“ਸਦਕੇ ਜਾਈਏ ਬਲਬੀਰ ਸਿੰਘ ਦੇ, ਇੰਨਾ ਸ਼ਾਂਤ ਸੁਭਾਅ! ਕਿਸੇ ਵੀ ਕਿਸਮ ਦੀ ਹਊਮੈ ਤੋਂ ਰਹਿਤ ...”
(27 ਮਾਰਚ 2021)
(ਸ਼ਬਦ 12200)
ਹਾਕੀ ਜਗਤ ਦਾ ਮਹਾਨ ਖਿਡਾਰੀ ਬਲਬੀਰ ਸਿੰਘ 25 ਮਈ 2020 ਨੂੰ ਸਾਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਦੇ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਹ ਮੁਲਾਕਾਤ ਉਨ੍ਹਾਂ ਨਾਲ ਕੁਝ ਸਮਾਂ ਪਹਿਲਾਂ ਕੀਤੀ ਗਈ ਸੀ। ਇਸ ਮੁਲਾਕਾਤ ਵਿੱਚ ਖੇਡ ਜਗਤ ਬਾਰੇ ਬਹੁਤ ਸਾਰੀ ਅਣਮੁੱਲੀ ਅਤੇ ਨਵੀਂ ਜਾਣਕਾਰੀ ਮਿਲ਼ੀ, ਜਿਸ ਤੋਂ ਅਸੀਂ ਪਹਿਲਾਂ ਜਾਣੂ ਨਹੀਂ ਸੀ। ਅਸੀਂ ਖੇਡਾਂ ਦੀ ਦੁਨੀਆਂ ਦੇ ਮਹਾਨ ਖਿਡਾਰੀ ਸ੍ਰ. ਬਲਬੀਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਪਾਠਕਾਂ ਨੂੰ ਬੇਨਤੀ ਹੈ ਕਿ ‘ਹੈ’ ਦੀ ਥਾਂ ‘ਸੀ’ ਪੜ੍ਹਿਆ ਜਾਵੇ।
ਹਾਕੀ ਜਗਤ ਦੇ ਚੱਲਦੇ ਫਿਰਦੇ ਇਤਿਹਾਸ, ਸ੍ਰ. ਬਲਬੀਰ ਸਿੰਘ ਦੁਨੀਆਂ ਵਿੱਚ ਕਿਧਰੇ ਵੀ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ, ਜਿਸ ਨੇ ਧਿਆਨ ਚੰਦ ਤੋਂ ਬਾਅਦ ਹਾਕੀ ਜਗਤ ਵਿੱਚ ਦੁਨੀਆਂ ਭਰ ਵਿੱਚ ਇੰਡੀਆ ਦੀ ਪਹਿਚਾਣ ਬਣਾਈ ਰੱਖਣ ਲਈ ਅਨੇਕਾਂ ਮਾਅਰਕੇ ਮਾਰੇ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਧਿਆਨ ਚੰਦ ਅੰਗਰੇਜ਼ਾਂ ਦੇ ਸਮੇਂ ਭਾਰਤ ਲਈ ਖੇਡਿਆ ਅਤੇ ਬਲਬੀਰ ਸਿੰਘ ਆਜ਼ਾਦ ਭਾਰਤ ਲਈ। ਸਕੂਲ ਵਿੱਚ ਪੜ੍ਹਦਿਆਂ ਬਲਬੀਰ ਸਿੰਘ ਨੇ ਧਿਆਨ ਚੰਦ ਨਾਂਅ ਸੁਣਿਆ ਸੀ, ਉਸ ਦੀ ਹਾਕੀ ਬਾਰੇ ਜਾਦੂਗਰੀ ਦੇ ਕਿੱਸੇ ਸੁਣੇ ਸਨ। ਧਿਆਨ ਚੰਦ ਦੀ ਹਾਕੀ ਖੇਡਣ ਦੀ ਇੱਕ ਫਿਲਮ ਬਰਲਿਨ ਓਲੰਪਿਕ 1936 ਦੀਆਂ ਝਾਕੀਆਂ ਵੀ ਦੇਖੀਆਂ ਸਨ ਕਿ ਕਿਵੇਂ ਧਿਆਨ ਚੰਦ ਗੋਲ ’ਤੇ ਗੋਲ ਕਰੀ ਜਾ ਰਿਹਾ ਸੀ। ਇਸਦਾ ਬਲਬੀਰ ਸਿੰਘ ਦੇ ਬਾਲ-ਮਨ ’ਤੇ ਅਮਿੱਟ ਪ੍ਰਭਾਵ ਪਿਆ। ਬਲਬੀਰ ਸਿੰਘ ਨੇ ਧਿਆਨ ਚੰਦ ਨੂੰ ਰੋਲ ਮਾਡਲ ਮੰਨ ਕੇ ਇਹ ਧਾਰ ਲਿਆ ਕਿ ਉਹਦੇ ਵਰਗਾ ਸੈਂਟਰ ਫਾਰਵਰਡ ਬਣਨਾ ਹੈ। ਸਬੱਬ ਦੀ ਗੱਲ ਇਹ ਕਿ ਦੋਹਾਂ ਖਿਡਾਰੀਆਂ ਨੇ ਤਿੰਨ ਤਿੰਨ ਓਲੰਪਿਕ ਗੋਲਡ ਮੈਡਲ ਜਿੱਤੇ। ਦੋਵੇਂ ਹੀ ਭਾਰਤੀ ਹਾਕੀ ਟੀਮਾਂ ਦੇ ਕਪਤਾਨ ਬਣੇ ਅਤੇ ਦੋਵੇਂ ਸੈਂਟਰ ਫਾਰਵਰਡ ਖੇਡੇ। ਦੋਹਾਂ ਨੇ ਸਭ ਤੋਂ ਵੱਧ ਗੋਲ ਕਰਨ ਦੇ ਰਿਕਰਡ ਵੀ ਰੱਖੇ। ਪਰ ਓਲੰਪਿਕ ਖੇਡਾਂ ਦੇ ਫਾਇਨਲ ਮੈਚ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਪਿਛਲੇ ਛੇ ਦਹਾਕਿਆਂ ਤੋਂ ਬਲਬੀਰ ਸਿੰਘ ਦੇ ਹੀ ਨਾਂਅ ਬੋਲਦਾ ਹੈ। ਇਸੇ ਕਰਕੇ ਜਗਤ ਵਿੱਚ ਉਸ ਨੂੰ ਗੋਲਡਨ ਹੈਟਟ੍ਰਿਕ ਵਾਲਾ ਬਲਬੀਰ ਸਿੰਘ ਵੀ ਕਹਿੰਦੇ ਹਨ।
ਮੋਗੇ ਸ਼ਹਿਰ ਨਾਲ ਬਲਬੀਰ ਸਿੰਘ ਦਾ ਖ਼ਾਸ ਪਿਆਰ ਹੈ ਕਿਉਂਕਿ ਮੋਗੇ ਤੋਂ ਹੀ ਹਾਕੀ ਨਾਲ ਬਲਬੀਰ ਸਿੰਘ ਨੂੰ ਐਸਾ ਇਸ਼ਕ ਹੋਇਆ ਕਿ ਜਿਸ ਨੇ ਬਲਬੀਰ ਸਿੰਘ ਦੀ ਜ਼ਿੰਦਗੀ ਹੀ ਬਦਲ ਦਿੱਤੀ। ਨਾਲੇ ਜਿੱਥੇ ਕਿਸੇ ਇਨਸਾਨ ਦਾ ਬਚਪਨ ਗੁਜ਼ਰਿਆ ਹੋਵੇ ਉਸ ਮਿੱਟੀ ਨੂੰ ਉਹ ਕਿਵੇਂ ਭੁੱਲ ਸਕਦਾ। ਉਸ ਥਾਂ ਨਾਲ ਪਿਆਰ ਹੋਣਾ ਕੁਦਰਤੀ ਹੈ। ਬਲਬੀਰ ਸਿੰਘ ਦਾ ਮੰਨਣਾ ਹੈ ਕਿ ਮੋਗੇ ਪੜ੍ਹਦਿਆਂ ਬਾਰ੍ਹਵੀਂ ਜਮਾਤ ਵਿੱਚੋਂ ਫੇਲ ਹੋਣਾ ਵੀ ‘ਕੁੱਬੇ ਦੇ ਮਾਰੀ ਲੱਤ, ਕੁੱਬੇ ਦੇ ਆਈ ਰਾਸ’ ਵਾਲੀ ਹੋਈ। ਬਲਬੀਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੈਂ ਬਾਰ੍ਹਵੀਂ ਵਿੱਚੋਂ ਫੇਲ ਨਾ ਹੁੰਦਾ ਤਾਂ ਮੈਂ ਹਾਕੀ ਨਹੀਂ ਸੀ ਖੇਡ ਸਕਣਾ। ਫੇਲ ਹੋਣ ਤੋਂ ਬਾਅਦ ਉਨ੍ਹਾਂ ਦਾ ਮਸੇਰ ਭਰਾ ਦਰਸ਼ਣ ਸਿੰਘ ਢੇਸੀ ਅਤੇ ਇੱਕ ਹੋਰ ਦੋਸਤ ਰਣਜੀਤ ਸਿੰਘ ਉਨ੍ਹਾਂ ਨੂੰ ਖ਼ਲਸਾ ਕਾਲਜ ਅੰਮ੍ਰਿਤਸਰ ਲੈ ਕੇ ਗਏ, ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਹਾਕੀ ਕੋਚ ਸ੍ਰ. ਹਰਬੇਲ ਸਿੰਘ ਨੂੰ ਮਿਲਾਇਆ। ਹਰਬੇਲ ਸਿੰਘ ਨੇ ਬਲਬੀਰ ਸਿੰਘ ਦਾ ਟੈਲਿੰਟ ਤਾਂ ਦੇਖ ਲਿਆ ਪਰ ਕਿਹਾ ਕਿ ਬਲਬੀਰ ਸਿੰਘ ਨੂੰ ਸਾਡੀ ਟੀਮ ਵਿੱਚ ਖੇਡਣ ਲਈ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ, ਅਗਲੇ ਸਾਲ ਦੇਖਾਂਗੇ। ਇਸ ਤਰ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਨਾ ਮਿਲਿਆ।
ਇੱਥੋਂ ਇਹ ਪਿੱਛੇ ਮੋਗੇ ਨੂੰ ਮੁੜਨ ਦੀ ਬਜਾਏ ਸਿੱਖ ਨੈਸ਼ਨਲ ਕਾਲਜ ਲਾਹੌਰ ਚਲੇ ਗਏ। ਉੱਥੇ ਦਾਖ਼ਲਾ ਮਿਲ ਗਿਆ। ਸਿੱਖ ਨੈਸ਼ਨਲ ਕਾਲਜ ਦੀ ਹਾਕੀ ਟੀਮ ਵਿੱਚ ਚੁਣਿਆ ਗਿਆ ਤੇ ਸੈਂਟਰਲ ਫਾਰਵਰਡ ਖੇਡਣ ਲੱਗਾ ਅਤੇ ਗੋਲ ਕਰਨ ਲੱਗਾ। ਟੀਮ ਦੀਆਂ ਜਿੱਤਾਂ ਨਾਲ ਬਲਬੀਰ ਸਿੰਘ ਦਾ ਮਾਣ ਵਧ ਗਿਆ। ਉੱਥੇ ਹੀ ਐੱਫ. ਏ. ਵਿੱਚੋਂ ਪਾਸ ਹੋਣ ਦਾ ਚੈਲਿੰਜ ਵੀ ਪਿੰਡ ਨੱਥੂ ਵਾਲਾ ਜਦੀਦ ਦੇ ਵਿਦਿਆਰਥੀ ਕਿਰਪਾਲ ਸਿੰਘ ਗਿੱਲ, ਜੋ ਐੱਮ. ਐੱਸਸੀ. ਕਰ ਰਿਹਾ, ਦੇ ਉਤਸ਼ਾਹਿਤ ਕਰਨ, ਸੁਝਾਓ ਦੇਣ ਅਤੇ ਮਦਦ ਕਰਨ ਨਾਲ ਚੰਗੇ ਨੰਬਰਾਂ ਨਾਲ ਪਾਸ ਕਰ ਲਿਆ। ਇੱਧਰ ਫੇਰ ਹਰਬੇਲ ਸਿੰਘ ਵੀ ਬਲਬੀਰ ਸਿੰਘ ਨੂੰ ਆਪਣੀ ਟੀਮ ਵਿੱਚ ਲਿਆਉਣ ਲਈ ਤਰਲੋ-ਮੱਛੀ ਹੋਣ ਲੱਗਾ। ਅਖ਼ੀਰ ਖ਼ਾਲਸਾ ਕਾਲਜ ਅੰਮ੍ਰਿਤਸਰ ਲੈ ਗਿਆ। ਇੱਥੇ ਕੋਚ ਹਰਬੇਲ ਸਿੰਘ ਦੀ ਕੋਚਿੰਗ ਨੇ ਬਲਬੀਰ ਸਿੰਘ ਲਈ ਹਾਕੀ ਦੀ ਦੁਨੀਆ ਮਹਾਨ ਖਿਡਾਰੀ ਬਣਨ ਦੇ ਸਾਰੇ ਰਾਹ ਖੋਲ੍ਹ ਦਿੱਤੇ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਮੇਰੀ ਜ਼ਿੰਦਗੀ ਵਿੱਚ ਮੇਰੇ ਮਾਤਾ ਪਿਤਾ, ਮੇਰੀ ਸੁਪਤਨੀ ਸੁਸ਼ੀਲ ਕੌਰ, ਮੇਰੇ ਅਧਿਆਪਕਾਂ, ਮੇਰੇ ਮਸੇਰ ਭਰਾ ਦਰਸ਼ਣ ਸਿੰਘ ਢੇਸੀ, ਮੇਰੇ ਹੋਰ ਮਿੱਤਰਾਂ ਦੋਸਤਾਂ ਦਾ ਹੱਥ ਹੈ ਉੱਥੇ ਕੋਚ ਹਰਬੇਲ ਸਿੰਘ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਸ੍ਰ. ਬਲਬੀਰ ਸਿੰਘ ਸੀਨੀਅਰ, ਰਿਟਾਇਰ ਹੋਣ ਤੋਂ ਬਾਅਦ ਕੁਝ ਸਮਾਂ ਆਪਣੇ ਬੱਚਿਆਂ ਕੋਲ ਬੀ. ਸੀ. ਦੇ ਸ਼ਹਿਰ ਬਰਨਬੀ, ਕੈਨੇਡਾ ਵਿੱਚ ਆ ਜਾਂਦੇ, ਕੁਝ ਸਮਾਂ ਆਪਣੀ ਲੜਕੀ ਸ਼ੁਸ਼ਬੀਰ ਕੌਰ ਕੋਲ ਚੰਡੀਗੜ੍ਹ ਰਹਿੰਦੇ ਹਨ। ਪਰ ਹੁਣ ਉਹ ਅੱਜ ਕੱਲ੍ਹ ਚੰਡੀਗੜ੍ਹ ਆਪਣੀ ਲੜਕੀ ਸ਼ੁਸ਼ਬੀਰ ਕੌਰ ਅਤੇ ਦੋਹਤੇ ਕਬੀਰ ਸਿੰਘ ਕੋਲ ਚੰਡੀਗੜ੍ਹ ਵਿੱਚ ਰਹਿ ਰਹੇ ਹਨ। ਜੋ ਗੱਲਬਾਤ ਉਨ੍ਹਾਂ ਨਾਲ ਹੋਈ ਉਸ ਤੋਂ ਉਨ੍ਹਾਂ ਦੇ ਜ਼ਿੰਦਗੀ ਭਰ ਦੇ ਤਜਰਬੇ ਤੋਂ ਇਕੱਲੇ ਹਾਕੀ ਪ੍ਰੇਮੀਆਂ ਲਈ ਨਹੀਂ, ਇੱਕ ਆਮ ਇਨਸਾਨ ਦੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸ. ਬਲਬੀਰ ਸਿੰਘ ਨੂੰ ਨੇੜੇ ਹੋ ਕੇ ਦੇਖਿਆ। ਬਲਬੀਰ ਸਿੰਘ ਇੱਕ ਲੰਬਾ, ਪਤਲਾ ਤੇ ਗੋਰੇ ਰੰਗ ਦਾ ਫਿਫਟੀ ਬੰਨ੍ਹ ਕੇ ਉਨਾਭੀ ਰੰਗ ਦੀ ਬੜੇ ਸਲੀਕੇ ਨਾਲ ਬੰਨ੍ਹੀ ਪੱਗ ਤੇ ਚਿੱਟੀ ਦਾਹੜੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਜਾਲ਼ੀ ਪਾ ਕੇ ਇੱਕ ਫ਼ੌਜੀ ਦੀ ਤਰ੍ਹਾਂ ਤਿਆਰ-ਪਰ ਤਿਆਰ ਟਰੈਕ ਸੂਟ ਪਾ ਕੇ ਬੈਠਾ ਸੀ। ਉਹ ਫਰਿਸ਼ਤਿਆਂ ਵਰਗਾ ਇਨਸਾਨ ਹੈ, ਜਿਸ ਨੂੰ ਮਿਲ ਕੇ ਦਿਲ ਕਰਦਾ ਕਿ ਦਿਨ ਰਾਤ ਗੱਲਾਂ ਕਰੀ ਜਾਈਏ। 5 ਫੁੱਟ 10 ਇੰਚ ਲੰਬਾ ਕੱਦ ਤੇ ਤਕਰੀਬਨ 70 ਕਿਲੋ ਭਾਰ, ਮੈਂਨੂੰ ਲੱਗਾ ਕਿ ਜਿਵੇਂ ਹੁਣੇ ਹੀ ਪ੍ਰੈਕਟਿਸ ਕਰਨ ਜਾਣ ਦੀ ਤਿਆਰੀ ਵਿੱਚ ਬੈਠਾ ਹੈ। ਉਨ੍ਹਾਂ ਦੇ ਚਿਹਰੇ ਅਤੇ ਗੱਲਬਾਤ ਤੋਂ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਜਾਪਦਾ ਹੈ।
ਸਹਿਣਸ਼ੀਲ ਇੰਨਾ ਹੈ ਕਿ ਉਸਨੇ ਆਪਣੇ ਨਾਲ ਹੋਈ ਕਿਸੇ ਵੀ ਵਧੀਕੀ ਨੂੰ ਵੀ ਕਦੇ ਕ੍ਰੋਧ ਵਿੱਚ ਆ ਕੇ ਬਦਲਾ ਲਊ ਭਾਵਨਾ ਨਾਲ ਕਦੇ ਨਹੀਂ ਲਿਆ। ਕਿਸੇ ਹੋਰ ਖਿਡਾਰੀ ਨਾਲ ਇਹੋ ਜਿਹੀ ਵਧੀਕੀ ਹੁੰਦੀ ਤਾਂ ਮੇਰਾ ਖ਼ਿਆਲ ਹੈ ਕਿ ਉਹ ਹਾਕੀ ਮੈਦਾਨ ਵਿੱਚ ਸੁੱਟ ਕੇ ਘਰ ਨੂੰ ਆ ਜਾਂਦਾ। ਪਰ ਸਦਕੇ ਜਾਈਏ ਬਲਬੀਰ ਸਿੰਘ ਦੇ, ਇੰਨਾ ਸ਼ਾਂਤ ਸੁਭਾਅ! ਕਿਸੇ ਵੀ ਕਿਸਮ ਦੀ ਹਊਮੈ ਤੋਂ ਰਹਿਤ, ਇੰਨੀ ਹਲੀਮੀ ਵਾਲਾ ਇਨਸਾਨ! ਤਿੰਨ ਵਾਰ (1948, 1952, 1956) ਭਾਰਤੀ ਹਾਕੀ ਲਈ ਓਲੰਪਿਕ ਖੇਡਾਂ ਵਿੱਚੋਂ ਗੋਲਡ ਮੈਡਲ ਲੈ ਕੇ ਕਹਿ ਰਿਹਾ ਕਿ ਇਹਦੇ ਵਿੱਚ ਇਹ ਸਾਰਾ ਕੰਮ ਮੇਰੀ ਟੀਮ ਦਾ ਹੀ ਹੈ। ਭਾਰਤੀ ਖਿਡਾਰੀਆਂ ਵਿੱਚੋਂ ਸਭ ਤੋਂ ਪਹਿਲਾਂ ਬਲਬੀਰ ਸਿੰਘ ਨੂੰ 1957 ਵਿੱਚ ਪਦਮ ਸ਼੍ਰੀ ਦਾ ਐਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ। ਇਹ ਆਮ ਦੇਖਿਆ ਗਿਆ ਹੈ ਕਿ ਖੇਡਦਿਆਂ ਵਿਰੋਧੀ ਟੀਮ ਨੂੰ ਧੱਕਾ-ਮੁੱਕੀ ਜਾਂ ਹਾਕੀ ਫਸਾ ਕੇ ਸੁੱਟ ਦੇਣਾ ਜਾਂ ਫੇਰ ਕਿਸੇ ਹੱਥੋਂ ਹਾਕੀ ਦਾ ਡਿਗ ਪੈਣਾ ਆਮ ਗੱਲ ਹੈ। ਪਰ ਬਲਬੀਰ ਸਿੰਘ ਇਸਦੇ ਉਲਟ ਰਿਹਾ, ਜੇਕਰ ਕੋਈ ਖਿਡਾਰੀ ਡਿਗ ਪਿਆ ਜਾਂ ਉਹਦੀ ਹਾਕੀ ਡਿਗ ਪਈ, ਉਸ ਦੀ ਮਦਦ ਕਰਕੇ ਉਸ ਨੂੰ ਪਿਆਰ ਨਾਲ ਉੱਠਾ ਕੇ ਹਾਕੀ ਉਸ ਦੇ ਹੱਥ ਵਿੱਚ ਦੇ ਕੇ ਖੇਡ ਚਾਲੂ ਰੱਖੀ। ਇਸੇ ਕਰਕੇ ਬਲਬੀਰ ਸਿੰਘ ਨੂੰ ਖੇਡਦਿਆਂ ਕਦੇ ਵੀ ਰੈੱਡ ਜਾਂ ਯੈਲੋ ਕਾਰਡ ਨਹੀਂ ਮਿਲ਼ਿਆ ਸਗੋਂ ਸਰਬੋਤਮ ਖਿਡਾਰੀ ਦਾ ਇਨਾਮ ਮਿਲ਼ਿਆ। ਇਸ ਉਮਰ ਵਿੱਚ ਵੀ ਹਾਕੀ ਪ੍ਰੇਮੀਆਂ ਨੂੰ ਹਾਕੀ ਦੇ ਗੁੱਝੇ ਦਾਅ ਦੱਸਣ ਲਈ ਤਿਆਰ ਪਰ ਤਿਆਰ ਰਹਿੰਦਾ ਹੈ। ਬਲਬੀਰ ਸਿੰਘ ਨੇ ਦੋ ਕਿਤਾਬਾਂ ਲਿਖ ਕੇ (ਗੋਲਡਨ ਹੈਟ ਟ੍ਰਿੱਕ, ਗੋਲਡਨ ਯਾਰਡ ਸਟਿੱਕ) ਖਿਡਾਰੀਆਂ ਲਈ ਅਣਮੁੱਲਾ ਤੋਹਫ਼ਾ ਦਿੱਤਾ ਜਿਸ ਤੋਂ ਬਹੁਤ ਸਾਰੇ ਖਿਡਾਰੀਆਂ ਅਤੇ ਕੋਚਾਂ ਨੇ ਲਾਹਾ ਲਿਆ। ਹਾਕੀ ਖਿਡਾਰੀਆਂ ਨੂੰ, ਹਾਕੀ ਪ੍ਰੇਮੀਆਂ ਅਤੇ ਦ੍ਰਸ਼ਕਾਂ ਨੂੰ ਹਮੇਸ਼ਾ ਗਿਲਾ ਰਹੇਗਾ ਕਿ ਜਿੰਨੀ ਕਦਰ ਸਾਨੂੰ ਇਸ ਹੀਰੇ ਦੀ ਕਰਨੀ ਚਾਹੀਦੀ ਅਸੀਂ ਨਹੀਂ ਕੀਤੀ। ਨਾ ਹੀ ਭਾਰਤ ਸਰਕਾਰ ਨੇ ਅਤੇ ਨਾ ਹੀ ਪੰਜਾਬ ਸਰਕਾਰ ਨੇ। ਜਿੰਨਾ ਫਾਇਦਾ ਭਾਰਤੀ ਟੀਮ ਨੂੰ ਇਸ ਵਿਅਕਤੀ ਦੇ ਤਜਰਬੇ ਤੋਂ ਲੈਣਾ ਚਾਹੀਦਾ ਸੀ, ਉਹ ਨਹੀਂ ਲਿਆ ਗਿਆ। ਪਰ ਇਸ ਦਰਵੇਸ਼ ਸ਼ਖ਼ਸੀਅਤ ਨੂੰ ਕਿਸੇ ਉੱਤੇ ਕਿਸੇ ਕਿਸਮ ਦਾ ਕੋਈ ਗਿਲਾ ਸ਼ਿਕਵਾ ਨਹੀਂ।
ਬਲਬੀਰ ਸਿੰਘ ਨੂੰ ਪੰਜਾਬ ਖੇਡ ਵਿਭਾਗ ਦਾ ਬਾਨੀ ਕਿਹਾ ਜਾਂਦਾ ਹੈ। ਉਹਨੇ ਭਾਵੇਂ ਸਾਰੀ ਉਮਰ ਹਾਕੀ ਦੀ ਖੇਡ ਨੂੰ ਪਿਆਰ ਕੀਤਾ ਪਰ ਪੰਜਾਬ ਖੇਡ ਡਾਇਰੈਕਟਰ ਹੁੰਦਿਆਂ ਦੂਜੀਆਂ ਸਾਰੀਆਂ ਖੇਡਾਂ ਦੇ ਫੰਡਾਂ ਵਿੱਚ ਕਦੇ ਕੋਈ ਵਿਤਕਰਾ ਨਹੀਂ ਸੀ ਕੀਤਾ। ਬਲਬੀਰ ਸਿੰਘ ਨੇ ਇਹ ਵੀ ਦੱਸਿਆ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਅਣਮੁੱਲੀ ਪੂੰਜੀ (ਆਪਣੇ ਮੈਡਲ, ਫੋਟੋ ਅਤੇ ਹੋਰ ਖੇਡ ਨਿਸ਼ਾਨੀਆਂ) ਸਪੋਰਟਸ ਅਥੌਰਟੀ ਆਫ ਇੰਡੀਆ (ਸਾਈ) ਨੂੰ ਮਿਊਜ਼ੀਅਮ ਵਿੱਚ ਰੱਖਣ ਲਈ ਦਿੱਤੇ ਸਨ ਤਾਂ ਕਿ ਇਨ੍ਹਾਂ ਨੂੰ ਦੇਖ ਕੇ ਨਵੀਂ ਪੀੜ੍ਹੀ ਖੇਡਾਂ ਵੱਲ ਉਤਸ਼ਾਹਿਤ ਹੋਵੇਗੀ। ਪਰ ਇਸ ਸੰਸਥਾ ਨੇ ਪਤਾ ਨਹੀਂ ਕਿਉਂ ਇਹ ਸਭ ਕੁਝ ਗੁੰਮ ਕਰ ਦਿੱਤਾ। ਇਸਦਾ ਦੁੱਖ ਤਾਂ ਬਲਬੀਰ ਸਿੰਘ ਹੀ ਜਾਣਦਾ ਹੈ! ਉਸਦਾ ਮੰਨਣਾ ਹੈ ਕਿ ਭਾਵੇਂ ਸਿਆਸੀ ਚਾਲਾਂ ਕਰਕੇ ਮੇਰੇ ਸੁਪਨੇ ਪੂਰੇ ਨਹੀਂ ਹੋਏ ਪਰ ਇਸ ਦੁੱਖ ਨਾਲੋਂ ਹਾਕੀ ਐਸੋਸੀਏਸ਼ਨ ਦੀ ਫੁੱਟ ਕਰਕੇ ਸਭ ਤੋਂ ਵੱਧ ਦੁੱਖ ਉਸ ਨੂੰ ਭਾਰਤੀ ਝੋਲੀ ਵਿੱਚੋਂ ਓਲੰਪਿਕ ਦੇ ਗੋਲਡ ਮੈਡਲਾਂ ਦੇ ਗੁੰਮ ਹੋਣ ਦਾ ਨਜ਼ਰ ਆਉਂਦਾ ਹੈ। ਹਾਂ, 2012 ਵਿੱਚ ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਨੇ ਲੰਡਨ ਦੀਆਂ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਦਾ 16 ਆਈਕੌਨਿਕ ਓਲੰਪੀਅਨਾਂ, ਜਿਨ੍ਹਾਂ ਵਿੱਚ ਅੱਠ ਇਸਤਰੀਆਂ ਅਤੇ ਅੱਠ ਪੁਰਸ਼ਾਂ ਨੂੰ ਚੁਣਿਆ ਗਿਆ ਸੀ- ਭਾਰਤ ਵਿੱਚੋਂ ਇੱਕੋ ਇੱਕ ਖਿਡਾਰੀ ਸ੍ਰ. ਬਲਬੀਰ ਸਿੰਘ ਹੀ ਹੈ ਜਿਸ ਨੂੰ ਓਲੰਪਿਕ ਰਤਨ ਮੰਨ ਕੇ ਸਨਮਾਨਿਤ ਕੀਤਾ। ਸਾਰੀ ਦੁਨੀਆ ਉਨ੍ਹਾਂ ਨੂੰ ਭਾਰਤ ਰਤਨ ਮੰਨਦੀ ਹੈ, ਪਰ ਭਾਰਤ ਸਰਕਾਰ ਬਲਬੀਰ ਸਿੰਘ ਨੂੰ ਭਾਰਤ ਰਤਨ ਮੰਨਣ ਨੂੰ ਪਤਾ ਨਹੀਂ ਕਿਹੜੀ ਮੁਸ਼ਕਲ ਆ ਰਹੀ ਹੈ!
ਆਓ ਤੁਹਾਨੂੰ ਮਿਲਾਈਏ ਭਾਰਤੀ ਹਾਕੀ ਦੇ ਗੋਲ ਕਿੰਗ, ਮਹਾਨ ਭਾਰਤੀ ਹੀਰੇ ਤੇ ਪੰਜਾਬੀਆਂ ਦੇ ਮਾਣ, ਓਲੰਪੀਅਨ ਗੋਲਡ ਮੈਡਲਿਸਟ ਸ੍ਰ. ਬਲਬੀਰ ਸਿੰਘ ਦੋਸਾਂਝ ਜੀ ਨਾਲ।
ਖੇਡਣ ਮੱਲਣ ਦੇ ਦਿਨ
? ਬਲਬੀਰ ਸਿੰਘ ਜੀ, ਪਾਠਕ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਵੀ ਜਾਣਨਾ ਚਾਹੁਣਗੇ। ਭਾਵ (ਤੁਹਾਡਾ ਜਨਮ ਅਸਥਾਨ, ਮਾਤਾ ਪਿਤਾ, ਭੈਣ-ਭਰਾ) ਵਿੱਦਿਆ ਵਗੈਰਾ। ਬਹੁਤ ਸਾਰੇ ਲੋਕ ਤੁਹਾਨੂੰ ਮੋਗੇ ਵਾਲਾ ਬਲਬੀਰ ਸਿੰਘ ਕਹਿੰਦੇ ਹਨ ਤੇ ਕਈ ਤੁਹਾਨੂੰ ਹਾਕੀ ਦੀ ਨਰਸਰੀ, ਸੰਸਾਰਪੁਰ ਵਾਲਾ ਬਲਬੀਰ ਸਿੰਘ ਸਮਝਦੇ ਹਨ। ਇਹਦੇ ਬਾਰੇ ਦੱਸੋ?
