SatnamSDhah7ਆਪਣੇ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਅਪਣਾਉ ਅਤੇ ਮਾੜੀਆਂ ਗੱਲਾਂ ਨੂੰ ਤਿਲਾਂਜਲੀ ਦਿਉ ...
(ਜੂਨ 13, 2016)

 

ਜੀਵਨ ਬਿਉਰਾ:

ਡਾ. ਸਾਧੂ ਸਿੰਘ
ਜਨਮ: 20 ਅਗਸਤ, 1939
ਜਨਮ ਅਸਥਾਨ: ਪਿੰਡ ਢੰਡਵਾੜ, ਜ਼ਿਲ੍ਹਾ ਜਲੰਧਰ, ਪੰਜਾਬ, ਇੰਡੀਆ।
ਮਾਪੇ: ਬੀਬੀ ਪ੍ਰਸਿੰਨੀ ਕੌਰ (ਮਾਤਾ) ਅਤੇ ਸ੍ਰ. ਬਤਨ ਸਿੰਘ (ਪਿਤਾ)
ਪਰਿਵਾਰ: ਸੁਧਾ (ਸਪੁਤਨੀ), ਲੋਕਾਇਤਾ, ਜੂਲੀਆ, ਨੀਲਮ (ਧੀਆਂ)
ਵਿੱਦਿਆ: ਐੱਮ. ਏ. ਪੰਜਾਬੀ, ਪੀਐੱਚ ਡੀ.
ਕਿੱਤਾ: ਅਧਿਆਪਨ (ਹੁਣ ਰੀਟਾਇਰਡ)
ਪੁਸਤਕਾਂ: ਕਹਾਣੀ ਸੰਗ੍ਰਹਿ: 1. ਪੂਰਾ ਆਦਮੀ, 2. ਵਿਸਫ਼ੋਟ
ਸਮਾਲੋਚਨਾ: 1. ਪੂਰਨ ਸਿੰਘ ਦਾ ਕਾਵਿ ਸਿਧਾਂਤ 2. ਅਜੀਤ ਕੌਰ ਦਾ ਕਥਾ ਜਗਤ 3. ਮੜੀ ਦਾ ਦੀਵਾ (ਆਲੋਚਨਾਤਿਮਕ ਅਧਿਆਨ)
ਨਾਟਕ: 1. ਹਾਏ ਨੀ ਧੀਏ ਮੋਰਨੀਏ
1. ਪੰਜਾਬੀ ਬੋਲੀ ਦੀ ਵਿਰਾਸਤ
ਅਨੁਵਾਦ: 1. ਹਿੰਦੋਸਤਾਨ ਗ਼ਦਰ ਪਾਰਟੀ ਦਾ ਸੰਖ਼ੇਪ ਇਤਿਹਾਸ, 2. ਕਾਰਲ ਮਾਰਕਸ ਅਤੇ ਉਹਦਾ ਮਾਰਕਸਵਾਦ, 3. ਲੈਨਿਨ ਦੀਆਂ ਚੋਣਵੀਆਂ ਲਿਖਤਾਂ (ਸਾਂਝਾ ਅਨੁਵਾਦ)
4. ਇੱਕ ਕਦਮ ਅੱਗੇ ਇੱਕ ਕਦਮ ਪਿੱਛੇ 5. ਸਭਿਆਚਾਰ ਤੇ ਸਭਿਆਚਾਰ ਇਨਕਲਾਬ ਬਾਰੇ 6. ਦਰਸ਼ਨ ਦੀ ਇਤਿਹਾਸ ਰੇਖਾ 7. ਸਮਾਜਿਕ ਵਿਕਾਸ ਦੀ ਰੂਪ ਰੇਖਾ 8. ਮਲੂਕਾ (ਦੂਜਾ ਭਾਗ) 9. ਪਰਾਇਆ ਧੰਨ 10. ਅਵਾਮੀ ਰਾਜ

ਮਾਣ ਸਨਮਾਨ: ਪੂਰਾ ਆਦਮੀ ਨੂੰ ਪੰਜਾਬ ਸਾਹਿਤ ਸਮੀਖਿਆ ਬੋਰਡ ਵੱਲੋਂ ਵਰ੍ਹੇ ਦੀ ਸਰਵੋਤਮ ਪੰਜਾਬ ਪੁਸਤਕ, ਪੰਜਾਬੀ ਬੋਲੀ ਦੀ ਵਿਰਾਸਤ ਪਿਛਲੇ ਵਰ੍ਹੇ ਵਿੱਚ ਪ੍ਰਕਾਸ਼ਿਤ ਸਰਵੋਤਮ ਪੰਜਾਬੀ ਪੁਸਤਕ ਦੇ ਤੌਰ ’ਤੇ ਯੂ. ਬੀ. ਸੀ. ਵੱਲੋਂ ਸਨਮਾਨ ਕੀਤਾ। ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਨਾਲ 2015 ਵਿੱਚ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਨਮਾਨਿਤ।

ਸਿਰਨਾਵਾਂ: 11142-131A. Surrey, BC, Canada V3T 3S2
ਫ਼ੋਨ ਨੰ: 604 - 582 - 4261
ਈਮੇਲ: (This email address is being protected from spambots. You need JavaScript enabled to view it.)

ਆਪਣੇ ਅਸੂਲਾਂ ਦਾ ਪਹਿਰਦਾਰ ਲੇਖਕ ਡਾ. ਸਾਧੂ ਸਿੰਘ

ਮੁਲਾਕਾਤੀ: ਸਤਨਾਮ ਸਿੰਘ ਢਾਅ

SadhuSinghA3

ਹੋਵੇ ਪੇਸ਼ ਸਵੇਰਾ ਸੂਰਜ ਦਾ ਜਾਇਆ,
ਨੇਰ੍ਹੇ ਦੇ ਦਰਬਾਰ ਵਿਚ ਮੈਨੂੰ ਹਾਕ ਪਈ।
ਇੰਨਾ ਸੱਚ ਨਾ ਬੋਲ ਕਿ ’ਕੱਲਾ ਰਹਿ ਜਾਵੇਂ,
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।”

ਪੰਜਾਬੀ ਦੇ ਸਮਰਥ ਸ਼ਾਇਰ ਸਰਜੀਤ ਪਾਤਰ ਦੀਆਂ ਇਹ ਸਤਰਾਂ ਡਾ. ਸਾਧੂ ਸਿੰਘ ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ। ਸਾਧੂ ਸਿੰਘ ਨੇ ਆਪਣੀ ਆਤਮਾ ਦੀ ਆਵਾਜ਼ ਸੁਣੀ ਤੇ ਉਹਦੇ ’ਤੇ ਪਹਿਰਾ ਦਿੱਤਾ ਉਹੀ ਕੰਮ ਕੀਤਾ ਜੋ ਉਸ ਦੀ ਅੰਤਰ ਅਤਮਾ ਨੇ ਕਰਨ ਨੂੰ ਕਿਹਾਉਂਝ ਡਾ. ਸਾਧੂ ਸਿੰਘ ਪੰਜਾਬੀ ਸਾਹਿਤਕ ਖ਼ੇਤਰ ਵਿੱਚ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਜਲੰਧਰ ਡੀ. ਏ. ਵੀ. ਕਾਲਜ, ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਜਲੰਧਰ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਪੰਜਾਬੀ ਦਾ ਬਹੁਤ ਹੀ ਮਕਬੂਲ ਪ੍ਰੋਫੈਸਰ ਰਹਿ ਚੁੱਕਾ ਹੈ। ਉਸ ਦੇ ਪੜ੍ਹਾਏ ਹੋਏ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਵਿੱਚ ਚੰਗੇ ਕੰਮਾਂ ’ਤੇ ਲੱਗੇ ਹੋਏ ਹਨ। ਉਹ ਅੱਜ ਕੱਲ੍ਹ ਬੀ. ਸੀ. ਵਿੱਚ ਰਹਿ ਰਿਹਾ ਹੈ। ਜਿੱਥੇ ਉਹ ਇੱਕ ਮਹਿਬੂਬ ਅਧਿਆਪਕ ਹੈ, ਉੱਥੇ ਉਹ ਪਿਆਰ ਅਤੇ ਮਿੱਤਰਤਾ ਦਾ ਮੁਜੱਸਮਾ ਵੀ ਹੈ। ਇਹਨਾਂ ਗੁਣਾਂ ਦੇ ਨਾਲ ਨਾਲ ਉਹ ਇੱਕ ਇਹੋ ਜਿਹੀ ਸ਼ਖ਼ਸੀਅਤ ਦਾ ਮਾਲਕ ਹੈ ਕਿ ਭਾਵੇਂ ਆਪਣੇ ਅਸੂਲਾਂ ’ਤੇ ਖੜ੍ਹਨ ਦੀ ਕਿੰਨੀ ਵੀ ਭਾਰੀ ਕੀਮਤ ਚੁਕਾਉਣੀ ਪਈ, ਉਹਨੇ ਖਿੜੇ ਮੱਥੇ ਚੁਕਾਈ। ਸਾਧੂ ਸਿੰਘ ਬੜੇ ਅਲਬੇਲੇ ਸੁਭਾਅ ਦਾ ਮਾਲਕ ਹੈ। ਇਸੇ ਕਰਕੇ ਔਖਿਆਈਆਂ ਨੂੰ ਆਪਣੇ ਰਾਹ ਵਿੱਚ ਆਉਂਦਿਆਂ ਦੇਖ ਕੇ ਉਨ੍ਹਾਂ ਤੋਂ ਪਾਸਾ ਵੱਟ ਕੇ ਨਹੀਂ ਲੰਘਦਾ ਸਗੋਂ ਔਖਿਆਈਆਂ ਨਾਲ ਸਿੱਧੀ ਟੱਕਰ ਲੈਂਦਿਆਂ ਉਸ ਰਸਤੇ ਤੋਂ ਇੱਧਰ ਉਧਰ ਨਾ ਹੋਣਾ ਉਸ ਦਾ ਸਭਾਅ ਹੈ। ਇਸ ਸੁਭਾਅ ਕਰਕੇ ਉਹ ਕਈ ਵਾਰ ਰੋਜ਼ਗਾਰ ਤੋਂ ਬੇ-ਰੋਜ਼ਗਾਰ ਹੋਇਆ। ਇਸੇ ਸੁਭਾਅ ਦੇ ਕਾਰਨ ਉਹ ਘਰੋਂ ਬੇ-ਘਰ ਵੀ ਹੋਇਆ ਪਰ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ। ਇਸੇ ਕਰਕੇ ਉਹ ਸਾਡੇ ਨਾਲੋਂ ਵੱਖਰੀ ਸੋਚ ਦਾ ਮਾਲਕ ਹੈ। ਕਈ ਸੁਆਰਥੀ ਲੋਕ ਕਹਿਣਗੇ ਇਹ ਕੋਈ ਬਹੁਤ ਚੰਗੀ ਹੈ ਗੱਲ? ਹਾਂ ਜੀ, ਇਹ ਇੱਕ ਇਨਸਾਨੀਅਤ ਦੀ ਅਤੇ ਬਹੁਤ ਹੀ ਬਹਾਦਰੀ ਦੀ ਗੱਲ ਹੈ। ਬਹੁਤੇ ਲੋਕ ਤਾਂ ਹਵਾ ਦੇ ਇੱਕ ਬੁੱਲੇ ਨਾਲ ਹੀ ਹਿੱਲ ਜਾਂਦੇ ਹਨ। ਆਪਣੇ ਸੁਆਰਥ ਲਈ ਲੋਕਾਂ ਨਾਲ ਤਾਂ ਕੀ ਖੜ੍ਹਨਾ, ਕਈ ਵਾਰ ਆਪਣੇ ਭੈਣਾਂ ਭਰਾਵਾਂ ਅਤੇ ਹੋਰ ਬਹੁਤ ਹੀ ਨਜ਼ਦੀਕੀ ਰਿਸ਼ਤਰਦਾਰਾਂ ਨੂੰ ਵੀ ਛੱਡ ਜਾਂਦੇ ਹਨ, ਅਤੇ ਆਪਣੇ ਸੁਆਰਥਾਂ ਨੂੰ ਪਹਿਲ ਦਿੰਦੇ ਹਨ। ਪਰ ਡਾ. ਸਾਧੂ ਸਿੰਘ ਅਜਿਹੀ ਮਿੱਟੀ ਦਾ ਬਣਿਆ ਹੋਇਆ ਹੈ ਕਿ ਜ਼ਿੰਦਗੀ ਦੇ ਵਿੱਚ ਆਏ ਅਨੇਕਾਂ ਝੱਖੜਾਂ ਦਾ ਸਾਹਮਣਾ ਕਰਨਾ ਉਹਦੇ ਲਈ ਸਧਾਰਨ ਗੱਲ ਸੀ।

ਉਹਨੂੰ ਪੰਜਾਬੀ ਬੋਲੀ ਨਾਲ ਜਨੂੰਨ ਦੀ ਹੱਦ ਤੱਕ ਇਸ਼ਕ ਹੈ। ਇਸੇ ਕਰਕੇ ਆਖਦਾ ਹੈ ਕਿ ਮੈਂ ਕੰਮ ਉਹੀ ਕਰਦਾ ਹਾਂ, ਜਿਸਦਾ ਮੈਨੂੰ ਸ਼ੌਕ ਹੈ। ਪੰਜਾਬੀ ਪੜ੍ਹਨ ਪੜ੍ਹਾਉਣ ਦੇ ਸ਼ੌਕ ਨੇ ਹੀ ਉਹਨੂੰ ਪੰਜਾਬੀ ਆਨਰਜ਼ ਕਰਨ ਲਈ ਪ੍ਰੇਰਿਆ। ਨਹੀਂ ਤਾਂ ਆਪਾਂ ਆਮ ਕਹਿੰਦੇ ਕਿ ਕੋਈ ਟੈਕਨੀਕਲ ਪੜ੍ਹਾਈ ਕਰਦੇ ਹਾਂ ਤਾਂ ਕਿ ਡਾਕਟਰ, ਵਕੀਲ ਜਾਂ ਇੰਜਨੀਅਰ ਬਣੀਏ। ਪੰਜਾਬੀ ਤਾਂ ਅਸੀਂ ਜਾਣਦੇ ਹੀ ਹਾਂ। ਨਾਲੇ ਪੰਜਾਬੀ ਨਾਲ ਕਿਹੜੀ ਕੋਈ ਨੌਕਰੀ ਮਿਲਦੀ ਹੈ। ਇਸ ਸੋਚ ਨੂੰ ਲੈ ਕੇ ਹੀ ਤਾਂ ਪੰਜਾਬ ਵਿੱਚ ਹਰ ਖੂੰਜੇ ’ਤੇ ਅੰਗਰੇਜ਼ੀ ਸਕੂਲ ਖੁੰਬਾਂ ਵਾਂਗ ਉੱਗੇ ਪਏ ਹਨ, ਜਿਹੜੇ ਨਾ ਤਾਂ ਪੰਜਾਬੀ ਅਤੇ ਨਾ ਹੀ ਅੰਗਰੇਜ਼ੀ ਸਿਖਾ ਸਕਦੇ ਹਨ। ਡਾ. ਸਾਧੂ ਸਿੰਘ ਇੱਕ ਅਜਿਹਾ ਵਿਅਕਤੀ ਹੈ, ਜਿਸ ਨੇ ਪੰਜਾਬੀ ਨੂੰ ਇੱਕ ਕਿੱਤੇ ਦੇ ਤੌਰ ’ਤੇ ਹੀ ਨਹੀਂ ਸਗੋਂ ਇੱਕ ਸ਼ੌਕ ਦੇ ਤੌਰ ’ਤੇ ਵੀ ਪੜ੍ਹਿਆ ਅਤੇ ਪੜ੍ਹਾਇਆ। ਨਾਲ ਦੀ ਨਾਲ ਕਈ ਵਿਧਾਵਾਂ ਵਿੱਚ ਲਿਖ ਕੇ ਪੰਜਾਬੀ ਸਾਹਿਤਕ ਖ਼ਜ਼ਾਨੇ ਨੂੰ ਹੋਰ ਅਮੀਰ ਕੀਤਾ। ਬਹੁਤ ਸਾਰੇ ਸਾਹਿਤਕਾਰ ਕਿਸੇ ਇੱਕ ਵਿਧੀ ਨਾਲ ਹੀ ਸਾਹਿਤਕ ਸਿਰਜਣਾ ਕਰਦੇ ਹਨ। ਜਿਸ ਤਰ੍ਹਾਂ ਕੋਈ ਕਵਿਤਾ ਹੀ ਲਿਖਦਾ, ਕੋਈ ਕਹਾਣੀ ਹੀ ਤੇ ਕੋਈ ਨਾਵਲ ਪਰ ਸਾਧੂ ਸਿੰਘ ਨੇ ਹਰ ਵਿਸ਼ੇ ਲਈ ਢੁੱਕਦੀ ਵਿਧੀ ਅਪਨਾਈ ਹੈ। ਦੂਰੋਂ ਦੇਖਣ ਨੂੰ ਤਾਂ ਉਹ ਬਹੁਤ ਚੁੱਪ ਚਾਪ ਤੇ ਬਹੁਤ ਹੀ ਗੰਭੀਰ ਸੁਭਾਅ ਦਾ ਵਿਅਕਤੀ ਜਾਪਦਾ ਪਰ ਜਦੋਂ ਤੁਸੀਂ ਮਿਲਦੇ ਹੋ ਤਾਂ ਇਸ ਤਰ੍ਹਾਂ ਮਿਲਦਾ ਹੈ ਕਿ ਜਿਸ ਤਰ੍ਹਾਂ ਉਹ ਪਹਿਲਾਂ ਤੋਂ ਹੀ ਤੁਹਾਨੂੰ ਜਾਣਦਾ ਹੋਵੇ। ਉਸ ਕੋਲ਼ ਗਿਆਨ ਦਾ ਅਥਾਹ ਭੰਡਾਰ ਹੈ। ਗੱਲਬਾਤ ਕਰਦਾ ਕਦੇ ਬੋਰ ਨਹੀਂ ਹੋਣ ਦਿੰਦਾ ਭਾਵੇਂ ਕਿਸੇ ਵਿਸ਼ੇ ’ਤੇ ਗੱਲ ਕਰੀ ਜਾਵੋ। ਪਿਛਲੇ ਦਿਨੀਂ ਉਨ੍ਹਾਂ ਨੂੰ ਨੇੜਿਓ ਹੋ ਕੇ ਮਿਲਣ ਦਾ ਮੌਕਾ ਮਿਲਿਆ ਤੇ ਖੁੱਲ੍ਹੀ ਗੱਲਬਾਤ ਹੋਈ, ਜਿਸ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ।

ਸਾਧੂ ਸਿੰਘ ਜੀ, ਆਪਣੇ ਬਾਰੇ ਮੁੱਢਲੀ ਜਾਣਕਾਰੀ ਦਿਉ, ਪਰਿਵਾਰ ਬਾਰੇ, ਬਚਪਨ ਦੇ ਦਿਨਾਂ ਬਾਰੇ …?

: ਮੇਰਾ ਜਨਮ 1939 ਦਾ, ਮੇਰਾ ਪਿੰਡ ਤੁਹਾਡੇ ਪਿੰਡ ਤੋਂ ਥੋੜ੍ਹੀ ਦੂਰ ਪਿੰਡ ਢੰਡਵਾੜ ਹੈ। ਇਹ ਪਿੰਡ ਆਪਾਂ ਫ਼ਗਵਾੜੇ ਦੇ ਨੇੜੇ ਕਹਿ ਸਕਦੇ ਹਾਂ। ਮੈਂ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡੋਂ ਹੀ ਲਈ। ਹਾਈ ਸਕੂਲ ਲਾਗਲੇ ਪਿੰਡ ਸਰਹਾਲ਼ ਕਾਜੀਆਂ ਤੋਂ ਕਰਕੇ ਕਾਲਜ ਦੀ ਵਿੱਦਿਆ ਬੀ. ਏ. ਆਨਰਜ਼ ਪੰਜਾਬੀ ਰਾਮਗੜ੍ਹੀਆ ਕਾਲਜ ਫ਼ਗਵਾੜਾ ਤੋਂ ਕੀਤੀ। ਐੱਮ. ਏ. ਗੋਰਮਿੰਟ ਕਾਲਜ ਲੁਧਿਆਣਾ ਤੋਂ ਪੀਐੱਚ. ਡੀ. ਪੰਜਾਬ ਯੂਨੀਵਰਸਿਟੀ ਚਡੀਗੜ੍ਹ ਤੋਂ। ਵਿੱਦਿਆ ਪ੍ਰਾਪਤੀ ਦੀ ਪ੍ਰੰਪਰਾ ਸਾਡੇ ਪਿੰਡ ਪੁਰਾਣੇ ਵੇਲਿਆਂ ਤੋਂ ਹੀ ਹੈ। ਇੱਥੋਂ ਤੱਕ ਕਿ ਆਜ਼ਾਦੀ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਇੱਕ ਨੌਜਵਾਨ ਸੰਤਾ ਸਿੰਘ ਵਿੱਦਿਆ ਪ੍ਰਾਪਤੀ ਲਈ ਬਾਹਰ ਗਏ ਸਨ। ਪਰ ਛੋਟੀ ਉਮਰ ਵਿੱਚ ਹੀ ਗੁਜ਼ਰ ਗਏ ਸਨ। ਦੂਜੇ ਵਿਆਕਤੀ ਬਿਕ੍ਰਮਜੀਤ ਸਿੰਘ, ਜਿਨ੍ਹਾਂ ਨੇ ਜੌਗਰਫ਼ੀ ਦੀ ਮਾਸਟਰ ਕੀਤੀ। ਇੱਕ ਵਾਰ ਉਹ ਸ੍ਰ. ਸੰਤਾ ਸਿੰਘ ਦੀ ਸਮਾਧ ਉੱਤੇ ਦੀਵਾ ਜਗਾਉਣ ਗਏ ਤਾਂ ਮੈਨੂੰ ਵੀ ਨਾਲ ਲੈ ਗਏ। ਮੈਨੂੰ ਉਸ ਦੀਵੇ ਦੀ ਜੋਤ ਉਸੇ ਤਰ੍ਹਾਂ ਜਗਦੀ ਦਿਸਦੀ ਹੈ ਤੇ ਇਸ ਲੋਅ ਦੇ ਪਿੱਛੇ ਪਿੱਛੇ ਮੈਂ ਵੀ ਤੁਰਿਆ ਗਿਆ।

? ਤੁਸੀਂ ਵਿੱਦਿਆ ਪ੍ਰਾਪਤੀ ਤੋਂ ਬਾਅਦ ਫੇਰ ਕੰਮ ਕਾਰ, ਕਿੱਥੇ ਕਿੱਥੇ, ਕੀ ਕੀ ਕੀਤੇ?

