JagtarSmalsar7ਪਹਿਲਾਂ ਮੈਂ ਪੰਜ ਵਜੇ ਜਾਗਦਾ ਸੀ ਪਰ ਹੁਣ ਮੈਂ ਚਾਰ ਵਜੇ ਜਾਗਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਮੈਂ 100 ਅਖ਼ਬਾਰਾਂ ਵੰਡਕੇ ...
(9 ਫਰਵਰੀ 2024)
ਇਸ ਸਮੇਂ ਪਾਠਕ: 350.


ਪਿਛਲੇ ਕੁਝ ਕੁ ਮਹੀਨਿਆਂ ਤੋਂ ਇੱਕ
11-12 ਸਾਲ ਦਾ ਲੜਕਾ ਸਾਡੇ ਦਫਤਰ ਵਿੱਚ ਅਖ਼ਬਾਰ ਦੇਣ ਲਈ ਆਉਂਦਾ ਹੈ। ਉਹ ਬਹੁਤ ਜਲਦੀ-ਜਲਦੀ ਆਉਂਦਾ ਹੈ ਅਤੇ ਅਖ਼ਬਾਰਾਂ ਗੇਟ ਅੱਗੇ ਸੁੱਟਕੇ ਕਾਹਲੀ-ਕਾਹਲੀ ਆਪਣੇ ਸਾਈਕਲ ਨੂੰ ਪੈਡਲ ਮਾਰਦਾ ਹੋਇਆ ਅਗਲੇ ਪੰਧ ਵੱਲ ਨੂੰ ਚਲਿਆ ਜਾਂਦਾ ਹੈਕਈ ਵਾਰ ਤਾਂ ਉਹ ਦਫਤਰ ਖੋਲ੍ਹਣ ਤੋਂ ਪਹਿਲਾਂ ਹੀ ਅਖ਼ਬਾਰਾ ਸੁੱਟਕੇ ਚਲਾ ਜਾਂਦਾ ਹੈ ਉਸ ਨੂੰ ਤੱਕਦਿਆ ਮੈਨੂੰ ਮਹਿਸੂਸ ਹੁੰਦਾ ਜਿਵੇਂ ਉਹ ਕੋਈ ਵੱਡੀ ਜ਼ਿੰਮੇਵਾਰੀ ਨਿਭਾ ਰਿਹਾ ਹੋਵੇਉਸਦੇ ਮਾਸੂਮ ਜਿਹੇ ਚਿਹਰੇ ਵੱਲ ਜਦੋਂ ਮੈਂ ਵੇਖਦਾ ਤਾਂ ਉਹ ਵੀ ਥੋੜ੍ਹਾ ਜਿਹਾ ਮੁਸਕਰਾ ਕੇ ਮੇਰੇ ਵੱਲ ਝਾਕਦਾਉਸਦਾ ਅਣਭੋਲ ਜਿਹਾ ਚਿਹਰਾ ਵੇਖਕੇ ਮੈਂ ਸੋਚਾਂ ਵਿੱਚ ਪੈ ਜਾਂਦਾ ਕਿ ਆਖਿਰ ਅਜਿਹੀ ਕਿਹੜੀ ਮਜਬੂਰੀ ਹੋਵੇਗੀ ਜਿਸਨੇ ਬਾਲ ਵਰੇਸ ਵਿੱਚ ਹੀ ਇਸ ਮਾਸੂਮ ਨੂੰ ਜੀਵਨ ਵਿੱਚ ਐਨੀ ਤੇਜ਼ੀ ਨਾਲ ਅੱਗੇ ਵਧਣ ਅਤੇ ਜ਼ਿੰਮੇਵਾਰੀ ਵਾਲਾ ਅਹਿਸਾਸ ਕਰਵਾ ਦਿੱਤਾ ਹੋਵੇਗਾ

ਇੱਕ ਦਿਨ ਜਦੋਂ ਐਤਵਾਰ ਨੂੰ ਅਖ਼ਬਾਰ ਦੇਣ ਲਈ ਉਹ ਲੜਕਾ ਕੁਝ ਲੇਟ ਆਇਆ ਤਾਂ ਮੈਂ ਉਸ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਉਸਦੇ ਪਰਿਵਾਰ ਬਾਰੇ ਪੁੱਛਿਆਉਸਨੇ ਅੱਖਾਂ ਵਿੱਚੋਂ ਹੰਝੂ ਕੇਰਦਿਆਂ ਦੱਸਿਆ, “ਅੰਕਲ ਜੀ, ਮੇਰੇ ਪਿਤਾ ਜੀ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਹਨਮੇਰੀ ਮੰਮੀ ਦੀ ਕਈ ਸਾਲ ਪਹਿਲਾਂ ਹੀ ਬਿਮਾਰੀ ਕਾਰਨ ਮੌਤ ਹੋ ਗਈ ਸੀਉਸ ਸਮੇਂ ਮੈਂ ਬਿਲਕੁਲ ਹੀ ਛੋਟਾ ਜਿਹਾ ਸੀ ਮੈਨੂੰ ਮੇਰੀ ਮੰਮੀ ਦਾ ਚਿਹਰਾ ਵੀ ਯਾਦ ਨਹੀਂ ਹੈਹੁਣ ਘਰ ਵਿੱਚ ਮੇਰੇ ਤੋਂ ਵੱਡੀਆਂ ਦੋ ਭੈਣਾਂ ਹਨ ਮੇਰੀਆਂ ਭੈਣਾਂ ਘਰ ਵਿੱਚ ਸਲਾਈ-ਕਢਾਈ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਹਨਬਿਮਾਰ ਹੋਣ ਕਾਰਨ ਪਿਤਾ ਜੀ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਹਨਹੁਣ ਘਰ ਦਾ ਸਾਰਾ ਖਰਚ ਮੇਰੀਆਂ ਭੈਣਾਂ ਆਪਣੀ ਮਿਹਨਤ ਨਾਲ ਚਲਾਉਂਦੀਆਂ ਹਨ ਅਤੇ ਆਪਣੇ ਬਿਮਾਰ ਪਿਤਾ ਦੀਆਂ ਦਵਾਈਆਂ ਦਾ ਖਰਚ ਅਤੇ ਆਪਣੇ ਸਕੂਲ ਦੀ ਫੀਸ ਮੈਂ ਅਖਬਾਰਾਂ ਵੰਡਕੇ ਇਕੱਠੀ ਕੀਤੀ ਆਮਦਨ ਵਿੱਚੋਂ ਕਰਦਾ ਹਾਂ

ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆ-ਸੁਣਾਉਂਦਿਆਂ ਉਹ ਰੋਣ ਲੱਗ ਪਿਆ ਮੈਂ ਭਾਵੇਂ ਉਸ ਨੂੰ ਚੁੱਪ ਕਰਵਾਉਣ ਲਈ ਆਪਣੇ ਕਲਾਵੇ ਵਿੱਚ ਲੈ ਲਿਆ ਪਰ ਉਸ ਮਾਸੂਮ ਅਤੇ ਅਣਭੋਲ ਜਿਹੇ ਸੂਰਜ ਦੀਆਂ ਗੱਲਾਂ ਸੁਣਕੇ ਮੇਰਾ ਵੀ ਗੱਝ ਭਰ ਆਇਆਉਸਨੇ ਦੱਸਿਆ ਕਿ ਪਹਿਲਾਂ ਘਰ ਦਾ ਸਾਰਾ ਖਰਚ ਹੀ ਉਸਦੀਆਂ ਭੈਣਾਂ ਆਪਣੀ ਮਿਹਨਤ ਨਾਲ ਚਲਾਉਂਦੀਆਂ ਸਨ ਪਰ ਖਰਚ ਜ਼ਿਆਦਾ ਹੋਣ ਕਾਰਨ ਪੂਰੀ ਨਹੀਂ ਸੀ ਪੈ ਰਹੀ ਜਦੋਂ ਉਸਦੀਆਂ ਭੈਣਾਂ ਨੇ ਇਸ ਸਮੱਸਿਆ ਲਈ ਉਸ ਨਾਲ ਗੱਲ ਕੀਤੀ ਤਾਂ ਉਸਨੇ ਖੁਦ ਹੀ ਆਪਣੇ ਲਈ ਇਹ ਕੰਮ ਲੱਭ ਲਿਆ ਸੂਰਜ ਦੱਸਣ ਲੱਗਾ, “ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਅੰਕਲ, ਮੈਂ ਵੱਡਾ ਹੋ ਕੇ ਕੋਈ ਅਫਸਰ ਬਣਨਾ ਚਾਹੁੰਦਾ ਹਾਂਜੇਕਰ ਮੈਂ ਕੋਈ ਹੋਰ ਕੰਮ ਕਰਦਾ ਤਾਂ ਮੈਨੂੰ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪੈਣੀ ਸੀ ਪਰ ਹੁਣ ਮੈਂ ਰੋਜ਼ਾਨਾ ਕਰੀਬ 100 ਅਖ਼ਬਾਰਾ ਵੰਡਕੇ ਆਪਣੇ ਸਕੂਲ ਚਲਾ ਜਾਂਦਾ ਹਾਂਇਸ ਨਾਲ ਮੇਰੀ ਪੜ੍ਹਾਈ ਵੀ ਚੱਲ ਰਹੀ ਹੈ ਅਤੇ ਹੁਣ ਮੇਰੀਆਂ ਭੈਣਾਂ ਦੇ ਸਿਰ ਤੋਂ ਘਰ ਦੇ ਖਰਚ ਦਾ ਬੋਝ ਵੀ ਘਟ ਗਿਆ ਹੈ

