“ਦਸਵੀਂ ਪਾਸ ਕਰਕੇ ਜਦੋਂ ਮੈਂ ਲੁਧਿਆਣੇ ਪੜ੍ਹਨ ਲੱਗਿਆ, ਮੇਰੀਆਂ ਮੁਸ਼ਕਲਾਂ ਤਾਂ ਉਸੇ ਵੇਲੇ ਵਧ ਗਈਆਂ ਸਨ, ਭਾਵੇਂ ...”
(8 ਦਸੰਬਰ 2024)
ਡਾ. ਗੁਰਦੇਵ ਸਿੰਘ ਘਣਗਸ ਨੇ ਇੱਕ ਸਧਾਰਨ ਪੇਂਡੂ ਕਿਸਾਨੀ ਪਰਿਵਾਰ ਵਿੱਚ ਜਨਮ ਲਿਆ। ਆਪਣੀ ਮਿਹਨਤ ਅਤੇ ਸਿਰੜ ਨਾਲ ਜਿਸ ਮੁਕਾਮ ’ਤੇ ਉਹ ਪਹੁੰਚਿਆ, ਕਈ ਵਾਰ ਸਾਰੀਆਂ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਲੋਕ ਇਸ ਮੁਕਾਮ ਨੂੰ ਹਾਸਲ ਨਹੀਂ ਕਰ ਸਕਦੇ। ਮੈਂ ਬਾਇਓ-ਕੈਮਿਸਟਰੀ ਦਾ ਵਿਦਿਆਰਥੀ ਨਹੀਂ, ਇਸ ਕਰਕੇ ਬਹੁਤੇ ਸਵਾਲ ਕੈਮਿਸਟਰੀ ਬਾਰੇ ਨਹੀਂ ਪੁੱਛ ਸਕਿਆ ਪਰ ਮੈਨੂੰ ਉਸਦੇ ਹੋਰ ਗੁਣਾਂ ਅਤੇ ਦੂਜੇ ਪੱਖਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਸੋਚਿਆ ਇਨ੍ਹਾਂ ਪੱਖਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਜਾਵੇ। ਮੈਨੂੰ ਆਸ ਹੈ ਕਿ ਇੱਕ ਸਾਇੰਸਦਾਨ ਦੀ ‘ਸੈਲਫ ਮੇਡ’ ਜ਼ਿੰਦਗੀ ਦੀ ਘਾਲਣਾ ਪਾਠਕਾਂ ਨੂੰ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਸੰਘਰਸ਼ ਕਰਨ ਦੀ ਪ੍ਰੇਰਨਾ ਜ਼ਰੂਰ ਦੇਵੇਗੀ।
? ਘਣਗਸ ਸਾਹਿਬ ਪਹਿਲਾਂ ਤਾਂ ਆਪਣੇ ਪਿਛੋਕੜ ਬਾਰੇ (ਜਨਮ, ਮਾਪੇ ਬਚਪਨ ਭੈਣ ਭਰਾ) ਜਾਣਕਾਰੀ ਦਿਓ?
* ਸਤਨਾਮ ਜੀ, ‘ਘਣਗਸ’ ਮੇਰੇ ਪਿੰਡ ਦਾ ਨਾਂ ਹੈ, ਜੋ ਮੈਂ ਦਸਵੀਂ ਜਮਾਤ ਦੇ ਪਰਚੇ ਦੇਣ ਵੇਲੇ ਚੁਣ ਲਿਆ ਸੀ, ਪਰ ਗੋਤ ਮੇਰਾ ‘ਖੰਗੂੜਾ’ ਹੈ। ਮੇਰਾ ਜਨਮ 1942 ਦਾ ਹੈ। ਮੇਰਾ ਪਿਛੋਕੜ ਅਨਪੜ੍ਹ ਪੇਂਡੂ ਕਿਸਾਨੀ ਹੈ। ਮਾਤਾ ਦਲੀਪ ਕੌਰ ਚਾਰ ਕੁ ਅੱਖਰ ਪੜ੍ਹ ਲੈਂਦੀ ਸੀ, ਪਿਤਾ ਗੁਰਬਚਨ ਸਿੰਘ ਭਾਵੇਂ ਅਨਪੜ੍ਹ ਸਨ, ਪਰ ਪਿੰਡ ਦੇ ਬਹੁਤੇ ਲੋਕ ਸਲਾਹਾਂ ਲੈਣ ਲਈ ਉਹਦੇ ਕੋਲ ਆਉਂਦੇ ਰਹਿੰਦੇ ਸਨ। ਤਿੰਨਾਂ ਭਰਾਵਾਂ ਵਿੱਚੋਂ ਮੈਂ ਵੱਡਾ ਸੀ, ਛੋਟੇ ਭਰਾ ਦੋਵੇਂ ਚੱਲ ਵਸੇ ਹਨ। ਸਾਡੀਆਂ ਤਿੰਨਾਂ ਭੈਣਾਂ ਵਿੱਚੋਂ ਦੋ ਚੱਲ ਵਸੀਆਂ ਹਨ। ਮੈਂ ਵੀ ਹੁਣ ਨਦੀ ਕਿਨਾਰੇ ਰੁੱਖੜੇ ਵਾਂਗ ਹਾਂ। ਫਰਵਰੀ 2024 ਵਿੱਚ ਮੈਨੂੰ ਹਸਪਤਾਲ ਜਾਣਾ ਪਿਆ, ਦਿਲ ਦਾ ਮਾਮਲਾ ਸੀ।
? ਘਣਗਸ ਸਾਹਿਬ, ਆਪਣੀ ਮੁਢਲੀ ਅਤੇ ਉੱਚ ਵਿੱਦਿਆ ਅਤੇ ਕੰਮਕਾਰ ਬਾਰੇ ਚਾਨਣਾ ਪਾਓ?
* ਮੈਂ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਦੀਆਂ ਚਾਰ ਜਮਾਤਾਂ ਪਾਸ ਕੀਤੀਆਂ। ਦਸਵੀਂ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਕਰਮਸਰ ਤੋਂ ਕਰ ਕੇ ਸਰਕਾਰੀ ਖੇਤੀਬਾੜੀ ਕਾਲਜ ਲੁਧਿਆਣਾ ਵਿੱਚ ਦਾਖ਼ਲਾ ਲਿਆ। ਬਾਅਦ ਵਿੱਚ ਕਾਲਜ ਤੋਂ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤੀ ਗਈ। ਇੱਥੋਂ 1963 ਵਿੱਚ ਬੀ. ਐੱਸਸੀ ਅਤੇ 1966 ਵਿੱਚ ਐੱਮ. ਐੱਸਸੀ. ਕਰਕੇ ਕੁਝ ਮਹੀਨੇ ਯੂਨੀਵਰਸਿਟੀ ਵਿੱਚ ਹੀ ਕੰਮ ਕਰਕੇ ਉੱਚ ਵਿੱਦਿਆ ਲਈ ਅਮਰੀਕਾ ਦੀ ਸਿਰਾਕਿਊਜ਼ ਯੂਨੀਵਰਸਿਟੀ ਨਿਊਯਾਰਕ ਤੋਂ 1971 ਵਿੱਚ ਪੀਐੱਚ. ਡੀ. ਹਾਸਲ ਕੀਤੀ। ਮੇਰਾ ਮੁੱਖ ਕਿਤਾ ਸਦਾ ਵਿਗਿਆਨ ਹੀ ਰਿਹਾ। ਮੈਂ ਪੈਂਤੀ ਸਾਲ ਵੱਖ ਸੰਸਥਾਵਾਂ ਵਿੱਚ ਖੋਜ ਅਤੇ ਅਧਿਆਪਨ ਦਾ ਕੰਮ ਕੀਤਾ।
? ਬਚਪਨ ਕਿਹੋ ਜਿਹਾ ਸੀ, ਕੋਈ ਪ੍ਰਾਇਮਰੀ ਸਕੂਲ ਦੀ ਯਾਦ ਆਪਣੇ ਆੜੀਆਂ ਦੀ, ਸਕੂਲ ਅਧਿਆਪਕ ਦੀ ਕੋਈ ਯਾਦ, ਜੋ ਅੱਜ ਵੀ ਤੁਹਾਨੂੰ ਬਚਪਨ ਵਿੱਚ ਲੈ ਜਾਂਦੀ ਹੋਵੇ?
* ਢਾਹ ਜੀ, ਸਕੂਲ ਦੀਆਂ ਯਾਦਾਂ ਬਹੁਤ ਨੇ, ਇੱਕ ਨਾ-ਭੁੱਲਣ-ਵਾਲੀ ਯਾਦ ਸਾਂਝੀ ਕਰਦਾ ਹਾਂ, ਜੋ ਇੱਕ ਮੁਢਲੇ ਅਧਿਆਪਕ ਨਾਲ ਜੁੜੀ ਹੋਈ ਹੈ, ਜੋ ਸਾਡੀ ਹਾਜ਼ਰੀ ਵੀ ਲਾਉਂਦਾ ਸੀ। ਸਾਡਾ ਸਕੂਲ ਆਜ਼ਾਦੀ ਤੋਂ ਬਾਅਦ ਪਿੰਡ ਦੀ ਧਰਮਸ਼ਾਲਾ ਵਿੱਚ ਨਵਾਂ ਖੁੱਲ੍ਹਿਆ ਸੀ। ਹਾਜ਼ਰੀ ਦੇ ਅੰਤ ਵਿੱਚ ਉਹ ਕੁਝ ਬੱਚਿਆਂ ਦੇ ਨਾਂ ਬੋਲਦਾ ਸੀ, ਜੋ ਉਸ ਸਮੇਂ ਮੇਰੇ ਨਾਲ ਪੜ੍ਹਦੇ ਸਨ। ਉਨ੍ਹਾਂ ਬੱਚਿਆਂ ਦੇ ਨਾਂ ਸਾਡੀ ਕਵਿਤਾ ਬਣ ਗਏ। ਇਹ ਕਵਿਤਾ ਅਸੀਂ ਛੁੱਟੀ ਹੋਣ ਵੇਲੇ ਘਰਾਂ ਨੂੰ ਜਾਂਦੇ ਜਾਂਦੇ ਪੜ੍ਹਦੇ ਸੀ, “ਰਾਮ ਪਿਆਰੀ, ਸਾਦੀ, ਮੋਤੀ, ਗਾਸਾ, ਸਾਧੂ ਰਾਮ, ਰਾਮ ਮੂਰਤੀ।” ਇਹ ਕੁੜੀਆਂ ਮੁੰਡੇ ਇੱਕ ਦੂਜੇ ਤੋਂ ਹੁਣ ਸਭ ਬਿਖਰ ਗਏ ਹਨ, ਪਰ ਉਹ ਕਵਿਤਾ ਅਜੇ ਵੀ ਜਿਉਂਦੀ ਹੈ।
? ਘਣਗਸ ਜੀ, ਇਹ ਆਮ ਕਿਹਾ ਜਾਂਦਾ ਹੈ ਕਿ ਕਿਸੇ ਇਨਸਾਨ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਵਿੱਚ ਉਹਦੇ ਮਾਪੇ ਜਾਂ ਅਧਿਆਪਕਾਂ ਦਾ ਵੱਡਾ ਹੱਥ ਹੁੰਦਾ ਹੈ। ਤੁਹਾਡਾ ਇਨ੍ਹਾਂ ਬੁਲੰਦੀਆਂ ’ਤੇ ਪਹੁੰਚਣ ਵਿੱਚ ਕੀ ਕਿਸੇ ਦਾ ਹੱਥ ਹੈ?
* ਮੈਂ ਕਿਸੇ ਬੁਲੰਦੀ ’ਤੇ ਨਹੀਂ ਪਹੁੰਚਿਆ। ਬੁਲੰਦੀਆਂ ’ਤੇ ਪਹੁੰਚਣ ਲਈ ਕੁਦਰਤ ਦੀ ਖੇਡ ਵੀ ਜ਼ਰੂਰੀ ਹੁੰਦੀ ਹੈ। ਮੇਰੀ ਸਫ਼ਲਤਾ ਵਿੱਚ ਮੇਰੇ ਪਰਿਵਾਰ ਤੋਂ ਬਿਨਾਂ, ਸੂਝਵਾਨ ਅਧਿਆਪਕਾਂ ਦੀ ਹੱਲਾਸ਼ੇਰੀ ਦਾ ਹਿੱਸਾ ਵੀ ਬਹੁਤ ਵੱਡਾ ਹੈ।
? ਮੈਨੂੰ ਪਤਾ ਲੱਗਾ ਕਿ ਤੁਸੀਂ ਹਾਈ ਸਕੂਲ ਵਿੱਚ ਇੱਕ ਚੰਗੇ ਖਿਡਾਰੀ ਵੀ ਰਹੇ ਹੋ। ਕਬੱਡੀ ਤੇ ਹਾਕੀ ਵੀ ਖੇਡੀ। ਕਬੱਡੀ ਜਾਂ ਹਾਕੀ ਖੇਡਣ ਦੀਆਂ ਜਿੱਤਾਂ ਹਾਰਾਂ ਬਾਰੇ ਕੋਈ ਯਾਦ? ਤੁਸੀਂ ਐਗਰੀਕਲਚਰ ਯੂਨੀਵਰਸਿਟੀ ਦੀ ਕੁਸ਼ਤੀ ਦੀ ਟੀਮ ਵਿੱਚ ਵੀ ਰਹੇ ਹੋ। ਖੇਡਾਂ ਖੇਡਦੇ ਸਮੇਂ ਦੀ ਕੋਈ ਯਾਦ?
* ਮੇਰਾ ਪਿੰਡ ਕਬੱਡੀ ਲਈ ਮਸ਼ਹੂਰ ਹੈ। ਭਾਵੇਂ ਕਬੱਡੀ ਮੇਰੀ ਮਨ ਭਾਉਂਦੀ ਖੇਡ ਸੀ, ਪਰ ਮੈਂ ਸਭ ਖੇਡਾਂ ਵਿੱਚ ਭਾਗ ਲੈਂਦਾ ਰਿਹਾ। ਹਾਈ ਸਕੂਲ ਵਜੋਂ ਅਸੀਂ ਇੱਕ ਵਾਰ ਲਾਗਲੇ ਪਿੰਡ ਬੁਟਾਹਰੀ ਵਿੱਚ ਹੋ ਰਹੇ ਟੂਰਨਾਮੈਂਟ ਵਿੱਚ ਭਾਗ ਲਿਆ। ਉੱਥੇ ਸਾਡੇ ਪਿੰਡ ਦੀ ਟੀਮ ਵੀ ਖੇਡੀ ਅਤੇ ਸਾਡੇ ਕੋਚ ਦਲੀਪ ਸਿੰਘ ਗਰੇਵਾਲ (ਜੋ ਅੱਜ ਕੱਲ੍ਹ ਐਬਸਫੋਰਡ ਰਹਿੰਦੇ ਹਨ) ਦੇ ਪਿੰਡ ਗੁੱਜਰਵਾਲ ਦੀ ਟੀਮ ਵੀ ਖੇਡਣ ਆਈ ਸੀ। ਸਾਡੀ ਸਕੂਲ ਦੀ ਟੀਮ ਨੇ ਪਹਿਲਾਂ ਗੁੱਜਰਵਾਲ ਦੀ ਟੀਮ ਨੂੰ ਹਰਾਇਆ ਫਿਰ ਆਪਣੇ ਪਿੰਡ ‘ਘਣਗਸ’ ਦੀ ਟੀਮ ਨੂੰ ਵੀ ਹਰਾ ਦਿੱਤਾ। ਇਸ ਤੋਂ ਬਾਅਦ ਮੇਰੇ ਪਿੰਡ ਦੇ ਦੋ ਖਿਡਾਰੀ ਮੇਰੇ ਨਾਲ ਕਾਫ਼ੀ ਦੇਰ ਤਕ ਗੁੱਸੇ ਰਹੇ।
? ਤੁਹਾਨੂੰ ਜਾਂ ਤੁਹਾਡੇ ਜੀਵਨ ਸਾਥੀ ਨੂੰ ਉੱਚ-ਵਿੱਦਿਆ ਦਾ ਸਬੱਬ ਕਿਵੇਂ ਬਣਿਆ?
* ਮੇਰੀ ਖੁਸ਼ਕਿਸਮਤੀ ਕਿ ਮੇਰੇ ਪੜ੍ਹਨ ਵੇਲੇ ਭਾਰਤ ਆਜ਼ਾਦ ਹੋ ਗਿਆ ਸੀ, ਪਿੰਡਾਂ ਵਿੱਚ ਨਵੇਂ ਸਕੂਲ ਖੁੱਲ੍ਹਣ ਲੱਗ ਪਏ। ਲੋਕਾਂ ਵਿੱਚ ਪੜ੍ਹਨ-ਪੜ੍ਹਾਉਣ ਦਾ ਅਹਿਸਾਸ ਵਧ ਗਿਆ ਸੀ। ਮੇਰੇ ਅਧਿਆਪਕ ਵੀ ਚੰਗੇ ਨਿਕਲੇ, ਵਾਹਿਗੁਰੂ ਦੀ ਕਿਰਪਾ ਹੋ ਗਈ। ਮੇਰੀ ਵੱਡੀ ਭੈਣ ਵੀ ਨਾਨਕੇ ਪਿੰਡ ਲਾਗ ਪੜ੍ਹਦੀ ਸੀ, ਇਹ ਵੀ ਉਤਸ਼ਾਹ ਵਾਲੀ ਗੱਲ ਸੀ। ਮੇਰੀ ਜੀਵਨ ਸਾਥਣ, ਸੁਰਿੰਦਰ ਦੇ ਪਰਿਵਾਰ ਵਿੱਚ ਇੱਕ ਪ੍ਰੋਫੈਸਰ ਦੇ ਆਸਰੇ ਉਹ ਵੀ ਭਾਰਤ ਵਿੱਚ ਐੱਮ. ਏ. ਕਰ ਗਈ ਸੀ। ਅਮਰੀਕਾ ਵਿੱਚ ਆ ਕੇ ਉਹ ਨਵੀਂ ਕੰਪਿਊਟਰ ਵਿੱਦਿਆ ਦੇ ਸਦਕੇ ਉੱਚ ਅਹੁਦੇ ’ਤੇ ਰਿਟਾਇਰਡ ਹੋਈ।
? ਤੁਹਾਨੂੰ ਕਿਸੇ ਦੀ ਪ੍ਰੇਰਨਾ ਮਿਲ਼ੀ, ਜਿਸ ਨਾਲ ਤੁਸੀਂ ਸਾਇੰਸ ਦੇ ਵਿਸ਼ੇ ਚੁਣੇ ਜਾਂ ਤੁਹਾਡੀ ਆਪਣੀ ਹੀ ਦਿਲਚਸਪੀ ਸੀ?
* ਭਾਵੇਂ ਮੇਰੇ ਨੰਬਰ ਸਾਰੇ ਮਜ਼ਮੂਨਾਂ ਵਿੱਚ ਚੰਗੇ ਆਉਂਦੇ ਸਨ, ਹਾਈ ਸਕੂਲ ਵਿੱਚ ਹਿਸਟਰੀ ਜੁਗਰਾਫ਼ੀਆ ਮੈਂ ਧੱਕੇ ਨਾਲ ਹੀ ਪੜ੍ਹਿਆ ਸੀ। ਸਾਇੰਸ ਵਿੱਚ ਜਾਣਾ ਮੇਰਾ ਸੁਭਾਵਿਕ ਸੀ। ਲੋਕ ਬਿਨਾਂ ਪੁੱਛੇ ਵੀ ਇਹੀ ਸਲਾਹ ਦੇਣ ਆਉਂਦੇ ਰਹਿੰਦੇ, ਜਿਸ ਨੂੰ ਮੇਰਾ ਬਾਪ ਦਿਲਚਸਪੀ ਨਾਲ ਸੁਣਦਾ, ਪਰ ਖ਼ਰਚਾ ਸੁਣਕੇ ਹਉਕੇ ਲੈਣ ਲੱਗ ਜਾਂਦਾ। ਆਖ਼ਰ ਮੈਂ ਖੇਤੀਬਾੜੀ ਕਾਲਜ ਵਿੱਚ ਦਾਖ਼ਲਾ ਲੈ ਲਿਆ, ਜੋ ਬਾਅਦ ਵਿੱਚ ਯੂਨੀਵਰਸਿਟੀ ਬਣ ਗਿਆ। ਪਿੰਡ ਦਾ ਇੱਕ ਸੱਜਣ ਖੇਤੀਬਾੜੀ ਕਾਲਜ ਲੁਧਿਆਣਾ ਵਿੱਚ ਕਲਰਕ ਸੀ, ਜਿਸ ਕਰਕੇ ਇਸ ਕਾਲਜ ਦੀ ਫੀਸ ਘੱਟ ਹੋਣ ਬਾਰੇ ਸਾਨੂੰ ਪਤਾ ਸੀ। ਮੇਰਾ ਦਾਖ਼ਲਾ ਉੱਥੇ ਹੋ ਗਿਆ ਤੇ ਮੇਰੀ ਸਾਇੰਸ ਦੀ ਵਿੱਦਿਆ ਇੱਥੋਂ ਸ਼ੁਰੂ ਹੋਈ।
? ਤੁਸੀਂ ਜਦੋਂ ਅਮਰੀਕਾ ਵਿੱਚ ਪੀਐੱਚ. ਡੀ. ਕਰਨ ਆਏ ਤਾਂ ਤੁਸੀਂ ਸਿੱਖੀ ਸਰੂਪ ਵਿੱਚ ਸੀ? ਤੁਹਾਨੂੰ ਇਹ ਮਲੂਮ ਹੋਇਆ ਕਿ ਪੱਗ ਅਤੇ ਦਾਹੜੀ ਨਾਲ ਅਮਰੀਕਨ ਯੂਨੀਵਰਸਿਟੀ ਵਿੱਚ ਵਿਚਰਨਾ ਮੁਸ਼ਕਿਲ ਸੀ ਤਾਂ ਕੇਸ ਕਟਾਉਣੇ ਪਏ? ਫਿਰ ਹੁਣ ਤਾਂ ਤੁਸੀਂ ਪੱਗ ਅਤੇ ਦਾਹੜੀ ਹੀ ਵਿਚਰਦੇ ਰਹੇ ਹੋ। ਪੱਗ ਦੀ ਵਾਪਸੀ ਕਦੋਂ ਤੇ ਕਿਸ ਤਰ੍ਹਾਂ ਹੋਈ ਬਾਰੇ ਕੁਝ ਦੱਸੋ?
* ਅਮਰੀਕਨ ਯੂਨੀਵਰਸਿਟੀਆਂ ਵਿੱਚ ਪੱਗ ਨਾਲ ਵਿਚਰਨਾ, ਸੌਖਾ ਜਾਂ ਔਖਾ, ਤੁਹਾਡੇ ਅਤੇ ਤੁਹਾਡੇ ਹਾਲਾਤ ’ਤੇ ਨਿਰਭਰ ਹੁੰਦਾ ਹੈ। ਬਦਕਿਸਮਤੀ ਨਾਲ ਮੇਰਾ ਪਹਿਲਾ ਐਡਵਾਈਜ਼ਰ (ਡਾ. ਚਾਹਲ) ਮੇਰੀ ਪੱਗ-ਦਾੜ੍ਹੀ ਦਾ ਮਸਲਾ ਮੈਨੂੰ ਮਿਲਦੇ-ਸਾਰ ਹੀ ਉਠਾ ਬੈਠਾ ਜਿਸ ਨਾਲ ਮੇਰਾ ਮਨ ਖੱਟਾ ਹੋ ਗਿਆ। ਉਸਦਾ ਪਿੱਛਾ ਭਾਵੇਂ ਪੰਜਾਬੀ ਸਿੱਖ ਦਾ ਸੀ, ਉਹ ਮੈਨੂੰ ਮੋਨਾ ਬਣਨ ਦੇ ਇਸ਼ਾਰੇ ਕਰ ਗਿਆ ਸੀ। ਉਸ ਵੇਲੇ ਦੇ ਮੇਰੇ ਜਮਾਤੀ ਤਾਂ ਮੇਰੀ ਪੱਗ-ਦਾੜ੍ਹੀ ਦੀ ਸਿਫਤ ਕਰਦੇ ਸਨ, ਅਤੇ ਰੱਖਣ ਲਈ ਵੀ ਪ੍ਰੇਰਦੇ ਸਨ। ਡਾ. ਚਾਹਲ ਨਾਲ ਮੇਰੇ ਸੰਬੰਧ ਕਈ ਗੱਲਾਂ ਕਰਕੇ ਹੋਰ ਵਿਗੜਦੇ ਗਏ ਅਤੇ ਮੈਂ ਉੱਥੋਂ ਕੰਮ ਖਤਮ ਕਰਕੇ ਅਗਲੀ ਯੂਨੀਵਰਸਿਟੀ ਜਾਣ ਦੀ ਤਿਆਰੀ ਕੱਸਣ ਲੱਗਾ। ਪਹਿਲਾਂ ਡਾ. ਚਾਹਲ ਤੋਂ ਮਸਾਂ ਖਹਿੜਾ ਛੁਡਾਇਆ, ਫਿਰ ਨਵੀਂ ਜਗ੍ਹਾ ’ਤੇ ਪੈਰ ਟਿਕਾਉਣ ਵਕਤ ਪਗੜੀ ਦੀਆਂ ਹੋਰ ਤਕਲੀਫ਼ਾਂ ਝੱਲਣੀਆਂ ਪਈਆਂ। ਕਾਫ਼ੀ ਕੁਝ ਸੋਚ-ਵਿਚਾਰ ਕੇ ਹੀ ਮੈਂ ਇਸ ਨਤੀਜੇ ’ਤੇ ਪਹੁੰਚਿਆ ਕਿ ਉਸ ਵੇਲੇ ਸਭ ਤੋਂ ਵੱਧ ਧਿਆਨ ਮੇਰਾ ਪੀਐੱਚ. ਡੀ. ਦੀ ਪੜ੍ਹਾਈ ਮੰਗ ਰਹੀ ਸੀ। ਭਾਵੇਂ ਮੈਂ ਕਦੇ ਵੀ ਅੰਮ੍ਰਿਤਧਾਰੀ ਸਿੱਖ ਨਹੀਂ ਹੋਇਆ, ਫਿਰ ਵੀ ਮੇਰੇ ਲਈ ਕੇਸ ਕਟਾਉਣੇ ਬਹੁਤ ਦੁਖਦਾਈ ਹੋਏ ਸਨ। ਜੇਕਰ ਤੁਹਾਡੀ ਹੋਰ ਦਿਲਚਸਪੀ ਹੈ ਤਾਂ ਪੱਗ ਅਤੇ ਕੇਸਾਂ ਦਾ ਵੱਖ ਹੋਣਾ ਮੇਰੀ ਪਹਿਲੀ ਕਿਤਾਬ ਵਿੱਚ ਵਿਸਥਾਰ ਨਾਲ ਲਿਖਿਆ ਹੋਇਆ ਹੈ, ਤੁਸੀਂ ਪੜ੍ਹ ਸਕਦੇ ਹੋ।” (ਇਨ ਸਰਚ ਆਫ ਪਾਥਵੇਜ - ਦੀ ਮੇਕਿੰਗ ਐਂਡ ਬਰੇਕਿੰਗ ਆਫ ਏ ਸਾਇੰਟਿਸਟ ਇਨ ਦੀ ਮੌਡਰਨ ਵਲਡ: ‘ਏ ਮੈਮੋਇਰ’ 2015)
? ਤੁਸੀਂ ਪੰਜਾਬ ਤੋਂ ਐੱਮ. ਐੱਸਸੀ. ਕਰਕੇ ਪੀਐੱਚ. ਡੀ. ਕਰਨ ਲਈ ਅਮਰੀਕਨ ਯੂਨੀਵਰਸਿਟੀ ਵੱਲੋਂ ਵਜ਼ੀਫਾ ਪ੍ਰਾਪਤ ਕੀਤਾ। ਪੜ੍ਹਾਈ ਸਮੇਂ ਦੀਆਂ ਕੋਈ ਯਾਦਾਂ? ਪਹਿਲਾਂ ਪਹਿਲ ਕੁਝ ਮੁਸ਼ਕਲਾਂ ਵੀ ਆਈਆਂ ਹੋਣਗੀਆਂ, ਉਨ੍ਹਾਂ ਬਾਰੇ ਕੁਝ ਦੱਸੋ।
* ਸਤਨਾਮ ਜੀ, ਦਸਵੀਂ ਪਾਸ ਕਰਕੇ ਜਦੋਂ ਮੈਂ ਲੁਧਿਆਣੇ ਪੜ੍ਹਨ ਲੱਗਿਆ, ਮੇਰੀਆਂ ਮੁਸ਼ਕਲਾਂ ਤਾਂ ਉਸੇ ਵੇਲੇ ਵਧ ਗਈਆਂ ਸਨ, ਭਾਵੇਂ ਨਾਲ ਦੀ ਨਾਲ ਹੱਲ ਵੀ ਹੁੰਦੀਆਂ ਗਈਆਂ। ਪਰ ਐੱਮ. ਐੱਸਸੀ. ਦਰਮਿਆਨ ਮੇਰਾ ਹਾਲ ਕੁਝ ਦੇਰ ਲਈ ਕਾਫ਼ੀ ਮਾੜਾ ਰਿਹਾ। ਗੱਲ ਇਸ ਤਰ੍ਹਾਂ ਹੋਈ ਕਿ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਪਹਿਲਾਂ ਪੜ੍ਹਾ ਰਹੇ ਅਧਿਆਪਕਾਂ ਨੇ ਮੇਰੇ ਪਹਿਲੇ ਅਧਿਆਪਕ ਦੇ ਉੱਥੇ ਪੈਰ ਨਾ ਲੱਗਣ ਦਿੱਤੇ, ਉਹ ਕਨੇਡਾ ਚਲਾ ਗਿਆ। ਦੂਜੇ ਨਾਲ ਸੰਪਰਕ ਦੀ ਕਮੀ ਰਹੀ। ਆਖ਼ਰ ਤੀਜੇ ਨਾਲ ਮੈਂ ਐੱਮ. ਐੱਸਸੀ. ਕੀਤੀ, ਜਿਸ ਨੂੰ ਮੇਰੇ ਤੋਂ ਕੁਝ ਹੋਰ ਵੀ ਆਸਾਂ ਸਨ। ਤਦ ਤਕ ਮੈਂ ਲੁਧਿਆਣੇ ਤੋਂ ਕਿਤੇ ਹੋਰ ਜਗ੍ਹਾ ਪੜ੍ਹਨ ਦਾ ਮਨ ਬਣਾ ਲਿਆ ਸੀ। ਕੁਝ ਅਰਜ਼ੀਆਂ ਮੈਂ ਅਮਰੀਕਾ ਨੂੰ ਵੀ ਭੇਜੀਆਂ। ਦੋ ਅਰਜ਼ੀਆਂ ਮੈਂ ਇੰਡੀਆ ਵੀ ਘੱਲੀਆਂ, ਜਿਸ ਵਿੱਚ ਬੰਗਲੌਰ ਅਤੇ ਪੂਨਾ ਸ਼ਾਮਿਲ ਸਨ। ਅਮਰੀਕਾ ਤੋਂ ਵਜ਼ੀਫ਼ੇ ਨਾਲ ਸੱਦਾ ਪਹਿਲਾਂ ਆ ਗਿਆ। ਮੈਂ ਬਹੁਤੀ ਉਡੀਕ ਕੀਤੇ ਬਿਨਾਂ ਛੇਤੀ ਮਨ ਬਣਾ ਲਿਆ। ਪੜ੍ਹਾਈ ਲਈ ਵਜ਼ੀਫਾ ਮੇਰੇ ਬਾਹਰ ਆਉਣ ਲਈ ਸਹਾਇਕ ਤਾਂ ਰਿਹਾ ਪਰ ਮੁਸ਼ਕਲਾਂ ਵੀ ਨਾਲ ਨਾਲ ਆਉਂਦੀਆਂ ਗਈਆਂ। ਸਭ ਤੋਂ ਪਹਿਲੀ ਮੁਸ਼ਕਿਲ ਪੱਗ ਕੇਸਾਂ ਦੀ ਆਈ ਜਦੋਂ ਮੈਨੂੰ ਮਿਲਣ ਆਏ ਆਪਣੇ ਹੀ ਪਹਿਲੇ ਬੰਦੇ ਨੇ ਸਵਾਲ ਕੀਤਾ, “ਤੂੰ ਪੱਗ-ਦਾਹੜੀ ਦਾ ਕੀ ਕਰੇਂਗਾ?” ਉਸ ਵੇਲੇ ਮੇਰੇ ਕੋਲ ਸਹੀ ਉੱਤਰ ਦੇਣ ਦੀ ਨਾ ਹੀ ਵਿੱਦਿਆ ਸੀ, ਨਾ ਹੀ ਗੁੰਜਾਇਸ਼। ਇਹ ਮੇਰੇ ਲਈ ਪੁਆੜਾ ਪੈਦਾ ਹੋ ਗਿਆ, ਜਿਸਦਾ ਹੱਲ ਉਦੋਂ ਹੋਇਆ, ਜਦੋਂ ਮੈਂ ਵਿਦਿਆਲਾ ਬਦਲ ਕੇ ਨਵੀਂ ਯੂਨੀਵਰਸਿਟੀ ਵਿੱਚ ਪੀਐੱਚ. ਡੀ. ਕਰਨੀ ਸ਼ੁਰੂ ਕੀਤੀ।
? ਘਣਗਸ ਜੀ, ਤੁਹਾਡੇ ਕੋਲ ਅਮਰੀਕਨ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਤੇ ਨਾਲ ਹੀ ਪੜ੍ਹਾਉਣ ਦਾ ਵੀ ਤਜਰਬਾ ਹੈ। ਤੁਸੀਂ ਭਾਰਤੀ ਯੂਨੀਵਰਸਿਟੀਆਂ ਅਤੇ ਅਮਰੀਕਨ ਯੂਨੀਵਰਸਿਟੀਆਂ ਵਿੱਚ ਕੀ ਫ਼ਰਕ ਮਹਿਸੂਸ ਕਰਦੇ ਹੋ? ਕੀ ਇੰਡੀਆ ਵਿੱਚ ਕੋਈ ਯੂਨੀਵਰਸਿਟੀ ਅਮਰੀਕਨ ਯੂਨੀਵਰਸਿਟੀ ਦਾ ਮੁਕਾਬਲਾ ਕਰਦੀ ਨਜ਼ਰ ਆਉਂਦੀ ਹੈ?
* ਅਮਰੀਕਾ ਇੱਕ ਵਿਕਸਿਤ ਦੇਸ਼ ਹੈ, ਜਿਸਦੀ ਤਰੱਕੀ ਵਿੱਚ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਵੀਂਆਂ ਖੋਜਾਂ ਕਰ ਕਰ ਅਮਰੀਕਾ ਨੂੰ ਅਗਲੀ ਕਤਾਰ ਵਿੱਚ ਰੱਖਦੀਆਂ ਹਨ। ਅਮਰੀਕਨ ਯੂਨੀਵਰਸਿਟੀਆਂ ਦਾ ਭਾਰਤੀ ਯੂਨੀਵਰਸਿਟੀਆਂ ਨਾਲ ਮੁਕਾਬਲਾ ਕਰਨਾ ਸੁਚੱਜੀ ਗੱਲ ਨਹੀਂ। ਅਮਰੀਕਨ ਯੂਨੀਵਰਸਿਟੀਆਂ ਦਾ ਪੱਧਰ ਵੀ ਉੱਚਾ ਹੈ। ਚੋਣ ਕਰਨ ਲਈ ਵਿਦਿਆਲਿਆਂ ਦੀ ਗਿਣਤੀ ਵੀ ਜ਼ਿਆਦਾ ਹੈ। ਫਿਰ ਵੀ ਕਈ ਮਜ਼ਮੂਨਾਂ ਵਿੱਚ ਉੱਚ ਵਿੱਦਿਆ ਲਈ ਭਾਰਤ ਦੇ ਕਈ ਵਿਦਿਆਲੇ ਵੀ ਬਹੁਤ ਮਸ਼ਹੂਰ ਹਨ। ਇਨ੍ਹਾਂ ਵਿੱਚ ਇੰਡੀਅਨ ਇਨਸਟੀਚਿਊਟ ਆਫ ਸਾਇੰਸ, ਬੰਗਲੌਰ, ਨੈਸ਼ਨਲ ਕੈਮੀਕਲ ਲੈਬੌਰਟਰੀ, ਪੂਨਾ ਵੀ ਸ਼ਾਮਿਲ ਹਨ, ਜਿੱਥੇ ਸਿਖਰ ਦਾ ਕੰਮ ਹੁੰਦਾ ਰਿਹਾ ਹੈ। ਪਰ ਉੱਚ ਵਿੱਦਿਆ ਲਈ ਵਿਦਿਆਰਥੀ ਦਾ ਅਪਣਾ ਹਠ ਵੀ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ। ਜਿਸ ਨੂੰ ਅਧਿਆਪਕ ਚੰਗੇ ਮਿਲ ਜਾਣ, ਉਸ ਤੇ ਰੱਬ ਦੀ ਕਿਰਪਾ ਹੋਈ ਸਮਝੋ ਅਤੇ ਫਿਰ ਨਤੀਜੇ ਠੀਕ ਹੀ ਨਿਕਲਦੇ ਹਨ। ਤੁਸੀਂ ਦੇਖ ਵੀ ਸਕਦੇ ਹੋ ਕਿ ਭਾਰਤ ਵਿੱਚ ਪੜ੍ਹੇ ਕਈ ਲੋਕ ਅਮਰੀਕਨ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਲੱਗੇ ਹੋਏ ਹਨ। ਸੋ ਕਿਹਾ ਜਾ ਸਕਦਾ ਹੈ, ਕੁਝ ਵਿਦਿਆਲੇ ਅਮਰੀਕਨ ਯੂਨੀਵਰਸਿਟੀਆਂ ਨਾਲ ਵਰ ਮੇਚਦੇ ਹਨ।
? ਬਹੁਤ ਸਾਰੇ ਵਿਗਿਆਨੀ, ਇੰਜਨੀਅਰ ਅਤੇ ਡਾਕਟਰ, ਖ਼ਾਸ ਕਰ ਕੰਪਿਊਟਰ ਇੰਨਜੀਨੀਅਰ ਭਾਰਤ ਤੋਂ ਅਮਰੀਕਾ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਜਾ ਰਹੇ ਹਨ। ਕੀ ਭਾਰਤ ਵਿੱਚ ਇਨ੍ਹਾਂ ਕਿੱਤਿਆਂ ਦੀ ਲੋੜ ਨਹੀਂ ਜਾਂ ਫਿਰ ਲੋਕਾਂ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਤੁਸੀਂ ਕੀ ਕਾਰਨ ਸਮਝਦੇ ਹੋ?
* ਇਹ ਤੁਹਾਡਾ ਸਵਾਲ ਵਿਸਥਾਰਕ ਜਵਾਬ ਮੰਗਦਾ ਹੈ। ਪਰ ਮੈਂ ਸੰਖੇਪ ਵਿੱਚ ਕਹਾਂਗਾ ਕਿ ਕੁਝ ਲੋਕ ਬਾਹਰਲੇ ਮੁਲਕਾਂ ਨੂੰ ਪੜ੍ਹਨ ਲਈ ਆਉਂਦੇ ਹਨ। ਕਈਆਂ ਲਈ ਵਾਪਸ ਜਾ ਕੇ ਹਿੱਸਾ ਪਾਉਣ ਵਿੱਚ ਖੁਸ਼ੀ ਰਹਿੰਦੀ ਹੈ। ਕਈਆਂ ਨੂੰ ਵਾਪਸ ਜਾ ਕੇ ਕੋਈ ਨੌਕਰੀ ਠੀਕ ਨਹੀਂ ਲਗਦੀ। ਕਈ ਨੌਕਰੀ ਦੇ ਕਾਬਲ ਨਹੀਂ ਹੁੰਦੇ ਅਤੇ ਬਹਾਨੇ ਘੜਦੇ ਰਹਿੰਦੇ ਹਨ। ਹਰ ਇੱਕ ਦਾ ਆਪਣਾ ਆਪਣਾ ਅਲਾਪ ਹੈ। ਮੈਂ ਆਪਣੀ ਗੱਲ ਕਰਾਂ ਤਾਂ ਜੇਕਰ ਮੈਨੂੰ ਮੇਰੀ ਪਸੰਦ ਦੀ ਨੌਕਰੀ ਮਿਲ ਗਈ ਹੁੰਦੀ, ਮੈਂ ਉੱਥੇ ਜ਼ਿਆਦਾ ਖੁਸ਼ ਰਹਿਣਾ ਸੀ। ਮੈਂ ਹੁਣ ਵੀ ਖੁਸ਼ ਹਾਂ ਕਿਉਂਕਿ ਮੇਰਾ ਪਰਿਵਾਰ ਇੱਥੇ ਪੈਰ ਜਮਾ ਚੁੱਕਿਆ ਹੈ। ਪੱਕੀ ਉਮਰ ਵਿੱਚ ਮੇਰੇ ਲਈ ਹੋਰ ਸਹੂਲਤਾਂ ਦੇ ਨਾਲ ਨਾਲ ਡਾਕਟਰੀ ਦੇਖ-ਭਾਲ ਵੀ ਇੱਥੇ ਬਹੁਤ ਚੰਗੀ ਹੈ।
? ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ।
* ਜੋ ਕੁਝ ਤੁਸੀਂ ਦੇਖ ਸੁਣ ਰਹੇ ਹੋ, ਮੈਂ ਵੀ ਇਹੀ ਦੇਖਦਾ ਸੁਣਦਾ ਹਾਂ। ਸਮੇਂ ਬਦਲ ਗਏ ਹਨ ਅਤੇ ਹੋਰ ਵੀ ਬਦਲ ਰਹੇ ਹਨ। ਸਾਡੇ ਵਡੇਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਗੁਲਾਮੀ ਕਰਕੇ ਹੋ ਨਹੀਂ ਸਕਿਆ। ਸੁਚੱਜੀ ਪੜ੍ਹਾਈ ਦੀ ਘਾਟ ਰਹੀ ਹੈ। ਇਹ ਅੱਜ ਦੀਆਂ ਡੰਗ-ਟਪਾਊ ਸਰਕਾਰਾਂ ਦੇ ਵੱਸ ਦਾ ਰੋਗ ਨਹੀਂ ਜਾਪਦਾ। ਇਹ ਮਸਲਾ ਇੰਨਾ ਵੱਡਾ ਤੇ ਗੁੰਝਲਦਾਰ ਹੈ ਕਿ ਇਸਦੇ ਹੱਲ ਲਈ ਸਿਆਣੇ ਲੋਕਾਂ ਨੂੰ ਵਧ ਰਹੀ ਅਬਾਦੀ, ਅਨਪੜ੍ਹਤਾ, ਧਰਮਾਂ ਦੀ ਦੁਰਵਰਤੋਂ ਨੂੰ ਰੋਕਣਾ ਪਵੇਗਾ। ਸਿਰਫ ਇੱਕ ਦੋ ਲੀਡਰਾਂ ਨਾਲ ਕੰਮ ਨਹੀਂ ਸਰਨਾ, ਦੁਨੀਆ ਦੀ ਸੋਚ ਬਦਲਣੀ ਪਵੇਗੀ।
? ਕੋਈ ਸਲਾਹ ਮਸ਼ਵਰਾ ਭਾਰਤੀ ਜਾਂ ਪੰਜਾਬ ਦੀਆਂ ਸਰਕਾਰਾਂ ਜਾਂ ਲੋਕਾਂ ਨੂੰ ਦੇਣਾ ਚਾਹੋਗੇ?
* ਭਾਈ ਸਾਹਿਬ, ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਤੋਂ ਬਿਨਾਂ ਬੱਚੇ ਦੀ, ਟੱਬਰ ਦੀ, ਪਿੰਡ ਦੀ, ਮੁਲਕ ਦੀ ਅਤੇ ਦੁਨੀਆ ਦੀ ਭਲਾਈ ਨਹੀਂ ਹੋ ਸਕਦੀ। ਹਰ ਇਨਸਾਨ ਦਾ ਫ਼ਰਜ਼ ਹੈ ਕਿ ਇਸ ਬਾਰੇ ਸੋਚੇ ਅਤੇ ਆਪਣਾ ਹਿੱਸਾ ਪਾਵੇ। ਵਧ ਰਹੀ ਅਬਾਦੀ, ਬਾਲ-ਮਜ਼ਦੂਰੀ, ਹੰਕਾਰੀ ਜੰਗ, ਹਵਾ-ਪਾਣੀ ਦਾ ਪਰਦੂਸ਼ਣ ਸਾਨੂੰ ਸਾਡੇ ਗੁਰੂ ਪੀਰਾਂ ਦੀ ਬਾਣੀ ਤੋਂ ਦੂਰ ਲੈ ਆਇਆ ਹੈ। ਨਿੱਜੀ ਤੌਰ ’ਤੇ ਹਰ ਬੰਦੇ ਨੂੰ ਰੋਜ਼ਾਨਾ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ। ਜੇ ਨੌਕਰੀ ਨਹੀਂ ਮਿਲ ਰਹੀ ਤਾਂ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ।
? ਸਾਇੰਸ ਅਤੇ ਮੈਥ ਦੇ ਵਿਦਿਆਰਥੀਆਂ ਬਾਰੇ ਮਿੱਥ ਹੈ ਕਿ ਇਨ੍ਹਾਂ ਦੀ ਸਾਹਿਤ ਵਿੱਚ ਬਹੁਤੀ ਰੁਚੀ ਨਹੀਂ ਹੁੰਦੀ ਪਰ ਤੁਹਾਡਾ ਸਾਹਿਤ ਨਾਲ ਲਗਾਉ ਕਿਸ ਤਰ੍ਹਾਂ? ਇਕੱਲਾ ਸਾਹਿਤ ਹੀ ਨਹੀਂ, ਮੈਨੂੰ ਪਤਾ ਲੱਗਾ ਕਿ ਤੁਸੀਂ ਸੰਗੀਤ ਵਿੱਚ ਵੀ ਕਾਫ਼ੀ ਦਿਲਚਸਪੀ ਰੱਖਦੇ ਹੋ। ਵਾਰਤਕ ਦੇ ਨਾਲ ਨਾਲ਼ ਕਵਿਤਾ ਵੀ ਲਿਖਦੇ ਹੋ। ਬਹੁਤ ਸਾਰੇ ਹੋਰ ਸਾਜ਼ ਵੀ ਵਜਾ ਲੈਂਦੇ ਹੋ। ਇਨ੍ਹਾਂ ਸ਼ੌਕਾਂ ਬਾਰੇ ਵੀ ਕੁਝ ਦੱਸੋ?
* ਇਹ ਮਿੱਥ ਬਿਲਕੁਲ ਗ਼ਲਤ ਹੈ। ਜੋ ਵੀ ਕਿਸੇ ਦਾ ਸ਼ੌਕ ਹੋਵੇ, ਉਸ ਨੂੰ ਸ਼ੁਰੂ ਕਰਕੇ ਅਜ਼ਮਾ ਲੈਣਾ ਚਾਹੀਦਾ ਹੈ। ਜੇ ਕਿਸੇ ਸੁਹਿਰਦ ਅਧਿਆਪਕ ਨਾਲ ਸੰਪਰਕ ਪੈਦਾ ਹੋ ਜਾਵੇ ਤਾਂ ਸੋਨੇ ’ਤੇ ਸੁਹਾਗਾ ਹੈ। ਪਰ ਬਹੁਤਾ ਛੇਤੀ ਸਿੱਖਣ ਦੀ ਆਸ ਨਹੀਂ ਰੱਖਣੀ ਚਾਹੀਦੀ, ਇਸ ਨਾਲ ਨਿਰਾਸਤਾ ਮਿਲ ਸਕਦੀ ਹੈ।
? ਇੱਕ ਖੋਜੀ ਵਿਗਿਆਨੀ ਦੇ ਅੰਦਰ ਸੁੱਤਾ ਪਿਆ ਕਵੀ ਕਦੋਂ ਜਾਗਿਆ?
* ਤੁਸੀਂ ਠੀਕ ਕਿਹਾ ਕਿ ਮੇਰੇ ਵਿਗਿਆਨ ਦੇ ਕੰਮਾਂ ਵਿੱਚ ਕਵਿਤਾ ਲਈ ਸਮੇਂ ਦੀ ਗੁੰਜਾਇਸ਼ ਨਹੀਂ ਸੀ। ਜੇਕਰ ਮੈਂ ਬਿਮਾਰ ਨਾ ਹੁੰਦਾ, ਕਵਿਤਾ ਲਿਖਣ ਲਈ ਤਿਆਰ ਨਾ ਹੁੰਦਾ। ਪ੍ਰੋਫੈਸਰ ਮੋਹਨ ਸਿੰਘ ਦੀਆਂ ਸਤਰਾਂ ਵੀ ਪੜ੍ਹੋ: “ਕਿੰਝ ਬਣਦਾ ਤੂੰ ਸ਼ਾਇਰ ਜੇ ਮੈਂ ਨਾ ਮਰਦੀ?”
? ਮੈਂ ਤੁਹਾਡੀਆਂ ਸਾਰੀਆਂ ਪੁਸਤਕਾਂ ਤਾਂ ਨਹੀਂ ਪੜ੍ਹ ਸਕਿਆ ਪਰ ਜਿਹੜੀਆਂ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਦੇਖਿਆ ਕਿ ਆਮ ਤੌਰ ’ਤੇ ਬਹੁਤੇ ਸ਼ਾਇਰ ਕਵਿਤਾ ਦੀ ਇੱਕ ਵੰਨਗੀ ਹੀ ਲਿਖਦੇ ਹਨ, ਕਹਿ ਲਓ ਗ਼ਜ਼ਲ ਜਾਂ ਗੀਤ ਪਰ ਤੁਹਾਡੇ ਕਾਵਿ ਸੰਗ੍ਰਹਿ ‘ਸੱਤਰ ਦੇ ਲਾਗ’ ਵਿੱਚ ਤੁਹਾਡੀ ਕਾਵਿ ਸਿਰਜਣਾ ਕਈ ਰੰਗਾਂ ਵਿੱਚ ਨਜ਼ਰ ਆਈ ਹੈ। ਗ਼ਜ਼ਲਾਂ, ਕਵਿਤਾਵਾਂ, ਗੀਤ ਅਤੇ ਢਾਡੀ ਰਾਗ ਦੀਆਂ ਵੰਨਗੀਆਂ ਵੀ, ਜਿਵੇਂ ਕਲੀ, ਰਸਾਲੂ, ਪੂਰਨ, ਮਿਰਜ਼ਾ ਅਤੇ ਵਾਰਾਂ ਆਦਿ। ਇਹ ਕਾਵਿ-ਗੁਲਦਸਤਾ ਪੇਸ਼ ਕਰਨ ਦਾ ਸਬੱਬ ਕਿਵੇਂ ਬਣਿਆ?
* ਗ਼ਜ਼ਲਾਂ, ਕਵਿਤਾਵਾਂ, ਗੀਤਾਂ ਅਤੇ ਢਾਡੀ ਰੰਗਾਂ ਇਤਿਆਦਿ ਮੈਂ ਬਚਪਨ ਤੋਂ ਸੁਣਦਾ ਆਇਆ ਹਾਂ। ਲਿਖਣ ਦਾ ਮੌਕਾ ਮੈਨੂੰ ਸੱਠ ਸਾਲ ਦੀ ਉਮਰ ਤੋਂ ਬਾਅਦ ਮਿਲਿਆ। ਸੱਚੀ ਗੱਲ ਇਹ ਹੈ ਕਿ ਉਦੋਂ ਤਕ ਮੈਂ ਬਹੁਤੀ ਪੰਜਾਬੀ ਭੁੱਲ ਚੁੱਕਿਆ ਸੀ। ਹੌਲ਼ੀ ਹੌਲ਼ੀ ਪੁਰਾਣਾ ਸਾਹਿਤ ਫਿਰ ਪੜ੍ਹਨਾ ਸ਼ੁਰੂ ਕੀਤਾ। ਪੁਰਾਣਾ ਸਾਹਿਤ ਪੜ੍ਹਨ ਦੀ ਮਹੱਤਤਾ ਮੈਂ ਇੱਕ ਸਾਇੰਸ ਅਧਿਆਪਕ ਤੋਂ ਸਿੱਖੀ ਸੀ। ਜਦੋਂ ਮੈਂ ਇੰਡੀਆ ਜਾਂਦਾ ਤਾਂ ਉੱਧਰਲੇ ਲਿਖਾਰੀਆਂ/ਸਾਹਿਤਕਾਰਾਂ ਨੂੰ ਮਿਲਦਾ ਰਿਹਾਂ ਅਤੇ ਮੀਟਿੰਗਾਂ ਵਿੱਚ ਵੀ ਜਾਂਦਾ ਰਿਹਾਂ। ਜਿਸ ਤਰ੍ਹਾਂ ‘ਖ਼ਰਬੂਜੇ ਨੂੰ ਦੇਖ ਖ਼ਰਬੂਜਾ ਰੰਗ ਪਕੜਦਾ ਹੈ।’ ਇਹ ਮੁਹਾਵਰਾ ਵੀ ਸੱਚ ਦਾ ਨਿਚੋੜ ਹੈ।
? ਤੁਹਾਡੀਆਂ ਕਵਿਤਾਵਾਂ ਵਿੱਚ ਜਿੱਥੇ ਪੰਜਾਬੀ ਸੱਭਿਆਚਾਰ ਦੀਆਂ ਖ਼ੂਬੀਆਂ ਅਤੇ ਘਾਟਾਂ ’ਤੇ ਵਿਅੰਗਮਈ ਟਿੱਪਣੀ ਹੈ, ਨਾਲ ਹੀ ਪੰਜਾਬ ਦੀ ਮਿੱਟੀ ਨਾਲ ਮੋਹ ਵੀ ਝਲਕਦਾ ਹੈ, ਉੱਥੇ ਅਮਰੀਕਨ ਸੱਭਿਆਚਾਰ ਨੂੰ ਵੀ ਵਡਿਆਇਆ ਹੈ, ਭਾਵੇਂ ਨਾਲ ਦੀ ਨਾਲ ਉਸਦੀ ਬਾਕੀ ਮੁਲਕਾਂ ਤੇ ਥਾਣੇਦਾਰੀ, ਰੋਬ ਅਤੇ ਸਵਾਰਥੀ ਹੋਣ ਦੀ ਨਿੰਦਾ ਵੀ ਹੈ? ਤੁਸੀਂ ਇਹ ਸਮਤੋਲ ਕਿਵੇਂ ਕਾਇਮ ਰੱਖਿਆ?
* ਸਮੇਂ ਦੇ ਨਾਲ ਨਾਲ ਕੁਝ ਸੂਝ ਵੀ ਆਉਂਦੀ ਹੈ, ਨਜ਼ਰੀਆ ਵੀ ਬਦਲਦਾ ਰਹਿੰਦਾ ਹੈ। ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਚੱਲੀਏ ਤਾਂ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਕਰਦੇ ਰਹੀਏ। ਭਾਵੇਂ ਕਈ ਵਾਰ ਇਹ ਹਿੰਮਤ ਨਿੱਜੀ ਨੁਕਸਾਨ ਵੀ ਕਰ ਜਾਂਦੀ ਹੈ। ਸਿਆਣੇ ਲੋਕ ‘ਚੁੱਪ ਭਲੀ’ ਨਾਲ ਗੁਜ਼ਾਰਾ ਕਰ ਲੈਂਦੇ ਹਨ। ਅੱਜ ਕੱਲ੍ਹ ਮੈਂ ਇੱਕ ਨਵੀਂ ਕਵਿਤਾ ਵੀ ਸ਼ੁਰੂ ਕੀਤੀ ਹੋਈ ਹੈ: ‘ਜੇ ਕਿਤੇ ਮੈਂ ਸਿਆਣਾ ਹੁੰਦਾ’
? ਤੁਸੀਂ ਕਿਹੜੀਆਂ ਸੰਸਥਾਵਾਂ ਨਾਲ ਸੰਬੰਧਤ ਰਹੇ ਹੋ?
* ਮੈਂ ਸਾਇੰਸ ਦੀਆਂ ਕਈ ਸੰਸਥਾਵਾਂ ਦਾ ਮੈਂਬਰ ਰਿਹਾ ਹਾਂ। ਸਾਇੰਸ ਤੋਂ ਬਾਅਦ ਮੈਂ ਕਈ ਪੰਜਾਬੀ ਸਾਹਿਤਕ ਸੰਸਥਾਵਾਂ ਦਾ ਮੈਂਬਰ ਵੀ ਰਿਹਾ ਹਾਂ। ਨਿਊਯਾਰਕ ਸੂਬੇ ਵਿੱਚ ਰਹਿਣ ਸਮੇਂ ਮੈਂ ਟੋਰਾਂਟੋ ਦੀ ‘ਕਲਮਾਂ ਦਾ ਕਾਫਲਾ’ ਸੰਸਥਾ ਵਿੱਚ ਜਾਂਦਾ ਰਿਹਾ, 250 ਮੀਲ ਦੀ ਦੂਰੀ ’ਤੇ। ਸੰਨ 2010 ਵਿੱਚ ਅਸੀਂ ਰੀਟਾਇਰ ਹੋ ਕੇ ਸੈਕਰਾਮੈਂਟੋ ਦੇ ਲਾਗ ਆ ਵਸੇ। ਇੱਥੇ ਵੀ ਮੈਂ ਆਲ਼ੇ-ਦੁਆਲ਼ੇ ਕਈ ਸੰਸਥਾਵਾਂ ਵਿੱਚ ਹਾਜ਼ਰੀ ਭਰਦਾ ਰਿਹਾ ਹਾਂ। ਹੌਲ਼ੀ ਹੌਲ਼ੀ ਕੁਝ ਸੰਬੰਧ ਢਿੱਲੇ ਹੁੰਦੇ ਗਏ। ਹੁਣ ਮੈਂ ਕਦੇ ਕਦੇ ‘ਪੰਜਾਬੀ ਰੇਡੀਓ ਯੂ. ਐੱਸ. ਏ. ’ਤੇ ਕਵਿਤਾ ਪੜ੍ਹ ਕੇ ਭੁਸ ਪੂਰਾ ਕਰ ਲੈਂਦਾ ਹਾਂ।
? ਤੁਹਾਡਾ ਲਿਖਣ ਦਾ ਮੰਤਵ ਕੀ ਹੈ? ਕੋਈ ਸਾਹਿਤਕ ਮੰਤਵ, ਪਾਠਕ ਜਾਂ ਕੋਈ ਸਮਾਜਿਕ ਸੇਧ ਦੇਣ ਲਈ ਲਿਖਦੇ ਹੋ?
* ਕੈਂਸਰ ਤੋਂ ਬਾਅਦ ਮੇਰੀ ਸਾਇੰਸ ਦਾ ਖ਼ਾਤਮਾ ਮੇਰੇ ਲਈ ਉਦਾਸੀ ਭਰਿਆ ਸਮਾਂ ਸੀ। ਉਦਾਸੀ ਤੋਂ ਬਚਣ ਲਈ ਸਾਹਿਤ ਨਾਲ ਜੁੜਨਾ ਇੱਕ ਚੰਗਾ ਉਪਰਾਲਾ ਸੀ। ਯਾਦਾਂ ਨੂੰ ਸੰਭਾਲਣਾ ਹਰ ਲਿਖਾਰੀ ਦੀ ਸਾਹਿਤਕ ਭੁੱਖ ਵੀ ਹੁੰਦੀ ਹੈ। ਸਮਾਜਿਕ ਸੋਧ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਜੇ ਕਿਸੇ ਨੂੰ ਤੁਹਾਡੀ ਕੋਈ ਲਿਖਤ ਚੰਗੀ ਲੱਗੇ ਤਾਂ ਤੁਹਾਡੇ ’ਤੇ ਰੱਬ ਦੀ ਕਿਰਪਾ ਹੋਈ ਸਮਝੋ। ਲਿਖਣ ਵੇਲੇ ਮੈਂ ਸਮਾਜਿਕ ਸੇਧ ਨੂੰ ਵੀ ਧਿਆਨ ਵਿੱਚ ਰੱਖਦਾ ਹਾਂ। ਕਿਤਾਬ ਦਾ ਇੱਕ ਲੇਖ ਮੈਂ ਆਮ ਲੋਕਾਂ ਲਈ ਕੈਂਸਰ ਦੀ ਜਾਣਕਾਰੀ ਬਾਰੇ ਲਿਖਿਆ ਸੀ।
? ਤੁਸੀਂ ਬਹੁਤ ਸਾਰੇ ਰਿਸਰਚ ਪੇਪਰ ਵੀ ਲਿਖੇ ਪੜ੍ਹੇ ਹੋਣਗੇ ਜਾਂ ਕੋਈ ਰਿਸਰਚ ਕੀਤੀ ਦੀ ਪੁਸਤਕ ਵੀ ਛਪੀ ਹੋਵੇਗੀ, ਉਹਦੇ ਬਾਰੇ ਕੁਝ ਦੱਸੋ?
* ਸਤਨਾਮ ਜੀ, ਇਸ ਪੱਖੋਂ ਸਾਇੰਸ ਅਤੇ ਸਾਹਿਤ ਬਹੁਤ ਵੱਖਰੇ ਹਨ। ਲੋਕਾਂ ਦੇ ਵਿਚਾਰ ਵੀ ਵੱਖਰੇ ਹਨ। ਰਿਸਰਚ ਕਰਕੇ ਅਮੂਮਨ ਇੱਕ ਕਿਤਾਬ (ਥੀਸਸ) ਛਾਪੀ ਜਾਂਦੀ ਹੈ, ਜਿਸਦੀ ਪਰਖ ਬਗੈਰ ਪੀਐੱਚ. ਡੀ. ਡਿਗਰੀ ਨਹੀਂ ਦਿੱਤੀ ਜਾਂਦੀ। ਰਿਸਰਚ ਪੇਪਰ ਰਸਾਲਿਆਂ ਵਿੱਚ ਛਾਪੇ ਜਾਂਦੇ ਹਨ। ਚੰਗੇ ਰਿਸਰਚ ਪੇਪਰਾਂ ਤੋਂ ਸਾਇੰਸਦਾਨਾਂ ਦੀ ਅਸਲੀ ਪਛਾਣ ਬਣਦੀ ਹੈ। ਰਿਸਰਚ ਪੇਪਰਾਂ ਦੇ ਪੈਸੇ ਨਹੀਂ ਮਿਲਦੇ। ਪੁਸਤਕਾਂ ਦੇ ਮਕਸਦ ਹੋਰ ਹੁੰਦੇ ਹਨ। ਚੰਗੀਆਂ ਪੁਸਤਕਾਂ ਪੜ੍ਹਾਉਣ ਵਿੱਚ ਸਹਾਈ ਹੁੰਦੀਆਂ ਹਨ ਅਤੇ ਲੇਖਕਾਂ ਦੀ ਆਮਦਨ ਵਧਾਉਂਦੀਆਂ ਹਨ। ਥੀਸਿਸ ਤੋਂ ਬਿਨਾਂ ਮੈਂ ਕੋਈ ਵੱਖਰੀ ਪੁਸਤਕ ਨਹੀਂ ਛਾਪੀ। ਮੇਰੇ ਪੇਪਰਾਂ ਦਾ ਵੇਰਵਾ ਪੰਜਾਬੀ - ਵਿਕੀਪੀਡੀਆ ਵਿੱਚ ਵੀ ਦਿੱਤਾ ਹੋਇਆ ਹੈ। ਮੇਰੇ ਬਾਇਓ-ਡੈਟਾ (ਛੜ) ਵਿੱਚ ਵੀ ਦਿੱਤਾ ਹੋਇਆ ਹੈ।
? ਤੁਸੀਂ ਕਈ ਵੱਖ ਵੱਖ ਖੇਤਰਾਂ ਵਿੱਚ ਖੋਜ ਕੀਤੀ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਵੀ ਹੈ। ਤੁਸੀਂ ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਪੜ੍ਹਾਇਆ? ਇਹ ਵੀ ਦੱਸੋ ਕਿਹੜੇ ਕਿਹੜੇ ਚਾਰ ਪੇਟੈਂਟ ਤੁਹਾਡੇ ਨਾਂ ਦਰਜ ਹੋਏ? ਯੂਨੀਵਰਸਿਟੀਆਂ ਵਿੱਚ ਪੜ੍ਹਦਿਆਂ ਤੇ ਪੜ੍ਹਾਉਂਦਿਆਂ ਦੇ ਕੋਈ ਯਾਦਗਾਰੀ ਪਲ, ਜੋ ਤੁਹਾਨੂੰ ਉਦਾਸ ਕਰਦੇ ਜਾਂ ਖੁਸ਼ੀ ਦਿੰਦੇ ਹੋਣ, ਸਾਂਝੇ ਕਰਨੇ ਚਾਹੋਗੇ?
* ਜ਼ਿਆਦਾ ਸਮਾਂ ਮੈਂ ਖੋਜ ਵਿੱਚ ਬਿਤਾਇਆ ਹੈ। ਪੱਕੀ ਨੌਕਰੀ ’ਤੇ ਨਾ ਲੱਗ ਸਕਣਾ ਮੇਰੀ ਅਸਫ਼ਲਤਾ ਰਹੀ ਹੈ, ਇਸ ਅਸਫ਼ਲਤਾ ਦੇ ਕੁਝ ਕਾਰਨ ਮੇਰੀਆਂ ਲਿਖਤਾਂ ਵਿੱਚ ਮੌਜੂਦ ਹਨ। ਮੇਰੇ ਲਈ ਸਭ ਖੇਤਰਾਂ ਅਤੇ ਯੂਨੀਵਰਸਿਟੀਆਂ ਬਾਰੇ ਲਿਖ ਸਕਣਾ ਤਾਂ ਕਠਨ ਹੈ ਪਰ ਮੇਰੇ ਬਾਇਓ-ਡੈਟਾ ਵਿੱਚ ਮੇਰਾ ਜੀਵਨ ਵੇਰਵਾ ਦਿੱਤਾ ਹੋਇਆ ਹੈ। ਮੈਂ ਨੱਥੀ ਕਰ ਦਿੱਤਾ ਹੈ, ਜਿਸ ਵਿੱਚ ਪੇਟੈਂਟਾਂ ਦੀ ਸੰਖੇਪ ਜਾਣਕਾਰੀ ਸ਼ਾਮਲ ਹੈ। ਖੁਸ਼ੀ-ਗਮੀ ਦੇ ਪੁਰਾਣੇ ਮੌਕੇ ਹੁਣ ਮੇਰੀ ਸਾਹਿਤਕ ਜੀਵਨੀ ਦੇ ਭਾਗ ਹਨ। ਮੈਂ ਤੁਹਾਨੂੰ ਵੀ ਪੂਰਾ ਨਿਰਾਸ ਨਹੀਂ ਕਰਨਾ ਚਾਹੁੰਦਾ। ਇਸ ਲਈ ਮੈਂ ਇੱਕ ਛੋਟੀ ਜਿਹੀ ਕਹਾਣੀ, ਜੋ ਸੰਗਦੇ ਹੋਏ ਪਹਿਲਾਂ ਕਦੇ ਸਾਂਝੀ ਨਹੀਂ ਸੀ ਕੀਤੀ, ਹੁਣ ਕਰ ਰਿਹਾ ਹਾਂ:
ਹਾਈ ਸਕੂਲ ਮੇਰੇ ਲਈ ਸੁਨਹਿਰੀ ਸਮਾਂ ਸੀ। ਉਦੋਂ ਮੈਨੂੰ ਪੜ੍ਹਾਈ ਇਨਾਮ ਵੀ ਬਹੁਤ ਮਿਲਿਆ ਕਰਦੇ ਸਨ ਪਰ ਮੈਂ ਖੇਡਾਂ ਕਰਕੇ ਜ਼ਿਆਦਾ ਮਸ਼ਹੂਰ ਹੋ ਗਿਆ ਸੀ। ਨੌਂਵੀਂ-ਦਸਵੀਂ ਸਮੇਂ ਮੇਰੇ ਬਾਪ ਕੋਲ ਮੇਰੇ ਰਿਸ਼ਤੇ ਲਈ ਲੋਕ ਆਉਂਦੇ ਰਹਿੰਦੇ ਸਨ। ਮੈਂ ਇਹ ਸਭ ਕੁਝ ਸੁਣ ਕੇ ਅਣਸੁਣਿਆ ਕਰ ਦਿੰਦਾ। ਭਾਵੇਂ ਦਸਵੀਂ ਵਿੱਚ ਮੇਰੇ ਜਮਾਤੀ ਬਹੁਤ ਹੁਸ਼ਿਆਰ ਸਨ, ਪਰ ਦਸਵੀਂ ਦੇ ਮੇਰੇ ਨੰਬਰ ਸਭ ਤੋਂ ਵੱਧ (702) ਆਏ। ਸਕੂਲ ਦੇ ਇੱਕ ਫੱਟੇ ’ਤੇ ਮੇਰਾ ਨਾਂ ਵੀ ਚਮਕਣ ਲੱਗ ਪਿਆ। ਪੰਜਾਬ ਯੂਨੀਵਰਸਿਟੀ ਵੱਲੋਂ ਵਜ਼ੀਫਾ ਵੀ ਮਿਲ ਗਿਆ। ਚੰਗੀ ਫੀਸ ਭਰ ਸਕਣ ਵਾਲੇ ਦੋ ਜਮਾਤੀ ਗੌਰਮੈਂਟ ਕਾਲਜ ਲੁਧਿਆਣੇ ਦਾਖ਼ਲ ਹੋ ਗਏ, ਚਾਰ-ਪੰਜ ਜਮਾਤੀ ਮੇਰੇ ਨਾਲ ਗੌਰਮੈਂਟ ਖੇਤੀਬਾੜੀ ਕਾਲਜ, ਲੁਧਿਆਣੇ ਚਲੇ ਗਏ, ਜਿੱਥੇ ਸਾਡਾ ਸਰੀਰਕ ਨਿਰੀਖਣ ਵੀ ਕੀਤਾ ਗਿਆ। ਡਾਕਟਰ ਨੇ ਮੇਰਾ ਨਿਰੀਖਣ ਕਰਕੇ, ਮੇਰੇ ਨੰਬਰ ਪੁੱਛ ਕੇ, ਮੇਰੇ ਬਾਪ ਨੂੰ ਰਿਸ਼ਤੇ ਲਈ ਸੁਨੇਹਾ ਭੇਜ ਦਿੱਤਾ, ਤੇ ਨਾਲ ਕੁਝ ਸ਼ਰਤਾਂ ਵੀ ਭੇਜ ਦਿੱਤੀਆਂ। ਕੁਝ ਦੇਰ ਮੇਰਾ ਬਾਪ ਭੰਬਲਭੂਸੇ ਵਿੱਚ ਪਿਆ ਰਿਹਾ। ਜਦੋਂ ਤਕ ਗੱਲ ਮੇਰੇ ਤਕ ਪਹੁੰਚੀ, ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ। ਬਾਅਦ ਵਿੱਚ ਮੇਰਾ ਹਾਈ ਸਕੂਲ ਕਾਲਜ ਬਣਾ ਦਿੱਤਾ ਗਿਆ, ਸਕੂਲ ਵਿੱਚੋਂ ਮੇਰੇ ਨਾਂ ਦਾ ਫੱਟਾ ਗੁੰਮ ਹੋ ਗਿਆ।
ਅਗਲੇ ਸਾਲ ਇੱਕ ਖੇਤੀਬਾੜੀ (ਅਗਰੋਨੋਮੀ) ਕਲਾਸ ਪੜ੍ਹਾਉਂਦਾ ਪ੍ਰੋਫੈਸਰ (ਬਲਕਾਰ ਸਿੰਘ) ਅੱਧਾ ਵਕਤ ਆਪਣੇ ਵਿਆਹ ਦੇ ਪੁਆੜੇ ਛੇੜੀ ਰੱਖਦਾ। ਉਸਦੀ ਕਹੀ ਇੱਕ ਗੱਲ ਮੈਨੂੰ ਅੱਜ ਵੀ ਯਾਦ ਹੈ, “ਮਿੱਤਰੋ, ਜੇ ਤੁਹਾਡਾ ਬਾਪ ਕੋਈ ਕੰਮ ਦੱਸਦਾ ਹੈ, ਜਾਂ ਸ਼ੁਕੀਨੀ ਘੱਟ-ਵੱਧ ਕਰਨ ਦੀ ਸਲਾਹ ਦਿੰਦਾ ਹੈ ਤਾਂ ਉਹਦੀ ਮੰਨ ਲਿਆ ਕਰੋ, ਉਹਨੂੰ ਖੁਸ਼ ਰੱਖਿਆ ਕਰੋ। ਪਰ ਜੇ ਉਹ ਤੁਹਾਡਾ ਵਿਆਹ ਅਜਿਹੀ ਜਗ੍ਹਾ ਕਰਨ ਨੂੰ ਫਿਰਦਾ ਹੈ ਜੋ ਤੁਹਾਡੇ ਮੇਚ ਨਹੀਂ ਖਾਂਦੀ, ਤਾਂ ਉਸ ਨੂੰ ਕਹੋ, “ਜਾਹ ਨਰਕਾਂ ਵਿੱਚ।” ਮੈਨੂੰ ਅੱਜ ਵੀ ਇਹ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਨੇ। ਫੱਟੇ ਦੀ ਯਾਦ ਬਹੁਤ ਉਦਾਸ ਕਰਦੀ ਹੈ, ਬਾਕੀ ਗੱਲਾਂ ਖੁਸ਼ੀ ਦਿੰਦੀਆਂ ਹਨ।
? ਤੁਹਾਡੇ ਕੀਤੇ ਵਿਗਿਆਨਕ ਜਾਂ ਸਾਹਿਤਕ ਕੰਮਾਂ ਨੂੰ ਦੇਖਦੇ ਹੋਏ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਮਾਣ-ਸਨਮਾਨ?
* ਸਤਨਾਮ ਜੀ: ਸਾਇੰਸਦਾਨ ਅਤੇ ਲਿਖਾਰੀ ਦਾ ਅਸਲੀ ਸਨਮਾਨ ਤਾਂ ਉਦੋਂ ਹੋ ਜਾਂਦਾ ਹੈ, ਜਦੋਂ ਉਸਦਾ ਕੀਤਾ ਕੰਮ ਉਹਦੇ ਨਾਂ ਨਾਲ ਜੁੜ ਜਾਵੇ। ਇਸ ਪੱਖੋਂ ਮੈਂ ਸੰਤੁਸ਼ਟ ਹਾਂ। ਇਹ ਵੀ ਠੀਕ ਹੈ ਕਿ ਮੇਰੀ ਸਾਇੰਸ ਦਾ ਅਤੇ ਸਾਹਿਤ ਦਾ ਪੱਧਰ ਮਾਣ-ਸਨਮਾਨਾਂ ਤਕ ਨਹੀਂ ਪਹੁੰਚ ਸਕਿਆ। ਮਾਣ-ਸਨਮਾਨ ਵੀ ਉਦੋਂ ਹੀ ਸੋਹੰਦੇ ਹਨ, ਜਦੋਂ ਉਹ ਨਿਰਪੱਖ ਹੋਣ। ਆਪਣੇ ਪੇਟੈਟਾਂ ਨੂੰ ਸਾਂਭਣ ਲਈ ਮੈਨੂੰ ਅਦਾਲਤ ਦੇ ਕੁੰਡੇ ਵੀ ਖੜਕਾਉਣੇ ਪਏ। ਬਹੁਤ ਸਾਰੇ ਵਕੀਲਾਂ ਦੇ ਦਰਸ਼ਨ ਕੀਤੇ ਅਤੇ ਕੁਝ ਵਕਾਲਤ ਵੀ ਸਿੱਖ ਗਿਆ। ਕੁਝ ਵਿਚਾਰ ਮੈਂ ਆਪਣੀ ਪਹਿਲੀ ਕਿਤਾਬ ‘ਸੱਠਾਂ ਤੋਂ ਬਾਅਦ’ ਵਿੱਚ ਲਿਖੇ ਹੋਏ ਹਨ।
? ਇਹ ਮੰਨਿਆ ਜਾਂਦਾ ਹੈ ਕਿ ਅਮਰੀਕਨ ਕਲਚਰ ਇੱਕ ਮੈਲਟਿੰਗ ਪੌਟ ਹੈ। ਭਾਵ, ਦੂਜੇ ਕਲਚਰ ਦੀ ਹੋਂਦ ਨਹੀਂ ਰਹਿੰਦੀ, ਅਮਰੀਕਨ ਕਲਚਰ ਬਾਹਰੋਂ ਆਏ ਲੋਕਾਂ ਨੂੰ ਆਪਣੇ ਕਲਚਰ ਵਿੱਚ ਢਾਲ ਲੈਂਦਾ ਹੈ। ਇਹ ਕੈਨੇਡਾ ਵਾਂਗ ਮਲਟੀ-ਕਲਚਰ ਸੋਸਾਇਟੀ ਨਹੀਂ। ਤੁਸੀਂ ਇਸ ਵਿਚਾਰ ਨਾਲ ਕਿੱਥੇ ਕੁ ਤਕ ਸਹਿਮਤ ਜਾਂ ਅਸਹਿਮਤ ਹੋ?
* ਜੋ ਕੁਝ ਮੈਂ ਗ੍ਰਹਿਣ ਕਰ ਸਕਿਆ ਹਾਂ, ਉਸ ਅਨੁਸਾਰ ਮੈਂ ਇਸ ਵਿਚਾਰ ਨਾਲ ਪੂਰਾ ਸਹਿਮਤ ਨਹੀਂ ਹੋ ਸਕਦਾ। ਜਿੱਥੇ ਵੀ ਕਿਸੇ ਕਬੀਲੇ ਦੀ ਵਸੋਂ ਸੰਘਣੀ ਹੋਵੇ, ਉਸ ਕਬੀਲੇ ਦੇ ਲੋਕ ਆਪਣੇ ਕਲਚਰ ਦੀ ਹੋਂਦ ਕਿਸੇ ਹੱਦ ਤਕ ਕਾਇਮ ਰੱਖ ਸਕਦੇ ਹਨ। ਹੁਣ ਤਾਂ ਸਾਰੇ ਲੋਕ ਮੈਲਟਿੰਗ ਪੌਟ ਦਾ ਹਿੱਸਾ ਹੋਰ ਤੇਜ਼ੀ ਨਾਲ ਬਣੀ ਜਾਂਦੇ ਹਨ। ਭਾਵੇਂ ਅਮਰੀਕਾ, ਕਨੇਡਾ ਹੋਵੇ, ਭਾਵੇਂ ਦਿੱਲੀ, ਪੰਜਾਬ ਹੋਵੇ।
? ਬਹੁਤ ਸਾਰੇ ਲੋਕਾਂ ਤੋਂ ਨਸਲੀ ਵਿਤਕਰੇ ਦੀਆਂ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ। ਤੁਸੀਂ ਤਾਂ ਅਮਰੀਕਾ ਵਿੱਚ ਬੜੇ ਲੰਮੇ ਸਮੇਂ ਤੋਂ ਰਹਿ ਰਹੇ ਹੋ, ਇੱਥੇ ਅਮਰੀਕਨ ਸੋਸਾਇਟੀ ਵਿੱਚ ਵਿਚਰਦਿਆਂ, ਪੜ੍ਹਦਿਆਂ, ਪੜ੍ਹਾਉਂਦਿਆਂ ਜਾਂ ਕੰਮਕਾਰ ਲੱਭਦਿਆਂ ਨਸਲੀ ਵਿਤਕਰੇ ਦਾ ਕੰਡਾ ਕਦੇ ਚੁੱਭਿਆ ਹੋਵੇ?
* ਜਿਸ ਤਰ੍ਹਾਂ ਭਾਰਤ ਵਿੱਚ ਜਾਤ-ਪਾਤੀ ਵਿਤਕਰਾ ਚਲਦਾ ਆਇਆ ਹੈ, ਨਸਲੀ ਵਿਤਕਰਾ ਅਮਰੀਕਾ ਵਿੱਚ ਕੋਲੰਬਸ ਦੇ ਆਉਣ ਨਾਲ (ਗੁਰੂ ਨਾਨਕ ਯੁਗ) ਸ਼ੁਰੂ ਹੋਇਆ ਲਗਦਾ ਹੈ ਜੋ ਅਜੇ ਤਕ ਜਾਰੀ ਹੈ। ਵਿਤਕਰੀ ਕੰਡਿਆਂ ਬਾਰੇ ਮੈਂ ਆਪਣੀ ਅੰਗਰੇਜ਼ੀ ਦੀ ਪਹਿਲੀ ਪੁਸਤਕ ਵਿੱਚ ਬਹੁਤ ਕੁਝ ਲਿਖਿਆ ਹੈ। ਕੁਝ ਅਮਰੀਕਾ ਵਿੱਚ ਆਏ ਦੇਸੀ ਲੋਕ, ਅਫਸਰ ਬਣਕੇ ਦੇਸੀਆਂ ਨੂੰ ਘੱਟ ਤਨਖਾਹ ਦਿੰਦੇ ਹਨ, ਇਹ ਵੀ ਨਸਲੀ ਵਿਤਕਰਾ ਹੀ ਹੈ। ਪਰ ਇਸ ਵਿੱਚ ਵੀ ਸ਼ੱਕ ਨਹੀਂ ਕਿ ਨਸਲੀ ਵਿਤਕਰੇ ਪੱਖੋਂ ਅਮਰੀਕਾ ਹੁਣ ਬਹੁਤ ਸੁਧਰ ਗਿਆ ਹੈ। ਪਹਿਲਾਂ ਨਸਲੀ ਵਿਤਕਰਾ ਕਾਫ਼ੀ ਹਾਵੀ ਰਿਹਾ।
? ਡਾ. ਸਾਹਿਬ, ਜੇਕਰ ਮੈਂ ਇਹ ਸਵਾਲ ਨਾ ਪੁੱਛਾਂ ਤਾਂ ਮੈਨੂੰ ਲੱਗੇਗਾ ਕਿ ਇਹ ਮੁਲਾਕਾਤ ਅਧੂਰੀ ਰਹੀ। ਹੁਣ ਇਹ ਦੱਸੋ ਕਿ ਤੁਹਾਡੀ ਜੀਵਨ ਸਾਥਣ ਤੁਹਾਨੂੰ ਕਿਵੇਂ ਮਿਲ਼ੀ। ਵਿਆਹ ਤੁਹਾਡਾ ਪੰਜਾਬ ਵਿੱਚ ਰਹਿੰਦਿਆਂ ਲਵ-ਮੈਰਿਜ ਜਾਂ ਅਰੇਂਜਡ ਮੈਰਿਜ ਸੀ?
* ਮੇਰੀ ਜੀਵਨ ਸਾਥਣ (ਸੁਰਿੰਦਰ) ਦੀ ਜੀਵਨ ਕਹਾਣੀ ਵੀ ਬਹੁਤ ਦਿਲਚਸਪ ਹੈ, ਉਹ ਲਿਖਦੀ ਨਹੀਂ। ਪਰ ਮੈਂ ਉਹਦੇ ਬਾਰੇ ਆਪਣੀਆਂ ਕਿਤਾਬਾਂ ਵਿੱਚ ਕਾਫ਼ੀ ਕੁਝ ਲਿਖ ਦਿੱਤਾ ਹੈ, ਕੁਝ ਕਵਿਤਾ ਵੀ ਲਿਖੀ ਹੈ। ਸਾਡਾ ਵਿਆਹ ਨਾ ਪੂਰਾ ਲਵ-ਮੈਰਿਜ, ਨਾ ਹੀ ਪੂਰਾ ਅਰੇਂਜਡ ਮੈਰਿਜ ਸੀ। ਪੀਐੱਚ. ਡੀ. ਖਤਮ ਕਰਕੇ ਅਤੇ ਅਗਲੀ ਸਿਖਲਾਈ ਸ਼ੁਰੂ ਕਰਦਿਆਂ ਸੰਨ 1971 ਵਿੱਚ ਮੈਂ ਇੰਡੀਆ ਗਿਆ। ਵਿਆਹ ਦੀਆਂ ਗੱਲਾਂ ਵੀ ਹੋਈਆਂ, ਕੋਈ ਗੱਲ ਸਿਰੇ ਨਾ ਚੜ੍ਹੀ। ਅਗਲੇ ਸਾਲ ਸੰਨ 1972 ਵਿੱਚ ਮੈਂ ਫਿਰ ਗਿਆ, ਤਦ ਤਕ ਮੇਰੇ ਬਾਰੇ ਚਰਚਾ ਛਿੜ ਚੁੱਕੀ ਸੀ। ਸਾਡੀ ਪਹਿਲੀ ਜਾਣ ਪਛਾਣ ਸੁਰਿੰਦਰ ਦੇ ਘਰ ਹੋਈ, ਜਿੱਥੇ ਗੱਲ ਚਾਹ-ਪਾਣੀ ਤੋਂ ਅੱਗੇ ਨਾ ਚੱਲ ਸਕੀ। ਮੈਨੂੰ ਲਗਦਾ ਸੀ ਕਿ ਮੇਰੇ ਰੁਝਾਨੀ ਕਿੱਤੇ ਨਾਲ ਸੁਰਿੰਦਰ ਦਾ ਮੇਲ ਨਹੀਂ ਮਿਲਣਾ, ਵਾਪਸ ਆਉਣ ਸਮੇਂ ਮੈਂ ਉਸਦੇ ਵੱਡੇ ਭਰਾ ਨੂੰ ਇਹ ਗੱਲ ਸੁਣਾ ਆਇਆ। ਸੁਰਿੰਦਰ ਦੇ ਚਾਚਾ ਜੀ ਖੇਤੀਬਾੜੀ ਕਾਲਜ ਵਿੱਚ ਪ੍ਰੋਫੈਸਰ ਸਨ ਜਿੱਥੇ ਮੇਰੇ ਕਈ ਹੋਰ ਦੋਸਤ ਵੀ ਪੜ੍ਹਾਈ ਜਾਂ ਨੌਕਰੀ ਕਰ ਰਹੇ ਸਨ। ਖੇਤੀਬਾੜੀ ਕਾਲਜ ਵਿੱਚ ਸੁਰਿੰਦਰ ਦੇ ਚਾਚੇ ਦੀ ਕੋਠੀ ਵਿੱਚ ਸੁਰਿੰਦਰ ਨਾਲ ਮੇਰੀ ਦੂਜੀ ਮੁਲਾਕਾਤ ਹੋਈ। ਅਗਲੇ ਦਿਨ ਸੁਰਿੰਦਰ ਦਾ ਚਾਚਾ ਅਤੇ ਕੁਝ ਲੋਕ, ਜੋ ਮੇਰੇ ਬਾਪ ਨੂੰ ਪਹਿਲਾਂ ਹੀ ਜਾਣਦੇ ਸਨ, ਸ਼ਗਨ ਪਾ ਗਏ। ਇੱਕ ਹਫ਼ਤੇ ਵਿੱਚ ਸਾਡਾ ਵਿਆਹ ਨਿੱਬੜ ਗਿਆ।
? ਆਪਣੇ ਬੱਚਿਆਂ ਬਾਰੇ ਵੀ ਕੁਝ ਦੱਸੋ?
* ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਮੇਰੇ ਨਾਲੋਂ ਮੇਰੀ ਜੀਵਨ ਸਾਥਣ ਦਾ ਯੋਗਦਾਨ ਵੱਡਾ ਹੈ। ਉਸਦੀ ਲਗਾਤਾਰ ਨਿਗਰਾਨੀ, ਸਹਾਇਤਾ ਅਤੇ ਹਠ ਕਾਰਨ ਸਾਡੇ ਤਿੰਨੋਂ ਬੱਚੇ ਉੱਚ ਵਿੱਦਿਆ ਦੀਆਂ ਡਿਗਰੀਆਂ ਕਰਕੇ ਆਪੋ-ਆਪਣੇ ਕਿੱਤਿਆਂ ਵਿੱਚ ਰੁੱਝੇ ਰਹਿੰਦੇ ਹਨ। ਸਾਡੇ ਬੱਚੇ ਅਮਰੀਕਾ ਵਿੱਚ ਜਨਮੇ, ਪੜ੍ਹੇ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਚੁੱਕੇ ਹਨ। ਪੰਜਾਬ ਵਿਚਲੇ ਪਰਿਵਾਰਾਂ ਨਾਲ ਮਿਲਵਰਤਨ ਦੀ ਘਾਟ ਕਰਕੇ ਪੰਜਾਬੀ ਬੋਲੀ ਦੀ ਘਾਟ ਜ਼ਰੂਰ ਰੜਕਦੀ ਹੈ ਪਰ ਉਹ ਸਮਾਜਿਕ ਕੰਮਾਂ ਵਿੱਚ ਪੂਰੀ ਦਿਲਚਸਪੀ ਨਾਲ ਭਾਗ ਲੈਂਦੇ ਹਨ। ਸਾਡੇ ਪੰਜਾਬੀ ਹੋਣ ਕਰਕੇ ਉਹਨਾਂ ’ਤੇ ਪੰਜਾਬੀ ਸੁਭਾਅ ਦਾ ਅਸਰ ਹੈ ਅਤੇ ਅਮਰੀਕਨ ਭਾਈਚਾਰੇ ਦਾ ਅਸਰ ਵੀ ਹੈ। ਭਾਵੇਂ ਕਮਾਈ ਉਹ ਸਾਡੇ ਨਾਲੋਂ ਕਿਤੇ ਵੱਧ ਕਰਦੇ ਹਨ, ਪਰ ਮੈਨੂੰ ਕਦੇ ਕਦੇ ਇੱਦਾਂ ਲਗਦਾ ਹੈ ਕਿ ਉਨ੍ਹਾਂ ਨੂੰ ਖ਼ਰਚਣ ਦਾ ਚੱਜ ਅਜੇ ਹੌਲ਼ੀ ਹੌਲ਼ੀ ਆ ਰਿਹਾ ਹੈ।
? ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਰਿਸ਼ਤੇ-ਨਾਤੇ ਕਿਵੇਂ ਨਿਭਾਏ?
* ਰਿਸ਼ਤੇ-ਨਾਤਿਆਂ ਦੇ ਮੋਹ ਦੇ ਮਸਲੇ ਮੁੱਢ ਤੋਂ ਹੀ ਚਲਦੇ ਆਏ ਹਨ। ਸਮੇਂ ਅਨੁਸਾਰ ਹਮੇਸ਼ਾ ਬਦਲਦੇ ਵੀ ਰਹਿੰਦੇ ਹਨ, ਇਨ੍ਹਾਂ ਬਦਲੀਆਂ ਨੂੰ ਮਾਪੇ ਅਤੇ ਬੱਚੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖਦੇ ਹਨ। ਜੇ ਇਹਨਾਂ ਤਬਦੀਲੀਆਂ ਨੂੰ ਸਹੀ ਤਰ੍ਹਾਂ ਵਿਚਾਰਿਆ ਨਾ ਜਾਵੇ ਤਾਂ ਫਿੱਕ ਪੈਣ ਦਾ ਡਰ ਰਹਿੰਦਾ ਹੈ। ਸਿੱਖ ਗੁਰੂਆਂ ਦੇ ਪਰਿਵਾਰਾਂ ਦੀਆਂ ਤ੍ਰੇੜਾਂ ਨੂੰ ਸਾਡੇ ਗੁਰਦੁਆਰਿਆਂ ਵਿੱਚ ਕਥਾਵਾਚਕ ਆਪਣੀਆਂ ਸੋਚਾਂ ਅਨੁਸਾਰ ਪਰੋਸਦੇ ਰਹਿੰਦੇ ਹਨ, ਕੁਝ ਚੰਗੇ, ਕੁਝ ਅਕਾਊ। ਸਾਡੇ ਵਰਤਮਾਨ ਸਮੇਂ ਦੀ ਤ੍ਰਾਸਦੀ ਹੈ ਕਿ ਆਜ਼ਾਦੀ ਤੋਂ ਬਾਅਦ ਸਾਡੇ ਬਜ਼ੁਰਗ ਅਨਪੜ੍ਹ ਹੋਣ ਕਰਕੇ ਸਮੇਂ ਨਾਲ ਬਦਲ ਨਾ ਸਕੇ। ਮੇਰੀ ਇੱਕ ਭੈਣ ਅਤੇ ਇੱਕ ਭਰਾ ਨੂੰ, ਜੋ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਸਨ, ਪਰ ਚਾਰ ਜਮਾਤਾਂ ਤੋਂ ਬਾਅਦ ਪੜ੍ਹਨੋਂ ਹਟਾ ਲਿਆ ਗਿਆ। ਜਦੋਂ ਮੇਰੀ ਬੁੱਧੀ ਕੁਝ ਤੇਜ਼ ਹੋਈ, ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਦੁਬਾਰਾ ਪੜ੍ਹਨ ਲਈ ਅਤੇ ਸਿਹਤ ਸੰਭਾਲ ਲਈ ਪ੍ਰੇਰਿਆ ਜਾਵੇ ਅਤੇ ਪੁਰਾਣੀਆਂ ਸਮਾਜਕ ਕੁਰੀਤੀਆਂ ਤੋਂ ਹਟਾਇਆ ਜਾਵੇ। ਇਹ ਗੱਲਾਂ ਨਾ ਬਜ਼ੁਰਗਾਂ ਦੇ ਸਮਝ ਆਈਆਂ, ਨਾ ਹੀ ਉਨ੍ਹਾਂ ਭੈਣ-ਭਰਾਵਾਂ ਦੇ। ਇਨ੍ਹਾਂ ਗੱਲਾਂ ਦੇ ਮਾੜੇ ਨਤੀਜੇ ਵੀ ਉਹਨਾਂ ਨੂੰ ਭੋਗਣੇ ਪਏ, ਅਜੇ ਵੀ ਪੈ ਰਹੇ ਹਨ। “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।”
? ਆਪਣੇ ਸਫ਼ਰਨਾਮਿਆਂ ਬਾਰੇ ਵੀ ਕੁਝ ਦੱਸੋ, ਕਿੱਥੇ ਕਿੱਥੇ ਦੀ ਯਾਤਰਾ ਕੀਤੀ ਤੇ ਕਿਹੋ ਜਿਹਾ ਅਨੁਭਵ ਰਿਹਾ। ਕੋਈ ਯਾਦ ਸਾਂਝੀ ਕਰਨਾ ਚਾਹੋਗੇ?
* ਢਾਹ ਜੀ, ਅਮਰੀਕਾ ਦੇ ਬਹੁਤੇ ਲੋਕ ਮਿਹਨਤੀ ਹਨ। ਕੰਮਾਂ-ਕਾਜਾਂ ਨਾਲ ਜੀਵਨ ਵਿੱਚ ਉਹ ਹੋਰ ਰੁਝੇਵੇਂ ਵੀ ਰੱਖਦੇ ਹਨ। ਕੁਝ ਚੰਗੇ ਕੁਝ ਮਾੜੇ। ਬਜ਼ੁਰਗ ਲੋਕਾਂ ਲਈ ਵੀ ਨਵੇਂ ਆਹਰ ਸਿੱਖਣ ਲਈ ਲੋੜੀਂਦੇ ਸਕੂਲ ਮਿਲ ਜਾਂਦੇ ਹਨ। ਮੇਰੀ ਸੁਪਤਨੀ, ਸੁਰਿੰਦਰ ਨੇ ਪਹਿਲਾਂ ਇੱਕ ਸਕੂਲ ਵਿੱਚੋਂ ਟਾਈਪ ਕਰਨਾ ਸਿੱਖਿਆ, ਫਿਰ ਮੁਢਲਾ ਕੰਪਿਊਟਰ ਸਿੱਖਿਆ, ਇਸ ਨਾਲ ਗੁਜ਼ਾਰੇ ਜੋਗੀ ਨੌਕਰੀ ਲੱਭ ਲਈ ਤੇ ਹੌਲ਼ੀ ਹੌਲ਼ੀ ਉੱਚ ਅਹੁਦੇ ਤੋਂ ਰਿਟਾਇਰਡ ਹੋਈ। ਇਨ੍ਹਾਂ ਸਕੂਲਾਂ ਵਿੱਚ ਘੁੰਮਣ-ਫਿਰਨ ਦੇ ਟੂਰ ਵੀ ਚਲਦੇ ਹਨ, ਜਿਨ੍ਹਾਂ ਵਿੱਚ ਅਸੀਂ ਵੀ ਆਲਾ-ਦੁਆਲਾ ਦੇਖਦੇ ਰਹਿੰਦੇ ਹਾਂ।
? ਤੁਹਾਡੀ ਕੈਂਸਰ ਬਾਰੇ ਲਿਖੀ ਪੁਸਤਕ ‘ਇਕ ਮੋੜ ਵਿਚਲਾ ਪੈਂਡਾ’ ਹੋਂਦ ਵਿੱਚ ਕਿਵੇਂ ਆਈ? ਕੈਂਸਰ ਵਰਗੀ ਬਿਮਾਰੀ ਨਾਲ ਜੂਝਣ ਦੀ ਤਾਕਤ ਕਿਵੇਂ ਆਈ?
* ਸਤਨਾਮ ਜੀ, ਪਹਿਲਾਂ ਗੱਲ ਕੈਂਸਰ ਬਾਰੇ ਕਰਦੇ ਹਾਂ ਫਿਰ ਕਿਤਾਬ ਬਾਰੇ। ਕੈਂਸਰ ਨਾਲ ਜੂਝਣ ਤਾਕਤ ਮੈਨੂੰ ਮੇਰੀ ਜੀਵਨ ਸਾਥਣ (ਸੁਰਿੰਦਰ) ਦੀ ਹੱਲਾਸ਼ੇਰੀ, ਸਹਾਇਤਾ ਅਤੇ ਦ੍ਰਿੜ੍ਹਤਾ ਸਦਕੇ ਚੜ੍ਹਦੀ ਕਲਾ ਰਹਿਣ ਵਿੱਚੋਂ ਮਿਲਦੀ ਰਹੀ। ਨਹੀਂ ਤਾਂ ਸ਼ਾਇਦ ਇਸ ਪਿੰਜਰੇ ਨੇ ਕੈਂਸਰ ਮੋਹਰੇ ਹਥਿਆਰ ਸੁੱਟ ਕੇ ਛੇਤੀ ਹੱਥ ਖੜ੍ਹੇ ਕਰ ਦੇਣੇ ਸਨ। ਦੂਜਾ, ਇੱਕ ਅੱਵਲ ਦਰਜੇ ਦਾ ਹਸਪਤਾਲ ਵੀ ਮਿਲ ਗਿਆ ਸੀ, ਮੇਰੇ ’ਤੇ ਰੱਬ ਦੀ ਕ੍ਰਿਪਾ ਵੀ ਹੋਈ ਸਮਝੋ, “ਕਦੇ ਕਦੇ ਮੁਸ਼ਕਿਲਾਂ ਦੇ ਹੱਲ, ਰੱਬ ਨਾਲ ਹੀ ਦਿੰਦਾ ਘੱਲ!” ਕੈਂਸਰ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਮੋੜ ਸੀ। ਇਸ ਮੋੜ ਵਿੱਚੋਂ ਨਿਕਲ ਕੇ ਮੈਂ ਆਪਣੀ ਕੈਂਸਰ ਬਾਰੇ ਖ਼ਿਆਲ ਸਾਂਝੇ ਕਰਨ ਦਾ ਫੈਸਲਾ ਕਰ ਲਿਆ ਅਤੇ ਕੁਝ ਲਿਖਣਾ ਸ਼ੁਰੂ ਕਰ ਲਿਆ। ਪਹਿਲਾਂ ਪਹਿਲਾਂ ਸੁਰਿੰਦਰ ਨੂੰ ਮੇਰਾ ਲਿਖਾਰੀ-ਪਨ ਠੀਕ ਨਾ ਲੱਗਿਆ, ਪਰ ਇਹ ਮੁਹਿੰਮ ਵੀ ਸੁਰਿੰਦਰ ਦੀ ਸਹਾਇਤਾ ਸਦਕੇ ਹੀ ਸਿਰੇ ਚੜ੍ਹ ਸਕੀ। ਕੈਂਸਰ ਦਾ ਸਫ਼ਰ ਪਹਿਲਾਂ ਮੈਂ ਅੰਗਰੇਜ਼ੀ ਵਿੱਚ ਵਿਸਥਾਰ ਨਾਲ ਲਿਖਿਆ। ਇਸ ਪੁਸਤਕ ਦਾ ਨਾਂ ਮੈਂ “ਜਰਨੀ ਥਰੂ ਏ ਟਰਨਿੰਗ ਪੁਆਇੰਟ 2019” ਰੱਖਿਆ। ਫਿਰ ਮੈਂ ਉਸ ਦਾ ਗੁਰਮੁਖੀ ਵਿੱਚ ਉਲੱਥਾ ਕਰਕੇ ਨਾਂ “ਇਕ ਮੋੜ ਵਿਚਲਾ ਪੈਂਡਾ (2019)” ਰੱਖ ਦਿੱਤਾ। ਪਹਿਲੀ ਪੰਜਾਬੀ ਐਡੀਸ਼ਨ ਵੀ ਮੈਂ ਅੰਗਰੇਜ਼ੀ ਪਬਲਿਸ਼ਰ ਨਾਲ ਜੁੜਕੇ ਅਮਰੀਕਾ ਵਿੱਚ ਛਪਵਾਈ ਸੀ ਜੋ ਕੰਪਿਊਟਰ ਰਾਹੀਂ ਮਿਲ ਜਾਂਦੀ ਹੈ। ਬਾਅਦ ਵਿੱਚ ਇਸ ਕਿਤਾਬ ਨੂੰ ਪੜ੍ਹਨ ਵਾਲਿਆਂ ਲਈ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਵੀ ਛਾਪਿਆ ਹੈ।
? ਤੁਹਾਡਾ ਅਮਰੀਕਨ ਹਸਪਤਾਲ ਵਿੱਚ ਇਲਾਜ ਕਰਾਉਣ ਦਾ ਅਨੁਭਵ ਕਿਹੋ ਜਿਹਾ ਰਿਹਾ?
* ਅਮਰੀਕਾ ਦੇ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਸਮੇਂ ਅਤੇ ਬਾਅਦ ਵਿੱਚ ਵੀ ਮੇਰਾ ਤਜਰਬਾ ਸਲਾਹੁਣਯੋਗ ਹੀ ਰਿਹਾ ਹੈ। ਇੱਕ ਕੌੜੀ ਯਾਦ ਬਾਰੇ ਮੈਂ ਆਪਣੀ ਕਿਤਾਬ ‘ਇਕ ਮੌੜ ਵਿਚਲਾ ਪੈਂਡਾ’ ਵਿੱਚ ਕੁਝ ਸ਼ਬਦ ਲਿਖੇ ਹਨ। ਮਿੱਠੀਆਂ ਯਾਦਾਂ ਵੀ ਲਿਖੀਆਂ ਹੋਈਆਂ ਹਨ। ਹਸਪਤਾਲਾਂ ਵਿੱਚ ਮੈਂ ਨਰਸਾਂ ਨੂੰ ਸਵਾਲ ਬਹੁਤ ਪੁੱਛਦਾ ਰਹਿਣ ਕਰਕੇ ਕਈ ਵਾਰ ਨਰਸਾਂ ਵੀ ਅੱਕ ਜਾਂਦੀਆਂ ਤੇ ਕਈ ਵਾਰ ਮੈਂ ਆਪਣੇ ਪਰਿਵਾਰ ਦੇ ਜੀਅ ਮੇਰੇ ਤੋਂ ਸਤੇ ਹੋਏ ਦੇਖੇ।
? ਬਦਕਿਸਮਤੀ ਨਾਲ ਜੇਕਰ ਕਿਸੇ ਇਨਸਾਨ ਨੂੰ ਕੈਂਸਰ ਨਾਲ ਲੜਨਾ ਪਵੇ ਤਾਂ ਉਸ ਵਿਅਕਤੀ ਨੂੰ ਕੀ ਸਲਾਹ ਸੁਨੇਹਾ ਦੇਣਾ ਚਾਹੋਗੇ?
* ਮੇਰੀ ਜੀਵਨ ਸਾਥਣ ਵੀ ਗਲ਼ੇ ਦੀ ਕੈਂਸਰ ਦਾ ਟਾਕਰਾ ਕਰ ਚੁੱਕੀ ਹੈ। ਅਨੇਕਾਂ ਲੋਕ ਰੋਜ਼ ਕੈਂਸਰ ਦੇ ਮਰੀਜ਼ ਬਣਦੇ ਰਹਿੰਦੇ ਹਨ। ਅਗਲੇ ਹਫਤੇ ਮੇਰਾ ਇੱਕ ਗਵਾਂਢੀ ਸੱਜਣ ਇਲਾਜ ਲਈ ਜਾ ਰਿਹਾ ਹੈ। ਸਾਡੀ ਖ਼ੁਸ਼ਕਿਸਮਤੀ ਹੈ ਕਿ ਕੈਂਸਰ ਦਾ ਇਲਾਜ ਦਿਨ-ਬ-ਦਿਨ ਤਰੱਕੀ ਕਰ ਰਿਹਾ ਹੈ। ਅਮਰੀਕਾ ਇਸ ਪੱਖੋਂ ਅਗਲੀ ਕਤਾਰ ਵਿੱਚ ਹੈ। ਮੇਰੀ ਸਲਾਹ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਭਾਣਾ-ਮੰਨਣ ਦੇ ਆਲੇ-ਦੁਆਲੇ ਘੁੰਮਦੀ ਹੁੰਦੀ ਹੈ। ਕਈ ਵਾਰ ਸਿਰਫ਼ ਮਿਲਣਾ-ਗਿਲਣਾ ਹੀ ਠੀਕ ਰਹਿੰਦਾ ਹੈ ਤਾਂ ਕਿ ਮੌਕੇ ਪੱਖੋਂ ਕੋਈ ਅਪ-ਸ਼ਬਦ ਨਾ ਵਰਤਿਆ ਜਾਵੇ।
? ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀਤੇ ਕੰਮਾਂ-ਕਾਰਾਂ ਤੋਂ ਸੰਤੁਸ਼ਟ ਹੋ ਜਾਂ ਕੋਈ ਤਮੰਨਾ ਜੋ ਅਜੇ ਪੂਰੀ ਕਰਨਾ ਲੋਚਦੇ ਹੋਵੋਂ? ਅੱਜ ਕੱਲ੍ਹ ਕੀ ਰੁਝੇਵਾਂ ਹੈ?
* ਢਾਹ ਜੀ, ਬਾਕੀਆਂ ਵਾਂਗ ਮੈਨੂੰ ਵੀ ਬਹੁਤ ਸਾਰੇ ਸੁਪਨੇ ਅਤੇ ਕੰਮ ਅਧੂਰੇ ਰਹਿ ਗਏ ਜਾਪਦੇ ਹਨ। ਪਰ ਮੈਂ ਸੰਤੁਸ਼ਟ ਹਾਂ ਕਿ ਜੋ ਕੁਝ ਮੈਂ ਕਰ ਸਕਣ ਜੋਗਾ ਹੁੰਦਾ ਰਿਹਾ, ਬਿਨਾਂ ਹਿਚਕਚਾਹਟ ਦੇ ਕਰਦਾ ਗਿਆ। ਕੁਝ ਨੇੜੇ ਦੇ ਲੋਕ ਮਨਮਾਨੀਆਂ ਕਰਕੇ ਮੇਰਾ ਅਤੇ ਆਪਣਾ ਵੀ ਨੁਕਸਾਨ ਕਰ ਗਏ। ਮੇਰੀ ਸਦੀਵੀ ਤਮੰਨਾ ਇਹੀ ਰਹੀ ਹੈ ਕਿ ਮੇਰਾ ਹਰ ਰਿਸ਼ਤੇਦਾਰ ਪੜ੍ਹ-ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹਨਾ ਸਿੱਖੇ, ਜਿਸ ਨਾਲ ਉਹ ਚੰਗਾ ਜੀਵਨ ਬਤੀਤ ਕਰ ਸਕੇ। ਮੈਂ ਕਿਸੇ ਦੀ ਕਦੇ ਗੈਰ-ਕਾਨੂੰਨੀ ਮਦਦ ਨਹੀਂ ਕੀਤੀ। ਮੇਰੀ ਸੰਤੁਸ਼ਟੀ ਇਸ ਗੱਲ ਵਿੱਚ ਵੀ ਹੈ ਕਿ ਮੇਰੀਆਂ ਰਿਸ਼ਤੇਦਾਰੀਆਂ ਵਿੱਚ ਘੱਟੋ-ਘੱਟ ਤਿੰਨ ਪੀਐੱਚ. ਡੀ., ਤਿੰਨ ਐੱਮ.ਬੀ, ਏ., ਇੱਕ ਵਕੀਲ, ਤੇ ਮੇਰੀ ਗਿਣਤੀ ਤੋਂ ਬਾਹਰ ਐੱਮ.ਏ. ਕਰ ਗਏ ਹਨ। ਇਸ ਵਿੱਚ ਸ਼ਾਇਦ ਮੇਰਾ ਕੋਈ ਤਿਲਫੁਲ ਅਸਰ ਹੈ। ਅੱਜਕੱਲ੍ਹ ਮੈਂ ਕੀਰਤਨੀ ਆਸਾ-ਦੀ-ਵਾਰ ਸਿੱਖ ਕੇ ਰਿਕਾਰਡ ਕਰ ਰਿਹਾ ਹਾਂ। ਬਾਕੀ ਲੋਚਾਂ (ਤਮੰਨਾਵਾਂ) ਆਪੇ ਮੁਕਤ ਹੋ ਰਹੀਆਂ ਹਨ।
? ਅਮਰੀਕਾ ਆ ਕੇ ਕੀ ਖੱਟਿਆ, ਕਮਾਇਆ ਜਾਂ ਗੁਆਇਆ, ਇਹਦੇ ਬਾਰੇ ਚਾਨਣਾ ਪਾਓ?
* ਢਾਹ ਜੀ, ਇਹ ਬਹੁਤ ਵੱਡਾ ਮਜ਼ਮੂਨ ਲਗਦਾ ਹੈ, ਮੈਂ ਇਸ ਝੋਰੇ ਵਿੱਚ ਨਹੀਂ ਪੈਣਾ ਚਾਹੁੰਦਾ। ਪਰ ਸੰਖੇਪ ਵਿੱਚ ਮੇਰੀ ਖੱਟੀ ਉੱਚ ਵਿੱਦਿਆ ਦੀ ਪ੍ਰਾਪਤੀ ਹੈ। ਪਰ ਜੋ ਮੈਂ ਗੁਆਇਆ ਹੈ, ਉਹ ਰੱਬ ਜਾਣਦਾ ਹੈ। ਕਦੇ ਕਦੇ ਮੈਨੂੰ ਲਗਦਾ ਹੈ ਕਿ ਮੇਰੀ ਵਿੱਦਿਆ ਦੀ ਪੂਰੀ ਕਦਰ ਨਾ ਭਾਰਤ ਵਿੱਚ, ਨਾ ਅਮਰੀਕਾ ਵਿੱਚ ਪਈ ਹੈ। ਫਿਰ ਵੀ ਮੈਂ ਨਿਰਾਸ਼ ਨਹੀਂ ਕਿਉਂਕਿ ਇੱਥੇ ਦੀਆਂ ਡਾਕਟਰੀ ਸਹੂਲਤਾਂ ਦੇ ਨਾਲ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਹੋ ਰਹੀਆਂ ਹਨ। ਇਹ ਵੀ ਇੱਕ ਪ੍ਰਾਪਤੀ ਵਾਲੀ ਗੱਲ ਹੀ ਹੈ ਕਿ ਮੇਰੇ ਬੱਚੇ ਉੱਚ ਵਿੱਦਿਆ ਲੈ ਕੇ ਚੰਗੀਆਂ ਜੌਬਾਂ ਕਰ ਰਹੇ ਹਨ, ਆਪਣੇ ਪੈਰਾਂ ’ਤੇ ਖੜ੍ਹੇ ਹਨ। ਸ਼ਾਇਦ ਭਾਰਤ ਵਿੱਚ ਰਹਿ ਕੇ ਇੰਨਾ ਕੁਝ ਹੋਣ ਦੀ ਸੰਭਾਵਨਾ ਅੱਜ ਦੇ ਹਾਲਾਤ ਮੁਤਾਬਕ ਮੁਸ਼ਕਿਲ ਸੀ। ਖੁਸ਼ੀਆਂ-ਖੇੜੇ ਵੀ ਹੋਰ ਹੋਣੇ ਸਨ ਅਤੇ ਮੁਸ਼ਕਲਾਂ ਵੀ ਹੋਰ ਹੋਣੀਆਂ ਸਨ।
? ਆਪਣੇ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਜਿਹੜੇ ਆਪਣੇ ਬੱਚਿਆਂ ਨੂੰ ਬਦੇਸ਼ਾਂ ਵਿੱਚ ਪੜ੍ਹਨ ਲਈ ਭੇਜ ਰਹੇ ਹਨ? ਜਾਂ ਉਨ੍ਹਾਂ ਵਿਦਿਆਰਥੀਆਂ ਨੂੰ, ਜੋ ਬਦੇਸ਼ ਵਿੱਚ ਸਿਰਫ਼ ਪੜ੍ਹਨ ਲਈ ਹੀ ਆਉਂਦੇ ਹਨ? ਘਰੋਂ ਬਾਹਰ ਦੂਜੇ ਦੇਸ਼ਾਂ ਵਿੱਚ ਰਹਿਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
* ਇਸ ਬਾਰੇ ਬਹੁਤ ਕੁਝ ਛਪ ਰਿਹਾ ਹੈ। ਮੇਰਾ ਸੁਨੇਹਾ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਹੋਵੇਗਾ। ਸਾਂਝਾ ਸੁਨੇਹਾ ਤਾਂ ਇਹੀ ਹੈ ਕਿ ਸੱਜਣੋ, ‘ਅੱਖਾਂ ਖੁੱਲ੍ਹੀਆਂ ਰੱਖੋ! ਕੁਝ ਕਰਦੇ ਰਹੋ, ਕੁਝ ਸਿੱਖਦੇ ਰਹੋ। ਜੇ ਲਿਖਾਰੀ ਬਣਨਾ ਹੈ ਤਾਂ ਸੱਚ ਲਿਖਦੇ ਰਹੋ, ਮਨ ਵਿੱਚ ਆਈ ਬੋਲਣ ਤੋਂ ਨਾ ਝਿਜਕਦੇ ਰਹੋ ਇਨਾਮਾਂ, ਅਹੁਦਿਆਂ ਪਿੱਛੇ ਨਾ ਵਿਕਦੇ ਰਹੋ।
ਡਾ. ਗੁਰਦੇਵ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਪਾਠਕਾਂ ਨਾਲ ਸਾਂਝੇ ਕੀਤੇ। ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੋਰ ਵੀ ਸਾਹਿਤਕ ਸਿਰਜਣਾ ਕਰਦੇ ਰਹੋ ਅਤੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦੇ ਰਹੋ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5513)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)