JagtarSmalsar7ਉਸੇ ਦਿਨ ਤੋਂ ਹੀ ਸਾਡਾ ਪਰਿਵਾਰ ਇਹ ਮੰਨ ਰਿਹਾ ਸੀ ਕਿ ਵੇਦਾ ਮਰ ਚੁੱਕੀ ਹੈ ...
(21 ਅਕਤੂਬਰ 2016)

 

Veda3ਅੰਧਵਿਸ਼ਵਾਸ ਦੀ ਘੁੰਮਣਘੇਰੀ ਵਿੱਚ ਫਸਕੇ ਅੱਜ ਤੱਕ ਪਤਾ ਨਹੀ ਕਿੰਨੇ ਘਰ ਬਰਬਾਦ ਹੋ ਚੁੱਕੇ ਹਨ ਅਤੇ ਅਜਿਹੀਆਂ ਘਟਨਾਵਾਂ ਅੱਜ ਵੀ ਨਿਰੰਤਰ ਜਾਰੀ ਹਨ। ਕਈ ਵਾਰ ਤਾਂ ਤਾਂਤਰਿਕਾਂ ਦੇ ਸਤਾਏ ਅਨੇਕ ਮਰਦ-ਔਰਤਾਂ ਮਾਨਸਿਕ ਪੀੜਾ ਵਿੱਚੋਂ ਗੁਜ਼ਰਦੇ ਹੋਏ ਆਪਣੇ ਘਰਾਂ ਤੋ ਵੀ ਪਰਾਏ ਹੋ ਜਾਂਦੇ ਹਨ। ਇਹ ਗੱਲ 12 ਫਰਵਰੀ 2015 ਦੀ ਹੈ। ਮਾਨਸਿਕ ਪੀੜਾ ਦਾ ਸ਼ਿਕਾਰ ਹੋਈ ਇੱਕ ਔਰਤ ਸਿਰਸਾ ਜ਼ਿਲ੍ਹਾ ਦੇ ਪਿੰਡ ਮੋਰੀਵਾਲਾ ਵਿੱਚ ਲਾਵਾਰਿਸ ਅਤੇ ਬੁਰੀ ਹਾਲਤ ਵਿੱਚ ਘੁੰਮ ਰਹੀ ਸੀ। ਪਿੰਡ ਦੇ ਲੋਕਾਂ ਨੇ ਇਸਦੀ ਸੂਚਨਾ ਭਾਈ ਕਨੱਈਆ ਆਸ਼ਰਮ ਦੇ ਸੇਵਾਦਾਰ ਸ੍ਰੀ ਗੁਰਮੀਤ ਸਿੰਘ ਜੀ ਨੂੰ ਦਿੱਤੀ। ਉਨ੍ਹਾਂ ਨੇ ਤੁਰੰਤ ਹੀ ਡਿੰਗ ਥਾਣਾ ਪੁਲਸ ਨਾਲ ਸੰਪਰਕ ਕਰਕੇ ਹਨੂੰਮਾਨ ਪ੍ਰਸ਼ਾਦ (ਏ ਐਸ ਆਈ) ਨੂੰ ਨਾਲ ਲੈ ਕੇ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਔਰਤ ਨੂੰ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਭਾਈ ਕਨੱਈਆ ਆਸ਼ਰਮ ਵਿੱਚ ਭੇਜ ਦਿੱਤਾ। ਆਸ਼ਰਮ ਦੀਆਂ ਔਰਤ ਸੇਵਾਦਾਰਾਂ ਨੇ ਉਸਨੂੰ ਨਹਾਇਆ ਅਤੇ ਅਗਲੇ ਦਿਨ ਡਾਕਟਰ ਅਮਿਤ ਨਾਰੰਗ ਤੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ।

ਸਮੇਂ ਸਿਰ ਖਾਣਾ ਅਤੇ ਇਲਾਜ ਮਿਲਣ ਨਾਲ ਇਸ ਔਰਤ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ। ਲਗਭਗ ਤਿੰਨ ਮਹੀਨੇ ਬਾਅਦ ਇਹ ਔਰਤ ਬਿਲਕੁਲ ਠੀਕ ਹੋ ਗਈ। ਉਸਨੇ ਆਪਣਾ ਨਾਮ ਵੇਦਾ ਦੱਸਿਆ। ਉਸਦੀ ਭਾਸ਼ਾ ਤੋਂ ਲੱਗਦਾ ਸੀ ਕਿ ਉਹ ਦੱਖਣੀ ਭਾਰਤ ਦੀ ਰਹਿਣ ਵਾਲੀ ਹੈ। ਆਸ਼ਰਮ ਵਿੱਚ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਰਹਿਣ ਲੱਗੀ ਪ੍ਰੰਤੂ ਦਿਨ ਵਿੱਚ ਇੱਕ ਜਾਂ ਦੋ ਵਾਰ ਸੰਦੀਪ-ਸੰਦੀਪ ਪੁਕਾਰ ਕੇ ਰੋਣ ਲੱਗ ਜਾਂਦੀ। ਉਸਦੀ ਭਾਸ਼ਾ ਅਲੱਗ ਹੋਣ ਕਾਰਨ ਆਸ਼ਰਮ ਦੇ ਸੇਵਾਦਾਰਾਂ ਨੂੰ ਉਸਦੀ ਗੱਲ ਸਮਝ ਨਾ ਆਉਂਦੀ।

