“ਨੌਜਵਾਨ ਹਰ ਦੇਸ਼-ਕੌਮ ਦਾ ਸਰਮਾਇਆ ਅਤੇ ਸ਼ਕਤੀ ਹੁੰਦੇ ਹਨ। ਹਾਲ ਵਿੱਚ ਹੀ ਹੜ੍ਹਾਂ ਦੌਰਾਨ ...”
(26 ਸਤੰਬਰ 2025)
ਆਪਣੇ ਵਧੀਆ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਗਈ ਲੜਕੀ ਦੀ ਪੰਜਾਬ ਵਾਪਸੀ ਬਾਰੇ ਜਾਣਕਾਰੀ ਇਨ੍ਹੀਂ ਦਿਨੀਂ ਇੱਕ ਵੀਡੀਓ ਰਾਹੀਂ ਮਿਲੀ। ਫੈਸ਼ਨ ਡਿਜ਼ਾਈਨਰ ਲੜਕੀ ਆਸਟ੍ਰੇਲੀਆ ਤੋਂ ਵਾਪਸ ਆ ਕੇ ਪਿੰਡ ਤੋਂ 60 ਕਿ.ਮੀ. ਦੂਰ ਖੰਨਾ ਸ਼ਹਿਰ ਵਿੱਚ ਇੱਕ ਠੇਲ੍ਹਾ ਲਾ ਰਹੀ ਹੈ। ਸਵੇਰ ਤੋਂ ਸ਼ਾਮ ਤਕ ਉਹ ਉੱਥੇ ਹਰ ਤਰ੍ਹਾਂ ਦੇ ਖਾਣੇ ਤਿਆਰ ਕਰਕੇ ਪਰੋਸ ਕੇ ਕਮਾਈ ਕਰ ਰਹੀ ਹੈ। ਆਪਣੇ ਵਾਪਸ ਆਉਣ ਦਾ ਕਾਰਨ ਉਹ ਕੁਝ ਇੰਝ ਬਿਆਨ ਕਰਦੀ ਹੈ, “ਉੱਥੇ ਜਾ ਕੇ ਦੇਖਿਆ ਕਿ ਜ਼ਿੰਦਗੀ ਬਹੁਤ ਹੀ ਕਠਿਨ ਹੈ। ਮੇਰੇ ਆਪਣੇ ਭੈਣ ਭਰਾ 12 ਘੰਟੇ ਦੀ ਸ਼ਿਫਟ ਲਾ ਕੇ ਘਰ ਆਉਂਦੇ ਹਨ। ਘਰ ਦੇ ਸਾਰੇ ਕੰਮ ਵੀ ਬਿਨਾਂ ਕਿਸੇ ਸਹਾਇਕ ਕਰਮੀ ਦੇ ਕਰਨੇ ਪੈਂਦੇ ਹਨ। ਵਿਦੇਸ਼ ’ਚ ਵਸਣ ਦਾ ਸੁਪਨਾ ਵੀ ਮੇਰੀ ਪਹੁੰਚ ਤੋਂ ਬਹੁਤ ਦੂਰ ਜਾਪਿਆ। ਇਹੀ ਸੋਚ ਕੇ ਮੈਂ ਵਾਪਸੀ ਦਾ ਰਸਤਾ ਨਾਪਿਆ ਕਿ ਕਿਉਂ ਨਾ ਆਪਣੀ ਦੇਸ਼ ਵਿੱਚ ਮਾਂ-ਬਾਪ ਨਾਲ ਰਹਿ ਕੇ ਹੀ ਮਿਹਨਤ ਕਰਕੇ ਕਾਮਯਾਬੀ ਹਾਸਲ ਕਰਾਂ। ਮੇਰੇ ਮਨ ਨੇ ਵੀ ਗਵਾਹੀ ਭਰੀ।”
ਗਨੀਮਤ ਹੈ ਇਸ ਲੜਕੀ ਨੇ ਉੱਥੋਂ ਦਾ ਵਰਕ ਕਲਚਰ ਤਾਂ ਸਮਝਿਆ ਕਿ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ। ਇਹ ਹੋਰਾਂ ਲਈ ਵੀ ਸਬਕ ਹੈ।
ਅਜੇ ਤਕ ਤਾਂ ਨੌਜਵਾਨਾਂ ਉੱਤੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਜਨੂੰਨ ਸਵਾਰ ਸੀ। ਲੰਘੇ ਵਰਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਲੱਕ ਬੰਨ੍ਹ ਕੇ ਕੈਨੇਡਾ ਵੱਲ ਵਹੀਰਾਂ ਘੱਤ ਲਈਆਂ ਸਨ। ਵਿਦੇਸ਼ਾਂ ਵਿੱਚ ਇੰਮੀਗਰੇਸ਼ਨ ਨਿਯਮਾਂ ਵਿੱਚ ਸਖਤੀ ਅਤੇ ਬੇਰੁਜ਼ਗਾਰੀ ਵਧਣ ਕਾਰਨ ਉਹਨਾਂ ਦਾ ਭਵਿੱਖ ਹਨੇਰੇ ਵਿੱਚ ਹੈ। ਕਈ ਲੋਕ ਵਾਪਸ ਆਉਣਾ ਚਾਹ ਰਹੇ ਹਨ। ਮੇਰੇ ਇੱਕ ਜਾਣਕਾਰ ਪਰਿਵਾਰ ਦੇ ਦੋ ਲੜਕਿਆਂ ਨੇ ਕੈਨੇਡਾ ਤੋਂ 5-6 ਸਾਲ ਬਾਅਦ ਵਾਪਸੀ ਦਾ ਰਾਹ ਚੁਣਿਆ। ਵਰਕ ਵੀਜ਼ਾ ਖਤਮ ਹੋਣ ’ਤੇ ਨਵਿਆਉਣ ਦਾ ਮੌਕਾ ਨਹੀਂ ਮਿਲਿਆ। ਪੱਕੇ ਨਿਵਾਸ ਲਈ ਲਗਾਈਆਂ ਸ਼ਰਤਾਂ ਪੂਰੀਆਂ ਨਾ ਕਰ ਸਕੇ। ਕੈਨੇਡਾ ਰਹਿਣ ਦਾ ਸੁਪਨਾ ਪੂਰਾ ਹੁੰਦਾ ਨਹੀਂ ਦਿਸ ਰਿਹਾ ਸੀ। ਮਾਂ ਉੱਥੇ ਪਹੁੰਚੀ ਤਾਂ ਕੀ ਦੇਖਦੀ ਹੈ ਕਿ ਵੱਡਾ ਡਿਪ੍ਰੈਸ਼ਨ ਵੱਲ ਜਾ ਰਿਹਾ ਸੀ। ਦੋਹਾਂ ਦੇ ਭਾਰ ਵਧੇ ਹੋਏ ਸਨ। ਛੋਟੇ ਨੂੰ ਸਾਈਨਸ ਦੀ ਬਿਮਾਰੀ ਵਧਣ ਕਾਰਨ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਸੀ। ਘਰ ਆ ਕੇ ਸੋਚ-ਵਿਚਾਰ ਤੋਂ ਬਾਅਦ ਉਹਨਾਂ ਨੂੰ ਵਾਪਸ ਆ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਦੇ ਘਰ ਪਹੁੰਚਣ ਤੇ ਪਹਿਲਾਂ ਉਹਨਾਂ ਦੀ ਸਿਹਤ ਠੀਕ ਕੀਤੀ। ਛੋਟੇ ਦੇ ਨੱਕ ਦਾ ਅਪ੍ਰੇਸ਼ਨ ਕਰਾਇਆ ਤੇ ਉਸਦਾ ਸਾਹ ਸੌਖਾ ਹੋਇਆ। ਮਾਂ ਨੇ ਦੱਸਿਆ ਕਿ ਪਹਿਲਾਂ ਮੈਂ ਭੇਜਣ ਦੇ ਹੱਕ ਵਿੱਚ ਨਹੀਂ ਸੀ। ਹੁਣ ਲਗਦਾ ਇੰਨਾ ਸਮਾਂ ਬਰਬਾਦ ਕਰਕੇ ਉੱਥੇ ਹੀ ਸੈੱਟ ਹੋ ਜਾਣਾ ਚਾਹੀਦਾ ਸੀ। ਰਿਸ਼ਤੇਦਾਰ ਵੀ ਕਈ ਤਰ੍ਹਾਂ ਦੇ ਸਵਾਲ ਕਰਦੇ ਹਨ। ਬੜੀ ਦੇਰ ਘਰ ਵਿੱਚ ਨਿਰਾਸ਼ਾਜਨਕ ਮਾਹੌਲ ਬਣਿਆ ਰਿਹਾ। ਖੈਰ ਇਨ੍ਹਾਂ ਦੇ ਬਾਪ ਦਾ ਚੰਗਾ ਕਾਰੋਬਾਰ ਹੈ, ਇੱਕ ਲੜਕਾ ਉਸਦੇ ਨਾਲ ਲੱਗ ਗਿਆ ਤੇ ਦੂਜੇ ਨੂੰ ਆਪਣੇ ਅਸਰ ਰਸੂਖ ਨਾਲ ਕਿਸੇ ਚੰਗੀ ਕੰਪਨੀ ਵਿੱਚ ਕੰਮ ’ਤੇ ਲਾ ਦਿੱਤਾ।
ਇਹ ਅਜਿਹਾ ਕੇਸ ਸੀ, ਜਿੱਥੇ ਲੋਕ ਬਿਹਤਰ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮਨਸ਼ੇ ਨਾਲ ਵਿਕਸਿਤ ਦੇਸ਼ਾਂ ਦਾ ਰੁਖ ਕਰਦੇ ਹਨ। ਦੂਜੇ ਪਾਸੇ ਕਈਆਂ ਨੂੰ ਮਜਬੂਰਨ ਇਸ ਰਸਤੇ ਤੁਰਨਾ ਪੈਂਦਾ ਹੈ। ਆਰਥਿਕ ਮੰਦਹਾਲੀ ਅਤੇ ਬੇਰੁਜ਼ਗਾਰੀ ਕਾਰਨ ਹਤਾਸ਼ ਹੋਇਆ ਨੌਜਵਾਨ ਬਾਹਰ ਜਾਣਾ ਹੀ ਜ਼ਿੰਦਗੀ ਦਾ ਹੱਲ ਸਮਝਦਾ ਹੈ। ਵਦੇਗ਼ ਪਹੁੰਚ ਕੇ ਹੀ ਅੱਖਾਂ ਖੁੱਲ੍ਹਦੀਆਂ ਹਨ ਕਿ ਜ਼ਿੰਦਗੀ ਤਾਂ ਬਹੁਤ ਗੁੰਝਲਦਾਰ ਹੈ। ਉਹ ਵਾਪਸੀ ਦਾ ਰਸਤਾ ਵੀ ਨਹੀਂ ਨਾਪ ਸਕਦਾ ਕਿਉਂਕ ਮਾਂ-ਬਾਪ ਦਾ ਬੈਂਕਾਂ ਤੋਂ ਲਿਆ ਕਰਜ਼ਾ ਯਾਦ ਆਉਂਦਾ ਹੈ। ਸਾਰੇ ਪਿੰਡ ਅਤੇ ਰਿਸ਼ਤੇਦਾਰਾਂ ਵਿੱਚ ਹੇਠੀ ਵੱਖ ਹੋਵੇਗੀ। ਉਹ ਹਰ ਹੀਲੇ ਵਿਦੇਸ਼ ਵਿੱਚ ਚੋਰੀ-ਛਿਪੇ ਮਿਹਨਤ ਮੁਸ਼ੱਕਤ ਕਰਕੇ ਡਾਲਰ ਕਮਾਉਣ ਦੇ ਯਤਨ ਕਰਦਾ ਹੈ। ਸਰੀਰਕ ਅਤੇ ਮਾਨਸਿਕ ਬੋਝ ਹੇਠ ਦੱਬਦਾ ਚਲਾ ਜਾਂਦਾ ਹੈ। ਕਈ ਤਾਂ ਜ਼ਿੰਦਗੀ ਤੋਂ ਹਾਰ ਮੰਨ ਕੇ ਖੁਦਕੁਸ਼ੀ ਵੱਲ ਕਦਮ ਚੁੱਕ ਲੈਂਦੇ ਹਨ। ਬੇਵਕਤੀ ਮੌਤਾਂ ਬਾਰੇ ਖਬਰਾਂ ਲਗਦੀਆਂ ਰਹਿੰਦੀ ਹਨ।
ਪਿਛਲੇ ਸਾਲ ਮੈਂ ਆਪਣੀ ਬੇਟੀ ਦੇ ਪਰਿਵਾਰ ਨਾਲ ਆਸਟ੍ਰੇਲੀਆ ਵਿੱਚ ਸੀ। ਉੱਥੇ ਹੋਟਲ, ਢਾਬਿਆਂ ’ਤੇ ਅਕਸਰ ਹੀ ਕੰਮ ਕਰਦੇ ਵਿਦਿਆਰਥੀਆਂ ਨੂੰ ਮਿਲਦੀ। ਕਿੱਥੋਂ ਤੇ ਕਦੋਂ ਆਏ, ਵੇਰਵੇ ਜਾਣਦੀ। ਉਹਨਾਂ ਦੇ ਡਰ ਚਿੰਤਾ ਅਤੇ ਨਿਰਾਸ਼ਾ ਭਰੇ ਚਿਹਰੇ ਦੇਖ ਕੇ ਇੰਝ ਲਗਦਾ, ਜਿਵੇਂ ਉਹ ਮੰਝਧਾਰ ਵਿੱਚ ਫਸੇ ਹੋਏ ਆਪਣੇ ਫੈਸਲੇ ’ਤੇ ਪਛਤਾ ਰਹੇ ਹੋਣ। ਉੱਥੇ ਸਟੋਰਾਂ, ਚੌਕੀਦਾਰੀ, ਲੇਬਰ, ਪੇਂਟ ਕਰਨ ਅਤੇ ਪੈਟਰੋਲ ਪੰਪ ਦੀ ਨੌਕਰੀ ਕਰਨ ਲਈ ਤਰਸਦੇ ਘੁੰਮਦੇ ਹਨ। ਸਾਡੇ ਘਰ ਪਾਠ ਰੱਖਿਆ ਸੀ ਤੇ ਅਜਿਹੇ ਲੜਕੇ ਹੀ ਟੈਂਟ ਲਾ ਕੇ ਗਏ। ਉਨ੍ਹਾਂ ਨੂੰ ਪਾਠ ਦਾ ਪ੍ਰਸ਼ਾਦ ਕਹਿ ਕੇ ਖਾਣਾ ਪੈਕ ਕਰ ਕੇ ਦਿੱਤਾ। ਉਹ ਬਹੁਤ ਖੁਸ਼ ਹੋਏ। ਮੈਂ ਉੱਧਰ ਦੇਖਿਆ ਅਤੇ ਮਹਿਸੂਸ ਕੀਤਾ ਕਿ ਘੁੱਗ ਵਸਦੇ ਪੰਜਾਬੀ ਵੀ ਆਪਣੀ ਮਿੱਟੀ ਦੀ ਮਹਿਕ ਨੂੰ ਤਰਸ ਰਹੇ ਹਨ। ਇੱਕ ਵਿਆਹ ਸਮਾਗਮ ਵਿੱਚ ਪੂਰਾ ਪੰਜਾਬੀ ਸੱਭਿਆਚਾਰਕ ਮਾਹੌਲ ਦੇਖਿਆ। ਟੈਂਪੂ ਟਰੈਕਟਰ ’ਤੇ ਚੜ੍ਹ ਕੇ ਵੀਡੀਓ ਬਣਾਉਣ ਵਾਲਿਆਂ ’ਤੇ ਮੈਂ ਕਟਾਖਸ਼ ਕੀਤਾ। “ਪੰਜਾਬ ਨੂੰ ਇੰਨਾ ਯਾਦ ਕਰਨ ਵਾਲਿਓ, ਤੁਸੀਂ ਫਿਰ ਆਏ ਕਿਉਂ?”
“ਆਂਟੀ! ਜੀਅ ਕੀਹਦਾ ਕਰਦਾ, ਇਹ ਤਾਂ ਸਾਡਾ ਚੋਗ ਇੱਥੇ ਖਿਲਰਿਆ ਸੀ।” ਇਹ ਕਹਿ ਕੇ ਉਸਨੇ ਪੱਲਾ ਝਾੜ ਦਿੱਤਾ।
ਹੁਣ ਤਾਂ ਸਥਿਤੀ ਇਹ ਬਣ ਚੁੱਕੀ ਹੈ ਕਿ ਅਸੀਂ ਆਪਣੀ ਗੁਰੂਆਂ ਪੀਰਾਂ ਦੀ ਧਰਤੀ ’ਤੇ ਹੀ ਚੋਗ ਲੱਭੀਏ। ਵਿਦੇਸ਼ਾਂ ਵਿੱਚ ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਾਲਾਤ ਜਾਣਨ ਤੋਂ ਬਾਅਦ ਹੁਣ ਵਿਦੇਸ਼ ਜਾਣ ਦੀ ਲਾਲਸਾ ਘੱਟ ਵੀ ਰਹੀ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਵਤਨ ਵਾਪਸੀ ਦਾ ਨਾਅਰਾ ਦਿੱਤਾ ਸੀ। ਹੁਣ ਚਾਹੇ ਸਰਕਾਰ ਇਸ ਞਰਤਾਰੇ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਹੁਣ ਨਿਯਮਾਂ ਅਤੇ ਕਾਨੂੰਨਾਂ ਵਿੱਚ ਸਖਤੀ ਕੀਤੀ ਗਈ ਹੈ। ਕੈਨੇਡਾ ਸਰਕਾਰ 50 ਫੀਸਦੀ ਦੇ ਕਰੀਬ ਵੀਜ਼ੇ ਰੱਦ ਕਰ ਰਹੀ ਹੈ ਅਤੇ ਸਟੱਡੀ ਵੀਜ਼ਾ ਲੈਣ ਲਈ ਰਾਹ ਔਖੇ ਹੋ ਗਏ ਹਨ। ਆਈਲੈਟਸ ਕੇਂਦਰ ਵੀ ਹੁਣ ਬੰਦ ਪਏ ਹਨ। ਵਿੱਦਿਅਕ ਅਦਾਰਿਆਂ ਵਿੱਚ ਰੌਣਕ ਪਰਤਣ ਲੱਗੀ ਹੈ। ਪੰਜਾਬ ਦੇ ਮੁੱਖ-ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਤੋਂ ਪਰਤੇ ਭਾਰਤੀ ਨਾਗਰਿਕਾਂ ਦੀ ਵਾਪਸੀ ਤੋਂ ਸਬਕ ਸਿੱਖਣ ਅਤੇ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਸੋਚ ਤਿਆਗ ਕੇ ਸੂਬੇ ਨੂੰ ਦੇਸ਼ ਵਿੱਚ ਮੋਹਰੀ ਬਣਾਉਣ ਲਈ ਮਿਹਨਤ ਕਰਨ।
ਸਰਕਾਰਾਂ ਨੂੰ ਵੀ ਜਾਣ ਲੈਣਾ ਚਾਹੀਦਾ ਹੈ ਕਿ ਨੌਜਵਾਨ ਹਰ ਦੇਸ਼-ਕੌਮ ਦਾ ਸਰਮਾਇਆ ਅਤੇ ਸ਼ਕਤੀ ਹੁੰਦੇ ਹਨ। ਹਾਲ ਵਿੱਚ ਹੀ ਹੜ੍ਹਾਂ ਦੌਰਾਨ ਇਸੇ ਸ਼ਕਤੀ ਨੇ ਦਰਿਆਵਾਂ ’ਤੇ ਬੰਨ੍ਹ ਲਾ ਦਿੱਤੇ। ਇਸ ਸਰਮਾਏ ਨੂੰ ਸੰਭਾਲ ਕੇ ਰੱਖਣਾ ਚੁਣੌਤੀ ਹੈ ਸਰਕਾਰ ਲਈ। ਇਨ੍ਹਾਂ ਨੂੰ ਡਿਗਰੀਆਂ ਦੇ ਨਾਲ ਹੁਨਰ ਵੀ ਦਿੱਤਾ ਜਾਵੇ। ਬੇਰੁਜ਼ਗਾਰੀ ਦਾ ਕਾਰਨ ਨੌਕਰੀਆਂ ਦੀ ਘਾਟ ਨਹੀਂ ਬਲਕਿ ਨੌਜਵਾਨਾਂ ਵਿੱਚ ਵਾਜਬ ਹੁਨਰ ਦੀ ਕਮੀ ਹੈ। ਨਵੀਂ ਪੀੜ੍ਹੀ ਦੇ ਖਿਆਲ ਵੀ ਹੁਣ ਤਬਦੀਲ ਹੋ ਰਹੇ ਹਨ। ਉਹ ਘਰੇਲੂ ਮੌਕਿਆਂ, ਸਰਕਾਰੀ ਨੌਕਰੀਆਂ ਜਾਂ ਭਾਰਤ ਵਿੱਚ ਕਾਰੋਬਾਰ ਦੀਆਂ ਸੰਭਾਵਨਾਵਾਂ ਦੇਖ ਰਹੇ ਹਨ। ਹਾਲ ਵਿੱਚ ਹੀ ਬਠਿੰਡਾ ਦੇ ਪਿੰਡ ਮੁਹਾਲਾ ਦੀ ਮਨਜੋਤ ਕੌਰ ਨੇ ਪਿਤਾ ਵਾਲੇ ਮਧੂ ਮੱਖੀਆਂ ਦੇ ਕੰਮ ਨੂੰ ਅੱਗੇ ਤੋਰਿਆ ਹੈ। ਹਰ ਮਹੀਨੇ 30 ਤੋਂ 40 ਹਜ਼ਾਰ ਰੁਪਏ ਦੀ ਕਮਾਈ ਹੋ ਜਾਂਦੀ ਹੈ। ਉਸਨੇ ਯੁਵਾ ਵਰਗ ਨੂੰ ਸੁਨੇਹਾ ਦਿੱਤਾ ਹੈ ਕਿ ਵਿਦੇਸ਼ ਜਾਣ ’ਤੇ ਪੈਸੇ ਖਰਚਣ ਦੀ ਬਜਾਏ ਘਰ ਵਿੱਚ ਰਹਿ ਕੇ ਪੈਸੇ ਕਮਾਏ ਜਾ ਸਕਦੇ ਹਨ। ਚੀਨ, ਜਾਪਾਨ ਆਦਿ ਦੇਸ਼ਾਂ ਵਾਂਗ ਜੇਕਰ ਉਦਯੋਗ ਅਤੇ ਸਿੱਖਿਆ ਮਿਲ ਕੇ ਚੱਲਣ ਤਾਂ ਹੁਨਰ ਵਿਕਾਸ ਆਪਣੇ-ਆਪ ਮਜ਼ਬੂਤ ਹੋ ਸਕਦਾ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (