JivanGarg7ਵਾਤਾਵਰਣ ਅਤੇ ਜਲ ਪਲੀਤ ਹੋਣੋ ਰੋਕਣ ਲਈ ਪਾਈ ਨਵੀਂ ਪਿਰਤ।
(27 ਮਈ 2017)

 

(ਬਾਜਾਖਾਨਾ 27 ਮਈ 2017) ਨੇੜਲੇ ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਦੇ ਕੈਨੇਡਾ ਰਹਿੰਦੇ ਨੌਜਵਾਨ ਮਨੋਹਰਦੀਪ (ਮਨੂੰ ਢਿੱਲੋਂ), ਹਰਮਨਪ੍ਰੀਤ ਢਿੱਲੋਂ ਅਤੇ ਉਹਨਾਂ ਦੀਆਂ ਭੈਣਾਂ ਸਨਿਮਰਜੀਤ ਕੌਰ ਅਤੇ ਰਾਜਵੰਤ ਕੌਰ ਦੀ ਮਾਤਾ ਮਨਜੀਤ ਕੌਰ, ਪਤਨੀ ਅਮਰਜੀਤ ਢਿੱਲੋਂ (ਪੱਤਰਕਾਰ) ਦਾ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਦੇਹਾਂਤ ਹੋ ਗਿਆ ਸੀ। ਅੰਤਮ ਸੰਸਕਾਰ ਤੋਂ ਬਾਅਦ ਫੁੱਲ ਚੁਗਣ ਦੀ ਰਸਮ ਕਰਨ ਦੀ ਥਾਂ ਇਹਨਾਂ ਭੈਣ ਭਰਾਵਾਂ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਰਲਕੇ ਸ਼ਮਸ਼ਾਨਘਾਟ ਵਿੱਚ ਚਾਰ ਟੋਏ ਪੁਟਵਾ ਦਿੱਤੇ ਅਤੇ  ਸਾਰੀ ਰਾਖ ਉਹਨਾਂ ਟੋਇਆਂ ਵਿੱਚ ਪਾ ਦਿੱਤੀ। ਇਹਨਾਂ ਚਾਰ ਟੋਇਆਂ ਵਿੱਚੋਂ ਦੋਂਹ ਆਮਰਪਾਲੀ ਅੰਬ ਅਤੇ ਦੋਂਹ ਵਿੱਚ ਕੇਲੇ ਲਾ ਦਿੱਤੇ। ਉਹਨਾਂ ਦੇ ਮਾਮੇ ਦੇ ਪੁੱਤ ਬੇਨਜ਼ੀਰ ਸਿੰਘ ਬਰਾੜ ਮੱਲਣ (ਬਿਟੂ) ਨੇ ਕਿਹਾ ਕਿ ਉਹ ਆਪਣੇ ਪਿੰਡ ਇਸ ਤਰ੍ਹਾਂ ਪੌਦੇ ਲਾਉਣ ਦੀ ਰਸਮ ਕਾਫੀ ਦੇਰ ਤੋਂ ਕਰਦੇ ਆ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਜਿੱਥੇ ਰੁੱਖ ਲਾਉਣ ਦੀ ਪਿਰਤ ਸ਼ੁਰੂ ਹੋਈ ਹੈ ,ਉੱਥੇ ਮਰਨ ਵਾਲੇ ਦੀ ਸਦੀਵੀ ਯਾਦ ਬਣ ਜਾਂਦੀ ਹੈ।

ਪਰਿਵਾਰਕ ਮੈਂਬਰ ਇਹਨਾਂ ਰੁੱਖਾਂ ਦੀ ਪ੍ਰਵਰਿਸ਼ ਕਰਨ ਸਮੇਂ ਆਪਣੇ ਮਰਹੂਮ ਮਿੱਤਰ ਪਿਆਰਿਆਂ-ਸਨੇਹੀਆਂ ਨੂੰ ਯਾਦ ਕਰਦੇ ਰਹਿੰਦੇ ਹਨ। ਆਮ ਲੋਕ ਫੁੱਲ ਚੁੱਗ ਕੇ ਦੂਰ ਦੁਰਾਡੇ ਥਾਂਵਾਂ ’ਤੇ ਜਾਕੇ ਪਾਣੀ ਵਿੱਚ ਵਹਾਉਂਦੇ ਹਨ। ਇਸ ਤਰ੍ਹਾਂ ਜਿੱਥੇ ਪਾਣੀ ਪਲੀਤ ਹੁੰਦਾ ਹੈ ਉੱਥੇ ਬਹੁਤ ਵਾਰ ਫੁੱਲ ਪਾਉਣ ਗਏ ਪਰਿਵਾਰਕ ਮੈਂਬਰ ਸੜਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ।

ਜੀਵਨਦੀਪ ਸਿੱਧੂ ਬੰਬੀਹਾ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਪਿਰਤ ਹੈ ਅਤੇ ਹਰ ਕਿਸੇ ਨੂੰ ਇਹ ਪਿਰਤ ਅਪਣਾ ਕੇ ਹਰਿਆਵਲ ਵਿੱਚ ਵਾਧਾ ਕਰਨਾ ਚਾਹੀਦਾ ਹੈ। ਫਤਿਹਗੜ ਦੇ ਆਗੂ ਦਰਸ਼ਨ ਸਿੰਘ ਗੋਲੇਵਾਲੀਆ ਨੇ ਕਿਹਾ ਕਿ ਅੱਜ ਉਹਨਾਂ ਨੂੰ ਪਹਿਲੀ ਵਾਰ ਇਹ ਰਸਮ ਦੇਖ ਕੇ ਤਹਿ ਦਿੱਲੋਂ ਖੁਸ਼ੀ ਹੋਈ ਹੈ। ਮੁਲਾਜ਼ਮ ਆਗੂ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਇਹਨਾਂ ਰੁੱਖਾਂ ਦੀ ਬਦੌਲਤ ਅਸੀਂ ਆਪਣੇ ਵਿਛੜੇ ਸਨੇਹੀਆਂ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ। ਪੰਡਿਤ ਪਿਰਤਪਾਲ ਸ਼ਰਮਾ ਨੇ ਇਹਨਾਂ ਪੌਦਿਆਂ ਦੇ ਪਾਸੇ ਟਰੀ ਗਾਰਡ ਲਾਉਣ ਦੀ ਸੇਵਾ ਕੀਤੀ।

ਇਸ ਮੌਕੇ ਸ਼ਿਵਰਾਜ ਸਿੰਘ ਢਿੱਲੋਂ, ਹਰਦੀਪ ਸਿੰਘ ਪੱਪੂ ਨੰਬਰਦਾਰ, ਹਰਦੀਪਕ ਸਿੰਘ ਢਿੱਲੋਂ, ਬਾਬਾ ਮੰਦਰ ਸਿੰਘ ਪੰਚ, ਡਾ. ਰਜਿੰਦਰ ਖਾਨ, ਹਰਮਨਜੋਤ ਸਿੰਘ ਵੜਿੰਗ, ਹਰਚਰਨ ਸਿੰਘ ਢਿੱਲੋਂ, ਸ੍ਰੀ ਕੁਲਵੰਤ ਸਿੰਘ ਢਿੱਲੋਂ, ਮਨਦੀਪ ਸਿੰਘ ਢਿੱਲੋਂ, ਚਮਕੌਰ ਸਿੰਘ ਹੋਰ ਮਿਤਰ, ਸਨੇਹੀ ਅਤੇ ਰਿਸ਼ਤੇਦਾਰ ਹਾਜ਼ਰ ਸਨ।

***

AmarjeetDhillonWifeArthiFinal

*****

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)