“ਸੈਂਹਬੀ ਨੇ ਆਖਿਆ ਕਿ ਨੀਰ ਸਾਹਿਬ ਨਵੇਂ ਲਿਖਣ ਵਾਲ਼ਿਆਂ ਨੂੰ ਹਮੇਸ਼ਾ ਉਤਸ਼ਾਹਿਤ ...”
(1 ਅਗਸਤ 2025)
ਅਰਪਨ ਲਿਖਾਰੀ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਸ. ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ 26 ਜੁਲਾਈ ਨੂੰ ਟੈਂਪਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਡਾ. ਜੋਗਾ ਸਿੰਘ ਸਹੋਤਾ, ਸ਼੍ਰੀਮਤੀ ਕੁਲਦੀਪ ਕੌਰ ਘਟੌੜਾ ਅਤੇ ਡਾ. ਸੇਵਾ ਸਿੰਘ ਪ੍ਰੇਮੀ ਨੇ ਸਦਾਰਤ ਕੀਤੀ। ਖਚਾਖਚ ਭਰੇ ਹਾਲ ਵਿਚ ਨੀਰ ਸਾਹਿਬ ਨੂੰ ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਨਜ਼ਮਾਂ ਦੀ ਪੇਸ਼ਕਾਰੀ ਰਾਹੀਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਜਗਦੇਵ ਸਿੱਧੂ ਨੇ ਕਾਰਵਾਈ ਸ਼ੁਰੂ ਕਰਦਿਆਂ ਹੀ ਸੁਰਜੀਤ ਪਾਤਰ ਦੀਆਂ ਇਨ੍ਹਾਂ ਸਤਰਾਂ ਨਾਲ਼ ਸਮਾਗਮ ਦੀ ਦਿਸ਼ਾ ਨਿਰਧਾਰਤ ਕਰ ਦਿੱਤੀ, “ਜਦੋਂ ਤੱਕ ਲਫ਼ਜ਼ ਜਿਉਂਦੇ ਨੇ, ਸੁਖਨਵਰ ਜਿਉਣ ਮਰ ਕੇ ਵੀ, ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿਚ ਸੁਆਹ ਬਣਦੇ।”
ਜਸਵੰਤ ਸਿੰਘ ਸੇਖੋਂ ਨੇ ਆਪਣੀ ਲਿਖੀ ਕਵਿਤਾ ਕਵੀਸ਼ਰੀ ਰੰਗ ਵਿਚ ਸ਼ਰਧਾਂਜਲੀ ਦਿੱਤੀ। ਡਾ. ਮਨਮੋਹਨ ਬਾਠ, ਸੁਖਵਿੰਦਰ ਤੂਰ, ਜਰਨੈਲ ਤੱਗੜ, ਸੁਖਮੰਦਰ ਗਿੱਲ, ਹਰਮਿੰਦਰ ਪਾਲ ਸਿੰਘ ਅਤੇ ਡਾ. ਜੋਗਾ ਸਿੰਘ ਸਹੋਤਾ ਨੇ ਕੇਸਰ ਸਿੰਘ ਨੀਰ ਦੀਆਂ ਗ਼ਜ਼ਲਾਂ ਦੀ ਗਾਇਕੀ ਨਾਲ਼ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਹਰੇਕ ਨੇ ਗ਼ਜ਼ਲਾਂ ਨੂੰ ਆਪਣੇ ਨਿਵੇਕਲੇ ਲਹਿਜੇ ਅਤੇ ਕਮਾਲ ਦੇ ਅੰਦਾਜ਼ ਵਿਚ ਪੇਸ਼ ਕੀਤਾ ਅਤੇ ਹਰੇਕ ਵੰਨਗੀ ਨੇ ਦਰਸ਼ਕਾਂ ਨੂੰ ਵੱਖਰਾ ਸਰੂਰ ਦਿੱਤਾ। ਤਰਲੋਚਨ ਸੈਂਹਬੀ ਦੀ ਬੁਲੰਦ ਆਵਾਜ਼ ਨੇ ਗਾਇਕੀ ਦਾ ਜਾਦੂ ਬਿਖੇਰ ਦਿੱਤਾ। ਸੈਂਹਬੀ ਨੇ ਆਖਿਆ ਕਿ ਨੀਰ ਸਾਹਿਬ ਨਵੇਂ ਲਿਖਣ ਵਾਲ਼ਿਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਸਨ, ਜਿਨ੍ਹਾਂ ਵਿੱਚੋਂ ਮੈਂ ਵੀ ਇਕ ਹਾਂ। ਸਰਦੂਲ ਸਿੰਘ ਲੱਖਾ ਨੇ ਕਿਹਾ ਕਿ ਨੀਰ ਸਾਹਿਬ ਜਗਰਾਉਂ ਸਾਹਿਤ ਸਭਾ ਦੀ ਬਗੀਚੀ ਦਾ ਟੀਸੀ ਦਾ ਬੇਰ ਸੀ। ਜਗਰਾਉਂ ਸਾਹਿਤ ਸਭਾ ਲਈ ਨੀਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਸਵੀਰ ਸਿਹੋਤਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਨੀਰ ਦੀ ਸ਼ਖ਼ਸੀਅਤ ਨੂੰ ਉਜਾਗਰ ਕੀਤਾ। ਸੁਰਜੀਤ ਸਿੰਘ ਹੇਅਰ, ਡਾ. ਸੇਵਾ ਸਿੰਘ ਪ੍ਰੇਮੀ, ਸਵਰਨ ਸਿੰਘ ਧਾਲ਼ੀਵਾਲ਼ ਅਤੇ ਗੁਰਚਰਨ ਕੌਰ ਥਿੰਦ ਨੇ ਨੀਰ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਦੁੱਤੀ ਸ਼ਖ਼ਸੀਅਤ ਸਨ ਜੋ ਆਪਣੀਆਂ ਲਿਖਤਾਂ ਰਾਹੀਂ ਅਮਰ ਰਹਿਣਗੇ। ਉਨ੍ਹਾਂ ਨੇ ਨੀਰ ਦੁਆਰਾ ਸਮਾਜ ਸੇਵਾ, ਅਧਿਆਪਨ, ਜਨਤਕ ਘੋਲ਼ਾਂ ਅਤੇ ਸਾਹਿਤਕ ਖੇਤਰ ਵਿਚ ਪਾਏ ਮਹੱਤਵਪੂਰਨ ਯੋਗਦਾਨ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ।
ਸਤਨਾਮ ਢਾਅ ਨੇ ਨੀਰ ਸਾਹਿਬ ਬਾਰੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਉਹ ਅਰਪਨ ਲਿਖਾਰੀ ਸਭਾ ਦੇ ਮੋਢੀ ਸਨ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੈਲਗਰੀ ਦੇ ਸਾਹਿਤਕ ਭਾਈਚਾਰੇ ਵਿੱਚੋਂ ਇਕੱਲੇ ਹੀ ਅਜਿਹੇ ਸਾਹਿਤਕਾਰ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਭਾਸ਼ਾ ਵਿਭਾਗ ਪੰਜਾਬ ਦਾ ਪੁਰਸਕਾਰ ਮਿਲ਼ਿਆ। ਉਨ੍ਹਾਂ ਪਿਛਲੇ ਉਣੱਤੀ ਸਾਲ ਤੋਂ ਇਕੱਠੇ ਵਿਚਰਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਆਖਿਆ ਕਿ ਨੀਰ ਸਾਹਿਬ ਅੰਦਰੋਂ ਬਾਹਰੋਂ ਇੱਕੋ ਸਨ ਅਤੇ ਬੜੇ ਦਰਿਆ-ਦਿਲ ਇਨਸਾਨ ਸਨ। ਕਿਸੇ ਨੇ ਕਿਹਾ ਹੈ ਕਿ ਜੇਕਰ ਮਰਨ ਤੋਂ ਬਾਅਦ ਜਿਊਂਣਾ ਚਾਹੁੰਦੇ ਹੋ ਤਾਂ ਕੋਈ ਕੰਮ ਅਜਿਹਾ ਕਰ ਜਾਉ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ ਜਾਂ ਫੇਰ ਲਿਖ ਅਜਿਹਾ ਜਾਉ ਕਿ ਲੋਕ ਤੁਹਾਨੂੰ ਯਾਦ ਰੱਖਣ। ਸੋ ਨੀਰ ਸਾਹਿਬ ਨੇ ਦੋਵੇਂ ਕੰਮ ਕੀਤੇ ਹਨ। ਇਨ੍ਹਾਂ ਦੇ ਅਧਿਆਪਨ ਸਮੇਂ ਕੀਤੇ ਕਾਰਜ ਅਤੇ ਸ਼ਾਇਰੀ ਅੱਜ ਦੇ ਹਨੇਰਿਆਂ ਵਿਚ ਇਕ ਰੋਸ਼ਨੀ ਦੀ ਕਿਰਨ ਵਾਂਗ ਚਮਕਦੀ ਰਹੇਗੀ। ਲੋਕ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਣਗੇ।
ਅਡਮਿੰਟਨ ਤੋਂ ਆਈ ਕੇਸਰ ਸਿੰਘ ਨੀਰ ਦੀ ਸਪੁੱਤਰੀ ਜਸਜੀਤ ਕੌਰ ਭੰਵਰਾ ਅਤੇ ਕੈਲਗਰੀ ਤੋਂ ਬੇਟੇ ਅਰਸ਼ਦੀਪ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਜੀਆਂ ਦੀ ਕਾਮਯਾਬੀ ਵਿਚ ਸਾਡੇ ਪਿਤਾ ਜੀ ਦੀ ਬਹੁਤ ਵੱਡੀ ਦੇਣ ਹੈ। ਭੰਵਰਾ ਨੇ ਆਖਿਆ ਕਿ ਜਿੱਥੇ ਨੀਰ ਸਾਹਿਬ ਦੇ ਅਧਿਆਪਕ ਯੂਨੀਅਨ ਸਮੇਂ ਘਰੋਂ ਬਾਹਰ ਰਹਿ ਕੇ ਲੋਕ-ਹਿਤਾਂ ਲਈ ਸੰਘਰਸ਼ ਕਰਨ ਅਤੇ ਜੇਲ੍ਹ ਯਾਤਰਾਵਾਂ ਸਮੇਂ ਆਪਣੀ ਮਾਤਾ ਕੁਲਦੀਪ ਕੌਰ ਘਟੌੜਾ ਦੇ ਦਿੱਤੇ ਸਹਿਯੋਗ ਅਤੇ ਬੱਚਿਆਂ ਦੀ ਦੇਖ-ਭਾਲ ਕਰਨ ਦੇ ਯੋਗਦਾਨ ਦੀ ਵੀ ਗੱਲ ਕੀਤੀ। ਬੱਚੇ ਅਰਮਾਨ, ਵਾਣੀ ਅਤੇ ਇਸ਼ਟਪ੍ਰੀਤ ਨੇ ਨੀਰ ਦੇ ਲਿਖੇ ਬਾਲ-ਸਾਹਿਤ ਵਿੱਚੋਂ ਬਾਲ-ਕਵਿਤਾਵਾਂ, ਜੋ ਬੱਚਿਆਂ ਨੂੰ ਚੰਗੀ ਸੇਧ ਅਤੇ ਪੜ੍ਹਨ ਲਈ ਉਤਸ਼ਾਹਿਤ ਕਰਦੀਆਂ ਹਨ, ਸੁਣਾਈਆਂ। ਸਰੋਤਿਆਂ ਵੱਲੋਂ ਤਾਲ਼ੀਆਂ ਨਾਲ ਬੱਚਿਆਂ ਨੂੰ ਸ਼ਾਬਾਸ਼ ਨਾਲ ਨਿਵਾਜਿਆ। ਕੁਲਦੀਪ ਕੌਰ ਘਟੌੜਾ ਨੇ ਨੀਰ ਸਾਹਿਬ ਨਾਲ ਬਿਤਾਈ ਸ਼ਾਨਦਾਰ ਜ਼ਿੰਦਗੀ ਦੀਆਂ ਕੁਝ ਤਫਸੀਲਾਂ ਸਾਂਝੀਆਂ ਕੀਤੀਆਂ। ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਸਰੋਤਿਆਂ/ਦਰਸ਼ਕਾਂ ਦੁਆਰਾ ਇਕ-ਮਨ ਇਕ-ਚਿੱਤ ਹੋ ਕੇ ਸੁਣਨਾ ਅਤੇ ਤਾੜੀਆਂ ਨਾਲ਼ ਭਰਪੂਰ ਹੁੰਗਾਰਾ ਭਰਨਾ ਸਮਾਗਮ ਦੀ ਸ਼ੋਭਾ ਵਿਚ ਵਾਧਾ ਕਰ ਗਿਆ।
ਅਖੀਰ ਵਿਚ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਵੱਖ ਵੱਖ ਸਾਹਿਤਕ, ਸਮਾਜਿਕ ਅਤੇ ਭਾਈਚਾਰਕ ਜਥੇਬੰਦੀਆਂ ਦੇ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਡੇ ਸ਼ਹਿਰ ਵਿਚ ਬਹੁਤ ਸਾਰੇ ਸਮਾਗਮ ਹੋਣ ਦੇ ਵਾਬਜੂਦ ਵਿਚ ਏਨੀ ਵੱਡੀ ਗਿਣਤੀ ਵਿਚ ਹਾਜ਼ਰ ਹੋਣਾ ਇਹ ਦਰਸਾਉਂਦਾ ਹੈ ਕਿ ਕੇਸਰ ਸਿੰਘ ਨੀਰ ਦਾ ਸਾਡੇ ਭਾਈਚਾਰੇ ਵਿਚ ਕਿੰਨਾ ਸਤਿਕਾਰ ਸੀ।
ਪ੍ਰਧਾਨ ਡਾ. ਜੋਗਾ ਸਿੰਘ ਨੇ ਚਾਹ ਪਾਣੀ ਦੀ ਸੇਵਾ ਲਈ ਬੀਬੀ ਸੁਖਦੇਵ ਕੌਰ ਢਾਅ ਅਤੇ ਫ਼ੋਟੋਗ੍ਰਾਫ਼ੀ ਦੀਆਂ ਸੇਵਾਵਾਂ ਲਈ ਪੰਜਾਬੀ ਅਖ਼ਬਾਰ ਦੇ ਐਡੀਟਰ ਹਰਬੰਸ ਸਿੰਘ ਬੁੱਟਰ, ਬਲਦੇਵ ਸਿੰਘ ਢਾਅ ਅਤੇ ਦਲਜੀਤ ਸਿੰਘ ਹੁੰਝਣ ਦਾ ਸਪੈਸ਼ਲ ਧੰਨਵਾਦ ਕਰਦਿਆਂ ਇਹ ਆਖਿਆ ਕਿ ਅੱਜ ਦੇ ਇਸ ਸਮਾਗਮ ਦੀ ਕਾਮਯਾਬੀ ਦਾ ਸਿਹਰਾ ਸਭਾ ਦੇ ਨਿਰਸੁਆਰਥ ਵਲੰਟੀਅਰਾਂ, ਖਾਸ ਕਰਕੇ ਸ੍ਰ. ਜਗਦੇਵ ਸਿੰਘ ਸਿੱਧੂ ਅਤੇ ਲਖਵਿੰਦਰ ਸਿੰਘ ਜੌਹਲ ਦੇ ਸਿਰ ਹੈ, ਜਿਨ੍ਹਾਂ ਨੇ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਅਣਥਕ ਮਿਹਨਤ ਕੀਤੀ। ਜਗਦੇਵ ਸਿੰਘ ਸਿੱਧੂ ਨੇ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਿਆਂ ਨੀਰ ਦੀਆਂ ਯਾਦਾਂ ਅਤੇ ਗ਼ਜ਼ਲਾਂ ਦੇ ਸ਼ੇਅਰਾਂ ਨਾਲ ਸਰੋਤਿਆਂ ਨੂੰ ਆਪਣੀ ਮਿਕਨਾਤੀਸੀ ਕਲਾ ਨਾਲ ਕੀਲੀ ਰੱਖਿਆ। ਇਹ ਸਮਾਗਮ ਯਾਦਗਾਰੀ ਸਮਾਗਮ ਹੋ ਨਿੱਬੜਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (