KulminderKaur7ਨਿਰਾਸ਼ਤਾ ਬੁਢਾਪੇ ਦੀ ਵੱਡੀ ਦੁਸ਼ਮਣ ਹੈ ਪਰ ਪਤਾ ਨਹੀਂ ਕਿਉਂ ...
(28 ਅਕਤੂਬਰ 2017)

 

ਮਨੁੱਖ ਦੀ ਔਸਤ ਉਮਰ ਜੋ ਪਹਿਲਾਂ 40 ਤੋਂ 60 ਵਰੇ ਤੱਕ ਸੀ, ਹੁਣ ਮੈਡੀਕਲ ਸਾਇੰਸ ਦੀ ਤਰੱਕੀ ਕਾਰਨ ਇਸ ਵਿੱਚ ਘੱਟ ਤੋਂ ਘੱਟ ਦੋ ਜਾਂ ਤਿੰਨ ਦਹਾਕੇ ਦਾ ਇਜ਼ਾਫਾ ਹੋ ਗਿਆ ਹੈ। ਮੈਂ ਆਪਣੀਂ ਉਮਰ ਦੇ ਛੇ ਦਹਾਕੇ ਪਾਰ ਕਰਕੇ ਹੁਣ ਸੱਤਰਵਿਆਂ ਦੇ ਕੰਢੇ ’ਤੇ ਖੜ੍ਹੀ ਹਾਂ। ਬਚਪਨ ਤੇ ਜਵਾਨੀ ਦਾ ਲੰਮਾ ਪੰਧ ਗੁਜ਼ਾਰ ਕੇ ਹੁਣ ਬਜ਼ੁਰਗੀ ਦੇ ਰਸਤੇ ਪੈ ਗਈ ਹਾਂ, ਜੋ ਮੁਕਾਬਲਤਨ ਥੋੜ੍ਹਾ ਹੀ ਬਚਿਆ ਹੈ। ਪਹਿਲਾਂ ਇਹ ਇੱਕ ਬੁਝਾਰਤ ਵਾਂਗ ਲਗਦਾ ਸੀ ਕਿ ਪਤਾ ਨਹੀਂ ਕਿਹੋ ਜਿਹਾ ਹੋਵੇਗਾ। ਬੁੱਢੇ ਹੋ ਜਾਣ ਦੀ ਗਵਾਹੀ ਕਦੇ ਦਿਲ ਨੇ ਦਿੱਤੀ ਹੀ ਨਹੀਂ ਸੀ। ਕਹਿੰਦੇ ਵੀ ਹਨ ਕਿ “ਰਾਹ ਪਏ ਜਾਣੀਏ, ਜਾਂ ਵਾਹ ਪਏ ਤਾਂ ਜਾਣੀਏ।” ਸੋ ਹੁਣ ਜਦ ਬੁਢਾਪੇ ਨਾਲ ਵਾਸਤਾ ਪੈ ਹੀ ਗਿਆ ਹੈ ਤਾਂ ਮੇਰੀਆਂ ਸੋਚਾਂ ਮੈਨੂੰ ਹਲੂਣਦੀਆਂ ਹਨ ਕਿ ਮੈਂ ਵੀ ਆਪਣੀ ਦਾਦੀ, ਨਾਨੀ ਤੇ ਫਿਰ ਮਾਂ ਦੇ ਰਸਤੇ ਦੀਆਂ ਪੈੜਾਂ ਨੱਪਦੀ ਹੋਈ ਅੱਗੇ ਵਧ ਰਹੀ ਹਾਂ। ਉਹ ਤਾਂ ਆਪਣਾ ਪੰਧ ਮੁਕਾ ਕੇ ਮੰਜ਼ਿਲ ਪਾ ਗਈਆਂ ਹਨ, ਪਰ ਮੇਰਾ ਸਫਰ ਹਾਲੇ ਜਾਰੀ ਰਹੇਗਾ। ਕਿੰਨਾ ਸਮਾਂ ਲੱਗੇਗਾ ਜੀਵਨ ਸਫਰ ਪੂਰਾ ਕਰਨ ਵਿੱਚ, ਇਸ ਬਾਰੇ ਅਨਿਸ਼ਚਿਤਤਾ ਬਣੀ ਰਹੇ ਤਾਂ ਗਨੀਮਤ ਹੈ। ਇਹ ਅਨਿਸ਼ਚਿਤਤਾ ਹੀ ਲੰਮੀ-ਉਮਰ ਭੋਗਣ ਦਾ ਸਬੱਬ ਬਣਦੀ ਹੈ, ਨਹੀਂ ਤਾਂ ਫਾਂਸੀ ’ਤੇ ਲਟਕਣ ਵਾਂਗ ਬੈਠੇ ਦਿਨ ਗਿਣੀ ਜਾਵੋ।

ਸ਼ਾਂਤ ਮਾਹੌਲ ਵਿੱਚ ਸਾਝਰੇ ਜਦੋਂ ਮੈਂ ਘਰ ਦਾ ਗੇਟ ਖੋਲ੍ਹ ਕੇ ਸਾਹਮਣੇ ਪਾਰਕ ਵਿੱਚ ਦਰਖਤਾਂ ਦੇ ਹਰੇ-ਕਚੂਰ ਪੱਤਿਆਂ ਵਿੱਚੋਂ ਉਗਮਦਾ ਸੂਰਜ ਜਾਂ ਪੁੰਨਿਆਂ ਦੀ ਰਾਤ ਦਾ ਅੱਧਾ-ਅਧੂਰਾ ਚੰਦਰਮਾ ਨਿਹਾਰਦੀ ਹਾਂ, ਤਾਂ ਜ਼ਿੰਦਗੀ ਦੋਵੇਂ ਹੱਥੀਂ ਖੁਸ਼ੀਆਂ-ਖੇੜੇ ਬਿਖੇਰਦੀ ਹੈ। ਮੇਰੇ ਵਾਂਗ ਕੋਈ ਵੀ ਇਨਸਾਨ ਕੁਦਰਤੀ ਨੇਹਮਤਾਂ ਦੇ ਅਨਮੋਲ ਖਜ਼ਾਨੇ ਤੇ ਸੰਸਾਰੀ ਮੋਹ ਤੋਂ ਸਦਾ ਲਈ ਵਿਗੁੱਚਣਾ ਕਦੇ ਦਿਲੋਂ ਨਹੀਂ ਪ੍ਰਵਾਨਦਾ।

ਮੇਰੀ ਮਾਂ ਆਖਰੀ ਦਿਨਾਂ ਵਿੱਚ ਵੀ ਆਖਦੀ, ਮੈਂ ਹੁਣ ਪਹਿਲਾਂ ਨਾਲੋਂ ਠੀਕ ਹਾਂ, ਦੋਨੋਂ ਟਾਈਮ ਰੋਟੀ ਖਾ ਲੈਂਦੀ ਹਾਂ। - ਮਾਂ ਦੀਆਂ ਗੱਲਾਂ ਸੁਣ ਕੇ ਗੁਰਬਾਣੀ ਦੀ ਤੁਕ ਯਾਦ ਆਉਂਦੀ,ਅੱਖੀਂ ਵੇਖਿ ਨਾ ਰੱਜੀਆਂ, ਬਹੁ ਰੰਗ ਤਮਾਸ਼ੇ।” ਇਸ ਜਹਾਨੋਂ ਜਾਣਾ ਵੀ ਕੁਦਰਤ ਦਾ ਅਟੱਲ ਨਿਯਮ ਹੈ। ਮੈਂ ਆਪਣੀ ਉਮਰ ਦੇ ਪਿਛਲੇ ਕਈ ਦਹਾਕੇ ਪੂਰੀ ਤਨਦੇਹੀ ਨਾਲ ਜਹਿਮਤਾਂ ਝੇਲਦੇ ਹੋਏ, ਰਿਸ਼ਤਿਆਂ ਦੀਆਂ ਬੁਝਾਰਤਾਂ ਬੁੱਝਦੇ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ ਹਨ। ਨੌਕਰੀ ਤੋਂ ਰਿਟਾਇਰ ਹੋ ਕੇ ਸੋਚਿਆ ਕਿ ਚਲੋ ਹੁਣ ਵਿਹਲਾ ਸਮਾਂ ਮਾਣਦੇ ਹਾਂ। ਪਹਿਲਾਂ ਤਾਂ ਸਮੇਂ ਸਿਰ ਉੱਠਣਾ, ਘਰ ਦੇ ਸਾਰੇ ਕੰਮ ਨਿਪਟਾ ਕੇ ਆਪਣੀ ਡਿਊਟੀ ਲਈ ਦੌੜਨਾ ਕਦੇ ਬੱਸ ਲੇਟ ਤੇ ਕਦੇ ਮੈਂ ... ਗੱਲ ਕੀ ਭੱਜੋ-ਨੱਸੀ ਵਿੱਚ ਚੱਲ ਰਹੀ ਸੀ ਜ਼ਿੰਦਗੀ।

ਸੋਚਾਂ ਵਿੱਚ ਪਈ ਨੂੰ ਇੱਕ ਦਿਨ ਸਵੈ ਵਿਸ਼ਲੇਸ਼ਣ ਕਰਦਿਆਂ ਅਭਾਸ ਹੋਇਆ ਕਿ ਵਿਹਲੀ ਤਾਂ ਮੈਂ ਹੁਣ ਵੀ ਨਹੀਂ ਹੋਈ, ਸਿਰਫ ਕੰਮਾਂ ਦੀ ਰੂਪ ਰੇਖਾ ਬਦਲੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅਗਲੇ ਦਿਨ ਕਰਨ ਵਾਲੇ ਕੰਮਾਂ ਦੀ ਤਰਤੀਬ ਓੁਲੀਕਣਾ ਹੀ ਮੇਰੀ ਪਾਠ-ਪੂਜਾ ਹੁੰਦੀ ਹੈ। ਸ਼ਾਇਦ ਇਹ ਵੀ ਕੋਈ ਕੁਦਰਤ ਦਾ ਵਰਦਾਨ ਹੀ ਹੋਵੇਗਾ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਨਸਾਨ ਨੂੰ ਸਭ ਤੋਂ ਵੱਧ ਖੁਸ਼ੀ ਕੰਮਾਂ ਵਿੱਚ ਰੁੱਝੇ ਰਹਿਣ ਨਾਲ ਮਿਲਦੀ ਹੈ ਅਤੇ ਦਿਮਾਗ ਵਿੱਚ ਸਿਹਤਮੰਦ ਹਾਰਮੋਨ ਐਂਡੋਰਫਿਨ ਦੇ ਵਧ ਰਿਸਾਓ ਕਾਰਨ ਤਣਾਅ-ਮੁਕਤ ਰਹਿੰਦਾ ਹੈ। ਸਵੇਰੇ ਜਲਦੀ ਉੱਠਣ ਦੀ ਆਦਤ ਅਜੇ ਤੱਕ ਬਰਕਰਾਰ ਹੈ, ਜੋ ਮੈਂ ਚਾਹ ਕੇ ਵੀ ਬਦਲ ਨਹੀਂ ਸਕੀ। ਜੇਕਰ ਲੇਟ ਹੋ ਜਾਵਾਂ ਤਾਂ ਸਾਰੇ ਦਿਨ ਦੀ ਸਮਾਂ ਸਾਰਣੀ ਗੜਬੜਾ ਜਾਂਦੀ ਹੈ। ਆਪਣੇ ਨਿੱਤ ਕਰਮ ਤੋਂ ਵਿਹਲੀ ਹੋ ਕੇ ਮੈਨੂੰ ਪਾਰਕ ਜਾ ਕੇ ਸੈਰ ਕਰਨ ਦੀ ਕਾਹਲ ਹੁੰਦੀ ਹੈ। ਬਚਪਨ ਤੋਂ ਸ਼ੁਰੂ ਹੋਏ ਦੋਸਤੀਆਂ ਦੇ ਵਿਸ਼ਾਲ ਘੇਰੇ ਸੀਮਤ ਹੋ ਚੁੱਕੇ ਹਨ। ਹੁਣ ਪਾਰਕ ਵਿੱਚ ਹਮ-ਉਮਰ ਸਾਥਣਾਂ ਦਾ ਸੰਗ-ਮਾਣਨਾ ਤੇ ਉਹਨਾਂ ਨਾਲ ਪੁਰਾਣੇ ਵਿਰਸੇ, ਤਜ਼ਰਬੇ, ਜੀਵਨ-ਜਾਂਚ, ਅੱਜ ਦੀ ਪੀੜ੍ਹੀ ਦੇ ਅਚਾਰ-ਵਿਚਾਰ ਬਾਰੇ ਜਦੋਂ ਚਰਚਾ ਛਿੜ ਪੈਂਦੀ ਹੈ ਤਾਂ ਉਮਰ ਨਾਲ ਜੁੜੇ ਸਾਰੇ ਤੌਖਲੇ ਤੇ ਸੰਸੇ ਨਵਿਰਤ ਹੋ ਜਾਂਦੇ ਹਨ। ਘਰ ਵਿੱਚ ਦੋ ਹੀ ਜੀਅ ਹਾਂ ਤਾਂ ਕੰਮ ਕਾਹਦਾ। ਪਹਿਲਾਂ ਬੱਚਿਆਂ ਦੀ ਸੇਵਾ ਕਰਦਿਆਂ ਥਕਾਵਟ ਮਹਿਸੂਸ ਨਹੀਂ ਸੀ ਹੁੰਦੀ, ਪਰ ਹੁਣ ਸਰੀਰਕ ਸਮਰੱਥਾ ਘੱਟ ਹੋ ਜਾਣ ਕਾਰਨ ਅੱਕ-ਥੱਕ ਜਾਈਦਾ ਹੈ। ਝੁੰਜਲਾਹਟ ਤੇ ਖਿਝ ਕਾਰਨ ਜੀਵਨ ਦੇ ਹਮਸਫਰ ਨਾਲ ਹੀ ਨੋਕ ਝੋਕ ਹੋ ਜਾਂਦੀ ਹੈ। ਇੱਕ ਦੂਜੇ ’ਤੇ ਹੀ ਆਪਣੇ ਤਜ਼ਰਬੇ ਤੇ ਸਿਆਣਪਾਂ ਨਿਛਾਵਰ ਕਰਦੇ ਰਹੀਦਾ ਹੈ।

ਇਸ ਉਮਰ ਵਿੱਚ ਮੇਰੇ ਵਿਵਹਾਰ ਵਿੱਚ ਆਈ ਤਬਦੀਲੀ ਮੇਰੇ ਸੁਭਾਅ ਨਾਲ ਮੇਲ ਨਹੀਂ ਖਾਂਦੀ ਮੈਂ ਬਹੁਤ ਸੰਜਮੀ, ਸੰਕੋਚੀ ਤੇ ਨਿੱਜਪ੍ਰਸਤ ਸਾਂ, ਪਰ ਹੁਣ ਹਰ ਇੱਕ ਦੇ ਦੁੱਖ-ਦਰਦ ਬਹੁਤ ਸਤਾਉਂਦੇ ਹਨ। ਕਈ ਸਮਾਜਿਕ ਮਸਲੇ ਜਿਵੇਂ ਬਾਲ-ਮਜ਼ਦੂਰੀ, ਅੰਧ-ਵਿਸ਼ਵਾਸ, ਨਸ਼ਿਆਂ ਦਾ ਕੋਹੜ, ਭਰੂਣ ਹੱਤਿਆ ਆਦਿ ਮਨ ਨੂੰ ਬਹੁਤ ਟੁੰਬਦੇ ਹਨ। ਸੁਧਰਿਆ ਹੋਇਆ ਸਮਾਜ ਵੇਖਣ ਦੀ ਰੀਝ ਤੇ ਆਸ ਬਾਕੀ ਹੈ। ਸਵੇਰੇ ਅਖਬਾਰਾਂ ਖੋਲ੍ਹੀਏ ਤਾਂ ਖੁਦਕੁਸ਼ੀਆਂ, ਕਤਲੋਗਾਰਤ, ਧੀਆਂ ਦੇ ਦੁੱਖ ਦਰਦ ਤੇ ਰਿਸ਼ਤਿਆਂ ਦਾ ਘਾਣ ਹੁੰਦਾ ਕਦੇ ਨਾ ਪੜ੍ਹੀਏ। ਮੇਰੀ ਕੰਮ ਵਾਲੀ ਕੁੜੀ ਦੀ ਉਜਰਤ ਕਿਉਂ ਘੱਟ ਹੈ? 3000 ਰੁਪਏ ਕਿਰਾਏ ਦੇ ਇੱਕ ਕਮਰੇ ਨੂੰ ਰਸੋਈ ਤੇ ਬੈੱਡਰੂਮ ਦੀ ਤਰ੍ਹਾਂ ਵਰਤਦੀ ਹੈ ਉਸਦਾ ਰਹਿਣ ਸਹਿਣ ਕਿਉਂ ਨਾ ਵਧੀਆ ਹੋਵੇ? ਕਹਿੰਦੇ ਹਨ ਨਿਰਾਸ਼ਤਾ ਬੁਢਾਪੇ ਦੀ ਵੱਡੀ ਦੁਸ਼ਮਣ ਹੈ ਪਰ ਪਤਾ ਨਹੀਂ ਕਿਉਂ ਆਣ ਘੇਰਦੀ ਹੈ। ਹੰਢਾਈ ਗਈ ਉਮਰ ਵਿੱਚ ਤਾਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਰ ਕੁਝ ਸੋਚਣ ਦਾ ਸਮਾਂ ਹੀ ਨਹੀਂ ਸੀ ਮਿਲਦਾ। ਹੁਣ ਸਰਗਰਮ, ਰੁਝੇਵਿਆਂ ਦੀ ਅਣਹੋਂਦ ਵਿੱਚ ਖਾਲੀ ਮਨ ਬੇਕਾਰ, ਬੇਵਜਾਹ ਦੀਆਂ ਚਿੰਤਾਵਾਂ ਵਿੱਚ ਘਿਰਿਆ ਮਹਿਸੂਸ ਕਰਦਾ ਹੈ। ਬੀਤੇ ਸਮੇਂ ਦੀਆਂ ਨਾਕਾਮੀਆਂ, ਅਸਫਲਤਾਵਾਂ ਤੇ ਬੇਸਮਝੀਆਂ ਬਾਰੇ ਸੋਚਣਾ ਹੁਣ ਕੋਈ ਮਾਅਨੇ ਤਾਂ ਨਹੀਂ ਰੱਖਦਾ, ਪਰ ਕਈ ਵੇਰ ਮਨ ਵਿੱਚ ਇੱਛਾ ਜਾਗਦੀ ਹੈ ਕਿ ਕਾਸ਼, ਕੋਈ ਰਿਮੋਟ ਕੰਟਰੋਲ ਜ਼ਿੰਦਗੀ ਦਾ ਹੱਥ ਲੱਗ ਜਾਵੇ ਤਾਂ ਬੀਤੇ ਹੋਏ ਪਲ ਹੁਣ ਦੀ ਸੂਝਬੂਝ ਤੇ ਸਿਆਣਪ ਨਾਲ ਮੁੜ ਜੀਵੀਏ। ਪਰ ਨਹੀ, ਇਹਨਾਂ ਸਭ ਨਿਰਅਧਾਰ ਵਿਚਾਰਾਂ ਵਿੱਚ ਉਲਝ ਕੇ ਮਨ ਦੀ ਸ਼ਕਤੀ ਨਸ਼ਟ ਕਰਨ ਨਾਲੋਂ ਤਾਂ ਚੰਗਾ ਹੈ,ਕੋਈ ਨਾ ਕੋਈ ਮਨ ਪਸੰਦ ਰੁਝੇਵਾਂ ਚੁਣ ਲਿਆ ਜਾਵੇ।

ਜਿੰਦਗੀ ਦੇ ਹੁਣ ਤੱਕ ਦੇ ਸਫਰ ਵਿੱਚ ਮੇਰਾ ਪੜ੍ਹਨ-ਲਿਖਣ ਦਾ ਸ਼ੌਕ ਅਧਿਐਨ ਤੇ ਅਧਿਆਪਨ ਕਿੱਤੇ ਰਾਹੀਂ ਪੂਰਾ ਹੋ ਜਾਂਦਾ ਸੀ। ਹੁਣ ਅਖਬਾਰਾਂ ਤੇ ਕਿਤਾਬਾਂ ਨਾਲ ਦੋਸਤੀ ਪਾ ਕੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਕਈ ਹਮ-ਖਿਆਲੀ ਸਹੇਲੀਆਂ ਨਾਲ ਕਿਤਾਬਾਂ ਦਾ ਆਦਾਨ-ਪ੍ਰਦਾਨ ਵੀ ਚਲਦਾ ਰਹਿੰਦਾ ਹੈ। ਨੈਤਿਕ ਕਦਰਾਂ-ਕੀਮਤਾਂ ਦੀ ਅਗਵਾਈ ਕਰਨ ਵਾਲੀ ਮੇਰੀ ਇੱਕ ਦੋਸਤ ਅਜੀਤ ਕੌਰ ਤੋਂ ਧਾਰਮਿਕ ਗਿਆਨ ਵੀ ਮਿਲਦਾ ਹੈ, ਜਿਸਦਾ ਫਾਇਦਾ ਮੈਨੂੰ ਗੁਰਦਵਾਰੇ ਜਾ ਕੇ ਮੱਥਾ ਟੇਕਣ ਦੇ ਬਰਾਬਰ ਹੁੰਦਾ ਹੈ। ਜ਼ਿੰਦਗੀ ਦੀਆਂ ਘਟਨਾਵਾਂ ਜਾਂ ਯਾਦਾਂ ਦਾ ਪਟਾਰਾ ਖੁੱਲ੍ਹਦਿਆਂ ਬਹੁਤ ਵਿਸ਼ੇ ਤੇ ਵਿਫਲ ਭਾਵਨਾਵਾਂ ਜਦੋਂ ਇੱਕ ਡੂੰਘੇ ਠਾਠਾ ਮਾਰਦੇ ਛਲਕਦੇ ਸਮੁੰਦਰ ਦੀਆਂ ਛੱਲਾਂ ਬਣ ਵਹਿ ਜਾਣਾ ਲੋਚਦੀਆਂ ਹਨ ਤਾਂ ਮੇਰੀ ਕਲਮ ਇਨ੍ਹਾਂ ਨੂੰ ਬੋਚ ਲੈਂਦੀ ਹੈ। ਇਹ ਮੇਰੀ ਇੱਕ ਮਨਪਸੰਦ ਰਚਨਾ ਬਣ ਜਾਂਦੀ ਹੈ। ਕਿਸੇ ਅਖਬਾਰ ਜਾਂ ਮੈਗਜ਼ੀਨ ਵਿੱਚ ਛਪ ਜਾਣ ਦਾ ਮਾਣ ਮਿਲਦਾ ਹੈ ਤਾਂ ਜ਼ਿੰਦਗੀ ਨੂੰ ਨਵੇਂ ਅਰਥ ਮਿਲਦੇ ਹਨ। ਬਹੁਤ ਸਾਰੇ ਪਾਠਕ ਮੇਰੀ ਹਾਂ ਵਿੱਚ ਹਾਂ ਮਿਲਾਉਂਦੇ ਹਨ। ਤਦ ਮੈਂ ਇਸ ਵਿਸ਼ਾਲ ਬ੍ਰਹਿਮੰਡ ਦਾ ਹਿੱਸਾ ਬਣ ਕੇ ਕਾਮਨਾ ਕਰਦੀ ਹਾਂ ਕਿ ਮੇਰੀ ਜ਼ਿੰਦਗੀ ਦਾ ਬਾਕੀ ਸਫਰ ਵੀ ਇਸੇ ਤਰ੍ਹਾਂ ਖੁਸ਼ਗਵਾਰ ਬਣਿਆ ਰਹੇ। ਮਨ, ਬਾਬੂ ਸਿੰਘ ਮਾਨ ਦੇ ਲਿਖੇ ਗੀਤ ਦੀਆਂ ਇਹ ਸਤਰਾਂ ਗੁਣਗੁਣਾਉਣ ਲੱਗੇ:

ਕੁਝ ਠਹਿਰ ਜਿੰਦੜੀਏ, ਠਹਿਰ ਠਹਿਰ,
ਮੈਂ ਹੋਰ ਬੜਾ ਕੁਝ ਕਰਨਾ ਹੈ।

ਡਾ. ਸੁਰਜੀਤ ਸਿੰਘ ਢਿੱਲੋਂ ਵਰਗੇ ਵਿਗਿਆਨੀ ਤੇ ਹੋਰ ਵਿਦਵਾਨਾਂ ਦੇ ਵਿਚਾਰ ਵੀ ਇਹੋ ਸੁਝਾਅ ਦਿੰਦੇ ਹਨ ਕਿ ਵਧਦੀ ਉਮਰ ਵਿੱਚ ਅਜ਼ਮਾਇਸ਼ਾਂ ਵੀ ਵਧ ਜਾਂਦੀਆਂ ਹਨ, ਇਸ ਲਈ ਸਰੀਰਕ ਸਮਰੱਥਾ ਅਨੁਸਾਰ ਕਾਰਜਸ਼ੀਲ ਰਹਿ ਕੇ ਅਸੀਂ ਸਰੀਰ ਨੂੰ ਚਲਦਾ ਫਿਰਦਾ ਰੱਖ ਸਕਦੇ ਹਾਂ। ਮੇਰੇ ਅਧਿਐਨ ਖੇਤਰ, ਮਨੁੱਖੀ ਵਿਗਿਆਨ (ਐਂਥਰੋਪੌਲੌਜੀ) ਵਿੱਚ ਮਨੁੱਖ ਦੇ ਸਰੀਰਕ ਤੇ ਸਮਾਜਿਕ ਵਿਕਾਸ ਦੀ ਕਹਾਣੀ ਦੇ ਗਿਆਨ ਰਾਹੀਂ, ਮੇਰਾ ਰੌਸ਼ਨ ਦਿਮਾਗ ਵੀ ਜ਼ਿੰਦਗੀ ਦੇ ਸੰਘਰਸ਼ ਵਿੱਚ ਸਰਗਰਮ ਰਹਿਣ ਦੀ ਅਗਵਾਈ ਕਰਦਾ ਰਿਹਾ ਹੈ। ਜਾਰਜ ਬਰਨਾਰਡ ਸ਼ਾਅ ਤੇ . ਖੁਸਵੰਤ ਸਿੰਘ ਵਰਗੇ ਕਈ ਵਿਦਵਾਨ ਲੰਮੀ ਉਮਰ ਭੋਗ ਕੇ ਗਏ ਹਨ ਪਰ ਅੰਤ ਤੱਕ ਵਿਹਲੇ ਨਹੀਂ ਰਹੇ, ਹਮੇਸ਼ਾ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਮਾਣੀ ਹੈ। . ਫੌਜਾ ਸਿੰਘ ਤੇ ਮਾਤਾ ਮਾਨ ਕੌਰ ਦੀਆਂ ਓੁਦਾਹਰਣਾਂ ਸਾਡੇ ਸਾਹਮਣੇ ਹਨ। ਇਸ ਉਮਰ ਵਿੱਚ ਜਦੋਂ ਬਜ਼ੁਰਗ ਮੰਜੇ ਨਾਲ ਜੁੜ ਕੇ ਬਹਿ ਜਾਂਦੇ ਹਨ, ਉਹ ਨੌਂਵੇ ਦਸਵੇਂ ਦਹਾਕੇ ਵਿੱਚ ਵੀ ਖੇਡ ਖੇਤਰ ਵਿੱਚ ਸਰੀਰਕ ਮਾਰੋ ਮਾਰ ਕਰ ਰਹੇ ਵਿਖਾਈ ਦਿੰਦੇ ਹਨ।

ਕੁਦਰਤ ਦੀ ਇਸ ਸਭ ਤੋਂ ਸ੍ਰੇਸ਼ਟ ਰਚਨਾ ਦੀ ਇਹ ਫਿਤਰਤ ਹੈ ਕਿ ਉਹ ਉਸ ਵੱਲੋਂ ਬਖਸ਼ਿਸ਼ ਸਰੀਰਕ ਘੜਤ ਨੂੰ ਕਦੇ ਨਿੰਦਣਯੋਗ ਨਹੀਂ ਰਹਿਣ ਦਿੰਦਾ। ਜਦੋਂ ਕਦੇ ਤਾਰੀਫ ਦੇ ਦੋ ਬੋਲ ਸੁਣਨ ਨੂੰ ਮਿਲ ਜਾਣ ਤਾਂ ਮਨ ਉਡੂੰ-ਉਡੂੰ ਕਰਦਾ ਹੈ, ਪਰ ਹੁਣ ਬਜ਼ੁਰਗੀ ਸਾਨੂੰ ਕੀ ਰੰਗ ਵਿਖਾਉਂਦੀ ਹੈ, ਉਹ ਵੀ ਸੁਣੋ। ਘਰੋਂ ਥੋੜ੍ਹਾ ਬਹੁਤਾ ਮੂੰਹ-ਮੱਥਾ ਸੰਵਾਰ ਕੇ ਨਿਕਲਦੇ ਹਾਂ। ਸਿੱਧੇ ਹੋ ਕੇ ਤੁਰ ਵੀ ਲਈਦਾ ਹੈ ਪਰ ਫਿਰ ਵੀ ਲੋਕਾਂ ਦੀਆਂ ਪਾਰਖੂ ਨਜ਼ਰਾਂ ਉਮਰ ਦਾ ਤਕਾਜ਼ਾ ਬਿਆਨ ਕਰ ਜਾਂਦੀਆਂ ਹਨ। ਕੋਈ ਦੁਕਾਨਦਾਰ ਕਹੇਗਾ,ਆਹ ਲਓੁ ਮਾਤਾ ਜੀ ਬਾਕੀ ਪੈਸੇ”, ਫਿਰ ਜਾਂਦੇ ਹੋਏ ਸੋਚੀਦਾ ਹੈ ਕਿ ਆਂਟੀ ਕਹਿ ਦਿੰਦਾ ਤਾਂ ਤੇਰਾ ਕੀ ਜਾਂਦਾ। ਕੋਈ ਸਹੇਲੀ ਤਾਰੀਫ ਕਰੇਗੀ ... ਹਾਂ ਜੀ ਖੰਡਰਾਤ ਬਤਾ ਰਹੇ ਨੇ ਕਿ ਇਮਾਰਤ ਠੀਕ ਹੀ ਹੋਵੇਗੀ। ਖੰਡਰਾਤ ਲਫਜ਼ ਵੀ ਚੁੱਭ ਜਾਂਦਾ ਹੈ। ਅਸੀਂ ਸਭ ਜਾਣਦੇ ਹਾਂ ਤੇ ਬਾਣੀ ਦੇ ਕਥਨ ਅਨੁਸਾਰ ਵੀ,ਮਰਣ ਲਿਖਾਇ ਮੰਡਲ ਮਹਿ ਆਏ।” ਫਿਰ ਰੱਬ ਨੂੰ ਉਲ੍ਹਾਮਾ ਦੇਣ ਨੂੰ ਚਿੱਤ ਕਰਦਾ ਹੈ ਕਿ ਜੇਕਰ ਜਨਮ ਦੇ ਨਾਲ ਹੀ ਮਰਨ ਦੀ ਘੜੀ ਵੀ ਨਿਸ਼ਚਤ ਹੋ ਜਾਂਦੀ ਹੈ ਤਾਂ ਸਰੀਰਕ ਸ਼ਕਤੀ ਤੇ ਹੁਲੀਏ ਕਾਹਨੂੰ ਵਿਗਾੜਨੇ ਸਨ।

ਸਮੇਂ ਸਿਰ ਦਵਾਈ ਖਾਣਾ ਵੀ ਯਕੀਨੀ ਬਣਾਉਣਾ ਪੈਂਦਾ ਹੈ, ਨਹੀਂ ਤਾਂ ਬੀ.ਪੀ. ਨੇ ਵਧਣ ਲੱਗਿਆ ਕੋਈ ਅਲਾਰਮ ਨਹੀਂ ਵਜਾਉਣਾ ਹੁੰਦਾ। ਜ਼ਿੰਦਗੀ ਦਾ ਬਹੁਤਾ ਸਮਾਂ ਡਾਕਟਰਾਂ ਕੋਲ ਜਾਣ ਤੇ ਸਰੀਰਕ ਜਾਂਚ ਕਰਵਾਉਂਦੇ ਰਹਿਣ ਵਿੱਚ ਗੁਜ਼ਰ ਰਿਹਾ ਹੈ। ਡਾਕਟਰ ਹਰ ਵਾਰ ਇਹੀ ਕਹਿ ਕੇ ਤੋਰ ਦਿੰਦੇ ਹਨ ਕਿ ਉਮਰ ਸਬੰਧੀ ਰੋਗ ਹਨ।

ਬਜ਼ੁਰਗੀ ਦੇ ਰਸਤੇ ’ਤੇ ਤੁਰਦਿਆਂ ਜਦੋਂ ਕਦੇ ਆਸ-ਪਾਸ ਪਦਾਰਥਵਾਦੀ ਮਾਹੌਲ ਵਿੱਚ ਬਜ਼ੁਰਗਾਂ ਦੀ ਘਰ-ਪਰਿਵਾਰ ਵਿੱਚ ਹੁੰਦੀ ਦੁਰਦਸ਼ਾ, ਅਣਗਹਿਲੀ, ਅਣਦੇਖੀ ਆਦਿ ਦੀਆਂ ਖਬਰਾਂ ਪੜ੍ਹਦੇ ਸੁਣਦੇ ਤੇ ਵੇਖਦੇ ਹਾਂ ਤਾਂ ਇਹ ਪੰਧ ਮੰਝਧਾਰ ਵਿੱਚ ਫਸੇ ਮਲਾਹ ਵਾਂਗ ਜੋਖਮ ਭਰਿਆ ਵੀ ਲਗਦਾ ਹੈ। ਆਸ ਕਰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਜ਼ੁਰਗਾਂ ਦਾ ਸਤਿਕਾਰ, ਇਹਨਾਂ ਪ੍ਰਤੀ ਜ਼ਿੰਮੇਵਾਰੀਆਂ ਤੇ ਫਰਜ਼ ਦੇ ਪਾਠ ਪੜ੍ਹਾਏ ਜਾਣ। ਸਮੇਂ ਦੀ ਮੰਗ ਹੈ ਕਿ ਸਰਕਾਰ ਵਧੀਆ ਸੁਖ-ਸਹੂਲਤਾਂ ਵਾਲੇ ਬਿਰਧ-ਆਸ਼ਰਮ ਤੇ ਸਹਾਰਾ ਘਰ ਖੋਲ੍ਹ ਕੇ ਬਜ਼ੁਰਗਾਂ ਦੀ ਸੁਰੱਖਿਆ ਤੇ ਇਲਾਜ ਯਕੀਨੀ ਬਣਾਏ। ਹਰ ਬਜ਼ੁਰਗ ਬਿਨਾਂ ਕਿਸੇ ਖੌਫ ਤੇ ਤੌਖਲੇ ਦੇ ਸਵੈ ਮਾਣ ਨਾਲ ਆਪਣਾ ਜੀਵਨ ਸਫਰ ਪੂਰਾ ਕਰੇ। ਇਸ ਪੰਧ ਦੇ ਸਾਰੇ ਹਮਸਫਰ ਅਸੀਂ ਕਹਿ ਸਕੀਏ, ਕਿ ਅਸੀਂ ਬੁਢਾਪਾ ਹੰਢਾ ਨਹੀਂ ਰਹੇ, ਮਾਣ ਰਹੇ ਹਾਂ।

*****

(877)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author