JagtarSmalsar7ਧਾਰਮਿਕਤਾ ਦਾ ਚੋਲਾ ਪਹਿਨ ਕੇ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਲੋਕਾਂ ਦੀ ਗਿਣਤੀ ...
(5 ਜਨਵਰੀ 2018)

 

ਧਰਮ ਅਤੇ ਰਾਜਨੀਤੀ ਦੋ ਅਜਿਹੇ ਮਾਰਗ ਹਨ ਜਿਨ੍ਹਾਂ ਰਾਹੀਂ ਆਮ ਲੋਕਾਂ ਦੀ ਅਗਵਾਈ ਕਰਕੇ ਇਨ੍ਹਾਂ ਦੇ ਆਗੂਆਂ ਨੇ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਹਨ ਪਰ ਅੱਜ ਧਰਮ ਅਤੇ ਰਾਜਨੀਤੀ ਦੇ ਨਾਲ-ਨਾਲ ਅਫ਼ਸਰਸ਼ਾਹੀ ਦਾ ਮਿਲਭੋਗਾ ਸਮਾਜ ਦਾ ਵੱਡਾ ਨੁਕਸਾਨ ਕਰਨ ’ਤੇ ਉਤਾਰੂ ਹੋਇਆ ਨਜ਼ਰ ਆ ਰਿਹਾ ਹੈ। ਕੋਈ ਧਾਰਮਿਕ ਆਗੂ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਉਸਦਾ ਮੁੱਢਲਾ ਫਰਜ਼ ਆਪਣੇ ਧਰਮ ਵਿੱਚ ਆ ਰਹੀਆ ਊਣਤਾਈਆਂ ਪ੍ਰਤੀ ਲੋਕਾਂ ਨੂੰ ਜਾਗੂਰਕ ਕਰਕੇ ਆਪਣੇ ਧਰਮ ਨੂੰ ਉਸਾਰੂ ਲੀਹਾਂ ’ਤੇ ਤੋਰਨਾ ਹੁੰਦਾ ਹੈ। ਧਰਮ ਵਿੱਚ ਫੈਲੀਆਂ ਕੁਰੀਤੀਆਂ ਅਤੇ ਮਨਮੱਤਾਂ ਨੂੰ ਖਾਰਜ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਦੇ ਨਾਲ-ਨਾਲ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣਾ ਵੀ ਕਿਸੇ ਧਾਰਮਿਕ ਆਗੂ ਦੇ ਮੁੱਢਲੇ ਫਰਜ਼ ਹੁੰਦੇ ਹਨ।

ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਭਾਵੇਂ ਸਾਰੇ ਧਰਮਾਂ ਦੇ ਹੀ ਆਗੂ ਉਪਦੇਸ਼ ਤਾਂ ਬੁਰਾਈਆ ਤੋਂ ਸਦਾ ਬਚਣ ਦੇ ਹੀ ਦਿੰਦੇ ਹਨ ਪਰ ਬਹੁਤੇ ਧਾਰਮਿਕ ਆਗੂ ਖੁਦ ਅਜਿਹੀਆ ਬੁਰਾਈਆਂ ਨਾਲ ਲਬਰੇਜ਼ ਹੁੰਦੇ ਹਨ। ਸੋਸ਼ਲ ਮੀਡੀਆਂ ’ਤੇ ਆਏ ਦਿਨ ਹੀ ਵਾਇਰਲ ਹੋ ਰਹੀਆ ਅਜਿਹੀਆਂ ਵੀਡੀਓ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਅੱਜਕਲ ਲੋਕ ਆਪਣੀਆਂ ਬੁਰਾਈਆ ਨੂੰ ਛੁਪਾਉਣ ਲਈ ਧਾਰਮਿਕਤਾਂ ਦਾ ਸਹਾਰਾ ਲੈਣ ਲੱਗ ਪਏ ਹਨ। ਅਜਿਹੀ ਪ੍ਰਵਿਰਤੀ ਵਾਲੇ ਲੋਕ ਅਕਸਰ ਹੀ ਆਪਣੇ ਨਜ਼ਦੀਕੀ ਰਾਜਨੀਤਿਕ ਲੋਕਾਂ ਨਾਲ ਵੀ ਬਣਾ ਕੇ ਰੱਖਦੇ ਹਨ ਤਾਂ ਕਿ ਕਿਸੇ ਮੁਸੀਬਤ ਸਮੇਂ ਆਪਣੇ ਆਪ ਨੂੰ ਬਚਾਉਣ ਲਈ ਕੋਈ ਦਿੱਕਤ ਪੇਸ਼ ਨਾ ਆਵੇ।

