“ਇਸ ਮੌਕੇ ਜਗਤਾਰ ਸਮਾਲਸਰ ਦੀ ਪੁਸਤਕ ਸ਼ਬਦਾਂ ਦੀ ਜੰਗ ਵੀ ਲੋਕ ਅਰਪਣ ਕੀਤੀ ਗਈ ...”
(1 ਮਾਰਚ 2019)
ਰਾਣੀਆ (ਸਿਰਸਾ, ਹਰਿਆਣਾ) ਵਿੱਚ ਕਾਮਰੇਡ ਜਸਵੰਤ ਸਿੰਘ ਰਾਜ ਦੀ ਯਾਦ ਵਿੱਚ ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਨਾਟਕਕਾਰ ਅਜਮੇਰ ਔਲਖ ਨੂੰ ਸਮਰਪਿਤ ਇੱਕ ਸਾਹਿਤਕ ਯਾਦਗਾਰੀ ਸਮਾਗਮ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਕਾਮਰੇਡ ਜਗਰੂਪ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਦੇਸ ਦੇ ਮੌਜੂਦਾ ਹਾਲਾਤ ਲੋਕਤੰਤਰ ਲਈ ਵੱਡਾ ਖਤਰਾ ਬਣ ਰਹੇ ਹਨ ਜਿਨ੍ਹਾਂ ਬਾਰੇ ਹਰ ਬੁੱਧੀਜੀਵੀ ਨੂੰ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਦੇਸ ਵਿੱਚ ਨਿਰੰਤਰ ਵਧ ਰਹੀ ਬੇਰੁਜ਼ਗਾਰੀ ਅਤੇ ਮੱਧ ਵਰਗ ਤੋਂ ਹੇਠਲੇ ਵਰਗ ਦੇ ਲੋਕਾਂ ਦੀ ਆਮਦਨ ਵਿੱਚ ਲਗਾਤਾਰ ਆ ਰਹੀ ਗਿਰਾਵਟ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚੋਂ ਹਰ ਸਾਲ 2 ਲੱਖ 75 ਹਜ਼ਾਰ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਇੱਕ ਨੌਜਵਾਨ ਤੇ ਔਸਤ 16 ਲੱਖ ਦਾ ਖਰਚ ਆ ਰਿਹਾ ਹੈ। ਇਸ ਤਰ੍ਹਾਂ ਪੰਜਾਬ ਤੋਂ ਹਰ ਸਾਲ ਕਰੀਬ 40 ਹਜ਼ਾਰ ਕਰੋੜ ਰੁਪਏ ਵਿਦੇਸ਼ਾਂ ਵਿੱਚ ਜਾ ਰਹੇ ਹਨ, ਜੋ ਬਹੁਤ ਹੀ ਵਿਚਾਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੇਸ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਢੁੱਕਵੇਂ ਵਸੀਲੇ ਪੈਦਾ ਨਹੀਂ ਕਰ ਸਕੀਆ ਜਿਸ ਕਾਰਨ ਅਜਿਹਾ ਭਾਣਾ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ ਵਿੱਚ ਆਰਥਿਕ ਪਾੜਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਦੇਸ ਦਾ ਸਰਮਾਇਆ ਕੁਝ ਕੁ ਲੋਕਾਂ ਦੀ ਜਗੀਰ ਬਣ ਕੇ ਰਹਿ ਗਿਆ ਹੈ। ਕਾਮਰੇਡ ਜਗਰੂਪ ਨੇ ਆਖਿਆ ਕਿ ਅੱਜ ਦੇਸ ਦੀ ਕੁੱਲ ਆਮਦਨ ਦਾ 73 ਪ੍ਰਤੀਸ਼ਤ ਹਿੱਸਾ 1 ਪ੍ਰਤੀਸ਼ਤ ਲੋਕਾਂ ਕੋਲ ਹੈ ਜਦੋਂ ਕਿ ਸੰਨ 2000 ਵਿੱਚ ਇਹ ਅੰਕੜੇ 53 ਫ਼ੀਸਦੀ ਸਨ। ਉਨ੍ਹਾਂ ਕਿਹਾ ਕਿ ਮੱਧ ਵਰਗ ਕੋਲ ਕੁੱਲ ਆਮਦਨ ਦਾ 15 ਪ੍ਰਤੀਸ਼ਤ ਹੈ ਜੋ ਕਿ ਸੰਨ 2000 ਵਿੱਚ 29 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਇਹ ਅੰਕੜੇ ਕੇਵਲ ਸਾਨੂੰ ਵੱਡੀ ਚਿੰਤਾ ਵਿੱਚ ਹੀ ਨਹੀਂ ਪਾਉਂਦੇ ਸਗੋਂ ਦੇਸ ਦੇ ਭਵਿੱਖ ਦੀ ਭਿਆਨਕ ਤਸਵੀਰ ਵੀ ਪੇਸ਼ ਕਰਦੇ ਹਨ। ਇਸ ਸਮਾਗਮ ਦੌਰਾਨ ਕਾਮਰੇਡ ਜਸਵੰਤ ਸਿੰਘ ਜੋਸ਼ ਅਤੇ ਕਾਮਰੇਡ ਸਵਰਨ ਸਿੰਘ ਵਿਰਕ ਨੇ ਤੇਜਾ ਸਿੰਘ ਸੁਤੰਤਰ ਅਤੇ ਨਾਟਕਕਾਰ ਅਜਮੇਰ ਔਲਖ ਦੇ ਸੰਘਰਸ਼ ਅਤੇ ਜੀਵਨ ਬਾਰੇ ਚਾਨਣਾ ਪਾਇਆ।
ਇਸ ਪ੍ਰੋਗਰਾਮ ਦੌਰਾਨ ਮਲਕੀਤ ਸਿੰਘ ਖੋਸਾ ਨੇ ਅਜੋਕੇ ਸਮੇਂ ਵਿੱਚ ਧਰਮ ਅਤੇ ਰਾਜਨੀਤੀ ਦੀ ਬਦਲ ਰਹੀ ਪਰਿਭਾਸ਼ਾ ਬਾਰੇ ਚਿੰਤਾ ਪ੍ਰਗਟ ਕਰਦਿਆਂ ਧਰਮ ਅਤੇ ਰਾਜਨੀਤੀ ਦੇ ਅਸਲ ਮਾਅਨਿਆਂ ਬਾਰੇ ਗੱਲ ਕੀਤੀ। ਇਸ ਮੌਕੇ ਜੁਗਰਾਜ ਧੌਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਮਾਨਸਾ ਤੋਂ ਪਹੁੰਚੀ ਨਾਟਕ ਮੰਡਲੀ ਵਲੋਂ ਸਮਾਜਿਕ ਬੁਰਾਈਆਂ ਖ਼ਿਲਾਫ਼ ਨਾਟਕ ਖੇਡੇ ਗਏ।
ਜਗਤਾਰ ਸਮਾਲਸਰ ਦੀ ਪੁਸਤਕ ‘ਸ਼ਬਦਾਂ ਦੀ ਜੰਗ’ ਲੋਕ ਅਰਪਣ
ਇਸ ਮੌਕੇ ਜਗਤਾਰ ਸਮਾਲਸਰ ਦੀ ਪੁਸਤਕ ਸ਼ਬਦਾਂ ਦੀ ਜੰਗ ਵੀ ਲੋਕ ਅਰਪਣ ਕੀਤੀ ਗਈ। ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਅੰਤ ਵਿੱਚ ਕਮੇਟੀ ਦੇ ਸਰਪ੍ਰਸਤ ਕਾਮਰੇਡ ਹਰਦੇਵ ਸਿੰਘ ਵਿਰਕ ਨੇ ਸਾਰੇ ਪਤਵੰਤੇ ਲੋਕਾਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਦੀ ਭੂਮਿਕਾ ਕਾਮਰੇਡ ਨਰਭਿੰਦਰ ਨੇ ਨਿਭਾਈ।
ਇਸ ਮੌਕੇ ਪ੍ਰੋਫੈਸਰ ਹਰਵਿੰਦਰ ਸਿੰਘ, ਪ੍ਰਿੰਸੀਪਲ ਬੂਟਾ ਸਿੰਘ, ਹਰਜਿੰਦਰ ਸਿੰਘ ਭੰਗੂ, ਦਵਿੰਦਰ ਸਿੰਘ ਬਾਜਵਾ, ਜੋਗਿੰਦਰ ਸਿੰਘ ਬਾਜਵਾ, ਸਰਬਜੀਤ ਸਿੱਧੂ ਸਹਿਤ ਅਨੇਕ ਲੋਕ ਮੌਜੂਦ ਸਨ।
*****