: ਉਸ ਵੇਲੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੰਜਾਬੀ ਪੜ੍ਹਾਉਣ ਦਾ ਕੰਮ ਮਿਲ ਜਾਂਦਾ ਸੀ। ਮੈਨੂੰ ਡੀ. ਏ. ਵੀ. ਕਾਲਜ ਵਾਲਿਆਂ ਨੇ ਦੋ ਇਨਕਰੀਮਿੰਟਾਂ ਦੇ ਕੇ ਪੰਜਾਬੀ ਪੜ੍ਹਾਉਣ ਲਈ ਪ੍ਰੋਫੈਸਰ ਰੱਖ ਲਿਆ ਸੀ। ਪਰ ਮੇਰੀ ਇਹ ਆਦਤ ਬਣ ਚੁੱਕੀ ਸੀ ਕਿ ਮੈਂ ਕਦੇ ਹਾਲਾਤਾਂ ਨਾਲ ਸਮਝੌਤਾ ਨਹੀਂ ਕਰਦਾ। ਉੱਥੇ ਪੜ੍ਹਾਉਂਦਿਆਂ ਟੀਚਰ ਯੂਨੀਅਨ ਬਣਨ ਬਣਾਉਣ ਦੀ ਗੱਲ ਚੱਲੀ ਤਾਂ ਮੈਂ ਇਸ ਵਿੱਚ ਸਰਗਰਮੀ ਨਾਲ ਕੰਮ ਕੀਤਾ। ਪਰ ਕਾਲਜ ਦੀ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਬੀ. ਐੱਸ. ਬਹਿਲ ਨਹੀਂ ਸੀ ਚਾਹੁੰਦੇ ਕਿ ਯੂਨੀਅਨ ਬਣੇ। ਇਸ ਗੱਲ ਤੋਂ ਮੇਰੇ ਉਨ੍ਹਾਂ ਨਾਲ ਮੱਤਭੇਦ ਹੋ ਗਏ। ਮੈਂ ਕਹਾਂਗਾ ਕਿ ਜਿੰਨੀ ਸ਼ਾਨ ਨਾਲ ਉਨ੍ਹਾਂ ਨੇ ਮੈਨੂੰ ਰੱਖਿਆ ਸੀ, ਓਨੀ ਹੀ ਸ਼ਾਨ ਨਾਲ ਮੈਨੂੰ ਕੱਢਿਆ। ਉੱਨੀ ਸੌ ਸਤਾਹਟ ਅਠਾਹਟ ਵਿੱਚ ਮੈਨੂੰ ਉੱਥੋਂ ਸੇਵਾ-ਮੁਕਤ ਕਰ ਦਿੱਤਾ। ਪਰ ਮੈਂ ਆਪਣਾ ਕਦਮ ਜਿਹੜਾ ਟੀਚਰ ਯੂਨੀਆਨ ਦੇ ਹੱਕ ਵਿੱਚ ਵਧਾਇਆ ਸੀ ਉਹ ਪਿੱਛੇ ਨਹੀਂ ਚੁੱਕਿਆ। ਸਾਲ ਕੁ ਮੈਂ ਕੰਮ ਨਹੀਂ ਕੀਤਾ। ਫੇਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਈਵਨਿੰਗ ਕਾਲਜ ਜਲੰਧਰ ਵਿੱਚ ਕੰਮ ਮਿਲ ਗਿਆ।

ਸਬੱਬ ਦੀ ਗੱਲ ਦੇਖੋ, ਉਨ੍ਹਾਂ ਦਿਨਾਂ ਵਿੱਚ ਮੇਰਾ ਇੱਕ ਵਿਦਿਆਰਥੀ ਹੁੰਦਾ ਸੀ, ਨਵਜੀਤ ਖ਼ਹਿਰਾ, ਉਸ ਨੇ ਆਪਣੀ ਕਵਿਤਾ ਦੀ ਇੱਕ ਕਿਤਾਬ ਛਪਾਈ ਸੀ, ਜਿਸ ਦਾ ਨਾਂਉ ਸੀ ‘ਪ੍ਰੀਵਰਤਨ’ ਉਸ ਨੇ ਉਹ ਕਿਤਾਬ ਰੀਲੀਜ਼ ਕਰਨੀ ਸੀ। ਲੋਹੜੀ ਦਾ ਦਿਨ ਸੀ। ਉਸ ਨੇ ਆਪਣੇ ਘਰ ਦੇ ਵਿਹੜੇ ਵਿੱਚ ਧੂਣੀ ਬਾਲ਼ ਲਈ। ਜਿਹੜੇ ਲੋਕ ਉੱਥੇ ਧੂਣੀ ਦੇ ਦੁਆਲੇ ਬੈਠੇ ਸਨ, ਉਨ੍ਹਾਂ ਵਿੱਚ ਪ੍ਰਸਿੱਧ ਕਵੀ ਪ੍ਰੋ ਮੋਹਣ ਸਿੰਘ ਵੀ ਸਨ। ਮੈਨੂੰ ਉਨ੍ਹਾਂ ਨੇ ਇਹ ਸਾਰਾ ਸਮਾਗਮ ਭੁਗਤਾਉਣ ਲਈ ਕਹਿ ਦਿੱਤਾ। ਹੁਣ ਤੁਹਾਨੂੰ ਪਤਾ ਹੈ ਕਿ ਪ੍ਰੋ. ਮੋਹਣ ਸਿੰਘ ਵਰਗੀ ਪ੍ਰੇਰਨਾਦਾਇਕ ਸ਼ਖ਼ਸੀਅਤ ਮੌਜੂਦ ਹੋਵੇ ਤੇ ਘਰ ਦੀ ਦਾਰੂ ਦੀ ਘੁੱਟ ਪੀਤੀ ਹੋਵੇ ਤਾਂ ਜ਼ਬਾਨ ਵਿੱਚ ਰਵਾਨਗੀ ਜ਼ਰਾ ਵਧੇਰੇ ਹੀ ਆ ਜਾਂਦੀ ਹੈ। ਮੈਨੂੰ ਪ੍ਰੋ. ਹੋਰੀਂ ਕਹਿੰਦੇ ਕਿ ਬਈ ਤੂੰ ਤਾਂ ਪੰਜਾਬੀ ਬੜੀ ਵਧੀਆ ਬੋਲਦਾਂ, “ਮੈਂ ਕਿਹਾ, ਜੀ ਮੈਨੂੰ ਬੋਲਣੀ ਹੀ ਪੰਜਾਬੀ ਆਉਂਦੀ ਹੈ” ਫੇਰ ਕਹਿੰਦੇ ਕਿ ਕਰਦਾ ਕੀ ਹੁੰਦਾਂ? ਸਹਿਜ ਸੁਭਾਅ ਮੈਂ ਫੇਰ ਕਿਹਾ ਕਿ ਜੀ ਅੱਜ ਸ਼ਾਮ ਤੱਕ ਤਾਂ ਮੈਂ ਲੈਕਚਰਾਰ ਹਾਂ ਪਰ ਸਵੇਰ ਨੂੰ ਮੈਂ ਕੁਝ ਵੀ ਨਹੀਂ, ਕਿਉਂਕਿ ਮੇਰਾ ਉਨ੍ਹਾਂ ਨਾਲ ਉਸ ਦਿਨ ਤੱਕ ਦਾ ਹੀ ਕਾਨਟ੍ਰੈਕਟ ਸੀ। ਉਹ ਕਹਿਣ ਲੱਗੇ ਕਿ ਤੂੰ ਸਾਡੇ ਕੋਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਆ ਜਾਇਸ ਤਰ੍ਹਾਂ ਉਹ ਮੈਨੂੰ ਲਧਿਆਣੇ ਲੈ ਗਏ ਤੇ ਮੈਨੂੰ ਉੱਥੇ ਉਨ੍ਹਾਂ ਨੇ ਰਿਸਰਚ ਆਸਿਸਟੈਂਟ ਰੱਖ ਲਿਆ। ਥੋੜ੍ਹੇ ਸਮੇਂ ਦੀ ਵਿੱਥ ਨਾਲ ਜਨਾਬ ਸਰਜੀਤ ਪਾਤਰ ਨੂੰ ਵੀ ਉੱਥੇ ਰੱਖ ਲਿਆ ਗਿਆ। ਬਸ ਜੀ ਫੇਰ ਇਸੇ ਤਰ੍ਹਾਂ ਗੱਡੀ ਰੁੜ੍ਹਦੀ ਗਈ।

? ਤੁਸੀਂ ਬੀ. ਏ. ਆਨਰਜ਼ ਪੰਜਾਬੀ ਵਿੱਚ ਕੀਤੀ। ਕੀ ਪੰਜਾਬੀ ਆਨਰਜ਼ ਕਰਨ ਦਾ ਕੋਈ ਖ਼ਾਸ ਮਕਸਦ ਸੀ?ਕਿਉਂਕਿ ਆਮ ਤੌਰ ’ਤੇ ਲੋਕ ਸੋਚਦੇ ਹਨ ਕਿ ਕੋਈ ਟੈਕਨੀਕਲ ਐਜੂਕੇਸ਼ਨ ਲਈ ਜਾਵੇ ਜਿਸ ਨਾਲ ਵੱਧ ਤੋਂ ਵੱਧ ਪੈਸੇ ਕਮਾਏ ਜਾ ਸਕਣ ਅਤੇ ਕੰਮ ਲੱਭਣ ਵਿੱਚ ਕੋਈ ਔਖ ਨਾ ਆਵੇ। ਪਰ ਤੁਸੀਂ ਆਨਰਜ਼ ਪੰਜਾਬੀ ਵਿੱਚ …?

: ਮੈਂ ਰਾਮਗੜ੍ਹੀਆ ਕਾਲਜ ਤੋਂ ਬੀਏ ਆਨਰਜ਼ ਪੰਜਾਬੀ ਨਾਲ ਕੀਤੀ, ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਤੁਸੀਂ ਹੁਣ ਰਾਜ਼ ਦੀ ਗੱਲ ਪੁੱਛੀ ਹੈ, ਜੇਕਰ ਤੁਹਾਨੂੰ ਇਸ ਵਿੱਚ ਦਿਲਚਸਪੀ ਹੈ ਤਾਂ ਮੈਨੂੰ ਵੀ ਦੱਸਣ ਵਿੱਚ ਖੁਸ਼ੀ ਹੋਵੇਗੀ। ਦੇਖੋ, ਇਹਦੇ ਪਿੱਛੇ ਦੋ ਗੱਲਾਂ ਸਨ, ਇੱਕ ਤਾਂ ਇਹ ਕਿ ਜਦੋਂ ਮੈਂ ਸਰਹਾਲ਼ ਕਾਜ਼ੀਆਂ ਵਿਖੇ ਪੜ੍ਹਦਾ ਸੀ, ਉੱਥੇ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਗਿਆਨੀ ਕ੍ਰਿਪਾਲ ਸਿੰਘ ਜੀ ਸਨ, ਜਿਨ੍ਹਾਂ ਦਾ ਪੰਜਾਬੀ ਪੜ੍ਹਾਉਣ ਦਾ ਤਰੀਕਾ ਹੀ ਇੰਨਾ ਦਿਲਚਸਪ ਸੀ ਕਿ ਮੈਨੂੰ ਪੰਜਾਬੀ ਪੜ੍ਹਨ ਵਿੱਚ ਸਭ ਮਜਬੂਨਾਂ ਨਾਲੋਂ ਜ਼ਿਆਦਾ ਆਨੰਦ ਆਉਂਦਾ ਸੀ। ਦੂਜੀ ਗੱਲ ਇਹ ਕਿ ਜਦੋਂ ਮੈਂ ਰਾਮਗੜ੍ਹੀਆ ਕਾਲਜ ਫ਼ਗਵਾੜੇ ਪੜ੍ਹਨ ਗਿਆ ਤਾਂ ਪ੍ਰੋ. ਗੁਰਨਾਮ ਸਿੰਘ ਪਿੰਡ ਖ਼ਾਨਖ਼ਾਨਾਂ ਤੋਂ, ਉਨ੍ਹਾਂ ਨੂੰ ਵੀ ਪੰਜਾਬੀ ਲਿਟਰੇਚਰ ਵਿੱਚ ਖ਼ਾਸ ਦਿਲਚਸਪੀ ਸੀ, ਉਨ੍ਹਾਂ ਤੋਂ ਵੀ ਪ੍ਰੇਰਨਾ ਮਿਲੀ। ਪਹਿਲਾਂ ਬੀ. ਏ. ਵਿੱਚ ਮੈਂ ਪੋਲੀਟੀਕਲ ਸਾਇੰਸ ਤੇ ਇਕਨੌਮਿਕਸ ਦੇ ਵਿਸ਼ੇ ਲਏ। ਪਰ ਜਿਸ ਕੁੜੀ ਨਾਲ ਮੈਨੂੰ ਕਲਪਿਤ ਪਿਆਰ ਸੀ, ਉਹਨੇ ਪੰਜਾਬੀ ਆਨਰਜ਼ ਰੱਖੀ ਹੋਈ ਸੀ। ਮੈਂ ਵੀ ਇਕਨੌਮਿਕਸ ਛੱਡ ਕੇ ਪੰਜਾਬੀ ਆਨਰਜ਼ ਰੱਖ ਲਈ। ਬੀ. ਏ. ਆਨਰਜ਼ ਦੀ ਇੱਕ ਗੱਲ ਤੁਹਾਨੂੰ ਹੋਰ ਦੱਸਦਾਂ ਕਿ ਆਨਰਜ਼ ਵਿਸ਼ਾ ਪਾਸ ਕਰਨਾ ਬਹੁਤ ਮੁਸ਼ਕਲ ਸੀ। ਬਹੁਤ ਸਾਰੇ ਵਿਦਿਆਰਥੀ ਪਹਿਲਾਂ ਆਨਰਜ਼ ਵਿਸ਼ੇ ਲੈ ਲੈਂਦੇ ਸਨ ਪਰ ਫੇਰ ਵਿੱਚੋਂ ਹੀ ਛੱਡ ਦਿੰਦੇ ਸਨ, ਕਿਉਂਕਿ ਸ਼ਰਤਾਂ ਬਹੁਤ ਔਖੀਆਂ ਸਨ। ਜਿਸ ਤਰ੍ਹਾਂ ਕਿ ਬੀ. ਏ. ਵਿੱਚੋਂ 45% ਨੰਬਰ ਲਉ, ਸਾਰੇ ਵਿਸ਼ਿਆਂ ਵਿੱਚੋਂ ਪਾਸ ਹੋਵੋ ਅਤੇ ਆਨਰਜ਼ ਵਿੱਚੋਂ 50% ਨੰਬਰ ਲਉਂ ਤਾਂ ਬੀ. ਏ. ਆਨਰਜ਼ ਪੂਰੀ ਹੁੰਦੀ ਸੀ। ਇਸ ਕਰਕੇ ਕਿਤੇ ਨਾ ਕਿਤੇ ਕੋਈ ਕਸਰ ਰਹਿ ਜਾਣੀ ਤਾਂ ਫੇਰ ਉਹ ਗੱਲ ਨਾ ਬਣਦੀ। ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੈਂ ਆਪਣੇ ਕਾਲਜ ਦਾ ਪਹਿਲਾ ਵਿਦਿਆਰਥੀ ਸੀ, ਜਿਸ ਨੇ ਬੀ. ਏ. ਆਨਰਜ਼ ਪੰਜਾਬੀ ਪਾਸ ਕੀਤੀ ਸੀ ਤੇ ਸਾਰੇ ਪੰਜਾਬ ਵਿੱਚੋਂ ਦੂਜੇ ਨੰਬਰ ’ਤੇ ਰਿਹਾ ਸੀ। ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਖ਼ਾਸ ਮਕਸਦ ਦੀ, ਮੈਨੂੰ ਬੀ. ਏ. ਆਨਰਜ਼ ਕਰਕੇ ਇੱਕ ਤਰ੍ਹਾਂ ਦੀ ਖ਼ਾਸ ਪ੍ਰਾਪਤੀ ਲੱਗਦੀ ਸੀ ਮੈਨੂੰ ਵਜ਼ੀਫ਼ਾ ਮਿਲਦਾ ਸੀ ਜੇਕਰ ਮੈਂ ਪੰਜਾਬੀ ਦੀ ਐੱਮ. ਏ. ਕਰਦਾ ਸੀ ਤਾਂ ਕੋਈ ਖ਼ਾਸ ਤਰੱਦਦ ਨਹੀਂ ਸੀ ਕਰਨਾ ਪੈਣਾ। ਇਸ ਤੋਂ ਬਾਅਦ ਮੈਂ ਗੌਰਮਿੰਟ ਕਾਲਿਜ ਲੁਧਿਆਣਾ ਐੱਮ. ਏ. ਪੰਜਾਬੀ ਕੀਤੀ। ਇੱਕ ਗੱਲ ਇਹ ਵੀ ਸੱਚ ਹੈ ਕਿ ਜੇਕਰ ਸਾਹਿਤ ਵਿੱਚੋਂ ਤੁਹਾਨੂੰ ਰਸ ਆਉਣ ਲੱਗ ਪੈਂਦਾ ਹੈ, ਫੇਰ ਇਹ ਸ਼ੌਕ ਦਾ ਸ਼ੌਕ ਤੇ ਕੰਮ ਦਾ ਕੰਮ ਹੋ ਨਿਬੱੜਦਾ ਹੈ। ਇਸੇ ਕਰਕੇ ਮੈਨੂੰ ਸਾਰੀ ਉਮਰ ਪੰਜਾਬੀ ਪੜ੍ਹਾਉਣਾ ਕਦੇ ਬੋਝ ਨਹੀਂ ਲੱਗਾ। ਤੇ ਕੰਮ ਲਈ ਵੀ ਕਦੇ ਕੋਈ ਦਿੱਕਤ ਨਹੀਂ ਆਈ ਸਗੋਂ, ਬਹੁਤੀ ਵਾਰੀ ਸੰਸਥਾਵਾਂ ਵਾਲੇ ਆਪ ਕਹਿ ਕੇ ਤੇ ਸੁਝਾਉ ਦੇ ਕੇ ਲੈ ਜਾਣ ਵਾਲੇ ਹੁੰਦੇ ਸਨ।

? ਡਾ. ਸਾਹਿਬ ਲਿਖਣ ਖੇਤਰ ਵੱਲ ਕਿਵੇਂ ਆਏ, ਪਹਿਲ ਕਵਿਤਾ, ਕਹਾਣੀ, ਨਾਟਕ ਜਾਂ ਨਾਵਲ ਤੋਂ ਕੀਤੀ? ਸਭ ਤੋਂ ਪਹਿਲਾਂ ਕੀ ਛਪਿਆ?

: ਲਿਖਣ ਦਰਅਸਲ ਮੈਂ ਪੰਜਾਬੀ ਆਨਰਜ਼ ਕਰਨ ਸਮੇਂ ਹੀ ਲੱਗ ਪਿਆ ਸੀ। ਕਵਿਤਾ, ਕਹਾਣੀ, ਲੇਖ ਤੇ ਆਲੋਚਨਾ ਸਭ ਕੁਝ ’ਤੇ ਹੀ ਥੋੜ੍ਹਾ ਬਹੁਤ ਕੰਮ ਕੀਤਾ। ਤੁਹਾਨੂੰ ਪਤਾ ਹੈ ਕਿ ਕਾਲਜ ਦੇ ਦਿਨਾਂ ਵਿੱਚ ਹਰ ਮੁੰਡਾ ਕੁੜੀ ਸ਼ਾਇਰ ਹੁੰਦਾ ਹੈ। ਇਸੇ ਤਰ੍ਹਾਂ ਪਹਿਲਾਂ ਮੈਂ ਵੀ ਪਿਆਰ ਦੇ ਰੰਗ ਵਾਲੀ ਕਵਿਤਾ ਲਿਖੀ ਜਿਹੜੀ ਅਜੇ ਵੀ ਯਾਦ ਹੈ:

ਮੈਂ ਬੰਬੀਹਾ ਪਿਆਸਾ ਰਹਿ ਸਕਦਾ ਹਾਂ ਕਦ ਤਕ ਵੀ
ਜੇ ਪੀਣੀ ਐ ਉੱਚੇ ਅੰਬਰਾਂ ਦੀ ਧਾਰਾ
ਸੁਆਂਤੀ ਬੂੰਦ ਤੇਰੇ ਆਪਣੇ ਸਰੋਵਰ ’ਚੋਂ ਪੀਣੀ ਹੈ
ਮੰਗ ਕੇ ਪੀਣੀ ਮੇਰੇ ਅਸੂਲਾਂ ਨੇ ਇਜ਼ਾਜਤ ਨਹੀਂ ਦੇਣੀ
ਜੇ ਸਿੱਕ ਦਾ ਅਹਿਸਾਸ ਹੋ ਗਿਆ ਤਾਂ ਆਪੂ ਪਿਆ ਛੱਡੀਂ
ਨਹੀਂ ਤਾਂ ਕਿਸੇ ਸਾਬਰ ਆਸ ਦੇ ਨਸ਼ੇ ਵਿਚ
ਜ਼ਿੰਦਗੀ ਬਿਨ ਪੀਤਿਆ ਹੀ ਜੀਣੀ ਹੈ

ਸੋ ਇਹ ਸਾਰੀਆਂ ਗੱਲਾਂ ਐਵੇਂ ਜਵਾਨੀ ਦੇ ਨਸ਼ੇ ਅਤੇ ਭਾਵਨਾਵਾਂ ਜਿਹੀਆਂ ਹੀ ਹੁੰਦੀਆਂ ਹਨ। ਬਹੁਤੀ ਵਾਰ ਇਹ ਕੰਮ ਤੁਹਾਡੀਆਂ ਸੋਚਾਂ ਅਤੇ ਭਾਵਨਾਵਾਂ ਦੇ ਅਨੁਸਾਰ ਨਹੀਂ ਹੁੰਦੇ। ਉਨ੍ਹਾਂ ਵੇਲਿਆਂ ਵਿੱਚ ਆਪਣਾ ਇੱਕ ਪਰਵਾਸੀ ਵੀਰ ਸੰਤੋਖ ਸਿੰਘ ਧਾਲ਼ੀਵਾਲ ਇੰਗਲੈਂਡ ਤੋਂ ਇੱਕ ਪੇਪਰ ਕੱਢਿਆ ਕਰਦਾ ਸੀ ‘ਪ੍ਰਵਾਸੀ’ ਉਸਦੇ ਸੰਪਾਦਕ ਦਾ ਕੰਮ ਮੇਰੇ ਭੂਆ ਜੀ ਦਾ ਲੜਕਾ ਗੁਰਮੀਤ ਸਿੰਘ ਚੰਨ ਕਰਿਆ ਕਰਦਾ ਸੀ। ਬੀ. ਏ. ਆਨਰਜ਼ ਤੋਂ ਬਾਅਦ ਉਹਨੇ ਮੈਨੂੰ ਵੀ ਸਹਾਇਕ ਦੇ ਤੌਰ ’ਤੇ ਆਪਣੇ ਨਾਲ ਜੋੜ ਲਿਆ ਸੀ। ਸਭ ਤੋਂ ਪਹਿਲਾਂ ਛਪਣ ਵਾਲੀ ਕ੍ਰਿਤ ਸੀ ਮੁਣਸ਼ਾ ਸਿੰਘ ਦੁਖੀ ਦੀ “ਜੀਵਨ ਸੱਧਰਾਂ” ਕਹਾਣੀਆਂ ਦੀ ਕਿਤਾਬ ਉੱਤੇ ਮੈਂ ਇੱਕ ਆਲੋਚਨਾਤਮਿਕ ਲੇਖ ਲਿਖਿਆ ਸੀ। ਇੱਕ ਲੇਖ ‘ਜੀਵਨ’ ਨਾਂਅ ਦੇ ਮੈਗਜ਼ੀਨ ਵਿੱਚ ਛਪਿਆ ਸੀ। ਮੇਰੇ ਇਰਦ ਗਿਰਦ ਲਿਖਣ ਪੜ੍ਹਨ ਵਾਲੇ ਲੋਕ ਸਨ, ਜਿਨ੍ਹਾਂ ਤੋਂ ਪ੍ਰੇਰਨਾ ਮਿਲ਼ੀ।

? ਤੁਸੀਂ ਹੋਰ ਅੱਜ ਤੱਕ ਕੀ ਕੁਝ ਲਿਖਿਆ? ਕਿਹੜੀ ਵਿਧਾ ਵਿੱਚ ਜ਼ਿਆਦਾ ਕੰਮ ਕੀਤਾ?

: ਸਤਨਾਮ ਜੀ, ਮੈਂ ਬਹੁਤ ਜ਼ਿਆਦਾ ਨਹੀਂ ਲਿਖਿਆ, ਬਸ ਥੋੜ੍ਹਾ ਬਹੁਤ ਸਾਰੀਆਂ ਵਿਧਾਵਾਂ ਵਿੱਚ ਕੰਮ ਕੀਤਾ ਹੈ। ਮੈਂ ਇੱਕ ਨਾਟਕ ‘ਹਾਏ ਨੀਂ ਧੀਏ ਮੋਰਨੀਏ’ ਬਹੁਤ ਦੇਰ ਪਹਿਲਾਂ ਲਿਖਿਆ ਸੀ। ਉਂਝ ਮੇਰੀਆਂ ਦੋ ਕਹਾਣੀਆਂ ਦੀਆਂ ਕਿਤਾਬਾਂ ਇੱਕ ‘ਪੂਰਾ ਆਦਮੀ’ ਦੂਜੀ ‘ਵਿਸਫ਼ੋਟ’, ਜਿਨ੍ਹਾਂ ਦੇ ਪਹਿਲੇ ਸੰਸਕਰਨ ਬਹੁਤੇ ਲੋਕਾਂ ਤੱਕ ਨਹੀਂ ਪਹੁੰਚੇ, ਹੁਣ ਇਨ੍ਹਾਂ ਦਾ ਦੂਜਾ ਐਡੀਸ਼ਨ ਛਾਪਿਆ ਜਾ ਰਿਹਾ ਹੈਹੋਰ ਮੈਂ ਅਜੀਤ ਕੌਰ ਦੀਆਂ ਕਹਾਣੀਆਂ ਦੀ ਕਿਤਾਬ, ਗੁਰਦਿਆਲ ਸਿੰਘ ਦੇ ਨਾਵਲ ਮੜ੍ਹੀ ਦਾ ਦੀਵਾ, ਪ੍ਰੋ. ਪੂਰਨ ਸਿੰਘ ਦੇ ਕਾਵਿ ਸਿਧਾਂਤ ’ਤੇ ਆਲੋਚਨਾ ਦਾ ਕੰਮ ਕੀਤਾ। ਕੁਝ ਕੰਮ ਰੂਸੀ ਤੋਂ ਅੰਗਰੇਜ਼ੀ ਅਨੁਵਾਦ ਦਾ ਕੀਤਾ। ਪਿੱਛੇ ਜਿਹੇ ਸੋਹਣ ਸਿੰਘ ਜੋਸ਼ ਦੀ ਲਿਖੀ ਕਿਤਾਬ “ਗ਼ਦਰ ਪਾਰਟੀ ਦਾ ਸੰਖੇਪ ਇਤਿਹਾਸ” ਦਾ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਵਰਿੰਦਰ ਕੁਮਾਰ ਭੱਟਾਚਾਰੀਆ ਦਾ ਇੱਕ ਨਾਵਲ ਮੈਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ। ਸਾਧੂ ਸਿੰਘ ਧਾਮੀ ਹੋਰਾਂ ਦਾ ਅੰਗਰੇਜ਼ੀ ਵਿੱਚ ਲਿਖਿਆ ਨਾਵਲ “ਮਲੂਕਾ”, ਜਿਸ ਦਾ ਪਹਿਲਾ ਹਿੱਸਾ ਮੇਰੇ ਦੋਸਤਾਂ ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਹੋਰਾਂ ਨੇ ਛਾਪਿਆ ਤੇ ਦੂਜਾ ਹਿੱਸਾ ਮੈਂ ਅਨੁਵਾਦ ਕਰਕੇ ਫੇਰ ਦੋਹਾਂ ਨੂੰ ਇੱਕ ਐਡੀਸ਼ਨ ਵਿੱਚ ਛਾਪਿਆ। ਡਾ. ਸਾਧੂ ਸਿੰਘ ਜੀ ਧਾਮੀ ਨੇ ਇੱਕ ਨਾਵਲ “ਅਦਰਜ਼ ਪ੍ਰੌਪਰਟੀ” ਲਿਖਿਆ ਸੀ, ਉਸ ਵੇਲੇ ਉਨ੍ਹਾਂ ਨੇ ਮੇਰੇ ਕੋਲੋਂ ਇਸ ਨਾਵਲ ਬਾਰੇ ਮੇਰੀ ਰਾਏ ਪੁੱਛੀ ਤਾਂ ਮੈਂ ਕਿਹਾ ਕਿ ਇਹ ਮਲੂਕਾ ਵਰਗਾ ਨਹੀਂ, ਨਾਲ ਹੀ ਕਹਿ ਬੈਠਾ ਕਿ ਇਹਦਾ ਅਨੁਵਾਦ ਥੋੜ੍ਹਾ ਠਹਿਰ ਕੇ ਕਰਾਂਗੇ। ਡਾ. ਸਾਧੂ ਸਿੰਘ ਧਾਮੀ ਆਪਣੇ ਜੀਉਂਦੇ-ਜੀ ਉਹ ਨਾਵਲ ਮੈਨੂੰ ਦੇ ਗਏ ਸਨ। ਪਰ ਬਦਕਿਸਮਤੀ ਨਾਲ ਥੋੜ੍ਹੀ ਦੇਰ ਬਾਅਦ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਨਾਵਲ ਅਨੁਵਾਦ ਕਰਨ ਦੀ ਗੱਲ ਮੈਨੂੰ ਹਰ ਵੇਲੇ ਟੁੰਬਦੀਉਸ ਨਾਵਲ ਵਿੱਚ ਕੁਝ ਤਬਦੀਲੀ ਕਰਨ ਦੀ ਗੁੰਜਾਇਸ਼ ਸੀ। ਮੈਂ ਕੁਝ ਤਬਦੀਲੀਆਂ ਨਾਲ “ਪਰਾਇਆ ਧਨ” ਅਨੁਵਾਦ ਕੀਤਾ ਤੇ ਇਸ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ।

? ਮੈਂ ਤੁਹਾਡਾ “ਹਾਏ ਨੀਂ ਧੀਏ ਮੋਰਨੀਏ” ਨਾਟਕ ਪੜ੍ਹਿਆ ਹੈ। ਇਹ ਨਾਟਕ ਸਾਡੇ ਸਮਾਜ ਨੂੰ ਹਲੂਣਾ ਦੇਣ ਵਾਲ਼ਾ ਬਹੁਤ ਹੀ ਵਧੀਆ ਨਾਟਕ ਹੈ। ਇਹ ਬਾਲ-ਨਾਟਕ ਲਿਖਣ ਦਾ ਸਬੱਬ ਕਦੋਂ ਅਤੇ ਕਿਵੇਂ ਬਣਿਆ, ਇਹਦੇ ਬਾਰੇ ਕੁਝ ਦੱਸੋ?

: ਇਹ ਨਾਟਕ ਸ਼ਾਇਦ ਤਿਹੱਤਰ ਚੁਹੱਤਰ ਵਿੱਚ ਲਿਖਿਆ ਸੀ। ਇਹ ਬਾਲ-ਨਾਟਕ ਲਿਖਣ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਰਮਾ ਰਤਨ ਸਾਡੀ ਇੱਕ ਕੁਲੀਗ ਹੁੰਦੀ ਸੀ। ਉਹ ਬੱਚਿਆਂ ਨੂੰ ਨਾਟਕ ਖਿਡਾਇਆ ਕਰਦੀ ਸੀ। ਉਸ ਦੀ ਬਾਲ-ਸਾਹਿਤ ਵਿਚ ਵਿਸ਼ੇਸ਼ ਰੁਚੀ ਸੀ। ਉਹਨੇ ਮੈਨੂੰ ਆਪਣੀ ਸੰਸਥਾ ਦਾ ਸਲਾਹਕਾਰ ਬਣਾ ਲਿਆ। ਉਨ੍ਹਾਂ ਦੀ ਸੰਸਥਾ ਵਿੱਚ ਬਹੁਤੀਆਂ ਕੁੜੀਆਂ ਹੀ ਸਨ। ਮੈਂ ਛੋਟੀਆਂ ਬੱਚੀਆਂ ਦੀ ਇੱਕ ‘ਕੋਟਲਾ ਛਪਾਕੀ’ ਦੇ ਇਰਦ ਗਿਰਦ ਇੱਕ ਕਹਾਣੀ ਸਿਰਜੀ ਤੇ ਇੱਕ ਨਾਟਕ ‘ਹਾਏ ਨੀ ਧੀਏ ਮੋਰਨੀਏ’ ਉਨ੍ਹਾਂ ਛੋਟੀਆਂ ਬੱਚੀਆਂ ਲਈ ਲਿਖਿਆ। ਇੱਕ ਦੋ ਵਾਰੀ ਉਨ੍ਹਾਂ ਨੇ ਖੇਡਿਆ ਵੀ। ਫੇਰ ਮੇਰਾ ਇੱਕ ਦੋਸਤ ਹੈ ਗੁਰਭਜਨ ਗਿੱਲ, ਜਿਸ ਨੂੰ ਤੁਸੀਂ ਜਾਣਦੇ ਹੀ ਹੋ, ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਵਿੱਚ ਹੈ। ਉਹਦੀ ਪਹਿਲੀ ਤੇ ਸੁਰਗਵਾਸੀ ਪਤਨੀ ਰਾਮਗੜ੍ਹੀਆ ਕਾਲਜ ਵਿੱਚ ਕੰਮ ਕਰਦੀ ਸੀ। ਉਨ੍ਹਾਂ ਨੂੰ ਕਿਸੇ ਨਾਟਕ ਦੀ ਤਲਾਸ਼ ਸੀ, ਜਿਸ ਵਿੱਚ ਬਹੁਤੇ ਪਾਤਰ ਕੁੜੀਆਂ ਹੋਣ। ਗੁਰਭਜਨ ਗਿੱਲ ਨੇ ਮੇਰੇ ਨਾਲ ਗੱਲ ਕੀਤੀ ਕਿ ਭਾਜੀ ਤੁਸੀਂ ਇੱਕ ਨਾਟਕ ਲਿਖਿਆ ਸੀ, ਉਹ ਦਿਖਾਉ ਤਾਂ। ਕੁਦਰਤੀ ਇਹ ਨਾਟਕ ਮੇਰੇ ਟੇਬਲ ਦੇ ਦਰਾਜ਼ ਵਿੱਚ ਪਿਆ ਸੀਮੈਂ ਕੱਢ ਕੇ ਉਨ੍ਹਾਂ ਨੂੰ ਦੇ ਦਿੱਤਾ। ਮੇਰੇ ਇਸ ਨਾਟਕ ਨੂੰ ਡਾਇਰੈਕਟ ਕਰਨਾ ਸੀ, ਕੇਸ਼ੋ ਰਾਮ ਸ਼ਰਮਾ ਨੇ। ਮੇਰੇ ਕੁਝ ਨਾਟਕਕਾਰ ਦੋਸਤ ਦਿੱਲੀ ਸਕੂਲ ਆਫ ਡਰਾਮਾ ਦੇ ਪੜ੍ਹੇ ਹੋਏ ਹਨ। ਇਨ੍ਹਾਂ ਨੂੰ ਲੱਗਦਾ ਸੀ ਕਿ ਮੇਰਾ ਨਾਟਕ ਸਹੀ ਹੱਥਾਂ ਵਿੱਚ ਨਹੀਂ ਜਾ ਰਿਹਾ। ਉਨ੍ਹਾਂ ਨੇ ਮੈਨੂੰ ਕਿਹਾ ਵੀ। ਕੇਸ਼ੋ ਰਾਮ ਭਾਵੇਂ ਬਹੁਤ ਵੱਡੇ ਪੱਧਰ ’ਤੇ ਨਹੀਂ ਪਰ ਫੇਰ ਵੀ ਉਹਨੂੰ ਨਾਟਕ ਬਾਰੇ ਯੂਨੀਵਰਸਿਟੀ ਪੱਧਰ ਤੱਕ ਕਾਫੀ ਗਿਆਨ ਹੈ। ਹੁਣ ਸੁਭਾਗ ਦੀ ਗੱਲ ਇਹ ਹੋਈ ਕਿ ਇਹ ਨਾਟਕ ਯੂਨੀਵਰਸਿਟੀ ਵਿੱਚੋਂ ਦੂਜੇ ਨੰਬਰ ’ਤੇ ਆਇਆ।

ਨਾਟਕ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਆਪ ਨਾਟਕ ਲਿਖਦੇ ਹਨ ਇਨ੍ਹਾਂ ਦੀਆਂ ਟੀਮਾਂ ਆਪ ਹੀ ਖੇਡਦੀਆਂ ਹਨ। ਇਸ ਨਾਟਕ ਦੀ ਖੁਸ਼ਕਿਸਮਤੀ ਸਮਝੋ ਕਿ ਇਹ ਸੈਂਕੜੇ ਵਾਰ ਖੇਡਿਆ ਗਿਆ। ਇਹਦੇ ਪੈਂਹਟਵੇਂ ਪ੍ਰੋਡੈਕਸ਼ਨ ਤੇ ਗੁਰਪਾਲ ਲਿੱਟ ਨੇ ਮੈਨੂੰ ਆਪਣੇ ਸ਼ਹਿਰ ਸੱਦਿਆ ਮੈਂ ਇਸ ਨਾਟਕ ਨੂੰ ਖੁੱਲ੍ਹਾ ਮੈਦਾਨ ਵਿੱਚ ਛੱਡ ਦਿੱਤਾ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਨਾਟਕ ਨੂੰ ਟੀ. ਵੀ. ’ਤੇ ਪੰਜਾਬੀ ਅਤੇ ਹਿੰਦੀ ਵਿੱਚ ਵੀ ਅਨੁਵਾਦ ਕਰਕੇ ਖੇਡਿਆ ਗਿਆ। ਫੇਰ ਡਾ. ਆਤਮਜੀਤ ਹੋਰਾਂ ਨੇ ਨਾਟਕ ਬਾਰੇ ਇੱਕ ਮੈਗਜ਼ੀਨ “ਮੰਚਨ” ਕੱਢਿਆ ਤਾਂ ਉਹਦੇ ਵਿੱਚ ਪਹਿਲਾ ਨਾਟਕ ਇਹੋ ਸੀ। ਕੇਵਲ ਧਾਲੀਵਾਲ ਨੇ ਇੱਕ ਬਾਲ-ਨਾਟਕਾਂ ਦੀ ਕਿਤਾਬ ਛਾਪੀ ਉਹਦੇ ਵਿੱਚ ਵੀ ਇਸ ਨਾਟਕ ਨੂੰ ਸ਼ਾਮਲ ਕੀਤਾ। ‘ਇਪਟਾ’ ਨੇ ਆਪਣੀ ਪੰਜਾਹਵੀਂ ਵਰ੍ਹੇ ਗੰਢ ਮਨਾਈ, ਉਸ ਵਾਲੇ ਸ਼ੁਰੂਆਤੀ ਨਾਟਕ ਇਹ ਸੀ। ਸੋ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਨਾਟਕ ਚੰਗੇ ਸਮੇਂ ਲਿਖਿਆ ਗਿਆ, ਅਨੇਕਾਂ ਵਾਰ ਖੇਡਿਆ ਗਿਆ। ਮੈਂ ਲਿਖਿਆ ਤਾਂ ਭਾਵੇਂ ਇੱਕੋ ਇੱਕ ਨਾਟਕ ਹੈ ਪਰ ਇਹ ਕਹਿ ਸਕਦੇ ਹਾਂ ਕਿ ਹੁੰਗਾਰਾ ਬਹੁਤ ਹੀ ਵਧੀਆ ਮਿਲਿਆ। ਹੁਣ ਤੁਸੀਂ ਪੁੱਛੋਗੇ ਕਿ ਦੂਸਰਾ ਕਦੋਂ ਲਿਖ ਰਹੇ ਹੋ? ਮੇਰੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਜੋ ਕੁਝ ਲਿਖਾਂ, ਕੁਝ ਵਜ਼ਨਦਾਰ ਹੋਵੇ ਦੇਖੋ, ਕਦੋਂ ਮਨ ਬਣਦਾ।

? ਆਓ ਕੁਝ ਗੱਲਾਂਤੁਹਾਡੀਆਂ ਕਹਾਣੀਆਂ ਬਾਰੇ ਵੀ ਕਰ ਲਈਏ ਤੁਹਾਡੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ‘ਪੂਰਾ ਆਦਮੀ’ ਦੀ ਬਹੁਤ ਚਰਚਾ ਹੋਈ ਇਹਦੇ ਬਾਰੇ ਕੋਈ ਗੱਲ ਕਰਨੀ ਚਾਹੋਗੇ?

: ਸਤਨਾਮ ਜੀ, ‘ਪੂਰਾ ਆਦਮੀ’ ਕਹਾਣੀ ਦਾ ਪਾਤਰ ਮੇਰਾ ਮਿੱਤਰ ਹੈ। ਇਸ ਕਹਾਣੀ ਵਿੱਚ ਮੈਂ ਯਥਾਰਥ ਨੂੰ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਪਾਤਰ ਸ਼ਾਮ ਲਾਲ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਹਨ। ਉਸ ਦੀ ਜ਼ਿੰਦਗੀ ਜਿਉਣ ਦੀ ਸਮਰੱਥਾ ਹੀ ਕਹਾਣੀ ਦੀ ਕਰਾਮਾਤ ਹੈ ਕਿ ਅਸੀਂ ਕਈ ਵਾਰੀ ਸਾਰੇ ਅੰਗਾਂ ਦੇ ਹੁੰਦਿਆਂ ਸੁੰਦਿਆਂ ਵੀ ਜ਼ਿੰਦਗੀ ਜਿਉਣ ਦੇ ਸਮਰੱਥ ਨਹੀਂ ਹੁੰਦੇ। ਹਾਂ ਜੀ, ਇਸ ਕਹਾਣੀ ਦੇ ਕੌਮਾਤਰੀ ਮੈਗਜ਼ੀਨਾਂ ਵਿੱਚ ਛਪਣ ’ਤੇ ਵਿਦਵਾਨਾਂ ਦਾ ਧਿਆਨ ਖਿੱਚਿਆ।

? ਤੁਹਾਡੇ ਖ਼ਿਆਲ ਨਾਲ ‘ਪੂਰਾ ਆਦਮੀ’ ਦੇ ਤੋੜ ਤੁਹਾਡੀ ਹੋਰ ਕਿਹੜੀ ਕਹਾਣੀ ਸਮਝੀ ਜਾਂਦੀ ਹੈ?

: ਵਿਸਫ਼ੋਟ ਅਤੇ ਬਲੀਦਾਨ ਵੀ ਕਈ ਕੌਮੀ ਪੱਧਰ ਦੇ ਕਹਾਣੀ ਸੰਗ੍ਰਹਿਆਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ।

? ਤੁਹਾਡੀ ਇੱਕ ਕਹਾਣੀ ‘ਗੋਗਲਿਆਂ ਦਾ ਵਰ੍ਹਦਾ ਮੀਂਹ’ ਵਿੱਚ ਤੁਸੀਂ ਜਿਸ ਮੋਹ ਭੰਗ ਦੀ ਸਥਿਤੀ ਨੂੰ ਪੇਸ਼ ਕੀਤਾ ਹੈ, ਕੀ ਇਹ ਪਰਵਾਸੀ ਜੀਵਨ ਦਾ ਆਮ ਵਰਤਾਰਾ ਲੱਗਦਾ ਹੈ ਜਾਂ ਅਜਿਹਾ ਕੁਝ ਸੰਵੇਦਨਸ਼ੀਲ ਲੋਕਾਂ ਨਾਲ ਹੀ ਵਾਪਰਦਾ ਹੈ? ਇਹਦੇ ਬਾਰੇ ਕੀ ਵਿਚਾਰ ਹਨ?

: ਇਹ ਅਸਲੀ ਜ਼ਿੰਦਗੀ ਵਿੱਚ ਵਾਪਰੀ ਕਹਾਣੀ ਹੈ। ਇਹ ਕਿੰਨੇ ਕੁ ਪਰਵਾਸੀ ਲੋਕਾਂ ਦੇ ਮਨ ਦੀ ਤਰਜ਼ਮਾਨੀ ਕਰਦੀ ਹੈ, ਇਸ ਬਾਰੇ ਨਿਸਚੇ ਨਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬੀ ਲੋਕ ਆਪਣੇ ਧੀਆਂ ਪੁੱਤਰਾਂ ਨੂੰ ਪ੍ਰਦੇਸ ਭੇਜਣ ਜਾਂ ਉਹਨਾਂ ਨੂੰ ਪ੍ਰਦੇਸ ਵਿੱਚ ਟਿਕੇ ਰਹਿਣ ਲਈ ਮਜਬੂਰ ਕਰਨ ਲਈ ਕੁਝ ਵੀ ਕਰ ਸਕਦੇ ਹਨ

? ਲੱਗਦੇ ਹੱਥ ਪੀਐੱਚ. ਡੀ ਦੀ ਗੱਲ ਵੀ ਦੱਸਦੇ ਜਾਉ, ਤੁਸੀਂ ਕਿਸ ਵਿਸ਼ੇ ਤੇ ਕੀਤੀ?

: ਮੈਂ ਪ੍ਰੋ. ਪੂਰਨ ਸਿੰਘ ਦੇ ਕਾਵਿ ਸਿਧਾਂਤ ਬਾਰੇ ਆਪਣੀ ਪੀਐੱਚ. ਡੀ ਦਾ ਥੀਸਿਸ ਲਿਖਿਆ। ਪ੍ਰੋ. ਪੂਰਨ ਸਿੰਘ ਮੇਰੀ ਪਸੰਦੀ ਦਾ ਕਵੀ ਸੀ। ਕਵੀ ਦੇ ਤੌਰ ’ਤੇ ਮੈਨੂੰ ਪ੍ਰੋ. ਪੂਰਨ ਸਿੰਘ ਨੇ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਵੇਲਿਆਂ ਵਿੱਚ ਹੋਰ ਕਿਸੇ ਵਿਅਕਤੀ ਨੇ ਕਾਵਿ-ਸਿਧਾਂਤ ਬਾਰੇ ਏਨੀ ਖੁੱਲ੍ਹ ਕੇ ਗੱਲ ਨਹੀਂ ਕੀਤੀ। ਮੈਂ ਕਵੀ ਪੂਰਨ ਸਿੰਘ ਬਾਰੇ ਨਹੀਂ, ਕਾਵਿ-ਸ਼ਾਸਤਰੀ ਪੂਰਨ ਸਿੰਘ ਬਾਰੇ ਕੰਮ ਕੀਤਾ। ਕਾਵਿ-ਸ਼ਾਸਤਰੀ ਤੋਂ ਭਾਵ ਹੈ ਕਿ ਉਨਾਂ ਦੇ ਮਨ ਵਿੱਚ ਕਵਿਤਾ ਦੀ ਪ੍ਰੀਭਾਸ਼ਾ ਦਾ, ਕਵਿਤਾ ਦਾ ਕਰਤਵ, ਤੇ ਕਵੀ ਕੀ ਹੁੰਦਾ ਹੈ ਅਤੇ ਕਵੀ ਦੇ ਸਿਰਜਣਾਤਮਕ ਪਲਾਂ ਬਾਰੇ ਬਹੁਤ ਹੀ ਖ਼ੂਬਸੂਰਤੀ ਨਾਲ ਗੱਲਾਂ ਕੀਤੀਆਂ ਹਨ। ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਕਿ ਕਿਸੇ ਵਿਅਕਤੀ ਨੇ ਇਸ ਵਿਸ਼ੇ ’ਤੇ ਕੰਮ ਨਹੀਂ ਸੀ ਕੀਤਾ। ਮੇਰੇ ਲਈ ਕੰਮ ਇਹ ਭਾਵੇਂ ਨਵਾਂ ਸੀ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਮੈਂ ਕੰਮ ਉਹੀ ਕਰਦਾ ਹਾਂ, ਜਿਸ ਦਾ ਮੈਨੂੰ ਸ਼ੌਕ ਹੋਵੇ। ਸੋ ਮੇਰੇ ਮਨ ਵਿੱਚ ਇਹ ਗੱਲ ਬੈਠ ਚੁੱਕੀ ਸੀ ਕਿ ਮੈਂ ਪ੍ਰੋ. ਪੂਰਨ ਸਿੰਘ ਦੇ ਕਾਵਿ ਸਿਧਾਂਤ ’ਤੇ ਕੰਮ ਕਰਨਾ ਹੈ। ਇੱਕ ਹੋਰ ਦਿਲਚਸਪ ਗੱਲ ਇਹ ਹੋਈ ਕਿ ਜਦੋਂ ਮੈਂ ਆਪਣਾ ਇਹ ਥੀਸਸ ਰਜਿਸਟਰ ਕਰਾਉਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਿਆ ਤਾਂ ਡਾ. ਸੁਰਿੰਦਰ ਸਿੰਘ ਕੋਹਲੀ ਪੰਜਾਬੀ ਡਿਪਾਰਟਮਿੰਟ ਦੇ ਹੈੱਡ ਸਨ। ਮੈਂ ਉਨ੍ਹਾਂ ਨੂੰ ਟਾਈਟਲ ਦਿਖਾਇਆ, “ਪ੍ਰੋ. ਪੂਰਨ ਸਿੰਘ ਦਾ ਕਾਵਿ-ਸਿਧਾਂਤ” ਉਨ੍ਹਾਂ ਨੇ ਜਦੋਂ ਇਹ ਦੇਖਿਆ ਤਾਂ ਮੈਨੂੰ ਕਹਿੰਦੇ ਕਿ ਇਹ ਟਾਈਟਲ ਬਹੁਤ ਛੋਟਾ ਹੈ। ਇਸ ’ਤੇ ਕੰਮ ਹੋਣਾ ਮੁਸ਼ਕਲ ਹੈ। ਮੈਂ ਉੱਥੇ ਬੈਠੇ ਬੈਠੇ ਹੀ ਨਾਲ ਬ੍ਰੈਕਟ ਵਿੱਚ ਪਾ ਦਿੱਤਾ “ਪੂਰਨ ਸਿੰਘ ਦਾ ਕਾਵਿ- ਸਿਧਾਂਤ ਪੂਰਬੀ ਅਤੇ ਪੱਛਮੀ ਕਾਵਿ-ਸ਼ਾਸਤਰ ਸੰਦਰਭ ਵਿੱਚ” ਤਾਂ ਉਹ ਖੁਸ਼ ਹੋ ਗਏ ਤੇ ਬੋਲੇ ਕਿ ਹਾਂ, ਹੁਣ ਠੀਕ ਹੈ। ਮੈਂ ਸਾਰੀ ਬਿਉਂਤ ਤਾਂ ਪਹਿਲਾਂ ਬਣਾਈ ਹੋਈ ਸੀ। ਕਰਨਾ ਤਾਂ ਪਹਿਲਾਂ ਵੀ ਉਹੀ ਕੁਝ ਸੀ। ਪਰ ਇਸ ਨਾਲ ਡਾ. ਕੋਹਲੀ ਹੋਰਾਂ ਦਾ ਕਹਿਣਾ ਵੀ ਹੋ ਗਿਆ ਤੇ ਮੇਰਾ ਥੀਸਸ ਦਾ ਕੰਮ ਵੀ। ਇਹ ਦੱਸਦਿਆਂ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਮੁੱਖਬੰਦ ਮੈਂ ਪਹਿਲਾਂ ਲਿਖਿਆ ਹੋਇਆ ਸੀ, ਉਹੀ ਰੱਖਿਆ। ਆਮ ਤੌਰ ’ਤੇ ਲੋਕ ਮੁੱਖਬੰਦ ਬਾਅਦ ਵਿੱਚ ਹੀ ਲਿਖਦੇ ਹਨ ਕਿਉਂਕਿ ਇਹ ਪਤਾ ਨਹੀਂ ਹੁੰਦਾ ਕਿ ਤੁਹਾਡਾ ਕੰਮ ਕਿੱਧਰ ਨੂੰ ਫੈਲ ਜਾਣਾ ਹੈ। ਮੈਂ ਸਾਰੀ ਵਿਉਂਤ ਪਹਿਲਾਂ ਹੀ ਬਣਾਈ ਹੋਈ ਹੋਣ ਕਰਕੇ ਮੈਨੂੰ ਮੁੱਖਬੰਦ ਬਦਲਣ ਦੀ ਲੋੜ ਨਹੀਂ ਪਈ। ਇਹ ਮੇਰਾ ਥੀਸਸ ਕਾਫੀ ਸਮੇਂ ਤੋਂ ਅਣਛਪਿਆ ਹੀ ਪਿਆ ਸੀ। ਪਿੱਛੇ ਜਿਹੇ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ

ਡਾ. ਸਾਹਿਬ ਤੁਹਾਡੇ ਖ਼ਿਆਲ ਨਾਲ਼, ਪਰਵਾਸੀ ਪੰਜਾਬੀ ਸਾਹਿਤ ਵਿੱਚ ਕਿਹੜੇ ਵਿਸ਼ੇ ਤੁਸੀਂ ਸਮਝਦੇ ਹੋ, ਜਿਨ੍ਹਾਂ ਤੇ ਪਰਵਾਸੀ ਲੇਖਕਾਂ ਨੂੰ ਆਪਣੇ ਧਿਆਨ ਵਿੱਚ ਲਿਆਉਣ ਦੀ ਲੋੜ ਹੈ?

: ਸਤਨਾਮ ਜੀ, ਪਹਿਲਾ ਮਸਲਾ ਤਾਂ ਇਹ ਹੈ ਕਿ ਇੰਮੀਗ੍ਰੇਸ਼ਨ ਲਈ ਕੀਤੇ ਜਾ ਰਹੇ ਵਿਉਪਰਕ ਅਤੇ ਭਾਂਤ-ਸੁਭਾਂਤੇ ਵਿਆਹ, ਫੇਰ ਹੈ ਸਮਜਿਕ/ਪਰਿਵਾਰਕ ਰਿਸ਼ਤਿਆਂ ਦਾ ਵਿਗਠਨ, ਨਾਰੀ-ਮੁਕਤੀ, ਨੌਜੁਆਨਾਂ ਵਿੱਚ ਨਸ਼ਿਆਂ ਦਾ ਵਧ ਰਿਹਾ ਰੁਝਾਨ, ਗੈਂਗ-ਵਾਰ, ਅੰਤਰਜਾਤੀ/ਧਾਰਮਿਕ ਵਿਆਹ, ਲੋਕਾਂ ਦਾ ਰਾਤੋ ਰਾਤ ਮਿਲੀਅਨਰ/ਬਿਲੀਅਨਰ ਬਨਣ ਦਾ ਰੁਝਾਨ ਅਨੇਕਾਂ ਹੋਰ ਵਿਸ਼ੇ ਹਨ, ਜਿਸ ਤਰ੍ਹਾਂ ਸਾਡੇ ਪੜ੍ਹੇ ਲਿਖੇ ਲੋਕ ਵੀ ਤਰਕ ਨਾਲ ਸੋਚ ਤੋਂ ਕੰਮ ਲੈਣ ਦੀ ਬਜਾਏ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਵਿੱਚ ਕੈਨੇਡਾ ਆ ਕੇ ਵੀ ਪਾਖੰਡੀ ਲੋਕਾਂ ਦੀਆਂ ਝੋਲ਼ੀਆਂ ਵਿੱਚ ਪਏ ਦੇਖੇ ਜਾ ਸਕਦੇ ਹਨ।

? ਕੀ ਤੁਹਾਨੂੰ ਲੱਗਦਾ ਕਿ ਪੰਜਾਬੀ ਸਾਹਿਤ ਦੀ ਸਥਾਪਤੀ ਨਾਲ ਟੱਕਰ ਕੁਝ ਮੱਠੀ ਪਈ ਹੈ?

: ਦੇਖੋ, ਪੰਜਾਬੀ ਸਾਹਿਤ ਦੀ ਸਥਾਪਤੀ ਨਾਲ ਟੱਕਰ ਕੁਝ ਹੀ ਨਹੀਂ, ਸਗੋਂ ਮੈਂ ਤਾਂ ਕਹਾਂਗਾ ਕਿ ਬਹੁਤ ਜ਼ਿਆਦਾ ਮੱਠੀ ਪਈ ਹੈਇਸ ਅਮਲ ਨੂੰ ਨਿਰੋਲ ਪੰਜਾਬ ਤੱਕ ਸੀਮਤ ਨਾ ਰੱਖਕੇ ਰਤਾ ਵਧੇਰੇ ਵਿਸਤ੍ਰਿਤ ਅਰਥਾਤ ਸਮੁੱਚੇ ਭਾਰਤੀ ਪ੍ਰਸੰਗ ਵਿੱਚ ਰੱਖ ਕੇ ਸਮਝਣ ਦੀ ਲੋੜ ਹੈ। ਬੀਤੀ ਸਦੀ ਦੇ ਪੰਜਾਹਵੇਂ ਤੋਂ ਸੱਤਰ੍ਹਵੇਂ ਦਹਾਕਿਆਂ ਦੌਰਾਨ ਸਮੁੱਚੇ ਭਾਰਤੀ ਸਾਹਿਤਕ ਖ਼ੇਤਰ, ਥੀਏਟਰ, ਸਿਨਮੇ ਅਤੇ ਕੁਝ ਹੱਦ ਤੀਕ ਪੱਤਰਕਾਰੀ ਦੇ ਪਿੜ ਵਿੱਚ ਵੀ ਪ੍ਰਗਤੀਸ਼ੀਲ ਚਿੰਤਨ ਅਤੇ ਸਿਰਜਣਧਾਰਾ ਦੀ ਨੁਮਾਇਆਂ ਛਾਪ ਨਜ਼ਰ ਆਉਂਦੀ ਸੀ। ਅਜੋਕੇ ਦੌਰ ਵਿੱਚ ਉਹ ਅਗਵਾਨੂੰ ਝੰਡਾ ਬਰਦਾਰੀ ਦਾ ਰੋਲ ਬੜਾ ਮੱਧਮ ਤੇ ਮਾਂਦਾ ਪੈ ਗਿਆ ਨਜ਼ਰ ਆਉਂਦਾ ਹੈ। ਇਸਦੇ ਸਪਸ਼ਟ ਸਮਾਜਿਕ ਕਾਰਨ ਹਨ। ਸਮਕਾਲੀ ਭਾਰਤੀ ਸਿਆਸਤ ਖਿੱਤਾ-ਪ੍ਰਸਤੀ, ਜਾਤੀਵਾਦੀ ਰੁਝਾਨਾਂ ਅਤੇ ਸੰਕੀਰਣ ਧਾਰਮਿਕ ਸਰੋਕਾਰਾਂ ਦੀ ਮਾਰੂ ਦਲਦਲ ਵਿੱਚ ਖੁੱਭੀ ਅਤੇ ਖ਼ਚਤ ਹੋਈ ਨਜ਼ਰ ਆਉਂਦੀ ਹੈ। ਸਭਨਾ ਧਿਰਾਂ ਦਾ ਇੱਕੋ ਇੱਕ ਨਿਸ਼ਾਨਾ ਹਰ ਜਾਇਜ਼ ਨਾਜਾਇਜ਼ ਹਰਬਾ ਵਰਤ ਕੇ ਨੇਤਾ-ਜਨਾਂ ਦੇ ਆਪੋ ਆਪਣੇ ਨਿਹਿਤ ਸੁਆਰਥੀ ਪਰਿਵਾਰਕ ਹਿਤਾਂ ਦੇ ਅਨੁਕੂਲ ਅਵਸਰਵਾਦੀ ਜੋੜ-ਤੋੜ ਰਾਹੀਂ ਸਿਆਸੀ-ਸੱਤਾ ਉੱਪਰ ਕਾਬਜ਼ ਹੋਣ ਦੀ ਚੂਹੇ ਦੌੜ ਵਿੱਚ ਹਰਫ਼ਲੇ ਰਹਿਣ ਤੀਕ ਹੀ ਸੀਮਤ ਹੁੰਦਾ ਹੈ। ਇਸ ਟੀਚੇ ’ਤੇ ਪੁੱਜਣ ਲਈ ਦੇਸ਼ ਦੇ ਕੁਦਰਤੀ ਵਸੀਲਿਆਂ ਨਾਲ ਜਿਸ ਭਾਂਤ ਖਿਲਵਾੜ ਅਤੇ ਅੰਧਾ ਧੁੰਦ ਭ੍ਰਿਸ਼ਟਾਚਾਰ ਹੋ ਰਿਹਾ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਇੱਕ ਧਿਰ ਦੇ ਮਹਾਂ ਘੁਟਾਲ਼ਿਆਂ ਦਾ ਦੂਜੀ ਧਿਰ ਕੋਲ਼ ਇਹੀ ਉੱਤਰ ਹੁੰਦਾ ਹੈ ਕਿ ਤੁਸੀਂ ਵੀ ਇਹੋ ਜਿਹੇ ਘਾਲ਼ੇ ਮਾਲ਼ੇ ਕਰਦੇ ਹੀ ਰਹੇ ਹੋ। ਸੱਭੇ ਬੁਰਜੁਆ ਪਾਰਟੀਆਂ ਆਪੋ ਆਪਣੇ ਗੰਦ ਨੂੰ ਦੂਜਿਆਂ ਦੀ ਗ਼ਲਾਜ਼ਤ ਨਾਲ ਧੋਣ ਦੀ ਬੇਹਿਆਈ ਨੂੰ ਹੀ ਰਾਜਨੀਤਿਕ ਕੁਸ਼ਲਤਾ ਸਮਝਣ ਅਤੇ ਪੇਸ਼ ਕਰਨ ਦੀ ਕੁਟਿਲਤਾ ਭਰੀ ਖੇਡ ਖੇਡਣ ਵਿੱਚ ਹੀ ਸਾਹੋ ਸਾਹੀ ਜੁਟੀਆਂ ਹੋਈਆਂ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਸਾਡੀਆਂ ਸਾਰੀਆਂ ਖੱਬੇ ਪੱਖੀ ਧਿਰਾਂ ਅੱਡ ਅੱਡ ਹੋ ਕੇ ਖਿੰਡੀਆਂ ਪੁੰਡੀਆਂ ਹੋਣ ਕਾਰਨ ਸਮਕਾਲੀ ਸਿਆਸਤ ਦੇ ਇਸ ਮਹਾਂ-ਅੰਧਕਾਰ ਨੂੰ ਮਿਟਾਉਣ ਲਈ ਆਪਣੀਆਂ ਮਿਸ਼ਾਲਾਂ ਨੂੰ ਪਹਿਲੇ ਵਾਲੇ ਤੇਜ ਅਤੇ ਊਰਜਾ ਨਾਲ ਦਗਦੀਆਂ ਮਘਦੀਆਂ ਰੱਖ ਸਕਣ ਦੇ ਕਾਬਲ ਹੋਈਆਂ ਨਜ਼ਰ ਨਹੀਂ ਆ ਰਹੀਆਂ। ਜਿਹੜੇ ਗਿਣੇ ਚੁਣੇ ਲੋਕ ਹਾਲੇ ਵੀ ਇਸ ਘੋਰ ਅਨਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ, ਉਹਨਾਂ ਅੱਗੇ ਤਹਿ-ਦਿਲੋਂ ਨਤਮਸਤਕ ਹਾਂ। ਬਹੁਤ ਲੋਕ, ਜਿਨ੍ਹਾਂ ਵਿੱਚ ਸਾਹਿਤਕਾਰ ਵੀ ਸ਼ਾਮਿਲ ਹਨ, ਸਥਾਪਤੀ ਨਾਲ ਟੱਕਰ ਲੈਣ ਦੀ ਥਾਂ ਆਪੋ ਆਪਣੇ ਵਕਤੀ ਮੁਫ਼ਾਦਾਂ ਕਾਰਨ, ਸਥਾਪਤੀ ਨਾਲ ਸਮਝੌਤਾ ਕਰਨ ਦੇ ਰਾਹ ਪੈ ਚੁੱਕੇ ਹਨ। ਪੰਜਾਬੀ ਸਾਹਿਤ ਦੀ ਸਿਆਸਤ ਵੀ ਆਪੋ ਆਪਣੀ ਸਥਾਪਤੀ ਦੀ ਦੌੜ ਦੇ ਦੋਸ਼ਾਂ ਤੋਂ ਮੁਕਤ ਨਹੀਂ ਰਹੀ।

? ਸ੍ਰ. ਸਾਧੂ ਸਿੰਘ ਜੀ, ਤੁਸੀਂ ਲੰਬਾ ਸਮਾਂ ਅਧਿਆਪਨ ਖੇਤਰ ਵਿੱਚ ਕੰਮ ਕੀਤਾ, ਪੰਜਾਬ ਵਿੱਚ ਵਿੱਦਿਅਕ ਢਾਂਚੇ ਦਾ ਮਿਆਰ ਬਹੁਤ ਨੀਵਾਂ ਜਾ ਚੁੱਕਾ ਹੈ। ਇੱਕ ਵਿੱਦਿਆ ਸ਼ਾਸਤਰੀ ਹੋਣ ਦੇ ਨਾਤੇ ਇਹਦੇ ਕੀ ਕਾਰਨ ਸਮਝਦੇ ਹੋ?

: ਸਾਡਾ ਵਿੱਦਿਅਕ ਮਿਆਰ ਨੀਵਾਂ ਹੋਣ ਦੇ ਕਾਰਨ ਤਾਂ ਹੋਰ ਵੀ ਅਨੇਕਾਂ ਹਨ ਪਰ ਇੱਕ ਕਾਰਨ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਅੱਸੀਵਿਆਂ ਦੇ ਦੌਰਾਨ ਖ਼ਾਸ ਕਰਕੇ ਪੰਜਾਬ ਵਿੱਚ ਜੋ ਹਨੇਰੀ ਵਗੀ, ਇਸ ਨੇ ਪੰਜਾਬ ਵਿੱਚ ਵਿੱਦਿਆ ਦਾ ਭੱਠਾ ਹੀ ਬਿਠਾ ਦਿੱਤਾ। ਇਸ ਲਹਿਰ ਨੇ ਪੰਜਾਬ ਵਿੱਚ ਕੋਈ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਨਹੀਂ ਚੱਲਣ ਦਿੱਤੇ। ਵਿਦਿਆਰਥੀਆਂ ਦੀ ਦਿਲਚਸਪੀ ਵੀ ਹੋਰ ਪਾਸੇ ਹੋ ਗਈ। ਸੱਚ ਪੁੱਛੋਂ ਤਾਂ ਇਨ੍ਹਾਂ ਦਾ ਦਖ਼ਲ ਇੰਨਾ ਨਾਕਾਰਾਤਮਿਕ ਸੀ ਕਿ ਇਸ ਨੇ ਵਿੱਦਿਅਕ ਅਦਾਰਿਆਂ ਵਿੱਚ ਇੱਕ ਰੇਗਿਸਤਾਨ ਪੈਦਾ ਕਰ ਦਿੱਤਾ। ਤੁਸੀਂ ਅੱਜ ਕਲ੍ਹ ਆਮ ਸੁਣਦੇ ਹੋ ਕਿ ਪੰਜਾਬ ਵਿੱਚ ਮੁੰਡਿਆਂ ਕੁੜੀਆਂ ਨੂੰ ਨੌਕਰੀਆਂ ਨਹੀਂ ਲੱਭਦੀਆਂ। ਹੁਣ ਤੁਸੀਂ ਦੇਖੋ ਕਿ ਤਕਰੀਬਨ ਅੱਠ ਦਸ ਸਾਲ ਦਾ ਸਮਾਂ ਸਾਡੇ ਬੱਚਿਆਂ ਦਾ ਸਕੂਲ ਕਾਲਜ ਜਾਣ ਦੀ ਥਾਂ ਬਰਬਾਦ ਹੋਇਆ ਤਾਂ ਨੌਕਰੀਆਂ ਕਿੱਥੋਂ ਮਿਲਣੀਆਂ। ਤਾਜ਼ੇ ਅੰਕੜੇ ਦੱਸਦੇ ਹਨ ਕਿ ਬਹੁਤ ਸਾਰੇ ਵਿੱਦਿਅਕ ਆਦਾਰਿਆਂ ਵਿੱਚ ਤੁਹਾਨੂੰ ਪੇਂਡੂ ਪਿਛੋਕੜ ਵਾਲੇ ਵਿਦਿਆਰਥੀ ਹੀ ਨਹੀਂ ਮਿਲਦੇ। ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੀ ਮਿਸਾਲ ਲੈ ਲਵੋ, ਜਿੱਥੇ ਪੰਝੱਤਰ ਪ੍ਰਤੀਸ਼ਤ ਪੇਂਡੂ ਪਿਛੋਕੜ ਦੇ ਵਿਦਿਆਰਥੀ ਹੁੰਦੇ ਸਨ, ਹੁਣ ਦੇਖਣ ਨੂੰ ਕੋਈ ਪੇਂਡੂ ਵਿਦਿਆਰਥੀ ਨਜ਼ਰ ਨਹੀਂ ਆਏਗਾ। ਇਹੋ ਹਾਲ ਬਾਕੀ ਯੂਨੀਵਰਸਿਟੀਆਂ ਵਿੱਚ ਦੂਜੇ ਡਿਪਾਰਟਮੈਂਟਾਂ ਦਾ ਹੈ।

ਦੂਜਾ ਪੰਜਾਬ ਵਿੱਚ ਪ੍ਰਇਮਰੀ ਸਕੂਲਾਂ ਦਾ ਢਾਂਚਾ ਖੇਰੂੰ ਖੇਰੂੰ ਹੋ ਗਿਆ ਹੈ। ਇਸ ਦੇ ਟਾਕਰੇ ਤੇ ਮਹਿੰਗੇ ਅੰਗਰੇਜ਼ੀ ਸਕੂਲ ਚੱਲ ਪਏ, ਜਿਹੜੇ ਉਂਝ ਹੀ ਇੱਕ ਸਧਾਰਨ ਵਿਅਕਤੀ ਦੀ ਪਹੁੰਚ ਤੋਂ ਬਾਹਰ ਹਨ। ਪਹਿਲਾਂ ਤਾਂ ਪ੍ਰਾਇਮਰੀ ਸਕੂਲਾਂ ਵਿੱਚ ਕੋਈ ਟੀਚਰ ਹੀ ਨਹੀਂ ਹੁੰਦਾ। ਬਹੁਤਿਆਂ ਸਕੂਲਾਂ ਵਿੱਚ ਬੱਚਿਆਂ ਦੇ ਬੈਠਣ ਲਈ ਕੋਈ ਫਰਨੀਚਰ ਨਹੀਂ ਕਈ ਵਾਰੀ ਤਾਂ ਕਲਾਸਾਂ ਕਿਸੇ ਦਰਖ਼ਤ ਦੇ ਹੇਠ ਹੀ ਲਾਈਆਂ ਜਾਂਦੀਆਂ ਹਨ। ਵਸੀਲਿਆਂ ਵਾਲਾ ਵਿਅਕਤੀ ਤਾਂ ਆਪਣੇ ਨਿਆਣਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਵਿੱਦਿਆ ਦਿਵਾ ਲਵੇਗਾ ਪਰ ਪਿੰਡ ਵਿੱਚ ਇੱਕ ਸਧਾਰਨ ਗਰੀਬ ਕਿਸਾਨ ਅਤੇ ਕਿਰਤੀ ਲੋਕਾਂ ਦੇ ਬੱਚੇ ਕਿਸ ਤਰ੍ਹਾਂ ਵਿੱਦਿਆ ਪ੍ਰਾਪਤ ਕਰ ਲੈਣਗੇ? ਇਸ ਨਾਲ ਇਹ ਇੱਕ ਬਹੁਤ ਵੱਡਾ ਜਮਾਤੀ ਪਾੜਾ ਪੈ ਗਿਆ ਹੈ। ਜਿਸ ਤਰ੍ਹਾਂ ਪਹਿਲਾਂ ਆਸ ਹੁੰਦੀ ਸੀ ਕਿ ਜੇਕਰ ਨਿਆਣੇ ਵਿੱਚ ਯੋਗਤਾ ਹੈ ਤਾਂ ਵਸੀਲਿਆਂ ਵਾਲਿਆਂ ਦੇ ਨਾਲ ਔਖੇ ਸੌਖੇ ਪਹੁੰਚ ਕੇ ਉਨ੍ਹਾਂ ਤੋਂ ਦੋ ਕਦਮ ਅੱਗੇ ਵੀ ਜਾ ਸਕਦੇ ਸੀ, ਪਰ ਹੁਣ ਬਹੁਤ ਮੁਸ਼ਕਲ ਹੈ। ਇਹ ਬੜੀ ਦੁੱਖਦਾਈ ਗੱਲ ਹੈ। ਤੁਸੀਂ ਮਿਆਰ ਨੀਵੇਂ ਦੀ ਗੱਲ ਕਰਦੇ ਹੋ, ਦਰਅਸਲ ਵਿੱਦਿਅਕ ਢਾਂਚਾ ਹੀ ਨਿੱਘਰ ਗਿਆ। ਆਉਣ ਵਾਲੇ ਸਮੇਂ ਵਿੱਚ ਦੇਖੋਗੇ ਕਿ ਇੱਕ ਵਰਗ ਉੱਕਾ ਹੀ ਵਿੱਦਿਆ ਤੋਂ ਸੱਖਣਾ ਅਤੇ ਇੱਕ ਵਰਗ ਹਾਇਰ ਐਜੂਕੇਸ਼ਨ ਵਾਲਾ ਪੈਦਾ ਹੋ ਰਿਹਾ ਹੈ। ਜਿੰਨਾ ਚਿਰ ਜਨ-ਸਧਾਰਨ ਇਨ੍ਹਾਂ ਗੱਲਾਂ ਨੂੰ ਨਹੀਂ ਸੋਚਦਾ ਤਾਂ ਤਬਦੀਲੀ ਆਉਣੀ ਮੁਸ਼ਕਲ ਹੈ।

? ਡਾ. ਸਾਹਿਬ, ਤੁਸੀਂ ਪਹਿਲਾਂ ਪੰਜਾਬ ਛੱਡ ਕੇ ਇੰਗਲੈਂਡ ਗਏਫੇਰ ਮੁੜ ਪੰਜਾਬ, ਫੇਰ ਪੰਜਾਬ ਤੋਂ ਕੈਨੇਡਾ ਆਉਣ ਦਾ ਸਬੱਬ ਕੀ ਤੇ ਕਿਸ ਤਰ੍ਹਾਂ ਬਣਿਆ?

: ਪਹਿਲੀ ਵਾਰ ਮੈਂ ਉੱਨੀ ਸੌ ਚੌਹਟ ਵਿੱਚ ਇੰਗਲੈਂਡ ਗਿਆ ਸੀ। ਦਰਅਸਲ ਮੇਰਾ ਸੁਭਾਅ ਅਤੇ ਆਦਤਾਂ ਬਾਹਰ ਪ੍ਰਦੇਸ ਵਿੱਚ ਰਹਿਣ ਦੇ ਅਨਕੂਲ ਨਹੀਂ। ਮੈਂ ਮਈ ਚੌਹਟ ਵਿੱਚ ਇੰਗਲੈਂਡ ਗਿਆ ਤੇ ਦਸੰਬਰ ਪੈਂਹਟ ਨੂੰ ਮੁੜ ਪੰਜਾਬ ਆ ਗਿਆ। ਬਹੁਤੇ ਲੋਕਾਂ ਨੂੰ ਇਹ ਸਮਝ ਨਹੀਂ ਆਈ ਕਿ ਮੈਂ ਇੰਗਲੈਂਡ ਛੱਡ ਕੇ ਪੰਜਾਬ ਕਿਉਂ ਆ ਗਿਆ। ਉਨ੍ਹਾਂ ਵੇਲਿਆਂ ਵਿੱਚ ਨਸਲੀ ਵਿਤਕਰਾ ਇੰਨਾ ਸੀ ਕਿ ਮੇਰੇ ਬਰਦਾਸ਼ਤ ਕਰਨ ਤੋਂ ਬਾਹਰ ਸੀ। ਇਸ ਕਰਕੇ ਮੈਂ ਇੰਗਲੈਂਡ ਛੱਡ ਪੰਜਾਬ ਆ ਗਿਆ। ਪੈਸੇ ਕੋਲ ਨਹੀਂ ਸਨ, ਵਿੱਦਿਆ ਕੋਲ ਸੀ, ਇਸ ਕਰਕੇ ਹੌਲ਼ੀ ਹੌਲ਼ੀ ਮੁੜ ਪੰਜਾਬ ਵਿੱਚ ਪੈਰ ਲੱਗ ਗਏ। ਜਿਹੜੀ ਗੱਲ ਤੁਸੀਂ ਮੇਰੇ ਕੈਨੇਡਾ ਆਉਣ ਦੀ ਪੁੱਛੀ ਹੈ, ਇਹ ਵੀ ਇੱਕ ਦੁੱਖਦਾਈ ਦਾਸਤਾਨ ਹੈ। ਮੈਂ ਪੰਜਾਬ ਕਿੱਥੇ ਛੱਡਣਾ ਸੀ, ਮੇਰੇ ਕੋਲ਼ੋਂ ਛਡਵਾਇਆ ਗਿਆ। ਜੇਕਰ ਇਹ ਗੱਲ ਤੁਹਾਨੂੰ ਕੋਈ ਹੋਰ ਦੱਸਦਾ ਤਾਂ ਸ਼ਾਇਦ ਤੁਸੀਂ ਯਕੀਨ ਨਾ ਕਰਦੇ। ਜਦੋਂ ਮੇਰੇ ਕਿੱਤੇ ਦੇ ਸਿਖ਼ਰ ਦੇ ਦਿਨ ਸੀ, ਤਾਂ ਖ਼ਾਲਿਸਤਾਨੀ ਲਹਿਰ ਦੇ ਵਹਿਣ ਵਿੱਚ ਵਹਿ ਗਏ ਬੇ-ਸਮਝ ਲੋਕਾਂ ਦੇ ਦੁੱਖੋਂ ਮੈਨੂੰ ਇੱਕ ਵਾਰ ਫੇਰ ਪੰਜਾਬ ਛੱਡਣਾ ਪਿਆ। ਕਿਉਂਕਿ ਜਿਹੜੀ ਲੜਾਈ ਦੀ ਉਹ ਗੱਲ ਕਰਦੇ ਸੀ, ਉਸ ਬਾਰੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਸੀ ਕਿ ਉਹ ਕੀ ਕਰ ਰਹੇ ਹਨ। ਅਤੇ ਨਾ ਹੀ ਉਹ ਆਪਣੇ ਸਿਆਸੀ ਅਕੀਦੇ ਬਾਰੇ ਸਾਫ਼ ਸਨ। ਨਾ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅਸੀਂ ਖ਼ਾਲਿਸਤਾਨ ਲੈ ਕੇ ਕਿਸ ਤਰ੍ਹਾਂ ਚਲਾਉਣਾ ਹੈ। ਫੇਰ ਦੇਖੋ ਕਿ ਅਖ਼ਬਾਰਾਂ ਅਤੇ ਪੱਤਰਕਾਰਾਂ ਲਈ ਖ਼ਾਸ ਹਦਾਇਤਾਂ ਕਿ ਉਨ੍ਹਾਂ ਨੇ ਕੀ ਲਿਖਣਾ ਹੈ, ਤੇ ਕੀ ਛਾਪਣਾ ਹੈਆਮ ਲੋਕਾਂ ਦੀ ਜ਼ਿੰਦਗੀ ਵਿੱਚ ਦਖ਼ਲ ਇੰਨਾ ਵਧ ਗਿਆ ਕਿ ਉਨ੍ਹਾਂ ਨੂੰ ਹਦਾਇਤਾਂ ਹੋਣ ਲੱਗ ਪਈਆਂ ਸਨ ਕਿ ਤੁਸੀਂ ਕੀ ਖਾਣਾ ਤੇ ਕੀ ਪਹਿਨਣਾ ਹੈ ਤੇ ਕਿਹੜਾ ਰੰਗ ਤੁਹਾਡੇ ਕੱਪੜਿਆਂ ਦਾ ਹੋਵੇਗਾ। ਤੁਸੀਂ ਯਕੀਨ ਨਹੀਂ ਕਰੋਗੇ ਕਿ ਫ਼ਗਵਾੜੇ ਰਾਮਗੜ੍ਹੀਏ ਕਾਲਜ ਵਿੱਚ ਭੋਲਾ ਨਾਂਅ ਦਾ ਬੰਦਾ ਹਰ ਰੋਜ਼ ਕੁਰਸੀ ’ਤੇ ਆ ਕੇ ਬੈਠਦਾ ਸੀ। ਜਿਸ ਨੂੰ ਦਿਲ ਕਰਦਾ ਫਾਇਰ ਕਰਦਾ ਜਿਸ ਨੂੰ ਦਿਲ ਕਰਦਾ ਹਾਇਰ ਕਰਦਾ। ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਜਦੋਂ ਉਨ੍ਹਾਂ ਦਾ ਦਿਲ ਕਰਨਾ, ਫ਼ੰਡਜ਼ ਇਕੱਠੇ ਕਰਨ ਆ ਜਾਣਾ।

ਹੁਣ ਅਖ਼ੀਰਲੀ ਗੱਲ ਸੁਣੋ, ਪੰਜਾਬ ਵਿਚਲੀਆਂ ਸਾਰੀਆਂ ਯੂਨੀਵਰਸਿਟੀਆਂ, ਜਿੱਥੇ ਵੀ ਪੰਜਾਬੀ ਪੜ੍ਹਾਈ ਜਾਂਦੀ ਹੈ ਜਾਂ ਪੀਐੱਚ. ਡੀ. ਕਰਵਾਈ ਜਾਂਦੀ ਹੈ, ਉਨ੍ਹਾਂ ਸਾਰੀਆਂ ਨਾਲ ਮੇਰਾ ਵਾਹ ਵਾਸਤਾ ਹੁੰਦਾ ਸੀ। ਇੱਕ ਦਿਨ ਮੈਂ ਘਰ ਨਹੀਂ ਸਾਂ ਤੇ ਮੇਰੀ ਗੈਰ-ਹਾਜ਼ਰੀ ਵਿੱਚ ਕੁਝ ਮੁੰਡੇ ਮੋਟਰਸਾਈਕਲ ’ਤੇ ਮੇਰੇ ਘਰ ਆਏ ਤੇ ਐੱਮ. ਫ਼ਿਲ. ਦਾ ਥੀਸਿਸ ਮੇਰੇ ਘਰ ਫੜਾ ਗਏ। ਨਾਲ ਇਹ ਵੀ ਹਦਾਇਤ ਸੀ ਕਿ ਇਹ ਥੀਸਿਸ ਦੇਖ ਲਉ ਅਤੇ ਐਨੇ ਦਿਨਾਂ ਦੇ ਵਿੱਚ ਰਿਜ਼ਲਟ ਮਿਲਣਾ ਚਾਹੀਦਾ ਹੈ। ਤੁਹਾਨੂੰ ਪਤਾ ਕਾਲਜਾਂ ਯੂਨੀਵਰਸਿਟੀਆਂ ਵਲੋਂ ਇਹ ਸਭ ਕੁਝ ਸੀਕਰਟ ਹੁੰਦਾ ਹੈ ਕਿ ਹਰ ਐਗਜ਼ਾਮੀਨਰ ਨੂੰ ਰਜਿਸਟਰ ਲੈਟਰ ਰਾਹੀਂ ਮਾਰਕਿੰਗ ਲਈ ਪੇਪਰ ਭੇਜੇ ਜਾਂਦੇ ਹਨ। ਹੁਣ ਤੁਸੀਂ ਦੇਖੋ ਕਿ ਇਹ ਮੁੰਡੇ ਹੱਥੀਂ ਥੀਸਿਸ ਘਰ ਦੇ ਗਏ ਹਨ ਤੇ ਰਿਜ਼ਲਟ ਦੀ ਵੀ ਮੰਗ ਕਰ ਰਹੇ ਸਨ। ਤੁਸੀਂ ਐਹੋ ਜਿਹੇ ਮਾਹੌਲ ਵਿੱਚ ਕੰਮ ਕਿਵੇਂ ਕਰ ਸਕੋਗੇ। ਮੈਂ ਸਾਰੀਆਂ ਯੂਨੀਵਰਸਿਟੀਆਂ ਨੂੰ ਕਹਿ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਮੈਂ ਛੁੱਟੀ ਲੈ ਕੇ ਇੱਧਰ ਕੈਨੇਡਾ ਆ ਗਿਆ। ਇਸ ਕਰਕੇ ਮੈਂ ਇਹ ਕਹਿੰਦਾ ਹਾਂ ਕਿ ਮੇਰੇ ਕੋਲ਼ੋ ਪੰਜਾਬ, ਜੋ ਮੇਰਾ ਘਰ ਹੈ, ਛਡਵਾਇਆ ਗਿਆ ਹੈ। ਇੱਥੇ ਮੈਨੂੰ ਧਨੀ ਰਾਮ ਚਾਤ੍ਰਿਕ ਦੀਆਂ ਉਹ ਸਤਰਾਂ ਯਾਦ ਆ ਰਹੀਆਂ ਹਨ, ਜਿਨ੍ਹਾਂ ਵਿੱਚ ਉਹਨੇ ਆਪਣੇ ਮਿੱਟੀ ਦੇ ਕੁੱਲੇ ਨੂੰ ਸ਼ਾਹੀ ਮਹਿਲਾਂ ਨਾਲ ਤੁਲਣਾ ਕੀਤੀ ਹੈ:

ਦੁਨੀਆ ਸਾਰੀ ਸੋਹਣੀ ਹੈ ਪਰ ਤੇਰਾ ਰੰਗ ਨਿਆਰਾ ਹੈ,
ਤੇਰੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ

ਮੈਂ ਇਹ ਨਹੀਂ ਕਹਿੰਦਾ ਕਿ ਮਿੱਟੀ ਦਾ ਕੁੱਲਾ ਸ਼ਾਹੀ ਮਹਿਲਾਂ ਨਾਲ਼ੋਂ ਸੋਹਣਾ ਹੈ। ਪਰ ਗੱਲ ਤੁਹਾਡੇ ਪਿਆਰ ਦੀ ਹੈ ਜਾਂ ਤੁਹਾਡੀਆਂ ਸਾਂਝਾਂ ਦੀ ਹੈ। ਮੇਰੀ ਜਨਮ-ਭੂਮੀ ਮੇਰਾ ਪਿੰਡ ਮੇਰਾ ਪੰਜਾਬ ਹੀ ਰਹਿਣਾ ਹੈ, ਇਸ ਕਰਕੇ ਪੰਜਾਬ ਦੀ ਮਿੱਟੀ ਦੀ ਮਹਿਕ ਮੇਰੇ ਖ਼ੂਨ ਵਿਚ ਹੈ। ਹਿੰਦੋਸਤਾਨ ਦੇ ਹਰ ਕੋਨੇ ਨੂੰ ਵੀ ਉੰਨਾ ਹੀ ਪਿਆਰ ਕਰਦਾ ਹਾਂ।

? ਜ਼ਿੰਦਗੀ ਦੇ ਕਿਸੇ ਹੋਰ ਸੁਖਦਾਇਕ ਜਾਂ ਦੁਖਦਾਇਕ ਪਲਾਂ ਦਾ ਕੋਈ ਤਜ਼ਰਬਾ ਸਾਂਝਾ ਕਰਨਾ ਚਾਹੋਗੇ?

: ਦੁੱਖਦਾਈ ਪਲਾਂ ਦੀ ਗੱਲ ਤਾਂ ਆਪਾਂ ਪਹਿਲਾਂ ਕੀਤੀ ਹੀ ਹੈ। ਜੇ ਸੱਚ ਪੁੱਛੋਂ ਤਾਂ ਮੈਂ ਕਹਾਂਗਾ ਕਿ ਜਦੋਂ ਮੈਂ ਡੀ.ਏ ਵੀ ਕਾਲਜ ਤੋਂ ਵਿਹਲਾ ਹੋਇਆ ਤਾਂ ਤੁਸੀਂ ਸਮਝੋ ਕਿ ਇਹ ਮੇਰੇ ਸ਼ੌਕ ਅਤੇ ਜੋਸ਼ ਦੇ ਇਹ ਮੇਰੇ ਕਿੱਤੇ ਦੀ ਸ਼ੁਰੂਆਤ ਅਤੇ ਪ੍ਰੇਰਨਾ ਦੇ ਦਿਨ ਸਨ। ਉਦੋਂ ਅਜੇ ਡੀ.ਏ. ਵੀ. ਕਾਲਿਜ ਜਲੰਧਰ ਵਿੱਚ ਐੱਮ. ਏ. ਪੰਜਾਬੀ ਪੜ੍ਹਾਉਣੀ ਸ਼ੁਰੂ ਹੋਈ ਸੀਜਿੰਨੇ ਚਾਅ ਨਾਲ ਮੈਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂ ਮੈਂ ਵਿਦਿਆਰਥੀਆਂ ਦਾ ਖ਼ਿਆਲ ਰੱਖਿਆ, ਇਸ ਸਮੇਂ ਜਿਹੜੇ ਸਥਾਈ ਰਿਸ਼ਤੇ ਮੇਰੇ ਵਿਦਿਆਰਥੀਆਂ ਨਾਲ ਬਣੇ, ਉਹ ਅੱਜ ਵੀ ਕਾਇਮ ਹਨ। ਉਸ ਤਰ੍ਹਾਂ ਜੇਕਰ ਮੈਂ ਕਹਿ ਦਿੰਦਾ ਕਿ ਚਲੋ ਮੈਂ ਟੀਚਰ ਯੂਨੀਅਨ ਵਿੱਚ ਹਿੱਸਾ ਨਹੀਂ ਲੈਂਦਾ ਤਾਂ ਮੈਂ ਆਪਣੀ ਜੌਬ ਬਚਾਅ ਲੈਂਦਾ। ਪਰ ਇਹ ਮੇਰੇ ਅਸੂਲਾਂ ਦੇ ਖ਼ਿਲਾਫ਼ ਸੀ। ਸੋ ਇਸ ਕਰਕੇ ਮੈਂ ਸੇਵਾ-ਮੁਕਤ ਹੋਣਾ ਹੀ ਠੀਕ ਸਮਝਿਆ। ਉਨ੍ਹਾਂ ਸ਼ੁਰੂਆਤੀ ਦਿਨਾਂ ਦੇ ਮੇਰੇ ਪੰਜ ਵਿਦਿਆਰਥੀ ਸਨ ਉਨ੍ਹਾਂ ਦੇ ਨਾਂਅ ਹੁਣ ਤੱਕ ਯਾਦ ਹਨ। ਜ਼ਿੰਦਗੀ ਦੇ ਹਰ ਮੋੜ ’ਤੇ ਮੇਰੀ ਸਾਂਝ ਉਨ੍ਹਾਂ ਨਾਲ ਇਸ ਤਰ੍ਹਾਂ ਬਣੀ ਕਿ ਪੜ੍ਹਾਈ ਤੋਂ ਬਿਨਾਂ ਵੀ ਨਿੱਜੀ ਜ਼ਿੰਦਗੀ ਵਿੱਚ ਵੀ ਬਹੁਤ ਨੇੜੇ ਹੋ ਕੇ ਮੈਂ ਉਨ੍ਹਾਂ ਦਾ ਤੇ ਉਨ੍ਹੀਂ ਮੇਰਾ ਸਾਥ ਦਿੱਤਾ। ਮੈਂ ਇਹ ਕਹਿ ਸਕਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਖ਼ੂਬਸੂਰਤ ਰਿਸ਼ਤੇ, ਜਿਨ੍ਹਾਂ ਤੇ ਮੈਂ ਮਾਣ ਕਰ ਸਕਦਾ ਹਾਂ, ਉਹ ਮੇਰੇ ਵਿਦਿਆਰਥੀਆਂ ਨਾਲ ਹਨ। ਮੈਨੂੰ ਬਹੁਤ ਹੀ ਨੇਕ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਵਿੱਚੋਂ ਕੁਝ ਕੈਨੇਡਾ ਵਿੱਚ ਵੀ ਹਨ ਜਿਸ ਤਰ੍ਹਾਂ ਮੁਹਿੰਦਰ ਸੂਮਲ, ਸਾਧੂ ਬਿਨਿੰਗ, ਸਰਵਣ ਬੋਲ। ਇੱਥੇ ਇੱਕ ਇਹ ਗੱਲ ਮਾਣ ਨਾਲ ਦੱਸਣੀ ਚਾਹਾਂਗਾ ਕਿ ਜਦੋਂ ਮੈਂ ਪੰਜਾਬ ਛੱਡ ਕੈਨੇਡਾ ਆਇਆ ਹਾਂ, ਇੱਥੇ ਸੈਟਲ ਹੋਣ ਲਈ ਇਹ ਵਿਦਿਆਰਥੀ ਮੇਰੇ ਬਰਾਬਰ ਦੀਆਂ ਧਿਰਾਂ ਬਣ ਕੇ ਮੇਰੀ ਹਰ ਮੁਸ਼ਕਲ ਸਮੇਂ ਮੇਰੇ ਨਾਲ ਖੜ੍ਹੇ। ਮੈਂ ਕਹਾਂਗਾ ਕਿ ਮੇਰੇ ਅਧਿਆਪਨ ਦੇ ਦਿਨਾਂ ਦੇ ਉਨ੍ਹਾਂ ਸੁਨਿਹਰੀ ਅਤੇ ਸੁਖਦਾਈ ਪਲਾਂ ਨੇ ਮੇਰੀ ਜ਼ਿੰਦਗੀ ਵਿੱਚ ਹਰ ਵੇਲੇ ਮਹਿਕ ਭਰੀ।

? ਤੁਸੀਂ ਪੰਜਾਬੀ ਸੱਭਿਅਚਾਰ ’ਤੇ ਵੀ ਕਾਫੀ ਕੰਮ ਕੀਤਾ ਹੈ ਇਹਦੇ ਬਾਰੇ ਕੁਝ ਦਸੋ?

