KulminderKaur7“ਜਦੋਂ ਬੱਚਤ ਨਾਲੋਂ ਖਪਤ ਵਧ ਜਾਂਦੀ ਹੈ ਤਾਂ ...”
(2 ਅਗਸਤ 2018)

 

ਬਚਪਨ ਵਿੱਚ ਅਸੀਂ ਆਪਣੇ ਪਿਉ ਨੂੰ ਪਿੰਡ ਤੋਂ ਸ਼ਹਿਰ ਦੁਕਾਨ ਤੱਕ ਸਾਈਕਲਤੇ ਹੀ ਜਾਂਦਿਆ ਵੇਖਿਆ। ਉਦੋਂ ਕੱਚੇ ਰਾਹ ਵਿੱਚ ਇੱਕ ਰੋਹੀ ਵੀ ਪੈਂਦੀ ਸੀ ਤੇ ਉਹ ਸਾਈਕਲ ਮੋਢਿਆਂ ਤੇ ਰੱਖ ਕੇ ਪਾਰ ਲੰਘਦਾ। ਅਸੀਂ ਉਸੇ ਸ਼ਹਿਰ ਵਿੱਚ ਪੜ੍ਹਨ ਲੱਗੇ ਤਾਂ ਭਰਾਵਾਂ ਨੂੰ ਵੀ ਸਾਈਕਲ ਲੈ ਦਿੱਤਾ। ਸਮੇਂ ਦੇ ਵਹਾਅ ਨਾਲ ਸੜਕਾਂ ਤੇ ਵਧੀਆ ਮੂਨੇ ਦੇ ਸਾਈਕਲ, ਮੋਪਿਡ ਤੇ ਸਕੂਟਰ ਚੱਲਣ ਲੱਗੇ। ਭਰਾਵਾਂ ਨੇ ਵੀ ਮੰਗ ਰੱਖ ਦਿੱਤੀ ਪਰ ਉਹਨਾਂ ਦੀ ਕਦੇ ਵੀ ਨਾ ਸੁਣੀ ਗਈ, ਹਾਲਾਂਕਿ ਸਾਡੇ ਬਾਪ ਦਾ ਪਿੰਡ ਦੇ ਮੋਹਤਬਰ ਬੰਦਿਆਂ ਵਿੱਚ ਨਾਂਅ ਸੀ ਤੇ ਆਰਥਿਕ ਹਾਲਤ ਵੀ ਠੀਕ ਸੀ। ਆਪਣੇ ਅਸੂਲਾਂ ਤੇ ਸਿਧਾਂਤਾਂ ਨੂੰ ਲੈ ਕੇ ਉਨ੍ਹਾਂ ਕਦੇ ਵੀ ਸਮੇਂ ਤੇ ਜ਼ਮਾਨੇ ਦੀ ਚਾਲ ਨਾਲ ਸਮਝੌਤਾ ਨਹੀਂ ਸੀ ਕੀਤਾ। ਸਾਨੂੰ ਅਗਲੀ ਪੀੜ੍ਹੀ ਨੂੰ ਜਦੋਂ ਦੁਨਿਆਵੀ ਸੋਝੀ ਆਉਣ ਲੱਗੀ ਤਾਂ ਆਪਣੇ ਰਿਸ਼ਤੇਦਾਰਾਂ ਤੇ ਸਮਾਜਿਕ ਮਾਹੌਲ ਨੂੰ ਵੇਖਦਿਆਂ ਆਪਣੇ ਮਾਂ-ਬਾਪ ਤੇ ਬੜਾ ਗੁੱਸਾ ਤੇ ਖਿੱਝ ਆਉਂਦੀ। ਆਪਸੀ ਵਿਚਾਰ-ਚਰਚਾ ਕਰਦੇ ਹੋਏ ਘਰ ਵਿੱਚ ਘੁਸਰ-ਫੁਸਰ ਜਾਰੀ ਰੱਖਦੇ ਕਿ ਸਾਡਾ ਬਾਪ ਹੁੰਦਿਆਂ ਸੁੰਦਿਆ ਵੀ ਖਰਚ ਨਹੀਂ ਕਰਦਾ। ਉਦੋਂ ਮਾਂ ਸਾਨੂੰ ਸਮਝਾ-ਬੁਝਾ ਕੇ ਸ਼ਾਂਤ ਕਰ ਲੈਂਦੀ।

ਮੈਨੂੰ ਯਾਦ ਹੈ ਹੋਸਟਲ ਵਿੱਚ ਪੜ੍ਹਦਿਆਂ ਮੈਂ ਅਲਾਰਮ ਘੜੀ ਦੀ ਮੰਗ ਕੀਤੀ ਤਾਂ ਪੁਰਾਣੀ ਘੜੀ ਠੀਕ ਕਰਵਾ ਕੇ ਦੇ ਦਿੱਤੀ ਜੋ ਕੁਝ ਦਿਨ ਹੀ ਚੱਲੀ। ਮੇਰੇ ਕਾਲਜ ਤੇ ਹੋਸਟਲ ਦੀ ਫੀਸ ਜਮ੍ਹਾਂ ਕਰਵਾ ਕੇ ਬਕਾਇਦਾ ਰਸੀਦ ਵਗੈਰਾ ਸੰਭਾਲਦੇ। ਕਦੇ ਮਨੀਆਰਡਰ ਰਾਹੀਂ ਪੈਸੇ ਭੇਜਦੇ ਤਾਂ ਉਸਦਾ ਹਿਸਾਬ ਮੈਂ ਵੇਰਵੇ ਸਹਿਤ ਰੱਖਦੀ, ਜਿਵੇਂ ਚਾਹ ਦਾ ਕੱਪ 20 ਪੈਸੇ, ਸਮੋਸਾ 25 ਪੈਸੇ ਆਦਿ। ਜੋ ਪੁਰਾਣੀ ਡਾਇਰੀ ਵਿੱਚ ਲਿਖਿਆ ਮਿਲਿਆ। ਇਹ ਹਿਸਾਬ ਘਰ ਦੇ ਕੇ ਹੀ ਹੋਰ ਖਰਚਾ ਮਿਲਦਾ ਸੀ। ਇੱਕ ਭਰਾ ਦਾ ਝੁਕਾਅ ਖੇਤੀ ਕਰਨ ਵੱਲ ਹੋਇਆ ਤਾਂ ਉਸਦੇ ਹੱਥ ਵੀ ਹਲ-ਪੰਜਾਲੀ ਫੜਾਇਆ। ਕਦੇ ਟਰੈਕਟਰ ਚਲਾਉਣ ਦੀ ੀਝ ਪੂਰੀ ਨਹੀਂ ਹੋਣ ਦਿੱਤੀ। ਘਰ ਨੂੰ ਹਮੇਸ਼ਾ ਕਰਜ਼ੇ ਦੇ ਬੋਝ ਤੋਂ ਬਚਾਅ ਕੇ ਰੱਖਿਆ। ਇੱਕ ਇੰਚ ਜ਼ਮੀਨ ਨਹੀਂ ਗਵਾਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਕੁਝ ਛੱਡ ਕੇ ਗਿਆ। ਇੱਥੋਂ ਤੱਕ ਸੰਜਮੀ, ਸੰਕੋਚੀ ਤੇ ਕੰਜੂਸ ਸਨ ਕਿ ਚਿੱਠੀ ਪੱਤਰੀ ਵੇਲੇ ਪੋਸਟ ਕਾਰਡ ਦਾ ਹੀ ਇਸਤੇਮਾਲ ਕਰਦੇ। ਸਾਨੂੰ ਵੀ ਫਜ਼ੂਲ ਖਰਚੀ ਨਾ ਕਰਨ ਦੀ ਹਦਾਇਤ ਸੀ।

ਹੁਣ ਜਦੋਂ ਮੈਂ ਕੁਝ ਲਿਖਣ ਲਈ ਅਖਬਾਰ ਵਿੱਚ ਆਏ ਇਸ਼ਤਿਹਾਰ ਦੇ ਸਾਫ ਕਾਗਜ਼ ਸੰਭਾਲ ਲੈਂਦੀ ਹਾਂ ਤਾਂ ਬਾਪ ਦੇ ਅਸੂਲ ਮੇਰੇ ਰੂ--ਰੂ ਹੁੰਦੇ ਹਨ। ਪੰਜਾਹ ਸਾਲ ਪਹਿਲੇ ਵਾਲੇ ਮਾਹੌਲ ਵੱਲ ਅੱਜ ਮੈਂ ਅੰਤਰ-ਝਾਤ ਮਾਰੀ ਹੈ। ਹੁਣ ਇੱਕੀਵੀਂ ਸਦੀ ਵਿੱਚ ਸਮੁੱਚੀ ਮਨੁੱਖਤਾ ਆਪਣੇ ਸੰਜਮੀ ਤੇ ਸਬਰ-ਸੰਤੋਖ ਵਾਲੇ ਵਿਰਾਸਤੀ ਗੁਣਾਂ ਨੂੰ ਵਿਸਾਰ ਚੁੱਕੀ ਹੈ। ਤਕਨੀਕੀ ਯੁੱਗ ਵਿੱਚ ਜਿੱਥੇ ਸੁਖ-ਸਹੂਲਤਾਂ ਦੇ ਸਾਜ਼ੋ-ਸਾਮਾਨ ਦੇ ਅੰਬਾਰ ਲੱਗੇ ਹੋਏ ਹਨ, ਉੱਥੇ ਮਨੁੱਖ ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਵਿੱਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਸਾਰੀ ਉਮਰ ਇਹਨਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ ਭਲੀ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋਂ ਹਟ ਕੇ ਉਹ ਹਰ ਜਾਇਜ਼, ਨਜਾਇਜ਼ ਤੇ ਅਵੈਧ ਤਰੀਕੇ ਵਰਤਦਾ ਸਾਰਾ ਜੀਵਨ ਦਾਅ ਤੇ ਲਾਉਂਦਾ ਹੈ। ਅਸਲੀਅਤ ਤੇ ਨੈਤਿਕਤਾਂ ਤੋਂ ਦੂਰੀ ਉਸਦੇ ਮਨ ਨੂੰ ਵਿਚਲਿਤ ਕਰਦੀ ਹੈ। ਮੁਕਾਬਲੇਬਾਜ਼ੀ ਦੀ ਹਵਾ ਵਿੱਚ ਆਪਣੇ ਪਰਿਵਾਰਕ ਕਾਰ-ਵਿਹਾਰਾਂ ਵਿੱਚ ਇੱਕ ਦੂਜੇ ਦੀ ਰੀਸੋ-ਰੀਸ ਫਜ਼ੂਲ ਖਰਚੀ ਕਰਨ ਵਿੱਚ ਸਮਾਜ ਦਾ ਹਰ ਵਰਗ ਇੱਕ ਦੂਜੇ ਨੂੰ ਪਛਾੜ ਰਿਹਾ ਹੈ। ਮੱਧ ਵਰਗੀ ਤੇ ਹੇਠਲਾ ਵਰਗ ਇਸ ਦੌੜ ਵਿੱਚ ਵੱਧ ਪਿਸ ਰਿਹਾ ਹੈ। ਜਦੋਂ ਬੱਚਤ ਨਾਲੋਂ ਖਪਤ ਵਧ ਜਾਂਦੀ ਹੈ ਤਾਂ ਉਹ ਕਰਜ਼ਾਈ ਹੁੰਦੇ ਹਨ। ਕਰਜ਼ੇ ਦੇ ਬੋਝ ਹੇਠਾਂ ਦੱਬੇ ਪਰਿਵਾਰਾਂ ਦੀ ਤਬਾਹੀ ਨਿਸ਼ਚਿਤ ਹੈ। ਪਹਿਲੇ ਵੇਲਿਆਂ ਵਿੱਚ ਪਤਾ ਨਹੀਂ ਸੀ ਕਿ ਮਾਨਸਿਕ ਰੋਗ ਵੀ ਹੁੰਦੇ ਸਨ ਪਰ ਅੱਜ ਸਾਰੇ ਸਮਾਜਿਕ ਮਾਹੌਲ ਵਿੱਚ ਮਾਨਸਿਕ ਅਸ਼ਾਂਤੀ ਹੈ। ਹੁਣ ਸਰੀਰਕ ਰੋਗਾਂ ਦੇ ਕਾਰਨ ਵੀ ਮਾਨਸਿਕਤਾ ਨਾਲ ਜੁੜ ਗਏ ਹਨ।

ਸਭ ਤੋਂ ਵੱਧ ਫਜ਼ੂਲ ਖਰਚੀ ਤਾਂ ਵਿਆਹ-ਸ਼ਾਦੀਆਂ ਤੇ ਮਰਨੇਂ ਵਰਗੇ ਕਾਰਜਾਂ ਤੇ ਹੋ ਰਹੀ ਹੈ। ਪਹਿਲੇ ਵੇਲਿਆਂ ਵਿੱਚ ਵਿਆਹ ਕਈ ਦਿਨ ਚੱਲਦੇ ਪਰ ਬਗੈਰ ਫਜ਼ੂਲ ਖਰਚੀ ਤੋਂ ਸਾਦਗੀ, ਆਪਸੀ ਤਾਲ-ਮੇਲ, ਪਿਆਰ-ਸਤਿਕਾਰ ਤੇ ਮਨੋਰੰਜਨ ਭਰਪੂਰ ਜਜ਼ਬਿਆਂ ਵਿੱਚ ਸੰਪਨ ਹੁੰਦੇ ਸਨ। ਅੱਜ ਇਹ ਨਿਰਾ ਸ਼ੋਰ-ਸ਼ਰਾਬਾ, ਵਿਅਰਥ ਦਾ ਖਾਣ-ਪੀਣ ਤੇ ਵਪਾਰਕ ਲੈਣ-ਦੇਣ ਹੋ ਨਿੱਬੜਦਾ ਹੈ। ਸਿਆਣਿਆਂ ਦੀ ਅਖੌਤ “ਚਾਦਰ ਵੇਖ ਕੇ ਪੈਰ ਪਸਾਰਨੇ” ਵੀ ਬੇਮਾਅਨੇ ਹੋ ਗਈ ਹੈ। ਕੋਈ ਆਪਣੀ ਹੈਸੀਅਤ, ਰੁਤਬਾ ਤੇ ਆਰਥਿਕ ਹਾਲਤ ਨਹੀਂ ਵਿਚਾਰਦਾ। ਹਰ ਧਾਰਮਿਕ ਮੱਤ ਸਾਨੂੰ ਸਾਦਗੀ, ਸੰਜੀਦਗੀ ਤੇ ਸਬਰ-ਸੰਤੋਖ ਦਾ ਸਬਕ ਪੜ੍ਹਾਉਂਦਾ ਹੈ। ਕਿੰਨਾ ਅਸਰਦਾਰ ਹੈ ਬਾਬਾ ਫਰੀਦ ਦਾ ਇਹ ਸ਼ਲੋਕ:

ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਓੁ।

ਜੇਕਰ ਅਸੀਂ ਇਮਾਨਦਾਰੀ ਨੇਕ-ਨੀਅਤੀ ਨਾਲ ਕਿਰਤ-ਕਮਾਈ ਕਰਦੇ ਹੋਏ ਆਪਣੀ ਵਿੱਤ/ਸਮਰੱਥਾ ਅਨੁਸਾਰ ਅੱਗੇ ਵਧਦੇ ਜਾਈਏ ਤਾਂ ਜ਼ਿੰਦਗੀ ਖੁਦ-ਬ-ਖੁਦ ਸੁਖਮਈ ਹੋਵੇਗੀ। ਇੱਥੋਂ ਤੱਕ ਕਿ ਗਰੀਬੀ ਰੇਖਾ ਵੀ ਪਾਰ ਲੰਘ ਜਾਵਾਂਗੇ। ਮੁਕਤਸਰ ਜ਼ਿਲ੍ਹੇ ਦੇ ਭਾਗਸਰ ਪਿੰਡ ਦੇ ਇੱਕ ਗਰੀਬ ਪਰਿਵਾਰ ਦੇ ਲੜਕੇ ਨੇ ਪੰਜਾਬ ਸਿਵਲ ਸਰਵਿਸਜ਼ ਵਿੱਚ ਟਾਪ ਪੁਜ਼ੀਸਨ ਹਾਸਲ ਕੀਤੀ। ਇਸਦਾ ਪਿਤਾ ਠੇਲੇ ਤੇ ਸਮਾਨ ਢੋਂਦਾ ਸੀ ਤੇ ਇਹ ਵੀ ਉਸਦੀ ਮਦਦ ਲਈ ਦਿਹਾੜੀਦਾਰ ਰਿਹਾ ਜਦੋਂ ਕਿ ਹਰ ਸੁਖ-ਸਹੂਲਤਾਂ ਤੇ ਐਸ਼ੋ-ਆਰਾਮ ਮਾਣ ਰਹੇ ਕਈ ਪਰਿਵਾਰਾਂ ਦੇ ਬੱਚੇ ਅੱਜ ਵਿਗੜੈਲ, ਨਿਕੰਮੇ ਤੇ ਨਸ਼ਈ ਵੀ ਨਿਕਲ ਰਹੇ ਹਨ। ਜ਼ਿੰਦਗੀ ਦੀ ਸਚਾਈ ਇਹੀ ਹੈ ਕਿ ਜੋ ਸੁਖ ਸਧਾਰਨ ਜੀਵਨ-ਸ਼ੈਲੀ ਜੀਣ ਵਿੱਚ ਹੈ, ਉਹ ਨਿਰਾਧਾਰ, ਸੁਪਨਿਆਂ ਤੇ ਖਾਹਿਸ਼ਾਂ ਦੇ ਮਗਰ ਦੌੜ-ਭੱਜ ਕਰਨ ਵਿੱਚ ਨਹੀਂ ਮਿਲਦਾ। ਇਨਸਾਨ ਆਪਣੀਆਂ ਜ਼ਰੂਰਤਾਂ ਤੋਂ ਵੱਧ ਦੀ ਤਮੰਨਾ ਰੱਖਣ ਵਿੱਚ ਨਿੱਕੀਆਂ ਵੱਡੀਆਂ ਖੁਸ਼ੀਆਂ ਮਾਨਣ ਤੋਂ ਵੀ ਵਾਂਝਾ ਰਹਿੰਦਾ ਹੈ। ਖੂਨ ਦੇ ਰਿਸ਼ਤਿਆਂ ਦੇ ਰੰਗ ਫਿੱਕੇ ਪੈ ਜਾਂਦੇ ਹਨ ਤੇ ਥੱਕ-ਹਾਰ ਕੇ ਖੁਦ ਦਾ ਵੈਰੀ ਬਣ ਬੈਠਦਾ ਹੈ।

ਅੱਜ ਸਮਾਜ ਦੀ ਅਰਥ-ਵਿਵਸਥਾ ਡਾਵਾਂਡੋਲ ਹੈ। ਇਸਦੇ ਮੱਦੇਨਜ਼ਰ ਹੀ ਮਾਨਸਿਕ ਅਸੰਤੁਲਤਾ ਦੀ ਝੁੱਲਦੀ ਹਨੇਰੀ ਕਈ ਜਾਨਾਂ ਦਾ ਖੌਅ ਬਣ ਕੇ ਘਰਾਂ ਦੇ ਘਰ ਉਜਾੜ ਰਹੀ ਹੈ। ਇਸੇ ਗੰਭੀਰ ਚਿੰਤਾ ਦੇ ਵਿਸ਼ੇ ਵਿੱਚ ਕੋਈ ਸਮਾਜਿਕ ਵਰਗ ਚੇਤੰਨ ਵੀ ਰਿਹਾ ਹੈ। ਕਈ ਅਧਿਆਤਮਕ ਆਗੂ ਜਥੇਬੰਦੀਆਂ ਤੇ ਵਿੱਦਿਅਕ ਅਦਾਰੇ ਇਸ ਸਮਾਜਿਕ ਚੇਤਨਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਕਾਫੀ ਸਰਗਰਮ ਹਨ। ਪਿਛਲੇ ਮਹੀਨੇ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦੇ ਮੇਰੇ ਪੇਕੇ ਪਿੰਡ ਵਿੱਚ ਕੁਝ ਮੋਹਤਬਰ ਬੰਦੇ ਮਿਲੇ ਜੋ ਇਸ ਚੇਤਨਾ ਦਾ ਸੁਨੇਹਾ ਇੱਕ ਕਿਤਾਬ ਦੇ ਰੂਪ ਵਿੱਚ ਵੰਡ ਰਹੇ ਸਨ। ਸਭ ਤੋਂ ਬਾਹਰਲੀ ਜਿਲਦ ਤੇ ਹੀ ਪੜ੍ਹਿਆਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ” ਉਹ ਜਾਣਕਾਰੀ ਵੀ ਦੇ ਰਹੇ ਸਨ ਕਿ ਇਹ ਨਾਅਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬੁਲੰਦ ਕੀਤਾ ਗਿਆ ਹੈ। ਉਹਨਾਂ ਮੁਤਾਬਿਕ ਇਸ ਲਹਿਰ ਦਾ ਅਸਰ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿੱਚ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਕੱਲ੍ਹ ਹੀ ਆਪਣੇ ਪਿੰਡ ਦੇ ਦੋਧੀ ਜਿੰਦੇ ਦੀ ਲੜਕੀ ਦਾ ਵਿਆਹ ਕਾਰਜ ਮਿਸਾਲੀ ਸੀ। ਬਰਾਤ ਨੂੰ ਚਾਹ ਪਾਣੀ ਪਿਆ ਕੇ ਆਨੰਦ ਕਾਰਜ ਗੁਰਦਵਾਰੇ ਕਰਵਾ ਕੇ ਤੋਰ ਦਿੱਤਾ। ਬਾਕੀ ਰਿਸ਼ਤੇਦਾਰਾਂ ਨੂੰ ਦੁਪਹਿਰ ਦਾ ਖਾਣਾ ਘਰੇ ਖਵਾਇਆ। ਇਸ ਵਿੱਚ ਕਿਸੇ ਵੀ ਪੈਲੇਸ, ਵਾਜੇ ਗਾਜੇ ਜਾ ਡੀ.ਜੇ. ਦੀ ਜ਼ਰੂਰਤ ਨਹੀਂ ਪਈ। ਹੁਣ ਥੋੜ੍ਹੇ ਦਿਨ ਹੋਏ ਇੱਕ ਲੇਖ ਰਾਹੀਂ ਪਤਾ ਚੱਲਿਆ ਕਿ ਮੋਹਾਲੀ, ਰੋਪੜ ਤੇ ਫਤਿਹਗੜ੍ਹ ਸਾਹਿਬ ਵਿਖੇ “ਨਵੀਂ ਸੋਚ ਦੀ ਵੱਡੀ ਪੁਲਾਂਘ” ਦਾ ਆਗਾਜ਼ ਵੀ ਇਸੇ ਉਦੇਸ਼ ਨਾਲ ਹੋਇਆ ਹੈ।

ਸਮੇਂ ਤੇ ਜ਼ਮਾਨੇ ਦੇ ਵਹਿਣਾਂ ਤੋਂ ਬਚਕੇ ਮਾਨਸਿਕ ਸਕੂਨ ਦੀ ਬਹਾਲੀ ਲਈ ਜ਼ਰੂਰੀ ਹੈ ਕਿ ਸੁੱਖਾਂ ਦੀ ਦੌੜ ਵਿੱਚ ਆਪਣੇ ਵਿਰਾਸਤ ਵਿੱਚ ਮਿਲੇ ਮਹਾਂਪੁਰਸ਼ਾਂ ਤੇ ਗੁਰੂਆਂ ਦੇ ਗਿਆਨ, ਵਿਦਵਾਨ ਲੋਕਾਂ ਦੀ ਫਿਲਾਸਫੀ, ਵਿਚਾਰਾਂ ਤੇ ਸਿਧਾਂਤਾਂ ਨੂੰ ਅੰਤਰ-ਮਨ ਵਿੱਚ ਚਿਤਵੀਏ। ਅਰਜਨ ਐੱਫ ਗੋਵਿੰਦਾਨੀ ਦੀ ਕਵਿਤਾ ਦੇ ਕੁਝ ਬੋਲ ਵੀ ਇੱਥੇ ਗੌਰਤਲਬ ਹਨ:

ਸ਼ੌਕ-ਏ-ਜ਼ਿੰਦਗੀ ਘੱਟ ਤੋਂ ਕੁਝ ਹੋਰ ਘੱਟ ਕੀਤੇ,
ਫਿਰ ਸਸਤੇ ਵਿੱਚ ਹੀ “ਸਕੂਨ-ਏ-ਜ਼ਿੰਦਗੀ” ਖਰੀਦ ਲਈ।

*****

(1248)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author