ਇੱਕ ਦਿਨ ਆਸ਼ਰਮ ਦੇ ਮੁੱਖ ਸੇਵਾਦਾਰ ਗੁਰਵਿੰਦਰ ਸਿੰਘ ਦੇ ਧਿਆਨ ਵਿੱਚ ਆਇਆ ਕਿ ਐੱਸ ਪੀ ਸਿਰਸਾ, ਸ੍ਰੀ ਅਸ਼ਵਿਣ ਸ਼ੈਣਵੀ ਵੀ ਮੂਲ ਰੂਪ ਵਿੱਚ ਕਰਨਾਟਕ ਦੇ ਰਹਿਣ ਵਾਲੇ ਹਨ ਅਤੇ ਆਸ਼ਰਮ ਨਾਲ ਉਨ੍ਹਾਂ ਦਾ ਚੰਗਾ ਲਗਾਵ ਹੈ। ਗੁਰਵਿੰਦਰ ਸਿੰਘ ਜੀ ਨੇ ਉਨ੍ਹਾਂ ਨਾਲ ਇਸ ਔਰਤ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਉਸ ਔਰਤ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਕੰਨੜ ਭਾਸ਼ਾ ਵਿੱਚ ਉਸ ਨਾਲ ਗੱਲਬਾਤ ਕੀਤੀ ਅਤੇ ਉਸਦਾ ਪੂਰਾ ਪਤਾ ਪੁੱਛਿਆ। ਉਨ੍ਹਾਂ ਆਸ਼ਰਮ ਦੇ ਸੇਵਾਦਾਰਾਂ ਨੂੰ ਦੱਸਿਆ ਕਿ ਵੇਦਾ ਦੇ ਭਰਾ ਦਾ ਨਾਮ ਮੁਨੀਰਾਜ ਹੈ ਅਤੇ ਉਹ ਕੋਲਾਰ (ਕਰਨਾਟਕ) ਦਾ ਰਹਿਣ ਵਾਲਾ ਹੈ।

ਕਰਨਾਟਕਾ ਦੀ ਪੁਲਿਸ ਦੀ ਸਹਾਇਤਾ ਨਾਲ ਜਦੋਂ ਮੁਨੀਰਾਜ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਸਨੇ ਆਖਿਆ ਕਿ ਉਸਦੀ ਭੈਣ ਮਰ ਚੁੱਕੀ ਹੈ। ਮੈਂ ਆਪਣੇ ਹੱਥੀਂ ਉਸਦਾ ਅੰਤਿਮ ਸੰਸਕਾਰ ਕੀਤਾ ਹੈ।

ਮੁਨੀਰਾਜ ਨੂੰ ਵਾਰ-ਵਾਰ ਦੱਸਿਆ ਗਿਆ ਕਿ ਉਸਦੀ ਭੈਣ ਵੇਦਾ ਮਰੀ ਨਹੀਂ ਬਲਕਿ ਜਿਉਂਦੀ ਹੈ, ਪਰ ਉਹ ਸੱਚ ਨਹੀਂ ਸੀ ਮੰਨ ਰਿਹਾ। ਆਖਿਰ ਮੁਨੀਰਾਜ ਦੀ ਗੱਲ ਸਿੱਧੀ ਉਸਦੀ ਭੈਣ ਵੇਦਾ ਨਾਲ ਕਰਵਾਈ ਗਈ ਤਾਂ ਉਸਨੂੰ ਯਕੀਨ ਹੋਇਆ ਕਿ ਮੈਂ ਆਪਣੀ ਭੈਣ ਨਾਲ ਗੱਲ ਕਰ ਰਿਹਾ ਹਾਂ। ਉਹ ਕਾਫੀ ਹੈਰਾਨ ਵੀ ਹੋਇਆ ਅਤੇ ਖੁਸ਼ ਵੀ ਹੋਇਆ। ਉਹ ਤੁਰੰਤ ਬੰਗਲੌਰ ਤੋਂ ਹਵਾਈ ਜਹਾਜ਼ ਰਾਹੀਂ ਅਗਲੇ ਦਿਨ ਦਿੱਲੀ ਅਤੇ ਦਿੱਲੀ ਤੋਂ ਸਿਰਸਾ ਆਸ਼ਰਮ ਪਹੁੰਚਿਆ।

ਭਰਾ-ਭੈਣ ਦਾ ਮਿਲਾਪ ਬਹੁਤ ਹੀ ਸੁਖਦ ਘੜੀ ਸੀ। ਦੋਨੋਂ ਇੱਕ ਦੂਜੇ ਦੇ ਗਲੇ ਮਿਲਕੇ ਕਾਫੀ ਭਾਵਕ ਹੋ ਗਏ ਸਨ। ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂਆਂ ਰਾਹੀਂ ਪ੍ਰਗਟ ਹੋ ਰਹੀ ਸੀ। ਮੁਨੀਰਾਜ ਨੇ ਇਸ ਲਈ ਆਸ਼ਰਮ ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਵੇਦਾ ਦੇ ਭਰਾ ਮੁਨੀਰਾਜ ਨੇ ਦੱਸਿਆ ਕਿ ਲਗਭਗ ਦੋ ਸਾਲ ਪਹਿਲਾ ਵੇਦਾ ਮਾਨਸਿਕ ਪਰੇਸ਼ਾਨੀ ਵਿੱਚ ਸੀ ਤਾਂ ਉਸਦਾ ਪਤੀ ਇਲਾਜ ਲਈ ਉਸਨੂੰ ਕਿਸੇ ਤਾਂਤਰਿਕ ਕੋਲ ਲਿਜਾਣ ਲੱਗਾ। ਇਹ ਸਿਲਸਿਲਾ ਲਗਾਤਾਰ ਚਲਦਾ ਰਿਹਾ। ਤਾਂਤਰਿਕ ਵੇਦਾ ਨੂੰ ਅਨੇਕ ਤਰ੍ਹਾਂ ਦੇ ਤਸੀਹੇ ਦਿੰਦਾ ਅਤੇ ਗਰਮ-ਗਰਮ ਸਰੀਏ ਉਸਦੀਆਂ ਦੋਵਾਂ ਬਾਹਾਂ ਅਤੇ ਸਰੀਰ ਉੱਪਰ ਲਾ ਦਿੰਦਾ। ਅਜਿਹੀ ਸਥਿਤੀ ਵਿੱਚੋਂ ਗੁਜ਼ਰਦਿਆਂ ਵੇਦਾ ਹੋਰ ਵੀ ਮਾਨਸਿਕ ਪਰੇਸ਼ਾਨ ਹੋ ਗਈ। ਇੱਕ ਦਿਨ ਦਰਦ ਨਾਲ ਤੜਫਦੀ ਹੋਈ ਵੇਦਾ ਤਾਂਤਰਿਕ ਦੇ ਪੰਜੇ ਵਿੱਚੋਂ ਆਪਣੇ ਆਪ ਨੂੰ ਛੁਡਾਕੇ ਉੱਥੋ ਭੱਜ ਗਈ ਅਤੇ ਕਿਧਰੇ ਗੁੰਮ ਹੋ ਗਈ। ਅਸੀਂ ਇਸਦੀ ਬਹੁਤ ਭਾਲ ਕੀਤੀ ਪਰ ਇਹ ਸਾਨੂੰ ਕਿਤੇ ਵੀ ਨਾ ਮਿਲੀ। ਅਖੀਰ ਅੱਕਥੱਕ ਕੇ ਕਰਨਾਟਕ ਪੁਲਸ ਨੂੰ ਉਸਦੇ ਗੁੰਮ ਹੋਣ ਦੀ ਸੂਚਨਾ ਦੇ ਦਿੱਤੀ ਗਈ। ਕਈ ਦਿਨਾਂ ਤੱਕ ਵੇਦਾ ਦਾ ਕੋਈ ਪਤਾ ਨਾ ਲੱਗਾ। ਇੱਕ ਦਿਨ ਕਰਨਾਟਕ ਪੁਲਸ ਨੂੰ ਇੱਕ ਔਰਤ ਦੀ ਲਾਸ਼ ਮਿਲੀ ਤਾਂ ਪੁਲਸ ਨੇ ਗੁੰਮਸ਼ੁਦਾ ਔਰਤਾਂ ਦੀ ਸੂਚੀ ਵੇਖਕੇ ਸਾਨੂੰ ਬੁਲਾ ਲਿਆ। ਸਾਨੂੰ ਲਾਸ਼ ਦਿਖਾਈ ਗਈ। ਲਾਸ਼ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਕਾਰਨ ਅਸੀਂ ਉਸਨੂੰ ਪਹਿਚਾਣ ਨਾ ਸਕੇ ਪ੍ਰੰਤੂ ਅਸੀਂ ਭਗਵਾਨ ਦੀ ਰਜ਼ਾ ਸਮਝ ਕੇ ਉਸ ਲਾਸ਼ ਨੂੰ ਆਪਣੀ ਭੈਣ ਦੀ ਲਾਸ਼ ਮੰਨ ਲਿਆ। ਲਾਸ਼ ਨੂੰ ਘਰ ਲਿਜਾਕੇ ਉਸਦਾ ਦਾਹ-ਸੰਸਕਾਰ ਕਰ ਦਿੱਤਾ। ਉਸੇ ਦਿਨ ਤੋਂ ਹੀ ਸਾਡਾ ਪਰਿਵਾਰ ਇਹ ਮੰਨ ਰਿਹਾ ਸੀ ਕਿ ਵੇਦਾ ਮਰ ਚੁੱਕੀ ਹੈ।

ਆਸ਼ਰਮ ਦੇ ਪ੍ਰਬੰਧਕਾਂ ਵਲੋਂ ਜਦੋਂ ਵੇਦਾ ਨੂੰ ਉਸਦੇ ਭਰਾ ਨਾਲ ਵਾਪਸ ਉਸਦੇ ਪਿੰਡ ਭੇਜਿਆ ਗਿਆ ਤਾਂ ਉਸ ਸਮੇਂ ਵੀ ਵੇਦਾ ਦੇ ਦਿਮਾਗ ਵਿੱਚ ਉਸ ਤਾਂਤਰਿਕ ਦਾ ਸਹਿਮ ਬੈਠਾ ਹੋਇਆ ਸੀ ਪਰ ਪ੍ਰਬੰਧਕਾਂ ਵਲੋਂ ਮਿਲੀ ਹੱਲਾਸ਼ੇਰੀ ਅਤੇ ਮੁਨੀਰਾਜ ਵਲੋਂ ਮਿਲੇ ਭਰੋਸੇ ਨੇ ਵੇਦਾ ਦੇ ਹੌਸਲੇ ਨੂੰ ਵਧਾ ਦਿੱਤਾ ਸੀ। ਉਹ ਆਸ਼ਰਮ ਵਿੱਚੋਂ ਖੁਸ਼ੀ-ਖੁਸ਼ੀ ਆਪਣੇ ਘਰ ਲਈ ਰਵਾਨਾ ਹੋਈ।

ਵਿਚਾਰਣ ਵਾਲਾ ਪਹਿਲੂ ਇਹ ਹੈ ਕਿ ਵੇਦਾ ਤਾਂ ਭਾਵੇਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਅਜਿਹੇ ਲੋਕਾਂ ਦੇ ਹੱਥ ਲੱਗ ਗਈ ਜਿਨ੍ਹਾਂ ਨੇ ਉਸਨੂੰ ਤੰਦਰੁਸਤ ਕਰਕੇ ਉਸਦੇ ਘਰ ਤੱਕ ਪਹੁੰਚਾਇਆ ਪਰ ਵੇਦਾਂ ਵਰਗੀਆਂ ਹੋਰ ਪਤਾ ਨਹੀ ਕਿੰਨੀਆਂ ਮਾਨਸਿਕ ਪੀੜਾ ਦਾ ਸ਼ਿਕਾਰ ਹੋਈਆਂ ਅਬਲਾਵਾਂ ਅੱਜ ਵੀ ਪਸ਼ੂਆਂ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਸ ਲਈ ਦੋਸ਼ੀ ਹਨ ਉਹ ਲੋਕ ਜੋ ਤਾਂਤਰਿਕਾਂ ਵਲੋਂ ਵਿਛਾਏ ਗਏ ਜਾਲ ਵਿੱਚ ਫਸਕੇ ਜਿੱਥੇ ਆਪਣਾ ਆਰਥਿਕ ਨੁਕਸਾਨ ਕਰਵਾਉਂਦੇ ਹਨ ਉੱਥੇ ਹੀ ਆਪਣਿਆਂ ਨੂੰ ਹੀ ਹੋਰ ਮਾਨਸਿਕ ਰੋਗੀ ਬਣਾਕੇ ਅਜਿਹਾ ਜੀਵਨ ਜਿਉਣ ਲਈ ਮਜਬੂਰ ਕਰਦੇ ਹਨ। ਅੱਜ ਅਜਿਹੇ ਪਾਖੰਡਾਂ ਅਤੇ ਝੂਠੇ ਬਹਿਕਾਵਿਆਂ ਤੋ ਬਚਣ ਦੀ ਲੋੜ ਹੈ।

*****
(469)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਗਤਾਰ ਸਮਾਲਸਰ

ਜਗਤਾਰ ਸਮਾਲਸਰ

Ellenabad, Sirsa, Haryana, India.
Phone: (91 - 94670 - 95953)
Email: (jagtarsmalsar@gmail.com)

More articles from this author