿੰਦੇ ਸਨ। ਪਰ ਉਹ ਸਾਰੇ ਸ਼ਾਮ ਨੂੰ ਖੇਤੀ ਦਾ ਕੰਮ ਕਰਦੇ, ਸਬਜ਼ੀਆਂ ਅਤੇ ਮੱਝਾਂ ਲਈ ਪੱਠੇ ਬੀਜਦੇ, ਵੱਢਦੇ, ਕੁਤਰਦੇ ਅਤੇ ਮੱਝਾਂ ਨੂੰ ਪਾਉਂਦੇ ਸਨ। ਮੱਝਾਂ ਲਈ ਤੂੜੀ, ਵੜੇਵੇਂ, ਖੱਲ਼ ਆਦਿ ਸਭ ਕੁਝ ਸੀ। ਪਾਥੀਆਂ ਵੀ ਜਮਾਂਦਾਰਨੀ ਥੱਪਦੀ ਅਤੇ ਰੂੜ੍ਹੀ ਵੀ ਲੱਗੀ ਹੁੰਦੀ ਸੀ, ਖੇਤੀ ਦੇ ਸਾਰੇ ਸੰਦ ਵਲੇਵੇਂ ਸਨ। ਸਾਰੇ ਕੰਮ ਵਾਲਿਆਂ ਲਈ ਲੱਸੀ ਦੁੱਧ ਵਾਧੂ ਹੁੰਦਾ ਸੀ। ਇਸ ਲਈ ਮੈਨੂੰ ਦੋਨਾਂ ਪਿੰਡ ਅਤੇ ਚੰਗੇ ਸੁਲਝੇ ਹੋਏ ਸ਼ਹਿਰ ਦੇ ਵਿੱਚ ਰਹਿਣ ਦੇ ਢੰਗਾਂ ਨੂੰ ਬਹੁਤ ਨੇੜੇ ਹੋ ਕੇ ਇੱਕੋਂ ਥਾਂ ਉੱਤੇ ਦੇਖਣ ਦਾ ਮੌਕਾ ਮਿਲਿਆ।
? ਆਮ ਧਾਰਨਾ ਹੈ ਕਿ ਕਿਸੇ ਇਨਸਾਨ ਦੀ ਸ਼ਖਸੀਅਤ ਨੂੰ ਬਣਾਉਣ ਵਿੱਚ ਕਿਸੇ ਸ਼ਖਸੀਅਤ (ਮਾਪਿਆਂ ਦਾ ਜਾਂ ਫੇਰ ਕਿਸ ਚੰਗੇ ਅਧਿਆਪਕ) ਦਾ ਹੱਥ ਹੁੰਦਾ ਹੈ। ਕੀ ਤੁਹਾਨੂੰ ਵੀ ਲੱਗਦਾ ਕਿ ਤੁਹਾਡੀ ਸ਼ਖ਼ਸੀਅਤ ਬਣਾਉਣ ਵਿੱਚ ਕਿਸੇ ਨਾ ਕਿਸੇ ਦਾ ਯੋਗਦਾਨ ਹੈ?
: ਇਸ ਧਾਰਨਾ ਬਾਰੇ ਤਾਂ ਮੈਂ ਬਹੁਤਾ ਕੁਝ ਨਹੀਂ ਕਹਿ ਸਕਦੀ ਪਰ ਮੈਂ ਆਪਣੇ ਬਾਰੇ ਜ਼ਰੂਰ ਕਹਿ ਸਕਦੀ ਹਾਂ ਕਿ ਮੇਰੇ ਇੱਥੋਂ ਤੱਕ ਪਹੁੰਚਣ ਵਿੱਚ ਮੇਰੇ ਬਾਪੂ ਜੀ ਦਾ ਪੂਰਾ ਹੱਥ ਹੈ, ਬਾਅਦ ਵਿੱਚ ਮੇਰੇ ਪਤੀ ਡਾ. ਜੈ ਰੂਪ ਸਿੰਘ ਦਾ ਅਤੇ ਹੁਣ ਵਾਲੇ ਪੱਧਰ ਉੱਤੇ ਪਹੁੰਚਣ ਵਿੱਚ ਮੇਰੇ ਬੱਚਿਆਂ ਦਾ ਸਾਥ ਵੀ ਪੂਰਾ ਹੈ।
? ਫੇਰ ਵਿੱਦਿਆ ਲੈਣ ਤੋਂ ਬਾਅਦ ਕਿੱਥੇ-ਕਿੱਥੇ ਕੰਮ ਕੀਤਾ? ਆਪਣੇ ਕੰਮ ਕਰਦਿਆਂ ਦੀ ਕੋਈ ਅਭੁੱਲ ਯਾਦ ਸਾਂਝੀ ਕਰਨਾ ਚਾਹੋਗੇ?
: ਮੈਂ 1969 ਵਿੱਚ ਐਂਟੋਮੌਲੋਜੀ-ਜ਼ੂਔਲੋਜੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਜ਼ੂਔਲੋਜੀ ਵਿੱਚ ਐੱਮ. ਐੱਸ. ਸੀ. ਕੀਤੀ। ਕਲਾਸ ਵਿੱਚ ਅਵੱਲ ਰਹਿਣ ਕਰਕੇ ਮੇਰੇ ਥਿਸਿਸ ਦਾ ਵਾਈਵਾ ਹੋਣ ਤੋਂ ਕੁਝ ਦਿਨ ਪਹਿਲਾਂ ਮੈਨੂੰ ਆਪਣੇ ਹੀ ਵਿਭਾਗ ਵਿੱਚ ਪੱਕੀ ਨੌਕਰੀ ਮਿਲ ਗਈ। ਉਸ ਵੇਲੇ ਮੇਰੀ ਉਮਰ ਸਿਰਫ਼ 20 ਸਾਲ ਦੀ ਹੀ ਸੀ। ਸੰਨ 1972 ਵਿੱਚ ਸਾਡੇ ਵਿਭਾਗ ਦੇ ਦੋ ਹਿੱਸੇ ਕਰ ਦਿੱਤੇ ਗਏ ਅਤੇ ਮੇਰੀ ਪੋਸਟ ਐਂਟੋਮੌਲੋਜੀ ਦੀ ਹੋਣ ਕਰਕੇ ਮੈਂ ਐਂਟੋਮੌਲੋਜੀ ਵਿਭਾਗ ਵਿੱਚ ਚਲੀ ਗਈ। ਉੱਥੇ ਮੈਂ 1979 ਤੱਕ ਨੌਕਰੀ ਕੀਤੀ, 1973 ਵਿੱਚ ਮੇਰਾ ਵਿਆਹ ਡਾ. ਜੈ ਰੂਪ ਸਿੰਘ ਨਾਲ ਹੋ ਗਿਆ ਜਿਹੜੇ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਲੱਗੇ ਹੋਏ ਸਨ। ਡਾ. ਜੈ ਰੂਪ ਸਿੰਘ ਮੇਰੇ ਉੱਤੇ ਅੰਮ੍ਰਿਤਸਰ ਆਉਣ ਲਈ ਜ਼ੋਰ ਦੇਣ ਲੱਗੇ, ਕੋਈ ਹੋਰ ਚਾਰਾ ਨਾ ਲੱਭਣ ਉੱਤੇ, ਮੈਂ 3 ਸਾਲ ਦੀ ਸਟੱਡੀ ਲੀਵ ਲੈ ਕੇ ਪੀ. ਐੱਚ. ਡੀ. ਕਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਈਔਲੋਜੀ ਵਿਭਾਗ ਵਿੱਚ ਚਲੀ ਗਈ। ਸੰਨ 1979 ਵਿੱਚ ਆਪਣੇ ਪਰਿਵਾਰ ਦੀ ਖਾਤਰ ਮੈਂ ਆਪਣੀ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਈਔਲੋਜੀ ਵਿਭਾਗ ਵਿੱਚ ਕੁਰੇਟਰ-ਕਮ-ਲੈਕਚਰਾਰ ਦੀ ਨੌਕਰੀ ਉੱਤੇ ਚਲੀ ਗਈ। ਸੰਨ 1986 ਵਿੱਚ ਮੈਂ ਰੀਡਰ ਅਤੇ 1992 ਵਿੱਚ ਪੂਰੀ ਪ੍ਰੋਫੈਸਰ ਬਣ ਗਈ। ਉਸ ਤੋਂ ਬਾਅਦ 3 ਵਾਰ (9 ਸਾਲ ਲਈ) ਵਿਭਾਗ ਦੀ ਮੁੱਖੀ ਰਹੀ ਅਤੇ ਫੈਕਲਟੀ ਦੀ ਡੀਨ ਵੀ 2 ਸਾਲ ਰਹੀ। ਇਸ ਸਮੇਂ ਵਿੱਚ ਯੂਨੀਵਰਸਿਟੀ ਦੀਆਂ ਪ੍ਰਬੰਧਕੀ ਕਮੇਟੀਆਂ, ਸੈਨਟ (2 ਸਾਲ) ਅਤੇ ਸਿੰਡੀਕੇਟ (4 ਸਾਲ) ਦੀ ਮੈਂਬਰ ਹੋਣ ਦੇ ਨਾਲੇ-ਨਾਲ ਅਕੈਡਮਿਕ ਕੌਂਸਲ, ਰਿਸਰਚ ਡਿਗਰੀ ਬੋਰਡ, ਪਲਾਨਿੰਗ ਬੋਰਡ ਵਗੈਰਾ ਦੀ ਵੀ ਮੈਂ ਮੈਂਬਰ ਰਹੀ। ਇਸ ਸਮੇਂ ਵਿੱਚ ਮੈਂ 11 ਰਿਸਰਚ ਪ੍ਰੋਜੈਕਟਸ ਵੀ ਬਾਹਰਲੀਆਂ ਸੰਸਥਾਵਾਂ ਤੋਂ ਲਏ ਅਤੇ 11 ਵਿਦਿਆਰਥੀਆਂ ਨੂੰ ਪੀਐੱਚ. ਡੀ. ਦੇ ਲਈ ਅਤੇ 60 ਤੋਂ ਉੱਪਰ ਵਿਦਿਆਰਥੀਆਂ ਦੇ ਐੱਮ. ਡੀ., ਐੱਮ. ਫਿਲ. ਅਤੇ ਐੱਮ. ਐੱਸ. ਸੀ. ਲਈ ਰਿਸਰਚ ਪ੍ਰੋਜੈਕਟ ਵੀ ਕਰਵਾਏ। ਆਪਣੇ ਕੰਮ ਦੇ ਸਿਰ ਉੱਤੇ ਮੈਂ 100 ਤੋਂ ਵੱਧ ਰਿਸਰਚ ਪੇਪਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਸਾਲਿਆਂ ਵਿੱਚ ਛਾਪੇ ਅਤੇ 100 ਦੇ ਨੇੜੇ-ਤੇੜੇ ਪੇਪਰ ਕਾਨਫਰੰਸਾਂ ਵਿੱਚ ਪੜ੍ਹੇ।
ਜਦੋਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀ ਤਾਂ ਮੇਰੀ ਉਮਰ ਸਿਰਫ਼ 20 ਸਾਲ ਸੀ ਪਰ ਮੇਰੀ ਕਲਾਸ ਵਿੱਚ ਪੜ੍ਹਨ ਵਾਲੇ ਤਕਰੀਬਨ ਸਾਰੇ ਹੀ ਮੁੰਡਿਆਂ ਦੀ ਉਮਰ ਮੇਰੇ ਤੋਂ ਵੱਡੀ ਸੀ। ਸਾਡੇ ਮੁਖੀ ਸਾਹਿਬ ਨੂੰ ਫ਼ਿਕਰ ਹੋਣ ਲੱਗਾ ਕਿ ਇਸ ਕੁੜੀ ਤੋਂ ਕਲਾਸ ਸੰਭਲ ਵੀ ਜਾਵੇਗੀ? ਇੱਕ ਦਿਨ ਉਹ ਪਿਛਲੇ ਦਰਵਾਜ਼ੇ ਵਿੱਚੋਂ ਦੀ ਅੰਦਰ ਆ ਕੇ ਸਭ ਤੋਂ ਪਿਛਲੀ ਲਾਈਨ ਵਿੱਚ ਬੈਠ ਗਏ। ਉਹ ਦੰਗ ਰਹਿ ਗਏ ਕਿ ਚਾਲੀ ਵਿਦਿਆਰਥੀਆਂ ਦੀ ਕਲਾਸ ਵਿੱਚ 70 ਵਿਦਿਆਰਥੀ ਬੈਠੇ ਸਨ ਅਤੇ ਕਲਾਸ ਵਿੱਚ ਕੋਈ ਚੂੰ ਵੀ ਨਹੀਂ ਕਰ ਰਿਹਾ ਸੀ। ਉਹ ਬਹੁਤ ਖੁਸ਼ ਹੋ ਕੇ ਵਾਪਸ ਚਲੇ ਗਏ ਅਤੇ ਪਿੱਛੋਂ ਕਿਸੇ ਵਿਦਿਆਰਥੀ ਨੂੰ ਪੁੱਛਣ `ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਦੂਸਰੇ ਸੈਕਸ਼ਨਾਂ ਦੇ ਬੱਚੇ ਵੀ ਮੇਰੀ ਜਮਾਤ ਵਿੱਚ ਆ ਕੇ ਬੈਠ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਪਹਿਲੀ ਵਾਰ ਕਿਸੇ ਲੇਡੀ ਟੀਚਰ ਨੂੰ ਪੜ੍ਹਾਉਂਦੇ ਦੇਖਣ ਦਾ ਮੌਕਾ ਮਿਲ ਰਿਹਾ ਸੀ। ਪਰ ਮੇਰੇ ਉਸ ਵੇਲੇ ਦੇ ਵਿਦਿਆਰਥੀ ਅਜੇ ਵੀ ਕਿਤੇ ਮਿਲ ਜਾਣ ਤਾਂ ਪੈਰੀਂ ਹੱਥ ਲਾਉਂਦੇ ਹਨ ਅਤੇ ਬਹੁਤ ਇੱਜ਼ਤ ਕਰਦੇ ਹਨ। ਮੈਂ ਕਦੇ ਕਿਸੇ ਦੇ ਨਿੱਜੀ ਮਾਮਲੇ ਵਿੱਚ ਦਖ਼ਲ ਨਹੀਂ ਦਿੰਦੀ ਸੀ। ਹਮੇਸ਼ਾ ਹੀ ਮੇਰੀ ਆਪਣੇ ਵਿਦਿਆਰਥੀਆਂ ਨਾਲ ਬਹੁਤ ਚੰਗੀ ਬਣਦੀ ਰਹੀ ਹੈ।
? ਡਾ. ਜੈ ਰੂਪ ਸਿੰਘ ਵਰਗਾ ਜੀਵਨ ਸਾਥੀ ਲੱਭਣਾ ਤੁਹਾਡੀ ਆਪਣੀ ਚੋਣ ਸੀ ਜਾਂ ਫੇਰ ਮਾਤਾ-ਪਿਤਾ ਦੀ?
: ਇਹ ਤਾਂ ਬੜਾ ਔਖਾ ਸਵਾਲ ਹੈ ਸਤਨਾਮ ਜੀ, ਜਿਸ ਵੇਲੇ ਸਾਡਾ ਵਿਆਹ ਹੋਇਆ ਸੀ ਉਸ ਵੇਲੇ ਮੇਰੀ ਉਮਰ 24 ਸਾਲ ਅਤੇ ਡਾ. ਜੈ ਰੂਪ ਸਿੰਘ ਦੀ 27 ਸਾਲ ਸੀ। ਉਸ ਉਮਰ ਵਿੱਚ ਉਹ ਕੋਈ ਵੱਡਾ ਆਦਮੀ ਕਿਵੇਂ ਹੋ ਸਕਦੇ ਸਨ। ਸ਼ਾਇਦ ਡਾ. ਜੈ ਰੂਪ ਦੇ ਪਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਉਸ ਵੇਲੇ ਵੱਡੇ ਆਦਮੀ ਹੋਣਗੇ, ਵੱਡੇ ਲਿਖਾਰੀ ਹੋਣ ਦੇ ਨਾਤੇ, ਪਰ ਉਸ ਵੇਲੇ ਮੈਨੂੰ ਅਤੇ ਸਾਡੇ ਪਰਿਵਾਰ ਨੂੰ ਇਸ ਪਾਸੇ ਕੋਈ ਬਹੁਤੀ ਦਿਲਚਸਪੀ ਨਹੀਂ ਸੀ ਅਤੇ ਨਾ ਬਹੁਤਾ ਇਲਮ ਹੀ ਸੀ। ਬਾਕੀ ਇਹ ਫ਼ੈਸਲਾ ਸਾਡਾ ਸੀ ਜਾਂ ਘਰਦਿਆਂ ਦਾ, ਤਾਂ ਇਸ ਦਾ ਜਵਾਬ ਇਹ ਹੈ ਕਿ ਅਸੀਂ ਦੋਵੇਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੜ੍ਹਦੇ ਜ਼ਰੂਰ ਸੀ ਪਰ ਵੱਖ-ਵੱਖ ਵਿਭਾਗਾਂ ਵਿੱਚ। ਇੱਕ-ਦੂਸਰੇ ਨੂੰ ਜਾਣਦੇ ਜ਼ਰੂਰ ਸੀ ਪਰ ਵਿਆਹ ਸਾਡੇ ਘਰ ਦਿਆਂ ਦੀ ਮਰਜ਼ੀ ਨਾਲ ਹੀ ਹੋਇਆ ਸੀ।
? ਤੁਸੀਂ ਵਿਆਹ ਤੋਂ ਬਾਅਦ ਵੀ ਪੀਐੱਚ. ਡੀ. ਵਰਗੀ ਉੱਚ ਵਿੱਦਿਆ ਦਾ ਸਬੱਬ ਕਿਸ ਤਰ੍ਹਾਂ ਬਣਿਆ? ਪਰਿਵਾਰ ਵੱਲੋਂ ਸਹਿਯੋਗ ਕਿਸ ਤਰ੍ਹਾਂ ਰਿਹਾ?
: ਉਸ ਵੇਲੇ ਸਾਇੰਸ ਦੀ ਐੱਮ. ਐੱਸ. ਸੀ. ਤੋਂ ਬਾਅਦ ਅਰਾਮ ਨਾਲ ਨੌਕਰੀ ਮਿਲ ਜਾਂਦੀ ਸੀ ਅਤੇ ਕੁੜੀਆਂ ਲਈ ਪੀਐੱਚ. ਡੀ. ਕਰਨੀ ਕੋਈ ਲੋੜੀਂਦੀ ਨਹੀਂ ਹੁੰਦੀ ਸੀ। ਪਰ ਮੇਰੇ ਲਈ ਪੀਐੱਚ. ਡੀ. ਕਰਨਾ ਇੱਕ ਮਜ਼ਬੂਰੀ ਸੀ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਾਡੇ ਵਿਆਹ ਤੋਂ ਬਾਅਦ ਕਿਸੇ ਹੀਲੇ-ਵਸੀਲੇ ਅੰਮ੍ਰਿਤਸਰ ਪਹੁੰਚਣ ਲਈ ਮੈਨੂੰ ਆਪਣੇ ਵਿਭਾਗ ਤੋਂ ਛੁੱਟੀ ਲੈ ਕੇ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੀਐੱਚ. ਡੀ. ਕਰਨ ਜਾਣਾ ਪਿਆ। ਬਾਕੀ ਉਸ ਵੇਲੇ ਦੇ ਵੱਡੇ ਸਾਂਝੇ ਪਰਿਵਾਰਾਂ ਵਿੱਚ ਨੂੰਹਾਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੀ ਰਹਿੰਦੀਆਂ ਸਨ ਭਾਵੇਂ ਉਹ ਨੌਕਰੀ ਕਰਦੀਆਂ ਹੋਣ ਜਾਂ ਪੜ੍ਹਦੀਆਂ ਹੋਣ ਅਤੇ ਮੇਰੇ ਲਈ ਤਾਂ ਕੀ ਸਭ ਲਈ ਇਹ ਕਾਫ਼ੀ ਔਖਾ ਕੰਮ ਹੁੰਦਾ ਸੀ। ਹਿੰਮਤ ਦੀ ਅਤੇ ਦੜਵੱਟਣ ਦੀ ਲੋੜ ਪੈਂਦੀ ਸੀ। ਮੇਰਾ ਵੱਡਾ ਬੇਟਾ ਉਸ ਵੇਲੇ ਸਿਰਫ਼ ਪੰਜ ਮਹੀਨੇ ਦਾ ਸੀ। ਇਸੇ ਦੌਰਾਨ ਮੈਨੂੰ ਇੱਕਲੀ ਨੂੰ ਅੰਮ੍ਰਿਤਸਰ ਛੱਡ ਕੇ ਡਾ. ਜੈ ਰੂਪ ਸਿੰਘ ਆਪ ਡੇਢ ਸਾਲ ਲਈ ਇੱਕ ਫੈਲੋਸ਼ਿਪ ਉੱਤੇ ਜਰਮਨੀ ਚਲੇ ਗਏ ਸਨ। ਇਸ ਲਈ ਇਹ ਕਹਿਣਾ ਤਾਂ ਬਹੁਤ ਮੁਸ਼ਕਲ ਹੈ ਕਿ ਮੈਂ ਕੋਈ ਔਖਿਆਈਆਂ ਨਹੀਂ ਦੇਖੀਆਂ ਦਰਅਸਲ ਵਿੱਚ ਮੇਰੀ ਸਹਿਣਸ਼ੀਲਤਾ ਦੀ ਹੱਦ ਦੀ ਮੈਨੂੰ ਸਮਝ ਉਸ ਵੇਲੇ ਹੀ ਆਈ ਸੀ।
? ਪੁਸ਼ਪਿੰਦਰ ਜੀ ਵਾਕਿਆਂ ਹੀ ਬਹੁਤ ਸ਼ਹਿਨਸ਼ੀਲਤਾ ਨਾਲ ਤੁਸੀਂ ਇਨ੍ਹਾਂ ਔਕੜਾਂ ਦਾ ਮੁਕਾਬਲਾ ਕੀਤਾ ਹੋਵੇਗਾ। ਫੇਰ ਹੁਣ ਇਹ ਵੀ ਦੱਸੋ ਕਿ ਡਾ. ਜੈ ਰੂਪ ਸਿੰਘ ਵੀ ਭਾਵੇਂ ਸਾਇੰਸ ਵਿਦਿਆਰਥੀ ਰਹੇ ਹਨ, ਮੇਰਾ ਖ਼ਿਆਲ ਹੈ ਕਿ ਉਨ੍ਹਾਂ ਦਾ ਖੇਤਰ ਵੱਖਰਾ ਸੀ। ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਕਿਸ ਤਰ੍ਹਾਂ ਰਹੀ? ਸੌਖਿਆਂ ਹੀ ਇੱਕ ਦੂਜੇ ਦਾ ਸਹਿਯੋਗ ਮਿਲਿਆ ਜਾਂ ਕੁਝ ਮੁਸ਼ਕਲਾਂ ਵੀ ਆਈਆਂ?
: ਸਾਡੇ ਦੋਨਾਂ ਦਾ ਸਾਇੰਸ ਦੇ ਵਿਦਿਆਰਥੀ ਹੋਣਾ ਅਤੇ ਫੇਰ ਸਾਡਾ ਵਿਭਾਗ ਦਾ ਵੀ ਇੱਕੋ ਹੋਣ ਕਰਕੇ, ਭਾਵੇਂ ਸਾਡੇ ਵਿਸ਼ੇ ਵੱਖਰੇ-ਵੱਖਰੇ ਹੀ ਸਨ, ਅਸੀਂ ਇੱਕ-ਦੂਸਰੇ ਦੀ ਗੱਲ ਅਤੇ ਲੋੜ ਛੇਤੀ ਸਮਝ ਲਈ ਦੀ ਹੈ। ਸਾਡਾ ਵਿਭਾਗ ਸਾਂਝਾ (1979-1990 ਤੱਕ) ਹੋਣ ਕਰਕੇ ਸਾਡੇ ਸਾਥੀ ਵੀ ਸਾਂਝੇ ਸੀ ਅਤੇ ਬਹੁਤੀ ਵਾਰ ਗੱਲਬਾਤ ਦੇ ਮੁੱਦੇ ਵੀ ਸਾਂਝੇ ਹੀ ਹੁੰਦੇ ਸਨ।
? ਡਾ. ਜੈ ਰੂਪ ਸਿੰਘ ਦੇ ਪਿਤਾ ਜੀ, ਪ੍ਰੋ. ਪ੍ਰੀਤਮ ਸਿੰਘ ਸਾਹਿਤਕ ਰੁਚੀਆਂ ਵਾਲ਼ੇ ਬਹੁਤ ਵੱਡੇ ਵਿਦਵਾਨ ਸਨ, ਉਨ੍ਹਾਂ ਦੇ ਨਾਨਾ ਜੀ, (ਗੁਰੁ ਗ੍ਰੰਥ ਸਾਹਿਬ ਦੇ ਟੀਕਾਕਾਰ) ਪ੍ਰੋ. ਸਾਹਿਬ ਸਿੰਘ ਜੀ ਨੂੰ ਦੁਨੀਆ ਜਾਣਦੀ ਹੈ। ਬਾਕੀ ਪਰਿਵਾਰ ਦੇ ਮੈਂਬਰ ਵੀ ਸਾਰੇ ਹੀ ਡਾਕਟਰ ਹਨ। ਕੀ ਤੁਹਾਡੇ ਪੇਕਾ ਪਰਿਵਾਰ ਦੇ ਮੈਂਬਰ ਵੀ ਸਾਹਿਤਕ ਰਚੀਆਂ ਵਾਲੇ ਹਨ/ਸਨ, ਤੁਸੀਂ ਇਸ ਪਰਿਵਾਰ ਵਿੱਚ ਆ ਕੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?
: ਸਤਨਾਮ ਜੀ, ਮੇਰੇ ਪੇਕਿਆਂ ਦੇ ਪਰਿਵਾਰ ਵਿੱਚ ਸਾਹਿਤਕ ਜਾਂ ਭਾਸ਼ਾ ਵਿੱਚ ਰੁਚੀ ਰੱਖਣ ਵਾਲੇ ਤਾਂ ਮੇਰੇ ਫੁੱਫੜ ਜੀ ਜਸਵੰਤ ਸਿਘ ਕੰਵਲ ਹੀ ਸਨ ਪਰ ਬਾਕੀ ਦੇ ਸਾਰੇ ਪੜ੍ਹੇ-ਲਿਖੇ ਸਨ। ਮੇਰੇ ਬਾਪੂ ਜੀ ਗੋਲਡ ਮੈਡਲਿਸਟ ਇੰਜੀਨੀਅਰ ਸਨ, ਮੇਰੇ ਚਾਚਾ ਜੀ ਵਾਯੂਸੈਨਾ ਵਿੱਚੋਂ ਸਕੂਐਡਰਨ ਲੀਡਰ ਰਿਟਾਇਰ ਹੋਏ, ਦੂਸਰੇ ਫੁੱਫੜ ਜੀ ਡਿਪਟੀ ਕੁਲੈਕਟਰ, ਮੇਰੇ ਮਾਮਾ ਜੀ ਪਹਿਲਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਤੇ ਫੇਰ ਦਮਦਮਾਂ ਸਾਹਿਬ ਤਲਵੰਡੀ ਦੇ ਪਹਿਲੇ ਪ੍ਰਿੰਸੀਪਲ ਰਹੇ। ਮੇਰੇ ਤੀਸਰੇ ਫੁੱਫੜ ਜੀ ਸਕੂਲ ਦੇ ਪ੍ਰਿੰਸੀਪਲ ਰਹੇ ਅਤੇ ਮੇਰੇ ਵੀਰ ਜੀ ਭਾਰਤੀ ਵਾਯੂਸੈਨਾ ਵਿੱਚ ‘ਵਾਇਸ ਏਅਰ ਮਾਰਸ਼ਲ’ ਤੋਂ ਇੱਕ ਹੇਠਲੀ ਪੋਸਟ ‘ਏਅਰ ਕਮਾਂਡੋਰ, ਤੱਕ ਪਹੁੰਚੇ। ਇਸ ਸਭ ਦੇ ਨਾਲ ਮੈਂ ਆਪ ਵੀ ਤਾਂ ਐੱਮ. ਐੱਸ. ਸੀ. ਫ਼ਸਟ ਕਲਾਸ ਫ਼ਸਟ ਰਹਿ ਕੇ ਕੀਤੀ ਸੀ ਅਤੇ ਸਕੌਲਰਸ਼ਿਪ ਵੀ ਲੈਂਦੀ ਰਹੀ ਸੀ। ਮੇਰੇ ਗਰੇਡ ਡਾ. ਜੈ ਰੂਪ ਸਿੰਘ ਤੋਂ ਵੱਧ ਸਨ। ਸਾਡੇ ਘਰ ਦਾ ਮਾਹੌਲ ਕਾਫ਼ੀ ਪੜ੍ਹਿਆਂ-ਲਿਖਿਆਂ ਦਾ ਹੀ ਸੀ। ਹਾਂ, ਇੱਕ ਗੱਲ ਜ਼ਰੂਰ ਬਹੁਤ ਫ਼ਰਕ ਸੀ, ਪਾਪਾ ਜੀ ਦੇ ਘਰ ਹਰ ਵੇਲੇ ਦੇ ਲੱਗੇ ਲਿਖਾਰੀਆਂ ਦੇ ਤਾਂਤੇ, ਉਨ੍ਹਾਂ ਦਾ ਘੰਟਿਆਂ ਬੱਧੀ ਗੱਲਾਂ-ਬਾਤਾਂ ਕਰਨੀਆਂ ਅਤੇ ਬੈਠੇ ਚਾਹਵਾਂ ਪੀਵੀ ਜਾਣੀਆਂ ਮੇਰੇ ਲਈ ਬਹੁਤ ਅਜੀਬ ਅਤੇ ਨਵਾਂ ਕੰਮ ਸੀ। ਇਸ ਦੇ ਨਾਲ ਘਰ ਵਿੱਚ ਹਰ ਪਾਸੇ ਕਿਤਾਬਾਂ ਕਾਗਜ਼ਾਂ ਦੇ ਢੇਰਾਂ ਦਾ ਪਿਆ ਹੋਣਾ ਮੇਰੇ ਲਈ ਇੱਕ ਬਹੁਤ ਅਜ਼ਬ ਨਜ਼ਾਰਾ ਸੀ।
? ਮੈਨੂੰ ਇਹ ਵੀ ਪਤਾ ਲੱਗਾ ਕਿ ਪ੍ਰੋ. ਪ੍ਰੀਤਮ ਸਿੰਘ ਜੀ ਦੀ ਪ੍ਰੇਰਨਾ ਨਾਲ ਹੀ ਤੁਸੀਂ ਜੀਵ-ਜੰਤੂਆਂ ਬਾਰੇ ਕਿਤਾਬਾਂ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਹਨ? ਆਪਣੀ ਸੱਸ ਮਾਤਾ ਜੀ ਦੀ ਕੋਈ ਯਾਦ ਵੀ ਸਾਂਝੀ ਕਰਨਾ ਚਾਹੋਗੇ?
: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਇਸ ਕੰਮ ਨੂੰ ਸ਼ੁਰੂ ਕਰਨ ਵਿੱਚ ਪਾਪਾ ਜੀ ਦਾ ਪਹਿਲਾ ਹੱਕ ਹੈ। ਉਹ ਪੰਜਾਬੀ ਦੇ ਸੱਚੇ ਪਹਿਰੇਦਾਰ ਸਨ ਅਤੇ ਹਰ ਉਸ ਇਨਸਾਨ ਨੂੰ ਜਿਹੜਾ ਉਨ੍ਹਾਂ ਦੇ ਨੇੜੇ ਆਉਂਦਾ ਆਪਣਾ ਮਜ਼ਮੂਨ ਪੰਜਾਬੀ ਵਿੱਚ ਲਿਖਣ ਲਈ ਕਹਿੰਦੇ ਸਨ ਅਤੇ ਘਰ ਦੇ ਮੈਂਬਰਾਂ ਦੀ ਵਾਰੀ ਬਹੁਤੀ ਵਾਰ ਆਉਂਦੀ, ਮੇਰੀ ਵਾਰੀ ਵੀ ਉਸੇ ਤਰ੍ਹਾਂ ਲੱਗਦੀ ਸੀ। ਇੱਕ ਵਾਰ ਮੈਂ ਪਾਪਾ ਜੀ ਨੂੰ ਕਿਹਾ-ਪਾਪਾ ਜੀ, ਮੈਂ ਕਿਸ ਮੁੱਦੇ `ਤੇ ਪੰਜਾਬੀ ਵਿੱਚ ਸਾਇੰਸ ਲਿਖਾਂ? ਉਹ ਕਹਿੰਦੇ- ਤੂੰ ਮੱਖੀ ਬਾਰੇ ਹੀ ਲਿਖ। ਮੈਂ ਅੱਛਾ ਜੀ ਕਹਿ ਕੇ ਇਹ ਸੋਚਦੀ ਹੋਈ ਕਿ ਮੱਖੀ ਉੱਤੇ ਕੀ ਲਿਖਿਆ ਜਾ ਸਕਦਾ ਹੈ, ਕੌਣ ਪੜ੍ਹੇਗਾ ਇਨ੍ਹਾਂ ਭਿਣ-ਭਿਣ ਕਰਦੀਆਂ ਮੱਖੀਆਂ ਬਾਰੇ, ਮੈਂ ਉੱਥੋਂ ਪਾਸੇ ਹੋ ਗਈ। ਉਸ ਵੇਲੇ ਮੈਨੂੰ ਪੰਜਾਬੀ ਲਿਖਣੀ ਨਾ ਆਉਣ ਕਰਕੇ ਅਤੇ ਸਮੇਂ ਦੀ ਘਾਟ ਕਰਕੇ ਮੈਂ ਇਹ ਹੌਂਸਲਾ ਨਹੀਂ ਕਰ ਸਕੀ, ਜਿਸ ਗੱਲ ਦਾ ਮੈਨੂੰ ਹਮੇਸ਼ਾ ਅਫ਼ਸੋਸ ਰਹੇਗਾ। ਅਸਲ ਵਿੱਚ ਮੇਰੇ ਲਿਖਣਾ ਸ਼ੁਰੂ ਕਰਨ ਵਿੱਚ ਮੇਰੇ ਛੋਟੇ ਬੇਟੇ ਦਾ ਬਹੁਤਾ ਹੱਥ ਹੈ। ਜਿਸ ਵੇਲੇ ਅਸੀਂ ਆਪਣੀ ਪਹਿਲੀ ਕਿਤਾਬ ਲਿਖਣੀ ਸ਼ੁਰੂ ਕੀਤੀ ਤਾਂ ਉਸ ਨੇ ਹੀ ਉਸ ਕਿਤਾਬ ਨੂੰ ਦੋ ਭਾਸ਼ੀ (ਅੰਗ੍ਰੇਜ਼ੀ ਅਤੇ ਪੰਜਾਬੀ) ਵਿੱਚ ਲਿਖਣ ਦੀ ਜਿੱਦ ਕੀਤੀ ਸੀ ਅਤੇ ਕੰਮ ਵੀ ਬਹੁਤਾ ਉਸੇ ਨੇ ਹੀ ਕੀਤਾ ਸੀ। ਡਾ. ਜੈ ਰੂਪ ਸਿੰਘ ਦੇ ਬੀਜੀ ਪੂਜਾ ਪਾਠ ਕਰਨ ਵਾਲੀ ਬਹੁਤ ਹੀ ਸਫ਼ਾਈ ਪਸੰਦ ਅਤੇ ਸੁਚੱਜੀ ਔਰਤ ਸਨ। ਉਹ ਆਪਣੇ ਬੱਚਿਆਂ ਨੂੰ ਖ਼ਾਸ ਕਰਕੇ ਬੇਟੀਆਂ ਨੂੰ ਹੱਦ ਤੋਂ ਬਹੁਤਾ ਪਿਆਰ ਕਰਦੇ ਸਨ। ਇਸ ਦੇ ਨਾਲ ਉਹ ਬਹਾਦਰ ਅਤੇ ਸਹਿਣਸ਼ੀਲ ਵੀ ਬਹੁਤ ਸਨ, ਜਿਹੜੇ ਪਾਪਾ ਜੀ ਦੇ ਘਰ ਆਏ ਸਾਥੀਆਂ ਦੀ ਖਿੜੇ ਮੱਥੇ ਸਾਰੀ ਉਮਰ ਟਹਿਲ- ਸੇਵਾ ਕਰਦੇ ਰਹੇ ਸਨ।
? ਆਪਣੇ ਨਿੱਜੀ ਪਰਿਵਾਰ ਬਾਰੇ ਦੱਸੋ। ਤੁਹਾਡੇ ਬੱਚਿਆਂ ਦੀ ਦਿਲਚਸਪੀ ਵੀ ਇਸੇ ਖੇਤਰ ਵਿੱਚ ਹੈ ਜਾਂ ਉਨ੍ਹਾਂ ਦੇ ਰੁਝਾਨ ਵੱਖਰੇ ਹਨ?
: ਹਾਂ ਜੀ, ਸਾਡੇ ਪਰਿਵਾਰ ਵਿੱਚ ਸਾਡੇ ਬਹੁਤ ਸੁਲਝੇ ਹੋਏ ਦੋ ਬੇਟੇ ਵੀ ਹਨ, ਵੱਡਾ ਬੇਟਾ ਡਾ. ਅਰਵਿੰਦ ਰੂਪ ਸਿੰਘ ਹੈ। ਉਸ ਨੇ ਐੱਮ. ਬੀ. ਬੀ. ਐੱਸ. ਕਰਕੇ ਮੈਡੀਕਲ ਜੈਨੀਟਿਕਸ ਵਿੱਚ ਪੀ. ਐੱਚ. ਡੀ. ‘ਮੋਂਡਲ ਦੀ ਯੂਨੀਵਰਸਿਟੀ, ਚੈਕ ਰੀਪਬਲਿਕ’ ਤੋਂ ਕੀਤੀ ਹੋਈ ਹੈ। ਇਸ ਤੋਂ ਮਗਰੋਂ ਉਸ ਨੇ ਤਿੰਨ ਸਾਲ ‘ਬੌਸਟਨ ਯੂਨੀਵਰਸਿਟੀ’ ਵਿੱਚ ਪੋਸਟ ਡੌਕਟਰੇਟ ਕੀਤੀ ਅਤੇ ਫੇਰ ‘ਕੁਈਂਨਜ਼ ਯੂਨੀਵਰਸਿਟੀ ਕੈਨੇਡਾ’ ਤੋਂ ਐੱਮ. ਬੀ. ਏ. ਕੀਤੀ ਹੈ। ਇਸ ਵੇਲੇ ਉਹ ਅਮੈਰੀਕਨ ਸਿਟੀਜ਼ਨ ਹੈ ਅਤੇ ਇੱਕ ਮੈਡੀਕਲ ਕੰਪਨੀ ਦਾ ‘ਵਰਲਡ ਡਾਇਰੈਕਟਰ’ ਵੀ ਹੈ। ਉਸ ਨੂੰ ਹਾਈਕਿੰਗ, ਟਰੈਕਿੰਗ, ਸਾਈਕਲਿੰਗ, ਸਵਿਮਿੰਗ, ਸਕੂਬਾ ਡਾਈਵਿੰਗ ਅਤੇ ਜਹਾਜ਼ ਉੱਡਾਉਣ ਦਾ ਸ਼ੌਕ ਹੈ। ਛੋਟਾ ਬੇਟਾ ਡਾ. ਅਰਸ਼ ਰੂਪ ਸਿੰਘ ਹੈ, ਉਸ ਨੇ ਐੱਮ. ਸੀ. ਏ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰਕੇ ਬਾਈਓਇਨਫੌਰਮੈਟਿਕਸ ਦੀ ਐੱਮ. ਐੱਸ. ਸੀ. ਜਰਮਨੀ ਤੋਂ ਕੀਤੀ ਅਤੇ ਫੇਰ ਪੀ. ਐੱਚ. ਡੀ. ਵੀ ਬਾਇਓਇਨਫੋਰਮੈਟਿਕ ਵਿੱਚ ਜਰਮਨੀ ਤੋਂ ਹੀ ਕੀਤੀ। ਇਸ ਵੇਲੇ ਉਹ ਕੈਲਗੀਰੀ ਵਿੱਚ ਹੈ। ਉਹ ਇੱਕ ਬਹੁਤ ਅੱਛਾ ‘ਵਾਈਲਡ ਲਾਈਫ ਫੋਟੋਗ੍ਰਾਫਰ’ ਵੀ ਹੈ। ਆਪਣੀਆਂ ਖਿੱਚੀਆਂ ਤਸਵੀਰਾਂ ਦੀਆਂ ਉਹ ਕਈ ਸਾਰੀਆਂ ਐਗਜ਼ੀਬੀਸ਼ਨਜ਼ ਲੱਗਾ ਚੁੱਕਾ ਹੈ। ਉਸ ਦੀਆਂ ਖਿੱਚੀਆਂ ਤਸਵੀਰਾਂ ਦੋ ਯੂਨੀਵਰਸਿਟੀਆਂ ਦੇ 6 ਕਲੰਡਰਾਂ ਵਿੱਚ ਲੱਗ ਚੁੱਕੀਆਂ ਹਨ ਅਤੇ ‘ਪੰਜਾਬ ਸਟੇਟ ਕੌਂਸਲ ਦੀ ਐਨਵਾਇਰਮੈਂਟ ਰਿਪੋਰਟ’ ਵਿੱਚ ਆ ਚੁੱਕੀਆਂ ਹਨ। ਮੇਰੀਆਂ ਸਾਰੀਆਂ ਕਿਤਾਬਾਂ ਵਿੱਚ ਉਸ ਦੀਆਂ ਖਿੱਚੀਆਂ ਤਸਵੀਰਾਂ ਹੀ ਲੱਗੀਆਂ ਹੋਣ ਦੇ ਨਾਤੇ ਉਹ ਕਿਤਾਬਾਂ ਦਾ ਮੁੱਖ ਫੋਟੋਗ੍ਰਾਫਰ ਵੀ ਹੈ। ਵਾਈਲਡ ਲਾਈਫ਼ ਫੋਟੋਗ੍ਰਾਫਰ ਹੋਣ ਦਾ ਮਤਲਬ ਹੀ ਕੁਦਰਤ ਨੂੰ ਪਿਆਰ ਕਰਨ ਵਾਲਾ ਇਨਸਾਨ ਹੋਣਾ ਹੁੰਦਾ ਹੈ। ਛੋਟੇ ਬੇਟੇ ਨੂੰ ਵੀ ਟਰੈਕਿੰਗ, ਸਵਿਮਿੰਗ, ਹਾਈਕਿੰਗ, ਸਾਈਕਲਿੰਗ, ਸਕੂਬਾ ਡਾਈਵਿੰਗ ਕਰਨ ਦਾ ਅਤੇ, ਫੋਟੋਆਂ ਖਿੱਚਣ ਦਾ ਸ਼ੌਕ ਹੈ। ਉਸ ਨੂੰ ਕੁੱਤੇ ਅਤੇ ਬਿੱਲੀਆਂ ਪਾਲਣੀਆਂ ਦਾ ਬਹੁਤ ਚਸਕਾ ਵੀ ਹੈ।
? ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਲੰਮਾਂ ਸਮਾਂ ਅਧਿਆਪਨ ਦੇ ਖੇਤਰ ਵਿੱਚ ਲੰਘਾਇਆ। ਇਸ ਸਮੇਂ ਵਿਦਿਆਰਥੀਆਂ ਨਾਲ ਕਿਹੋ-ਜਿਹੇ ਸਬੰਧ ਰਹੇ? ਖ਼ਾਸ ਕਰਕੇ ਤੁਹਾਡੇ ਵਿਦਿਆਰਥੀਆਂ ਵਿੱਚ ਲੜਕੇ-ਲੜਕੀਆਂ ਦੀ ਗਿਣਤੀ ਬਰਾਬਰ ਹੀ ਸੀ ਜਾਂ ਐਂਟੋਮੌਲੋਜੀ (ਜੀਵ-ਵਿਗਿਆਨ) ਪੜ੍ਹਨ ਵਾਲੇ ਲੜਕਿਆਂ ਦੀ ਗਿਣਤੀ ਜ਼ਿਆਦਾ ਰਹੀ ਹੈ?
: ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਂਟੋਮੌਲੋਜੀ-ਜ਼ੂਔਲੋਜੀ ਵਿਭਾਗ ਵਿੱਚ 1979 ਤੱਕ ਨੌਕਰੀ ਕੀਤੀ ਅਤੇ 1979 ਤੋਂ 2009 ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੌਕਰੀ ਕੀਤੀ। ਜਦੋਂ ਮੈਂ ਪੀ. ਏ. ਯੂ. ਹੁੰਦੀ ਸੀ ਤਾਂ ਐਂਟੋਮੌਲੋਜੀ ਦੀਆਂ ਕਲਾਸਾਂ ਐਗਰੀਕਲਚਰ ਦੇ ਮੁੰਡਿਆਂ ਨਾਲ-ਨਾਲ ਹੋਮਸਾਇੰਸ ਦੀਆਂ ਕੁੜੀਆਂ ਨੂੰ ਵੀ ਪੜ੍ਹਾਉਂਦੀ ਹੁੰਦੀ ਸੀ। ਉਸ ਵੇਲੇ ਐਗਰੀਕਲਚਰ ਵਿੱਚ 99% ਮੁੰਡੇ ਹੀ ਹੁੰਦੇ ਸਨ ਅਤੇ ਹੋਮ ਸਾਇੰਸ ਵਿੱਚ 100% ਕੁੜੀਆਂ। ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੀ ਤਾਂ ਸਾਡੇ ਕੋਲ ਰਲੇ-ਮਿਲੇ ਬੱਚੇ ਹੁੰਦੇ ਸਨ ਪਹਿਲਾਂ ਤਾਂ ਲੜਕੇ-ਲੜਕੀਆਂ ਦੀ ਗਿਣਤੀ ਬਰਾਬਰ-ਬਰਾਬਰ ਦੀ ਹੁੰਦੀ ਸੀ ਪਰ ਬਾਅਦ ਵਿੱਚ ਕੁੜੀਆਂ ਬਹੁਤੀਆਂ ਹੋਣ ਲੱਗ ਪਈਆਂ ਸਨ। ਭਾਵੇਂ ਮੈਂ ਐਗਰੀਕਲਚਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਸੀ ਜਾਂ ਜ਼ੂਔਲੋਜੀ ਦੇ। ਮੇਰੀ ਆਪਣੇ ਵਿਦਿਆਰਥੀਆਂ ਨਾਲ ਚੰਗੀ ਬਣਦੀ ਸੀ, ਸਾਰੇ ਮੇਰੀ ਇੱਜ਼ਤ ਕਰਦੇ ਸਨ ਅਤੇ ਅਜੇ ਤੱਕ ਵੀ ਯਾਦ ਕਹਦੇ ਹਨ। ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਕਦੇ ਦਖ਼ਲ ਨਹੀਂ ਦਿੰਦੀ ਸੀ ਅਤੇ ਲੋੜ ਵੇਲੇ ਹਰ ਕਿਸੇ ਦੀ ਮਦਦ ਕਰਦੀ ਸੀ।
? ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਾਇੰਸ ਦੇ ਡੀਨ, ਜੀਵ-ਵਿਗਿਆਨ ਵਿਭਾਗ ਦੇ ਹੈੱਡ ਵੀ ਰਹੇ ਹੋ ਪੁਸ਼ਪਿੰਦਰ ਜੀ, ਅਧਿਆਪਨ ਕਰਦਿਆਂ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਵਿੱਚ ਉੱਚ ਅਹੁੱਦਿਆਂ `ਤੇ ਵੀ ਰਹੇ ਹੋ। ਇੱਕ ਇਸਤਰੀ ਹੋਣ ਦੇ ਨਾਤੇ ਕਈ ਮੁਸ਼ਕਲਾਂ ਵੀ ਆਈਆਂ। ਮੈਨੂੰ ਇਹ ਵੀ ਪਤਾ ਲੱਗਾ, ਆਪਣੇ ਦੇਸ਼ ਵਿੱਚ ਰਹਿੰਦਿਆਂ ਵੀ ਤੁਹਾਨੂੰ ਉੱਪਰਲੀ ਪੁਜ਼ੀਸ਼ਨ ਹਾਸਲ ਕਰਨ ਲਈ ਲੰਮਾ ਸਮਾਂ ਵਿਤਕਰੇ ਦਾ ਸ਼ਿਕਾਰ ਵੀ ਹੋਣਾ ਪਿਆ। ਇਸ ਬਾਰੇ ਕੀ ਕਹਿਣਾ ਚਾਹੋਗੇ?