ਸੂਰਜ ਦੀਆਂ ਗੱਲਾਂ ਮੈਨੂੰ ਉਸਦੀ ਉਮਰ ਤੋਂ ਕਿਤੇ ਵਡੇਰੀਆਂ ਲੱਗੀਆਂਮੈਂ ਸੋਚ ਰਿਹਾ ਸੀ ਕਿ ਮਜਬੂਰੀਆ ਕਿਵੇਂ ਛੋਟੀ ਜਿਹੀ ਉਮਰ ਵਿੱਚ ਹੀ ਇਨਸਾਨ ਨੂੰ ਐਨਾ ਸਿਆਣਾ ਬਣਾ ਦਿੰਦੀਆਂ ਹਨਉਸ ਦਿਨ ਸੂਰਜ ਆਪਣੀ ਪੂਰੀ ਕਹਾਣੀ ਸੁਣਾਕੇ ਚਲਾ ਗਿਆ ਪਰ ਮੈਂ ਜਦੋਂ ਵੀ ਇਕੱਲਾ ਬੈਠਦਾ ਤਾਂ ਸੂਰਜ ਦੇ ਜੀਵਨ ਦੀ ਮੌਜੂਦਾ ਅਤੇ ਭਵਿੱਖ ਦੀ ਤਸਵੀਰ ਮੇਰੀਆਂ ਅੱਖਾਂ ਸਾਹਮਣੇ ਆਪਣੇ-ਆਪ ਹੀ ਘੁੰਮਣ ਲੱਗ ਜਾਂਦੀਮੈਂ ਜਦੋਂ ਗਲੀ ਵਿੱਚ ਉਸਦੀ ਉਮਰ ਦੇ ਬੱਚਿਆਂ ਨੂੰ ਖੇਡਦੇ ਵੇਖਦਾ ਤਾਂ ਸੂਰਜ ਆਪਣੇ ਘਰ ਵਿੱਚ ਆਪਣੀਆਂ ਭੈਣਾਂ ਨਾਲ ਕਿਸੇ ਨਾ ਕਿਸ ਕੰਮ ਵਿੱਚ ਹੱਥ ਵਟਾਉਂਦਾ ਮੈਨੂੰ ਨਜ਼ਰ ਆਉਂਦਾ

ਫਿਰ ਕਈ ਦਿਨ ਸੂਰਜ ਅਖ਼ਬਾਰਾਂ ਵੰਡਣ ਨਾ ਆਇਆ। ਉਸਦੀ ਥਾਂ ’ਤੇ ਅਖ਼ਬਾਰ ਦੇਣ ਵਾਲੇ ਵਿਅਕਤੀ ਕੋਲੋਂ ਜਦੋਂ ਮੈਂ ਸੂਰਜ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਸੂਰਜ ਦੇ ਡੈਡੀ ਇਸ ਦੁਨੀਆ ਵਿੱਚ ਨਹੀਂ ਰਹੇਉਸਦੀ ਗੱਲ ਸੁਣਕੇ ਮੈਨੂੰ ਅਣਭੋਲ ਜਿਹਾ ਸੂਰਜ ਆਪਣੇ ਘਰ ਵਿੱਚ ਹੋਏ ਇਕੱਠ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਮੇਰੀਆਂ ਅੱਖਾਂ ਸਾਹਮਣੇ ਨਜ਼ਰ ਆਉਣ ਲੱਗਾਕਈ ਦਿਨਾਂ ਬਾਅਦ ਜਦੋਂ ਸੂਰਜ ਨੇ ਦੁਬਾਰਾ ਫਿਰ ਅਖ਼ਬਾਰਾਂ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਮੈਂ ਉਸਦੇ ਡੈਡੀ ਬਾਰੇ ਉਸ ਨਾਲ ਅਫ਼ਸੋਸ ਕਰਦਿਆਂ ਆਖਿਆ, “ਸੂਰਜ, ਬਹੁਤ ਮਾੜਾ ਹੋਇਆਹੁਣ ਤੇਰੀਆਂ ਜ਼ਿੰਮੇਵਾਰੀਆ ਬਹੁਤ ਵਧ ਗਈਆਂ ਨੇ, ਘਰ ਵਿੱਚ ਜਵਾਨ ਹੋਈਆਂ ਦੋਂਹ ਭੈਣਾਂ ਦੇ ਵਿਆਹ ਕਰਨ ਦੀ ਜ਼ਿੰਮੇਵਾਰੀ ਵੀ ਤਾਂ ਹੁਣ ਪੂਰੀ ਤਰ੍ਹਾਂ ਤੇਰੇ ਮੋਢਿਆਂ ’ਤੇ ਆ ਪਈ ਹੈ

ਸੂਰਜ ਬਹੁਤ ਹੌਸਲੇ ਨਾਲ ਬੋਲਿਆ, “ਹਾਂ ਜੀ ਅੰਕਲ ਜੀ, ਮੈਂ ਜਾਣਦਾ ਹਾਂ ਮੇਰੀ ਜ਼ਿੰਮੇਵਾਰੀ ਵਧ ਗਈ ਹੈਪਹਿਲਾਂ ਮੈਂ ਪੰਜ ਵਜੇ ਜਾਗਦਾ ਸੀ ਪਰ ਹੁਣ ਮੈਂ ਚਾਰ ਵਜੇ ਜਾਗਣਾ ਸ਼ੁਰੂ ਕਰ ਦਿੱਤਾ ਹੈਪਹਿਲਾਂ ਮੈਂ 100 ਅਖ਼ਬਾਰਾਂ ਵੰਡਕੇ ਆਪਣੇ ਸਕੂਲ ਜਾਂਦਾ ਸੀ ਪਰ ਹੁਣ ਮੈਂ 200 ਅਖ਼ਬਾਰਾਂ ਵੰਡਕੇ ਸਕੂਲ ਜਾਂਦਾ ਹਾਂਏਜੰਸੀ ਵਾਲਿਆਂ ਨੇ ਮੈਨੂੰ ਹੁਣ ਦੁੱਗਣੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਹਨ ...” ਸੂਰਜ ਇੰਝ ਬੋਲ ਰਿਹਾ ਸੀ ਜਿਵੇਂ ਮੁਸੀਬਤ ਨੂੰ ਵੰਗਾਰ ਰਿਹਾ ਹੋਵੇ ਫਿਰ ਰੋਜ਼ਾਨਾ ਵਾਂਗ ਹੀ ਸੂਰਜ ਨੇ ਆਪਣੇ ਸਾਈਕਲ ਨੂੰ ਪੈਡਲ ਮਾਰਿਆ ਤੇ ਤੇਜ਼ੀ ਨਾਲ ਅੱਗੇ ਵੱਲ ਨੂੰ ਵਧ ਗਿਆ

ਸੂਰਜ ਦੀਆਂ ਗੱਲਾਂ ਸੁਣਕੇ ਮੈਨੂੰ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਗਿਆ ਕਿ ਜਿਹੜੇ ਹਿੰਮਤ ਨੂੰ ਆਪਣਾ ਸਾਥੀ ਬਣਾ ਲੈਂਦੇ ਨੇ, ਮੁਸੀਬਤਾਂ ਉਨ੍ਹਾਂ ਦਾ ਕਦੇ ਵੀ ਰਾਹ ਨਹੀਂ ਰੋਕ ਸਕਦੀਆਂਮੈਂ ਸੋਚ ਰਿਹਾ ਸੀ ਕਿ ਇਹ ਸੂਰਜ ਆਪਣੀ ਇਸ ਮਿਹਨਤ ਦੇ ਬਲਬੂਤੇ ਇੱਕ ਨਾ ਇੱਕ ਦਿਨ ਜ਼ਰੂਰ ਹੀ ਆਪਣੇ ਜੀਵਨ ਵਿੱਚ ਪਸਰੇ ਹਨੇਰਿਆਂ ਨੂੰ ਦੂਰ ਭਜਾ ਦੇਵੇਗਾ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4710)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਤਾਰ ਸਮਾਲਸਰ

ਜਗਤਾਰ ਸਮਾਲਸਰ

Ellenabad, Sirsa, Haryana, India.
Phone: (91 - 94670 - 95953)
Email: (jagtarsmalsar@gmail.com)

More articles from this author