ਇੱਕ ਸਿਆਸਤਦਾਨ ਅਸਲ ਮਾਅਨਿਆਂ ਵਿੱਚ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਪਰ ਚੋਣਾਂ ਜਿੱਤਣ ਤੋਂ ਬਾਅਦ ਸਿਆਸੀ ਲੋਕਾਂ ’ਤੇ ਵੀ ਅਕਸਰ ਹੀ ਹੈਂਕੜਬਾਜ਼ੀ ਭਾਰੂ ਹੋਈ ਨਜ਼ਰ ਆਉਂਦੀ ਹੈ। ਉਹ ਆਪਣੇ ਕਰੀਬੀਆਂ ਨੂੰ ਗੈਰ-ਸਮਾਜਿਕ ਕੰਮ ਕਰਨ ਦੀ ਖੁੱਲ੍ਹ ਦੇ ਕੇ ਗੈਰ-ਜ਼ਿਮੇਵਾਰਾਨਾ ਭੂਮਿਕਾ ਨਿਭਾਉਂਦੇ ਹਨ, ਜੋ ਭਵਿੱਖ ਲਈ ਖਤਰਨਾਕ ਹੋ ਨਿੱਬੜਦੀ ਹੈ। ਅਜਿਹੇ ਸਿਆਸੀ ਲੋਕਾਂ ਦੀ ਸ਼ਹਿ ’ਤੇ ਪਿੰਡਾਂ, ਬਲਾਕ ਜਾਂ ਜ਼ਿਲ੍ਹਾ ਪੱਧਰ ਤੇ ਪਲਦੇ ਛੋਟੇ-ਛੋਟੇ ਸਿਆਸੀ ਲੀਡਰਾਂ ਦਾ ਅਸਲ ਕੰਮ ਵੀ ਲੋਕ ਸੇਵਾ ਕਰਨਾ ਨਹੀਂ ਸਗੋਂ ਲੋਕਾਂ ਦਾ ਨੁਕਸਾਨ ਕਰਨਾ ਹੁੰਦਾ ਹੈ। ਅਜਿਹੇ ਬਹੁਤੇ ਲੋਕ ਅਕਸਰ ਨਸ਼ਿਆਂ ਆਦਿ ਦੇ ਧੰਦਿਆਂ ਵਿੱਚ ਸ਼ਾਮਲ ਹੁੰਦੇ ਹਨ ਜੋ ਲੋਕ ਸੇਵਾ ਦੇ ਨਾਮ ’ਤੇ ਲੋਕਾਂ ਦੇ ਨੌਜਵਾਨ ਮੁੰਡਿਆਂ-ਕੁੜੀਆਂ ਦੀਆਂ ਜਵਾਨੀਆਂ ਨੂੰ ਬਰਬਾਦ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਭ੍ਰਿਸ਼ਟ ਅਫ਼ਸਰਸ਼ਾਹੀ ਵੀ ਧਰਮ ਅਤੇ ਰਾਜਨੀਤੀ ਦੇ ਨਾਲ ਰਲਕੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਕਾਨੂੰਨ ਤੋਂ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ ਜੋ ਅਤਿ ਨਿੰਦਣਯੋਗ ਹੈ।

ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਸੱਜਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਬਣਾਈ ਸੰਸਥਾ ਲਈ ਸ਼ਹਿਰ ਵਿੱਚ ਉਗਰਾਹੀ ਕਰ ਰਿਹਾ ਸੀ। ਪਰ ਜਦੋਂ ਉਸਦਾ ਵਾਹ ਇੱਕ ਜਾਗਰੂਕ ਨੌਜਵਾਨ ਨਾਲ ਪਿਆ ਅਤੇ ਉਸ ਨੌਜਵਾਨ ਨੇ ਉਸ ਕੋਲੋਂ ਪੂਰੀ ਗਹਿਰਾਈ ਨਾਲ ਪੁੱਛਗਿੱਛ ਕੀਤੀ ਤਾਂ ਉਗਰਾਹੀ ਕਰਨ ਵਾਲੇ ਉਸ ਠੱਗ ਨੇ ਮੰਨਿਆ ਕਿ ਉਹ ਜਿਸ ਸੰਸਥਾ ਲਈ ਉਗਰਾਹੀ ਕਰ ਰਿਹਾ ਹੈ, ਉਨ੍ਹਾਂ ਨੂੰ ਉਹ ਸਾਰੀ ਉਗਰਾਹੀ ਵਿੱਚੋਂ ਸਿਰਫ਼ 20 ਪ੍ਰਤੀਸ਼ਤ ਹਿੱਸਾ ਦਿੰਦਾ ਹੈ ਅਤੇ ਬਾਕੀ ਉਹ ਸਾਰੀ ਆਪਣੀ ਜੇਬ ਵਿੱਚ ਪਾਉਦਾ ਹੈ। ਉਸ ਅਨੁਸਾਰ ਉਹ ਮਹੀਨੇ ਵਿੱਚ 50 ਤੋਂ 60 ਹਜ਼ਾਰ ਰੁਪਏ ਤੱਕ ਦੀ ਉਗਰਾਹੀ ਕਰ ਲੈਂਦਾ ਹੈ। ਧਾਰਮਿਕਤਾ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਇਹ ਕੇਵਲ ਇੱਕ ਸੱਜਣ ਦੀ ਕਹਾਣੀ ਨਹੀਂ, ਆਏ ਦਿਨ ਅਨੇਕ ਅਜਿਹੇ ਠੱਗ ਸਾਹਮਣੇ ਆ ਰਹੇ ਹਨ ਜੋ ਭੋਲੇਭਾਲੇ ਲੋਕਾਂ ਦੀ ਅੰਨ੍ਹੀ ਸ਼ਰਧਾ ਭਾਵਨਾ ਦਾ ਫਾਇਦਾ ਉਠਾਉਂਦੇ ਹੋਏ ਅਜਿਹੀਆਂ ਠੱਗੀਆਂ ਮਾਰਕੇ ਆਪਣਾ ਤੋਰੀ-ਫੁਲਕਾ ਚਲਾ ਰਹੇ ਹਨ। ਧਾਰਮਿਕਤਾ ਦਾ ਚੋਲਾ ਪਹਿਨ ਕੇ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਸਿੱਧੇ-ਸਾਦੇ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾਕੇ ਉਨ੍ਹਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨਾ ਅਜਿਹੇ ਪਾਖੰਡੀਆਂ ਲਈ ਖੇਡ ਬਣ ਚੁੱਕੀ ਹੈ। ਭਾਵੇਂ ਸਮਾਜਿਕ ਖੇਤਰ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਆਮ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸਾਵਧਾਨ ਕਰਨ ਲਈ ਜਾਗਰੂਕ ਕਰ ਰਹੀਆਂ ਹਨ ਪਰ ਫਿਰ ਵੀ ਆਏ ਦਿਨ ਲੋਕ ਅਜਿਹੇ ਠੱਗਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ, ਜੋ ਚਿੰਤਾਜਨਕ ਹੈ।

ਇਸੇ ਤਰ੍ਹਾਂ ਆਪਣਾ ਰਾਜਸੀ ਅਸਰ ਰਸੂਖ਼ ਦਿਖਾ ਕੇ ਕਿਸੇ ਨੂੰ ਨੌਕਰੀ ਲਗਵਾਉਣ, ਕਿਸੇ ਨੂੰ ਵਿਦੇਸ਼ ਭੇਜਣ ਅਤੇ ਕਿਸੇ ਦੇ ਝਗੜੇ ਨੂੰ ਸੁਲਝਾਉਣ ਦਾ ਭਰੋਸਾ ਦੇ ਕੇ ਬਹੁਤੇ ਲੋਕ ਅੱਜਕੱਲ ਠੱਗੀਆਂ ਮਾਰਨ ਵਿੱਚ ਮੋਹਰੀ ਹਨ। ਦੇਸ ਵਿੱਚ ਫ਼ੈਲੀ ਭ੍ਰਿਸ਼ਟਾਚਾਰ ਦੀ ਬਦਬੂ ਆਮ ਲੋਕਾਂ ਨੂੰ ਅਜਿਹੇ ਠੱਗਾਂ ਵੱਲ ਜਾਣ ਲਈ ਮਜਬੂਰ ਕਰਦੀ ਹੈ ਅਤੇ ਥੋੜ੍ਹਾ ਬਹੁਤਾ ਸਿਆਸੀ ਰਸੂਖ਼ ਰੱਖਣ ਵਾਲੇ ਅਜਿਹੇ ਲੋਕ ਸ਼ਰੇਆਮ ਠੱਗੀ ਮਾਰਕੇ ਵੀ ਬਿਨਾਂ ਕਿਸੇ ਡਰ-ਭੈਅ ਤੋਂ ਘੁੰਮਦੇ ਨਜ਼ਰ ਆਉਂਦੇ ਹਨ। ਅੱਜ ਧਾਰਮਿਕਤਾ ਅਤੇ ਸਿਆਸੀ ਰਸੂਖ਼ ਦਾ ਚੋਲਾ ਪਹਿਨ ਕੇ ਆਮ ਲੋਕਾਂ ਨਾਲ ਠੱਗੀਆਂ ਮਾਰਕੇ ਆਪਣਾ ਤੋਰੀ ਫੁਲਕਾ ਚਲਾਉਣ ਵਾਲੇ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ।

*****

(958)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਗਤਾਰ ਸਮਾਲਸਰ

ਜਗਤਾਰ ਸਮਾਲਸਰ

Ellenabad, Sirsa, Haryana, India.
Phone: (91 - 94670 - 95953)
Email: (jagtarsmalsar@gmail.com)

More articles from this author