“ਅਜਿਹੇ ਧਾਰਮਿਕ ਗੁਰੂਆਂ ਲਈ ਇਹ ਧਾਰਮਿਕ ਥਾਵਾਂ ਹੁਣ ਸਾਂਝੀਆਂ ਥਾਵਾਂ ਨਹੀਂ, ਸਗੋਂ ਨਿੱਜੀ ਜਾਇਦਾਦਾਂ ...”
(30 ਸਤੰਬਰ 2017)
ਅਖੌਤੀ ਡੇਰਿਆਂ ਦੀ ਸ਼ਰਧਾ ਵਿੱਚ ਗੜੁੱਚ ਹੋਏ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਡੇਰਾ ਸੰਚਾਲਕਾਂ ਵਲੋਂ ਕਿਸ ਤਰ੍ਹਾਂ ਉਨ੍ਹਾਂ ਦੀ ਆਬਰੂ ਨਾਲ ਖੇਡਿਆ ਜਾ ਰਿਹਾ ਹੈ, ਇਸਦੀਆਂ ਅਨੇਕਾਂ ਉਦਾਹਰਣਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਸਿਰਸਾ ਸਥਿਤ ਡੇਰੇ ਵਿੱਚੋਂ ਨਿਕਲੀਆਂ ਸੱਚਾਈਆਂ ਨੇ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬਾਪੂ ਅਖਵਾਉਂਦੇ ਆਸਾ ਰਾਮ ਦੇ ਆਸ਼ਰਮ ਵਿੱਚੋਂ ਵੀ ਉਸ ਸਮੇਂ ਇਹੋ ਕੁਝ ਸਾਹਮਣੇ ਆਇਆ ਸੀ ਜੋ ਅੱਜ ਸਿਰਸਾ ਡੇਰਾ ਵਿੱਚ ਆਇਆ ਹੈ। ਆਸਾ ਰਾਮ ਦੇ ਆਸ਼ਰਮ ਵਿੱਚ ਰਹਿਣ ਵਾਲੀ ਮੁੰਬਈ ਨਿਵਾਸੀ ਇੱਕ ਲੜਕੀ ਅਵੀਨ ਵਰਮਾ ਨੇ ਵੀ ਆਸਾ ਰਾਮ ਦੇ ਡੇਰੇ ਵਿੱਚੋਂ ਭੱਜਕੇ ਇੱਕ ਟੀ ਵੀ ਚੈਨਲ ’ਤੇ ਉਨ੍ਹਾਂ ਸਾਰੇ ਕੁਕਰਮਾਂ ਦਾ ਭਾਂਡਾ ਭੰਨਿਆ ਸੀ ਜੋ ਆਸਾ ਰਾਮ ਅਤੇ ਉਸਦੇ ਪੁੱਤਰ ਨਰਾਇਣ ਸਾਈ ਵਲੋਂ ਡੇਰੇ ਵਿੱਚ ਕੀਤੇ ਜਾਂਦੇ ਸਨ। ਉਸ ਸਮੇਂ ਇਸੇ ਆਸ਼ਰਮ ਵਿੱਚ ਰਹਿਣ ਵਾਲੀ ਐਡਵੋਕੇਟ ਅਰਾਧਨਾ ਭਾਰਗਵ ਨੇ ਵੀ ਆਸਾ ਰਾਮ ਦੇ ਆਸ਼ਰਮਾਂ ਨੂੰ ਕੁਕਰਮਾਂ ਦੇ ਅੱਡੇ ਕਰਾਰ ਦਿੰਦਿਆਂ ਸਰਕਾਰ ਕੋਲੋਂ ਇਨ੍ਹਾਂ ਆਸ਼ਰਮਾਂ ਦੀ ਨਿਸ਼ਾਨਦੇਹੀ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਜੋ ਕੁਝ ਸਾਹਮਣੇ ਆਇਆ ਉਹ ਸਭ ਨੂੰ ਪਤਾ ਹੈ।
ਇਸੇ ਤਰ੍ਹਾਂ ਹਰਿਆਣਾ ਦੇ ਬਰਵਾਲਾ (ਹਿਸਾਰ) ਵਿੱਚ ਸਥਿਤ ਸਤਲੋਕ ਆਸ਼ਰਮ ਦੇ ਕਬੀਰ ਪੰਥੀ ਹੋਣ ਦੇ ਦਾਅਵੇ ਵੀ ਉਸ ਸਮੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ ਸਨ ਜਦੋਂ ਹਰਿਆਣਾ ਸਰਕਾਰ ਵਲੋਂ ਇਸ ਆਸ਼ਰਮ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਗਈ ਸੀ। ਹੁਣ ਸਿਰਸਾ ਸਥਿਤ ਡੇਰੇ ਦੀ ਛਾਣਬੀਣ ਹੋਣ ਤੋਂ ਬਾਅਦ ਇਸਦਾ ਅੰਤ ਵੀ ਪਹਿਲਾਂ ਵਾਲੇ ਦੋਨਾਂ ਆਸ਼ਰਮਾਂ ਵਾਲਾ ਹੀ ਹੋਇਆ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਇਹ ਡੇਰੇ ਬਿਨਾਂ ਕਿਸੇ ਡਰ-ਭੈਅ ਤੋਂ ਆਪਣਾ ਤਾਨਾਸ਼ਾਹੀ ਰਵੱਈਆ ਚਲਾਉਣ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਰਹੇ ਹਨ। ਇਸਦਾ ਜਵਾਬ ਸ਼ਪਸਟ ਹੈ ਕਿ ਇਨ੍ਹਾਂ ਡੇਰਿਆਂ ਨੂੰ ਸਿੱਧੇ ਤੌਰ ’ਤੇ ਸਿਆਸੀ ਸ਼ਹਿ ਪ੍ਰਾਪਤ ਹੁੰਦੀ ਹੈ। ਡੇਰਿਆਂ ਅਤੇ ਸਿਆਸਤਦਾਨਾਂ ਦਾ ਇਹ ਗਠਜੋੜ ਡੇਰਿਆਂ ਵਿੱਚ ਅੰਨ੍ਹੀ ਸ਼ਰਧਾ ਰੱਖਣ ਵਾਲੇ ਲੋਕਾਂ ਦੇ ਹੱਡੀਂ ਬਹਿ ਚੁੱਕਾ ਹੈ। ਜਿੱਥੇ ਇਹ ਗਠਜੋੜ ਆਪਣੇ ਨਿੱਜੀ ਫਾਇਦਿਆਂ ਲਈ ਭੋਲੇ-ਭਾਲੇ ਲੋਕਾਂ ਨੂੰ ਵਰਤ ਕੇ ਆਪਣਾ ਮਨੋਰਥ ਸਿੱਧ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ, ਉੱਥੇ ਹੀ ਅਜਿਹੇ ਡੇਰੇਦਾਰ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖੇਡਕੇ ਉਨ੍ਹਾਂ ਦੀ ਸ਼ਰਧਾ ਵਿੱਚ ਅੰਨ੍ਹੇ ਹੋਏ ਭਗਤਾਂ ਦੇ ਅੱਖੀਂ ਘੱਟਾ ਪਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹਨ। ਸਿਆਸੀ ਸ਼ਹਿ ਪ੍ਰਾਪਤ ਹੋਣ ਕਾਰਨ ਅਜਿਹੇ ਡੇਰੇਦਾਰਾਂ ਨੂੰ ਨਾ ਕਿਸੇ ਪ੍ਰਸ਼ਾਸਨ ਦਾ ਡਰ ਹੁੰਦਾ ਹੈ ਅਤੇ ਨਾ ਹੀ ਸਰਕਾਰ ਅਜਿਹੇ ਕਥਿਤ ਸੰਤਾਂ ਖਿਲਾਫ਼ ਕੋਈ ਕਾਰਵਾਈ ਕਰਨ ਲਈ ਪੁਲੀਸ ਪ੍ਰਸ਼ਾਸਨ ’ਤੇ ਕੋਈ ਦਬਾਅ ਬਣਾਉਂਦੀ ਹੈ, ਜਿਸ ਕਾਰਨ ਇਹ ਆਪਣੀਆਂ ਖੁੱਲ੍ਹੀਆਂ ਖੇਡਾਂ ਖੇਡਣ ਲਈ ਬੇਫ਼ਿਕਰ ਹਨ।
ਡੇਰਾ ਸਿਰਸਾ ਖ਼ਿਲਾਫ਼ ਕਾਰਵਾਈ ਕਰਦਿਆਂ ਵੀ ਹਰਿਆਣਾ ਸਰਕਾਰ ਦੇ ਕਈ ਅਜਿਹੇ ਪਹਿਲੂ ਸਾਹਮਣੇ ਆਏ ਹਨ ਜਿਨ੍ਹਾਂ ਨੇ ਸੂਬੇ ਦੇ ਲੋਕਾਂ ਵਿੱਚ ਸਰਕਾਰ ਦੀ ਇਮਾਨਦਾਰੀ ਪ੍ਰਤੀ ਅਨੇਕ ਸ਼ੰਕੇ ਪੈਦਾ ਕੀਤੇ ਹਨ। ਪ੍ਰਦੇਸ਼ ਵਿੱਚ ਧਾਰਾ 144 ਲੱਗੀ ਹੋਣ ਦੇ ਬਾਵਜੂਦ ਸੀਬੀਆਈ ਦੀ ਪੰਚਕੂਲਾ ਅਦਾਲਤ ਵਿੱਚ ਡੇਰਾ ਸਿਰਸਾ ਮੁਖੀ ਦੀ ਪੇਸ਼ੀ ਸਮੇਂ ਉਸਦੀ ਗੱਡੀ ਨਾਲ ਚੱਲਣ ਵਾਲਾ ਕਰੀਬ 200 ਗੱਡੀਆਂ ਦਾ ਕਾਫ਼ਲਾ ਅਤੇ ਫਿਰ ਪੰਚਕੂਲਾ ਵਿਖੇ ਡੇਰਾ ਪ੍ਰੇਮੀਆਂ ਦਾ ਵੱਡੀ ਗਿਣਤੀ ਵਿੱਚ ਇਕੱਠੇ ਹੋਣਾ ਦਰਸਾਉਂਦਾ ਹੈ ਕਿ ਸੂਬਾ ਸਰਕਾਰ ਨੇ ਇਹ ਧਾਰਾ ਸਿਰਫ਼ ਅਮਨ ਪਸੰਦ ਲੋਕਾਂ ਲਈ ਹੀ ਲਗਾਈ ਸੀ ਜਦੋਂ ਕਿ ਇਸ ਦੌਰਾਨ ਡੇਰਾ ਪ੍ਰੇਮੀ ਸਰਕਾਰ ਦੇ ਸਾਹਮਣੇ ਪੂਰੀ ਗੁੰਡਾਗਰਦੀ ਕਰਦੇ ਰਹੇ। ਲੋਕ-ਮਨਾਂ ਵਿੱਚ ਉਪਜੇ ਇਨ੍ਹਾਂ ਸ਼ੰਕਿਆਂ ਨੂੰ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਮੀਡੀਆਂ ਦੇ ਰੂ-ਬਰੂ ਹੁੰਦਿਆਂ ਬਿਲਕੁਲ ਸਪਸ਼ਟ ਕਰਦਿਆਂ ਆਖਿਆ ਕਿ ਇਹ ਮਾਮਲਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਲਈ ਡੇਰੇ ਦੇ ਭਗਤਾਂ ਤੇ ਧਾਰਾ 144 ਲਾਗੂ ਹੀ ਨਹੀਂ ਹੁੰਦੀ। ਸੂਬੇ ਦੇ ਇੱਕ ਸੀਨੀਅਰ ਮੰਤਰੀ ਵਲੋਂ ਅਜਿਹੇ ਨਾਜ਼ੁਕ ਮੌਕੇ ’ਤੇ ਦਿੱਤੇ ਗਏ ਬੇਤੁਕੇ ਬਿਆਨ ਨੇ ਸਰਕਾਰ ਦੇ ਮਨ ਵਿੱਚ ਡੇਰੇ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟ ਕਰ ਦਿੱਤਾ।
ਬੜੀ ਮੰਦਭਾਗੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਅਜਿਹੇ ਡੇਰਿਆਂ ਨੂੰ ਆਪਣੇ ਨਿੱਜੀ ਮੁਫ਼ਾਦਾਂ ਲਈ ਵਰਤਦੀਆਂ ਹਨ ਪਰ ਜਦੋਂ ਪੰਚਕੂਲਾ ਵਰਗੇ ਮਾਮਲੇ ਪੈਦਾ ਹੁੰਦੇ ਹਨ ਤਾਂ ਇਸ ਦੌਰਾਨ ਪੁਲੀਸ ਪ੍ਰਸ਼ਾਸਨ ਨੂੰ ਵੀ ਮੋਹਰੇ ਵਜੋਂ ਵਰਤਿਆ ਜਾਂਦਾ ਹੈ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਹੱਥ ਬੰਨ੍ਹਕੇ ਉਸ ਨੂੰ ਜੰਗ ਜਿੱਤਣ ਲਈ ਆਖਿਆ ਜਾਂਦਾ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੇ ਸੂਬੇ ਵਿੱਚ ਸੱਤਾ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਵਿੱਚ ਡੇਰਾ ਸਿਰਸਾ ਦਾ ਵੱਡਾ ਹੱਥ ਰਿਹਾ ਹੈ। ਡੇਰਾ ਸਿਰਸਾ ਮੁਖੀ ਨਾਲ ਸੋਸ਼ਲ ਮੀਡੀਆਂ ’ਤੇ ਵਾਇਰਲ ਹੋਈਆਂ ਅਨੇਕ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਨੇ ਵੀ ਇਹ ਸ਼ਪਸਟ ਕਰ ਦਿੱਤਾ ਹੈ ਕਿ ਪਹਿਲੀਆਂ ਸਰਕਾਰਾਂ ਵਾਂਗ ਹੀ ਇਸ ਸਰਕਾਰ ਦੀ ਵੀ ਡੇਰੇ ਨਾਲ ਗੋਟੀ ਪੂਰੀ ਤਰ੍ਹਾਂ ਫਿੱਟ ਹੈ।
ਸਰਕਾਰ ਭਾਜਪਾ ਦੀ ਹੋਵੇ, ਕਾਂਗਰਸ, ਇਨੈਲੋ ਜਾਂ ਅਕਾਲੀ ਦਲ, ਸਾਰੀਆਂ ਨੇ ਹੀ ਅਜਿਹੇ ਡੇਰਿਆਂ ’ਤੇ ਨਤਮਸਤਕ ਹੋ ਕੇ ਸਰਕਾਰ ਬਣਾਉਣ ਲਈ ਆਪਣੇ-ਆਪਣੇ ਨੱਕ ਰਗੜੇ ਹਨ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਮਾਲਵੇ ਦੀਆਂ ਕਰੀਬ 67 ਸੀਟਾਂ ’ਤੇ ਡੇਰਾ ਸਿਰਸਾ ਪ੍ਰੇਮੀਆਂ ਦੀ ਬਹੁ-ਗਿਣਤੀ ਹੋਣ ਕਾਰਨ ਸਾਰੀਆਂ ਹੀ ਪਾਰਟੀਆਂ ਨਾਲ ਸਬੰਧਿਤ ਆਗੂ ਇਨ੍ਹਾਂ ਸੀਟਾਂ ’ਤੇ ਚੋਣਾਂ ਲੜਨ ਵੇਲੇ ਡੇਰਾ ਸਿਰਸਾ ਵਿਖੇ ਮੱਥੇ ਰਗੜਨ ਲਈ ਜਾਂਦੇ ਹਨ। ਭਾਰਤ ਵਰਗੇ ਦੁਨੀਆ ਦੇ ਵੱਡੇ ਲੋਕਤੰਤਰਿਕ ਦੇਸ ਵਿੱਚ ਡੇਰਿਆਂ ਰਾਹੀਂ ਸੱਤਾ ਦੇ ਕਾਬਜ਼ ਹੋਣ ਦੀ ਇਹ ਪ੍ਰਵਿਰਤੀ ਅਤਿ ਘਾਤਕ ਰੁਝਾਨ ਹੈ। ਲੋਕਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਮੁੱਲ ਸਮਝਦੇ ਹੋਏ ਇਸ ਗਠਜੋੜ ਤੋਂ ਸਾਵਧਾਨ ਹੋਣ ਦੀ ਜਰੂਰਤ ਹੈ।