: ਸਤਨਾਮ ਸਿੰਘ ਜੀ, ਤੁਸੀਂ ਇਕੱਠੀ ਹੀ ਬੜੀ ਲੰਬੀ ਸਟੋਰੀ ਪੁੱਛ ਲਈ, ਖੈਰ ਮੈਂ ਇਸਦਾ ਜਵਾਬ ਥੋੜ੍ਹਾ ਸੰਖੇਪ ਕਰਕੇ ਦੇਣ ਦੀ ਕੋਸ਼ਿਸ਼ ਕਰਾਂਗਾ। ਪਹਿਲਾਂ ਤਾਂ ਮੈਂ ਤੁਹਾਡੇ ਸਵਾਲ ਦੇ ਦੂਜੇ ਹਿੱਸੇ ਦਾ ਜਵਾਬ ਦੇਵਾਂ, ਮੇਰਾ ਪਿੰਡ ਪੁਆਦੜਾ, ਜ਼ਿਲ੍ਹਾ ਜਲੰਧਰ, ਪਿਤਾ ਸਰਦਾਰ ਦਲੀਪ ਸਿੰਘ ਅਤੇ ਮਾਤਾ ਸਰਦਾਰਨੀ ਕਰਮ ਕੌਰ, ਜੋ ਸੁਤੰਤਰਤਾ ਸੰਗ੍ਰਾਮੀ ਸਨ। ਮੇਰਾ ਜਨਮ, ਪਿੰਡ ਹਰੀਪੁਰ ਮੇਰੇ ਨਾਨਕੇ ਘਰ ਅਕਤੂਬਰ 10, 1924 ਵਿੱਚ ਹੋਇਆ। ਉਂਝ ਮੈਂ ਆਪਣੇ ਬਚਪਨ ਵਿੱਚ ਬਹੁਤਾ ਸਮਾਂ ਆਪਣੇ ਨਾਨਕੀਂ ਹੀ ਰਿਹਾਂ ਕਿਉਂਕਿ ਪਿਤਾ ਜੀ ਤਾਂ ਬਹੁਤਾ ਸਮਾਂ ਜੇਲਾਂ ਵਿੱਚ ਹੀ ਰਹਿੰਦੇ ਸਨ। ਕਦੇ ਆ ਗਏ, ਕਦੇ ਚਲੇ ਗਏ। ਹਰੀਪੁਰ ਖ਼ਾਲਸਾ ਤੁਹਾਡੇ ਪਿੰਡਾਂ ਦੇ ਨੇੜੇ ਹੀ ਹੈ, ਸ਼ਾਇਦ ਤੁਸੀਂ ਦੇਖਿਆ ਵੀ ਹੋਵੇਗਾ। ਫ਼ਿਲੌਰ ਤੋਂ ਨੂਰਮਹਿਲ ਵੱਲ ਨੂੰ ਜਾਂਦਿਆਂ ਸੜਕ ਤੋਂ ਤਿੰਨ ਕੁ ਕਿਲੋਮੀਟਰ ’ਤੇ ਹੈ। ਮੇਰੀ ਇੱਕ ਭੈਣ ਸੀ ਜੋ ਕਿ ਤਿੰਨਾਂ ਸਾਲਾਂ ਦੀ ਉਮਰ ਵਿੱਚ ਨਮੂਨੀਏ ਨਾਲ ਬਿਮਾਰ ਹੋ ਕੇ ਗੁਜ਼ਰ ਗਈ ਸੀ। ਪਰ ਖੁਸ਼ਕਿਸਮਤੀ ਨਾਲ ਮੇਰੇ ਮਾਮਾ ਜੀ ਦੀਆਂ ਤਿੰਨ ਲੜਕੀਆਂ, ਮੇਰੀ ਮਾਸੀ ਜੀ ਦੀ ਇੱਕ ਬੇਟੀ ਅਤੇ ਬੇਟਾ, ਮੇਰੇ ਤਾਇਆ ਜੀ ਦੇ ਵੱਡੇ ਬੇਟਾ, ਬੇਟੀ ਨੂੰ (ਜਦੋਂ ਪਿਤਾ ਜੀ ਸਿਆਸਤ ਛੱਡ ਕੇ ਮੋਗੇ ਆ ਕੇ ਟੀਚਰ ਲੱਗ ਗਏ ਸਨ) ਮੇਰੇ ਪਿਤਾ ਜੀ ਨੇ ਆਪਣੇ ਕੋਲ ਲਿਆ ਕੇ ਰੱਖਿਆ ਤੇ ਪੜ੍ਹਾਇਆ। ਸਾਡਾ ਸਾਰਿਆਂ ਦਾ ਪਿਆਰ ਸਕੇ ਭੈਣਾਂ-ਭਰਾਵਾਂ ਨਾਲੋਂ ਵੀ ਵੱਧ ਹੈ। ਬਹੁਤੇ ਲੋਕਾਂ ਦਾ ਖ਼ਿਆਲ ਸੀ ਕਿ ਮੇਰੇ ਪਿਤਾ ਜੀ ਦਾ ਪਰਿਵਾਰ ਬਹੁਤ ਵੱਡਾ ਹੈ। ਅਸਲ ਵਿੱਚ ਮੇਰੇ ਪਿਤਾ ਜੀ ਸੁਧਾਰਵਾਦੀ ਸਨ, ਉਨ੍ਹਾਂ ਨੇ ਲੜਕੀਆਂ ਨੂੰ ਐਜੂਕੇਸ਼ਨ ਨਾ ਦੇਣ ਤੇ ਹੋਰ ਬੁਰਾਈਆਂ ਖ਼ਿਲਾਫ਼ ਕਾਫ਼ੀ ਅਵਾਜ਼ ਉਠਾਈ ਤੇ ਵਧ ਚੜ੍ਹ ਕੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਕੀਤਾ। ਉਨ੍ਹਾਂ ਦੀ ਦਿਲੀ ਖਾਹਿਸ਼ ਸੀ ਕਿ ਐਜੂਕੇਸ਼ਨ ਨਾਲ ਸਾਰੀਆਂ ਤਬਦੀਲੀਆਂ ਆਉਣ ਤੇ ਲੋਕਾਂ ਵਿੱਚ ਕ੍ਰਾਂਤੀ ਆਵੇ।
ਬਾਕੀ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਹਾਕੀ ਸੰਸਾਰਪੁਰ ਨਾਲ ਜੁੜੀ ਕਰਕੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸੰਸਾਰ ਪੁਰ ਲਈ ਪਿਆਰ ਸਤਿਕਾਰ ਦੇ ਨਾਲ ਨਾਲ ਖ਼ਾਸ ਪ੍ਰਭਾਵ ਵੀ ਹੈ। ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਹਾਕੀ ਖਿਡਾਰੀ ਸੰਸਾਰ ਪੁਰ ਦੇ ਅਤੇ ਨਾਲ ਲੱਗਦੇ ਪਿੰਡਾਂ ਤੋਂ ਵੀ ਰਹੇ ਹਨ। ਪਰ ਕਿਉਂਕਿ ਮੇਰੇ ਪਿਤਾ ਜੀ ਦੇਵ ਸਮਾਜ ਸਕੂਲ ਮੋਗਾ ਵਿਖੇ ਅਧਿਆਪਕ ਸਨ, ਸਾਡਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਮੋਗੇ ਹੀ ਸੀ। ਮੈਂਨੂੰ ਆਪਣੇ ਜਨਮ ਦਿਨ ’ਤੇ ਹਾਕੀ ਦਾ ਤੋਹਫ਼ਾ ਮਿਲ਼ਿਆ ਜਿਸ ਨਾਲ ਮੈਂ ਹਾਕੀ ਨਾਲ ਅਤੇ ਹਾਕੀ ਮੇਰੇ ਨਾਲ ਜੁੜੀ। ਇਹ ਮੋਗੇ ਦੀ ਮਿੱਟੀ ਦੀ ਹੀ ਕਰਾਮਾਤ ਹੈ, ਇੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ, ਸਕੂਲ ਗਿਆ ਅਤੇ ਹਾਕੀ ਨਾਲ ਇਸ਼ਕ ਹੋਇਆ। ਇਹ ਹੀ ਮੈਂ ਮੇਰੀ ਜ਼ਿੰਦਗੀ ਦਾ ਟ੍ਰਨਿੰਗ ਪੁਆਂਟ ਹੈ। ਇਸ ਕਰਕੇ ਮੋਗੇ ਦਾ ਨਾਂ ਮੇਰੇ ਨਾਲ ਜੁੜਨਾ ਵੀ ਕੁਦਰਤੀ ਹੈ। ਹੋਰ ਵੀ ਬਲਬੀਰ ਸਿੰਘ ਨਾਂ ਦੇ ਖਿਡਾਰੀ ਹਾਕੀ ਖੇਡਦੇ ਰਹੇ ਹਨ ਪਰ ਮੈਂ ਉਨ੍ਹਾਂ ਨਾਲੋਂ ਉਮਰ ਵਿੱਚ ਵੱਡਾ ਤੇ ਪਹਿਲਾਂ ਖੇਡਦਾ ਕਰਕੇ ਮੈਂਨੂੰ ਬਹੁਤ ਲੋਕ ਬਲਬੀਰ ਸਿੰਘ ਸੀਨੀਅਰ ਕਰਕੇ ਜਾਣਨ ਲੱਗ ਪਏ।
ਯਾਦਾਂ ਦੀ ਗਠੜੀ ਵਿੱਚੋਂ ਕੁਝ
? ਤੁਸੀਂ ਆਪਣੇ ਪਿਤਾ ਜੀ ਬਾਰੇ ਤੇ ਭੈਣ-ਭਰਾਵਾਂ ਬਾਰੇ ਤਾਂ ਦੱਸਿਆ। ਪਰ ਤੁਸੀਂ ਆਪਣੇ ਮਾਤਾ ਜੀ ਦੀ ਕੋਈ ਯਾਦ ਸਾਂਝੀ ਨਹੀਂ ਕੀਤੀ। ਕੀ ਉਨ੍ਹਾਂ ਦੀ ਕੋਈ ਯਾਦ ਇਸ ਵੇਲੇ ਤੁਹਾਡੇ ਦਿਮਾਗ ਵਿੱਚ ਆ ਨਹੀਂ ਰਹੀ? ਮਾਤਾ ਜੀ ਦੀ ਕੋਈ ਯਾਦ ਵੀ ਸਾਂਝੀ ਕਰੋ?
: ਨਹੀਂ ਨਹੀਂ, ਐਹੋ ਜਿਹੀ ਕੋਈ ਗੱਲ ਨਹੀਂ, ਉਨ੍ਹਾਂ ਨਾਲ ਸੰਬੰਧਤ ਤਾਂ ਹਜ਼ਾਰਾਂ ਯਾਦਾਂ ਹੈਨ। ਮੇਰੀ ਮਾਤਾ ਜੀ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਿਤਾ ਜੀ ਤਾਂ ਦੇਸ਼ ਲਈ ਆਜ਼ਾਦੀ ਦੀ ਲੜਾਈ ਵਿੱਚ ਰੁੱਝੇ ਹੋਏ ਸਨ, ਮਾਤਾ ਜੀ ਨੇ ਇਕੱਲਿਆਂ ਨੇ ਘਰ ਦੀ ਦੇਖ-ਭਾਲ ਕਰਨੀ ਤੇ ਅੰਗਰੇਜ਼ ਪੁਲੀਸ ਤੋਂ ਚੁਕੰਨੇ ਰਹਿ ਕੇ ਆਪਣੇ ਪਤੀ ਦਾ ਸਾਥ ਦੇਣਾ ਅਤੇ ਜੰਗੇ ਆਜ਼ਾਦੀ ਲਈ ਪ੍ਰਰੇਣਾ। ਇਹ ਸਭ ਬਹਾਦਰ ਮਾਤਾ ਜੀ ਦਾ ਹੀ ਕੰਮ ਸੀ। ਉਨ੍ਹਾਂ ਨਾਲ ਇੱਕ ਬਹੁਤ ਹੀ ਹਾਸੇ ਦੀ ਯਾਦਦਾਸ਼ਤ ਸਾਂਝੀ ਕਰਦਾ ਹਾਂ। ਜਦੋਂ ਮੇਰੇ ਪਿਤਾ ਜੀ ਮੋਗੇ ਦੇਵ ਸਮਾਜ ਸਕੂਲ ਵਿੱਚ ਆ ਕੇ ਪੜ੍ਹਾਉਣ ਲੱਗੇ ਤਾਂ ਉਨ੍ਹਾਂ ਨੇ ਮੇਰੇ ਮਾਤਾ ਜੀ, ਜੋ ਬਿਲਕੁਲ ਅਨਪੜ੍ਹ ਸਨ, ਨੂੰ ਅੱਠ ਜਮਾਤਾਂ ਤਕ ਘਰੇ ਹੀ ਪੜ੍ਹਾਇਆ। ਇੱਕ ਵਾਰ ਗਰਮੀਆਂ ਦੀਆਂ ਛੱਟੀਆਂ ਵਿੱਚ ਉਨ੍ਹਾਂ ਨੇ ਸਾਡੀਆਂ ਕਲਾਸਾਂ ਘਰ ਹੀ ਲਾ ਲੈਣੀਆਂ। ਇੱਕ ਦਿਨ ਸਾਡੀ ਸਾਰਿਆਂ ਭੈਣ ਭਰਾਵਾਂ ਦੀ ਕਲਾਸ ਲੱਗੀ ਹੋਈ ਸੀ ਤੇ ਪਿਤਾ ਜੀ ਨੇ ਮਾਤਾ ਜੀ ਨੂੰ ਵੀ ਕਿਹਾ ਕਿ ਤੁਸੀਂ ਵੀ ਨਾਲ ਹੀ ਬੈਠ ਜਾਓ। ਜਿਵੇਂ ਤੁਸੀਂ ਆਪ ਜਾਣਦੇ ਹੋ ਕਿ ਛੁੱਟੀਆਂ ਵਿੱਚ ਬੱਚਿਆਂ ਨੂੰ ਤਾਂ ਲਾਲਚ ਸਿਰਫ਼ ਖੇਡਣ ਦਾ ਹੀ ਹੁੰਦਾ ਹੈ, ਪੜ੍ਹਾਈ ਤਾਂ ਬੱਧੇ ਰੁੱਧੇ ਹੀ ਕਰਦੇ ਹਨ। ਉਹ ਗੱਲ ਇਸ ਤਰ੍ਹਾਂ ਹੋਈ ਕਿ ਸਾਨੂੰ ਤਾਂ ਭੁੱਖ ਲੱਗੀ ਹੋਈ ਸੀ ਤੇ ਅਸੀਂ ਮਾਤਾ ਜੀ ਨੂੰ ਇਸ਼ਾਰੇ ਕਰੀਏ ਕੁਝ ਖਾਣ ਲਈ ਬਣਾਓ। ਉੱਧਰ ਪਿਤਾ ਜੀ ਨੇ ਮਾਤਾ ਜੀ ਨੂੰ ਹਿਸਾਬ ਦਾ ਸਵਾਲ ਪਾ ਦਿੱਤਾ ਕਿ ਇੰਨੇ ਘੋੜੇ ਤੇ ਇੰਨੀਆਂ ਗਊਆਂ ਹਨ ਤੇ ਇੰਨਾ ਚਾਰਾ ਗਊਆਂ ਖਾਂਦੀਆਂ ਹਨ ਤੇ ਇੰਨਾ ਘੋੜੇ ਖਾਂਦੇ ਹਨ ਤੇ ਤੁਸੀਂ ਗਊਆਂ ਦੇ ਘੋੜੇ ਬਣਾਓ। ਰਹਿਮ ਦਿਲ ਮਾਤਾ ਜੀ ਤੋਂ ਇੱਕ ਤਾਂ ਬੱਚਿਆਂ ਦੀ ਭੁੱਖ ਨਾ ਸਹਾਰ ਹੋਵੇ, ਦੂਸਰਾ ਹਿਸਾਬ ਦੇ ਸਵਾਲਾਂ ਨੇ ਬੋਰ ਕਰ ਦਿੱਤਾ ਤਾਂ ਗੁੱਸੇ ਹੋ ਗਏ ਕਹਿੰਦੇ, “ਮੈਂ ਨਹੀਂ ਪੜ੍ਹਨਾ, ਮੈਂ ਤਾਂ ਲੱਗੀ ਬੱਚਿਆਂ ਨੂੰ ਖਾਣਾ ਦੇਣ, ਇੱਧਰ ਬੱਚੇ ਭੁੱਖ ਨਾਲ ਤੜਫ ਰਹੇ ਹਨ ਤੇ ਇਹ ਗਊਆਂ ਤੋਂ ਘੋੜੇ ਤੇ ਘੋੜਿਆਂ ਤੋਂ ਗਊਆਂ ਬਣਾਉਣ ਲੱਗੇ ਹੋਏ ਹਨ।” ਮਾਤਾ ਜੀ ਦੀ ਇਹ ਖ਼ਾਸੀਅਤ ਸੀ ਕਿ ਉਨ੍ਹਾਂ ਦਾ ਹਿੰਦੀ ਦਾ ਹੈਂਡਰਾਈਟਿੰਗ ਬਹੁਤ ਹੀ ਖੂਬਸੂਰਤ ਸੀ, ਜਦੋਂ ਕਿਧਰੇ ਸਕੂਲਾਂ ਦੀ ਇੰਸਪੈਕਸ਼ਨ ਕਰਨ ਡੀ. ਓ. ਵਗੈਰਾ ਨੇ ਆਉਣਾ ਤਾਂ ਸਾਡੇ ਸਕੂਲ ਵਾਲੇ ਮੇਰੇ ਮਾਤਾ ਜੀ ਤੋਂ ਮਾਟੋ ਲਿਖਾ ਕੇ ਕੰਧਾਂ ’ਤੇ ਟੰਗਿਆ ਕਰਦੇ ਸਨ। ਉਨ੍ਹਾਂ ਨੇ ਸਾਨੂੰ ਰੱਜਵਾਂ ਪਿਆਰ ਦਿੱਤਾ। ਮੇਰੇ ਮਾਮੇ, ਮਾਸੀਆਂ, ਤਾਇਆ ਜੀ ਦੇ ਬੱਚੇ ਮੇਰੇ ਪਿਤਾ ਜੀ ਕੋਲ ਹੀ ਪੜ੍ਹ ਕੇ ਆਪੋ ਆਪਣੇ ਥਾਂ ਚੰਗੀਆਂ ਜੌਬਾਂ ’ਤੇ ਗਏ।
ਇੱਕ ਹੋਰ ਉਨ੍ਹਾਂ ਦੇ ਪਿਆਰ ਦੀ ਗੱਲ ਇਹ ਦੱਸਣੀ ਚਾਹੁੰਦਾ ਹਾਂ ਕਿ ਮੇਰੀ ਮਾਸੀ ਦੀ ਇੱਕ ਲੜਕੀ ਤੇ ਇੱਕ ਲੜਕਾ ਸੀ। ਮਾਸੜ ਜੀ ਮਿਲਟਰੀ ਵਿੱਚ ਸਨ। ਉਹ ਫੌਜ ਵਿੱਚੋਂ ਆ ਗਏ ਸਨ ਤੇ ਬਾਰ ਵਿੱਚ ਆਪਣੀ ਜ਼ਮੀਨ ਵਗੈਰਾ ਦੇਖਣ ਚਲੇ ਗਏ। ਮਾਸੀ ਜੀ ਦੀ ਲੜਕੀ ਉਦੋਂ ਬਹੁਤ ਛੋਟੀ ਸੀ ਤਾਂ ਮੇਰੇ ਮਾਸੀ ਜੀ ਗੁਜ਼ਰ ਗਏ। ਉਹ ਲੜਕੀ ਮੇਰੇ ਮਾਤਾ ਜੀ ਦੇ ਕੋਲ ਰਹੀ, ਹੁਣ ਅੱਜ ਕੱਲ੍ਹ ਇੰਗਲੈਂਡ ਵਿੱਚ ਰਹਿੰਦੇ ਹਨ। ਮੇਰੀ ਮਾਸੀ ਦਾ ਇੱਕ ਲੜਕਾ ਸ੍ਰ. ਦਰਸ਼ਣ ਸਿੰਘ (ਪਿੰਡ ਕਾਨ੍ਹਾ ਢੇਸੀਆਂ) ਜੋ ਹੈੱਡਮਾਸਟਰ ਰਿਟਾਇਰ ਹੋਏ ਹਨ, ਉਹ ਅੱਜ-ਕੱਲ੍ਹ ਪਿੰਡ ਹੀ ਰਹਿੰਦੇ ਹਨ। ਬਹੁਤ ਹੀ ਨੇਕ ਇਨਸਾਨ ਹਨ। ਤੁਹਾਡੇ ਨੇੜੇ ਦੇ ਹੀ ਹਨ ਸ਼ਾਇਦ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ। ਸੋ ਉਸ ਨਿੱਕੀ ਭੈਣ ਨਾਲ ਮੇਰਾ ਬਹੁਤ ਪਿਆਰ ਹੈ। ਮੈਂ ਜਦੋਂ ਵੀ ਇੰਡੀਆ ਤੋਂ ਕੈਨੇਡਾ ਆਵਾਂ ਜਾਂ ਇੱਧਰੋਂ ਉੱਧਰ ਜਾਵਾਂ, ਮੈਂ ਜ਼ਰੂਰ ਉਨ੍ਹਾਂ ਕੋਲ ਠਹਿਰਦਾ ਹਾਂ। ਉਂਝ ਤਾਂ ਪਿਆਰ ਭਾਵੇਂ ਸਾਰੇ ਭੈਣਾਂ ਭਰਾਵਾਂ ਨਾਲ ਹੈ, ਪਰ ਇਸ ਨਾਲ ਮੈਂਨੂੰ ਕੁਝ ਜ਼ਿਆਦਾ ਹੀ ਮੋਹ ਜਿਹਾ ਆਉਂਦਾ ਹੈ। ਇਹ ਸਭ ਕੁਝ ਮੇਰੇ ਮਾਤਾ ਜੀ ਦੇ ਨਿੱਘੇ ਤੇ ਪਿਆਰ ਭਰੇ ਸੁਭਾਓ ਕਰਕੇ ਹੀ ਸੀ। ਹੋਰ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਤਾਂ ਲੋਕਾਂ ਤੋਂ ਆਪਣੇ ਬੱਚੇ ਹੀ ਨਹੀਂ ਸਾਂਭੇ ਜਾਂਦੇ ਤੇ ਨਾ ਹੀ ਬੱਚੇ ਆਪਣੇ ਵੱਡਿਆਂ ਨੂੰ ਉੰਨਾ ਪਿਆਰ ਸਤਿਕਾਰ ਦਿੰਦੇ ਹਨ। ਇਹ ਕੁਝ ਕੁ ਮੇਰੀਆਂ ਯਾਦਾਂ ਹਨ, ਮੇਰੇ ਮਾਤਾ ਜੀ ਬਾਰੇ। ਮੈਂਨੂੰ ਹਾਕੀ ਵਿੱਚ ਆਉਣ ਲਈ ਪ੍ਰੇਰਨਾ ਵੀ ਪਿਤਾ ਜੀ ਨਾਲੋਂ ਵੱਧ ਮਾਤਾ ਜੀ ਦੀ ਸੀ। ਪਿਤਾ ਜੀ ਤਾਂ ਪੜ੍ਹਾਈ ਵੱਲ ਜ਼ਿਆਦਾ ਜ਼ੋਰ ਦਿੰਦੇ ਸਨ, ਬਾਅਦ ਵਿੱਚ ਭਾਵੇਂ ਉਨ੍ਹਾਂ ਦੇਖਿਆ ਕਿ ਮੈਂ ਹਾਕੀ ਵਿੱਚ ਚੰਗਾ ਚੱਲ ਸਕਦਾ ਹਾਂ ਤਾਂ ਕਾਫ਼ੀ ਹੌਸਲਾ ਦਿੱਤਾ। ਪਰ ਮਾਤਾ ਜੀ ਦੀ ਪਹਿਲੀ ਪ੍ਰੇਰਨਾ ਸਦਕਾ ਹੀ ਮੇਰਾ ਲਗਾਓ ਵਧਿਆ।
? ਆਪਣੇ ਬਚਪਨ ਦੀ ਕੋਈ ਹੋਰ ਯਾਦ, ਜੋ ਅੱਜ ਵੀ ਉਸੇ ਰੂਪ ਵਿੱਚ ਤੁਹਾਡੇ ਮਨ ਨੂੰ ਹੁਲਾਸ ਦਿੰਦੀ ਹੋਵੇ ਸਾਂਝੀ ਕਰਨਾ ਚਾਹੋਗੇ?
: ਅੱਜ ਜਦੋਂ ਮੈਂ ਪਿੱਛੇ ਝਾਤੀ ਮਾਰਦਾ ਹਾਂ ਤਾਂ ਮੈਂਨੂੰ ਆਪਣਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦਾ ਹੈ, ਜਿੱਥੇ ਮੈਂ ਹੋਰ ਮੁੰਡਿਆਂ ਨੂੰ ਖਿਦੋ ਖੂੰਡੀ ਖੇਡਦੇ ਦੇਖਿਆ ਸੀ। ਇਸਦੇ ਨਾਲ ਹੀ ਮੋਗੇ ਸਕੂਲ ਦਾ ਗਰਾਊਂਡ ਜਿੱਥੇ ਮੈਂ ਸਕੂਲ ਦੇ ਮੁੰਡਿਆਂ ਨੂੰ ਹਾਕੀ ਖੇਡਦੇ ਦੇਖ ਕੇ ਹਾਕੀ ਨਾਲ ਇੰਨਾ ਇਸ਼ਕ ਹੋਇਆ ਕਿ ਮੈਂਨੂੰ ਧੁੱਪ ਛਾਂ ਦੀ ਵੀ ਸੁਰਤ ਨਾ ਰਹਿੰਦੀ। ਉੱਥੇ ਰਹਿੰਦਿਆਂ ਮੇਰੇ ਜਨਮ ਦਿਨ ’ਤੇ ਮਿਲੇ ਹਾਕੀ ਦੇ ਤੋਹਫ਼ੇ ਨੇ ਮੈਂਨੂੰ ਹਮੇਸ਼ਾ ਲਈ ਹਾਕੀ ਨਾਲ ਐਸਾ ਜੋੜਿਆ ਕਿ ਮੈਂ ਤੇ ਹਾਕੀ ਅੱਜ ਤਕ ਇਕੱਠੇ ਹਾਂ। ਇਹ ਯਾਦ ਮੈਂਨੂੰ ਇੰਨਾ ਮਾਨਸਿਕ ਆਨੰਦ ਦਿੰਦੀ ਹੈ ਕਿ ਮੈਂ ਤੁਹਾਨੂੰ ਸ਼ਬਦਾਂ ਵਿੱਚ ਬਿਆਨ ਕਰ ਨਹੀਂ ਸਕਦਾ।
ਬਚਪਨ ਦੀ ਇੱਕ ਹੋਰ ਯਾਦ ਵੀ ਸਾਂਝੀ ਕਰਨੀ ਚਾਹਾਂਗਾ ਜਿਸਦਾ ਮੇਰੀ ਜ਼ਿੰਦਗੀ ਬਹੁਤ ਵੱਡਾ ਰੋਲ ਹੈ। ਇਹ ਗੱਲ ਇਸ ਤਰ੍ਹਾਂ ਹੋਈ ਕਿ ਮੇਰੇ ਮਾਤਾ ਜੀ ਮੋਗੇ ਤੋਂ ਹਰੀਪੁਰ ਗਏ ਹੋਏ ਸਨ। ਉਨ੍ਹਾਂ ਨੇ ਕੁਝ ਸਮਾਂ ਹਰੀਪੁਰ ਰਹਿਣਾ ਸੀ। ਉਨ੍ਹਾਂ ਦੇ ਪਿੱਛੋਂ ਮੈਂ ਸ਼ਰਾਰਤਾਂ ਕਰਦੇ ਨੇ ਆਪਣੀ ਕੂਹਣੀ ’ਤੇ ਸੱਟ ਲਗਵਾ ਲਈ ਪਰ ਪਿਤਾ ਜੀ ਤੋਂ ਡਰਦਿਆਂ ਉਨ੍ਹਾਂ ਨੂੰ ਨਾ ਦੱਸਿਆ। ਬਾਂਹ ਮੇਰੀ ਸੁੱਜ ਗਈ ਪਰ ਮੈਂ ਝੱਗੇ ਨਾਲ ਢਕੀ ਰੱਖੀ। ਉਨ੍ਹਾਂ ਦਿਨਾਂ ਵਿੱਚ ਮੇਰੀ ਨਿੱਕੀ ਭੈਣ ਦਾ ਜਨਮ ਹੋਇਆ ਸੀ। ਜਦੋਂ ਅਸੀਂ ਹਰੀਪੁਰ ਨਿੱਕੀ ਭੈਣ ਨੂੰ ਦੇਖਣ ਗਏ ਤਾਂ ਮੇਰੀ ਮਾਤਾ ਜੀ ਨੇ ਦੇਖਿਆ ਕਿ ਮੈਂ ਸੱਜੇ ਹੱਥ ਨਾਲ ਰੋਟੀ ਖਾਣ ਦੀ ਬਜਾਏ ਖੱਬੇ ਹੱਥ ਨਾਲ ਖਾਂਦਾ ਹਾਂ। ਉਨ੍ਹਾਂ ਮੈਂਨੂੰ ਪਿਆਰ ਨਾਲ ਪੁੱਛਿਆ ਤਾਂ ਮੈਂ ਦੱਸ ਦਿੱਤਾ ਕਿ ਮੇਰੇ ਸੱਟ ਲੱਗ ਗਈ ਸੀ। ਮਾਂ ਨੇ ਮੇਰੀ ਨਾਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਗਵਾਂਢ ਹੀ ਇੱਕ ਸਿਆਣੀ ਬਜ਼ੁਰਗ ਮਾਈ ਸੀ, ਜਿਸ ਨੂੰ ਜੋੜਾਂ, ਹੱਡੀਆਂ ਦੀ ਕਾਫ਼ੀ ਜਾਚ ਸੀ। ਮੈਂਨੂੰ ਉਹਦੇ ਕੋਲ ਲੈ ਗਏ। ਉਹਨੇ ਮੇਰੀ ਕੂਹਣੀ ਨੂੰ ਟੋਹਿਆ, ਦੇਖਿਆ ਤੇ ਇੱਕ ਹੁਝਕੇ ਨਾਲ ਨਿਕਲਿਆ ਜੋੜ ਥਾਂ ਸਿਰ ਕਰਕੇ ਮਾਲਿਸ਼ ਕਰਨ ਨੂੰ ਕੋਈ ਸਪੈਸ਼ਲ ਤੇਲ ਦੇ ਦਿੱਤਾ। ਕੁਝ ਦਿਨਾਂ ਵਿੱਚ ਕੂਹਣੀ ਠੀਕ ਹੋ ਗਈ। ਹੁਣ ਮੈਂ ਸੋਚਦਾ ਕਿ ਜੇਕਰ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਮੈਂ ਕਦੇ ਵੀ ਹਾਕੀ ਨਾ ਖੇਡ ਸਕਦਾ। ਹਾਕੀ ਕੈਰੀਅਰ ਖ਼ਤਮ ਹੋ ਜਾਣਾ ਸੀ। ਮਾਤਾ ਜੀ ਦੇ ਨਾਲ ਉਸ ਬਜ਼ੁਰਗ ਮਾਈ ਦਾ ਵੀ ਬਹੁਤ ਯੋਗਦਾਨ ਹੈ ਜਿਸ ਨੇ ਮੈਂਨੂੰ ਰੱਦੀ ਹੋਣ ਤੋਂ ਬਚਾ ਲਿਆ। ਸੋ ਸਤਨਾਮ ਜੀ, ਇਹੋ ਜਿਹੀਆਂ ਯਾਦਾਂ ਹਮੇਸ਼ਾ ਤੁਹਾਡੇ ਨਾਲ ਰਹਿੰਦੀਆਂ ਹਨ।
ਪੰਜਾਬ ਵਿੱਚ ਹਾਕੀ ਅਤੇ ਬਲਬੀਰ ਸਿੰਘ ਦਾ ਹਾਕੀ ਨਾਲ ਇਸ਼ਕ
? ਸ੍ਰ. ਬਲਬੀਰ ਸਿੰਘ ਜੀ, ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਜੀਵਨ ਬਾਰੇ, ਤੁਹਾਡੇ ਹਾਕੀ ਨਾਲ ਇਸ਼ਕ ਅਤੇ ਹੋਰ ਦਿਲਚਸਪ ਗੱਲਾਂ ਕਰੀਏ, ਇਹ ਦੱਸੋ ਕਿ ਪੰਜਾਬ, ਭਾਰਤ ਵਿੱਚ ਹਾਕੀ ਕਦੋਂ ਆਈ? ਅਤੇ ਕਿਸ ਤਰ੍ਹਾਂ ਪਲਰੀ?
: ਪਹਿਲਾਂ ਤਾਂ ਜਿਹੜੀ ਗੱਲ ਤੁਸੀਂ ਪੰਜਾਬ ਅਤੇ ਭਾਰਤ ਵਿੱਚ ਹਾਕੀ ਦੀ ਆਮਦ ਬਾਰੇ ਪੁੱਛੀ ਹੈ, ਇਹ ਵੀ ਬੜੀ ਦਿਲਚਸਪ ਕਹਾਣੀ ਹੈ। ਗੱਲ ਇਸ ਤਰ੍ਹਾਂ ਹੈ ਕਿ ਇੰਡੀਆ ਵਿੱਚ ਹਾਕੀ ਦੀ ਖੇਡ ਅੰਗਰੇਜ਼ ਹੀ ਲੈ ਕੇ ਆਏ ਸਨ। 19ਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿੱਚ ਪਹਿਲਾਂ ਪਹਿਲਾਂ ਹਾਕੀ ਫ਼ੌਜੀ ਛਾਉਣੀਆਂ ਵਿੱਚ ਖੇਡੀ ਜਾਣ ਲੱਗੀ। 1885 ਵਿੱਚ ਕਲਕੱਤੇ ਵਿੱਚ ਹਾਕੀ ਕਲੱਬ ਬਣਨੇ ਸ਼ੁਰੂ ਹੋਏ। 1895 ਵਿੱਚ ਪਹਿਲਾ ਹਾਕੀ ਟੂਰਨਾਮੈਂਟ ਹੋਇਆ ਜਿਸਦਾ ਨਾਂ ‘ਬਾਈਟਨ ਕੱਪ’ ਰੱਖਿਆ ਗਿਆ। ਫੇਰ 1896 ਵਿੱਚ ਬੰਬਈ ਦਾ ਆਗਾ ਖ਼ਾ ਹਾਕੀ ਟੂਰਨਾਮੈਂਟ ਸ਼ੁਰੂ ਹੋਇਆ। 1903 ਵਿੱਚ ਹਾਕੀ ਪੰਜਾਬ ਯੂਨੀਵਰਸਿਟੀ ਦੇ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਕੀਤੀ ਗਈ। ਲਾਹੌਰ ਦੇ ਲਾਰੰਸ ਗਾਰਡਨ ਵਿੱਚ ਹੌਟ ਵੈਦਰ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ। ਫੇਰ 1908 ਵਿੱਚ ਬੰਗਾਲ ਹਾਕੀ ਐਸੋਸੀਏਸ਼ਨ ਬਣੀ। ਪੰਜਾਬ ਹਾਕੀ ਐਸੋਸੀਏਸ਼ਨ 1924 ਵਿੱਚ ਬਣੀ। 1928 ਵਿੱਚ ਇੰਡੀਆ ਦਾ ਪਹਿਲਾ ਅੰਤਰਰਾਜੀ ਹਾਕੀ ਟੂਰਨਾਮੈਂਟ ਹੋਇਆ, ਜਿਸ ਵਿੱਚ ਪੰਜਾਬ ਦੀ ਟੀਮ ਨੇ ਭਾਗ ਲਿਆ। ਪੰਜਾਬ ਦੇ ਤਿੰਨ ਖਿਡਾਰੀ ਇੰਡੀਆ ਟੀਮ ਲਈ ਚੁਣੇ ਗਏ। ਭਾਰਤੀ ਹਾਕੀ ਟੀਮ ਐਮਸਟਰਡਮ ਤੋਂ ਓਲੰਪਿਕ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤੀ। ਇੱਕ ਹੋਰ ਗੱਲ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਪੰਜਾਬ ਦੀ ਹਾਕੀ ਟੀਮ ਵਿੱਚ ਬਹੁਤ ਸਾਰੇ ਖਿਡਾਰੀ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਵਿੱਚੋਂ ਹੀ ਹਾਕੀ ਵਿੱਚ ਗਏ।
ਅੰਤਰਰਾਜੀ ਹਾਕੀ ਟੂਰਨਾਮੈਂਟ ਜਿਸਦਾ ਨਾਂ ਬਾਅਦ ਵਿੱਚ ਨੈਸ਼ਨਲ ਹਾਕੀ ਚੈਂਪੀਅਨਸ਼ਿੱਪ ਰੱਖ ਦਿੱਤਾ ਗਿਆ। 1928 ਤੋਂ 1944 ਤਕ ਇਹ ਹਰ ਦੋ ਸਾਲ ਹੁੰਦੀ ਰਹੀ। 1945 ਤੋਂ ਇਹ ਹਰ ਸਾਲ ਹੋਣ ਲੱਗੀ। ਖੁਸ਼ੀ ਦੀ ਗੱਲ ਇਹ ਕਿ ਪੰਜਾਬ ਦੀ ਹਾਕੀ ਟੀਮ ਨੇ ਇਹ ਚੈਪੀਅਨਸ਼ਿੱਪ ਤਿੰਨ ਵਾਰ (1932, 1946, 1947) ਜਿੱਤੀ। ਢਾਹ ਜੀ, 1935 ਵਿੱਚ ਭਾਰਤੀ ਹਾਕੀ ਟੀਮ ਨਿਊਜ਼ੀਲੈਂਡ ਦੇ ਦੌਰੇ ’ਤੇ ਗਈ, ਉਸ ਵਿੱਚ ਪੰਜਾਬ ਦੇ ਤਿੰਨ ਖਿਡਾਰੀ ਹਰਬੇਲ ਸਿੰਘ, ਰਸ਼ੀਦ ਅਤੇ ਨਈਅਮ ਸ਼ਾਮਲ ਸਨ। ਉੱਥੇ ਮਾਣ ਵਾਲੀ ਗੱਲ ਇਹ ਹੋਈ ਕਿ ਨਿਊਜ਼ੀਲੈਂਡ ਵਿੱਚ ਮੌਰਿਸ ਲੋਕ ਵੀ ਰਹਿੰਦੇ ਹਨ, ਜੋ ਆਪਣਾ ਪਿਛੋਕੜ ਇੰਡੀਆ ਨਾਲ ਜੋੜਦੇ ਹਨ। ਉਨ੍ਹਾਂ ਦੇ ਵੱਡੇ-ਵਡੇਰੇ ਮਲਾਹ ਸਨ ਅਤੇ ਸਮੁੰਦਰ ਰਾਹੀਂ ਕੀਵੀ ਟਾਪੂਆਂ ਵਿੱਚ ਚਲੇ ਗਏ ਸਨ। ਪਰ ਉਨ੍ਹਾਂ ਨੇ ਆਪਣੇ ਪਿਛੋਕੜ ਨੂੰ ਭੁਲਾਇਆ ਨਹੀਂ। ਉਨ੍ਹਾਂ ਨੇ ਭਾਰਤੀ ਟੀਮ ਨਾਲ ਅਪੱਣਤ ਨਾਲ ਭਾਰਤੀ ਟੀਮ ਨੂੰ ਬਹੁਤ ਹੀ ਵਧੀਆ ਮੌਰਿਸ ਸ਼ੀਲਡ ਭੇਟ ਕੀਤੀ। ਬਾਅਦ ਵਿੱਚ ਉਹੀ ਸ਼ੀਲਡ ਫੇਰ ਨੈਸ਼ਨਲ ਹਾਕੀ ਦੀ ਔਫੀਸ਼ੀਅਲ ਟਰਾਫੀ ਬਣ ਗਈ।
ਭਾਰਤ ਅਜ਼ਾਦ ਹੋਣ ਤੋਂ ਪਹਿਲਾਂ ਪੰਜਾਬ ਪੁਲੀਸ ਦਾ ਆਈ ਜੀ ਸਰ ਜੋਨ੍ਹ ਬੈਨਟ ਭਾਰਤੀ ਹਾਕੀ ਦਾ ਪ੍ਰਧਾਨ ਸੀ ਅਤੇ ਜਿਹਨੇ ਮੈਂਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਲਿਆ ਕੇ ਜਬਰੀ ਹਾਕੀ ਵਿੱਚ ਭਰਤੀ ਕੀਤਾ ਸੀ। 1947 ਤੋਂ ਬਾਅਦ ਉਹ ਇੰਗਲੈਂਡ ਚਲਾ ਗਿਆ। ਉਸ ਦੀ ਥਾਂ ਸੰਤ ਪ੍ਰਕਾਸ਼ ਸਿੰਘ ਪੰਜਾਬ ਪੁਲੀਸ ਦਾ ਆਈ. ਜੀ. ਬਣਿਆ। ਦੇਸ਼ ਦੀ ਵੰਡ ਹੋਣ ਨਾਲ ਹਾਕੀ ਦੇ ਕੁਝ ਖਿਡਾਰੀ ਪਾਕਿਸਤਾਨ ਚਲੇ ਗਏ। ਕੁਝ ਨੂੰ ਨੌਕਰੀਆਂ ਮਿਲ ਗਈਆਂ, ਕੁਝ ਉਚੇਰੀ ਪੜ੍ਹਾਈ ਲਈ ਅਮਰੀਕਾ ਚਲੇ ਗਏ। ਨਵੀਂ ਪੰਜਾਬ ਹਾਕੀ ਐਸੋਸੀਏਸ਼ਨ ਦੀ ਲੋੜ ਬਣ ਗਈ। ਹਾਕੀ ਪ੍ਰੇਮੀ ਪੁਲੀਸ ਅਫਸਰ ਅਸ਼ਵਨੀ ਕੁਮਾਰ ਅੰਬਾਲੇ ਪੁਲਿਸ ਕਪਤਾਨ ਲੱਗਾ ਹੋਇਆ ਸੀ। 1947 ਤਾਂ ਰੌਲੇ ਰੱਪੇ ਵਿੱਚ ਹੀ ਲੰਘ ਗਿਆ, ਅਪ੍ਰੈਲ 1948 ਵਿੱਚ ਅੰਬਾਲੇ ਵਿੱਚ ਇੱਕ ਮੀਟਿੰਗ ਰੱਖੀ ਗਈ। ਉਸ ਵਿੱਚ ਸੰਤ ਪ੍ਰਕਾਸ਼ ਸਿੰਘ ਨੂੰ ਚੜ੍ਹਦੇ ਪੰਜਾਬ ਦਾ ਹਾਕੀ ਐਸੋਸੀਏਸ਼ਨ ਦਾ ਪ੍ਰਧਾਨ, ਅਸ਼ਵਨੀ ਕੁਮਾਰ ਨੂੰ ਕਾਰਜਕਾਰੀ ਕਮੇਟੀ ਦਾ ਚੇਅਰਮੈਨ, ਏ. ਆਰ. ਖੰਨਾ ਅਤੇ ਏਰੀਆ ਕਮਾਂਡਰ ਅੰਬਾਲਾ ਨੂੰ ਮੀਤ ਪ੍ਰਧਾਨ, ਆਰ. ਡੀ. ਭੱਲਾ ਨੂੰ ਆਨਰੇਰੀ ਸੈਕਟਰੀ, ਐੱਮ. ਐੱਲ. ਕਪੂਰ ਨੂੰ ਖ਼ਜ਼ਾਨਚੀ ਅਤੇ ਬੀ. ਐੱਲ. ਗੁਪਤਾ ਨੂੰ ਆਨਰੇਰੀ ਅਸਿਸਟੈਂਟ ਸੈਕਟਰੀ ਚੁਣਿਆ ਗਿਆ। ਮੈਂ ਉਨ੍ਹਾਂ ਦਿਨਾਂ ਵਿੱਚ ਏ. ਐੱਸ. ਆਈ ਤੋਂ ਪ੍ਰਮੋਟ ਹੋ ਕੇ ਐੱਸ ਆਈ ਬਣ ਗਿਆ ਸੀ। ਮੇਰੀ ਬਦਲੀ ਫ਼ਿਰੋਜ਼ਪੁਰ ਹੋ ਗਈ। ਉਨ੍ਹਾਂ ਦਿਨਾਂ ਵਿੱਚ ਫ਼ਿਰੋਜ਼ਪੁਰ ਹਾਕੀ ਦਾ ਗੜ੍ਹ ਮੰਨਿਆ ਜਾਂਦਾ ਸੀ। ਮੈਂਨੂੰ ਫ਼ਿਰੋਜ਼ਪੁਰ ਵਿੱਚ ਹਾਕੀ ਖੇਡਣ ਦਾ ਚੰਗਾ ਮਾਹੌਲ ਮਿਲ ਗਿਆ। ਗਿਆਨ ਸਿੰਘ ਕਾਹਲੋਂ, ਫ਼ਿਰੋਜ਼ਪੁਰ ਦੇ ਡਿਪਟੀ ਕਮੀਸ਼ਨਰ ਜੋ ਬਾਅਦ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੀ ਰਹੇ, ਉਹ ਕਾਲਜ ਪੜ੍ਹਦੇ ਹਾਕੀ ਖੇਡਦੇ ਰਹੇ ਸਨ। ਉਨ੍ਹਾਂ ਕੋਲ ਕੈਂਬਰਿਜ਼ ਯੂਨੀਵਰਸਿਟੀ ਦਾ ਕਲਰ ਸੀ। ਜਦੋਂ ਵੀ ਉਨ੍ਹਾਂ ਨੂੰ ਵਿਹਲ ਮਿਲਦੀ, ਮੇਰੇ ਨਾਲ ਹਾਕੀ ਖੇਡਦੇ। ਉਨ੍ਹਾਂ ਕੋਲ ਇੱਥੇ ਏ. ਕੇ. ਕੌਲ ਸੀਨੀਅਰ ਪੁਲਿਸ ਕਪਤਾਨ ਸੀ, ਉਸ ਨੂੰ ਵੀ ਹਾਕੀ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਸੀ। ਉਹ ਮੈਂਨੂੰ ਹਾਕੀ ਖੇਡਣ ਲਈ ਪੁਲੀਸ ਦੀਆਂ ਜ਼ਿੰਮੇਵਾਰੀਆਂ ਤੋਂ ਛੋਟ ਵੀ ਦਿੰਦੇ ਸੀ। ਇੱਥੇ ਹਾਕੀ ਦੇ ਕਈ ਕਲੱਬ ਸਨ। ਹਾਕੀ ਦਾ ਵੈਟਰਨ ਧਿਆਨ ਚੰਦ ਵੀ ਫ਼ਿਰੋਜ਼ਪੁਰ ਛਾਉਣੀ ਵਿੱਚ ਹਾਕੀ ਖੇਡਦਾ ਸੀ। ਇਸੇ ਕਰਕੇ ਮੈਂਨੂੰ ਆਪਣੇ ਰੋਲ ਮਾਡਲ ਧਿਆਨ ਚੰਦ ਦੇ ਵਿਰੁੱਧ ਖੇਡਣ ਦਾ ਵੀ ਮੌਕਾ ਮਿਲ਼ਿਆ। ਗੱਲ ਕੀ ਮੈਂਨੂੰ ਆਪਣੀ ਹਾਕੀ ਦੀ ਗੇਮ ਨੂੰ ਨਿਖਾਰਨ ਅਤੇ ਪ੍ਰੈਟਿਸ ਕਰਨ ਦਾ ਬਹੁਤ ਹੀ ਕੀਮਤੀ ਮੌਕਾ ਮਿਲ਼ਿਆ।
? ਫੇਰ ਤੁਸੀਂ ਆਪਣੀ ਐਜੂਕੇਸ਼ਨ ਨਾਲ ਹੀ ਹਾਕੀ ਦੇ ਇਸ਼ਕ ਦੀ ਕਹਾਣੀ ਵੀ ਦੱਸਣ ਦੀ ਖੇਚਲ ਕਰੋ। ਮੇਰੇ ਖ਼ਿਆਲ ਨਾਲ ਤੁਹਾਡੇ ਨੈਚਰਲ ਟੈਲਿੰਟ ਨੇ ਹੀ ਤੁਹਾਨੂੰ ਇਸ ਮੰਜ਼ਿਲ ਤਕ ਪਹੁੰਚਾਇਆ ਹੋਵੇਗਾ। ਉਂਝ ਤਾਂ ਭਾਵੇਂ ਤੁਸੀਂ ਆਪਣੀ ਸਵੈ-ਜੀਵਨੀ ‘ਗੋਲਡਨ ਹੈਟਰਿਕ’ ਵਿੱਚ ਬਹੁਤ ਕੁਝ ਦੱਸਿਆ ਹੈ। ਪਰ ਉਹ ਕਿਤਾਬ ਹੁਣ ਆਮ ਮਿਲਦੀ ਨਹੀਂ, ਇਸ ਕਰਕੇ ਜਿਨ੍ਹਾਂ ਪਾਠਕਾਂ ਨੇ ਅਜੇ ਨਾ ਪੜ੍ਹੀ ਹੋਵੇ ਤਾਂ ਉਨ੍ਹਾਂ ਨੂੰ ਵੀ ਦੱਸੋ ਕਿ ਤੁਹਾਨੂੰ ਹਾਕੀ ਵਿੱਚ ਲਿਆਉਣ ਲਈ ਕਿਨ੍ਹਾਂ ਕਿਨ੍ਹਾਂ ਸ਼ਖ਼ਸੀਅਤਾਂ ਯੋਗਦਾਨ ਸਮਝਦੇ ਹੈ?
: ਉਹ ਗੱਲ ਇਹ ਹੈ ਕਿ ਉਸ ਜ਼ਮਾਨੇ ਵਿੱਚ ਲੋਕ ਪੜ੍ਹਿਆ ਵੀ ਘੱਟ ਕਰਦੇ ਸੀ। ਉਂਝ ਸਕੂਲ ਵੀ ਵਿਰਲੇ ਵਿਰਲੇ ਹੁੰਦੇ ਸੀ। ਮੇਰੇ ਪਿਤਾ ਜੀ ਮੋਗੇ ਟੀਚਰ ਸਨ, ਪਹਿਲਾਂ ਮੈਂ ਮੋਗੇ ਪੜ੍ਹਿਆ। ਸਾਡੇ ਘਰ ਦੇ ਮੂਹਰੇ ਗਰਾਊਂਡ ਲਗਦੀ ਸੀ ਤੇ ਉੱਥੇ ਹੀ ਹਾਕੀ ਪਹਿਲਾਂ ਸਕੂਲ ਵਿੱਚ ਖੇਡੀ। ਦਸਵੀਂ ਮੋਗੇ ਤੋਂ ਕਰਕੇ ਫੇਰ ਮੈਂ ਐੱਮ. ਡੀ. ਕਾਲਜ ਵਿੱਚ ਆ ਗਿਆ ਤੇ ਹੌਲ਼ੀ ਹੌਲ਼ੀ ਬਲਾਕ ਪੱਧਰ ਤੋਂ ਡਿਸਟ੍ਰਿਕ ਲੈਵਲ ਤਕ ਪਹਿਲਾਂ ਪਹਿਲ ਮੈਂ ਗੋਲ਼ੀ ਖੇਡਿਆ, ਫੇਰ ਮੈਂ ਫੁੱਲ ਬੈਕ ਖੇਡਿਆ ਕਰਦਾ ਸੀ। ਐੱਫ. ਏ. ਤਕ ਮੋਗੇ ਪੜ੍ਹਿਆ। ਪੜ੍ਹਨ ਵਿੱਚ ਧਿਆਨ ਘੱਟ ਪਰ ਖੇਡਣ ਦਾ ਸ਼ੌਕ ਬਹੁਤ ਜ਼ਿਆਦਾ ਹੋ ਗਿਆ। ਉਨ੍ਹਾਂ ਦਿਨਾਂ ਵਿੱਚ ਜਦੋਂ ਕਾਲਜ ਤੋਂ ਛੁੱਟੀਆਂ ਹੋਈਆਂ ਤੇ ਮੇਰੇ ਵੱਡੇ ਵੀਰ ਦਰਸ਼ਣ ਸਿੰਘ ਕਾਨ੍ਹਾ ਢੇਸੀਆਂ ਜ਼ਿਲ੍ਹਾ ਜਲੰਧਰ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਕੀਤਾ ਹੈ, ਉਨ੍ਹਾਂ ਨੇ ਇੱਕ ਹਾਕੀ ਦੀ ਕਲੱਬ ਬਣਾਈ ਤੇ ਅਸੀਂ ਖੇਡਣ ਲੱਗੇ। ਉਨ੍ਹਾਂ ਮੈਂਨੂੰ ਕਹਿਣਾ ਕਿ ਮੈਂ ਫੁੱਲ ਬੈਕ ਖੇਡਦਾ ਹਾਂ, ਤੂੰ ਅੱਗੇ ਸੈਂਟਰ ਫਾਰਵਡ ਖੇਡ। ਜਦੋਂ ਮੈਂ ਫਾਰਵਡ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਗੋਲ ਕਰਨ ਲੱਗ ਪਿਆ। ਬੱਸ ਫੇਰ ਕੀ ਸੀ, ਗੋਲ ਕਰਨ ਦਾ ਸ਼ੌਕ ਇੰਨਾ ਵਧਿਆ ਕਿ ਚਲੋ ਚੱਲ, ਚਲੋ ਚੱਲ। ਗੋਲ ਕਰਨ ਵਿੱਚ ਪਿੱਛੇ ਖੇਡਣ ਨਾਲੋਂ ਵੱਧ ਸੁਆਦ ਆਉਣ ਲੱਗਾ। ਫੇਰ ਉਦੋਂ ਤੋਂ ਹੀ ਮੈਂ ਫਾਰਵਰਡ ਖੇਡਦਾ ਰਿਹਾ। ਉਸ ਸਮੇਂ ਅਸੀਂ ਇੱਕ ਚੈਂਪੀਅਨਸ਼ਿੱਪ ਜਿੱਤੀ। ਆਹ ਅੰਗੂਠੇ ਜਿੱਡਾ ਸਾਨੂੰ ਪਹਿਲਾ ਇਨਾਮ ਦਾ ਕੱਪ ਮਿਲਿਆ, ਜਿਹੜਾ ਕਿ ਮੈਂ ਅਜੇ ਵੀ ਸਾਂਭ ਕੇ ਰੱਖਿਆ ਹੋਇਆ ਹੈ, ਓਲੰਪਿਕ ਦੇ ਮੈਡਲਾਂ ਵਾਂਗ। ਖੇਡਾਂ ਦਾ ਸ਼ੌਕ ਜ਼ਿਆਦਾ ਹੋਣ ਕਰਕੇ, ਮੈਂ ਐੱਫ. ਏ. ਵਿੱਚੋਂ ਫੇਲ ਹੋ ਗਿਆ, ਪਰ ਹਾਕੀ ਵਿੱਚ ਮੈਰਿਟ ਲੈ ਗਿਆ। ਮੇਰੇ ਪਿਤਾ ਜੀ ਦੇ ਇੱਕ ਦੋਸਤ ਹੁੰਦੇ ਸੀ ਆਰ ਐੱਸ ਗਿੱਲ, ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਉਹ ਕਹਿੰਦੇ ਕਿ ਚੱਲ ਅਸੀਂ ਇਹ ਨੂੰ ਅੰਮ੍ਰਿਤਸਰ ਲੈ ਜਾਂਦੇ ਹਾਂ, ਨਾਲੇ ਹਾਕੀ ਖੇਡੇਗਾ ਤੇ ਨਾਲੇ ਪੜ੍ਹੇਗਾ। ਉੱਥੇ ਜਾ ਕੇ ਮੈਂ ਐੱਫ. ਏ. ਪਾਸ ਕੀਤੀ, ਇਸ ਐੱਫ. ਏ. ਪਾਸ ਕਰਨ ਦਾ ਕਰੈਡਿਟ ਵੀ ਉਨ੍ਹਾਂ ਦੋ ਮਹਾਨ ਸ਼ਖਸੀਅਤਾਂ ਨੂੰ ਜਾਂਦਾ ਹੈ ਜੋ ਇੰਜਨੀਅਰਿੰਗ ਕਾਲਜ ਵਿੱਚ ਐੱਮ. ਐੱਸ. ਸੀ. ਕਰ ਰਹੇ ਸੀ ਤੇ ਉੱਥੇ ਹੋਸਟਲ ਵਿੱਚ ਰਹਿੰਦੇ ਸਨ। ਜਦੋਂ ਉਸ ਹੋਸਟਲ ਵਿੱਚ ਵਿਦਿਆਰਥੀ ਜ਼ਿਆਦਾ ਹੋ ਜਾਂਦੇ ਸਨ ਤਾਂ ਉਨ੍ਹਾਂ ਵਿੱਚੋਂ ਕੁਝ ਸਿੱਖ ਮਿਸ਼ਨਰੀ ਕਾਲਜ ਵਿੱਚ ਭੇਜ ਦਿਆ ਕਰਦੇ ਸਨ। ਤਿੰਨ ਵਿਦਿਆਰਥੀ ਸਿੱਖ ਮਿਸ਼ਨਰੀ ਕਾਲਜ ਵਿੱਚ ਆ ਗਏ। ਉਨ੍ਹਾਂ ਦੀ ਸੰਗਤ ਕਰਕੇ ਮੈਂ ਪੜ੍ਹਾਈ ਕੀਤੀ ਤੇ ਐੱਫ. ਏ. ਪਾਸ ਕਰ ਗਿਆ। ਲਾਹੌਰ ਸਿੱਖ ਮਿਸ਼ਨਰੀ ਕਾਲਜ ਦੀ ਟੀਮ ਮੇਰੇ ਉੱਥੇ ਹੁੰਦਿਆਂ ਪਹਿਲੀ ਵਾਰ ਬੀ. ਲੀਗ ਵਿੱਚੋਂ ਨਿਕਲ ਕੇ ਏ. ਲੀਗ ਵਿੱਚ ਆ ਗਈ। ਅਸੀਂ ਸਾਰੇ ਹੀ ਵੱਡੇ ਕਾਲਜਾਂ ਨੂੰ ਜਿੱਤ ਲਿਆ ਸੀ ਜਿਵੇਂ, ਗੌਰਮਿੰਟ ਕਾਲਜ ਲਾਹੌਰ, ਐੱਫ. ਸੀ. ਕਾਲਜ ਲਾਹੌਰ, ਇਸਲਾਮੀਆਂ ਕਾਲਜ ਲਾਹੌਰ ਅਤੇ ਦਿਆਲ ਸਿੰਘ ਕਾਲਜ ਲਾਹੌਰ ਵਗੈਰਾ।
ਉੱਥੋਂ ਫੇਰ ਮੈਂ ਥੋੜ੍ਹਾ ਲੋਕਾਂ ਦੀ ਨਿਗ੍ਹਾ ਵਿੱਚ ਆ ਗਿਆ। ਮੈਂ ਸੈਂਟਰ ਫਾਰਵਡ ਖੇਡਿਆ ਤੇ ਬੜੇ ਗੋਲ ਕੀਤੇ। ਇੱਥੇ ਆਪਣੀ ਤਾਰੀਫ ਆਪ ਕਰਦੇ ਚੰਗੇ ਨਹੀਂ ਲਗਦੇ। ਉਂਝ ਜਿਹੜਾ ਸਵਾਲ ਤੁਸੀਂ ਪੁੱਛਿਆ ਹੈ, ਇੱਥੇ ਹਾਕੀ ਵਾਲੇ ਇਸ਼ਕ ਦੀ ਕਹਾਣੀ ਪੂਰੀ ਨਹੀਂ ਹੋਵੇਗੀ ਜੇ ਮੈਂ ਉਨ੍ਹਾਂ ਮਾਹਨ ਵਿਅਕਤੀਆਂ ਦਾ ਜ਼ਿਕਰ ਨਾ ਕਰਾਂ, ਜਿਵੇਂ ਸ੍ਰ. ਹਰਬੇਲ ਸਿੰਘ ਜੋ ਖ਼ਾਲਸਾ ਕਾਲਜ ਦੇ ਡੀ. ਪੀ. ਈ. ਸਨ, ਤੇ ਹਾਕੀ ਦੇ ਇੰਚਾਰਜ ਵੀ ਹੁੰਦੇ ਸੀ। ਜਦੋਂ ਮੁੰਡੇ ਹਾਕੀ ਖੇਡਦੇ ਸੀ ਤਾਂ ਉਹ ਉਨ੍ਹਾਂ ਨੂੰ ਬੜੀ ਪਰਖਵੀਂ ਨਿਗ੍ਹਾ ਨਾਲ ਦੇਖਿਆ ਕਰਦੇ ਸਨ। ਵਧੀਆ ਖਿਡਾਰੀ ਨੂੰ ਖਿੱਚ ਲੈਂਦੇ ਸਨ। ਉਨ੍ਹਾਂ ਦਿਨਾਂ ਵਿੱਚ ਮੈਂ ਆਪਣੀ ਪੜ੍ਹਾਈ ਖਤਮ ਕਰਕੇ ਵਾਪਸ ਮੋਗੇ ਆ ਗਿਆ ਤੇ ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਿਤਾ ਜੀ ਮੰਨਦੇ ਨਹੀਂ ਸਨ, ਪਰ ਹਰਬੇਲ ਸਿੰਘ ਹੋਰਾਂ ਨੇ ਪਿੱਛਾ ਨਹੀਂ ਛੱਡਿਆ। ਉਹ ਖਿੱਚ ਧੂਹ ਕੇ ਖ਼ਾਲਸਾ ਕਾਲਜ ਲੈ ਹੀ ਗਏ। ਪਿਤਾ ਜੀ ਕਹਿੰਦੇ ਕਿ ਚੱਲ ਜੇਕਰ ਉਹ ਇੰਨਾ ਮਾਣ ਕਰਦੇ ਹਨ, ਠੀਕ ਹੈ, ਸ਼ਾਇਦ ਤੇਰੀ ਜ਼ਿੰਦਗੀ ਦਾ ਭਵਿੱਖ ਇੱਥੇ ਹੀ ਬਣ ਜਾਵੇ। ਇਸ ਤਰ੍ਹਾਂ ਮੈਂ ਲਾਹੌਰ ਤੋਂ ਅੰਮ੍ਰਿਤਸਰ ਖ਼ਾਲਸਾ ਕਾਲਜ ਆ ਗਿਆ। ਸੋ ਉਹ ਮੇਰੇ ਖੇਡ ਗੁਰੂ ਜੀ ਜਾਂ ਮੇਰੀ ਕਿਸਮਤ ਬਦਲਣ ਵਾਲੇ ਸਨ। ਉਨ੍ਹਾਂ ਦੀ ਇੱਜ਼ਤ ਮੈਂ ਇੰਨੀ ਕਰਦਾ ਹਾਂ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਬਹੁਤ ਹੀ ਨੇਕ ਇਨਸਾਨ ਸਨ। ਸੋ ਮੈਂ ਕਹਾਂਗਾ ਸਭ ਤੋਂ ਵੱਧ ਯੋਗਦਾਨ ਉਨ੍ਹਾਂ ਦਾ ਸੀ, ਜੋ ਮੈਂ ਇਸ ਮੰਜ਼ਿਲ ਤਕ ਪਹੁੰਚਿਆ।
ਢਾਹ ਜੀ, ਗੱਲ ਇਹ ਹੈ ਕਿ ਤੁਹਾਡੇ ਵਿੱਚ ਭਾਵੇਂ ਨੈਚਰਲ ਟੈਲੈਂਟ ਜਿੰਨਾ ਮਰਜ਼ੀ ਹੋਵੇ, ਜੇਕਰ ਉਸ ਨੂੰ ਠੀਕ ਸਮੇਂ ਸਿਰ ਤਰਾਸ਼ਿਆ ਨਾ ਜਾਵੇ ਜਾਂ ਠੀਕ ਸੇਧ ਨਾ ਮਿਲੇ ਤਾਂ ਫੇਰ ਕੁਝ ਨਹੀਂ ਹੋ ਸਕਦਾ। ਜੇਕਰ ਜੌਹਰੀ ਕਿਸੇ ਵਿਅਕਤੀ ਵਿਚਲੀਆਂ ਖੂਬੀਆਂ ਨੂੰ ਪਰਖ ਲਵੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਉਚਾਈਆਂ ਨੂੰ ਛੂਹ ਸਕਦਾ ਹੈ। ਫੇਰ ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਹਾਨ ਹਸਤੀਆਂ ਹਨ, ਜਿਨ੍ਹਾਂ ਦੀ ਜ਼ਿੰਦਗੀ ਨੇ ਮੇਰੇ ’ਤੇ ਕਾਫ਼ੀ ਪ੍ਰਭਾਵ ਪਾਇਆ। ਇੱਥੇ ਮੈਂ ਸੰਖੇਪ ਵਿੱਚ ਹੀ ਦੱਸਣ ਦਾ ਯਤਨ ਕਰਾਂਗਾ। ਉਨ੍ਹਾਂ ਵਿੱਚੋਂ ਖ਼ਾਸ ਕਰਕੇ ਪਹਿਲਾਂ ਤਾਂ ਮੇਰੇ ਸਕੂਲ ਦੇ ਹੈੱਡਮਾਸਟਰ ਜਿਨ੍ਹਾਂ ਨੂੰ ‘ਸ੍ਰੀਮਾਨ’ ਜੀ ਕਹਿੰਦੇ ਹੁੰਦੇ ਸੀ- ਸ੍ਰ. ਈਸ਼ਰ ਸਿੰਘ ਬਾਹੀਆ (ਬਠਿੰਡੇ) ਵਿੱਚ ਬਹੁਤ ਵੱਡੇ ਸਰਦਾਰਾਂ ਵਿੱਚੋਂ ਸਨ, ਕਾਫ਼ੀ ਜ਼ਮੀਨ ਦੇ ਮਾਲਕ ਸੀ ਤੇ ਸਭ ਕੁਝ ਛੱਡ ਛਡਾ ਕੇ ਮਿਸ਼ਨਰੀ ਬਣ ਗਏ ਸਨ, ਬਹੁਤ ਹੀ ਇਮਾਨਦਾਰ, ਸੇਵਾ ਭਾਵਨਾ ਵਾਲੇ ਨੇਕ ਇਨਸਾਨ ਸਨ। ਮੇਰੀ ਜ਼ਿੰਦਗੀ ’ਤੇ ਉਨ੍ਹਾਂ ਦਾ ਬਹੁਤ ਅਸਰ ਹੋਇਆ। ਉਸ ਤੋਂ ਬਾਅਦ ਅਸ਼ਨੀ ਕੁਮਾਰ ਜੀ। ਜਦੋਂ ਪਾਰਟੀਸ਼ਨ ਤੋਂ ਬਾਅਦ ਪੰਜਾਬ ਪੁਲੀਸ ਦੇ ਪਹਿਲੇ ਆਈ. ਜੀ., ਸ੍ਰ. ਸੰਤ ਪ੍ਰਕਾਸ਼ ਸਿੰਘ (ਉਨ੍ਹਾਂ ਨੂੰ ਵੀ ਖੇਡਾਂ ਦਾ ਬਹੁਤ ਸ਼ੌਕ ਸੀ) ਦੇ ਕਹਿਣ ’ਤੇ ਇੱਧਰਲੇ ਪੰਜਾਬ ਵਿੱਚ ਹਾਕੀ ਦੀ ਟੀਮ ਬਣਾਈ ਗਈ ਸੀ ਤਾਂ ਉਸ ਦੇ ਇੰਚਾਰਜ ਅਸ਼ਨੀ ਕੁਮਾਰ ਸਨ। ਮੈਂ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਅਸ਼ਨੀ ਕੁਮਾਰ ਹੋਰਾਂ ਨਾਲ ਬਿਤਾਇਆ ਤੇ ਉਨ੍ਹਾਂ ਦੀ ਜ਼ਿੰਦਗੀ ਦਾ ਮੇਰੇ ’ਤੇ ਬਹੁਤ ਅਸਰ ਹੋਇਆ, ਸੋ ਉਨ੍ਹਾਂ ਦਾ ਵੀ ਕਾਫ਼ੀ ਹੱਥ ਹੈ।
ਹੱਥ-ਕੜੀ ਵਾਲੀ ਸਜ਼ਾ ਵਰਦਾਨ ਸਿੱਧ ਹੋਈ!
? ਸ੍ਰ. ਬਲਬੀਰ ਸਿੰਘ ਜੀ, ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਖੇਡ ਦੇਖ ਕੇ, ਤੁਹਾਨੂੰ ਹਾਕੀ ਦੀ ਟੀਮ ਵਿੱਚ ਖਿਡਾਉਣ ਲਈ ਉਸ ਸਮੇਂ ਅੰਗਰੇਜ਼ ਸਰਕਾਰ ਦੇ ਪੰਜਾਬ ਪੁਲੀਸ ਦੇ ਆਈ. ਜੀ ਨੇ ਹੁਕਮ ਕੀਤਾ ਸੀ ਕਿ ਇਸ ਮੁੰਡੇ ਨੂੰ ਪੰਜਾਬ ਪੁਲੀਸ ਵਿੱਚ ਜ਼ਬਰਦਸਤੀ ਭਰਤੀ ਕਰੋ, ਇਹ ਪੰਜਾਬ ਪੁਲੀਸ ਲਈ ਹਾਕੀ ਖੇਡੇ। ਤੁਹਾਨੂੰ ਹੱਥਕੜੀ ਲਾ ਕੇ ਹਾਕੀ ਟੀਮ ਲਈ ਭਰਤੀ ਕਰਨ ਨੂੰ ਲਿਜਾਇਆ ਗਿਆ! ਇਹ ਕੀ ਕਹਾਣੀ ਹੈ। ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ, ਇਹਦੇ ਬਾਰੇ ਕੁਝ ਦੱਸੋ?
: ਢਾਹ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰ ਕਰ ਰਹੇ ਸੀ, ਹਿੰਦੋਸਤਾਨ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਸਰ ਜੌਨ੍ਹ ਬੈਨਟ ਸਾਂਝੇ ਪੰਜਾਬ ਦੇ ਪੰਜਾਬ ਪੁਲੀਸ ਦੇ ਆਈ. ਜੀ. ਹੁੰਦੇ ਸਨ। ਕਿਉਂਕਿ ਮੈਂ 1945 ਵਿੱਚ ਪੰਜਾਬ ਯੂਨੀਵਰਸਿਟੀ ਟੀਮ ਦਾ ਕੈਪਟਨ ਸੀ, ਉਹ ਉਸ ਸਮੇਂ ਹਾਕੀ ਦਾ ਪ੍ਰੈਜੀਡੈਂਟ ਸੀ। ਉਨ੍ਹਾਂ ਨੇ ਮੈਂਨੂੰ ਹਾਕੀ ਖੇਡਦਿਆਂ ਦੇਖਿਆ ਤਾਂ ਉਨ੍ਹਾਂ ਨੇ ਹੁਕਮ ਕੀਤਾ ਕਿ ਇਸ ਮੁੰਡੇ ਨੂੰ ਪੁਲੀਸ ਵਿੱਚ ਭਰਤੀ ਕੀਤਾ ਜਾਵੇ। ਪਰ ਤੁਹਾਨੂੰ ਪਤਾ ਮੇਰੇ ਪਿਤਾ ਜੀ ਤਾਂ ਅੰਗਰੇਜ਼ਾਂ ਦੇ ਖ਼ਿਲਾਫ ਆਜ਼ਾਦੀ ਲਈ ਲੜ ਰਹੇ ਸੀ ਤੇ ਮੇਰਾ ਮਨ ਵੀ ਨਹੀਂ ਸੀ ਮੰਨਦਾ ਅੰਗਰੇਜ਼ਾਂ ਲਈ ਕੰਮ ਕਰਨ ਲਈ। ਜਦੋਂ ਉਹਨੂੰ ਕਿਸੇ ਨੇ ਆਖਿਆ ਕਿ ਉਹਦਾ ਪਿਤਾ ਤਾਂ ਅੰਗਰੇਜ਼ਾਂ ਦੇ ਖ਼ਿਲਾਫ ਲੜ ਰਿਹਾ ਹੈ ਤਾਂ ਉਹਨਾਂ ਆਖਿਆ ਫੇਰ ਕੀ ਹੋਇਆ, ਮੁੰਡਾ ਤਾਂ ਸਟੂਡੈਂਟ ਹੈ, ਇਹ ਨੂੰ ਹਰ ਹਾਲਤ ਵਿੱਚ ਪੰਜਾਬ ਪੁਲੀਸ ਵਿੱਚ ਭਰਤੀ ਕਰੋ ਤੇ ਇਹ ਸਾਡੀ ਹਾਕੀ ਦੀ ਟੀਮ ਲਈ ਖੇਡੇਗਾ। ਇਸੇ ਰਾਮ ਰੌਲੇ ਵਿੱਚ ਮੈਂ ਦਿੱਲੀ ਭੱਜ ਗਿਆ। ਦਿੱਲੀ ਤੋਂ ਮੈਂਨੂੰ ਲੱਭ ਕੇ ਪੁਲੀਸ ਵਾਲੇ ਹੱਥ-ਕੜੀ ਲਾ ਕੇ ਲੈ ਆਏ ਤੇ ਮੱਲੋਮੱਲੀ ਪੰਜਾਬ ਪੁਲੀਸ ਵਿੱਚ ਭਰਤੀ ਕਰਕੇ ਏ. ਐੱਸ. ਆਈ. ਬਣਾ ਦਿੱਤਾ। ਇਹ ਸਜ਼ਾ ਵੀ ਇੱਕ ਤਰ੍ਹਾਂ ਨਾਲ ਵਰਦਾਨ ਸਿੱਧ ਹੋਈ। ਉਸ ਸਮੇਂ ਫ਼ਿਲੌਰ ਪੁਲੀਸ ਟਰੇਨਿੰਗ ਕਾਲਜ ਇੱਕ ਕੈਦ ਦੀ ਤਰ੍ਹਾਂ ਹੀ ਸੀ। ਬੱਸ ਪ੍ਰੈਕਟਿਸ ਕਰਨੀ, ਕੋਈ ਮਿੱਤਰ ਦੋਸਤ ਨੇੜੇ ਤੇੜੇ ਨਹੀਂ ਸੀ। ਸੋ ਇਸ ਤਰ੍ਹਾਂ ਮੈਂ ਕਹਾਂਗਾ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਹੱਥ ਹੈ, ਮੇਰੀ ਇਸ ਕਾਮਯਾਬੀ ਲਈ। ਫੇਰ ਸਭ ਤੋਂ ਜ਼ਰੂਰੀ ਗੱਲ ਤਾਂ ਉਸ ਖੇਡ ਲਈ ਜਿਸ ਵਿੱਚ ਇੱਕ ਤੋਂ ਵੱਧ ਖਿਡਾਰੀ ਖੇਡਦੇ ਹਨ, ਉਸ ਖੇਡ ਲਈ ਟੀਮ-ਵਰਕ ਹੋਵੇ ਤਾਂ ਤੁਸੀਂ ਕਾਮਯਾਬ ਹੋ ਨਹੀਂ ਤਾਂ ਤੁਸੀਂ ਭਾਵੇਂ ਕਿੰਨੇ ਵੀ ਵਧੀਆ ਖਿਡਾਰੀ ਹੋਵੋਂ, ਕਾਮਯਾਬ ਨਹੀਂ ਹੋ ਸਕਦੇ। ਇਹਨਾਂ ਕਾਮਯਾਬੀਆਂ ਲਈ ਮੈਂ ਉੰਨਾ ਹੀ ਕਰੈਡਿਟ ਆਪਣੀ ਟੀਮ ਨੂੰ ਵੀ ਦਿੰਦਾ ਹਾਂ, ਜੇਕਰ ਸਾਡੀ ਟੀਮ ਦਾ ਮਿਲਵਰਤਨ ਨਾ ਹੁੰਦਾ ਤਾਂ ਅਸੀਂ ਗੋਲਡ ਮੈਡਲ ਤਾਂ ਕੀ, ਕਿਸੇ ਸ਼ਹਿਰ ਦੀ ਕਿਸੇ ਕਲੱਬ ਨੂੰ ਵੀ ਨਹੀਂ ਜਿੱਤ ਸਕਦੇ ਸੀ। ਇਹੋ ਜਿਹੀਆਂ ਹੋਰ ਵੀ ਗੱਲਾਂ ਹਨ, ਜਿਹੜੀਆਂ ਕਾਮਯਾਬੀ ਲਈ ਬਹੁਤ ਜ਼ਰੂਰੀ ਹਨ। ਜਿਵੇਂ ਟੀਮ ਡਸਿਪਲਿਨ, ਦੂਸਰਿਆਂ ਖਿਡਾਰੀਆਂ ਦਾ ਮਾਣ ਸਨਮਾਨ, ਕਦੇ ਵੀ ਦੂਜੇ ਖਿਡਾਰੀਆਂ ਨੂੰ ਆਪਣੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ।
ਭਾਰਤੀ ਹਾਕੀ ਦੇ ਦੋ ਥੰਮ੍ਹਾਂ ਦੀ ਕੁਦਰਤੀ ਸਾਂਝ
? ਇੱਥੇ ਹੀ ਇੱਕ ਹੋਰ ਗੱਲ ਮੈਂ ਪੁੱਛਣੀ ਭੁੱਲ ਹੀ ਚੱਲਿਆ ਸੀ, ਬਹੁਤ ਸਾਰੇ ਲੋਕ ਕਹਿੰਦੇ ਸੁਣੇ ਹਨ ਕਿ ਆਜ਼ਾਦੀ ਤੋਂ ਪਹਿਲੋਂ ਖੇਡਣ ਵਾਲੇ ਧਿਆਨ ਚੰਦ (ਹਾਕੀ ਜਗਤ ਦੇ ਥੰਮ੍ਹ) ਵਿੱਚ ਅਤੇ ਤੁਹਾਡੇ ਵਿੱਚ ਕਈ ਗੱਲਾਂ ਦੀ ਸਾਂਝ ਹੈ, ਇਹ ਗੱਲ ਕਿੱਥੋਂ ਕੁ ਤਕ ਸੱਚ ਹੈ?
: ਹਾਂ ਸਤਨਾਮ ਸਿੰਘ, ਇਹ ਗੱਲ ਬਹੁਤ ਹੱਦ ਤਕ ਸੱਚ ਹੈ। ਉਹ ਇਸ ਤਰ੍ਹਾਂ ਹੈ ਕਿ ਧਿਆਨ ਚੰਦ ਹਾਕੀ ਦਾ ਥੰਮ੍ਹ ਸੀ, ਉਸਨੇ ਆਪਣੇ ਜ਼ਮਾਨੇ ਵਿੱਚ 1928 ਤੋਂ 1936 ਤਕ ਇੰਡੀਅਨ ਹਾਕੀ ਵਿੱਚ ਜੋ ਮਾਅਰਕੇ ਮਾਰੇ ਹਨ, ਸਭ ਸੰਸਾਰ ਦੇ ਸਾਹਮਣੇ ਹਨ ਤੇ ਮੇਰਾ ਰੋਲ ਮਾਡਲ ਵੀ ਧਿਆਨ ਚੰਦ ਹੀ ਸੀ। ਮੈਂ ਉਸ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਪ੍ਰਣ ਕੀਤਾ ਸੀ ਤੇ ਚੱਲਿਆ ਵੀ ਹਾਂ। ਇਸੇ ਕਰਕੇ ਸਾਡੇ ਦੋਹਾਂ ਹਾਕੀ ਖਿਡਾਰੀਆਂ ਵਿੱਚ ਕੁਝ ਗੱਲਾਂ ਲੋਕਾਂ ਨੂੰ ਸਾਂਝੀਆਂ ਲੱਗਦੀਆਂ ਹਨ। ਪਹਿਲੀ ਗੱਲ ਸਕੋਰ ਕਰਨ ਦਾ ਰਿਕਾਰਡ। ਪਹਿਲਾਂ ਧਿਆਨ ਚੰਦ ਦਾ, ਉਸ ਤੋਂ ਪਿੱਛੋਂ ਮੇਰਾ, ਆਪੋ-ਆਪਣੇ ਸਮੇਂ ਵਿੱਚ ਅਸੀਂ ਸਕੋਰ ਕਰਨ ਦਾ ਰਿਕਾਰਡ ਪੈਦਾ ਕੀਤਾ ਹੈ। ਦੂਸਰੀ ਗੱਲ ਧਿਆਨ ਚੰਦ ਸੈਂਟਰ ਫਾਰਵਡ ਖੇਡਦਾ ਸੀ ਤੇ ਮੇਰਾ ਵੀ ਇਹੋ ਸੁਪਨਾ ਸੀ, ਸੋ ਮੈਂ ਪੂਰਾ ਕਰ ਲਿਆ। ਤੀਸਰੀ ਗੱਲ, ਤਿੰਨ ਵਾਰ ਓਲੰਪਿਕ ਵਿੱਚ ਧਿਆਨ ਚੰਦ ਕੈਪਟਨ ਸੀ, ਜਿਵੇਂ 1928, 1932, 1936 ਵਿੱਚ, ਇਸੇ ਤਰ੍ਹਾਂ ਮੈਂ ਤਿੰਨ ਵਾਰ ਓਲੰਪਿਕ ਵਿੱਚ ਕੈਪਟਨ ਸੀ; 1948, 1952, 1956 ਵਿੱਚ। ਫ਼ਰਕ ਸਿਰਫ ਇੰਨਾ ਪਿਆ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਪਹਿਲਾਂ ਪਹਿਲ ਮੇਰੀ ਆਤਮਾ ਅੰਗਰੇਜ਼ਾਂ ਦੇ ਅਧੀਨ ਰਹਿ ਕੇ ਹਾਕੀ ਖੇਡਣ ਨੂੰ ਨਹੀਂ ਸੀ ਮੰਨਦੀ, ਉਹ ਵੀ ਮੇਰਾ ਸੁਪਨਾ ਕੁਦਰਤ ਨੇ ਸਮਝੋ ਜਾਂ ਪ੍ਰਮਾਤਾਮਾ ਨੇ ਪੂਰਾ ਕੀਤਾ। ਜਿੱਥੇ ਧਿਆਨ ਚੰਦ ਦੇ ਸਮੇਂ ਯੂਨੀਅਨ ਜੈਕ ਨੂੰ ਲਹਿਰਾਇਆ ਜਾਂਦਾ ਸੀ, ਉੱਥੇ ਮੇਰੀ ਵਾਰੀ ਨੂੰ ਆਜ਼ਾਦ ਭਾਰਤ ਦਾ ਤਿਰੰਗਾ ਲਹਿਰਾਇਆ ਜਾਂਦਾ ਰਿਹਾ। ਜਿਸਦਾ ਮੈਂਨੂੰ ਬੇਹੱਦ ਮਾਣ ਵੀ ਹੈ। ਪਰ ਫੇਰ ਇੱਥੇ ਮੈਂ ਇੱਕ ਵਾਰੀ ਆਪਣੀ ਪਹਿਲੀ ਗੱਲ ਦੁਹਰਾਉਂਦਾ ਹਾਂ ਕਿ ਟੀਮ ਮਿਲਵਰਤਨ ਨਾਲ ਹੀ ਇਹ ਸਾਰੀਆਂ ਜਿੱਤਾਂ ਹੋ ਸਕਦੀਆਂ ਹਨ, ਟੀਮ ਸਪਿਰਟ ਬਿਨਾਂ ਕੁਝ ਨਹੀਂ ਹੋ ਸਕਦਾ। ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿੱਥੇ ਇਹ ਗੱਲਾਂ ਸਾਂਝੀਆਂ ਹਨ, ਉੱਥੇ ਮੈਂਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਜਦੋਂ ਮੈਂ ਭਾਰਤੀ ਹਾਕੀ ਦਾ ਕੋਚ ਸੀ ਤਾਂ ਅਸੀਂ 1975 ਵਿੱਚ ਵਰਲਡ ਕੱਪ ਹਾਕੀ ਜਿੱਤਿਆ ਸੀ।
ਮਨਹੂਸ ਨੰਬਰ ਜਾਂ ਲੱਕੀ ਨੰਬਰ ਦੀ ਚੋਣ (ਵਹਿਮ ਜਾਂ ਵਿਸ਼ਵਾਸ)
? .ਕਈ ਵਾਰ ਦੇਖਣ ਸੁਣਨ ਵਿੱਚ ਆਇਆ ਕਿ ਬਹੁਤ ਸਾਰੇ ਖਿਡਾਰੀ ਕਈ ਤਰ੍ਹਾਂ ਦੇ ਵਹਿਮ ਪ੍ਰਸਤੀ ਵਿੱਚ ਵੀ ਵਿਸ਼ਵਾਸ ਰੱਖਦੇ ਹਨ। ਇੱਧਰ ਦੇਖਣ ਸੁਣਨ ਵਿੱਚ ਆਉਂਦਾ ਕਿ ਨੰਬਰ ‘ਤੇਰਾਂ’ ਨੂੰ ਪੱਛਮ ਵਿੱਚ ਮਨਹੂਸ ਮੰਨਦੇ ਹਨ। ਬਹੁਤ ਸਾਰੀਆਂ ਬਿਲਡਿੰਗਾਂ ਵਿੱਚ ਵੀ ਨੰਬਰ ‘ਤੇਰਾਂ’ ਨਹੀਂ ਲਿਖਿਆ ਜਾਂਦਾ। ਕੀ ਤੁਹਾਡੀ ਭਾਰਤੀ ਹਾਕੀ ਦੀ ਟੀਮ ਵਿੱਚ ਵੀ ਕੋਈ ਇਹੋ ਜਿਹੀ ਮਨੌਤ ਰਹੀ? ਕੋਈ ਯਾਦ ਸਾਂਝੀ ਕਰੋ?
: ਹਾਂ ਜੀ, ਸਤਨਾਮ ਸਿੰਘ ਇਹਦੇ ਬਾਰੇ ਤਾਂ ਕਈ ਬੜੇ ਹੀ ਦਿਲਚਸਪ ਕਿੱਸੇ-ਕਹਾਣੀਆਂ ਹਨ। ਜੇ ਤੁਹਾਡੀ ਦਿਲਚਸਪੀ ਹੈ ਤਾਂ ਸੁਣੋ: ਮੈਂ ਤਾਂ ਤੇਰਾਂ ਨੰਬਰ ਨੂੰ ਇੰਨਾ ਪਿਆਰ ਕਰਦਾ ਕਿ ਦੱਸ ਨਹੀਂ ਸਕਦਾ। ਮੇਰੀ ਖੇਡ ਪੁਸ਼ਾਕ ਦਾ ਨੰਬਰ ਤੇਰਾਂ ਰਿਹਾ, ਜੋ ਕਿ ਮੇਰੇ ਲਈ ਲੱਕੀ ਨੰਬਰ ਹੈ। ਤੁਸੀਂ ਬਿਲਕੁਲ ਠੀਕ ਕਿਹਾ ਕਿ ਪੱਛਮੀ ਦੁਨੀਆ ਵਿੱਚ ਤੇਰਾਂ ਨੰਬਰ ਨੂੰ ਚੰਗਾ ਨਹੀਂ ਮੰਨਦੇ। ਚੰਡੀਗੜ੍ਹ ਵਿੱਚ ਰਹਿਣ ਵਾਲੇ ਜਾਣਦੇ ਹਨ ਕਿ ਚੰਡੀਗੜ੍ਹ ਵਿੱਚ ਵੀ ਤੇਰਾਂ ਸੈਕਟਰ ਨਹੀਂ ਹੈ। ਮੇਰੀ ਗੱਲ ਇਸਦੇ ਉਲਟ ਹੈ। ‘ਤੇਰਾਂ’ ਨੰਬਰ ਕੁਦਰਤੀ ਹੀ ਮੇਰੇ ਨਾਲ ਪੱਕਾ ਹੀ ਜੁੜ ਗਿਆ ਹੈ। ਤੁਸੀਂ ਦੇਖੋ ਕਿ ਮੈਂ ਜਿਹੜਾ ਸੈਕਟਰ ਅਠਾਰਾਂ ਵਿੱਚ ਓਲੰਪੀਆ ਨਾਂ ਦਾ ਘਰ ਬਣਾਇਆ, ਉਸਦਾ ਨੰਬਰ 1534 ਇਨ੍ਹਾਂ ਹਿੰਣਸਿਆਂ ਦਾ ਜੋੜ ‘ਤੇਰਾਂ’ ਬਣਦਾ। ਫੇਰ ਮੇਰੀ ਦਫ਼ਤਰੀ ਕਾਰ ਦਾ ਨੰਬਰ 562 ਅਤੇ ਨਿੱਜੀ ਕਾਰ ਦਾ ਨੰਬਰ 3163 ਜੇ ਇਨ੍ਹਾਂ ਦੇ ਹਿੰਣਸਿਆਂ ਨੂੰ ਜੋੜੀਏ ਤਾਂ ਜੋੜ ‘ਤੇਰਾਂ’ ਬਣੇਗਾ। ਫੇਰ ਹੋਰ ਸੁਣੋ, ਹੈਲਸਿੰਕੀ ਵਿੱਚ ਭਾਰਤੀ ਟੀਮ ਨੇ 13 ਗੋਲ ਕਰਕੇ ਗੋਲਡ ਮੈਡਲ ਜਿੱਤਿਆ, ਜਿਨ੍ਹਾਂ ਵਿੱਚ ਮੈਂ ਨੌਂ ਗੋਲ ਕੀਤੇ ਸਨ। ਫ਼ਾਇਨਲ ਮੈਚ ਓਲੰਪਿਕ ਵਿੱਚ ਮੈਂ ਪੰਜ ਗੋਲ ਕੀਤੇ ਜਿਸਦਾ ਅਜੇ ਤਕ ਰਿਕਾਰਡ ਹੈ।
ਜਿਹੜੀ ਗੱਲ ਤੁਸੀਂ ਵਹਿਮ ਜਾਂ ਵਿਸ਼ਵਾਸ ਦੀ ਪੁੱਛੀ ਹੈ, ਉਹਦੇ ਵਿੱਚ ਸਾਡੀ ਭਾਰਤੀ ਹਾਕੀ ਟੀਮ ਦੇ ਮਨ ਵਿੱਚ ਰਿਹਾ ਕਿ ਸ਼ੁਕਰਵਾਰ ਦੇ ਦਿਨ ਨੂੰ ਪਕਿਸਤਾਨੀ ਹਾਕੀ ਟੀਮ ਅਸੀਂ ਹਰਾਅ ਨਹੀਂ ਸਕਦੇ। ਸਾਡੀ ਭਾਰਤੀ ਟੀਮ ਨੂੰ ਇੱਕ ਹੋਰ ਵਹਿਮ ਇਹ ਵੀ ਰਿਹਾ ਕਿ ਜੋ ਖਿਡਾਰੀ ਘਰੋਂ ਤੁਰਨ ਲੱਗਿਆਂ ਗਲ਼ਾਂ ਵਿੱਚ ਹਾਰ ਪੁਆ ਕੇ ਤੁਰੇ ਉਹ ਵੀ ਟੂਰਨਾਮੈਂਟ ਜਿੱਤ ਨਹੀਂ ਸਕਦੇ। ਮੈਂਨੂੰ ਯਾਦ ਹੈ ਕਿ 1975 ਵਿੱਚ ਸਾਡੀ ਭਾਰਤੀ ਟੀਮ ਨੇ ਕੁਆਲਾ ਲੰਪਰ ਦਾ ਵਿਸ਼ਵ ਹਾਕੀ ਕੱਪ ਖੇਡਣ ਜਾਣਾ ਸੀ। ਮੈਂ ਉਸ ਦਾ ਕੋਚ ਤੇ ਮੈਨੇਜਰ ਵੀ ਸੀ। ਪਰ ਅਸੀਂ ਵਿਦਾਇਗੀ ਪਾਰਟੀ ਸਮੇਂ ਖਿਡਾਰੀਆਂ ਦੇ ਗਲ਼ੀ ਹਾਰ ਨਾ ਪਾਉਣ ਦਿੱਤੇ। ਕਈਆਂ ਹਾਕੀ ਪ੍ਰੇਮੀਆਂ ਨੇ ਇਸਦਾ ਬੁਰਾ ਵੀ ਮਨਾਇਆ। ਮੈਂ ਬਹੁਤ ਹੀ ਨਿਮਰਤਾ ਤੇ ਹਲੀਮੀ ਨਾਲ ਉਨ੍ਹਾਂ ਦਾ ਮਾਣ ਰੱਖਦਿਆਂ ਆਖਿਆ ਕਿ ਇਹ ਹਾਰ ਸਾਡੇ ਮੁੜ ਕੇ ਆਉਣ ਤਕ ਸੰਭਾਲ ਕੇ ਰੱਖੋ, ਜੇ ਪਾਉਣੇ ਹੀ ਹਨ ਤਾਂ ਸਾਡੇ ਆਇਆਂ ਦੇ ਪਾਇਓ।
ਉੱਧਰ ਜਦੋਂ ਭਾਰਤੀ ਟੀਮ ਕੁਆਲਾ ਲੰਪੁਰ ਦੇ ਹਵਾਈ ਅੱਡੇ ’ਤੇ ਪਹੁੰਚੀ ਤਾਂ ਸ਼ਰਧਾਲੂ ਉੱਥੇ ਵੀ ਹਾਰ ਲੈ ਕੇ ਆਏ। ਉੱਥੇ ਵੀ ਕਿਸੇ ਤਰ੍ਹਾਂ ਬਚ ਬਚਾ ਹੋ ਗਿਆ, ਅਸੀਂ ਗਲ਼ਾਂ ਵਿੱਚ ਹਾਰ ਪਾਉਣ ਨਹੀਂ ਦਿੱਤੇ। ਜੇਕਰ ਅਜਿਹੇ ਮੌਕੇ ਹਾਰ ਖਿਡਾਰੀਆਂ ਦੇ ਗਲ਼ਾਂ ਵਿੱਚ ਪੈ ਜਾਂਦੇ ਤਾਂ ਉਨ੍ਹਾਂ ਨੇ ਮਨੋਵਿਗਿਆਨਿਕ ਤੌਰ ’ਤੇ ਹੀ ਹਾਰ ਜਾਣਾ ਸੀ। ਇੱਕ ਵਾਰ ਦੀ ਦਿਲਚਸਪ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਕਿ ਬੰਬਈ ਵਿੱਚ ਪਕਿਸਤਾਨ ਦੀ ਟੀਮ ਖੇਡਣ ਆਈ ਤਾਂ ਮੈਚ ਤੋਂ ਪਹਿਲਾਂ ਖਿਡਾਰੀਆਂ ਦੇ ਗਲ਼ਾਂ ਵਿੱਚ ਹਾਰ ਪਾਉਣ ਦਾ ਮੌਕਾ ਆਇਆ ਤਾਂ ਭਾਰਤੀ ਖਿਡਾਰੀਆਂ ਨੇ ਕਿਹਾ, “ਅਸੀਂ ਤਾਂ ਤੁਹਾਡੇ ਘਰ ਦੇ ਬੰਦੇ ਹਾਂ ਸਾਡਾ ਕੀ ਐ! ਤੁਸੀਂ ਇਹ ਹਾਰ ਮਹਿਮਾਨਾਂ ਦੇ ਪਾਓ।” ਇਸ ਤਰ੍ਹਾਂ ਭਾਰਤੀ ਟੀਮ ਦਾ ਵਹਿਮ ਵਰਗਾ ਵਿਸ਼ਵਾਸ ਚੱਲਦਾ ਰਿਹਾ। ਇੱਕ ਵਾਰ ਕੁਆਲ ਲੰਪਰ ਵਿੱਚ ਔਲੰਪੀਅਨ ਸੁਰਜੀਤ ਸਿੰਘ ਹਾਕੀ ਦਾ ਤਕੜਾ ਫੁੱਲ ਬੈਕ ਸੀ ਉਹ ਪਹਿਲੇ ਮੈਚ ਵਿੱਚ ਆਪਣੀ ਖੇਡ ਵਧੀਆ ਨਾ ਖੇਡ ਸਕਿਆ। ਉਸ ਨੂੰ ਵਹਿਮ ਹੋ ਗਿਆ ਕਿ ਉਸ ਦੀ ਪੁਸ਼ਾਕ ਦਾ ਚਾਰ ਨੰਬਰ ਉਸ ਲਈ ਮਨਹੂਸ ਹੈ। ਉਸ ਨੇ ਆਪਣੀ ਸਮੱਸਿਆ ਟੀਮ ਦੇ ਨਾਲ ਗਏ ਡਾ. ਕਾਲੜਾ ਜੋ ਮਨੋਵਿਗਿਆਨੀ ਵੀ ਸੀ, ਨੂੰ ਦੱਸੀ। ਉਸ ਨੇ ਕੁਆਲਾ ਲੰਪਰ ਵਿੱਚ ਰਹਿੰਦੇ ਇੱਕ ਭਾਰਤੀ ਤੋਂ ਗੁੜ ਅਤੇ ਤਿਲ ਮੰਗਵਾ ਕੇ ਸੁਰਜੀਤ ਨੂੰ ਖਾਣ ਨੂੰ ਦਿੱਤੇ ਤਾਂ ਸੁਰਜੀਤ ਉੱਤੇ ਇਸ ਮਨੋਵਿਗਿਆਨ ਦਾ ਐਸਾ ਅਸਰ ਹੋਇਆ ਕਿ ਬਹੁਤ ਹੀ ਵਧੀਆ ਖੇਡ ਗਿਆ। ਸੋ ਕਹਿ ਸਕਦੇ ਹਾਂ ਕਿ ਵਹਿਮ ਦਾ ਇਲਾਜ ਵੀ ਵਹਿਮ ਨਾਲ ਹੋਇਆ। ਇਸੇ ਤਰ੍ਹਾਂ ਪਕਿਸਤਾਨੀ ਖਿਡਾਰੀ ਵੀ ਪੀਰਾਂ ਫ਼ਕੀਰਾਂ ਦੇ ਧੂਣਿਆਂ ਦੀ ਰਾਖ ਆਪਣੇ ਨਾਲ ਰੱਖਦੇ ਹਨ। ਭਾਰਤੀ ਟੀਮ ਵਿੱਚ ਪੈਨਲਟੀ ਕਾਰਨਰ ਦਾ ਬਾਦਸ਼ਾਹ ਪ੍ਰਿਥਪਾਲ ਸਿੰਘ ਆਪਣੇ ਨਾਲ ਗੁਰੂ ਨਾਨਕ ਦੇਵ ਜੀ ਦੀ ਫੋਟੋ ਰੱਖਦਾ ਸੀ।
ਇਹੋ ਜਿਹੇ ਵਿਸ਼ਵਾਸ ਜਾਂ ਵਹਿਮ ਨਾਲ ਜੁੜੀ ਇੱਕ ਹੋਰ ਬਹੁਤ ਦਿਲਚਸਪ ਘਟਨਾ ਮੈਂ ਤੁਹਾਨੂੰ ਦੱਸਦਾਂ ਜੋ ਹੁਣ ਤਕ ਯਾਦ ਹੈ। ਇਹ ਗੱਲ ਹੈ ਮਿਲਬੌਰਨ ਅਸਟਰੇਲੀਆ ਵਿੱਚ ਓਲੰਪਿਕ ਖੇਡਾਂ ਸਮੇਂ ਦੀ। ਹੋਇਆ ਇਸ ਤਰ੍ਹਾਂ ਇਸ ਵਾਰ ਸਾਡੀ ਭਾਰਤੀ ਟੀਮ ਫਾਇਨਲ ਵਿੱਚ ਪਹੁੰਚ ਗਈ। ਮੈਂ ਟੀਮ ਦਾ ਕਪਤਾਨ ਸੀ ਅਤੇ ਸਾਡਾ ਮੈਚ ਪਕਿਸਤਾਨ ਦੀ ਟੀਮ ਨਾਲ ਸੀ। ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ। ਟੀਮ ਗਰਾਊਂਡ ਵਿੱਚ ਜਾਣ ਲਈ ਤਿਆਰ ਸੀ, ਬੱਸ ਵਿੱਚ ਬੈਠਣ ਹੀ ਲੱਗੀ ਸੀ ਕਿ ਭੁਪਾਲ ਹਾਕੀ ਐਸੋਸੀਏਸ਼ਨ ਦੇ ਸੈਕਟਰੀ ਐੱਮ. ਟੀ. ਅੰਸਾਰੀ ਨੇ ਛਿੱਕ ਮਾਰ ਦਿੱਤੀ। ਅਸ਼ਵਨੀ ਕੁਮਾਰ ਨੇ ਛਿੱਕ ਸੁਣੀ ਤਾਂ ਅੰਸਾਰੀ ਨੂੰ ਪੈ ਗਿਆ ਕਿ ਇਹ ਤੇਰਾ ਛਿੱਕ ਮਾਰਨ ਦਾ ਟਾਈਮ ਹੈ? ਮਨਹੂਸ ਕਿਸੇ ਥਾਂ ਦਾ! ਉਹਨੇ ਵਿਚਾਰੇ ਨੇ ਮੁਆਫ਼ੀ ਮੰਗੀ। ਫੇਰ ਬੱਸ ਡਰਾਇਵਰ ਨੂੰ ਕਿਹਾ ਕਿ ਬੱਸ ਦਾ ਇੰਜਣ ਬੰਦ ਕਰ ਦਿਓ। ਮੈਂਨੂੰ ਮੁੜ ਕਮਰੇ ਵਿੱਚ ਲੈ ਗਿਆ ਤੇ ਮੈਂਨੂੰ ਹੁਕਮ ਹੋਇਆ ਕਿ ਮੈਂ ਟਰੈਕ ਸੂਟ ਲਾਹ ਕੇ ਪੰਜ ਮਿੰਟ ਮੰਜੇ ’ਤੇ ਲੇਟਾਂ। ਇਸ ਤਰ੍ਹਾਂ ਅੰਸਾਰੀ ਦੀ ਮਾਰੀ ਛਿੱਕ ਦੀ ਬਦਸ਼ਗਨੀ ਦੂਰ ਹੋਵੇ। ਅਸੀਂ ਇਹ ਸਭ ਕੁਝ ਕੀਤਾ ਕਿਉਂਕਿ ਇਹ ਵਹਿਮ ਵੀ ਇੱਕ ਵਿਸ਼ਵਾਸ ਵਰਗਾ ਸੀ। ਹਰ ਇੱਕ ਸਮਾਜ ਵਿੱਚ ਇਹੋ ਜਿਹੇ ਵਹਿਮ ਜਾਂ ਵਿਸ਼ਵਾਸ ਦੇਖੇ ਜਾ ਸਕਦੇ ਹਨ। ਗੱਲ ਤਾਂ ਬਹੁਤੀ ਮਾਨਸਿਕਤਾ ਦੀ ਹੁੰਦੀ ਹੈ। ਤੁਸੀਂ ਇਹ ਨੂੰ ਕੁਝ ਕਹਿ ਲਵੇ ਵਹਿਮ ਜਾਂ ਵਿਸ਼ਵਾਸ।
ਚਿੱਲ ਫ਼ਰੂਟ ਫਾਰਮ ਵਿੱਚ ਆਓ ਭਗਤ
? ਚਲੋ ਇਹ ਤਾਂ ਹੋਈ ਵਹਿਮ ਜਾਂ ਵਿਸ਼ਵਾਸ ਦੀ ਗੱਲ। ਹਾਕੀ ਖਿਡਾਰੀਆਂ ਦੀ ਕੋਈ ਹਾਸੇ ਮਜ਼ਾਕ ਦੀ, ਸ਼ੁਗਲ ਦੀ ਜਾਂ ਕਿਸੇ ਸ਼ੌਕ ਦੀ ਕੋਈ ਗੱਲ ਵੀ ਦੱਸੋ? ਮੈਚ ਖੇਡਣ ਅਤੇ ਪਰੈਕਟਿਸ ਤੋਂ ਬਾਅਦ ਵਿਹਲਾ ਸਮਾਂ ਕਿਸ ਤਰ੍ਹਾਂ ਬੀਤਦਾ ਸੀ। ਕੋਈ ਯਾਦ ਸਾਂਝੀ ਕਰਨੀ ਚਾਹੋਗੇ?
; ਹਾਂ, ਉਹ ਵੀ ਇੱਕ ਅਭੁੱਲ ਯਾਦ ਹੈ, ਪਹਿਲਾਂ ਹਾਸੇ ਵਾਲੀ ਸੁਣ ਲਓ। ਪਕਿਸਤਾਨੀ ਟੀਮ ਦੇ ਚੜ੍ਹਦੇ ਪੰਜਾਬ ਦੇ ਟੂਰ ਤੋਂ ਬਾਅਦ ਸਾਡੀ ਟੀਮ ਲਹਿੰਦੇ ਪੰਜਾਬ ਦੇ ਦੌਰੇ ’ਤੇ ਗਈ। ਸਾਡੀ ਟੀਮ ਦੇ ਨਾਲ ਸੰਤ ਪ੍ਰਕਾਸ਼ ਸਿੰਘ ਅਤੇ ਅਸ਼ਵਨੀ ਕੁਮਾਰ ਵੀ ਗਏ ਬਾਕੀ ਮੈਂਬਰ ਸਨ: ਧਰਮ ਸਿੰਘ, ਤਰਲੋਚਨ ਸਿੰਘ, ਬਖਸ਼ੀਸ਼ ਸਿੰਘ, ਰਾਮ ਪ੍ਰਕਾਸ਼ ਅਤੇ ਮੈਂ। ਸਾਡੀਆਂ ਪਤਨੀਆਂ ਵੀ ਨਾਲ ਗਈਆਂ। ਇਹ ਸਾਡੀ ਟੀਮ ਸੀ ਤਾਂ ਪੰਜਾਬ ਪੁਲੀਸ ਦੀ, ਪਰ ਸਾਡੀ ਟੀਮ ਭਾਰਤੀ ਹਾਕੀ ਦੀ ਟੀਮ ਦੇ ਬਰਾਬਰ ਦੀ ਮੰਨੀ ਜਾਂਦੀ ਸੀ। ਸਾਡੇ ਜਾਣ ਦਾ ਆਮ ਲੋਕਾਂ ਵੱਲੋਂ ਬੜਾ ਭਰਵਾਂ ਸਵਾਗਤ ਹੋਇਆ। ਪਹਿਲਾਂ ਤਾਂ ਸਾਨੂੰ ਪੁਲੀਸ ਲਾਈਨ ਦੇ ਗੈਸਟ ਹਾਉਸ ਵਿੱਚ ਹੀ ਰੱਖਿਆ ਸੀ ਪਰ ਆਮ ਲੋਕਾਂ ਦਾ ਪਿਆਰ ਦੇਖਕੇ ਉਨ੍ਹਾਂ ਸਾਨੂੰ ਸਿਵਲ ਹਲਕਿਆਂ ਵਿੱਚ ਜਾਣ ਦੀ ਖੁੱਲ੍ਹ ਦੇ ਦਿੱਤੀ। ਅਸੀਂ ਤਾਂ ਸੈਰ ਸਪਾਟੇ ਦੇ ਮੂੜ ਵਿੱਚ ਸੀ। ਪਹਿਲਾਂ ਹਾਕੀ ਖੇਡਣ ਵਾਲੇ ਡਸਿਪਲਨ ਨੂੰ ਢਿੱਲਾ ਰੱਖਿਆ ਕਿਉਂਕਿ ਇਹ ਫਰੈਂਡਲੀ ਮੈਚ ਸੀ। ਲਾਹੌਰ ਵਿਚਲੀਆਂ ਦਾਅਵਤਾਂ ਨੇ ਸਾਡੇ ਢਿੱਡ ਪੂਰੀ ਤਰ੍ਹਾਂ ਭਰ ਦਿੱਤੇ। ਅਸੀਂ ਮੌਜ ਮੇਲੇ ਵਾਲੇ ਮੂੜ ਵਿੱਚ ਹੀ ਸਾਂ। ਇਹ ਮੈਚ ਮਿੰਟਗੁਮਰੀ ਵਿੱਚ ਸੀ। ਜਦੋਂ ਮੈਚ ਸ਼ੁਰੂ ਹੋਇਆ ਸਾਡੇ ਖਿਡਾਰੀ ਬਹੁਤੇ ਬਾਲ ਦੇ ਨਾਲ ਦੌੜਨ ਜੋਗੇ ਵੀ ਨਹੀਂ ਸਨ। ਪਹਿਲਾਂ ਗੋਲ ਪਕਿਸਤਾਨੀ ਪੁਲੀਸ ਨੇ ਕਰ ਦਿੱਤਾ। ਜਿਸ ਤਰ੍ਹਾਂ ਸਾਡੇ ਵੱਲ ਅੰਮ੍ਰਿਤਸਰ ਮੈਚ ਵੇਲੇ ਹੋਇਆ ਸੀ, ਉਸੇ ਤਰ੍ਹਾਂ ਉਨ੍ਹਾਂ ਦਾ ਇੱਕ ਅਫੀਸਰ ਉਨ੍ਹਾਂ ਨੂੰ ਕਹੀ ਜਾਵੇ ਕਿ ਇਨ੍ਹਾਂ ਨੂੰ ਗੋਲ ਕਰ ਲੈਣ ਦਿਓ। ਖ਼ੈਰ ਉਹ ਵਿਚਾਰੇ ਢਿੱਲੇ ਵੀ ਪੈ ਗਏ ਪਰ ਸਾਡੇ ਵਾਲਿਆਂ ਤੋਂ ਫੇਰ ਵੀ ਗੋਲ ਨਾ ਕਰ ਹੋਇਆ। ਆਖ਼ਰ ਉਨ੍ਹਾਂ ਨੇ ਗੋਲ਼ੀ ਕੱਢ ਲਿਆ, ਗੋਲ ਖਾਲ਼੍ਹੀ ਕਰ ਦਿੱਤੇ। ਵਿਸਲ ਵੱਜਣ ਤੋਂ ਪਹਿਲੋਂ ਬਾਲ ਗੋਲਾਂ ਵਿੱਚ ਚਲਾ ਗਿਆ ਤੇ ਮੈਚ ਬਰਾਬਰ ਰਿਹਾ। ਇੱਥੇ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਚੜ੍ਹਦੇ ਪੰਜਾਬ ਦੀ ਟੀਮ ਸਾਡੇ ਬਰਾਬਰ ਦੀ ਨਹੀਂ।
ਦੂਜਾ ਮੈਚ ਹੋਣਾ ਸੀ, ਲਾਹੌਰ। ਇਸ ਮੈਚ ਤੋਂ ਬਾਅਦ ਸਾਡੀ ਟੀਮ ਲਾਹੌਰ ਨੂੰ ਚੱਲ ਪਈ। ਮਿੰਟਗੁਮਰੀ ਤੋਂ ਲਾਹੌਰ ਨੂੰ ਜਾਂਦਿਆਂ ਰਾਹ ਵਿੱਚ ਇੱਕ ਬਹੁਤ ਵੱਡਾ ਬਾਗ਼ ਸੀ, ਜਿਸ ਨੂੰ ਚਿੱਲ ਫ਼ਰੂਟ ਫਾਰਮ ਕਹਿੰਦੇ ਹਨ। ਉੱਥੇ ਸਾਡੀ ਆਓ ਭਗਤ ਲਈ ਵੱਡੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਬਹੁਤ ਹੀ ਵਧੀਆ ਢੰਗ ਨਾਲ ਫਲ-ਫਰੂਟਾਂ ਅਤੇ ਵਧੀਆ ਪਕਵਾਨਾਂ ਦੀ ਖ਼ਸ਼ਬੂ, ਵਾਜੇ ਗਾਜੇ ਵੱਜ ਰਹੇ ਸਨ। ਬਹਿਰੇ ਖਾਣੇ ਪਰੋਸ ਰਹੇ ਸੀ। ਸਾਨੂੰ ਮਿਹਮਾਨਾਂ ਨੂੰ ਭੁੱਖ ਵੀ ਲੋਹੜੇ ਦੀ ਲੱਗੀ ਹੋਈ। ਲਓ ਜੀ, ਜਿਓਂ ਹੀ ਅਸੀਂ ਖਾਣੇ ਦੇ ਮੇਜ਼ਾਂ ਵੱਲ ਵਧੇ। ਉੱਧਰੋਂ ਡੂਮਣੇ ਦੀਆਂ ਮੱਖੀਆਂ ਨੇ ਹਮਲਾ ਕਰ ਦਿੱਤਾ। ਬੱਸ ਫੇਰ ਤਾਂ ਜੀ ਅਜਿਹਾ ਰੰਗ ਵਿੱਚ ਭੰਗ ਪਿਆ ਕਿ ਹੱਥਾਂ ਵਿੱਚ ਫੜੀਆਂ ਪਲੇਟਾਂ ਛੁੱਟ ਗਈਆਂ, ਭਾਜੜਾਂ ਪੈ ਗਈਆਂ। ਮੱਖੀਆਂ ਨੇ ਆਏ ਮਹਿਮਾਨਾਂ ਅਤੇ ਮੇਜ਼ਵਾਨਾਂ ਨਾਲ ਕੋਈ ਲਿਹਾਜ਼ ਨਾ ਕੀਤਾ। ਪੱਗਾਂ ਵਾਲਿਆਂ ਨੇ ਤਾਂ ਪੱਗਾਂ ਨਾਲ ਆਪਣੇ ਆਪ ਨੂੰ ਢਕ ਕੇ, ਅਤੇ ਬੀਬੀਆਂ ਨੇ ਆਪਣੀਆਂ ਚੁੰਨੀਆਂ ਨਾਲ ਢਕ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੱਖੀਆਂ ਨੇ ਸਰੀਰ ਦਾ ਜੋ ਹਿੱਸਾ ਨੰਗਾ ਲੱਭਾ, ਉਨ੍ਹਾਂ ਡੰਗਾਂ ਨਾਲ ਬਿਨ੍ਹ ਦਿੱਤਾ। ਕਈਆਂ ਨੇ ਸਿਰਾਂ ’ਤੇ ਮੇਜ਼ ਪੋਸ਼ ਲੈ ਲਏ ਪਰ ਜਿਨ੍ਹਾਂ ਕੋਲ ਪੱਗ ਜਾਂ ਕੋਈ ਹੋਰ ਕੱਪੜਾ ਸਰੀਰ ਢੱਕਣ ਨੂੰ ਨਾ ਲੱਭਾ, ਉਨ੍ਹਾਂ ਵਿਚਾਰਿਆਂ ਦਾ ਜੋ ਹਾਲ ਹੋਇਆ, ਉਹ ਬਿਅਨ ਕਰਨ ਤੋਂ ਬਾਹਰ ਹੈ। ਉਨ੍ਹਾਂ ਵਿਚਾਰਿਆਂ ਦੇ ਮੂੰਹ ਸਿਰ ਸੁੱਜ ਕੇ ਗੁਲਗਲਿਆਂ ਵਰਗੇ ਹੋ ਗਏ। ਉਨ੍ਹਾਂ ਦੀਆਂ ਤਾਂ ਸੂਰਤਾਂ ਹੀ ਵਿਗਾੜ ਦਿੱਤੀਆਂ। ਉਨ੍ਹਾਂ ਦਾ ਨਾ ਹੱਸਦਿਆਂ ਦਾ ਪਤਾ ਲੱਗੇ, ਨਾ ਰੋਂਦਿਆਂ ਦਾ। ਇਹ ਯੁੱਧ ਕੋਈ ਅੱਧਾ ਪੌਣਾ ਘੰਟਾ ਚੱਲਿਆ। ਜਦ ਡੂਮਣੇ ਦਾ ਟਿਕ-ਟਕਾ ਹੋਇਆ, ਫੇਰ ਖਾਣਾ ਪਰੋਸਿਆ ਗਿਆ। ਹੁਣ ਭੁੱਖ ਕਿਸ ਨੂੰ ਸੀ! ਬੱਸ ਮਾੜੀ ਮੋਟੀ ਠੂੰਗਾ ਠਾਂਗੀ ਕੀਤੀ। ਉੱਧਰ ਮੇਜ਼ਵਾਨ ਮਾਫ਼ੀਆਂ ਮੰਗੀ ਜਾਣ। ਉਨ੍ਹਾਂ ਵਿਚਾਰਿਆਂ ਦਾ ਕਿਹੜਾ ਕੋਈ ਕਸੂਰ ਸੀ। ਇਹ ਤਾਂ ਕਿਸੇ ਦੇ ਯਾਦ ਚਿੱਤ ਵੀ ਨਹੀਂ ਸੀ ਕਿ ਆਹ ਕੰਮ ਵੀ ਹੋ ਸਕਦਾ। ਡੂਮਣੇ ਨੇ ਤਾਂ ਸਾਰਿਆਂ ਦੀ ਸੋਹਣੀ ਆਉ ਭਗਤ ਕਰ’ਤੀ ਸੀ।
ਬਾਕੀ, ਵਿਹਲਾ ਸਮਾਂ ਗੁਜ਼ਾਰਨ ਲਈ, ਚੁਟਕਲੇ, ਤਾਸ਼, ਗੀਤ ਗਾਉਣ ਤੇ ਕੁਦਰਤ ਦਾ ਆਨੰਦ ਮਾਨਣ ਵਰਗੇ ਸ਼ੌਕ ਸਾਡੇ ਖਿਡਾਰੀਆਂ ਵਿੱਚ ਹਨ। ਤੁਸੀਂ ਸ਼ਾਇਦ ਭਾਰਤੀ ਟੀਮ ਦੀਆਂ ਕਪਤਾਨੀਆਂ ਕਰਨ ਵਾਲੇ ਪਰਗਟ ਸਿੰਘ ਨੂੰ ਜਾਣਦੇ ਹੀ ਹੋ, ਉਹ ਬਹੁਤ ਹੀ ਵਧੀਆ ਗਾਇਕ ਵੀ ਹੈ। ਮੈਂਨੂੰ ਲਤੀਫ਼ੇ ਸੁਣਾਉਣ ਦਾ ਸ਼ੌਕ ਹੈ। ਧਿਆਨ ਚੰਦ ਦਾ ਪੁੱਤਰ ਅਸ਼ੋਕ ਕੁਮਾਰ, ਕੁਲਵੰਤ, ਵਿਨੋਦ ਕੁਮਾਰ ਅਤੇ ਗਨੇਸ਼ ਵੀ ਚੰਗੇ ਗਵਇਏ ਹਨ। ਇੱਕ ਵਾਰ ਸਾਡੀ ਟੀਮ ਨੇ ਮਦਰਾਸ ਤੋਂ ਬੰਗਲੌਰ ਜਾਣਾ ਸੀ, ਬੱਸ ਦਾ ਸਫ਼ਰ ਸੱਤ ਘੰਟੇ ਦਾ ਸੀ। ਬੱਸ ਵਿੱਚ ਬੈਠਦਿਆਂ ਹੀ ਕੁਝ ਖਿਡਾਰੀ ਤਾਸ਼, ਕੁਝ ਗਾਉਣ ਤੇ ਕੁਝ ਚੁਟਕਲਿਆਂ ਵੱਲ ਹੋ ਗਏ। ਵਿਹਲੇ ਸਮੇਂ ਦਾ ਪਤਾ ਹੀ ਨਾ ਲੱਗਾ।
ਕਰਾਮਾਤਾਂ ਰਾਜਨੀਤੀ ਦੀਆਂ
? ਬਲਬੀਰ ਸਿੰਘ ਜੀ, ਕਦੇ ਕਦੇ ਇਹ ਗੱਲ ਵੀ ਸੁਣੀ ਗਈ ਹੈ ਕਿ ਟੀਮ ਵਿੱਚ ਸ਼ਿਫ਼ਾਰਸ਼ੀ ਲੋਕਾਂ ਨੂੰ ਪਾ ਲਿਆ ਜਾਂਦਾ ਹੈ। ਪਰ ਜਿਸ ਕਿਸੇ ਦਾ ਹੱਕ ਬਣਦਾ ਹੁੰਦਾ ਹੈ, ਉਹਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ। ਕੀ ਤੁਹਾਡੇ ਵੇਲਿਆਂ ਵਿੱਚ ਵੀ ਕਦੇ ਇਸ ਤਰ੍ਹਾਂ ਹੋਇਆ, ਜਿੱਥੇ ਸਿਆਸਤ ਨੇ ਆਪਣਾ ਰੰਗ ਦਿਖਇਆ ਹੋਵੇ?
: ਢਾਹ ਜੀ, ਤੁਸੀਂ ਤਾਂ ਪੁਰਾਣੇ ਜ਼ਖ਼ਮ ਛੇੜ ਦਿੱਤੇ, ਬਿਲਕੁਲ ਹੁੰਦਾ ਰਿਹਾ। ਇਕੱਲੇ ਖਿਡਾਰੀਆਂ ਦੀ ਹੀ ਨਹੀਂ, ਇਹ ਸਿਆਸਤ ਤਾਂ ਮੇਰੇ ਨਾਲ ਵੀ ਹੋਈ ਹੈ। ਖਿਡਾਰੀਆਂ ਨਾਲ ਹੋਣੀ ਤਾਂ ਆਮ ਗੱਲ ਹੈ। ਇਹ ਹੋਈ ਵੀ ਉਦੋਂ, ਜਦੋਂ ਕਿ ਮੈਂ ਆਪ ਕੋਚ ਅਤੇ ਮੈਨੇਜਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਿਹਾ ਸੀ। ਪਰ ਮੈਂ ਕਦੇ ਇਹੋ ਜਿਹੀਆਂ ਬੇਇਨਸਾਫ਼ੀਆਂ ਦਾ ਕਦੇ ਬਹੁਤਾ ਗਿਲਾ ਨਹੀਂ ਸੀ ਕੀਤਾ। ਮੇਰਾ ਨਿਸ਼ਾਨਾ ਤਾਂ ਭਾਰਤੀ ਟੀਮ ਨੂੰ ਗੋਲਡ ਮੈਡਲ ਜਿੱਤਣ ਦੇ ਨਿਸ਼ਾਨੇ ਨਾਲ ਆਪਣੀ ਸੂਝ ਬੂਝ ਨਾਲ ਕੋਚਿੰਗ ਦੇਣ ਦੀ ਕੋਸ਼ਿਸ਼ ਕਰਨਾ ਹੀ ਰਿਹਾ। ਗੱਲ ਤਾਂ ਜ਼ਰਾ ਲੰਬੀ ਹੈ ਤੁਸੀਂ ਹੁਣ ਪੁੱਛਦੇ ਹੋ ਤਾਂ ਗੱਲ ਕਰਨੀ ਹੀ ਪੈਣੀ ਹੈ। ਗੱਲ ਇਸ ਤਰ੍ਹਾਂ ਹੋਈ ਕਿ 1964 ਵਿੱਚ ਟੋਕੀਓ ਦੀ ਓਲੰਪਿਕ ਖੇਡਾਂ ਆ ਰਹੀਆਂ ਸਨ। ਭਾਰਤੀ ਟੀਮ ਦੇ ਖਿਡਾਰੀਆਂ ਦਾ ਕੈਂਪ ਪੰਜਾਬ ਵਿੱਚ ਲਾਇਆ ਗਿਆ। ਕੋਚਿੰਗ ਦੀ ਜ਼ਿੰਮੇਵਾਰੀ ਮੈਂਨੂੰ ਦਿੱਤੀ ਗਈ। ਕੋਚਿੰਗ ਕੈਂਪ ਦਾ ਸਪੋਕਸਮੈਨ ਹਬੁਲ ਮੁਕਰਜੀ ਸੀ। ਪਤਾ ਨਹੀਂ ਕਿਉਂ ਤੇ ਕਿਵੇਂ ਹਬੁਲ ਮੁਕਰਜੀ ਦੇ ਮਨ ਵਿੱਚ ਆਈ ਕਿ ਇਸ ਕੈਂਪ ਦਾ ਸਾਰਾ ਸਿਹਰਾ ਮੈਂ ਆਪਣੇ ਸਿਰ ਲੈਣਾ। ਉਸ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਰਤੀ ਟੀਮ ਤਾਂ ਡਾਇਰੈਕਟ ਹੀ ਹਾਕੀ ਖੇਡ ਰਹੀ ਹੈ। ਇਸੇ ਗੱਲ ਨੂੰ ਲੈ ਕੇ ਭਾਰਤੀ ਹਾਕੀ ਟੀਮ ਨੂੰ ਟੋਕੀਓ ਭੇਜਣ ਵੇਲੇ ਸਿਆਸਤ ਖੇਡੀ ਗਈ। ਟੀਮ ਨੂੰ ਕੋਚਿੰਗ ਦੇਣ ਦੀ ਸਾਰੀ ਤਿਆਰੀ ਮੇਰੇ ਵੱਲੋਂ ਕਰਾਏ ਜਾਣ ਅਤੇ ਟੀਮ ਦੇ ਕੋਚ ਹੋਣ ਕਰਕੇ, ਜਾਣ ਦੇ ਟਾਈਮ ਜਦੋਂ ਕਿ ਮੈਂ ਕੋਚ ਦਾ ਬਲੇਜ਼ਰ ਵੀ ਪਹਿਨਿਆ ਹੋਇਆ ਸੀ। ਭਾਰਤੀ ਟੀਮ ਦਾ ਅਫੀਸ਼ੀਅਲ ਕੋਚ ਹੋਣ ਦੇ ਸਾਰੇ ਕੰਮ ਹੋ ਚੱਕੇ ਸਨ। ਟੀਮ ਰਵਾਨਾ ਹੋਣ ਤੋਂ ਐਨ ਪਹਿਲਾਂ ਸਾਡੀ ਟੀਮ ਦਾ ਮੇਰੇ ਤੋਂ ਜੂਨੀਅਰ ਖਿਡਾਰੀ ਸੀ ਧਰਮ ਸਿੰਘ, ਉਸ ਨੂੰ ਕੋਚ ਬਣਾ ਦਿੱਤਾ ਗਿਆ। ਮੈਂ ਕੋਈ ਰੋਸ-ਵਿਰੋਧ ਨਾ ਕੀਤਾ। ਮੈਂ ਆਪਣਾ ਬਲੇਜ਼ਰ ਲਾਹ ਕੇ ਧਰਮ ਸਿੰਘ ਨੂੰ ਦੇ ਦਿੱਤਾ। ਮੈਂਨੂੰ ਤਾਂ ਧਰਮ ਸਿੰਘ ਨਾਲ ਕੋਈ ਈਰਖਾ ਹੀ ਨਹੀਂ ਸੀ। ਕਿਉਂਕਿ ਅਸੀਂ ਤਾਂ ਆਪਸ ਵਿੱਚ ਪੁਰਾਣੇ ਦੋਸਤ ਸਾਂ। ਅਸੀਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਇਕੱਠੇ ਖੇਡਣ ਤੋਂ ਲੈ ਕੇ ਪੰਜਾਬ ਪੁਲੀਸ ਦੀ ਟੀਮ ਵਿੱਚ ਵੀ ਸਾਲਾਂ ਤੋਂ ਇਕੱਠੇ ਖੇਡ ਰਹੇ ਸਾਂ ਅਤੇ ਪੰਜਾਬ ਖੇਡ ਵਿਭਾਗ ਵਿੱਚ ਵੀ ਕੁਲੀਗ ਸਾਂ।
ਮੇਰਾ ਮਿਸ਼ਨ ਤਾਂ ਭਾਰਤੀ ਹਾਕੀ ਦੀ ਖੁੱਸੀ ਸਰਦਾਰੀ ਨੂੰ ਮੁੜ ਕਾਇਮ ਕਰਨਾ ਸੀ। ਅਸੀਂ ਟੋਕੀਓ ਵਿੱਚ ਗੋਲਡ ਮੈਡਲ ਤਾਂ ਜਿੱਤ ਲਿਆ, ਜਿਸ ਦੀ ਮੈਂਨੂੰ ਬੇਹੱਦ ਖੁਸ਼ੀ ਹੋਈ। ਪਰ ਮੈਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਜਾਂ ਗਿਲਾ ਨਹੀਂ ਕੀਤਾ ਕਿ ਮੇਰੇ ਪਾਏ ਯੋਗਦਾਨ ਨੂੰ ਅੱਖੋਂ ਪ੍ਰੋਖੇ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਚਾਂ ਜਾਂ ਮੈਨੇਜਰਾਂ ਦੀ ਇਹ ਹਾਲਤ ਹੋ ਸਕਦੀ ਹੈ ਤਾਂ ਖਿਡਾਰੀ ਕਿਹੜੇ ਬਾਗ਼ ਦੀ ਮੂਲ਼ੀ ਹਨ ਸਤਨਾਮ ਜੀ, ਜੇਕਰ ਇਹ ਸਿਆਸਤ ਇੰਨੀ ਗੰਦੀ ਨਾ ਹੁੰਦੀ ਤਾਂ ਭਾਰਤੀ ਹਾਕੀ ਦੀ ਕਦੇ ਵੀ ਸਰਦਾਰੀ ਨਾ ਖੁੱਸਦੀ। ਭਾਰਤੀ ਹਾਕੀ ਫ਼ੈਡਰੇਸ਼ਨ ਦੋਫਾੜ ਹੋਣ ਨਾਲ ਇਸ ਫੁੱਟ ਨੇ ਕੈਪਟਨ ਦੀ ਚੋਣ, ਕੋਚਾਂ ਦੀ ਚੋਣ, ਫੇਰ ਖਿਡਾਰੀਆਂ ਦੀ ਚੋਣ ਸਭ ਸੌੜੀ ਸਿਆਸਤ ਦੀ ਲਪੇਟ ਵਿੱਚ ਆਉਣ ਨਾਲ, ਭਾਰਤੀ ਹਾਕੀ ਨੂੰ ਜੋ ਨਾ ਪੂਰਿਆ ਜਾਣ ਵਾਲਾ ਨੁਕਸਾਨ ਹੋਇਆ, ਉਹ ਆਪਣੇ ਸਾਹਮਣੇ ਹੈ। ਤੁਸੀਂ ਦੇਖੋ ਕਿ ਜਿਹੜਾ ਭਾਰਤ ਸੱਤ ਵਾਰ ਗੋਲਡ ਮੈਡਲ ਅਤੇ ਇੱਕ ਵਾਰ ਸਿਲਵਰ ਇੱਕ ਵਾਰ ਬਰਾਊਨਜ਼ ਜਿੱਤਿਆ ਹੋਵੇ, ਮੁੜ ਕਦੇ ਕੋਈ ਮੈਡਲ ਲੈਣ ਦੀ ਸਥਿਤੀ ਵਿੱਚ ਨਾ ਹੋਵੇ ਤਾਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਭਲੀਭਾਂਤ ਹੀ ਲਾ ਲਉਗੇ। ਦਰਅਸਲ ਢਾਹ ਜੀ, ਸਾਡੇ ਵਿੱਚੋਂ ਇਨਸਾਨੀਅਤ ਹੀ ਮਰ ਰਹੀ ਹੈ। ਅਸੀਂ ਕੀਤੇ ਕੰਮਾਂ ਦੀ ਕਦਰ ਕਰਨ ਨਾਲੋਂ ਸਿਆਸਤ ਕਰਨ ਨੂੰ ਪਹਿਲ ਦੇਣ ਲੱਗ ਪਏ ਹਾਂ, ਜੋ ਕਿ ਬਹੁਤ ਹੀ ਖ਼ਤਰਨਾਖ ਸਾਬਤ ਹੋ ਰਹੀ ਹੈ।
? ਬਿਲਕੁਲ ਜੀ, ਜੇਕਰ ਇਨਸਾਨੀਅਤ ਨਾ ਮਰੀ ਹੁੰਦੀ ਤਾਂ ਇਹ ਇਤਿਹਾਸ ਹੀ ਹੋਰ ਹੋਣਾ ਸੀ! ਅੱਛਾ ਜੀ ਇੱਕ ਗੱਲ ਹੋਰ ਦੱਸੋ ਕਿ ਇਹ ਵੀ ਕਈ ਵਾਰ ਸੁਣਨ ਵਿੱਚ ਆਇਆ ਕਿ ਟੀਮਾਂ ਰਲ ਕੇ ਵੀ ਖੇਡ ਲੈਂਦੀਆਂ ਹਨ। ਇੱਕ ਦੂਜੇ ਨੂੰ ਜਿਤਾੳਂਣ ਦਾ ਕੋਈ ਸਮਝੌਤਾ ਕਰ ਲੈਂਦੀਆਂ ਹਨ। ਹਾਕੀ ਦੀ ਖੇਡ ਵਿੱਚ, ਤੁਹਾਡੇ ਵੇਲਿਆਂ ਵਿੱਚ ਕਦੇ ਇਸ ਤਰ੍ਹਾਂ ਹੋਇਆ ਹੋਵੇ?
: (ਹੱਸਦੇ ਹੋਏ) ਢਾਹ ਜੀ, ਇਹ ਗੱਲ ਕਿਸੇ ਪ੍ਰੈਕਟਿਸ ਮੈਚ ਵਿੱਚ ਤਾਂ ਮੰਨੀ ਜਾ ਸਕਦੀ ਹੈ ਪਰ ਨੈਸ਼ਨਲ ਜਾਂ ਇੰਟਰਨੈਸ਼ਲ ਖੇਡ ਵਿੱਚ ਮੁਸ਼ਕਲ ਹੈ। ਹਾਂ, ਮੈਂਨੂੰ ਯਾਦ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀਆਂ ਹਾਕੀ ਐਸੋਸੀਏਸ਼ਨਾਂ ਨੇ ਮਨ ਬਣਾਇਆ ਕਿ ਇੱਕ ਦੂਜੇ ਨਾਲ ਮੈਚ ਖੇਡੇ ਜਾਣ। ਇਹਦੇ ਨਾਲ ਇੱਕ ਤਾਂ ਸਾਡਾ ਮੇਲ ਮਿਲਾਪ ਵਧੇਗਾ ਦੂਜਾ ਹਾਕੀ ਦੀ ਖੇਡ ਵਿੱਚ ਨਿਖਾਰ ਤੇ ਪ੍ਰੈਕਟਿਸ ਹੋਵੇਗੀ। ਪਹਿਲਾਂ 1950 ਵਿੱਚ ਪਾਕਿਸਤਾਨੀ ਪੰਜਾਬ ਦੀ ਹਾਕੀ ਦੀ ਟੀਮ ਆਪਣੇ ਵੱਲ ਮੈਚ ਖੇਡਣ ਆਈ ਜਲੰਧਰ ਮੈਚ ਹੋਏ ਲੋਕਾਂ ਨੇ ਬਹੁਤ ਉਤਸ਼ਾਹ ਦਿਖਇਆ। ਇਸ ਨੂੰ ਦੇਖ ਕੇ ਦੋਹਾਂ ਪੰਜਾਬਾਂ ਦੇ ਪੁਲੀਸ ਅਫਸਰਾਂ ਨੇ ਫ਼ੈਸਲਾ ਕੀਤਾ ਕਿ ਇਹ ਮੈਚ ਜਿੱਤਣ, ਹਾਰਨ ਲਈ ਨਹੀਂ ਸਗੋਂ ਲੋਕਾਂ ਦੇ ਮਨੋਰੰਜਨ ਅਤੇ ਸਦ-ਭਾਵਨਾ ਵਾਲੇ ਹੋਣਗੇ। ਹੋਇਆ ਇਹ ਕਿ 1953 ਦੇ ਸ਼ੁਰੂ ਵਿੱਚ ਓਧਰਲੇ ਪੰਜਾਬ ਦੀ ਟੀਮ ਖੇਡਣ ਆਈ ਅੰਮ੍ਰਿਤਸਰ ਮੈਚ ਹੋਇਆ। ਬਹੁਤ ਵੱਡੀ ਗਿਣਤੀ ਵਿੱਚ ਲੋਕ ਮੈਚ ਦੇਖਣ ਲਈ ਆਏ, ਕਿਉਂਕਿ ਟੀਮਾਂ ਦੋਵੇਂ ਤਕੜੀਆਂ ਮੰਨੀਆਂ ਜਾਂਦੀਆਂ ਸਨ। ਹੁਣ ਮੈਚ ਦੋਸਤਾਨ ਸੀ। ਪਹਿਲਾ ਗੋਲ ਸਾਡੀ ਟੀਮ ਨੇ ਕੀਤਾ। ਉਹ ਗੋਲ ਉਤਾਰਨ ਦੀ ਕੋਸ਼ਿਸ਼ ਵਿੱਚ ਸਨ ਪਰ ਗੋਲ ਹੋ ਨਹੀਂ ਸੀ ਰਿਹਾ, ਉੱਧਰ ਟਾਈਮ ਥੋੜ੍ਹਾ ਰਹੀ ਜਾਵੇ। ਅਸ਼ਵਨੀ ਕੁਮਾਰ ਨੇ ਇੱਕ ਪੁਲਿਸ ਅਫਸਰ ਨੂੰ ਸਾਈਡ ਲਾਇਨ ’ਤੇ ਭੇਜਿਆ ਕਿ ਆਪਣੀ ਟੀਮ ਨੂੰ ਕਹਿ ਗੋਲ ਕਰਾ ਲੌ। ਉਹ ਸਾਈਡ ’ਤੇ ਜਾਂ ਕੇ ਕਹੀ ਜਾਵੇ ਗੋਲ ਲਾਹ ਲੈਣ ਦਿਉ, ਗੋਲ ਲਾਹ ਲੈਣ ਦਿਉ। ਬੱਸ ਆਖ਼ਰੀ ਪਲਾਂ ’ਤੇ ਸਾਡੀ ਟੀਮ ਨੇ ਉਨ੍ਹਾਂ ਨੂੰ ਗੋਲ ਕਰਨ ਦਾ ਮੌਕਾ ਦਿੱਤਾ ਤਾਂ ਅਸ਼ਵਨੀ ਕੁਮਾਰ ਹੋਰਾਂ ਨੂੰ ਸੁਖ ਦਾ ਸਾਹ ਆਇਆ।
ਇਸੇ ਤਰ੍ਹਾਂ ਦੂਜੀ ਵਾਰ ਪਕਿਸਤਾਨੀ ਟੀਮ ਖੇਡਣ ਆਈ ਤਾਂ ਮੈਚ ਜਲੰਧਰ ਹੋਇਆ। ਪਹਿਲਾਂ ਕੀਤੇ ਸਮਝੌਤੇ ਮੁਤਾਬਿਕ ਇਹ ਮੈਚ ਬਿਨਾ ਕਿਸੇ ਗੋਲ ਤੇ ਬਰਾਬਰ ਸਮਾਪਤ ਹੋਇਆ। ਦੋਹਾਂ ਪਸਿਆਂ ਦੇ ਖਿਡਾਰੀ ਅਤੇ ਪੁਲੀਸ ਆਫ਼ੀਸਰ ਖੁਸ਼ ਸਨ। ਇਸ ਤਰ੍ਹਾਂ ਕਈ ਵਾਰ ਦੂਜੀ ਟੀਮ ਦਾ ਦਿਲ ਰੱਖਣ ਲਈ ਪ੍ਰੈਟਿਸ ਜਾਂ ਫਰੈਂਡਲੀ ਮੈਚ ਵਿੱਚ ਹੋਇਆ। ਭਾਵੇਂ ਟੀਮ ਸਾਡੀ ਉਨ੍ਹਾਂ ਨਾਲੋਂ ਤਕੜੀ ਅਤੇ ਵਧੀਆ ਸੀ ਪਰ ਉਨ੍ਹਾਂ ਨੂੰ ਇਉਂ ਲੱਗਾ ਕਿ ਦੋਵੇਂ ਟੀਮਾਂ ਬਰਾਬਰ ਦੀਆਂ ਹਨ। ਕਈ ਵਾਰੀ ਪੈਕਟਿਸ ਵਿੱਚ ਜਾਂ ਸਦਭਾਵਨਾ ਨਾਲ ਖੇਡਣ ਕਰਕੇ ਜਿੱਤ ਹਾਰ ਦਾ ਬਹੁਤਾ ਖ਼ਿਆਲ ਨਹੀਂ ਹੁੰਦਾ ਸੀ। ਪਰ ਕਈ ਵਾਰ ਇੱਕ ਪਾਸੇ ਵਾਲੇ ਕੁਝ ਢਿੱਲਾ ਖੇਡਣ ਤਾਂ ਦੂਜੀ ਟੀਮ ਦੇ ਮਨ ਵਿੱਚ ਇਹ ਗੱਲ ਹੋਣੀ ਸਭਾਵਿਕ ਹੋ ਜਾਂਦੀ ਹੈ ਕਿ ਸਾਡੀ ਟੀਮ ਵਧੀਆ ਹੈ ਜਾਂ ਬਰਾਬਰ ਦੀ ਹੈ।
ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਜੇਕਰ ਟੀਮਾਂ ਦੇ ਜਾਂ ਕੋਚਾਂ ਦੇ ਮਨ ਵਿੱਚ ਹੈ ਕਿ ਜਿੱਤਣ ਲਈ ਖੇਡਣਾ ਉਦੋਂ ਤਾਂ ਦੋਵੇਂ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਾਉਂਦੀਆਂ ਹੀ ਹਨ। ਇਸਦੀ ਉਦਾਹਰਣ ਮੈਂ ਤੁਹਾਨੂੰ ਦਿੰਦਾ ਹਾਂ ਕਿ ਜਦੋਂ ਸਾਡੀ ਟੀਮ ਪਾਕਿਸਤਾਨ ਦੇ ਟੂਰ ’ਤੇ ਸੀ। ਪਹਿਲਾਂ ਤਾਂ ਅਸੀਂ ਇਹ ਮੰਨ ਕੇ ਹੀ ਖੇਡਦੇ ਸੀ ਸਦ-ਭਾਵਨਾ ਨਾਲ ਹੀ ਖੇਡਣਾ, ਜਿੱਤਣ ਹਾਰਨ ਦੀ ਕੋਈ ਗੱਲ ਨਹੀਂ। ਡੂਮਣੇ ਦੇ ਹਮਲੇ ਤੋਂ ਬਆਦ ਸਾਡਾ ਦੂਜਾ ਮੈਚ ਲਾਹੌਰ ਦੇ ਰੇਲਵੇ ਸਟੇਡੀਅਮ ਵਿੱਚ ਸੀ। ਮੈਚ ਦੇਖਣ ਲਈ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਲਹਿੰਦੇ ਪੰਜਾਬ ਦੀ ਟੀਮ ਦਾ ਕੈਪਟਨ ਅਜ਼ੀਜ਼, ਲਾਈਨ ’ਤੇ ਮੇਰੇ ਨਾਲ ਹੱਥ ਮਿਲਾਉਣ ਆਇਆ ਤਾਂ ਉਹਨੇ ਮੈਂਨੂੰ ਦੱਸਿਆ ਕਿ ਅੱਜ ਮੈਚ ਮੁਕਾਬਲੇ ਦਾ ਹੈ, ਫੇਰ ਇਹ ਨਾ ਕਹਿਣਾ ਕਿ ਤੁਸੀਂ ਸਾਨੂੰ ਦੱਸਿਆ ਨਹੀਂ। ਮੈਂ ਇਹੋ ਸੁਨੇਹਾ ਆਪਣੇ ਨਾਲ ਗਏ ਸਾਰੇ ਖਿਡਾਰੀਆਂ ਅਤੇ ਕੋਚਾਂ ਨੂੰ ਵੀ ਦੇ ਦਿੱਤਾ। ਭਾਵੇਂ ਮੇਰੇ ਸੁਨੇਹੇ ’ਤੇ ਅਸ਼ਵਨੀ ਕੁਮਾਰ ਹੈਰਾਨ ਤੇ ਮਾਯੂਸ ਵੀ ਹੋਇਆ। ਫੇਰ ਕਹਿਣ ਲੱਗਾ, ਚਲੋ ਠੀਕ ਹੈ, ਤੁਸੀਂ ਵੀ ਹੁਣ ਜਿੱਤਣ ਲਈ ਖੇਡਣਾ ਹੈ। ਸਾਡੀ ਟੀਮ ਵੀ ਜਿਹੜੀ ਸ਼ੁਗਲੀਆਂ ਤੌਰ ’ਤੇ ਖੇਡਣ ਲਈ ਮੈਦਾਨ ਵਿੱਚ ਆਈ ਸੀ, ਇੱਕ ਦਮ ਚੌਕਸ ਹੋ ਗਈ। ਮੈਂ ਆਪਣੀ ਟੀਮ ਨੂੰ ਦੱਸਿਆ ਕਿ ਇਹਨਾਂ ਨੂੰ ਗ਼ਲਤਫਹਿਮੀ ਹੋ ਗਈ ਹੈ ਕਿ ਅਸੀਂ ਇਨ੍ਹਾਂ ਨਾਲੋਂ ਮਾੜੇ ਹਾਂ। ਆਪਾਂ ਇੰਡੀਆ ਵਿੱਚ ਭਾਵੇਂ ਕੋਈ ਮੈਚ ਹਾਰ ਜਾਈਏ ਪਰ ਅੱਜ ਆਪਾਂ ਇੱਥੇ ਜਿੱਤਣਾ ਹੀ ਹੈ। ਬੱਸ ਫੇਰ ਸਾਰੀ ਟੀਮ ਨੇ ਵੀ ਰੋਹ ਵਿੱਚ ਹੁੰਗਾਰਾ ਭਰਿਆ। ਸਾਡੀ ਟੀਮ ਆਪਣੀ ਆਈ ’ਤੇ ਆ ਗਈ। ਹਾਫ ਟਾਈਮ ਤਕ ਸਾਡੀ ਟੀਮ ਤਿੰਨ ਗੋਲ਼ਾਂ ਨਾਲ ਅੱਗੇ ਸੀ। ਜ਼ੋਰ ਉਨ੍ਹਾਂ ਨੇ ਵੀ ਲਾਇਆ ਪਰ ਆਖ਼ਰੀ ਵਿਸਲ ’ਤੇ ਉਨ੍ਹਾਂ ਦੇ ਦੋ ਗੋਲ ਅਤੇ ਸਾਡੀ ਟੀਮ ਦੇ ਚਾਰ ਗੋਲ। ਸੋ ਇਸ ਤਰ੍ਹਾਂ ਕਈ ਸਮਝੌਤੇ ਕਈ ਵਾਰ ਰੱਦ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਸਮਝੌਤਿਆਂ ’ਤੇ ਅਮਲ ਵੀ ਕਰਨਾ ਪੈਂਦਾ ਹੈ। ਤੁਸੀਂ ਦੇਖੋ ਕਿ ਜੇਕਰ ਅਜ਼ੀਜ਼ ਨਾ ਵੰਗਰਾਦਾ ਤੇ ਅਸੀਂ ਤਾਂ ਸ਼ੁਗਲੀਆ ਗੇਮ ਹੀ ਖੇਡਣੀ ਸੀ ਤੇ ਹੋ ਸਕਦਾ ਸਾਨੂੰ ਨਿਰਾਸ਼ ਹੋਣਾ ਪੈਂਦਾ। ਸੋ ਇਸ ਤਰ੍ਹਾਂ ਵੀ ਕਦੇ ਕਦੇ ਜ਼ੋਰ ਲਾ, ਕਦੇ ਕੁਝ ਢਿੱਲੇ ਰਹਿ ਕੇ ਖੇਡ ਖੇਡਣੀ ਪੈਂਦੀ ਹੈ। ਪਰ ਇਹ ਫਰੈਂਡਲੀ ਮੈਚ ਜਾਂ ਪ੍ਰੈਟਿਸ ਸਮੇਂ ਹੀ ਹੋ ਸਕਦਾ ਪਰ ਉਸ ਤਰ੍ਹਾਂ ਰਲ ਕੇ ਖੇਡਣ ਦੀ ਗੱਲ ਔਖੀ ਹੈ।
ਅੰਗਰੇਜ਼ੀ ਰਾਜ ਦੀਆਂ ਵਧੀਕੀਆਂ ਅਤੇ ਨਵੇਂ ਥਾਣੇਦਾਰਾਂ ਦੇ ਘਰ ਚੋਰੀ!
? ਇੱਕ ਹੋਰ ਗੱਲ, ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਨਵੇਂ ਨਵੇਂ ਠਾਣੇਦਾਰ ਬਣੇ ਤਾਂ ਠਾਣੇ ਵਿੱਚ ਹੀ ਚੋਰੀ ਹੋ ਗਈ ਸੀ। ਉਹ ਕਿਸ ਤਰ੍ਹਾਂ? ਚੋਰਾਂ ਨੂੰ ਫੜਨ ਵਾਲੀ ਪੁਲੀਸ ਦੇ ਘਰ ਚੋਰੀ ਹੋ ਜਾਣਾ ਤਾਂ ਬੜੀ ਹੈਰਾਨੀ ਦੀ ਗੱਲ ਹੈ।
: (ਹੱਸਦੇ ਹੋਏ) ਹਾਂ, ਹੈ ਤਾਂ ਹਾਸੇ ਤੇ ਹੈਰਨੀ ਵਾਲੀ ਗੱਲ! ਉਹ ਗੱਲ ਇਸ ਤਰ੍ਹਾਂ ਹੋਈ ਸਤਨਾਮ ਜੀ, ਜਦੋਂ ਮੈਂਨੂੰ ਸਿਖਲਾਈ ਲੈਣ ਤੋਂ ਬਾਅਦ ਠਾਣੇਦਾਰੀ ਦੀ ਪ੍ਰੈਕਟੀਕਲ ਕਰਨ ਲਈ ਸਦਰ ਠਾਣੇ ਲੁਧਿਆਣੇ ਦੇ ਐੱਸ. ਐੱਚ. ਓ. ਨਾਲ ਲਾਇਆ ਗਿਆ, ਉੱਥੇ ਮੈਂਨੂੰ ਪੁਲੀਸ ਲਾਇਨ ਵਿੱਚ ਹੀ ਫਲੈਟ ਮਿਲ ਗਿਆ ਸੀ। ਉਸ ਫਲੈਟ ਦੇ ਦੋ ਕਮਰੇ ਸਨ। ਦੂਜੇ ਕਮਰੇ ਵਿੱਚ ਇੱਕ ਮੁਸਲਮਾਨ ਐੱਸ. ਐੱਚ. ਓ. ਵੀ ਰਹਿ ਰਿਹਾ ਸੀ। ਅਸੀਂ ਆਪਣਾ ਖਾਣਾ ਬਣਾਉਣ ਅਤੇ ਘਰ ਦੀ ਸਾਫ਼ ਸਫ਼ਾਈ ਲਈ ਬਨਾਰਸ ਦੇ ਨੇੜੇ ਦਾ ਇੱਕ ਮੁੰਡਾ ਨੌਕਰ ਰੱਖ ਲਿਆ। ਅਸੀਂ ਉੱਥੇ ਪੂਰੇ ਠਾਣੇਦਾਰੀ ਟੌਹਰ ਨਾਲ ਰਹਿ ਰਹੇ ਸੀ। ਇੱਕ ਦਿਨ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਮੈਂ ਆਪਣੇ ਦੋਸਤ ਗੁਰਚਰਨ ਰੰਧਾਵਾ ਨੂੰ ਦਿਖਾਵਾਂ ਕਿ ਮੇਰਾ ਟੋਹਰ ਦੇਖ! ਮੈਂ ਉਹਨੂੰ ਸੱਦਾ ਦੇ ਦਿੱਤਾ। ਲਓ ਜੀ, ਉਹ ਲਾਇਲਪੁਰ ਤੋਂ ਗੱਡੀ ਚੜ੍ਹਿਆ ਅਤੇ ਲੁਧਿਆਣੇ ਆ ਉੱਤਰਿਆ। ਰਸਮੀ ਜਿਹੀ ਗੱਲਬਾਤ ਤੋਂ ਬਾਅਦ ਅਸੀਂ ਆਪਣੀਆਂ ਵਰਦੀਆਂ ਉਤਾਰੀਆਂ ਅਤੇ ਹਾਕੀ ਖੇਡਣ ਵਾਲੀਆਂ ਵਰਦੀਆਂ ਪਾ ਕੇ ਖੇਡਣ ਲਈ ਜਾਂਦੇ ਜਾਂਦੇ ਨੌਕਰ ਨੂੰ ਖਾਣ ਪੀਣ ਦੇ ਸਮਾਨ ਦੇ ਪੈਸੇ ਦੇ ਕੇ ਹੁਕਮ ਦਿੱਤਾ ਕਿ ਛੇ ਵਿਅਕਤੀਆਂ ਦਾ ਸਪੈਸ਼ਲ ਭੋਜਨ ਤਿਆਰ ਕਰ ਲਵੇ। ਰੰਧਾਵੇ ਦੀ ਆਉ ਭਗਤ ਵਿੱਚ ਅਸੀਂ ਤਿੰਨ ਕੁ ਮਹਿਮਾਨ ਹੋਰ ਵੀ ਸੱਦ ਲਏ।
ਅਸੀਂ ਨੌਕਰ ਨੂੰ ਲਾਅਨ ਵਿੱਚ ਸਫ਼ਾਈ ਕਰਕੇ ਪਾਣੀ ਦਾ ਛਿੜਕਾਅ ਕਰਨ ਦੀ ਹਦਾਇਤ ਕਰਕੇ ਹਾਕੀ ਖੇਡਣ ਲਈ ਗਰਾਊਂਡ ਨੂੰ ਨਿਕਲ ਗਏ। ਰਾਹ ਵਿੱਚ ਉਹਦੀਆਂ ਤਰੀਫ਼ਾਂ ਦੇ ਪੁਲ ਬੰਨ੍ਹਦੇ ਗਏ ਕਿ ਖਾਣਾ ਇੰਨਾ ਸੁਆਦ ਬਣਾਉਂਦਾ ਹੈ ਕਿ ਬੰਦਾ ਉਂਗਲੀਆਂ ਚੱਟਦਾ ਰਹਿ ਜਾਂਦਾ। ਉਹਦੇ ਲਾਏ ਤੜਕੇ ਦੀ ਮਹਿਕ ਦੂਰ ਦੂਰ ਤਕ ਆਉਂਦੀ ਕਿ ਬੰਦੇ ਦੇ ਮੂੰਹ ਵਿੱਚ ਪਾਣੀ ਆ ਜਾਂਦਾ। ਸਤਨਾਮ ਜੀ, ਜਦ ਅਸੀਂ ਖੇਡ ਕੇ ਵਾਪਸ ਆਏ ਤਾਂ ਹਾਕਾਂ ਮਾਰੀਏ ਕਿ ਠੰਢਾ ਪਾਣੀ ਲਿਆਵੇ ਜ਼ਰਾ ਰੀਲੈਕਸ ਹੋ ਕੇ ਨਹਾ-ਧੋ ਕੇ ਖਾਣਾ ਖਾਂਦੇ ਹਾਂ। ਨੌਕਰ ਨਾ ਬੋਲੇ! ਬੋਲਦਾ ਤਾਂ ਤਦ ਜੇਕਰ ਉਹ ਘਰ ਹੁੰਦਾ। ਜਦ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਭਾਂਡੇ ਖਾਲੀ, ਤਬਲੇ ਮੂਧੇ ਪਏ। ਅਸੀਂ ਹੈਰਾਨ ਕਿ ਕਿੱਥੇ ਚਲਾ ਗਿਆ ਹੋਵੇਗਾ! ਸਾਨੂੰ ਚਿੰਤਾ ਹੋਈ ਕਿ ਖਾਣੇ ਦਾ ਸਮਾਨ ਲੈਣ ਗਿਆ ਹੀ ਨਹੀਂ ਮੁੜਿਆ। ਕੁਦਰਤੀ ਉਸ ਦਿਨ ਸਾਨੂੰ ਪਹਿਲੀ ਤਨਖ਼ਾਹ ਮਿਲ਼ੀ ਸੀ। ਦਰਅਸਲ ਉਹ ਘਰ ਦੀ ਸਫ਼ਾਈ ਕਰਨ ਦੀ ਬਜਾਏ ਸਾਡੀਆਂ ਜੇਬਾਂ ਹੀ ਸਾਫ਼ ਕਰ ਗਿਆ ਸੀ। ਅੰਦਰ ਗਏ ਤਾਂ ਸਾਰਾ ਮਾਮਲਾ ਸਮਝਣ ਨੂੰ ਦੇਰ ਨਾ ਲੱਗੀ। ਆਏ ਮਹਿਮਾਨ ਬਿਨਾਂ ਖਾਣਾ ਖਾਧੇ ਹੱਸ ਹੱਸ ਸੁਆਦ ਲੈਣ ਲੱਗੇ। ਜੇਬਾਂ ਤਾਂ ਨੌਕਰ ਭਾਵੇਂ ਸਾਡੀਆਂ ਖਾਲੀ ਕਰ ਗਿਆ, ਅਕਸਰ ਫੇਰ ਵੀ ਅਸੀਂ ਠਾਣੇਦਾਰ ਸੀ। ਹੁਣ ਆਏ ਮਹਿਮਾਨਾਂ ਨੂੰ ਭੁੱਖੇ ਤਾਂ ਸੌਣ ਨਹੀਂ ਸੀ ਦੇਣਾ। ਅਸੀਂ ਫੇਰ ਆਪਣੇ ਮਹਿਮਾਨਾਂ ਨੂੰ ਇੱਕ ਵਧੀਆ ਹੋਟਲ ਵਿੱਚ ਖਾਣਾ ਖਲਾਇਆ। ਇਹ ਸੀ, ਜੀ ਮੇਰੀ ਠਾਣੇਦਾਰੀ ਦੀ ਟੌਹਰ ਜੋ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਦਿਖਾਈ। ਸੋ ਇਹ ਸੀ, ਠਾਣੇਦਾਰੀ ਮਿਲ਼ੀ ਦੀ ਪਾਰਟੀ, ਨਾਲੇ ਠਾਣੇ ਵਿੱਚ ਹੋਈ ਚੋਰੀ ਦੀ ਵਾਰਦਾਤ।
? ਵਾਕਿਆ ਹੀ ਹਾਸੇ ਅਤੇ ਹੈਰਾਨੀ ਦੇ ਨਾਲ ਨਾਲ ਦੁੱਖ ਦੀ ਵੀ ਹੈ। ਅੱਛਾ ਜੀ, ਠਾਣੇਦਾਰੀ ਦੀ ਪ੍ਰੈਕਟਿਸ ਕਰਦਿਆਂ ਦੀ ਕੋਈ ਹੋਰ ਯਾਦਗਾਰੀ ਘਟਨਾ ਸਾਂਝੀ ਕਰਨਾ ਚਾਹੋਂਗੇ, ਜਿਸ ਨੂੰ ਯਾਦ ਕਰਕੇ ਤੁਹਾਡੇ ਮਨ ਨੂੰ ਕੋਈ ਖੁਸ਼ੀ ਜਾਂ ਦੁੱਖ ਮਹਿਸੂਸ ਹੋ ਰਿਹਾ ਹੋਵੇ?
: ਤੁਹਾਨੂੰ ਪਤਾ ਹੈ ਪੁਲਿਸ ਦਾ ਮਹਿਕਮਾ ਹੈ ਤਾਂ ਬਦਨਾਮ ਹੀ, ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਲਿਸ ਵਾਲੇ ਕਈ ਵਾਰ ਆਪਣੀ ਪਾਵਰ ਦਾ ਮਿਸਯੂਜ਼ ਵੀ ਕਰਦੇ ਹਨ ਅਤੇ ਲੋਕਾਂ ਨਾਲ ਵਧੀਕੀਆਂ ਵੀ ਕਰਦੇ ਹਨ। ਇਹ ਵੀ ਦੇਖਿਆ ਕਿ ਕਾਨੂੰਨ ਦੀ ਉੰਨੀ ਉਲੰਘਣਾ ਆਮ ਆਦਮੀ ਨਹੀਂ ਕਰਦਾ, ਜਿੰਨੀ ਪੁਲਿਸ ਵਾਲੇ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਸਾਰੇ ਮਾੜੇ ਨਹੀਂ ਅਤੇ ਸਾਰੇ ਚੰਗੇ ਵੀ ਨਹੀਂ। ਤੁਸੀਂ ਇਹ ਗੱਲ ਸੁਣ ਕੇ ਵੀ ਹੱਸੋਂਗੇ ਵੀ ਤੇ ਦੁਖੀ ਵੀ ਹੋਵੋਗੇ ਕਿ ਜਿਸ ਠਾਣੇਦਾਰ ਨਾਲ ਮੈਂਨੂੰ ਪ੍ਰੈਕਸਿਟ ਲਈ ਲਾਇਆ ਸੀ, ਉਹਦਾ ਕਹਿਣਾ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਫੜ ਕੇ ਠਾਣੇ ਲਿਆਇਆ ਕਰ। ਕਿਉਂਕਿ ਅੰਗਰੇਜ਼ੀ ਰਾਜ ਦੇ ਵੇਲੇ ਮਾੜੇ ਮੋਟੇ ਜੁਰਮ ਜਾਂ ਕਿਸੇ ਤਰ੍ਹਾਂ ਦੀ ਸ਼ੱਕ ਕਰਕੇ, ਇੱਥੋਂ ਤਕ ਕਿ ਬਿਨਾ ਕਿਸੇ ਜੁਰਮ ਦੇ ਵੀ ਕਿਸੇ ਨੂੰ ਫੜ ਕੇ ਪੁਲਿਸ ਅੰਦਰ ਕਰ ਸਕਦੀ ਸੀ। ਉਹ ਤਾਂ ਕਿ ਭਾਰਤੀ ਲੋਕਾਂ ਅੰਦਰ ਅੰਗਰੇਜ਼ੀ ਰਾਜ ਦਾ ਡਰ ਬਣਿਆ ਰਹੇ। ਉਹ ਠਾਣੇਦਾਰ ਅੰਗਰੇਜ਼ (ਗੋਰਾ) ਸੀ ਤੇ ਚੰਗੇ ਭਾਰੇ ਸਰੀਰ ਦਾ ਸੀ। ਜਦੋਂ ਕਿਤੇ ਪਿੰਡ ਵਿੱਚ ਜਾਂਦਾ ਤਾਂ ਭੋਲੇ ਭਾਲੇ ਲੋਕਾਂ ਤੋਂ ਖੂਬ ਸੇਵਾ ਕਰਵਾਉਂਦਾ। ਇੱਥੋਂ ਤਕ ਕਿ ਉਹਦੇ ਬੂਟ ਜੁਰਾਬਾਂ ਵੀ ਲੋਕ ਉਤਾਰਦੇ ਅਤੇ ਮੁੱਠੀ ਚਾਪੀ ਕਰਦੇ। ਇਹ ਦੇਖ ਕੇ ਮੈਂਨੂੰ ਬਹੁਤ ਦੁੱਖ ਹੁੰਦਾ ਪਰ ਮੈਂ ਕਰ ਕੁਝ ਨਹੀਂ ਸੀ ਸਕਦਾ।
ਇੱਕ ਦਿਨ ਵੱਡੇ ਠਾਣੇਦਾਰ ਨੇ ਮੈਂਨੂੰ ਚੇਤਵਨੀ ਦਿੱਤੀ ਕਿ ਜੇਕਰ ਮੈਂ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਦਾ ਕੋਟਾ ਪੂਰਾ ਨਹੀਂ ਕਰਾਂਗਾ ਤਾਂ ਟਰੇਨਿੰਗ ਦੀ ਰਿਪੋਰਟ ਵਿੱਚ ਲਿਖ ਕੇ ਪੁਲੀਸ ਸੁਪਰਡੈਂਟ ਨੂੰ ਭੇਜ ਦੇਵੇਗਾ, ਜਿਸ ਨਾਲ ਮੇਰਾ ਰਿਕਾਰਡ ਖਰਾਬ ਹੋਵੇਗਾ। ਹੁਣ ਮੇਰੇ ਲਈ ਮੁਸੀਬਤ ਖੜ੍ਹੀ ਹੋ ਗਈ। ਗ੍ਰਿਫਤਾਰੀਆਂ ਦਾ ਕੋਟਾ ਪੂਰਾ ਕਰਨ ਲਈ ਉਹਦੇ ਆਖੇ ਲੱਗਾਂ ਜਾਂ ਉੱਧਰ ਪਿਤਾ ਜੀ ਦੀ ਨਸੀਹਤ ਤੇ ਅਮਲ ਕਰਾਂ ਕਿ ਗ਼ਰੀਬ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਹੈ ਅਤੇ ਇਨਸਾਫ਼ ਦੁਆਉਣਾ ਹੈ। ਪਹਿਲਾਂ ਤਾਂ ਕਾਫ਼ੀ ਦੇਰ ਮੈਂ ਵੱਡੇ ਠਾਣੇਦਾਰ ਦਾ ਹੁਕਮ ਟਾਲਦਾ ਰਿਹਾ ਪਰ ਉਹਦੇ ਵਾਰ ਵਾਰ ਜ਼ੋਰ ਦੇਣ ’ਤੇ ਇੱਕ ਦਿਨ ਕੁਝ ਬੰਦੇ ਮੈਂਨੂੰ ਹਿਰਾਸਤ ਵਿੱਚ ਲੈਣੇ ਪਏ। ਹੋਇਆ ਇਸ ਤਰ੍ਹਾਂ ਕਿ ਮੈਂ ਕੁਝ ਸਿਪਾਹੀ ਲੈ ਕੇ ਰਾਤ ਦੀ ਗਸ਼ਤ ’ਤੇ ਸੀ ਕੁਝ ਸਵਾਰੀਆਂ ਰੇਲ ਗੱਡੀ ਤੋਂ ਉੱਤਰ ਕੇ ਲੱਕੜ ਦੇ ਪੁਲ ਉੱਪਰ ਦੀ ਲੰਘ ਰਹੀਆਂ ਸਨ, ਅਸੀਂ ਹਿਰਾਸਤ ਵਿੱਚ ਲੈ ਲਈਆਂ। ਉਨ੍ਹਾਂ ਵਿੱਚ ਇੱਕ ਵਕੀਲ ਵੀ ਸੀ। ਉਹ ਮੈਂਨੂੰ ਕਹਿਣ ਲੱਗਾ ਕਿ ਤੁਸੀਂ ਗ਼ਲਤ ਗ੍ਰਿਫਤਾਰੀਆਂ ਕਰ ਰਹੇ ਹੋ। ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰੀਆਂ ਨੂੰ ਨਜਾਇਜ਼ ਹਿਰਾਸਤ ਵਿੱਚ ਲੈਣਾ ਤੁਹਾਨੂੰ ਮਹਿੰਗਾ ਪੈ ਸਕਦਾ। ਮੈਂ ਤਾਂ ਦੋਹਰੀ ਤਿਹਰੀ ਮੁਸੀਬਤ ਵਿੱਚ ਫਸ ਗਿਆ। ਹੁਣ ਕੋਟਾ ਪੂਰਾ ਕਰਾਂ, ਪਿਤਾ ਜੀ ਦੀ ਨਸੀਹਤ ’ਤੇ ਅਮਲ ਕਰਾਂ ਜਾ ਫੇਰ ਆਪ ਦੋਸ਼ੀ ਬਣ ਕੇ ਕਚਹਿਰੀਆਂ ਵਿੱਚ ਗੇੜੇ ਮਾਰਾਂ।
ਗ੍ਰਿਫ਼ਤਾਰ ਕੀਤੇ ਲੋਕਾਂ ਦੇ ਨਾਂ ਅਵਾਰਾਗਰਦਾਂ ਦੇ ਰਜਿਸਟਰ ਵਿੱਚ ਚਾੜ੍ਹ ਦਿੱਤੇ ਗਏ ਸੀ। ਅਜੇ ਕਾਗਜ਼ੀ ਕਾਰਵਾਈ ਚੱਲ ਹੀ ਰਹੀ ਸੀ ਕਿ ਅਚਾਨਕ ਜ਼ਿਲ੍ਹੇ ਦਾ ਐੱਸ ਐੱਸ ਪੀ ਸ੍ਰ. ਗੁਰਦਿਆਲ ਸਿੰਘ, ਠਾਣੇ ਦੀ ਕਾਰਗੁਜ਼ਾਰੀ ਵੇਖਣ ਆ ਗਏ। ਉਹ ਆਏ ਤਾਂ ਰੁਟੀਨ ਵਿੱਚ ਹੀ ਗੇੜਾ ਮਾਰਨ ਸੀ। ਉਨ੍ਹਾਂ ਨੂੰ ਦੇਖ ਕੇ ਹਵਾਲਾਤ ਵਿੱਚ ਤਾੜੇ ਹੋਏ ਲੋਕਾਂ ਵਿੱਚੋਂ ਉਸ ਵਕੀਲ ਨੇ ਉੱਚੀ ਉੱਚੀ ਰੌਲਾ ਪਾ ਦਿੱਤਾ। ਨਾਲ ਦੀ ਨਾਲ ਉਹ ਅੰਗਰੇਜ਼ੀ ਵਿੱਚ ਕਾਨੂੰਨ ਦੀ ਵਿਆਖਿਆ ਵੀ ਕਰੀ ਜਾਵੇ। ਐੱਸ. ਐੱਸ. ਪੀ. ਨੇ ਠਾਣੇਦਾਰ ਨੂੰ ਪੁੱਛਿਆ ਕਿ ਇਹ ਕੀ ਮਾਮਲਾ ਹੈ? ਠਾਣੇਦਾਰ ਨੇ ਸਾਰੀ ਜ਼ਿੰਮੇਵਾਰੀ ਮੇਰੇ ’ਤੇ ਮੜ੍ਹ ਦਿੱਤੀ ਅਤੇ ਆਪਣੇ ਆਪ ਨੂੰ ਬਰੀ ਕਰ ਲਿਆ। ਐੱਸ. ਐੱਸ. ਪੀ. ਮੈਂਨੂੰ ਹਾਕੀ ਖਿਡਾਰੀ ਹੋਣ ’ਤੇ ਨਾਤੇ ਜਾਣਦਾ ਸੀ। ਮੈਂ ਸਾਰੀ ਸਚਾਈ ਐੱਸ. ਐੱਸ. ਪੀ. ਨੂੰ ਦੱਸ ਦਿੱਤੀ ਕਿ ਵੱਡੇ ਠਾਣੇਦਾਰ ਸਾਹਿਬ ਦਾ ਹੁਕਮ ਸੀ ਕਿ ਕੋਟਾ ਪੂਰਾ ਕਰੋ ਨਹੀਂ ਤਾਂ ਟ੍ਰੇਨਿੰਗ ਦੀ ਰਿਪੋਰਟ ਅੱਛੀ ਨਹੀਂ ਹੋਵੇਗੀ। ਇਹ ਕਹਾਣੀ ਸੁਣ ਕੇ ਐੱਸ. ਐੱਸ. ਪੀ. ਨੇ ਹਿਰਾਸਤ ਵਿੱਚ ਲਏ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਵੱਡੇ ਠਾਣੇਦਾਰ ਨੂੰ ਫਿਟਕਾਰ ਪਾਈ। ਇਸ ਗੱਲ ਨਾਲ ਜਿੱਥੇ ਮੈਂਨੂੰ ਬੇਕਸੂਰੇ ਲੋਕਾਂ ਨੂੰ ਹਿਰਾਸਤ ਲੈਣ ਦਾ ਦੁੱਖ ਸੀ, ਉੱਥੇ ਮੈਂਨੂੰ ਮਾਨਸਿਕ ਤਸੱਲੀ ਤੇ ਬੇਅੰਤ ਖੁਸ਼ੀ ਵੀ ਹੋਈ ਕਿ ਪੁਲੀਸ ਜੋ ਆਪਣੀਆਂ ਵਧੀਕੀਆਂ ਕਰਕੇ ਬਦਨਾਮ ਹੈ, ਉੱਥੇ ਗੁਰਦਿਆਲ ਸਿੰਘ ਵਰਗੇ ਨੇਕ ਅਤੇ ਇਨਸਾਫ਼ ਪਸੰਦ ਲੋਕ ਵੀ ਹਨ, ਜਿਨ੍ਹਾਂ ਨੇ ਮੇਰੇ ਸਮੇਤ ਦੂਜੇ ਬੇਗੁਨਾਹ ਲੋਕਾਂ ਨੂੰ ਮੁਸੀਬਤ ਵਿੱਚੋਂ ਕੱਢਿਆ। ਇਹ ਉਹੀ ਗੁਰਦਿਆਲ ਸਿੰਘ ਸੀ ਜੋ ਬਾਅਦ ਵਿੱਚ ਪੰਜਾਬ ਪੁਲੀਸ ਦਾ ਆਈ ਜੀ ਵੀ ਬਣਿਆ। ਬਹੁਤ ਹੀ ਨੇਕ ਅਤੇ ਇਮਾਨਦਾਰ ਇਨਸਾਨ ਸੀ। ਮੇਰਾ ਖ਼ਿਆਲ ਹੈ ਕਿ ਸਤਨਾਮ, ਤੁਹਾਡੇ ਸਵਾਲ ਦਾ ਜਵਾਬ ਕੁਝ ਲੰਬਾ ਹੀ ਹੋ ਗਿਆ
ਹਾਕੀ ਦੀ ਨਰਸਰੀ ਸੰਸਾਰਪੁਰ ਅਤੇ ਬਲਬੀਰ ਸਿੰਘਾਂ ਦੀ ਭਾਰਤੀ ਹਾਕੀ ਨੂੰ ਦੇਣ
? ਕੋਈ ਨਹੀਂ ਜੀ, ਲੰਬੇ ਜਵਾਬ ਵਿੱਚੋਂ ਬਹੁਤ ਤਸੱਲੀਬਖ਼ਸ਼ ਜਾਣਕਾਰੀ ਵੀ ਮਿਲਦੀ ਹੈ। ਹੁਣ ਸਵਾਲ ਇਹ ਹੈ ਜੀ ਕਿ ਜਿਵੇਂ ਮਹਿਲਪੁਰ ਨੂੰ ਫੁੱਟਬਾਲ (ਸੌਕਰ) ਦੀ ਨਰਸਰੀ ਕਿਹਾ ਜਾਂਦਾ ਹੈ ਅਤੇ ਹਾਕੀ ਜਗਤ ਵਿੱਚ ਜਲੰਧਰ ਲਾਗਲੇ ਪਿੰਡ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਮੰਨਿਆ ਜਾਂਦਾ ਹੈ। ਮੇਰਾ ਖ਼ਿਆਲ ਹੈ ਸਭ ਤੋਂ ਵੱਧ ਸੰਸਾਰਪੁਰ ਦੇ ਖਿਡਾਰੀਆਂ ਨੇ ਭਾਰਤੀ ਹਾਕੀ ਨੂੰ ਬੁਲੰਦੀਆਂ ’ਤੇ ਲੈ ਜਾਣ ਵਿੱਚ ਹਿੱਸਾ ਪਾਇਆ ਹੈ। ਉਂਝ ਭਾਵੇਂ ਹਾਕੀ ਦੇ ਵਧੀਆ ਖਿਡਾਰੀ ਦੇਸ਼ ਦੇ ਹੋਰਨਾਂ ਹਿੱਸਿਆ ਵਿੱਚੋਂ ਵੀ ਹੋਏ ਹਨ ਪਰ ਮੈਂਨੂੰ ਲੱਗਦਾ ਸੰਸਾਰਪੁਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੋਇਆ। ਫੇਰ ਜਿੰਨੇ ਵੀ ਬਲਬੀਰ ਸਿੰਘ ਹਨ ਤੇ ਸਾਰੇ ਹਾਕੀ ਹੀ ਖੇਡਦੇ ਹਨ? ਇਹਦੇ ਬਾਰੇ ਦੱਸੋ?
: ਸਤਨਾਮ ਜੀ, ਤੁਹਾਡਾ ਇਹ ਸਵਾਲ ਬਹੁਤ ਹੀ ਅਹਿਮੀਅਤ ਰੱਖਦਾ ਹੈ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਉਹ ਗੱਲ ਇਸ ਤਰ੍ਹਾਂ ਹੈ ਕਿ ਜਲੰਧਰ ਅੰਗਰੇਜ਼ਾਂ ਦੇ ਸਮੇਂ ਵਿੱਚ ਫੌਜ ਦੀ ਛਾਉਣੀ ਹੁੰਦਾ ਸੀ। ਇਸੇ ਤਰ੍ਹਾਂ ਜਿੱਥੇ ਜਿੱਥੇ ਅੰਗਰੇਜ਼ਾਂ ਦੀਆਂ ਛਾਉਣੀਆਂ ਸਨ, ਉੱਥੇ ਉਨ੍ਹਾਂ ਨੇ ਬਹੁਤ ਵਧੀਆ ਗਰਾਊਂਡਾਂ ਵੀ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਸਮੇਂ ਵਿੱਚ ਉਹ ਖੇਡਾਂ ਨੂੰ ਖ਼ਾਸ ਕਰ ਹਾਕੀ ਨੂੰ ਅਹਿਮੀਅਤ ਦਿੰਦੇ ਸਨ। ਉਨ੍ਹਾਂ ਦੀਆਂ ਗਰਾਊਂਡਾਂ ਦਾ ਕੁਦਰਤੀ ਲਾਭ ਆਲੇ ਦੁਆਲੇ ਹੋਣਾ ਵੀ ਜ਼ਰੂਰੀ ਹੈ। ਇਹ ਲਾਭ ਮੇਰੇ ਖ਼ਿਆਲ ਵਿੱਚ ਜਿੰਨਾ ਸੰਸਾਰਪੁਰ ਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ਨੇ ਉਠਾਇਆ, ਉੰਨਾ ਦੇਸ਼ ਦੇ ਦੂਸਰੇ ਹਿੱਸਿਆਂ ਨੇ ਨਹੀਂ ਉਠਾਇਆ। ਇੱਕ ਹੋਰ ਗੱਲ ਇਹ ਹੈ ਕਿ ਜਲੰਧਰ ਦੇ ਦੁਆਲੇ ਦੇ ਜਿੰਨੇ ਪਿੰਡ ਹਨ, ਜਿਸ ਤਰ੍ਹਾਂ ਬਿਲਿੰਗ, ਮਿੱਠਾਪੁਰ, ਖ਼ੁਸਰੋਪੁਰ, ਕੁੱਕੜ-ਪਿੰਡ, ਧੈਨੋਵਾਲੀ ਦੇਖਣ ਸੁਣਨ ਨੂੰ ਭਾਵੇਂ ਵੱਖਰੇ ਹਨ ਪਰ ਇਹ ਸਾਰੇ ਦੇ ਸਾਰੇ ਪਿੰਡ ਸੰਸਾਰਪੁਰ ਨਾਲ ਜੋੜੇ ਜਾਂਦੇ ਹਨ। ਪਰ ਇਨ੍ਹਾਂ ਪਿੰਡਾਂ ਨੇ ਵੀ ਆਪੋ-ਆਪਣੇ ਹੀਰੇ ਭਾਰਤੀ ਹਾਕੀ ਦੀ ਲੜੀ ਵਿੱਚ ਪਰੋਣ ਦੀ ਮਹਾਨਤਾ ਪ੍ਰਾਪਤ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਮਿੱਠਾਪੁਰ ਦੇ ਸਰੂਪ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ ਅਤੇ ਮਨਪ੍ਰੀਤ, ਬਿਲਿੰਗ ਦੇ ਰਾਮ ਮੂਰਤੀ ਤੇ ਪਿਆਰਾ ਸਿੰਘ। ਖ਼ੁਸਰੋਪੁਰ ਦੇ ਹਰੀਪਾਲ, ਪਿਆਰਾ ਸਿੰਘ, ਰਾਜਵਿੰਦਰ ਸਿੰਘ, ਗੁਰਮੇਲ ਸਿੰਘ, ਬਰਗੇਡੀਅਰ ਸਰੂਪ ਸਿੰਘ ਅਤੇ ਮੇਜਰ ਆਤਮਾ ਸਿੰਘ, ਧੰਨੋਵਾਲੀ ਦਾ ਵਰਿੰਦਰ ਸਿੰਘ ਅਤੇ ਕੁਕੜ ਪਿੰਡ ਦਾ ਸ਼ਿਵਦੱਤ - ਇਨ੍ਹਾਂ ਹਾਕੀ ਖਿਡਾਰੀਆਂ ਨੇ ਭਾਰਤੀ ਹਾਕੀ ਦਾ ਮਾਣ ਵਧਾਇਆ। ਹਾਂ, ਉਂਝ ਸੰਸਾਰਪੁਰ ਇਕੱਲੇ ਨੇ ਸਭ ਤੋਂ ਜ਼ਿਆਦਾ ਹਾਕੀ ਸਟਾਰ ਪੈਦਾ ਕੀਤੇ ਹਨ, ਜਿਨ੍ਹਾਂ ਨੇ ਭਾਰਤੀ ਹਾਕੀ ਨੂੰ ਦੁਨੀਆਂ ਭਰ ਵਿੱਚ ਚਮਕਾਇਆ, ਸੰਸਾਰਪੁਰੀਆਂ ਨੇ ਨੈਸ਼ਨਲ, ਇੰਟਰਨੈਸ਼ਨਲ, ਏਸ਼ੀਆ ਤੇ ਵਰਲਡ ਕੱਪ ਉਲੰਪਿਕ ਤਕ ਮੱਲਾਂ ਮਾਰੀਆਂ ਹਨ। ਭਾਰਤੀ ਹਾਕੀ ਨੂੰ ਹਮੇਸ਼ਾ ਇਨ੍ਹਾਂ ’ਤੇ ਮਾਣ ਰਹੇਗਾ।
ਹਾਕੀ ਦੇ ਇਤਿਹਾਸ ਵਿੱਚ ਸੰਸਾਰਪੁਰੀਆਂ ਦਾ ਨਾਮ ਹਮੇਸ਼ਾ ਚਮਕਦਾ ਰਹੇਗਾ। ਇੱਥੇ ਇਹ ਦੱਸਦਿਆਂ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਸੰਸਾਰਪੁਰ ਦੇ ਖਿਡਾਰੀ ਤਾਂ 1926 ਤੋਂ ਹਾਕੀ ਖੇਡ ਰਹੇ ਹਨ। ਸੰਸਾਰਪੁਰ ਦੇ ਠਾਕਰ ਸਿੰਘ ਨੇ 1926 ਵਿੱਚ ਭਾਰਤੀ ਹਾਕੀ ਲਈ ਨਿਊਜ਼ੀਲੈਂਡ ਵਿੱਚ ਖੇਡਿਆ, ਗੁਰਮੀਤ ਸਿੰਘ ਨੇ 1932 ਵਿੱਚ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਊਧਮ ਸਿੰਘ ਚਾਰ ਓਲੰਪਿਕ ਖੇਡਿਆ ਅਤੇ ਚਾਰ ਮੈਡਲ ਜਿੱਤੇ, ਜਿਨ੍ਹਾਂ ਵਿੱਚ ਤਿੰਨ ਸੋਨੇ ਤੇ ਇੱਕ ਚਾਂਦੀ ਦਾ। ਗੁਰਦੇਵ ਸਿੰਘ ਓਲੰਪਿਕ ਵੀ ਖੇਡਿਆ ਅਤੇ 1962 ਵਿੱਚ ਜਕਾਰਟਾ ਵਿੱਚ ਏਸ਼ੀਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ। ਮੈਂਨੂੰ ਵੀ ਮਾਣ ਹੈ ਉਨ੍ਹਾਂ ’ਤੇ ਕਿਉਂਕਿ ਮੇਰੇ ਨਾਲ ਉੱਥੇ ਦੇ ਖਿਡਾਰੀ ਹਰ ਪੱਧਰ ’ਤੇ ਖੇਡੇ ਤੇ ਪਿਆਰ ਦਿੱਤਾ। ਬਾਕੀ ਬਲਬੀਰ ਸਿੰਘਾਂ ਬਾਰੇ ਵੀ ਇਹ ਸਚਾਈ ਹੈ ਕਿ ਹਾਕੀ ਜਗਤ ਵਿੱਚ ਪੰਜ ਬਲਬੀਰ ਸਿੰਘ ਹੋਏ ਹਨ, ਉਨ੍ਹਾਂ ਵਿੱਚੋਂ ਤਿੰਨ ਸੰਸਾਰਪੁਰ ਦੇ ਹੀ ਹਨ। ਇਹ ਹਨ ਬਲਬੀਰ ਸਿੰਘ ਜੂਨੀਅਰ, ਬਲਬੀਰ ਸਿੰਘ ਫੌਜ ਵਾਲਾ, ਬਲਬੀਰ ਸਿੰਘ ਪੁਲਿਸ ਵਾਲਾ। ਦਰਸ਼ਣ ਸਿੰਘ, ਗੁਰਜੀਤ ਸਿੰਘ, ਤਰਸੇਮ ਸਿੰਘ, ਅਜੀਤਪਾਲ ਸਿੰਘ, ਜਗਜੀਤ ਸਿੰਘ ਜੱਗਾ, ਜਗਜੀਤ ਸਿੰਘ ਕੀਨੀਆ ਅਤੇ ਦਰਸ਼ਣ ਸਿੰਘ ਸੇਠੀ ਜਿਨ੍ਹਾਂ ਨੇ ਭਾਰਤੀ ਟੀਮ ਵਿੱਚ ਖੇਡ ਕੇ ਇਤਿਹਾਸ ਰਚਿਆ। ਇੱਕ ਮੈਂ ਹੀ ਬਲਬੀਰ ਸਿੰਘ ਹਾਂ, ਸੰਸਾਰਪੁਰ ਤੋਂ ਬਾਹਰਲਾ ਹਾਂ ਤੇ ਮੈਂਨੂੰ ਲੋਕ ਬਲਬੀਰ ਸਿੰਘ ਸੀਨੀਅਰ ਕਹਿੰਦੇ ਹਨ। ਦੂਜੇ ਬਲਬੀਰ ਸਿੰਘ ਨਾਲੋਂ ਮੈਂ ਪਹਿਲਾਂ ਦਾ ਖੇਡਦਾ ਕਰਕੇ ਮੈਂਨੂੰ ਬਲਬੀਰ ਸਿੰਘ ਸੀਨੀਅਰ ਕਹਿਣ ਲੱਗ ਪਏ। ਮੈਂਨੂੰ ਬਹੁਤੀ ਵਾਰੀ ਲੋਕ ਮੋਗੇ ਵਾਲਾ ਬਲਬੀਰ ਸਿੰਘ ਕਹਿ ਦਿੰਦੇ ਹਨ। ਭਾਵੇਂ ਮੇਰਾ ਪਿੰਡ ਪੁਆਦੜੇ (ਨੇੜੇ ਤਲਵਣ) ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਹੈ, ਪਰ ਮੈਂ ਕਦੇ ਟਿਕ ਕੇ ਪਿੰਡ ਨਹੀਂ ਬੈਠਾ। ਮੋਗੇ ਬਚਪਨ ਗੁਜ਼ਾਰ ਕੇ ਲਾਹੌਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਕਦੇ ਇੰਗਲੈਂਡ, ਕੈਨੇਡਾ ਘੁੰਮਦੇ ਫਿਰਦੇ ਰਹੇ ਹਾਂ।
ਹਾਕੀ ਖੇਡ ਨੂੰ ਬੁਲੰਦੀ ’ਤੇ ਲੈ ਜਾਣ ਵਿੱਚ ਸਹਿਯੋਗ
? ਇੱਕ ਗੱਲ ਜਿਹੜੀ ਆਪਾਂ ਅਜੇ ਤਕ ਨਹੀਂ ਕੀਤੀ, ਮੇਰੇ ਖ਼ਿਆਲ ਵਿੱਚ ਜੇਕਰ ਉਹ ਨਾ ਕੀਤੀ ਗਈ ਤਾਂ ਇਹ ਮੁਲਾਕਾਤ ਅਧੂਰੀ ਰਹੇਗੀ। ਕਿਉਂਕਿ ਆਮ ਕਹਾਵਤ ਹੈ ਕਿ ਕਿਸੇ ਵਿਅਕਤੀ ਨੂੰ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਕਿਸੇ ਨਾ ਕਿਸੇ ਸ਼ਖਸੀਅਤ ਦਾ ਹੱਥ ਜ਼ਰੂਰ ਹੁੰਦਾ ਹੈ, ਉਹ ਹੈ ਤੁਹਾਡੀ ਜੀਵਨ-ਸਾਥਣ ਦੇ ਸਹਿਯੋਗ ਦੀ ਗੱਲ। ਤੁਸੀਂ ਲਗਾਤਾਰ ਇੰਨਾ ਲੰਬਾ ਸਮਾਂ ਹਾਕੀ ਨੂੰ ਸਿਖਰਾਂ ’ਤੇ ਰੱਖਿਆ। ਤੁਹਾਡੀ ਸੁਪਤਨੀ ਵਲੋਂ ਕਿੰਨਾ ਕੁ ਸਹਿਯੋਗ ਮਿਲਿਆ?
- ਹਾਂ, ਬਿਲਕੁਲ ਢਾਹ ਜੀ। ਮੇਰੇ ਜੀਵਨ ਵਿੱਚ ਮੈਂਨੂੰ ਭਾਵੇਂ ਬਹੁਤ ਸਾਰੇ ਸੁਹਿਰਦ ਵਿਅਕਤੀਆਂ ਦਾ ਸਹਿਯੋਗ ਮਿਲ਼ਿਆ ਹੈ, ਜੋ ਤੁਸੀਂ ਮੇਰੀ ਜੀਵਨ-ਸਾਥਣ ਦੇ ਸਹਿਯੋਗ ਦੀ ਗੱਲ ਪੁੱਛੀ ਹੈ, ਜੇਕਰ ਗੱਲ ਨਾ ਕਰੀਏ ਤਾਂ ਜ਼ਰੂਰ ਆਪਣੀ ਮੁਲਾਕਾਤ ਬਿਲਕੁਲ ਅਧੂਰੀ ਹੋਵੇਗੀ। ਉਂਝ ਤਾਂ ਮੈਂਨੂੰ ਇੰਨੇ ਲੋਕਾਂ ਨੇ ਸਹਿਯੋਗ ਦਿੱਤਾ ਕਿ ਜਿਨ੍ਹਾਂ ਦੇ ਨਾਂਓ ਲਿਖਣ ਜਾਂ ਦੱਸਣ ਲੱਗਾਂ ਤਾਂ ਕਈ ਪੇਜ ਭਰ ਜਾਣਗੇ। ਬਹੁਤ ਸਾਰੇ ਸੱਜਣਾਂ ਨੇ ਮੈਂਨੂੰ ਇੱਥੇ ਤਕ ਲੈ ਜਾਣ ਵਿੱਚ ਦਿਲੋਂ ਮਦਦ ਕੀਤੀ। ਉਨ੍ਹਾਂ ਦਾ ਮੈਂ ਰਹਿੰਦੀ ਜ਼ਿੰਦਗੀ ਅਹਿਸਾਨਮੰਦ ਹਾਂ। ਸਤਨਾਮ ਜੀ, ਮੈਂ ਜੋ ਕੁਝ ਵੀ ਹਾਂ ਉਹ ਆਪਣੇ ਉੱਚ ਕੋਟੀ ਦੇ ਅਧਿਆਪਕਾਂ, ਕੋਚਾਂ ਸੱਚੇ ਸੁੱਚੇ ਮਿੱਤਰਾਂ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਜਿਨ੍ਹਾਂ ਨੇ ਮੈਂਨੂੰ ਮਿਹਨਤ ਕਰਨੀ, ਅਨੁਸ਼ਾਸਨ ਵਿੱਚ ਰਹਿਣਾ, ਹਾਰ ਸਹਿਣੀ, ਜਿੱਤ ਨੂੰ ਹਜ਼ਮ ਕਰਨਾ ਸਿਖਾਇਆ। ਪਰ ਇੱਕ ਵਿਅਕਤੀ ਜਿਸਦੇ ਸਹਿਯੋਗ ਤੋਂ ਬਿਨਾਂ ਮੈਂ ਕਦੇ ਵੀ ਨਹੀਂ ਸੀ ਖੇਡ ਸਕਦਾ ਉਹ ਹੈ, ਮੇਰੀ ਧਰਮ ਪਤਨੀ, ਜਿਸ ਨੇ ਮੇਰੀ ਆਸ ਤੋਂ ਵੀ ਵੱਧ ਸਹਿਯੋਗ ਦਿੱਤਾ। ਜਿਸ ਨੇ ਹਾਕੀ ਨੂੰ ਸੌਂਕਣ ਮੰਨ ਕੇ ਈਰਖ਼ਾ ਕਰਨ ਦੀ ਬਜਾਏ ਆਪਣੀ ਨਿੱਕੀ ਭੈਣ ਦੀ ਤਰ੍ਹਾਂ ਪਿਆਰ ਕੀਤਾ। ਜਿਸ ਕਰਕੇ ਮੇਰੇ ਮਨ ਵਿੱਚ ਸ਼ੁਸ਼ੀਲ ਲਈ ਇੰਨੀ ਇੱਜ਼ਤ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅਮੀਰ ਮਾਪਿਆਂ ਦੀ ਲੜਕੀ ਹੋਣ ਦੇ ਬਾਵਜੂਦ ਇੱਕ ਖਿਡਾਰੀ ਦੇ ਨਾਲ ਜ਼ਿੰਦਗੀ ਬਸਰ ਕਰਨਾ, ਤੰਗੀਆਂ ਤੁਰਸ਼ੀਆਂ ਨੂੰ ਖਿੜੇ ਮੱਥੇ ਝੱਲਣਾ ਤੇ ਕਦੇ ਵੀ ਇਸ ਗੱਲ ਦੀ ਸ਼ਿਕਾਇਤ ਨਾ ਕਰਨੀ ਕਿ ਸਾਡੇ ਕੋਲ ਆਹ ਨਹੀਂ, ਔਹ ਨਹੀਂ, ਹਮੇਸ਼ਾ ਹੀ ਮੈਂਨੂੰ ਆਪਣੀ ਗੇਮ ਲਈ ਦਿਲ ਲਾ ਕੇ ਮਿਹਨਤ ਕਰਨ ਲਈ ਪ੍ਰੇਰਨਾ ਸ਼ੁਸ਼ੀਲ ਦੇ ਹੀ ਹਿੱਸੇ ਆਇਆ। ਮੈਂ ਯਕੀਨ ਨਾਲ ਕਹਿੰਦਾ ਹਾਂ ਉਸਦੇ ਸਹਿਯੋਗ ਤੋਂ ਬਿਨਾਂ ਆਪਣੀ ਖੇਡ ਨੂੰ ਇਨ੍ਹਾਂ ਬੁਲੰਦੀਆਂ ’ਤੇ ਲੈ ਕੇ ਜਾਣਾ ਬਹੁਤ ਮੁਸ਼ਕਲ ਸੀ।
ਸਾਈਆਂ ਕਿਤੇ ਵਧਾਈਆਂ ਕਿਤੇ!
? ਬਲਬੀਰ ਜੀ ਤੁਸੀਂ ਆਪਣੀ ਜੀਵਨ ਸਾਥਣ ਦੇ ਸਹਿਯੋਗ ਦੀ ਗੱਲ ਕੀਤੀ ਹੈ। ਇੱਥੇ ਆਪਣੇ ਵਿਆਹ ਦੀ ਕਹਾਣੀ ਵੀ ਦੱਸਦੇ ਜਾਓ। ਮੈਂਨੂੰ ਇਹ ਵੀ ਪਤਾ ਲੱਗਾ ਕਿ ‘ਸਾਈਆਂ ਕਿਤੇ ਵਧਾਈਆਂ ਕਿਤੇ!’ ਇਹ ਕਿਵੇਂ, ਕਿਸੇ ਵਿਚੋਲੇ ਨੇ ਇਹ ਰਿਸ਼ਤਾ ਕਰਾਇਆ ਜਾਂ ਫੇਰ ਤੁਹਾਡੀ ਆਪਣੀ ਚੋਣ ਸੀ?
: (ਹੱਸਦੇ ਹੋਏ) ਠੀਕ ਹੈ, ਹੁਣ ਇੱਥੇ ਤੁਸੀਂ ਵਿਆਹ ਦੀ ਕਹਾਣੀ ਵੀ ਸੁਣ ਲਓ। ਉਹ ਗੱਲ ਇਸ ਤਰ੍ਹਾਂ ਹੋਈ ਜੀ ਕਿ ਜਿਹੜੇ ਮੇਰੇ ਟੀਚਰ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ ਹੈ ਸ੍ਰੀਮਾਨ ਈਸ਼ਰ ਸਿੰਘ ਬਾਹੀਆ, ਉਨ੍ਹਾਂ ਨੇ ਹੀ ਆਪਣੇ ਭਤੀਜੇ ਅਜਮੇਰ ਸਿੰਘ ਸਿੱਧੂ ਜੋ ਮੇਰੇ ਟੀਚਰ ਵੀ ਸਨ ਤੇ ਸਾਡੇ ਫੈਮਲੀ ਦੋਸਤ ਵੀ ਸਨ - ਉਨ੍ਹਾਂ ਮੈਂਨੂੰ ਇੱਕ ਬਹਾਨੇ ਨਾਲ ਜੋ ਕਿ ਮੈਂਨੂੰ ਬਾਅਦ ਵਿੱਚ ਪਤਾ ਲੱਗਿਆ ਇੱਕ ਚਿੱਠੀ ਦੇ ਕੇ ਲਾਹੌਰ ਸ. ਨਰੈਣ ਸਿੰਘ ਸੰਧੂ ਹੋਰਾਂ ਦੇ ਘਰ ਭੇਜਿਆ। ਉੱਥੇ ਹੀ ਸਾਡੀ ਪਹਿਲੀ ਮੁਲਾਕਾਤ ਹੋਈ ਸੁਸ਼ੀਲ ਨਾਂਓ ਦੀ ਲੜਕੀ ਨਾਲ, ਜੋ ਕਿ ਆਪਣੇ ਕਾਲਜ ਟਾਈਮ ਵਿੱਚ ਬੈਡਮਿੰਟਨ ਦੀ ਚੈਂਪੀਅਨ ਸੀ। ਕੁਦਰਤੀ ਸਾਨੂੰ ਵੀ ਇੱਕ ਦੂਸਰੇ ਲਈ ਖਿੱਚ ਹੋ ਗਈ ਤੇ ਮਾਤਾ ਪਿਤਾ ਦੀ ਸਲਾਹ ਨਾਲ ਸਾਡਾ ਵਿਆਹ ਹੋ ਗਿਆ। ਮੇਰੇ ਸਹੁਰਾ ਸਾਹਿਬ, ਜੋ ਪਹਿਲਾਂ ਇੰਗਲੈਂਡ ਵਿੱਚ ਪੜ੍ਹਨ ਆਏ ਸੀ ਤੇ ਉੱਥੇ ਹੀ ਸਿਵਲ ਇੰਜਨੀਅਰ ਦੇ ਤੌਰ ’ਤੇ ਰਹਿ ਕੇ ਵਾਪਸ ਲਾਹੌਰ ਗਏ ਸਨ। ਉਸ ਸਮੇਂ ਉਨ੍ਹਾਂ ਲਾਹੌਰ ਮਾਡਲ ਟਾਊਨ ਵਿੱਚ ਆਪਣੀ ਕੋਠੀ ਵਿੱਚ ਸਾਡਾ ਵਿਆਹ 1946 ਕੀਤਾ। ਸਾਲ ਬਾਅਦ ਪਾਰਟੀਸ਼ਨ ਹੋ ਗਈ। ਉਸ ਸਮੇਂ ਦੇ ਹਾਲਾਤ ਦਾ ਜ਼ਿਕਰ ਇੱਥੇ ਕਰਨਾ ਬਹੁਤ ਮੁਸ਼ਕਲ ਹੈ। ਮੈਂ ਸੁਸ਼ੀਲ ਨੂੰ ਲੁਧਿਆਣੇ ਲੈ ਆਇਆ, ਇੱਥੇ ਅਸੀਂ ਨਵੇਂ ਸਿਰੇ ਤੋਂ ਆਬਾਦ ਹੋਏ।
‘ਸਾਈਆਂ ਕਿਤੇ ਵਧਾਈਆਂ ਕਿਤੇ’ ਦੀ ਗੱਲ ਵੀ ਇਉਂ ਹੋਈ ਕਿ ਪਹਿਲਾਂ ਤਿੰਨ ਵਾਰੀ ਮੰਗਣੀ ਹੋਈ, ਪਰ ਵਿਆਹ ਨਹੀਂ ਹੋਇਆ। ਚੌਥੀ ਵਾਰੀ ਮੰਗਣੀ ਨਹੀਂ ਹੋਈ ਸਿੱਧਾ ਵਿਆਹ ਹੋ ਗਿਆ। ਕਾਰਨ ਇਹ ਕਿ ਪਹਿਲੇ ਜ਼ਮਾਨੇ ਵਿੱਚ ਲੋਕ ਵਿਆਹ ਬਹੁਤ ਜਲਦੀ ਕਰ ਦਿੰਦੇ ਸੀ, ਮੇਰਾ ਵਿਆਹ ਵੀ ਇਸੇ ਕਰਕੇ ਨਹੀਂ ਹੋਇਆ। ਲੜਕੀ ਵਾਲੇ ਵਿਆਹ ਲਈ ਕਾਹਲੇ ਹੁੰਦੇ ਸਨ ਤੇ ਮੈਂ ਅਜੇ ਪੜ੍ਹਦਾ ਸੀ। ਉਨ੍ਹਾਂ ਵਿਆਹ ਲਈ ਕਹਿਣਾ ਤੇ ਮੈਂ ਕਹਿਣਾ ਅਜੇ ਪੜ੍ਹਦਾ ਹਾਂ, ਪੜ੍ਹਾਈ ਖ਼ਤਮ ਕਰਕੇ ਵਿਆਹ ਕਰਾਊਂਗਾ। ਬੱਸ ਇਸੇ ਤਰ੍ਹਾਂ ਅਗਲੇ ਅੱਕ ਕੇ ਕਹਿ ਦਿੰਦੇ, ਇਹਨੇ ਵਿਆਹ ਨਹੀਂ ਕਰਾਉਣਾ, ਚਲੋ ਆਪਣੀ ਲੜਕੀ ਕਿਧਰੇ ਹੋਰ ਥਾਂ ਵਿਆਹ ਦਿਓ। ਇੱਥੇ ਬੱਸ ਇਹ ਸਮਝ ਲਓ ਕਿ ਜਿਸ ਤਰ੍ਹਾਂ ਆਪਣੇ ਲੋਕ ਕਹਿ ਦਿੰਦੇ ਹਨ ਸੰਯੋਗ ਰੁੱਸ ਗਏ, ਸੰਯੋਗ ਢਿੱਲੇ ਜਾਂ ਮੌਕਾ ਨਹੀਂ ਸੀ, ਕੁਝ ਵੀ ਕਹਿ ਲਓ। ਜੀਵਨ ਸਾਥਣ ਦੇ ਸਹਿਯੋਗ ਦੀ ਗੱਲ, ਵਿਆਹ ਤੋਂ ਬਾਅਦ ਸੁਸ਼ੀਲ ਨੇ ਮੈਂਨੂੰ ਹਾਕੀ ਖੇਡਣ ਲਈ ਲਈ ਬਹੁਤ ਉਤਸ਼ਾਹਿਤ ਕੀਤਾ। ਸੋ ਤੁਹਾਨੂੰ ਪਤਾ ਕਿ ਵਿਆਹ ਤੋਂ ਬਾਅਦ ਤੁਸੀਂ ਕਿਸੇ ਵੀ ਫੀਲਡ ਵਿੱਚ ਹੋਵੋਂ, ਤੁਹਾਡਾ ਸਾਥੀ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਹੈ ਤਾਂ ਤੁਸੀਂ ਕਾਮਯਾਬ ਹੋ, ਨਹੀਂ ਤਾਂ ਫੇਰ ਇੱਕ ਪਾਸਾ ਹੀ ਰਹਿੰਦਾ ਹੈ, ਦੋਵੇਂ ਨਹੀਂ। ਦੋਵੇਂ ਪਾਸੇ ਤਾਂ ਦੋਹਾਂ ਪਾਸਿਆਂ ਤੋਂ ਸਹਿਯੋਗ ਨਾਲ ਹੀ ਸੰਭਵ ਹੈ। ਇਹ ਗੱਲ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਹਾਕੀ ਦੀਆਂ ਵੱਡੀਆਂ ਪ੍ਰਪਤੀਆਂ ਮੇਰੇ ਵਿਆਹ ਤੋਂ ਬਾਅਦ ਦੀਆਂ ਹੀ ਹਨ। ਇਸ ਪੱਖੋਂ ਆਪਣੇ ਆਪ ਨੂੰ ਖੁਸ਼ਕਿਸਮਤ ਕਹੂੰਗਾ।
ਬਾਲ-ਬੱਚੇ ਅਤੇ ਉਨ੍ਹਾਂ ਦੀਆਂ ਦਿਲਚਸਪੀਆਂ
? ਆਪਣੇ ਬੱਚਿਆਂ ਬਾਰੇ ਵੀ ਕੁਝ ਦੱਸੋ? ਕੀ ਉਹ ਇੰਡੀਆ ਵਿੱਚ ਹਨ ਜਾਂ ਕੈਨੇਡਾ ਵਿੱਚ ਰਹਿੰਦੇ ਹਨ? ਪਰਿਵਾਰ ਵਿੱਚੋਂ ਕੋਈ ਬੱਚਾ ਵੀ ਹਾਕੀ ਦੀ ਖੇਡ ਵਿੱਚ ਦਿਲਚਸਪੀ ਲੈਂਦਾ ਜਾਂ ਉਨ੍ਹਾਂ ਦੀਆਂ ਦਿਲਚਸਪੀਆਂ ਹੋਰ ਹਨ?
- ਮੇਰੀ ਇੱਕ ਲੜਕੀ ਜੋ ਸਭ ਤੋਂ ਵੱਡੀ ਹੈ ਇੰਡੀਆ ਵਿੱਚ ਏਅਰਫੋਰਸ ਆਫ਼ੀਸਰ ਨੂੰ ਵਿਆਹੀ ਹੋਈ ਹੈ। ਉਸ ਨੇ ਬੀ. ਐੱਸਸੀ. ਹੋਮ ਸਾਇੰਸ ਅਤੇ ਬੀ. ਐੱਡ ਦੀਆਂ ਡਿਗਰੀਆਂ ਦੇ ਨਾਲ ਨਾਲ ਯੂਨੀਵਰਸਿਟੀ ਅਤੇ ਸਟੇਟ ਵੱਲੋਂ ਹਾਕੀ ਖੇਡੀ ਅਤੇ ਤੈਰਾਕੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਰਹੀ ਹੈ। ਅੱਜ-ਕੱਲ੍ਹ ਚੰਡੀਗੜ੍ਹ ਰਹਿ ਰਹੀ ਹੈ। ਮੇਰੇ ਤਿੰਨ ਲੜਕੇ ਹਨ, ਸਾਰੇ ਇੱਧਰ ਕੈਨੇਡਾ ਵਿੱਚ ਹੀ ਹਨ। ਵੱਡਾ ਕੰਵਲਬੀਰ ਸਿੰਘ ਆਪਣੇ ਕਾਲਜ ਸਮੇਂ ਹਾਕੀ ਦੀ ਕਪਤਾਨੀ ਕਰਦਾ ਰਿਹਾ। ਉਹ ਬੀ. ਸੀ. ਵਿੱਚ ਕੁਰੈਕਸ਼ਨ ਅਫੀਸਰ ਤੋਂ ਰੀਟਾਇਰਡ ਹੋਇਆ। ਦੂਜੇ ਦੋਵੇਂ ਵੀ ਆਪਣੇ ਸਕੂਲ ਕਾਲਜ ਸਮੇਂ ਹਾਕੀ ਖੇਡਦੇ ਰਹੇ ਹਨ। ਦੂਸਰਾ ਲੜਕਾ ਕਰਨਬੀਰ ਚਾਰਟਰ ਅਕਾਊਂਟੈਂਟ ਹੈ, ਉਹ ਡਇਰੈਕਟਰ ਇਨ ਅਟਾਰਨੀ ਦੇ ਦਫਤਰ ਵਿੱਚ ਕੰਮ ਕਰਦਾ ਹੈ। ਤੀਸਰਾ ਲੜਕਾ ਵੀ ਇੱਥੇ ਕੈਨੇਡਾ ਵਿੱਚ ਹੈ। ਉਹਦੇ ਲੜਕੇ ਪਹਿਲਵਾਨੀ ਦਾ ਸ਼ੌਕ ਰੱਖਦੇ ਹਨ। ਸਾਰੇ ਇੱਥੇ ਕੈਨੇਡਾ ਵਿੱਚ ਬੀ. ਸੀ. ਸੂਬੇ ਵਿੱਚ ਰਹਿੰਦੇ ਹਨ, ਵਿਆਹੇ ਵਰੇ ਆਪੋ-ਆਪਣੀ ਥਾਂ ਸਾਰੇ ਸੈੱਟਲ ਹਨ, ਆਪਾਂ ਰਿਟਾਇਰ ਹਾਂ। ਕੁਝ ਰਿਸ਼ਤੇਦਾਰ ਇੰਗਲੈਂਡ, ਕੈਨੇਡਾ ਰਹਿੰਦੇ ਹਨ, ਆਪਾਂ ਘੁੰਮ ਫਿਰ ਛੱਡੀਦਾ। ਕਦੇ ਇੱਥੇ ਕਦੇ ਉੱਥੇ ਜਾਂ ਫੇਰ ਚੰਡੀਗੜ੍ਹ ਇੰਡੀਆ।
ਅਧੂਰੇ ਸੁਪਨੇ
? ਬਲਬੀਰ ਸਿੰਘ ਜੀ, ਉਂਝ ਤਾਂ ਕਿਹਾ ਜਾਂਦਾ ਹੈ ਇਨਸਾਨ ਦੀਆਂ ਤਮੰਨਾ ਕਦੇ ਪੂਰੀਆਂ ਨਹੀਂ ਹੋ ਸਕਦੀਆਂ। ਤੁਹਾਡੀ ਕੋਈ ਤਮੰਨਾ ਜੋ ਪੂਰੀ ਕਰਨਾ ਲੋਚਦੇ ਹੋਵੋਂ?
: ਹਾਂ ਇਹ ਗੱਲ ਤਾਂ ਠੀਕ ਹੈ ਕਿ ਇਨਸਾਨ ਦੀਆਂ ਬਹੁਤ ਸਾਰੀਆਂ ਖ਼ਹਿਸ਼ਾਂ ਹੁੰਦੀਆਂ ਹਨ ਤੇ ਸਾਰੀਆਂ ਪੂਰੀਆਂ ਵੀ ਨਹੀਂ ਹੋ ਸਕਦੀਆਂ। ਇੱਥੇ ਤੁਹਾਨੂੰ ਇੱਕ ਜ਼ਰੂਰੀ ਗੱਲ ਮੈਂ ਦੱਸਣੀ ਚਾਹੁੰਦਾ ਹਾਂ ਕਿ ਜਦੋਂ 1961 ਵਿੱਚ ਮੈਂ ਖੇਡ ਡਾਇਰੈਕਟਰ ਪੰਜਾਬ ਸੀ, ਮੇਰੀ ਕੋਸ਼ਿਸ਼ ਸੀ ਕਿ ਇੱਕ ਹਾਕੀ ਸਟੇਡੀਅਮ ਬਣਾਇਆ ਜਾਵੇ। ਪਰ ਇਹ ਨਹੀਂ ਹੋ ਸਕਿਆ। ਤੁਹਾਨੂੰ ਪਤਾ ਹੈ ਸਾਡੇ ਗੰਦੀ ਸਿਆਸਤ ਬਹੁਤ ਚੱਲਦੀ ਹੈ, ਮੈਂ ਇੱਥੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ, ਬੱਸ ਗੱਲ ਇਹ ਹੈ ਕਿ ਜੋ ਕੁਝ ਸਾਨੂੰ ਖੇਡਾਂ ਲਈ ਕਰਨਾ ਚਾਹੀਦਾ ਹੈ, ਬਦਕਿਸਮਤੀ ਨਾਲ ਹੋ ਨਹੀਂ ਰਿਹਾ। ਸਾਡੇ ਦੇਸ਼ ਵਿੱਚ ਟੇਲੈਂਟ ਦੀ ਕੋਈ ਘਾਟ ਨਹੀਂ, ਬੱਸ ਢੁੱਕਵੀਂ ਵਿਉਂਤਬੰਦੀ ਤੇ ਟਰੇਨਿੰਗ ਦੀ ਘਾਟ ਦੇ ਨਾਲ ਸਰਕਾਰਾਂ ਦੀ ਨੀਤ ਸਮਝ ਲਉ।
ਅੱਜ ਦੀ ਭਾਰਤੀ ਹਾਕੀ ਟੀਮ ਦੀ ਕਾਰਗੁਜ਼ਾਰੀ
? ਤੁਹਾਡਾ ਜਵਾਬ ਸੁਣਦਿਆਂ ਇੱਕ ਗੱਲ ਹੋਰ ਦਿਮਾਗ ਵਿੱਚ ਆ ਗਈ ਕਿ ਜੋ ਮਾਅਰਕੇ ਹਾਕੀ ਜਗਤ ਵਿੱਚ ਪੰਜਾਬ, ਇੰਡੀਆ ਦੀ ਟੀਮ ਨੇ ਤੁਹਾਡੇ ਸਮੇਂ ਮਾਰੇ ਹਨ, ਉਹ ਮਾਅਰਕੇ ਅੱਜ-ਕੱਲ੍ਹ ਅਲੋਪ ਹੋ ਗਏ ਲੱਗਦੇ ਹਨ। ਹਾਕੀ ਪ੍ਰੇਮੀ ਵੀ ਇਸ ਗੱਲ ਦੀ ਚਿੰਤਾ ਵਿੱਚ ਹਨ ਕਿ ਹਾਕੀ ਦਾ ਪੱਧਰ ਕਾਫ਼ੀ ਹੇਠਾਂ ਆ ਗਿਆ ਹੈ। ਕਿਉਂਕਿ ਓਲੰਪਿਕ ਵਿੱਚ ਜਿਵੇਂ ਤੁਹਾਡੇ ਸਮਿਆਂ ’ਤੇ ਹਾਕੀ ਦੀ ਚੜ੍ਹਤ ਸੀ, ਉਹ ਚੜ੍ਹਤ ਅੱਜ ਨਜ਼ਰ ਨਹੀਂ ਆ ਰਹੀ, ਕੀ ਕਾਰਨ? ਕੀ ਖਿਡਾਰੀ ਖੇਡਾਂ ਪ੍ਰਤੀ ਗੰਭੀਰ ਨਹੀਂ, ਚੋਣ ਕਰਨ ਵਿੱਚ ਕੋਈ ਪ੍ਰੌਬਲਮ ਜਾਂ ਫੇਰ ਕੋਚਿੰਗ ਵਿੱਚ ਕਿਧਰੇ ਕੋਈ ਖ਼ਾਮੀਆਂ ਹਨ? ਅਕਸਰ ਕੋਈ ਕਾਰਨ ਤਾਂ ਹੈ? ਤੁਸੀਂ ਹਾਕੀ ਪ੍ਰੇਮੀਆਂ ਨੂੰ ਖਿਡਾਰੀਆਂ ਨੂੰ ਕੋਈ ਸੁੱਖ-ਸੁਨੇਹਾ ਦੇਣਾ ਚਾਹੋਗੇ?
: ਢਾਹ ਜੀ, ਤੁਸੀਂ ਇਸ ਮਹੱਤਵਪੂਰਨ ਸਵਾਲ ਦਾ ਅੱਧਾ ਜਵਾਬ ਤਾਂ ਆਪ ਹੀ ਦੇ ਦਿੱਤਾ। ਬਾਕੀ ਮੈਂ ਕੋਸ਼ਿਸ਼ ਕਰਦਾ ਹਾਂ। ਤੁਹਾਡੀ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਖਿਡਾਰੀਆਂ ਵਿੱਚ ਉਹ ਉਤਸ਼ਾਹ ਜਾਂ ਗੰਭੀਰਤਾ ਨਹੀਂ ਦਿਸਦੀ। ਕਿਉਂਕਿ ਪਹਿਲਾਂ ਖਿਡਾਰੀਆਂ ਦਾ ਇੱਕ ਮਿਸ਼ਨ ਇਹੋ ਹੁੰਦਾ ਸੀ ਕਿ ਅਸੀਂ ਗੇਮ ਜਿੱਤਣੀ ਹੈ। ਭਾਵੇਂ ਉਹ ਕਿਸੇ ਵੀ ਪੱਧਰ ’ਤੇ ਹੋਵੇ, ਉਨ੍ਹਾਂ ਵਿੱਚ ਟੀਮ ਸਪਿਰਟ ਹੁੰਦੀ ਸੀ। ਆਪਣੀ ਨਿੱਜੀ ਸਟਾਰ ਬਣਨ ਦੀ ਭੁੱਖ ਨਹੀਂ ਸੀ ਹੁੰਦੀ, ਜੋ ਅੱਜ ਪਰਤੱਖ ਨਜ਼ਰ ਆ ਜਾਂਦੀ ਹੈ। ਫੇਰ ਜੇਕਰ ਕੋਈ ਖਿਡਾਰੀ ਇੱਕ ਅੱਧੀ ਵਾਰ ਇੰਡੀਆ ਟੀਮ ਲਈ ਖੇਡ ਆਵੇ ਤਾਂ ਉਹ ਆਪਣੇ ਆਪ ਨੂੰ ਬਾਕੀਆਂ ਨਾਲੋਂ ਵੱਖਰਾ ਤੇ ਜ਼ਿਆਦਾ ਮਾਹਿਰ ਸਮਝਣ ਲੱਗ ਪੈਂਦਾ ਹੈ। ਉਸ ਜ਼ਮਾਨੇ ਦੇ ਖਿਡਾਰੀਆਂ ਦੀ ਅਜਿਹੀ ਸੋਚ ਹੀ ਨਹੀਂ ਸੀ। ਤਰੱਕੀ ਤਾਂ ਉਹੀ ਖਿਡਾਰੀ ਕਰ ਸਕਦਾ ਹੈ, ਜੋ ਕਹੇ ਕਿ ਅਜੇ ਮੇਰੀ ਮੰਜ਼ਿਲ ਬਹੁਤ ਦੂਰ ਹੈ, ਮੈਂਨੂੰ ਮਿਹਨਤ ਕਰਨ ਦੀ ਕਾਫ਼ੀ ਲੋੜ ਹੈ। ਇਹ ਇਕੱਲੀ ਖੇਡ ਦੀ ਗੱਲ ਨਹੀਂ ਹਰੇਕ ਖੇਤਰ ਵਿੱਚ ਇਹ ਭਾਵਨਾ ਕੰਮ ਕਰਦੀ ਹੈ, ਚਾਹੇ ਕੋਈ ਵੀ ਫ਼ੀਲਡ ਹੋਵੇ। ਇਸ ਤੋਂ ਅੱਗੇ ਗੱਲ ਆ ਕੰਪੀਟੀਸ਼ਨਾਂ ਦੀ, ਹੁਣ ਹਾਕੀ ਕੁਝ ਹੋਰ ਦੇਸ਼ਾਂ ਵਿੱਚ ਵੀ ਪਾਪੂਲਰ ਹੋ ਗਈ ਹੈ ਜਿਵੇਂ ਹਾਕੀ ਵਿੱਚ ਪਹਿਲਾਂ ਆਸਟਰੇਲੀਆ, ਪਾਕਿਸਤਾਨ ਟੌਪ ਤੇ ਨਹੀਂ ਸਨ। ਦੂਸਰੇ ਮੁਲਕਾਂ ਨੇ ਕਾਫ਼ੀ ਤਰੱਕੀ ਕੀਤੀ ਹੈ। ਆਪਾਂ ਤਰੱਕੀ ਉੰਨੀ ਨਹੀਂ ਕੀਤੀ ਜਿੰਨੀ ਚਾਹੀਦੀ ਸੀ। ਫੇਰ ਗੱਲ ਆ ਜਾਂਦੀ ਹੈ ਗਰਾਊਂਡਾਂ ਦੀ, ਕਈ ਲੋਕ ਇਹਨੂੰ ਵੀ ਇੱਕ ਕਾਰਨ ਮੰਨਦੇ ਹਨ, ਅਸੀਂ ਇੱਧਰਲੀਆਂ ਗਰਾਊਂਡਾਂ ਵਿੱਚ ਖੇਡਣ ਦੇ ਆਦੀ ਨਹੀਂ, ਮੇਰੇ ਖ਼ਿਆਲ ਨਾਲ ਇਹ ਤਾਂ ਇੱਕ ਬਹਾਨਾ ਹੈ ਕਿਉਂਕਿ ਵਧੀਆ ਗਰਾਊਂਡਾਂ ਵਿੱਚ ਗੇਮ ਵਧੀਆ ਖੇਡੀ ਜਾ ਸਕਦੀ ਹੈ। ਤੁਸੀਂ ਦੇਖੋਗੇ ਕਿ ਇੱਕ ਹਾਕੀ ਹੀ ਸੀ ਸਾਡੇ ਕੋਲ ਜੋ, ਉਲੰਪਿਕ ਜਿੱਤਦੀ ਰਹੀ ਤੇ ਸਾਰਾ ਦੇਸ਼ ਇਸ ’ਤੇ ਖੁਸ਼ੀਆਂ ਮਨਾਉਂਦਾ ਸੀ। ਹੋਰ ਕਿਸੇ ਖੇਡ ਵਿੱਚ ਕੋਈ ਮੈਂਡਲ ਨਹੀਂ ਸੀ ਜਿੱਤਦੇ।
ਹਾਕੀ ਨੇ ਇੰਡੀਆ ਦੀ ਪਹਿਚਾਣ ਦੁਨੀਆਂ ਵਿੱਚ ਬਣਾਈ ਹੋਈ ਸੀ। ਹੁਣ ਹਾਕੀ ਵੀ ਹਾਰ ਕੇ ਆਉਣ ਲੱਗ ਪਈ ਤਾਂ ਮਰ ਗਏ, ਮਾਰ ਲਏ ਹੋਣ ਲੱਗ ਪਈ। ਲੋਕ ਨਿਰਾਸ਼ ਹੋ ਗਏ। ਬਾਕੀ ਹਾਰਨ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਮੀਡੀਆ ਵੀ ਕਈ ਵਾਰੀ ਤੁਹਾਨੂੰ ਤਾਰਦਾ ਤੇ ਡੋਬਦਾ ਹੈ। ਕਈ ਵਾਰੀ ਮੀਡੀਆ ਵਾਲੇ, ਅਖ਼ਬਾਰਾਂ, ਟੀ. ਵੀ. ਵਗੈਰਾ ਲੋੜ ਤੋਂ ਵੱਧ ਪ੍ਰਸ਼ੰਸਾ ਜਾਂ ਭੰਡ ਦਿੰਦੇ ਹਨ। ਮੈਂ ਤਾਂ ਕਹਿੰਦਾ ਹੁੰਦਾ ਹਾਂ ਕਿ ਬਈ ਸਹਿੰਦੀ ਸਹਿੰਦੀ ਪ੍ਰਸ਼ੰਸਾ ਕਰੋ ਤੇ ਸਹਿੰਦਾ ਸਹਿੰਦਾ ਕਰਿਟੀਸਾਇਜ਼ ਕਰੋ। ਖ਼ਾਸ ਕਰਕੇ ਇੱਕ ਖਿਡਾਰੀ ਨੂੰ ਗੇਮ ਜਿੱਤਣ ਤੇ ਹਾਰਨ ਦਾ ਕਾਰਨ ਦੱਸ ਕੇ ਨਾ ਉਭਾਰੋ। ਇਹ ਇੱਕ ਟੀਮ-ਵਰਕ ਹੈ, ਜਿੱਤ ਹਾਰ ਦੇ ਸਾਰੇ ਦੇ ਸਾਰੇ ਖਿਡਾਰੀ ਹਿੱਸੇਦਾਰ ਹੁੰਦੇ ਹਨ। ਜਦੋਂ ਕਿਸੇ ਇਕੱਲੇ ਖਿਡਾਰੀ ਦੀ ਇੰਟਰਵਿਊ ਲੈ ਕੇ ਉਹਨੂੰ ਹੀਰੋ ਜਾਂ ਫੇਰ ਜ਼ੀਰੋ ਕਰਨ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਟੀਮ ਸਪਿਰਟ ਨੂੰ ਕਾਫ਼ੀ ਸੱਟ ਵੱਜਦੀ ਹੈ। ਇਸ ਨਾਲ ਫੇਰ ਦੂਸਰੇ ਖਿਡਾਰੀਆਂ ਨੂੰ ਈਰਖਾ ਹੋਣੀ ਜ਼ਰੂਰੀ ਹੈ।
ਇਸ ਤੋਂ ਬਾਅਦ ਹੁਣ ਤੁਸੀਂ ਦੇਖੋ, ਹਾਕੀ ਦੀ ਥਾਂ ਕ੍ਰਿਕਟ ਨੇ ਲੈ ਲਈ ਲਈ ਹੈ। ਉਨ੍ਹਾਂ ਨੂੰ ਪੈਸਾ ਬਣਦਾ ਹੈ। ਫਿਲਮਾਂ ਬਣਾਉਣ ਵਾਲਿਆਂ ਨਾਲੋਂ ਵੀ ਜ਼ਿਆਦਾ। ਹਰੇਕ ਬੱਚੇ ਦੇ ਮਾਪੇ ਦਾ ਸੁਪਨਾ ਹੈ ਪੈਸਾ ਬਣਾਉਣਾ ਤੇ ਅੱਜ-ਕੱਲ੍ਹ ਜੰਮਦੇ ਨਿਆਣੇ ਲਈ ਗਿਫ਼ਟ ਮਿਲਦੇ ਹਨ ਕ੍ਰਿਕਟ ਦਾ ਬੈਟ ਬੱਲਾ, ਉਹ ਭਾਵੇਂ ਚੁੱਕਣ ਜੋਗਾ ਨਾ ਹੋਵੇ। ਮੈਂ ਤੁਹਾਨੂੰ ਦੱਸਦਾਂ, ਦੋ ਕੁ ਸਾਲ ਪਹਿਲਾਂ ਮੈਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਸੀ। ਜਿਉਂ ਹੀ ਅਸੀਂ ਚੰਡੀਗੜ੍ਹ ਤੋਂ ਚੱਲੇ ਆਂ, ਐਤਵਾਰ ਦਾ ਦਿਨ ਸੀ, ਜਿਹੜਾ ਵੀ ਕੋਈ ਥਾਂ ਖਾਲੀ ਨਜ਼ਰ ਆਇਆ, ਗਰਾਊਂਡ ਕਹਿ ਲਓ ਜਾਂ ਖੇਤ ਕਹਿ ਲਓ, ਬੱਸ ਕ੍ਰਿਕਟ ਹੀ ਚੱਲ ਰਹੀ ਸੀ। ਨਾ ਕਬੱਡੀ, ਨਾ ਫੁੱਟਬਾਲ, ਨਾ ਬਾਲੀਬਾਲ ਜਾਂ ਹੋਰ ਪੰਜਾਬ ਦੀ ਕੋਈ ਖੇਡ ਲੈ ਲਓ, ਮੇਰੀ ਨਜ਼ਰ ਨਹੀਂ ਪਿਆ। ਧੁਰ ਅੰਮ੍ਰਿਤਸਰ ਬਾਰਡਰ ਤਕ ਅਸੀਂ ਗਏ। ਫੇਰ ਤੁਸੀਂ ਹਾਕੀ ਨੂੰ ਮੈਡਲ ਕਿੱਧਰੋਂ ਭਾਲਦੇ ਹੋ? ਸਤਨਾਮ ਜੀ, ਮੈਂ ਕ੍ਰਿਕਟ ਦਾ ਵਿਰੋਧੀ ਨਹੀਂ, ਸਗੋਂ ਵਧਾਈ ਦਿੰਦਾ ਹਾਂ। ਜਦੋਂ ਮੈਂ ਖੇਡ ਡਾਇਰੈਕਟਰ ਸੀ, ਜਿੰਨੀਆਂ ਵੀ ਗੇਮਾਂ ਸਨ, ਸਾਰੀਆਂ ਨੂੰ ਬਰਾਬਰ ਸਮਝਦੇ ਸੀ। ਸੋ, ਕੁਝ ਵੀ ਕਹਿ ਲਓ, ਸਾਨੂੰ ਹਾਕੀ ਵਾਲਿਆਂ ਨੂੰ ਮਿਲਦਾ ਕੁਝ ਨਹੀਂ। ਕੁਦਰਤੀ ਗੱਲ ਹੈ ਕਿ ਜਿੱਧਰੋਂ ਪੈਸਾ ਬਣਦਾ ਹੈ, ਬੰਦਾ ਉੱਧਰ ਨੂੰ ਹੋ ਤੁਰਦਾ ਹੈ। ਬਾਕੀ ਗੱਲ ਆ ਕਿ ਇਨ੍ਹਾਂ ਮੁਲਕਾਂ ਵਿੱਚ ਖਿਡਾਰੀਆਂ ਦੀ ਕਦਰ ਆ। ਇੱਧਰ ਲੋਕ ਇੰਨਟਰਸਟ ਨੂੰ ਪਹਿਲ ਦਿੰਦੇ ਹਨ, ਨੈਚਰਲ ਟੈਲੈਂਟ ਨੂੰ ਪਹਿਲ ਹੈ। ਉੱਥੇ ਹੁਣ ਪੈਸੇ ਨੂੰ, ਇਸ ਕਰਕੇ ਇਹ ਵੀ ਇੱਕ ਕਾਰਨ ਹੈ।
ਹਾਂ, ਤੁਸੀਂ ਗੱਲ ਕਰਦੇ ਸੀ ਕੋਚਿੰਗ ਦੀ, ਜਿੱਥੋਂ ਤਕ ਮੈਂ ਸਮਝਦਾ ਹਾਂ ਇਹ ਵੀ ਇੱਕ ਕਾਰਨ ਹੈ ਕਿਉਂਕਿ ਹਰੇਕ ਗੇਮ ਵਿੱਚ ਡਸਿਪਲਨ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਜਦੋਂ ਕੋਚ ਹੀ ਐਸ਼ੋ-ਇਸ਼ਰਤ ਵਿੱਚ ਲੱਗ ਜਾਂਦੇ ਹਨ ਤਾਂ ਫੇਰ ਖਿਡਾਰੀਆਂ ’ਤੇ ਕੋਈ ਡਸਿਪਲਨ ਕੀਹਨੇ ਰੱਖਣਾ। ਕਈ ਵਾਰੀ ਤਾਂ ਇਉਂ ਹੁੰਦਾ ਹੈ ਕਿ ਕੋਚ ਨੂੰ ਪਤਾ ਨਹੀਂ ਹੁੰਦਾ ਕਿ ਸਾਰੇ ਦੇ ਸਾਰੇ ਖਿਡਾਰੀ ਠੀਕ ਆਪੋ-ਆਪਣੇ ਰੂਮਾਂ ਵਿੱਚ ਆਰਾਮ ਕਰ ਰਹੇ ਹਨ ਜਾਂ ਫੇਰ ਕੋਈ ਮੌਜ-ਮੇਲਾ ਕਰ ਰਹੇ ਹਨ ਬਾਹਰ ਕਿਧਰੇ। ਇਸੇ ਤਰ੍ਹਾਂ ਕਈ ਵਾਰੀ ਖਿਡਾਰੀਆਂ ਨੂੰ ਵੀ ਇਹ ਨਹੀਂ ਪਤਾ ਕਿ ਕੋਚ ਕਿੱਥੇ ਹੈ। ਕੋਚ ਹੀ ਉਨ੍ਹਾਂ ਦਾ ਰੋਲ ਮਾਡਲ ਹੋ ਸਕਦਾ ਹੈ। ਦੂਸਰਾ, ਖਿਡਾਰੀ ਨੂੰ ਆਰਾਮ ਬਹੁਤ ਜ਼ਰੂਰੀ ਹੈ। ਜੇਕਰ ਖਿਡਾਰੀ ਸਾਰੀ ਰਾਤ ਆਰਾਮ ਨਹੀਂ ਕਰਦਾ ਤਾਂ ਗਰਾਊਂਡ ਵਿੱਚ ਜਾ ਕੇ ਉਹ ਉਸ ਤਰ੍ਹਾਂ ਦੀ ਪ੍ਰਫੌਰਮੈਂਸ ਨਹੀਂ ਕਰ ਸਕਦਾ, ਜਿਹੋ ਜਿਹੀ ਪੂਰਨ ਆਰਾਮ ਤੇ ਨਸ਼ਿਆਂ ਤੋਂ ਰਹਿਤ ਖਿਡਾਰੀ ਕਰ ਸਕਦਾ ਹੈ। ਹੁਣ ਆ ਜਾਓ ਸਲੈਕਸ਼ਨ ਵੱਲ, ਇਹ ਵੀ ਇੱਕ ਫੈਕਟਰ ਹੈ। ਉਂਝ ਸਲੈਕਸ਼ਨ ਭਾਵੇਂ ਸਲੈਕਸ਼ਨ ਕੰਪਨੀ ਰਾਹੀਂ ਹੁੰਦੀ ਹੈ ਪਰ ਹੁੰਦੀ ਵਿਜ਼ੂਅਲ ਸਲੈਕਸ਼ਨ ਹੈ। ਸੋ ਇਹਦੇ ਵਿੱਚ ਵੀ ਕਈ ਵਾਰੀ ਸਹੀ ਸਲੈਕਸ਼ਨ ਔਖੀ ਹੈ। ਕਈ ਵਾਰੀ ਵਧੀਆ ਖਿਡਾਰੀ ਮੈਚਾਂ ਵਿੱਚ ਕਿਸੇ ਕਾਰਨ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ ਤਾਂ ਫੇਰ ਮਾੜਾ ਜਾਂ ਉਸ ਤੋਂ ਘੱਟ ਸਕਿੱਲ ਵਾਲਾ ਖਿਡਾਰੀ ਚੁਣਿਆ ਜਾਂਦਾ ਹੈ। ਅੱਗੇ ਜਾ ਕੇ ਫੇਰ ਉਹ ਪੂਰਾ ਨਹੀਂ ਉੱਤਰਦਾ। ਸੋ, ਇਹੋ ਜਿਹੇ ਅਨੇਕਾਂ ਹੋਰ ਵੀ ਕਾਰਨ ਹਨ, ਜਿਸ ਕਰਕੇ ਹਾਕੀ ਦਾ ਮਿਆਰ ਹੇਠਾਂ ਆ ਗਿਆ। ਪਰ ਮੈਂ ਤੁਹਾਨੂੰ ਜਿਵੇਂ ਦੱਸਦਾ ਸੀ ਸਾਨੂੰ ਆਪਣੀ ਹਾਕੀ ’ਤੇ ਬਹੁਤ ਉਮੀਦਾਂ ਹਨ ਤੇ ਮੁੰਡੇ ਮਿਹਨਤ ਵੀ ਕਰ ਰਹੇ ਹਨ। ਪ੍ਰਮਾਤਮਾ ਕਰੇ, ਅਸੀਂ ਉਲੰਪਿਕ ਵਿੱਚ ਫੇਰ ਕੁਝ ਕਰ ਦਿਖਾਈਏ।
ਸਤਨਾਮ ਸਿੰਘ: ਬਲਬੀਰ ਸਿੰਘ ਜੀ, ਆਪ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਬਹੁਤ ਸਾਰਾ ਸਮਾਂ ਕੱਢ ਕੇ ਬਹੁਤ ਹੀ ਠਰ੍ਹੰਮੇ ਨਾਲ ਤੇ ਬਹੁਤ ਹੀ ਖੁੱਲ੍ਹ ਕੇ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਸਾਡੇ ਨਾਲ ਸਾਂਝੇ ਕੀਤੇ ਹਨ। ਖੇਡਾਂ ਦੀ ਦੁਨੀਆਂ ਦੇ ਦਰਸ਼ਣ ਕਰਾ ਦਿੱਤੇ ਹਨ। ਤੁਹਾਡੀਆਂ ਇਹ ਸਾਰੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਹਨ। ਉਮੀਦ ਕਰਦੇ ਹਾਂ ਖਿਡਾਰੀਆਂ ਦੇ ਨਾਲ-ਨਾਲ ਆਮ ਲੋਕ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣਗੇ। ਅਸੀਂ ਤੁਹਾਡੀ ਲੰਬੀ ਆਯੂ ਤੇ ਸਿਹਤ ਦੀ ਤੰਦਰੁਸਤੀ ਲਈ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਸਾਡੀ ਅੱਜ ਹਾਕੀ ਦੀ ਟੀਮ, ਜਿਸ ਤੋਂ ਸਾਨੂੰ ਬਹੁਤ ਸਾਰੀਆਂ ਉਮੀਦਾਂ ਹਨ, ਤੁਹਾਡੇ ਤਜਰਬਿਆਂ ਤੋਂ ਸਿੱਖ ਕੇ, ਫੇਰ ਉਸੇ ਉੱਚੇ ਪੱਧਰ ’ਤੇ ਪਹੁੰਚ ਜਾਵੇ, ਜਿੱਥੇ ਤਕ ਤੁਸੀਂ ਇਹਨੂੰ ਪਹੁੰਚਾਇਆ ਹੈ। ਕੌਮ ਨੂੰ ਹਮੇਸ਼ਾ ਹੀ ਤੁਹਾਡੇ ਉੱਪਰ ਮਾਣ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2672)
(ਸਰੋਕਾਰ ਨਾਲ ਸੰਪਰਕ ਲਈ: