KulminderKaur7ਇਹੋ ਜਿਹੇ ਵਿਚਾਰ ਪਿੰਡ ਦੀ ਸੱਥ ਵਿਚ ਹੁੰਦੀ ਖੁੰਢ-ਚਰਚਾ ਦਾ ਵਿਸ਼ਾ ਤਾਂ ਬਣਦੇ ਪਰ ...
(ਜੁਲਾਈ 1, 2016)


KulmindersFather3

ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ਵਿਚ ਧੀ ਹੋਣ ਦੇ ਨਾਤੇ, ਬੇਸ਼ੱਕ ਮਾਂ ਦੀ ਮਮਤਾ, ਨਰਮ-ਦਿਲੀ, ਮੋਹ-ਭਿੱਜੀ ਸਖਸ਼ੀਅਤ ਅਤੇ ਦੋਸਤਾਨਾ ਰਵਈਆ ਮੈਨੂੰ ਵੱਧ ਪੋਂਹਦਾ ਰਿਹਾ ਸੀ, ਲੇਕਿਨ ਆਪਣੇ ਕਠੋਰ ਅਤੇ ਸਖਤ ਸੁਭਾ ਵਾਲੇ ਬਾਪ ਦਾ ਅਹਿਮਤਰੀਨ ਰੋਲ ਵੀ ਮੈਂ ਜ਼ਿੰਦਗੀ ਭਰ ਨਹੀਂ ਭੁਲਾ ਸਕਦੀ। ਪਿਤਾ ਜੀ ਨੇ ਦਸਵੀਂ ਤੋਂ ਬਾਅਦ ਡਾਕਟਰ (ਵੈਦ) ਦੀ ਯੋਗਤਾ ਹਾਸਲ ਕਰਕੇ ਕਿਰਸਾਨੀ ਧੰਦੇ ਦੇ ਨਾਲ ਆਪਣੇ ਪਿਉ (ਸਾਡੇ ਦਾਦਾ ਜੀ) ਦੀ ਵਿਰਾਸਤ, ਡਾਕਟਰੀ ਦੀ ਦੁਕਾਨ ਵੀ ਸੰਭਾਲੀ। ਸਾਰੀ ਉਮਰ ਇਹ ਕਿੱਤਾ ਪੂਰੀ ਦਿਆਨਤਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਰਹੇ।

ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋਦਾ ਹੋਕਾ ਅੱਜ ਇੱਕੀਵੀਂ ਸਦੀ ਵਿਚ ਵੀ ਦੇਣਾ ਪੈ ਰਿਹਾ ਹੈ, ਸਾਡੀ ਕਹਾਣੀ ਤਾਂ ਇੱਕ ਸਦੀ ਪਿਛਾਂਹ ਦੀ ਹੈ, ਜਦੋਂ ਸਮਾਜਿਕ ਪਛੜੇਪਨ ਦੀ ਇੰਤਹਾ ਸੀ ਅਤੇ ਕੁੜੀਆਂ ਦੀ ਮਾਣਤਾ ਮੁੰਡਿਆਂ ਤੋਂ ਮਗਰਲੀ ਕਤਾਰ ਵਿਚ ਸੀ। ਸਾਡੇ ਘਰ ਵਿਚ ਇਹ ਨਿਵੇਕਲਤਾ ਜਰੂਰ ਸੀ ਕਿ ਜੇਕਰ ਸ਼ਗਨ-ਵਿਹਾਰ ਦੋਂਹ ਧੀਆਂ ਦੇ ਨਹੀਂ ਤਾਂ ਤਿੰਨਾਂ ਪੁੱਤਾਂ ਵਾਸਤੇ ਵੀ ਕੋਈ ਉਚੇਚ ਨਹੀਂ ਸੀ। ਉਦੋਂ ਘਰਾਂ ਵਿਚ ਦੁੱਧ-ਘਿਓੁ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਲਈ ਵੀ ਧੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ, ਪਰ ਸਾਡਾ ਬਾਪ ਹਰ ਚੀਜ਼ ਦੀ ਵੰਡ ਧੀਆਂ ਤੋਂ ਸ਼ੁਰੂ ਕਰਦਾ। ਉਸਨੂੰ ਧੀਆਂ ਦੇ ਪੁੱਤਾਂ ਤੋਂ ਵੱਧ ਲਾਇਕ ਅਤੇ ਸਮਝਦਾਰ ਹੋਣ ’ਤੇ ਮਾਣ ਸੀ।

ਮੇਰੀ ਮਾਂ ਨੂੰ ਬੇਸਿਕ ਕਰਨ ਲਈ ਘਰ ਤੋਂ ਬਾਹਰ ਰਹਿਣਾ ਪਿਆ ਤਾਂ ਵੱਡੀ ਭੈਣ ਨੇ ਘਰ ਸੰਭਾਲਿਆਮਾਂ ਘਰ ਆਉਂਦੀ ਤਾਂ ਪਿਤਾ ਜੀ ਕਹਿੰਦੇ, “ਪ੍ਰਕਾਸ਼ ਤਾਂ ਤੇਰੇ ਤੋਂ ਵੱਧ ਸੰਜਮੀ ਤੇ ਫੁਰਤੀਲੀ ਹੈ, ਵੇਖ ਤੇਰੇ ਤੋਂ ਵਧੀਆ ਘਿਓੁ ਜੋੜ ਕੇ ਪੀਪਾ ਭਰਿਆ ਹੈ।”

ਆਪਣੀ ਧੀਆਂ ਵਰਗੀ ਛੋਟੀ ਭੈਣ (ਸਾਡੀ ਭੂਆ) ਨੂੰ ਮੇਰੀ ਵੱਡੀ ਭੈਣ ਨਾਲ ਦਸਵੀਂ ਤੱਕ ਪੜਾਇਆਉਹ ਦੋਵੇਂ ਜੇ.ਬੀ.ਟੀ. ਕਰਕੇ ਜਲਦੀ ਹੀ ਅਧਿਆਪਕਾ ਨਿਯੁਕਤ ਹੋ ਗਈਆਂ। ਮੈਨੂੰ ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਸ਼ਹਿਰ ਦੇ ਵਧੀਆ ਸਕੂਲ ਵਿਚ ਦਾਖਲ ਕਰਾ ਕੇ ਆਪਣੇ ਨਾਲ ਹੀ ਸਾਈਕਲ ’ਤੇ ਲੈ ਕੇ ਜਾਂਦੇ। ਦਸਵੀਂ ਤੋਂ ਬਾਅਦ ਮੇਰਾ ਟੀਚਾ ਤਾਂ ਕੁਝ ਵੱਖਰਾ ਨਰਸਿੰਗ ਦਾ ਕੋਰਸ ਕਰਨਾ ਸੀ, ਪਰ ਪਿਤਾ ਜੀ ਨੇ ਮੈਨੂੰ ਵੱਡੇ ਸ਼ਹਿਰਾਂ ਵਿਚ ਵਧੀਆ ਕਾਲਜ ਅਤੇ ਹੋਸਟਲਾਂ ਵਿਚ ਰੱਖ ਕੇ ਆਹਲਾ ਤਾਲੀਮ ਦਿਵਾਈਉਹਨਾਂ ਦੀਆਂ ਕੋਸ਼ਿਸ਼ਾਂ ਅਤੇ ਖਾਹਿਸ਼ ਨੇ ਮੈਨੂੰ ਨਰਸ ਬਣਨ ਦੀ ਬਜਾਏ ਲੈਕਚਰਾਰ ਦੇ ਅਹੁਦੇ ’ਤੇ ਪਹੁੰਚਾ ਦਿੱਤਾ।

ਅਹਿਸਾਸੇ ਜ਼ਿਕਰ ਹੈਕਿ ਇਹ ਕਿੱਤਾ ਵੱਧ ਸਕੂਨ-ਦੇਹ ਸੀ ਅਤੇ ਇਸ ਅਹੁਦੇ ਨੇ ਮੈਨੂੰ ਬੇਹੱਦ ਮਾਣ-ਸਤਿਕਾਰ ਅਤੇ ਆਤਮ-ਵਿਸ਼ਵਾਸ ਦਾ ਬਲ ਬਖਸ਼ਿਆ।

ਧੀਆਂ ਦੇ ਵਿਆਹ ਦੀ ਗੱਲ ਚੱਲੀ ਤਾਂ ਆਪ ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਸਧਾਰਨ ਲੇਕਿਨ ਪੜ੍ਹੇ ਲਿਖੇ ਪਰਿਵਾਰਾਂ ਵਿਚ ਰਿਸ਼ਤੇ ਕੀਤੇ। ਸਮਾਜਿਕ ਚੇਤਨਾ ਦੀ ਹਾਮੀ ਭਰਦੇ ਬਾਪ ਨੇ ਦਾਜ-ਦਹੇਜ ਦਾ ਵਿਰੋਧ ਕੀਤਾ, ਅਖੇ ਇਹ ਤਾਂ ਸਮਾਜ ਦਾ ਵੱਡਾ ਕਲੰਕ ਅਤੇ ਲਾਹਨਤ ਹੈ। ਸਾਦੇ ਵਿਆਹ ਘਰ ਦੀ ਬੈਠਕ ਵਿਚ ਬਰਾਤ ਦੇ ਪੰਜ-ਸੱਤ ਬੰਦੇ ਠਹਿਰੇ ਤੇ ਫਿਰ ਗੁਰ-ਮਰਿਯਾਦਾ ਅਨੁਸਾਰ ਅਨੰਦ-ਕਾਰਜ ਕਰਾ ਕੇ ਬਿਨਾਂ ਪਰਦੇ ਤੋਂ ਧੀਆਂ ਨੂੰ ਸਹਰੇ ਘਰ ਤੋਰਿਆ।

ਇਹ ਗੱਲਾਂ ਉਸ ਜ਼ਮਾਨੇ ਵਿਚ ਕਿਸੇ ਅਜੂਬੇ ਤੋਂ ਘੱਟ ਨਹੀਂ ਸਨ। ਮੇਰੇ ਬਾਪ ਦੇ ਇਹੋ ਜਿਹੇ ਵਿਚਾਰ ਪਿੰਡ ਦੀ ਸੱਥ ਵਿਚ ਹੁੰਦੀ ਖੁੰਢ-ਚਰਚਾ ਦਾ ਵਿਸ਼ਾ ਤਾਂ ਬਣਦੇ ਪਰ ਉਸਦੇ ਸਾਹਮਣੇ ਕੋਈ ਨੁਕਤਾਚੀਨੀ ਨਹੀਂ ਸੀ ਕਰ ਸਕਦਾ।

ਇੱਥੇ ਜ਼ਿਕਰਯੋਗ ਹੈ ਕਿ ਸਾਡੇ ਬਾਪ ਨੇ ਨਾ ਦਾਜ ਦਿੱਤਾ, ਅਤੇ ਨਾ ਘਰੇ ਲਿਆਂਦਾ। ਨੂੰਹਾਂ ਨੂੰ ਧੀਆਂ ਤੋਂ ਵੱਧ ਸਤਿਕਾਰ ਸਹੁਰੇ ਘਰ ਵਿ ਮਿਲਿਆ।

ਸਾਡੇ ਬਾਪ ਨੇ ਜ਼ਿੰਦਗੀ ਦਾ ਸਭ ਤੋਂ ਅਨਮੋਲ ਖਜ਼ਾਨਾ ਜੋ ਪੱਲੇ ਬੰਨ੍ਹ ਕੇ ਧੀਆਂ ਨੂੰ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ, ਅਤੇ ਆਪਣੀ ਸੋਚ, ਜੋ ਕਦੇ ਖਤਮ ਨਹੀਂ ਹੋ ਸਕਦਾ। ਇਮਾਨਦਾਰੀ, ਸਚਾਈ, ਫਰਜ਼ਾਂ ਦੀ ਪੂਰਤੀ, ਨੇਕ ਕਮਾਈ ਅਤੇ ਰਹਿੰਦੀ ਜ਼ਿੰਦਗੀ ਤੱਕ ਕਿਰਤ ਕਰਦੇ ਹੋਏ ਇਸ ਦੁਨੀਆਂ ਤੋਂ ਰੁਖਸਤ ਹੋ ਜਾਣ ਦਾ ਬਲ-ਬੁੱਧ ਵੀ ਬਖਸ਼ਿਆ।

ਮੇਰੀ ਰਿਟਾਇਰਮੈਂਟ ਤੋਂ ਬਾਅਦ ਸਬੱਬੀਂ ਮੈਂ ਤੇ ਮੇਰੀ ਭੈਣ ਇੱਕੋ ਬੈਂਕ ਵਿਚ ਪੈਨਸ਼ਨ ਲੈਣ ਜਾਂਦੀਆਂ। ਕਦੇ ਮਿਲ ਬੈਠਦੀਆਂ ਤਾਂ ਰਿਸ਼ਤੇ-ਨਾਤਿਆਂ ਦੀਆਂ ਇਬਾਰਤਾਂ ਪਾਉਂਦੇ ਹੋਏ ਅਕਸਰ ਭੈਣ ਦੋਵੇਂ ਹੱਥ ਜੋੜ ਕੇ ਕਹਿੰਦੀ, “ਸ਼ੁਕਰ ਹੈ ਸਾਡੇ ਪਿਊ ਨੇ ਸਾਨੂੰ ਖੁਦਦਾਰ ਬਣਾਇਆ ਹੈ ਤੇ ਅਸੀਂ ਆਪਣੀ ਕਮਾਈ ਹੀ ਖਾਧੀ ਹੈ।” ਹੁਣ ਮੇਰੀ ਭੈਣ ਇਸ ਦੁਨੀਆਂ ਵਿਚ ਨਹੀਂ ਹੈ, ਪਰ ਉਸਦੀ ਪੈਨਸ਼ਨ ਦਾ ਕੁੱਝ ਹਿੱਸਾ ਹਾਲੇ ਵੀ ਘਰ ਆਉਂਦਾ ਹੈ।

ਮੇਰੇ ਪਤੀ ਨੇ ਰਿਟਾਇਰਮੈਂਟ ਵੇਲੇ ਮਹਿਕਮੇ ਤੋਂ ਇੱਕਠੇ ਪੈਸੇ ਵਸੂਲ ਕਰ ਲਏ ਸਨ ਤਾਂ ਹੁਣ ਇੰਝ ਲਗਦਾ ਹੈ ਕਿ ਘਰ ਦਾ ਖਰਚਾ ਮੇਰੀ ਪੈਨਸ਼ਨ ’ਤੇ ਹੀ ਚੱਲ ਰਿਹਾ ਹੈ। ਆਪਣੀ ਉਮਰ ਹੰਢਾ ਗਏ ਬਾਪ ਨੂੰ ਮੈਂ ਅੱਜ ਵੀ ਸਿਜਦਾ ਕਰਦੀ ਹਾਂ ਅਤੇ ਰਹਿੰਦੀ ਉਮਰ ਤੱਕ ਉਸਦੀ ਅਹਿਸਾਨਮੰਦ ਤੇ ਰਿਣੀ ਹਾਂ।

*****

(337)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author