ਪਹਿਲ ਪਹਿਲ ਡੇਰਿਆਂ ਜਾਂ ਹੋਰ ਧਾਰਮਿਕ ਸਥਾਨਾਂ ਨੂੰ ਮਨ ਦੀ ਸੰਤੁਸ਼ਟੀ ਕਰਨ ਵਾਲੇ ਸਥਾਨ ਮੰਨਿਆ ਜਾਂਦਾ ਸੀ, ਜਿੱਥੇ ਧਾਰਮਿਕ ਗੁਰੂ ਪ੍ਰਾਣੀਆਂ ਨੂੰ ਹਰ ਬੁਰਾਈ ਤੋਂ ਬਚਣ ਦਾ ਸ਼ੰਦੇਸ ਦਿੰਦੇ ਸਨ ਪਰ ਅੱਜ ਇਨ੍ਹਾਂ ਧਾਰਮਿਕ ਸਥਾਨਾਂ ਦੇ ਅਰਥ ਬਿਲਕੁਲ ਬਦਲ ਚੁੱਕੇ ਹਨ। ਇਨ੍ਹਾਂ ਸਥਾਨਾਂ ’ਤੇ ਭਾਵੇਂ ਸੰਦੇਸ਼ ਤਾਂ ਅੱਜ ਵੀ ਬੁਰਾਈਆਂ ਤੋਂ ਬਚਣ ਦੇ ਦਿੱਤੇ ਜਾ ਰਹੇ ਹਨ ਪਰ ਇਹ ਸ਼ੰਦੇਸ ਦੇਣ ਵਾਲੇ ਧਾਰਮਿਕ ਗੁਰੂ ਖੁਦ ਵੱਡੀਆਂ ਬੁਰਾਈਆਂ ਨਾਲ ਭਰੇ ਹੋਏ ਹਨ। ਅਜਿਹੇ ਧਾਰਮਿਕ ਗੁਰੂਆਂ ਲਈ ਇਹ ਧਾਰਮਿਕ ਥਾਵਾਂ ਹੁਣ ਸਾਂਝੀਆਂ ਥਾਵਾਂ ਨਹੀਂ, ਸਗੋਂ ਨਿੱਜੀ ਜਾਇਦਾਦਾਂ ਬਣ ਚੁੱਕੀਆਂ ਹਨ। ਅੱਜ ਸਾਰੇ ਧਾਰਮਿਕ ਗੁਰੂ ਜਿੱਥੇ ਲੋਕਾਂ ਦੇ ਪੈਸੇ ਨਾਲ ਐਸ਼-ਅਰਾਮ ਦੀ ਜ਼ਿੰਦਗੀ ਜਿਉਂ ਰਹੇ ਹਨ, ਉੱਥੇ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਵੱਡੇ ਜੁਗਾੜ ਇਕੱਠੇ ਕਰਨ ਵਿੱਚ ਲੱਗੇ ਨਜ਼ਰ ਆ ਰਹੇ ਹਨ।
ਖੈਰ, ਇਸ ਪੂਰੇ ਘਟਨਾਕ੍ਰਮ ਵਿੱਚੋਂ ਜੋ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਹੈ ਲੋਕਾਂ ਦੀ ਸੋਚ ਦੀ। ਕਿਸੇ ਡੇਰਾਦਾਰ ਦੇ ਕਹਿਣ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨੂੰ ਜਿੱਥੇ ਖਤਮ ਕਰਨ ਵਾਲੀ ਗੱਲ ਹੈ, ਉੱਥੇ ਹੀ ਇਹ ਡੇਰਿਆਂ ਨੂੰ ਤਾਕਤਵਰ ਬਣਾਉਣ ਵਿੱਚ ਵੀ ਸਹਾਈ ਹੈ। ਅੱਜ ਲੋੜ ਹੈ ਡੇਰੇਦਾਰਾਂ ਅਤੇ ਸਿਆਸਤਦਾਨਾਂ ਵਲੋਂ ਉਲਝਾਈ ਗਈ ਤਾਣੀ ਵਿੱਚੋਂ ਬਾਹਰ ਨਿਕਲਣ ਦੀ। ਭਾਵੇਂ ਸਮੇਂ ਦੀਆਂ ਸਰਕਾਰਾਂ ਆਪਣੇ ਹਿਤਾਂ ਲਈ ਡੇਰੇਦਾਰਾਂ ਅੱਗੇ ਵਿਛੀਆਂ ਰਹਿਣਗੀਆਂ ਪਰ ਮਾਣਯੋਗ ਅਦਾਲਤਾਂ ਡੇਰਾ ਸਿਰਸਾ ਜਿਹੇ ਫ਼ੈਸਲੇ ਲੈ ਕੇ ਭਾਰਤੀ ਸੰਵਿਧਾਨ ਅਤੇ ਕਾਨੂੰਨ ਵਿੱਚ ਆਮ ਲੋਕਾਂ ਦੀ ਆਸ ਨੂੰ ਕਦੇ ਟੁੱਟਣ ਨਹੀਂ ਦੇਣਗੀਆਂ, ਇਹ ਅਸੀਂ ਆਸ ਕਰਦੇ ਹਾਂ।
*****
(848)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)