KulminderKaur7ਇਸ ਤੋਂ ਚੰਗਾ ਹੁੰਦਾ ਜੇ ਮੈਂ ਇਸ ਜੱਗ ਤੋਂ ਨਿਪੁੱਤੀ ਹੀ ਤੁਰ ਜਾਂਦੀ ...
(25 ਅਗਸਤ 2018)

 

ਕਈ ਸਾਲਾਂ ਤੱਕ ਪੰਜਾਬ ਨੇ ਅਤਿਵਾਦ ਦਾ ਸੰਤਾਪ ਭੋਗਿਆ ਹੈ। ਉਦੋਂ ਦਿਲ ਦਹਿਲਾ ਦੇਣ ਵਾਲੇ ਭਿਆਨਕ ਸਮੇਂ ਤੋਂ ਮੁਕਤ ਹੋਇਆ ਤਾਂ ਇੱਕ ਆਸ ਬੱਝੀ ਸੀ ਕਿ ਹੁਣ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ ਬਦਕਿਸਮਤੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਪੰਜਾਬ ਦੀ ਜਵਾਨੀ ਦਾ ਕੁਝ ਹਿੱਸਾ ਉਸ ਸੰਤਾਪ ਨੇ ਨਿਗਲ ਲਿਆ, ਕੁਝ ਵਿਦੇਸ਼ਾਂ ਨੂੰ ਚਾਲੇ ਪੈ ਗਏ ਤੇ ਹੁਣ ਅੰਦਾਜ਼ਨ 70% ਨੌਜਵਾਨ ਨਸ਼ਿਆਂ ਦੀ ਝੁੱਲਦੀ ਹਨੇਰੀ ਦੀ ਲਪੇਟ ਵਿੱਚ ਹਨ। ਵਿਚਾਰਨਯੋਗ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਬਾਹਰ ਚਲੇ ਗਏ, ਉਹ ਤਾਂ ਚੰਗੇ ਰਹਿ ਗਏ। ਅੱਜ ਹੀ ਸ਼ੋਸਲ ਮੀਡੀਆਂ ਤੇ ਇੱਕ ਵੀਡੀਓ ਦੇਖੀ ਤੇ ਸੁਣੀ, ਜਿਸ ਦੇ ਬੋਲ ਸਨ...

ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ,
ਕਿੱਥੋਂ ਬਣਨੇ ਸੀ ਰੰਗਲੇ ਚੁਬਾਰੇ।
ਲੱਖ ਲਾਹਣਤਾਂ ਤੇਰੇ ’ਤੇ ਸਰਕਾਰੇ...

ਇਹ ਮਹਿਲ ਚੁਬਾਰੇ ਪੰਜਾਬ ਦੀ ਵਧੀਆ ਦਿੱਖ ਤੇ ਖੂਬਸੂਰਤੀ ਦੀ ਝਲਕ ਪੇਸ਼ ਕਰਦੇ ਹਨ। ਇੱਧਰ ਤਾਂ ਅਸੀਂ ਵੇਖਦੇ ਹਾਂ ਕਿਵੇਂ ਅੱਜ ਸਰਕਾਰ ਦੇ ਨੁਮਾਇੰਦਿਆਂ, ਰਾਜਨੀਤੀਵਾਨਾਂ ਅਤੇ ਤਸਕਰਾਂ ਦੀ ‘ਨਜ਼ਰੇ ਅਨਾਇਤ’ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨ ਸਭ ਕੁਝ ਗਵਾ ਕੇ ਉੱਜੜੇ ਪਰਿਵਾਰਾਂ ਦੀ ਤਬਾਹੀ ਦਾ ਮੰਜ਼ਰ ਵੇਖਦੇ ਹੋਏ ਮੌਤ ਦੀ ਬੁੱਕਲ ਵਿੱਚ ਸਮਾਂ ਰਹੇ ਹਨ।

ਆਪਣੀ ਜ਼ਿੰਦਗੀ ਦੇ ਪਿਛਲੇ ਕਈ ਦਹਾਕਿਆਂ ਦੌਰਾਨ ਸਭ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ ਬਾਰੇ ਹੀ ਜਾਣਿਆ ਸੀ। ਫਿਰ ਭੰਗ, ਪੋਸਤ, ਅਫੀਮ, ਤੰਬਾਕੂ ਆਦਿ ਵੱਖਰੀਆਂ ਵੱਖਰੀਆਂ ਕਿਸਮਾਂ ਦੀ ਆਮਦ ਵਿੱਚ ਹੀ ਕਈ ਸਿੰਥੈਕਟ ਨਸ਼ੇ ਅਤੇ ਸਭ ਤੋਂ ਮਹਿੰਗਾ ਤੇ ਜਾਨ ਲੇਵਾ ਨਸ਼ਾ ਸਮੈਕ ਭਾਵ ਚਿੱਟਾ ਵੀ ਆਣ ਜੁੜਿਆ ਹੈ। ਨਸ਼ੇ ਦੀ ਸ਼ੁਰੂਆਤ ਜਾਣੇ-ਅਣਜਾਣੇ ਸ਼ਰਾਬ ਸਿਗਰਟ ਤੋਂ ਹੀ ਹੁੰਦੀ ਹੈ। ਜਦੋਂ ਸ਼ਰਾਬ ਦਾ ਨਸ਼ਾ ਮਨ-ਮਸਤਕ ਵਿੱਚ ਘਰ ਕਰ ਜਾਂਦਾ ਹੈ ਤਾਂ ਨਸ਼ੇੜੀ ਦਾ ਨਸ਼ਿਆਂ ਦੇ ਬਜ਼ਾਰ ਵਿੱਚ ਅਸਾਨੀ ਨਾਲ ਮਿਲਦੇ ਹੋਰ ਨਸ਼ਿਆਂ ਵੱਲ ਖਿੱਚੇ ਜਾਣਾ ਸੁਭਾਵਿਕ ਹੈ। ਗਰੀਬ ਲੋਕ ਸ਼ਰਾਬ ਤੋਂ ਵੀ ਸਸਤੀਆਂ ਨਸ਼ੇ ਦੀਆਂ ਗੋਲੀਆਂ ’ਤੇ ਲੱਗ ਜਾਂਦੇ ਹਨ। ਇਸ ਬਜ਼ਾਰ ਦੇ ਸੌਦਾਗਰ ਜਾਂ ਤਸਕਰ ਆਪਣੇ ਕਰਿੰਦੇ ਜਾਂ ਛੋਟੇ ਸਪਲਾਇਅਰ ਲੱਭ ਲੈਂਦੇ ਹਨ। ਮਾਲ ਘਰਾਂ ਤੱਕ ਪਹੁੰਚਾਉਣ ਦੇ ਇਵਜ਼ ਵਿੱਚ ਉਹ ਇਹਨਾਂ ਨੂੰ ਮੁਫਤ ਨਸ਼ਾ ਵੰਡਦੇ ਹਨ। ਬਾਅਦ ਵਿੱਚ ਪੈਸੇ ਵਸੂਲਦੇ ਹੋਏ ਇਹਨਾਂ ਦੇ ਘਰ-ਘਾਟ ਤੇ ਭਾਂਡੇ-ਟੀਂਡੇ ਤੱਕ ਵਿਕਵਾ ਦੇਂਦੇ ਹਨ ਤੇ ਅੰਤ ਮੌਤ ਦੇ ਮੂੰਹ ਵਿੱਚ ਧਕੇਲ ਕੇ ਸਾਹ ਲੈਂਦੇ ਹਨ। ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨ ਅਤੇ ਪੁਲਿਸ ਅਫਸਰਾਂ ਦੀ ਸ਼ਹਿ ’ਤੇ ਹੀ ਨਸ਼ਿਆਂ ਦਾ ਇਹ ਧੰਦਾ ਚੱਲਦਾ ਹੈ। ਇੱਕ ਬਜ਼ੁਰਗ ਔੌਰਤ ਨੇ ਮੀਡੀਆਂ ਨੂੰ ਦੱਸਿਆ ਕਿ ਉਸਦੇ ਦੋ ਪੋਤਰਿਆਂ ਤੋਂ ਇਹ ਤਸਕਰ ਜਬਰਨ ਕੰਮ ਕਰਵਾ ਰਹੇ ਸਨ ਤੇ ਉਹਨਾਂ ਦੇ ਚੁੰਗਲ ਵਿੱਚੋਂ ਛੁਡਾ ਕੇ ਥਾਣੇ ਇਤਲਾਹ ਦੇਣ ਆਈ ਹਾਂ।

ਸ਼ਰਾਬ ਦਾ ਨਸ਼ਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਸਰਕਾਰ ਦੀ ਧਾਰਨਾ ਹੈ ਕਿ ਇਸਦੀ ਵਧੇਰੇ ਖਪਤ ਤੋਂ ਵਧੇਰੇ ਕਮਾਈ ਨਾਲ ਵਿਕਾਸ ਦੇ ਕਾਰਜ ਕੀਤੇ ਜਾਂਦੇ ਹਨ। ਪਰ ਕੀ ਸਰਕਾਰ ਮੀਡੀਆ ਤੋਂ ਬੇਖਬਰ ਰਹਿੰਦੀ ਹੈ, ਜਦੋਂ ਕਿ ਅਸੀਂ ਪੜ੍ਹਦੇ ਹਾਂ, ਹੁਸ਼ਿਆਰਪੁਰ ਦੇ ਇੱਕ ਸ਼ਰਾਬੀ ਪਤੀ ਨੇ ਨਸ਼ੇ ਦੀ ਹਾਲਤ ’ਤੇ ਗੁੱਸੇ ਵਿੱਚ ਆਪਣੇ ਦੋ ਸਾਲਾਂ ਦੇ ਬੱਚੇ ਨੂੰ ਮਘਦੀ ਅੰਗੀਠੀਤੇ ਸੁੱਟ ਦਿੱਤਾ। ਕੁਝ ਸਾਲ ਪਹਿਲਾਂ ਪੰਜਾਬੀ ਜਾਗਰਣ ਅਦਾਰੇ ਵੱਲੋਂ ਨਸ਼ਾ-ਮੁਕਤ ਪੰਜਾਬ ਮੁਹਿੰਮ ਵਿੱਢੀ ਗਈ ਸੀ। ਉਦੋਂ ਸਮੇਂ ਦੀ ਸਰਕਾਰ ਨੂੰ ਹਲੂਣਿਆ ਜ਼ਰੂਰ ਸੀ। ਸੰਘਣੀ ਅਬਾਦੀ ਵਾਲੇ ਇਲਾਕੇ, ਗਲੀਆਂ ਮੁਹੱਲੇ, ਘਰਾਂ ਦੇ ਨਜ਼ਦੀਕ ਖੋਲ੍ਹੇ ਜਾ ਰਹੇ ਠੇਕਿਆਂ ਨੂੰ ਬੰਦ ਕਰਨ ਲਈ ਜਾਗਰੂਕ ਜਨਤਾ ਅੱਗੇ ਆਈ। ਮੈਨੂੰ ਯਾਦ ਹੈ ਕਿ ਸਾਡੇ ਸੈਕਟਰ ਦੇ ਨਾਲ ਲਗਦੇ ਪਿੰਡ ਵਿੱਚ ਗਲੀ ਦੇ ਮੋੜ ਤੇ ਇੱਕ ਠੇਕਾ ਖੁੱਲ੍ਹਿਆ ਤਾਂ ਪਿੰਡ ਵਾਸੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ। ਸਭ ਤੋਂ ਵੱਧ ਔੌਰਤਾਂ ਨੇ ਲਾਠੀਆਂ, ਸੋਟਿਆਂ ਨਾਲ ਅੱਗੇ ਆ ਕੇ ਭੰਨ ਤੋੜ ਕੀਤੀ ਤੇ ਸਰਕਾਰ ਖਿਲਾਫ ਨਾਅਰੇ ਬੁਲੰਦ ਕੀਤੇ ਕਿਉਂਕਿ ਸਭ ਤੋਂ ਵੱਧ ਸੰਤਾਪ ਤਾਂ ਔੌਰਤਾਂ ਹੀ ਭੋਗਦੀਆਂ ਹਨ। ਨਸ਼ੇੜੀ ਵਿਅਕਤੀ ਕਿਸੇ ਦਾ ਵੀ ਬਾਪ, ਭਰਾ ਜਾਂ ਪਤੀ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਨਸ਼ੇ ਛੁਡਵਾਉਣੇ ਚਾਹੁੰਦੇ ਹਾਂ ਪਰ ਜਦੋਂ ਨਸ਼ਾ ਖੁਦ ਘਰ ਦੇ ਨੇੜੇ ਆ ਜਾਵੇ ਤਾਂ ਇਹ ਕਿੱਥੋਂ ਸੁਧਰ ਜਾਣਗੇ। ਇਸਦਾ ਤਾਂ ਮੁਸ਼ਕ ਵੀ ਨਸ਼ੇੜੀ ਬੰਦੇ ਦਾ ਦਿਮਾਗ ਖਰਾਬ ਕਰ ਦੇਂਦਾ ਹੈ। ਧੜਾ-ਧੜ ਠੇਕੇ ਖੋਲ੍ਹ ਕੇ ਇਹ ਸਰਕਾਰ ਤਾਂ ਨਸ਼ਿਆਂ ਦਾ ਕਹਿਰ ਜਾਰੀ ਰੱਖਣਾ ਚਾਹੁੰਦੀ ਹੈ।

ਮੇਰੀ ਨੌਕਰੀ ਵੇਲੇ ਇੱਕ ਚੌਂਕ ਤੋਂ ਮੈਂ ਬੱਸ ਫੜਨੀ ਹੁੰਦੀ ਸੀ, ਜਿੱਥੇ ਇੱਕ ਪਾਸੇ ਠੇਕਾ ਤੇ ਮਨਜ਼ੂਰਸ਼ੁਦਾ ਅਹਾਤਾ ਵੀ ਸੀ। ਸਵੇਰੇ ਉੱਥੇ ਖੜ੍ਹੇ ਹੋਣਾ ਤਾਂ ਦਿਲ ਬੜਾ ਖਰਾਬ ਹੋਣਾ ਜਦੋਂ ਕਿਤੇ ਵੇਖਣਾ ਕਿ ਕਈ ਨਸ਼ੇੜੀ ਰਾਤ ਦੀਆਂ ਸੁੱਟੀਆਂ ਬੋਤਲਾਂ ਵਿੱਚੋਂ ਬਚੀ ਖੁਚੀ ਸ਼ਰਾਬ ਹਲਕ ਵਿੱਚ ਉਤਾਰ ਰਹੇ ਨੇ। ਸਾਰਾ ਦਿਨ ਸ਼ਰਾਬੀ ਅਹਾਤੇ ਵਿੱਚ ਮਹਿਫਲਾਂ ਸਜਾਈ ਬੈਠੇ ਹੁੰਦੇ। ਕਈ ਸੜਕਾਂ ਦੇ ਕੰਢਿਆਂ ਤੇ ਡਿੱਗੇ ਹੋਏ ਦਿਸਦੇ। ਸਮਝ ਨਾ ਆਉਂਦੀ ਕਿ ਸਰਕਾਰ ਨਸ਼ੇ ਰੋਕ ਰਹੀ ਹੈ ਜਾਂ ਇਹਨਾਂ ਮਹਿਫਲਾਂ, ਬਹਾਰਾਂ ਦਾ ਆਨੰਦ ਮਾਣ ਰਹੀ ਹੈ। ਸਰਕਾਰ ਇਸਦੇ ਅੰਜਾਮ ਅਤੇ ਵਾਪਰਦੀਆਂ ਘਟਨਾਵਾਂ ਤੋਂ ਵੀ ਬੇਖਬਰ ਨਹੀਂ ਹੈ।

ਨਸ਼ਾ ਮਨੁੱਖੀ ਦਿਮਾਗ ਦੇ ਜਾਗ੍ਰਿਤ ਇੱਛਾ ਸ਼ਕਤੀ ਭਰਪੂਰ ਹਿੱਸੇ ਨੂੰ ਬੰਧਕ ਬਣਾ ਕੇ ਮਨੁੱਖ ਨੂੰ ਜਿਸਮਾਨੀ, ਰੂਹਾਨੀ, ਇਖਲਾਕੀ ਤੇ ਮਾਨਸਿਕ ਪੱਖੋਂ ਖੋਖਲਾ ਕਰ ਦਿੰਦਾ ਹੈ। ਉਹ ਸਮਾਜਿਕ ਕੁਰੀਤੀਆਂ ਤੇ ਜ਼ਲਾਲਤ ਵਿੱਚ ਫਸਦਾ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਮਾਂ, ਧੀ, ਭੈਣ ਦੇ ਰਿਸ਼ਤੇ ਅੱਜ ਬੇਪਛਾਣ ਹੋ ਰਹੇ ਹਨ। ਇਹਨਾਂ ਦੀ ਇੱਜ਼ਤ ਦੇ ਰਖਵਾਲੇ ਹੀ ਕਲਯੁਗੀ ਜੀਵ ਬਣ ਕੇ ਇਹਨਾਂ ਦੀ ਇੱਜ਼ਤ ਰੋਲਦੇ ਹਨ। ਘਰਾਂ ਦੀ ਚਾਰਦੀਵਾਰੀ ਵਿੱਚ ਵੀ ਜੇਕਰ ਅੱਜ ਔੌਰਤ ਅਸੁਰੱਖਿਅਤ ਹੈ ਤਾਂ ਇਸਤੋਂ ਵੱਡਾ ਕਲਯੁਗ ਕਿਹੜਾ ਹੋਵੇਗਾ। ਸਰਕਾਰ ਖੁਦ ਹੀ ਸੋਚੇ ਕਿ ਉਹ ਕਿਸ ਤਰ੍ਹਾਂ ਦੇ ਵਿਕਾਸ ਦੀਆਂ ਗੱਲਾਂ ਕਰਦੀ ਹੈ।

ਪਿਛਲੇ ਦੋ ਮਹੀਨਿਆਂ ਵਿੱਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੀ ਵਧਦੀ ਗਿਣਤੀ ਦੀਆਂ ਖਬਰਾਂ ਪੜ੍ਹ ਸੁਣ ਕੇ ਸਭ ਦੇ ਮਨਾਂ ਵਿੱਚ ਹੌਲ ਉੱਠਦੇ ਹਨ। ਕਿਵੇਂ ਸਮੁੱਚਾ ਪੰਜਾਬ ਨਸ਼ਿਆਂ ਦੇ ਭੱਠ ਵਿੱਚ ਤਪ ਰਿਹਾ ਹੈ। ਕਈ ਵੇਰ ਅਜਿਹਾ ਹੋਇਆ ਹੈ ਕਿ ਮੇਰੇ ਕਿਸੇ ਛਪੇ ਲੇਖ ਦੇ ਪ੍ਰਤੀਕਰਮ ਵਿੱਚ ਪਾਠਕ ਫੋਨ ਤੇ ਹੱਡ-ਬੀਤੀਆਂ ਸੁਣਾ ਕੇ ਸੁਝਾਅ ਦਿੰਦੇ ਹਨ ਕਿ ਨਸ਼ਿਆਂ ਨਾਲ ਘਰ ਪਰਿਵਾਰ ਦੀ ਤਬਾਹੀ ਤੇ ਬਰਬਾਦੀ ਦਾ ਮੰਜਰ ਜੋ ਸਰਕਾਰ ਅਰਾਮ ਨਾਲ ਬੈਠੀ ਵੇਖ ਰਹੀ ਹੈ, ਇਸ ਬਾਰੇ ਜ਼ਰੂਰ ਲਿਖਿਆ ਕਰੋ। ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧ ਕਦਰਦਾਨ ਵਿਅਕਤੀਆਂ ਦੀ ਕਤਾਰ ਵਿੱਚ ਵੇਖਣਾ ਚਾਹੁੰਦੇ ਹਾਂ ਪਰ ਉਹ ਬੁਰੀ ਸੰਗਤ ਵਿੱਚ ਪੈ ਕੇ, ਨਸ਼ਿਆਂ ਦੀ ਲਪੇਟ ਵਿੱਚ ਪਤਾ ਨਹੀਂ ਕਿਹੜੇ ਨਿਵੇਕਲੇ ਰਾਹਾਂਤੇ ਨਿਕਲ ਤੁਰਦੇ ਹਨ। ਮਾਂ ਬਾਪ, ਜਿਨ੍ਹਾਂ ਲਈ ਆਸਾਂ ਦੇ ਤਾਣੇ ਬੁਣਦੇ ਹਨ, ਅੱਜ ਉਹ ਹੀ ਆਪਣੀਂ ਜਿੰਦਗੀ ਦਾ ਤਾਣਾਬਾਣਾ ਖੋ ਬੈਠੇ ਹਨ। ਮਾਂ ਆਪਣੀ ਹੀ ਕੁੱਖ ਨੂੰ ਉਲ੍ਹਾਮੇ ਦਿੰਦੀ ਹੈ ਕਿ ਨਿੱਜ ਜੰਮਦਾ ਇਹ ਮੇਰੇ ਘਰ, ... ਇਸ ਤੋਂ ਚੰਗਾ ਹੁੰਦਾ ਜੇ ਮੈਂ ਇਸ ਜੱਗ ਤੋਂ ਨਿਪੁੱਤੀ ਹੀ ਤੁਰ ਜਾਂਦੀ। ਨਸ਼ੇੜੀ ਮੁੰਡੇ ਦੀ ਮੌਤ ਤੋਂ ਬਾਦ ਇੱਕ ਮਾਂ ਆਪਣੀ ਧੀ ਨਾਲ ਦੁੱਖ ਫਰੋਲਦੀ ਹੈ ਕਿ ਚੰਗਾ ਹੋਇਆ ਰੱਬ ਨੇ ਪਰਦਾ ਪਾ ਦਿੱਤਾ, ਨਿੱਤ ਨਸ਼ਾ ਮੰਗਦਾ, ਹਾੜ੍ਹੇ ਕੱਢਦਾ ਤੇ ਜ਼ਲੀਲ ਹੁੰਦਾ ਵੀ ਜਰਿਆਂ ਨਹੀਂ ਸੀ ਜਾਂਦਾ। ਮੇਰੇ ਪਿੱਛੋਂ ਤਾਂ ਗਲੀਆਂ ਵਿੱਚ ਰੁਲਦਾ ਫਿਰਦਾ। ਇੱਕ ਧੀ ਆਪਣੇ ਪਿਓੁ ਤੇ ਭਰਾ ਨੂੰ ਪੀਂਦਿਆਂ ਵੇਖ ਦੁਖੀ ਹੁੰਦੀ ਹੈ। ਜਦੋਂ ਵਿਆਹੀ ਜਾਂਦੀ ਹੈ ਤਾਂ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਣ ’ਤੇ ਉਸਨੂੰ ਮਿਹਣੇ ਮਿਲਦੇ ਹਨ ਕਿ ਤੇਰਾ ਭਰਾ ਵੀ ਤਾਂ ਪੀਂਦਾ ਹੈ। ਪਤੀ ਦੀ ਸਿਤਮਗਿਰੀ ਸਹਿੰਦੀ ਜਿੰਦਗੀ ਕੱਟਦੀ ਹੈ।

ਨਸ਼ਿਆਂ ਦੀ ਰੋਕਥਾਮ ਅੱਜਕਲ ਭਖਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਹਾਲਾਤ ਇਹ ਹਨ ਕਿ ਨੌਜਵਾਨ ਲੜਕੀਆਂ ਤੇ ਔੌਰਤਾਂ ਵੀ ਨਸ਼ਾ ਛੁਡਾਓੂ ਕੇਂਦਰਾਂ ਵਿੱਚ ਇਲਾਜ ਕਰਵਾ ਰਹੀਆਂ ਹਨ। ਬਹੁਤ ਹੀ ਮੰਦਭਾਗੀ ਘਟਨਾ ਹੈ। ਆਪਣੇ ਸਦਾਚਾਰੀ ਗੁਣਾਂ ਸਦਕੇ ਪਰਿਵਾਰ ਹੀ ਨਹੀਂ, ਸਮਾਜ ਨੂੰ ਵੀ ਸੁਧਾਰਨ ਦਾ ਜਿੰਮਾ ਲੈਣ ਵਾਲੀ ਔੌਰਤ ਜਾਤੀ ਦੇ ਪੈਰ ਕਾਹਤੋਂ ਥਿੜਕ ਗਏ। ਪੰਜਾਬ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਰਲ ਕੇ ਪੰਜਾਬ ਦੇ ਭਵਿੱਖ - ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਮੁੜ ਪੈਰ ਸਿਰ ਖੜ੍ਹੇ ਕਰਨ ਲਈ ਸਰਗਰਮ ਹੋਈਆਂ ਹਨ। ਇਸ ਅਤਿ ਸੰਵੇਦਨਸ਼ੀਲ ਮੁੱਦੇ ਨੂੰ ਸੁਲਝਾਉਣ ਲਈ ਸਰਕਾਰ ਨੇ ਕੁਝ ਠੋਸ ਤੇ ਸਖਤ ਕਦਮ ਚੁੱਕੇ ਹਨ ਤੇ ਲੋਕ ਵੀ ਜਾਗੇ ਹਨ। ਨੌਜਵਾਨਾਂ ਦਾ ਖੁਦ ਜਾਗਰੂਕ ਹੋਣਾ, ਆਉਣ ਵਾਲੇ ਸਮੇਂ ਲਈ ਸ਼ੁਭ ਸੰਕੇਤ ਜ਼ਰੂਰ ਹੈ। ਇਸ ਲੋਕ-ਲਹਿਰ ਦਾ ਸਫਰ ਨਸ਼ੇ ਦੇ ਪੂਰਨ ਖਾਤਮੇ ਤੱਕ ਜਾਰੀ ਰੱਖਣਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਨਸ਼ਿਆਂ ਪ੍ਰਤੀ ਗੰਭੀਰ ਹੈ ਤਾਂ ਉਹ ਹਰ ਕਿਸਮ ਦੇ ਨਸ਼ੇ ਦੇ ਉਤਪਾਦਨ ਅਤੇ ਵਿਕਰੀ ਉੱਤੇ ਪੂਰਨ ਪਾਬੰਦੀ ਲਗਾਵੇ, ਸਰਕਾਰੀ ਕਮਾਈ ਦੇ ਸਾਧਨਾਂ ਦਾ ਬਦਲ ਲੱਭੇ ਜਾਂ ਹੋਰ ਧੰਦਿਆਂ ਨੂੰ ਪ੍ਰਫੁਲਿਤ ਕਰੇ।

*****

(1275)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author