ਦੇਖੋ, ਮੈਂ ਆਪਣੇ ਸਭਿਆਚਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸਭਿਆਚਾਰ ਬਾਰੇ ਮੇਰਾ ਰਵਈਆ ਮੁਕਤ ਹੈ। ਸਭਿਆਚਾਰ ਕੋਈ ਇੱਕ ਗੱਲ ਨਹੀਂ, ਸਗੋਂ ਸਮੁੱਚੀ ਰਹਿਤਲ ਹੈ। ਸਭਿਆਚਾਰ ਸੰਸਕ੍ਰਿਤ ਮੂਲ ਦਾ ਸ਼ਬਦ ਹੈ। ਸਾਨੂੰ ਦੋ ਲਫ਼ਜ਼ਾਂ ਵਲ ਧਿਆਨ ਦੇਣ ਦੀ ਲੋੜ ਹੈ ਇੱਕ ਸ਼ਬਦ ਹੈ ਪ੍ਰਾਕ੍ਰਿਤੀ ਜਿਹੜੀ ਕਿ ਕੁਦਰਤੀ ਜੀਵਨ ਬਾਰੇ ਗੱਲ ਕਰਦੀ ਹੈ। ਜਿਸ ਤਰ੍ਹਾਂ ਪਹਿਲਾਂ ਲੋਕ ਜੰਗਲ ਵਿੱਚ ਰਿਹਾ ਕਰਦੇ ਸਨ, ਸ਼ਿਕਾਰ ਕਰਕੇ ਖਾਂਦੇ ਸੀ ਜਿਉਂ ਲੋਕ ਜੰਗਲ ਤੋਂ ਬਾਹਰ ਆਏ, ਪਿੰਡ ਸ਼ਹਿਰ ਬਣਾ ਕੇ ਰਹਿਣ ਲੱਗੇ। ਹੋਰ ਲੋੜਾਂ ਦੀ ਪੂਰਤੀ ਲਈ ਇੱਕ ਦੂਜੇ ’ਤੇ ਨਿਰਭਰਤਾ ਵਧਦੀ ਗਈ ਇਸ ਸਾਰੀ ਯਾਤਰਾ ਨੂੰ ਆਪਾਂ ਸਭਿਆਚਾਰ ਕਹਿ ਸਕਦੇ ਹਾਂ, ਜਿਹਦੇ ਵਿੱਚ ਰਹਿਣ ਸਹਿਣ, ਦੁੱਖ ਸੁੱਖ, ਰੀਤੀ ਰਿਵਾਜ ਤੇ ਧਰਮ ਅਤੇ ਹੋਰ ਬਹੁਤ ਕੁਝ ਹੁੰਦਾ ਹੈ। ਮੈਂ ਕਈ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੈ ਕਿ ਪੰਜਾਬ ਦਾ ਸਭਿਆਚਾਰ ਤਾਂ ਸਿੱਖ ਸੱਭਿਆਚਾਰ ਹੈ, ਜੋ ਕਿ ਇੱਕ ਗ਼ਲਤ ਗੱਲ ਹੈ। ਪੰਜਾਬੀ ਸਭਿਆਚਾਰ ਸਮੁੱਚੇ ਪੰਜਾਬੀਆਂ ਦਾ ਸਭਿਅਚਾਰ ਹੈ ਜਿਹੜਾ ਕਿ ਬਹੁ-ਰੂਪੀ ਹੈ। ਇਸਦੀਆਂ ਕਈ ਪਰਤਾਂ ਹਨਨਾਲੇ ਇਹ ਕਿਸੇ ਖ਼ਾਸ ਮਿਤੀ ਤੋਂ ਸ਼ੁਰੂ ਨਹੀਂ ਹੁੰਦਾ ਇਹਦਾ ਨਿਰੰਤਰ ਵਿਕਾਸ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ। ਜਿਸ ਤਰ੍ਹਾਂ ਮੰਹਿਜੋਦੜੋ ਅਤੇ ਹੜੱਪਾ ਦੀ ਸੱਭਿਆਤਾ ਨੂੰ ਪੰਜਾਬ ਦੀ ਸੱਭਿਅਤਾ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਵੇਦਾਂ ਦੀ ਰਚਨਾ ਪੰਜਾਬ ਦੀ ਧਰਤੀ ’ਤੇ ਹੋਈ, ਇਹ ਹੈ ਵੀ ਸੱਚ। ਇਹ ਵੇਦ ਪੰਜਾਬੀ ਬੋਲੀ ਦੇ ਬਹੁਤ ਨੇੜੇ ਹਨ। ਬਾਕੀ ਗੱਲ ਹੈ ਕਿ ਹਰ ਇੱਕ ਨੂੰ ਆਪਣਾ ਸਭਿਆਚਾਰ ਚੰਗਾ ਲੱਗਦਾ ਹੈ, ਭਾਵੇਂ ਉਹਦੇ ਵਿੱਚ ਕਿੰਨੇ ਵੀ ਦੋਸ਼ ਹੋਣ। ਸਾਡੇ ਸਭਿਆਚਾਰ ਵਿੱਚ ਵੀ ਬਹੁਤ ਦੋਸ਼ ਹਨ, ਜਿਸ ਤਰ੍ਹਾਂ ਜਾਤੀਵਾਦ, ਕੁੜੀਆਂ ਨੂੰ ਮਾਰਨਾ, ਫੇਰ ਹਰ ਗੱਲ ਡਾਂਗ ਨਾਲ ਹੀ ਮੰਨਵਾਉਣੀ ਇਹ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ, ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਆਪਣੀਆਂ ਮਾੜੀਆਂ ਗੱਲਾਂ ਨੂੰ ਛੱਡ ਕੇ ਚੰਗੀਆਂ ਨੂੰ ਅਪਣਾਈਏ ਭਾਵੇਂ ਉਹ ਕਿਸੇ ਵੀ ਸੱਭਿਆਚਾਰ ਦੀਆਂ ਹੋਣ।

? ਕਈ ਲੋਕਾਂ ਦਾ ਵਿਚਾਰ ਹੈ ਕਿ ਪੰਜਾਬੀ ਬੋਲੀ ਵਿੱਚ ਦੇਸ਼ ਦੀ ਵੰਡ ਤੋਂ ਪਹਿਲਾਂ ਉਰਦੂ, ਫ਼ਾਰਸੀ ਅਤੇ ਵੰਡ ਤੋਂ ਬਾਅਦ ਹਿੰਦੀ, ਸੰਸਕ੍ਰਿਤ ਦੇ ਸ਼ਬਦਾਂ ਨਾਲ ਪੰਜਾਬੀ ਨੂੰ ਬੋਝਲ ਬਣਾ ਦਿੱਤਾ ਹੈ। ਪਰ ਕੁਝ ਲੋਕਾਂ ਦਾ ਵਿਚਾਰ ਹੈ ਕਿ ਦੂਜੀਆਂ ਬੋਲੀਆਂ ਤੋਂ ਸ਼ਬਦ ਉਧਾਰੇ ਲੈਣ ਨਾਲ ਸਾਡੀ ਬੋਲੀ ਅਮੀਰ ਹੁੰਦੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?

: ਦਰਅਸਲ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਸਾਡੇ ਪੂਰਬੀ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਬਹੁਤ ਸਾਰੇ ਨਵੇਂ ਵਿਸ਼ੇ ਪੜ੍ਹਾਉਣੇ ਸ਼ੁਰੂ ਹੋਏ, ਜਿਸ ਤਰ੍ਹਾਂ ਸਮਾਜ ਸ਼ਾਸ਼ਤਰ, ਇਕਨੌਮਿਕਸ ਜਾਂ ਰਾਜਨੀਤੀ ਵਗੈਰਾ। ਪਰ ਜਿਸ ਤਰ੍ਹਾਂ ਹੁਣ ਮੈਡੀਕਲ ਦੀ ਗੱਲ ਕਰੀਏ ਕਿ ਬਹੁਤ ਸਾਰੇ ਸ਼ਬਦ ਲੈਤਿਨ ਅਤੇ ਗਰੀਕ ਦੇ ਹਨ, ਸਾਰੀ ਦੁਨੀਆ ਵਿੱਚ ਉਵੇਂ ਹੀ ਪ੍ਰਚਲਤ ਹੋਏ ਹਨ। ਜਦੋਂ ਆਪਾਂ ਗੱਲ ਪੰਜਾਬੀ ਭਾਸ਼ਾ ਦੀ ਕਰਦੇ ਹਾਂ ਮੇਰਾ ਤਾਂ ਖ਼ਿਆਲ ਹੈ ਕਿ ਜੇਕਰ ਸਾਡੇ ਕੋਲ ਉਨ੍ਹਾਂ ਸ਼ਬਦਾਂ ਦੇ ਹਾਣ ਦੇ ਸ਼ਬਦ ਹਨ ਤਾਂ ਸਾਨੂੰ ਉਹ ਵਰਤਣੇ ਚਾਹੀਦੇ ਹਨ। ਜੇਕਰ ਸਾਡੇ ਕੋਲ ਢੁੱਕਵੇਂ ਸ਼ਬਦ ਨਹੀਂ ਤਾਂ ਦੂਜੀਆਂ ਬੋਲੀਆਂ ਵਿੱਚੋਂ ਲੈਣ ਦਾ ਕੋਈ ਹਰਜ਼ ਨਹੀਂ। ਹੁਣ ਕਈ ਵਾਰ ਵਿਸ਼ਾ ਹੀ ਇਹੋ ਜਿਹਾ ਹੁੰਦਾ ਹੈ, ਜਿਸ ਲਈ ਹੋਰ ਢੁੱਕਵੇਂ ਜਾਂ ਉਸ ਭਾਸ਼ਾ ਦੇ ਸ਼ਬਦ ਨਹੀਂ ਮਿਲਦੇ ਤਾਂ ਦੂਜੀਆਂ ਬੋਲੀਆਂ ਦੇ ਸ਼ਬਦ ਵਰਤਣੇ ਵੀ ਪੈਂਦੇ ਹਨ। ਅਰਬੀ ਫ਼ਾਰਸੀ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਇੱਕ ਕਿਤਾਬ ਹੁੰਦੀ ਸੀ ਡਾ. ਮੋਹਣ ਸਿੰਘ ਦੀਵਾਨਾ ਦੀ ਜਿਸ ਦਾ ਟਾਇਟਲ ਸੀ “ਪੰਜਾਬੀ ਅਦਬ ਕੀ ਮੁਖ਼ਤਸਰ ਤਾਰੀਖ” ਜਿਸ ਦਾ ਭਾਵ ਅਰਥ ਹੈ: “ਪੰਜਾਬੀ ਸਹਿਤ ਦਾ ਸੰਖੇਪ ਇਤਿਹਾਸ”ਹੁਣ ਅਸੀਂ ਸਾਰੇ ਹੀ ਇਸ ਦਾ ਪੰਜਾਬੀ ਰੂਪ ਹੀ ਵਰਤਦੇ ਹਾਂ। ਸੋ ਇਸ ਕਰਕੇ ਜਿਹੜੇ ਸ਼ਬਦ ਅਸੀਂ ਪੰਜਾਬੀ ਵਿੱਚ ਸੌਖਿਆਂ ਲੱਭ ਸਕਦੇ ਹਾਂ ਜਾਂ ਵਰਤ ਸਕਦੇ ਹਾਂ, ਵਰਤਣੇ ਚਾਹੀਦੇ ਹਨ।

ਸਾਡੀ ਭਾਸ਼ਾ ਦੀ ਅਮੀਰੀ ਇੱਕ ਹੋਰ ਗੱਲੋਂ ਬਹੁਤ ਹੈ ਕਿ ਸਾਡੇ ਜਨ-ਜੀਵਨ ਵਿੱਚ, ਘਰੇਲੂ ਜੀਵਨ, ਖੇਤੀਬਾੜੀ ਦੇ ਨਿੱਕੇ ਮੋਟੇ ਕੰਮਾਂ ਅਤੇ ਸੰਦ ਸੰਦੇੜੇ ਨਾਲ ਸਬੰਧਤ ਬੇਅੰਤ ਸ਼ਬਦ ਹਨ। ਮੈਨੂੰ ਕਦੇ ਕਦੇ ਇਉਂ ਲੱਗਦਾ ਕਿ ਅਸੀਂ ਉਸ ਜ਼ਿੰਦਗੀ ਨਾਲੋਂ ਟੁੱਟ ਕੇ ਬਹੁਤੇ ਸ਼ਬਦ ਗੁਆ ਲਏ ਹਨ। ਜਿਹੜੇ ਸ਼ਬਦ ਸਾਡੇ ਕਲਾਸਿਕ ਸਾਹਿਤ ਵਿੱਚ, ਜਿਸ ਤਰ੍ਹਾਂ ਨਾਲ ਗੁਰਬਾਣੀ ਸਾਹਿਤ ਵਿੱਚ, ਸੂਫ਼ੀ ਸਾਹਿਤ ਵਿੱਚ ਅਤੇ ਕਿੱਸਾ ਸਾਹਿਤ ਵਿੱਚ ਹਨ; ਜੇਕਰ ਆਪਾਂ ਇਨ੍ਹਾਂ ਸ਼ਬਦਾਂ ਨੂੰ ਠੀਕ ਤਰ੍ਹਾਂ ਨਾਲ ਸੰਭਾਲੀਏ ਅਤੇ ਹੁਣ ਨਵੇਂ ਸਾਡੀ ਜ਼ਬਾਨ ਦੇ ਜਿੰਮੇ ਜਿਹੜੇ ਨਵੇਂ ਕੰਮ ਲਾਏ ਹਨ ਇਨ੍ਹਾਂ ਨਾਲ ਸਬੰਧਿਤ ਸ਼ਬਦਾਂ ਦੀ ਘਾੜਤ ਲਈ ਅਸੀਂ ਸੰਤੁਲਤ ਰਵਈਆ ਅਪਣਾਈਏ। ਇਹ ਨਾ ਹੋਵੇ ਕਿ ਅਸੀਂ ਹਰ ਸ਼ਬਦ ਲਈ ਦੂਜਿਆਂ ’ਤੇ ਹੀ ਨਿਰਭਰ ਕਰੀਏ। ਹੁਣ ਕਈ ਵਾਰੀ ਤੁਹਾਡੇ ਵੱਸ ਦੀ ਗੱਲ ਵੀ ਨਹੀਂ ਹੁੰਦੀ, ਗੱਲ ਹੀ ਔਖੇ ਸੰਕਲਪ ਦੀ ਹੁੰਦੀ ਹੈ ਕਿ ਸ਼ਬਦ ਉਹਦੇ ਹਾਣ ਦੇ ਹੀ ਵਰਤਣੇ ਪੈਂਦੇ ਹਨ। ਮਿਸਾਲ ਦੇ ਤੌਰ ’ਤੇ ਆਲੋਚਨਾ ਵਿੱਚ ਕਈ ਵਾਰ ਇਹ ਤਕਲੀਫ਼ ਆਉਂਦੀ ਹੈ। ਮੇਰੇ ਖ਼ਿਆਲ ਵਿੱਚ ਅਸਲ ਰੌਲ਼ਾ ਤਾਂ ਇਹ ਹੈ ਕਿ ਕਈ ਵਾਰ ਬਹੁਤੇ ਲੋਕ ਜਾਣ ਬੁੱਝ ਕੇ ਔਖੇ ਸ਼ਬਦ ਦੂਜੀਆਂ ਬੋਲੀਆਂ ਵਿੱਚੋਂ ਲੈ ਕੇ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣਾ ਚਾਹੁੰਦੇ ਹਨ, ਜਿਹੜੀ ਕਿ ਮਾੜੀ ਗੱਲ ਹੈ। ਬਹੁਤੀ ਵਾਰ ਢੁੱਕਵੇਂ ਸ਼ਬਦ ਹੁੰਦੇ ਹਨ, ਲੋਕ ਲੱਭਣ ਦੀ ਵੀ ਖੇਚਲ ਨਹੀਂ ਕਰਦੇ। ਕਈ ਵਾਰ ਸਹੀ ਉਚਾਰਨ ਦੀ ਸਮੱਸਿਆ ਵੀ ਸਾਹਮਣੇ ਆਈ ਹੈ, ਕਿਉਂਕਿ ਸ਼ਬਦ ਦੂਜੀਆਂ ਬੋਲੀਆਂ ਵਿੱਚੋਂ ਲਏ ਹੁੰਦੇ ਹਨ।

ਸੋ ਮੇਰਾ ਵਿਚਾਰ ਹੈ ਕਿ ਪਹਿਲਾਂ ਆਪਣੀ ਬੋਲੀ ਵਿੱਚ ਉਨ੍ਹਾਂ ਸ਼ਬਦਾਂ ਨੂੰ ਲੱਭਿਆ ਜਾਵੇ, ਜੇਕਰ ਨਹੀਂ ਮਿਲਦੇ ਤਾਂ ਫੇਰ ਉਸ ਨੂੰ ਸੌਖੇ ਅਤੇ ਸਰਲ ਸ਼ਬਦ ਦੂਜੀ ਬੋਲੀ ਦੇ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਅੰਗਰੇਜ਼ੀ ਬੋਲੀ ਦੇ ਬਹੁਤ ਸਾਰੇ ਸ਼ਬਦ ਅਸੀਂ ਅਪਣਾਏ ਹੋਏ ਹਨ। ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਬਿਨਾਂ ਇਹ ਮਹਿਸੂਸ ਕੀਤਿਆਂ ਵਰਤਦੇ ਹਾਂ। ਜਿਸ ਤਰ੍ਹਾਂ ਟਾਈਮ, ਅਲਾਰਮ, ਸਟੇਸ਼ਨ, ਬੱਸ ਸਟੌਪ ਅਤੇ ਹੋਰ ਵੀ ਅਨੇਕਾਂ ਸ਼ਬਦ ਅਸੀਂ ਹਰ ਰੋਜ਼ ਬੋਲਦੇ, ਸੁਣਦੇ, ਸਮਝਦੇ ਹਾਂ। ਇਹ ਸਾਡੇ ਜਨ-ਜੀਵਨ ਵਿੱਚ ਰਚ ਮਿਚ ਗਏ ਹਨ।

? ਡਾ. ਸਾਹਿਬ ਇਸੇ ਸਵਾਲ ਦਾ ਦੂਜਾ ਹਿੱਸਾ ਹੈ ਕਿ ਤੁਸੀਂ ਇੱਕ ਕਿਤਾਬ ‘ਪੰਜਾਬੀ ਬੋਲੀ ਦੀ ਵਿਰਾਸਤ’ ਵੀ ਲਿਖੀ ਹੈ। ਸਾਡੇ ਸਭਿਆਚਾਰ ਵਿੱਚ ਸਾਡੀ ਬੋਲੀ ਦਾ ਬਹੁਤ ਸਾਰਾ ਸ਼ਬਦ ਭੰਡਾਰ, ਜੋ ਅਸੀਂ ਵਰਤ ਨਹੀਂ ਰਹੇ ਤੇ ਜੋ ਅਲੋਪ ਹੋ ਰਿਹਾ ਹੈ। ਪਰ ਉਹਦੀ ਥਾਂ ਦੂਜੀਆਂ ਬੋਲੀਆਂ ਦੇ ਸ਼ਬਦ ਵਰਤਣ ਨੂੰ ਤਰਜ਼ੀਹ ਦੇ ਰਹੇ ਹਾਂ ਪਰ ਤੁਸੀਂ ਉਸ ਭੰਡਾਰ ਨੂੰ ਸਾਂਭਣ ਦਾ ਇੱਕ ਅਣਮੁੱਲਾ ਯਤਨ ਕੀਤਾ ਹੈ। ਇਹਦੇ ਬਾਰੇ ਕੁਝ ਦੱਸੋ?

: ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਹੈ, ਦਰਅਸਲ ਜ਼ਿੰਦਗੀ ਦੇ ਕਿਸੇ ਖ਼ੇਤਰ ਬਾਰੇ ਜੇ ਪੰਜਾਬੀ ਵਿੱਚ ਉਚਿਤ ਸ਼ਬਦਾਂ ਦਾ ਸੱਚਮੁੱਚ ਹੀ ਤੋੜਾ ਹੋਏ ਤਾਂ ਹੋਰ ਬੋਲੀਆਂ ਦਾ ਆਸਰਾ ਤੱਕਣ ਵਿੱਚ ਕੋਈ ਹਰਜ਼ ਨਹੀਂ। ਦੁਨੀਆ ਵਿੱਚ ਕਿਹੜੀ ਅਜਿਹੀ ਬੋਲੀ ਹੈ ਜੋ ਅਜਿਹੇ ਲੈਣ ਦੇਣ ਤੋਂ ਮੁਕਤ ਹੋਣ ਦੀ ਢੀਂਗ ਮਾਰ ਸਕਦੀ ਹੈ? ਪਰ ਜਦ ਸਾਡੇ ਕੋਲ਼ ਸਾਲ਼ਾ ਭਣੋਈਆਂ, ਦੇਰ ਜੇਠ ਅਤੇ ਨਣਦੋਈਏ ਜਿਹੇ ਵਧੇਰੇ ਭਾਵਪੂਰਤ ਸ਼ਬਦ ਮੌਜੂਦ ਹਨ ਤਾਂ ਇਨ੍ਹਾਂ ਸਾਰਿਆਂ ਨੂੰ ਬ੍ਰਦਰ-ਇਨ-ਲਾ ਦੇ ਇੱਕੋ ਰੱਸੇ ਨਾਲ ਬੰਨ੍ਹ ਕੇ ਸੁੱਕਣੇ ਪਾਉਣ ਦੀ ਕਿੱਧਰ ਦੀ ਦਾਨਾਈ ਹੈ। ਇਹੋ ਦੋਸ਼ ਮਾਮੇ, ਮਾਸੜ, ਚਾਚੇ, ਤਾਏ, ਫੁਫੜ ਨੂੰ ਅੰਕਲ ਆਖਣ ਵਿੱਚ ਹੈ। ਨਾਨਕੇ-ਦਾਦਕੇ ਜਾਂ ਪੇਕੇ ਸਹੁਰਿਆਂ ਦੇ ਸਾਕਾਂ ਨੂੰ ਦਰਸਾਉਣ ਵਿੱਚ ਅੰਗਰੇਜ਼ੀ ਬੋਲੀ ਪੰਜਾਬੀ ਦੇ ਪਾਂ-ਪਾਂਸਕੂ ਵੀ ਨਹੀਂ ਆਖੀ ਜਾ ਸਕਦੀ। ਇਸ ਸੂਰਤ ਵਿੱਚ ਅੰਗਰੇਜ਼ੀ ਵੱਲ ਸਾਡੇ ਪੜ੍ਹੇ ਲਿਖਿਆ ਦੀ ਕੁੱਤੇ ਝਾਕ ਨੂੰ ਉਨ੍ਹਾਂ ਦੀ ਜ਼ਿਹਨੀ ਗੁਲਾਮੀ ਤੋਂ ਬਿਨਾਂ ਹੋਰ ਕਿਹੜੀ ਮਰਜ਼ ਕਿਹਾ ਜਾ ਸਕਦਾ? ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਦੀ ਸੀਮਾ ਨੂੰ ਐਵੇਂ ਅਗਿਆਨ ਵੱਸ ਹੀ ਨੌਲਣ ਦੀ ਥਾਂ ਜੇ ਇਸ ਦੇ ਕਲਾਸੀਕੀ ਲਿਖਤੀ, ਲੋਕਯਾਨਕ ਅਤੇ ਮੌਲਿਕ ਸੋਮਿਆਂ ਨੂੰ ਪੂਰੇ ਸਿਦਕ ਅਤੇ ਸਿਰੜ ਨਾਲ ਗੌਲ਼ਿਆ ਜਾਏ ਤਾਂ ਇਹ ਬੋਲੀ ਕੇਵਲ ਗੰਭੀਰ ਅਤੇ ਸੂਖ਼ਮ ਵਾਰਤਾਲਾਪ ਦੀਆਂ ਲੋੜਾਂ ਹੀ ਨਹੀਂ, ਸਗੋਂ ਅਧੁਨਿਕ ਵਿੱਦਿਆ ਦੇ ਮਾਧਿਅਮ ਦੇ ਤੌਰ ’ਤੇ ਵੀ ਆਪਣੀ ਸਮਰੱਥਾ ਨੂੰ ਉਜਾਗਰ ਕਰਨ ਵਿੱਚ ਪੂਰੀ ਤਰ੍ਹਾਂ ਕਾਰਗਰ ਸਿੱਧ ਹੋ ਸਕਦੀ ਹੈ।

? ਇੱਕ ਸਵਾਲ ਅਨੁਵਾਦ ਬਾਰੇ ਵੀ ਕਰਨਾ ਚਾਹਾਂਗਾ। ਤੁਸੀਂ ਬਹੁਤ ਸਾਰੀਆਂ ਮਹੱਤਵ-ਪੂਰਨ ਕਿਤਾਬਾਂ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ ਹੈ। ਇਹਦੇ ਬਾਰੇ ਕੁਝ ਦੱਸੋ ਕਿ ਇਹ ਸਬੱਬ ਕਿਵੇਂ ਬਣਿਆ?

: ਇਹ ਅਨੁਵਾਦ ਕਰਨ ਦਾ ਸਬੱਬ ਬਣਨਾ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਇਹ ਕੰਮ ਮੈਂ ਕਰ ਸਕਿਆ ਹਾਂ। ਪਹਿਲਾਂ ਤਾਂ ‘ਗ਼ਦਰ ਪਾਰਟੀ ਦਾ ਸੰਖ਼ੇਪ ਇਤਿਹਾਸ’ ਸੋਹਣ ਸਿੰਘ ਜ਼ੋਸ਼ ਜੀ ਦੀ ਕਿਤਾਬ ਸੀ ਮੈਨੂੰ ਸੁਕੀਰਤ ਆਨੰਦ ਨੇ ਕਿਹਾ ਕਿ ਇਹਦਾ ਅਨੁਵਾਦ ਕਰਨਾ ਹੈ। ਇਹ ਇੱਕ ਬਹੁਤ ਵੱਡਾ ਕੰਮ ਸੀ ਪਹਿਲਾਂ ਤਾਂ ਮੈਂ ਕਿਹਾ ਕਿ ਮੁਸ਼ਕਲ ਹੈ। ਪਰ ਫੇਰ ਮੇਰੇ ਮਨ ਨੇ ਕਿਹਾ ਕਿ ਮਹਾਨ ਵਿਆਕਤੀ ਨੇ ਏਨਾ ਵੱਡਾ ਕੰਮ ਕੀਤਾ ਹੈ, ਜੇਕਰ ਅਸੀਂ ਇਹ ਅਨੁਵਾਦ ਨਹੀਂ ਕਰਾਂਗੇ ਤਾਂ ਆਪਣੇ ਫ਼ਰਜ਼ਾਂ ਦੀ ਕੁਤਾਹੀ ਹੋਵੇਗੀ। ਮੈਨੂੰ ਇਹ ਕੰਮ ਕਰਕੇ ਏਨੀ ਮਾਨਸਿਕ ਤਸੱਲੀ ਮਿਲੀ ਕਿ ਮੈਂ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਅੰਗਰੇਜ਼ੀ ਨਾਵਲ ਮਲੂਕਾ ਦੀ ਗੱਲ ਹੋਈ। ਮੇਰੇ ਸ਼ਗਿਰਦ ਸਾਧੂ ਬਿਨਿੰਗ ਨੇ ਗੱਲ ਕੀਤੀ ਤਾਂ ਮੈਨੂੰ ਇਸ ਦਾ ਦੂਸਰਾ ਭਾਗ ਅਨੁਵਾਦ ਕਰਨ ਵਿੱਚ ਬਹੁਤ ਸਕੂਨ ਮਿਲ਼ਿਆ, ਕਿਉਂਕਿ ਇਹ ਸਾਰੇ ਅਨੁਵਾਦ ਮੈਂ ਕਿਸੇ ਦੇ ਕਹੇ ’ਤੇ ਪੈਸੇ ਲਈ ਨਹੀਂ ਕੀਤੇ ਇਸੇ ਤਰ੍ਹਾਂ ਮੈਂ ਹੋਰ ਵੀ ਮਹੱਤਵ-ਪੂਰਨ ਕਿਤਾਬਾਂ ਦੇ ਅਨੁਵਾਦ ਕਰ ਰਿਹਾ ਹਾਂ ਜਿਸ ਨਾਲ ਮੈਨੂੰ ਮਾਨਸਿਕ ਖੁਸ਼ੀ ਹੁੰਦੀ ਹੈ।

? ਡਾ. ਸਾਹਿਬ, ਬਹੁਤ ਸਾਰੇ ਲੋਕ ਪੰਜਾਬੀ ਬੋਲੀ ਦੇ ਮਰ ਜਾਣ ਦੀ ਚਿੰਤਾ ਕਰਦੇ ਹਨ, ਜਿਵੇਂ ਭਾਸ਼ਾ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਬੋਲੀਆਂ ਅਲੋਪ ਹੋ ਜਾਣਗੀਆਂ ਤੇ ਪੰਜਾਬੀ ਵੀ ਉਹਨਾਂ ਵਿੱਚੋਂ ਇੱਕ ਹੋ ਸਕਦੀ ਹੈ। ਪੰਜਾਬੀ ਬੋਲੀ ਦੇ ਭਵਿੱਖ ਬਾਰੇ ਕੀ ਕਹਿਣਾ ਚਾਹੋਂਗੇ?

: ਮੈਂ ਤਾਂ ਜਦ ਤੋਂ ਸੁਰਤ ਸੰਭਾਲ਼ੀ ਹੈ ਪੰਜਾਬੀ ਦਾ ਭਵਿੱਖ ਉੱਜਲਾ ਹੀ ਹੁੰਦਾ ਗਿਆ। ਪੰਜਾਬ ਵਿੱਚ ਬੀ. ਏ. ਤੱਕ ਪੰਜਾਬੀ ਕੰਪਲਸਰੀ ਹੈ ਤੇ ਫੇਰ ਪੀ. ਸੀ. ਐੱਸ. ਦੇ ਕੋਰਸ ਦਾ ਵੀ ਇੱਕ ਅੱਧਾ ਪੇਪਰ ਪੰਜਾਬੀ ਦਾ ਦੇਣਾ ਪੈਂਦਾ ਹੈ। ਉਸ ਤਰ੍ਹਾਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ। ਪਰ ਉਂਝ ਸਾਡੀਆਂ ਸਰਕਾਰਾਂ ਦਾ ਵਤੀਰਾ ਪੰਜਾਬੀ ਪ੍ਰਤੀ ਵਧੀਆ ਨਹੀਂ ਰਿਹਾ। ਸ਼ਾਇਦ ਸ੍ਰ. ਲਛਮਣ ਸਿੰਘ ਗਿੱਲ ਹੋਰਾਂ ਤੋਂ ਛੁੱਟ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਨੇ ਪੰਜਾਬੀ ਜ਼ਬਾਨ ਨੂੰ ਅਣਗੌਲਿਆ ਹੀ ਕੀਤਾ। ਹੁਣ ਵੀ ਗੱਲੀਂਬਾਤੀਂ ਕਾਗਜ਼ਾਂ ਵਿੱਚ ਤਾਂ ਕਈ ਕੁਝ ਹੋ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਵਿਆਕਤੀ ਪੰਜਾਬੀ ਵਿੱਚ ਕੰਮ ਨਹੀਂ ਕਰਦਾ, ਅਮਲ ਨਹੀਂ ਕਰਦਾ ਤਾਂ ਸਜ਼ਾ ਦੀ ਕੋਈ ਧਾਰਾਂ ਵੀ ਨਾਲ ਜੋੜੀ ਜਾ ਰਹੀ ਹੈ। ਅਸਲ ਗੱਲ ਤਾਂ ਹੀ ਹੈ ਜੇਕਰ ਇਹ ਰੋਜ਼ਗਾਰ ਦੀ ਭਾਸ਼ਾ ਬਣੇ ਅਤੇ ਸਰਕਾਰ ਆਪਣੀਆਂ ਨੀਤੀਆਂ ’ਤੇ ਅਮਲ ਕਰੇ। ਇੱਧਰ ਵਿਦੇਸ਼ਾਂ ਵਿੱਚ ਵੀ ਪੰਜਾਬੀ ਬੋਲੀ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਭਾਵੇਂ ਇੱਥੇ ਦੇ ਜੰਮਪਲ ਬੱਚਿਆਂ ਦੀ ਮਾਤ-ਭਾਸ਼ਾ ਤਾਂ ਪੰਜਾਬੀ ਹੈ ਪਰ ਪਹਿਲੀ ਬੋਲੀ ਅੰਗਰੇਜ਼ੀ ਹੀ ਹੈ। ਮੇਰੇ ਖ਼ਿਆਲ ਵਿੱਚ ਇਹ ਬਹੁਤੀ ਚਿੰਤਾ ਵਾਲ਼ੀ ਗੱਲ ਤਾਂ ਨਹੀਂ। ਕਿਉਂਕਿ ਪਹਿਲਾਂ ਵੀ ਬੋਲੀ ਨੂੰ ਸਰਕਾਰਾਂ ਨੇ ਨਹੀਂ ਸਗੋਂ ਬੋਲਣ ਵਾਲ਼ਿਆਂ ਨੇ ਜਿਉਂਦਾ ਰੱਖਿਆ ਹੈ। ਪੰਜਾਬੀ ਪਹਿਲਾਂ ਵੀ ਜਿਉਂਦੀ ਰਹੀ ਹੈ ਅੱਗੋਂ ਵੀ ਜਿਉਂਦੀ ਰਹੇਗੀ। ਪਰ ਜਿਹੜੀਆਂ ਗੱਲਾਂ ਸਾਡੀ ਬੋਲੀ ਨੂੰ ਵਿਗਾੜਦੀਆਂ ਹਨ ਉਨ੍ਹਾਂ ਨੂੰ ਜ਼ਰੂਰ ਦੂਰ ਕਰਨਾ ਚਾਹੀਦਾ ਹੈ। ਇੱਧਰ ਬਾਹਰ ਪੰਜਾਬੀ ਪੜ੍ਹਾਉਣ ਦੀ ਗੱਲ ਵੀ ਆਸ਼ਾਵਾਦੀ ਹੈ। ਪੰਜਾਬੀ ਅਖ਼ਬਾਰਾਂ ਟੀ. ਵੀ. ਪ੍ਰੋਗਰਾਮ ਵੀ ਆਪਣਾ ਆਪਣਾ ਹਿੱਸਾ ਪਾ ਰਹੇ ਹਨ। ਪਰ ਸਹੀ ਸ਼ਬਦ-ਜੋੜ ਅਤੇ ਸਹੀ ਉਚਾਰਨ ਵੀ ਬਹੁਤ ਜ਼ਰੂਰੀ ਹੈ। ਇਨ੍ਹਾਂ ਨੂੰ ਅਣਗੌਲਿਆ ਕਰਨ ਨਾਲ ਪੰਜਾਬੀ ਬੋਲੀ ਦੀ ਰੂਹ ਮਰ ਸਕਦੀ ਹੈ।

ਤੁਸੀਂ ਆਲੋਚਨਾ ਤੇ ਵੀ ਕੰਮ ਕੀਤਾ ਹੈ ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਪੰਜਾਬੀ ਆਲੋਚਨਾ ਗੁਟਬੰਦੀ ਤੋਂ ਉੱਪਰ ਨਹੀਂ ਉੱਠੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਹੁਣ ਤੱਕ ਦੇ ਆਲੋਚਕਾਂ ਵਿੱਚੋਂ ਕਿਸੇ ਇੱਕ ਵਧੀਆ ਆਲੋਚਕ ਦਾ ਨਾਂਅ ਲਉ?

: ਸਤਨਾਮ ਜੀ, ਮੈਂ ਕਹਿੰਦਾ ਹੁੰਦਾ ਹਾਂ ਕਿ ਜ਼ਿੰਦਗੀ ਦੇ ਵਿੱਚ ਵਿਕਾਸ ਵਾਲੀਆਂ ਜਾਂ ਨਿਘਾਰ ਵਾਲ਼ੀਆਂ ਗੱਲਾਂ ਵਾਪਰਦੀਆਂ ਹਨ ਤਾਂ ਇਕੱਠੀਆਂ ਹੀ ਵਾਪਰਦੀਆਂ ਹਨ। ਜੇਕਰ ਜ਼ਿੰਦਗੀ ਦੇ ਬਾਕੀ ਪਿੜਾਂ ਵਿੱਚ ਨਿਘਾਰ ਆਇਆ ਤਾਂ ਆਲੋਚਨਾ ਵਿੱਚ ਵੀ ਆਇਆ ਹੈ। ਪਰ ਆਲੋਚਕ ਨੂੰ ਪਾਠਕ ਅਤੇ ਲੇਖਕ ਦੇ ਵਿਚਕਾਰ ਇੱਕ ਪੁਲ਼ ਦਾ ਕੰਮ ਕਰਨਾ ਚਾਹੀਦਾ ਹੈ। ਆਲੋਚਨਾ ਕਰਨ ਵਾਲੇ ਦਾ ਧਰਮ ਹੋਣਾ ਚਾਹੀਦਾ ਹੈ ਕਿ ਨਿਰਪੱਖ ਆਲੋਚਨਾ ਕਰੇ। ਵਰਿਆਮ ਸੰਧੂ ਮੇਰਾ ਦੋਸਤ ਹੈ ਕਈ ਲੋਕ ਉਹਨੂੰ ਕਹਿੰਦੇ ਹੁੰਦੇ ਹਨ ਕਿ ਤੈਨੂੰ ਸਿਰਜਨਾ ਵਾਲ਼ੇ ਡਾ. ਰਘਬੀਰ ਸਿੰਘ ਨੇ ਚੁੱਕਿਆ ਹੈ ਤਾਂ ਉਹਦਾ ਜਵਾਬ ਹੁੰਦਾ ਹੈ ਕਿ ਜੇਕਰ ਬੋਰੀ ਵਿਚ ਦਾਣੇ ਹੋਣ ਤਾਂ ਹੀ ਖੜ੍ਹੀ ਹੋ ਸਕਦੀ ਹੈ। ਜੇਕਰ ਬੋਰੀ ਵਿੱਚ ਦਾਣੇ ਹੀ ਨਹੀਂ ਤਾਂ ਕੋਈ ਬੋਰੀ ਨੂੰ ਖੜ੍ਹੀ ਕਿਵੇਂ ਕਰ ਸਕਦਾ ਹੈ। ਹੁਣ ਦੇਖਿਆ ਜਾਵੇ ਤਾਂ ਸਿਰਜਣਾ ਵਾਲੇ ਨੇ ਅਨੇਕਾਂ ਲੋਕਾਂ ਨੂੰ ਮੌਕਾ ਦਿੱਤਾ ਹੈ। ਸੋ ਗੱਲ ਇਹ ਹੈ ਕਿ ਕੋਈ ਕਿਸੇ ਨੂੰ ਲੇਖਕ ਜਾਂ ਕਲਾਕਾਰ ਨਹੀਂ ਬਣਾ ਸਕਦਾ ਜਿੰਨਾ ਚਿਰ ਉਹਦੇ ਆਪਣੇ ਵਿੱਚ ਟੈਲੈਂਟ ਨਹੀਂ ਕਿਸੇ ਦੀ ਐਵੇਂ ਕੀਤੀ ਤਾਰੀਫ਼ ਉਹਨੂੰ ਚੰਗਾ ਕਵੀ ਜਾਂ ਲੇਖਕ ਨਹੀਂ ਬਣਾ ਸਕਦੀਕੋਈ ਉਹਨੂੰ ਇਨਾਮ ਦੁਆਉਣ ਦੀ ਮਦਦ ਤਾਂ ਕਰ ਸਕਦਾ ਹੈ ਪਰ ਇੱਕ ਸਫ਼ਲ, ਵਧੀਆ ਕਵੀ ਜਾਂ ਲੇਖਕ ਨਹੀਂ ਬਣਾ ਸਕਦਾ। ਤੁਹਾਡੀ ਲਿਖਤ ਦਾ ਨਿਤਾਰਾ ਤੁਹਾਡੀ ਗੈਰ-ਹਾਜ਼ਰੀ ਵਿੱਚ ਵੀ ਕਰ ਦੇਣਾ ਹੈ। ਜੇਕਰ ਮੈਂ ਆਲੋਚਨਾ ਦਾ ਕੰਮ ਕੀਤਾ ਹੈ, ਉਹਦੇ ਵਿੱਚ ਮੇਰੇ ਦੋਸਤ ਮਿੱਤਰ ਵੀ ਹਨ। ਪਰ ਜੇਕਰ ਉਨ੍ਹਾਂ ਵਿੱਚ ਕੋਈ ਗੁਣ ਨਹੀਂ ਹੈ ਤਾਂ ਇਹ ਨਹੀਂ ਕਿ ਮੈਂ ਆਪਣੇ ਕੋਲ਼ੋ ਇਹ ਗੱਲ ਕਰ ਦਿਆਂ ਤਾਂ ਕਿ ਇਸ ਗੁਣ ਨਾਲ ਉਹਨੂੰ ਦੂਜਿਆਂ ਨਾਲੋਂ ਵਧੀਆ ਸਾਬਤ ਕਰਾਂ। ਆਲੋਚਨਾ ਤਾਂ ਹੋਰ ਵੀ ਬਹੁਤ ਲੋਕ ਕਰਦੇ ਹਨ ਪਰ ਮੈਂ ਆਲੋਚਨਾ ਦੇ ਖ਼ੇਤਰ ਵਿੱਚ ਇੱਕੋ ਇੱਕ ਨਾਂਅ ਡਾ. ਅਤਰ ਸਿੰਘ ਦਾ ਲੈ ਸਕਦਾ ਹਾਂ ਜਿਹਨੇ ਨਿਰਪੱਖ ਅਤੇ ਸਹੀ ਆਲੋਚਨਾ ਕੀਤੀ ਹੈ। ਉਹ ਕਦੇ ਵੀ ਕਿਸੇ ਦੇ ਪੱਖ ਦੀ ਗੱਲ ਨਹੀਂ ਸਨ ਕਰਦੇ। ਜੇਕਰ ਕਿਸੇ ਲਿਖਤ ਵਿੱਚ ਕੋਈ ਖ਼ਾਮੀ ਹੁੰਦੀ ਜਾਂ ਕੋਈ ਵਧੀਆ ਗੱਲ ਹੁੰਦੀ ਤਾਂ ਬਹੁਤ ਹੀ ਵਧੀਆ ਢੰਗ ਨਾਲ ਕਹਿੰਦੇ ਸਨ।

ਸਾਧੂ ਸਿੰਘ ਜੀ, ਅੱਜ ਵਿਸ਼ਵ ਇੱਕ ਗਲੋਬਲ ਪਿੰਡ ਦਾ ਰੂਪ ਧਾਰਨ ਕਰ ਗਿਆ ਹੈ। ਪਰ ਵਿਸ਼ਵੀਕਰਨ ਦੇ ਨਾਕਾਰਾਤਮਿਕ ਪ੍ਰਭਾਵ ਹੀ ਸਾਹਮਣੇ ਆਏ ਹਨਤੁਹਾਡੇ ਖ਼ਿਆਲ ਨਾਲ ਸਾਨੂੰ ਇਸ ਸਥਿਤੀ ਦਾ ਨਿੱਜੀ ਪੱਧਰ ਉੱਤੇ ਅਤੇ ਸਮਾਜਿਕ ਪੱਧਰ ’ਸਾਹਮਣਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ?

: ਵਿਸ਼ਵੀਕਰਨ, ਸਮੁੱਚੇ ਸੰਸਾਰ ਨੂੰ ਕੁਝ ਵਿੱਤੀ ਕਾਰਪੋਰੇਸ਼ਨਾਂ ਵਲੋਂ ਆਪਣੀ ਗ਼ਿਰਫ਼ਤ ਵਿੱਚ ਲਿਆ ਕੇ ਮਹਿਜ਼ ਆਪਣੀ ਮੰਡੀ ਵਿੱਚ ਤਬਦੀਲ ਕਰਨ ਦਾ ਵਰਤਾਰਾ ਹੈ। ਨਿੱਜੀ ਪੱਧਰ ’ਤੇ, ਇਸ ਦਾ ਟਾਕਰਾ, ਬਜ਼ਾਰ ਦੀ ਚੁੰਧਿਆਹਟ ਤੋਂ ਮੁਕਤ ਰਹਿ ਕੇ ਸਰਲ ਸਾਦਾ ਅਤੇ ਸਮਾਜਿਕ ਤੌਰ ’ਤੇ ਸਾਰਥਿਕ ਅਤੇ ਸਿਰਜਣਾਤਮਿਕ ਜੀਵਨ ਬਿਤਾ ਕੇ ਹੀ ਕੀਤਾ ਜਾ ਸਕਦਾ ਹੈ।

ਸਮਾਜਿਕ ਪੱਧਰ ’ਤੇ ਇਸ ਦਾ ਟਾਕਰਾ ਕਰਨ ਲਈਸਿਆਸੀ, ਸਮਾਜੀ ਨੇਤਾਵਾਂ ਨੂੰ ਪੂੰਜੀਤੰਤਰ ਦੀਆਂ ਪੇਚੀਦਗੀਆਂ ਨੂੰ ਸਮਝਣ ਦੀ ਲੋੜ ਹੈ। ਆਮ ਆਦਮੀ ਨੂੰ ਇਸਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਦੁੱਖ ਦੀ ਗੱਲ ਹੈ ਕਿ ਉੱਤਰੀ ਅਮਰੀਕਾ ਦਾ ਯੂਰਪ ਵਿੱਚ ਆਮ ਲੋਕਾਂ ਵਿਚਕਾਰ, ਵਿਸ਼ਵ ਪੂੰਜੀ ਵਿਰੁੱਧ ਜਿਹੜਾ ਆਪ ਮੁਹਾਰਾ ਉਭਾਰ ਪੈਦਾ ਹੋਇਆ ਸੀ, ਸਾਡੇ ਸਿਆਸੀ ਰਾਹਨੁਮਾ ਉਸ ਨੂੰ ਠੀਕ ਦਿਸ਼ਾ ਵਿੱਚ ਸੇਧਿਤ ਕਰਕੇ ਉਸ ਤੋਂ ਕੋਈ ਸਮਾਜੀ, ਸਿਆਸੀ ਲਾਹਾ ਨਹੀਂ ਲੈ ਸਕੇ। ਸੋਵੀਅਤ ਦੇਸ਼ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰਲੇ ਸਮਾਜਵਾਦੀ ਪ੍ਰਬੰਧਾਂ ਦੇ ਵਿਗਠਿਤ ਹੋ ਕੇ ਬਿਖਰ ਜਾਣ ਤੋਂ ਬਾਅਦ ਜਿਸ ਕਿਸਮ ਦੀ ਆਤਮ ਆਲੋਚਨਾ, ਮੁਲੰਕਣ ਅਤੇ ਪੁਨਰਮੁਲੰਕਣ ਦੇ ਬਰੀਕਬੀਨੀ ਦੇ ਅਮਲ ਵਾਪਰਨੇ ਚਾਹੀਦੇ ਸਨ। ਮੌਜੂਦਾ ਉੱਤਰ-ਸਨਅਤੀ ਦੌਰ ਦੇ ਹਾਣ ਦੀ ਅਜਿਹੀ ਵਿਚਾਰ ਪ੍ਰਣਾਲੀ, ਜੋ ਇਸ ਦੇ ਨਾਂਹ ਵਾਚਕ ਖ਼ਾਸੇ ਦਾ ਟਾਕਰਾ ਕਰਕੇ ਇੱਕ ਨਵਾਂ ਮਾਨਵ-ਹਿਤੈਸ਼ੀ ਸੰਸਾਰ ਸਿਰਜ ਸਕੇ, ਉਸਦਾ ਭਰਵਾਂ ਰੂਪ ਹਾਲੇ ਨਿੱਖ ਕੇ ਸਾਹਮਣੇ ਨਹੀਂ ਆ ਰਿਹਾ। ਦੱਖਣੀ ਅਮਰੀਕੀ ਦੇਸ਼ਾਂ ਅੰਦਰ ਉਦੈ ਹੋ ਰਹੇ ਨਵੇਂ ਮਾਡਲਾਂ ਵਿੱਚ ਅਜਿਹੀਆਂ ਸੰਭਾਵਨਾਵਾਂ ਦੇ ਬੀਜ ਪੁੰਗਰਦੇ ਨਜ਼ਰ ਆ ਰਹੇ ਹਨ।

? ਇੱਕ ਨਿੱਜੀ ਸਵਾਲ, ਦੋਸਤੀਆਂ, ਦੁਸ਼ਮਣੀਆਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੈ। ਪਰ ਕੁਝ ਦੋਸਤੀਆਂ ਇੰਨੀਆਂ ਹੰਢਣਸਾਰ ਹੁੰਦੀਆਂ ਹਨ ਕਿ ਕਈ ਵਾਰ ਦੂਜੇ ਲੋਕਾਂ ਲਈ ਉਦਾਹਰਣ ਬਣ ਜਾਂਦੀਆਂ ਹਨ। ਤੁਹਾਡੀ ਸੁਰਜੀਤ ਪਾਤਰ ਨਾਲ ਦੋਸਤੀ ਬੜੇ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਇਸ ਦੋਸਤੀ ਦੇ ਇੰਨੇ ਹੰਡਣਸਾਰ ਹੋਣ ਦਾ ਅਧਾਰ ਕੀ ਹੈ? ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?

: ਸਤਨਾਮ ਜੀ, ਤੁਹਾਨੂੰ ਪਤਾ ਹੀ ਹੈ ਕਿ ਮੈਂ ਅਤੇ ਸੁਰਜੀਤ ਪਾਤਰ ਲੱਗਪੱਗ ਦੋ ਦਹਾਕੇ ਪੀ. ਏ. ਯੂ. ਲੁਧਿਆਣਾ ਦੇ ਪੱਤ੍ਰਕਾਰੀ ਵਿਭਾਗ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿੱਚ ਸਹਿਕਰਮੀ ਅਤੇ ਸਹਿਯੋਗੀਆਂ ਦੇ ਤੌਰ ’ਤੇ ਵਿਚਰੇ ਹਾਂ। ਅਸੀਂ ਇਸ ਗੱਲ ’ਤੇ ਮਾਣ ਕਰ ਸਕਦੇ ਹਾਂ ਕਿ ਸਾਡੇ ਵਿਚਕਾਰ ਕਦੇ ਵੀ ਵਿਰੋਧ ਤਾਂ ਕੀ, ਕਦੇ ਬੋਲ ਵਿਗਾੜ ਦੀ ਸਥਿਤੀ ਵੀ ਪੈਦਾ ਨਹੀਂ ਹੋਈ। ਇਸ ਦੋਸਤੀ ਦੀ ਹੰਡਣਸਾਰਤਾ ਦਾ ਆਧਾਰ ਪਰਸਪਰ ਕਦਰਦਾਨੀ ਤੋਂ ਸਿਵਾ ਹੋਰ ਕੋਈ ਨਹੀਂ। ਸਾਡੇ ਦਰਮਿਆਨ ਲਾਭ ਹਾਣ ਦੀ ਕਦੇ ਕੋਈ ਸਮੱਸਿਆ ਪੈਦਾ ਨਹੀਂ ਹੋਈ। ਇਸ ਸਾਂਝ ਦਾ ਜਸ਼ਨ ਸਾਡੀ ਬੇਸ਼ਕੀਮਤੀ ਧਰੋਹਰ ਹੈ। ਮੇਰੀ ਇਹੋ ਜਿਹੀ ਸਾਂਝ ਆਪ ਤੋਂ ਪਹਿਲੀ ਪੀੜ੍ਹੀ ਦੇ ਨਾਮਵਰ ਸਾਹਿਤਕਾਰਾਂ, ਆਪਣੇ ਸਮਕਾਲੀ ਸਿਰਜਕਾਂ ਅਤੇ ਆਪ ਤੋਂ ਅਗਲੀ ਪੀੜ੍ਹੀ ਦੇ ਲੇਖਕਾਂ ਨਾਲ ਵੀ ਬਣੀ ਹੋਈ ਹੈ। ਸਭਨਾਂ ਨਾਲ ਸੰਵਾਦ ਹੁੰਦਾ ਰਹਿੰਦਾ ਹੈ। ਪਰ ਸੰਵਾਦ ਦੇ ਕਦੀ ਵੈਰ ਵਿਰੋਧ ਵਿੱਚ ਤਬਦੀਲ ਹੋਣ ਦੀ ਨੌਬਤ ਨਹੀਂ ਆਈ। ਅਸੀਂ ਸਭਨਾਂ ਨੇ ਆਪੋ ਆਪਣੀ ਅਤੇ ਦੂਜੇ ਦੀ ਵੱਖਰਤਾ ਨੂੰ ਸਵੀਕਾਰ ਕੀਤਾ ਹੋਇਆ ਹੈ। ਬੇਝਿਜਕ ਵਿਚਾਰ ਵਟਾਂਦਰੇ ਦੇ ਆਲਮ ਵਿੱਚ ਸਭਨਾਂ ਨੂੰ ਆਪੋ ਆਪਣਾ ਵਿਚਾਰ ਪੇਸ਼ ਕਰਨ ਦੀ ਸੁਤੰਤਰਤਾ ਹੁੰਦੀ ਹੈ ਪ੍ਰੰਤੂ ਇੱਕ ਦੂਜੇ ’ਤੇ ਹਾਵੀ ਹੋਣ ਜਾਂ ਇੱਕ ਦੂਜੇ ਨਾਲ ਸਹਿਮਤ ਹੋਣ ਦੀ ਕੋਈ ਮਜਬੂਰੀ ਨਹੀਂ ਹੁੰਦੀ।

? ਸਾਧੂ ਸਿੰਘ ਜੀ, ਕੁਝ ਲੋਕਾਂ ਦਾ ਵਿਚਾਰ ਹੈ ਕਿ ਖ਼ਾਲਿਸਤਾਨੀ ਲਹਿਰ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਕੁਝ ਕੁ ਲੋਕਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਨੌਜਵਾਨਾਂ ਦਾ ਆਪ-ਹੁਦਰਾ ਵਿਦਰੋਹ ਸੀ। ਇਸ ਲਹਿਰ ਦਾ ਆਰੰਭ ਅਤੇ ਅੰਤ ਬੜਾ ਨਾਟਕੀ ਕਿਸਮ ਦਾ ਹੋਣ ਕਰਕੇ ਬਹੁਤੇ ਲੋਕ ਕਦੇ ਕਿਸੇ ਕਦੇ ਨੂੰ, ਕਦੇ ਕਿਸੇ ਨੂੰ, ਦੋਸ਼ੀ ਕਹਿੰਦੇ, ਦੇਖੇ-ਸੁਣੇ ਗਏ ਹਨ ਤੁਸੀਂ ਵੀ ਇਸ ਲਹਿਰ ਦਾ ਸੰਤਾਪ ਭੋਗਿਆ ਹੈ। ਤੁਸੀਂ ਕੀ ਕਹਿਣਾ ਚਾਹੋਗੇ?

: ਹਾਂ ਜੀ, ਮੈਂ ਉਸ ਸਮੇਂ ਪੀ. ਏ. ਯੂ. ਵਿੱਚ ਸੀ। ਇੱਥੇ ਵੀ ਸਮੁੱਚੇ ਪੰਜਾਬ ਦੀ ਵਿਦਿਆਰਥੀ ਲਹਿਰ ਵਾਂਗ ਖੱਬੇ ਪੱਖੀ ਸੋਚ ਵਾਲੇ ਵਿਦਿਆਰਥੀਆਂ ਦਾ ਨੁਮਾਇਆ ਰੋਲ ਸੀ। ਮੰਦੇਭਾਗੀ ਕੁਝ ਬਾ-ਰਸੂਖ਼ ਅਧਿਕਾਰੀਆਂ ਨੂੰ ਇਹ ਸਥਿਤੀ ਪ੍ਰਵਾਨ ਨਹੀਂ ਸੀ। ਚਾਪਲੂਸੀ ਦੇ ਚਸਕੇਬਾਜ਼ਾਂ ਨੂੰ ਸਦਾ ਚਮਚੇ ਹੀ ਪਸੰਦ ਹੁੰਦੇ ਹਨ। ਉਹਨਾਂ ਨੇ ਆਪਣੇ ਚਹੇਤੇ ਪਾਲ਼ੇ ਹੋਏ ਸਨ। ਸੰਕੀਰਣ ਸੋਚ ਵਾਲੇ ਇਸ ਤਬਕੇ ਨੂੰ ਅਧਿਕਾਰੀ ਵਰਗ ਦੀ ਸਰਪ੍ਰਸਤੀ ਪ੍ਰਾਪਤ ਸੀ। ਇਨ੍ਹਾਂ ਅਨਸਰਾਂ ਦੀ ਮਿਲੀ ਭੁਗਤ ਨਾਲ ਉਨ੍ਹਾਂ ਵੇਲਿਆਂ ਦੇ ਉੱਘੇ ਵਿਦਿਆਰਥੀ ਨੇਤਾ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇੱਕ ਹੋਰ ਹੋਣਹਾਰ ਵਿਦਿਆਰਥੀ ਪਿਆਰਾ ਸਿੰਘ ਵੀ ਅਜਿਹੇ ਹੀ ਘਿਨਾਉਣੇ ਕਤਲ ਦਾ ਸ਼ਿਕਾਰ ਹੋਇਆ ਸੀ। ਕਾਤਲਾਂ ਨੂੰ ਹਥਿਆਰ ਮੁਹਈਆ ਕਰਵਾਉਣ ਅਤੇ ਅਜਿਹੇ ਕੁਕਰਮਾਂ ਤੋਂ ਬਾਅਦ ਉਹਨਾਂ ਨੂੰ ਛੁਪਣਗਾਹਾਂ ਪ੍ਰਦਾਨ ਕਰਵਾਉਣ ਵਾਲੇ ਵੀ ਉੱਚ-ਅਧਿਕਾਰੀ ਹੀ ਸਨ। ਜਿਵੇਂ ਆਖਦੇ ਹਨ ਕਿ ਗੋਲੀਆਂ ਮਾਰ ਕੇ ਮਾਰਨ ਵਾਲੇ ਵੀ ਖ਼ੁਦ ਗੋਲੀਆਂ ਦੇ ਸ਼ਿਕਾਰ ਹੁੰਦੇ ਹਨ। ਇਹ ਵਰਤਾਰਾ ਪੀ. ਏ. ਯੂ. ਦੇ ਪ੍ਰਬੰਧਕੀ ਦਫ਼ਤਰ ਦੇ ਸਾਹਮਣੇ ਦਿਨ ਦਿਹਾੜੇ ਵਾਪਰਿਆ ਸੀ। ਪੰਜਾਬ ਦੀ ਖ਼ਾਲਿਸਤਾਨੀ/ਅਤਿਵਾਦੀ ਲਹਿਰ, ਪੰਜਾਬ ਦੇ ਨੌਜਵਾਨਾਂ ਦਾ ਆਪ-ਹੁਦਰਾ ਵਿਦਰੋਹ ਕਤਈ ਨਹੀਂ ਸੀ। ਇਹ ਸਪਸ਼ਟ ਘਾਗ ਸਿਆਸਤਦਾਨਾਂ ਦੀ ਸੋਚੀ ਸਮਝੀ ਸਾਜ਼ਿਸ਼ ਸੀ। ਕੇਂਦਰੀ ਸਰਕਾਰ ਉੱਪਰ ਕਾਬਜ਼ ਪਾਰਟੀ ਪੰਜਾਬ ਵਿੱਚ ਅਕਾਲੀ ਸਿਆਸਤ ਨੂੰ ਦੋਫ਼ਾੜ ਕਰ ਕੇ ਕਮਜ਼ੋਰ ਕਰਨ ਲਈ ‘ਸੰਤਾਂ’ ਦੇ ਪੱਤਿਆਂ ਦੀ ਚਿਰਾਂ ਤੋਂ ਖੇਡ ਖੇਡਦੀ ਆ ਰਹੀ ਹੈ। ਸੰਤ ਫ਼ਤਿਹ ਸਿੰਘ, ਚੰਨਣ ਸਿੰਘ, ਸੰਤ ਹਰਚੰਦ ਸਿੰਘ, ਸੰਤ ਅਜੀਤ ਸਿੰਘ ਅਤੇ ਜਰਨੈਲ ਸਿੰਘ ਇਸੇ ਖੇਡ ਦੇ ਪੱਤੇ ਸਨਪੰਜਾਬ ਦੇ ਨੌਜਵਾਨਾਂ ਨੂੰ ਮਾਇਆ, ਮੋਟਰ-ਸਾਈਕਲ, ਅਗਨ ਸ਼ਸਤਰ ਅਤੇ ਧਾਰਮਿਕ ਸਥਾਨਾਂ ਵਿੱਚ ਸੁਰੱਖਿਆ ਪ੍ਰਦਾਨ ਕਰਕੇ ਇਸ ਅੱਗ ਦੇ ਬਾਲਣ-ਮਾਤਰ ਹੀ ਬਣਾਇਆ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੇ ਕਿਸੇ ਵੀ ਇਨਕਲਾਬੀ/ਹਥਿਆਰਬੰਦ ਲਹਿਰ ਦੇ ਦੌਰਾਨ ਕਦੇ ਕਿਸੇ ਬੇਕਸੂਰ, ਅਣਭੋਲ, ਆਮ ਆਦਮੀ ਦੇ ਖ਼ੂਨ ਦਾ ਇੱਕ ਕਤਰਾ ਤੱਕ ਨਹੀਂ ਸੀ ਵਹਾਇਆ। ਇਸ ਲਹਿਰ/ਕਹਿਰ ਦੌਰਾਨ ਪੰਜਾਬ ਦੇ ਬੁੱਧੀਜੀਵੀਆਂ, ਕਵੀਆਂ, ਸਭਿਆਚਾਰਕ ਕਾਰਕੁੰਨਾਂ, ਸਿਆਸੀ ਨੇਤਾਵਾਂ ਅਤੇ ਗੁਰੁਘਰ ਦੇ ਕੀਰਤਨੀਆਂ ਤੱਕ ਦੇ ਜਿਹੜੇ ਬੇਕਿਰਕ ਕਤਲ ਹੋਏ ਸਨ, ਉਹ ਕਿਸੇ ਤੋਂ ਗੁੱਝੇ ਨਹੀਂ। ਬਾਕੀ ਇਸ ਲਹਿਰ ਦੇ ਸੋਚੀ ਸਮਝੀ ਸਾਜ਼ਿਸ਼ ਹੋਣ ਦੇ ਵੇਰਵੇ ਵੀ ਜੱਗ ਜ਼ਾਹਰ ਹਨ। ਇੱਥੇ ਮੈਂ ਕੇਵਲ ਇੱਕ ਮੁਕਾਬਲਤਨ ਘੱਟ ਜਾਣੀ ਜਾਂਦੀ ਘਟਨਾ ਦਾ ਜ਼ਿਕਰ ਸਾਂਝਾ ਕਰਨਾ ਵਾਜਿਬ ਸਮਝਦਾ ਹਾਂ:

ਵੱਖ ਵੱਖ ਵਰਗਾਂ ਅਤੇ ਤਬਕਿਆਂ ਦੇ ਲੋਕਾਂ ਦੇ ਇੱਕ ਇਕੱਠ ਵਿੱਚ ਕਿਸੇ ਨੇ ਜੂਲੀਅਸ ਰਿਬੀਰੋ ਨੂੰ ਇਹ ਸਵਾਲ ਪੁੱਛਿਆ ਸੀ, “ਕੀ ਪੰਜਾਬ ਦੇ ਅਮਨ-ਚੈਨ ਦੀ ਬਹਾਲ਼ੀ ਲਈ ਇੱਥੇ ਫ਼ੌਜ ਦੀ ਤਾਇਨਾਤੀ ਜ਼ਰੂਰੀ ਹੈ?ਉਸਦਾ ਉੱਤਰ ਸੀ, “ਨਹੀਂ” ਆਪਣੀ ਰਾਇ ਦੀ ਪੁਸ਼ਟੀ ਕਰਨ ਲਈ ਉਸ ਨੇ ਕਿਹਾ ਕਿ ਫੌਜ ਆਪਣੇ ਤੌਰ ’ਤੇ ਕੁਝ ਨਹੀਂ ਕਰ ਸਕਦੀ। ਉਸ ਨੂੰ ਵੀ ਹਰ ਧਿਰ ਦੀ ਉੱਘ ਸੁੱਘ ਜਾਨਣ ਲਈ ਪੁਲਿਸ ’ਤੇ ਨਿਰਭਰ ਹੋਣਾ ਪਵੇਗਾ। ਪੁਲਿਸ ਨੂੰ ਤਹਿਸੀਲਾਂ, ਥਾਣਿਆਂ ਅਤੇ ਪਿੰਡਾਂ ਸ਼ਹਿਰਾਂ ਦੀ ਹਰ ਪੱਧਰ ’ਤੇ “ਹਥਿਆਰਬੰਦ ਲਹਿਰ” ਵਿੱਚ ਸ਼ਾਮਿਲ ਹਰ ਬੰਦੇ ਬਾਰੇ ਪੂਰਾ ਗਿਆਨ ਹੈ।

ਫੇਰ ਸਵਾਲ ਹੋਇਆ, “ਤਾਂ ਫੇਰ ਪੁਲਿਸ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਦੀ?” “ਅਜਿਹਾ ਕਰਨ ਲਈ ਸਾਨੂੰ ‘ਉੱਪਰੋਂ ਹੁਕਮ’ ਨਹੀਂ ਮਿਲ ਰਿਹਾ” ਰਿਬਿਰੋ ਦਾ ਸਾਫ਼ ਜਵਾਬ ਸੀ। ਸੋ ਇਹ ਸਾਰੀ ਖੇਡ “ਉੱਪਰੋਂ ਆਏ” ਹੁਕਮਾਂ ਅਨੁਸਾਰ ਹੀ ਖੇਡੀ ਜਾ ਰਹੀ ਸੀ। ਉਸ ਤੋਂ ਮਗਰੋਂ “ਉੱਪਰੋਂ ਹੁਕਮ” ਆ ਜਾਣ ਦੇ ਬਾਅਦ ਜੋ ਭਾਣਾ ਵਾਪਰਿਆ, ਉਹ ਸਭਨਾਂ ਨੂੰ ਪਤਾ ਹੀ ਹੈ।

? ਕੈਨੇਡਾ ਵਿੱਚ ਆ ਕੇ ਸਾਹਿਤਕ ਅਤੇ ਹੋਰ ਗਤੀ-ਵਿਧੀਆਂ ਬਾਰੇ ਕੁਝ ਦੱਸੋ?

: ਮੈਂ ਘੱਟ ਲਿਖਣ ਵਾਲਾ ਬੰਦਾ ਹਾਂ,ਪਰ ਫੇਰ ਵੀ ਆਪਣੇ ਆਪ ਨੂੰ ਮਸਰੂਫ ਰੱਖਣ ਲਈ ਕਈ ਮਹੱਤਵਪੂਰਨ ਕਿਤਾਬਾਂ ਦੇ ਅਨੁਵਾਦ ਕੀਤੇ ਹਨ। ‘ਪੰਜਾਬੀ ਬੋਲੀ ਦੀ ਵਿਰਾਸਤ’ ਤੋਂ ਬਿਨਾਂ ਕੁਝ ਹੋਰ ਕਿਤਾਬਾਂ ਛਪਵਾਈਆਂ ਹਨ। ਸਾਹਿਤਕ ਸਮਾਜਿਕ ਗਤੀ ਵਿਧੀਆਂ ਵਿੱਚ ਆਪਣੇ ਵਿੱਤ ਅਨੁਸਾਰ ਸ਼ਿਰਕਤ ਕਰ ਲਈਦੀ ਹੈ। ਅਗਾਂਹਵਧੂ ਹਲਕਿਆਂ ਵੱਲੋਂ ਜਥੇਬੰਦ ਕੀਤੇ ਜਾਣ ਵਾਲੇ ਹਰ ਧਰਨੇ/ ਮੁਜ਼ਾਹਰੇ ਵਿੱਚ ਵੀ ਹਾਜ਼ਰੀ ਲੁਆਉਣ ਦੀ ਪੂਰੀ ਕੋਸ਼ਿਸ਼ ਕਰੀਦੀ ਹੈ।

? ਡਾ. ਸਾਹਿਬ, ਅੱਜ ਕੱਲ੍ਹ ਕੀ ਲਿਖ ਰਹੇ ਹੋ?

: ਅੱਜ ਕੱਲ੍ਹ ਮਾਰਕਸਵਾਦ ਬਾਰੇ ਪ੍ਰੋ. ਰਣਧੀਰ ਸਿੰਘ ਹੋਰਾਂ ਦੇ ਲੰਮੇ ਲੇਖ ਦਾ ਪੰਜਾਬੀ ਵਿੱਚ ਅਨੁਵਾਦ ਕਰ ਰਿਹਾ ਹਾਂ।

ਪੰਜਾਬੀਆਂ ਨੂੰ ਕੋਈ ਸਲਾਹ ਸੁਨੇਹਾ?

: ਪੰਜਾਬੀਆਂ ਨੂੰ ਸੁਨੇਹਾ ਤਾਂ ਮੈਂ ਕੀ ਦੇ ਸਕਦਾ ਹਾਂ, ਇੱਕ ਬੇਨਤੀ ਜ਼ਰੂਰ ਕਰਦਾ ਹਾਂ ਕਿ ਆਪਣੇ ਸ਼ਾਨਾਂਮੱਤੇ ਇਤਿਹਾਸਕ ਵਿਰਸੇ ਨੂੰ ਸਮਝੋ। ਆਪਣੀਆਂ ਜੜ੍ਹਾਂ ਬਾਰੇ ਜਾਣਕਾਰੀ ਹਾਸਲ ਕਰੋ। ਆਪਣੇ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਅਪਣਾਉ ਅਤੇ ਮਾੜੀਆਂ ਗੱਲਾਂ ਨੂੰ ਤਿਲਾਂਜਲੀ ਦਿਉ। ਚੰਗੀਆਂ ਗੱਲਾਂ ਭਾਵੇਂ ਕਿਸੇ ਵੀ ਸਭਿਆਚਾਰ ਦੀਆਂ ਹੋਣ, ਉਨ੍ਹਾਂ ਨੂੰ ਅਪਣਾ ਲੈਣਾ ਚਾਹੀਦਾ ਹੈ। ਡਾਂਗ ਅਤੇ ਧੱਕੇ ਨਾਲ ਆਪਣੀ ਗੱਲ ਮੰਨਵਾਉਣ ਨਾਲ਼ੋਂ ਤਰਕ ਅਤੇ ਦਲੀਲ ਨਾਲ਼ ਗੱਲ ਕਰਨ ਦਾ ਜੋ ਰਾਹ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ, ਇਸ ਨੂੰ ਹਮੇਸ਼ਾ ਯਾਦ ਰੱਖੀਏ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ।

*****
(317)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author