SatnamDhah7ਪੰਜਾਬੀ ਭਾਸ਼ਾ ਦੀ ਪੁੱਛ-ਪ੍ਰਤੀਤ ਨਹੀਂ ਬਣੀ ਤੇ ਪੰਜਾਬੀ ਕਲਚਰ ਵਿੱਚੋਂ ਉਹ ਤਸਵੀਰ ਨਹੀਂ ਉੱਘੜਦੀਜਿਸ ’ਤੇ ਅਸੀਂ ...”
(25 ਸਤੰਬਰ 2017)

 

 

KamboBD1

 

? ਤੁਸੀਂ ਬਹੁਤ ਸਾਰੇ ਨਾਮੀ ਅਤੇ ਵੱਡੇ ਲੇਖਕਾਂ ਨੂੰ ਮਿਲਦੇ ਰਹੇ ਹੋਉਨ੍ਹਾਂ ਮਿਲਣੀਆਂ ਦੀ ਕੋਈ ਯਾਦ ਸਾਂਝੀ ਕਰਨੀ ਚਾਹੋਗੇ?

: ਸਾਹਿਤਕ ਸਫ਼ਰ ਦੌਰਾਨ ਮੇਰਾ ਅਨੇਕਾਂ ਹੀ ਸਾਹਿਤਕਾਰਾਂ ਨਾਲ ਰਿਸ਼ਤਾ ਬਣਿਆਇਹ ਰਿਸ਼ਤਾ ਹੈ ਵੀ ਸਹਿਜਤਾ ਵਾਲਾ ਹੀਡਾ. ਥਿੰਦ ਤੋਂ ਭਰਪੂਰ ਸਹਿਯੋਗ ਮਿਲਿਆਫਿਰ ਜਿਵੇਂ ਜਿਵੇਂ ਸੰਪਰਕ ਹੋਰ ਲੇਖਕਾਂ ਨਾਲ ਬਣਦਾ ਗਿਆ, ਇਸ ਰਿਸ਼ਤੇ ਦੀ ਲੜੀ ਬਣਦੀ ਗਈਡਾ. ਸਤਿਅਨੰਦ ਸੇਵਕ, ਪ੍ਰੋ. ਪਿਆਰਾ ਸਿੰਘ ਪਦਮ, ਪ੍ਰੋ. ਪ੍ਰੀਤਮ ਸਿੰਘ, ਡਾ. ਹਰਿਭਜਨ ਸਿੰਘ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਕਿਰਪਾਲ ਸਿੰਘ, ਪ੍ਰੋ. ਪਿਆਰਾ ਸਿੰਘ ਭੋਗਲ, ਗੁਰਮੀਤ ਪਲ਼ਾਹੀ, ਜਸਵੰਤ ਸਿੰਘ ਵਿਰਦੀ, ਬਚਿੰਤ ਕੋਰ, ਪ੍ਰਿੰ. ਐੱਸ. ਐੱਸ. ਅਮੋਲ, ਪ੍ਰਿੰ. ਸੁਜਾਨ ਸਿੰਘਮੈਂ ਦੱਸ ਦਿਆਂ ਇਨ੍ਹਾਂ ਵਿੱਚੋਂ ਬਹੁਤੇ ਲੇਖਕਾਂ ਨਾਲ ਗੂੜ੍ਹੇ ਸੰਪਰਕ ਦਾ ਹੀ ਫਲ਼ ਹੈ ਕਿ ਮੈਨੂੰ ਇਨ੍ਹਾਂ ਮਾਣਯੋਗ ਸ਼ਖ਼ਸੀਅਤਾਂ ਨਾਲ ਇੰਟਰਵੀਊ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਦੀ ਬਦੌਲਤ ‘ਸਿਰਜਣਾ ਤੇ ਸੰਵਾਦ’ ਨਾਮੀ ਪੁਸਤਕ ਹੋਂਦ ਵਿੱਚ ਆਈਉਪਰੰਤ ਇੰਟਨੈਸ਼ਨਲ ਪੰਜਾਬੀ ਸਾਹਿਤ ਵਿੱਚ ਪ੍ਰਬੰਧਕੀ ਕਾਰਜ ਕਰਦਿਆਂ ਭਾਰਤ ਦੇ ਅਨੇਕਾਂ ਹੀ ਨਾਮਵਰ ਸਾਹਿਤਕਾਰਾਂ ਨਾਲ ਸੰਪਰਕ ਬਣਿਆਫਿਰ ਪ੍ਰੋ. ਪ੍ਰੀਤਮ ਸਿੰਘ ਹੋਰਾਂ ਦੇ ਸਿਮਰਤੀ ਗ੍ਰੰਥ ਦੀ ਤਿਆਰੀ ਦੇ ਦੌਰਾਨ ਬੇਅੰਤ ਸ਼ਖ਼ਸੀਅਤਾਂ ਨਾਲ ਵੀ ਸੰਵਾਦ ਬਣਦਾ ਗਿਆਨਾਮ ਤਾਂ ਬਹੁਤ ਹਨ, ਪ੍ਰੰਤੂ ਜਿਨ੍ਹਾਂ ਨਾਲ ਨਿਕਟ ਵਰਤੀ ਪਹਿਚਾਣ ਬਣੀ, ਉਹ ਨਾਮ ਹਨ: ਡਾ. ਐੱਸ. ਪੀ. ਸਿੰਘ, ਡਾ. ਗੁਰਚਰਨ ਸਿੰਘ, ਡਾ. ਕੁਲਦੀਪ ਸਿੰਘ ਧੀਰ, ਡਾ. ਰਾਜਿੰਦਰ ਸਿੰਘ, ਡਾ. ਸਤਿੰਦਰ ਸਿੰਘ ਨੂਰ, ਗੁਰਦਿਆਲ ਸਿੰਘ ਨਾਵਲਕਾਰ, ਪ੍ਰੀਤਮ ਸਿੰਘ ਆਈ. ਏ. ਐੱਸ, ਡਾ. ਕੁਲਬੀਰ ਸਿੰਘ ਕਾਂਗ, ਡਾ. ਸਰਦਾਰਾ ਸਿੰਘ ਜੌਹਲ, ਡਾ. ਕਰਨੈਲ ਸਿੰਘ ਸੋਮਲ, ਪ੍ਰੋ. ਨਰਿੰਜਨ ਸਿੰਘ ਤਸਨੀਮ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਬ੍ਰਹਮ ਜਗਦੀਸ਼ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਰਘਬੀਰ ਸਿੰਘ ਸਿਰਜਣਾ, ਡਾ. ਧਰਮ ਸਿੰਘ, ਡਾ. ਐੱਸ. ਤਰਸੇਮ, ਪ੍ਰੋ. ਕੇਵਲ ਕਿਸ਼ਨ ਕਲੋਟੀ, ਡਾ. ਨਿਰਮਲ ਸਿੰਘ, ਹਰਭਜਨ ਸਿੰਘ ਹੁੰਦਲ, ਡਾ. ਕਰਨਜੀਤ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਰਾਮ ਸਰੂਪ ਅਣਖੀ, ਪ੍ਰੋ. ਗੁਰਮੁਖ ਸਿੰਘ ਸਹਿਗਲ, ਨਿੰਦਰ ਘੁਗਿਆਣਵੀਇਹ ਉਨ੍ਹਾਂ ਸ਼ਖ਼ਸੀਅਤਾਂ ਦੇ ਹੀ ਨਾਮ ਹਨ ਜਿਨ੍ਹਾਂ ਨਾਲ ਮੇਰਾ ਨਿੱਜੀ ਸੰਪਰਕ ਬਣਿਆ ਜਾਂ ਸੰਵਾਦ ਹੋਇਆ

? ਪ੍ਰੀਤਮ ਜੀ, ਇੱਥੇ ਇਹ ਵੀ ਦੱਸਦੇ ਜਾਉ ਕਿ ‘ਸਿਰਜਣਾ ਤੇ ਸੰਵਾਦ’ ਨਾਮੀ ਮੁਲਾਕਾਤ ਵਾਲੀ ਕਿਤਾਬ ਕਿਵੇਂ ਹੋਂਦ ਵਿੱਚ ਆਈ?

: ਬਰਤਾਨੀਆ ਵਿਖੇ ਸਾਹਿਤਕ ਕਾਰਜ ਕਰਦਿਆਂ ਜਿਨ੍ਹਾਂ ਵਿਦਵਾਨ ਲੇਖਕਾਂ ਨਾਲ ਮੇਰਾ ਸੰਬੰਧ ਬਣਦਾ ਗਿਆ, ਉਨ੍ਹਾਂ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਮੈਂ ਉਨ੍ਹਾਂ ਲੇਖਕਾਂ ਨੂੰ ਪੜ੍ਹਦਾ ਗਿਆਪ੍ਰਸ਼ਨ ਤਿਆਰ ਕੀਤੇ, ਭੇਜੇ ਅਤੇ ਸਮਾਂ ਤੇ ਸਥਾਨ ਨਿਸਚਤ ਕਰਕੇ ਇੰਟਰਵੀਊ ਰੀਕਾਰਡ ਕੀਤੀਆਂਪਰਚਿਆਂ ਵਿੱਚ ਛਾਪਣ ਉਪਰੰਤ ਪੁਸਤਕ ਰੂਪ ਵਿੱਚ ਪਰਵੇਸ਼ ਪਾ ਗਈਆਂਕੁਝ ਇੰਟਰਵੀਉਜ਼ ਲੰਡਨ ਵਿਖੇ ਹੀ ਰਿਕਾਰਡ ਕੀਤੀਆਂ ਤੇ ਬਾਕੀ ਦਿੱਲੀ, ਚੰਡੀਗੜ੍ਹ ਤੇ ਪੰਜਾਬ ਵਿੱਚ ਲੇਖਕਾਂ ਦੇ ਨਿਵਾਸ ਅਸਥਾਨਾਂ ’ਤੇ ਜਾ ਕੇ ਕੀਤੀਆਂ

? ਤੁਸੀਂ ਹੋਰ ਸੰਪਾਦਨਾ ਦੇ ਨਾਲ ਨਾਲ ਇੱਕ ਬਹੁਤ ਹੀ ਚਰਚਿਤ ਕਿਤਾਬ ਦੀ ਸੰਪਾਦਨਾ ਕੀਤੀ ਹੈ: ‘ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖਸੀਅਤ ਅਤੇ ਰਚਨਾ’ਇਸ ਮਹੱਤਵਪੂਰਨ ਪੁਸਤਕ ਦੀ ਸੰਪਾਦਨਾ ਦਾ ਸਬੱਬ ਕਿਸ ਤਰ੍ਹਾਂ ਬਣਿਆ? ਇੰਗਲੈਂਡ ਵਿੱਚ ਬੈਠਿਆਂ ਇੰਨੇ ਲੇਖਕਾਂ ਤੋਂ ਆਰਟੀਕਲ ਲਿਖਵਾਉਣੇ ਤਾਂ ਹੋਰ ਵੀ ਮੁਸ਼ਕਲ ਕੰਮ ਹੋਵੇਗਾਕਿੰਨਾ ਕੁ ਸਮਾਂ ਲੱਗਾਇਸ ਵੱਡ-ਅਕਾਰੀ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ?

: ਹਾਂ, ਢਾਅ ਜੀ, ਨਿਰਸੰਦੇਹ ਮੈਂ ਖੁਸ਼ ਕਿਸਮਤ ਹਾਂ ਕਿ ਪੰਜਾਬੀ ਸਾਹਿਤ ਦੀ ਮਹਾਨ ਸ਼ਖਸੀਅਤ ਬਾਰੇ ਪ੍ਰੋ. ਪ੍ਰੀਤਮ ਸਿੰਘ-ਜੀਵਨ, ਸ਼ਖ਼ਸੀਅਤ ਅਤੇ ਰਚਨਾ ਨੂੰ ਸੰਪਾਦਤ ਕਰਨ ਦਾ ਅਵਸਰ ਮਿਲਿਆਪ੍ਰੋ. ਪ੍ਰੀਤਮ ਸਿੰਘ ਨੇ ਬਹੁਤ ਹੀ ਨਿੱਠ ਕੇ ਲਿਖਿਆ ਹੈਗਹਿਰ ਗੰਭੀਰਤਾ ਨਾਲ ਲਿਖਿਆ ਹੈਉਹ ਆਪਣੀ ਹਰ ਲਿਖਤ ਨੂੰ ਖਰੋਚ ਖਰੋਚ ਕੇ ਲਿਖਦੇ ਸਨਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀ ਲਿਖਤ ਵਿੱਚ ਪੂਰਨ-ਪ੍ਰੌੜ੍ਹਤਾ ਨਹੀਂ ਸੀ ਆ ਜਾਂਦੀ, ਉੰਨਾ ਚਿਰ ਉਹ ਰਚਨਾ ਨੂੰ ਅੰਤਿਮ ਰੂਪ ਨਹੀਂ ਸਨ ਦਿੰਦੇਦੂਜੀ ਗੱਲ ਜਿੰਨਾ ਪੰਜਾਬੀ ਭਾਸ਼ਾ ਦੀ ਵਰਤਮਾਨ ਦਸ਼ਾ ਬਾਰੇ ਇਨ੍ਹਾਂ ਪੰਜਾਬੀ ਸਮਾਜ ਨੂੰ ਹਲੂਣਿਆਂ, ਸਰਕਾਰਾਂ ਨੂੰ ਸਤਰਕ ਕੀਤਾ, ਇੰਨਾ ਸ਼ਾਇਦ ਕਿਸੇ ਹੋਰ ਲੇਖਕ ਨੇ ਨਾ ਕੀਤਾ ਹੋਵੇਆਖ਼ਰੀ ਦਮ ਤੱਕ ਉਹ ਆਪਣਾ ਨੈਤਿਕ ਫ਼ਰਜ਼ ਸਿਦਕ-ਦਿਲੀ ਨਾਲ ਨਿਭਾਉਂਦੇ ਰਹੇਇਹੋ ਜਿਹੀ ਸ਼ਖ਼ਸੀਅਤ ਬਾਰੇ ਗ੍ਰੰਥ ਤਿਆਰ ਕਰਨ ਦੀ ਜ਼ਿੰਮੇਵਾਰੀ ਮਿਲਣੀ ਨਿਹਾਇਤ ਹੀ ਮਾਣ ਵਾਲੀ ਗੱਲ ਹੈਖੈਰ ਇਸ ਗ੍ਰੰਥ ਦੀ ਸੰਪਾਦਨਾ ਕਰਨ ਦਾ ਪਿਛੋਕੜ ਇਹ ਹੈ ਕਿ ਪ੍ਰੋ. ਸਾਹਿਬ ਨਾਲ ਮੇਰਾ ਸੰਪਰਕ ਉਦੋਂ ਬਣਿਆ, ਜਦੋਂ ਉਹ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਹੋਣ ਤੋਂ ਬਆਦ ਯੂ. ਕੇ. ਆਏ ਤਾਂ ਮੈਂ ਉਨ੍ਹਾਂ ਨਾਲ ਖਬਰੇ ਅਮਰੀਕਨ ਐਂਬੈਸੀ ਗਿਆ ਸੀਗੱਲਬਾਤ ਤਾਂ ਸਾਹਿਤ ਬਾਰੇ ਹੀ ਹੋਣੀ ਸੀਅੱਛਾ ਸੰਪਰਕ ਬਣ ਗਿਆਉਨ੍ਹਾਂ ਦੀ ਸਾਹਿਤਕ ਦੇਣ ਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨ ਦਾ ਮੌਕਾ ਬਣਦਾ ਗਿਆਹਰ ਸਾਲ ਕਰਿਸਮਸ/ਨਵੇਂ ਸਾਲ ਦਾ ਕਾਰਡ ਭੇਜਣਾ ਤੇ ਉੱਤਰ ਹਰ ਹਾਲਤ ਵਿੱਚ ਪੋਸਟ ਕਾਰਡ ਰਾਹੀਂ ਜ਼ਰੂਰ ਮਿਲਣਾ

ਇਸ ਤਰ੍ਹਾਂ ਉਨ੍ਹਾਂ ਦੀਆਂ ਪ੍ਰਕਾਸ਼ਤ ਰਚਨਾਵਾਂ ਬਾਰੇ ਵੇਰਵਾ ਮਿਲਦਾ ਰਹਿਣ ਕਰਕੇ ਮੈਂ ਉਨ੍ਹਾਂ ਦੀਆਂ ਲੱਗਪੱਗ ਸਾਰੀਆਂ ਪ੍ਰਸਿੱਧ ਪੁਸਤਕਾਂ ਪੜ੍ਹ ਗਿਆਉਨ੍ਹਾਂ ਦਾ ਜ਼ਿਕਰ ਵੀ ਮੈਂ ਆਪਣੇ ਖ਼ਤਾਂ ਵਿੱਚ ਕਰਦਾ ਰਿਹਾਇਸ ਦੌਰਾਨ ਮੇਰੇ ਮਨ ਵਿੱਚ ਉਨ੍ਹਾਂ ਦੀਆਂ ਲਿਖਤਾਂ ਪ੍ਰਤੀ ਇੱਕ ਸ਼ਰਧਾ ਉਪਜ ਗਈ ਤੇ ਉਨ੍ਹਾਂ ਪ੍ਰਤੀ ਕੋਈ ਨਿੱਠ ਕੇ ਕਾਰਜ ਕਰਨ ਲਈ ਮਨ ਵਿੱਚ ਵਲਵਲੇ ਉਪਜਣ ਲੱਗੇਉਨ੍ਹਾਂ ਨਾਲ ਨੇੜਤਾ ਤਾਂ ਬਣ ਹੀ ਚੁੱਕੀ ਸੀਨਿਝੱਕਤਾ ਨਾਲ ਮੈਂ ਉਨ੍ਹਾਂ ਬਾਰੇ ਕੰਮ ਕਰਨ ਲਈ ਆਗਿਆ ਮੰਗੀਉਨ੍ਹਾਂ ਵੱਲੋਂ ਪ੍ਰਵਾਨਗੀ ਮਿਲਣ ਤੇ ਕਾਰਜ ਸ਼ੁਰੂ ਕਰ ਦਿੱਤਾ4/5 ਸਾਲ ਉਨ੍ਹਾਂ ਨਾਲ ਈ-ਮੇਲ ਤੇ ਪੁਸਤਕ ਦੀ ਤਿਆਰੀ ਸੰਬੰਧੀ ਸਲਾਹਾਂ, ਪੁੱਛਾਂ ਤੇ ਵਿਚਾਰਾਂ ਦੇ ਨਾਲ ਨਾਲ ਨਜ਼ਦੀਕੀ ਲੇਖਕਾਂ ਬਾਰੇ ਜਾਣਕਾਰੀ ਹਾਸਲ ਕਰਕੇ ਲੇਖਕਾਂ ਕੋਲੋਂ ਲੇਖਾਂ ਦੀ ਪ੍ਰਾਪਤੀ ਦੇ ਅਵਸਰ ਪ੍ਰਾਪਤ ਹੋਏਨਾਲ ਨਾਲ ਮੈਂ ਆਪਣੇ ਬਣੇ ਹੋਏ ਸੰਪਰਕਾਂ ਨੂੰ ਵੀ ਵਰਤਿਆ ਅਤੇ ਨਵੇਂ ਅਪ੍ਰੀਚਤ ਲੇਖਕਾਂ ਨਾਲ ਵੀ ਸੰਬੰਧ ਬਣਦੇ ਗਏਏਡੇ ਵੱਡੇ ਲੇਖਕ ਬਾਰੇ ਲਿਖਣਾ, ਲੇਖਾਂ ਦੀ ਪ੍ਰਾਪਤੀ ਕਰਨੀ, ਲੇਖਕਾਂ ਕੋਲੋਂ ਸਹਿਯੋਗ ਲੈਣਾ ਮੇਰੇ ਵੱਸ ਦੀ ਗੱਲ ਤਾਂ ਨਹੀਂ ਸੀ, ਪ੍ਰੰਤੂ ਪ੍ਰੋ. ਸਾਹਿਬ ਹਰ ਮੌਕੇ ’ਤੇ ਮੈਨੂੰ ਅਗਵਾਈ ਕਰਦੇ ਤੇ ਇਸ ਤਰ੍ਹਾਂ ਉੱਚ ਪਾਏ ਦੇ ਲੇਖਕਾਂ ਤੇ ਉੱਭਰਵੀਆਂ ਸ਼ਖ਼ਸੀਅਤਾਂ ਕੋਲੋਂ ਲੇਖਾਂ ਦੀ ਪ੍ਰਾਪਤੀ ਹੋਈ

ਇਹ ਠੀਕ ਹੈ, ਇੰਗਲੈਂਡ ਬੈਠ ਕੇ ਭਾਰਤੀ ਪੰਜਾਬ ਦੇ ਲੇਖਕਾਂ ਤੋਂ ਲੇਖ ਲਿਖਵਾਉਣੇ ਤੇ ਸਮੱਗਰੀ ਇਕੱਤਰ ਕਰਨੀ ਬਿਖੜਾ ਕਾਰਜ ਸੀ, ਪ੍ਰੰਤੂ ਜਦੋਂ ਸ਼ੁੱਧ ਭਾਵਨਾ ਹੋਵੇ ਤੇ ਤੁਹਾਨੂੰ ਪ੍ਰੋ. ਸਾਹਿਬ ਵਰਗੀ ਸ਼ਖ਼ਸੀਅਤ ਦੀ ਹੱਲਾਸ਼ੇਰੀ ਹੋਵੇ ਤਾਂ ਰੁਕਾਵਟਾਂ ਹੌਲ਼ੀ ਹੌਲ਼ੀ ਹੱਲ ਹੋ ਜਾਂਦੀਆਂ ਹਨ ਉਹ ਮੇਰੀ ਸਹਾਇਤਾ ਤੇ ਰਾਹਨੁਮਾਈ ਕਰਦੇ ਸਨਸੋ ਸਮਾਂ ਤਾਂ ਲੱਗਣਾ ਹੀ ਸੀ ਪਰ ਤੁਹਾਨੂੰ ਪਤਾ ਹੀ ਹੈ ਕਿ ਅਜਿਹੇ ਕਾਰਜ ਦੀ ਸੰਪੂਰਨਤਾ ਲਈ ਔਕੜਾਂ ਤਾਂ ਆਉਂਦੀਆਂ ਹੀ ਹਨਸਿੰਘ ਬ੍ਰਦਰਜ਼ ਦੇ ਪ੍ਰਕਾਸ਼ਕ ਸ੍ਰ. ਗੁਰਸਾਗਰ ਸਿੰਘ ਹੋਰੀਂ ਪੂਰਨ ਉਤਸ਼ਾਹ ਦੇ ਕੇ ਨਿਵਾਜਦੇ ਰਹੇਉਨ੍ਹਾਂ ਪੂਰੀ ਲਗਨ ਨਾਲ ਇਸ ਗ੍ਰੰਥ ਨੂੰ ਸੁਹਜ ਭਰਪੂਰ ਬਣਾ ਕੇ ਪ੍ਰਕਾਸ਼ਤ ਕਰ ਦਿੱਤਾ ਤੇ ਮੇਰੇ ਵੱਲੋਂ ਵਿੱਢੇ ਹੋਏ ਕਾਰਜ ਨੂੰ ਸੰਪੰਨ ਕਰਕੇ ਮੈਨੂੰ ਮਾਣ ਦਾ ਅਧਿਕਾਰੀ ਬਣਾ ਦਿੱਤਾ

? ਕੈਂਬੋ ਸਾਹਿਬ, ਤੁਸੀਂ ‘ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖ਼ਸੀਅਤ ਤੇ ਰਚਨਾ’ ਨਾਮੀ ਗ੍ਰੰਥ ਨੂੰ ਬਹੁਤ ਹੀ ਮਿਹਨਤ ਤੇ ਖੂਬਸੂਰਤੀ ਨਾਲ ਤਿਆਰ ਕੀਤਾ ਹੈਇਸ ਗ੍ਰੰਥ ਨੂੰ ਪ੍ਰਕਾਸ਼ਿਤ ਕਰਨ ਪਿੱਛੇ ਕਿਹੜੀ ਪ੍ਰੇਰਨਾ ਕੰਮ ਕਰਦੀ ਸੀਮੈਨੂੰ ਇਸ ਪੁਸਤਕ ਨੇ ਬਹੁਤ ਪ੍ਰਭਵਿਤ ਕੀਤਾ ਹੈਅਤੇ ਇਸ ਪੁਸਤਕ ਦੀ ਚਰਚਾ ਵੀ ਕਾਫੀ ਹੋਈ ਹੈਤੁਸੀਂ ਇਸ ਦਾ ਕੀ ਮਹਤਵ ਸਮਝਦੇ ਹੋ?

: ਢਾਅ ਜੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਇਸ ਪੁਸਤਕ ਨੂੰ ਬੜੀ ਗੰਭੀਰਤਾ ਨਾਲ ਪੜ੍ਹਿਆ ਤੇ ਪੰਸਦ ਕੀਤਾ ਹੈਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਪ੍ਰੋ. ਸਾਹਿਬ ਨਾਲ ਸੰਪਰਕ ਬਣਨ ਕਰਕੇ ਮੈਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦੀਆਂ ਮਹੱਤਵਪੂਰਨ ਪੁਸਤਕਾਂ ਦਾ ਅਧਿਐਨ ਕਰ ਲਿਆਉਨ੍ਹਾਂ ਦੀ ਸ਼ਖ਼ਸੀਅਤ ਤੇ ਉਨ੍ਹਾਂ ਵੱਲੋਂ ਕੀਤੇ ਸਾਹਿਤਕ ਕਾਰਜਾਂ ਤੋਂ ਇੰਨਾ ਆਕਰਸ਼ਤ ਹੋਇਆ ਅਤੇ ਮੈਂ ਮਨ ਬਣਾਇਆ ਕਿ ਉਨ੍ਹਾਂ ਦੀ ਸ਼ਖ਼ਸੀਅਤ ਪ੍ਰਤੀ ਅਭਿਨੰਦਨ ਗ੍ਰੰਥ ਬਣਾਇਆ ਜਾਵੇਇਸ ਇੱਛਾ ਵਿੱਚੋਂ ਹੱਥਲੇ ਗ੍ਰੰਥ ਦਾ ਜਨਮ ਹੋਇਆਜਦੋਂ ਇਸ ਇੱਛਾ ਨੇ ਅਮਲੀ ਜਾਮਾ ਪਹਿਨ ਲਿਆ, ਤਾਂ ਮੈਂ ਉਨ੍ਹਾਂ ਦੀ ਸਾਹਿਤਕ ਦੇਣ ਪ੍ਰਤੀ ਵਿਦਵਾਨਾਂ ਕੋਲੋਂ ਲੇਖ ਲਿਖਵਾਏਇਸ ਕੰਮ ਦੀ ਚੋਣ ਇੰਨੀ ਸੁਖੱਲੀ ਨਹੀਂ ਸੀ ਕਿਉਂ ਕਿ ਬਹੁਤ ਸਾਰੇ ਵਿਦਵਾਨ ਉਨ੍ਹਾਂ ਦੀ ਪੀੜ੍ਹੀ ਦੇ ਸਨ ਜਿਨ੍ਹਾਂ ਪ੍ਰਤੀ ਪ੍ਰੋ. ਸਾਹਿਬ ਹੀ ਨੇੜਤਾ ਰੱਖਦੇ ਸਨ ਤੇ ਉਨ੍ਹਾਂ ਦੇ ਸਾਹਿਤਕ ਕਾਰਜਾਂ ਤੋਂ ਭਲੀਭਾਂਤ ਜਾਣੂ ਸਨਭਾਵ ਕਿ ਪ੍ਰੋ. ਸਾਹਿਬ ਦੀ ਰਾਹਨੁਮਾਈ ਕਰਕੇ ਮੇਰੀ ਸਿਦਕਦਿਲੀ ਨੂੰ ਭਰਪੂਰ ਬੱਲ ਮਿਲਿਆਹੱਥਲੇ ਗ੍ਰੰਥ ਵਿੱਚ ਅੰਕਿਤ ਵਿਦਵਾਨਾਂ ਨੇ ਪ੍ਰੋ. ਸਾਹਿਬ ਦੀ ਸ਼ਖ਼ਸੀਅਤ ਤੇ ਉਨ੍ਹਾਂ ਵੱਲੋਂ ਸਾਹਿਤਕ ਕਾਰਜਾਂ ਦੇ ਅਨੇਕਾਂ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਪੂਰਨ ਭਾਂਤ ਖੋਲ੍ਹ ਕੇ ਜਿੱਥੇ ਪ੍ਰੋ. ਸਾਹਿਬ ਦੀ ਵਿਰਾਟ ਪ੍ਰਤਿਭਾ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ, ਉੱਥੇ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਅਤੇ ਕੀਤੇ ਕੰਮਾਂ ਦੀ ਤਫ਼ਸੀਲ ਵੀ ਉਜਾਗਰ ਹੋ ਗਈ ਹੈਇਸ ਕਰਕੇ ਇਸ ਗ੍ਰੰਥ ਦੀ ਅਹਿਮੀਅਤ ਵਧ ਗਈ ਹੈ ਜਿਸ ਕਰਕੇ ਇਸ ਦੀ ਚਰਚਾ ਹੋਈ ਹੈਇਸ ਗ੍ਰੰਥ ਵਿੱਚ ਯੋਗਦਾਨ ਪਾਉਣ ਵਾਲੇ ਸਾਹਿਤਕਾਰ ਵੀ ਉੱਚੀ ਸ਼ਖ਼ਸੀਅਤ ਵਾਲੇ ਹਨ ਅਤੇ ਅਨੇਕਾਂ ਖੇਤਰਾਂ ਦੇ ਮਾਹਿਰ ਤੇ ਖੋਜਕਾਰ ਵੀ ਹਨਕੁਝ ਵਿਦਵਾਨ ਤਾਂ ਵੱਡ-ਅਕਾਰੀ ਸਾਹਿਤਕਾਰ ਹੀ ਨਹੀਂ ਹਨ, ਸਗੋਂ ਉਹ ਕੁਝ ਖੇਤਰਾਂ ਦੇ ਵਿਸ਼ੇਸ਼ਗ ਵੀ ਹਨਮੇਰੇ ਖ਼ਿਆਲ ਅਨੁਸਾਰ ਪਾਠਕ ਇਸ ਰਚਨਾ ਵਿਚਲੇ ਅੰਕਿਤ ਗਿਆਨ ਦੀਆਂ ਪਰਤਾਂ ਨੂੰ ਫਰੋਲ ਕੇ ਪੰਜਾਬੀ ਸਹਿਤ ਦੇ ਵਿਸ਼ਾਲ ਇਤਿਹਾਸ ਦੇ ਦਰਸ਼ਨ ਵੀ ਕਰ ਸਕਣਗੇ

? ਬਰਤਾਨੀਆ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਸਮੇਂ ਬਹੁਤ ਸਾਰੇ ਪੰਜਾਬੀ ਲੇਖਕ ਦੁਨੀਆ ਭਰ ਤੋਂ ਇਕੱਠੇ ਹੋਏਕਾਨਫ਼ਰੰਸ ਵਿੱਚ ਪੰਜਾਬੀ ਭਾਸ਼ਾ ਤੇ ਹੋਰ ਮਸਲਿਆਂ ਨੂੰ ਵਿਚਾਰਿਆ ਗਿਆ ਹੋਵੇਗਾਇਸ ਕਾਨਫ਼ਰੰਸ ਦਾ ਕੀ ਪ੍ਰਭਾਵ ਪਿਆ ਮਹਿਸੂਸ ਕਰਦੇ ਹੋ?

ਨਿਰਸੰਦੇਹ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਬਹੁਤ ਹੀ ਨਾਮਵਰ ਲੇਖਕ ਸ਼ਾਮਲ ਹੋਏ ਜਿਨ੍ਹਾ ਵਿੱਚ ਸੋਹਣ ਸਿੰਘ ਜੋਸ਼, ਪ੍ਰਿੰ. ਸੰਤ ਸਿੰਘ ਸੇਖੋਂਪ੍ਰਿੰ. ਸੁਜਾਨ ਸਿੰਘ, ਡਾ. ਕਰਨੈਲ ਸਿੰਘ ਥਿੰਦ, ਪ੍ਰੀਤਮ ਸਿੰਘ ਆਈ. ਏ. ਐੱਸ, ਡਾ. ਵਿਸ਼ਵਾ ਨਾਥ ਤਿਵਾੜੀ, ਡਾ. ਹਰਿਭਜਨ ਸਿੰਘ, ਡਾ. ਸਤਿੰਦਰ ਸਿੰਘ ਨੂਰ, ਸ਼ਰੀਫ ਕੁੰਜਾਹੀ, ਇਕਬਾਲ ਅਰਪਨ, ਪ੍ਰੋ. ਸੁਰਜੀਤ ਸਿੰਘ ਹਾਂਸ, ਪ੍ਰੋ: ਗੁਰਦਿਆਲ ਸਿੰਘ ਨਾਵਲਕਾਰ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਮੀਸ਼ਾ ਆਦਿ ਅਨੇਕਾਂ ਪ੍ਰਸਿੱਧ ਸਾਹਿਤਕਾਰਾਂ ਨੇ ਕਾਨਫ਼ਰੰਸ ਦੀ ਸ਼ੋਭਾ ਵਧਾਈਭਾਰਤ ਤੇ ਪਾਕਿਸਤਾਨ ਦੀ ਪੰਜਾਬੀ ਦੀ ਮੌਜੂਦਾ ਹਾਲਤ, ਪ੍ਰਗਤੀ ਲਹਿਰ ਦੀ ਸਥਿਤੀ, ਪੰਜਾਬ ਦਾ ਸਭਿਆਚਾਰਕ ਵਿਰਸਾ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਪਾਕਿਸਤਾਨ ਵਿੱਚ ਪੰਜਾਬੀ ਅਦਬ, ਪੂਰਬੀ ਅਫਰੀਕਾ ਵਿੱਚ ਪੰਜਾਬੀ ਕਲਚਰ, ਬਰਤਾਨੀਆਂ ਵਿੱਚ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਤੇ ਨਸਲਵਾਦ ਆਦਿ ਵਿਸ਼ਿਆਂ ਨੂੰ ਛੋਹਿਆ ਤੇ ਵਿਚਾਰਿਆ ਗਿਆ(ਇਸ ਕਾਨਫ਼ਰੰਸ ਸੰਬੰਧੀ ਡਾ. ਥਿੰਦ ਹੋਰਾਂ ਦੇ ਲੇਖ ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ) ਪ੍ਰਬੰਧਕਾਂ ਨੇ ਲੇਖਕਾਂ ਨੂੰ ਇੰਗਲੈਂਡ ਦੀਆਂ ਯਾਦਗਾਰੀ ਥਾਵਾਂ ਵੀ ਦਿਖਾਈਆਂ ਜਿਵੇਂ ਸ਼ੈਕਸਪੀਅਰ ਦਾ ਜਨਮ ਸਥਾਨ, ਡਿਕਨਜ਼ ਤੇ ਬਰਨਜ਼ ਆਦਿ ਸਾਹਿਤਕਾਰਾਂ ਦੀਆਂ ਖੂਬਸੂਰਤ ਯਾਦਗਾਰਾਂਲੇਖਕ ਬਹੁਤ ਸੰਤੁਸ਼ਟ ਹੋਏ ਅਤੇ ਉਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਬਰਤਾਨਵੀ ਪੰਜਾਬੀ ਲੇਖਕਾਂ, ਪਾਠਕਾਂ ਤੇ ਕਾਨਫਰੰਸ ਵਿੱਚ ਹਾਜ਼ਰ ਸਰੋਤਿਆਂ ਨੂੰ ਕੀਲਿਆਇਸ ਤਰ੍ਹਾਂ ਦਾ ਮਾਹੋਲ ਉੱਸਰ ਗਿਆ ਸੀ ਜਿਵੇਂ ਪੰਜਾਬੀਅਤ ਦਾ ਬੋਲ ਬਾਲਾ ਹੋ ਗਿਆ ਹੋਵੇਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਨੂੰ ਵੀ ਵਿਚਾਰਿਆ ਗਿਆ ਅਤੇ ਲੇਖਕਾਂ ਨੇ ਆਪਣੇ ਵਡਮੁੱਲੇ ਸੁਝਾਅ ਵੀ ਦਿੱਤੇਪ੍ਰੰਤੂ ਇਹ ਖੂਬਸੂਰਤ ਪ੍ਰਭਾਵ ਚਿਰ ਸਥਾਈ ਨਾ ਰਿਹਾਇੱਥੇ ਦੀਆਂ ਪਰਸਥਿਤੀਆਂ, ਇੱਥੇ ਦੇ ਸਮਾਜ ਨੇ ਹੀ ਨਜਿੱਠਣੀਆਂ ਸਨ

ਹਾਲਾਤ ਨੇ ਐਸਾ ਗੇੜ ਖਾਧਾ ਕਿ ਪੰਜਾਬੀ ਦੀ ਸਥਿਤੀ ਨਿੱਘਰਦੀ ਹੀ ਗਈਭਾਰਤ ਵਿੱਚ ਵੀ ਸਾਰਥਕ ਮਾਹੌਲ ਨਾ ਉੱਸਰ ਸਕਿਆਉਸ ਤੋਂ ਬਾਅਦ 1984 ਦਾ ਕਾਂਡ ਵਾਪਰ ਗਿਆ ਤੇ ਸਮੂੰਹ ਪੰਜਾਬੀ ਗਹਿਰੇ ਸਦਮੇ ਵਿੱਚੋਂ ਗੁਜ਼ਰੇਭਾਰਤ ਵਿੱਚ ਪੰਜਾਬੀਅਤ ਦਾ ਅਕਸ ਧੁੰਦਲਾ ਪੈਂਦਾ ਗਿਆਪ੍ਰੰਤੂ ਉਪਰੋਕਤ ਸਾਕੇ ਬਾਰੇ ਕਾਫੀ ਸਾਹਿਤ ਉਪਜਿਆਇੱਥੇ ਦੇ ਲੇਖਕਾਂ ਨੇ ਵੀ ਆਪਣੀਆਂ ਰਚਨਾਵਾਂ ਰਚੀਆਂਪ੍ਰੰਤੂ ਪੰਜਾਬੀ ਭਾਸ਼ਾ ਪ੍ਰਤੀ ਭਾਰਤੀ ਪੰਜਾਬ ਵੱਲੋਂ ਕੋਈ ਪ੍ਰੇਰਣਾ ਜਨਕ ਉਤਸ਼ਾਹ ਨਹੀਂ ਮਿਲਿਆਇੱਥੇ ਦੀ ਜਵਾਨ ਹੁੰਦੀ ਪੀੜ੍ਹੀ ਪੰਜਾਬੀ ਭਾਸ਼ਾ ਵੱਲੋਂ ਅਵੇਸਲੀ ਹੁੰਦੀ ਗਈਪੰਜਾਬੀ ਦੀ ਪ੍ਰਤਿਭਾ ਦੇ ਕਮਜ਼ੋਰ ਹੋਣ ਨਾਲ ਪੰਜਾਬੀ ਦਾ ਵਾਤਾਵਰਣ ਨਿੱਘਰਦਾ ਗਿਆ ਹੈਭਾਰਤੀ ਪੰਜਾਬ ਵਿੱਚ ਪਬਲਿਕ ਸਕੂਲਾਂ ਦੀ ਸਥਾਪਨਾ, ਅੰਗਰੇਜ਼ੀ ਦਾ ਮੁੱਢਲੀ ਪ੍ਰਾਇਮਰੀ ਵਿਚ ਲਾਗੂ ਹੋਣਾ ਤੇ ਆਮ ਸਕੂਲਾਂ ਵਿੱਚ ਅੰਗਰੇਜ਼ੀ ਦੇ ਉਛਾਲ ਨਾਲ ਪੰਜਾਬੀ ਦੀ ਦੁਰਦਸ਼ਾ ਹੋਈ ਤੇ ਤਰਸਯੋਗ ਹਾਲਤ ਬਣ ਗਈਭਾਵੇਂ ਦੋ ਐਕਟ ਦੁਬਾਰਾ ਪਾਸ ਕੀਤੇ ਗਏ ਹਨ, ਪ੍ਰੰਤੁ ਅਮਲੀ ਕਦਮਾਂ ਦੀ ਘਾਟ ਕਰਕੇ ਕੀਤੇ ਗਏ ਯਤਨ ਸਾਰਥਿਕ ਸਿੱਧ ਨਾ ਹੋ ਸਕੇਭਾਰਤੀ ਹਾਲਤ ਦਾ ਜ਼ਿਕਰ ਇਸ ਕਰਕੇ ਕੀਤਾ ਹੈ ਕਿ ਜਦੋਂ ਕੇਂਦਰ ਤੋਂ ਕੋਈ ਸੇਧ ਨਾ ਮਿਲਦੀ ਹੋਵੇ ਤਾਂ ਦੂਜੇ ਥਾਵਾਂ ’ਤੇ ਬੈਠੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਦਾ ਕੱਦ ਉੱਚਾ ਕਰਨ ਲਈ ਬੜ੍ਹਾਵਾ ਨਹੀਂ ਮਿਲਦਾ

? ਕੈਂਬੋ ਸਾਹਿਬ, ਅੱਸੀਵਿਆਂ ਵਿੱਚ ਇੰਗਲੈਂਡ ਨਿਵਾਸੀ ਲੇਖਕਾਂ ਨੇ ਪਹਿਲੀ ਵਿਸ਼ਵ ਕਾਨਫ਼ਰੰਸ ਕਰਕੇ ਇੱਕ ਨਵਾਂ ਮੀਲ-ਪੱਥਰ ਸਥਾਪਤ ਕੀਤਾ ਸੀ, ਪਰ ਉਸ ਤੋਂ ਬਾਅਦ ਪੰਜਾਬੀ ਲੇਖਕਾਂ ਦੀ ਚੜ੍ਹਾਈ ਦੂਜੇ ਦੇਸ਼ਾਂ ਦੇ ਮੁਕਾਬਲੇ ਉਹ ਨਹੀਂ ਲੱਗਦੀ ਜੋ ਹੋਣੀ ਚਾਹੀਦੀ ਸੀਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ?

: ਢਾਅ ਜੀ, ਜਦੋਂ ਵਿਸ਼ਵ ਕਾਨਫਰੰਸ ਹੋਈ, ਉਦੋਂ ਬਰਤਾਨਵੀ ਪੰਜਾਬੀ ਸਾਹਿਤ ਆਪਣੀ ਸਿਖ਼ਰ ਹੰਢਾ ਰਿਹਾ ਸੀ ਤੇ ਇਹ ਸਿਖ਼ਰ ਲੱਗ ਪੱਗ ਸੰਨ 2000 ਤੱਕ ਚੱਲਦੀ ਰਹੀਉਸ ਤੋਂ ਬਾਅਦ ਇਮੀਗਰੇਸ਼ਨ ਕੰਟਰੋਲ ਹੋਣ ਕਰਕੇ ਨਵੇਂ ਪੜ੍ਹੇ ਲਿਖੇ ਨੌਜਵਾਨ ਆਉਣੋ ਰੁੱਕ ਗਏਨਵੀਂ ਪੀੜ੍ਹੀ ਦੇ ਨੌਜਵਾਨ (ਯੂ. ਕੇ. ਵਾਸੀ) ਪੰਜਾਬੀ ਸਾਹਿਤ ਵੱਲ ਝੁਕਣ ਤੋਂ ਅਸਮਰਥ ਰਹੇਕਾਰਣ ਇਹ ਸੀ ਕਿ ਸਕੂਲਾਂ ਵਿੱਚ ਪੰਜਾਬੀ ਬੜੀ ਮਿਹਨਤ ਨਾਲ ਪੰਜਾਬੀ ਸੰਸਥਾਵਾਂ ਦੇ ਆਸਰੇ ਚਾਲੂ ਕੀਤੀ ਗਈ ਸੀਪ੍ਰੰਤੂ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਨ ਵਿਚ ਅਸਫ਼ਲ ਹੋਏਦੂਜੇ ਪਾਸੇ ਬਰਤਾਨਵੀ ਪਾਲਿਸੀ ਦਾ ਰੁਖ ਗੈਰ ਅੰਗਰੇਜ਼ੀ ਭਾਸ਼ਾਵਾਂ ਪ੍ਰਤੀ ਇੰਨਾ ਉਦਾਰ ਭਰਿਆ ਨਹੀਂ ਸੀਭਾਵੇਂ ਸਰਕਾਰ ਨੇ ਇਨ੍ਹਾਂ ਭਾਸ਼ਾਵਾਂ ਦੀ ਪੜ੍ਹਾਈ ਲਈ ਕਾਨੂੰਨੀ ਤੌਰ ’ਤੇ ਵਿਵਸਥਾ ਕੀਤੀ ਹੋਈ ਸੀ ਤੇ ਹੈ ਵੀ, ਪਰ ਇਹ ਕਾਰਜ ਇੰਨਾ ਸੌਖਾ ਨਹੀਂ ਹੈਜਿੰਨਾ ਚਿਰ ਪੰਜਾਬੀ ਭਾਈਚਾਰਾ ਖੁਦ ਸਾਕਾਰਾਤਮਿਕ ਰਵਈਆ ਤੇ ਉਤਸ਼ਾਹ ਪੂਰਵਕ ਧਾਰਣਾ ਨਹੀਂ ਬਣਾਉਂਦਾ, ਉੰਨਾ ਚਿਰ ਇਹ ਕਾਰਜ ਬੜਾ ਮੁਸ਼ਕਲ ਹੈਫਰੈਂਚ ਤੇ ਜਰਮਨ ਆਦਿ ਭਾਸ਼ਾਵਾਂ ਪ੍ਰਤੀ ਮਾਹੌਲ ਉਤਸ਼ਾਹ ਵਰਧਕ ਰਿਹਾ ਹੈ ਤੇ ਏਸ਼ੀਅਨ ਭਾਸ਼ਾਵਾਂ ਲਈ ਉਪਰੋਕਤ ਦੱਸੇ ਕਾਰਨਾਂ ਕਰਕੇ ਪੰਜਾਬੀ ਪੜ੍ਹਾਈ ਤਾਂ ਐਸ ਵੇਲੇ ਕਿਸੇ ਹੀ ਸਕੂਲ ਵਿੱਚ ਸ਼ਾਇਦ ਹੋਵੇਗੁਰਦਵਾਰਾ ਸਾਹਿਬਾਨ ਵੱਲੋਂ ਪੰਜਾਬੀ ਯਥਾਸ਼ਕਿਤ ਪੜ੍ਹਾਈ ਜਾਂਦੀ ਹੈਜਿਹੜੇ ਲੇਖਕ ਵਿਸ਼ਵ ਸਮਾਗਮ ਵੇਲੇ ਲਿਖਦੇ ਪੜ੍ਹਦੇ ਸਨ, ਉਹ ਆਪਣੀ ਉਮਰ ਦੇ ਆਖ਼ਰੀ ਪੜਾ ’ਤੇ ਪੁੱਜ ਚੱਕੇ ਹਨਕੁਝ ਲੇਖਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨਹਾਂ, ਅਜੇ ਵੀ ਸਾਹਿਤਕ ਰਚਨਾਵਾਂ ਛਪ ਰਹੀਆਂ ਹਨ ਨੌਜਵਾਨ ਵਰਗ ਦੇ ਲੇਖਕ ਅਜੇ ਵੀ ਨਿਰੰਤਰ ਸਾਧਨਾ ਵਿੱਚ ਜੁਟੇ ਹੋਏ ਹਨਕੁਝ ਸਮੇਂ ਤੱਕ ਨਵੇਂ ਵਿਆਹੇ ਜੋੜੇ ਇੱਥੇ ਆਉਂਦੇ ਰਹੇ ਹਨਉਨ੍ਹਾਂ ਦੀ ਦਿਲਚਸਪੀ ਅਜੇ ਤੱਕ ਕਾਇਮ ਹੈਪ੍ਰੰਤੂ ਇੱਥੇ ਦੀ ਨਵੀਂ ਪੀੜ੍ਹੀ ਵੱਲੋਂ ਨਿਰਾਸ਼ਤਾ ਹੀ ਪੱਲੇ ਪਈ ਹੈਨਵੇਂ ਲੇਖਕਾਂ ਵਿੱਚੋਂ ਅੰਗਰੇਜ਼ੀ ਸਾਹਿਤ ਵਿੱਚ ਲਿਖਣ ਵਾਲੇ ਟਾਵੇਂ ਟਾਵੇਂ ਹੀ ਹਨਦਰਅਸਲ ਪਰਵਾਸ ਦੇ ਨਿਸ਼ਕਰਸ਼ ਐਸੇ ਹੀ ਨਿਕਲਣੇ ਸਨ, ਜੋ ਨਿਕਲੇ ਹਨ

? ਪ੍ਰੀਤਮ ਜੀ, ਇੰਗਲੈਂਡ ਵਿੱਚ ਰਹਿੰਦਿਆਂ ਬਹੁਤ ਸਾਰੇ ਸਮਰੱਥ ਲੇਖਕਾਂ ਨੇ ਪੰਜਾਬੀ ਸਾਹਿਤ ਲਈ ਪ੍ਰਤੀਬੱਧਤਾ ਨਾਲ ਵੱਖ ਵੱਖ ਵੰਨਗੀਆਂ ਵਿੱਚ ਲਿਖ ਕੇ ਯੋਗਦਾਨ ਪਾਇਆ ਹੈਪਰ ਪੰਜਾਬ ਵਿੱਚ ਕੁਝ ਕੁ ਲੇਖਕਾਂ ਨੂੰ ਛੱਡ ਕੇ ਇੰਗਲੈਂਡ ਦੇ ਸਾਹਿਤ ਦੇ ਬਾਰੇ ਬਹੁਤੀ ਚਰਚਾ ਹੁੰਦੀ ਨਜ਼ਰ ਨਹੀਂ ਆਈਕੀ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ?

: ਸਤਨਾਮ ਜੀ, ਇਹ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਸਾਹਿਤਕਾਰ ਤਾਂ ਉੱਚ ਪੱਧਰ ਦੇ ਨਹੀਂ ਹੋ ਸਕਦੇਪ੍ਰੰਤੂ ਮੱਧਲੇ ਵਰਗ ਤੇ ਹੇਠਲੇ ਵਰਗ ਦੇ ਲੇਖਕਾਂ ਦਾ ਵੀ ਆਪਣਾ ਯੋਗਦਾਨ ਹੁੰਦਾ ਹੈਉਨ੍ਹਾਂ ਦਾ ਵੀ ਪ੍ਰਭਾਵ ਪੈਂਦਾ ਹੈਕੋਈ ਕਿੰਨਾ ਵੀ ਪ੍ਰਤਿਭਾਵਾਨ ਲੇਖਕ ਕਿਉਂ ਨਾ ਹੋਵੇ, ਉਹ ਸਾਰਾ ਕੁਝ ਤਾਂ ਸਮੇਟ ਨਹੀਂ ਸਕਦਾਪ੍ਰੰਤੂ ਤੁਹਾਡੇ ਸਵਾਲ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਉੱਭਰਦੇ ਹਨਇੱਕ ਤਾਂ ਪਹਿਲਾਂ ਪਹਿਲ ਪਰਵਾਸੀ ਸਾਹਿਤ ਪੂਰੀ ਤਰ੍ਹਾਂ ਗੌਲ਼ਿਆ ਨਹੀਂ ਜਾਂਦਾ ਰਿਹਾ, ਦੂਜਾ ਪੰਜਾਬੀ ਸਾਹਿਤ ਦਾ ਵਿਕਾਸ ਇਸ ਕਦਰ ਨਹੀਂ ਹੋਇਆ ਕਿ ਹਰ ਤਰ੍ਹਾਂ ਦੇ ਸਾਹਿਤ ਨੂੰ ਗੌਲ਼ਿਆ ਜਾਂਦਾ ਰਿਹਾ ਹੋਵੇਇਹ ਦੇ ਵਿੱਚ ਸਰਕਾਰੀ ਸੰਸਥਾਵਾਂ, ਪ੍ਰਾਈਵੇਟ ਸੰਸਥਾਵਾਂ, ਲੇਖਕਾਂ, ਆਲੋਚਕਾਂ ਤੇ ਬੁੱਧੀਜੀਵਿਆਂ ਦਾ ਵਡੇਰਾ ਹੱਥ ਹੁੰਦਾ ਹੈਇਹ ਸਾਰੇ ਫੈਕਟਰ ਮਿਲ ਕੇ ਸਾਹਿਤ ਦੀ ਸਾਰਥਿਕਤਾ ਨੂੰ ਵਿਕਸਾਉਂਦੇ ਹਨਜਿੰਨੇ ਇਹ ਫੈਕਟਰ ਮਜ਼ਬੂਤ ਹੋਣਗੇ, ਉੱਨੀਆਂ ਹੀ ਸਾਹਿਤ ਦੀਆਂ ਭਿੰਨ ਭਿੰਨ ਵੰਨਗੀਆਂ ਵਿਚਾਰੀਆਂ ਜਾਣਗੀਆਂ, ਉੱਨੀਆਂ ਹੀ ਸ਼ਿੱਦਤਾਂ ਨਾਲ ਸਾਰੇ ਲੇਖਕਾਂ ਦੇ ਕਾਰਜ ਨੂੰ ਗੌਲਿਆ ਜਾਵੇਗਾਸਾਹਿਤ ਪ੍ਰਤੀ ਵਚਨਬੱਧਤਾ, ਸਾਹਿਤ ਪ੍ਰਤੀ ਲਗਾਉ, ਸਚਾਈ ਦੀ ਅਧਾਰਸ਼ਿਲਾ, ਲੇਖਕਾਂ ਦੀ ਇੱਕ-ਜੁੱਟਤਾ ਅਤੇ ਇਸ ਦੇ ਹਰ ਕਾਰਜ ਪ੍ਰਤੀ ਸੁਹਿਰਦਤਾ ਹੋਣੀ ਅਤਿ ਅਨਿਵਾਰੀ ਹੈਇਹ ਠੀਕ ਹੈ ਉੱਚੇ ਪੱਧਰ ਦੇ ਲੇਖਕ ਨੇ ਇੱਕ ਦਮ ਸਾਹਮਣੇ ਆਉਣਾ ਹੀ ਹੈ, ਪ੍ਰੰਤੂ ਜਦੋਂ ਸਮੁੱਚਾ ਵਾਤਾਵਰਣ ਵਿਕਸ ਜਾਵੇਗਾ, ਤਾਂ ਵੱਧ ਤੋਂ ਵੱਧ ਲੇਖਕਾਂ ਦੇ ਕਾਰਜਾਂ ਦੀ ਨਿਸ਼ਾਨਦੇਹੀ ਹੋਵੇਗੀਇਹ ਨਹੀਂ ਕਿ ਪਰਵਾਸੀ ਸਾਹਿਤ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ ਹੈਜਿਹੜਾ ਵੀ ਕਾਰਜ ਹੋਇਆ ਹੈ, ਉਸ ਰਾਹੀਂ ਸਾਹਿਤ ਦਾ ਮੁਲਾਂਕਣ ਉੱਚ ਪੱਧਰ ਦਾ ਨਹੀਂ ਹੋਇਆਸਰਵੇਖਣ ਪੱਧਰ ਦਾ ਹੈਉਹ ਵੀ ਪੂਰੀ ਤਰ੍ਹਾਂ ਨਿੱਠ ਕੇ ਨਹੀਂਕੰਮ ਭਾਵੇਂ ਥੋੜ੍ਹਾ ਹੋਵੇ, ਉਸ ਦਾ ਮਿਆਰ ਜ਼ਰੂਰ ਹੋਣਾ ਚਾਹੀਦਾ ਹੈਇਸ ਸਭ ਕੁਝ ਵਿੱਚ ਅਰਥ ਵਿਵਸਥਾ, ਸੰਸਥਾਵਾਂ ਤੇ ਆਲੋਚਕਾਂ ਦੀ ਦ੍ਰਿਸ਼ਟੀ ਦਾ ਬੜਾ ਵੱਡਾ ਹੱਥ ਹੈਪੰਜਾਬੀ ਸਾਹਿਤ ਦੇ ਪਿਆਰਿਆਂ, ਇੱਛਾ ਸ਼ਕਤੀ ਤੇ ਸਰਕਾਰੀ ਸਰਪ੍ਰਸਤੀ ਦਾ ਵੀ ਅਹਿਮ ਰੋਲ ਹੈਢਾਅ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪਰਵਾਸੀ ਲੇਖਕਾਂ ਦੀਆਂ ਪੁਸਤਕਾਂ ਨੂੰ ਸਿਲੇਬਸ ਦਾ ਹਿੱਸਾ ਬਣਾ ਕੇ ਪੜ੍ਹਾਇਆ ਜਾਣਾ ਅਤੇ ਪਰਵਾਸੀ ਸਾਹਿਤਕਾਰਾਂ ਦੇ ਕੰਮ ‘ਤੇ ਐੱਮ. ਫਿਲ ਅਤੇ ਪੀ.ਐੱਚ.ਡੀਜ਼ ਕਰਵਾਉਣਾ ਇਹ ਇੱਕ ਸ਼ਲਾਘਾਯੋਗ ਯਤਨ ਹੈਇਸ ਕਰਕੇ ਕਹਿ ਸਕਦੇ ਹਾਂ ਕਿ ਪੰਜਾਬ ਵਿਚਲੇ ਵਿਦਵਾਨ ਹੁਣ ਪਰਵਾਸੀ ਸਾਹਿਤ ਨੂੰ ਗੌਲ਼ ਰਹੇ ਹਨ

? ਤੁਸੀਂ ਸਾਹਿਤ ਸਭਾਵਾਂ ਦੇ ਮੋਢੀ ਰਹੇ ਹੋਬਹੁਤ ਲੰਮਾ ਸਮਾਂ ਸਭਾਵਾਂ ਵਿੱਚ ਕੰਮ ਵੀ ਕੀਤਾਬਰਤਾਨੀਆਂ ਵਿੱਚ ਸਾਹਿਤਕ ਸਭਾਵਾਂ ਦੇ ਰੋਲ ਬਾਰੇ ਜਾਂ ਇਨ੍ਹਾਂ ਦੀ ਕੀ ਦੇਣ ਰਹੀ ਹੈ? ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਵੀ ਕੋਈ ਯੋਗਦਾਨ ਮਹਿਸੂਸ ਕਰਦੇ ਹੋ? ਹੁਣ ਅੱਜ ਕੱਲ੍ਹ ਬਰਤਾਨੀਆਂ ਵਿੱਚ ਸਾਹਿਤਕ ਸਭਾਵਾਂ ਦੀ ਕੀ ਸਥਿਤੀ ਹੈ?

: ਸਾਹਿਤ ਸਭਾਵਾਂ ਸਾਹਿਤ ਦੀ ਪ੍ਰਗਤੀ ਲਈ ਬਹੁਤ ਉਪਜਾਊ ਹਨਇਹ ਐਸੇ ਕੇਂਦਰ ਹਨ, ਜਿੱਥੇ ਲੇਖਕ ਨਿਰੰਤਰ ਇਕੱਠੇ ਹੁੰਦੇ ਹਨ, ਆਪਣੀਆਂ ਰਚਨਾਵਾਂ ਸੁਣਾਉਂਦੇ, ਦੂਜੇ ਲੇਖਕਾਂ ਦੀਆਂ ਸੁਣਦੇ, ਸਲਾਹੁਤਾਂ ਦਿੰਦੇ ਤੇ ਰਚਨਾਵਾਂ ਨੂੰ ਚਮਕਾਉਂਦੇ ਹਨਨਿਰਸੰਦੇਹ ਇਹ ਲੇਖਕਾਂ ਦੀਆਂ ਟਕਸਾਲਾਂ ਹਨਇਨ੍ਹਾਂ ਕਰਕੇ ਸਾਹਿਤਕਾਰਾਂ ਦੀਆਂ ਰਚਨਾਵਾਂ ਸੋਧ ਸੁਧਾਈ ਬਾਅਦ ਛਪਦੀਆਂ ਹਨ ਤੇ ਪੁਸਤਕ ਰੂਪ ਧਾਰਣ ਕਰਦੀਆਂ ਹਨਮੈਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵਿੱਚ ਲੱਗ ਪੱਗ 25 ਸਾਲ ਕੰਮ ਕੀਤਾ ਹੈਮੋਹਰਲੀ ਕਤਾਰ ਵਿੱਚ ਰਿਹਾ ਹਾਂਨਿਰੰਤਰ ਮੀਟਿੰਗਾਂ ਕਰਦੇ ਸਾਂਸਾਲ ਵਿੱਚ ਦੋ ਤਿੰਨ ਫੰਕਸ਼ਨ ਕਰਵਾਉਂਦੇ ਸਾਂ ਤੇ ਸਾਲਾਨਾ ਕਾਨਫ਼ਰੰਸ ਵੱਡੀ ਪੱਧਰ ’ਤੇ ਕਰਵਾਈ ਜਾਂਦੀ ਸੀਬਰਤਾਨੀਆ ਦੀਆਂ ਹੋਰ ਸਭਾਵਾਂ ਵੀ ਕਾਨਫ਼ਰੰਸਾਂ ਕਰਦੀਆਂ ਸਨਕਾਫੀ ਸਾਹਿਤ ਉਪਜਿਆਬੜੇ ਨਾਮਵਰ ਸਾਹਿਤਕਾਰ ਵੀ ਪੈਦਾ ਹੋਏਪ੍ਰੰਤੂ ਹੌਲ਼ੀ ਹੌਲ਼ੀ ਇਨ੍ਹਾਂ ਸਭਾਵਾਂ ਵਿੱਚ ਜਦੋਂ ਵਿਅਕਤੀਵਾਦ ਪ੍ਰਧਾਨ ਹੋਣ ਲੱਗਦਾ ਹੈਜਿਸ ਨਾਲ ਨਿੱਗਰ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨਅੱਜ ਕੱਲ੍ਹ ਸਾਹਿਤ ਸਭਾਵਾਂ ਦੀ ਪਹਿਲਾਂ ਵਾਲੀ ਚਹਿਲ ਪਹਿਲ ਨਹੀਂ ਰਹੀਕਿਉਂਕਿ ਪਹਿਲੀ ਪੀੜ੍ਹੀ ਦੇ ਲੇਖਕ ਸਿਆਣੇ ਹੋ ਗਏ ਹਨ ਤੇ ਕਈ ਸਵਰਗਵਾਸ ਵੀ ਹੋ ਗਏ ਹਨਸਾਹਿਤ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈਪ੍ਰੰਤੂ ਫਿਰ ਵੀ ਕੁਝ ਸਭਾਵਾਂ ਜਿਨ੍ਹਾਂ ਵਿੱਚ ਨੌਜਵਾਨ ਵਰਗ ਦੇ ਲੇਖਕ ਆਪਣਾ ਯੋਗਦਾਨ ਪਾ ਰਹੇ ਹਨਸਭਾਵਾਂ ਦਾ ਯੋਗਦਾਨ ਨਿਰਸੰਦੇਹ ਬਹੁਤ ਮੁੱਲਵਾਨ ਹੈ, ਪ੍ਰੰਤੂ ਅਨੁਸ਼ਾਸ਼ਨਹੀਣਤਾ, ਮਰਿਆਦਾ ਦੀ ਪਾਲਣਾ ਨਾ ਕਰਨੀ ਤੇ ਹਉਮੈ ਦੀ ਹਵਾ ਨਾਲ ਸਾਹਿਤ ਦਾ ਵਿਨਾਸ਼ ਹੀ ਹੋਵੇਗਾਸਚਾਈ ਵਿੱਚ ਬੜੀ ਤਾਕਤ ਹੁੰਦੀ ਹੈ

? ਤੁਸੀਂ ਪੰਜਾਬੀ ਸਾਹਿਤਕ ਮੈਗਜ਼ੀਨਾਂ ਬਾਰੇ ਕੀ ਰਾਏ ਰੱਖਦੇ ਹੋ? ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਪਹਿਲੇ ਸਮਿਆਂ ਵਿੱਚ ਪੰਜਾਬੀ ਦੇ ਵਿਕਾਸ ਲਈ ਯੋਗਦਾਨ ਪਾਉਂਦੀ ਰਹੀ ਹੈਕੀ ਅੱਜ ਦੇ ਯੁੱਗ ਵਿੱਚ ਇਨ੍ਹਾਂ ਮੈਗਜ਼ੀਨਾਂ ਦੀ ਮਹੱਤਤਾ ਓਨੀ ਹੈ ਜਾਂ ਕੋਈ ਫ਼ਰਕ ਮਹਿਸੂਸ ਕਰਦੇ ਹੋ? ਇੰਗਲੈਂਡ ਤੋਂ ਕੋਈ ਸਾਹਿਤਕ ਰਿਸਾਲਾ ਨਿਕਲ ਰਿਹਾ ਹੈ, ਜਿਸ ਦਾ ਜ਼ਿਕਰ ਤੁਸੀਂ ਕਰਨਾ ਚਾਹੋਗੇ?

: ਸਾਹਿਤਕ ਮੈਗਜ਼ੀਨਾਂ ਦਾ ਨਿਕਲਣਾ ਬੜਾ ਸਿਹਤਮੰਦ ਉਪਰਾਲਾ ਹੈਪਹਿਲੇ ਸਮਿਆਂ ਵਿੱਚ ਗੁਰਬਖਸ਼ ਸਿੰਘ ਵੱਲੋਂ ਪ੍ਰੀਤਲੜੀ, ਭਾਪਾ ਪ੍ਰੀਤਮ ਸਿੰਘ ਵੱਲੋਂ ਆਰਸੀ, ਪ੍ਰੋ. ਮੋਹਨ ਸਿੰਘ ਵੱਲੋਂ ਪੰਜ ਦਰਿਆ, ਕਰਤਾਰ ਸਿੰਘ ਬਲੱਗਣ ਵੱਲੋਂ ਕਵਿਤਾ ਤੇ ਗਿ. ਹੀਰਾ ਸਿੰਘ ਦਰਦ ਵੱਲੋਂ ਫੁਲਵਾੜੀ ਆਦਿ ਪਰਚਿਆਂ ਨੇ ਪੰਜਾਬੀ ਸਾਹਿਤ ਦੇ ਪਾਠਕ ਪੈਦਾ ਕੀਤੇ ਹਨਉਨ੍ਹਾਂ ਦੀ ਪੜ੍ਹਨ ਰੁਚੀ ਪ੍ਰਫੁਲਤ ਹੋਈ ਤੇ ਇਨ੍ਹਾਂ ਪਰਚਿਆਂ ਤੋਂ ਪ੍ਰੇਰਿਤ ਹੋ ਕੇ ਬੇਅੰਤ ਲੇਖਕ ਬਣੇਅੱਛੇ ਸੰਪਾਦਕ ਭਿੰਨ ਭਿੰਨ ਵਿਸ਼ਿਆਂ ਦੀ ਜਾਣਕਾਰੀ ਤੇ ਗਿਆਨ ਪ੍ਰਦਾਨ ਕਰਕੇ ਰਸ ਪੂਰਤ ਸ਼ੈਲੀ ਨਾਲ ਸਾਹਿਤ ਦੀ ਸੇਵਾ ਕਰਦੇ ਰਹੇ ਹਨਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾਹੁਣ ਵੀ ਚੰਗੇ ਪਰਚੇ ਨਿਕਲ ਰਹੇ ਹਨ ਜਿਵੇਂ ‘ਹੁਣ’, ‘ਫਿਲਹਾਲ’ ਅਤੇ ‘ਸਮਕਾਲੀ ਸਾਹਿਤ’ਇਹ ਪਰਚੇ ਬੜਾ ਨਿੱਗਰ ਸਾਹਿਤ ਪ੍ਰਦਾਨ ਕਰ ਰਹੇ ਹਨਇੰਗਲੈਂਡ ਵਿੱਚ ਵੀ ਕਈ ਪਰਚੇ ਨਿਕਲੇ ਹਨਪਹਿਲੋਂ ਗੁਰਚਰਨ ਸੱਗੂ ਨੇ ‘ਸਵੇਰਾ’ ਨਾ ਦਾ ਪਰਚਾ ਕੱਢਿਆਹੋਰਾਂ ਬਾਰੇ ਮੈਨੂੰ ਬਹੁਤੀ ਵਾਕਫੀ ਨਹੀਂਪਰ ਜ਼ਿਆਦਾ ਦੇਰ ਚੱਲਣ ਵਾਲਾ ਪਰਚਾ ‘ਰਚਨਾ’ ਸੀ ਜਿਸ ਦੇ ਸੰਪਾਦਕ ਗੁਰਸ਼ਰਨ ਸਿੰਘ ਅਜੀਬ ਰਹੇ ਹਨਲੱਗ ਪੱਗ ਦਸ ਸਾਲ ਚੱਲ ਕੇ ਬੰਦ ਹੋ ਗਿਆਹਾਂ, ਹਾਸ ਵਿਅੰਗ ਦਾ ਪਰਚਾ ‘ਅਸਲੀ ਪੰਜਾਬੀ ਮੀਰਜ਼ਾਦਾ’( ਸੰ: ਇੰਦਰਜੀਤ ਸਿੰਘ) ਸਫ਼ਲਤਾ ਨਾਲ ਚੱਲ ਰਿਹਾ ਹੈਅੱਜ ਦੇ ਸਮੇਂ ਵਿੱਚ ਵੀ ਸਾਹਿਤਕ ਮੈਗਜ਼ੀਨਾਂ ਦੀ ਓਨੀ ਹੀ ਮਹੱਤਤਾ ਹੈਭਾਵੇਂ ਅਖ਼ਬਾਰਾਂ ਵਿੱਚ ਵੀ ਅੱਜ ਕੱਲ੍ਹ ਸਾਹਿਤਕ ਮੈਟਰ ਕਾਫੀ ਆ ਰਿਹਾ ਹੈ ਪਰ ਫਿਰ ਵੀ ਮੈਗਜ਼ੀਨਾਂ ਦਾ ਆਪਣਾ ਸਥਾਨ ਹੈਹਾਂ ਯਾਦ ਆ ਗਿਆ, ‘ਸਾਹਿਤ ਸਮਾਚਾਰ’ ਤੇ ‘ਆਲੋਚਨਾ’ ਪਰਚਿਆਂ ਨੇ ਵੀ ਬੜਾ ਨਾਮ ਖੱਟਿਆ ਹੈ‘ਆਲੋਚਨਾ’ ਤਾਂ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅਜੇ ਵੀ ਕੱਢਿਆ ਜਾ ਰਿਹਾ ਹੈਗੁਰੂ ਨਾਨਕ ਯੂਨੀਵਰਸਿਟੀ ਵੱਲੋਂ ‘ਖੋਜ ਦਰਪਣ’ ਕੱਢਿਆ ਜਾ ਰਿਹਾ ਹੈ‘ਖੋਜ ਪੱਤਰਕਾ’ ਪੰਜਾਬੀ ਯੂਨੀਵਰਸਿਟੀ ਦਾ ਵਧੀਆ ਪਰਚਾ ਹੈਆਲੋਚਨਾ ਦੇ ਖੇਤਰ ਵਿੱਚ ‘ਸਿਰਜਣਾ’ ਦਾ ਰੋਲ ਵੀ ਸਲਾਹੁਣ ਯੋਗ ਹੈਕੋਈ ਸਮਾਂ ਸੀ ਜਦੋਂ ‘ਪੰਜਾਬੀ ਦੁਨੀਆ’ (ਭਾਸ਼ਾ ਵਿਭਾਗ) ਬੜੀ ਚਰਚਾ ਵਿੱਚ ਰਿਹਾ ਸੀ‘ਸਿੰਘ ਸਭਾ ਪੱਤਰਕਾ’ ਬੜੇ ਸ਼ਾਨਦਾਰ ਅੰਕ ਕੱਢਦਾ ਰਿਹਾ ਹੈ‘ਕੌਮੀ ਏਕਤਾ’ ਬੜਾ ਪ੍ਰਸਿੱਧ ਪਰਚਾ ਰਿਹਾ ਹੈਬੜਾ ਪੜ੍ਹਿਆ ਜਾਂਦਾ ਰਿਹਾ ਹੈਇਸ ਤੋਂ ਇਲਾਵਾ ਹੋਰ ਵੀ ਪਰਚੇ ਨਿਕਲ ਰਹੇ ਹਨਨਿਰਸੰਦੇਹ ਪਰਚਿਆਂ ਦੀ ਮਹੱਤਤਾ ਬਹੁਤ ਹੈਇੱਥੋਂ ਇੰਗਲੈਂਡ ਤੋਂ ਡਾ. ਗੁਰਦਿਆਲ ਸਿੰਘ ਰਾਏ ਹੋਰੀਂ 15/16 ਸਾਲ ਤੋਂ ਇੰਟਰਨੈੱਟ ਰਾਹੀਂ ‘ਲਿਖਾਰੀ’ ਪਰਚਾ ਮਿਹਨਤ ਤੇ ਲਗਨ ਨਾਲ ਨਿਰੰਤਰਤਾ ਸਹਿਤ ਚਲਾ ਰਹੇ ਹਨ ਅਤੇ ਉਹ ਆਪਣੇ ਸਿਰਜਣਾਤਮਕ ਕਾਰਜਾਂ ਨੂੰ ਪਿੱਛੇ ਪਾ ਕੇ ਪ੍ਰਤੀਬੱਧ ਤੇ ਨਵੇਂ ਲੇਖਕਾਂ ਦੀਆਂ ਰਚਨਾਵਾਂ ਨੂੰ ਸਾਹਿਤ ਸੰਸਾਰ ਨੂੰ ਪਹੁੰਚਾ ਰਹੇ ਹਨਡਾ. ਰਾਏ ਹੋਰਾਂ ਦੇ ਦੱਸਣ ਅਨੁਸਾਰ ਬਲਦੇਵ ਸਿੰਘ ਕੰਦੋਲਾ ਵੱਲੋਂ ਇੰਟਰਨੈੱਟ ਰਾਹੀਂ ਸਫ਼ਲਤਾ ਨਾਲ ‘ਪੰਜਾਬੀ ਕੌਮ’ ਨਿਕਲ ਰਿਹਾ ਹੈ‘ਮਨਜਿੱਤ’ ਤੇ ‘ਸਮਾਜ’ ਵੀਕਲੀ ਪਰਚੇ ਵੀ ਛਪ ਰਹੇ ਹਨ ਜੋ ਮੁਫ਼ਤ ਸੇਵਾ ਕਰ ਰਹੇ ਹਨਇਹ ਬਹੁ ਪੱਖੀ ਗਿਆਨ ਦਾ ਸੋਮਾਂ ਹਨਇਹ ਕੰਮ ਔਖਾ ਹੈ ਪਾਠਕਾਂ ਦੇ ਸਹਿਯੋਗ ਤੋਂ ਬਿਨਾਂ ਪਰਚਾ ਚੱਲ ਨਹੀਂ ਸਕਦਾ

? ਪਹਿਲੀ ਪੀੜ੍ਹੀ ਦੇ ਲੇਖਕਾਂ ਨੇ ਉਸ ਸਮੇਂ ਦੇ ਹਾਲਾਤ ਨੂੰ ਆਪਣੀ ਸਿਰਜਣਾ ਵਿੱਚ ਬਿਆਨ ਕੀਤਾ ਹੈ ਪਰ ਅੱਜ ਹਾਲਤ ਬਦਲ ਚੁੱਕੇ ਹਨਕੀ ਅੱਜ ਵੀ ਪੰਜਾਬੀ ਸਾਹਿਤ ਦੀ ਰਚਨਾ ਸਮੇਂ ਦੇ ਬਦਲਦੇ ਪਰਿਪੇਖ ਨੂੰ ਲੈ ਕੇ ਨਵੇਂ ਜਾਂ ਪੁਰਾਣੇ ਲੇਖਕ ਸਰਗਰਮ ਹਨ? ਜਾਂ ਇਹ ਕਹੀਏ ਕਿ ਤੁਹਾਨੂੰ ਬਰਤਾਨੀਆ ਵਿੱਚ ਪੰਜਾਬੀ ਸਾਹਿਤ ਦਾ ਭਵਿੱਖ ਕਿਸ ਤਰ੍ਹਾਂ ਲੱਗਦਾ?

: ਪੰਜਾਬੀ ਸਾਹਿਤ ਦੇ ਭਵਿੱਖ ਬਾਰੇ ਗੱਲ ਆਪਾਂ ਪਹਿਲਾਂ ਵੀ ਕਰ ਚੁਕੇ ਹਾਂਪਹਿਲੇ ਲੇਖਕਾਂ ਨੇ ਸਮੇਂ ਦੇ ਹਾਲਾਤ ਨੂੰ ਸਨਮੁਖ ਰੱਖਦਿਆਂ ਬੜੀਆਂ ਮੁੱਲਵਾਨ ਰਚਨਾਵਾਂ ਰਚੀਆਂ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਕੀਤਾ ਹੈਹੁਣ ਵੀ ਕਈ ਲੇਖਕ ਨਿਰੰਤਰ ਲਿਖ ਰਹੇ ਹਨਜਿਨ੍ਹਾਂ ਵਿੱਚ ਨਾਵਲਕਾਰ ਵੀ ਹਨ, ਕਹਾਣੀਕਾਰ ਵੀ ਹਨ, ਕਵਿਤਾ ਰਚਣ ਵਾਲੇ ਵੀ ਹਨਸਾਹਿਤ ਅਧਿਐਨ ਨਾਲ ਵੀ ਜੁੜੇ ਹੋਏ ਹਨਵਾਰਤਕ ਵਿਧਾ ਵਿੱਚ ਵੀ ਕੰਮ ਹੋ ਰਿਹਾ ਹੈਹੁਣ ਲਿਖ ਰਹੇ ਲੇਖਕਾਂ ਤੋਂ ਬਾਅਦ ਦੀ ਸਥਿਤੀ ਬਹੁਤੀ ਸਾਫ਼ ਨਹੀਂ ਹੈ

? ਕੈਂਬੋ ਸਾਹਿਬ ਪੰਜਾਬ ਤੋਂ ਬਾਹਰਲੇ ਲੇਖਕਾਂ ਨੇ ਲੱਗ ਪੱਗ ਸਾਰੀਆਂ ਵਿਧਾਵਾਂ ਵਿੱਚ ਲਿਖਿਆ ਹੈ ਪਰ ਮੈਨੂੰ ਲੱਗਦਾ ਹੈ ਕਿ ਬਰਤਾਨਵੀ ਲੇਖਕਾਂ ਦਾ ਨਾਟਕ ਤੇ ਸਫ਼ਰਨਾਮਾ ਵੱਲ ਘੱਟ ਧਿਆਨ ਗਿਆ ਹੈ?

: ਇਹ ਠੀਕ ਹੈਪੰਜਾਬ ਤੋਂ ਬਾਹਰ ਦੇ ਲੇਖਕਾਂ ਬਾਰੇ ਮੈਨੂੰ ਬਹੁਤਾ ਪਤਾ ਨਹੀਂਪਰ ਬਰਤਾਨੀਆ ਦੇ ਸੰਦਰਭ ਵਿੱਚ ਮੈਂ ਇਹ ਜਾਣਦਾ ਹਾਂ ਕਿ ਇਨ੍ਹਾਂ ਵਿਧਾਵਾਂ ਵਿੱਚ ਵੀ ਕੁਝ ਲੇਖਕਾਂ ਨੇ ਕਾਰਜ ਕੀਤਾ ਹੈਨਾਟਕ ਦੇ ਖੇਤਰ ਵਿੱਚ ਗਿ. ਦਰਸ਼ਨ ਸਿੰਘ, ਲੱਖਾ ਸਿੰਘ ਜੌਹਰ ਅਤੇ ਤਰਸੇਮ ਨੀਲਗਿਰੀ ਨੇ ਰਚਨਾਵਾਂ ਸਿਰਜੀਆਂ ਹਨਸਫ਼ਰਨਾਮਾ ਵਿਧਾ ਵਿੱਚ ਸਵਰਨ ਚੰਦਨ ਨੇ ਭਾਰਤ ਬਾਰੇ ਅਤੇ ਪ੍ਰੀਤਮ ਸਿੱਧੂ ਨੇ ਕੈਨੇਡਾ ਬਾਰੇ ਸਫ਼ਰਨਾਮਾ ਲਿਖਿਆ ਹੈਗੁਰਚਰਨ ਸੱਗੂ ਨੇ ਵੀ ਪਾਕਿਸਤਾਨੀ ਸਫ਼ਰਨਾਮਾ ਲਿਖਿਆ ਸੀ ਪਰ ਪਤਾ ਨਹੀਂ ਇਹ ਛਪ ਗਿਆ ਸੀ ਕਿ ਨਹੀਂਹਾਂ, ਇਹ ਕਹਿ ਸਕਦੇ ਹਾਂ ਕਿ ਕਵਿਤਾ ਕਹਾਣੀ ਦੇ ਮੁਕਬਲੇ ਨਾਟਕ ਤੇ ਸਫ਼ਰਨਾਮਾ ਘੱਟ ਲਿਖਿਆ ਗਿਆ

? ਕੈਂਬੋ ਸਾਹਿਬ, ਪੰਜਾਬੀ ਬੋਲੀ ਦਾ ਭਵਿੱਖ ਉਸ ਦੇ ਵਾਰਸਾਂ ’ਤੇ ਨਿਰਭਰ ਕਰਦਾ ਹੈਕੀ ਇੰਗਲੈਂਡ ਦੀ ਪੀੜ੍ਹੀ ਪੰਜਾਬੀ ਭਾਸ਼ਾ ਨਾਲ ਜੁੜੀ ਹੋਈ ਹੈ? ਤੁਹਾਡੇ ਤਜੱਰਬੇ ਕੀ ਕਹਿੰਦੇ ਹਨਕੀ ਪੰਜਾਬੀ ਨੂੰ ਦੂਜੀ ਬੋਲੀ ਦੇ ਅਧਾਰ ’ਤੇ ਸਕੂਲਾਂ ਵਿੱਚ ਪੜ੍ਹਾਉਣ ਦਾ ਉਪਰਾਲਾ ਠੀਕ ਚੱਲ ਰਿਹਾ ਹੈ ਜਾਂ ਮੇਨ ਸਟਰੀਮ ਕਲਚਰ ਨੇ ਆਪਣੇ ਵਿੱਚ ਸਮੋ ਲਿਆ ਹੈ? ਕੀ ਪੰਜਾਬੀ ਲੋਕ ਪੰਜਾਬੀ ਬੋਲੀ ਦੀ ਚਿੰਤਾ ਹੁਣ ਓਨੀ ਨਹੀਂ ਕਰਦੇ ਜਿੰਨੀ ਪਹਿਲਾਂ ਕਰਦੇ ਸੀ?

: ਜਿਵੇਂ ਮੈਂ ਪੰਜਾਬੀ ਦੀ ਸਥਿਤੀ ਬਾਰੇ ਪਹਿਲਾਂ ਵੀ ਜ਼ਿਕਰ ਕੀਤਾ ਹੈਜਿੱਥੋਂ ਤੱਕ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਕਾਰਜ ਸੀ, ਉਹ ਅੱਸੀਵੇਂ ਦਹਾਕੇ ਸ਼ੁਰੂ ਹੋਇਆ ਸੀ ਤੇ ਲੱਗ ਪੱਗ ਸੰਨ 2000 ਤੱਕ ਹੀ ਚੱਲ ਸਕਿਆਸ਼ਾਇਦ ਹੀ ਐਸ ਵੇਲੇ ਕਿਸੇ ਸਕੂਲ ਵਿੱਚ ਪੰਜਾਬੀ ਚੱਲ ਰਹੀ ਹੋਵੇਭਾਵੇਂ ਸਰਕਾਰ ਨੇ ਏਸ਼ੀਅਨ ਭਾਸ਼ਾਵਾਂ ਦੀ ਸੁਵਿਧਾ ਦੇ ਰੱਖੀ ਸੀਪ੍ਰੰਤੂ ਪ੍ਰਤੀਬੱਧਤਾ ਬਿਲਕੁਲ ਨਹੀਂ ਸੀਇਹ ਪੰਜਾਬੀ ਟੀਚਰਾਂ ਦੇ ਆਸਰੇ ’ਤੇ ਹੀ ਅਧਾਰਤ ਸੀਵਾਇਏਬਲ ਕਲਾਸਾਂ ਦਾ ਹੋਣਾ ਵੀ ਜ਼ਰੂਰੀ ਸੀਸਰਕਾਰੀ ਪਾਲਿਸੀਆਂ, ਗਵਰਨਿੰਗ ਬਾਡੀਜ਼ ਦਾ ਬਣਨਾ ਤੇ ਸਮੇਂ ਸਮੇਂ ਹੁੰਦੀਆਂ ਤਬਦੀਲੀਆਂ ਨਾਲ ਅਸੀਂ ਪੰਜਾਬੀ ਤੁਰ ਨਹੀਂ ਸਕੇਕਿਉਂਕਿ ਬਰਤਾਨਵੀ ਪਾਲਿਸੀਆਂ, ਇਸ ਦੇ ਸਕੂਲੀ ਸਿਸਟਮ ਤੇ ਦੂਜੀਆਂ ਭਾਸ਼ਾਵਾਂ ਦੀ ਮਹੱਤਤਾ ਦੇ ਮੁਕਾਬਲੇ ਵਿੱਚ ਇਸ ਦੇਸ਼ ਵਿੱਚ ਆਪਣੀ ਭਾਸ਼ਾ ਦੀ ਅਹਿਮੀਅਤ ਨੂੰ ਦਰਸਾਉਣ ਲਈ ਹਰ ਪੱਖ ਨੂੰ ਸਮਝਣਾ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਤੁਰਨਾ, ਸੇਧ ਦੇਣਾ ਅਤੇ ਗਿਆਨ ਨਾਲ ਲੈਸ ਹੋਈ ਟੀਮ ਪੈਦਾ ਕਰਨਾ ਸੀ ਅਤੇ ਸੰਘਰਸ਼ੀਲ ਬਿਰਤੀ ਅਪਨਾਉਣੀ ਸੀ ਜੋ ਅਸੀਂ ਪੈਦਾ ਨਹੀਂ ਕਰ ਸਕੇਮਾਡਰਨ ਭਾਸ਼ਾਵਾਂ ਦਾ ਵਿਭਾਗ ਆਪਣਾ ਝੁਕਾਅ ਫਰੈਂਚ ਤੇ ਜਰਮਨ ਭਾਸ਼ਾਵਾਂ ਤੱਕ ਹੀ ਸੀਮਤ ਰੱਖਦਾ ਸੀਇਸ ਸਭ ਕੁਝ ਦੇ ਬਾਵਜੂਦ ਅਜੇ ਵੀ ਪੰਜਾਬੀ ਦੀ ਪੜ੍ਹਾਈ ਗੁਰਦਵਾਰਾ ਸਾਹਿਬਾਨ ਵੱਲੋਂ ਹੋ ਰਹੀ ਹੈਪਰਸਥਿਤੀਆਂ ਅਨੁਕੂਲ ਜੋ ਵੀ ਹੋ ਰਿਹਾ, ਠੀਕ ਹੀ ਹੈਪਰ ਪੰਜਾਬੀ ਦਾ ਭਵਿੱਖ ਉੱਜਲਾ ਨਹੀਂ ਹੈਪੰਜਾਬੀਆਂ ਨੇ ਇਸ ਪਾਸੇ ਪੂਰਨ ਧਿਆਨ ਨਹੀਂ ਦਿੱਤਾ, ਭਾਵੇਂ ਉਨ੍ਹਾਂ ਦੀਆਂ ਵੀ ਮਜਬੂਰੀਆਂ ਸਨਨਵੀਂ ਪੀੜ੍ਹੀ ਦਾ ਝੁਕਾਅ ਤਾਂ ਨਹੀਂ ਹੈਪ੍ਰੰਤੂ ਦੂਰ ਅੰਦੇਸ਼ੀ ਮਾਪੇ ਆਪਣੇ ਯਤਨਾਂ ਨਾਲ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਰਹੇ ਹਨਪ੍ਰੰਤੂ ਆਮ ਘਰਾਂ ਵਿੱਚ ਇਹ ਚੇਤਨਾ ਨਹੀਂ ਹੈਇਨ੍ਹਾਂ ਹਾਲਾਤਾਂ ਵਿੱਚ ਭਵਿੱਖ ਦਾ ਹਾਲ ਤਾਂ ਤੁਸੀਂ ਖ਼ੁਦ ਹੀ ਜਾਣ ਸਕਦੇ ਹੋ

? ਪਿੱਛੇ ਜਿਹੀ ਖ਼ਬਰ ਆਈ ਸੀ ਕਿ ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿੱਚ ਪੜ੍ਹਾਉਣਾ 2017 ਵਿੱਚ ਬੰਦ ਹੋ ਜਾਵੇਗਾ ਪਰ ਪੰਜਾਬੀ ਲੋਕਾਂ ਦੇ ਵਿਰੋਧ ਕਾਰਨ ਪਤਾ ਲੱਗਾ ਕਿ ਪੰਜਾਬੀ ਭਾਸ਼ਾ ਬੰਦ ਨਹੀਂ ਹੋਵੇਗੀ?

: ਜਿਸ ਗੱਲ ਦਾ ਜ਼ਿਕਰ ਤੁਸੀਂ ਕੀਤਾ ਹੈ, ਉਹ ਏ ਲੈਵਲ ਦੇ ਇਮਤਿਹਾਨਾਂ ਬਾਰੇ ਚਰਚਾ ਸੁਣਿਆ ਸੀ, ਪ੍ਰੰਤੂ ਕਮਿਊਨਿਟੀ ਦੇ ਜ਼ੋਰ ਦੇਣ ’ਤੇ ਇਹ ਮਸਲਾ ਟਲ ਗਿਆ ਹੈਪਰ ਸਵਾਲ ਤਾਂ ਇਹ ਹੈ ਕਿ ਜੇ ਨਵੀਂ ਪਨੀਰੀ ਪੰਜਾਬੀ ਭਾਸ਼ਾ ਪ੍ਰਤੀ ਪੂਰਨ ਰੂਪ ਵਿੱਚ ਸਿਖਿਅਤ ਨਹੀਂ ਹੁੰਦੀ ਤਾਂ ਇਨ੍ਹਾਂ ਪ੍ਰੀਖਿਆਵਾਂ ਦੇ ਨਿਗਰਾਨ ਕਿਵੇਂ ਬਣਨਗੇ

? ਪ੍ਰੀਤਮ ਜੀ, ਸਮਾਜਿਕ ਤੇ ਸਭਿਅਚਾਰਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਤਾਂ ਇਹ ਗੱਲ ਸੁਣਨ ਵਿੱਚ ਆਈ ਹੈ ਕਿ ਬਰਤਾਨੀਆਂ ਵਿੱਚ, ਨਵੀਂ ਪੀੜ੍ਹੀ ਦੇ ਬੱਚਿਆਂ ਖ਼ਾਸ ਕਰਕੇ ਲੜਕੀਆਂ ਦੇ ਵਿਆਹਾਂ ਦੀ ਸਮੱਸਿਆ ਬਾਰੇ ਕਾਫੀ ਚਰਚਾ ਚੱਲੀ ਸੀਕੀ ਇਹ ਪੀੜ੍ਹੀ ਪਾੜੇ ਦੀ ਪ੍ਰਾਬਲਮ ਹੈ? ਨਵੀਂ ਪੀੜ੍ਹੀ ਦੇ ਬਹੁਤ ਸਾਰੇ ਬੱਚੇ ਵਿਆਹ ਹੀ ਨਹੀਂ ਕਰਾ ਰਹੇਕੀ ਪੱਛਮੀ ਹਵਾ ਦਾ ਅਸਰ ਹੈ ਜਾਂ ਹੋਰ ਕੋਈ ਕਾਰਨ ਸਮਝਦੇ ਹੋ?

: ਪੱਛਮੀ ਪ੍ਰਭਾਵ ਵਾਲੀ ਗੱਲ ਤਾਂ ਸਹੀ ਹੈਜਿਸ ਮੁਲਕ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਦਾ ਕਲਚਰ ਹਾਵੀ ਕਲਚਰ ਹੈਇੱਥੇ ਵਿਅਕਤੀਵਾਦ ਪ੍ਰਧਾਨ ਹੈਬੱਚਿਆਂ ਨੇ ਇਸ ਕਲਚਰ ਦੇ ਝੁਕਾਵਾਂ ਨੂੰ ਤਾਂ ਪਕੜਨਾ ਹੀ ਹੈਜਿਹੜੀ ਇੱਥੋਂ ਦੀ ਤਰਜ਼ੇ-ਜ਼ਿੰਦਗੀ ਹੈ, ਉਸ ਤੋਂ ਅਸੀਂ ਕਿਵੇਂ ਬੱਚ ਸਕਦੇ ਹਾਂਲੜਕੇ ਲੜਕੀਆਂ ਦਾ ਮਸਲਾ ਇਹ ਹੈ ਕਿ ਪਹਿਲੀ ਪੀੜ੍ਹੀ ਦੇ ਬੱਚੇ ਮਾਪਿਆਂ ਦੇ ਅਸਰ ਹੇਠ ਭਾਰਤ ਤੋਂ ਲੜਕਾ/ਲੜਕੀ ਮੰਗਵਾਣ ਲਈ ਸਹਿਮਤ ਹੋ ਜਾਂਦੇ ਸਨਪਰ ਬਹੁਤੇ ਕੇਸਾਂ ਵਿੱਚ ਇਹ ਰਵਾਇਤ ਕਾਮਯਾਬ ਨਹੀਂ ਹੋ ਸਕੀ, ਕਿਉਂਕਿ ਇੰਡੀਆ ਤੋਂ ਆਏ ਬੱਚੇ ਇੱਥੇ ਦੇ ਮਾਹੌਲ ਅਨੁਸਾਰ ਸੈਟਲ ਨਹੀਂ ਹੁੰਦੇਇੱਥੇ ਦੇ ਕਲਚਰ ਤੇ ਭਾਰਤੀ ਕਦਰਾਂ ਕੀਮਤਾਂ ਦਾ ਭੇੜ ਵੀ ਸੀਹੁਣ ਬੱਚੇ ਮਾਪਿਆਂ ਤੋਂ ਆਜ਼ਾਦ ਹੋ ਕੇ ਆਪਣੇ ਸਾਥੀ ਨੂੰ ਚੁਣ ਲੈਂਦੇ ਹਨ ਤੇ ਮਾਪਿਆਂ ਕੋਲੋਂ ਬਾਅਦ ਵਿੱਚ ਪ੍ਰਵਾਨਗੀ ਪਾ ਲੈਂਦੇ ਹਨਬਾਹਰ ਆਲ ਇਸ ਪੱਧਤੀ ਨਾਲ ਕੁਝ ਕੇਸ ਸਫ਼ਲ ਹੋ ਜਾਂਦੇ ਹਨ ਤੇ ਕਈ ਘਰੇਲੂ ਸਮੱਸਿਆਵਾਂ ਨਾਲ ਘਿਰ ਜਾਂਦੇ ਹਨ ਕਿਉਂਕਿ ਬੱਚਿਆਂ ਦੀ ਚੋਣ ਮਾਪਿਆਂ ਦੀ ਰਾਏ ਨਾਲ ਨਹੀਂ ਹੁੰਦੀਇਸ ਪ੍ਰਕਿਰਿਆ ਨਾਲ ਸੰਯੁਕਤ ਪਰਿਵਾਰਕ ਸਿਸਟਮ ਨੂੰ ਵੀ ਸੱਟ ਲਗ ਰਹੀ ਹੈ ਤੇ ਪੰਜਾਬੀ ਸਭਿਆਚਾਰ ਨੂੰ ਵੀ

? ਪੰਜਾਬੀਆਂ ਦੀਆਂ ਹੋਰ ਸਮੱਸਿਆਵਾਂ ਵੀ ਹੋਣਗੀਆਂ, ਪਰ ਪੀੜ੍ਹੀ ਪਾੜੇ ਦੀ ਸਮੱਸਿਆ ਤੁਸੀਂ ਕਿੰਨੀ ਕੁ ਸਮਝਦੇ ਹੋਕਿਉਂ ਕਿ ਪਹਿਲੀ ਪੀੜ੍ਹੀ ਦੀ ਸੋਚ ਤੇ ਦੂਜੀ ਪੀੜ੍ਹੀ ਦੀਆਂ ਸੋਚਾਂ ਵਿੱਚ ਅੰਤਰ ਹੋਵੇਗਾਪੰਜਾਬੀ ਕਮਿਊਨਿਟੀ ਦਾ ਇੰਗਲੈਂਡ ਵਿੱਚ ਭਵਿੱਖ ਕਿਹੋ ਜਿਹਾ ਲੱਗਦਾ?

: ਢਾਅ ਜੀ, ਪੰਜਾਬੀ ਕਮਿਊਨਿਟੀ ਦੀਆਂ ਅਨੇਕਾਂ ਹੀ ਸਮੱਸਿਆਵਾਂ ਹਨਨਵੇਂ ਮੁਲਕ ਵਿੱਚ ਵਸਣ ਲਈ ਬੇਅੰਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈਪੰਜਾਬੀ ਕਲਚਰ ਤੇ ਪੀੜ੍ਹੀ-ਪਾੜੇ ਦੀ ਸਮੱਸਿਆ ਨਿਰਸੰਦੇਹ ਗੰਭੀਰ ਹੈਪਹਿਲੀ ਪੀੜ੍ਹੀ ਦੇ ਆਪਣੇ ਮਸਲੇ ਸਨਉਨ੍ਹਾਂ ਨੂੰ ਨਵੇਂ ਮੁਲਕ ਵਿੱਚ ਸੈਟਲ ਹੋਣ ਲਈ ਬੇਅੰਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆਮਾਪੇ ਆਪਣੇ ਬੱਚਿਆਂ ਦੀ ਪੈਰਵਾਈ ਕਰਨ ਤੋਂ ਅਸਮਰੱਥ ਰਹੇਨਵੀਨ ਪੀੜ੍ਹੀ ਆਪਣੇ ਮਾਪਿਆਂ ਤੋਂ ਦੂਰ ਹੁੰਦੀ ਚਲੇ ਗਈਦੂਜੇ ਮੁਲਕ ਵਿੱਚ ਆ ਕੇ ਮਾਪਿਆਂ ਨੂੰ ਆਪਣੀ ਸਭਿਆਚਾਰਕ ਹੋਂਦ ਰੱਖਣੀ ਤੇ ਬੱਚਿਆਂ ਨੂੰ ਆਪਣੇ ਸਮਾਜਿਕ ਵਾਤਾਵਰਣ ਤੇ ਸਭਿਆਚਾਰ ਦੇ ਅਨੁਸਾਰ ਤੋਰੀ ਰੱਖਣਾ ਬਹੁਤ ਔਖਾ ਮਸਲਾ ਹੈਇਹ ਠੀਕ ਹੈ ਬਹੁਤ ਸਾਰੀਆਂ ਗੱਲਾਂ ਨਵੇਂ ਦੇਸ਼ ਅਨੁਸਾਰ ਢਾਲਣੀਆਂ ਉੱਚਿਤ ਹਨ ਤੇ ਜਿਹੜੀਆਂ ਢਾਹੂ ਤੇ ਮਾਰੂ ਕੀਮਤਾਂ ਹਨ, ਉਨ੍ਹਾਂ ਤੋਂ ਬਚਣ ਦੀ ਵੀ ਲੋੜ ਹੈਬੱਚਿਆਂ ਨੂੰ ਆਪਣੇ ਕਲਚਰ ਵਿੱਚ ਢਾਲੀ ਰੱਖਣਾ ਇੱਕ ਗੰਭੀਰ ਸਮੱਸਿਆ ਹੈਇਸ ਸੰਦਰਭ ਵਿੱਚ ਸਾਡੀ ਕਮਿਊਨਿਟੀ ਨੂੰ ਆਪਣੇ ਬੱਚਿਆਂ ਨੂੰ ਪਿਛੋਕੜ ਨਾਲ ਜੋੜੀ ਰੱਖਣ ਲਈ ਨਿਰੰਤਰ ਗਿਆਨ ਤੇ ਲੋੜੀਂਦੀ ਸੇਧ ਦੇਣ ਹਿਤ ਸਖ਼ਤ ਮਿਹਨਤ ਦੀ ਲੋੜ ਹੈਸਾਨੂੰ ਆਪਣੇ ਝੁਕਾਵਾਂ ਨੂੰ ਵੀ ਬਦਲਣ ਦੀ ਲੋੜ ਹੈਐਸ ਵੇਲੇ ਸਾਡੀ ਮੁੱਖ ਬਿਰਤੀ ਆਰਥਿਕਤਾ ਹੈਸਮੇਂ ਤੇ ਪਰਸਥਿਤੀਆਂ ਅਨਸਾਰ ਇਸ ਦਾ ਝੁਕਆ ਬੱਚਿਆਂ ਵੱਲ ਮੋੜਨ ਦੀ ਅਤਿ ਆਵੱਸ਼ਕਤਾ ਹੈਬੱਚਿਆਂ ਦੀਆਂ ਸਮੱਸਿਆਵਾਂ ਨਾਲ ਵੀ ਇਕਸੁਰਤਾ ਬਣਾਈ ਰੱਖਣ ਦੀ ਲੋੜ ਹੈਉਨ੍ਹਾਂ ਦੀਆਂ ਔਕੜਾਂ ਨੂੰ ਨਜਿੱਠਣ ਲਈ ਕਮਿਊਨਿਟੀ ਲੈਵਲ ’ਤੇ ਬਾਕਾਇਦਾ ਸੈੱਲ ਕਾਇਮ ਕਰਨ ਦੀ ਜ਼ਰੂਰਤ ਹੈਪ੍ਰੰਤੂ ਯਾਦ ਰਹੇ ਕਿ ਸਾਨੂੰ ਇੱਥੇ ਦੇ ਮੁਲਕ ਨੂੰ ਵੀ ਆਪਣਾ ਸਮਝਣਾ ਚਾਹੀਦਾ ਹੈਇੱਥੇ ਦੀਆਂ ਨਿੱਗਰ ਤੇ ਉਸਾਰੂ ਕੀਮਤਾਂ ਨੂੰ ਅਪਨਾਉਣਾ ਚਾਹੀਦਾ ਹੈਆਰਥਿਕ ਪੱਖ ਤੋਂ ਸਾਡਾ ਭਵਿੱਖ ਠੀਕ ਹੈ, ਪ੍ਰੰਤੂ ਕਲਚਰਲ ਤੇ ਬੱਚਿਆਂ ਦੇ ਮਸਲਿਆਂ ਦੇ ਪੱਖ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈਸਮਕਾਲੀ ਪਰਸਥਿਤੀਆਂ ਤੇ ਹੋਰ ਸਮੇਂ ਸਮੇਂ ਆ ਰਹੇ ਮਸਲਿਆਂ ਨੂੰ ਵੀ ਨਾਲੋ ਨਾਲ ਨਜਿੱਠਣਾ ਹੈ

? ਪੰਜਾਬੀਆਂ ਨੇ ਜਿੱਥੇ ਹੋਰ ਤਰੱਕੀ ਕੀਤੀ ਹੈ, ਉੱਥੇ ਸਿੱਖਾਂ ਨੇ ਜਾਤ ਪਾਤ ਦੇ ਅਧਾਰ ’ਤੇ ਆਪੋ ਆਪਣੇ ਗੁਰੂ ਘਰ ਉਸਾਰਨ ਦੇ ਕੰਮ ‘ਤੇ ਵੀ ਬਹੁਤ ਜੋਰ ਲਾਇਆ ਹੈਕੀ ਨਵੀਂ ਪੀੜ੍ਹੀ ਵੀ ਜਾਤ ਪਾਤ ਵਿੱਚ ਪਹਿਲੀ ਪੀੜ੍ਹੀ ਜਿੰਨੀ ਹੀ ਕੱਟੜ ਹੈ ਜਾਂ ਇਸ ਨੂੰ ਨਿਕਾਰ ਰਹੀ ਹੈ? ਬਰਤਾਨੀਆ ਵਿੱਚ ਸਾਡੀ ਨਵੀਂ ਪੀੜ੍ਹੀ ਦੀ ਸੋਚ ਵਿੱਚ ਤੁਹਾਨੂੰ ਕੋਈ ਤਬਦੀਲੀ ਆਈ ਲੱਗਦੀ ਹੈ?

: ਇਹ ਠੀਕ ਹੈ ਕਿ ਸਾਡੇ ਵਿੱਚ ਜਾਤ ਪਾਤ ਦੀ ਅਹਿਮੀਅਤ ਇੱਥੇ ਆ ਕੇ ਵੀ ਘੱਟੀ ਨਹੀਂਕੁਝ ਜਾਤਾਂ ’ਤੇ ਅਧਾਰਤ ਗੁਰਦਵਾਰੇ ਉਸਾਰੇ ਗਏ ਹਨ ਜੋ ਠੀਕ ਕਦਮ ਨਹੀਂਪ੍ਰੰਤੂ ਇਸ ਦੀਆਂ ਜੜ੍ਹਾਂ ਸਾਡੀਆਂ ਸੰਸਕਾਰਕ ਸੋਚਾਂ ’ਤੇ ਅਧਾਰਤ ਹਨ ਜੋ ਅਸੀਂ ਸਦੀਆਂ ਤੋਂ ਲੈ ਕੇ ਤੁਰੇ ਆ ਰਹੇ ਹਾਂਚਾਹੀਦਾ ਤਾਂ ਸੀ ਕਿ ਨਵੇਂ ਮੁਲਕ ਵਿੱਚ ਆ ਕੇ ਅਸੀਂ ਆਪਣਾ ਰਸਤਾ ਬਦਲ ਲੈਂਦੇ, ਪਰ ਅਸੀਂ ਬਦਲਾਅ ਲਿਆਉਣ ਵਿੱਚ ਅਸਮਰੱਥ ਰਹੇ ਹਾਂਬੱਚੇ ਤਦੇ ਹੀ ਜਾਤਾਂ ਪਾਤਾਂ ਦੇ ਸਿਸਟਮ ਨੂੰ ਨਾਕਾਰ ਰਹੇ ਹਨਸਗੋਂ ਇਸੇ ਕਾਰਣ ਕਰਕੇ ਸਾਡੇ ਬੱਚੇ ਆਪਣੇ ਸਮਾਜਿਕ ਘੇਰੇ ਤੋਂ ਬਾਹਰ ਵੀ ਨਿਕਲ ਰਹੇ ਹਨਨਵੀਂ ਪੀੜ੍ਹੀ ਨਿਰਸੰਦੇਹ ਆਪਣਾ ਨਵਾਂ ਰਸਤਾ ਬਣਾ ਰਹੀ ਹੈਪ੍ਰੰਤੂ ਇਹ ਵੀ ਸੱਚ ਹੈ ਕਿ ਬੱਚੇ ਵੀ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਤੋਂ ਅਗਾਹ ਨਹੀਂ ਹੋ ਰਹੇਉਹ ਚੰਗੀਆਂ ਤੇ ਮਾੜੀਆਂ ਕਦਰਾਂ ਕੀਮਤਾਂ ਦਾ ਨਿਖੇੜਾ ਨਹੀਂ ਕਰ ਰਹੇਬਹੁਤੇ ਬੱਚੇ ਮਾਪਿਆਂ ਨੂੰ ਵਿਸ਼ਵਾਸ ਵਿਚ ਨਾ ਲੈਣ ਕਰਕੇ ਤੇ ਕਈ ਹਾਲਾਤ ਵਿਚ ਉਨ੍ਹਾਂ ਦੀਆਂ ਨਸੀਹਤਾਂ ਨੂੰ ਰੱਦ ਕਰਕੇ ਔਕੜਾਂ ਵਿਚ ਫਸ ਜਾਂਦੇ ਹਨ ਤੇ ਮਾਪੇ ਵੀ ਦੁੱਖ ਭੋਗਦੇ ਹਨਬੱਚਿਆਂ ਤੇ ਮਾਪਿਆਂ ਦੇ ਪ੍ਰਸਪਰ ਸਹਿਯੋਗ ਨਾਲ ਹੀ ਸਹੀ ਦਿਸ਼ਾ ਨਿਰਧਾਰਤ ਕੀਤੀ ਜਾ ਸਕਦੀ ਹੈਹਠੀ ਵਤੀਰਾ ਕਿਸੇ ਵੀ ਧਿਰ ਲਈ ਸਾਜ਼ਗਾਰ ਨਹੀਂਇਹ ਵੀ ਜ਼ਿਕਰਯੋਗ ਹੈ ਕਿ ਜਿਹੜੀ ਤਬਦੀਲੀ ਅਸੀਂ ਦੇਖਦੇ ਹਾਂ, ਉਹ ਕਿਸੇ ਚੇਤਨਾ ਲਹਿਰ ਦਾ ਹਿੱਸਾ ਨਹੀਂਇਹ ਤਾਂ ਬੱਚਿਆਂ ਦੇ ਇਮੋਸ਼ਨਲ (ਭਾਵਿਕ) ਪਿਆਰ ਸੰਬੰਧਾਂ ਵਿੱਚੋਂ ਇਹ ਰਿਸ਼ਤੇ ਬਣਦੇ ਹਨ, ਨਾ ਕਿ ਉਨ੍ਹਾਂ ਦੀ ਡੂੰਘੀ ਸੋਚ ਤੋਂ

? ਬਰਤਾਨੀਆ ਦੀ ਆਰਥਿਕਤਾ ਵਿੱਚ ਪੰਜਾਬੀਆਂ ਦੀ ਦੇਣ ਨੂੰ ਬਰਤਾਨਵੀ ਮੇਨ ਸਟਰੀਮ ਕਿਸ ਤਰ੍ਹਾਂ ਦੇਖਦੀ ਹੈ? ਇਨ੍ਹਾਂ ਦਾ ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਆ ਕੇ ਫਾਊਂਡਰੀਆਂ ਵਿੱਚ ਕੰਮ ਕਰਨ ਦਾ ਕਿਸੇ ਪਾਸਿਉਂ ਕੋਈ ਮੁੱਲ ਪਿਆ ਜਾਪਦਾ? ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?

: ਨਿਰਸੰਦੇਹ ਸਾਡੇ ਲੋਕਾਂ ਨੇ ਆਰਥਿਕ ਪੱਧਰ ’ਤੇ ਕਾਫੀ ਤਰੱਕੀ ਕੀਤੀ ਹੈਪਹਿਲੀ ਪੀੜ੍ਹੀ ਨਾਲੋਂ ਸਾਡੇ ਬੱਚੇ ਹਰ ਖੇਤਰ ਵਿੱਚ ਅੱਛੇ ਨਿਕਲ ਰਹੇ ਹਨ ਅਤੇ ਆਪਣੀ ਥਾਂ ਬਣਾ ਰਹੇ ਹਨਪੰਜਾਬੀਆਂ ਦੇ ਯੋਗਦਾਨ ਨੂੰ ਸਰਕਾਰ ਵੀ ਸਮਝਦੀ ਹੈ

? ਪਹਿਲੀ ਪੀੜ੍ਹੀ ਵਿੱਚ ਭਾਵੇਂ ਬਹੁਤੇ ਲੋਕ ਪੜ੍ਹੇ ਲਿਖੇ ਵੀ ਆਏ ਸਨ, ਪਰ ਉਨ੍ਹਾਂ ਨੂੰ ਨਸਲੀ ਪੱਖਪਾਤ ਦਾ ਬਹੁਤ ਡੂੰਘਾ ਕੰਡਾ ਸਾਰੀ ਉਮਰ ਹੀ ਚੁੱਭਦਾ ਰਿਹਾਅੱਜ ਨਵੀਂ ਪੀੜ੍ਹੀ ਜਿਹੜੀ ਇੱਥੇ ਜੰਮੀ ਪਲੀ, ਚੰਗੀ ਐਜੂਕੇਸ਼ਨ ਲੈ ਕੇ ਵਧੀਆ ਨੌਕਰੀਆਂ ’ਤੇ ਵੀ ਲੱਗੀ ਹੋਈ ਹੈਤੁਹਾਡਾ ਕੀ ਖ਼ਿਆਲ ਹੈ ਗੋਰਿਆਂ ਦਾ ਏਸ਼ੀਆਈ ਜਾਂ ਕਾਲੇ ਲੋਕਾਂ ਨਾਲ ਵਤੀਰਾ ਬਦਲਿਆ ਹੈ, ਜਾਂ ਫੇਰ ਅੰਦਰੂਨੀ ਵਿਤਕਰਾ ਅਜੇ ਵੀ ਦੇਖਿਆ ਜਾ ਸਕਦਾ?

-ਪਹਿਲੀ ਪੀੜ੍ਹੀ ਦੇ ਲੋਕਾਂ ਸਾਹਮਣੇ ਆਰਥਿਕਤਾ ਦਾ ਮਸਲਾ ਸੀਅੰਗਰੇਜ਼ੀ ਭਾਸ਼ਾ ਦੀ ਅੜਚਣ ਵੀ ਸੀਜਿਸ ਕਰਕੇ ਤਾਲ ਮੇਲ ਦੀ ਘਾਟ ਕਰਕੇ ਮਾਨਸਿਕ ਉਲਝਣਾਂ ਵੀ ਸਨਆਪਣੀ ਹੋਂਦ ਨੂੰ ਸੁਰੱਖਿਅਤ ਰੱਖ ਕੇ ਬੱਚਿਆਂ ਨੂੰ ਮਿਆਰੀ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਵੀ ਸੀਇਸ ਲਈ ਇਹ ਪੀੜ੍ਹੀ ਨਸਲੀ ਜ਼ਹਿਰਾਂ ਨੂੰ ਜਰਦੀ ਹੋਈ ਵੀ ਨਿਰੰਤਰ ਸੰਘਰਸ਼ਸ਼ੀਲ ਰਹੀਨਵੀਂ ਪੀੜ੍ਹੀ ਦਾ ਮਨੋਬਲ ਵਧਿਆ ਹੈਭਾਵੇਂ ਉਨ੍ਹਾਂ ਨੂੰ ਮੁਸ਼ਕਲਾਂ ਤਾਂ ਅਜੇ ਵੀ ਹੈਨ, ਪ੍ਰੰਤੂ ਪਹਿਲੀ ਪੀੜ੍ਹੀ ਨਾਲੋਂ ਢੇਰ ਫ਼ਰਕ ਹੈਨਸਲੀ ਵਿਤਕਰਾ ਵੀ ਅੱਗੇ ਨਾਲੋਂ ਕਾਫੀ ਘਟਿਆ ਹੈ

? ਫੇਰ ਕੈਬੋ ਜੀ, ਪਹਿਲੀ ਪੀੜ੍ਹੀ ਵਿੱਚ ਬੇਗਾਨਗੀ ਦਾ ਅਹਿਸਾਸ ਅੱਜ ਕਿਸ ਤਰ੍ਹਾਂ ਲੱਗਦਾ ਹੈਨਵੀਂ ਪੀੜ੍ਹੀ ਲਈ ਤਾਂ ਉਨ੍ਹਾਂ ਦਾ ਦੇਸ਼ ਇੰਗਲੈਂਡ ਹੀ ਹੈਉਹ ਤਾਂ ਇੱਥੇ ਹੀ ਖੁਸ਼ ਹੋਣਗੇ ਅਤੇ ਸੈਟਲ ਹੋ ਹੀ ਰਹੇ ਹੋਣਗੇ? ਪਰ ਪਹਿਲੀ ਪੀੜ੍ਹੀ ਤਾਂ ਇਕੱਲਤਾ ਸੰਤਾਪ ਭੋਗ ਰਹੀ ਹੋਵੇਗੀ?

: ਪਹਿਲੀ ਪੀੜ੍ਹੀ ਵਾਲੇ ਪਰਵਾਸੀਆਂ ਲਈ ਆਪਣੇ ਮੁਲਕ ਨਾਲ ਲਗਾਉ ਤਾਂ ਆਪਣੀ ਜ਼ਿੰਦਗੀ ਤੱਕ ਕਾਇਮ ਰਹੇਗਾਪਰ ਸਮੇਂ ਦੀਆਂ ਪਰਸਥਿਤੀਆਂ ਦਾ ਵੀ ਬੜਾ ਵੱਡਾ ਹੱਥ ਹੁੰਦਾ ਹੈਲੰਮਾ ਅਰਸਾ ਰਹਿਣ ਕਰਕੇ, ਇੱਥੇ ਮਿਲ ਰਹੀਆਂ ਸੁਵਿਧਾਵਾਂ ਕਰਕੇ ਤੇ ਕੁਝ ਸਮੇਂ ਅਨੁਕੂਲ ਮੇਜ਼ਬਾਨੀ ਮੁਲਕ ਦੀ ਧਰਤੀ ਨਾਲ ਲਗਾਉ ਵੀ ਹੋ ਜਾਂਦਾ ਹੈਪ੍ਰੰਤੂ ਸਭ ਤੋਂ ਵੱਡੀ ਗੱਲ ਜਿਹੜੀ ਹੈ, ਉਹ ਹੈ ਭਾਰਤ ਵਿੱਚ ਹਾਲਾਤ ਉਸ ਕਦਰ ਸੁਧਰ ਨਹੀਂ ਸਕੇ ਜਿਸ ਕਦਰ ਉਨ੍ਹਾਂ ਨੂੰ ਆਸ ਸੀਜਿੱਥੇ ਉਨ੍ਹਾਂ ਦਾ ਆਪਣੇ ਵਤਨ ਜਾ ਕੇ ਉੱਥੇ ਦੀ ਮਿੱਟੀ ਨਾਲ ਮੋਹ ਪਾਲਣ ਦੇ ਆਸ਼ੇ ਨਾਲ ਸੈਟਲ ਹੋਣ ਦਾ ਇਰਾਦਾ ਸੀ, ਉਹ ਹੁਣ ਲੱਗ ਪੱਗ ਖ਼ਤਮ ਹੋ ਗਿਆ ਹੈਨਵੀਂ ਪੀੜ੍ਹੀ ਦਾ ਤਾਂ ਇਹੀ ਮੁਲਕ ਹੈਉਨ੍ਹਾਂ ਦਾ ਭਵਿੱਖ ਵੀ ਇਸ ਮੁਲਕ ’ਤੇ ਨਿਰਭਰ ਕਰਦਾ ਹੈਆਪਣੇ ਮਾਪਿਆਂ ਦੇ ਮੁਲਕ ਕੋਲੋਂ ਨਿਰਾਸ਼ਾ ਪੱਲੇ ਪੈਣ ਕਰਕੇ ਉਹ ਤਾਂ ਹਾਲੀਡੇ ਵੀ ਯੂਰਪੀਨ ਮੁਲਕਾਂ ਵਿੱਚ ਮਨਾਉਣ ਲਈ ਤਰਜੀਹ ਦੇ ਰਹੇ ਹਨਦੂਜੀ ਪੀੜ੍ਹੀ ਤੋਂ ਬਾਅਦ ਤੀਜੀ ਪੀੜ੍ਹੀ ਦੇ ਬੱਚੇ ਹੋਰ ਵੀ ਆਪਣੇ ਮਾਪਿਆਂ ਤੋਂ ਵੱਖਰਾ ਰਾਸਤਾ ਅਪਣਾ ਰਹੇ ਹਨ

? ਬਹੁਤ ਸਾਰੇ ਪੰਜਾਬੀ ਲੋਕ ਮਹਿਸੂਸ ਕਰਦੇ ਹਨ ਕਿ ਅਸੀਂ ਚੰਗੇ ਭਵਿੱਖ ਦੀ ਭਾਲ ਵਿੱਚ ਘਰੋਂ ਨਿਕਲੇ ਸੀ, ਪਰ ਇੱਥੇ ਆ ਕੇ ਸਾਡੀ ਉਲਾਦ ਪੱਛਮੀ ਰੰਗ ਵਿੱਚ ਰੰਗੀ ਗਈਪੂਰਬੀ ਕਦਰਾਂ ਕੀਮਤਾਂ ਉਨ੍ਹਾਂ ਨੂੰ ਪਛੜੇਪਨ ਦੀ ਨਿਸ਼ਾਨੀ ਲੱਗਦੀ ਹੈਉਹ ਮਾਪਿਆਂ ਤੋਂ ਦੂਰੀ ਬਣਾ ਰਹੇ ਹਨਪਹਿਲੀ ਪੀੜ੍ਹੀ ਦੇ ਪੰਜਾਬੀ ਆਪਣੇ ਘਰ ਅਤੇ ਆਪਣੀਆਂ ਜ਼ਮੀਨਾਂ ਸਾਂਭਣ ਲਈ ਨਹੀਂ ਜਾ ਸਕਦੇਦੋਚਿਤੀ ਦਾ ਸੰਤਾਪ ਭੋਗ ਰਹੇ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ?

-ਇਸ ਪ੍ਰਸ਼ਨ ਦਾ ਉੱਤਰ ਲੱਗ ਪੱਗ ਪਹਿਲਾਂ ਆ ਹੀ ਚੁੱਕਾ ਹੈਹਾਲਾਤ ਹੀ ਐਸ ਤਰ੍ਹਾਂ ਦੇ ਬਣ ਗਏ ਹਨਬੱਚੇ ਦੂਰ ਚਲੇ ਗਏ ਹਨਆਪਣੇ ਕਲਚਰ ਪ੍ਰਤੀ ਪਹਿਰਾ ਦੇਣ ਵਾਲੇ ਮਾਪਿਆਂ ਨੂੰ ਛੱਡ ਕੇ ਦੂਜੇ ਬੱਚਿਆਂ ਲਈ ਪੂਰਬੀ ਕਦਰਾਂ ਕੀਮਤਾਂ ਦਾ ਬਹੁਤਾ ਅਰਥ ਨਹੀਂ ਰਹਿ ਗਿਆਪਿੱਛੇ ਦੇ ਹਾਲਾਤ ਸਾਜ਼ਗਾਰ ਨਹੀਂ ਰਹੇਰਹਿੰਦੀ ਕਸਰ ਆਪਣਿਆਂ ਨੇ ਪੂਰੀ ਕਰ ਦਿੱਤੀ ਹੈਬਹੁਤਿਆਂ ਨੇ ਸਾਨੂੰ ਪ੍ਰਦੇਸੀ ਜਾਣਦਿਆਂ ਜਾਇਦਾਦਾਂ ਨੂੰ ਆਪਣਾ ਹੀ ਸਮਝ ਲਿਆ ਹੈਬੇਅੰਤ ਲੋਕ ਆਪਣੀਆਂ ਜਾਇਦਾਦਾਂ ਖਾਤਰ ਝਗੜਿਆਂ ਵਿਚ ਪਏ ਹੋਏ ਸਮਾਂ ਵੀ ਬਰਬਾਦ ਕਰ ਰਹੇ ਹਨ ਤੇ ਪੈਸਾ ਵੀ ਗੁਆ ਰਹੇ ਹਨਨਵੀਂ ਪੀੜ੍ਹੀ ਇਹੋ ਜਿਹੀਆਂ ਮੁਸੀਬਤਾਂ ਨੂੰ ਮੁੱਲ ਨਹੀਂ ਲੈਣਾ ਚਾਹੁੰਦੀ

? ਡਾ. ਕੈਬੋ ਜੀ, ਵਿਸ਼ਵੀਕਰਨ ਦੇ ਪ੍ਰਭਾਵ ਨਾਲ ਦੁਨੀਆਂ ਇੱਕ ਗਲੋਬਲ ਵਿਲੇਜ ਬਣ ਗਈ ਹੈਕੀ ਤੁਹਾਨੂੰ ਲੱਗਦਾ ਇਸ ਨੇ ਪੰਜਾਬੀ ਸਮਾਜ ਉੱਪਰ ਵੀ ਆਪਣਾ ਰੰਗ ਛੱਡਿਆ ਹੈ? ਪੰਜਾਬੀ ਸਾਹਿਤ ਉੱਤੇ ਤੁਸੀਂ ਕੀ ਅਸਰ ਦੇਖ ਰਹੇ ਹੋ?

: ਵਿਸ਼ਵੀਕਰਨ ਦਾ ਨਾਂ ਤਾਂ ਬੜਾ ਲੁਭਾਏਮਾਨ ਹੈ, ਪ੍ਰੰਤੂ ਇਹ ਪ੍ਰਮੱਖ ਸਰਮਾਏਦਾਰ ਦੇਸ਼ਾਂ ਵੱਲੋਂ ਵਿਸ਼ਵ ਮੰਡੀ ਉੱਪਰ ਗਲਬਾ ਜਮਾਉਣ ਦਾ ਕਾਰਜ ਕਰਦਾ ਹੈਕਿਹਾ ਜਾਂਦਾ ਹੈ ਕਿ ਕਿ ਸਾਰੇ ਵਿਸ਼ਵ ਵਿੱਚ ਨੇੜਤਾ ਪੈਦਾ ਕਰਨੀ ਹੈ ਤੇ ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਹਨਨਿਰਸੰਦੇਹ ਨੇੜਤਾ ਵਧਣ ਕਰਕੇ ਕਈ ਸੁੱਖ-ਸਵਿਧਾਵਾਂ ਵੀ ਪੈਦਾ ਹੋਈਆਂ ਹਨ, ਪਰ ਜਾਪਦਾ ਹੈ ਕਿ ਸਮਰੱਥਾਵਾਨ ਮੁਲਕ ਆਪਣਾ ਗਲਬਾ ਜਮਾ ਕੇ ਦੂਜਿਆਂ ਕਲਚਰਾਂ ਨੂੰ ਥੱਲੇ ਲੱਗਾ ਰਹੇ ਹਨ ਅਤੇ ਆਪਣਾ ਮਾਹੌਲ ਉਸਾਰ ਕੇ ਆਪਣੇ ਨਿੱਜੀ ਲਾਭ ਪ੍ਰਾਪਤ ਕਰ ਰਹੇ ਹਨਇਸ ਲਈ ਹਰ ਸਭਿਆਚਾਰ ਨੂੰ ਸੁਚੇਤ ਹੋ ਕੇ ਆਪਣੀ ਰਾਖੀ ਕਰਨੀ ਚਾਹੀਦੀ ਹੈਪੰਜਾਬੀ ਸਭਿਆਚਾਰ ਭਾਵੇਂ ਅਮੀਰ ਅਭਿਆਚਾਰ ਹੈ, ਪ੍ਰੰਤੂ ਚੇਤੰਨ ਹੋ ਕੇ ਆਪਣੀਆਂ ਕਦਰਾਂ-ਕੀਮਤਾਂ ਨੂੰ ਬਚਾਉਣ ਦੇ ਤਦ ਹੀ ਅਸੀਂ ਸਮਰੱਥ ਹੋ ਸਕਦੇ ਹਾਂ, ਜੇ ਅਸੀਂ ਆਪਣੀ ਭਾਸ਼ਾ ਅਤੇ ਸਾਹਿਤ ’ਤੇ ਨਿਰੰਤਰ ਪਹਿਰਾ ਦਿੰਦੇ ਰਹੀਏਇਹ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈਅਸੀਂ ਦੇਖਦੇ ਹਾਂ ਕਿ ਵਿਸ਼ਵੀ ਕਰਨ ਦਾ ਮਾੜਾ ਪ੍ਰਭਾਵ ਪੰਜਾਬੀ ਸਮਾਜ ’ਤੇ ਵੀ ਪਿਆ ਹੈਬਾਹਰਲੇ ਮੁਲਕਾਂ ਦੀ ਚਕਾ-ਚਂੌਧ ਤੇ ਚੜ੍ਹਤ: ਬੜ੍ਹਤ ਨੇ ਸਾਨੂੰ ਗ੍ਰਿਫਤ ਵਿੱਚ ਲੈ ਲਿਆ ਹੈਵਸਤੂ ਮੋਹ ਅਤੇ ਆਰਥਿਕ ਹਾਲਾਤ ਨੂੰ ਬੇਹਤਰ ਬਣਾਉਣ ਨੇ ਸਾਨੂੰ ਇੰਨਾ ਘੇਰ ਲਿਆ ਹੈ ਕਿ ਅਸੀਂ ਪਦਾਰਥਕ ਰੁਚੀਆਂ ਦੇ ਹੀ ਧਾਰਣੀ ਹੋ ਗਏ ਹਾਂਆਪਣੇ ਕਲਚਰ ਨੂੰ ਵੀ ਉਹ ਥਾਂ ਨਹੀਂ ਦੇ ਰਹੇਸਿਰਫ ਦਿਨਾਂ ਤਿਉਹਾਰਾਂ ਦੇ ਸਮੇਂ ਅਸੀ ਧਾਰਮਿਕ ਅਸਥਾਨਾਂ ’ਤੇ ਇਕੱਠ ਹੋ ਕੇ ਕੁੱਝ ਭੁੱਖ ਪੂਰੀ ਕਰ ਲੈਂਦੇ ਹਾਂਪੰਜਾਬੀ ਸਾਹਿਤ ਉੱਤੇ ਵੀ ਕਈ ਪੱਖਾਂ ਤੋਂ ਚੰਗਾ ਪ੍ਰਭਾਵ ਨਹੀਂ ਪਿਆ ਹੈਬਾਹਰ ਆ ਕੇ ਅਸੀਂ ਸਾਹਿਤਕ, ਸਭਿਆਚਾਰਕ ਤੇ ਭਾਸ਼ਾਈ ਕਦਰਾਂ ਕੀਮਤਾਂ ਨਾਲੋਂ ਟੁੱਟ ਰਹੇ ਹਾਂਭਾਵੇਂ ਸਾਹਿਤਕਾਰ ਆਪਣਾ ਫ਼ਰਜ਼ ਨਿਭਾ ਰਹੇ ਹਨ, ਪ੍ਰੰਤੂ ਗਲੈਮਰ ਦੇ ਵਧਣ ਕਰਕੇ ਉਨ੍ਹਾਂ ਦਾ ਬਹੁਤਾ ਪ੍ਰਭਾਵ ਨਹੀਂ ਪੈ ਰਿਹਾ

? ਅੱਜ ਦੇ ਹਾਲਾਤ ਵਿੱਚ ਤਬਦੀਲੀ ਆਉਣ ਨਾਲ ਮੀਡੀਆ ਤੇ ਪੰਜਾਬੀ ਬੋਲੀ ਦੇ ਪਾਸਾਰ ਨੂੰ ਲੈ ਕੇ ਸੰਭਾਵਨਾਵਾਂ ਵੱਧਦੀਆਂ ਲੱਗਦੀਆਂ ਹਨਪੰਜਾਬੀ ਰੇਡੀਉ, ਟੀਵੀ ਤੇ ਅਖ਼ਬਾਰਾਂ ਤੋਂ ਇਲਾਵਾ ਪੰਜਾਬੀ ਗੀਤ ਸੰਗੀਤ ਤੇ ਸਭਿਆਚਾਰਕ ਗਤੀ-ਵਿਧੀਆਂ ਵੀ ਪੰਜਾਬੀ ਬੋਲੀ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਲਈ ਕੁਝ ਹੱਦ ਤਕ ਸਹਾਇਕ ਰਹੀਆਂ ਹਨਕੀ ਇੱਧਰ ਵੀ ਕੁਝ ਤਬਦੀਲੀ ਨਜ਼ਰ ਆਈ ਹੈ? ਅੱਜ ਕੱਲ੍ਹ ਵੀ ਕੋਈ ਸੰਗੀਤ-ਗਰੁੱਪ ਕੰਮ ਕਰ ਰਹੇ ਹਨ?

: ਨਿਰਸੰਦੇਹ ਮੀਡੀਏ ਵਿੱਚ ਸਾਡੀਆਂ ਜ਼ੁਬਾਨਾਂ ਨੇ ਆਪਣੀ ਥਾਂ ਬਣਾਈ ਹੈਰੇਡੀਉ ਤਾਂ ਰਾਤ ਭਰ ਪ੍ਰੋਗਰਾਮ ਦੇ ਰਹੇ ਸਨ ਪਰ ਕਿਉਂਕਿ ਪਹਿਲੀ ਪੀੜ੍ਹੀ ਆਪਣੀ ਅਉਧ ਲੱਗ ਪੱਗ ਹੰਢਾ ਚੁੱਕੀ ਹੈਨਵੀਂ ਪੀੜ੍ਹੀ ਅੰਗਰੇਜ਼ੀ ਨਾਲ ਜੁੜ ਗਈ ਹੈ ਪਰ ਫਿਰ ਵੀ ਸਾਹਿਤਕਤਾ ਨਾਲੋਂ ਮੀਡੀਆਈ ਕਲਚਰ ਅਜੇ ਬਚਿਆ ਹੋਇਆ ਹੈਪਹਿਲਾਂ ਸੰਗੀਤਕ ਗਰੁੱਪਾਂ ਦੀ ਭਰਮਾਰ ਸੀਹੁਣ ਉਹ ਦੀ ਜਗ੍ਹਾ ਡੀ. ਜੇ. ਰੋਲ ਨਿਭਾ ਰਹੇ ਹਨਨਵੀਂ ਇਮੀਗਰੇਸ਼ਨ ਇੱਥੇ ਨਹੀਂ ਹੋ ਰਹੀ ਹੈਇਸ ਲਈ ਪੰਜਾਬੀ ਭਾਸ਼ਾ ਦੇ ਕਲਚਰਲ ਪ੍ਰੋਗਰਾਮ ਦਾ ਖੇਤਰ ਨੀਵਾਣਾਂ ਵੱਲ ਜਾਣ ਦੀ ਸੰਭਾਵਨਾ ਹੈਫਿਰ ਵੀ ਆਸ ਹੈ ਪੰਜਾਬੀ ਭਾਸ਼ਾ ਦਾ ਸੰਪਰਕ ਭਵਿੱਖ ਵਿੱਚ ਵੀ ਬਣਿਆ ਰਹੇਗਾ ਕਿਉਂਕਿ ਥੋੜ੍ਹੀ ਕੀਤਿਆਂ ਅਮੀਰ ਜ਼ੁਬਾਨ ਮਰਦੀ ਨਹੀਂ ਹੁੰਦੀਹਿੰਦੀ ਤੇ ਪੰਜਾਬੀ ਚੈਨਲਾਂ ਨੇ ਵੀ ਸਾਡੀ ਜ਼ੁਬਾਨ ਦਾ ਰੁਤਬਾ ਕਾਇਮ ਰੱਖਿਆ ਹੋਇਆ ਹੈ ਅਤੇ ਰੇਡੀਉ ’ਤੇ ਵੀ ਪ੍ਰੋਗਰਾਮ ਆਉਂਦੇ ਹਨਪੰਜਾਬੀ ਦਾ ਭਵਿੱਖ ਨਿਤਾਪ੍ਰਤੀ ਪਰਸਥਿਤੀਆਂ ਦੇ ਬਦਲਣ ਨਾਲ ਵੀ ਸੰਬੰਧ ਰੱਖਦਾ ਹੈ

? ਇੰਗਲੈਂਡ ਵਿੱਚ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਲੋਕ ਰਹਿ ਰਹੇ ਹਨਉਹ ਆਪਣੇ ਨਾਲ ਆਪਣੀ ਬੋਲੀ ਤੇ ਕਲਚਰ ਨਾਲ ਵੀ ਲੈ ਕੇ ਆਏ ਹਨਬਰਤਾਨੀਆ ਵਿੱਚ ਪੰਜਾਬੀ ਪੱਤਰਕਾਰੀ ਵੀ ਉੱਭਰੀ, ਪਰ ਜਿੰਨਾ ਕੰਮ ਪੱਤਰਕਾਰੀ ਦਾ ਹੋਣਾ ਚਾਹੀਦਾ ਸੀ, ਉੱਨਾ ਹੋਇਆ ਨਹੀਂ ਜਾਪਦਾਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ?

-ਵੀਹਵੀਂ ਸਦੀ ਦੇ ਅੱਧ ਵਿੱਚ ਜਦੋਂ ਵਾਊਚਰ ਸਿਸਟਮ ਲਾਗੂ ਹੋਇਆਧੜਾ ਧੜ ਸਾਡੇ ਲੋਕੀਂ ਬਰਤਾਨੀਆ ਨੂੰ ਪਧਾਰੇਉਨ੍ਹਾਂ ਕੋਲ ਆਪਣੀ ਭਾਸ਼ਾ ਸੀ ਤੇ ਆਪਣਾ ਸਭਿਆਚਾਰ ਵੀਪ੍ਰੰਤੂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਥੇ ਦੇ ਹਾਲਾਤਾਂ ਅਨੁਸਾਰ ਢਾਲਣਾ ਤੇ ਸੈਟਲ ਹੋਣਾ ਜ਼ਰੂਰ ਸੀਸੋ ਆਮ ਲੋਕੀ ਇਸ ਪਾਸੇ ਵੱਲ ਝੁਕ ਗਏਪੰਜਾਬੀ ਪਹਿਲੋਂ ਜਿੱਥੇ ਵੀ ਸਥਿਰਤਾ ਨਾਲ ਟਿਕਣ ਲਈ ਠਾਣਦੇ ਹਨ, ਗੁਰਦਵਾਰੇ ਉਸਾਰਦੇ ਹਨਹਿੰਦੂ ਲੋਕ ਮੰਦਰ ਉਸਾਰਦੇ ਹਨਆਪਣੇ ਧਰਮ ਤੇ ਕਲਚਰ ਨਾਲ ਜੁੜਨ ਲਈ ਇਹ ਧਾਰਮਿਕ ਅਸਥਾਨ ਵਸੀਲਾ ਬਣਦੇ ਹਨਪੰਜਾਬੀ ਜਿੱਥੇ ਆਪਣੇ ਅਕੀਦੇ ਅਨੁਸਾਰ ਜੀਵਨ ਜਿਉਂਦੇ ਹਨ, ਉੱਥੇ ਉਨ੍ਹਾਂ ਦੇ ਹੋਰ ਵੀ ਅਨੇਕਾਂ ਸਮਾਜਿਕ ਮਸਲੇ ਹੁੰਦੇ ਹਨਸੋ ਧਾਰਮਿਕ ਅਸਥਾਨਾਂ ਨੇ ਪੰਜਾਬੀਆਂ ਨੂੰ ਪੱਕੇ ਤੌਰ ’ਤੇ ਟਿਕਣ ਲਈ ਮਹੱਤਵਪੂਰਣ ਰੋਲ ਅਦਾ ਕੀਤਾ ਹੈਪ੍ਰੰਤੂ ਜਿਹੜੀ ਸਭਿਆਚਾਰਕ ਤੇ ਗਿਆਨ ਦੀ ਭੁੱਖ ਹੁੰਦੀ ਹੈ, ਉਸ ਦੀ ਵੀ ਬੜੀ ਅਹਿਮੀਅਤ ਹੁੰਦੀ ਹੈਪੜ੍ਹੇ ਲਿਖੇ ਲੋਕਾਂ ਨੇ ਜਿਨ੍ਹਾਂ ਕੋਲ ਪੱਤਰਕਾਰੀ ਦਾ ਤਜੱਰਬਾ ਸੀ, ਉਹ ਲੋਕ ਅੱਗੇ ਆਏ ਤੇ ਪੰਜਾਬੀ ਲੋਕ ਜਾਣਕਾਰੀ ਦੀ ਭੁੱਖ ਪੂਰੀ ਕਰਨ ਲਈ ਇਨ੍ਹਾਂ ਪੱਤਰਾਂ ਨਾਲ ਜੁੜ ਗਏ

ਵਿਸ਼ੇਸ਼ ਤੌਰ ’ਤੇ ਲੰਮੇ ਅਰਸੇ ਤੋਂ ਬਾਅਦ ‘ਦੇਸ ਪ੍ਰਦੇਸ’ ਤੇ ‘ਪੰਜਾਬ ਟਾਈਮਜ਼’ ਚੱਲ ਰਹੇ ਹਨਹੁਣ ‘ਮਨਜਿੱਤ’ ਤੇ ਹੋਰ ਪਰਚੇ ਵੀ ਆਪਣਾ ਰੋਲ ਨਿਭਾ ਰਹੇ ਹਨ‘ਦੇਸ ਪ੍ਰਦੇਸ’ ਤੇ ‘ਪੰਜਾਬ ਟਾਈਮਜ਼’ ਵਿੱਚ ਸਾਹਿਤਕ ਕਿਰਤਾਂ ਨਿਰੰਤਰ ਛਪਦੀਆਂ ਰਹੀਆਂ ਹਨ ਤੇ ਆਪਣੇ ਦੇਸ਼ ਨਾਲ ਸੰਬੰਧਿਤ ਜਾਣਕਾਰੀ ਵੀ ਮਿਲਦੀ ਸੀਹੁਣ ਇੰਟਰਨੈੱਟ ਦੇ ਆਉਣ ਨਾਲ ਪਰਚਿਆਂ ਦੀ ਅਹਿਮੀਅਤ ਵਿੱਚ ਫ਼ਰਕ ਪਿਆ ਹੈਪਰ ਫਿਰ ਵੀ ਅਜੇ ਪਹਿਲੀ ਪੀੜ੍ਹੀ ਦੇ ਪਾਠਕ ਇਨ੍ਹਾਂ ਪਰਚਿਆਂ ’ਤੇ ਆਸਥਾ ਰੱਖਦੇ ਹਨਪ੍ਰੰਤੂ ਤੁਹਾਡਾ ਪ੍ਰਸ਼ਨ ਹੈ ਕਿ ਪੱਤਰਕਾਰੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕੀਕਾਰਣ ਸਪੱਸ਼ਟ ਹੈ ਕਿ ਆਪਣੀ ਭਾਸ਼ਾ ਦੀ ਚੜ੍ਹਤ ਨਾਲ ਹੀ ਇਸ ਗੱਲ ਦਾ ਸੰਬੰਧ ਹੈਨਵੀਨ ਪਰਸਥਿਤੀਆਂ ਦੇ ਉੱਭਰਣ ਕਰਕੇ ਉਹ ਚੜ੍ਹਤ ਬਣੀ ਨਹੀਂ ਰਹਿ ਸਕੀ ਤੇ ਨਾ ਹੀ ਬਣਨੀ ਸੀਨਵੀਆਂ ਭਾਸ਼ਾਈ ਸਹੂਲਤਾਂ ਦੀ ਘਾਟ ਕਰਕੇ ਤੇ ਸਾਡੀ ਕਮਿਊਨਿਟੀ ਵੱਲੋਂ ਆਪਣੀ ਭਾਸ਼ਾ ਨਾਲ ਪੂਰਨ ਤੌਰ ’ਤੇ ਨਾ ਜੁੜਨ ਕਰਕੇ ਇਹ ਸਥਿਤੀ ਆਉਣੀ ਹੀ ਸੀਨਵੀਂ ਪੀੜ੍ਹੀ ਵੱਲੋਂ ਆਪਣੀ ਭਾਸ਼ਾ ਨਾਲ ਲਗਾਉ ਤੋਂ ਅਭਿੱਜ ਰਹਿਣ ਕਰਕੇ ਇਹ ਸਾਰਾ ਕੁਝ ਵਾਪਰਿਆ ਹੈਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਭਾਸ਼ਾ ਦੇ ਹੋ ਰਹੇ ਨਿਘਾਰ ਦੀ ਗੱਲ ਕੀਤੀ ਹੈ

? ਪ੍ਰੀਤਮ ਜੀ, ਤੁਸੀਂ ਆਪਣੀ ਕਿਤਾਬ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਵਿੱਚ ਇੰਡੀਆ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਚੱਲੀਆਂ ਲਹਿਰਾਂ ਬਾਰੇ ਡੂੰਘਾ ਅਧਿਐਨ ਕਰਕੇ ਹਰ ਪੱਖ ਦਾ ਜ਼ਿਕਰ ਕੀਤਾ ਹੈਪਰ ਆਜ਼ਾਦੀ ਤੋਂ ਬਾਅਦ ਵੀ ਦੋ ਲਹਿਰਾਂ ਪੰਜਾਬ ਵਿੱਚ ਜ਼ੋਰ ਨਾਲ ਚੱਲੀਆਂਇਨ੍ਹਾਂ ਦੇ ਸੇਕ ਨਾਲ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆਤੁਸੀਂ ਇਨ੍ਹਾਂ ਲਹਿਰਾਂ ਅਤੇ ਪਹਿਲੀਆਂ ਲਹਿਰਾਂ ਨਾਲ ਅੰਤਰ ਜਾਂ ਕੋਈ ਸਾਂਝ ਦੇਖਦੇ ਹੋ?

: ਢਾਅ ਜੀ, ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਵਿੱਚ ਅੰਕਿਤ ਲਹਿਰਾਂ ਸੁਤੰਤਰਤਾ ਸੰਗਰਾਮ ਦੇ ਅੰਦੋਲਨ ਨਾਲ ਸੰਬੰਧਿਤ ਸਨ ਜਿਸ ਦਾ ਜ਼ਿਕਰ ਮੈਂ ਆਪਣੀ ਉਪਰੋਕਤ ਪੁਸਤਕ ਵਿੱਚ ਕਰ ਆਇਆ ਹਾਂਜਿਨ੍ਹਾਂ ਦਾ ਸੰਬੰਧ ਰਾਸ਼ਟਰਵਾਦ ਨਾਲ ਸੀ ਅਤੇ ਇਸ ਸੰਦਰਭ ਵਿੱਚ ਬੜਾ ਅਮੀਰ ਸਾਹਿਤ ਉੱਪਜਿਆਜਿਹੜੀਆਂ ਦੋ ਹੋਰ ਲਹਿਰਾਂ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ, ਇੱਕ ਹੈ ਪ੍ਰਗਤੀਵਾਦੀ ਲਹਿਰ ਤੇ ਦੂਜੀ ਹੈ ਜੁਝਾਰ ਵਿਦਰੋਹੀ ਲਹਿਰਪ੍ਰਗਤੀਵਾਦੀ ਕਵਿਤਾ ਮਾਰਕਸੀ ਚਿੰਤਨ ਦੇ ਪ੍ਰਭਾਵ ਹੇਠ ਪੈਦਾ ਹੋਈ ਜਿਸ ਦਾ ਮੁੱਖ ਨਿਸ਼ਾਨਾ ਸਮਾਜ ਵਿੱਚ ਸਰਮਾਏਦਾਰੀ ਸ਼ੋਸ਼ਣ ਦਾ ਖਾਤਮਾ ਕਰਕੇ ਸਮਾਨਤਾ, ਸੁਤੰਤਰਤਾ ਤੇ ਸਾਂਝੀਵਾਲਤਾ ਦੇ ਸਿਧਾਂਤਾਂ ’ਤੇ ਪਹਿਰਾ ਦੇਣ ਤੇ ਲੋੜੀਂਦਾ ਸਾਹਿਤ ਉਪਜਾਣਾ ਸੀਉਸ ਸਾਹਿਤ ਦੀ ਸਿਰਜਣਾ ਕਰਨੀ ਜਿਸ ਨਾਲ ਸਮਾਜ ਪ੍ਰਗਤੀ ਕਰੇ, ਮਜ਼ਦੂਰਾਂ, ਕਿਰਸਾਣਾਂ ਤੇ ਕਿਰਤੀਆਂ ਦੇ ਹੱਕ ਵਿੱਚ ਇੱਕ ਚੇਤਨਾ ਪੈਦਾ ਹੋਵੇਪਹਿਲੇ ਕਵੀਆਂ ਵਿੱਚੋਂ ਪ੍ਰੋ. ਮੋਹਨ ਸਿੰਘ ਤੇ ਬਾਵਾ ਬਲਵੰਤ ਆਦਿ ਨੇ ਇਸ ਵਿੱਚ ਭਰਪੂਰ ਯੋਗਦਾਨ ਪਾਇਆਇਨ੍ਹਾਂ ਹੀ ਲਾਈਨਾਂ ਤੇ ਬਰਤਾਨਵੀ ਪੰਜਾਬੀ ਕਵੀਆਂ ਨੇ ਵੀ ਯੋਗਦਾਨ ਪਾਇਆ, ਜਿਸ ਦਾ ਜ਼ਿਕਰ ਲੇਖਕਾਂ ਦੇ ਅਨੁਸਾਰ ਮੈਂ ਆਪਣੀ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ’ ਵਿੱਚ ਤਫ਼ਸੀਲ ਨਾਲ ਦੇ ਆਇਆ ਹਾਂਜੁਝਾਰੂ ਵਿਦਰੋਹੀ ਲਹਿਰ ਵੀ ਉਸ ਮਾਰਕਸੀ ਚਿੰਤਨ (ਪ੍ਰਗਤੀਵਾਦੀ) ਤੋਂ ਪ੍ਰੇਰਿਤ ਹੋ ਕੇ ਚੱਲੀ, ਜਿਸ ਦੀ ਨਿਰਾਸ਼ਾ ਜਨਕ ਸਥਿਤੀ ਦੇ ਪ੍ਰਗਟ ਹੋਣ ਕਰਕੇ ਚੇਤਨਾ ਵਜੋਂ ਵਿਦਰੋਹੀ ਰੂਪ ਵਿੱਚ ਪ੍ਰਗਟ ਹੋਈ

ਇਹ ਪ੍ਰਗਤੀਵਾਦੀ ਲਹਿਰ ਦੇ ਖੜੋਤ ਵਜੋਂ ਪ੍ਰਗਟ ਹੋਈਜਿਸ ਦਾ ਰੂਪ ਹਿੰਸਾਤਮਕ ਹੋ ਨਿਬੜਿਆਇਸ ਲਹਿਰ ਦੇ ਪਿੱਛੇ ਪ੍ਰਗਤੀਵਾਦੀ ਵਿਚਾਰਾਂ ਵਾਲੀ ਪਾਰਟੀ ਤੋਂ ਅੱਡ ਹੋਏ ਬੁੱਧੀਜੀਵੀਆਂ ਦੀ ਪਾਰਟੀ ਸੀ, ਜੋ ਹਥਿਆਰਬੰਦ ਸੰਘਰਸ਼ ਨਾਲ ਸਿੱਟੇ ਕੱਢਣ ਵਿੱਚ ਵਿਸ਼ਵਾਸ ਰੱਖਦੇ ਸਨਇਸ ਕਾਵਿ ਧਾਰਾ ਦੇ ਮੁੱਖ ਪਾਤਰ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਸਿੰਘ ਹਲਵਾਰਵੀ ਆਦਿ ਪ੍ਰਸਿੱਧ ਕਵੀ ਹੋਏ ਹਨ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਵਿੱਚ ਚੱਲੀਆਂ ਲਹਿਰਾਂ ਤੇ ਆਜ਼ਾਦੀ ਤੋਂ ਬਾਅਦ ਦੀਆਂ ਲਹਿਰਾਂ ਦਾ ਫ਼ਰਕ ਇਹ ਹੈ ਕਿ ਪਹਿਲੀਆਂ ਲਹਿਰਾਂ ਰਾਸ਼ਟਰੀਅਤਾ ਨਾਲ ਸੰਬੰਧ ਰੱਖਦੀਆਂ ਹਨਦੂਜੀਆਂ ਦਾ ਸੰਬੰਧ ਆਜ਼ਾਦੀ ਉਪਰੰਤ ਉਹ ਇਨਕਲਾਬ ਲਿਆਉਣਾ ਸੀ ਜਿਸ ਨਾਲ ਆਮ ਲੋਕ ਸਰਮਾਏਦਾਰੀ ਸ਼ੋਸ਼ਣ ਤੋਂ ਨਿਜ਼ਾਤ ਪਾ ਕੇ ਸੁਖੀ ਜ਼ਿੰਦਗੀ ਬਸਰ ਕਰ ਸਕਣਪਹਿਲੀਆਂ ਲਹਿਰਾਂ ਨੇ ਆਜ਼ਾਦੀ ਪ੍ਰਾਪਤੀ ਵਿੱਚ ਵਿਸ਼ੇਸ਼ ਹਿੱਸਾ ਪਾਇਆ ਜਦੋਂ ਕਿ ਮਗਰਲੀਆਂ ਲਹਿਰਾਂ ਦਾ ਮਕਸਦ ਆਜ਼ਾਦੀ ਪ੍ਰ੍ਰਾਪਤੀ ਤੋਂ ਬਾਅਦ ਆਮ ਵਰਗ ਲਈ ਸਹੂਲਤਾਂ ਪ੍ਰਦਾਨ ਕਰਾਉਣੀਆਂ ਸਨ, ਜਿਸ ਦਾ ਰੋਲ ਅਜੇ ਤੱਕ ਕਿਸੇ ਨਾ ਕਿਸੇ ਸ਼ਕਲ ਵਿੱਚ ਚੱਲ ਰਿਹਾ ਹੈਸਾਂਝ ਵਾਲੀ ਗੱਲ ਇਹ ਕਹਿ ਸਕਦੇ ਹਾਂ, ਕਿ ਇਨ੍ਹਾਂ ਸਾਰੀਆਂ ਲਹਿਰਾਂ ਦਾ ਨਿਸ਼ਾਨਾ ਪ੍ਰਗਤੀਵਾਦ ਸੀ

? ਇਸ ਨਾਲ ਹੀ ਜੁੜਵਾਂ ਸਵਾਲ ਇਹ ਹੈ ਕਿ ਇਨ੍ਹਾਂ ਲਹਿਰਾਂ ਦਾ ਪ੍ਰਭਾਵ ਬਰਤਾਨਵੀ ਪੰਜਾਬੀ ਲੇਖਕਾਂ ਤੇ ਕਿਸ ਤਰ੍ਹਾ ਦਾ ਪਿਆਕੁਝ ਲੇਖਕਾਂ ਨੇ ਹੱਕ ਵਿੱਚ, ਕੁਝ ਵਿਰੋਧ ਵਿੱਚ ਵੀ ਲਿਖਿਆ ਹੋਵੇਗਾ?

: ਇਨ੍ਹਾਂ ਲਹਿਰਾਂ ਦਾ ਬਰਤਾਨਵੀ ਲੇਖਕਾਂ ’ਤੇ ਤਿੱਖਾ ਅਸਰ ਪਿਆ ਹੈਜਿਸ ਨਾਲ ਉਹ ਇੱਥੇ ਨਸਲਵਾਦ ਦੇ ਖ਼ਿਲਾਫ, ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਆਪਣੇ ਕਲਚਰ ਤੇ ਭਾਸ਼ਾ ਦੇ ਹੱਕ ਵਿੱਚ ਆਪਣੇ ਦਿਲੀ ਭਾਵ ਪ੍ਰਗਟ ਕਰਦੇ ਰਹੇ ਹਨਇਨ੍ਹਾਂ ਦਾ ਨਿੱਗਰ ਪ੍ਰਭਾਵ ਵੀ ਪਿਆ ਹੈਜੁਝਾਰੂ ਵਿਦਰੋਹੀ ਲਹਿਰ ਦੇ ਪ੍ਰਤੀਕਰਮ ਦਾ ਬਰਤਾਨਵੀ ਸਾਹਿਤ ’ਤੇ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਪਿਆ ਜਿਸ ਤਰ੍ਹਾਂ ਭਾਰਤੀ ਪੰਜਾਬੀ ਸਾਹਿਤ ਵਿੱਚ ਮਿਲਦਾ ਹੈਸਿੱਖ ਲਹਿਰ ਦਾ ਪ੍ਰਤੀਕਰਮ ਅਵੱਸ਼ ਪਿਆ ਹੈਵਿਸ਼ੇਸ਼ ਕਰਕੇ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਦਾ ਹਮਲਾ, ਦਿੱਲੀ ਦਾ ਕਤਲੇਆਮ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਆਦਿ ਬਾਰੇ ਪੰਜਾਬੀ ਸਾਹਿਤ ਵਿੱਚ ਰੋਸ ਲਹਿਰ ਵੀ ਪ੍ਰਗਟ ਹੋਈ ਤੇ ਗਰਮ ਖ਼ਿਆਲਾਂ ਤੇ ਉਦਾਰ ਵਿਚਾਰਾਂ ਵਾਲੇ ਲੇਖਕਾਂ ਦੇ ਜਜ਼ਬਾਤਾਂ ਦਾ ਇਜ਼ਹਾਰ ਵੀ ਹੋਇਆ ਹੈਇਹ ਐਸੀਆਂ ਘਟਨਾਵਾਂ ਹਨ, ਜਿਨ੍ਹਾਂ ਨੇ ਪੰਜਾਬੀਆਂ ਦੇ ਹਿਰਦੇ ਨੂੰ ਵਲੂੰਧਰ ਸੁੱਟਿਆਇਨ੍ਹਾਂ ਘਟਨਾਵਾਂ ਦੇ ਦੋ ਵਿਰੋਧੀ ਪੱਖ ਉਜਾਗਰ ਹੋਏਇੱਕ ਤਾਂ ਸ਼ਰਧਾਵਾਨ ਸਿੱਖਾਂ ਤੇ ਗਰਮ ਵਿਚਾਰਾਂ ਨਾਲ ਜੁੜਿਆ ਹੋਇਆ ਲੇਖਕ ਤਬਕਾ ਤੇ ਦੂਜੇ ਪੱਖ ਦੇ ਖੱਬੇ ਪੱਖੀ ਵਿਚਾਰਾਂ ਦੇ ਪ੍ਰਤੀਨਿੱਧ ਲੇਖਕਾਂ ਨੇ ਆਪਣੇ ਵਿਚਾਰ ਪ੍ਰਗਤੀਵਾਦੀ ਸੋਚ ਨਾਲ ਪ੍ਰਸਤੁੱਤ ਕੀਤੇ ਹਨਇਨ੍ਹਾਂ ਘਟਨਾਵਾਂ ਬਾਰੇ ਰਚੇ ਸਾਹਿਤ ਦਾ ਨਿਰੀਖਣ ਮੈਂ ਆਪਣੀ ਪੁਸਤਕ ‘ਬਰਤਾਨਵੀ ਪੰਜਾਬੀ ਕਵਿਤਾ’ ਵਿੱਚ ਵਿਸਥਾਰ ਨਾਲ ਦਿੱਤਾ ਹੈ

? ਇੰਗਲੈਂਡ ਵਿੱਚ ਪੰਜਾਬ ਦੇ ਲੋਕ ਬਹੁਤ ਦੇਰ ਤੋਂ ਰਹਿ ਰਹੇ ਹਨਹੋਰ ਖੇਤਰ ਵਿੱਚ ਤਾਂ ਕਾਫੀ ਮੱਲਾਂ ਮਾਰੀਆਂ ਹਨ, ਪਰ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਹੋਏਤੁਸੀਂ ਕੀ ਕਾਰਨ ਸਮਝਦੇ ਹੋ ਕਿ ਅਜੇ ਵੇਲਾ ਨਹੀਂ ਜਾਂ ਨਵੀਂ ਪੀੜ੍ਹੀ ਦੀ ਰਾਜਨੀਤੀ ਵਿੱਚ ਉੱਨੀ ਦਿਲਚਸਪੀ ਨਹੀਂ, ਇੰਗਲੈਂਡ ਵਿੱਚ ਆਪਣੇ ਭਾਈਚਾਰੇ ਦੀ ਰਾਜਨੀਤੀ ਵਿੱਚ ਦਿਲਚਸਪੀ ਦਾ ਕੰਮ ਕੁਝ ਢਿੱਲਾ ਨਜ਼ਰ ਨਹੀਂ ਆਉਂਦਾ ਹੈ?

: ਬਰਤਾਨੀਆਂ ਵਿੱਚ ਪਹਿਲੀ ਪੀੜ੍ਹੀ ਦੇ ਲੋਕਾਂ ਨੇ ਆਪਣਾ ਧਿਆਨ ਇੱਥੇ ਪੱਕੇ ਤੌਰ ’ਤੇ ਟਿਕਣ ਲਈ ਤੇ ਆਰਥਿਕ ਮਜ਼ਬੂਤੀ ਲਈ ਲਾਇਆ ਤਾਂ ਕਿ ਪਿੱਛੇ ਆਪਣੇ ਮੁਲਕ ਵਿੱਚ ਉਨ੍ਹਾਂ ’ਤੇ ਨਿਰਭਰ ਮਾਤਾ ਪਿਤਾ ਤੇ ਭੈਣ ਭਰਾ ਸੌਖੀ-ਸੁਖਾਵੀਂ ਜ਼ਿੰਦਗੀ ਜੀ ਸਕਣਪ੍ਰੰਤੂ ਫਿਰ ਵੀ ਸਾਡੀਆਂ ਸਸੰਥਾਵਾਂ ਜਿਵੇਂ ‘ਭਾਰਤੀ ਮਜ਼ਦੂਰ ਸਭਾ’ ਜਿਸ ਨੇ ਭਾਰਤ ਦੀ ਆਜ਼ਾਦੀ ਸੰਬੰਧੀ ਸਰਗਰਮੀਆਂ ਵਿੱਚ ਵੀ ਹਿੱਸਾ ਪਾਇਆ‘ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਹਾਲ’ ਜੋ 1956 ਵਿੱਚ ਬਣਾਈ ਗਈ ਨੇ ਸਰਕਾਰੀ ਇਮੀਗਰੇਸ਼ਨ ਕੰਟਰੋਲ ਦੀਆਂ ਨੀਤੀਆਂ ਪ੍ਰਤੀ ਸੰਘਰਸ਼ ਕੀਤਾ ਤੇ ਨਸਲਵਾਦ ਦੇ ਖ਼ਿਲਾਫ ਵੀ ਲੜਾਈ ਲੜੀਹੁਣੇ ਹੁਣੇ ‘ਇੰਡੀਅਨ ਵਰਕਰਜ਼ ਐਸੋਸੀਏਸ਼ਨਜ਼’ ਬਾਰੇ ਇੱਕ ਪੁਸਤਕ ਵੀ ਆਈ ਹੈ ਜੋ ਬਲਰਾਜ ਪੁਰੇਵਾਲ ਨੇ ਲਿਖੀ ਹੈ, ਜੋ ਭਾਰਤੀ ਲੋਕਾਂ ਦੀਆਂ ਰਾਜਨੀਤਕ ਸਰਗਰਮੀਆਂ ਦਾ ਵੇਰਵਾ ਦਿੰਦੀ ਹੈਦੂਜਾ ਸਾਡਾ ਮਕਸਦ ਆਰਥਿਕਤਾ ’ਤੇ ਕੇਂਦਰਤ ਰਿਹਾ ਹੈਅਸੀਂ ਆਪਣੇ ਬੱਚਿਆਂ ਨੂੰ ਵੀ ਪ੍ਰੋਫੈਸ਼ਨਲ ਬਣਾ ਰਹੇ ਹਾਂਇਸ ਲਈ ਬੱਚੇ ਵੀ ਰਾਜਨੀਤਕ ਸਰਗਰਮੀਆਂ ਵੱਲ ਘੱਟ ਹੀ ਰੁਚਿਤ ਰਹੇ ਹਨਫਿਰ ਵੀ ‘ਇੰਡੀਅਨ ਵਰਕਰਜ਼ ਐਸੋਸੀਏਸ਼ਨਜ’ ਤੋਂ ਇਲਾਵਾ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਆਦਿ ਨੇ ਵੀ ਆਪਣਾ ਰੋਲ਼ ਅਦਾ ਕੀਤਾ ਹੈਕਾਫੀ ਗਿਣਤੀ ਵਿੱਚ ਕੌਂਸਲਰ ਬਣ ਕੇ ਆਪਣਾ ਫ਼ਰਜ਼ ਨਿਭਾ ਰਹੇ ਹਨਆਸ ਹੈ ਨਵੀਂ ਪੀੜ੍ਹੀ ਵਿੱਚੋਂ ਵੀ ਅਜਿਹੇ ਝੁਕਾਅ ਵਾਲੇ ਬੱਚੇ ਅੱਗੇ ਆਉਣਗੇਕੁਝ ਪ੍ਰਤੀਬੱਧ ਨੇਤਾ ਰਾਜਨੀਤਕ ਸਰਗਰਮੀਆਂ ਨਾਲ ਲੈਸ ਰਹੇ ਹਨ ਜਿਨ੍ਹਾਂ ਵਿੱਚੋਂ ਮੇਰੇ ਜ਼ਿਹਨ ਵਿਚ ਪੰ: ਵਿਸ਼ਨੂੰ ਦੱਤ ਸ਼ਰਮਾ, ਸਰਦੂਲ ਸਿੰਘ ਗਿੱਲ, ਗਿ. ਦਰਸ਼ਨ ਸਿੰਘ, ਨਿਰੰਜਨ ਸਿੰਘ ਨੂਰ ਅਤੇ ਅਜੀਤ ਸਿੰਘ ਰਾਏ ਆਦਿ ਨਾਮ ਉੱਭਰ ਰਹੇ ਹਨਪਿਆਰਾ ਸਿੰਘ ਖ਼ਾਬੜਾ ਮੈਂਬਰ ਪਾਰਲੀਮੈਂਟ ਰਹੇ ਹਨਹੁਣ ਵਰਿੰਦਰ ਸ਼ਰਮਾ ਜੀ ਹਨਪ੍ਰੰਤੂ ਕੈਨੇਡਾ ਵਾਂਗ ਇੱਥੇ ਰਾਜਨੀਤਕ ਚੇਤਨਾ ਇੰਨੀਂ ਨਹੀਂ ਉੱਭਰ ਸਕੀਕੈਨੇਡਾ ਇੱਕ ਫੈਡਰਲ ਮੁਲਕ ਹੈ, ਜਿੱਥੇ ਭਿੰਨ ਭਿੰਨ ਕੌਮਾਂ ਦਾ ਮਿਸ਼ਰਣ ਹੈ ਇਸ ਕਰਕੇ ਹਰ ਕੌਮ ਨੂੰ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਵਿਕਸਾਉਣ ਦੇ ਮੌਕੇ ਉਪਲਭਦ ਹਨ

? ਕੈਂਬੋ ਜੀ, ਤੁਸੀਂ ਬੜੀ ਮਹੱਤਵ ਪੂਰਨ ਸਾਹਿਤਕ ਰਚਨਾ ਕੀਤੀ ਹੈਕੀਤੀ ਹੋਈ ਮਿਹਨਤ ਨੂੰ ਪਬਲਿਸ਼ ਕਰਾ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਉਣ ਦਾ ਕੰਮ ਬਹੁਤ ਮੁਸ਼ਕਲ ਤੇ ਖ਼ਰਚੀਲਾ ਹੈਇਹ ਸਾਡੀ ਪੰਜਾਬੀ ਲੇਖਕਾਂ ਦੀ ਬਦਕਿਸਮਤੀ ਹੈ ਕਿ ਬਹੁਤੀਆਂ ਕਿਤਾਬਾਂ ਨੂੰ ਆਪਣੇ ਕੋਲੋਂ ਪੈਸ ਖ਼ਰਚ ਕੇ ਛਪਾਉਣਾ ਪੈਂਦਾ ਹੈਜਦੋਂ ਕਿ ਦੂਜੀਆਂ ਭਾਸ਼ਾਵਾਂ ਵਾਲੇ ਪਬਲਿਸ਼ਰ ਲੇਖਕ ਨੂੰ ਰਾਇਲਟੀ ਦਿੰਦੇ ਹਨਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਇਹ ਪੰਜਾਬੀ ਸਾਹਿਤ ਦੀ ਦੁਰਦਸ਼ਾ ਦੀ ਨਿਸ਼ਾਨੀ ਨਹੀਂ, ਜਿੱਥੇ ਲੇਖਕ ਦੀ ਉਹ ਕਦਰ ਨਹੀਂ ਜੋ ਦੂਜੇ ਭਾਸ਼ਾਵਾਂ ਦੇ ਲੇਖਕ ਦੀ ਹੈ?

: ਸਤਨਾਮ ਜੀ, ਇਹ ਬੜਾ ਦੁਖਦਾਈ ਪਹਿਲੂ ਹੈਤੁਹਾਡੇ ਇਸ ਸਵਾਲ ਦੇ ਕਈ ਪਹਿਲੂ ਹਨਪਹਿਲਾਂ ਤਾਂ ਅਸੀਂ ਪੰਜਾਬੀਆਂ ਨੇ ਪੰਜਾਬੀ ਨੂੰ ਖੁੱਲ੍ਹੇ ਦਿਲ ਨਾਲ ਆਪਣੀ ਭਾਸ਼ਾ ਨੂੰ ਅਪਣਾਇਆ ਨਹੀਂ ਅਤੇ ਪੰਜਾਬੀ ਸਾਹਿਤ ਨੂੰ ਪੜ੍ਹਨ ਵਿੱਚ ਉਹ ਦਿਲਚਸਪੀ ਨਹੀਂ ਲਈ ਜਿਵੇਂ ਇੱਕ ਜਿਉਂਦੀ ਜਾਗਦੀ ਕੌਮ ਆਪਣੇ ਸਾਹਿਤ ਪ੍ਰਤੀ ਮਾਨਵੀ ਫ਼ਰਜ਼ ਵਜੋਂ ਲੈਂਦੀ ਹੈਇਸ ਲਈ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਘਾਟ ਹੈਹਾਂ, ਪੰਜਾਬੀ ਅਖ਼ਬਾਰਾਂ ਦੇ ਵਧਣ ਕਰਕੇ ਇਨ੍ਹਾਂ ਵਿੱਚ ਕਾਫੀ ਮਾਤਰਾ ਵਿੱਚ ਸਾਹਿਤ ਉਪਲਭਦ ਹੁੰਦਾ ਹੈਜਿਸ ਨਾਲ ਕਾਫੀ ਪਾਠਕਾਂ ਦੀ ਤ੍ਰਿਪਤੀ ਹੋ ਜਾਂਦੀ ਹੈਪ੍ਰੰਤੂ ਬਹੁਤ ਸਾਰਾ ਗੰਭੀਰ ਸਾਹਿਤ ਪੁਸਤਕਾਂ ਵਿੱਚ ਹੀ ਛਪਦਾ ਹੈਇਸ ਲਈ ਪੁਸਤਕਾਂ ਨਾਲ ਜੁੜਨ ਲਈ ਗੰਭੀਰ ਪਾਠਕਾਂ ਦੀ ਲੋੜ ਹੈਤੀਜੀ ਗੱਲ ਪੰਜਾਬੀ ਸਾਹਿਤਕਾਰਾਂ ਵਿੱਚ ਏਕਤਾ ਦੀ ਵੀ ਘਾਟ ਹੈਪੰਜਾਬੀ ਸਾਹਿਤਕਾਰਾਂ ਨੇ ਮਿਲਵੇਂ-ਜੁਲਵੇਂ ਯਤਨਾਂ ਰਾਹੀਂ ਏਕਤਾ ਵਿੱਚ ਪਰੁੱਚ ਕੇ ਪਬਲਿਸ਼ਰਾਂ ਸਾਹਮਣੇ ਆਪਣੇ ਵੱਲੋਂ ਰਚੇ ਜਾ ਰਹੇ ਸਾਹਿਤ ਪ੍ਰਤੀ ਅਹਿਮੀਅਤ ਵੀ ਨਹੀਂ ਜਤਲਾਈਏਕਤਾ ਵਿੱਚ ਬੱਝ ਕੇ ਜਦੋਂ ਗੱਲ ਪਬਲਿਸ਼ਰਾਂ ਕੋਲ ਪੁਜੇਗੀ ਤਾਂ ਉਹ ਵੀ ਮਜਬੂਰ ਹੋਣਗੇਪੰਜਾਬੀ ਲੇਖਕਾਂ ਦਾ ਇਹ ਵੀ ਫ਼ਰਜ਼ ਹੈ ਕਿ ਉਹ ਪੰਜਾਬ ਸਰਕਾਰ ਪਾਸ ਪੰਜਾਬੀ ਸਾਹਿਤ ਦੇ ਵਿਕਾਸ ਲਈ ਜ਼ੋਰ ਪਾਉਣਉਹ ਇਸ ਲਈ ਲਾਇਬਰੇਰੀਆਂ ਵੀ ਖੋਲ੍ਹੇ ਅਤੇ ਮਿਆਰ ਨੂੰ ਸਾਹਮਣੇ ਰੱਖ ਕੇ ਲੇਖਕਾਂ ਦੀਆਂ ਪੁਸਤਕਾਂ ਲਾਇਬਰੇਰੀਆਂ ਲਈ ਖ਼ਰੀਦਣਇਸ ਤਰ੍ਹਾਂ ਲੇਖਕਾਂ ਦੀ ਪੁੱਛ ਪ੍ਰਤੀਤ ਹੋਵੇਗੀਲੇਖਕਾਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੀਆਂ ਰਚਨਾਵਾਂ ਨੂੰ ਨਿੱਗਰਤਾ ਪ੍ਰਦਾਨ ਕਰਨ ਤਾ ਕਿ ਪੰਜਾਬੀ ਸਾਹਿਤ ਦੀ ਇੱਕ ਵਿਲੱਖਣ ਪ੍ਰਤਿਭਾ ਬਣ ਜਾਵੇਕੋਈ ਇਹ ਨਾ ਕਹਿ ਸਕੇ ਕਿ ਪੰਜਾਬੀ ਸਾਹਿਤ ਤਾਂ ਕਚਰਾ ਸਾਹਿਤ ਹੈਪਬਲਿਸ਼ਰਾਂ ਨੂੰ ਵੀ ਚਾਹੀਦਾ ਹੈ ਕਿ ਪੁਸਤਕਾਂ ਪ੍ਰਕਾਸ਼ਤ ਕਰਨ ਦੇ ਨਾਲ ਨਾਲ ਇਨ੍ਹਾਂ ਦੀ ਮੰਗ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕਰਨ ਤਾਂ ਕਿ ਉਨ੍ਹਾਂ ਦੇ ਨਾਲ ਨਾਲ ਸਾਹਿਤਕਾਰਾਂ ਨੂੰ ਵੀ ਕੁਝ ਫਲ਼ ਪ੍ਰਾਪਤ ਹੋਵੇ

? ਤੁਹਾਨੂੰ ਸਾਹਿਤਕ ਸਿਰਜਣਾ ਦਾ ਕੰਮ ਕਰਦਿਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਪਿੱਛੇ ਛੱਡਣਾ ਪਿਆ ਹੋਵੇਗਾਘਰ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ? ਤੁਹਾਡੇ ਬੱਚੇ ਤੁਹਾਡੀਆਂ ਲਿਖਤਾਂ ਨੂੰ ਕਿਸ ਤਰ੍ਹਾਂ ਲੈਂਦੇ ਹਨ, ਉਹ ਤੁਹਾਡੀਆਂ ਲਿਖਤਾਂ ਨੂੰ ਪੜ੍ਹ ਸਕਦੇ ਹਨ ਜਾਂ ਫੇਰ ਉਨ੍ਹਾਂ ਦੇ ਰੁਝੇਵੇਂ ਵੱਖਰੇ ਹਨ?

: ਸਤਨਾਮ ਜੀ, ਮੈਂ ਇਸ ਪੱਖੋਂ ਬਹੁਤ ਖੁਸ਼ਕਿਸਮਤ ਹਾਂ, ਪਰਿਵਾਰ ਵੱਲੋਂ ਮੈਨੂੰ ਪੂਰਨ ਸਹਿਯੋਗ ਮਿਲਿਆ ਹੈਸੁਪਤਨੀ ਵੱਲੋਂ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਹੋਇਆਭਾਵੇਂ ਮੇਰੇ ਬੱਚੇ ਮੇਰੀਆਂ ਲਿਖਤਾਂ ਪੜ੍ਹਨ ਤੋਂ ਅਸਮਰੱਥ ਹਨ, ਪਰੰਤੂ ਉਨ੍ਹਾਂ ਦੀ ਸੁਹਿਰਦ ਭਾਵਨਾ ਨੇ ਮੇਰੇ ਸਾਹਿਤਕ ਸ਼ੌਕ ਨੂੰ ਉਭਾਰਿਆ ਹੈਉਹ ਸਮੇਂ ਸਮੇਂ ਮੇਰੀ ਦਿਲਚਸਪੀ ਦੀਆਂ ਪੁਸਤਕਾਂ ਮੈਨੂੰ ਗਿਫ਼ਟ ਦੇ ਤੌਰ ’ਤੇ ਦੇ ਕੇ ਉਤਸ਼ਾਹਿਤ ਕਰਦੇ ਰਹਿੰਦੇ ਹਨਕਈ ਵਿਸ਼ਿਆਂ ’ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਕੇ ਮੈਨੂੰ ਲਿਖਣ ਲਈ ਪ੍ਰੇਰਦੇ ਵੀ ਰਹਿੰਦੇ ਹਨਜਿਸ ਨਾਲ ਮੇਰਾ ਹੌਸਲਾ ਨਿਰੰਤਰ ਬਣਿਆਂ ਰਿਹਾ ਹੈਹਾਂ, ਉਹਨਾਂ ਦੇ ਕੰਮ-ਕਾਰ ਤੇ ਰੇਝੇਵੇਂ ਵੀ ਮੇਰੇ ਤੋਂ ਵਖ਼ਰੇ ਹਨ

? ਤੁਸੀਂ ਪੰਜਾਬ ਆਉਂਦੇ ਜਾਂਦੇ ਰਹਿੰਦੇ ਹੋਵਿੱਦਿਆ ਦੇ ਖੇਤਰ ਵਿੱਚ ਤੁਹਾਡੀ ਦਿਲਚਸਪੀ ਰਹੀ ਹੈਪਿਛਲੇ ਕੁਝ ਸਮੇਂ ਤੋਂ ਖ਼ਾਸ ਕਰਕੇ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਦਾ ਰੁਝਾਨ ਤਾਂ ਸੀ ਹੀ, ਪਰ ਹੁਣ ਤਾਂ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਖੁੱਲ੍ਹ ਗਈਆਂ ਹਨਤੁਸੀਂ ਇਸ ਰੁਝਾਨ ਨੂੰ ਕਿਸ ਤਰ੍ਹਾਂ ਦੇਖਦੇ ਹੋਇਸ ਰੁਝਾਨ ਦੇ ਕਿਸ ਤਰ੍ਹਾਂ ਦੇ ਸਿੱਟੇ ਨਿਕਲ ਸਕਦੇ ਹਨ?

: ਪੰਜਾਬ ਦੇ ਵਿੱਦਿਆ ਖੇਤਰ ਦਾ ਹਾਲ ਚੰਗਾ ਨਹੀਂ ਹੈਕਿਉਂਕਿ ਪ੍ਰਾਈਵੇਟ ਅਦਾਰਿਆਂ ਦੇ ਹੱਥ ਆ ਕੇ ਵਿੱਦਿਆ ਇੱਕ ਵਿਉਪਾਰ ਬਣਦੀ ਜਾ ਰਹੀ ਹੈਵਿੱਦਿਆ ਸਰਕਾਰੀ ਹੱਥਾਂ ਵਿੱਚ ਚਾਹੀਦੀ ਹੈਪ੍ਰੰਤੂ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਤਰਜੀਹ ਦੇ ਰਹੀ ਹੈ, ਜਿਸ ਨਾਲ ਵਿੱਦਿਅਕ ਸਿਸਟਮ ਗੜਬੜਾ ਰਿਹਾ ਹੈਪੰਜਾਬੀ ਭਾਸ਼ਾ ਦੇ ਡਿੱਗਦੇ ਮਿਆਰ ਤੋਂ ਤੁਸੀਂ ਅੰਦਾਜ਼ਾ ਲੱਗਾ ਸਕਦੇ ਹੋ

? ਤੁਸੀਂ ਬਰਤਾਨਵੀ ਵਿਦਿਅਕ ਸਿਸਟਮ ਨੂੰ ਬਹੁਤ ਨੇੜਿਉਂ ਦੇਖਿਆ ਹੈਇੰਡੀਆ ਦੇ ਪ੍ਰਾਈਵੇਟ ਸਕੂਲਾਂ ਅਤੇ ਇੰਗਲੈਂਡ ਦੇ ਪ੍ਰਾਈਵੇਟ ਸਕੂਲਾਂ ਵਿੱਚ ਕੀ ਅੰਤਰ ਸਮਝਦੇ ਹੋ?

: ਇੱਥੇ ਆਮ ਸਕੂਲ ਤਾਂ ਕਾਊਂਸਲ ਸਕੂਲ ਭਾਵ ਸਰਕਾਰੀ ਸਕੂਲ ਹਨਕੁਝ ਪ੍ਰਾਈਵੇਟ ਸਕੂਲ ਵੀ ਹਨਪ੍ਰੰਤੂ ਉਨ੍ਹਾਂ ਦਾ ਸਿਸਟਮ ਵੀ ਸਰਕਾਰੀ ਨਿਯਮਾਂ ਅਨੁਸਾਰ ਹੀ ਚੱਲ ਰਿਹਾ ਹੈਇੱਕ ਗਰਾਮਰ ਸਕੂਲ ਵੀ ਹਨ, ਜਿੱਥੇ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਸਥਾਨ ਮਿਲਦਾ ਹੈਭਾਵ ਉਹੀ ਬੱਚੇ ਦਾਖ਼ਲਾ ਪ੍ਰਾਪਤ ਕਰ ਸਕਦੇ ਹਨ, ਜੋ ਮੈਰਿਟ ਦੇ ਤੌਰ ’ਤੇ ਵੱਧ ਨੰਬਰ ਪ੍ਰਾਪਤ ਕਰ ਲੈਂਦੇ ਹਨਨਿਰਸੰਦੇਹ ਇਨ੍ਹਾਂ ਸਕੂਲਾਂ ਦਾ ਮਿਆਰ ਉੱਚਾ ਹੁੰਦਾ ਹੈਇੰਡੀਆ ਦੇ ਪ੍ਰਾਈਵੇਟ ਸਕੂਲ ਤਾਂ ਆਪਣੇ ਸ਼ਹਿਰਾਂ ਦੇ ਹਰ ਮੁਹਲੇ ਵਿੱਚ ਇੱਕ ਤਰ੍ਹਾਂ ਦੀਆਂ ਦੁਕਾਨਾਂ ਹਨ, ਇਨ੍ਹਾਂ ਦਾ ਮਿਆਰ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਨਿਯਮ ਨਹੀਂ, ਕੋਈ ਪੁੱਛ ਗਿੱਛ ਨਹੀਂਇੰਡੀਆ ਵਿੱਚ ਜਿਸ ਕੋਲ ਪੈਸਾ ਹੈ, ਉਹ ਮਹਿੰਗੇ ਤੇ ਮਿਆਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨਇੰਗਲੈਂਡ ਦੇ ਤਾਂ ਪਬਲਿਕ ਸਕੂਲਾਂ ਮਿਆਰ ਵੀ ਬਹੁਤ ਉੱਚਾ ਹੈ

? ਇੰਗਲੈਂਡ ਵਿੱਚ ਪੰਜਾਬੀ ਸਾਹਿਤ ਦਾ ਅਨੁਵਾਦ ਨਵੀਂ ਪੀੜ੍ਹੀ ਨੂੰ ਆਪਣੇ ਕਲਚਰ ਨਾਲ ਜੋੜਨ ਲਈ ਜਾਂ ਪੰਜਾਬੀ ਸਾਹਿਤ ਦੂਜੇ ਭਾਸ਼ਾਵਾਂ ਦੇ ਲੋਕਾਂ ਲਈ ਜੇਕਰ ਉਪਲੱਬਧ ਹੁੰਦਾ ਹੈ ਤਾਂ ਇਸ ਦੀ ਗੰਭੀਰਤਾ ਨੂੰ ਦੂਜੀਆਂ ਬੋਲੀਆਂ ਵਾਲੇ ਵੀ ਸਮਝ ਸਕਦੇ ਹਨਜਿਸ ਤਰ੍ਹਾਂ ਪਿੱਛੇ ਜਿਹੇ ਤੁਹਾਡੀ ਕਿਤਾਬ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਦਾ ਅਨੁਵਾਦ ਹੋਇਆ ਹੈਕੀ ਇਹੋ ਜਿਹੇ ਹੋਰ ਉਪਰਾਲੇ ਵੀ ਹੋ ਰਹੇ ਹਨ?

: ਸਤਨਾਮ ਜੀ, ਹੈ ਤਾਂ ਇਹ ਗੱਲ ਚੰਗੀ, ਪਰ ਇਹ ਵਰਤਾਰਾ ਨਿੱਜੀ ਤੌਰ ’ਤੇ ਹੀ ਵਰਤ ਰਿਹਾ ਹੈਕਈ ਲੇਖਕਾਂ ਨੇ ਆਪਣੀਆਂ ਪੁਸਤਕਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦਿਤ ਰੂਪ ਵਿੱਚ ਪ੍ਰਕਾਸ਼ਤ ਕਰਵਾਇਆ ਹੈਪਰ ਮੈਂ ਅਜਿਹੀ ਅਨੁਵਾਦਿਤ ਹੋਈ ਪੁਸਤਕ ਬਾਰੇ ਚਰਚਾ ਨਹੀਂ ਸੁਣੀਦਰਅਸਲ ਮੈਨੂੰ ਜਾਪਦਾ ਹੈ ਕਿ ਸਾਡੇ ਸਾਹਿਤ ਦੀ ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਪਛਾਣ ਨਹੀਂ ਬਣ ਸਕੀਅਸਲ ਵਿੱਚ ਪੰਜਾਬੀ ਸਾਹਿਤਕਾਰਾਂ ਨੂੰ ਅੰਗਰੇਜ਼ੀ ਸਾਹਿਤ ਦੀਆਂ ਸੰਸਥਾਵਾਂ ਨਾਲ ਮਿਲ ਕੇ ਆਪਣੇ ਰਚੇ ਸਾਹਿਤ ਨੂੰ ਪੇਸ਼ ਕਰਨਾ ਚਾਹੀਦਾ ਹੈਫਿਰ ਪੁਣਛਾਣ ਤੋਂ ਬਾਅਦ ਸਾਡੇ ਸਾਹਿਤ ਨੂੰ ਪ੍ਰਵਾਨਗੀ ਮਿਲ ਸਕਦੀ ਹੈਸਵਾਲ ਤੁਹਾਡਾ ਬੜਾ ਡੂੰਘਾ ਹੈ ਤੇ ਵਿਚਾਰਨਯੋਗ ਹੈਸਵਾਲ ਇਹ ਵੀ ਹੈ ਕਿ ਦੂਜੇ ਮੁਲਕ ਵਿੱਚ ਆ ਕੇ ਆਪਣੀ ਪਛਾਣ ਬਣਾਉਣੀ, ਆਪਣੇ ਸਾਹਿਤ ਦੀ ਪ੍ਰਮਾਣਿਕਤਾ ਦਵਾਉਣੀ ਬੜੇ ਔਖੇ ਮਸਲੇ ਹਨਪਹਿਲੀ ਪੀੜ੍ਹੀ ਆਪਣੇ ਆਪ ਨੂੰ ਸੈਟਲ ਕਰਦੀ, ਬੱਚਿਆਂ ਲਈ ਸੁੱਖ ਸੁਵਿਧਾਵਾਂ ਪ੍ਰਦਾਨ ਕਰਕੇ ਆਪਣੇ ਫ਼ਰਜ਼ਾਂ ਦੀ ਪਾਲਣਾ ਵਿੱਚ ਸਮਾਂ ਬਿਤਾ ਦਿੰਦੀ ਹੈਦੱਸੀਆਂ ਹਾਲਾਤਾਂ ਅਨੁਸਾਰ ਪੰਜਾਬੀ ਪਹਿਲੀ ਪੀੜ੍ਹੀ ਤੱਕ ਸੀਮਤ ਹੋ ਜਾਂਦੀ ਹੈਜੇ ਇਹ ਗੱਲ ਅੱਗੇ ਤੁਰਦੀ ਤਾਂ ਵਿਕਾਸ ਦੇ ਲੀਹੇ ਪੈਣ ਵਾਲੀ ਗੱਲ ਹੋ ਸਕਦੀ ਸੀਪ੍ਰੰਤੂ ਪਰਵਾਸੀਆਂ ਦੀ ਹਾਲਤ ਅਨੁਸਾਰ ਹੀ ਸਾਡੇ ਸਾਹਿਤ ਦੀ ਸਥਿਤੀ ਬਣਦੀ ਹੈਪ੍ਰੰਤੂ ਜੇ ਨਵੀਨ ਪੀੜ੍ਹੀ ਆਪਣੇ ਸਭਿਆਚਾਰ ਨੂੰ ਜਾਨਣ ਲਈ ਚੇਤੰਨ ਹੋ ਜਾਂਦੀ ਹੈ, ਤਾਂ ਅਨੁਵਾਦਿਤ ਕਾਰਜ ਬੜਾ ਲਾਹੇਵੰਦ ਸਾਬਤ ਹੋ ਸਕਦਾ ਹੈਮੇਰਾ ਖ਼ਿਆਲ ਹੈ ਕਿ ਸਾਡੀ ਕਮਿਊਨਿਟੀ ਨੂੰ ਇਸ ਪਾਸੇ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ

? ਕੈਂਬੋ ਜੀ, ਇੱਕ ਦੋ ਨਿੱਜੀ ਸਵਾਲ ਕਰਨਾ ਚਾਹੁੰਦਾ ਹਾਂ, ਅੱਜ ਤੋਂ ਲੱਗ ਪੱਗ ਪੰਜਾਹ ਸਾਲ ਪਹਿਲਾਂ ਜਦੋਂ ਤੁਸੀਂ ਆਪਣਾ ਘਰ ਛੱਡ ਕੇ ਇੰਗਲੈਂਡ ਨੂੰ ਤੁਰੇ ਸੀ ਤਾਂ ਬਹੁਤ ਸਾਰੇ ਸੁਪਨੇ ਸਿਰਜੇ ਹੋਣਗੇਤੁਹਾਨੂੰ ਕੀ ਲੱਗਦਾ,ਉਹ ਸੁਪਨੇ ਸਾਕਾਰ ਹੋਏ? ਜਾਂ ਤੁਹਾਨੂੰ ਲੱਗਦਾ ਅਜੇ ਨਹੀਂ? ਤੁਸੀਂ ਬਰਤਾਨੀਆਂ ਵਿੱਚ ਆ ਕੇ ਕਿੰਨੀ ਕੁ ਸੰਤੁਸ਼ਟਤਾ ਮਹਿਸੂਸ ਕਰਦੇ ਹੋ?

: ਇੰਗਲੈਂਡ ਆ ਕੇ ਟਿਕਣ ਦਾ ਵਿਚਾਰ ਭਾਵਿਕਤਾ ਦੇ ਅਸਰ ਥੱਲੇ ਲਿਆ ਗਿਆ ਫ਼ੈਸਲਾ ਸੀਸੁਪਨੇ ਜ਼ਰੂਰ ਸੰਜੋਏ ਸਨ ਕਿ ਆਰਥਿਕ ਹਾਲਤ ਬਿਹਤਰ ਕਰਕੇ ਆਪਣੇ ਭਾਰਤ ਵਿੱਚ ਚੰਗੀ ਹਾਲਤ ਵਿੱਚ ਆ ਕੇ ਵਿਚਰਾਂਗੇ ਤੇ ਨਾਲ ਨਾਲ ਸਾਹਿਤ ਰਚਨਾ ਵਿੱਚ ਸਹਿਜਤਾ ਨਾਲ ਕੰਮ ਹੋ ਸਕੇਗਾਪਰ ਸਾਰੇ ਸੁਪਨੇ ਪੂਰੇ ਸਾਕਾਰ ਨਹੀਂ ਹੁੰਦੇਜਾਣਾ ਚਾਹੁੰਦਿਆਂ ਵੀ ਵਾਪਸ ਜਾ ਨਹੀਂ ਹੋਇਆਪ੍ਰੰਤੂ ਇੰਨਾ ਲਾਭ ਜ਼ਰੂਰ ਹੋਇਆ ਕਿ ਬੱਚੇ ਪੜ੍ਹ ਕੇ ਆਤਮ ਨਿਰਭਰ ਹੋ ਗਏ ਹਨਪ੍ਰੰਤੂ ਅੱਗੋਂ ਆਪਣੇ ਸਭਿਆਚਾਰ ਵਿੱਚ ਕਿੰਨੇ ਕੁ ਪ੍ਰਪੱਕ ਰਹਿ ਸਕਣਗੇ, ਇਹ ਤਾਂ ਸਮੇਂ ਨੇ ਫ਼ੈਸਲਾ ਕਰਨਾ ਹੈਬੜੀ ਟੇਢੀ ਤੇ ਗੁੰਝਲਦਾਰ ਸਥਿਤੀ ਹੈ

? ਜਿੱਥੇ ਤੁਸੀਂ ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖਸੀਅਤ ਅਤੇ ਰਚਨਾ ਵਰਗੀ ਵੱਡ-ਅਕਾਰੀ ਪੁਸਤਕ ਦੀ ਸੰਪਾਦਨਾ ਕੀਤੀ, ਉੱਥੇ ਦੋ ਹੋਰ ਕਿਤਾਬਾਂ ਗਿ. ਮੱਖਣ ਸਿੰਘ ਮ੍ਰਗਿੰਦ ਅਭਿਨੰਦਨ ਗ੍ਰੰਥ ਅਤੇ ਹਰਦੇਵ ਸਿੰਘ ਢੇਸੀ ਵਰਗੇ ਲੋਕ ਹਿਤੂ ਤੇ ਰਾਜਨੀਤਕ ਘੁਲਾਟੀਏ ਦੇ ਲੇਖਾਂ ਦਾ ਸੰਗ੍ਰਹਿ ਵੀ ਸੰਪਾਦਨ ਕੀਤਾਇਨ੍ਹਾਂ ਸਾਰੇ ਮੁਸ਼ਕਲ ਕੰਮਾਂ ਨੂੰ ਸਿਰੇ ਚਾੜ੍ਹਨ ਦਾ ਸਬੱਬ ਕਿਸ ਤਰ੍ਹਾਂ ਬਣਿਆ?

: ਗਿ. ਮੱਖਣ ਸਿੰਘ ਮ੍ਰਗਿੰਦ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੇ ਜੀਵਨ ਸਰਪ੍ਰਸਤ ਸਨਉਹ ਹਠੀ ਸਨ, ਮਿਹਨਤੀ ਸਨਸਾਹਿਤਕਾਰੀ ਅਤੇ ਕਾਰਜਕਾਰੀ ਕੰਮਾਂ ਵਿੱਚ ਨਿਰੰਤਰ ਰੁਝੇ ਰਹਿੰਦੇ ਸਨਸਭਾ ਨੇ ਉਨ੍ਹਾਂ ਪ੍ਰਤੀ ਸ਼ਰਧਾ ਹਿਤ ਅਭਿਨੰਦਨ ਕਰਨ ਲਈ ਹੁਕਮ ਕੀਤਾ, ਤਾਂ ਇਹ ਕਾਰਜ ਹੋ ਗਿਆਹਰਦੇਵ ਸਿੰਘ ਢੇਸੀ ਸਮਾਜਕ ਤੇ ਰਾਜਨੀਤਕ ਪੱਧਰ ਦੇ ਨਾਲ ਨਾਲ ਸੁਲਝੇ ਹੋਏ ਸਾਹਿਤਕਾਰ ਵੀ ਸਨਉਨ੍ਹਾਂ ਦੀ ਧਰਮ ਪਤਨੀ ਆਪਣੇ ਪਤੀ ਵੱਲੋਂ ਕੀਤੇ ਕਾਰਜ ਨੂੰ ਪਾਠਕਾਂ ਸਾਹਮਣੇ ਰੱਖਣ ਦੇ ਅਭਿਲਾਸ਼ੀ ਸਨਪੰਜਾਬੀ ਪੇਰੈਂਟਸ ਐਸੋਸੀਏਸ਼ਨ ਦੇ ਉਹ ਰੂਹੇ-ਰਵਾਂ ਸਨਸਭਾ ਨੇ ਮੈਨੂੰ ਹੁਕਮ ਕੀਤਾ ਤੇ ਇਹ ਵੀ ਮੈਂ ਸੁਹਿਰਦਤਾ ਸਹਿਤ ਨਿਭਾ ਦਿੱਤਾਪ੍ਰੋ. ਪ੍ਰੀਤਮ ਸਿੰਘ ਜੀ ਸਾਡੇ ਪੰਜਾਬੀ ਸਾਹਿਤ ਦੇ ਮਾਣ ਸਨਸਾਹਿਤ ਪੱਖੋਂ ਵਡੇਰੀ ਸ਼ਖ਼ਸੀਅਤ ਹੋਣ ਦੇ ਬਾਵਜੂਦ ਉਹ ਪੰਜਾਬੀ ਭਾਸ਼ਾ ਲਈ ਪੂਰਨ ਅਕੀਦਤ ਰੱਖਦੇ, ਇਸ ਦੇ ਹਿਤਾਂ ਲਈ ਓੜ੍ਹਦੇ ਤੇ ਪੰਜਾਬੀ ਭਾਸ਼ਾ ਦਾ ਬਣਦਾ ਸਥਾਨ ਦਿਵਾਣ ਲਈ ਪੰਜਾਬੀ ਪੱਤਰਾਂ ਵਿੱਚ ਨਿਰੰਤਰ ਲਿਖਦੇ ਰਹਿੰਦੇ ਸਨਉਨ੍ਹਾਂ ਦੀ ਲੇਖਣੀ ਵਿੱਚੋਂ ਪੰਜਾਬੀ ਭਾਸ਼ਾ ਤੇ ਸਾਹਿਤ ਪ੍ਰਤੀ ਇੱਕ ਵਿਸ਼ੇਸ਼ ਤੇ ਵਿਲੱਖਣ ਖਿੱਚ ਝਲਕਦੀ ਸੀਮੈਨੂੰ ਉਨ੍ਹਾਂ ਦਾ ਸਿੰਮ੍ਰਤੀ ਗ੍ਰੰਥ ਪ੍ਰਕਾਸ਼ਤ ਕਰਵਾ ਕੇ ਬੇਹੱਦ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ

? ਤੁਸੀਂ ਸਿਰਜਣਾਤਿਕ ਰਚਨਾ ਦੇ ਨਾਲ ਨਾਲ ਆਲੋਚਨਾ ਦਾ ਵੀ ਕਾਰਜ ਕੀਤਾ ਹੈ, ਕੀ ਤੁਸੀਂ ਇਸ ਨਾਲ ਸੰਤੁਸ਼ਟ ਹੋ?

: ਆਲੋਚਨਾ ਦਾ ਖੇਤਰ ਬਹੁਤ ਵਿਸ਼ਾਲ ਹੈਮੈਂ ਆਪਣੇ ਤੌਰ ’ਤੇ ਜੋ ਕੁਝ ਕਰ ਸਕਿਆ ਹਾਂ, ਉਸ ਨਾਲ ਸੰਤੁਸ਼ਟ ਤਾਂ ਹਾਂਪਰ ਇਸ ਖੇਤਰ ਦੀ ਵਿਸ਼ਾਲਤਾ ਨੂੰ ਸਾਹਮਣੇ ਰੱਖ ਕੇ ਮੈਂ ਆਪਣੀ ਸੀਮਾ ਅਨੁਸਾਰ ਹੀ ਕੰਮ ਕਰ ਸਕਿਆ ਹਾਂਹਰ ਅਧਿਐਨ ਕਰਤਾ ਦੀ ਆਪਣੀ ਆਪਣੀ ਸੀਮਾ ਹੁੰਦੀ ਹੈਕਿੰਨੀਆਂ ਵਿਧਾਵਾਂ ਹਨ ਤੇ ਅਗੋਂ ਕਿੰਨੇ ਪਾਸਾਰ ਹਨਸਾਡੇ ਆਲੋਚਕਾਂ ਨੇ ਬਹੁਤ ਵਿਧਾਵਾਂ ਵਿੱਚ ਕਾਰਜ ਕੀਤਾ ਹੈਸਾਡੇ ਸਿਰਮੌਰ ਆਲੋਚਕ ਪ੍ਰਿੰ: ਸੰਤ ਸਿੰਘ ਸੇਖੋਂ, ਪ੍ਰੋ. ਕਿਸ਼ਨ ਸਿੰਘ, ਡਾ. ਹਰਿਭਜਨ ਸਿੰਘ, ਡਾ. ਅਤਰ ਸਿੰਘ, ਡਾ. ਕੇਸਰ ਸਿੰਘ ਕੇਸਰ, ਡਾ. ਟੀ. ਆਰ. ਵਿਨੋਦ ਅਤੇ ਜੋਗਿੰਦਰ ਸਿੰਘ ਰਾਹੀ ਆਦਿ ਨੇ ਭਿੰਨ ਭਿੰਨ ਵਿਧਾਵਾਂ ਨੂੰ ਆਪਣੇ ਅਧਿਐਨ ਖੇਤਰ ਹੇਠ ਲਿਆਂਦਾ ਹੈਮੌਜੂਦਾ ਆਲੋਚਕਾਂ ਵਿੱਚ ਡਾ. ਹਰਿਭਜਨ ਭਾਟੀਆ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਬ੍ਰਹਮ ਜਗਦੀਸ਼ ਸਿੰਘ, ਡਾ. ਰਘਬੀਰ ਸਿਰਜਣਾ ਨੇ ਵੀ ਬਹੁਤ ਕਾਰਜ ਕੀਤਾ ਹੈਪ੍ਰੰਤੂ ਹਰ ਸਮੀਖਿਆਕਾਰ ਨੂੰ ਕਿਸੇ ਨਾ ਕਿਸੇ ਇੱਕ ਵਿਧਾ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈਹੁਣ ਪੰਜਾਬੀ ਸਾਹਿਤ ਇੰਨਾ ਵਿਸ਼ਾਲ ਹੋ ਚੁੱਕਿਆ ਹੈ ਕਿ ਸਾਰੇ ਸਾਹਿਤ ਨੂੰ ਹੰਘਾਲਣਾ ਅਤਿ ਮੁਸ਼ਕਲ ਕਾਰਜ ਹੈਕਿਸੇ ਇੱਕ ਵਿਧਾ ਵਿੱਚ ਨਿੱਠ ਕੇ ਕੀਤਾ ਹੋਇਆ ਕੰਮ ਜ਼ਿਆਦਾ ਪਾਏਦਾਰ ਹੋ ਸਕਦਾ ਹੈ

? ਆਲੋਚਨਾ ਕਾਰਜ ਦੀ ਤੁਹਾਡੀ ਵਿਧੀ ਕਿਹੜੀ ਹੈ?

: ਹਰ ਲੇਖਕ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ, ਨਜ਼ਰੀਆ ਹੁੰਦਾ ਹੈ ਤੇ ਪ੍ਰਾਪਤ ਵਸਤੂ ਨੂੰ ਨਿਭਾਉਣ ਦੀ ਵਿਧੀ ਵੀ ਉਸ ਦੀ ਆਪਣੀ ਹੁੰਦੀ ਹੈਸਭ ਤੋਂ ਪਹਿਲਾਂ ਅਧਿਅਨ ਹੇਠ ਟੈਕਸਟ ਦੀ ਸਮਝ ਜ਼ਰੂਰੀ ਬਣਦੀ ਹੈ ਜਿਸ ਲਈ ਨਿੱਠ ਕੇ ਇਸ ਦਾ ਪਾਠ ਕਰਨਾ ਬਹੁਤ ਲਾਜ਼ਮੀ ਹੈਇਨ੍ਹਾਂ ਵਿੱਚੋਂ ਉੱਭਰਦੇ ਨੁਕਤਿਆਂ ਬਾਰੇ ਤੇ ਟੈਕਸਟ ਦੀ ਅੰਦਰਲੀ ਸਮਝ ਅਨੁਸਾਰ ਜਾਣਕਾਰੀ ਤੇ ਗਿਆਨ ਹਾਸਲ ਕਰਨਾ ਹੁੰਦਾ ਹੈਫਿਰ ਪ੍ਰਾਪਤ ਗਿਆਨ ਤੇ ਅਨੁਭਵ ਦੇ ਆਸਰੇ ਆਲੋਚਨਾਤਮਕ ਨਿਰਣਿਆਂ ਨੂੰ ਸਾਕਾਰ ਕਰਨਾ ਹੰਦਾ ਹੈਕਿਸੇ ਵੀ ਰਚਨਾ ਬਾਰੇ ਉਸ ਦੇ ਸਾਕਾਰਾਤਮਿਕ ਪੱਖਾਂ ਬਾਰੇ ਪ੍ਰਸੰਸਾਤਮਿਕ ਮੁਲਾਂਕਣ ਬਣਦਾ ਹੈਜੇ ਵਿਸ਼ੇਸ਼ ਗੱਲ ਹੋਵੇ ਤਾਂ ਸਹਿਜਤਾ ਤੇ ਕਲਾਤਮਕ ਸ਼ੈਲੀ ਰਾਹੀਂ ਆਪਣਾ ਕਿੰਤੂ ਪ੍ਰੰਤੂ ਦੇਣਾ ਬਣਦਾ ਹੈਪਰ ਸੁਹਿਰਦਤਾ ਰੱਖਣੀ ਬਹੁਤ ਜ਼ਰੂਰੀ ਹੈ

? ਤੁਸੀਂ ਆਪਣਾ ਖੋਜ-ਕਾਰਜ ‘ਜ਼ਬਤ-ਸ਼ੁਦਾ ਪੰਜਾਬੀ ਕਵਿਤਾ’ ਬਾਰੇ ਕੀਤਾ ਹੈਜ਼ਬਤੀ ਸਾਹਿਤ ਹੋਰ ਵਿਧਾ ਵਿੱਚ ਵੀ ਹੋਇਆ ਹੈ?

: ਹਾਂ, ਕਵਿਤਾ ਤੋਂ ਇਲਾਵਾ ਵਾਰਤਕ ਵਿੱਚ ਰਚਿਆ ਸਾਹਿਤ ਵੀ ਜ਼ਬਤ ਹੋਇਆ ਹੈਪਰ ਹਰ ਪਾਸੇ ਕਾਰਜ ਕਰਨਾ ਮੁਸ਼ਕਲ ਕੰਮ ਬਣ ਜਾਂਦਾ ਹੈਜਦੋਂ ਕਿ ਮੇਰੇ ਕੇਸ ਵਿੱਚ ਗੱਲ ਇਹ ਹੈ ਕਿ ਮੈਂ ਪਰਵਾਸੀ ਸਾਹਿਤ ਨਾਲ ਵੀ ਜੁੜ ਗਿਆ ਸਾਂਪ੍ਰੰਤੂ ਰਾਸ਼ਟਰੀ ਲਹਿਰਾਂ ਨਾਲ ਖ਼ਾਸ ਕਰਕੇ ਗ਼ਦਰ ਲਹਿਰ ਨਾਲ ਸੰਬੰਧਿਤ ਕਾਫੀ ਕਾਰਜ ਵਾਰਤਕ ਬਾਰੇ ਹੋਇਆ ਹੈਗਿ. ਕੇਸਰ ਸਿੰਘ ਦਾ ਕੰਮ ਬਹੁਤ ਮਹੱਤਵਪੂਰਣ ਹੈਜਿਸ ਨੂੰ ਡਾ. ਕੇਸਰ ਸਿੰਘ ਕੇਸਰ ਨੇ ਸੰਪਾਦਤ ਕੀਤਾ ਹੈਹੁਣ ਰਾਸ਼ਟਰੀ ਚੇਤਨਾ ਦੇ ਇਤਿਹਾਸ ਨੂੰ ਕਾਫੀ ਸਾਹਿਤਕਾਰਾਂ ਨੇ ਨਿਰਖਿਆ-ਪਰਖਿਆ ਹੈ ਵਿਸ਼ੇਸ਼ ਕਰਕੇ ਗ਼ਦਰ ਲਹਿਰ ਦੇ ਸਾਹਿਤ ਨੂੰ

? ਤੁਸੀਂ ਆਪਣੀ ਲਿਖਤ ਨੂੰ ਛਪਵਾਉਣ ਲਈ ਉਤੇਜਿਤ ਹੁੰਦੇ ਸੀ ਜਾਂ ਸਹਿਜ ਧੀਰੇ ਹੀ ਚਲਦੇ ਸੀਰਚਨਾ ਛਪਣ ਤੇ ਕਿਵੇਂ ਮਹਿਸੂਸ ਕਰਦੇ ਸੀਤੁਸੀਂ ਕਿਹੜੇ ਕਿਹੜੇ ਪਰਚਿਆਂ ਵਿੱਚ ਛਪੇ ਹੋ?

-ਰਚਨਾ ਛਪਵਾਉਣ ਲਈ ਮੈਂ ਬਹੁਤਾ ਕਾਹਲਾ ਤਾਂ ਨਹੀਂ ਸਾਂਮੂਡ ’ਤੇ ਹੀ ਨਿਰਭਰ ਕਰਦਾ ਸੀਰਚਨਾ ਛਪਣ ’ਤੇ ਅਕਿਹ ਖੁਸ਼ੀ ਮਿਲਦੀ ਸੀਭਾਵੇਂ ਮੈਂ ਧੀਵਾਂ ਹੀ ਛਪਦਾ ਰਿਹਾ ਹਾਂਪਰ ਬਹੁਤਿਆਂ ਪਰਚਿਆਂ ਵਿੱਚ ਛਪਦਾ ਰਿਹਾ ਹਾਂਮੋਟੇ ਮੋਟੇ ਜੋ ਨਾਮ ਯਾਦ ਆ ਰਹੇ ਹਨ, ਉਹ ਇਹ ਹਨ:-ਪੰਜਾਬੀ ਦੁਨੀਆਂ, ਜਨ ਸਾਹਿਤ, ਦੇਸ ਪ੍ਰਦੇਸ, ਪੰਜਾਬ ਟਾਈਮਜ਼, ਪੰਜਾਬੀ ਦਰਪਣ, ਪੰਜਾਬੀ ਗਾਰਡੀਅਨ, ਰਚਨਾ, ਖੋਜ ਦਰਪਣ, ਅਕਸ, ਦਰਪਣ, ਸਮਕਾਲੀ ਸਾਹਿਤ, ਲੜੀ, ਆਰਸੀ, ਰੂਪਾਂਤਰ, ਚਿਰਾਗ, ਭਾਈ ਦਿੱਤ ਸਿੰਘ ਪੱਤਰਕਾ, ਗੁਮਤਿ ਪ੍ਰਕਾਸ਼, ਪੰਜਾਬੀ ਟ੍ਰਿਬਿਊਨ, ਐਤਵਾਰਤਾ ਅਤੇ `ਹੁਣ`, ਮਹਿਰਮ, ਅਜੀਤ ਤੇ ਜਥੇਦਾਰ ਇਤਿ ਆਦਿ

? ਇਹ ਗੱਲ ਆਮ ਸੁਣਨ ਵਿੱਚ ਆਉਂਦੀ ਹੈ ਕਿ ਸਾਹਿਤ ਸਿਰਜਣਾਂ ਲਈ ਲਿਖਣਾ ਪੜ੍ਹਨਾ ਤੇ ਅਧਿਅਨ ਕਰਨਾ ਬੜਾ ਜ਼ਰੂਰੀ ਹੈਇਹਦੇ ਬਾਰੇ ਤੁਹਾਡਾ ਕੀ ਖ਼ਿਆਲ ਹੈ?

-ਹਾਂ, ਬਿਲਕੁਲ ਠੀਕ ਹੈਸਾਹਿਤਕਾਰੀ ਵਿੱਚ ਗਿਆਨ ਦਾ ਬੜਾ ਵੱਡਾ ਹੱਥ ਹੈਤੁਹਾਡੇ ਅਨੁਭਵ ਨੂੰ ਅਮੀਰ ਬਣਾਉਣ ਵਿੱਚ ਬਹੁਪੱਖੀ ਗਿਆਨ ਦਾ ਹੋਣਾ ਅਤਿ ਜ਼ਰੂਰੀ ਹੈਸਿਰਜਣਾਤਮਕ ਸਾਹਿਤ ਵਿੱਚ ਜਿੱਥੇ ਤੁਹਾਡੇ ਅਮੀਰ ਅਨੁਭਵ ਦੀ ਲੋੜ ਹੈ, ਉੱਥੇ ਲੋੜੀਂਦੇ ਗਿਆਨ ਦਾ ਆਪਣਾ ਮਹੱਤਵ ਹੈਆਲੋਚਨਾਤਮਕ ਕਾਰਜ ਲਈ ਤਾਂ ਬਹੁਪੱਖੀ ਤੇ ਵਿਸ਼ਾਲ ਗਿਆਨ ਦੀ ਆਵੱਸ਼ਕਤਾ ਹੈਗਿਆਨ ਦੀ ਅਮੀਰੀ ਐਸੀ ਹੈ ਕਿ ਜਿੰਨਾ ਪ੍ਰਾਪਤ ਕੀਤਾ ਜਾਵੇ, ਉੱਨਾਂ ਹੀ ਥੋੜ੍ਹਾ ਹੈਜਿੱਥੇ ਗਿਆਨ ਸਾਹਿਤ ਦੀ ਅਮੀਰੀ ਲਈ ਜ਼ਰੂਰੀ ਹੈ ਉੱਥੇ ਤੁਹਾਡੇ ਵਿੱਚ ਅੱਗੇ ਤੋਂ ਅੱਗੇ ਜਾਨਣ ਦੀ ਚਾਹਤ ਲਈ ਵੀ ਜ਼ਰੂਰੀ ਹੈ ਅਤੇ ਇਹ ਤੁਹਾਡੇ ਕਿਰਦਾਰ ਨੂੰ ਹਉ ਰਹਿਤ ਵੀ ਕਰਦਾ ਹੈਗਿਆਨ ਇੱਕ ਵਿਸ਼ਾਲ ਸਮੁੰਦਰ ਦੀ ਨਿਆਈਂ ਹੈਜੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਹਉ ਰਹਿਤ ਬਣਨ ਵਿੱਚ ਮਦਦ ਵੀ ਮਿਲਦੀ ਹੈ

? ਕੈਂਬੋ ਸਾਹਿਬ, ਤੁਸੀਂ ਆਪਣੇ ਮਿੱਤਰਾਂ ਦੋਸਤਾਂ ਦਾ ਜ਼ਿਕਰ ਕੀਤਾ ਹੈਤੁਹਾਡੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਯੋਗਦਾਨ ਕਿਹੋ ਜਿਹਾ ਰਿਹਾ?

: ਸਤਨਾਮ ਜੀ, ਜਿਸ ਤਰ੍ਹਾਂ ਮੈਂ ਦੋਸਤਾਂ ਬਾਰੇ ਪਹਿਲਾਂ ਵੀ ਦੱਸਿਆ ਹੈ, ਜ਼ਿੰਦਗੀ ਵਿੱਚ ਦੋਸਤਾਂ ਦਾ ਬੜਾ ਵੱਡਾ ਹੱਥ ਹੁੰਦਾ ਹੈਬਚਪਨ ਦੇ ਦੋਸਤਾਂ ਦਾ ਨਾਤਾ ਤਾਂ ਜ਼ਿੰਦਗੀ ਵਿੱਚ ਚਲਦਾ ਹੀ ਰਹਿੰਦਾ ਹੈਦੋਸਤਾਂ ਦਾ ਸਾਥ ਜ਼ਿੰਦਗੀ ਦੀਆਂ ਬੇਰੁੱਖੀਆਂ ਨੂੰ ਦੂਰ ਕਰਦਾ ਹੈ ਅੱਗੇ ਵੱਧਣ ਦਾ ਹੌਂਸਲਾ ਦਿੰਦਾ ਹੈਦੋਸਤਾਂ ਦੀ ਸੰਗਤ ਵਿੱਚ ਤੁਹਾਡੇ ਗ਼ਮ ਫ਼ਿਕਰ ਵੀ ਤੁਹਾਡੇ ਤੋਂ ਦੂਰ ਰਹਿੰਦੇ ਹਨਪਰ ਜ਼ਿੰਦਗੀ ਦੀ ਵਾਸਤਵਿਕਤਾ ਇਹ ਹੈ, ਸਮੇਂ ਦੇ ਅਨੁਸਾਰ ਨਵੇਂ ਰਿਸ਼ਤੇ ਬਣਦੇ ਜਾਂਦੇ ਹਨਖ਼ਾਸ ਕਰਕੇ ਪਰਵਾਸ ਦੇ ਸੰਦਰਭ ਨਾਲ ਤਾਂ ਬਹੁਤ ਕੁਝ ਤਬਦੀਲ ਹੋ ਜਾਂਦਾ ਹੈਜਿਸ ਤਰ੍ਹਾਂ ਮੈਂ ਸਾਹਿਤਕ ਦੋਸਤਾਂ ਦਾ ਵੀ ਜ਼ਿਕਰ ਕੀਤਾ ਹੈਸਾਹਿਤਕ ਮਿੱਤਰਤਾ ਵੀ ਬੜਾ ਸੁਖਾਵਾਂ ਰੋਲ ਅਦਾ ਕਰਦੀ ਹੈਹੁਣ ਮੇਰੇ ਦੋਸਤ ਪ੍ਰਿੰ: ਰਾਮ ਕਿਸ਼ਨ ਜੀ ਬਣੇ ਹਨ ਜੋ ਅੰਗਰੇਜ਼ੀ ਵਿੱਚ ਲਿਖ ਰਹੇ ਹਨਮੈਂ ਉਨ੍ਹਾਂ ਨੂੰ ਪੰਜਾਬੀ ਵੱਲ ਵੀ ਪ੍ਰੇਰ ਰਿਹਾ ਹਾਂਹਾਂ, ਬਚਪਨ ਦੇ ਮਿੱਤਰਾਂ ਨਾਲ ਨਾਤਾ ਬਰਕਰਾਰ ਰਹਿੰਦਾ ਹੈਬਚਪਨ ਦੇ ਦੋਸਤਾਂ ਵਿੱਚ ਪਰਗਟ ਸਿੰਘ (ਸੰਗੀਤਕਾਰ), ਹਰਦੇਵ ਸਿੰਘ ਚਾਨਾ, ਨਵਿੰਦਰ ਸਿੰਘ ਚਾਨਾ, ਅਜੀਤ ਸਿੰਘ ਮਠਾਰੂ, ਕਰਮ ਸਿੰਘ ਠੇਕੇਦਾਰ ਅਤੇ ਸੁਰਿੰਦਰ ਸਿੰਘ ਮਠਾਰੂ (ਕੀਨੀਆ) ਨਾਲ ਦੋਸਤੀ ਕਾਇਮ ਹੈਕਰਮ ਸਿੰਘ ਇੰਡੀਆ ਵਿੱਚ ਅਤੇ ਬਾਕੀ ਕੈਨੇਡਾ ਤੇ ਅਮਰੀਕਾ ਅਤੇ ਅਫ਼ਰੀਕਾ ਵਿੱਚ ਹਨਮੇਰੇ ਤਿੰਨ ਦੋਸਤ ਜੋ ਬਹੁਤ ਗੂੜ੍ਹੇ ਸਨ ਉਹ ਸੰਸਾਰ ਨੂੰ ਛੱਡ ਗਏ ਹਨਉਹ ਸਨ, ਰਾਧਾ ਰਾਮ, ਸਰਵਣ ਦਾਸ ਵਿਰਦੀ ਅਤੇ ਚੰਨਣ ਸਿੰਘ (ਚੰਨਾ)

? ਤੁਹਾਡੇ ਜੀਵਨ ਦੀ ਕੋਈ ਐਸੀ ਯਾਦਗਾਰ ਘਟਨਾ ਜਿਸ ਨੇ ਤੁਹਾਨੂੰ ਕਦੇ ਮਾਨਸਿਕ ਜਾਂ ਸਰੀਰਕ ਤੌਰ ’ਤੇ ਬੇਅਰਾਮ ਕੀਤਾ ਹੋਵੇ?

: ਜ਼ਿੰਦਗੀ ਵਿੱਚ ਬੇਅੰਤ ਘਟਨਾਵਾਂ ਘਟੀਆਂ ਹਨਕਿਸ ਕਿਸ ਦਾ ਜ਼ਿਕਰ ਕਰਾਂਜੀਵਨ ਹੈ ਹੀ ਦੁੱਖਾਂ ਸੁੱਖਾਂ ਨਾਲ ਖਹਿ ਕੇ ਤੁਰਨ ਤੇ ਰਾਹ ਬਣਾਉਣ ਦਾ ਨਾਂਬਚਪਨ ਵਿਚਲੀ ਗ਼ਰੀਬੀ ਨੇ ਮਾਨਸਿਕਤਾ ਨੂੰ ਭਰਪੂਰ ਛਿੱਲਿਆਚੰਗਾ ਪੱਖ ਇਹ ਹੈ ਕਿ ਬਚਪਨ ਦੀ ਗ਼ਰੀਬੀ ਤੇ ਵਾਪਰਦੇ ਹਾਲਾਤਾਂ ਨੇ ਗ਼ਰੀਬੀ ਅਮੀਰੀ ਦੀ ਵਾਸਤਵਿਕਤਾ ਅਤੇ ਅਸਮਾਨਤਾ ਦੀ ਚੇਤਨਾ ਨਾਲ ਮੈਂ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਨਾਲ ਜੁੜਿਆ, ਜਿਸ ਵਿੱਚੋਂ ਮੇਰੇ ਥੀਸਜ਼ ਦੇ ਵਿਸ਼ੇ ਦਾ ਆਗਾਜ਼ ਹੋਇਆ

? ਡਾ. ਸਾਹਿਬ, ਬਹੁਤ ਸਾਰੇ ਲੇਖਕ ਆਪਣੀ ਜੀਵਨੀ ਲਿਖਣ ਦਾ ਉੱਦਮ ਵੀ ਕਰਦੇ ਹਨ, ਜਿਸ ਰਾਹੀਂ ਵਿਸਥਾਰ ਨਾਲ ਸਾਰੇ ਜੀਵਨ ’ਤੇ ਝਾਤ ਪੁਆਈ ਜਾਂਦੀ ਹੈਕੀ ਤੁਸੀਂ ਵੀ ਕੋਈ ਐਹੋ ਜਿਹਾ ਉਪਰਾਲਾ ਕਰਨ ਦਾ ਮਨ ਬਣਾਇਆ ਹੈ?

: ਮੇਰੇ ਮਨ ਵਿੱਚ ਇਹੋ ਜਿਹਾ ਇਰਾਦਾ ਨਹੀਂ ਪਨਪਿਆ ਕਿਉਂਕਿ ਸਵੈ-ਜੀਵਨੀ ਉਹੋ ਹੀ ਲਿਖਦਾ ਹੈ, ਜਿਸ ਨੇ ਜ਼ਿੰਦਗੀ ਵਿੱਚ ਬੇਅੰਤ ਲਿਖਿਆ ਹੋਵੇ ਤੇ ਮਹਾਨ ਪ੍ਰਾਪਤੀਆਂ ਕੀਤੀਆਂ ਹੋਣਪਰ ਹੈਰਾਨੀ ਦੀ ਗੱਲ ਹੈ ਕਿ ਮੇਰੇ ਨਿਕਟ ਵਰਤੀ ਦੋਸਤਾਂ ਨੇ ਮੈਨੂੰ ਸਵੈ-ਜੀਵਨੀ ਲਿਖਣ ਲਈ ਪ੍ਰੇਰਿਆ ਹੈ ਤਾਂ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਰਿਹਾ ਹਾਂ ਕਿ ਮੇਰੇ ਦੋਸਤਾਂ ਨੇ ਮੇਰੇ ਵਿੱਚ ਉਤਸਕਤਾ ਪੈਦਾ ਕੀਤੀ ਹੈਗੰਭੀਰਤਾ ਨਾਲ ਸੋਚ ਰਿਹਾ ਹਾਂ ਕਿ ਮੈਂ ਇਸ ਵਿੱਚ ਸਫ਼ਲ ਹੋ ਸਕਾਂਗਾ ਕਿ ਨਹੀਂਇਹ ਬੜਾ ਹੀ ਔਖਾ ਕਾਰਜ ਹੈ

? ਤੁਹਾਡੇ ਸਾਹਿਤਕ ਕਾਰਜ ਪ੍ਰਤੀ ਕੋਈ ਮਿਲਿਆ ਮਾਣ ਸਨਮਾਨ…?

: ਢਾਅ ਜੀ, ਉਂਝ ਤਾਂ ਭਾਵੇਂ ਕਈਆਂ ਸਮਾਗਮਾਂ ’ਤੇ ਰਵਾਇਤੀ ਮਾਣ ਸਨਮਾਨ ਹੋਇਆ ਹੈ ਪਰ ਤਿੰਨ ਮਾਣ ਸਨਮਾਨਾਂ ਦਾ ਜ਼ਿਕਰ ਮੇਰੇ ਲਈ ਮਾਣ ਵਾਲੀ ਗੱਲ ਹੈਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਕੇ ਮਾਣ ਕੀਤਾ ਗਿਆ, ਜਿਸ ਸਭਾ ਵਿੱਚ ਮੈਂ ਤਕਰੀਬਨ 25 ਸਾਲ ਕਾਰਜ ਕੀਤਾ ਹੈਇਹ ਸਨਮਾਨ ਸਮਾਗਮ ਮੇਰੀ ਪੀਐੱਚ. ਡੀ. ਕਰਨ ਉਪਰੰਤ ਮੇਰੀ ਪੁਸਤਕ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਦੇ ਛਪਣ ’ਤੇ ਕੀਤਾ ਗਿਆਦੂਜਾ ਸਨਮਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ 2004 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਿਦੇਸ਼ੀ ਪੁਰਸਕਾਰ ਦੇ ਤੌਰ ’ਤੇ ਦੇਣ ਸਮੇਂ ਹੋਇਆ ਹੈ2006 ਵਿੱਚ ਯੂਰਪੀਅਨ ਪੰਜਾਬੀ ਸੱਥ ਨੇ ਲੇਖਕ ਨੂੰ ਡਾ. ਪ੍ਰੇਮ ਪ੍ਰਕਾਸ਼ ਸਿੰਘ ਐਵਾਰਡ ਨਾਲ ਨਿਵਾਜਿਆ ਹੈ

? ਤੁਹਾਡੀਆਂ ਲਿਖਤਾਂ ਨੇ ਤੁਹਾਡੇ ਜੀਵਨ ਤੇ ਵੀ ਕੋਈ ਪ੍ਰਭਾਵ ਪਾਇਆ?

: ਢਾਅ ਜੀ, ਤੁਹਾਡੀਆਂ ਲਿਖਤਾਂ ਤੁਹਾਨੂੰ ਜੀਵਨ ਵਿੱਚ ਸਕੂਨ ਬਖਸ਼ਦੀਆਂ ਹਨਮਨ ਨੂੰ ਸੰਤੁਸ਼ਟਤਾ ਮਿਲਦੀ ਹੈਕੋਈ ਵੀ ਲਿਖਤ ਜੀਵਨ ਤੋਂ ਹੀ ਪੈਦਾ ਹੁੰਦੀ ਹੈਜਦੋਂ ਤੁਸੀਂ ਲਿਖ ਲੈਂਦੇ ਹੋ, ਤਾਂ ਤੁਹਾਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ, ਇਹ ਆਨੰਦਦਾਇਕ ਹੁੰਦਾ ਹੈਇਹ ਅਜਿਹਾ ਸਰੂਰ ਹੈ ਜਿਸ ਨੂੰ ਬਿਆਨ ਕਰਨਾ ਮੁਸ਼ਕਲ ਹੈਤੁਹਾਨੂੰ ਲਿਖਤਾਂ ਅੱਗੇ ਤੋਂ ਅੱਗੇ ਪ੍ਰੇਰਿਤ ਕਰਦੀਆਂ ਹਨਇੱਕ ਦੀ ਪ੍ਰਾਪਤੀ ਦੂਜੀ ਲਿਖਤ ਲਈ ਪ੍ਰੇਰਣਾਦਾਇਕ ਹੁੰਦੀ ਹੈਇਸ ਤਰ੍ਹਾਂ ਗਿਆਨ ਦੀ ਪ੍ਰਾਪਤੀ ਵੀ ਹੁੰਦੀ ਹੈ ਤੇ ਤੁਹਾਡੇ ਵੱਲੋਂ ਰਚਨਾਤਮਿਕ ਪ੍ਰਾਪਤੀ ਅੱਗੇ ਪਾਠਕਾਂ ਲਈ ਵੀ ਅਸਰ ਭਰਪੂਰ ਹੋ ਨਿਬੜਦੀ ਹੈ ਤਾਂ ਮਨ ਨੂੰ ਬੇਹੱਦ ਪ੍ਰਸੰਨਤਾ ਮਿਲਦੀ ਹੈ

? ਕੈਂਬੋ ਸਾਹਿਬ, ਤਸੀਂ ਜ਼ਿਕਰ ਕਰ ਰਹੇ ਸੀ ਕਿ ਪੜ੍ਹਨ ਲਿਖਣ ਤੋਂ ਇਲਾਵਾ ਤੁਹਾਨੰ ਕਲਾਸੀਕਲ ਤੇ ਮਿਆਰੀ ਗੀਤ ਸੰਗੀਤ ਨਾਲ ਵੀ ਬੜਾ ਪਿਆਰ ਹੈ, ਇਹਦੇ ਬਾਰੇ ਕੁਝ ਦੱਸੋਗੇ? ਕੋਈ ਹੋਰ ਸ਼ੌਕ…?

: ਭਾਵੇਂ ਮੇਰਾ ਮੁੱਖ ਸੌਂਕ ਪੰਜਾਬੀ ਸਾਹਿਤ ਹੀ ਹੈ, ਇਹ ਇਸ਼ਕ ਵਾਂਗ ਹੈਇਸ ਲਈ ਸਰੀਰਕ ਤੇ ਮਾਨਸਿਕ ਸਿਹਤ ਬਹੁਤ ਜ਼ਰੂਰੀ ਹੈਸਿਹਤ ਠੀਕ ਰਵ੍ਹੇਗੀ ਤਾਂ ਪੜ੍ਹਨਾ ਲਿਖਣਾ ਜਾਰੀ ਰਹਿ ਸਕਦਾ ਹੈਇਹੀ ਸਭ ਤੋਂ ਵੱਡੀ ਖੁਸ਼ੀ ਹੈ ਤੇ ਸੰਤੁਸ਼ਟਤਾ ਵੀਮਨ ਦੀ ਸੰਤੁਸ਼ਟਤਾ ਲਈ ਸੰਗੀਤ ਵੀ ਇੱਕ ਖੁਰਾਕ ਵਾਂਗ ਹੈ, ਪਰ ਮੈਨੂੰ ਇਹ ਸੰਗੀਤ ਰੌਲੇ ਗੌਲੇ ਵਾਲਾ ਨਹੀਂ ਚਾਹੀਦਾਕਲਾਸੀਕਲ, ਅਰਧ ਕਲਾਸੀਕਲ ਤੇ ਲਾਈਟ ਫ਼ਿਲਮੀ ਸੰਗੀਤ ਨਾਲ ਦਿਲ ਪਰਚਦਾ ਹੈਜਿਸ ਨਾਲ ਸੁਹਜ ਸੁਆਦ ਤੇ ਸਕੂਨ ਮਿਲਦਾ ਹੈਗੁਰਬਾਣੀ ਸੰਗੀਤ ਜੋ ਕਲਾਸੀਕਲ ਰਾਗਾਂ ’ਤੇ ਅਧਾਰਤ ਹੈ, ਕੀਰਤਨ ਕਹਿਲਾਉਂਦਾ ਹੈਇਸ ਨਾਲ ਅਲੌਕਿਕ ਆਨੰਦ ਮਿਲਦਾ ਹੈਪੰਜਾਬੀ ਦੇ ਕਲਾਕਾਰ ਜਿਵੇਂ ਸੁਰਿੰਦਰ ਕੋਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਜਗਮੋਹਨ ਕੋਰ ਤੇ ਆਸਾ ਸਿੰਘ ਮਸਤਾਨਾ, ਜਮ੍ਹਲਾ ਜੱਟ ਤੇ ਕੁਲਦੀਪ ਮਾਣਕ ਆਦਿ ਦੇ ਗੀਤਾਂ ਨਾਲ ਮਨ ਮਖਮੂਰ ਹੋ ਜਾਂਦਾ ਹੈ, ਹੋਰ ਵੀ ਅਜਿਹੇ ਕਲਾਕਾਰ ਹਨ ਜੋ ਇਨ੍ਹਾਂ ਵਾਂਗ ਹੀ ਸਾਫ ਸੁੱਥਰਾ ਸੰਗੀਤ ਦਿੰਦੇ ਹਨ, ਅਵੱਸ਼ ਮਨ ਨੂੰ ਤਰਾਵਤ ਬਖਸ਼ਦੇ ਹਨਅਜੋਕੇ ਗਾਇਕਾਂ ਗੁਰਦਾਸ ਮਾਨ, ਹਰਭਜਨ ਮਾਨ, ਹੰਸ ਰਾਜ ਹੰਸ ਅਤੇ ਸਤਿੰਦਰ ਸਿੰਘ ਸਿਰਤਾਜ ਸਾਫ਼ ਸੁੱਥਰਾ ਤੇ ਮਿਆਰੀ ਗੀਤ ਗਾਉਂਦੇ ਹਨਬਾਕੀ ਕਲਾਕਾਰਾਂ ਨੂੰ ਵੀ ਇਨ੍ਹਾਂ ਗੀਤਕਾਰਾਂ ਦੀ ਪੱਧਰ ਨੂੰ ਸਾਹਮਣੇ ਰੱਖ ਕੇ ਇਸ ਪਿੜ ਵਿੱਚ ਆਉਣਾ ਚਾਹੀਦਾ ਹੈਇਹ ਵਿਉਪਾਰ ਨਹੀਂ, ਉੱਚਤਮ ਕਲਾ ਹੈ ਜੋ ਪੂਜਣ ਯੋਗ ਹੈਇਹ ਸਾਧਨਾ ਹੈ, ਸਮਰਪਣ ਹੈਇਨ੍ਹਾਂ ਗੀਤਾਂ ਰਾਹੀਂ ਸਮਾਜ ਨੂੰ ਉੱਚ ਪਾਏ ਦੀਆਂ ਇਖਲਾਕੀ ਕਦਰਾਂ-ਕੀਮਤਾਂ ਦਾ ਸੁਨੇਹਾ ਪੁੱਜਣਾ ਚਾਹੀਦਾ ਹੈਕੀ ਅਸੀਂ ਅਜੋਕੇ ਚਲੰਤ ਗੀਤਾਂ ਰਾਹੀਂ ਪੇਸ਼ ਕੀਤੇ ਕਲਚਰ ਨੂੰ ਪੰਜਾਬੀ ਕਲਚਰ ਕਹਿ ਸਕਦੇ ਹਾਂ! ਪੰਜਾਬੀ ਭਾਸ਼ਾ ਦੀ ਪੁੱਛ-ਪ੍ਰਤੀਤ ਨਹੀਂ ਬਣੀ ਤੇ ਪੰਜਾਬੀ ਕਲਚਰ ਵਿੱਚੋਂ ਉਹ ਤਸਵੀਰ ਨਹੀਂ ਉੱਘੜਦੀ, ਜਿਸ ’ਤੇ ਅਸੀਂ ਮਾਣ ਕਰ ਸਕੀਏਇੰਨਾ ਨਿਘਾਰ ਪਹਿਲਾਂ ਕਦੇ ਨਹੀਂ ਦੇਖਿਆਜੋ ਚਿੰਤਾਜਨਕ ਹੈ

? ਹਾਂ ਜੀ ਕੈਂਬੋ ਸਾਹਿਬ ਜੀ, ਜੋ ਤੁਸੀਂ ਸੰਗੀਤ ਬਾਰੇ ਕਹਿ ਰਹੇ ਹੋ, ਮੈਂ ਵੀ ਉਸ ਨਾਲ ਸਹਿਮਤ ਹਾਂਫੇਰ ਵੀ ਅੱਜ ਦੇ ਦੌਰ ਵਿੱਚ ਹੋਰ ਵੀ ਕਈ ਕਲਾਕਾਰ ਹੋ ਗੁਜ਼ਰੇ ਹਨ, ਜਿਨ੍ਹਾਂ ਨੇ ਆਪਣਾ ਪ੍ਰਭਾਵ ਪੰਜਾਬੀ ਸਭਿਆਚਾਰ ‘ਤੇ ਛੱਡਿਆ ਹੈਉਨ੍ਹਾਂ ਬਾਰੇ ਕੀ ਕਹਿਣਾ ਚਾਹੋਗੇ?

: ਹਾਂ, ਢਾਅ ਜੀ, ਬਿਲਕੁਲ ਮੈਂ ਤੁਹਾਡੇ ਨਾਲ ਇੱਕਮਤ ਹਾਂ ਕਿ ਹੋਰ ਵੀ ਬਹੁਤ ਸਾਰੇ ਕਲਾਕਾਰ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਆਪਣਾ ਅਕਸ ਛੱਡਿਆ ਹੈਦਰਅਸਲ ਸਾਡਾ ਸੰਗੀਤਕ ਵਿਰਸਾ ਬੜਾ ਅਮੀਰ ਹੈਸੰਖ਼ੇਪ ਜਿਹੇ ਵਿੱਚ ਮੈਂ ਦੱਸਦਾ ਹਾਂ ਕਿ ਸਾਡੇ ਕਲਾਸੀਕਲ ਸੰਗੀਤ ਦੀ ਬੜੀ ਅਮੀਰ ਪਰੰਪਰਾ ਹੈਪੰਜਾਬ ਦੇ ਸਭਿਆਚਾਰ ਵਿੱਚ ਲੋਕ ਸੰਗੀਤ ਦੇ ਨਾਲ ਨਾਲ ਕਲਾਸਕਿਲ ਸੰਗੀਤ ਦਾ ਰੁਤਬਾ ਬੜਾ ਮਹਾਨ ਹੈਇਸ ਨੇ ਭਾਰਤੀ ਸੰਗੀਤ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਹੈਪੰਜਾਬ ਦੇ ਬੇਅੰਤ ਸੰਗੀਤਕਾਰ ਹੋਏ ਹਨ ਜਿਨ੍ਹਾਂ ਵਿੱਚੋਂ ਦਲੀਪ ਚੰਦਰ ਬੇਦੀ, ਉਸਤਾਦ ਬੜੇ ਗੁਲਾਮ ਅਲੀ ਖਾਂ, ਉਸਤਾਦ ਮਾਸਟਰ ਰਤਨ, ਪਦਮ ਸ੍ਰੀ ਸੋਹਣ ਸਿੰਘ, ਨਜ਼ਾਕਤ ਅਲੀ, ਸਲਾਮਤ ਅਲੀ, ਬਰਕਤ ਸਿੱਧੂ ਅਤੇ ਪੂਰਨ ਚੰਦ ਵਡਾਲੀ ਵਾਲੇ ਆਦਿ ਨੇ ਬੜਾ ਨਾਮਣਾ ਖੱਟਿਆ ਹੈਗੁਰਬਾਣੀ ਰਾਗਾਂ ’ਤੇ ਅਧਾਰਤ ਹੈ ਜਿਸ ਵਿੱਚ ਨਾਮਵਰ ਸੰਗੀਤਕਾਰਾਂ ਨੇ ਆਪਣਾ ਯੋਗਦਾਨ ਪਾ ਕੇ ਸ਼ਬਦ ਸਭਿਆਚਾਰ ਦੇ ਨਾਲ ਸੰਗੀਤ ਪਰੰਪਰਾ ਨੂੰ ਅਮੀਰ ਕੀਤਾ ਹੈਭਾਈ ਚਾਂਦ, ਭਾਈ ਲਾਲ, ਭਾਈ ਸਮੁੰਦ ਸਿੰਘ, ਭਾਈ ਸੰਤਾ ਸਿੰਘ (ਦਿੱਲੀ ਵਾਲੇ), ਭਾਈ ਸੰਤਾ ਸਿੰਘ ਚਮਕ, ਭਾਈ ਸੁਰਜਨ ਸਿੰਘ, ਭਾਈ ਦਵਿੰਦਰ ਸਿੰਘ, ਸੰਤ ਸੁਜਾਨ ਸਿੰਘ, ਭਾਈ ਦਿਲਬਾਗ ਸਿੰਘ, ਗੁਲਬਾਗ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਧਰਮ ਸਿੰਘ ਜ਼ਖਮੀ, ਭਾਈ ਸ਼ਮਸ਼ੇਰ ਸਿੰਘ ਜ਼ਖਮੀ ਆਦਿ ਬੜੇ ਸਮਰੱਥ ਗੁਰਬਾਣੀ ਗਾਇਕ ਹੋਏ ਹਨਮੌਜੂਦਾ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਬੜਾ ਮਿੱਠਾ ਕੀਰਤਨ ਕਰਦੇ ਹਨਇਨ੍ਹਾਂ ਤੋਂ ਇਲਾਵਾ ਹੋਰ ਵੀ ਗੁਰਬਾਣੀ ਕੀਰਤਨ ਰਸੀਏ ਹੋਏ ਹਨ, ਜਿਨ੍ਹਾਂ ਨੇ ਗੁਰਬਾਣੀ ਸਭਿਆਚਾਰ ਦੀ ਮਹਿਕ ਨੂੰ ਖਿਲਾਰ ਕੇ ਭਿੰਨੀ ਭਿੰਨੀ ਮਹਿਕ ਪ੍ਰਦਾਨ ਕੀਤੀ ਹੈ

ਸਾਡੀ ਕਵੀਸ਼ਰੀ ਗਾਇਕੀ ਵੀ ਹਿਰਦਿਆਂ ਨੂੰ ਤਸਕੀਨ ਬਖਸ਼ਦੀ ਹੈਇਹ ਸਾਜ਼ਾਂ ਤੋਂ ਬਗੈਰ ਤਰੰਨਮ ਵਿੱਚ ਗਾਈ ਜਾਣ ਵਾਲੀ ਗਾਇਕੀ ਹੈਜੋ ਸਾਡੇ ਇਤਿਹਾਸ ਨੂੰ ਕਾਵਿਕਤਾ ਦੇ ਰੰਗ ਵਿੱਚ ਸਰੋਤਿਆਂ ਨੂੰ ਸੁਹਜ-ਸੁਆਦ ਪ੍ਰਦਾਨ ਕਰਦੀ ਹੈਮਾਲਵੇ ਦੀ ਕਵੀਸ਼ਰੀ-ਪਰੰਪਰਾ ਦਾ ਸਾਡੇ ਕੋਲ ਚੋਖਾ ਖ਼ਜ਼ਾਨਾ ਹੈਬਾਬੂ ਰਜ਼ਬ ਅਲੀ, ਸਾਧੂ ਦਇਆ ਸਿੰਘ ਆਰਿਫ, ਮੋਹਣ ਸਿੰਘ ਰੋਡੇ, ਕਰਨੈਲ ਸਿੰਘ ਪਾਰਸ ਆਦਿ ਪ੍ਰਸਿੱਧ ਨਾਮ ਹਨਢਾਡੀ ਕਲਾ ਵੀ ਬਹੁਤ ਹਰਮਨ ਪਿਆਰੀ ਹੈਢਾਡੀਆਂ ਨੇ ਲੋਕ ਕਥਾਵਾਂ ਨੂੰ ਵੀ ਗਾਇਆ ਹੈ ਤੇ ਇਤਿਹਾਸਕ ਵਾਰਤਾਵਾਂ ਨੂੰ ਵੀਵਿਸ਼ੇਸ਼ ਕਰਕੇ ਸਿੱਖੀ ਇਤਿਹਾਸ ਦੀਆਂ ਘਟਨਾਵਾਂ ਦੇ ਪਸੰਗਾਂ ਨੂੰ ਗਾ ਕੇ ਸਰੋਤਿਆਂ ਵਿੱਚ ਜੋਸ਼ ਭਰਨ ਦਾ ਕਾਰਜ ਕੀਤਾ ਹੈਗੁਰੂ ਹਰਿਗੋਬਿੰਦ ਜੀ ਦੇ ਸਮੇਂ ਢਾਡੀ ਪਰੰਪਰਾ ਚਾਲੂ ਹੋਈਭਾਈ ਨੱਥਾ ਤੇ ਅਬਦੁੱਲਾ ਗੁਰੂ ਹਰਿਗੋਬਿੰਦ ਦੇ ਦਰਬਾਰ ਦੇ ਢਾਡੀ ਹੋਏ ਹਨਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਮੁਸ਼ਕੀ ਤੇ ਛਬੀਲਾ ਨਾਮਵਰ ਢਾਡੀ ਹੋਏ ਹਨਇਸ ਕਲਾ ਵਿੱਚ ਯੋਗਦਾਨ ਪਾਉਣ ਵਾਲੇ ਅਨੇਕਾਂ ਕਲਾਕਾਰ ਹੋਏ ਹਨਦੀਦਾਰ ਸਿੰਘ ਰਟੈਂਡਾ, ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ, ਅਮਰ ਸਿੰਘ ਸ਼ੌਂਕੀ, ਪਾਲ ਸਿੰਘ ਪੰਛੀਲੋਕ ਗਥਾਵਾਂ ਗਾਉਣ ਵਿੱਚ ਬੂਟਾ ਘੁਮਿਆਰ, ਈਦੂ ਸ਼ਰੀਫ ਅਤੇ ਦੇਸ ਰਾਜ ਲਿਸ਼ਕਾਨੀ ਆਦਿ ਢਾਡੀਆਂ ਨੇ ਇਸ ਰਾਗ ਕਲਾ ਵਿੱਚ ਧੁੰਮਾਂ ਪਾਈਆਂ ਹਨ

ਇਸ ਤਰ੍ਹਾਂ ਲੋਕ ਗਾਇਕ ਤੇ ਗਾਇਕਾਵਾਂ ਤੋਂ ਇਲਾਵਾ ਜਗਤ ਸਿੰਘ ਜੱਗਾ, ਮਿਲਖੀ ਰਾਮ, ਚਾਂਦੀ ਰਾਮ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ, ਗੁਲਾਮ ਅਲੀ ਖਾਂ, ਸਰਦੂਲ ਸਿਕੰਦਰ, ਮੁਹੰਮਦ ਸਦੀਕ, ਨੁਸਰਤ ਫ਼ਤਿਹ ਅਲੀ ਖਾਂ, ਸ਼ਮਸ਼ਾਦ ਬੇਗਮ, ਨੂਰ ਜਹਾਂ, ਸੁਰਿੰਦਰ ਕੋਰ, ਨਰਿੰਦਰ ਕੋਰ, ਪ੍ਰਕਾਸ਼ ਕੋਰ, ਨਰਿੰਦਰ ਬੀਬਾ, ਗੁਰਮੀਤ ਬਾਵਾ, ਡੌਲੀ ਗੁਲੇਰੀਆ, ਆਲਮ ਲੁਹਾਰ ਅਤੇ ਸ਼ੌਕਤ ਅਲੀ ਆਦਿ ਬੜੇ ਸਮਰੱਥ ਗਾਇਕ ਤੇ ਗਾਇਕਾਵਾਂ ਹੋਈਆਂ ਹਨਇਹ ਕੁਝ ਨਾਮ ਚੋਣਵੇਂ ਹਨ ਮੇਰੇ ਖ਼ਿਆਲ ਨਾਲ ਲਿਸਟ ਲੰਮੇਰੀ ਕਰਨ ਦਾ ਕੋਈ ਫ਼ਾਇਦਾ ਨਹੀਂਗੱਲ ਦਰਸਾਣ ਦਾ ਭਾਵ ਇਹ ਹੈ ਕਿ ਐਡੀ ਅਮੀਰ ਵਿਰਾਸਤ ਦੇ ਹੁੰਦਿਆਂ ਸਾਡੀ ਗਾਇਕੀ ਕਿੱਧਰ ਨੂੰ ਜਾ ਰਹੀ ਹੈ! ਇਹ ਠੀਕ ਹੈ ਕੁਝ ਯਤਨ ਹੋ ਰਹੇ ਹਨ ਤੇ ਕੁਝ ਗਾਇਕ ਮੁਕਾਬਲਿਆਂ ਵਿੱਚ ਅੱਛੇ ਬੱਚੇ ਵੀ ਨਿਕਲ ਰਹੇ ਹਨਪ੍ਰੰਤੂ ਭਾਵ ਤਾਂ ਸਭਿਆਚਾਰ ਨੂੰ ਸਵੱਛ ਤੇ ਸੁੰਦਰ ਰੱਖਣ ਤੇ ਬਣਾਉਣ ਦੀ ਹੈਝੁਕਾਵਾਂ ਨੂੰ ਬਦਲਣ ਦੀ ਲੋੜ ਹੈਕਲਾ ਨੂੰ ਪ੍ਰਧਾਨਤਾ ਦੇਣੀ ਬਣਦੀ ਹੈਚੰਗੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਵਿੱਚ ਅਜਿਹੇ ਕਈ ਸਾਹਿਤਕਾਰ ਹਨ ਜੋ ਅਮੀਰ ਵਿਰਸੇ ਨੂੰ ਪੇਸ਼ ਕਰਕੇ ਤੇ ਉਭਾਰ ਕੇ ਪੇਸ਼ ਕਰਦੇ ਹਨ ਤਾਂ ਕਿ ਸਾਨੂੰ ਮਿਆਰੀ ਸੰਗੀਤ ਦੀ ਪਛਾਣ ਹੋ ਸਕੇ ਜਿਨ੍ਹਾਂ ਵਿੱਚ ਗੁਰਨਾਮ ਸਿੰਘ ਸੰਗੀਤਕਾਰ, ਹਰਦਿਆਲ ਸਿੰਘ ਸੂਫੀ, ਬਲਬੀਰ ਸਿੰਘ ਕੰਵਲ, ਨਿੰਦਰ ਘੁਗਿਆਣਵੀਕੈਨੇਡਾ ਵਿੱਚ ਇਕਬਾਲ ਮਾਹਲ ਨੇ ਵੀ ਇਸ ਕਲਾ (ਗੀਤ ਸੰਗੀਤ) ਦੀ ਸਾਂਭ ਸੰਭਾਲ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ

? ਤੁਸੀਂ ਜੋ ਕੁਝ ਵੀ ਲਿਖਿਆ, ਤੁਹਾਨੂੰ ਇਸ ਨਾਲ ਕਿੰਨੀ ਕੁ ਤਸੱਲੀ ਹੋਈ ਹੈਹੋਰ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਮਨ ਵਿੱਚ ਹਨ ਜਿਨ੍ਹਾਂ ’ਤੇ ਤੁਸੀਂ ਕੰਮ ਕਰਨਾ ਚਾਹੰਦੇ ਹੋ? ਕੋਈ ਆਲੋਚਨਾਤਮਕ ਕੰਮ ਜਾਂ ਕੋਈ ਹੋਰ ਕਹਾਣੀ ਸੰਗ੍ਰਹਿ?

: ਜੋ ਕੁਝ ਵੀ ਲਿਖ ਸਕਿਆ ਹਾਂ, ਸਮੇਂ ਅਨੁਕੂਲ ਕੀਤਾ ਹੈਵੱਖਰੀਆਂ ਵੱਖਰੀਆਂ ਵਿਧਾਵਾਂ ਵਿੱਚ ਲਿਖਿਆ ਹੈਪ੍ਰੰਤੂ ਪੂਰਨ ਮਾਨਸਿਕ ਤਸੱਲੀ ਕਦੇ ਵੀ ਨਹੀਂ ਹੋ ਸਕਦੀਪਹਿਲਾਂ ਲਿਖ ਕੇ ਅੱਗੇ ਤੁਰਨ ਦਾ ਸੁਪਨਾ ਹੁੰਦਾ ਹੈਉਸ ਦੀ ਪੂਰਤੀ ਹੁੰਦੀ ਹੈ, ਫਿਰ ਅਗਲਾ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਹੈਮੋਟੇ ਤੌਰ ’ਤੇ ਸਾਹਿਤ ਨੂੰ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ, ਇੱਕ ਸਿਰਜਣਾਤਮਕ ਸਾਹਿਤ ਤੇ ਦੂਜਾ ਗਿਆਨ ਸਾਹਿਤਜਿਹੜੇ ਪਾਸੇ ਵੀ ਤੁਰ ਪਓ, ਅੰਤ ਕੋਈ ਨਹੀਂਮੇਰੇ ਮੋਟੇ ਮੋਟੇ ਕਾਰਜ ਹਨਪਰਵਾਸੀ ਸਾਹਿਤ ਨੂੰ ਹੱਥ ਵਿੱਚ ਲਿਆ ਹੋਇਆ ਹੈ‘ਬਰਤਾਨਵੀ ਪੰਜਾਬੀ ਕਵਿਤਾ’ (ਦੂਜਾ ਭਾਗ), ‘ਬਰਤਾਨਵੀ ਪੰਜਾਬੀ ਵਾਰਤਕ’, ‘ਬਰਤਾਨਵੀ ਪੰਜਾਬੀ ਗ਼ਲਪ’ ਤੋਂ ਇਲਾਵਾ ਨਿਬੰਧ ਸੰਗ੍ਰਹਿ, ਭਾਸ਼ਾ ਤੇ ਸਭਿਆਚਾਰਕ ਲੇਖ ਤੇ ਭਾਰਤੀ ਸਾਹਿਤ ਬਾਰੇ ਆਦਿ ਪੁਸਤਕਾਂ ਤਿਆਰ ਹਨਪਰ ਇਨ੍ਹਾਂ ਵਿੱਚ ਵਾਧਾ ਘਾਟਾ ਕਰਨ ਤੇ ਸੋਧ ਸੁਧਾਈ ਤੋਂ ਬਾਅਦ ਹੀ ਪ੍ਰਕਾਸ਼ਨ ਹਿਤ ਭੇਜਾਂਗਾਇਨ੍ਹਾਂ ਤੋਂ ਇਲਾਵਾ ਹੋਰ ਵੀ ਪ੍ਰੋਜੈਕਟ ਹਨਭਾਵ ਇਹ ਹੈ ਕਿ ਇਹ ਕਾਰਜ ਮੁੱਕਣ ਵਾਲੇ ਨਹੀਂ ਹਨਜਦ ਤੱਕ ਜੀਵਨ ਹੈ ਤੇ ਸਿਹਤ ਕਾਇਮ ਹੈ, ਇਹ ਕਾਰਜ ਚਲਦੇ ਰਹਿਣਗੇਤੁਰਨਾ ਹੀ ਜ਼ਿੰਦਗੀ ਹੈ

? ਆਪਣੇ ਪਰਵਾਸੀ ਜੀਵਨ ਦੇ ਤਜੱਰਬੇ ਤੋਂ ਪੰਜਾਬੀ ਭਾਈਚਾਰੇ ਨੂੰ ਕੋਈ ਸੁੱਖ ਸੁਨੇਹਾ ਦੇਣਾ ਚਾਹੋਗੇ? ਹਰ ਪੰਜਾਬੀ ਆਪਣਾ ਬਿਸਤਰਾ ਬੰਨ੍ਹੀ ਪ੍ਰਦੇਸ ਜਾਣ ਲਈ ਤਾਂਘ ਰਿਹਾ ਹੈਉਹਨਾਂ ਪੜ੍ਹੇ ਲਿਖੇ ਜਾਂ ਅਨਪੜ੍ਹ ਮੁੰਡੇ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ?

: ਢਾਅ ਜੀ, ਇਹ ਸਵਾਲ ਬੜਾ ਅਹਿਮ ਹੈ, ਪਰ ਇਹ ਬਿਖੜਾ ਵੀ ਹੈਪਰਵਾਸੀ ਬਣੇ ਲੇਖਕਾਂ ਨੇ ਆਪਣੇ ਤਜੱਰਬੇ ਤੇ ਅਨੁਭਵਾਂ ਨੂੰ ਪੰਜਾਬੀਆਂ ਨਾਲ ਸਾਂਝਾ ਕੀਤਾ ਹੈਪ੍ਰੰਤੂ ਵਿਡੰਬਣਾ ਇਹ ਹੈ ਕਿ ਬਾਵਜੂਦ ਦਰਦਨਾਕ ਘਟਨਾਵਾਂ ਤੇ ਅਣਸੁਖਾਵੇਂ ਹਾਲਤਾਂ ਨੂੰ ਜਾਣਦਿਆਂ ਸਮਝਦਿਆਂ ਵੀ ਪੰਜਾਬੀ ਇਸ ਰਾਹ ਪੈ ਰਹੇ ਹਨਗੱਲ ਸਪੱਸ਼ਟ ਹੈ ਕਿ ਇੱਕ ਤਾਂ ਆਰਥਿਕਤਾ ਦੀ ਬੇਹਤਰੀ ਹਰ ਇੱਕ ਦਾ ਲਖਸ਼ ਬਣ ਗਿਆ ਹੈ ਤਾ ਕਿ ਇਸ ਪਦਾਰਥਕ ਭਰਪੂਰ ਜ਼ਿੰਦਗੀ ਵਿੱਚ ਵਿਚਰਦਿਆਂ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਣਦੂਜਾ ਸਾਡੇ ਆਪਣੇ ਮੁਲਕ ਦੀ ਅਰਥ ਵਿਵਸਥਾ ਨੇ ਵੀ ਨੌਜਵਾਨਾਂ ਨੂੰ ਇਸ ਦਿਸ਼ਾ ਵੱਲ ਧਕੇਲਿਆ ਹੈਇੱਕ ਗੱਲ ਤਾਂ ਇਹ ਹੈ ਕਿ ਪੰਜਾਬੀਆਂ ਨੂੰ ਗ਼ਲਤ ਰਸਤੇ ਅਪਣਾ ਕੇ ਬਾਹਰ ਨਹੀਂ ਆਉਣਾ ਚਾਹੀਦਾਜੇ ਸਭ ਕੁਝ ਸਮਝ ਕੇ ਆਉਣਾ ਹੀ ਹੈ ਤਾਂ ਸਹੀ ਤਰੀਕੇ ਨਾਲ ਆਉਣਾ ਹੀ ਯੋਗ ਹੈਜੇ ਭਾਰਤ ਵਿੱਚ ਰਹਿ ਕੇ ਕੋਈ ਚੰਗੀ ਪ੍ਰਾਪਤੀ ਦਾ ਰਾਹ ਬਣਦਾ ਹੈ, ਤਾਂ ਅਵੱਸ਼ ਯਤਨ ਕਰਨਾ ਚਾਹੀਦਾ ਹੈਪੜ੍ਹਿਆਂ ਲਿਖਿਆਂ ਨੂੰ ਆਪਣੇ ਮੁਲਕ ਦੀ ਪ੍ਰਗਤੀ ਵਿੱਚ ਵੀ ਹਿੱਸਾ ਪਾਉਣਾ ਚਾਹੀਦਾ ਹੈਮੇਰੇ ਖ਼ਿਆਲ ਨਾਲ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋੜੀਂਦੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਯੰਗ, ਮੈਨ-ਪਾਵਰ ਨੂੰ ਆਪਣੇ ਦੇਸ਼ ਵਿੱਚ ਹੀ ਉਹ ਸੁੱਖ ਸਹੁਲਤਾਂ ਦੇਵੇ ਤਾ ਇਹਨਾਂ ਦਾ ਰੁਝਾਨ ਬਾਹਲੇ ਦੇਸ਼ਾਂ ਵੱਲੋਂ ਹਟ ਕੇ ਦੇਸ਼ ਵਿੱਚ ਰਹਿ ਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣ

? ਕੋਈ ਤਮੰਨਾ ਜੋ ਪੂਰੀ ਕਰਨਾ ਲੋਚਦੇ ਹੋਵੋਂ?

: ਢਾਅ ਜੀ, ਤਮੰਨਾ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਮੇਰੇ ਛੋਹੇ ਹੋਏ ਸਾਹਿਤਕ ਕਾਰਜ ਸੰਪੂਰਨ ਹੋ ਜਾਵਣ ਤੇ ਮੇਰੇ ਪੁਸਤਕ ਭੰਡਾਰ ਬਾਰੇ ਕੋਈ ਨਿਸਚਤ ਸਾਂਭ-ਸੰਭਾਲ ਦਾ ਕੰਮ ਹੋ ਸਕੇ

? ਨਵੇਂ ਜਾਂ ਪਹਿਲੇ ਲਿਖ ਰਹੇ ਲੇਖਕਾਂ ਨੂੰ ਕੋਈ ਸੁਨੇਹਾ?

: ਮੈਂ ਇੰਨਾ ਸਮਰੱਥ ਤਾਂ ਨਹੀਂ, ਪਰ ਅਰਜ਼ ਹੀ ਕਰ ਸਕਦਾ ਹਾਂ ਕਿ ਸੁਹਿਰਦਤਾ ਸਹਿਤ ਅਤੇ ਨਿਰੰਤਰਤਾ ਸਹਿਤ ਜਿੰਨਾ ਵੀ ਕੰਮ ਕਰੋ, ਨਿੱਠ ਕੇ, ਪ੍ਰਤੀਬੱਧਤਾ ਨਾਲ ਕਰੋਸੀਮਾ ਤਾਂ ਆਪਣੀ ਆਪਣੀ ਹੀ ਹੁੰਦੀ ਹੈਪੰਜਾਬੀ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈਇਹ ਬੜੀ ਅਮੀਰ ਭਾਸ਼ਾ ਹੈਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਹੈ, ਉਹ ਇਸ ਨੂੰ ਆਪਣੀ ਰੂਹ ਵਿਚ ਰਚਾ ਲਵੇ, ਇਹ ਮੇਰੀ ਕਾਮਨਾ ਹੈਪੰਜਾਬ ਤੋਂ ਬਾਹਰ ਬੈਠੇ ਹਰ ਪੰਜਾਬੀ ਨੂੰ ਉੱਥੋਂ ਦੀ ਭਾਸ਼ਾ ਨੂੰ ਪੂਰਨਤਾ ਨਾਲ ਅਪਨਾਉਣਾ ਚਾਹੀਦਾ ਹੈ, ਪਰ ਪੰਜਾਬੀ ਨੂੰ ਵੀ ਪੂਰਾ ਮਾਣ ਦਿੰਦੇ ਰਹਿਣਾ ਚਾਹੀਦਾ ਹੈਪੰਜਾਬੀ ਭਾਸ਼ਾ ਵਿੱਚ ਰਚਿਆ ਸਾਹਿਤ ਸਭਿਆਚਾਰਕ ਮਾਨਵੀ ਕਦਰਾਂ-ਕੀਮਤਾਂ ਨਾਲ ਲਬਰੇਜ਼ ਹੈ

?ਕੋਈ ਹੋਰ ਜੋ ਤੁਸੀਂ ਦੱਸਣਾ ਚਾਹੁੰਦੇ ਹੋਵੇ, ਜੋ ਮੇਰੇ ਧਿਆਨ ਵਿੱਚ ਨਾ ਆਇਆ ਹੋਵੇ ਜਾਂ ਮੈਂ ਪੁੱਛ ਨਾ ਸਕਿਆ ਹੋਵਾਂ?

-ਤੁਸੀਂ ਆਪਣੇ ਪ੍ਰਸ਼ਨਾਂ ਰਾਹੀਂ ਬਹੁਤ ਕੁਝ ਖ਼ਰੋਚਿਆ ਹੈਤੁਸੀਂ ਪੂਰੇ ਹਿਰਦੇ ਨਾਲ ਤੇ ਤਨ ਦੇਹੀ ਨਾਲ ਕਾਰਜ ਕੀਤਾ ਹੈਮੈਂ ਮਾਣ ਸਮਝਦਾ ਹਾਂ ਕਿ ਤੁਸੀਂ ਮੈਨੂੰ ਮੁਲਾਕਾਤ ਦੇ ਯੋਗ ਸਮਝਿਆ ਹੈਜਿਸ ਲਈ ਮੈਂ ਬਹੁਤ ਰਿਣੀ ਹਾਂ

ਸਤਨਾਮ ਸਿੰਘ: ਕੈਬੋ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਆਪਣੇ ਰੁਝੇਵਿਆਂ ਵਿੱਚੋਂ ਇਸ ਲੰਬੀ ਗੱਲਬਾਤ ਲਈ ਸਮਾਂ ਕੱਢਿਆ ਅਤੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੇ ਕੀਮਤੀ ਪੰਨਿਆਂ ਨੂੰ ਸਾਂਝਾ ਕੀਤਾ ਜਿਸ ਨਾਲ ਸਾਨੂੰ ਬਰਤਨਵੀ ਪੰਜਾਬੀ ਸਾਹਿਤ ਦੇ ਇੱਕ ਯੁਗ ਦੇ ਦਰਸ਼ਣ ਹੋਏ ਹਨ

*****

(842)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author