: ਜਿਸ ਵੇਲੇ ਮੈਂ ਐੱਮ. ਐੱਸ. ਸੀ. ਕੀਤੀ ਸੀ ਉਸ ਵੇਲੇ ਕੁੜੀਆਂ ਲਈ ਜ਼ਰੂਰੀ ਨਹੀਂ ਹੁੰਦਾ ਸੀ ਕਿ ਉਹ ਨੌਕਰੀ ਕਰਨ। ਵਿੱਦਿਆ ਦਾ ਸਿਰਫ਼ ਇੱਕੋ ਇੱਕ ਮਹਿਕਮਾ ਹੀ ਸੀ ਜਿਸ ਵਿੱਚ ਕੰਮ ਕਰਨ ਵਾਲਿਆਂ ਵਿੱਚ ਅੱਧ-ਪਚੱਧ ਗਿਣਤੀ ਕੁੜੀਆਂ ਦੀ ਸੀ। ਜਦੋਂ ਕਿਸੇ ਦੇ ਖੇਤਰ ਵਿੱਚ ਕੋਈ ਵੜਦਾ ਹੈ ਤਾਂ ਚੀਕ-ਚਿਹਾੜਾ ਤਾਂ ਪੈਂਦਾ ਹੀ ਹੈ। ਇਸੇ ਤਰ੍ਹਾਂ ਜਦੋਂ ਕੁੜੀਆਂ ਵਿੱਚ ਜਾਗਰੁਕਤਾ ਆਈ ਅਤੇ ਉਨ੍ਹਾਂ ਨੇ ਆਦਮੀਆਂ ਦੀਆਂ ਰਾਖਵੀਂਆਂ ਜਗੀਰਾਂ `ਤੇ ਹਮਲਾ ਕੀਤਾ ਤਾਂ ਉਨ੍ਹਾਂ ਮਰਦਾਂ ਨੂੰ ਤਕਲੀਫ਼ ਤਾਂ ਹੋਣੀ ਹੀ ਹੁੰਦੀ ਹੈ। ਜਦੋਂ ਮੈਂ ਕੰਮ ਸ਼ੁਰੂ ਕੀਤਾ ਉਸ ਵੇਲੇ ਤਾਂ ਮਹੌਲ ਹੋਰ ਵੀ ਸਖ਼ਤ ਸੀ। ਆਦਮੀ ਇਹ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਔਰਤਾਂ ਉਨ੍ਹਾਂ ਦਾ ਕੰਮ ਕਈ ਵਾਰ ਉਨ੍ਹਾਂ ਤੋਂ ਛੇਤੀ ਅਤੇ ਵਧੀਆ ਕਰ ਸਕਦੀਆਂ ਹਨ। ਮੈਨੂੰ ਵੀ ਆਪਣੀ ਥਾਂ ਬਣਾਉਣ ਲਈ ਆਦਮੀਆਂ ਤੋਂ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਮਿਹਨਤ ਕਰਨੀ ਪਈ ਅਤੇ ਬਹੁਤ ਕੁਝ ਸਹਿਣਾ ਵੀ ਪਿਆ। ਉਸ ਵੇਲੇ ਘਰਾਂ ਵਿੱਚ ਵੀ ਮਰਦ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਸਨ ਹੁੰਦੇ ਇਸ ਲਈ ਚਾਰੇ ਪਾਸੇ ਦਾ ਕੰਮ ਸੰਭਾਲਣਾ ਪੈਂਦਾ ਸੀ। ਮੈਨੂੰ ਬਹੁਤ ਮਿਹਨਤ ਅਤੇ ਹਿੰਮਤ ਕਰਨੀ ਪਈ ਅਤੇ ਹਰ ਵੇਲੇ ਬਹੁਤ ਟੈਨਸ਼ਨ ਵੀ ਸਿਹਣੀ ਪਈ।
? ਬਿਲਕੁਲ ਠੀਕ ਤੁਸੀਂ ਬਹੁਤ ਹੌਸਲੇ ਤੇ ਬਹਾਦਰੀ ਨਾਲ ਆਪਣਾ ਥਾਂ ਬਣਾਇਆ ਬਹੁਤ ਵੱਡੀ ਗੱਲ ਹੈ। ਪੁਸ਼ਪਿੰਦਰ ਜੀ, ਹੁਣ ਇਹ ਵੀ ਦੱਸੋ ਕਿ ਜੀਵ-ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਪੰਜਾਬ ਵਿੱਚ ਭਵਿੱਖ ਕਿਹੋ-ਜਿਹਾ ਹੈ? ਤੁਹਾਡੇ ਅੰਦਾਜ਼ੇ ਮੁਤਾਬਿਕ ਹਰ ਸਾਲ ਕਿੰਨੇ ਕੁ ਵਿਦਿਆਰਥੀ ਐਂਟੋਮੌਲੋਜੀਸਟ ਬਣ ਕੇ ਯੂਨੀਵਰਸਿਟੀਆਂ `ਚੋਂ ਨਿਕਲਦੇ ਹਨ?
: ਸਾਡੇ ਵੇਲੇ ਜੀਵ-ਵਿਗਿਆਨ ਤਾਂ ਕੀ ਕਿਸੇ ਵੀ ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀ ਦਾ ਭਵਿੱਖ ਬਹੁਤ ਚੰਗਾ ਹੁੰਦਾ ਸੀ। ਪਰ ਬਦਲਦੇ ਵਕਤ ਅਤੇ ਨਵੇਂ ਰੁਝੇਵਿਆਂ ਕਰਕੇ, ਕੰਪਿਊਟਰ ਸਾਇੰਸ ਦੀ ਜ਼ਿਆਦਾ ਤਰੱਕੀ ਹੋਣ ਕਰਕੇ ਅਤੇ ਲੋਕਾਂ ਦਾ ਸਿਆਣੇ ਹੋ ਕੇ ਆਪਣੇ ਹਿੱਤ ਨੂੰ ਛੋਟੀ ਉਮਰ ਵਿੱਚ ਹੀ ਜਾਣ ਜਾਣਾ, ਸਭ ਕਾਰਨਾਂ ਨੇ ਰਲਕੇ ਬੱਚਿਆਂ ਦੇ ਰੁਝੇਵੇਂ ਛੇਤੀ ਅਤੇ ਘੱਟ ਪੜ੍ਹਕੇ ਬਹੁਤੇ ਪੈਸੇ ਮਿਲਣ ਵਾਲੇ ਲਾਹੇਵੰਦ ਕਿੱਤਿਆਂ ਵੱਲ ਮੋੜ ਲਿਆ ਹੈ। ਪੰਜਾਬ ਦੀ ਕੀ ਗੱਲ ਹੁਣ ਤਾਂ ਸਾਰੇ ਭਾਰਤ ਵਿੱਚ ਹੀ ਸਰਕਾਰੀ ਪੱਧਰ ਉੱਤੇ ਵਿੱਦਿਆ ਦੀ ਅਹਿਮੀਅਤ ਦਿਨੋਂ-ਦਿਨ ਘੱਟ ਰਹੀ ਹੈ, ਨਿੱਜੀ ਸਵਾਰਥ ਅਤੇ ਪੌਲਿਟਿਕਸ ਹੀ ਪ੍ਰਧਾਨ ਹੋ ਗਏ ਹਨ। ਸਤਨਾਮ ਜੀ, ਮੈਨੂੰ ਐਂਟੋਮੌਲੋਜੀ ਵਿਭਾਗ ਨੂੰ ਛੱਡਿਆਂ ਨੂੰ ਕਾਫੀ ਦੇਰ ਹੋ ਗਈ ਹੈ। ਇਸ ਲਈ ਮੈਨੂੰ ਇਸ ਦਾ ਕੋਈ ਇਲਮ ਨਹੀਂ ਕਿ ਕਿੰਨੇ ਵਿਦਿਆਰਥੀ ਐਂਟੋਮੌਲੋਜਿਸਟ ਬਣਦੇ ਹਨ।
? ਤੁਸੀਂ ਵਿੱਦਿਅਕ ਸਿਸਟਮ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਸਾਡੇ ਦੇਸ਼ ਵਿੱਚ ਵਿੱਦਿਆ ਦਾ ਮਿਆਰ ਦਿਨ-ਬ-ਦਿਨ ਹੇਠਾਂ ਆ ਗਿਆ ਹੈ, ਕੀ ਕਾਰਨ ਸਮਝਦੇ ਹੋ? ਆਮ ਸੁਨਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਹੱਥਾਂ ਵਿੱਚ ਡਿਗਰੀਆਂ ਤਾਂ ਲਈ ਫਿਰਦੇ ਹਨ ਪਰ ਉਨ੍ਹਾਂ ਕੋਲ ਗਿਆਨ ਨਹੀਂ। ਇੱਕ ਅਧਿਆਪਕ ਹੋਣ ਦੇ ਨਾਤੇ ਤੁਹਾਡੇ ਕੀ ਵਿਚਾਰ ਹਨ?
: ਇਹ ਤਾਂ ਬਿਲਕੁਲ ਸੱਚ ਹੈ, ਅੱਜ ਕੱਲ੍ਹ ਤਾਂ ਵਿੱਦਿਆ ਨੂੰ ਵਪਾਰ ਹੀ ਬਣਾ ਦਿੱਤਾ ਗਿਆ ਹੈ। ਬਹੁਤ ਸਾਰੇ ਪ੍ਰਾਈਵੇਟ ਵਪਾਰ ਕਰਨ ਵਾਲੇ ਪੈਸੇ ਕਮਾਉਣ ਲਈ ਇਸ ਖੇਤਰ ਵਿੱਚ ਉਤਰ ਪਏ ਹਨ। ਬਜ਼ਾਰ ਵਿੱਚ ਬੇਕਾਰ, ਨਕਲੀ ਅਤੇ ਵਿਕਾਉ ਡਿਗਰੀਆਂ ਬਹੁਤ ਹੋ ਗਈਆਂ ਹਨ। ਲੋਕਾਂ ਦੀ ਸੋਚ ਅਤੇ ਫ਼ਿਤਰਤ ਦਾ ਮਿਆਰ ਬਹੁਤ ਥੱਲੇ ਦੇ ਪੱਧਰ `ਤੇ ਪਹੁੰਚ ਗਿਆ ਹੈ। ਡਿਗਰੀਆਂ ਸਿਰਫ਼ ਨੌਕਰੀਆਂ ਲੈਣ ਦਾ ਜ਼ਰੀਆ ਬਣ ਗਈਆਂ ਹਨ। ਲੋਕੀ ਮੌਕਾਪ੍ਰਸਤ, ਘੱਟ ਮਿਹਨਤ ਕਰਕੇ ਸਭ ਕੁਝ ਅਤੇ ਛੇਤੀ ਹਾਸਲ ਕਰਨ ਦੀ ਦੌੜ ਵਿੱਚ ਲੱਗੇ ਹੋਏ ਹਨ, ਉਨ੍ਹਾਂ ਕੋਲ ਸਬਰ ਨਹੀਂ ਰਿਹਾ। ਇਸ ਦੇ ਨਾਲ ਸਰਕਾਰਾਂ ਵੀ ਇਹੋ ਜਿਹੇ ਲੋਕਾਂ ਨਾਲ ਹੀ ਬਣ ਰਹੀਆਂ ਹਨ। ਇਹ ਗ਼ਲਤ ਜਿਹਾ ਢਹਿੰਦੇ ਵੱਲ ਨੂੰ ਜਾਂਦਾ ਸਮਾਜ ਰਚਿਆ ਜਾ ਰਿਹਾ ਹੈ। ਇੱਕ ਬਹੁਤ ਚਿੰਤਾ ਜਨਕ ਮਸਲਾ ਹੈ, ਇਸ ਲਈ ਬਹੁਤ ਹੀ ਵੱਡੀ ਕ੍ਰਾਂਤੀ ਦੀ ਲੋੜ ਹੈ।
? ਮੈਡਮ ਜੀ, ਸਾਡੇ ਦੇਸ਼ ਅੰਦਰ ਸੰਸਥਾਵਾਂ, ਕਾਰ ਸੇਵਾ ਵਾਲੇ ਸੰਤ-ਮਹਾਂਪੁਰਸ਼ ਅਤੇ ਆਮ ਲੋਕ ਮੰਦਰਾਂ ਤੇ ਗੁਰਦੁਆਰਿਆਂ ਦਾ ਸੋਨੇ ਅਤੇ ਸੰਗਮਰਮਰ ਨਾਲ ਨਿਰਮਾਣ ਕਰ ਰਹੇ ਹਨ। ਦੂਜੇ ਪਾਸੇ ਵਿੱਦਿਆ ਮੰਦਰ ਢਹਿ ਢੇਰੀ ਹੋ ਰਹੇ ਹਨ ਜਾਂ ਬੰਦ ਹੋ ਰਹੇ ਹਨ। ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੀ ਸੋਚ, ਸਰਕਾਰਾਂ ਦੀਆਂ ਮਾੜੀਆਂ ਨੀਤਾਂ ਤੇ ਨੀਤੀਆਂ ਜਾਂ ਕੁਝ ਹੋਰ ਕਾਰਨ…?
: ਸਤਨਾਮ ਜੀ, ਸਾਰਾ ਆਵਾ ਹੀ ਊਤਦਾ ਜਾ ਰਿਹਾ ਹੈ। ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਘੱਟ ਗਈਆਂ ਹਨ, ਵੱਡੇ ਛੋਟੇ ਦਾ ਲਿਹਾਜ਼ ਨਹੀਂ ਰਿਹਾ, ਅੱਖ ਦੀ ਸ਼ਰਮ ਨਹੀਂ ਰਹੀ, ਬਸ ਵੱਧ ਤੋਂ ਵੱਧ ਪੈਸੇ ਇਕੱਠੇ ਕਰਨੇ ਅਤੇ ਦਿਖਾਵੇ ਵੱਲ ਤੁਰੀ ਜਾ ਰਹੀ ਹੈ ਦੁਨੀਆਂ। ਸਾਧੂ-ਸੰਤ ਬਨਣਾ ਇੱਕ ਕਾਰੋਬਾਰ ਬਣ ਗਿਆ ਹੈ, ਇਸੇ ਲਈ ਲੋਕਾਂ ਦੀ ਅਕਲ ‘ਤੇ ਪਰਦਾ ਪਾਉਂਣ ਲਈ ਮੰਦਰਾਂ-ਗੁਰਦਵਾਰਿਆਂ ਉੱਤੇ ਸੋਨਾ ਥੱਪਿਆ ਜਾ ਰਿਹਾ ਹੈ। ਸਭ ਚੰਗਾ ਅਕਲ ਦਾ ਕੰਮ ਕਰਨ ਤੋਂ ਦੂਰ ਭੱਜ ਰਹੇ ਹਨ। ਹਰ ਕੰਮ ਦੇ ਛੇਤੀ ਨਤੀਜੇ ਚਾਹੰੁਣ ਲੱਗ ਪਏ ਹਨ। ਕਿਸੇ ਵੀ ਗ਼ਲਤ-ਠੀਕ ਢੰਗ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਸਰਕਾਰਾਂ ਵੀ ਇਨ੍ਹਾਂ ਅਤੇ ਇਹੋ ਜਿਹੇ ਲੋਕਾਂ ਦੀਆਂ ਹੀ ਬਣ ਰਹੀਆਂ ਹਨ। ਸਤਨਾਮ ਜੀ, ਪਿਛਲੇ 100 ਸਾਲਾਂ ਵਿੱਚ ਇਨਸਾਨਾਂ ਦੀ ਵਸੋਂ 7 ਤੋਂ 8 ਗੁਣਾ ਵੱਧ ਗਈ ਹੈ ਅਤੇ ਇਸ ਦੇ ਨਾਲ-ਨਾਲ ਜਾਗਰੁਕਤਾ ਆਉਣ ਨਾਲ ਉਨ੍ਹਾਂ ਦੀਆਂ ਲੋੜਾਂ ਵੀ ਵੱਧ ਗਈਆਂ ਹਨ। ਵਿਗਿਆਨ ਦੇ ਮੁਤਾਬਿਕ ਜਦੋਂ ਕਿਸੇ ਜਾਤੀ ਦੀ ਗਿਣਤੀ ਬਹੁਤੀ ਵੱਧ ਜਾਂਦੀ ਹੈ ਤਾਂ ਆਪਸ ਵਿੱਚ ਮੁਕਾਬਲੇ ਬਹੁਤੇ ਸਖ਼ਤ ਹੋ ਜਾਂਦੇ ਹਨ ਅਤੇ ਰੋਜ਼ਮਰਹਾ ਦੇ ਵਿਹਾਰ ਬਦਲ ਜਾਂਦੇ ਹਨ। ਜੀਵ ਲੜਾਕੇ, ਝਗੜਾਲੂ, ਲਾਲਚੀ ਅਤੇ ਆਪਹੁਦਰੇ ਬਣ ਜਾਂਦੇ ਹਨ। ਇਨਸਾਨਾਂ ਦੇ ਨਾਲ ਬੱਸ ਇਹੋ ਹੀ ਹੋ ਰਿਹਾ ਹੈ।
? ਪੁਸ਼ਪਿੰਦਰ ਜੀ, ਨਾਲ ਦੀ ਨਾਲ ਗੱਲ ਤੁਹਾਡੇ ਖੇਤਰ ਦੀ ਵੀ ਕਰ ਲਈਏ, ਪਹਿਲਾਂ ਤਾਂ ਇਹ ਦੱਸੋ ਕਿ ਜੀਵ-ਜੰਤੂਆਂ ਦੀ ਮਨੁੱਖੀ ਜੀਵਨ ਵਿੱਚ ਕਿੰਨੀ ਕੁ ਮਹੱਤਤਾ ਸਮਝਦੇ ਹੋ? ਤੁਸੀਂ ਗੱਲ ਕਰ ਰਹੇ ਸੀ ਕਿ ਕੁਦਰਤ ਨੇ ਕੋਈ ਵੀ ਜੀਵ ਬੇਲੋੜਾ ਪੈਦਾ ਨਹੀਂ ਕੀਤਾ। ਇੱਥੇ ਤੱਕ ਕਿ ਸਿਓਂਕ, ਠੂਹੇਂ, ਸੱਪ, ਗੋਹ, ਚੂਹੇ, ਤੋਤੇ, ਚਿੜੀਆਂ, ਗਿਲ਼ਝਾਂ ਅਤੇ ਜੰਗਲੀ ਸੂਰ ਵਗੈਰਾ ਸਭ ਦੀ ਆਪੋ-ਆਪਣੀ ਮਹੱਤਤਾ ਹੈ। ਕੋਈ ਉਦਾਹਰਣਾਂ ਦੇ ਕੇ ਸਪਸ਼ਟ ਕਰੋਗੇ?
: ਅੱਜ ਕੱਲ੍ਹ ਦੇ ਵਿਗਿਆਨਿਕ ਪੱਧਰਾਂ ਉੱਤੇ ਵੀ ਇਨ੍ਹਾਂ ਵਿਸ਼ਿਆਂ ਤੇ ਬਹੁਤ ਚਰਚਾ ਅਤੇ ਬਹਿਸਾਂ ਹੁੰਦੀਆਂ ਆ ਰਹੀਆਂ ਹਨ। ਇਹ ਤਾਂ ਇੱਕ ਬਹੁਤ ਹੀ ਪੇਚੀਦਾ ਪਰ ਸਪਸ਼ਟ ਸਵਾਲ ਹੈ। ਇਸ ਸਵਾਲ ਦੇ ਜਵਾਬ ਵਿੱਚ ਮੇਰੀ ਬਹੁਤ ਵੱਡੀ ਸਾਰੀ ਹਾਂ ਹੈ। ਇਸ ਧਰਤੀ ਦੇ ਉੱਤੇ ਜੀਉਂਣ ਵਾਲੇ ਹਰ ਸਤਰ ਦੇ ਜੀਵ-ਜੰਤੂ ਦੀ ਇਸ ਧਰਤੀ ਦਾ ਵਾਤਾਵਰਣ ਕਾਇਮ ਰੱਖਣ ਵਿੱਚ ਕੋਈ ਨਾ ਕੋਈ ਭੂਮਿਕਾ ਜ਼ਰੂਰ ਹੁੰਦੀ ਹੈ। ਇਸ ਵੱਡੇ ਸਵਾਲ ਦਾ ਮੈਂ ਸੰਖੇਪ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਸਤਨਾਮ ਜੀ, ਅੱਜ ਤੋਂ ਕੋਈ 31/2 ਖਰਬ ਸਾਲ ਪਹਿਲਾਂ ਧਰਤੀ ਉੱਪਰਲੇ ਕੁਝ ਕੀਮੀਆਈ ਪਦਾਰਥਾਂ ਅਤੇ ਸੂਰਜ ਦੀ ਊਰਜਾ ਨੇ ਰਲਕੇ ਜੀਵਾਂ ਜਾਂ ਜ਼ਿੰਦਗੀ ਦਾ ਅਗਾਜ਼ ਕੀਤਾ ਸੀ। ਉਨ੍ਹਾਂ ਜੀਵਾਂ ਨੇ ਇਸ ਧਰਤੀ ਦੇ ਮਹੌਲ ਨੂੰ ਹੌਲੀ-ਹੌਲੀ ਬਦਲ ਦਿੱਤਾ ਅਤੇ ਨਵੇਂ ਮਹੌਲ ਵਿੱਚ ਨਵੀਂਆਂ ਕਿਸਮਾਂ ਦੇ ਜੀਵ ਇਸ ਧਰਤੀ `ਤੇ ਬਣਦੇ ਗਏ ਅਤੇ ਵੱਸਦੇ ਗਏ। ਇਨ੍ਹਾਂ ਨਵੇਂ ਜੀਵਾਂ ਨੇ ਧਰਤੀ ਦੇ ਮਹੌਲ ਨੂੰ ਹੋਰ ਬਦਲਿਆ ਤਾਂ ਹੋਰ ਨਵੇਂ ਜੀਵ ਐਥੇ ਬਣੇ ਅਤੇ ਵਸਦੇ ਰਹੇ। ਫੇਰ ਸੂਰਜ ਦੀ ਊਰਜਾ ਅਤੇ ਕੁਝ ਕੀਮੀਆਈ ਤੱਤਾਂ ਨੂੰ ਪੌਦੇ ਆਪਣਾ ਹਿੱਸਾ ਬਣਾਉਣ ਲੱਗ ਪਏ। ਪੌਦੇ ਖਾਣ ਜਾਂ ਉਨ੍ਹਾਂ ਦਾ ਰਸ ਪੀਣ ਵਾਲੇ ਅਣਗਿਣਤ ਜੀਵ ਇਸ ਧਰਤੀ ਉੱਤੇ ਪੈਦਾ ਹੋ ਗਏ ਅਤੇ ਪਲਣ ਲੱਗੇ।
ਇਨ੍ਹਾਂ ਜੀਵਾਂ ਨੂੰ ਕੁਝ ਹੋਰ ਉੱਪਰਲੇ ਸਤਰ ਦੇ ਜੀਵ ਖਾਣ ਲੱਗੇ ਅਤੇ ਜਦੋਂ ਚੌਥੇ-ਪੰਜਵੇਂ ਸਤਰ `ਤੇ ਜਾ ਕੇ ਉਹ ਮਰੇ ਤਾਂ ਉਨ੍ਹਾਂ ਦੇ ਸਰੀਰ ਨੂੰ ਖਾਣ ਵਾਲੇ ਜੀਵ ਵੀ ਮੌਜੂਦ ਸਨ। ਅੰਤ ਵਿੱਚ ਬੈਕਟੀਰੀਆ ਨੇ ਉਨ੍ਹਾਂ ਕੀਮੀਆਈ ਤੱਤਾਂ ਨੂੰ ਮੁੜ ਨਵੇਂ ਸਿਰਿਓਂ ਵਰਤਣ ਲਈ ਵਾਤਾਵਰਣ ਵਿੱਚ ਰਿਹਾ ਕਰ ਦਿੱਤਾ। ਇਸ ਤਰ੍ਹਾਂ ਧਰਤੀ ਉੱਤੇ ਜ਼ਿੰਦਗੀਆਂ, ਊਰਜਾ ਅਤੇ ਕੀਮੀਆਈ ਚੱਕਰ ਇਸ ਧਰਤੀ ਉੱਤੇ ਵਹਣ ਲੱਗੇ ਅਤੇ ਜੀਵਾਂ ਦਾ ਆਪਸ ਵਿੱਚ ਨਿਰਭਰ ਕਰਦਾ ਇੱਕ ਤਾਣਾ-ਬਾਣਾ ਹੀ ਬਣ ਗਿਆ। ਜਿਸ ਵਿੱਚ ਸਭ ਲਈ ਇੱਕ ਦੂਸਰੇ ਤੋਂ ਬਿਨਾਂ ਜਿਉਂਣਾ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਬਣ ਗਿਆ ਹੈ। ਇਨਸਾਨ ਵੀ ਤਾਂ ਇੱਕ ਕਿਸਮ ਦਾ ਜੀਵ ਹੀ ਹੈ। ਇਸ ਨੇ ਆਪਣੇ ਬਹੁਤੇ ਦਿਮਾਗ ਦੇ ਸਿਰ ਉੱਤੇ ਆਪਣੇ ਸੁੱਖ ਲਈ ਕੁਦਰਤ ਦੇ ਸਭ ਖ਼ਜ਼ਾਨਿਆਂ ਦਾ ਮੂੰਹ ਆਪਣੇ ਵੱਲ ਮੋੜ ਲਿਆ ਅਤੇ ਆਪਣੀ ਗਿਣਤੀ ਵਧਾ ਲਈ ਹੈ। ਇਸ ਸਿਲਸਿਲੇ ਵਿੱਚ ਦੂਸਰੇ ਜੀਵਾਂ ਦੇ ਜਿਉਂਣ ਦੇ ਸਾਧਨ ਘੱਟ ਗਏ ਅਤੇ ਉਨ੍ਹਾਂ ਦਾ ਜਿਉਂਣਾ ਮੁਸ਼ਕਿਲ ਹੁੰਦਾ ਗਿਆ ਅਤੇ ਉਹ ਇਸ ਧਰਤੀ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਹੋ ਗਏ। ਜੇ ਉਹ ਇਸ ਧਰਤੀ ਨੂੰ ਛੱਡ ਦੇਣਗੇ ਤਾਂ ਵਾਤਾਵਰਣ ਬਦਲ ਜਾਵੇਗਾ। ਫੇਰ ਅਲਵਿਦਾ ਕਹਿਣ ਦੀ ਵਾਰੀ ਇਨਸਾਨਾਂ ਦੀ ਵੀ ਛੇਤੀ ਹੀ ਆ ਜਾਵੇਗੀ। ਇਹ ਹੁਣ ਇਨਸਾਨਾਂ ਦੇ ਸੋਚਣ ਅਤੇ ਬਹੁਤ ਕੁਝ ਕਰਨ ਦੀ ਗੱਲ ਰਹਿ ਗਈ ਹੈ।
? ਤੁਹਾਡੀ ਇਸ ਕਿਤਾਬ ਤੋਂ ਬਹੁਤ ਹੀ ਦਿਲਚਸਪ ਜਾਣਕਾਰੀਆਂ ਮਿਲੀਆਂ ਹਨ ਜਿਸ ਤਰ੍ਹਾਂ ਕਿ ਚਮਗਿੱਦੜ ਥਨਧਾਰੀ ਵੀ ਹੈ ਤੇ ਉੱਡ ਵੀ ਸਕਦਾ ਹੈ। ਦੂਜੀ ਅਫ਼ਰੀਕਾ ਵਿਚਲੇ ‘ਹਨੀ-ਗਾਈਡ’ ਬਾਰੇ ਬੜੀਆਂ ਅਜੀਬ ਤੇ ਨਵੀਂਆਂ ਜਾਣਕਾਰੀਆਂ ਹਨ ਕਿ ਕਿਵੇਂ ਉਹ ਸ਼ਹਿਦ ਪ੍ਰਾਪਤ ਕਰਨ ਵਾਲਿਆਂ ਨੂੰ ਸ਼ਹਿਦ ਦੀਆਂ ਮੱਖੀਆਂ ਦੇ ਛੱਤਿਆਂ ਕੋਲ ਲੈ ਜਾਂਦੇ ਹਨ। ਇਹਦੇ ਬਾਰੇ ਕੁੱਝ ਦੱਸੋ?
: ਸਤਨਾਮ ਜੀ, ਮੈਂ ਪੰਜਾਬ ਦੇ ਜੰਗਲੀ ਜੀਵਾਂ ਬਾਰੇ ਪੰਜ ਕਿਤਾਬਾਂ ਪੰਜਾਬੀ ਵਿੱਚ ਛਪਵਾ ਚੁੱਕੀ ਹਾਂ ਜਿੰਨ੍ਹਾਂ ਵਿੱਚੋਂ ਇੱਕ ਪੰਛੀਆਂ `ਤੇ, ਦੋ ਕੀੜਿਆਂ `ਤੇ, ਇੱਕ ਸੱਪਾਂ `ਤੇ ਅਤੇ ਇੱਕ ਜਾਨਵਰਾਂ `ਤੇ। ਮੇਰੇ ਖ਼ਿਆਲ ਨਾਲ ਤੁਸੀਂ ਮੇਰੀ ਜੰਗਲੀ ਜਾਨਵਰਾਂ ਵਾਲੀ ਕਿਤਾਬ ਬਾਰੇ ਗੱਲ ਕਰ ਰਹੇ ਹੋ। ਢਾਅ ਜੀ, ਇਸ ਸ੍ਰਿਸ਼ਟੀ ਉੱਤੇ ਜਿੰਨੇ ਕਿਸਮਾਂ ਦੇ ਜੀਵ ਹਨ ਹਰ ਇੱਕ ਨੇ ਕੋਈ ਨਾ ਕੋਈ ਵੱਖਰਾ ਅਤੇ ਅਨੋਖਾ ਢੰਗ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਤੋਰੀ ਰੱਖਣ ਲਈ ਅਪਣਾਇਆ ਹੋਇਆ ਹੈ। ਅਸੀਂ ਕਿਸੇ ਵੀ ਜੀਵ ਦੀ ਜੀਵਨ ਸ਼ੈਲੀ ਨੂੰ ਜੇ ਧਿਆਨ ਨਾਲ ਦੇਖੀਏ ਤਾਂ ਬਹੁਤ ਕੁਝ ਸਾਨੂੰ ਅਚੰਭੇ ਵਿੱਚ ਪਾਉਣ ਨੂੰ ਦਿਸਦਾ ਹੈ। ਜੀਵ ਕੀ ਸਾਰੇ ਪੌਦੇ ਵੀ ਆਪਸ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਰਾਬਤਾ ਕਾਇਮ ਕਰਦੇ ਹਨ। ਕੋਈ ਕੀਮੀਆਈ ਪਦਾਰਥ ਵਰਤਦਾ ਹੈ, ਕੋਈ ਰੋਸ਼ਨੀ, ਕੋਈ ਗਰਮੀ, ਕੋਈ ਅਵਾਜ਼, ਕੋਈ ਧਰਤੀ ਦੀ ਚੁੰਬਕੀ ਸ਼ਕਤੀ ਵਗੈਰਾ-ਵਗੈਰਾ। ਇਨਸਾਨ ਕੋਲ ਤਾਂ ਇਹ ਸਭ ਕੁਝ ਮਾਮੂਲੀ ਦੇ ਸਤਰ ਉੱਤੇ ਹੈ, ਸਿਰਫ਼ ਦਿਮਾਗ ਵੱਧ ਹੈ ਪਰ ਇਸ ਦਾ ਇਹ ਕਦੇ ਵੀ ਅਰਥ ਨਹੀਂ ਨਿਕਲਦਾ ਕਿ ਬਾਕੀ ਦੇ ਜੀਵ ਸਿਆਣੇ ਨਹੀਂ। ਜਿੰਨੀ ਦੇਰ ਕੋਈ ਜੀਵ ਮੁਕਾਬਲੇ ਵਿੱਚ ਕਾਇਮ ਰਹਿੰਦਾ ਹੈ, ਉਹ ਇਸ ਧਰਤੀ ਉੱਤੇ ਵਸਦਾ ਹੈ ਅਤੇ ਉਸ ਦਾ ਕੁਦਰਤ ਦੇ ਤਾਣੇ-ਬਾਣੇ ਵਿੱਚ ਹਿੱਸਾ ਹੁੰਦਾ ਹੈ ਪਰ ਜਦੋਂ ਹੀ ਉਸ ਦੇ ਪੈਰ ਉਖੜਦੇ ਹਨ, ਉਹ ਧਰਤੀ ਨੂੰ ਅਲਵਿਦਾ ਕਰ ਦਿੰਦਾ ਹੈ ਅਤੇ ਉਸ ਦਾ ਕੁਦਰਤ ਦੇ ਤਾਣੇ-ਬਾਣੇ ਵਿਚਲਾ ਹਿੱਸਾ ਵੀ ਮੁੱਕ ਜਾਂਦਾ ਹੈ।
ਬਾਕੀ ਰਹੀ ਚਮਗਿੱਦੜਾਂ ਦੇ ਉੱਡਣ ਦੀ ਗੱਲ, ਕੁਦਰਤ ਨੇ (ਕੀੜਿਆਂ, ਪੰਛੀਆਂ ਅਤੇ ਚਮਗਿੱਦੜਾਂ) ਵੱਖ-ਵੱਖ ਕਿਸਮ ਦੇ ਜੀਵਾਂ ਨੂੰ ਉੱਡਣ ਸ਼ਕਤੀਆਂ ਬਖ਼ਸ਼ੀਆਂ ਅਤੇ ਕਈ ਪ੍ਰਯੋਗ ਉਨ੍ਹਾਂ ਜੀਵਾਂ ਦੇ ਸਰੀਰ ਨਾਲ ਕੀਤੇ। ਦੂਜੀ ਗੱਲ ਤੁਸੀਂ ਹਨੀਗਾਈਡ ਬਰਡ ਦੀ ਕੀਤੀ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਸਾਰੇ ਜੀਵ ਕਾਫ਼ੀ ਸਿਆਣੇ ਹਨ ਅਤੇ ਆਪਣੇ ਫ਼ਾਇਦੇ ਲਈ ਆਪਣੇ ਆਰ-ਵਿਹਾਰ ਨੂੰ ਬਦਲ ਲੈਂਦੇ ਹਨ ਅਤੇ ਇੱਕ ਦੂਸਰੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਰਿਸ਼ਤਾ ਹੈ ਇਨਸਾਨਾਂ ਦਾ ਅਤੇ ‘ਹਨੀਗਾਈਡ ਬਰਡਸ` ਦਾ। ਹਨੀਗਾਈਡ ਨੇ ਸਮਝ ਲਿਆ ਹੈ ਕਿ ਜਦੋਂ ਇਨਸਾਨ ਸ਼ਹਿਦ ਕੱਢਣ ਲਈ ਛੱਤਾ ਤੋੜਨਗੇ ਤਾਂ ਉਸ ਵਿੱਚੋਂ ਛੱਤੇ ਦਾ ਕੁਝ ਹਿੱਸਾ ਥੱਲੇ ਡਿੱਗੇਗਾ ਜਿਸ ਵਿੱਚੋਂ ਉਸ ਨੂੰ ਵੀ ਖ਼ਾਣ ਲਈ ਸ਼ਹਿਦ ਅਤੇ ਮੱਖੀਆਂ ਦੇ ਬੱਚੇ ਮਿਲ ਜਾਣਗੇ। ਇਸ ਲਈ ਇਹ ਪੰਛੀ ਇਨਸਾਨਾਂ ਨੂੰ ਛੱਤੇ ਵੱਲ ਲਿਜਾਣ ਦੀ ਕੋਸ਼ਿਸ਼ ਕਰਦੀ ਹੈ। ਇਨਸਾਨ ਵੀ ਜਾਣ ਗਏੇ ਕਿ ‘ਹਨੀਗਾਈਡ ਬਰਡ’ ਜਿੱਧਰ ਜਾਏਗਾ ਉੱਥੇ ਸ਼ਹਿਦ ਦਾ ਛੱਤਾ ਜ਼ਰੂਰ ਹੋਵੇਗਾ। ਇਹ ਰਿਸ਼ਤਾ ਦੋਨਾਂ ਦੇ ਹਿੱਤ ਵਿੱਚ ਜਾਂਦਾ ਹੈ।
? ਤੁਹਾਡੀ ਇੱਕ ਕਿਤਾਬ ‘ਮੁਲਾਕਾਤਾਂ ਪੰਜਾਬ ਦੇ ਜੰਗਲੀ ਜੀਵਾਂ ਨਾਲ’ ਪੜ੍ਹੀ ਹੈ ਜੋ ਕਿ ਬਹੁਤ ਹੀ ਦਿਲਚਸਪ ਜਾਣਕਾਰੀ ਦਿੰਦੀ ਹੈ ਖ਼ਾਸ ਕਰਕੇ ਕਾਲੇ ਹਿਰਨ ਬਾਰੇ ਬਹੁਤ ਘੱਟ ਸੁਣਿਆ ਗਿਆ ਹੈ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਸ ਕਿਤਾਬ ਨੂੰ ਤਿਆਰ ਕਰਨ ਵਿੱਚ ਤੁਹਾਡੇ ਛੋਟੇ ਬੇਟੇ ਅਰਸ਼ ਰੂਪ ਸਿੰਘ ਦਾ ਕਾਫ਼ੀ ਯੋਗਦਾਨ ਰਿਹਾ। ਇਹ ਕਿਤਾਬ ਲਿਖਣ ਦਾ ਸਬੱਬ ਕਿਸ ਤਰ੍ਹਾਂ ਬਣਿਆ? ਇਸ ਵਿਸ਼ੇ ਤੇ ਹੋਰ ਕੀ ਕੀ ਲਿਖਿਆ?
: ਢਾਅ ਜੀ, ਮੈਂ ਜਿਵੇਂ ਪੰਜਾਬੀ ਵਿੱਚ ਪੰਜ ਕਿਤਾਬਾਂ ਛਪਵਾ ਚੁੱਕੀ ਦਾ ਜ਼ਿਕਰ ਕੀਤਾ ਹੈ। ਮੇਰੀਆਂ ਦੋ ਕਿਤਾਬਾਂ ਛਪਵਾਈ ਲਈ ਗਈਆਂ ਹੋਈਆਂ ਹਨ ਅਤੇ ਇੱਕ ਹੋਰ ਤਕਰੀਬਨ ਪੂਰੀ ਹੋ ਚੁੱਕੀ ਹੈ। ਮੇਰੀਆਂ ਸਾਰੀਆਂ ਕਿਤਾਬਾਂ ਸਰਲ ਪੰਜਾਬੀ ਵਿੱਚ ਹੀ ਲਿਖੀਆਂ ਗਈਆਂ ਹਨ ਕਿਉਂਕਿ ਮੇਰੇ ਕੋਲ ਭਾਸ਼ਾ ਵਿਦਵਾਨਾਂ ਵਾਲੀ ਸ਼ਬਦਾਵਲੀ ਦੀ ਘਾਟ ਹੈ। ਇਸ ਦੇ ਨਾਲ ਮੈਂ ਇਹ ਕਿਤਾਬਾਂ ਲਿਖੀਆਂ ਵੀ ਸਧਾਰਣ ਲੋਕਾਂ ਲਈ ਹਨ। ਮੈਂ ਕੋਸ਼ਿਸ਼ ਕੀਤੀ ਹੈ ਕਿ ਵਿਗਿਆਨ ਦੇ ਰੁੱਖੇ ਵਿਸ਼ੇ ਨੂੰ ਰੋਚਕ ਬਣਾ ਕੇ ਪੇਸ਼ ਕਰਨ ਦੀ। ਪਰ ਜਿਸ ਵੇਲੇ ਮੈਂ ਇਹ ਕੰਮ ਸ਼ੁਰੂ ਕੀਤਾ ਸੀ (2007 ਤੋਂ ਬਾਅਦ) ਉਸ ਵੇਲੇ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਸੀ। ਸਾਡੇ ਘਰ ਵਿੱਚ ਪਾਪਾ ਜੀ ਹਰ ਕਿਸੇ ਨੂੰ, ਜੋ ਉਨ੍ਹਾਂ ਕੋਲ ਆਉਂਦਾ ਸੀ, ਉਸ ਨੂੰ ਆਪਣਾ ਸਬਜੈਕਟ ਪੰਜਾਬੀ ਵਿੱਚ ਲਿਖਣ ਲਈ ਜ਼ੋਰ ਦਿੰਦੇ ਸਨ। ਇਹ ਕੰਮ ਕਰਨ ਨੂੰ ਮੈਨੂੰ ਵੀ ਉਨ੍ਹਾਂ ਬਹੁਤ ਵਾਰ ਕਿਹਾ। ਜਦੋਂ ਮੈਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਕੁਝ ਵਿਹਲੀ ਹੋਈ ਤਾਂ ਮੈਂ ਪੰਜਾਬੀ ਵਿੱਚ ਪੰਜਾਬ ਦੇ ਜੰਗਲੀ ਜੀਵਾਂ ਬਾਰੇ ਹੌਲੀ-ਹੌਲੀ ਲਿਖਣਾ ਸ਼ੁਰੂ ਕਰ ਦਿੱਤਾ। ਮੇਰੇ ਕੋਲ ਪੰਜਾਬੀ ਦੇ ਲਫਜ਼ਾਂ ਦਾ ਭੰਡਾਰ ਵੀ ਬਹੁਤ ਛੋਟਾ ਸੀ। ਪਰ ਮੈਨੂੰ ਲੱਗਿਆ ਕਿ ਪੰਜਾਬ ਦੇ ਵਾਤਾਵਰਣ ਦਾ ਬੁਰਾ ਹਾਲ ਹੈ ਅਤੇ ਜਿੰਨੀ ਦੇਰ ਇੱਥੋਂ ਦੇ ਵਾਸੀਆਂ ਨੂੰ ਉਨ੍ਹਾਂ ਦੀ ਆਪਣੀ ਬੋਲੀ ਵਿੱਚ ਇਸ ਸੰਕਟ ਨਾਲ ਜਾਣੂੰ ਨਹੀਂ ਕਰਵਾਇਆ ਜਾਵੇਗਾ, ਤਾਂ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਕਿਵੇਂ ਹੋਵੇਗਾ। ਮੈਂ ਲਿਖ ਵੀ ਤਾਂ ਉਸੇ ਮੁੱਦੇ `ਤੇ ਸਕਦੀ ਸੀ ਜਿਹੜੇ ਮੈਨੂੰ ਆਉਂਦੇ ਸਨ। ਦੂਸਰਾ ਕਾਰਨ ਸੀ ਮੇਰੇ ਪਤੀ ਡਾ. ਜੈ ਰੂਪ ਸਿੰਘ ਸੇਵਾਮੁਕਤ ਹੋਣ ਦੇ ਨੇੜੇ ਪਹੁੰਚ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਬਣ ਗਏ ਅਤੇ ਉਹ ਬਹੁਤ ਹੀ ਮਸਰੂਫ ਹੋ ਗਏ। ਇਸ ਸਭ ਦੇ ਨਾਲ ਮੇਰੀ ਸਿਹਤ ਵੀ ਢਿੱਲੀ ਰਹਿਣ ਲੱਗ ਪਈ, ਮੈਂ ਕੋਈ ਬਹੁਤੀ ਵੱਡੀ ਜ਼ਿੰਮੇਵਾਰੀ ਦਾ ਕੰਮ ਨਹੀਂ ਕਰ ਸਕਦੀ ਸੀ। ਬਸ ਇਨ੍ਹਾਂ ਸਭ ਕਾਰਨਾਂ ਕਰਕੇ ਮੈਂ ਹੌਲ਼ੀ-ਹੌਲ਼ੀ ਇੱਕ ਰਸਤੇ ਉੱਤੇ ਤੁਰ ਪਈ। ਹਾਂ, ਇੱਕ ਗੱਲ ਤਾਂ ਪੱਕੀ ਹੈ ਕਿ ਮੇਰੇ ਇਸ ਕੰਮ ਦੀ ਸ਼ੁਰੂਆਤ ਮੇਰੇ ਛੋਟੇ ਬੇਟੇ ਦੇ ਉੱਦਮ, ਨੇਕ ਵਿਚਾਰ ਅਤੇ ਜੰਗਲੀ ਜੀਵਾਂ ਦੀਆਂ ਤਸਵੀਰਾਂ ਖਿੱਚਣ ਦੇ ਸ਼ੌਕ ਸਦਕਾ ਹੀ ਹੋਈ ਹੈ। ਸਾਡੀ ਪਹਿਲੀ ਕਿਤਾਬ ਵਿੱਚ ਬਹੁਤੀ ਮਿਹਨਤ ਬੇਟੇ ਨੇ ਹੀ ਕੀਤੀ ਸੀ। ਅਗਲੀਆਂ ਸਾਰੀਆਂ ਕਿਤਾਬਾਂ ਵਿੱਚ ਮੈਂ ਉਸ ਦੀਆਂ ਖਿੱਚੀਆਂ ਤਸਵੀਰਾਂ ਨਾਲ ਜਿਵੇਂ ਆਪਣੀਆਂ ਕਿਤਾਬਾਂ ਵਿੱਚ ਹੀਰੇ ਮੋਤੀ ਹੀ ਜੜ ਲਏ ਹਨ, ਕਿਉਂਕਿ ਹਰ ਕਿਤਾਬ ਵਿੱਚ ਉਸ ਦੀਆਂ ਖਿੱਚੀਆਂ ਬਹੁਤ ਸਾਰੀਆਂ ਸੁੰਦਰ ਤਸਵੀਰਾਂ ਲਾਈਆਂ ਗਈਆਂ ਹਨ।
? ਪੁਸ਼ਪਿੰਦਰ ਜੀ, ਤਸੀਂ ਬਹੁਤ ਹੀ ਸਰਲ ਅਤੇ ਦਿਲਚਸਪ ਭਾਸ਼ਾ ਵਿੱਚ ਇਸ ਵਿਸ਼ੇ ਤੇ ਲਿਖਿਆ ਬਹੁਤ ਹੀ ਚੰਗੀ ਗੱਲ ਹੈ। ਬੋਝਲ਼ ਭਾਸ਼ਾ ਨੂੰ ਬਹੁਤ ਘੱਟ ਲੋਕ ਪੜ੍ਹਦੇ ਹਨ। ਹੁਣ ਤਸੀਂ ਇਹ ਵੀ ਦੱਸੋ ਕਿ ਆਪਣੇ ਸੂਬੇ ਦਾ ਸੂਬਾਈ ਪੰਛੀ/ਜਾਨਵਰ ਕਿਹੜਾ ਮੰਨਿਆ ਗਿਆ ਹੈ? ਕੋਇਲ/ਹਿਰਨ ਜਾਂ ਕੋਈ ਹੋਰ ਪੰਛੀ? ਤੁਸੀਂ ਕਹਿ ਰਹੇ ਸੀ ਕਿ ਪੰਜਾਬ ਵਿੱਚ ਸਿਰਫ਼ 19 ਕਿਸਮ ਦੇ ਪੰਛੀ ਹੀ ਬਚੇ ਹਨ? ਇਸਦੇ ਬਾਰੇ ਕੁਝ ਦੱਸੋ? ਕੀ ਇਹ ਦਰਖ਼ਤਾਂ ਦੀ ਘਾਟ ਕਰਕੇ ਨਹੀਂ ਬਚ ਸਕੇ ਜਾਂ ਕੋਈ ਹੋਰ ਵੀ ਕਾਰਨ ਹਨ?
: ਪੰਜਾਬ ਦਾ ਸੂਬਾਈ ਪੰਛੀ ਬਾਜ ਹੈ, ਇੱਥੋਂ ਦਾ ਸੂਬਾਈ ਪਸ਼ੂ ਕਾਲਾ ਹਿਰਨ ਅਤੇ ਦਰਖ਼ਤ ਸੀਸ਼ਮ/ਟਾਹਲੀ ਹੈ। ਪੰਜਾਬ ਵਿੱਚੋਂ ਪੰਛੀਆਂ ਦੀਆਂ ਕੁਝ ਜਾਤੀਆਂ ਅਲੋਪ ਹੋ ਗਈਆਂ ਹਨ ਪਰ ਅਜੇ ਵੀ 420 ਦੇ ਨੇੜੇ-ਤੇੜੇ ਪੰਛੀਆਂ ਦੀਆਂ ਜਾਤੀਆਂ ਇੱਥੇ ਦੇਖੀਆਂ ਗਈਆਂ ਹਨ। ਪਰ ਜੰਗਲੀ ਪਸ਼ੂਆਂ ਦੀਆਂ ਜਾਤੀਆਂ ਜਿਹੜੀਆਂ 1900 ਦੇ ਸ਼ੁਰੂ ਵਿੱਚ 90 ਦੇ ਨੇੜੇ ਸਨ ਹੁਣ ਸਿਰਫ਼ 19-20 ਹੀ ਰਹਿ ਗਈਆਂ ਹਨ। ਇਸ ਗਿਣਤੀ ਵਿੱਚ ਪਾਲਤੂ ਹੋਏ ਪਸ਼ੂ ਨਹੀਂ ਗਿਣੇ ਜਾਂਦੇ ਅਤੇ ਨਾ ਹੀ ਚਿੜੀਆ-ਘਰਾਂ ਵਿੱਚ ਦਿਸਣ ਵਾਲੇ ਪਸ਼ੂ ਗਿਣੇ ਜਾਂਦੇ ਹਨ। ਸਤਨਾਮ ਜੀ, ਹਰ ਜੀਵ ਨੂੰ ਰਹਿਣ ਜਾਂ ਘਰ ਬਣਾਉਣ ਲਈ ਵਾਜ਼ਬ ਥਾਂ ਚਾਹੀਦੀ ਹੁੰਦੀ ਹੈ, ਉਸ ਨੂੰ ਕੁਦਰਤ ਦੇ ਕਹਿਰਾਂ ਨੂੰ ਮਾਤ ਦੇਣ ਲਈ ਤਰੀਕੇ ਆਉਣੇ ਚਾਹੀਦੇ ਹਨ। ਖਾਣ ਨੂੰ ਭੋਜਨ ਚਾਹੀਦਾ ਹੁੰਦਾ ਹੈ ਅਤੇ ਜੀਵਨ ਦੀ ਪੀੜ੍ਹੀ ਨੂੰ ਅੱਗੇ ਤੋਰਨ ਲਈ ਸਿਹਤਮੰਦ ਸਾਥੀ ਚਾਹੀਦਾ ਹੁੰਦਾ ਹੈ। ਇਨਸਾਨਾਂ ਨੇ ਆਪਣੇ ਤੋਂ ਬਗੈਰ ਹੋਰ ਕਿਸੇ ਬਾਰੇ ਸੋਚਿਆ ਹੀ ਨਹੀਂ ਅਤੇ ਹਰ ਗ਼ਲਤ-ਠੀਕ ਢੰਗ ਵਰਤਿਆ ਹੈ ਤਾਂ ਕਿ ਸਭ ਕੁਝ ਸਿਰਫ਼ ਉਸ ਦੇ ਹਿੱਸੇ ਹੀ ਪਵੇ। ਉਸ ਨੇ ਹਰ ਚੀਜ਼ ਦਾ ਫਾਇਦਾ ਨੁਕਸਾਨ ਆਪਣੇ ਨੁਕਤੇ ਤੋਂ ਹੀ ਜਾਚਿਆ ਹੈ। ਸਿਰਫ਼ ਜੰਗਲਾਂ ਦਾ ਕੱਟਣਾ ਇੱਕੋ ਹੀ ਕਾਰਨ ਨਹੀਂ ਹੈ, ਜੀਵ-ਜੰਤੂਆਂ ਦੀਆਂ ਜਾਤੀਆਂ ਅਤੇ ਹਰ ਜਾਤੀ ਦੀ ਗਿਣਤੀ ਵਿੱਚ ਢਾਹ ਲਾਉਣ ਦੇ, ਅਨੇਕਾਂ ਕਾਰਨ ਹਨ ਜੇ ਸਾਰੇ ਨਹੀਂ ਤਾਂ ਬਹੁਤਿਆਂ ਦੇ ਪਿੱਛੇ ਇਨਸਾਨਾਂ ਦਾ ਹੀ ਹੱਥ ਹੈ।
? ਇੱਕ ਕਿਤਾਬ ‘ਬਾਤਾਂ ਕੀਟ ਸੰਸਾਰ ਦੀਆਂ’ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੇ ਛਾਪੀ ਹੈ। ਤੁਸੀਂ ਲਿਖਿਆ ਕਿ ਕੀੜੇ ਕੁਦਰਤ ਦੇ ਕਾਰਨਾਮਿਆਂ ਵਿੱਚ ਚੁੱਪ-ਚਾਪ ਆਪਣਾ ਯੋਗਦਾਨ ਪਾਉਂਦੇ ਹਨ ਤੇ ਸਾਡੇ ਲਈ ਫਾਇਦੇਮੰਦ ਵੀ ਹੁੰਦੇ ਹਨ ਤੇ ਇਸ ਵਿੱਚ ਵੀ ਕੀੜਿਆਂ ਬਾਰੇ ਬਹੁਤ ਹੀ ਵਿਲੱਖਣ ਜਾਣਕਾਰੀ ਹੈ। ਇਹਦੇ ਸਾਰੇ ਸੰਖੇਪ ਵਿੱਚ ਕੁਝ ਦੱਸੋ?
: ਸਤਨਾਮ ਜੀ, ਸਾਰੀ ਉਮਰ ਮੇਰੀ ਖੋਜ ਦਾ ਵਿਸ਼ਾ ਕੀੜੇ ਹੀ ਰਹੇ ਸਨ। ਮੈਂ ਪਹਿਲੀ ਕਿਤਾਬ ਤਾਂ ਬੇਟੇ ਨਾਲ ਰਲਕੇ ਪੰਛੀਆਂ ਉੱਤੇ ਲਿਖੀ ਸੀ ਪਰ ਜਿਸ ਵੇਲੇ ਦੂਸਰੀ ਅਤੇ ਤੀਸਰੀ ਲਿਖੀ ਉਸ ਵੇਲੇ ਉਹ ਉੱਚੀ ਵਿੱਦਿਆ ਲੈਣ ਦੇ ਚੱਕਰਾਂ ਵਿੱਚ ਜਰਮਨੀ ਚਲਿਆ ਗਿਆ ਸੀ। ਮੈਨੂੰ ਇਕੱਲੀ ਨੂੰ ਕੀੜਿਆਂ ਬਾਰੇ ਹੀ ਲਿਖਣ ਦੀ ਸੁੱਝੀ ਇਸ ਲਈ ਮੇਰੀ ਦੂਸਰੀ ਅਤੇ ਤੀਸਰੀ ਕਿਤਾਬ ਕੀੜਿਆਂ ਬਾਰੇ ਹੀ ਹੈ। ਦੂਸਰੀ ਕਿਤਾਬ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਸੀ, ਉਸ ਦੇ ਵਿੱਚ ਮੈਂ ਸ਼ਿਕਾਰੀ ਕੀੜਿਆਂ ਬਾਰੇ ਲਿਖਿਆ ਹੈ। ਇਸ ਕਿਤਾਬ ਦੇ ਪਹਿਲੇ ਪਾਠ ਵਿੱਚ ਕੀੜਿਆਂ ਦੇ ਆਮ ਗੁਣਾਂ ਬਾਰੇ ਗੱਲਬਾਤ ਕੀਤੀ ਹੈ ਅਤੇ ਇਸ ਤੋਂ ਮਗਰੋਂ 16 ਪਾਠਾਂ ਵਿੱਚ ਸ਼ਿਕਾਰੀ ਕੀੜਿਆਂ (ਹੈਲੀਕੌਪਰ ਕੀੜਾ, ਵੀਰ ਵਹੁੱਟੀ, ਭੱਬੂ ਘੁਮਿਆਰ, ਫੁੱਲਾਂ ਦੀ ਮੱਖੀ, ਘੁਮਿਆਰ ਭੂੰਡ, ਕਾਤਲ ਕੀੜਾ, ਤੀਲੀ ਕੀੜਾ, ਚੋਰ ਮੱਖੀ, ਬਾਬੇ ਦੀ ਘੋੜੀ, ਹਰਾ ਭਮੱਕੜ, ਘਰਘੀਣ, ਪਲਪੀਹੀਆਂ ਆਦਿ) ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕੀੜੇ ਕਿਵੇਂ ਸ਼ਿਕਾਰ ਕਰਦੇ ਹਨ, ਕਿਸ ਦਾ ਸ਼ਿਕਾਰ ਕਰਦੇ ਹਨ ਅਤੇ ਕੁਦਰਤ ਨੇ ਕਿਵੇਂ ਕੀੜਿਆਂ ਦੀ ਗਿਣਤੀ ਨੂੰ ਕਾਬੂ ਵਿੱਚ ਰੱਖਣ ਲਈ ਸ਼ਿਕਾਰੀ ਕੀੜੇ ਵੀ ਬਣਾਏ ਹੋਏ ਹਨ।
ਮੇਰੀ ਕੀੜਿਆਂ ਉੱਤੇ ਦੂਸਰੀ ਪੁਸਤਕ ‘ਬਾਤਾਂ ਕੀਟ ਸੰਸਾਰ ਦੀਆਂ’ ਵਿੱਚ ਮੈਂ ਪਹਿਲੇ 7 ਪਾਠਾਂ ਵਿੱਚ ਕੀੜਿਆਂ ਬਾਰੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੱਤੇ ਹਨ ਜਿਵੇਂ, ਕੀੜੇ ਐੱਨੇ ਛੋਟੇ ਕਿਉਂ, ਕੀੜੇ ਐੱਨੇ ਬਹੁਤੇ ਕਿਉਂ, ਕੀੜੇ ਐੱਨੇ ਸਫ਼ਲ ਕਿਉਂ, ਕੀੜਿਆਂ ਦੇ ਮੂੰਹ, ਖੰਭ, ਲੱਤਾਂ, ਟੋਹਣੀਆਂ, ਜੀਵਨ ਲੀਲਾ ਆਦਿ। ਇਸ ਤੋਂ ਅਗਲੇ 15 ਪਾਠਾਂ ਵਿੱਚ ਕੁਝ ਉਨ੍ਹਾਂ ਅਨੋਖੇ ਕੀੜਿਆਂ ਬਾਰੇ ਲਿਖਿਆ ਹੈ ਜਿਹੜੇ ਨਾ ਹੀ ਫ਼ਸਲਾਂ ਨੂੰ ਨੁਕਸਾਨ ਕਰਦੇ ਹਨ ਅਤੇ ਨਾ ਸ਼ਿਕਾਰੀ ਹੀ ਹਨ ਪਰ ਚੁਪਚਾਪ ਕੁਦਰਤ ਦੇ ਚੱਕਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਜਾਂ ਉਨ੍ਹਾਂ ਦੇ ਜੀਵਨ ਵਿੱਚ ਕੋਈ ਵਚਿੱਤਰ ਕਿਰਿਆ-ਕ੍ਰਮ ਦੇਖਣ ਨੂੰ ਮਿਲਦਾ ਹੈ। ਅਖ਼ੀਰਲੇ 6 ਪਾਠਾਂ ਵਿੱਚ ਕੀਿੜਆਂ ਦੇ ਰਿਸ਼ਤੇਦਾਰਾਂ ਬਾਰੇ ਦੱਸਿਆ ਹੈ ਜਿਵੇਂ, ਕੰਨ-ਖਜੂਰੇ, ਮੱਕੜੀਆਂ, ਬਿੱਛੂ, ਕੇਕੜੇ ਆਦਿ। ਹੋਰ ਸੁਣੋ! ਜਾਂਦੇ-ਜਾਂਦੇ ਇਸ ਪੁਸਤਕ ਵਿੱਚ ਮੈਂ ਇਹ ਵੀ ਦਾਅਵਾ ਕੀਤਾ ਹੈ ਕਿ ਜੇ ਕੋਈ ਮੇਰੀਆਂ ਇਹ ਦੋ ਕਿਤਾਬਾਂ ਪੜ੍ਹ ਲਵੇ ਤਾਂ ਉਹ ਅੱਧਾ ਨਹੀਂ ਤਾਂ ਚੱਪਾ ਐਂਟੋਮੌਲੋਜਿਸਟ ਬਣ ਹੀ ਜਾਵੇਗਾ। ਦੋਨਾਂ ਕਿਤਾਬਾਂ ਦੇ ਹਰ ਪਾਠ ਵਿੱਚ ਬੇਟੇ ਦੀਆਂ ਖਿੱਚੀਆਂ ਕਈ-ਕਈ ਤਸਵੀਰਾਂ ਵੀ ਦਿੱਤੀਆਂ।
? ਇੱਕ ਹੋਰ ਕਿਤਾਬ ਤੁਸੀਂ ਇਕੱਲੇ ਪੰਜਾਬ ਦੇ ਸੱਪਾਂ ਬਾਰੇ ਹੀ ਲਿਖੀ ਹੈ। ਆਮ ਬੰਦਾ ਤਾਂ ਸੱਪ ਦਾ ਨਾਂ ਸੁਣ ਕੇ ਹੀ ਘਬਰਾਅ ਜਾਂਦਾ ਹੈ ਤੁਹਾਡਾ ਇਹ ਕਿਤਾਬ ਲਿਖਣ ਦਾ ਕੀ ਮੰਤਵ ਹੈ। ਇਹ ਸਬੱਬ ਕਿਸ ਤਰ੍ਹਾਂ ਬਣਿਆ? ਇਹ ਕਿਤਾਬ ਲਿਖਣ ਲਈ ਕਈ ਮੁਸ਼ਕਲਾਂ ਵੀ ਆਈਆਂ ਹੋਣਗੀਆਂ?
ਅਤੇ
? ਸਾਡੇ ਦੇਸ਼ ਦੇ ਸਮਾਜ ਵਿੱਚ ਸੱਪਾਂ ਬਾਰੇ ਬਹੁਤ ਸਾਰੇ ਭੁਲੇਖੇ, ਸ਼ਰਧਾ, ਡਰ ਅਤੇ ਨਫ਼ਰਤ ਪਾਏ ਜਾਂਦੇ ਹਨ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤਾਂ ਸੱਪਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਵੀ(ਸੱਪ) ਗੁੱਗੇ ਨੂੰ ਪੂਜਿਆ ਜਾਂਦਾ ਹੈ। ਇਹ ਬਾਰੇ ਸੰਖੇਪ ਵਿੱਚ ਕੁੱਝ ਦੱਸੋਗੇ?
? ਇਹ ਕਿਤਾਬ ਪੜ੍ਹਦਿਆਂ ਕਈ ਨਵੀਂਆਂ ਤੇ ਦਿਲਚਸਪ ਗੱਲਾਂ ਵੀ ਪੜ੍ਹਨ ਨੂੰ ਮਿਲੀਆਂ। ਤੁਸੀਂ ਸੱਪਾਂ ਦੇ ਵੱਖ-ਵੱਖ ਨਾਂਵਾਂ ਅਤੇ ਪਰਿਵਾਰਾਂ ਬਾਰੇ ਗੱਲ ਕੀਤੀ। ਅੰਨੇ ਸੱਪ ਬਾਰੇ ਵੀ ਲਿਖਿਆ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਵਿੱਚ ਅਜੇ ਵੀ ਇਹ ਵਿਸ਼ਵਾਸ਼ ਹੈ ਕਿ ਜੇਕਰ ਡੁਮੂੰਹੀ (ਦੋ-ਮੂੰਹਾਂ) ਸੱਪ ਲੜ ਜਾਵੇ ਤਾਂ ਹਰ ਸਾਲ ਉਸੇ ਵਿਅਕਤੀ ਨੂੰ ਸੱਪ ਲੱਭ ਕੇ ਲੜਦਾ ਹੈ। ਕੀ ਇਹ ਸੱਚ ਹੈ? ਫੇਰ ਸੱਪਾਂ ਦੀਆਂ ਜਾਤੀਆਂ ਦੀ ਗੱਲ। ਕੀ ਸੱਪਾਂ ਵਿੱਚ ਵੀ ਜਾਤਾਂ-ਪਾਤਾਂ ਦਾ ਰੌਲਾ-ਰੱਪਾ ਚੱਲਦੈ?
? ਮੈਡਮ ਜੀ, ਹੋ ਸਕਦਾ ਅਜੇ ਬਹੁਤ ਸਰੇ ਪਾਠਕਾਂ ਨੇ ਇਹ ਕਿਤਾਬ ਅਜੇ ਪੜ੍ਹੀ ਨਾ ਹੋਵੇ। ਜਿਹੜੀਆ ਸੱਪਾਂ ਬਾਰੇ ਬਹੁਤ ਜ਼ਰੂਰੀ ਜਾਣਕਾਰੀ ਤੁਸੀਂ ਹਾਸਲ ਕੀਤੀ ਹੈ, ਮੇਰੇ ਖ਼ਿਆਲ ਨਾਲ ਉਹ ਆਮ ਲੋਕਾਂ ਨੂੰ ਵੀ ਹੋਣੀ ਚਾਹਦੀ ਹੈ, ਉਸਦੇ ਬਾਰੇ ਕ੍ਰਿਪਾ ਕਰਕੇ ਸੰਖੇਪ ਵਿੱਚ ਕੁਝ ਦੱਸੋ?
: ਸਤਨਾਮ ਜੀ, ਮੇਰੀ ‘ਸੱਪ ਪੰਜਾਬ ਦੇ’ ਤਾਂ ਇੱਕ ਛੋਟੀ ਜਿੰਨੀ ਕਿਤਾਬ ਹੈ। ਇਸ ਲਈ ਮੈਂ ਤੁਹਾਡੇ ਪੁੱਛੇ ਇਨ੍ਹਾਂ ਚੌਹਾਂ ਸਵਾਲਾਂ ਦਾ ਜਵਾਬ ਸਾਂਝਾ ਜਿਹਾ ਦੇਣ ਲੱਗੀ ਹਾਂ ਜਿਸ ਲਈ ਮਾਫ਼ੀ ਮੰਗਦੀ ਹਾਂ। ਜਿਸ ਵੇਲੇ ਮੈਂ ਕੀੜਿਆਂ ਬਾਰੇ ਕਿਤਾਬਾਂ ਲਿਖ ਰਹੀ ਸੀ ਤਾਂ ਉਸ ਵੇਲੇ ਮਈ-2010 ਤੋਂ, ਨਾਲ-ਨਾਲ ਮੇਰੇ ਕੀੜਿਆਂ ਉੱਤੇ ਲੇਖ ਵੀ ਪੰਜਾਬੀ ਟ੍ਰਿਬਿਊਨ ਵਿੱਚ ਲਗਾਤਾਰ ਛੱਪ ਰਹੇ ਸਨ। ਪਾਠਕਾਂ ਲਈ ਇਹ ਇੱਕ ਨਵਾਂ ਮੁੱਦਾ ਸੀ। ਇਸ ਲਈ ਮੈਨੂੰ ਅਕਸਰ ਉਨ੍ਹਾਂ ਵੱਲੋਂ ਵਧਾਈ ਦੇ ਨਾਲ-ਨਾਲ ਸਵਾਲਾਂ ਦੇ ਟੈਲੀਫੋਨ ਆਉਂਦੇ ਹੁੰਦੇ ਸੀ। ਇਸੇ ਦੌਰਾਨ ਮੈਨੂੰ ਕਈ ਵੀਰਾਂ ਨੇ ਕਿਹਾ ਕਿ ਮੈਂ ਸੱਪਾਂ ਬਾਰੇ ਵੀ ਆਮ ਲੋਕਾਂ ਲਈ ਕੁਝ ਲਿਖਾਂ। ਉਨ੍ਹਾਂ ਦੇ ਕਹਿਣ ਉੱਤੇ ਮੈਂ ਇਹ ਛੋਟੀ ਜਿਹੀ ਕਿਤਾਬ ‘ਸੱਪ ਪੰਜਾਬ ਦੇ’ ਲਿਖੀ ਜਿਹੜੀ ਡਾ. ਇੰਦਰਜੀਤ ਕੌਰ ਨੂੰ ਬਹੁਤ ਪਸੰਦ ਆਈ ਅਤੇ ਉਨ੍ਹਾਂ ਨੇ ਪਿੰਗਲਵਾੜੇ ਵੱਲੋਂ ਛਪਵਾਕੇ ਇਸ ਦੀਆਂ 5000 ਕਾਪੀਆਂ ਲੋਕਾਂ ਵਿੱਚ ਮੁਫ਼ਤ ਵੰਡੀਆਂ। ਇਸ ਕਿਤਾਬ ਨੂੰ ਲਿਖਣ ਦਾ ਮੇਰਾ ਮੰਤਵ ਹੀ ਸੀ ਕਿ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਸੱਪਾਂ ਬਾਰੇ ਡਰ, ਸਹਿਮ, ਭੁਲੇਖਿਆਂ ਦੀ ਸੱਚਾਈ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦਾ। ਕੁਦਰਤ ਦੇ ਚੱਕਰਾਂ ਵਿੱਚ ਸੱਪਾਂ ਦਾ ਕੀ ਯੋਗਦਾਨ ਹੈ, ਉਨ੍ਹਾਂ ਦੇ ਸਰੀਰ ਦੀ ਬਣਤਰ, ਉਨ੍ਹਾਂ ਦੀ ਖੁਰਾਕ, ਉਨ੍ਹਾਂ ਦੀ ਤੋਰ, ਉਨ੍ਹਾਂ ਦੇ ਪ੍ਰਜਨਣ ਦੇ ਢੰਗਾਂ ਅਤੇ ਕਿੰਨੇ ਅਤੇ ਕਿਹੜੇ ਸੱਪ ਜ਼ਹਿਰੀਲੇ ਹੁੰਦੇ ਹਨ। ਪੰਜਾਬ ਵਿੱਚ ਮਿਲਣ ਵਾਲੇ ਸੱਪਾਂ (26 ਜਾਤੀਆਂ/ਕਿਸਮਾਂ) ਦੀ ਪਹਿਚਾਣ ਦੇ ਗੁਣ ਤਸਵੀਰਾਂ ਦੇ ਨਾਲ ਦਿੱਤੇ ਹਨ। ਜੇ ਸੱਪ ਲੜ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਪੇਰਿਆਂ ਬਾਰੇ ਵੀ ਥੋੜ੍ਹੀ ਬਹੁਤ ਜਾਣਕਾਰੀ ਦਿੱਤੀ ਹੈ। ਹੋ ਸਕਦਾ ਹੈ ਮੈਂ ਕਈ ਮੁੱਦੇ ਇਸ ਕਿਤਾਬ ਵਿੱਚ ਪੂਰੇ ਵੇਰਵੇ ਨਾਲ ਨਾ ਵੀ ਦੇ ਸਕੀ ਹੋਵਾਂ।
ਸਤਨਾਮ ਜੀ, ਤੁਸੀਂ ਹੋਰ ਕਈ ਛੋਟੇ-ਛੋਟੇ ਸਵਾਲ ਕੀਤੇ ਹਨ ਮੈਂ ਤਕਰੀਬਨ ਸਭ ਦਾ ਜਵਾਬ ਆਪਣੀ ਕਿਤਾਬ ਵਿੱਚ ਦਿੱਤਾ ਹੈ, ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਇਹ ਹੈ ਕਿ ਸੱਪਾਂ ਨੂੰ ਪੂਜਣ ਦਾ ਕਾਰਨ ਹੈ, ਇਨਸਾਨ ਦਾ ਉਨ੍ਹਾਂ ਦੇ ਡੰਗ, ਉਨ੍ਹਾਂ ਦੇ ਅਚਾਨਕ ਅਲੋਪ ਹੋਣ ਦੇ ਗੁਣ ਅਤੇ ਸਰੀਰ ਦੀ ਅਜੀਬ ਬਣਤਰ ਆਦਿ ਤੋਂ ਡਰਨਾ ਅਤੇ ਡਰ ਦੇ ਕਾਰਨ ਉਨ੍ਹਾਂ ਨੂੰ ਪੂਜਣਾ। ਦੋ ਮੂੰਹੀ ਤਾਂ ਕੁਦਰਤ ਦਾ ਇੱਕ ਗ਼ਲਤ ਪ੍ਰਯੋਗ ਦਾ ਨਤੀਜਾ ਹੈ ਜਿਵੇਂ ਕਦੇ-ਕਦੇ ਦੋ ਸਿਰਾਂ ਵਾਲਾ ਬੱਚਾ ਪੈਦਾ ਹੋ ਜਾਂਦਾ ਹੈ। ਉਸ ਬੱਚੇ ਦੀ ਤਰ੍ਹਾਂ, ਇਸ ਤਰ੍ਹਾਂ ਦੇ ਸੱਪ ਆਪਣੀ ਜ਼ਿੰਦਗੀ ਦੇ ਰੋਜ਼ਮਰਹਾ ਦੇ ਕੰਮ ਤਾਂ ਠੀਕ ਤਰ੍ਹਾਂ ਨਿਭਾ ਨਹੀਂ ਸਕਦਾ ਉਹ ਕਿੱਥੋਂ ਕਿਸੇ ਨੂੰ ਯਾਦ ਰੱਖਕੇ ਹਰ ਸਾਲ ਵਾਪਸ ਆ ਸਕਦਾ ਹੈ? ਹਾਂ, ਇੱਕ ਸੱਪ ਹੈ ਜਿਸ ਦੇ ਸਿਰ ਦੀ ਮੋਟਾਈ ਅਤੇ ਪੂਛ ਦੀ ਮੋਟਾਈ ਤਕਰੀਬਨ ਬਰਾਬਰ ਹੁੰਦੀ ਹੈ, ਉਸ ਨੂੰ ਵੀ ਲੋਕੀਂ ਦੋ-ਮੂੰਹੀ ਕਹਿੰਦੇ ਹਨ ਪਰ ਉਹ ਤੇ ਕਿਸੇ ਨੂੰ ਡੰਗ ਹੀ ਨਹੀਂ ਸਕਦੀ। ਉਹ ਆਪਣੇ ਸ਼ਿਕਾਰ ਨੂੰ ਵੀ ਵਲੇਵੇਂ ਵਿੱਚ ਲੈ ਕੇ ਅਤੇ ਘੁੱਟ ਕੇ, ਉਸ ਦਾ ਸਾਹ ਬੰਦ ਕਰਕੇ ਮਾਰਦੀ ਹੈ। ਬਾਕੀ ਰਹੀ, ਸੱਪਾਂ ਦੀਆਂ ਜਾਤੀਆਂ ਦੀ ਗੱਲ, ਅਸੀਂ ਵਿਗਿਆਨ ਵਿੱਚ ਇਨਸਾਨਾਂ ਵਾਂਗ ਜਾਤ-ਪਾਤ ਨੂੰ ਨਹੀਂ ਮੰਨਦੇ। ਸਾਡੇ ਲਈ ਇਨਸਾਨ ਕੁਦਰਤ ਦੇ ਅਸੂਲਾਂ ਵਿੱਚ ਆਪ ਵੀ ਸਿਰਫ਼ ਇੱਕ ਜਾਤੀ ਹੀ ਹਨ ਅਤੇ ਬਾਂਦਰ ਦੂਸਰੀ ਲੰਗੂਰ ਤੀਸਰੀ ਵਗੈਰਾ-ਵਗੈਰਾ।
? ਤੁਹਾਡੀ ਇੱਕ ਕਿਤਾਬ ‘ਪੰਛੀ ਪੰਜਾਬ ਦੇ ਇੱਕ ਦਰਸ਼ਨੀ ਦਾਅਵਤ’ ਮੈਨੂੰ ਬਹੁਤ ਪਸੰਦ ਆਈ। ਕਿਉਂਕਿ ਇਸ ਵਿਚਲੀ ਜਾਣਕਾਰੀ ਬਹੁਮੁੱਲੀ ਤਾਂ ਹੈ ਹੀ, ਦੂਸਰਾ ਇਹ ਕਿ ਫੋਟੋਆਂ ਦੇ ਨਾਲ-ਨਾਲ ਦੋ ਬੋਲੀਆਂ ਵਿੱਚ ਲਿਖੀ ਗਈ ਹੈ, ਜਿਸ ਦਾ ਪੰਜਾਬੀ ਤੇ ਅੰਗ੍ਰੇਜ਼ੀ ਜਾਨਣ ਵਾਲੇ ਦੋਵੇਂ ਤਰ੍ਹਾਂ ਦੇ ਪਾਠਕ ਲਾਹਾ ਲੈ ਸਕਦੇ ਹਨ। ਇਹਦੇ ਬਾਰੇ ਵੀ ਕੁਝ ਦੱਸੋ ਇਹ ਖ਼ਿਆਲ ਤੁਹਾਨੂੰ ਕਿਵੇਂ ਆਇਆ?
: ‘ਪੰਛੀ ਪੰਜਾਬ ਦੇ ਇੱਕ ਦਰਸ਼ਨੀ ਦਾਅਵਤ’ ਮੇਰੀ ਪਹਿਲੀ ਅਤੇ ਮੇਰੇ ਬੇਟੇ ਡਾ. ਅਰਸ਼ ਰੂਪ ਸਿੰਘ ਦੀ ਦੂਸਰੀ ਕਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਇੱਕ ਛੋਟੀ ਜਿਹੀ ਕਿਤਾਬ ‘ਬਰਡ ਫੋਟੋਗ੍ਰਾਫੀ ਫਾਰ ਬਗਿਨਰਜ਼’ ਅੰਗ੍ਰੇਜ਼ੀ ਵਿੱਚ ਲਿਖੀ ਸੀ। ਪਤਾ ਨਹੀਂ ਕਿਸ ਤਰ੍ਹਾਂ ਉਸ ਨੂੰ ਚਿੜੀਆਂ ਦੀਆਂ ਤਸਵੀਰਾਂ ਲੈਣ ਦਾ ਸ਼ੌਕ ਪੈ ਗਿਆ। ਉਸ ਦਾ ਇਹ ਸ਼ੌਕ ਡਾ. ਜੈ ਰੂਪ ਸਿੰਘ ਦੇ ਡਿਜੀਟਲ ਕੈਮਰਾ ਲੈਣ ਨਾਲ ਹੋਰ ਵੀ ਵੱਧ ਗਿਆ। ਇੱਕ ਦਿਨ ਮੈਨੂੰ ਉਸ ਨੇ ਕੰਪਿਊਟਰ ਉੱਤੇ ਆਪਣੀਆਂ ਖਿੱਚੀਆਂ ਤਸਵੀਰਾਂ ਦਿਖਾਈਆਂ। ਮੈਂ ਐਨੀਆਂ ਸੋਹਣੀਆਂ ਤਸਵੀਰਾਂ ਦੇਖ ਕੇ ਦੰਗ ਹੀ ਰਹਿ ਗਈ। ਉਸ ਸ਼ਾਮ ਨੂੰ ਮੈਂ ਡਾ. ਜੈ ਰੂਪ ਨੂੰ ਬੇਟੇ ਦੀਆਂ ਤਸਵੀਰਾਂ ਬਾਰੇ ਦੱਸਿਆ। ਜਦੋਂ ਅਗਲੇ ਦਿਨ ਉਨ੍ਹਾਂ ਨੇ ਉਹ ਤਸਵੀਰਾਂ ਦੇਖੀਆਂ ਤਾਂ ਉਹ ਕਹਿੰਦੇ ਤੁਸੀਂ ਦੋਵੇਂ ਰਲ ਕੇ ਇਨ੍ਹਾਂ ਨੂੰ ਮੁਕੰਮਲ ਕਰਕੇ ਵਿਓਂਤਬੰਦ ਢੰਗ ਨਾਲ ਸਾਂਭ ਲਵੋਂ। ਉਨ੍ਹਾਂ ਦੇ ਕਹਿਣ ਉੱਤੇ ਅਸੀਂ ਇਹ ਕੰਮ ਹਿਚਕਚਾਉਂਦੇ ਹੋਏ ਸ਼ੁਰੂ ਕੀਤਾ। ‘ਪੰਛੀ ਪੰਜਾਬ ਦੇ ਇੱਕ ਦਰਸ਼ਨੀ ਦਾਅਵਤ’ ਜਿਸ ਵੇਲੇ ਲਿਖੀ ਸੀ ਉਸ ਵੇਲੇ ਸਾਡਾ ਮੰਤਵ ਉਸ ਦੀਆਂ ਖਿੱਚੀਆਂ ਤਸਵੀਰਾਂ ਨੂੰ ਕਿਸੇ ਸੁਚੱਜੇ, ਵਿਗਿਆਨਿਕ ਢੰਗ ਨਾਲ ਸਾਂਭਣਾ ਅਤੇ ਪਾਠਕਾਂ ਤੱਕ ਪਹੁੰਚਾਉਣਾ ਸੀ। ਇਸ ਕਿਤਾਬ ਦਾ ਪਹਿਲਾ ਲੇਖਕ ਅਰਸ਼ ਰੂਪ ਹੀ ਹੈ ਕਿਉਂਕਿ ਉਸ ਦੀ ਦੇਣ ਮੇਰੇ ਤੋਂ ਕਿਤੇ ਵੱਧ ਹੈ। ਇਸ ਕਿਤਾਬ ਦੀ ਲੇਆਊਟ, ਡੀਜ਼ਾਇਨ ਅਤੇ ਟਾਈਪਿੰਗ ਸਭ ਅਰਸ਼ ਰੂਪ ਸਿੰਘ ਨੇ ਆਪ ਹੀ ਕੀਤਾ ਸੀ। ਕਿਤਾਬ ਨੂੰ ਦੋ-ਭਾਸ਼ਾ ਵਿੱਚ ਲਿਖਣ ਦੀ ਸੋਚ ਵੀ ਉਸੇ ਦੀ ਸੀ। ਮੇਰੀ ਦੇਣ ਤਾਂ ਸਿਰਫ਼ ਤਕਨੀਕੀ ਸਮੱਗਰੀ ਇਕੱਠੀ ਕਰਨਾ ਸੀ। ਸਾਨੂੰ 2 ਸਾਲ ਲੱਗ ਗਏ ਸਾਰੇ ਕੰਮ ਨੂੰ ਸਾਂਭਣ ਵਿੱਚ। ਫੇਰ ਇੱਕ ਸਾਲ ਹੋਰ ਲੱਗ ਗਿਆ ਕਿਤਾਬ ਨੂੰ ਛਪਵਾਉਣ ਵਿੱਚ। ਪੰਜਾਬੀ ਵਿੱਚ ਆਪਣੇ ਕਿਸਮ ਦੀ ਅਤੇ ਸਾਇੰਸ ਦੀ ਐਡੀ ਸੋਹਣੀ ਇਹ ਪਹਿਲੀ ਕਿਤਾਬ ਸੀ।
? ਤੁਹਾਡਾ ਵਿਸ਼ਾ ਖੇਤਰ ਪੰਜਾਬ ਦੇ ਵਾਤਾਵਰਣ ਨਾਲ ਵੀ ਸੰਬੰਧਤ ਹੈ। ਜਦੋਂ ਜੀਵ-ਜੰਤੂਆਂ ਬਾਰੇ ਗੱਲ ਚੱਲਦੀ ਹੈ ਤਾਂ ਮੁੱਖ ਗੱਲ ਵਾਤਾਵਰਣ `ਤੇ ਆ ਕੇ ਹੀ ਹੁੰਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੰਨੇ ਜੀਵ-ਜੰਤੂ ਦੋ ਸੌ ਸਾਲ ਪਹਿਲਾਂ ਹੁੰਦੇ ਸੀ, ਅੱਜ ਉਨ੍ਹਾਂ ਦੀ ਗਿਣਤੀ ਜਾਂ ਤਾਂ ਉੱਕੀ ਖ਼ਤਮ ਹੋ ਗਈ ਜਾਂ ਅਲੋਪ ਹੋਣ ਦੇ ਨੇੜੇ ਹੈ। ਤੁਸੀਂ ਇੱਕ ਜੀਵ-ਵਿਗਿਆਨੀ ਹੋਣ ਦੇ ਨਾਤੇ ਇਸ ਦੇ ਕੀ ਕਾਰਨ ਸਮਝਦੇ ਹੋ?
: ਜੀਵ-ਜੰਤੂਆਂ ਦੀਆਂ ਜਾਤੀਆਂ ਅਸਲ ਵਿੱਚ ਹੀ ਬਹੁਤ ਤੇਜ਼ੀ ਨਾਲ ਇਸ ਧਰਤੀ ਨੂੰ ਅਲਵਿਦਾ ਕਹਿ ਰਹੀਆਂ ਹਨ। ਇਸ ਦੇ ਕਈ ਕਾਰਨ ਹਨ ਪਰ ਉਨ੍ਹਾਂ ਵਿੱਚੋਂ ਬਹੁਤੇ ਇਨਸਾਨਾਂ ਦੀਆਂ ਕਰਨੀਆਂ ਦਾ ਹੀ ਨਤੀਜਾ ਹਨ। ਸਭ ਤੋਂ ਵੱਡਾ ਕਾਰਨ ਹੈ। ਪਿਛਲੇ ਸੌ ਦੋ ਸੌ ਸਾਲਾਂ ਵਿੱਚ ਦੁਨੀਆਂ ਵਿੱਚ ਮਸ਼ੀਨੀਕਰਨ ਹੋਣ ਨਾਲ ਇਨਸਾਨਾਂ ਦੀ ਤਦਾਦ ਦਾ ਤਕਰੀਬਨ ਸੱਤ ਤੋਂ ਅੱਠ ਗੁਣਾਂ ਵੱਧ ਜਾਣਾ ਹੈ। ਜਿੰਨੇ ਮੂੰਹ ਉੰਨਾ ਹੀ ਅਨਾਜ ਚਾਹੀਦਾ ਹੈ, ਲੋਕਾਂ ਦੀਆਂ ਵੱਧ ਰਹੀਆਂ ਮੰਗਾਂ ਪੂਰੀਆਂ ਕਰਨ ਲਈ ਜਿਵੇਂ-ਜਿਵੇਂ ਹੋਰ ਮਸ਼ੀਨੀਕਰਨ ਹੁੰਦਾ ਗਿਆ ਇਨਸਾਨਾਂ ਦੀ ਤਦਾਦ ਵੀ ਵੱਧਦੀ ਗਈ, ਲੋੜਾਂ ਹੋਰ ਵੱਧਦੀਆਂ ਗਈਆਂ। ਪਰ ਇੱਕ ਸਵਾਲ ਸੀ ਧਰਤੀ ਦਾ ਖੇਤਰਫ਼ਲ ਤਾਂ ਉੰਨਾ ਹੀ ਹੈ ਅਤੇ ਸੂਰਜ ਦੀ ਊਰਜਾ ਵੀ ਓਨੀ ਦੇਰ ਹੀ ਧਰਤੀ ਉੱਤੇ ਪੈਂਦੀ ਹੈ, ਜਿਸ ਊਰਜਾ ਨਾਲ ਪੌਦੇ ਖਾਦ ਪਦਾਰਥ ਬਣਾਉਂਦੇ ਹਨ। ਹੁਣ ਪੌਦਿਆਂ ਦੇ ਉੱਗਣ ਲਈ ਜ਼ਮੀਨ ਅਤੇ ਪਾਣੀ ਵੀ ਚਾਹੀਦਾ ਹੈ। ਪੌਦਿਆਂ ਦਾ ਬਣਾਇਆ ਖਾਦ ਪਦਾਰਥ ਸਭ ਤਰ੍ਹਾਂ ਦੇ ਜੀਵਾਂ ਦੇ ਹਿੱਸੇ ਦਾ ਹੈ। ਜੇ ਇਨਸਾਨ ਸਾਰੇ ਪਦਾਰਥ ਆਪ ਹੀ ਖਾ ਜਾਣਗੇ ਤਾਂ ਬਾਕੀ ਦੇ ਜੀਵ ਕੀ ਕਰਨਗੇ? ਕਿੱਥੇ ਜਾਣਗੇ? ਇਸ ਦੇ ਨਾਲ ਇਨਸਾਨ ਨੇ ਧਰਤੀ ਦੇ ਟੋਟੇ ਕਰ ਦਿੱਤੇ, ਸੜਕਾਂ ਦੇ ਜਾਲ ਵਿਛਾ ਦਿੱਤੇ, ਉੱਚੀਆਂ-ਉੱਚੀਆਂ ਇਮਾਰਤਾਂ ਦੇ ਜੰਗਲ ਬਣਾ ਦਿੱਤੇ, ਹਵਾ-ਪਾਣੀ ਗੰਦਾ ਕਰ ਦਿੱਤਾ, ਜੰਗਲ ਮੁਕਾ ਦਿੱਤੇ।
ਇਨਸਾਨਾਂ ਨੇ ਕੁਦਰਤ ਦੀ ਵੰਨ-ਸੁਵੰਨਤਾ ਨੂੰ ਸਾਰੇ ਪਾਸਿਆਂ ਤੋਂ ਘੇਰ ਕੇ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹੁਣ ਬਾਕੀ ਦੇ ਜੀਵਾਂ ਕੋਲ ਖਾਣ ਲਈ ਕੁਝ ਨਹੀਂ, ਰਹਿਣ ਨੂੰ ਥਾਂ ਨਹੀਂ, ਸਾਹ ਲੈਣ ਨੂੰ ਹਵਾ ਨਹੀਂ, ਪੀਣ ਨੂੰ ਪਾਣੀ ਨਹੀਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਫਿਜ਼ਾ ਵਿੱਚ ਗੂੰਜਦੀਆਂ ਆਵਾਜ਼ਾਂ ਨੇ ਉਨ੍ਹਾਂ ਨੂੰ ਰਸਤੇ ਭੁਲਾ ਦਿੱਤੇ। ਹੁਣ ਤੁਸੀਂ ਹੀ ਦੱਸੋ ਉਹ ਜੀਵ ਜਾਣ ਕਿੱਥੇ? ਧਰਤੀ ਉੱਤੇ ਪਹਿਲਾਂ ਵੀ ਵੱਖ-ਵੱਖ ਕਿਸਮਾਂ ਦੇ ਜੀਵ ਆਉਂਦੇ ਰਹੇ, ਆਪਣੇ ਵਿੱਤ ਦੇ ਮੁਤਾਬਿਕ ਇੱਥੇ ਰਹਿੰਦੇ ਰਹੇ ਅਤੇ ਨਵੇਂ ਆਏ ਜੀਵਾਂ ਸਾਹਮਣੇ ਹਾਰ ਕੇ ਧਰਤੀ ਛੱਡ ਜਾਂਦੇ ਰਹੇ ਹਨ। ਇਹ ਸਿਲਸਿਲਾ ਹੌਲੀ-ਹੌਲੀ ਆਪਣੀ ਰਫ਼ਤਾਰ ਉੱਤੇ ਚਲਦਾ ਰਿਹਾ, ਪਰ ਹੁਣ ਸਿਰਫ਼ ਇੱਕ ਜਾਤੀ ਨੇ ਬਾਕੀ ਦੇ ਸਭ ਜੀਵਾਂ ਦਾ ਜੀਉਣਾ ਦੁੱਭਰ ਕਰ ਦਿੱਤਾ ਹੈ। ਪਿਛਲੇ 100 ਸਾਲਾਂ ਵਿੱਚ ਜੀਵਾਂ ਦੀ ਇਸ ਧਰਤੀ ਨੂੰ ਅਲਵਿਦਾ ਕਹਿਣ ਦੀ ਰਫ਼ਤਾਰ ਪਹਿਲਾਂ ਨਾਲੋਂ 100 ਤੋਂ 1000 ਗੁਣਾਂ ਵੱਧ ਗਈ ਹੈ। ਵਾਤਾਵਰਣ ਨੂੰ ਸਾਂਭਣ ਦੇ ਕਈ ਉਪਰਾਲੇ ਬਾਹਰਲੇ ਮੁਲਕਾਂ ਵਿੱਚ ਅਪਣਾਏ ਜਾ ਰਹੇ ਹਨ। ਉਨ੍ਹਾਂ ਨੂੰ ਦੇਖਿਆ ਜਾਵੇ ਅਤੇ ਜ਼ਰੂਰਤ ਦੇ ਅਨੁਕੂਲ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਵੱਧ ਰਹੀ ਇਨਸਾਨੀ ਵਸੋਂ, ਪ੍ਰਦੂਸ਼ਣ ਅਤੇ ਅਵਾਰਾ ਡੰਗਰਾਂ ਨੂੰ ਕਾਬੂ ਵਿੱਚ ਕਰਨਾ ਅਤਿਅੰਤ ਜ਼ਰੂਰੀ ਹੈ।
? ਮੈਡਮ ਜੀ, ਉਂਝ ਤਾਂ ਅੱਜ ਗਲੋਬਲ ਵਾਰਮਿੰਗ ਦੀ ਗੱਲ ਤਾਂ ਸਾਰੀ ਦੁਨੀਆਂ ਲਈ ਹੀ ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਵਿੱਚ ਵੀ, ਖ਼ਾਸ ਕਰਕੇ ਪੰਜਾਬ ਵਿੱਚ ਪਲਿਊਸ਼ਨ ਦੇ ਵਾਧੇ, ਦਰਖ਼ਤਾਂ ਦੀ ਅੰਨੀਂ ਕੱਟ-ਕਟਾਈ ਨੇ ਜਿੱਥੇ ਗਲੋਬਲ ਵਾਰਮਿੰਗ ਵਿੱਚ ਵਾਧਾ ਕੀਤਾ, ਉੱਥੇ ਜੰਗਲੀ ਜੀਵ-ਜੰਤੂਆਂ ਦੀ ਤਬਾਹੀ ਵੀ ਕੀਤੀ ਹੈ। ਪੰਜਾਬ ਦੇ ਸੰਦਰਭ ਵਿੱਚ ਕਿਹੋ-ਜਿਹੇ ਦਰਖ਼ਤਾਂ ਦੀ ਲੋੜ ਹੈ ਜਿੰਨ੍ਹਾਂ ਨਾਲ ਪੰਜਾਬ ਦੀ ਫਿਜ਼ਾ ਵਿੱਚ ‘ਬਲਿਹਾਰੀ ਕੁਦਰਤ ਵਸਿਆ’ ਦੇ ਮਹਾਂਵਾਕ ਦੀ ਤਸਵੀਰ ਵੇਖਣ ਨੂੰ ਇੱਕ ਵਾਰ ਫੇਰ ਮਿਲੇ?
: ਵਾਤਾਵਰਣ ਨੂੰ ਅਨੁਕੂਲ ਬਣਾਉਣ ਲਈ ਸਦੀਆਂ ਲਾ ਕੇ ਕੁਦਰਤ ਦੀ ਖੋਜ ਦੇ ਨਤੀਜਿਆਂ ਵੱਲ ਗੌਰ ਕਰਨ ਦੀ ਲੋੜ ਹੈ। ਹਰ ਥਾਂ ਦੇ ਬਦਲਦੇ ਮੌਸਮ ਅਤੇ ਸੰਘਰਸ਼ ਨਾਲ ਪੈਰ ਜਮਾਂ ਚੁੱਕੇ ਪੌਦੇ ਹੀ ਉਸ ਥਾਂ ਲਈ ਠੀਕ ਹੁੰਦੇ ਹਨ ਅਤੇ ਉਨ੍ਹਾਂ ਉੱਤੇ ਨਿਰਭਰ ਕਰਦੇ ਜੀਵ-ਜੰਤੂਆਂ ਨੇ ਆਪਣੇ ਜੀਵਨ ਨੂੰ ਉਵੇਂ ਹੀ ਢਾਲ਼ਿਆ ਹੁੰਦਾ ਹੈ। ਮੌਸਮ ਦੇਖਣ ਨੂੰ ਅਨੁਕੂਲ ਹੋਣ ਉੱਤੇ ਬਾਹਰੋਂ ਲਿਆ ਕੇ ਲਾਏ ਪੌਦੇ ਪਹਿਲੇ ਕੁਝ ਸਾਲ ਤਾਂ ਬਹੁਤ ਵੱਧਦੇ ਹਨ ਕਿਉਂਕਿ ਉੱਥੇ ਉਨ੍ਹਾਂ ਦੇ ਦੁਸ਼ਮਣ ਘੱਟ ਹੁੰਦੇ ਹਨ। ਪਰ ਛੇਤੀ ਹੀ ਉਨ੍ਹਾਂ ਦੇ ਕਿਸੇ ਇੱਕ ਖ਼ਾਸ ਕਾਰਨ ਦੇ ਠੀਕ ਨਾ ਹੋਣ ਨਾਲ, ਪੈਰ ਉੱਖੜ ਜਾਂਦੇ ਹਨ ਅਤੇ ਫੇਰ ਵੱਡੀ ਤਬਾਹੀ ਆ ਜਾਂਦੀ ਹੈ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਫੈਦਾ ਅਤੇ ਚੌਲ ਬੀਜਣ ਨਾਲ ਪਾਣੀ ਹੋਰ ਹੇਠ ਚਲਿਆ ਗਿਆ ਅਤੇ ਕੁਝ ਸਾਲਾਂ ਵਿੱਚ ਚੌਲ਼ਾਂ ਦੀਆਂ ਬਿਮਾਰੀਆਂ ਵੀ ਬਹੁਤ ਵੱਧ ਗਈਆਂ। ਦੂਸਰੇ ਪਾਸੇ ਪਾਣੀ ਮੁਕਾਣ ਦੇ ਨਾਲ-ਨਾਲ ਸਫੈਦੇ ਦੀ ਲੱਕੜ ਵੀ ਵਧੀਆ ਨਹੀਂ ਹੁੰਦੀ, ਉਸ ਵਿੱਚ ਚਿੜੀਆਂ ਆਲ੍ਹਣੇ ਵੀ ਨਹੀਂ ਬਣਾਉਂਦੀਆਂ ਅਤੇ ਉਸ ਹੇਠ ਛਾਂ ਵੀ ਸੰਘਣੀ ਨਹੀਂ ਹੁੰਦੀ। ਪੰਜਾਬ ਵਿੱਚ ਪਹਿਲਾਂ ਜਾਮਣ, ਅੰਬ, ਸ਼ਹਿਤੂਤ, ਲਸੂੜੇ, ਟਾਹਲੀਆਂ ਉੱਗਦੇ ਸਨ। ਉਹ ਕਿੱਥੇ ਗਏ? ਇਹੋ ਜਿਹੇ ਪੌਦੇ ਅਤੇ ਵੰਨ-ਸੁਵੰਨੀਆਂ ਪਹਿਲਾਂ ਵਾਲੀਆਂ ਫ਼ਸਲਾਂ ਫੇਰ ਆ ਜਾਣ ਤਾਂ ਆਪੇ ਜੀਵ-ਜੰਤੂ ਵੀ ਆ ਜਾਣਗੇ ਅਤੇ ‘ਬਲਿਹਾਰੀ ਕੁਦਰਤ ਵਸਿਆ’ ਵਾਲ਼ੀ ਫ਼ਿਜ਼ਾ ਆਪੇ ਹੋ ਜਾਵੇਗੀ।
? ਆਪਣੇ ਪੰਜਾਬ ਵਿੱਚ ਹਰੀਕੇ ਪੱਤਣ, ਕਾਂਜਲੀ ਅਤੇ ਰੋਪੜ ਦੀਆਂ ਛੰਭਾਂ `ਤੇ ਸਿਆਲ ਦੀ ਰੁੱਤੇ ਲੱਖਾਂ ਹੀ ਪੰਛੀ ਹਰ ਸਾਲ ਏਸ਼ੀਆ ਅਤੇ ਮੱਧ-ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਹਨ। ਪਿੱਛੇ ਜਿਹੇ ਤੁਸੀਂ ਇੱਕ ਲੇਖ ‘ਕੂੰਜਾਂ’ ਬਾਰੇ ਵੀ ਲਿਖਿਆ ਸੀ। ਕੂੰਜਾਂ ਦਾ ਜ਼ਿਕਰ ਗੁਰਬਾਣੀ ਵਿੱਚ ਅਤੇ ਸਾਡੇ ਸੱਭਿਆਚਾਰਕ ਗੀਤਾਂ ਵਿੱਚ ਵੀ ਆਮ ਮਿਲਦਾ ਹੈ ਕਿ ਕੂੰਜਾਂ ਬੱਚੇ ਦੇ ਕੇ ਆਪ ਗਰਮ ਥਾਂ ਵੱਲ ਚਲੇ ਜਾਂਦੀਆਂ ਹਨ, ਇਸ ਬਾਰੇ ਤੁਹਾਡਾ ਵਿਗਿਆਨ ਜਗਤ ਕੀ ਕਹਿੰਦਾ ਹੈ?
: ਸਤਨਾਮ ਜੀ, ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਦਰਿਆਵਾਂ ਅਤੇ ਨਹਿਰਾਂ ਦਾ ਜਾਲ਼ ਵਿਛਿਆ ਹੋਇਆ ਹੈ, ਨਕਲੀ ਅਤੇ ਅਸਲੀ ਛੰਭਾਂ ਵੀ ਬਹੁਤ ਹਨ। ਇਸ ਦੇ ਨਾਲ ਪੰਜਾਬ, ਸਰਦੀਆਂ ਕੱਟਣ ਉੱਤਰ ਵੱਲੋਂ ਦੱਖਣ ਨੂੰ ਜਾਂਦੇ ਪ੍ਰਵਾਸੀ ਪੰਛੀਆਂ ਦੇ ਰਸਤੇ ਵਿੱਚ ਵੀ ਪੈਂਦਾ ਹੈ। ਬਹੁਤ ਸਾਰੇ ਪ੍ਰਵਾਸੀ ਪੰਛੀਆਂ ਦੀਆਂ ਜਾਤੀਆਂ (ਕੋਈ 150) ਪੰਜਾਬ ਦੇ ਪਾਣੀਆਂ ਵਿੱਚ ਆਪਣੀਆਂ ਸਰਦੀਆਂ ਕੱਟਣ ਲਈ ਡੇਰਾ ਲਾ ਲੈਂਦੀਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਜਾਤੀ ਪੰਜਾਬ ਵਿੱਚ ਬੱਚੇ ਨਹੀਂ ਕੱਢਦੀ ਅਤੇ ਸਾਰੀਆਂ ਹੀ ਗਰਮੀਆਂ ਦੇ ਸ਼ੁਰੂ ਵਿੱਚ ਉੱਤਰੀ ਠੰਢੇ ਇਲਾਕਿਆਂ ਵੱਲ ਚਲੇ ਜਾਂਦੇ ਹਨ। ਕੂੰਜਾਂ ਵੀ ਇਨ੍ਹਾਂ ਪੰਛੀਆਂ ਵਿੱਚੋਂ ਹੀ ਇੱਕ ਜਾਤੀ ਹੈ। ਇਹ ਡਾਰਾਂ ਵਿੱਚ ਸਿਰਫ਼ ਕੁਝ ਮਹੀਨਿਆਂ ਲਈ ਹੀ ਭਾਰਤ ਆਉਂਦੀਆਂ ਹਨ ਅਤੇ ਗਰਮੀਆਂ ਦੇ ਸ਼ੁਰੂ ਵਿੱਚ ਵਾਪਸ ਚਲੀਆਂ ਜਾਂਦੀਆਂ ਹਨ।ਕੁਝ ਸਾਲ ਪਹਿਲਾਂ ਤੱਕ ਲੋਕੀਂ ਆਪਣੇ ਆਸੇ-ਪਾਸੇ ਦੇ ਜੀਵ-ਜੰਤੂਆਂ ਦੇ ਆਰ-ਵਿਹਾਰ ਨੂੰ ਧਿਆਨ/ਗੌਰ ਨਾਲ ਦੇਖਦੇ ਸਨ ਅਤੇ ਉਨ੍ਹਾਂ ਨੂੰ ਉਦਾਹਰਣਾਂ ਵਾਂਗ ਆਪਣੀ ਰੋਜ਼ ਦੀ ਵਾਰਤਾਲਾਪ, ਬੁਝਾਰਤਾਂ, ਗਾਣਿਆਂ, ਚੁਟਕਲਿਆਂ ਵਿੱਚ ਵਰਤ ਕੇ ਸੌਖੀ ਤਰ੍ਹਾਂ ਅਤੇ ਅਸਾਨੀ ਨਾਲ ਗੱਲਬਾਤ ਕਰ ਲੈਂਦੇ ਸੀ। ਪਰ ਅੱਜ ਕੱਲ੍ਹ ਦੇ ਮਾਹੌਲ ਵਿੱਚ ਇਨਸਾਨ ਬਹੁਤ ਮਸਰੂਫ਼ ਹੋ ਗਏ ਹਨ ਅਤੇ ਕੁਦਰਤ ਨੂੰ ਨਿਹਾਰਨਾ ਭੁੱਲ ਕੇ ਸਿਰਫ਼ ਕੰਪਿਊਟਰ ਅਤੇ ਮੋਬਾਇਲ ਹੀ ਦੇਖਦੇ ਹਨ।
? ਮੈਡਮ ਜੀ, ਤੁਸੀਂ ਕੰਮ ਤੋਂ ਸੇਵਾ-ਮੁਕਤ ਹੋ ਗਏ ਹੋ। ਉਸ ਤੋਂ ਬਾਅਦ ਬਹੁਤ ਹੀ ਮਹੱਤਵਪੂਰਨ ਕੰਮ ਜੀਵ-ਜੰਤੂਆਂ ਬਾਰੇ ਪੰਜਾਬੀ ਮਾਂ ਬੋਲੀ ਵਿੱਚ ਬਹੁਤ ਹੀ ਸਾਦੀ ਭਾਸ਼ਾ ਵਿੱਚ ਕੁਝ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਪਾਈਆਂ ਹਨ। ਕੁੱਲ ਕਿੰਨੀਆਂ ਕਿਤਾਬਾਂ ਤੁਸੀਂ ਲਿਖੀਆਂ? ਇਹ ਕਿਤਾਬਾਂ ਲਿਖਣ ਦਾ ਨਿਵੇਕਲਾ ਤੇ ਪਹਿਲਾ ਕਦਮ ਪੁੱਟਣ ਦਾ ਸਬੱਬ ਕਿਸ ਤਰ੍ਹਾਂ ਬਣਿਆ?
: ਢਾਅ ਜੀ, ਹਰ ਚੀਜ਼ ਦੇ ਬੀਜਣ, ਉੱਗਣ, ਲੱਗਣ ਅਤੇ ਪੱਕਣ ਵਿੱਚ ਸਮਾਂ ਲੱਗਦਾ ਹੈ। ਇਸ ਸਮੇਂ ਦੌਰਾਨ ਲੋੜੀਂਦੀ ਸਮੱਗਰੀ ਵੀ ਲੋੜ ਮੁਤਾਬਿਕ ਲੱਗਦੀ ਹੈ। ਮੇਰੇ ਲਿਖਣ ਦਾ ਸਬੱਬ ਅਚਾਨਕ ਨਹੀਂ ਬਣਿਆ। ਬਚਪਨ ਤੋਂ ਮੇਰੇ ਕੁਦਰਤ ਨਾਲ ਪਿਆਰ, ਰਹਿਣ ਲਈ ਖੁੱਲ੍ਹਾ ਕੁਦਰਤ ਦੇ ਨੇੜੇ ਦਾ ਮਹੌਲ ਨਸੀਬ ਹੋਣਾ, ਮੇਰਾ ਜੀਵ ਵਿਗਿਆਨੀ ਬਣਨਾ ਅਤੇ ਉਸ ਘਰ ਵਿੱਚ ਵਿਆਹ ਕੇ ਆਉਣਾ ਜਿੱਥੇ ਪੰਜਾਬੀ ਦੀ ਡੱਟਕੇ ਰਾਖੀ ਕੀਤੀ ਜਾਂਦੀ ਸੀ। ਇਨ੍ਹਾਂ ਸਾਰੇ ਕਾਰਨਾਂ ਦੇ ਨਾਲ-ਨਾਲ, ਸੇਵਾ-ਮੁਕਤ ਹੋਣ ਉੱਤੇ ਮੇਰੀ ਸਿਹਤ ਦਾ ਵਿਗੜਨਾ ਅਤੇ ਮੇਰੇ ਕੋਲ ਬਹੁਤ ਸਾਰੇ ਵਿਹਲ ਦਾ ਹੋਣਾ। ਪਰ ਇਨ੍ਹਾਂ ਸਭ ਤੋਂ ਵੱਧ ਮੇਰੇ ਛੋਟੇ ਬੇਟੇ ਨੂੰ ਜੰਗਲੀ ਜੀਵਾਂ ਦੀਆਂ ਤਸਵੀਰਾਂ ਖਿੱਚਣ ਦਾ ਸ਼ੌਕ ਜਾਗਣਾ, ਸਭ ਦੇ ਰਲਣ ਕਰਕੇ ਮੈਂ ਹੌਲ਼ੀ-ਹੌਲ਼ੀ ਇਹ ਕੰਮ ਸ਼ੁਰੂ ਕੀਤਾ। ਇਨ੍ਹਾਂ ਸਾਰੀਆਂ ਕਿਤਾਬਾਂ ਵਿੱਚ ਮੇਰੇ ਛੋਟੇ ਬੇਟੇ ਡਾ. ਅਰਸ਼ ਰੂਪ ਦੀ ਫੋਟੋ-ਗ੍ਰਾਫ਼ੀ ਹੈ। ਬਾਕੀ ਅੱਜ ਦੀ ਤਰੀਕ (2009 ਤੋਂ ਜੂਨ 2017) ਤੱਕ ਮੈਂ ਪੰਜ ਕਿਤਾਬਾਂ ਛਪਵਾ ਚੁੱਕੀ ਹਾਂ। ਦੋ ਛਪਣ ਲਈ ਗਈਆਂ ਹੋਈਆਂ ਹਨ ਅਤੇ ਇੱਕ ਹੋਰ ਤਕਰੀਬਨ ਤਿਆਰ ਹੈ। ਇਨ੍ਹਾਂ ਦੇ ਨਾਲ ਇਸੇ ਸਮੇਂ ਵਿੱਚ ਕੋਈ 130 ਦੇ ਨੇੜੇ ਮੇਰੇ ਜੰਗਲੀ ਜੀਵਾਂ ਉੱਤੇ ਲਿਖੇ ਲੇਖ ਪੰਜਾਬੀ ਟ੍ਰਬਿਊਨ ਵਿੱਚ ਛਪ ਚੁੱਕੇ ਹਨ।
ਮੇਰੀਆਂ ਕਿਤਾਬਾਂ ਦੀ ਸੂਚੀ: -
‘ਪੰਛੀ ਪੰਜਾਬ ਦੇ-ਇੱਕ ਦਰਸ਼ਨੀ ਦਾਅਵਤ’, ‘ਕੀਟ ਸੰਸਾਰ ਦੇ ਲਗਾਮੀ ਕੀੜੇ’, ‘ਬਾਤਾਂ ਕੀਟ ਸੰਸਾਰ ਦੀਆਂ’, ‘ਸੱਪ ਪੰਜਾਬ ਦੇ’, ‘ਮੁਲਾਕਾਤਾਂ ਪੰਜਾਬ ਦੇ ਜੰਗਲੀ ਜੀਵਾਂ ਨਾਲ’, ‘ਸ੍ਰੀ ਗੁਰੂ ਗੰਥ ਸਾਹਿਬ ਵਿਚਲੇ ਪੰਛੀ’ ਮੁਕੰਮਲ ਹੋ ਚੁੱਕੀ ਹੈ ‘ਪੰਜਾਬ ਦੇ ਸੋਹਣੇ ਹਵਾਈ ਕਲਾਬਾਜ ਪੰਛੀ, ਛਪਾਈ ਅਧੀਨ, ‘ਇੱਕ ਝਾਤ ਪੰਜਾਬ ਦੀਆਂ ਆਮ ਦਿਖਣ ਵਾਲੀਆਂ ਮੱਕੜੀਆਂ’ ਜੋ ਛਪਣ ਅਧੀਨ ਹੈ।
? ਪੁਸ਼ਪਿੰਦਰ ਜੀ, ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਅਧਿਆਪਨ ਕੀਤਾ ਹੈ ਅਤੇ ਤੁਸੀਂ ਵਿਦਿਆਰਥੀਆਂ ਵਿੱਚ ਬੜੇ ਲੰਮੇ ਸਮੇਂ ਤੋਂ ਵਿਚਰਦੇ ਰਹੇ ਹੋ। ਇੱਕ ਸਵਾਲ ਪੰਜਾਬ ਵਿਚਲੇ ਦਿਸ਼ਾਹੀਣ ਨੌਜਵਾਨ ਵਰਗ ਬਾਰੇ ਹੈ। ਅਨਪੜ ਜਾਂ ਘੱਟ ਪੜੇ੍ਹ ਬੱਚੇ ਤਾਂ ਮੰਨਿਆ ਕਿ ਰੋਜ਼ਗਾਰ ਦੀ ਭਾਲ਼ ਵਿਚ ਇੱਧਰ ਉਧਰ ਝਾਕਦੇ ਹਨ, ਪਰ ਪੜ੍ਹੇ ਲਿਖੇ ਤਕਰੀਬਨ ਸਾਰੇ ਹੀ ਵਿਦਿਆਰਥੀ ਉੱਚ ਵਿੱਦਿਆ ਪ੍ਰਾਪਤੀ ਤੋਂ ਬਾਅਦ ਵੀ ਪ੍ਰਵਾਸ ਧਾਰਨ ਕਰਨ ਲਈ ਹੀ ਪੱਬਾਂ ਭਾਰ ਨਜ਼ਰ ਆ ਰਹੇ ਹਨ। ਕੀ ਭਾਰਤ ਵਿੱਚ ਉਨ੍ਹਾਂ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ?
: ਢਾਅ ਜੀ, ਤੁਹਾਡਾ ਇਹ ਸਵਾਲ ਪੂਰਾ ਹੀ ਸਿਆਸੀ ਹੈ। ਕਿਸੇ ਚੰਗਿਆਈ ਲਈ ਬਣਾਏ ਗਏ ਕਾਨੂੰਨ ਹੌਲੀ-ਹੌਲੀ ਵੱਡੇ-ਵੱਡੇ ਦਿਓ ਬਣ ਗਏ ਹਨ ਜਿਵੇਂ ਰੀਜ਼ਰਵੇਸ਼ਨ ਨੂੰ ਹੀ ਲੈ ਲਵੋ। ਅੱਜ ਕੱਲ੍ਹ ਹਰ ਕੰਮ ਹਰ ਥਾਂ ਉੱਤੇ 50% ਰੀਜ਼ਰਵੇਸ਼ਨ ਹੋ ਗਈ ਹੈ ਅਤੇ ਬਾਕੀ ਦੇ 50% ਹਿੱਸੇ ਵਿੱਚ ਸਿਫ਼ਾਰਸ਼ਾਂ, ਰਿਸ਼ਵਤਾਂ ਅਤੇ ਧੋਖੇਧੜੀ ਦਾ ਬੋਲਬਾਲਾ ਹੋ ਗਿਆ ਹੈ। ਪਹਿਲਾਂ ਤਾਂ ਸਰਕਾਰੀ ਪੱਧਰ ਉੱਤੇ ਨੌਕਰੀਆਂ ਹੀ ਨਹੀਂ ਕੱਢੀਆਂ ਜਾਂਦੀਆਂ। ਭਾਵੇਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਆਦਿ ਸਭ ਵਿੱਚ ਅਸਾਮੀਆਂ ਖਾਲ੍ਹੀ ਪਈਆਂ ਹਨ, ਸਰਕਾਰ ਕੋਲ ਪੈਸੇ ਨਹੀਂ ਬਚਦੇ ਇਨ੍ਹਾਂ ਨੂੰ ਤਨਖ਼ਾਹ ਦੇਣ ਲਈ ਕਿਉਂਕਿ ਉਨ੍ਹਾਂ ਦੇ ਆਪਣੇ ਖ਼ਰਚੇ ਹੀ ਪੂਰੇ ਨਹੀਂ ਹੁੰਦੇ। ਇਸ ਤਰ੍ਹਾਂ ਦੇ ਮਹੌਲ ਵਿੱਚ ਆਮ ਘਰਾਂ ਦੇ ਬੱਚਿਆਂ ਲਈ ਰੁਜ਼ਗਾਰ ਦੇ ਦਰਵਾਜ਼ੇ ਬੰਦ ਹੋ ਗਏ ਹਨ ਤਾਂ ਫੇਰ ਬੱਚਿਆਂ ਨੂੰ ਦੂਸਰੇ ਦੇਸ਼ਾਂ ਵਿੱਚ ਮੂੰਹ ਮਾਰਨੇ ਪੈ ਰਹੇ ਹਨ। ਇਸ ਦੇ ਨਾਲ ਦੂਰ ਦੇ ਢੋਲ ਹਮੇਸ਼ਾਂ ਹੀ ਸੁਹਾਵਣੇ ਲੱਗਦੇ ਹਨ।
? ਪੁਸ਼ਪਿੰਦਰ ਜੀ, ਅੱਜ ਕੱਲ੍ਹ ਵੀ ਕਿਸੇ ਪ੍ਰੋਜੈਕਟ `ਤੇ ਕੰਮ ਕਰ ਰਹੇ ਹੋ? ਤੁਹਾਨੂੰ ਲੱਗਦਾ ਹੈ ਕਿ ਅਜੇ ਜੀਵ-ਜੰਤੂਆਂ ਬਾਰੇ ਕੁਝ ਲਿਖਣ ਵਾਲਾ ਰਹਿੰਦਾ ਹੈ ਜਾਂ ਜੋ ਤੁਸੀਂ ਲਿਖਣਾ ਚਾਹੁੰਦੇ ਸੀ ਲਿਖਿਆ ਗਿਆ ਹੈ? ਕੀ ਕੋਈ ਹੋਰ ਵਿਗਿਆਨੀ ਵੀ ਇੱਧਰ ਧਿਆਨ ਦੇ ਰਿਹਾ ਹੈ, ਜੋ ਸੌਖੀ ਸਰਲ ਭਾਸ਼ਾ ਆਮ ਲੋਕ ਬੋਲੀ ਵਿੱਚ ਵਿਗਿਆਨ ਵਗਰੇ ਵਿਸ਼ਿਆਂ ਨੂੰ ਪਾਠਕ ਤੱਕ ਪਹੁੰਚਾਣ ਦਾ ਕੰਮ ਕਰ ਰਿਹਾ ਹੋਵੇ?
: ਅੱਜ ਕੱਲ੍ਹ ਮੈਂ ਆਪਣੇ ਖੇਤਰ ਤੋਂ ਬਾਹਰਲੇ ਮੁੱਦੇ ਨੂੰ ਹੱਥ ਵਿੱਚ ਲਿਆ ਹੋਇਆ ਹੈ। ਅੱਜ ਕੱਲ੍ਹ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨ੍ਹਾਂ ਪੰਛੀਆਂ ਦਾ ਜਿਕਰ ਆਇਆ, ਉਨ੍ਹਾਂ ਪੰਛੀਆਂ ਬਾਰੇ ਕੰਮ ਕਰ ਰਹੀ ਹਾਂ। ਇਸ ਕਿਤਾਬ ਦਾ ਤਕਰੀਬਨ ਅੱਜ ਦੀ ਤਰੀਕ ਵਿੱਚ ਤਕ 80% ਕੰਮ ਕਰ ਲਿਆ ਹੈ। ਮੈਨੂੰ ਉਤਸੁਕਤਾ ਹੋਈ ਸੀ ਕਿ ਕਿਉਂ ਨਾ ਮੈਂ ਗੁਰੂ ਸਾਹਿਬਾਨਾਂ ਦੇ ਵਕਤ ਦੇ ਲੋਕਾਂ ਦੀ ਆਪਣੇ ਵਾਤਾਵਰਣ ਵਿਚਲੀ ਰੁਚੀ ਨੂੰ ਘੋਖਾਂ। ਉਮੀਦ ਹੈ ਮੈਂ ਕੁਝ ਨਵਾਂ ਪੱਖ/ਸਮੱਗਰੀ ਪਾਠਕਾਂ ਅੱਗੇ ਪੇਸ਼ ਕਰ ਸਕਾਂਗੀ।
ਬਾਕੀ ਢਾਅ ਜੀ, ਪੰਜਾਬੀ ਵਿੱਚ ਵਿਗਿਆਨ ਲਿਖਣ ਵਾਲੇ ਬੱਸ ਗਿਣਵੇਂ-ਚੁਣਵੇਂ ਹੀ ਵਿਗਿਆਨੀ ਹਨ। ਅਸਲ ਵਿੱਚ ਵਿਗਿਆਨ ਦੀ 99% ਸਮੱਗਰੀ ਇੰਗਲਿਸ਼ ਵਿੱਚ ਮਿਲਦੀ ਹੈ, ਇਸੇ ਲਈ ਦਸਵੀਂ ਕਲਾਸ ਤੋਂ ਬਾਅਦ ਸਾਇੰਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ ਸੀ। ਹੁਣ ਸਾਇੰਸ ਪੰਜਾਬੀ ਜਾਂ ਕਿਸੇ ਥਾਂ ਦੀ ਮਾਤ ਭਾਸ਼ਾ ਵਿੱਚ ਤਾਂ ਉਸ ਵੇਲੇ ਹੀ ਲਿਖੀ ਜਾ ਸਕਦੀ ਹੈ ਜੇਕਰ ਉਸ ਇਨਸਾਨ ਨੂੰ ਸਾਇੰਸ ਅਤੇ ਪੰਜਾਬੀ (ਮਾਤ ਭਾਸ਼ਾ) ਦਾ ਪੂਰਾ ਇਲਮ ਹੋਵੇ ਤਾਂ ਕਿ ਉਹ ਆਪਣੀ ਗੱਲ ਲੋਕਾਂ ਤੱਕ ਸਹੀ ਅਤੇ ਠੀਕ ਢੰਗ ਨਾਲ ਪਹੁੰਚਾ ਸਕੇ। ਇਸ ਦੇ ਨਾਲ ਉਸ ਨੂੰ ਕੰਮ ਕਰਨ ਦੀ ਹਰ ਪੱਖੋਂ ਹੱਲਾਸ਼ੇਰੀ ਵੀ ਮਿਲਣੀ ਚਾਹੀਦੀ ਹੈ। ਵਿਗਿਆਨ ਸਭ ਲੋਕਾਂ ਤੱਕ ਪਹੁੰਚਾਉਣ ਲਈ ਉਸ ਦੀ ਸਮੱਗਰੀ ਦਾ ਸਰਲ, ਰੋਚਕ ਅਤੇ ਲੋਕਾਂ ਦੀ ਮਾਤ ਭਾਸ਼ਾ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ। ਜਰਮਨੀ, ਫਰਾਂਸ, ਜਪਾਨ ਐਥੋਂ ਤੱਕ ਕਿ ਚੈੱਕ ਰਿਪਬਲਿਕ ਵਰਗੇ ਨਿੱਕੇ ਜਿੰਨੇ ਦੇਸ਼ਾਂ ਵਿੱਚ ਵੀ 60-80% ਸਮੱਗਰੀ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਵਿੱਚ ਹੀ ਉਪਲੱਭਧ ਹੈ ਅਤੇ ਡਾਕਟਰੀ ਵਰਗੀ ਵਿੱਦਿਆ ਵੀ ਉਹ ਆਪਣੀ ਬੋਲੀ ਵਿੱਚ ਹੀ ਦਿੰਦੇ ਹਨ। ਇਸ ਦੇ ਨਾਲ ਉੱਥੋਂ ਦੇ ਲੋਕ ਦੋ-ਤਿੰਨ ਹੋਰ ਬੋਲੀਆਂ ਦੀ ਵੀ ਪੂਰੀ ਮੁਹਾਰਤ ਹਾਸਲ ਕਰਦੇ ਹਨ ਅਤੇ ਘਟੀ ਸਮੱਗਰੀ ਉਨ੍ਹਾਂ ਰਾਹੀਂ ਪ੍ਰਾਪਤ ਕਰ ਲੈਂਦੇ ਹਨ। ਗੱਲ ਸਾਰੀ ਨੀਤ ਤੇ ਨੀਤੀ ਦੀ ਹੈ।
? ਮੈਡਮ ਜੀ, ਇਹ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਸਿਰਫ਼ ਬੱਚੇ ਹੀ ਨਹੀਂ ਸਗੋਂ ਵੱਡੇ ਵੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕ੍ਰਿਪਾ ਕਰਕੇ ਦੱਸੋ ਇਹ ਸਾਰੀਆਂ ਕਿਤਾਬਾਂ ਕਿੱਥੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ? ਮੇਰੇ ਖ਼ਿਆਲ ਨਾਲ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨਾਂ `ਤੇ ਖਿਡਾਉਣਿਆਂ ਦੀ ਥਾਂ ਇਹੋ ਜਿਹੀਆਂ ਕਿਤਾਬਾਂ ਦੇ ਗਿਫ਼ਟ ਦੇਈਏ ਜਿਸ ਨਾਲ ਬੱਚਿਆਂ ਵਿੱਚ ਵਿਗਿਆਨ ਗਿਆਨ ਦਾ ਜਾਗ ਲੱਗ ਸਕੇ?
: ਸਤਨਾਮ ਜੀ, ਤਾਰੀਫ਼ ਲਈ ਬਹੁਤ ਧੰਨਵਾਦ। ਮੈਂ ਇਹ ਕੰਮ ਕਰ ਹੀ ਇਸ ਲਈ ਰਹੀ ਹਾਂ ਕਿ ਕੁਦਰਤ ਦੀ ਐਨੀ ਮਿਹਨਤ ਨਾਲ ਰਚੀ ਕਾਇਨਾਤ ਨੂੰ ਇਨਸਾਨ ਸਮਝੇ, ਚਾਹਵੇ ਅਤੇ ਇਸ ਦਾ ਅਨੰਦ ਮਾਣ ਕੇ ਉਸ ਪਰਮਾਤਮਾਂ ਦਾ ਧੰਨਵਾਦ ਕਰੇ ਕਿ ਉਸ ਨੇ ਇਨਸਾਨ ਨੂੰ ਸਭ ਤੋਂ ਉੱਚਾ ਰੁਤਬਾ ਦਿੱਤਾ ਹੈ। ਹੁਣ ਇਨਸਾਨ ਨੂੰ ਵੀ ਚਾਹੀਦਾ ਹੈ ਜਾਂ ਕਹੋ ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਕੁਦਰਤ ਦਾ ਪਹਿਰੇਦਾਰ ਬਣ ਕੇ ਰਾਖੀ ਕਰੇ। ਸਤਨਾਮ ਜੀ, ਮੇਰੀਆਂ ਤਿੰਨ ਕਿਤਾਬਾਂ ਸਿੰਘ ਬ੍ਰਦਰਜ਼ ਅੰਮ੍ਰਿਤਸਰ ਤੋਂ ਮਿਲ ਜਾਂਦੀਆਂ ਹਨ, ਇੱਕ ਪੰਜਾਬੀ ਯੂਨੀਵਰਸਿਟੀ ਤੋਂ ਅਤੇ ਇੱਕ ਪਿੰਗਲਵਾੜੇ ਤੋਂ ਮਿਲ ਜਾਂਦੀ ਹੈ। ਅੱਗੇ ਰਹੀ ਤੁਹਾਡੇ ਵਧੀਆ ਵਿਚਾਰ ਦੀ ਗੱਲ ਕਿ ਸਾਨੂੰ ਬੱਚਿਆਂ ਦੇ ਜਨਮ ਦਿਨ ਉੱਤੇ ਤੋਹਫ਼ੇੇ ਦੇ ਤੌਰ ’ਤੇ ਇਹੋ-ਜਿਹੀਆਂ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ। ਮੈਂ ਇਸ ਦੇ ਪੂਰੇ ਹੱਕ ਵਿੱਚ ਹਾਂ।
? ਪੁਸ਼ਪਿੰਦਰ ਜੀ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਛੀਆਂ ਬਾਰੇ ਕੀਤੇ ਜ਼ਿਕਰ ਵਿਚਲੇ ਪੰਛੀਆਂ ਤੋਂ ਬਾਅਦ ਵੀ ਕਿਸੇ ਪ੍ਰੋਜੈਕਟ `ਤੇ ਕੋਈ ਕੰਮ ਕਰ ਰਹੇ ਹੋ? ਕੋਈ ਹੋਰ ਕਿਤਾਬ ਲਿਖਣ ਬਾਰੇ ਸੋਚਿਆ?
: ਸਤਨਾਮ ਜੀ, ਮੈਂ ਕੋਈ ਵੀ ਕਿਤਾਬ ਪਹਿਲਾਂ ਸੋਚ ਕੇ ਨਹੀਂ ਲਿਖੀ, ਮੈਂ ਐਵੇਂ ਹੀ ਆਰਟੀਕਲ ਲਿਖਦੀ ਰਹੀ ਹਾਂ। ਜਦੋਂ ਇੱਕ ਵਿਸ਼ੇ ਉੱਤੇ ਕੁਝ ਆਰਟੀਕਲ ਇਕੱਠੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਮੰਤਵ ਵਿੱਚ ਬੰਨ੍ਹਣ ਲਈ ਅਤੇ ਲੜੀ ਵਿੱਚ ਪਰੋਣ ਲਈ ਕੁਝ ਉਨ੍ਹਾਂ ਨੂੰ ਜੋੜਨ ਵਾਲੇ ਆਰਟੀਕਲ ਲਿਖਦੀ ਹਾਂ। ਬਾਕੀ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੇਰਾ ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਪੰਛੀਆਂ ’ਤੇ ਕੰਮ ਚੱਲ ਰਿਹਾ ਹੈ ਜਿਹੜਾ 80% ਪੂਰਾ ਹੋ ਗਿਆ ਹੈ। ਉਸ ਤੋਂ ਬਾਅਦ ਜਦੋਂ ਵਿਹਲਾਪਨ ਤੰਗ ਕਰੇਗਾ ਤਾਂ ਕੋਈ ਹੋਰ ਕੰਮ ਵੀ ਸੁੱਝ ਜਾਵੇਗਾ।
? ਤੁਸੀਂ ਉਨ੍ਹਾਂ ਵਿਦਿਆਰਥੀਆਂ ਨੂੰ, ਜਿੰਨ੍ਹਾਂ ਨੇ ਜੀਵ-ਵਿਗਿਆਨੀ ਬਣਨਾ ਹੋਵੇ ਉਨ੍ਹਾਂ ਨੂੰ ਆਪਣੇ ਤਜ਼ਰਬੇ ਤੋਂ ਕੋਈ ਜ਼ਿੰਦਗੀ ਦੇ ਰਾਜ ਦੱਸਣਾ ਚਾਹੋਗੇ?
: ਕੁਝ ਹਾਸਲ ਕਰਨ ਲਈ ਮਿਹਨਤ ਤਾਂ ਹਰ ਕਿੱਤੇ ਵਿੱਚ ਰੱਜ ਕੇ ਕਰਨੀ ਪੈਂਦੀ ਹੈ ਅਤੇ ਕੰਮ ਕਰਨ ਵਾਲੇ ਲਈ ਸਭ ਕਿੱਤਿਆਂ ਵਿੱਚ ਬਹੁਤ ਕੁਝ ਹੈ, ਕਰਨ ਲਈ ਅਤੇ ਹਾਸਲ ਕਰਨ ਲਈ। ਬੱਸ ਮਨ ਦੀ ਤਸੱਲੀ ਅਤੇ ਤ੍ਰਿਪਤੀ ਚਾਹੀਦੀ ਹੈ। ਸੇਵਾ ਮੁਕਤ ਹੋ ਕੇ ਆਪਣੀ ਮੁਲਾਜ਼ਮੀ ਤੋਂ ਬਾਅਦ ਮੈਂ ਆਪਣੀ ਮਾਨਸਿਕ ਤਸੱਲੀ ਲਈ ਕੰਮ ਕਰ ਰਹੀ ਹਾਂ। ਭਾਵੇਂ ਇਸ ਕੰਮ ਵਿੱਚ ਮੇਰਾ ਖ਼ਰਚਾ ਵੀ ਬਹੁਤ ਹੋ ਰਿਹਾ ਹੈ ਪਰ ਮੇਰੇ ਨਾਲ-ਨਾਲ ਡਾ. ਜੈ ਰੂਪ ਸਿੰਘ ਨੂੰ ਵੀ ਮੇਰੇ ਇਸ ਕੰਮ ਨੂੰ ਕਰਨ ਨਾਲ ਬਹੁਤ ਖੁਸ਼ੀ ਅਤੇ ਸਕੂਨ ਮਿਲ ਰਿਹਾ ਹੈ। ਇਸੇ ਖੁਸ਼ੀ ਅਤੇ ਸਕੂਨ ਦੇ ਸਦਕਾ ਮੈਂ ਐੱਡੀ ਵੱਡੀ ਸਿਹਤ ਦੀ ਪ੍ਰੌਬਲਮ ਨੂੰ ਵੀ ਖਿੜੇ ਮੱਥੇ ਸਹਿ ਰਹੀ ਹਾਂ।
? ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਪਾਠਕਾਂ ਅਤੇ ਆਮ ਲੋਕਾਂ ਜਾਂ ਵਿਦਿਆਰਥੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
: ਢਾਅ ਜੀ, ਬਾਕੀ ਰਹੀ ਸੁਨੇਹੇ ਦੀ ਗੱਲ, ਮੈਂ ਤਾਂ ਐਂਵੇ ਛੋਟੀ ਜਿਹੀ ਇਨਸਾਨ ਹਾਂ ਪਰ ਫੇਰ ਵੀ ਮੈਂ ਐਨਾ ਹੀ ਕਹਿਣਾ ਚਾਹਵਾਂਗੀ ਕਿ ਸਿਰਫ਼ ਉਹ ਵਿਸ਼ਾ ਜਾਂ ਕਿੱਤਾ ਹੀ ਅਪਨਾਉਣਾ ਚਾਹੀਦਾ ਹੈ ਜਿਸ ਨੂੰ ਕਰਨਾ ਕੰਮ ਨਾ ਲੱਗ ਕੇ, ਸਗੋਂ ਕਰਨ ਵਿੱਚ ਅਨੰਦ ਆਵੇ ਅਤੇ ਮਨ ਨੂੰ ਸਕੂਨ ਮਿਲੇ। ਉਸ ਨਾਲ ਜੀਵਨ ਵਿੱਚ ਸ਼ਾਂਤੀ ਮਿਲਦੀ ਹੈ ਅਤੇ ਤਰੱਕੀ ਵੀ ਬਹੁਤੀ ਹੁੰਦੀ ਹੈ।
? ਡਾ. ਪੁਸ਼ਪਿੰਦਰ ਜੈ ਰੂਪ ਜੀ, ਮੈਂ ਜੀਵ-ਵਿਗਿਆਨ ਦਾ ਵਿਦਿਆਰਥੀ ਵੀ ਨਹੀਂ ਨਾ ਹੀ ਮੇਰਾ ਇਸ ਖੇਤਰ ਵਿੱਚ ਕੋਈ ਇੰਨਾ ਗਿਆਨ ਹੈ। ਹੋ ਸਕਦਾ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਪੁੱਛਣ ਤੋਂ ਰਹਿ ਗਈਆਂ ਹੋਣ। ਕੋਈ ਅਜਿਹੀ ਮਹੱਤਵਪੂਰਨ ਗੱਲ ਜੋ ਤੁਸੀਂ ਦੱਸਣੀ ਚਾਹੁੰਦੇ ਹੋਵੋਂ, ਮੈਂ ਤੁਹਾਨੂੰ ਨਾ ਪੁੱਛ ਸਕਿਆ ਹੋਵਾਂ?
: ਸਤਨਾਮ ਜੀ, ਤੁਸੀਂ ਮੈਨੂੰ ਇੰਨੇ ਸਵਾਲ ਕੀਤੇ ਹਨ, ਹੋਰ ਦੀ ਲੋੜ ਹੀ ਨਹੀਂ, ਹੋਰ ਕੁਝ ਬਚਿਆ ਹੀ ਨਹੀਂ। ਮੈਂ ਆਪਣੇ ਬਾਰੇ ਇੰਨੇ ਨਿੱਜੀ ਸਵਾਲਾਂ ਦੇ ਜਵਾਬ ਕਦੇ ਕਿਸੇ ਨੂੰ ਨਹੀਂ ਦਿੱਤੇ ਅਤੇ ਨਾ ਹੀ ਸਾਂਝੇ ਕੀਤੇ ਹਨ। ਤੁਹਾਡੇ ਕਰਕੇ ਤਾਂ ਮੇਰੇ ਜੀਵਨ ਦੇ ਕਈ ਪਹਿਲੂ ਲਿਖਤੀ ਰੂਪ ਵਿੱਚ ਆ ਗਏ ਹਨ, ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਉਮੀਦ ਕਰਦੀ ਹਾਂ ਮੇਰੇ ਦਿੱਤੇ ਜਵਾਬ ਤੁਹਾਡੀ ਉਮੀਦ ਦੇ ਨੇੜੇ-ਤੇੜੇ ਪਹੁੰਚ ਹੀ ਗਏ ਹੋਣਗੇ।
ਸਤਨਾਮ ਸਿੰਘ ਢਾਅ: ਡਾ. ਪੁਸ਼ਪਿੰਦਰ ਜੀ, ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਿਹਤ ਢਿੱਲੀ ਹੋਣ ਦੇ ਵਾਬਜੂਦ ਵੀ ਆਪਣੀ ਸੰਘਰਸ਼ ਮਈ ਜ਼ਿੰਦਗੀ ਦੀ ਕਿਤਾਬ ਦੇ ਪੰਨੇ ਸਾਂਝੇ ਕੀਤੇ। ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦੀ ਦਾਸਤਾਨ ਸੁਣਾ ਕੇ ਬਹੁਤ ਸਾਰੇ ਲੋਕਾਂ ਨੂੰ, ਜੋ ਆਪਣੇ ਆਪ ਨੂੰ ਕਮਜ਼ੋਰ ਜਾਂ ਬੇਬਸ ਸਮਝਦੇ ਹੋਣ ਉਨ੍ਹਾਂ ਨੂੰ, ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ, ਸਵੈਮਾਣ ਨਾਲ ਜਿਉਣ ਲਈ ਉਤਸ਼ਾਹਿਤ ਕੀਤਾ ਹੈ। ਹੁਣ ਫੇਰ ਜਦੋਂ ਤੁਸੀਂ ਕੈਨੇਡਾ ਆਏ ਤਾਂ ਹੋਰ ਵੀ ਗੱਲਾਂਬਾਤਾਂ ਕਰਾਂਗੇ। ਇੱਕ ਵਾਰ ਫੇਰ ਧੰਨਵਾਦ।
*****
(1358)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)